ਸਮਰਪਿਤ
ਪਿਤਾ ਦੇ ਉਸ ਸੁਭਾਅ ਦੇ ਨਾਂ ਜਿਸ ਨੇ ਮੈਨੂੰ ਡੋਲਣ ਨਹੀਂ ਦਿੱਤਾ
ਤੇ
ਦਿੱਤੀ ਉਸ ਖੁੱਲ ਦੇ ਨਾਂ ਜਿਸ ਸਹਾਰੇ ਮੈਂ ਵਧ-ਫੁੱਲ ਸਕਿਆ।
ਮੇਰੇ ਲਈ
ਪਿਆਰ ਦੀ ਪਰਿਭਾਸ਼ਾ
ਸਿਰਫ਼ ਇਹ ਹੈ
ਤੂੰ ਕਿਹਾ
ਮੈਂ ਮੰਨ ਲਿਆ।
ਨਿੱਕੀ-ਨਿੱਕੀ ਗੱਲ
ਦਿਲ 'ਤੇ ਲਾਉਣ ਵਾਲੇ ਦਿਲ ਨੂੰ
ਮੈਂ ਇਹ ਕਹਿਨਾ
ਕਿੱਡੀ ਵੀ ਗੱਲ ਹੋਵੇ
ਦਿਲ 'ਤੇ ਨਾ ਲਾਇਆ ਕਰ।
ਜਦ ਵੀ ਕਿਸੇ ਦਾ ਦੁੱਖ ਵੇਖ
ਸਿੱਲ੍ਹੀ ਹੋ ਜਾਂਦੀ ਹੈ
ਮੇਰੀ ਅੱਖ
ਵਧਾਈ ਦਿੰਦਾ ਹਾਂ
ਆਪਣੇ ਆਪ ਨੂੰ
ਮੈਂ ਅਜੇ ਪੱਥਰ ਨਹੀਂ ਹੋਇਆ
ਚੰਗਾ ਹੋਇਆ
ਮੈਂ ਤੇਰੇ ਕੋਲ
ਰੁਕ ਗਿਆ
ਜ਼ਿੰਦਗੀ ਨੇ
ਲੰਘ ਹੀ ਜਾਣਾ ਸੀ।
ਐਨਾ ਬਹੁਤ ਹੈ
ਕਿ
ਤੇਰੇ ਦਰ ਤੋਂ ਉੱਠ ਆਇਆਂ
ਤੇ
ਮੇਰੀ ਝੋਲੀ ਖਾਲੀ ਨਹੀਂ ਹੈ
ਤੂੰ ਮੇਰੇ ਦਿਲ 'ਤੇ
ਰਾਜ ਕੀਤਾ
ਤੇ
ਮੈਂ ਤੇਰੇ ਸਿਰ 'ਤੇ ਦੁਨੀਆਂ
ਮਾਣੀ ਹੈ।
ਮੁਆਫ਼ੀ
ਮੈਨੂੰ ਵਾਪਿਸ ਪਰਤਣਾ ਪੈ ਰਿਹਾ
ਹੁਣ ਮੈਨੂੰ ਮੇਰੀ ਲੋੜ ਹੈ।
ਚੱਲ ਆ
ਮੇਰੀਆਂ ਅੱਖਾਂ 'ਚ
ਅੱਥਰੂ ਪਾਉਣ ਵਾਲੀ
ਦਵਾਈ ਪਾ
ਮੈਂ ਰੋਂਦਾ ਲੱਗਣਾ
ਚਾਹੁੰਦਾ ਹਾਂ
ਤੂੰ ਏਦਾਂ ਕਰੀਂ
ਖ਼ਾਬਾਂ 'ਚ ਰਹੀਂ
ਦੁਨੀਆਂਦਾਰੀ ਮੈਨੂੰ
ਰਾਸ ਨੀ ਆਈ
ਤੂੰ ਹੀ
ਤੋੜ ਸਕਦਾ ਸੀ ਮੈਨੂੰ
ਇਹ ਹਰ ਕਿਸੇ ਦੇ ਵੱਸ 'ਚ ਨਹੀਂ।
ਮੇਰੇ ਕਹੇ ਬੋਲ
ਤੇਰੇ ਕੋਣ 'ਤੇ ਨਹੀਂ ਆਏ
ਚੁੱਪ ਚੰਗੀ ਨਹੀਂ ਫਿਰ ?
ਇਸ ਹਾਸੇ ਨੂੰ
ਓਥੋਂ ਤੱਕ ਲੈ ਕੇ ਜਾਣਾ
ਜਿੱਥੇ ਜਾ ਕੇ
ਜ਼ਿੰਦਗੀ ਦਮ ਤੋੜਦੀ ਹੈ।
ਬੱਸ ਥੋੜੀ ਕੁ ਉਡੀਕ ਹੋਰ
ਮੈਨੂੰ ਪਤਾ
ਹਾਸੇ ਮੈਨੂੰ ਜਲਦ ਹੀ
ਲੱਭ ਲੈਣਗੇ।
ਮੈਂ ਇਸ ਡਰ ਨਾਲ
ਹੱਸ-ਹੱਸ ਕੇ ਨਹੀਂ ਜਿਉਣਾ ਚਾਹੁੰਦਾ
ਕਿ ਮੈਂ ਮਰ ਜਾਣਾ ਹੈ।
ਮੈਨੂੰ ਉਹ ਚੀਜ਼ ਨਾ ਮਿਲੇ
ਜਿਹੜੀ ਮੈਂ ਭਾਲਦਾ ਹਾਂ
ਮੈਨੂੰ ਉਹ ਮਿਲੇ
ਜਿਸਦੇ ਵਿੱਚ ਮੈਂ ਗੁਆਚ ਜਾਵਾਂ।
ਤੇਰਾ ਪਿਆਰ
ਮੇਰੇ ਲਈ ਉਹ ਦਰੱਖਤ ਹੈ
ਜਿਹੜਾ
ਪਤਝੜ੍ਹ ਵਰਗੀ ਰੁੱਤ ਤੋਂ ਪਰ੍ਹੇ ਹੈ।
ਮੈਂ ਇੱਕ ਅਜਿਹੀ ਵੀ ਕਵਿਤਾ
ਲਿਖੀ ਹੈ
ਤੇਰੇ ਲਈ
ਜੋ ਤੂੰ ਕਦੇ ਨਹੀਂ ਪੜ੍ਹਨੀ
ਕਦੇ ਤੇਰੇ ਕੋਲ ਪੁੱਜਣੀ ਨਹੀਂ
ਪਰ ਮੈਂ ਉਹ ਕਵਿਤਾ ਲਿਖੀ
ਹੈ
ਆਪਣੇ ਪੜ੍ਹਨ ਲਈ।
ਤੇਰਾ ਮਿਲਣਾ ਵੱਡੀ ਗੱਲ ਸੀ
ਤੈਨੂੰ ਪਹਿਲਾਂ ਵੀ ਕਿਹਾ ਨਾ
ਵੱਡੀਆਂ ਗੱਲਾਂ ਦੇ
ਦੁਹਰਾਏ ਜਾਣ ਦੀ ਕੋਈ ਵੀ
ਗੁੰਜਾਇਸ਼ ਨਹੀਂ ਹੁੰਦੀ।
ਮੈਂ
ਆਪਣੇ ਪਿਆਰ ਦਾ
ਵਿਸ਼ਲੇਸ਼ਣ ਨਹੀਂ ਕਰ ਸਕਦਾ
ਹਾਂ
ਪਿਆਰ ਕਰ ਸਕਦਾਂ।
ਤੇਰੇ ਕਹੇ ਬੋਲ
ਮੇਰੇ ਇਹ ਕਹੇ ਬੋਲ
ਹਵਾ ਨੇ ਫੜ੍ਹ ਲਏ ਨੇ
ਦੇਖੀ ਕਿਤੇ
ਤੇਰੇ ਕੋਲੋਂ
ਇੰਝ ਹੀ ਨਾ ਲੰਘ ਜਾਣ
ਤੂੰ
ਹਵਾ ਕੋਲੋਂ ਫੜ੍ਹ ਲਈ।
ਬਾਰੂਦ ਦਾ ਸਫ਼ਰ
ਕਈ ਵਾਰ ਬਾਰੂਦ
ਜਿਸਮਾਂ ਨੂੰ ਪਾਰ ਕਰ
ਰੂਹ ਛਲਣੀ ਕਰ ਦਿੰਦਾ
ਪੀੜੀ ਦਰ ਪੀੜੀ
ਰੂਹ ਦੇ ਫੱਟ ਨਹੀਂ ਭਰਦੇ
ਤੇ
ਮੱਥੇ ਤੋਂ ਤਿਊੜੀ ਨਹੀਂ ਜਾਂਦੀ।
ਆਉਣਾ
ਜਾਣਾ
ਕੁਦਰਤੀ ਹੀ ਤਾਂ ਹੈ ਸਭ
ਕੋਈ ਆ ਜਾਂਦਾ
ਕੋਈ ਤੁਰ ਜਾਂਦਾ
ਤੂੰ ਆਇਆ
ਤੇ ਤੂੰ ਤੁਰ ਗਿਆ
ਬੱਸ ਇੱਕ ਗੱਲ ਕਹਿਣੀ ਤੈਨੂੰ
ਯਰ, ਜੀਅ ਨਹੀਂ ਭਰਿਆ ਹਾਲੇ।
ਆਪਣੇ ਹਿੱਸੇ ਆਉਂਦੇ
ਪਿਆਰ ਨੂੰ
ਕਿਸੇ ਹੋਰ ਨੂੰ ਸੌਂਪਣ ਲਈ
ਦਿਲ 'ਤੇ ਇੱਕ ਨਹੀਂ
ਹਜ਼ਾਰਾਂ ਪੱਥਰ ਧਰਨੇ ਪੈਂਦੇ
ਤੇ ਪੱਥਰਾਂ 'ਚੋਂ ਡਿਗਦਾ ਪਾਣੀ
ਲਕਾਉਣਾ ਪੈਂਦਾ।
ਮੈਂ ਤੈਨੂੰ ਰੂਹ ਤੋਂ
ਪਿਆਰ ਕਰਦਾ ਹਾਂ
ਪਰ ਮੇਰਾ ਦਿਲ ਕਰਦਾ
ਮੈਂ ਤੇਰਾ ਹੱਥ ਵੀ ਫੜ੍ਹ ਲਵਾਂ
ਤੈਨੂੰ ਗਲ਼ ਵੀ ਲਾ ਲਵਾਂ।
ਦੋ-ਚਿੱਤੀ ਸੀ
ਭਾਂਬੜ ਬਣ ਕੇ
ਮੱਚ ਸਕਦਾ ਸਾਂ
ਮੈਂ ਧੁਖਣ ਦਾ ਰਾਹ ਫੜਿਆ।
ਮੇਰੇ ਸਾਹਮਣੇ ਤੂੰ
ਰੱਬ ਦੀ ਸੌਹ ਖਾ ਰਿਹਾਂ
ਮੈਂ ਮਰ ਗਿਆਂ ?
