ਇਹ ਸਲਾਹ ਗਿਣ ਕੇ ਭੈਣ ਨੂੰ ਘੋੜੇ ਤੇ ਸਵਾਰ ਕਰਾ ਕੂਚ ਦੀ ਤਿਆਰੀ ਕੀਤੀ। ਸੁਰੱਸਤੀ ਇਸ ਭਰਾ ਕੋਲੋਂ ਸਿਖ ਧਰਮ ਦੀਆਂ ਗੱਲਾਂ ਸੁਣ ਸੁਣ ਕੇ ਪੱਕੀ ਵਿਸ਼ਵਾਸਨ ਹੋ ਗਈ ਹੋਈ ਸੀ। ਮਾਪਿਆਂ ਤੋਂ ਚੋਰੀ ਪਾਠ ਭੀ ਕਰਦੀ ਹੁੰਦੀ ਸੀ ਤੇ ਇਉਂ ਅੰਦਰਲੀ ਭਾਉਣੀ ਪੱਕੀ ਹੋ ਗਈ ਸੀ। ਨਿਸਚਾ ਇਕ ਅਸਚਰਜ ਤਾਕਤ ਹੈ, ਜਦ ਕਿਸੇ ਗੱਲ ਪਰ ਬਝ ਜਾਏ ਤਾਂ ਪਰਬਤ ਵਾਂਗ ਅਚੱਲ ਹੋ ਜਾਂਦਾ ਹੈ, ਸੋ ਇਹ ਅਠਾਰਾਂ ਵਰ੍ਹੇ ਦੀ ਅਨ ਮੁਕਲਾਈ ਕੰਨਿਆ ਡਾਢੀ ਧਰਮੀ ਹੋ ਗਈ ਸੀ, ਇਹੋ ਕਾਰਣ ਸੀ ਕਿ ਮੁਗ਼ਲ ਨੂੰ ਤੇਹ ਦੇ ਧੋਖੇ ਪਾਣੀ ਲੈਣ ਘੱਲ ਕੇ ਸੁਰੱਸਤੀ ਨੇ ਝੱਟ ਹੀ ਇਕ ਲੱਕੜਾਂ ਦੇ ਢੇਰ ਪੁਰ (ਜੋ ਬਾਵਰਚੀ ਖਾਨੇ ਦੇ ਅੱਗੇ ਪਈਆਂ ਸਨ) ਪੱਛੀਆਂ ਨਾਲ ਇਕ ਪਾਸਿਉਂ ਅੱਗ ਲਾਈ ਅਤੇ ਜਪੁਜੀ ਦਾ ਪਾਠ ਕਰਦੀ ਹੋਈ ਉਤੇ ਬੈਠ ਗਈ, ਜਦੋਂ ਕਿ ਉਸ ਦੇ ਬਹਾਦਰ ਵੀਰ ਨੇ ਉਸ ਨੂੰ ਆ ਬਚਾਇਆ। ਫੇਰ ਜਦੋਂ ਘਰਦਿਆਂ ਨੇ ਤ੍ਰਾਹ ਦਿੱਤੀ, ਤਦ ਭੀ ਕੰਨਯਾ ਦਾ ਨਿਸ਼ਚਾ ਨਾ ਫਿਰਿਆ ਅਰ ਗੁਰੂ ਗੋਬਿੰਦ ਸਿੰਘ ਜੀ ਦੇ ਕਸ਼ਟਾਂ ਨੂੰ ਚੇਤੇ ਕਰਦੀ ਭਰਾ ਦੇ ਨਾਲ ਚਲੀ ਗਈ। ਜਦ ਉਸ ਮੈਦਾਨ ਵਿਚ ਅੱਪੜੀ, ਜਿਥੇ ਹੁਣੇ ਹੀ ਸਿੱਖਾਂ ਤੇ ਤੁਰਕਾਂ ਦੀ ਇਕ ਛੋਟੀ ਜਿਹੀ ਲੜਾਈ ਹੋ ਕੇ ਹਟੀ ਸੀ ਅਰ ਘਾਇਲ ਸਿੱਖ ਦੇਖੇ ਸੇ; ਤਾਂ ਕੰਨਯਾ ਦਾ ਦਿਲ ਜੋਸ਼ ਨਾਲ ਉਛਲ ਪਿਆ ਕਿ ਅਜੇਹੇ ਬਹਾਦਰਾਂ ਦੀ ਸੇਵਾ ਕਰਨ ਨਾਲੋਂ, ਜੋ ਧਰਮ ਰੱਖਯਾ ਲਈ ਇਸ ਤਰ੍ਹਾਂ ਜਾਨਾਂ
