ਤੇ ਮਾਲ ਲੁਟਾਈ ਜਾਂਦਾ ਹੈ, ਇਸ ਨੇ ਦਰਿਆ ਵਿਚ ਕੋਈ ਚੋਟ ਖਾਧੀ ਹੈ'। ਜਦ ਗੁਰੂ ਜੀ ਕੂਏ ਸਹੇ ਨਾ ਤਾਂ ਨਵਾਬ ਦਿਲਗੀਰ ਹੋਕੇ ਟੁਰ ਪਿਆ। ਇਧਰ ਗੁਰੂ ਜੀ ਨੇ ਤਨ ਦੇ ਇਕ ਸਾਫੇ ਬਿਨਾਂ ਸਭ ਕੁਛ ਲੁਟਾ ਦਿਤਾ ਤੇ ਉਜਾੜ ਜਾਕੇ ਡੇਰਾ ਲਾਇਆ, ਪਰ ਮਰਦਾਨਾ ਰਬਾਬ ਲੈਕੇ ਪਾਸ ਜਾਇ ਬੈਠਾ*, ਹੋਰ ਪ੍ਰੇਮੀ ਬੀ ਜਾ ਬੈਠੇ, ਦੂਜੇ ਮਤਾਂ ਦੇ ਸਾਧੂ ਭੀ ਜਾ ਬੈਠੇ ਪਰ ਆਪ ਅੱਠ ਪਹਿਰ ਨਾ ਬੋਲੇ ਨਾ ਚਾਲੇ। ਘਰ ਦੇ ਭੀ ਆਏ ਸਭ ਦੇਖਕੇ ਮੁੜ ਗਏ, ਬੋਲੇ ਨਹੀਂ। ਚਿਹਰਾ ਇਕ ਨੂਰ ਦਾ ਅਲਾਂਬਾ ਲਗਦਾ ਸੀ ਤੇ ਨੈਣਾਂ ਤੋਂ ਮਾਨੋਂ ਕੁਛ ਬਰਸਦਾ ਹੈ।
ਮਸੀਤ :
ਗੁਰੂ ਜੀ ਦਾ ਇਸ ਤਰ੍ਹਾਂ ਜੀਉਂਦੇ ਜਾਗਦੇ ਪ੍ਰਗਟ ਹੋ ਜਾਣਾ, ਮਾਤਾ ਸੁਲੱਖਣੀ ਲਈ ਅਤਿ ਖੁਸ਼ੀ ਦਾ ਕਾਰਨ ਸੀ, ਪਰ ਜਦ ਸੁਣਿਆਂ ਕਿ ਅਪਣਾ ਮਰਦਾਵਾਂ ਡੇਰਾ, ਜਿੱਥੇ ਆਏ ਗਏ ਨੂੰ ਮਿਲਦੇ ਸੇ, ਲੁਟਾ ਘੱਤਿਆ ਹੈ ਤੇ ਬੋਲਦੇ ਨਹੀਂ ਤੇ ਉਜਾੜ ਵਿਚ ਜਾ ਬੈਠੇ ਹਨ, ਤਾਂ ਵਧੇਰੇ ਸੰਤਾਪ ਹੋਇਆ। ਨਿਨਾਣ ਨੂੰ ਆਖੇ ਕਿ ਕੋਈ ਉਪਾਉ ਕਰੋ, ਖਬਰੇ ਬਨ ਵਿਚ ਕੋਈ ਬਲਾ ਚੋਟ ਕਰ ਗਈ ਹੋਵੇ। ਆਂਢ ਗੁਆਂਢ ਵੀ ਬੇਬੇ ਨੂੰ ਆਖਣ ਕੋਈ ਭਿਰਾ ਦਾ ਉਪਰਾਲਾ ਕਰ, ਕੋਈ ਮੁੱਲਾਂ ਪੰਡਤ ਲੈ ਜਾ, ਝਾੜਾ ਦਾਰੂ ਕਰੇ। ਪਰ ਬੇਬੇ ਆਖਦੀ ਸੀ: 'ਉਹ ਬੀ ਇਕ ਕੌਤਕ ਸੀ, ਇਹ ਬੀ ਇਕ ਕੌਤਕ ਹੈ, ਵੀਰ ਰੱਬੀ ਜੋਤ ਹੈ ਉਸ ਤੋਂ ਜੋ ਹੁੰਦਾ ਹੈ ਸੋ ਠੀਕ ਹੈ, ਸੋਈ ਭਲਾ ਹੈ'। ਪਰ ਲੋਕੀਂ ਆਖੇ ਨਾ ਲੱਗੇ, ਸਾਕ ਪਿਆਰ ਵਾਲੇ ਇਕ ਮੁੱਲਾਂ ਨੂੰ ਲੈ ਗਏ, ਉਹ ਕੁਛ ਝਾੜੇ ਫੂਕ ਫੂਕ ਕੇ ਤਵੀਤ ਤਿਆਰ ਕਰਨ ਲਗਾ ਪਰ ਅਗੋਂ –ਅਵਾਜ਼ ਆਈ :"
'ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ ॥
ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ ॥ (ਸਾਰੰਗ ਕੀ ਵਾਰ ਮ. ੧}
ਕੋਈ ਆਖੈ ਭੂਤਨਾ ਕੋ ਕਹੇ ਬੇਤਾਲਾ॥ ਕੋਈ ਆਖੈ ਆਦਮੀ ਨਾਨਕ ਵੇਚਾਰਾ॥
(ਮਾਰੂ ਮ:੧)
ਇਹ ਤੱਕ ਕੇ ਮੁੱਲਾਂ ਟੁਰ ਗਿਆ ਕਿ ਇਹ ਫਕੀਰ ਹੈ, ਇਸ ਨੂੰ ਚੋਟ ਕੋਈ ਨਹੀਂ।
––––––––
* ਖਿਆਲ ਹੈ ਕਿ 'ਮੋਤੀ ਤੇ ਮੰਦਰ' ਵਾਲਾ ਸ਼ਬਦ ਸਭ ਤੋਂ ਪਹਿਲਾਂ ਇਥੇ ਗਾਂਵਿਆਂ ਗਿਆ ਸੀ।