ਗਿਲੇ ਕੀ ਕਰਨੇ
ਐਨੀ ਵੱਡੀ ਦੁਨੀਆਂ
ਵੱਡੇ-ਵੱਡੇ ਫਿਕਰਾਂ 'ਚ
ਸਾਡੇ ਨਿੱਕੇ-ਨਿੱਕੇ ਗਿਲੇ
ਗਿਲੇ ਕੀ ਕਰਨੇ।
ਕੰਧਾਂ ਹਿਫਾਜਿਤ ਵਾਸਤੇ ਹੁੰਦੀਆਂ
ਬਟਵਾਰੇ ਵਾਸਤੇ ਨਹੀਂ।
ਕੰਮ ਦੀਆਂ ਗੱਲਾਂ
ਬਹੁਤ ਘੱਟ ਹੁੰਦੀਆਂ
ਜਿੰਨ੍ਹਾਂ ਤੱਕ ਪਹੁੰਚਣ ਲਈ
ਸਾਨੂੰ ਬਹੁਤ ਗੱਲਾਂ
ਕਰਨੀਆਂ ਪੈਂਦੀਆਂ।
ਜਦੋਂ ਰੁਕਣਾ ਸੀ
ਤੁਰ ਪਏ
ਕਿੰਨੀ ਕਾਹਲੀ ਸੀ
ਆਪਾਂ ਨੂੰ
ਕਾਹਲੀ ਵਿੱਚ ਗੁਜ਼ਾਰਿਆ ਉਹ
ਪਲ਼
ਰੁਕ ਗਿਆ
ਆਪਣੀਆਂ ਧੜਕਣਾਂ ਵਿੱਚ।
ਸੁਣਿਆ
ਮਰਨ ਤੋਂ ਬਾਅਦ
ਸਰੀਰ ਮਿੱਟੀ ਹੋ ਜਾਂਦੇ ਆ
ਪਰ
ਮੇਰੇ ਸਰੀਰ ਦੀ ਮਿੱਟੀ 'ਚ
ਸੋਨੇ ਦੇ ਕਣ ਹੋਣਗੇ
ਤੂੰ ਛੂਹਿਆ ਸੀ ਮੈਨੂੰ।
ਪਾਣੀ... ਜਲ... ਅਮ੍ਰਿੰਤ
ਵਿੱਚ ਕੋਈ ਫਰਕ ਨਹੀਂ
ਫਰਕ ਸਾਡੇ
ਨਜ਼ਰੀਏ ਦਾ ਹੈ।
ਜ਼ਿੰਦਗੀ ਦੁੱਖਾਂ-ਸੁੱਖਾਂ ਦਾ
ਸਾਂਝਾ ਘਰ ਹੈ
ਹਰ ਵੇਲੇ ਤਾਂ
ਸਤਰੰਗੀ ਪੀਂਘ ਵੀ
ਚੰਗੀ ਨਹੀਂ ਲਗਦੀ।
ਬਹੁਤ ਲੋਕ ਮੈਨੂੰ
ਬਹੁਤ ਵਾਰ ਕਹਿੰਦੇ
ਇਹ ਨਾ ਕਰ
ਆਹ ਨਾ ਕਰ
ਇਹ ਤੇਰੇ ਕਿਸੇ ਕੰਮ ਨਹੀਂ ਆਉਣਾ
…ਨਹੀਂ
ਮੈਂ ਐਨਾ ਮਤਲਬੀ ਨਹੀਂ
ਕਿ
ਸਿਰਫ਼ ਉਹੀ ਕਰਾਂ
ਜੋ ਮੇਰੇ ਕੰਮ ਆਵੇ।
ਤੇਰੇ ਮੇਰੇ
ਦਰਮਿਆਨ
ਚੁੱਪ ਨੂੰ ਦੇਖ ਕੇ
ਕਵਿਤਾ ਨੂੰ
ਵਿਚਕਾਰ ਆਉਣਾ ਪਿਆ।
ਤੈਨੂੰ ਮੇਰੇ ਦਿਲ ਤੱਕ
ਆਉਣ ਲਈ
ਮੇਰੀ ਮਾਂ ਦਾ ਦਿਲ ਲੈ ਕੇ
ਆਉਣਾ ਪੈਣਾ।
ਤੂੰ ਮੇਰੇ ਦਿਲ ਵਿੱਚ
ਮੇਰੀ ਮਾਂ ਵਾਂਗ
ਥਾਂ ਬਣਾਈ ਹੈ।
ਮੇਰਾ ਤੇਰੇ ਨਾਲ
ਗੱਲ ਕਰਨ ਦਾ ਸਿਰਫ਼
ਐਨਾ ਹੀ ਮਤਲਬ ਹੈ
ਕਿ ਮੇਰੇ ਨਾਲ ਗੱਲ ਕਰਨ ਵਾਲਾ
ਕੋਈ ਨਹੀਂ
ਤੇ ਮੇਰਾ ਨਾ
ਗੱਲਾਂ ਕਰਨ ਦਾ
ਜੀਅ ਕਰਦਾ।
ਸ਼ਬਦ ਹੱਸਦੇ ਦੇ ਨਾਲ ਹੱਸਦੇ ਨੇ
ਤੁਰਦੇ ਦੇ ਨਾਲ ਤੁਰਦੇ
ਨੱਚਦੇ ਦੇ ਨਾਲ ਨੱਚਦੇ ਹਨ
ਕਵਿਤਾ ਰੋਂਦੇ ਨੂੰ ਮੋਢਾ ਦਿੰਦੀ ਹੈ।
ਜਦੋਂ ਕਦੇ
ਤੇਰਾ ਨਾਂ ਲੈ ਕੇ
ਅੱਖ ਭਰਦੀ ਹੈ ਨਾ
ਆਪਣਾ ਆਪ ਚੰਗਾ ਲੱਗਦੈਂ।
ਤੁਸੀਂ ਪੁੱਛਦੇ ਹੋ
ਮੈਂ ਸਭ ਨੂੰ ਪਿਆਰ ਕਿਉਂ ਕਰਦਾ
ਤੁਹਾਨੂੰ ਪਤਾ
ਕਿਸੇ ਵੇਲੇ
ਮੈਨੂੰ ਕੋਈ
ਬਹੁਤ ਪਿਆਰ ਕਰਦਾ ਸੀ।
ਸ਼ਾਤ ਪਾਣੀ ਤਾਂ
ਤੇਰੀ ਆਵਾਜ਼ ਨਾਲ ਹੀ
ਲਹਿਰਾਂ 'ਚ ਬਦਲ ਜਾਂਦੇ ਨੇ।
ਤੂੰ ਮਿਲਿਆ ਸੀ
ਗੁਆਚ ਗਿਆ
ਦੁੱਖ
ਸੁੱਖ
ਜਦੋਂ ਮਾਂ ਹਸਦੀ ਹੈ
ਤਾਂ
ਸਾਰੀ ਕਾਇਨਾਤ ਖਿੜ੍ਹ ਜਾਂਦੀ ਹੈ।
ਜਦੋਂ ਮਾਂ
ਦਵਾਈ ਖਾ ਕੇ ਗੁਜ਼ਾਰਾ ਕਰਦੀ
ਹੋਵੇ
ਉਦੋਂ ਮਰਨ ਬਾਰੇ ਸੋਚਣਾ
ਵੀ ਪਾਪ ਹੈ
ਮਹਾਂ-ਪਾਪ।
ਜਦੋਂ ਦੇ ਘਰ ਛੱਡ ਕੇ
ਪਰਦੇਸ ਆਏ ਹਾਂ
ਉਦੋਂ ਪਤਾ ਲੱਗਿਆ
ਧੀਆਂ ਲਈ ਪੇਕੇ ਛੱਡ ਕੇ ਜਾਣਾ
ਕਿੰਨਾ ਦੁੱਖਦਾਈ ਹੁੰਦਾ।
ਜਦੋਂ ਤੂੰ ਗਈ
ਮੇਰੇ ਕੋਲ ਕਰਨ ਨੂੰ
ਕੁਝ ਨਹੀਂ ਬਚਿਆ
ਮੈਂ ਕੱਲਾ ਮਹਿਸੂਸ ਕਰਨ ਲੱਗਾ
ਫਿਰ ਮੇਰੀਆਂ ਕਿਤਾਬਾਂ
ਡਾਇਰੀ ਤੇ ਪਿੰਨ
'ਕੱਠੇ ਹੀ ਬੋਲ ਪਏ
ਅਸੀਂ ਹੈਗੇ ਆ
ਘਬਰਾ ਨਾ
ਤੇਰੇ ਆਪਣੇ।
ਸਬਰ ਦਾ ਫਲ
ਹੁੰਦਾ ਹੀ ਨਹੀਂ
ਮਿੱਠਾ ਜਾਂ ਕੌੜਾ ਤਾਂ
ਬਾਅਦ ਦੀ ਗੱਲ ਹੈ।
ਕਵਿਤਾ ਇੱਕ ਅੱਖਰ ਦਾ ਵੀ
ਵਾਧੂ ਭਾਰ ਨਹੀਂ ਝੱਲਦੀ
ਕਵੀ ਤੇ ਕਵਿਤਾ ਇੱਕ ਹੁੰਦੇ
ਭਾਰ ਕਵੀ ਤੋਂ ਵੀ ਨਹੀਂ ਸਹਿ ਹੁੰਦਾ।
ਨਵੀਂ ਜ਼ਿੰਦਗੀ ਸਟਾਰਟ ਕਰਨ ਲਈ
ਮਰਨਾ ਪੈਂਦਾ
ਮਰਨ ਤੋਂ ਬਾਅਦ ਕੋਈ
ਜ਼ਿੰਦਗੀ ਨਹੀਂ ਹੁੰਦੀ।
ਬਹੁਤ ਕੁਝ ਹੋ ਜਾਣ ਬਾਅਦ
ਉਹ ਸਵਾਲ ਕਰਦੀ ਹੈ
ਮੈਂ ਪੁੱਛਦਾ ਹਾਂ
ਤੂੰ ਠੀਕ ਹੈ ?
ਜ਼ਿੰਦਗੀ 'ਚ ਬਹੁਤ ਕੁਝ
ਨਹੀਂ ਮਿਲਦਾ
ਮੈਨੂੰ ਉਹ ਨਹੀਂ ਮਿਲਿਆ
ਜੋ ਮੇਰਾ ਸਾਰਾ ਕੁਝ ਸੀ।
ਤੇਰੇ ਆਉਣ ਦੇ ਚਾਅ 'ਚ ਮੈਂ
ਕਿਸੇ ਨੂੰ ਨਹੀਂ ਪੁੱਛ ਸਕਿਆ
ਹੁਣ ਤੇਰੇ ਤੁਰ ਜਾਣ 'ਤੇ
ਮੈਨੂੰ ਕਿਸ ਨੇ ਪੁੱਛਣਾ ਸੀ।
ਐਨੀ ਵੀ ਕਿਹੜੀ ਗੱਲ ਹੈ
ਜਿਉਣਾ ਹੀ ਹੈ
ਹੱਸ ਕੇ ਨੱਚ ਕੇ ਟੱਪ ਕੇ
ਵਕਤ ਹੰਢਾਇਆ ਜਾ ਸਕਦਾ
ਰੋ ਕੇ ਪਛਤਾ ਕੇ
ਵਕਤ ਗੁਆਇਆ ਜਾ ਸਕਦਾ।
ਤੈਨੂੰ ਦੱਸਾਂ
ਤੇਰੇ ਤੋਂ ਪਿਆਰੀ ਸਿਰਫ਼
ਇੱਕ ਹੀ ਚੀਜ਼ ਹੈ
ਉਹ ਹੈ ਤੇਰਾ ਪਿਆਰ।
ਤੈਨੂੰ ਇੱਕ ਸੱਚ ਦੱਸਾਂ
ਜ਼ਿੰਦਗੀ ਮੇਲੇ ਵਰਗੀ ਨਹੀਂ ਹੁੰਦੀ
ਤੇ ਹਮੇਸਾਂ ਮੇਲੇ ਲੱਗੇ ਨਹੀਂ ਰਹਿੰਦੇ
ਏਸੇ ਲਈ ਆਪਾਂ
ਕੱਠੇ ਨਹੀਂ ਰਹਿ ਸਕਦੇ
ਬਸ ਤੇਰੇ ਆਉਣ ਨਾਲ
ਮੇਰੀ ਜ਼ਿੰਦਗੀ ਮੇਲਾ ਬਣ ਜਾਂਦੀ ਹੈ
ਤੇ
ਹਮੇਸਾਂ ਮੇਲਾ ਕਿਤੇ ਨਹੀਂ ਲਗਦਾ ਸੋਹਣਿਆ
ਪਿਆਰ ਦੀ ਉਮਰ ਨਹੀਂ ਹੁੰਦੀ
ਪਿਆਰ ਦੇ ਕੁਝ ਪਲ਼ ਹੁੰਦੇ ਆ
ਉਹ ਸੰਭਾਲਣੇ ਹੁੰਦੇ
ਸਾਰੀ ਉਮਰ ਲਈ।
ਬਿੰਦ-ਝੱਟ
ਤੂੰ
ਬਿੰਦ-ਝੱਟ ਆਉਣਾ
ਮਨ ਨੂੰ ਸਕੂਨ ਮਿਲਦਾ
ਖਿਝਦੀ-ਲੰਘਦੀ ਜ਼ਿੰਦਗੀ ਤੋਂ
ਪਰ
ਜ਼ਿੰਦਗੀ ਬਿੰਦ-ਝੱਟ ਦੀ
ਤਾਂ ਨਹੀਂ ਨਾ।
ਪਰਫਿਊਮ
ਪਰਫਿਊਮ ਦੀ ਮਹਿਕ
ਸਿਰਫ਼ ਤੁਹਾਡੀ ਹਾਜ਼ਰੀ ਤੱਕ ਹੈ
ਪਰ
ਤੁਹਾਡੇ ਕਹੇ ਸ਼ਬਦ
ਜਾਣ ਤੋਂ ਬਾਅਦ ਵੀ
ਅਸਰ ਰੱਖਦੇ ਹਨ
ਨਾਟਕ
ਨਾਟਕ ਪੂਰੇ ਜੋਬਨ ਤੇ ਸੀ
ਤੇ
ਪਰਦਾ
ਗਿਰ ਗਿਆ।
ਹੋਰ ਭਲਾ ਕਿਸੇ ਨੇ ਮੇਰਾ ਕੀ ਕਰਨਾ ਸੀ।
ਮੈਂ ਮੱਥੇ ਦੇ ਲੇਖਾਂ ਕੋਲ਼ੋ ਹਰਨਾ ਸੀ।
ਕਿੰਨੇ ਲੋਕੀਂ ਆ ਗਏ ਦਿਲ ਦੇ ਵਿਹੜੇ ਵਿੱਚ
ਤੇਰੀ ਛੱਡੀ ਖਾਲੀ ਥਾਂ ਨੂੰ ਭਰਨਾ ਸੀ।