੧ . ਪਿੰਡ ਦੀਆਂ ਕੁੜੀਆਂ ਘੋੜੇ ਤੇ ਚੜ੍ਹਨ ਦੀਆਂ ਜਾਣੂੰ ਹੁੰਦੀਆਂ ਹਨ।
੨. ਮੁਗ਼ਲ ਦੇ ਸਾਥੀ ਅਜੇ ਆਏ ਨਹੀਂ ਸਨ, ਨੌਕਰ ਬੀ ਨਹੀਂ ਮੁੜੇ ਸਨ, ਡੇਰੇ ਵਿਚ ਪਾਣੀ ਮੁੱਕ ਚੁਕਾ ਹੋਇਆ ਸੀ, ਸੋ ਸੁਰੱਸਤੀ ਦੀ ਸੁੰਦਰਤਾ ਵਿਚ ਮਸਤ ਹਾਕਮ ਆਪ ਪਾਣੀ ਲੈਣ ਚਲਾ ਗਿਆ ਸੀ, ਪਾਣੀ ਦੁਰਾਡੇ ਸੀ, ਐਉਂ ਸੁਰੱਸਤੀ ਨੂੰ ਚਿਖਾ ਦਾ ਸਮਾਂ ਲੱਝ ਗਿਆ ਸੀ। ਇਹ ਅਸਲ ਵਿਚ ਮੁਗਲ ਨਹੀਂ ਸੀ, ਪਰ ਹੁਕਮ ਹਾਸਲ ਉਹਨਾਂ ਵਰਗਾ ਸੀ ਤੇ ਆਮ ਪਰਜਾ ਮੁਗ਼ਲ ਹੀ ਸਮਝਦੀ ਸੀ।
ਤਲੀ ਪੁਰ ਧਰੀ ਫਿਰਦੇ ਹਨ; ਹੋਰ ਕਿਹੜਾ ਕੰਮ ਚੰਗਾ ਹੋਊ? ਫਿਰ ਆਪਣੇ ਭਰਾ ਦੇ ਤਰਸ ਤੇ ਸੂਰਬੀਰਤਾ ਪਰ ਸੋਚ ਫੁਰੀ ਕਿ ਮੇਰਾ ਇਹ ਅੰਮੀ ਜਾਇਆ ਵੀਰ ਕਿੰਨਾ ਚੰਗਾ ਹੋ ਗਿਆ ਹੈ, ਕਿਉਂ ਨਾ ਮੇਰਾ ਮਨ ਭੀ ਏਡਾ ਬਹਾਦਰ ਹੋ ਜਾਵੇ। ਚੰਦਨ-ਸੁਗੰਧਿ ਨਾਲ ਕੁੜੀ ਦਾ ਦਿਲ ਚੰਦਨ ਹੋ ਗਿਆ ਅਰ ਜੀ ਵਿਚ ਸੋਚਣ ਲੱਗੀ ਕਿ "ਤੀਵੀਆਂ ਧਰਮ ਰੱਖਯਾ ਲਈ ਕਿਉਂ ਜੰਗ ਨਹੀਂ ਕਰਦੀਆਂ? ਜੇ ਨਹੀਂ ਕਰਦੀਆਂ ਤਾਂ ਮੈਂ ਕਿਉਂ ਨਾ ਪਹਿਲੀ ਤੀਵੀਂ ਹੋਵਾਂ ਜੋ ਭਰਾ ਵਾਂਙੂ ਸੂਰਬੀਰ ਹੋ ਜਾਵਾਂ?”
