ਤ੍ਰੇਲ ਤੁਪਕੇ
1. ਦੀਦਾਰ
ਹੇ ਅਸਲੀਅਤ ਇਸ ਦਿਸਦੇ ਦੀ !
ਸਾਨੂੰ ਪਰੇ ਨ ਸੱਟੇਂ ਹਾ !
ਧੁਰ ਮਰਕਜ਼ ਆਪਣੇ ਵਿਚ ਕਿਧਰੇ
ਠਾਟ ਅਸਾਡਾ ਠੱਟੇਂ ਹਾ !
ਵਿੱਥ ਕਿਸੇ ਤੇ ਰੱਖ ਜਿ ਸਾਨੂੰ
ਤੂੰ ਖਿੜਨਾ ਖ਼ੁਸ਼ ਹੋਣਾ ਸੀ,
ਦੀਦੇ ਦੇਖਣਹਾਰੇ ਦੇ ਕੇ ਨਜ਼ਰੋਂ
ਪਰੇ ਨ ਹੱਟੇਂ ਹਾ ।੧।
2. ਅੱਖੀਆਂ
'ਅਰੂਪ ਦੇ ਦੀਦਾਰ ਦੀ ਤੜਫਨ'
ਤੋਂ ਬਣੀਆਂ ਅੱਖੀਆਂ,
ਪਰ ਰੂਪ ਦੇ ਕਰ ਸਾਮ੍ਹਣੇ ਰੁਖ਼
ਬਾਹਰ ਦਾ ਦੇ ਰੱਖੀਆਂ,
ਦੇਖਣ ਨਜ਼ਾਰੇ ਸੋਹਿਣੇ, ਰੀਝਣ
ਤੇ ਰਚ ਰਚ ਜਾਣ, ਪਰ
ਮਿਟਦੀ ਨ ਤਾਂਘ ਅਰੂਪ ਦੀ:
ਪਲ ਰੂਪ ਤੇ, ਫਿਰ ਭੁੱਖੀਆਂ ।੨।
3. ਲੱਗੀਆਂ
ਜੀ ਮੇਰੇ ਕੁਛ ਹੁੰਦਾ ਸਹੀਓ
ਉਡਦਾ ਹੱਥ ਨ ਆਵੇ,-
ਕੱਤਣ, ਤੁੰਮਣ, ਹੱਸਣ, ਖੇਡਣ,
ਖਾਵਣ ਮੂਲ ਨ ਭਾਵੇ,
ਨੈਣ ਭਰਨ, ਖਿਚ ਚੜ੍ਹੇ ਕਾਲਜੇ
ਬਉਰਾਨੀ ਹੋ ਜਾਵਾਂ,-
ਤਿੰਞਣ ਦੇਸ਼ ਬਿਗਾਨਾ ਦਿੱਸੇ,
ਘਰ ਖਾਵਣ ਨੂੰ ਆਵੇ ।੩।
ਅਜਕ ਅਜਕ ਭਾਦੋਂ ਜਿਉਂ ਬਰਸਨ-
ਸੁਕ ਸੁਕ ਭਰ ਭਰ ਆਵਨ,-
ਸਿਕ ਸਿਕ ਰਾਹ ਤਕਾਵਨ ਤਤੀਆਂ,
ਮਿਟ ਮਿਟ ਫੇਰ ਖੁਲ੍ਹਾਵਨ,
ਆਸੰਙ ਘਟਦੀ ਝਮਕਣ ਸੰਦੀ:
ਤਾਂਘ ਦਰਸ ਦੀ ਵਧਦੀ,
ਭੁੱਖੀਆਂ ਦਰਦ ਰਞਾਣੀਆਂ ਅੱਖੀਆਂ
ਥੱਲੇ ਲਹਿੰਦੀਆਂ ਜਾਵਨ ।੪।
5. ਤ੍ਰੇਲ ਤੇ ਸੂਰਜ
ਘਾਹ ਉੱਤੇ ਮੈਂ ਪਈ ਤ੍ਰੇਲ ਹਾਂ
ਨੈਣ ਨੈਣ ਹੋ ਰਹੀਆਂ,
'ਦਰਸ-ਪਯਾਸ' ਵਿਚ ਨੈਣ ਭਰ ਰਹੇ,
ਪਾਣੀ ਪਾਣੀ ਹੋਈਆਂ,
'ਦਰਸ-ਪਯਾਸ' ਹੁਣ ਰੂਪ ਮਿਰਾ ਹੈ
ਮੈਂ ਵਿਚ ਹੋਰ ਨ ਬਾਕੀ,-
ਚੜ੍ਹ ਅਰਸ਼ੋਂ, ਆ ਅੰਗ ਲਗਾ,
ਮੈਂ ਵਿਛੀ ਤਿਰੇ ਰਾਹ ਪਈਆਂ ।੫।
6. ਮੈਂਡਾ ਪਿਆਰਾ
ਮੈਂ ਕੁੱਠੀ ਮੈਂ ਵਿੰਨ੍ਹੀ ਵੇ ਲੋਕਾ !
