ਪਹੁੰਚ ਕੇ ਘੋੜੇ ਦਰਿਯਾ ਵਿਚ ਠਲ੍ਹ ਦਿੱਤੇ,
ਪਰ ਮੰਦੇ ਭਾਗਾਂ ਨੂੰ ਨਦੀ ਇਸ ਵੇਲੇ ਹੜ੍ਹ ਨਾਲ ਉਛਲ ਰਹੀ ਸੀ। ਵਹਿਣ ਦੇ ਜ਼ੋਰ ਨੂੰ ਘੋੜੇ ਨਾ ਸਹਾਰ ਕੇ ਬਹਾਦਰਾਂ ਨੂੰ ਰੋੜ੍ਹ ਲੈ ਚੱਲੇ। ਇਸ ਜਤਨ ਵਿਚ ਸਰਦਾਰ ਗੁਰਦਿਆਲ ਸਿੰਘ ਜਿਹੇ ਬਹਾਦਰ ਜਦ ਡੁੱਬ ਗਏ,
ਤਦ ਕਿਸੇ ਨੇ ਫੇਰ ਦਰਿਆ ਦੇ ਠਿੱਲ੍ਹਣ ਦਾ ਹੌਂਸਲਾ ਨਾ ਕੀਤਾ। ਸਾਰਾ ਦਿਨ ਦੁਵੱਲੀ ਪਹਾੜੀ ਰਾਜਿਆਂ ਤੇ ਲਖਪਤੀਆਂ ਨਾਲ ਜੁੱਧ ਕਰਦੇ ਰਹੇ। ਦੁਸ਼ਮਨਾਂ ਦੀਆਂ ਤੋਪਾਂ ਅਰ ਗੋਲੇ ਬਾਰੂਦ ਨੇ ਵੱਡਾ ਨੁਕਸਾਨ ਕੀਤਾ। ਇਹਨਾਂ ਬੀਰਾਂ ਪਾਸ ਜੁੱਧ ਦਾ ਸਾਮਾਨ ਬੀ ਥੁੜ ਚੁੱਕਾ ਸੀ,
ਕੇਵਲ ਧਰਮ ਦੀ ਆਨ ਸੀ ਜੋ ਇਸ ਵੇਲੇ ਇਹਨਾਂ ਨੂੰ ਦੁਧਾਰੀ ਤਲਵਾਰਾਂ ਦੇ ਮੁਕਾਬਲੇ ਵਿਚ ਡੋਲਣ ਨਹੀਂ ਦੇਂਦਾ ਸੀ। ਜਦ ਹਰ ਘੜੀ ਦਲ ਦਾ ਕੰਘਾ ਹੁੰਦਾ ਡਿੱਠਾ ਤੇ ਵੈਰੀ ਦਲ ਦਾ ਜ਼ੋਰ ਪੈ ਗਿਆ ਤਦ ਜਥੇਦਾਰਾਂ ਨੇ ਖਾਲਸਾ ਨੂੰ ਸਲਾਹ ਕਰਕੇ ਕਿਹਾ:
ਸਭ ਹਟੋ ਪੀਛੇ ਖਾਲਸ ਜੀ ਬਾਂਧ ਕਰ ਸਭ ਗੋਲ।
ਇਕ ਵਾਰ ਵੱਟ ਕਸੀਸ ਬਿਸਵੇ ਬੀਸ ਹੱਲਾ ਬੋਲ।
ਬਲ ਧਾਰ ਅਸੂ ਵਧਾਇਕੇ ਦਲ ਲਖੋ ਤੁਰਕੀ ਧਾਇ।
ਜੋ ਨਿਕਸੁ ਜੈਹੈ ਰਾਜ ਲੈਹੈ, ਮਰੇ ਗੁਰਪੁਰਿ ਜਾਇ।
ਇਸ ਸਲਾਹ ਨੂੰ ਮੰਨ ਕੇ ਖਾਲਸਾ ਇਕ ਖੰਡਾਕਾਰ ਸ਼ਕਲ ਵਿਚ ਕੱਠਾ ਹੋਕੇ ਇਉਂ ਕਹਿਰਦਾ ਹੱਲਾ ਕਰ ਕੇ ਪਿਆ ਕਿ ਤੁਰਕੀ ਸੈਨਾ ਦੇ ਸੀਨੇ ਕੰਬਾ ਦਿੱਤੇ। ਜਿੱਕੁਰ ਤੋਰੀਆਂ ਦੀਆਂ ਵੇਲਾਂ ਨਾਲ ਭਰਪੂਰ ਖੇਤ ਵਿਚ ਦੀ ਮੋਰ ਪੱਤਿਆਂ ਨੂੰ ਚੀਰਦੇ ਨਿਕਲ ਜਾਂਦੇ ਹਨ, ਤਿਵੇਂ ਖਾਲਸੇ ਨੇ ਬੋਲ-ਬਾਲਾ ਕੀਤਾ।
ਕੇਹਰਿ ਜਿਉਂ ਭਬਕਾਰ ਦਿਤੇ ਉਤ ਸਿੰਘ ਪਰੈਂ ਦਸ ਬੰਸ ਕਿਦਾਈ।
ਸਿੰਘ ਸ਼ੂੰਹੀਦ ਚਹੈਂ ਸਭ ਹੋਵਨ ਤੁਰਕ ਲਰੈਂ ਨਿਜ ਜਾਨ ਬਚਾਈ।
ਮਾਰ ਸਥਾਰ ਕਰੈਂ ਤਲਵਾਰਨ ਖੋਜ ਫਿਰੇ ਲਖੂ ਦੁਸ਼ਟ ਕੇ ਤਾਈਂ।
ਰਾਖਤ ਸਿੰਘਨ ਕੋ ਗੁਰ ਯੋਂ ਜਿਮ ਦਾਂਤਨ ਪਾਂਤ ਨ ਜੀਭ ਰਹਾਈ।
*ਪੰਥ ਪ੍ਰਕਾਸ਼।