ਇਹੋ ਜਿਹੀਆਂ ਵਿਚਾਰਾਂ ਨੇ ਸੁਰੱਸਤੀ ਨੂੰ ਅੱਜ ਦੇ ਇਡੇ ਭਿਆਨਕ ਹਾਲਾਂ ਵਿਚ ਘਾਬਰਨ ਨਾ ਦਿੱਤਾ, ਸਗੋਂ ਉਸਦਾ ਹੌਸਲਾ ਦੂਣਾ ਕਰ ਦਿੱਤਾ ਅਰ ਘੋੜੇ ਪਰ ਇਉਂ ਸਵਾਰ ਹੋ ਗਈ ਕਿ ਮਾਨੋ ਪੱਕੀ ਸਵਾਰ ਹੈ। ਅਰ ਭਰਾ ਨੂੰ ਕਹਿ ਕੇ ਇਕ ਮੁਰਦੇ ਦੀ ਤਲਵਾਰ ਬੀ ਲੈ ਗਲੇ ਲਟਕਾ ਲਈਓ ਸੁ।
ਗੱਲ ਕੀ ਦੂਜੇ ਘਾਇਲ ਭਰਾਵਾਂ ਨੂੰ ਚੁੱਕਣ ਦੇ ਆਹਰ ਵਿਚ ਸਨ ਕਿ ਪਿਛਲੀ ਲਾਭੋਂ ਧੂੜ ਉਡਦੀ ਦਿੱਸੀ ਅਰ ਪਲ ਮਗਰੋਂ ਤੁਰਕ ਸਵਾਰਾਂ ਦਾ ਇਕ ਦਸਤਾ ਦਿੱਸਿਆ, ਗਹੁ ਕਰਕੇ ਦੇਖਣ ਤੋਂ ਪਕਾ ਸ਼ੱਕ ਪੈ ਗਿਆ ਕਿ ਉਹੋ ਮੁਗ਼ਲ ਕੰਨਯਾ ਦੇ ਪਿੱਛੇ ਆ ਰਿਹਾ ਹੈ।
ਇਹ ਦੇਖ ਕੇ ਤਿੰਨਾਂ ਨੇ ਘੋੜੇ ਸਿੱਟ ਦਿੱਤੇ। ਹੁਣ ਅਸਚਰਜ ਮੌਜ ਹੋਈ, ਅੱਗੇ ਅੱਗੇ ਤਿੰਨੇ ਸਿੰਘ, ਮਗਰ ਕੋਈ ਸੌ ਕੁ ਤੁਰਕ। ਤਿੰਨ ਚਾਰ ਮੀਲ ਤਕ ਤਾਂ ਘੋੜੇ ਉਡੇ, ਪਰ ਇਥੇ ਅੱਪੜ ਕੇ ਸ਼ੇਰ ਸਿੰਘ ਦਾ ਘੋੜਾ ਨਹੁੰ ਖਾ ਕੇ ਡਿੱਗ ਪਿਆ। ਉਹਦੇ ਡਿੱਗਣ ਦੀ ਢਿੱਲ ਸੀ ਜੋ ਬਾਕੀ ਦੋਵੇਂ ਭੀ ਅਟਕ ਗਏ। ਇੰਨੇ ਨੂੰ ਤੁਰਕ ਭੀ ਪਹੁੰਚ ਗਏ, ਥੋੜ੍ਹਾ ਚਿਰ ਤਲਵਾਰ ਚੱਲੀ, ਅੱਠ ਦੱਸ ਤੁਰਕ ਡਿੱਗੇ, ਹਾਕਮ ਭੀ ਜ਼ਖਮੀ ਹੋਇਆ। ਸ਼ੇਰ ਸਿੰਘ ਮਾਰਿਆ ਗਿਆ, ਸੁਰੱਸਤੀ ਤੇ ਬਲਵੰਤ ਸਿੰਘ ਨੂੰ ਬੀ ਕੁਛ ਕੁ ਘਾਉ ਲੱਗੇ ਪਰ ਉਨ੍ਹਾਂ ਦੇ ਘੋੜੇ ਫੱਟ ਖਾ ਕੇ ਡਿੱਗ ਪਏ ਅਰ ਦੋਵੇਂ ਭੈਣ ਭਰਾ ਬੰਦੀ ਵਿਚ ਪੈ ਗਏ ਤੇ ਤੁਰਕਾਂ ਦੇ ਜੱਥੇ ਦੇ ਪਹਿਰੇ ਵਿਚ ਕਸ਼ਟ ਭੋਗਣ ਲਈ ਪਿਛਲੇ ਪੈਰੀਂ ਮੋੜੇ ਗਏ।
