ਆਹ ਸੁੰਦਰਤਾ ਤੂੰ ਧੰਨ ਹੈਂ! ਤੂੰ ਉਹ ਦੇਵੀ ਹੈਂ ਜੋ ਵਿਛੁੜਿਆਂ ਨੂੰ ਮੇਲਦੀ ਹੈ। ਤੂੰ ਹੈਂ ਜੋ ਸੋਚ ਸਮੁੰਦਰ ਵਿਚੋਂ ਕੱਢਕੇ ਬੇਖ਼ੁਦੀਆਂ ਦੇ ਪੰਘੂੜੇ ਝੁਟਾਉਂਦੀ ਹੈ। ਤੂੰ ਹੈਂ ਜੋ ਰਸ ਦੇਸ਼ ਤੇ ਓਥੋਂ ਲਾ-ਮਕਾਨ ਵਿਚ ਲੈ ਜਾਂਦੀ ਹੈਂ। ਹੇ ਛਬੀ ! ਤੇਰਾ ਜਾਦੂ ਧੰਨ ਹੈ! ਇਸ ਹਿਸਾਬੀ ਸੋਚੂ ਜੀਉੜੇ ਨੂੰ ਤੂੰ ਅਨੰਤ ਅਥਾਹ ਰਸ ਵਿਚ ਉਡਾ ਲਿਜਾਂਦੀ ਹੈਂ। ਤੂੰ ਯੋਗੀਰਾਜ ਹੈਂ ਜੋ ਚਿਤ ਬ੍ਰਿਤੀਆਂ ਦਾ ਪਲਕਾਰੇ ਵਿਚ ਨਿਰੋਧ ਕਰਦੀ ਹੈਂ, ਤੂੰ ਹੈਂ ਜੋ ਮਨ ਨੂੰ ਖੜਾ ਕਰਦੀ ਹੈਂ ਤੇ ਬੁੱਧੀ ਦੇ ਚੱਕਰ ਨੂੰ ਬੰਨ੍ਹ ਬਹਾਲਦੀ ਹੈਂ! ਤੂੰ ਹੈਂ ਜੋ ਪਾਰਲੇ ਦੇਸ਼ ਦਾ ਪਤਾ ਦੇਂਦੀ ਹੈਂ! ਤੂੰ ਹੈਂ ਜੋ ਮੰਤਰਾਂ ਤੇ ਫਿਲਾਸਫੀਆਂ ਦੀ ਸਰਹੱਦ ਤੋਂ ਪਰੇ ਟਪਾਕੇ ਰਸ ਦੇ ਦੇਸ਼, ਹਾਂ, ਆਪੇ ਦੇ ਦੇਸ਼ ਵਿਚ ਲੈ ਜਾਂਦੀ ਹੈਂ। ਤੂੰ ਧੰਨ ਹੈਂ, ਤੈਨੂੰ ਆਦੇਸ਼ ਹੈ, ਤੈਨੂੰ 'ਵਾਹ ਵਾਹ' ਹੈ, ਵਾਹ ਵਾਹ ਉਹ ਦੇਸ਼ ਹੈ ਜਿਥੇ ਬਾਣੀ ਦੀ ਪਹੁੰਚ ਨਹੀਂ। ਤੂੰ ਵਾਹ ਵਾਹ ਦਾ ਰੂਪ ਬੰਨ੍ਹਕੇ ਐਸੇ ਵੇਲੇ ਆਉਂਦੀ ਹੈ।
ਵਾਹੁ ਵਾਹੁ ਕਰਤਿਆ ਰੈਣਿ ਸੁਖਿ ਵਿਹਾਇ॥
ਵਾਹੁ ਵਾਹੁ ਕਰਤਿਆ ਸਦਾ ਅਨੰਦੁ ਹੋਵੈ ਮੇਰੀ ਮਾਇ॥
ਵਾਹੁ ਵਾਹੁ ਕਰਤਿਆ ਹਰਿ ਸਿਉ ਲਿਵ ਲਾਇ॥
ਵਾਹੁ ਵਾਹੁ ਕਰਮੀ ਬੋਲੈ ਬੋਲਾਇ॥
ਵਾਹੁ ਵਾਹੁ ਕਰਤਿਆ ਸੋਭਾ ਪਾਇ ॥
ਨਾਨਕ ਵਾਹੁ ਵਾਹੁ ਸਤਿ ਰਜਾਇ ॥੧॥
ਵਾਹ ਸੁੰਦਰਤਾ! ਵਾਹ ਸੁੰਦਰ ਦਾਤਾ, ਜਿਨ੍ਹ ਸੁੰਦਰਤਾ ਦਾ ਭੇਤ ਦੱਸਿਆ। ਵਾਹ ਵਾਹ ਸੁੰਦਰਤਾ ਤੂੰ ਸੁੰਦਰ ਦਿਖਾਲਿਆ। ਵਾਹ ਵਾਹ ਸੁੰਦਰਤਾ ਤੂੰ ਵਾਹ ਵਾਹ ਸਿਖਾਈ, ਪਰ ਵਾਹ! ਹੇ 'ਵਾਹ ਵਾਹ' ਤੂੰ ਫਿਰ ਸੁੰਦਰਤਾ ਦਿਖਾਈ ਤੇ ਸੁੰਦਰ ਦੇ ਚਰਨੀਂ ਲਾਇਆ,ਵਾਹ ਵਾਹ:-