ਮੁਸ਼ਕਿਆ ਹੈ", ਉਸ ਦਾ ਨਾਉਂ ਨਾਨਕ ਹੈ। ਕਾਜ਼ੀ ਤੇ ਨਵਾਬ ਉਸਦੇ ਪੈਰੀਂ ਢੱਠੇ ਹਨ ਤੇ ਹਿੰਦੂ ਸਾਧ ਤੇ ਮੁਸਲਮਾਨ ਫਕੀਰ ਚਰਨੀਂ ਪੈ ਰਹੇ ਤੇ ਧੰਨ ਧੰਨ ਆਖ ਰਹੇ ਹਨ ! ਇਹ ਸੁਣ ਕੇ ਬੁੱਤਾਂ ਦਾ ਪੁਜਾਰੀ ਉਮਾਹਿਆ, ਹਾਂ, ਕਿ ਜਿਸ ਦੀ ਉਮਰਾ ਦਾ ਹਿੱਸਾ ਇਸ ਭਗਤੀ ਵਿਚ ਲੰਘਿਆ ਸੀ, ਪਰ ਜੋ ਮੁਰਾਦ ਉਸਦੀ ਸੀ ਲੱਭੀ ਨਾ, ਹੁਣ ਗੁਰੂ ਕੀ ਮਹਿਮਾਂ ਸੁਣਕੇ ਉਹ ਦਰਸ਼ਨਾਂ ਦੇ ਚਾਉ ਵਿਚ ਆਇਆ। ਹਾਂ, ਇਹ ਸੁਣਕੇ ਕਿ ਕਲਜੁਗ ਵਿਚ ਕੋਈ 'ਮੁਸ਼ਕਿਆ' ਹੈ, ਉਹ ਦਰਸ਼ਨਾਂ ਨੂੰ ਵਗ ਟੁਰਿਆ। ਜਾਂ ਆ ਉਦਿਆਨ ਵਿਚ ਗੁਰੂ ਬਾਬਾ ਡਿੱਠੋਸੁ ਤਾਂ ਕਾਲਜੇ ਵਿਚ ਖਿੱਚ ਪੁੜ ਗਈ ਤੇ ਚਰਨੀਂ ਢਹਿ ਪਿਆ, ਗੁਰੂ ਬਾਬੇ ਨੇ ਆਖਿਆ: ਸੁਹਣਿਆਂ ! ਦਿਲ ਜੋੜ ਕੇ ਭਗਤੀ ਕੀਤੀਓਈ ? ਪਰ ਅੱਗੋਂ ਕੌਣ ਬੋਲਦਾ ? ਜੀਉਂਦੇ ਦੀ ਭਗਤੀ ਕਰ ਜੋ ਅੱਗੋਂ ਵਰ ਜੁਵਾਬ ਮਿਲੇ। 'ਬੁੱਤ ਪੂਜ ਗੁਰੂ ਬਾਬੇ ਦੇ ਦਰਸ਼ਨ ਨਾਲ ਠੰਢ ਦੇ ਘਰ ਆ ਗਿਆ, ਸੁਆਦ ਭੀ ਆਇਓਸੁ, ਪੱਥਰ ਦਿਲ ਪੰਘਰਿਆ ਬੀ, ਪਰ ਅਜੇ ਪਰਪੱਕ ਹੋਈ ਲੀਕ ਦਾ ਅਸਰ ਬਾਕੀ ਸੀ। ਆਖਦੇ ਹਨ ਉਸ ਰਾਤ ਜਾਂ ਉਹ ਸੁੱਤਾ ਤਾਂ ਉਸ ਨੇ ਪੱਥਰ ਦੀ ਮੂਰਤੀ, ਜਿਸਨੂੰ ਪੂਜਦਾ ਸੀ, ਸਤਿਗੁਰਾਂ ਦੇ ਦੁਆਰੇ ਵੇਖੀ ਕਿ ਝਾੜੂ ਲਈ ਬਾਹਰ ਖੜੀ ਹੈ। ਇਸ ਸੁਪਨੇ ਦਾ ਅਸਰ ਹੋਰ ਪਿਆ। ਅਗਲੇ ਦਿਨ ਉਹ ਨਾਉਂ ਧਰੀਕ ਹੋਇਆ।" ਉਸ ਦੀ ਰਸਨਾ ਨਾਮ ਜਪਣ ਲਗੀ, ਉਸਦਾ ਦਿਲ ਉੱਚਾ ਹੋ ਗਿਆ ਤੇ ਸਾਂਈਂ ਦੀ ਲਗਨ ਵਾਲਾ ਹੋ ਗਿਆ, ਗੁਰੂ ਨਾਨਕ ਦੇ ਪ੍ਰਤੱਖ ਦਰਸ਼ਨ ਅੰਦਰ ਵੜ ਗਏ ਤੇ
ਮੋਇਆ ਜੀਉ ਪਿਆ। ਸੋ ਦੂਸਰੀ ਮੱਤ ਗੁਰੂ ਬਾਬੇ ਨੇ ਜੋ ਦਿੱਤੀ ਉਹ ਅਸੀਂ ਪੜ੍ਹ ਕੇ ਖੁਸ਼ ਹੁੰਦੇ ਹਾਂ ਕਿ ਦੇਵੀ ਗੁਰੂ ਕੇ ਝਾੜੂ ਦੇਂਦੀ ਹੈ ਅਤੇ ਇਹ ਕਿ ਪੱਥਰ ਪੂਜਾ ਮਾੜੀ ਗਲ ਹੈ, ਪਰ ਅਸਲ ਗਲ ਭੁੱਲਦੇ ਹਾਂ ਕਿ ਇਹ ਸਾਖੀ ਅਸਾਂ ਅੱਜ ਵਾਚੀ ਹੈ, ਇਹ ਸਾਡੇ ਨਾਲ ਹੋਈ ਹੈ, ਸਾਨੂੰ ਗੁਰੂ ਬਾਬੇ ਨੇ ਆਪ ਮੱਤ ਦਿਤੀ ਹੈ ਕਿ :-
੧. ਵਾਹਿਗੁਰੂ ਤੋਂ ਛੁਟ ਹੋਰ ਨੂੰ ਨਹੀਂ ਪੂਜਣਾ।
ਇਕ ਵਾਹਿਗੁਰੂ ਨੂੰ ਸਿਮਰਨਾ ਹੈ।
੨. ਸਾਡੇ ਮੋਹ ਮਾਇਆ ਦੇ ਪਦਾਰਥਾਂ ਦੇ ਪਿਆਰ ਸਾਰੇ ਬੁਤ ਪ੍ਰਸਤੀ ਹਨ। ਮਾਇਆ ਵਿਚ ਰਹਿਕੇ ਮਾਇਆ ਦੇ ਪੁਜਾਰੀ ਨਹੀਂ ਬਣਨਾ, ਇਸ ਦੇਵੀ ਦੀ ਪੂਜਾ ਨਹੀਂ ਕਰਨੀ।
ਹਾਂ, ਨਿਰੰਕਾਰ ਨੂੰ ਹੀ ਪਿਆਰ ਕਰਨਾ ਹੈ ਸਭ ਤੋਂ ਵੱਧ।
–––––––––
* ਪੁਰਾਤਨ ਪੰਜਾਬੀ ਵਿਚ ਇਸ ਦਾ ਅਰਥ ਹੈ ਨਾਮ ਦੇ ਧਾਰਨ ਵਾਲਾ ਹੋ ਗਿਆ। ਨਾਮ ਉਸ ਨੂੰ ਪ੍ਰਾਪਤ ਹੋ ਗਿਆ।