Back ArrowLogo
Info
Profile
ਗੱਲ ਕੀ, ਦੀਵਾਨ ਕੌੜਾ ਮੱਲ ਦੇ ਘੱਲੇ ਹੋਏ ਅੰਨ ਨਾਲ ਖਾਲਸੇ ਦੇ ਕਈ ਦਿਨ ਚੰਗੇ ਲੰਘ ਗਏ, ਹੁਣ ਫੇਰ ਲੰਗਰ ਮਸਤਾਨਾ ਹੋ ਗਿਆ। ਅਨੇਕ ਸਲਾਹਾਂ ਸੋਚਣ, ਰਾਤਾਂ ਫਿਕਰਾਂ ਤੇ ਬਾਨ੍ਹਣੂ ਬੰਨ੍ਹਣ ਦੀਆਂ ਜੁਗਤਾਂ ਸੋਚਦਿਆਂ ਬੀਤਣ, ਪਰੰਤੂ ਕੋਈ ਰਾਹ ਨਾ ਨਿਕਲੇ। ਹੁਣ ਲੱਖੂ ਨੇ ਜੰਗਲ ਕਟਵਾ ਲਏ, ਕਈ ਥਾਂ ਝੱਲ ਸਾੜੇ ਤੇ ਸੇਧਾਂ ਕਰ ਕਰ ਤੋਪਾਂ ਚਲਾਵੇ। ਭਾਈ ਰਤਨ ਸਿੰਘ ਜੀ ਭੰਗੂ, ਕਰਤਾ ਪ੍ਰਾਚੀਨ ਪੰਥ ਪ੍ਰਕਾਸ਼ ਲਿਖਦੇ ਹਨ:

ਤਬੇ ਦਿਵਾਨ ਬਿਲਦਾਰ ਬੁਲਾਏ। ਬਿਕਟ ਠੇਰ ਤਹਾਂ ਰਾਹ ਬਨਵਾਏ॥

ਝਲ ਗਾੜੇ ਤਹਿਂ ਫੂਕ ਜਲਾਵੈਂ। ਸੇਧ ਧਰੇ ਤੁਰ ਤੋਪ ਚਲਾਵੈਂ ॥੪੮॥

ਤਬ ਸਿੰਘਨ ਕੇ ਬਹੁਤ ਸਤਾਯਾ। ਖਾਣੇ ਨੂੰ ਕੁਛ ਹੱਥ ਨ ਆਯਾ॥

ਭੁੱਖੇ ਹੋਇ ਸਿੰਘ ਆਗੇ ਤੁਰੇ। ਝੱਲੋਂ ਬਾਹਰ ਸਿੰਘ ਨਿਕਰੇ॥੪੯॥

ਛੇਕੜ ਜੰਗ ਦੇ ਢਾਈ ਫੱਟ ਸੋਚ ਕੇ ਖਾਲਸੇ ਨੇ ਇਹ ਫੈਸਲਾ ਕੀਤਾ ਕਿ ਭੁੱਖ ਦੇ ਹੱਥੋਂ ਮਰਨ ਨਾਲੋਂ ਹੁਣ ਲੜਦੇ ਭਿੜਦੇ ਨਿਕਲ ਚਲੀਏ।

ਇਹ ਠਾਣ ਕੇ ਇਕ ਦਿਨ ਅੱਧੀ ਰਾਤ ਨੂੰ ਸਾਰਾ ਖਾਲਸਾ ਉਪਰ ਨੂੰ ਟੁਰ ਪਿਆ ਅਰ ਸੂਰਜ ਚੜ੍ਹਨ ਤੋਂ ਅੱਗੇ ਪਹਾੜਾਂ ਵੱਲ ਨਿਕਲ ਗਿਆ। ਲੱਖੂ ਨੇ ਵੀ ਇਧਰੋਂ ਸਿੱਖਾਂ ਦਾ ਪਿੱਛਾ ਨਾ ਛੱਡਿਆ ਤੇ ਉਧਰ ਪਹਾੜੀ ਰਾਜਿਆਂ ਨੂੰ ਟਾਕਰਾ ਕਰਨ ਲਈ ਲਿਖ ਘੱਲਿਆ।

ਸਿੰਘ ਹੁਣ ਪਹਾੜਾਂ ਦੇ ਰੁਖ ਹੋ ਗਏ। ਕੋਈ ਝੱਲਾਂ ਵਿਚ ਉਰਾਰ ਕੋਈ ਪਾਰ, ਓਟਾਂ ਲੈਂਦੇ ਰਾਵੀ ਦੇ ਕੰਢੇ ਜਾ ਪੁੱਜੇ। ਹਲਾ-ਸ਼ੇਰੀ ਕਰਕੇ ਸਿੰਘ ਦਰਿਆਓ ਪਾਰ ਹੋ ਗਏ। ਪਾਰ ਸਿੰਘ ਅੱਗੇ ਵਧੀ ਜਾਣ, ਇਧਰ ਤੁਰਕ ਸੈਨਾ ਮਗਰੋਂ-ਮਗਰ ਉਰਾਰ ਵਧੀ ਆਵੇ, ਸਿੰਘਾਂ ਨੂੰ ਡੇਰਾ ਨਾ ਕਰਨਾ ਮਿਲੇ।

ਨਹਿਂ ਡੇਰੇ ਸਿੰਘ ਕਰਨਾ ਮਿਲੈ। ਕਹੂੰ ਰਤਾ ਕਹੂੰ ਦਿਨ ਹੂੰ ਚਲੈਂ॥

ਨਹਿਂ ਸਿੰਘ ਨਾ ਕਛੁ ਰਹਿਓ ਪੱਲੇ। ਭਾਰ ਬ੍ਰਦਾਰੀ ਬਿਨ ਕਯਾ ਚੱਲੈ॥੫੮॥

ਗੋਲੀ ਦਾਰੂ ਕਹੂੰ ਪਹੁੰਚੈ ਨਾਹੀਂ। ਕਾ ਸੋਂ ਸਿੰਘ ਸੁ ਕਰੈਂ ਲਰਾਈ॥

ਸ਼ਸਤਰ ਕਾਟਤ ਖੁੰਢ ਹੋਏ। ਰਾਤ ਦਿਵਸ ਸਿੰਘ ਨਾਂਹੀ ਸੋਏ॥੫੫॥

83 / 139
Previous
Next