ਸੁੰਦਰੀ, ਖਾਲਸੇ ਦੀ ਨਿਧਿ ਸੁੰਦਰੀ! ਘਾਉ ਖਾਂਦੀ ਹੀ ਧੜ ਕਰ ਕੇ ਡਿੱਗੀ। ਲਹੂ ਦੇ ਫਰਾਟੇ ਚੱਲ ਪਏ। ਬੇਹੋਸ਼ ਪਈ ਹੈ, ਸਾਹ ਮੱਧਮ ਜਿਹਾ ਆ ਰਿਹਾ ਹੈ, ਗੁਲਾਬ ਵਰਗਾ ਚਿਹਰਾ ਚਿੱਟਾ ਹੋ ਗਿਆ ਹੈ, ਮਾਨੋ ਸੰਗਮਰਮਰ ਦੀ ਪੁੱਤਲੀ ਧਰੀ ਹੈ। ਹਾਇ ਸੁੰਦਰੀ ? ਤੇਰੀ ਦਇਆ ਤੈਨੂੰ ਕਸਾਇਣ ਹੋ ਢੁਕੀ। ਤੈਨੂੰ ਸ਼ਾਮ ਸਿੰਘ ਸਰਦਾਰ ਨੇ ਵਰਜਿਆ ਸੀ ਕਿ ਭੋਲੀ ਭੈਣ! ਵੈਰੀ ਤੇ ਸੱਪ ਇਕ ਤੁਲ ਹੁੰਦੇ ਹਨ। ਵੈਰੀਆਂ ਦਾ ਵਸਾਹ ਨਾ ਕਰਿਆ ਕਰ, ਇਹ ਕਿਸੇ ਦੇ ਸੱਕੇ ਨਹੀਂ, ਇਨ੍ਹਾਂ ਦੇ ਡੰਗੇ ਦਾ ਮੰਤਰ ਨਹੀਂ, ਭੋਲੀ ਸੁੰਦਰੀ! ਤੈਨੂੰ ਰਾਜਨੀਤਿ ਚੇਤੇ ਨਹੀਂ, ਤੂੰ ਧਰਮ ਮੂਰਤਿ ਦਇਆ ਦੀ ਪੁੰਜ ਹੈਂ। ਲੈ ਹੁਣ ਦੇਖ ਇਕੱਲੀ ਕਿਥੇ ਪਈ ਹੈਂ? ਜਿਥੇ ਤੇਰਾ ਕੋਈ ਬੇਲੀ ਨਹੀਂ। ਆਹ! ਤੇਰਾ ਪਿਆਰਾ ਘੋੜਾ ਮੁੜ ਮੁੜ ਤੇਰੇ ਵੱਲ ਤੱਕਦਾ ਹੈ, ਤੇਰੇ ਨੇੜੇ ਆ ਕੇ ਤੈਨੂੰ ਸੁੰਘਦਾ ਹੈ, ਫੇਰ ਚੁਫੇਰੇ ਤੱਕਦਾ ਹੈ, ਮਾਨੋਂ ਕਿਸੇ ਸਿੱਖ ਨੂੰ ਤਾੜਦਾ ਹੈ ਕਿ ਇਸ ਦੀ ਆਕੇ ਸਾਰ ਲਵੇ। ਕਦੀ ਪਠਾਣ ਵੱਲ ਘੂਰਦਾ ਹੈ, ਪਰ ਕੀ ਕਰੇ? ਬੇ-ਜੁਬਾਨ ਪਸ਼ੂ ਹੈ। ਧੰਨ ਤੂੰ, ਧੰਨ ਤੇਰਾ ਧਰਮ, ਜਿਸ ਨੇ ਪਸ਼ੂਆਂ ਵਿਚ ਬੀ ਤੇਰਾ ਪਿਆਰ ਪਾਇਆ ਹੈ। ਪਈ ਰਹੁ, ਪਿਆਰੀ ਸੁੰਦਰੀ! ਹੁਣ ਇਸ ਉਜਾੜ ਵਿਚ ਸਦੀਆਂ ਤੇਰੇ ਤੇ ਬੀਤਣ। ਤੂੰ ਪਈ ਰਹੁ! ਹਾਇ ਕੀ ਪਤਾ, ਤੇਰੀ ਅਜੇ ਕੀ ਕਿਸਮਤ ਹੈ?
ਹੇ ਅੱਜ ਕੱਲ ਦੀਆਂ ਸੋਨੇ ਵਿਚ ਪੀਲੀਆਂ ਹੋਕੇ ਸੁਖ ਨਾਲ ਬੈਠੀਓਂ ਸਿੰਘਣੀਓ! ਗਰੀਬ ਤੇ ਅਮੀਰ ਸਿੱਖਾਂ ਦੀਓ ਧੀਓ, ਭੈਣੋਂ ਤੇ ਮਾਂਤੋਂ! ਜ਼ਰਾ ਆਪਣੀ ਵਡੇਰੀ ਸੁੰਦਰੀ ਦੇ ਸਿਦਕ ਤੇ ਕਸ਼ਟਾਂ ਵੱਲ ਦੇਖੋ! ਕਿਨ੍ਹਾਂ ਔਕੜਾਂ ਵਿਚ ਫਸਦੀ ਹੈ, ਪਰ ਧਰਮ ਨਹੀਂ ਹਾਰਦੀ। ਜਾਨ ਜੋਖੋਂ ਵਿਚ ਪਾਉਂਦੀ ਹੈ, ਪਰ ਆਪਣੇ ਸ਼ੁਭ ਗੁਣ ਨਹੀਂ ਛੱਡਦੀ। ਕਿਸ ਅਪਦਾ ਅਰ ਬਿਪਦਾ ਦੇ ਸਮਿਆਂ ਵਿਚ ਸਿੰਘ ਧਰਮ ਪੁਰ ਦ੍ਰਿੜਤਾ ਰੱਖਦੀ ਹੈ ? ਜ਼ਰਾ ਆਪਣੀ ਵਲ ਤੱਕੋ ਤੇ ਦੇਖੋ ਕਿ ਸਿੱਖ ਕੌਮ ਦਾ ਘਾਟਾ ਤੁਹਾਡੇ ਹੱਥੋਂ ਹੋ ਰਿਹਾ ਹੈ ਕਿ ਨਹੀਂ