

ਅੰਤਕਾ-2
ਅਕਾਲੀ ਕੌਰ ਸਿੰਘ ਜੀ ਨਿਹੰਗ ਨੇ, 'ਕਸ਼ਮੀਰ ਸਿੱਖ ਸਮਾਚਾਰ' ਨਾਮ ਦਾ ਇਕ ਅਖ਼ਬਾਰ ਕੱਢਿਆ ਹੋਇਆ ਸੀ। ਇਸ ਅਖ਼ਬਾਰ ਦੇ ਪੋਹ ਸੰ: ਸਤਿਗੁਰੂ ਨਾਨਕ ਸਾਹਿਬ ੪੬੭ (ਜਨਵਰੀ-੧੯੩੬) ਦੇ ਸਫਾ ੩ ਪਰ ਸ. ਵਰਿਆਮ ਸਿੰਘ ਜੀ ਮੇਜਰ, ਛਾਉਣੀ ਸਤਵਾਰਾ (ਜੰਮੂ) ਦਾ ਫੋਟੋ ਤੇ ਹਾਲਾਤ ਆਪ ਨੇ ਛਾਪੇ ਹਨ। ਇਨਾਂ ਦਾ ਅਮਲੀ ਵਤਨ ਪਿੰਡ ਖ਼ਨੌੜਾ (ਜ਼ਿਲਾ ਹੁਸ਼ਿਆਰਪੁਰ) ਦੱਸਿਆ ਹੈ ਤੇ ਇਨ੍ਹਾਂ ਦੇ ਹਾਲਾਤ ਵਿਚ ਲਿਖਿਆ ਹੈ:-
"ਗੁਰੂ ਦਸ਼ਮੇਸ਼ ਪਾਤਸ਼ਾਹ ਜੀ ਦੇ ਸਮੇਂ ਇਸ ਬੰਸ ਦੇ ਇਕ ਸੱਜਣ ਨੇ ਗੁਰੂ ਖ਼ਾਲਸੇ ਨਾਲ ਮਿਲ ਕੇ ਅੰਮ੍ਰਿਤ ਪਾਨ ਕੀਤਾ ਤੇ ਉਸ ਦਾ ਨਾਮ ਸਿੰਘਾਂ ਨੇ ਸ੍ਰ. ਬਲਵੰਤ ਸਿੰਘ ਰੱਖਿਆ, ਇਨ੍ਹਾਂ ਦਾ ਹੀ ਜ਼ਿਕਰ ਸੁੰਦਰੀ ਨਾਮੇ ਟਰੈਕਟ ਵਿਚ ਦਰਜ ਹੈ।”
ਇਸ ਲਿਖਤ ਤੋਂ ਸੁੰਦਰੀ ਜੀ ਦੇ ਵਤਨ ਤੇ ਖ਼ਾਨਦਾਨ ਦੀ ਕੁਛ ਟੋਹ ਮਿਲਦੀ ਹੈ। ਸਿਖ ਇਤਿਹਾਸ ਦੇ ਪ੍ਰੇਮੀਆਂ ਨੂੰ ਇਸ ਪਾਸੇ ਵਿਸ਼ੇਸ਼ ਤਵੱਜੋ ਦੇ ਕੇ ਖੋਜ ਕਰਨੀ ਚਾਹਿਦੀ ਹੈ ਤਾਂ ਕਿ ਸੁੰਦਰੀ ਜੀ ਦੇ ਅਦੁੱਤੀ ਕਾਰਨਾਮਿਆਂ ਤੇ ਹੋਰ ਰੋਸ਼ਨੀ ਪੈ ਸਕੇ।
ਸੂੰਹ ਆਈ ਹੈ ਕਿ ਕਾਹਨੂਵਾਣ ਦੇ ਛੰਭ ਦੇ ਇਲਾਕੇ (ਜ਼ਿਲਾ ਗੁਰਦਾਸਪੁਰ) ਵਿਚ ਇਕ ਪੁਰਾਣੀ ਬਾਉਲੀ ਮੌਜੂਦ ਹੈ ਜੋ ਬੀਬੀ ਸੁੰਦਰੀ ਦੀ ਯਾਦ ਵਿਚ ਖ਼ਾਲਸੇ ਦੀ ਬਣਾਈ ਦੱਸੀ ਜਾਂਦੀ ਹੈ। ਸਰੋਤ ਹੈ ਕਿ ਹੁਣ ਗੁਰਦੁਆਰਾ ਬੀ ਓਥੇ ਬਣ ਰਿਹਾ ਹੈ।