

ਜ਼ਖ਼ਮੀ ਆਪਣੇ ਆਪ ਦੀ ਸੇਵਾ ਹੁੰਦੀ ਵੇਖਕੇ ਅਸਚਰਜ ਸੀ ਕਿ ਐਸੇ ਔਕੜ ਦੇ ਵੇਲੇ ਕੌਣ ਆ ਪੁੱਕਰਿਆ। ਕੁਛ ਬੋਲਣਾ ਚਾਹਿਆ ਪਰ ਬੋਲਣ ਦੀ ਆਸੰਙ ਨਾ ਪਾਕੇ ਚੁਪ ਹੀ ਰਹਿ ਗਿਆ। ਹੁਣ ਸੁੰਦਰੀ ਨੇ ਇਹ ਵਿਚਾਰਿਆ ਕਿ ਜੇ ਇਹ ਪੁਰਖ ਇਥੇ ਪਿਆ ਰਿਹਾ ਤਦ ਮਰ ਜਾਏਗਾ, ਜੇ ਇਸ ਨੂੰ ਪਿੰਡ ਪੁਚਾਇਆ ਤਾਂ ਮਤੇ ਮੈਂ ਆਪ ਹੀ ਕਿਸੇ ਮੁਸ਼ਕਲ ਵਿਚ ਫਸ ਜਾਵਾਂ ਤੇ ਜੂਹ ਵਿਚ ਲੈ ਚੱਲਾਂ ਤਾਂ ਇਕ ਲਿਜਾਣਾ ਕਠਨ, ਦੂਜੇ ਇਹ ਤੁਰਕ ਹੈ, ਸਾਰੇ ਭਰਾ ਮੈਨੂੰ ਸ਼ੁਦਾਇਣ ਆਖਣਗੇ। ਫੇਰ ਕੁਝ ਧਰਮ ਕੌਰ ਨਾਲ ਸਲਾਹ ਕੀਤੀ, ਛੇਕੜ ਇਹੋ ਹੀ ਸੋਚ ਪੱਕੀ ਹੋਈ ਕਿ ਇਸਨੂੰ ਲੈ ਜਾਕੇ ਇਸ ਦੀ ਸੇਵਾ ਕਰੀਏ। ਗੁਰਸਿੱਖੀ ਇਹੀ ਹੈ।
ਵੱਡੇ ਔਖ ਤੇ ਕਸ਼ਟਾਂ ਨਾਲ ਉਹ ਬਿਖੜਾ ਰਸਤਾ ਉਹਨਾਂ ਬਹਾਦਰ ਤੀਵੀਆਂ ਨੇ ਉਸ ਭਾਰ ਨੂੰ ਚੁੱਕ ਕੇ ਪੂਰਾ ਕੀਤਾ ਅਰ ਜੰਗਲ ਦੀ ਅਧ ਕੁ ਵਾਟ ਪਹੁੰਚ ਕੇ ਥਕ ਗਈਆਂ। ਫਿਰ ਕਿੰਨਾ ਚਿਰ ਸਾਹ ਕੱਢਦੀਆਂ ਰਹੀਆਂ, ਛੇਕੜ ਦਿਨ ਢਲਣ ਦੇ ਵੇਲੇ ਟਿਕਾਣੇ ਤੇ ਪਹੁੰਚੀਆਂ ਤੇ ਪੁਰਾਣੇ ਥੋੜ੍ਹ ਦੇ ਹੇਠ ਸੁੱਕਾ ਘਾਹ ਵਿਛਾ ਕੇ ਚਾਦਰ ਪਾ ਕੇ ਉਸ ਨੂੰ ਲਿਟਾ ਦਿਤਾ ਅਰ ਖਾਣ ਦੀ ਚੀਜ਼ ਉਸ ਦੇ ਮੂੰਹ ਵਿਚ ਪਾਈ।
ਜਾਂ ਇਹ ਗੱਲ ਸੁੰਦਰੀ ਨੇ ਵੀਰ ਨਾਲ ਕੀਤੀ ਤੇ ਸ਼ਾਮ ਸਿੰਘ ਨੂੰ ਖਬਰ ਹੋਈ ਤਾਂ ਦੋਹਾਂ ਨੇ ਨੱਕ ਵੱਟਿਆ ਅਰ ਭੈਣ ਨੂੰ ਸਮਝਾਇਆ ਕਿ ਦਇਆ ਕਰਨੀ ਸਾਡਾ ਧਰਮ ਤਾਂ ਹੈ ਪਰ ਸਮਾਂ ਅਜਿਹਾ ਵਿੰਗਾ ਹੈ ਕਿ ਤੁਰਕਾਂ ਤੋਂ