ਮੁੜ ਆਵਣ ਦਾ ਸੱਦਾ ਉਹਨੇ ਦਿੱਤਾ ਸੀ,
ਮੁੜ ਮੈਂ ਓਥੇ ਜਾ ਕੇ ਦਸ ਕੀ ਮਰਨਾ ਸੀ।
ਮੈਂ ਸੁੰਨ-ਮਸਾਣ ਦੇਖ ਕੇ ਡਰ ਗਿਆ ਸੀ,
ਕੋਲ ਗਿਆ ਤਾਂ ਉਹ ਸੱਚੀਂਓ ਡਰਨਾ ਸੀ।
ਉਹ ਮੁਹੱਬਤ ਤਾਂ ਅੱਜ ਵੀ ਯਾਦ ਹੈ ਮੈਨੂੰ,
ਉਹ ਕੁੜੀ ਤਾਂ ਹਾਸੇ ਦਾ ਫੁਟਦਾ ਝਰਨਾ ਸੀ।
ਸਭ ਤੋਂ ਸੋਹਣਾ ਰੰਗ ਮੈਂ ਤੈਨੂੰ
ਆਜਾ ਇੱਕ ਬਣਾ ਕੇ ਦੱਸਾਂ।
ਤੇਰੇ ਰੰਗ ਨੂੰ ਮੇਰੇ ਰੰਗ ਦੇ ਵਿੱਚ
ਮੈਂ ਯਾਰ ਮਿਲਾ ਕੇ ਦੱਸਾਂ।
ਉਹ ਕਹਿੰਦੇ ਨੇ ਸ਼ੇਅਰਾਂ ਵਿੱਚ ਤੂੰ
ਹਰ ਗੱਲ ਸਿੱਧੀ ਕਹਿ ਦਿੰਨਾ,
ਹੁਣ ਮੈਂ ਤੈਨੂੰ ਪਿਆਰ ਕਰੇਨਾ,
ਇਹ ਗੱਲ ਕਿੰਝ ਘੁਮਾ ਕੇ ਦੱਸਾਂ।
ਤਿੰਨ ਸਾਲਾਂ ਤੋਂ ਭਰਿਆ ਖਾਲੀ ਹੋਇਆ ਹਾਂ।
ਤੇਰੇ ਪਿੱਛੋਂ ਮਾਂ ਕੋਲੇ ਅੱਜ ਰੋਇਆ ਹਾਂ।
ਮੈਂ ਉਹ ਮੋਤੀ ਜਿਸ ਦੀ ਉਮਰ ਹੈ ਇਕ ਪਲ਼ ਦੀ,
ਕੱਚੇ ਧਾਗੇ ਦੇ ਵਿੱਚ ਗਿਆ ਪਰੋਇਆ ਹਾਂ।
ਪਰਸੋਂ ਦਾ ਦੋ ਭਾਈਆਂ ਨੇ ਘਰ ਵੰਡਿਆ ਹੈ,
ਮੈਂ ਮਾਂ ਦਾ ਦਿਲ, ਤਦ ਤੋਂ ਹੀ ਅਧਮੋਇਆ ਹਾਂ।
ਹਾਜ਼ਰ ਹਾਂ ਮੈਂ ਹੋਂਦ ਮੇਰੀ ਨੂੰ ਮੰਨਦੈ ਉਹ,
ਪਰ ਵੇਲੇ ਦੇ ਗਰਦੇ ਹੇਠ ਲਕੋਇਆ ਹਾਂ।
ਜਿਹੜਾ ਤੇਰੇ ਅੰਦਰ ਹੈ ਉਹ ਜਿਤਾਇਆ ਕਰ।
ਉਏ ਜੇ ਮੋਹ ਕਰਦਾ ਏ ਤੇ ਮੋਹ ਜਿਤਾਇਆ ਕਰ।
ਤੂੰ ਕਿਉਂ ਨੀਂ ਕਹਿੰਦਾ, ਆਜਾ, ਭੱਜ ਕੇ ਮਿਲਣਾ,
ਜੋ ਤੇਰੀ ਅੰਦਰ ਪੈਂਦੀ ਖੋਹ ਜਿਤਾਇਆ ਕਰ।
ਕਿਹੜੀ ਤੈਨੂੰ ਸੰਗ ਮੁਰੀਦਾ ਮਾਰਦੀ ਏ,
ਹੱਥ ਫੜ੍ਹ ਕੇ ਤੂੰ ਆਪਣੀ ਛੋਹ ਜਿਤਾਇਆ ਕਰ ।
ਕਿਉਂ ਇਸ਼ਕੇ ਨੂੰ ਸਿਆਣਾ ਕਰਦਾ ਫਿਰਦਾ ਏ,
ਝੱਲਾ ਏ ਤੇ ਝੱਲਾ ਹੋ ਜਿਤਾਇਆ ਕਰ।
ਲੱਖਾਂ ਨਾਲੋਂ ਚੰਗੇ ਨੇ ਕੁਝ ਆਨੇ ਪਿਆਰ ਦੇ।
ਜ਼ਿੰਦਗੀ ਚੰਗੀ ਲੰਘਜੂਗੀ ਬਹਾਨੇ ਪਿਆਰ ਦੇ।
ਸਾਰੀ ਉਮਰ ਸਿਰ ਤੋਂ ਇਹ ਲਹਿੰਦੇ ਨਹੀਂ,
ਇੱਕ ਵਾਰੀ ਜੇ ਚੜ੍ਹ ਜਾਵਣ ਜੁਰਮਾਨੇ ਪਿਆਰ ਦੇ।
ਵੱਡੇ-ਵੱਡੇ ਘਰ ਬਣਾਉਣੇ ਸਿੱਖ ਲਏ ਨੇ,
ਭੁੱਲ ਗਏ ਹਾਂ ਬਣਾਉਣੇ ਕੁਝ ਖਾਨੇ ਪਿਆਰ ਦੇ।
ਹਰ ਇੱਕ ਬੰਦੇ ਨੂੰ ਨੇ ਪੂਰੇ ਹੱਕ ਪਿਆਰ ਦੇ,
ਕੁਝ ਲੋਕੀ ਕਿੱਦਾਂ ਬਣਗੇ ਨਾਨੇ ਪਿਆਰ ਦੇ।
ਭਾਂਵੇ ਧਾਗਿਆਂ ਦੀ ਮੁਹਤਾਜ ਨਹੀਂ ਮੁਹੱਬਤ,
ਪਰ ਭੈਣਾਂ ਕੋਲ ਹੁੰਦੇ ਨੇ ਗਾਨੇ ਪਿਆਰ ਦੇ।
ਯਾਰ ਮੁਰੀਦਾ ਤੈਨੂੰ ਲੋਕੀਂ ਚਾਹੁੰਦੇ ਨੇ,
ਕਰਦਾ ਰਹਿ ਏਦਾਂ ਹੀ ਸ਼ੁਕਰਾਨੇ ਪਿਆਰ ਦੇ।
ਕੀ ਕਰਾਂਗੇ ਜਿੱਤ ਕੇ ਚਾਰ ਚੁਫੇਰੇ ਨੂੰ।
ਲਗਦਾ ਮੈਂ ਭੁਲ ਜਾਣਾ ਮਾਂ ਦੇ ਚਿਹਰੇ ਨੂੰ।
ਇਕ ਰਾਤ ਜੇ ਖਾ ਗਈ ਸਾਰਾ ਕੁਝ ਮੇਰਾ,
ਕੀ ਕਰਾਂਗਾ ਫਿਰ ਮੈਂ ਸੁਰਖ ਸਵੇਰੇ ਨੂੰ।
ਕਰਮਾਂ ਵਾਲੇ ਮਾਂ ਦੇ ਪੈਰਾਂ ਵਿੱਚ ਬਹਿੰਦੇ,
ਕਰਮਾਂ ਮਾਰੇ ਤੁਰ ਪੈਂਦੇ ਨੇ ਡੇਰੇ ਨੂੰ।
ਮਾਂ ਬਿਨ ਪੱਕਾ ਹੋ ਕੇ ਵੀ ਫਿੱਕਾ ਲਗਦਾ ਹੈ,
ਉਹ ਚਮਕਾ ਦਿੰਦੀ ਹੈ ਕੱਚੇ ਵਿਹੜੇ ਨੂੰ।
ਹੁਣ ਮੈਂ ਨਵੇਂ ਸ਼ਿਕਾਰੀ ਦੀ ਮਾਰ 'ਚ ਹਾਂ।
ਤੁਸੀਂ ਮੁਬਾਰਕ ਕਹੋ, ਮੈਂ ਫਿਰ ਤੋਂ ਪਿਆਰ 'ਚ ਹਾਂ।
ਮੈਂ ਤਾਂ ਮਛਲੀ ਦੀ ਅੱਖ ਬਣਿਆ ਉਹਦੇ ਲਈ,
ਉਹਨੂੰ ਕਹਿ ਉਹ ਤੀਰ ਛੱਡੇ, ਮੈਂ ਵਾਰ 'ਚ ਹਾਂ।
ਰੱਖੇ ਸੰਭਾਲੇ ਜਾਂ ਫਿਰ ਉਹ ਮਾਰ ਦੇਵੇ,
ਇਹ ਮਰਜੀ ਉਸਦੀ, ਮੈਂ ਉਸਦੀ ਠਾਹਰ 'ਚ ਹਾਂ।
ਜੇ ਮੈਂ ਹਾਂ ਤਾਂ ਸਿਰਫ਼ ਉਸਦੇ ਲਈ ਹਾਂ ਹਾਜ਼ਰ,
ਨਾ ਹੀ ਮੈਂ ਆਰ 'ਚ ਹਾਂ ਤੇ ਨਾ ਪਾਰ 'ਚ ਹਾਂ।
ਵੇਖਣ ਨੂੰ ਸੀ ਭੋਲੇ ਭਾਲੇ ਬਦਲ ਗਏ।
ਵੱਡੀਆਂ-ਵੱਡੀਆਂ ਕਸਮਾਂ ਵਾਲੇ ਬਦਲ ਗਏ।
ਤੇਰਾ ਇੰਝ ਬਦਲਣਾ ਕਿਹੜੀ ਗੱਲ ਸੱਜਣਾਂ,
ਏਥੇ ਤਾਂ ਸਭ ਕੁੱਜੀਆਂ ਆਲੇ ਬਦਲ ਗਏ।
ਉਹ ਤਾਂ ਸੋਹਣੇ ਫਬਦੇ ਸਨ, ਤਾਂ ਬਣਦਾ ਸੀ,
ਮੈਂ ਤਾਂ ਦੇਖੇ ਕੋਝੇ ਕਾਲੇ ਬਦਲ ਗਏ ।
ਤੇਰੇ ਬਦਲਣ ਨਾਲ ਪਤਾ ਏ ਕੀ ਹੋਇਆ,
ਹੱਥਾਂ ਦੀਆਂ ਇਹ ਲੀਕਾਂ ਜਾਲੇ ਬਦਲ ਗਏ।
ਹੁਣ ਉਹ ਦੂਜੇ ਪਾਸੇ ਜਾ ਖਲੋਤੇ ਨੇ,
ਕਿੰਨੀ ਛੇਤੀ ਉਹ ਤਾਂ ਪਾਲੇ ਬਦਲ ਗਏ।
ਐਨਾ ਬਦਲਣ ਦੀ ਆਸ ਨਹੀਂ ਸੀ ਉਹਨਾਂ ਤੋਂ,
ਉਹ ਤਾਂ ਸੱਚੀਂਓ ਲੋੜੋਂ ਬਾਹਲੇ ਬਦਲ ਗਏ।
ਮੇਰੇ ਕੋਲੇ ਬਹਿ ਕੇ ਹੁਣ ਉਹ ਰੋਂਦੇ ਨੇ ਤਾਰੇ।
ਤੈਨੂੰ ਰੱਬ ਤੋਂ ਮੰਗਦਿਆਂ ਜੋ ਟੁੱਟੇ ਨੇ ਤਾਰੇ।
ਕਿੰਨੇ ਚਿਰ ਤੋਂ ਉਹ ਬੱਦਲਾਂ ਤੋਂ ਬਾਹਰ ਨੀ ਆਏ,
ਕਿਸੇ ਆਸ਼ਿਕ ਨੇ ਪਤਾ ਨਹੀਂ ਕਿਉਂ ਝਿੜਕੇ ਨੇ ਤਾਰੇ।
ਤੇਰੀ ਨਜ਼ਰ ਅਸਾਡੇ ਤੇ ਕੀ ਪੈ ਗਈ ਸੱਜਣਾ,
ਚੰਨ ਦੀਆਂ ਅੱਖਾਂ ਵਿੱਚ ਵੀ ਰੜਕੇ ਨੇ ਤਾਰੇ।
ਮੇਰੇ ਦਿਲ ਵਿੱਚ ਅਜੇ ਵੀ ਉਹਨਾਂ ਦਾ ਚਾਨਣ ਹੈ,
ਮੇਰੇ ਨਾਲ ਚਲਦੇ ਚਲਦੇ ਜੋ ਲੋਕ ਬਣੇ ਨੇ ਤਾਰੇ।
ਵੇਖ ਮੁਰੀਦਾ ਤੇਰੇ ਸ਼ਿਅਰਾਂ ਨੇ ਕੀ ਕੀਤਾ ਹੈ,
ਪਹਿਲਾਂ ਨਾਲੋਂ ਬਹੁਤ ਜ਼ਿਆਦਾ ਚਮਕੇ ਨੇ ਤਾਰੇ।
ਪਾਣੀ ਵਾਂਗ ਹੀ ਰੁੜਨਾ ਹੁਣ।
ਤੇਰੇ ਨਾਲ ਨਹੀਂ ਤੁਰਨਾ ਹੁਣ।
ਮੈਂ ਐਨਾ ਟੁੱਟ ਚੁੱਕਿਆ ਹਾਂ,
ਤੇਰੇ ਤੋਂ ਨਹੀਂ ਜੁੜਨਾ ਹੁਣ।
ਪਿੱਛੋਂ ਵਾਜ ਨਾ ਮਾਰੀ ਤੂੰ,
ਮੈਂ ਪਿੱਛੇ ਨਹੀਂ ਮੁੜਨਾ ਹੁਣ।
ਏਦਾਂ ਪੱਥਰ ਹੋ ਜਾਣਾ ਏ,
ਕਿਸੇ ਤੋਂ ਵੀ ਨਹੀਂ ਭੁਰਨਾ ਹੁਣ।
ਆਪਣੇ ਦੋਹਾਂ ਦੀ ਹੀ ਗੱਲ ਏ?
