'ਢਲ ਪਰਛਾਵੇਂ ਬੈਠੀਆਂ ਅਸੀਂ ਮਾਵਾਂ ਧੀਵੜੀਆਂ'
ਸੁਰੱਸਤੀ ਦੇ ਮੋਲ੍ਹੇ ਦੀ ਸੱਟ ਇਸ ਗੀਤ ਦੇ ਤਾਲ ਨਾਲ ਆ ਕੇ ਲੱਗੇ ਮਾਨੋ ਮੋਲ੍ਹਾ ਬੀ ਤਬਲੇ ਦੀ ਥਾਪ ਹੋ ਗਿਆ। ਇਸ ਗੀਤ ਵਿਚ ਸਭ ਐਸੀਆਂ ਮਸਤ ਹੋਈਆਂ ਮਾਨੋ ਨਿਰਾ ਪੂਰਾ ਆਪਣਾ ਆਪ ਬੀ ਭੁੱਲ ਗਈਆਂ। ਜਦ ਗੀਤ ਮੁੱਕਾ ਤਾਂ ਖੋਟਿਆਂ ਕਰਮਾਂ ਨੂੰ ਕੀ ਦੇਖਦੀਆਂ ਹਨ ਜੋ ਇਕ ਬੁਰਛਾ, ਕੜੀ ਵਰਗਾ ਜੁਆਨ ਮੁਗ਼ਲ, ਘੋੜੇ ਉਤੇ ਸਵਾਰ ਤ੍ਰਿੰਞਣ ਦੇ ਕੋਲ ਖੜਾ ਘੁਰ ਰਿਹਾ ਹੈ, ਅਰ ਉਸ ਦੀ ਨਿਸ਼ਾਨੇ ਵਾਂਗ ਬੱਧੀ ਹੋਈ ਨਜ਼ਰ ਸੁਰੱਸਤੀ ਦੇ ਚਿਹਰੇ ਪਰ ਪੈ ਰਹੀ ਹੈ, ਜਿਸ ਨੂੰ ਵੇਖਕੇ ਸੁਸ਼ੀਲ ਕੰਨਯਾ ਮੁੜ੍ਹਕੇ ਨਾਲ ਪਾਣੀ ਪਾਣੀ ਹੋ ਗਈ ਅਰ ਸਭਨਾਂ ਪੁਰ ਅਜਿਹਾ ਸਹਿਮ ਛਾਇਆ ਜੋ ਪੱਥਰ ਵਾਂਙ ਉਥੇ ਹੀ ਜੰਮ ਗਈਆਂ।
ਹਿੰਦੂ ਮਾਪੇ ਧੀਆਂ ਨੂੰ ਇਸ ਹਨੇਰ ਦੇ ਸਮੇਂ ਘਰੋਂ ਬਾਹਰ ਬਹੁਤ ਘੱਟ ਨਿਕਲਣ ਦੇਂਦੇ ਹੁੰਦੇ ਸਨ ਅਰ ਧੀਆਂ ਨੂੰਹਾਂ ਨੂੰ ਨਜ਼ਰਬੰਦ ਕੈਦੀਆਂ ਵਾਂਙ ਲੁਕਾ ਲੁਕਾ ਰੱਖਦੇ ਸਨ, ਕਿਉਂਕਿ ਸੋਹਣੀ ਇਸਤ੍ਰੀ ਸੋਹਣਾ ਘਰ, ਧਨ ਤੇ ਮਾਲ ਹਿੰਦੂ ਪਾਸ ਔਖਾ ਹੀ ਰਹਿਣਾ ਮਿਲਦਾ ਸੀ। ਕਾਰਨ ਇਹ ਸੀ ਕਿ ਦਿੱਲੀ ਦੇ ਪਾਤਸ਼ਾਹ ਦਾ ਤਪ ਤੇਜ ਘਟ ਚੁਕਾ ਸੀ, ਨਵਾਬੀਆਂ ਖੇਚਲਾਂ ਵਿਚ ਰਹਿੰਦੀਆਂ ਸਨ, ਦੇਸ਼ ਵਿਚ ਆਪੋ ਧਾਪੀ ਛੇਤੀ ਮਚਦੀ ਸੀ ਤੇ ਛੋਟੇ ਹਾਕਮ ਮਨ-ਮਰਜ਼ੀਆਂ ਕਰਦੇ ਸਨ ।
