ਰਸੀਆ-ਅੰਮਾਂ ਜੀ! ਮੈਂ ਪਹਿਲੇ ਤਾਂ ਖੰਡ ਸਮਝਦਾ ਹੀ ਨਹੀਂ ਸਾਂ, ਆਮ ਯਾਨੀ ਇਨ੍ਹਾਂ ਦੇ ਅਰਥ ਕਾਂਡ ਕਰਦੇ ਹਨ, ਤੂੰ ਕਾਂਡ, ਕਰਮ ਕਾਂਡ, ਉਪਾਸ਼ਨਾ ਕਾਂਡ ਤੇ ਯਾਨ ਕਾਂਡ। ਇਹ ਖੰਡਾਂ ਦੀ ਸੋਝੀ ਤਾਂ ਰਾਣਾ ਸੂਰਤ ਸਿੰਘ ਪੜ੍ਹਕੇ ਪਈ ਸੀ ਕਿ ਜਗਤ ਗੁਰੂ ਜੀ ਨੇ ਜਪੁਜੀ ਸਾਹਿਬ ਵਿਚ ਲੋਕ ਪ੍ਰਲੋਕ ਦੀ ਸੋਝੀ ਲਈ ਇਹ ਲਿਖੇ ਹਨ। ਅੱਜ ਪਤਾ ਬਹੁਤ ਸਾਫ ਲੱਗਾ ਹੈ ਕਿ ਇਹ ਸਾਡੀਆਂ ਆਤਮ ਅਵੱਸਥਾ ਹਨ ਤੇ ਖੰਡ ਵਿਚ ਬੀ ਤੇ ਬ੍ਰਹਮੰਡ ਵਿਚ ਬੀ ਇਹ ਦਰਜੇ ਹਨ ਤੇ ਅਵਸਥਾ ਵੀ ਤੇ ਅਰੂਪੀ ਟਿਕਾਣੇ ਬੀ।
ਅੰਮਾਂ-ਬੱਚਾ ਸੁਖ ਦੇ ਰਸਤੇ ਪਿਆ ਕਰੋ, ਫੋਕੇ ਹਿਸਾਬਾਂ ਤੇ ਵਹਿਮਾਂ ਵਿਚ ਕੀਹ ਹੈ। ਆਪਣਾ ਫਰਜ਼ ਪਛਾਣੋਂ, ਸ਼ੁਭ ਕਰਮ ਤੇ ਨੇਕੀ ਸਿਖੋ, ਜੋ ਧਰਮ ਸਮਝੋ ਉਸ ਪਰ ਟੁਰੋ, ਸਭ ਤੋਂ ਵਡਾ ਧਰਮ ਨਾਮ ਹੈ, ਉਸ ਪਰ ਟੁਰੋ, ਟੁਰਦਿਆਂ ਪੁਰ ਸਾਈਂ ਮਿਹਰ ਕਰਦਾ ਹੈ ਤਾਂ ਘਾਲ ਮਨਜ਼ੂਰ ਹੁੰਦੀ ਹੈ, ਜਿਨ੍ਹਾਂ ਪਰ ਨਦਰ ਹੋ ਜਾਂਦੀ ਹੈ ਉਹਨਾਂ ਨੂੰ ਸੱਤਿ ਸਰੂਪ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ; ਸੋ ਤੁਹਾਡਾ ਧਰਮ ਹੈ ਲੱਗੇ ਰਹਿਣਾ, ਲੱਗੇ ਰਿਹਾ ਕਰੋ।
ਰਸੀਆ-ਅੰਮਾਂ! ਕਾਹਦੇ ਵਿਚ?
ਅੰਮਾਂ-ਨਾਮ ਵਿਚ।
ਰਸੀਆ-ਅੰਮਾਂ ਜੀ! ਇਹ ਨਾਮ ਕੀ ਸ਼ੈ ਹੈ?
ਅੰਮਾਂ-ਬੱਚਾ ! ਇਹ ਪ੍ਰੇਮ ਹੈ ਸਿਮਰਨ ਹੀ ਪ੍ਰੀਤਮ ਦੇ ਪ੍ਰੇਮ ਦਾ ਵਿਦਤ ਸਰੂਪ ਹੈ। ਜੋ ਆਪਣੇ ਪ੍ਯਾਰੇ ਨੂੰ ਯਾਦ ਕਰਦਾ ਹੈ, ਉਸ ਦੇ ਅੰਦਰ ਪ੍ਰੇਮ ਹੁੰਦਾ ਹੈ ਪ੍ਰੇਮ ਵਾਲਾ ਪਿਆਰੇ ਨੂੰ ਭੁਲ ਨਹੀਂ ਸਕਦਾ। ਇਸੇ ਤਰ੍ਹਾਂ ਸਦਾ ਯਾਦ ਰੱਖਣ ਵਾਲਾ ਪ੍ਰੇਮ ਵਿਚ ਵਸਦਾ ਹੈ। ਨਾਮ ਜਪਣ ਵੇਲੇ ਸਾਂਈ ਵਿਚ ਪ੍ਯਾਰ ਭਾਵਨਾ ਚਾਹੀਏ।
ਰਸੀਆ-ਠੀਕ ਜੀਓ?
ਅੰਮਾਂ-ਇਹ ਕਰਤਬ ਦੀ ਵਿਸ਼ਾ ਹੈ, ਕਥਨੀ ਫੋਕੀ ਸ਼ੈ ਹੈ। ਇਉਂ ਕਹਿਕੇ ਉਥੋਂ ਇਕ 'ਵਾਹਿਗੁਰੂ' ਦੀ ਰਸ ਭਰੀ ਗੂੰਜ ਉਠੀ: ਤੇ ਸਾਰਾ ਕੁਛ ਲੋਪ ਹੋ ਗਿਆ। ਪਰ ਧਰਤੀ ਉੱਤੇ ਇਸ ਟਿਕਾਣੇ ਉਸ ਵੇਲੇ ਇਕ ਜੀਉਂਦੀ ਮੂਰਤ ਇਸੇ ਸਿਮਰਨ ਦੇ ਰੌ ਵਿਚ, ਹਾਂ, ਇਸੇ ਯਾਦ ਦੇ ਰੰਗ ਵਿਚ ਝੂੰਮ ਰਹੀ ਸੀ। ਯਾਦ ਸੀ। ਕਿ ਬਿਰਹਾ, ਬਿਰਹਾ ਸੀ ਕਿ ਪ੍ਰੇਮ, ਪ੍ਰੇਮ ਸੀ ਕਿ ਸਿਮਰਨ (ਗੁ:ਨਾ:ਚ: ਭਾਗ ੨, ੬੬ ਵੇਂ ਅਧਿਆਏ ਰਾਜਾਸਿਵਨਾਭ ਵਿਚੋਂ)
-0-