ਇਕ ਦਿਨ ਹਾਕਮ ਸਾਹਿਬ ਸੁੰਦਰੀ ਨੂੰ ਆਨੰਦ ਵਿਚ ਬੈਠਿਆਂ ਦੇਖ ਕੇ ਪਾਸ ਆ ਬੈਠੇ ਅਰ ਮਸਾਲੇ ਲਾ ਲਾਕੇ ਲੱਗੇ ਗੱਲਾਂ ਕਰਨ। ਸੁੰਦਰੀ ਇਕ ਗੰਭੀਰ ਨਿਆਇ ਕਰਤਾ ਵਾਂਗੂੰ ਸੁਣਦੀ ਰਹੀ, ਛੇਕੜ ਬੋਲੀ ਕਿ ਨਵਾਬ ਸਾਹਿਬ! ਮੈਂ ਲੋਕਾਂ ਵਰਗੀ ਨਾਸ਼ੁਕਰੀ ਨਹੀਂ ਹਾਂ, ਚਾਹੇ ਮੈਨੂੰ ਕੈਦ ਵਿਚ ਪਾਕੇ ਇਲਾਜ ਕੀਤਾ ਹੈ, ਪਰ ਇਲਾਜ ਕਰਨ ਦਾ ਹਸਾਨ ਮੈਂ ਮੰਨਦੀ ਹਾਂ, ਪਰੰਤੂ ਜੋ ਇੰਦੀਆ ਆਪ ਦਾ ਮੇਰੇ ਨਾਲ ਵਿਆਹ ਦਾ ਹੈ ਸੋ ਬੜਾ ਅਯੋਗ ਹੈ, ਕਿਉਂਕਿ ਮੈਂ ਆਪ ਦੀਆਂ ਧੀਆਂ ਜਿਹੀ ਹਾਂ, ਆਪ ਹਾਕਮ ਹੋ, ਆਪ ਨੂੰ ਪਰਜਾ ਪੁਰ ਦਇਆ ਰੱਖਣੀ ਚਾਹੀਦੀ ਹੈ। ਪਰ ਨਵਾਬ ਸਾਹਿਬ ਨੇ ਬਹੁਤ ਮਿੰਨਤਾਂ ਕੀਤੀਆਂ, ਜਿਨ੍ਹਾਂ ਵਿਚ ਕੁਝ ਡਰਾਵਾ ਵੀ ਸੀ। ਇਸ ਦਾ ਉੱਤਰ ਸੁੰਦਰੀ ਨੇ ਇਹ ਦਿੱਤਾ ਕਿ ਆਪ ਨੇ ਜਿਥੇ ਐਡੀ ਕ੍ਰਿਪਾ ਕੀਤੀ ਹੈ ਥੋੜੀ ਹੋਰ ਕਰੋ, ਤਿੰਨ ਦਿਨ ਠਹਿਰੋ, ਫੇਰ ਮੈਂ ਆਪ ਨੂੰ ਪੱਕਾ ਉੱਤਰ ਦਿਆਂਗੀ, ਇਹ ਮੁਹਲਤ ਬਖਸ਼ੋ। ਹਾਕਮ ਜੀ ਸੁੰਦਰੀ ਦਾ ਜੀ ਰੰਜ ਨਹੀਂ ਕਰਨਾ ਚਾਹੁੰਦੇ ਸਨ, ਮੰਨ ਗਏ।
ਦੂਜੇ ਦਿਨ ਦੁਪਹਿਰ ਵੇਲੇ ਹਾਕਮ ਸਾਹਿਬ ਬੈਠੇ ਸ਼ਤਰੰਜ ਖੇਡ ਰਹੇ ਸਨ ਕਿ ਨੌਕਰ ਨੇ ਆਕੇ ਖ਼ਬਰ ਦਿੱਤੀ ਕਿ ਹਜ਼ੂਰ ਉਸ ਰੁਖ਼ ਤੋਂ ਗਰਦ