ਕੋਈ ਹੋਰ ਕਹਾਣੀ ਤਾਂ ਨਹੀਂ।
ਅੱਖ ਮਿਲਾ ਕੇ ਬੋਲਦਾ ਨਹੀਂ ਤੂੰ,
ਕਿਤੇ ਤੂੰ ਗੱਲ ਮੁਕਾਣੀ ਤਾਂ ਨਹੀਂ।
ਹੋਰ ਮਿਲਾਵਟ ਸਹਿ ਨਹੀਂ ਹੋਣੀ,
ਵਿਸਕੀ ਦੇ ਵਿੱਚ ਪਾਣੀ ਤਾਂ ਨਹੀਂ।
ਪਿਆਰ-ਪਿਆਰ ਤੂੰ ਕਰੇਂ ਮੁਰੀਦਾ,
ਫਿਰ ਤੋਂ ਮੂੰਹ ਦੀ ਖਾਣੀ ਤਾਂ ਨਹੀਂ।
ਮੈਨੂੰ ਰੂਹ ਦਾ ਹਾਣੀ ਦੱਸ ਕੇ।
ਜ਼ਹਿਰ ਦੇ ਗਿਆ ਪਾਣੀ ਦੱਸ ਕੇ।
ਮੈਨੂੰ ਆਪਣਾ ਆਪ ਭੁਲਾ ਤਾਂ,
ਉਹਨੇ ਇੱਕ ਕਹਾਣੀ ਦੱਸ ਕੇ।
ਕੱਖਾਂ ਵਾਂਗੂੰ ਰੋਲ ਦਿੱਤਾ ਏ,
ਦਿਲ ਦੀ ਮੈਨੂੰ ਰਾਣੀ ਦੱਸ ਕੇ।
ਹੁਣ ਉਹਨੇ ਅਣ-ਫੋਲੋ ਕਰਤਾ,
ਉਲਝ ਗਈ ਏ ਤਾਣੀ ਦੱਸ ਕੇ।
ਮਾਂ...
ਵੇਲਾਂ ਹੱਥੋਂ ਤਿਲਕਿਆ ਏਦਾਂ
ਮੁੜਕੇ ਉਹ ਥਾਂ ਨਹੀਂ ਲੱਭੀ।
ਧੁੱਪਾਂ ਦੇ ਵਿੱਚ ਸੜ ਗਏ ਪਿੰਡੇ,
ਪਿੰਡ ਵਾਲੀ ਉਹ ਛਾਂ ਨਹੀਂ ਲੱਭੀ।
ਪਿੰਡ ਛੱਡਿਆ ਤੇ ਬਹੁ ਕੁਝ ਮਿਲਿਆ,
ਮੈਨੂੰ ਮੇਰੀ ਮਾਂ ਨਹੀਂ ਲੱਭੀ।
ਉਹਨੂੰ ਤੇ ਹੁਣ ਵਾਹ ਕੋਈ ਨਹੀਂ।
ਮੈਨੂੰ ਉਸ ਬਿਨ ਸਾਹ ਕੋਈ ਨਹੀਂ।
ਮੈਂ ਤਾਂ ਉਂਝ ਕਹਿ ਤਾਂ ਚੱਲਿਆ,
ਕਹਿੰਦੇ ਚੰਗਾ ਜਾਹ ਕੋਈ ਨਹੀਂ।
ਹਰ ਪਾਸੇ ਵੱਲ ਜਾ ਸਕਦਾ ਹਾਂ,
ਤੇਰੇ ਵੱਲ ਦਾ ਰਾਹ ਕੋਈ ਨਹੀਂ।
ਜਾਂਦੀ ਵਾਰੀ ਘੁੱਟ ਕੇ ਮਿਲ ਲਾ,
ਜ਼ਿੰਦ ਦਾ ਯਾਰ ਵਸਾਹ ਕੋਈ ਨਹੀਂ।
ਮੇਰੀ ਗੱਲ ਤੇਰੇ ‘ਤੇ ਮੁੱਕੀ,
ਜਿਸਨੂੰ ਚਾਹੁੰਨਾ ਚਾਹ ਕੋਈ ਨਹੀਂ।
ਜੇਬ ਤੇ ਜਿਸਮ ਤਾਂ ਚੂੰਡਣ ਬਹੁਤੇ,
ਦਿਲ ਦੀ ਪਾਉਂਦਾ ਥਾਹ ਕੋਈ ਨਹੀਂ।
ਯਾਰ ਮੁਰੀਦਾ ਸਰ ਗਿਆ ਉਹਦਾ,
ਚੰਗਾ ਫਿਰ ਕੋਈ ਨਾ, ਕੋਈ ਨਹੀਂ।
ਐਵੇਂ ਵਿਕਣ ਨੂੰ ਫਿਰਦਾ ਝੱਲਿਆ,
ਤੇਰਾ ਏਥੇ ਭਾਅ ਕੋਈ ਨਹੀਂ।
ਤੂੰ ਬੁੱਲਾਂ ਚੋਂ ਕੁਝ ਵੀ ਤਾਂ ਨਹੀਂ ਬੋਲਿਆ।
ਮੈਂ ਤੇਰੇ ਚਿਹਰੇ ਨੂੰ ਪੜ੍ਹਕੇ ਮੁੜ ਗਿਆ।
ਤੈਥੋਂ ਬਿਨ ਵੀ ਰੰਗ 'ਤੇ ਉਝ ਬਹੁਤ ਸਨ,
ਮੇਰਾ ਇਹ ਮਨ ਕਿਉਂ ਕਿਤੇ ਨਹੀਂ ਪਰਚਿਆ।
ਦਿਲ ਮਿਲਾਂ ਕੇ ਲੀਕਾਂ ਕਿਉਂ ਨਾ ਮੇਲੀਆਂ,
ਪੱਥਰ ਕਿੱਦਾਂ ਹੋ ਗਿਆ ਤੂੰ ਡਾਢਿਆ।
ਸੁੱਕ ਵੀ ਜਾਵਾਂ ਤਾਂ ਵੀ ਕਿਹੜੀ ਗੱਲ ਆ,
ਮਹਿਕਾਂ ਵੇਲੇ ਮੈਂ ਬੜਾ ਹਾਂ ਮਹਿਕਿਆ।
ਲੋਕਾਂ ਦੀ ਹਾਂ ਵਿੱਚ ਨਾ ਹਾਂ ਮਿਲਾਈ ਜੇ,
ਦੇਣਗੇ ਇਹ ਭੰਨ ਤੈਨੂੰ ਸ਼ੀਸ਼ਿਆ।
ਕੋਲ ਮੇਰੇ ਬਚਿਆ ਕੱਲਾ ਮੈਂ ਹੀ ਬੱਸ,
ਜਿਸਦਾ ਜੋ ਜੋ ਸੀ ਉਹ ਕੱਡ ਕੇ ਲੈ ਗਿਆ।
ਲੋਕ ਮੇਰੇ ਰਾਤ ਸਮਝ ਕੇ ਸੌਂ ਗਏ,
ਕਿਸਦੀ ਖਾਤਿਰ ਜਗ ਰਿਹਾਂ ਹੈ ਦੀਵਿਆ।
ਮੈਂ ਤਾਂ ਕੀ ਇਹ ਪੌਣ ਵੀ ਅੱਜ ਨਸ਼ਿਆਈ ਹੈ।
ਫਿਰ ਉਹ ਕਮਲੀ ਕਾਲੇ ਸੂਟ 'ਚ ਆਈ ਹੈ।
ਉਹਦੇ ਨਾਲ ਮੈਂ ਤੁਰਦਾ ਨਹੀਂ ਉਡਦਾ ਹਾਂ,
ਉਹਦੇ ਪਿਆਰ 'ਚ ਐਨੀ ਗਹਿਰਾਈ ਹੈ।
ਮੇਰੇ ਜਾਮ 'ਚ ਅਖਰੀਲੀ ਬੂੰਦ ਬਚੀ ਹੈ,
ਉਹ ਵੀ ਸ਼ਾਇਦ ਏਸੇ ਦੀ ਤਰਿਹਾਈ ਹੈ।
ਰਾਤੀਂ ਸੁਪਨੇ ਵਿੱਚ ਅਸੀਂ ਦੋਨੋਂ ਕੱਠੇ ਸਾਂ,
ਉਹ ਆਇਆ ਸੁਪਨਾ ਮੇਰੀ ਕੁੱਲ ਕਮਾਈ ਹੈ।
ਇੱਕ ਪਲ਼ ਵਿੱਚ ਉਡ ਗਿਆ ਸਾਲਾਂ ਦਾ ਗਰਦਾ,
ਮੇਰੇ ਫੋਨ 'ਚ ਉਸਦੀ ਇਕ ਤਸਵੀਰ ਥਿਆਂਈ ਹੈ।
ਇੱਕ-ਇੱਕ ਕਰਕੇ ਸਾਰੇ ਟੁਟਦੇ ਦੇਖੇ ਮੈਂ।
ਜਦ ਉਹ ਤੁਰਿਆ ਤਾਰੇ ਟੁਟਦੇ ਦੇਖੇ ਮੈਂ।
ਨਿੱਕਾ ਹੁੰਦਾ ਤਾਂ ਝੱਟ ਹੀ ਰੋ ਪੈਂਦਾ ਸੀ,
ਆਪਣੇ ਅੱਜ ਗੁਬਾਰੇ ਟੁਟਦੇ ਦੇਖੇ ਮੈਂ।
ਚਾਰ ਮਹਿਲ ਸੀ ਉਹਦੇ ਮੇਰੇ ਖ਼ਾਬਾਂ ਦੇ,
ਇੱਕ ਝਟਕੇ ਵਿੱਚ ਸਾਰੇ ਟੁਟਦੇ ਦੇਖੇ ਮੈਂ।
ਉਂਝ ਤੇ ਮੇਰੇ ਦਿਲ ਤੇ ਪਹਿਲਾਂ ਬੜੀਆਂ ਲੀਕਾਂ ਨੇ,
ਇਕ ਮੂਰਤ ਫਿਰ ਵੀ ਕੋਰੇ ਵਰਕੇ ਵਾਂਗੂੰ ਵਹਿੰਦੀ ਹੈ।
ਮੁੜ ਆਈ ਹੈ ਨੈੱਟਫਿਲਕਸ ਦੀਆਂ ਫਿਲਮਾਂ ਤੋਂ,
ਸ਼ਿਵ ਦੀਆਂ ਕਿਤਾਬਾਂ ਨੂੰ ਹੁਣ ਫੜ-ਫੜ ਬਹਿੰਦੀ ਹੈ
ਅਜੇ ਇੱਕ ਸਾਲ ਨੀ ਹੋਇਆ ਮੇਰੇ ਨਾਲ ਰਹਿੰਦੀ ਨੂੰ,
ਹਰ ਇੱਕ ਸਿੰਪਲ ਗੱਲ ਘੁਮਾ ਕੇ ਸ਼ਾਇਰੀ ਕਹਿੰਦੀ ਹੈ।
ਧਰਤੀ ਪੈਰ ਨਾ ਲੱਗੇ ਐਨਾ ਚਾਅ ਚੜਿਆ।
ਚਾਣ ਚੱਕ ਜਦ ਸੱਜਣ ਬੂਹੇ ਆ ਚੜਿਆ।
ਭੱਜ-ਭੱਜ ਕਮਲੀ ਹੋ ਗਈ ਕੁਝ ਵੀ ਸੁੱਝੇ ਨਾ
ਧਕ-ਧਕ ਹਿੱਕੜੀ ਧੜਕੇ ਐਨਾ ਸਾਹ ਚੜਿਆ।
ਸਾਂਵਲੀ ਸਾਂ ਮੈਂ ਚਮਕੀ ਤੇਰੇ ਕਰਕੇ ਵੇ,
ਚੰਨਾਂ ਜਦ ਤੂੰ ਬਦਲੀ ਓਹਲੇ ਆ ਚੜਿਆ।
ਯਾਰ ਮੁਰੀਦਾ ਬਿਨ ਦੱਸੇ ਜਦ ਤੁਰ ਗਿਆ ਤੂੰ
ਕੋਲੇ ਵਾਂਗੂੰ ਭੁੱਜ ਗਈ ਐਨਾ ਤਾਅ ਚੜਿਆ।
ਗੀਤ - ਕੌਫੀ ਤੂੰ ਸਾਂਝੀ ਵੇ...
