

"ਜਿਸ ਵੇਲੇ ਸਰਦਾਰ ਇਸ ਗੰਭੀਰ ਕੰਮ ਲਈ ਇੱਕਠੇ ਹੁੰਦੇ ਸਨ ਤਾਂ ਸਮਝਿਆ ਜਾਂਦਾ ਸੀ ਕਿ ਸਾਰੇ ਨਿਜ ਦੇ ਤੇ ਸ਼ਖਸੀ ਝਗੜਿਆਂ ਦਾ ਅੰਤ ਹੋ ਗਿਆ ਹੈ ਤੇ ਸਾਰੇ ਆਦਮੀਆਂ ਨੇ ਆਪਣੇ ਜ਼ਾਤੀ ਤੇ ਸ਼ਖਸੀ ਭਾਵਾਂ ਨੂੰ ਪੰਥਕ ਭਲਿਆਈ ਦੀ ਯਗਵੇਦੀ ਤੋਂ ਕੁਰਬਾਨ ਕਰ ਦਿੱਤਾ ਹੈ ਤੇ ਸ਼ੁੱਧ ਦੇਸ਼ ਭਗਤੀ ਦੇ ਭਾਵਾਂ ਤੋਂ ਪ੍ਰੇਰਤ ਹੋ, ਆਪਣੇ ਧਰਮ ਤੇ ਰਾਜਯ ਲਈ ਇੱਕਠੇ ਹੋ, ਇਹ ਕਿਸੇ ਹੋਰ ਗੱਲ ਨੂੰ ਧਯਾਨ ਵਿਚ ਨਹੀਂ ਲਿਆਉਂਦੇ। ਜਦ ਸਰਦਾਰ ਲੋਕ ਤਥਾ ਆਗੂ ਬੈਠ ਜਾਂਦੇ ਹਨ, ਤਦ ਆਦਿ ਗ੍ਰੰਥ ਉਹਨਾਂ ਦੇ ਸਾਹਮਣੇ ਰੱਖੇ ਜਾਂਦੇ ਹਨ, ਪਵਿੱਤ੍ਰ ਗ੍ਰੰਥ ਦੇ ਸਾਹਮਣੇ ਸਾਰੇ ਮੱਥਾ ਟੇਕਦੇ ਹਨ ਤੇ 'ਵਾਹਿਗੁਰੂ ਜੀ ਕਾ ਖਾਲਸਾ’ ਆਦਿਕ ਵਾਕ ਉਚਾਰਦੇ ਹਨ। ਇਸ ਤੋਂ ਪਿੱਛੋਂ ਸਾਰੇ ਸੱਜਣ ਖੜੇ ਹੋ ਜਾਂਦੇ ਹਨ ਜਦ ਕਿ ਅਕਾਲੀ ਉੱਚੀ ਆਵਾਜ਼ ਨਾਲ ਅਰਦਾਸਾ ਕਰਦੇ ਹਨ। ਅਰਦਾਸੇ ਪਿਛੋਂ ਪ੍ਰਤਿਨਿਧ ਆਪੋ ਆਪਣੀ ਥਾਂ ਤੇ ਬੈਠ ਜਾਂਦੇ ਹਨ ਤੇ ਕੜਾਹ ਪ੍ਰਸ਼ਾਦ ਵੰਡੇ ਜਾਣ ਤੇ ਛਕ ਲੈਂਦੇ ਹਨ, ਜਿਸ ਦਾ ਅਰਥ ਇਹ ਹੁੰਦਾ ਹੈ ਕਿ ਉਹਨਾਂ ਸਾਰਿਆਂ ਵਿਚ ਇਕ ਮਹਾਨ ਕੰਮ ਲਈ ਪੂਰਨ ਏਕਾ ਹੈ। ਫਿਰ ਅਕਾਲੀ ਉੱਚੀ ਆਵਾਜ਼ ਨਾਲ ਕਹਿੰਦੇ ਹਨ ਕਿ ਸਰਦਾਰੋ! ਇਹ ਗੁਰਮਤਾ ਹੈ, ਫਿਰ ਸਰਦਾਰ ਆਪੋ ਵਿਚ ਨੇੜੇ ਨੇੜੇ ਹੋ ਕੇ ਕਹਿੰਦੇ ਹਨ ਕਿ- ਪਵਿੱਤ੍ਰ (ਗੁਰੂ) ਗ੍ਰੰਥ ਸਾਹਿਬ ਜੀ ਦੀ ਅਸੀਂ ਹਜ਼ੂਰੀ ਵਿਚ ਹਾਂ, ਆਓ ਅਸੀਂ ਆਪਣੇ ਇਸ ਧਰਮ ਗ੍ਰੰਥ ਦੀ ਸ਼ਪਥ ਲਈਏ ਕਿ ਅਸੀਂ ਆਪੋ ਵਿਚ ਸਾਰੇ ਝਗੜਿਆਂ ਨੂੰ ਭੁੱਲ ਕੇ ਇਕ ਮਤ ਹੋ ਕੰਮ ਕਰਾਂਗੇ। ਸਾਰੇ ਦ੍ਰਿਸ਼ਾਂ ਨੂੰ ਭੁੱਲਣ ਵਿਚ ਧਾਰਮਕ ਭਾਵ ਜਾਂ ਉਗੱਰ ਦੇਸ਼ ਭਗਤੀ ਦੇ ਇਸ ਸਮੇਂ ਤੋਂ ਲਾਭ ਉਠਾਇਆ ਜਾਂਦਾ ਹੈ, ਫਿਰ ਉਹ ਆਪੋ ਆਪਣੇ ਟਿਕਾਣੇ ਤੇ ਵਿਚਾਰ ਕਰਦੇ ਹਨ, ਫਿਰ ਉਸ ਨੂੰ ਦੂਰ ਕਰਨ ਦੇ ਸਰਵੋਤਮ ਉਪਾਊ ਸੋਚਦੇ ਹਨ।”
* ਮੈਲਮ 'Sketch of the Sikhs' Page 120 to 123