२. ਕਾਂਡ
ਭੀੜੀ ਜੂਹ ਦੇ ਵਿਚਕਾਰ ਸਿੱਖਾਂ ਨੇ ਬ੍ਰਿਛ ਬੂਟੇ ਕੱਟਕੇ ਇਕ ਖੁਲ੍ਹਾ ਮੈਦਾਨ ਬਣਾਇਆ ਹੋਇਆ ਸੀ ਅਰ ਇਸ ਤਰ੍ਹਾਂ ਦੇ ਥਾਂਉਂ ਪੰਜਾਬ ਦੇ ਬਨਾਂ ਵਿਚ ਅਨੇਕਾਂ ਸਨ; ਜਿਥੇ ਸਿੱਖ ਲੋਕ ਭੀੜ ਬਣੀ ਪੁਰ ਜਾ ਲੁਕਦੇ ਸਨ। ਬਨਾਂ ਦੇ ਪੱਤੇ ਪੱਤੇ ਦੀ ਉਨ੍ਹਾਂ ਨੂੰ ਖ਼ਬਰ ਸੀ, ਪਰ ਵੈਰੀਆਂ ਲਈ ਉਨ੍ਹਾਂ ਸੰਘਣੇ ਬਨਾਂ ਨੂੰ ਝਾਗਣਾ ਇਕ ਕਠਨ ਤੇ ਅਨਹੋਣਾ ਕੰਮ ਹੋਇਆ ਕਰਦਾ ਸੀ। ਇਥੇ ਅਸੀਂ ਭੀੜੀ ਜੂਹ ਦੇ ਇਕ ਸਮਾਗਮ ਦਾ ਵਰਣਨ ਕਰਦੇ ਹਾਂ। ਇਕ ਦਿਨ ਲੌਢੇ ਵੇਲੇ ਭੀੜੀ ਜੂਹ ਵਿਚ ਦੀਵਾਨ ਲੱਗਾ ਹੋਇਆ ਸੀ; ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਅਰ ਪੰਜ ਕੁ ਸਿੰਘ ਬੈਠੇ ਸ਼ਬਦ ਗਾਉਂ ਰਹੇ ਸਨ। ਇਸ ਜਥੇ ਦਾ ਸਰਦਾਰ ਸ਼ਾਮ ਸਿੰਘ ਸੀ, ਜੋ ਦੇਉ ਵਰਗੀ ਡੀਲ ਤੇ ਸੇਉ ਵਰਗੇ ਲਾਲ ਚਿਹਰੇ ਨਾਲ ਇਕ ਭਰਵਾਂ ਤੇ ਸੁਹਣਾ ਜੁਆਨ ਦਿਖਾਈ ਦੇਂਦਾ ਸੀ। ਪਾਠ ਸਮਾਪਤ ਹੋਣ ਮਗਰੋਂ ਬੋਲਿਆ: ਭਾਈ ਖਾਲਸਾ ਜੀ! ਕਿਸੇ ਨੂੰ ਬਲਵੰਤ ਸਿੰਘ ਦਾ ਪਤਾ ਹੈ? ਸਭ ਨੇ ਸਿਰ ਹਿਲਾਇਆ ਕਿ ਨਹੀਂ; ਉਹ ਤਾਂ ਜਦੋਂ ਦਾ ਆਪਣੇ ਪਿੰਡ ਗਿਆ ਹੈ ਮੁੜਕੇ ਨਹੀਂ ਆਇਆ, ਖਬਰੇ ਘਰ ਦੇ ਸੁਖਾਂ ਵਿਚ ਪੈ ਗਿਆ ਹੈ?