ਪੜ੍ਹਦਾ ਤੂੰ ਰਹੇਂ ਕਿਤਾਬਾਂ, ਅੱਖਾਂ ਨੂੰ ਪੜ੍ਹਦਾ ਨਹੀਂ
ਤੈਨੂੰ ਕਿੰਨਾਂ ਹਾਂ ਚਾਹੁੰਦੇ, ਨੋਟਿਸ ਤੂੰ ਕਰਦਾਂ ਨਹੀਂ
ਤੈਨੂੰ ਅਸੀਂ ਸਭ ਕੁਝ ਮੰਨਿਆ, ਤੇਰੇ ਤੋਂ ਪਰਦਾ ਨਹੀਂ
ਸਾਡੇ ਵੱਲ ਜਦ ਤੂੰ ਵੇਖੇ, ਰੂਹ ਇਹ ਖਿੜ੍ਹ ਜਾਂਦੀ ਵੇ...
ਸਾਡੀ ਇੱਕ ਰੀਝ ਪੁਗਾ ਦੇ, ਤੇਰੇ ਤੋਂ ਵਾਂਝੀ ਵੇ...
ਸਾਡੇ ਨਾਲ ਕਰੇ ਕਿਤੇ ਜੇ ਕੌਫੀ ਤੂੰ ਸਾਂਝੀ ਵੇ...
ਜਾਣੀ ਨਾ ਕਦੇ ਸੋਹਣਿਆਂ ਅੱਲੜ ਦੇ ਦਿਲ ਦੀ ਤੂੰ
ਕੀਤੀ ਨਾ ਸਿਫ਼ਤ ਕਦੇ ਵੀ ਠੋਡੀ ਦੇ ਤਿਲ ਦੀ ਤੂੰ
ਤੇਰੀ ਬੱਸ ਵੇਟ ਸੋਹਣਿਆਂ, ਸਾਡੀ ਤਾਂ ਹਾਂਜੀ ਵੇ...
ਸਾਡੀ ਇੱਕ ਰੀਝ ਪੁਗਾ ਦੇ, ਤੇਰੇ ਤੋਂ ਵਾਂਝੀ ਵੇ...
ਸਾਡੇ ਨਾਲ ਕਰੇ ਕਿਤੇ ਜੇ ਕੌਫੀ ਤੂੰ ਸਾਂਝੀ ਵੇ...
ਅੜਿਆ ਦੱਸ ਕਿਵੇਂ ਛੁਪਾਵਾਂ ਮੁੱਖੜੇ ਤੋਂ ਸੰਗਾਂ ਨੂੰ
ਚੜ੍ਹਨੇ ਤੋਂ ਕਿਵੇਂ ਰੋਕਲਾਂ ਇਸ਼ਕੇ ਦਿਆਂ ਰੰਗਾਂ ਨੂੰ
ਭਰਕੇ ਜਦ ਨਿਗ੍ਹਾ ਤੂੰ ਵੇਖੇ, ਰੂਹ ਤਾਂ ਖਿੜ ਜਾਂਦੀ ਵੇ...
ਸਾਡੀ ਇੱਕ ਰੀਝ ਪੁਗਾ ਦੇ, ਤੇਰੇ ਤੋਂ ਵਾਂਝੀ ਵੇ...
ਸਾਡੇ ਨਾਲ ਕਰੇ ਕਿਤੇ ਜੇ ਕੌਫੀ ਤੂੰ ਸਾਂਝੀ ਵੇ...
ਉੱਠਕੇ ਮੈਂ ਅੰਮ੍ਰਿਤ ਵੇਲੇ ਏਹੋ ਬੱਸ ਕਰਾਂ ਦੁਆਵਾਂ
ਬਾਕੀ ਦੀ ਜ਼ਿੰਦਗੀ ਸੰਧੂ ਤੇਰੇ ਮੈਂ ਨਾਲ ਬਿਤਾਵਾਂ
ਬਾਬੁਲ ਦੇ ਵਿਹੜੇ ਢੁੱਕੇ, ਬਣ ਕੇ ਤੂੰ ਜਾਂਝੀ ਵੇ...
ਸਾਡੀ ਇੱਕ ਰੀਝ ਪੁਗਾ ਦੇ, ਤੇਰੇ ਤੋਂ ਵਾਂਝੀ ਵੇ...
ਸਾਡੇ ਨਾਲ ਕਰੇ ਕਿਤੇ ਜੇ ਕੌਫੀ ਤੂੰ ਸਾਂਝੀ ਵੇ...
ਆਪਾਂ ਤਾਰਾਂ ਤੋੜ ਨਾ ਦਈਏ
ਚੜ੍ਹਦੇ ਦੇ ਮਨ ਵਿੱਚ ਗੱਲ ਧੜਕੇ
ਲਹਿੰਦੇ ਦੇ ਦਿਲ ਵਿੱਚ ਗੱਲ ਰੜਕੇ
ਕੱਢ ਦਿਲਾਂ 'ਚੋਂ ਕੋਹੜ ਨਾ ਦਈਏ...
ਆਪਾਂ ਤਾਰਾਂ ਤੋੜ ਨਾ ਦਈਏ...
ਜਿੰਨਾਂ ਹੈ ਸਨ ਲਾਈਆਂ ਤਾਰਾਂ
ਸਾਡੇ ਦਿਲਾਂ 'ਚ ਪਾਈਆਂ ਖਾਂਰਾਂ
ਹਾਕਮ ਨੂੰ ਝੰਜੋੜ ਨਾ ਦਈਏ...
ਆਪਾਂ ਤਾਰਾਂ ਤੋੜ ਨਾ ਦਈਏ...
ਲੱਖਾਂ ਬੰਦੇ ਓਧਰ ਚਾਹਵਣ
ਲੱਖਾਂ ਹੀ ਨੇ ਏਧਰ ਚਾਹਵਣ
ਕਈ ਲੱਖਾਂ ਨੂੰ ਜੋੜ ਨਾ ਦਈਏ...
ਆਪਾਂ ਤਾਰਾਂ ਤੋੜ ਨਾ ਦਈਏ...
ਕਈ ਤਰਸਣ ਆਪਣੇ ਪਿੰਡਾਂ ਨੂੰ
ਪਿੰਡ ਸੱਥ 'ਚ ਲੱਗੀਆਂ ਟਿੰਡਾਂ ਨੂੰ
ਪਿੱਛੇ ਨੂੰ ਵਾਂਗਾਂ ਮੋੜ ਨਾ ਦਈਏ...
ਆਪਾਂ ਤਾਰਾਂ ਤੋੜ ਨਾ ਦਈਏ...
ਲੀਡਰ ਓਧਰ ਵੀ ਰੋਕਣਗੇ
ਕੁਝ ਏਧਰ ਵੀ ਤੇ ਟੋਕਣਗੇ
ਸਾਜਿਸ਼ ਨੂੰ ਹੁਣ ਰੋੜ ਨਾ ਦਈਏ...
ਆਪਾਂ ਤਾਰਾਂ ਤੋੜ ਨਾ ਦਈਏ....
ਪਾ ਦਿੱਤੇ ਨੇ ਵੀਜੇ ਦੇ ਪੰਗੇ
ਖੂਨ ਦੇ ਰਿਸ਼ਤੇ ਸੂਲੀ ਟੰਗੇ
ਵੀਜੇ ਦਾ ਕੱਡ ਕੋਹੜ ਨਾ ਦਈਏ...
ਆਪਾਂ ਤਾਰਾਂ ਤੋੜ ਨਾ ਦਈਏ...
ਗੀਤ - ਮਾਂ ਦੀ ਉਡੀਕ
ਮੇਰਾ ਮਨ ਨਾ ਭਰ ਆਵੇ, ਆਪਣਾ ਮਨ ਲਕਾਉਂਦੀ ਹੋਣੀ ਆ
ਮੈਂ ਛੇਤੀ ਘਰ ਨੂੰ ਮੁੜ ਆਵਾਂ, ਮਾਂ ਇਹ ਚਾਹੁੰਦੀ ਹੋਣੀ ਆ
ਵੀਡਿਓ ਕਾਲ ‘ਤੇ ਅੱਖ ਭਰਕੇ, ਮੂੰਹ ਪਾਸੇ ਕਰ ਲੈਂਦੀ
ਹੌਕਾ ਜਿਹਾ ਭਰਕੇ ਪਤਾ ਨਹੀਂ ਕਿੰਝ ਧੀਰਜ ਧਰ ਲੈਂਦੀ
ਮੇਰੀਆਂ ਸੱਭੇ ਖ਼ੈਰਾਂ ਹੋਵਣ ਉਹ ਰੱਬ ਮਨਾਉਂਦੀ ਹੋਣੀ ਆ
ਮੈਂ ਛੇਤੀ ਘਰ ਨੂੰ ਮੁੜ ਆਵਾਂ, ਮਾਂ ਇਹ ਚਾਹੁੰਦੀ ਹੋਣੀ ਆ
ਫ਼ਿਕਰ ਹੋਣਾ ਉਹਨੂੰ ਇਹ ਵੀ ਨਾ ਮੈਂ ਕੇਸ ਕਟਾ ਦੇਵਾਂ
ਬਾਪੂ ਦੀ ਦਿੱਤੀ ਪਗੜੀ ਨਾ ਸ਼ਹਿਰਾਂ ਵਿੱਚ ਗਵਾ ਦੇਵਾਂ
ਉਹ ਖ਼ਿਆਲਾਂ ਦੇ ਵਿੱਚ ਗੁਆਚੀ, ਵਾਲ ਮੇਰੇ ਵਾਹੁੰਦੀ ਹੋਣੀ ਆ
ਮੈਂ ਛੇਤੀ ਘਰ ਨੂੰ ਮੁੜ ਆਵਾਂ, ਮਾਂ ਇਹ ਚਾਹੁੰਦੀ ਹੋਣੀ ਆ
ਛੇਤੀ-ਛੇਤੀ ਸੈੱਟ ਹੋ ਕੇ ਰੱਬ ਦੇ ਸ਼ੁਕਰ ਮਨਾਉਣੇ ਨੇ
ਮੇਰੀ ਭੋਲੀ ਜਿਹੀ ਮਾਂ ਨੂੰ ਇਹ ਸੋਹਣੇ ਦੇਸ਼ ਦਿਖਾਉਣੇ ਨੇ
ਮਾਂ-ਪੁੱਤ ਦੇ ਵਿਛੋੜੇ ਵਾਲੇ ਗੀਤ ਉਹ ਗਾਉਂਦੀ ਹੋਣੀ ਆ
ਮੈਂ ਛੇਤੀ ਘਰ ਨੂੰ ਮੁੜ ਆਵਾਂ, ਮਾਂ ਇਹ ਚਾਹੁੰਦੀ ਹੋਣੀ ਆ
ਗੀਤ - ਤੂੰ ਜਦ ਮੇਰੇ ਹੋਣਾ ਨੇੜੇ
ਬੁੱਲਾਂ ਚੋਂ ਬੋਲ ਨਾ ਨਿੱਕਲੂ, ਤੂੰ ਜਦ ਮੇਰੇ ਹੋਣਾ ਨੇੜੇ
ਅੱਖਾਂ ਚੋ ਪੜ੍ਹ ਲਈ ਸੱਜਣਾ, ਆਪੇ ਅੱਖਰਾਂ ਦੇ ਚਿਹਰੇ
ਰੰਗਾਂ ਦੀ ਗੱਲ ਕੀ ਕਰ ਲਾਂ, ਸਭ ਰੰਗ ਨੇ ਤੇਰੇ ਵਰਗੇ
ਤੇਰੇ ਇਹ ਨੈਣ ਜੋ ਗਹਿਰੇ, ਮੇਰੇ ਅੰਦਰ ਘਰ ਕਰਗੇ
ਆਪੇ ਤੂੰ ਸਾਂਭ ਲਈ ਹੁਣ ਤਾਂ, ਮੈਂ ਨਾ ਹੁਣ ਵੱਸ ਵਿੱਚ ਮੇਰੇ
ਬੁੱਲਾਂ ਚੋਂ ਬੋਲ ਨਾ ਨਿੱਕਲੂ, ਤੂੰ ਜਦ ਮੇਰੇ ਹੋਣਾ ਨੇੜੇ
ਅੱਖਾਂ ਚੋ ਪੜ੍ਹ ਲਈ ਸੱਜਣਾ, ਆਪੇ ਅੱਖਰਾਂ ਦੇ ਚਿਹਰੇ
ਉਹ ਰੁੱਤ ਦੱਸ ਕਿਹੜੀ ਰੁੱਤ ਵੇ, ਆਪਾਂ ਜੋ ਅੱਜ ਹੈ ਮਾਣੀ
ਦੁਨੀਆਂ ਤੋਂ ਅੱਖ ਬਚਾ ਕੇ, ਲੰਘ ਆਏ ਹਾਂ ਚਾਨਣ ਥਾਣੀ
ਮੈਂ ਤਾਂ ਬੱਸ ਤੇਰੇ ਦੁਆਲੇ, ਦੁਨੀਆਂ ਦੇ ਹੋਰ ਨੇ ਗੇੜੇ
ਬੁੱਲਾਂ ਚੋਂ ਬੋਲ ਨਾ ਨਿੱਕਲੂ, ਤੂੰ ਜਦ ਮੇਰੇ ਹੋਣਾ ਨੇੜੇ
ਅੱਖਾਂ ਚੋ ਪੜ੍ਹ ਲਈ ਸੱਜਣਾ, ਆਪੇ ਅੱਖਰਾਂ ਦੇ ਚਿਹਰੇ
ਰੱਬ ਦਾ ਮੈਂ ਕਰਾਂ ਸ਼ੁਕਰਾਨਾ ਤੈਨੂੰ ਮੇਰੀ ਝੋਲੀ ਪਾਇਆ
ਮੇਰੇ ਕੋਲ ਆਪੇ ਚੱਲ ਕੇ ਰੂਹ ਦਾ ਮੇਰਾ ਹਾਣੀ ਆਇਆ
ਖਿੜ ਗਿਆ ਚਾਰ-ਚੁਫ਼ੇਰਾ, ਖੁਸ਼ੀਆਂ ਨਾਲ ਆਗੇ ਖੇੜੇ
ਬੁੱਲਾਂ ਚੋਂ ਬੋਲ ਨਾ ਨਿੱਕਲੂ, ਤੂੰ ਜਦ ਮੇਰੇ ਹੋਣਾ ਨੇੜੇ
ਅੱਖਾਂ ਚੋ ਪੜ੍ਹ ਲਈ ਸੱਜਣਾ, ਆਪੇ ਅੱਖਰਾਂ ਦੇ ਚਿਹਰੇ
ਇਸ਼ਕੇ ਤੋਂ ਪਾਰ
ਤੇਰੀ ਇਹ ਆਵਾਜ਼ ਚੰਨਾ ਕਿੰਨੀ ਏ ਪਿਆਰੀ,
ਹੈਨੀ ਏਸ ਤੋਂ ਪਿਆਰਾ ਕੋਈ ਵੀ ਸਾਜ ਵੇ
ਤੇਰਾ ਇੱਕ ਬੋਲ ਮੇਰੀ ਜਾਨ ਵਿੱਚ ਜਾਨ ਪਾਵੇ,
ਆਜਾ ਮਾਰ ਇੱਕ ਮੇਰੀ ਮਿੱਠੀ ਜਿਹੀ ਆਵਾਜ਼ ਵੇ
ਸੱਜਣਾ ਦਾ ਕੋਲ ਹੋਣਾ, ਉਹਨੂੰ ਇੱਕ ਵਾਰ ਛੋਹਣਾ
ਕਈ ਜਨਮਾਂ ਦੇ ਬਾਅਦ ਮਿਲੀ ਦਾਤ ਇਹ
ਦੁਨੀਆਂ ਤੇ ਆਇਆ ਦਾ ਸਾਡਾ ਵੀ ਕੋਈ ਮੁੱਲ ਹੋਜੂ
ਪਾ ਦੇ ਮੇਰੀ ਝੋਲੀ ਅੱਜ ਤੂੰ ਸੌਗਾਤ ਇਹ
ਤਾਰਿਆਂ ਦੀ ਚਾਨਣੀ 'ਚ ਜਦੋਂ ਮੇਰੀ ਅੱਖ ਲੱਗੀ
ਲੱਗੀ ਅੱਖ ਤੋਂ ਸੀ ਆਇਆ ਤੇਰਾ ਖ਼ਾਬ ਉਏ
ਤੂੰ ਹੀ ਸੀ ਉਹ ਜਿਹਨੇ ਫੜਿਆ ਸੀ ਹੱਥ ਮੇਰਾ
ਆ ਕੇ ਮੇਰੇ ਹੱਥ ਉੱਤੇ ਰੱਖਿਆ ਗੁਲਾਬ ਉਏ
ਉਹਦਾ ਇਹ ਹਾਸਾ ਜਦੋਂ ਖਿੜ ਜਾਵੇ ਚੁੰਹ ਪਾਸੇ
ਫਿਰ ਮਿੱਠੀ-ਮਿੱਠੀ ਆਉਂਦੀ ਖੁਸ਼ਬੋ ਜੀ
ਮੇਰੇ ਉਹ ਰਾਹਾਂ ਤੇ ਸੂਰਜ ਬਣ ਖੜ੍ਹ ਜਾਵੇ
ਉਹ ਹਰ ਪਾਸੇ ਬਣੇ ਮੇਰੀ ਲੋਅ ਜੀ
ਦੁਨੀਆਂ ਨੂੰ ਜਿੱਤਣਾ ਸੀ ਕਿਸੇ ਸਮੇਂ ਖ਼ਾਬ ਸਾਡਾ
ਤੇ ਅੱਜ ਪਿਆਰੇ ਕੋਲ ਆ ਕੇ ਗਏ ਆ ਹਾਰ ਜੀ
ਸਾਡਾ ਤਾਂ ਜਹਾਨ ਵਸੇ ਹੁਣ ਇਹਨਾਂ ਚੱਕਰਾਂ ਚ
ਅਸੀਂ ਜਾਣਾ ਨਹੀਂਓ ਇਸ਼ਕੇ ਤੋਂ ਪਾਰ ਜੀ
ਟੱਪੇ
ਦਿਲ ਸ਼ਬਦਾਂ ਦੀ ਮੰਗ ਕਰਦਾ
ਤੇਰਾ ਚੁੱਪ ਰਹਿਣਾ ਮਿੱਠਿਆ, ਸਾਨੂੰ ਅੰਤਾਂ ਦਾ ਤੰਗ ਕਰਦਾ।
ਓ...ਫੁੱਲ ਕਮਲਾ ਜਾਵੇ
ਜਿਸ ਪਲ਼ ਤੈਨੂੰ ਭੁੱਲ ਜਾਂ, ਮੈਨੂੰ ਦੂਜਾ ਨਾ ਸਾਹ ਆਵੇ।
ਵੇ ਸੁਣ ਆਪਣੇ ਹਿਸਾਬ ਦਿਆ
ਤੇਰੇ ਉੱਤੋਂ ਜ਼ਿੰਦ ਵਾਰਦਾਂ, ਫੁੱਲ ਵੇ ਗੁਲਾਬ ਦਿਆ
ਤੇਰਾ ਗ਼ਮ ਜਿਵੇਂ ਮਿੱਠੀਆਂ ਰਿਉੜੀਆਂ
ਵੇ ਕੱਲੇ ਬੈਠੇ ਚੱਬੀ ਜਾਨੇ ਆ
ਇੱਕ ਭੈਣ ਦੇਵੀਂ ਵੇ ਰੱਬਾ
ਸੌਹ ਖਾਣ ਨੂੰ ਬੜਾ ਦਿਲ ਕਰਦਾ
ਤੇਰੇ ਜਾਣ ਪਿੱਛੋਂ ਚਾਅ ਮੇਰੇ ਧੁਖਦੇ
ਲੋਕ ਯਾਰਾ ਲੋਹੜੀ ਸੇਕਦੇ
ਜ਼ਹਿਰ ਹੋ ਗਿਆ ਜਹਾਨ ਬਿਨ ਤੇਰੇ
ਲੋਕੀਂ ਭੈੜੇ ਗੁੜ ਵੰਡਦੇ
ਸਫ਼ਰ
ਸਫ਼ਰ ਨੂੰ ਵਿੱਚੇ ਛੱਡ
ਜਦ ਮੈਂ
ਖੱਬੇ ਮੁੜ ਗਿਆ
ਤੂੰ ਵੀ ਚੁੱਪ-ਚਾਪ
ਸੱਜੇ ਮੋੜ ਲੈ ਲਿਆ
ਤੂੰ ਪਿੱਛੋਂ
ਆਵਾਜ਼ ਹੀ ਨਾ ਮਾਰੀ
ਤੂੰ ਜਾਣਦੀ ਸੀ ਮੈਨੂੰ
ਤਾਂ ਹੀ
ਨਾਲੇ ਜੇ
ਪਿੱਛੋਂ ਆਵਾਜ਼ ਮਾਰੀਏ
ਸਫ਼ਰ ਸੁਖਾਵੇ ਨਹੀਂ ਹੁੰਦੇ
ਸਫ਼ਰ ਜਾਰੀ ਹਨ।
ਸਮਝੌਤਾ
ਸਮਝੌਤੇ ਦਾ ਮਤਲਬ
ਮੈਂ ਇੱਕ ਕਦਮ ਪਿੱਛੇ ਹਟ ਕੇ
ਕਿਸੇ ਨੂੰ ਅਗਾਂਹ ਆਉਣ ਦੇਣਾ ਸਮਝਿਆ
ਨਿਮਰਤਾ ਜ਼ਰੂਰੀ ਸਮਝੀ ਸਮਝੌਤੇ 'ਚ
ਕੋਈ ਅਗਾਂਹ ਤਾਂ ਨਾ ਆਇਆ
ਪਰ ਮੈਂ ਇੱਕ-ਇੱਕ ਕਦਮ ਕਰ
ਐਨਾ ਪਿਛਾਂਹ ਆ ਗਿਆ
ਕਿ ਉਹਨਾਂ ਨੂੰ ਦਿਖਾਈ ਦੇਣੋ ਹਟ ਗਿਆ
ਤੇ ਉਹ ਮੈਨੂੰ
ਨਵੇਂ ਰਾਹ ਬਣਾਉਣਾ
ਹੁਣ ਮੇਰਾ ਸ਼ੌਕ ਨਹੀਂ
ਮੇਰੀ ਮਜ਼ਬੂਰੀ ਆ
ਮੇਰੀ ਲੋੜ ਆ।
ਨਜ਼ਰੀਆ
ਸਵੇਰੇ
ਪਾਰਕ ਦੇ ਬੈਂਚ 'ਤੇ ਬੈਠਾਂ
ਸੁੰਨ-ਸਾਨ
ਚਿੜੀ ਨੂੰ ਦੇਖ
ਆਪ-ਮੁਹਾਰੇ ਮੂੰਹੋਂ ਨਿਕਲਿਆ
ਵਾਹ... ਕਿੰਨੀ ਸੋਹਣੀ
ਕਿੰਨੀ ਪਿਆਰੀ
ਮੁਸਕਰਾ ਪਿਆ
ਉਹਨੇ ਚੀ-ਚੀ ਕੀਤਾ
ਪਰ੍ਹੇ ਨੂੰ ਉੱਡ ਗਈ
ਮੈਨੂੰ ਲੱਗਾ
ਉਹਨੇ ਕਿਹਾ
"ਕਿੰਨਾ ਸੋਹਣਾ ਜੀਵ”
ਮੈਂ ਤੇ ਮੇਰੀ ਧੀ
ਮੈਂ ਤੇ ਮੇਰੀ ਧੀ
ਅਸੀਂ ਜਾਂਦੇ ਲੰਮੀ ਸੈਰ ‘ਤੇ
ਜਦੋਂ ਤੱਕ ਉਸ ਨਿੱਕੀ ਦੇ ਨਿੱਕੇ ਪੈਰ ਥੱਕ ਨਹੀਂ ਜਾਂਦੇ
ਉਹ ਹਰ ਦਿਖਦੀ ਬੋਲਦੀ ਸ਼ੈਅ ਬਾਰੇ
ਸੈਂਆ ਸੁਆਲ ਕਰਦੀ
ਕਈ ਸੁਆਲ
ਕਈ ਕਈ ਵਾਰ ਦੁਹਰਾਅ ਦਿੰਦੀ
ਮੈਂ ਜਵਾਬ ਦਿੰਦਾ ਹਰ ਵਾਰ
ਜਿਵੇਂ ਕਿ ਹਰ ਪ੍ਰਸ਼ਨ ਨਵਾਂ ਨਕੋਰ ਹੋਵੇ
ਇਹ ਮੈਨੂੰ ਵੀ ਪਤਾ ਨਾ ਲਗਦਾ
ਕਦੋਂ ਹੋ ਜਾਂਦੇ ਮੇਰੇ ਕਦਮ ਨਿੱਕੇ-ਨਿੱਕੇ
ਨਿੱਕੋ ਦੇ ਕਦਮਾਂ ਦੇ ਹਾਣ ਦੇ
ਥੱਕ ਕੇ ਬਹਿ ਜਾਂਦੀ ਕਿਸੇ ਥੜੀ 'ਤੇ
