ਹੁਣ ਨਗਰੀ ਦੇ ਸਾਰੇ ਹਿੰਦੂ ਮੁਸਲਮਾਨ ਆ ਜੁੜੇ ਤੇ ਸਭਨਾਂ ਮੱਥਾ ਟੇਕਿਆ। 'ਤਬ ਫ਼ਕੀਰਾਂ ਆਇ ਪੈਰ ਚੁੰਮੇਂ, ਦਸਤਪੰਜਾ ਲੀਆ, ਬਾਬੇ ਦੀ ਖੁਸ਼ੀ ਹੋਈ ਫਕੀਰਾਂ ਉਪਰ।
ਮਰਦਾਨਾ ਗੁਰੂ ਜੀ ਨੇ ਨਾਲ ਲੀਤਾ। ਇਸ ਤਰ੍ਹਾਂ ਸਤਿਸੰਗੀਆਂ, ਪ੍ਰੇਮੀਆਂ, ਸਾਕਾਂ ਸਨਬੰਧੀਆਂ ਫਕੀਰਾਂ, ਕਾਜ਼ੀਆਂ, ਮੁਫਤੀਆਂ, ਨਵਾਬ, ਸਭ ਤੋਂ ਸਭ ਦੇ ਪਿਆਰ ਸਤਿਕਾਰ ਆਦਰ ਵਿਚ ਗੁਰੂ ਬਾਬਾ ਜੀ ਸੁਲਤਾਨ ਪੂਰੇ ਤੋਂ ਵਿਦਾ ਹੋਏ। ਅਪਣੇ ਅਰਸ਼ੀ ਬਾਬਲ ਦੀ ਨੌਕਰੀ ਕਮਾਉਣ ਟੁਰੇ :-
ਬਾਬਾ ਪੈਧਾ ਸੱਚਖੰਡਿ, ਨਉ ਨਿਧਿ ਨਾਮੁ ਗਰੀਬੀ ਪਾਈ।
ਬਾਬਾ ਦੇਖੈ ਧਿਆਨ ਧਰਿ, ਜਲਤੀ ਸਭਿ ਪ੍ਰਿਥਵੀ ਦਿਸਿ ਆਈ॥
ਬਾਝਹੁ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ।
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ।
ਚੜ੍ਹਿਆ ਸੋਧਣਿ ਧਰਤ ਲੁਕਾਈ।
(ਵਾ: ਭਾ: ਗੁ: १-२४)
੧. ਖਾਲਸਾ ਤਵਾਰੀਖ। ੨. ਪੁਰਾਤਨ ਜਨਮ ਸਾਖੀ।
੩. ਮਰਦਾਨਾ ਰਬਾਬ ਵਜਾਇਆ ਕਰਦਾ ਸੀ। ਰਬਾਬ ਇਕ ਅਰਬੀ ਸਾਜ਼ ਹੈ, ਗੁਰੂ ਜੀ ਨੇ ਰਬਾਬ ਕੁਛ ਆਪਣੀ ਤਰਜ਼ ਦਾ ਬਣਾਇਆ ਤੇ ਫਿਰੰਦੇ ਨੂੰ ਨਵਾਂ ਬਨਾਉਣ ਦੀ ਆਗਿਆ ਦਿਤੀ ਸੀ, ਇਹ ਗੁਰ ਨਾਨਕ ਕਾਢ ਦਾ ਨਵਾਂ ਰਬਾਬ 'ਮਰਦਾਨੇ' ਨੇ ਨਾਲ ਲੀਤਾ। ਬੇਬੇ ਜੀ ਨੇ ਫਿਰੰਦੇ ਨੂੰ ਇਸ ਦਾ ਮੁੱਲ ਤਾਰਿਆ ਸੀ। ਰਬਾਬੀਆਂ ਪਾਸ ਜੋ ਰਬਾਬ ਹੁਣ ਹੈ, ਇਹ ਉਹ ਨਹੀਂ। ਗੁਰੂ ਨਾਨਕ ਵਾਲੇ ਰਬਾਬ ਦਾ ਨਮੂਨਾ ਤੇ ਵਯੇ ਰਾਮ ਪੁਰ ਰਿਆਸਤ ਵਿਚ ਅਜੇ ਬੀ ਸੁਣੀਂਦੇ ਹਨ। ਇਹ ਛੇ ਤਾਰਾ ਹੁੰਦਾ ਹੈ ਤੇ ਸਰੋਦੇ ਵਾਂਙੂ ਵਜਦਾ ਹੈ।