ਸ਼ਾਮ ਸਿੰਘ ਬੋਲਿਆ- ਇਹ ਗੱਲ ਅਨਹੋਣੀ ਹੈ; ਬਲਵੰਤ ਸਿੰਘ ਕੀ ਆਖ ਤੇ ਸੁਖ ਕੀ ਆਖ, ਉਸਨੂੰ ਜ਼ਰੂਰ ਕੋਈ ਅਪਦਾ ਪਈ ਹੈ, ਨਹੀਂ ਤਾਂ ਉਹ ਬਹਾਦਰ ਅਟਕਣ ਵਾਲਾ ਨਹੀਂ ਸੀ। ਕੋਲੋਂ ਰਾਠੌਰ ਸਿੰਘ ਬੋਲਿਆ: ਮਹਾਰਾਜ! ਕਿਸੇ ਨੂੰ ਉਸ ਦੇ ਪਿੰਡ ਘੱਲਿਆ ਜਾਵੇ, ਜੋ ਉਸਦੀ ਸਾਰ ਲਿਆਵੇ। ਇਕ ਸਿੰਘ ਬੋਲਿਆ: ਮੈਨੂੰ ਆਗਯਾ ਹੋਵੇ ਤਾਂ ਹੁਣੇ ਖ਼ਬਰ ਲੈਣ ਤੁਰ ਜਾਂਦਾ ਹਾਂ। ਸਰਦਾਰ ਨੇ ਕਿਹਾ-ਜਾਹ ਬਈ ਖਬਰ ਲਿਆ, ਪਰ ਝਬਦੇ ਮੁੜੀਂ, ਅਰ ਵੇਸ ਵਟਾ ਲੈ, ਮੁਗ਼ਲ ਬਣ ਕੇ ਜਾਹ, ਸਿੱਖੀ ਬਾਣੇ ਵਿਚ ਗਿਉਂ
ਇਹ ਵਾਕ ਸੁਣ ਉਹ ਸਿੰਘ, ਜਿਸਦਾ ਨਾਉਂ ਹਰੀ ਸਿੰਘ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਕੇ ਉਠਿਆ, ਡੇਰੇ ਵਿਚੋਂ ਮੁਗਲਈ ਕਪੜੇ ਲੈ ਪਹਿਨੇ ਤੇ ਘੋੜੇ ਉਤੇ ਅਸਵਾਰ ਹੋ ਤੁਰ ਪਿਆ। ਇਹ ਵੇਲਾ ਸੂਰਜ ਆਥਣ ਦਾ ਸੀ ਅਰ ਸੰਝ ਤੁਰੀ ਆਉਂਦੀ ਸੀ, ਪਰ ਬਹਾਦਰ ਸਿੰਘ ਡਰਿਆ ਨਹੀਂ, ਧਰਮ ਦੇ ਕੰਮ ਨੂੰ ਨਿਰਭੈ ਸ਼ੇਰ ਵਾਂਙੂ ਤੁਰ ਪਿਆ। ਕੁਛ ਦੂਰ ਜਾ ਕੇ ਜੰਗਲ ਸੰਘਣਾ ਆ ਗਿਆ, ਘੋੜੇ ਤੋਂ ਉਤਰ ਕੇ ਲਗਾਮ ਫੜ, ਕਈ ਚੱਕਰ ਫੇਰ ਖਾਂਦਾ, ਕਿਧਰੇ ਟਾਹਣੀਆਂ ਵਿਚ ਫਸਦਾ, ਕਿਧਰੇ ਨਿਕਲਦਾ, ਵੱਡੇ ਔਖ ਨਾਲ ਜੰਗਲ ਪਾਰ ਹੋ ਗਿਆ। ਘੁਸਮੁਸਾ ਵੇਲਾ ਸੀ ਘੋੜੇ ਤੇ ਪਲਾਕੀ ਮਾਰ ਪਲੋਪਲੀ ਵਿਚ ਇਕ ਨਿੱਕੇ ਪਿੰਡ ਅੱਪੜਿਆ ਅਰ ਇਕ ਪੁਰਾਣੀ ਟੁੱਟੀ-ਖੁਥੀ ਸਰਾਂ ਵਿਚ ਜਾ ਵੜਿਆ। ਇਥੇ ਇਕ ਮੁਸਲਮਾਨ ਤੰਦੂਰ ਵਾਲਾ ਤੇ ਇਕ ਬਾਣੀਆਂ ਹੱਟੀਵਾਣ ਰਹਿੰਦੇ ਸਨ, ਮੁਗ਼ਲ ਦੀ ਸ਼ਕਲ ਵੇਖ ਕੇ ਅਦਬ ਨਾਲ ਉਠ ਖਲੋਤੇ ਅਰ ਮੰਜੀ ਦੇਕੇ ਘੋੜੇ ਨੂੰ ਚਾਰਾ ਆਦਿ ਲਿਆ ਦਿੱਤਾ, ਪਰ ਰੋਟੀ ਵਲੋਂ ਉਸ ਨੇ ਨਾਂਹ ਕੀਤੀ ਕਿ ਮੈਨੂੰ ਲੋੜ ਨਹੀਂ। ਘੋੜੇ ਨੂੰ ਮੰਜੇ ਨਾਲ ਬੰਨ੍ਹ ਕੇ ਖ਼ਾਲਸਾ ਜੀ ਚੁਤੱਹੀ ਮੰਜੇ ਪਰ ਵਿਛਾ ਕੇ ਸੌਂ ਗਏ, ਦੋ ਕੁ ਘੰਟੇ ਮਗਰੋਂ ਇਕ ਰੌਲਾ ਜਿਹਾ ਪੈ ਗਿਆ। ਸਿੰਘ ਨੇ ਸਿਰ ਚੁੱਕ ਕੇ ਕੀ ਡਿੱਠਾ ਕਿ ਕਿਸੇ ਸਰਦਾਰ ਅਮੀਰ ਦੀ ਆਉਂਦਣ ਹੈ, ਨੌਕਰ ਚਾਕਰ ਨਾਲ ਹਨ। ਢੇਰ ਚਿਰ ਉੱਧੜਧੁੰਮੀ ਮਚਾ ਕੇ ਉਨ੍ਹਾਂ ਨੇ ਡੇਰਾ ਕੀਤਾ। ਅਮੀਰ ਤਾਂ ਸੌਂ ਗਿਆ। ਪਰ ਨੌਕਰ ਚਾਕਰ ਕੁਝ ਸੌਂ ਗਏ ਤੇ ਕੁਛ ਲੰਮੇ ਪਏ ਗਲੀਂ ਜੁੱਟ ਪਏ। ਦੋ ਸਿਪਾਹੀ ਸਾਡੇ ਸਿੰਘ ਦੇ ਨੇੜੇ ਪਏ ਗੱਲਾਂ ਕਰ ਰਹੇ ਸਨ, ਸਿੰਘ ਜੀ ਮਚਲੇ ਹੋ ਕੇ ਸੁਣਦੇ ਰਹੇ।
ਪਹਿਲਾ ਸਿਪਾਹੀ ਬੋਲਿਆ- ਬਈ ਇਹ ਬਲਵੰਤ' ਕੌਣ ਹੈ?
ਦੂਜਾ ਸਿਪਾਹੀ— ਇਹ ਉਹ ਕਾਫ਼ਰ ਹੈ ਨਾ ਕਿ ਜੋ ਨਾਦਰ ਦੇ ਮਗਰ ਹੱਲੇ ਕਰਨ ਵਾਲੇ ਸਿੱਖਾਂ ਵਿਚ ਇਕ ਵੱਡਾ ਦਲੇਰ ਆਦਮੀ ਸੁਣਿਆ ਗਿਆ ਸੀ, ਜਿਸ ਨੇ ਪਹਿਲੇ ਜੰਗ ਵਿਚ ਰੁਸਤਮ ਖਾਂ ਨੂੰ ਮਾਰਿਆ ਸੀ।
ਦੂਜਾ— ਜੇ ਉਹਦੀ ਭੈਣ ਵੇਖੇਂ ਤਾਂ ਲੋਟਨ ਕਬੂਤਰ ਹੋ ਜਾਏਂ, ਹੁਣ ਤਾਂ ਉਹ ਸਤਰ ਵਿਚ ਹੈ, ਪਰ ਜਦ ਫੜੀ ਹੈ ਤਾਂ ਮੈਂ ਨਾਲ ਹੀ ਸਾਂ ਬਈ ਚੰਦ ਦਾ ਟੁਕੜਾ ਹੈ ਚੰਦ ਦਾ। ਖ਼ਬਰ ਨਹੀਂ ਕੀ ਸਬੱਬ ਹੈ ਕਿ ਹਿੰਦੂਆਂ ਦੀਆਂ ਤੀਵੀਆਂ ਵੱਡੀਆਂ ਹੀ ਸੁੰਦਰ ਹੁੰਦੀਆਂ ਹਨ?