ਮੈਂ ਵੀ ਥੱਕਿਆ ਲਗਦਾ ਉਹਨੂੰ
ਅਸੀਂ ਦੋਨੋਂ ਲੰਮੇ ਸਾਹ ਭਰਦੇ
ਪਤਾ ਨਹੀਂ ਕੀ-ਕੀ ਗੱਲਾਂ ਕਰਦੇ
ਉੱਚੀ-ਉੱਚੀ ਹਸਦੇ
ਖਿੜ ਜਾਂਦੇ।
ਹੁਣ ਉਹ ਨਿੱਕੀ ਕਮਲੀ ਪੇਕੇ ਆਈ
ਰਹਿਣ ਮੇਰੇ ਨਾਲ
ਅਸੀਂ ਫਿਰ ਸੈਰ 'ਤੇ ਨਿਕਲੇ
ਮੈਂ ਕਰ ਰਿਹਾਂ ਸੁਆਲਾਂ 'ਚ ਫ਼ਿਕਰ
ਉਸਦੇ ਘਰ ਦਾ
ਤੇ ਉਹਦੇ ਸੁਆਲ ਘਿਰੇ ਨੇ
ਮੇਰੀ ਸਿਹਤ ਦੇ ਫ਼ਿਕਰਾਂ ਸੰਗ
ਕਿੰਨ੍ਹੀ ਵੱਡੀ ਹੋ ਗਈ ਹੈ ਨਿੱਕੀ
ਮੇਰੇ ਫ਼ਿਕਰਾਂ ਨਾਲੋਂ ਵੱਡੀ ਕਰ ਲਈ
ਉਸਨੇ ਆਪਣੀ ਫ਼ਿਕਰ
ਧੀ-ਪੁੱਤ-ਪਤੀ ਦੇ ਨਾਲ-ਨਾਲ
ਕਰ ਰਹੀ ਮੇਰੀ ਫ਼ਿਕਰ
ਮੇਰੀ ਨਿੱਕੋ ਮੈਨੂੰ ਸਹਿਜ ਕਰਨ ਲਈ
ਬਹਿ ਜਾਂਦੀ ਥੜੀ ‘ਤੇ
ਮੈਂ ਵੀ ਬਹਿ ਜਾਂਦਾ
ਮੈਂ ਸੁਆਲ ਕਰਦਾ
ਉਹ ਹੱਸ ਪੈਂਦੀ
ਅਸੀਂ ਫਿਰ ਖਿੜ ਜਾਂਦੇ।
ਮੇਰੀ ਰੀਝ
ਤਾਰਿਆਂ ਨੂੰ ਮੈਂ
ਤੁਹਾਡੇ ਨਾਲੋਂ ਜ਼ਿਆਦਾ ਰੀਝ ਨਾਲ ਦੇਖਦਾਂ
ਮੈਨੂੰ ਲਗਦਾ
ਉਹ ਵੀ ਮੈਨੂੰ ਦੇਖਦੇ
ਗੱਲਾਂ ਦੱਸਦੇ
ਕਵਿਤਾ ਕਹਿੰਦੇ
ਕਿਸੇ ਬੂਟੇ ਕੋਲੋਂ ਮੈਂ
ਚੁੱਪ ਕਰਕੇ ਲੰਘ ਹੀ ਨਹੀਂ ਪਾਉਂਦਾ
ਮੇਰਾ ਮਨ ਕਾਹਲਾ ਪੈਂਦਾ
ਉਸਦੇ ਪੱਤਿਆਂ ਨੂੰ ਛੂਹਣ ਨੂੰ
ਗਾਰਡਨ 'ਚ ਤੁਰਦਾ
ਟਾਹਣੇ ਨੂੰ ਯਾਰ ਕਹਿ ਕੇ ਮੁਖ਼ਾਤਬ ਹੋ ਜਾਨਾ
ਗਲ਼ ਲਾ ਲੈਨਾ, ਘੁੱਟ ਕੇ
ਲਾਲ-ਬੱਤੀਆਂ 'ਤੇ ਦੂਜੇ ਪਾਸੇ ਖੜ੍ਹੇ
ਅਜਨਬੀ 'ਚੋਂ
ਮੈਨੂੰ ਕਿਸੇ ਆਪਣੇ ਦਾ ਝਲਕਾਰਾ ਪੈਂਦਾ
ਮੈਂ ਰੁਕ ਜਾਨਾ
ਓਥੇ ਹੀ
ਤੇ ਖਿਆਲਾਂ 'ਚ ਉਸ ਆਪਣੇ ਕੋਲ ਜਾ ਬਹਿੰਨਾ
ਨਾਵਲ, ਕਹਾਣੀਆਂ ਦੇ ਪਾਤਰ
ਫ਼ਿਲਮਾਂ ਦੇ ਚਿਹਰੇ, ਸ਼ਾਇਰਾਂ ਦੇ ਸ਼ੇਅਰ
ਤਸਵੀਰਾਂ ਦੇ ਰੰਗ
ਕੋਈ ਸਾਥ ਛੱਡਣ ਹੀ ਲਗਦਾ ਕਿ
ਦੂਸਰਾ ਮੇਰੀ ਉਡੀਕ 'ਚ ਖੜ੍ਹਾ ਹੁੰਦੈ
ਮੈਂ ਕੱਲਾ ਹੋ ਕੇ ਵੀ ਕਿੰਨਾ ਕੁਝ
ਆਪਣੇ ਨਾਲ ਤੋਰੀਂ ਰੱਖਦਾਂ
ਮੈਨੂੰ ਨਹੀਂ ਲਗਦਾ
ਮੈਂ ਕਦੇ ਕੱਲਾ ਹੋਵਾਂਗਾ
ਬਸ ਮੈਂ ਤੁਰਦਾ ਰਹਾਂ।
ਦੱਸੀ ਕਦੇ ਜੇ ਸਫ਼ਰ ਤੇ ਜਾਣਾ ਹੋਇਆ
ਥੱਕ ਗਿਆ ਹਾਂ ਰੋਜ਼ ਦੇ ਸਫ਼ਰ ਤੋਂ
ਸ਼ਾਇਦ ਤੂੰ ਵੀ ਥੱਕ ਗਈ ਹੋਵੇਗੀ
ਚਾਰ ਕੁ ਸੌ ਮੀਟਰ ਤੇਰੇ ਨਾਲ ਤੁਰ ਕੇ
ਵਰ੍ਹਿਆ ਦੀ ਥਕਾਵਟ ਲੈ ਜਾਏਗੀ
ਦੱਸੀ ਕਦੇ ਜੇ ਸਫ਼ਰ ਤੇ ਜਾਣਾ ਹੋਇਆ
ਮੈਂ ਖਾਲੀ ਮਨ ਆਵਾਂਗਾ
ਤੂੰ ਵੀ ਕੁਝ ਨਾ ਲੈ ਕੇ ਆਵੀਂ
ਹੋਰ ਕੀ
ਮੈਂ ਤਾਂ ਤੇਰੇ ‘ਤੇ ਲਿਖੀ ਕਵਿਤਾ ਵੀ
ਮੇਜ 'ਤੇ ਛੱਡ ਆਵਾਂਗਾ
ਦੱਸੀ ਕਦੇ ਜੇ ਸਫ਼ਰ ਤੇ ਜਾਣਾ ਹੋਇਆ।
ਖ਼ਿਆਲਾਂ ਦੀਆਂ ਡੀਟੀਆਂ
ਮੇਰੇ ਖ਼ਿਆਲਾਂ ਦੀਆਂ ਡੀਟੀਆਂ
ਚਿਣੀਆਂ ਹੋਈਆਂ ਸਨ
ਬੜੀ ਜੱਦੋ-ਜਹਿਦ
ਬੜਾ ਸਮਾਂ
ਬੜੇ ਸਬਰ ਨਾਲ
ਚਿਣੇ ਸੀ ਮੈਂ ਇਹ ਖ਼ਿਆਲ
ਹੁਣ ਜੇ ਤੂੰ
ਖਿੱਦੋਂ ਬਣ
ਡੀਟੀਆਂ ਖਿਲਾਰ ਹੀ ਦਿੱਤੀਆਂ ਹੀ ਨੇ
ਤਾਂ
ਇਹਨਾਂ ਨਾਲ ਖੇਡਣਾ ਵੀ ਬਣਦਾ।
ਮਹਿਕ
ਅਸੀਂ ਸਭ
ਮਹਿਕਣ ਲਈ ਆਏ ਹਾਂ
ਪਰ ਅਸੀਂ
ਇੱਕ ਦੂਜੇ ਤੋਂ
ਅੰਦਰੋਂ ਅੰਦਰੀਂ ਸੜ੍ਹਨ ਲੱਗੇ ਹਾਂ
ਏਦਾਂ ਸੜਦਿਆਂ ਫਿਰ
ਸੜਿਹਾਂਦ ਮਾਰਨ ਲਗਦੀ ਆ
ਤੇ
ਸੜਿਹਾਂਦ ਕਿਸੇ ਨੂੰ ਨਹੀਂ ਭਾਉਂਦੀ
ਅਸੀਂ ਭੁੱਲ ਗਏ
ਕਿ ਮਹਿਕਣ ਲਈ ਆਏ ਹਾਂ।
ਰੰਗਾਂ ਦਾ ਮਨੋਵਿਗਿਆਨ
ਮੰਮੀ ਦੇ ਸਾਦੇ-ਫਿੱਕੇ
ਰੰਗਾਂ ਤੋਂ ਬਾਅਦ
ਤੇਰੇ ਪਾਏ ਗੂੜ੍ਹੇ ਫੁੱਲਦਾਰ-ਵੇਲਦਾਰ
ਸੂਟ ਮੇਰੇ ਮਨ ਨੂੰ ਕਿਉਂ ਜਚੇ
ਪਤਾ ਨਹੀਂ
ਮੇਰੀ ਸਮਝ ਤੋਂ ਬਾਹਰ ਹੈ
ਰੰਗਾਂ ਅਤੇ ਮਨ ਦਾ
ਮਨੋਵਿਗਿਆਨ।
ਜਦੋਂ ਘਰੇ ਵੜਿਆ
ਮਾਂ ਨੂੰ ਦੇਖ
ਸਾਰੇ ਦਿਨ ਦਾ ਥਕੇਵਾਂ ਲਹਿ ਗਿਆ
ਇਹ ਕਹਿਣ ਹੀ ਲੱਗਾ ਸਾਂ ਕਿ
ਮਾਂ ਕਹਿਣ ਲੱਗੀ
ਤੈਨੂੰ ਆਉਂਦੇ ਨੂੰ ਵੇਖਦੀ ਹਾਂ
ਤਾਂ ਉਮਰਾਂ ਦੀ ਥਕਾਵਟ ਲਹਿ ਜਾਂਦੀ ਹੈ
ਮੈਨੂੰ ਨਹੀਂ ਪਤਾ
ਲੱਗਿਆ ਮੇਰੇ ਅੰਦਰੋਂ
ਕਿਹੜੀ ਮਾਂ ਬੋਲ ਰਹੀ ਸੀ।
ਮਾਂ ਤੇ ਕਵਿਤਾ
ਅੱਜ ਮੈਂ
ਮਾਂ ਬਾਰੇ ਲਿਖੀ
ਆਪਣੀ ਨਜ਼ਮ ਮਾਂ ਨੂੰ ਸੁਣਾਈ
ਕਵਿਤਾ ਵਿਚਲੇ ਕਿੰਨੇ ਹੀ
ਸ਼ਬਦ
ਬਿੰਬ
ਪਰਤੀਕ
ਸਭ ਸੌਖੇ ਤਰੀਕੇ ਨਾਲ
ਬਦਲ ਕੇ ਸੁਣਾ ਦਿੱਤੇ
ਮਾਂ ਅੱਖਾਂ ਭਰ ਆਈ
ਕਵਿਤਾ ਮਾਂ ਨੂੰ ਸਮਝ ਆ ਗਈ
ਮੈਂ ਕਵੀ ਹੋ ਗਿਆ।
ਮੰਮੀ ਨੂੰ
ਤਰੀਕਾਂ ਕਿੱਥੇ ਯਾਦ ਰਹਿੰਦੀਆਂ ਸਨ
ਅੰਗਰੇਜ਼ੀ ਮਹੀਨਿਆਂ ਦੀਆਂ
ਉਹ ਤਾਂ
ਦੇਸੀ ਮਹੀਨੇ
ਤਿੱਥ-ਤਿਉਹਾਰਾਂ ਨਾਲ ਹੀ
ਸਭ ਯਾਦ ਰੱਖਦੀ
ਪਰ ਮੇਰੇ ਪਰਦੇਸੀ ਹੋਣ ਦੀ ਤਾਰੀਕ
ਮਾਂ ਨੂੰ ਨਹੀਂ ਭੁੱਲੀ
ਉਹਨੂੰ ਯਾਦ ਹੈ
ਤਰੀਕ ਵੀ ਮਹੀਨਾ ਵੀ।
ਤੇਰੇ ਮੇਰੇ ਸੁਪਨੇ
ਕਿੱਥੇ ਆਪਾਂ