* ਦੇਖੋ ਬੰਦਾ ਬਹਾਦਰ ਭਾ: ਕਰਮ ਸਿੰਘ ਕ੍ਰਿਤ।
ਮੁਗ਼ਲ ਦੀ ਅਜਿਹੀ ਨਜ਼ਰ ਵੇਖਕੇ ਕੁੜੀਆਂ ਡਰ ਗਈਆਂ ਕਿ ਖ਼ਬਰੇ ਇਹ ਕੀ ਕਹੇਗਾ? ਪਰ ਕੁੜੀਆਂ ਦੀ ਇਹ ਸੋਚ ਥੋੜੇ ਚਿਰ ਵਿਚ ਹੀ ਮੁੱਕ ਗਈ, ਜਦ ਉਸਨੇ ਦੋ ਕਦਮ ਅੱਗੇ ਹੋ ਕੇ ਧਰਮੀ ਕੰਨਯਾ ਸੁਰੱਸਤੀ ਦੀ ਨਰਮ ਵੀਣੀ ਸ਼ੇਰ ਦੇ ਜੱਫੇ ਵਾਂਙ ਕਾਬੂ ਕਰ ਲਈ ਅਰ ਇਕ ਹੁਜੱਕੇ ਨਾਲ ਘੋੜੇ ਉਤੇ ਆਪਣੇ ਅੱਗੇ ਸੁੱਟਕੇ ਅੱਡੀ ਲਾ ਕੇ ‘ਔਹ ਗਿਆ' ਹੋ ਗਿਆ। ਸੁਰੱਸਤੀ ਦੀਆਂ ਚੀਕਾਂ ਤੇ ਕੁੜੀਆਂ ਦੀ ਹਾਲ ਪਾਹਰਿਆ ਨੇ ਸਾਰਾ ਪਿੰਡ ਕੱਠਾ ਕਰ ਦਿੱਤਾ, ਹੱਕੇ ਬੱਕੇ ਹੋ ਸਭ ਕਾਰਣ ਪੁੱਛਣ ਲੱਗੇ। ਕੁੜੀਆਂ ਤੋਂ ਸਮਾਚਾਰ ਸਮਝ ਸੁਣਕੇ ਅਰ ਆਪਣੀਆਂ ਅੱਖਾਂ ਦੇ ਸਾਹਮਣੇ ਉਪੱਦ੍ਰਵ ਨੂੰ ਵੇਖਕੇ ਸਭ ਜਣੇ ਅਚੰਭਾ ਹੋ ਮੂੰਹ ਵਿਚ ਉਂਗਲਾਂ ਟੁਕ ਰਹੇ ਸਨ, ਪਰ ਹਾਇ ਧਰਮ ਦੀ ਹਾਨੀ। ਇੱਡੀ ਭੀੜ ਵਿਚ ਕਿਸੇ ਦਾ ਹੀਆ ਨਹੀਂ ਪੈਂਦਾ ਜੋ ਹਿੰਮਤ ਕਰੇ, ਜਾਨ ਹੂਲੇ ਤੇ ਮਗਰ ਜਾ ਕੇ ਛੁਡਾਵੇ।
ਜਦ ਮੁਗ਼ਲ ਅੱਖਾਂ ਤੋਂ ਉਹਲੇ ਹੋ ਗਿਆ ਤਾਂ ਸਿਆਣਿਆਂ ਨੇ ਬੈਠ ਕੇ ਸਲਾਹ ਕੀਤੀ ਕਿ ਕੁੜੀ ਦਾ ਪਿਉ, ਭਰਾ ਤੇ ਘਰ ਵਾਲਾ ਅਰ ਦੋ ਪੈਂਚ ਇਸ ਮੁਗ਼ਲ ਪਾਸ ਜਾ ਕੇ ਮਿੰਨਤਾਂ ਕਰਨ, ਭਲਾ ਜੇ ਉਸ ਦੇ ਮਨ ਤਰਸ ਪੈ ਜਾਵੇ।