ਉਸ ਕਲਗ਼ੀ ਦੀਆਂ ਅਣੀਆਂ,
ਮੈਂ ਜੇਹੀ ਜਿਨ੍ਹੇ ਲੱਖ ਪਰੋਤੀ,
ਲੱਖ ਖਲੋਤੀਆਂ ਤਣੀਆਂ ।
ਵਿਝ ਦਿਲ, ਹੋਰ ਵਿਝੀਵਣ ਚਾਹੇ,
ਪੀੜ ਛਿੜੇ ਰਸ ਚਾੜ੍ਹੇ,
ਜਿੰਦ ਨਵੀਂ ਇਕ ਜਾਗੇਨੀ, ਚਖ ਚਖ
ਉਸ ਹੀਰੇ ਦੀਆਂ ਕਣੀਆਂ ।੬।
ਰਾਂਝਾ ਬੈਠਾ ਤਖਤ ਹਜ਼ਾਰੇ
ਨਾਲ ਭਾਬੀਆਂ ਅੜਦਾ,-
ਕਾਸਾ ਅਜੇ ਚੱਕ ਹੈ ਚੜ੍ਹਿਆ,-
ਹੱਥ ਘੁਮਿਆਰ ਉਸ ਘੜਦਾ,-
ਹੀਰ ਸੁਰਾਹੀ ਧੌਣ ਨਿਵਾਈ
ਖਲੀ ਝਨਾਂ ਦੀ ਕੰਧੀ,-
ਸ਼ਹੁ ਦਰਯਾ ਵਗੇ ਨਹੀਂ ਅਟਕੇ
ਤੁਪਕਾ ਤੁਪਕਾ ਖੜਦਾ ।੭।
8. ਬਦੀ
ਦਾਖਾਂ ਤੇ ਅੰਗੂਰੀ ਸ਼ੀਸ਼ੇ
ਕੁਦਰਤ ਆਪ ਬਣਾਏ,
ਮਿੱਠੇ ਤੇ ਸਵਾਦੀ ਰਸ ਭਰ ਭਰ
ਵੇਲਾਂ ਗਲ ਲਟਕਾਏ,
ਤੂੰ ਉਹ ਤੋੜ ਮੱਟ ਵਿਚ ਪਾਏ,
ਰਖ ਰਖ ਕੇ ਤਰਕਾਏ,-
ਦੁਖ-ਦੇਵੇ ਦਾਰੂ ਉਸ ਵਿਚੋਂ
ਤੂੰ ਹਨ ਆਪ ਚੁਆਏ ।੮।
9. ਅਚੱਲ ਰਾਂਝਾ
ਸਾਡਾ ਰਾਂਝਾ ਤਖਤ ਹਜ਼ਾਰੇ
ਤਖਤੋਂ ਕਦੀ ਨ ਉਠਦਾ,
ਝੰਗ ਸਿਆਲੀਂ ਬੈਠਿਆਂ ਸਾਨੂੰ
ਖਿੱਚਾਂ ਪਾ ਪਾ ਕੁਠਦਾ,
ਆਵੇ ਆਪ ਨ ਪਾਸ ਬੁਲਾਵੇ,
ਸੱਦ ਵੰਝਲੀ ਦੀ ਘੱਲੇ:
ਕੁੰਡੀ ਪਾ ਪਾਣੀ ਵਿਚ ਰਖਦਾ,-
ਰੁਠਦਾ ਹੈ ਕਿ ਤਰੁੱਠਦਾ ।੯।