ਪਹਿਲਾ— ਉਹ ਤੀਵੀਂ ਬੀ ਮੁਸਲਮਾਨ ਕੀਤੀ ਜਾਊ?
ਦੂਜਾ— ਹਾਂ, ਹਾਂ, ਨਾਲੇ ਨਵਾਬ ਸਾਹਿਬ ਨਾਲ ਉਸਦਾ ਨਿਕਾਹ ਪੜ੍ਹਾਇਆ ਜਾਉ, ਬੜੀ ਧੂਮ ਧਾਮ ਹੋਵੇਗੀ, ਸਾਨੂੰ ਭੀ ਇਨਾਮ ਮਿਲਣਗੇ।
ਪਹਿਲਾ— ਪਰ ਭੈਣ ਭਰਾ ਨੇ ਦੀਨ ਵਿਚ ਆਉਣਾ ਕਬੂਲ ਕਰ ਲੀਤਾ ਹੈ ਕਿ ਨਹੀਂ ?
ਦੂਜਾ- ਇਹ ਸਿੱਖ ਬੀ ਕਦੀ ਖੁਸ਼ੀ ਨਾਲ ਦੀਨ ਛੱਡਦੇ ਹਨ ? ਇਨ੍ਹਾਂ ਨੂੰ ਤਾਂ ਬੰਨ੍ਹ ਕੇ ਖੀਰ ਖੁਆਉਣੀ ਹੋਈ। ਉਂਞ ਤਾਂ ਇਹ ਸਦਾ ਤਲਵਾਰ ਦਾ ਪਾਣੀ ਹੀ ਚੱਖਦੇ ਹਨ।
ਪਹਿਲਾ— ਹਾਂ ਠੀਕ ਹੈ, ਇਹ ਵੱਡੇ ਹਠੀਲੇ ਹਨ। ਹਿੰਦੂ ਤਾਂ ਮੱਖਣ, ਪਰ ਏਹ ਕਠੋਰ ਪੱਥਰ ਹਨ। ਖ਼ਬਰ ਨਹੀਂ ਇਹ ਕਿਥੋਂ ਉਗਮ ਪਏ ਹਨ? ਭਲਾ ਹੁਣ ਕਿੰਨਾ ਕੁ ਰਸਤਾ ਹੈ ?
ਦੂਜਾ— ਥੋੜਾ ਹੀ ਹੈ, ਅੱਜ ਪੀਰ, ਕੱਲ ਮੰਗਲ ਤੇ ਬੁਧ ਵੀਰ ਠਹਿਰ ਜੁਮੇ (ਸ਼ੁਕਰ) ਨੂੰ ਇਹ ਸਾਬ ਦਾ ਕੰਮ ਵੀ ਸਿਰੇ ਚੜ੍ਹ ਜਾਏਗਾ।
0- ਭਈ ਤੁਹਾਨੂੰ ਮੌਜ ਹੋਊ, ਜਿਨ੍ਹਾਂ ਦੇ ਮਾਲਕ ਨੂੰ ਸੋਨੇ ਦੀ ਚਿੜੀ ਹੱਥ ਲੱਗੀ ਹੈ।
ਦੂਜਾ- ਤੇ ਤੁਹਾਨੂੰ ਭੀ ਮੌਜ ਹੈ, ਤੁਹਾਡੇ ਮਾਲਕ ਮੁੱਲਾਂ ਜੀ ਨੂੰ ਐਡੀ ਦੂਰੋਂ ਸੱਦਿਆ ਗਿਆ ਹੈ, ਇਨਾਮ ਭੀ ਤਾਂ ਬਹੁਤ ਹੀ ਮਿਲੇਗਾ। ਨਾਲ ਦੇ ਨਾਲ ਤੁਹਾਨੂੰ ਬਹੁਤ ਕੁਛ ਹੱਥ ਲਗੂ, ਪਰ ਭਈ ਮਿਲੇ ਜਾਂ ਨਾ ਇਹ ਰਹੀ ਵੱਖਰੀ ਗੱਲ, ਏਹਨਾਂ ਸਿੱਖਾਂ ਨੂੰ ਦੀਨ ਵਿਚ ਲਿਆਉਂਦਿਆਂ ਵੇਖਣਾ ਬੀ ਸ੍ਵਾਬ (ਪੁੰਨ) ਹੈ।