ਪਿੰਡ ਤੋਂ ਮੀਲ ਕੁ ਦੀ ਵਾਟ ਪੁਰ ਇਸ ਦੇ ਤੰਬੂ ਲੱਗੇ ਹੋਏ ਸਨ। ਇਹ ਇਲਾਕੇ ਦਾ ਹਾਕਮ ਸੀ, ਅਰ ਏਥੇ ਸ਼ਿਕਾਰ ਖੇਡਣ ਆਇਆ ਹੋਇਆ ਸੀ। ਨੌਕਰ ਚਾਕਰ ਨਾਲ ਬਹੁਤ ਥੋੜੇ ਆਂਦੇ ਸਨ। ਅੱਜ ਸ਼ਿਕਾਰ ਖੇਡਣ ਚੜ੍ਹਿਆ ਤਾਂ ਪਿਛੇ ਡੇਰੇ ਵਿਚ ਕੋਈ ਸਿਪਾਹੀ ਨਾ ਛੱਡਿਆ, ਸਭ ਨੂੰ ਨਾਲ ਲੈ ਆਇਆ। ਸ਼ਿਕਾਰ ਖੇਡਦੇ ਹੋਏ ਨੇ ਇਕ ਹਰਨ ਦੇ ਮਗਰ ਘੋੜਾ ਸੁਟਿਆ ਤਾਂ ਨੌਕਰਾਂ ਤੋਂ ਵਿਛੜ ਕੇ ਦੂਰ ਨਿਕਲ ਗਿਆ। ਹਰਨ ਤਾਂ ਨਾ ਲੱਭਾ, ਪਰ ਪਿੰਡ ਵੇਖਕੇ ਪਾਣੀ ਪੀਣ ਲਈ ਇਧਰ ਆਏ ਨੂੰ ਕੰਨਯਾ ਦਾ ਸ਼ਿਕਾਰ ਹੱਥ ਲਗ ਗਿਆ। ਸੋ ਲੈ ਕੇ ਜਦ ਇਹ ਆਪਣੇ ਡੇਰੇ ਅੱਪੜਿਆ ਤਾਂ ਕੋਈ ਨੌਕਰ ਹਾਜ਼ਰ ਨਹੀਂ ਸੀ, ਇਸ ਲਈ ਇਸ ਕੁੜੀ ਨੂੰ ਇਕ ਦਰੀ ਪਰ ਬਿਠਾ ਕੇ ਘੋੜਾ ਬੰਨ੍ਹਣ ਤੇ ਪਾਣੀ ਆਦਿਕ ਪੀਣ ਦੇ ਕੰਮ ਵਿਚ ਲਗ ਗਿਆ, ਜੋ ਡੇਰੇ ਵਿਚ ਲਗਭਗ ਮੁੱਕਾ ਪਿਆ ਸੀ। ਜਦ ਵਿਹਲਾ ਹੋ ਕੇ ਫੇਰ ਸੁਰੱਸਤੀ ਵੱਲ ਆਇਆ ਤਾਂ ਇਨੇ ਚਿਰ ਵਿਚ ਪਿੰਡ ਦੇ ਲੋਕ ਵੀ ਅੱਪੜ
ਸ਼ਾਮੇ ਨੇ ਹੱਥ ਜੋੜ ਕੇ ਕਿਹਾ:-ਇਹ ਮੇਰੀ ਸੁਖੇ ਲੱਧੀ ਧੀ ਹੈ ਅਰ ਵਿਆਹੀ ਹੋਈ ਹੈ, ਅੱਜ ਮੁਕਲਾਵਾ ਹੈ। ਆਪ ਕਿਰਪਾ ਕਰੋ, ਨਹੀਂ ਤਾਂ ਮੇਰਾ ਨੱਕ ਵੱਢਿਆ ਜਾਵੇਗਾ, ਤੁਸੀਂ ਦਇਆ ਕਰੋ। ਹਾਕਮ ਪਰਜਾ ਦੇ ਮਾਈ ਬਾਪ ਹੁੰਦੇ ਹਨ।
ਹਾਕਮ— ਜਾਓ ਜਾਓ, ਨਹੀਂ ਦਿਆਂਗਾ।
