

ਸਰਦਾਰ ਨੇ ਹੁਣ ਕੂਚ ਦਾ ਹੁਕਮ ਬੋਲਿਆ ਪਰ ਖੱਤ੍ਰੀ ਤੇ ਖੱਤ੍ਰਾਣੀ ਨਿੰਮ੍ਰਤਾ ਕਰਕੇ ਬੋਲੇ ਕਿ ਹੁਣ ਅਸਾਂ ਇਥੇ ਨਹੀਂ ਰਹਿਣਾ, ਸਾਨੂੰ ਨਾਲ ਲੈ ਚੱਲੋ, ਤੁਹਾਡੇ ਬਹਾਦਰਾਂ ਦੀ ਸੇਵਾ ਕਰਾਂਗੇ। ਇਕ ਤਾਂ ਮਨ ਇਥੇ ਦਬੇਲ ਰਹੇਗਾ, ਤੁਸਾਂ ਵਿਚ ਤੁਸਾਡੇ ਸੰਗ ਦਾ ਰੰਗ ਲੈ ਕੇ ਤਕੜਾ ਹੋ ਜਾਏਗਾ, ਦੂਜਾ ਇਥੇ ਤੁਰਕ ਸਿਪਾਹੀ ਆਉਣਗੇ ਤੇ ਸਭ ਦਾ ਗੁੱਸਾ ਅਸਾਂ ਪਰ ਪਏਗਾ। ਤੁਸਾਂ ਹੁਣੇ ਚਲੇ ਜਾਣਾ ਹੈ, ਸੋ ਸਾਨੂੰ ਨਾਲ ਹੀ ਲੈ ਚਲੋ। ਤੁਹਾਡੀਆਂ ਪਰਉਪਕਾਰੀਆਂ ਦੀ ਸੇਵਾ ਕਰਾਂਗੇ, ਜਨਮ ਸਫਲਾ ਹੋ ਜਾਏਗਾ।
੧. ਹਿੰਦੂ ਇਸਤ੍ਰੀਆਂ ਨੂੰ ਜ਼ਾਲਮਾਂ ਤੋਂ ਛੁਡਾਉਣ ਦੇ ਕਈ ਵਾਕੇ ਸਿੱਖਾਂ ਦੇ ਹੱਥੋਂ ਹੋਏ ਹਨ। ਦੇਖੋ ਇਸੇ ਪੋਥੀ ਦੀ ਅੰਤਕਾ।
੨. ਧਾਰਮਿਕ ਆਗੂਆਂ ਦੀ ਇਸ ਪ੍ਰਕਾਰ ਦੀ ਕਮਜ਼ੋਰੀ ਦਸਮੇਂ ਗੁਰੂ ਜੀ ਨੇ ਨਿਸਚੇ ਕਰ ਲਈ ਸੀ, ਜਦੋਂ ਕਿ ਆਪ ਨੇ ਅੰਮ੍ਰਿਤ ਤੋਂ ਪਹਿਲਾਂ ਮਾਸਾਹਾਰੀ ਤੇ ਨਾ ਮਾਸਾਹਾਰੀ ਬ੍ਰਾਹਮਣਾਂ ਨੂੰ ਮੋਹਰਾਂ ਦਾ ਲੋਭ ਦੇ ਕੇ ਪ੍ਰੀਖਯਾ ਕੀਤੀ ਸੀ। ਉਸ ਵੇਲੇ ਸਾਫ ਪਤਾ ਲੱਗ ਗਿਆ ਸੀ ਕਿ ਅਸੂਲ ਪਰ ਦ੍ਰਿੜਤਾ ਦੇਸ ਵਿਚੋਂ ਘੱਟ ਚੁੱਕੀ ਹੈ।