

११.ਕਾਂਡ
ਇਕ ਬਾਉਰੀਆਂ ਵਾਲਾ ਫਕੀਰ ਆਉਂਦਾ ਹੈ। ਲੰਮਾ ਚੋਗਾ ਹੈ, ਪਰ ਲੀਰਾਂ ਵੀ ਲਟਕਦੀਆਂ ਹਨ, ਠੂਠਾ ਹੱਥ ਅਤੇ ਖੁਲ੍ਹਾ ਤੰਬਾ ਤੇੜ ਹੈ, ਇਕ ਟਟੂ ਨਾਲ ਹੈ, ਜਿਸ ਪੁਰ ਕਦੀ ਚੜ੍ਹ ਬੈਠਦਾ ਹੈ ਅਤੇ ਕਦੀ ਤੁਰ ਪੈਂਦਾ ਹੈ। ਕਦੀ ਅਰਬੀ ਵਿਚ ਕੁਝ ਗਾਉਂਦਾ ਹੈ, ਕਦੀ ਫਾਰਸੀ ਵਿਚ। ਕਦੀ ਹੀਰ ਰਾਂਝੇ ਦੇ ਟੱਪੇ, ਕਦੇ ਬਾਬੇ ਨਾਨਕ ਜੀ ਦੇ ਸਲੋਕ, ਪਰ ਇਕ ਤੁਕ ਵਡੇ ਪ੍ਰੇਮ ਨਾਲ ਗਾਉਂਦਾ ਹੈ; 'ਮੇਰੋ ਸੁੰਦਰੁ ਕਹਹੁ ਮਿਲੈ ਕਿਤੁ ਗਲੀ।'
ਇਹ ਨਦੀ ਦੇ ਰੁਖ਼ ਨੂੰ ਜਾ ਰਿਹਾ ਸੀ ਕਿ ਇਕ ਮੁਸਲਮਾਨ ਨੇ ਕਿਹਾ: 'ਸਾਂਈਂ! ਇਧਰ ਨਾ ਜਾਈਂ, ਪੱਤਣ ਦੇ ਦੋਵੇਂ ਨਾਕੇ ਸਿੱਖਾਂ ਮੱਲੇ ਹੋਏ ਹਨ, ਅਰ ਉਹਨਾਂ ਦੀ ਫੌਜ ਲੰਘ ਰਹੀ ਹੈ, ਤੁਸੀਂ ਉਧਰ ਨਾ ਜਾਣਾ, ਮਤਾਂ ਛੋਲਿਆਂ ਨਾਲ ਘੁਣ ਵਾਂਙੂ ਪਿਸ ਜਾਓ।'
ਸਾਂਈ ਮਰਦੂਦ ਸਿੱਖ, ਬੰਦੇ ਸਾਂਈਂ ਦੇ ਕਿਧਰ ਜਾਵੇਂ ਫਿਰ?
ਮਨੁਖ- ਸਾਂਈਂ ਜੀ! ਔਹ ਹੇਠਲੀ ਪਗਡੰਡੀ ਪੈ ਜਾਓ ਤਦ ਤੁਸੀਂ ਇਕ ਟਿਕਾਣੇ ਪਹੁੰਚੋਗੇ ਜਿਥੇ ਦੋ ਚਾਰ ਬੇੜੀਆਂ ਵਾਲੇ ਮਲਾਹ ਲੁਕ ਕੇ ਜਾ ਬੈਠੇ ਹਨ। ਉਥੋਂ ਕਿਸੇ ਬੇੜੀ ਵਿਚ ਬੈਠ ਕੇ ਪਾਰ ਹੋ ਜਾਣਾ।
ਸਾਂਈਂ ਕੋਈ ਹੋਰ ਵੀ ਇਸ ਰਸਤੇ ਗਿਆ ਹੈ ?
ਮਨੁਖ- ਜੀ ਅੱਲਾ ਵਾਲੇ! ਤੁਹਾਥੋਂ ਅੱਗੇ ਹੀ ਅੱਗੇ ਇਕ ਮੁਗ਼ਲ ਕਬੀਲੇ ਸਮੇਤ ਲੰਘਿਆ ਹੈ। ਮੈਂ ਇਥੇ ਇਸੇ ਕਰ ਕੇ ਖਲੋਤਾ ਹਾਂ, ਜੇ ਕੋਈ ਬੰਦਾ ਰੱਬ ਦਾ ਪਾਰ ਹੋਣਾ ਚਾਹੇ ਤਾਂ ਉਸ ਨੂੰ ਏਧਰ ਘੱਲਾਂ ਤੇ ਸਿੱਖਾਂ ਤੋਂ ਬਚਾ ਦਿਆਂ।
ਸਾਂਈ— ਪੱਤਣ ਉਤੇ ਸਿਪਾਹੀ ਹੁੰਦੇ ਹਨ।
ਮਨੁਖ- ਓਹ ਸਿੱਖਾਂ ਨੇ ਆਉਂਦੇ ਸਾਰ ਅੰਦਰ ਡੱਕ ਦਿੱਤੇ ਹਨ।