ਸ਼ਾਮਾਂ- ਮਹਾਰਾਜ! ਆਪ ਦੇ ਕੀ ਪ੍ਰਵਾਹ ਹੈ, ਆਪ ਚਾਹੋ ਤਾਂ ਚਟੀ ਵਜੋਂ ਇਸ ਨਾਲ ਸਾਂਵੀਂ ਤੋਲਕੇ ਚਾਂਦੀ ਲੈ ਲਵੋ ਪਰ ਇਸਦੀ ਜਾਨ ਬਖਸ਼ੀ ਕਰੋ। ਪਰ ਨਵਾਬ ਨੇ ਸੜੇ ਹੋਏ ਹਾਸੇ ਵਿਚ ਕਿਹਾ: ਜਾਓ ਜਾਓ।
ਇਸ ਪਰ ਕੁੜੀ ਦੇ ਭਰਾਉ ਨੇ ਹੱਥ ਜੋੜ ਕੇ ਗੱਲ ਵਿਚ ਪੱਲਾ ਪਾ ਕੇ ਕਿਹਾ-ਮਹਾਰਾਜ! ਆਪ ਨੂੰ ਕੀ ਪਰਵਾਹ ਹੈ, ਆਪ ਪਾਸ ਹਜ਼ਾਰਾਂ ਤੀਮੀਆਂ ਹਨ, ਇਸ ਅਨਾਥ ਪੁਰ ਦਇਆ ਕਰੋ ਅਰ ਜੇ ਆਪ ਚਾਹੋ ਤਾਂ ਆਪ ਦੀ ਸੇਵਾ ਵਿਚ ਸੋਨਾ ਇਸ ਦੇ ਬਦਲੇ ਹਾਜ਼ਰ ਕਰਦਾ ਹਾਂ ਆਖੋ ਤਾਂ ਕਨੀਜ਼ਾਂ ਮੁੱਲ ਲੈ ਦੇਂਦਾ ਹਾਂ। ਆਪ ਵਡੇ ਉਦਾਰ ਹੋ, ਇਹ ਦਾਨ ਕਰੋ। ਪਰ ਪੱਥਰ ਦਿਲ ਨੇ ਸਿਰ ਹੀ ਫੇਰ ਛੱਡਿਆ।
ਫੇਰ ਕੰਨਯਾ ਦੇ ਘਰ ਵਾਲੇ (ਜਿਸ ਨਾਲ ਉਸਦਾ ਮੁਕਲਾਵਾ ਹੋਣਾ ਸੀ) ਪੈਰੀਂ ਪੈ ਕੇ ਕਿਹਾ ਕਿ ਮੈਂ ਆਪ ਦੀ ਪਰਜਾ ਹਾਂ, ਪਰਜਾ ਦੀ ਲਾਜ ਰਾਜੇ ਨੂੰ ਹੁੰਦੀ ਹੈ। ਮੈਂ ਕਿਤੇ ਮੂੰਹ ਦੇਣ ਜੋਗਾ ਨਹੀਂ ਰਹਾਂਗਾ, ਆਪ ਮਿਹਰ ਕਰੋ, ਮੇਰੇ ਪਾਸ ਜੋ ਕੁਛ ਧਨ ਮਾਲ ਹੈ ਨਜ਼ਰ ਵਜੋਂ ਕਬੂਲ ਲਓ ਤੇ ਮੇਰੀ ਇਸਤ੍ਰੀ ਮੈਨੂੰ ਇਸ ਵੇਲੇ ਮੋੜ ਦਿਓ। ਆਪ ਮੇਰੀ ਲਾਜ ਸ਼ਰਮ ਰਖ ਲਓ।
ਨਵਾਬ— ਅੱਛਾ, ਬੜੇ ਅਮੀਰ ਹੋ ਸਾਰੇ ਹੀ...ਹੈਂ? ਜਾਓ ਜਾਓ। ਇਸ ਸੋਨੇ ਦੀ ਚਿੜੀ ਨੂੰ ਨਹੀਂ ਛੋੜਾਂਗਾ। ਸੋਨਾ ਚਾਂਦੀ ਹੀਰੇ ਮੋਤੀ ਮੈਨੂੰ ਕੁਛ
ਇਹ ਸੁਣਕੇ ਕੁੜੀ ਦਾ ਘਰ ਵਾਲਾ ਤਾਂ ਡਰਿਆ ਕਿ ਮੈਂ ਆਪਣੇ ਆਪ ਨੂੰ ਇਹਦੇ ਅਗੇ ਧਨੀ ਪ੍ਰਗਟ ਕਰ ਬੈਠਾ ਹਾਂ ਮਤੇ ਇਹ ਨਾ ਹੋਵੇ ਕਿ ਮੇਰਾ ਘਰ ਬਾਹਰ ਲੁੱਟ ਲੈਂਦਾ ਹੋਵੇ, ਇਥੋਂ ਖਿਸਕਣਾ ਹੀ ਠੀਕ ਹੈ। ਇਹ ਵਿਚਾਰ ਕੇ ਉਹ ਖਿਸਕਿਆ ਅਰ ਸੁਹਰੇ ਪਿੰਡ ਅੱਪੜ ਕੇ ਸਾਥੀਆਂ ਸਣੇ ਘਰਾਂ ਨੂੰ ਤੁਰ ਗਿਆ।
ਪਿੰਡ ਦਿਆਂ ਪੈਂਚਾਂ ਦੇ ਮਿੰਨਤ ਤਰਲੇ ਨੂੰ ਭੀ ਜਦ ਹਾਕਮ ਨੇ ਨਾ ਮੰਨਿਆ ਤਾਂ ਕੁੜੀ ਦਾ ਭਰਾ ਬਿਹੋਸ਼ ਹੋ ਕੇ ਡਿੱਗ ਪਿਆ, ਬੁੱਢਾ ਪਿਉ ਸਿਰਹਾਣੇ ਬੈਠਾ ਰੋਣ ਲੱਗਾ। ਇਹ ਹਾਲ ਵੇਖਕੇ ਸੁਰੰਸਤੀ ਦੇ ਦਿਲ ਵਿਚ ਖਬਰੇ ਕੀ ਆਈ ਕਿ ਅੱਥਰੂ ਸੁੱਕ ਗਏ ਅਰ ਦਿਲ ਵਿਚ ਹੌਸਲਾ ਭਰ ਗਿਆ, ਘੁੰਡ ਚੁੱਕ ਦਿੱਤਾ, ਉਠ ਕੇ ਭਰਾ ਦੇ ਸਿਰਹਾਣੇ ਆ ਕੇ ਉਸ ਦੇ ਕੰਨਾਂ ਵਿਚ ਕਹਿਣ ਲੱਗੀ:
ਉਠ ਵੇ ਉਠ! ਮੇਰੀ ਮਾਂ ਦਿਆ ਜਾਇਆ, ਉਠ! ਘਰ ਨੂੰ ਜਹਾ ਮੁਗ਼ਲ ਦਾ ਪਾਣੀ ਮੈਂ ਨਾ ਪੀਆਂ, ਵੀਰਾ! ਮਰਾਂਗੀ ਅੱਗ ਜਲਾ ।
ਜਦ ਪਿਉ ਭਰਾ ਨੂੰ ਪ੍ਰਤੀਤ ਹੋ ਗਈ ਕਿ ਮੁਗ਼ਲ ਕਿਸੇ ਤਰ੍ਹਾਂ ਨਹੀਂ ਛੱਡਦਾ ਤੇ ਇਹ ਪੁਤ੍ਰੀ ਧਰਮ ਛੀਨ ਭੀ ਨਹੀਂ ਕਰੇਗੀ ਤਦ ਸਾਰੇ ਉੱਠਕੇ ਟੁੱਟੇ ਲੱਕ ਤੇ ਭੱਜੇ ਦਿਲ ਘਰ ਨੂੰ ਆ ਗਏ।
ਹਾਇ! ਉਹ ਸੁੰਦਰ ਘਰ, ਜੋ ਕੁਝ ਚਿਰ ਹੋਇਆ ਚਾਉ ਮਲ੍ਹਾਰਾਂ ਦੀ ਥਾਂ ਹੋ ਰਿਹਾ ਸੀ, ਹੁਣ ਸਿਆਪੇ ਦਾ ਥਾਉਂ ਹੋ ਗਿਆ, ਸਾਰੇ ਸਾਕ ਅੰਗ ਪਰਚਾਉਣੀ ਕਰਨ ਆ ਜੁੜੇ ਅਰ ਤੀਵੀਆਂ ਦੇ ਰੋਣ ਪਿੱਟਣ ਨਾਲ ਡਾਢੀ ਹਾਹਾ-ਕਾਰ ਮਚ ਗਈ। ਕੀ ਹਿੰਦੂ ਕੀ ਮੁਸਲਮਾਨ ਉਂਗਲਾਂ ਟੁਕ ਟੁਕ ਰਹਿ ਗਏ, 'ਹਾਇ ਹਨੇਰ’ 'ਇਹ ਅਨਰਥ।'
ਗੱਲ ਕੀ ਇਹੋ ਜਿਹੇ ਦੁਖ ਰੋਏ ਜਾ ਰਹੇ ਸਨ ਕਿ ਅਚਾਨਕ ਇਕ ਸਬਜ਼ੇ ਘੋੜੇ ਪੁਰ ਇਕ ਅਸਵਾਰ (ਸਿਰ ਤੋਂ ਪੈਰਾਂ ਤੀਕ ਸ਼ਸਤ੍ਰਧਾਰੀ, ਤੇੜ ਗੋਡਿਆਂ ਵਾਲਾ ਕਛਹਿਰਾ, ਗਲ ਕੁੜਤਾ ਤੇ ਪਟਕੇ ਨਾਲ ਲੱਕ ਕੱਸਿਆ
* ਦੇਖੋ ਅੰਤਕਾ।
ਹੋਇਆ, ਸਿਰ ਪੁਰ ਸੁਰਮਈ ਦਸਤਾਰਾ, ਚਿਹਰੇ ਦਾ ਭਰਵਾਂ ਸਿੰਘ ਬਹਾਦਰ, ਜਿਸਨੂੰ ਦੇਖਕੇ ਸਿੱਕ ਭੁਖ ਲਹਿ ਜਾਵੇ) ਆ ਨਿਕਲਿਆ। ਸਭਨਾਂ ਦੀਆਂ ਨਜ਼ਰਾਂ ਉਧਰ ਉਠ ਗਈਆਂ, ਹੋਰ ਤਾਂ ਕੋਈ ਨਾ ਪਛਾਣ ਸਕਿਆ, ਪਰ ਸੁਰੱਸਤੀ ਦੀ ਮਾਂ ਨੇ (ਜੋ ਤੀਵੀਆਂ ਵਿਚ ਬੈਠੀ ਸੀ) ਤੁਰਤ ਪਛਾਣ ਲਿਆ ਕਿ ਇਹ ਮੇਰਾ ਉਹ ਪੁਤ੍ਰ ਹੈ, ਜੋ ਸਿੱਖਾਂ ਦੀ ਸੰਗਤ ਕਰਕੇ ਵਿਗੜ ਗਿਆ ਸੀਂ ਅਰ ਸਿੱਖ ਬਣਕੇ ਜਿਉਂ ਘਰੋਂ ਨਿਕਲਿਆ ਫੇਰ ਅੱਜ ਤੀਕ ਇਸ ਦੀ ਕੁਝ ਉੱਘ ਮੋਹਰ ਨਹੀਂ ਨਿਕਲੀ ਸੀ। ਪੁਤ੍ਰ ਨੂੰ ਦੇਖ ਕੇ ਮਾਂ ਦੀਆਂ ਆਂਦਰਾਂ ਨੂੰ ਮੋਹ ਫੁਰ ਪਿਆ ਅਰ ਉੱਠਕੇ ਪੁਤ੍ਰ ਦੇ ਗਲ ਆ ਲੱਗੀ ਜੋ ਘੋੜੇ ਤੋਂ ਹੁਣ ਉਤਰ ਕੇ ਖਲੋਤਾ ਸੀ। ਇਹ ਵੇਖ ਕੇ ਪਿਉ ਭਰਾ ਨੇ ਵੀ ਪਛਾਣਿਆ ਅਰ ਮਿਲਣ ਦੌੜੇ, ਪਰ ਅਫ਼ਸੋਸ ਇੰਨੇ ਚਿਰ ਦੇ ਵਿਛੋੜੇ ਪਿਛੋਂ ਪਿਆਰ ਤੇ ਦਰਦ ਦੀਆਂ ਗੱਲਾਂ ਦੀ ਥਾਂ ਪਹਿਲੇ ਦੁਖਿਆਰੀ ਸੁਰੱਸਤੀ ਦੀ ਕਹਾਣੀ ਸਿੰਘ ਬਹਾਦਰ ਨੂੰ ਸੁਣਾਈ ਗਈ।
ਇਹ ਖ਼ਬਰ ਸਿੰਘ ਦੇ ਕੰਨਾਂ ਵਿਚ ਅਜਿਹੀ ਪਈ ਕਿ ਸਾਰਾ ਲਹੂ ਚਿਹਰੇ ਨੂੰ ਚੜ੍ਹ ਆਇਆ ਅਰ ਸੂਹੀਆਂ ਅੱਖਾਂ ਕਰਕੇ ਦੰਦੀਆਂ ਕ੍ਰੀਚਣ ਲੱਗ ਪਿਆ। ਧਰਮ ਦੇ ਜੋਸ਼ ਨੇ ਅੰਗ ਅੰਗ ਹਿੱਲਾ ਦਿੱਤਾ ਫਿਰ ਪਤਾ ਪੁੱਛਿਓ ਸੁ ਕਿ ਮੁਗ਼ਲ ਦਾ ਡੇਰਾ ਕਿੱਥੇ ਕੁ ਹੈ? ਪਤਾ ਸੁਣ ਕੇ ਝੱਟ ਘੋੜੇ ਤੇ ਪਲਾਕੀ ਮਾਰ, ਔਹ ਗਿਆ! ਔਹ ਗਿਆ!! ਹੋ ਗਿਆ। ਮਾਂ ਪਿਉ ਭਾਵੇਂ ਬਥੇਰੇ ਵਾਸਤੇ ਪਾ ਰਹੇ ਕਿ ਨਾ ਜਾਹ, ਐਵੇਂ ਜਾਨ ਗੁਆ ਆਵੇਂਗਾ, ਕਿਉਂਕਿ
* ਇਸ ਸਮੇਂ ਕਿਸੇ ਟੱਬਰ ਵਿਚੋਂ ਜਦੋਂ ਕੋਈ ਸਿਖ ਹੋ ਜਾਂਦਾ ਤਾਂ ਮਾਪੇ ਮੌਤ ਤੋਂ ਵਧੀਕ ਦੁਖ ਮੰਨਦੇ ਅਰ ਅਕਸਰ ਪੁਤ੍ਰ ਨੂੰ ਤਿਆਗ ਦੇਂਦੇ। ਜਦ ਕਦੇ ਕੋਈ ਪੁੱਛੇ ਤੇਰੇ ਕਿਨੇ ਪੁੱਤ੍ਰ ਹਨ ਤਾਂ ਲੋਕੀ ਐਉਂ ਉੱਤਰ ਦੇਂਦੇ ਪੰਜ ਹੋਏ ਸਨ, ਇਕ ਮਰ ਗਿਆ, ਇਕ ਸਿਖੀ ਜਾ ਰਲਿਆ, ਤਿਨ ਸਾਂਈਂ ਦੇ ਦਿਤੇ ਜੀਉਂਦੇ ਹੈਨ। ਇਹ ਪੁਰਖ ਭੀ ਪਹਿਲੇ ਮਾਪਿਆਂ ਤੋਂ ਚੋਰੀ ਸਿੱਖਾਂ ਨੂੰ ਮਿਲਦਾ ਹੁੰਦਾ ਸੀ, ਜਪੁਜੀ, ਰਹਿਰਾਸ ਬਾਣੀਆਂ ਕੰਠ ਕਰਕੇ ਭੈਣ ਨੂੰ ਪਾਠ ਤੇ ਧਰਮ ਦੀਆਂ ਗੱਲਾਂ ਸਿਖਾਲਦਾ ਹੁੰਦਾ ਸੀ, ਪਰ ਸ਼ਰਧਾ ਬਹੁਤ ਵਧੀ ਤਾਂ ਅੰਮ੍ਰਿਤ ਛਕ ਕੇ ਸਿੰਘ ਸਜ ਗਿਆ। ਤਦ ਇਹ ਦੇਖ ਕੇ ਪਿਤਾ ਸ਼ਾਮੇਂ ਨੇ ਘਰੋਂ ਕੱਢ ਦਿੱਤਾ ਤਾਂ ਇਹ ਸਿੰਘ ਬਹਾਦਰ ਖਾਲਸੇ ਦੇ ਦਲਾਂ ਵਿਚ ਜਾ ਰਲਿਆ।