ਤੇਰੇ ਤੇ ਮੇਰੇ
ਸੁਪਨੇ ਮਿਲਾ
ਆਪਣੇ ਬਣਾ
ਪੂਰੇ ਕਰਨੇ ਸਨ
ਕਿੱਥੇ ਹੁਣ
ਦੁਨੀਆਂ ਦੇ ਸੁਪਨਿਆਂ ‘ਤੇ
ਪੂਰੇ ਉਤਰਦਿਆਂ
ਪੂਰੇ ਹੋ ਜਾਵਾਂਗੇ।
ਪਰੋਸੈੱਸ
ਮੇਰੇ ਜੀਵਨ ਦੇ
ਬਹੁਤੇ ਲਮਹੇ
ਇੱਕ ਪਰੋਸੈੱਸ ਵਿੱਚੋਂ ਲੰਘੇ
ਮੈਂ ਓਸ ਪਰੋਸੈੱਸ 'ਚੋਂ ਲੰਘਿਆ
ਪਰ ਜਦ ਤੂੰ
ਕੋਲ ਆਇਆ
ਉਹ ਪਲੈਨਿੰਗ
ਉਹ ਪਰੋਸੈੱਸ
ਖ਼ਤਮ ਹੋ ਗਿਆ
ਮੈਂ, ਮੇਰੇ ਹੀ ਬਣਾਏ
ਪਰੋਸੈੱਸ 'ਚੋਂ ਬਾਹਰ ਹੋ ਗਿਆ
ਕੁਝ ਘੜੀਆਂ ਪਲੈਨਿੰਗ ਤੋਂ ਬਾਹਰ ਹੋ ਗਈਆਂ
ਤੇਰੇ ਕਰਕੇ
ਉਹ ਘੜੀਆਂ
ਮੈਂ ਰੱਜ ਕੇ ਹੰਢਾਈਆਂ
ਜੀਣਾ ਪਰੋਸੈੱਸ 'ਚ ਪੈਂਦਾ
ਪਰ
ਪਰੋਸੈੱਸ ਹੰਢਾਇਆ ਨਹੀਂ ਜਾ ਸਕਦਾ।
ਰਾਮਕਾਰ
ਆਪਣੇ ਨਾਲ
ਤੇਰੀਆਂ ਗੱਲਾਂ
ਕਰ ਕਰ, ਕਰ ਕਰ
ਮੈਂ ਆਵਦੇ ਦੁਆਲੇ
ਇੱਕ ਚੱਕਰ
ਜਿਹਾ ਬਣਾ ਲਿਆ
ਲਗਦਾ ਉਸ ਤੋਂ
ਬਾਹਰ ਨਿੱਕਲਾਂਗਾ
ਤਾਂ ਭਸਮ ਹੋ ਜਾਵਾਂਗਾ
ਮੈਂ ਅੰਦਰ-ਅੰਦਰ
ਰਹਿਣ ਲੱਗਾ ਹਾਂ।
ਦਿਨ ਵੇਲ਼ੇ ਸੁਪਨੇ
ਦਿਨ ਵੇਲ਼ੇ ਸੁਪਨੇ ਦੇਖਣ ਵਾਲਿਆਂ ਦੇ ਸੁਪਨੇ
ਬਹੁਤਿਆਂ ਦੀ ਨੀਂਦ ਹਰਾਮ ਕਰਦੇ
ਨੀਂਦ ਹਰਾਮ ਹੋਏ ਲੋਕ
ਦਿਨ ਵੇਲ਼ੇ ਪੈਦਾ ਹੋਏ ਸੁਪਨਿਆਂ ਨੂੰ
ਕੁਚਲਣ ਬਾਰੇ ਸੋਚਦੇ
ਪਰ
ਰਾਂਤੀ ਆਉਣ ਵਾਲੇ ਸੁਪਨੇ
ਉਹਨਾਂ ਨੂੰ ਵਿਓ-ਵਖਾਲੀ ਨਹੀਂ ਦਿੰਦੇ
ਕਿਉਕਿ ਉਹਨਾਂ ਸੁਪਨਿਆਂ ਦਾ
ਕੋਈ ਅਸਤਿਤਵ ਨਹੀਂ ਹੁੰਦਾ
ਆਓ ਆਪਾਂ ਦਿਨ ਵੇਲ਼ੇ ਸੁਪਨੇ
ਵੇਖਣ ਦੀ ਜ਼ੁਅਰਤ ਕਰੀਏ।
ਰੁਤਬੇ
ਵਧਦੇ ਘਟਦੇ ਰਹਿੰਦੇ ਨੇ ਰੁਤਬੇ
ਸਾਹਮਣੇ ਵਾਲੇ ਦੇ
ਰੁਤਬੇ ਅਨੁਸਾਰ
ਜੇ ਉਹ ਉੱਚਾ ਹੈ ਤਾਂ
ਸਾਡਾ ਰੁਤਬਾ ਵਿਛਣ ਤੱਕ ਜਾਂਦਾ
ਜੇ ਨੀਵਾਂ ਤਾਂ
ਉਸ ਰੁਤਬੇ ਨੂੰ ਮਿੱਧਣ ਤੀਕ
ਹਾਣ ਦੇ ਨੂੰ
ਹਾਣ ਦੇ ਹੋ ਕੇ ਮਿਲਦੇ ਨੇ ਰੁਤਬੇ
ਇਹ ਰੁਤਬਿਆਂ ਦਾ ਸੁਭਾਅ ਹੈ।
ਹੱਦ-ਬੰਦੀ
ਆਓ
ਕਰ ਲਈਏ
ਹਵਾ ਦੀ ਵੀ ਹੱਦਬੰਦੀ
ਕਿ ਕਿਹੜੀ ਹਵਾ ਕਿਸ ਫਿਰਕੇ ਦੀ ਹੈ
ਸੱਭਿਅਕ ਜਿਉਂ ਹੋ ਗਏ ਹਾਂ ਅਸੀਂ
ਪਹਿਰਾਵਾ
ਬੋਲ-ਚਾਲ
ਭਾਸ਼ਾ
ਲਿੱਪੀ
ਤਿਓਹਾਰ
ਸਭ ਤਾਂ ਵੰਡ ਲਏ ਨੇ ਅਸੀਂ
ਕੀ ਪਕਾਉਣਾ
ਕੀ ਖਾਣਾ
ਸਭ ਵੰਡ ਅਨੁਸਾਰ
ਪੈ ਸਕਦੀ ਹੈ
ਸਾਡੀ ਜਾਨ ਵੀ ਖਤਰੇ 'ਚ
ਸਾਡੀ ਰੋਟੀ ਕਰਕੇ
ਬਹੁਤ ਵੰਡੀਆਂ ਪਾ ਲਈਆਂ
ਆਓ
ਹੁਣ ਕਰ ਲਈਏ
ਹਵਾ ਦੀ ਹੱਦ-ਬੰਦੀ।
ਸ਼ੋਰ-ਸ਼ਰਾਬਾ
ਮਨ ਬਹੁਤ ਪਰੇਸ਼ਾਨ ਸੀ
ਆਸੇ-ਪਾਸੇ ਦੇ
ਸ਼ੋਰ-ਸ਼ਰਾਬੇ ਤੋਂ
ਕਿਸੇ ਸ਼ਾਤ ਥਾਂ 'ਤੇ ਜਾ ਬੈਠਾ
ਪਰ ਮਨ ਫਿਰ ਵੀ
ਆਸ਼ਾਤ ਸੀ
ਬਾਹਰ ਦਾ ਸ਼ੋਰ-ਸ਼ਰਾਬਾ
ਹੁਣ
ਅੰਦਰ ਸੀ।
ਦਰੋਪਦੀ
ਤੂੰ ਦਾਅ 'ਤੇ ਲਾਉਣ ਵਾਲਿਆਂ ਨਾਲ ਲੜ੍ਹ
ਉਹ ਤੇਰੇ ਪਹਿਲੇ ਦੁਸ਼ਮਣ ਨੇ
ਫਿਰ ਜਿੱਤਣ ਵਾਲਿਆਂ ਨਾਲ
ਜੋ ਤੈਨੂੰ ਨੰਗਾ ਕਰਨਾ
ਲੋਚਦੇ ਨੇ
ਫਿਰ ਉਸ ਨਾਲ
ਜਿਸ ਸਾਰਾ ਤਮਾਸ਼ਾ ਰਚਿਆ
ਤੇ ਫਿਰ ਖ਼ੁਦ
ਰਖ਼ਸ਼ਕ ਬਣ ਕੇ ਆ ਗਿਆ
ਦਰੋਪਦੀ
ਤੂੰ ਮੋਹਰਾ ਨਾ ਬਣ।
ਜ਼ਿੰਮੇਵਾਰੀ
ਰੋਟੀ-ਟੁੱਕ ਪਕਾਉਣਾ
ਕੱਪੜੇ ਧੋਣੇ
ਹੋਰ ਲੀੜੇ ਲੱਤੇ
ਤੇ ਘਰ ਦੇ ਸਾਰੇ ਹੀ ਕੰਮਾਂ ਦੀ ਸਾਂਭ-ਸੰਭਾਲ
ਛੋਟੀ ਉਮਰੇ ਹੀ ਸਿੱਖ ਲਈ ਹੈ ਉਸਨੇ
ਗਿਆਰਾਂ-ਬਾਰਾਂ ਵਰ੍ਹੇ ਕੋਈ ਉਮਰ ਹੁੰਦੀ ਏ
ਇਹੋ ਜਿਹੇ ਕੰਮ ਕਰਨ ਜਾਂ ਸਿੱਖਣ ਦੀ
ਸਿਰ ਢਕ ਕੇ ਰੱਖਣਾ
ਲੋੜ ਜੋਗਾ ਹੀ ਬੋਲਣਾ
ਏਸ ਉਮਰੇ ਤਾਂ ਬੋਲਣ ਨੂੰ ਜੀਅ ਹੀ ਬੜਾ ਕਰਦਾ
ਉਸਨੂੰ ਦੇਖੇ ਤਾਂ ਏਦਾਂ ਲਗਦਾ
ਜਿਵੇਂ ਜਵਾਨ ਹੀ ਜੰਮੀ ਹੋਵੇ
ਸਿਆਣੀ ਜਿਹੀ ਨਿਆਣੀ
ਬੜਾ ਕੁਝ ਆਉਂਦਾ ਹੈ ਉਸਨੂੰ
ਸਾਰੀ ਕਬੀਲਦਾਰੀ ਦਾ ਪਤਾ
ਉਸਨੂੰ ਸਾਰਾ ਕੁਝ ਕਰਦਿਆਂ
ਦੇਖਦਿਆਂ
ਏਦਾਂ ਲਗਦਾ
ਜਿਵੇਂ ਉਹਦੇ ਜੰਮਣ ਵੇਲ਼ੇ
ਮਰਨ ਲੱਗੀ ਉਹਦੀ ਮਾਂ
ਕੁਝ ਪਲ਼ਾਂ ਵਿੱਚ ਹੀ
ਉਸਨੂੰ ਸਭ ਕੁਝ ਦੱਸ ਗਈ ਹੋਵੇ।
ਗੁੜ੍ਹਤੀ
ਮੇਰੀਏ
ਪਿਆਰੀਏ ਦਾਦੀਏ
ਤੂੰ ਸਾਨੂੰ ਕਿਉਂ ਸੁਣਾਉਂਦੀ ਰਹੀ
ਰਾਜੇ ਤੇ ਰਾਣੀਆਂ ਦੀਆਂ ਕਹਾਣੀਆਂ
ਖੇਤ ਕੰਮ ਕਰਦੇ ‘ਸੀਰੀ ਜਾਂ ਬਾਪੂ’
ਦੀਆਂ ਕਹਾਣੀਆਂ ਕਿਉਂ ਨਾ ਸੁਣਾਈਆਂ
ਉਹਨਾਂ ਕਲਪਿਤ ਕਹਾਣੀਆਂ ਨੇ
ਸਾਡੀ ਸੋਚ ਨੂੰ ਗਲਤ ਗੁੜਤੀ ਦਿੱਤੀ
ਤੇ
ਅਸੀਂ ਕਿਰਤੀ ਹੋਣ ਤੇ
ਕਦੀ ਮਾਣ ਹੀ ਨਹੀਂ ਕੀਤਾ
ਅਸੀਂ ਤਾਂ ਰਾਜੇ-ਰਾਣੀਆਂ
ਬਣਨਾ ਹੀ ਲੋਚਦੇ ਰਹੇ
ਸਾਨੂੰ ਗਲਤ ਕਹਾਣੀਆਂ ਦੀ ਗੁੜਤੀ
ਹੁਣ ਸਮਝ ਆਈ।
ਕਠਪੁਤਲੀਆਂ
ਵਿਚਾਰਾਂ ਦੇ ਸਮਰਥਕ ਹੋਣਾ
ਸਾਡੇ ਹਿੱਸੇ ਆਇਆ ਹੀ ਨਹੀਂ
ਇਹ ਸਾਡੇ ਲਈ ਸਭ ਤੋਂ ਬੁਰਾ ਹੈ
ਅਸੀਂ ਕਿਸ ਦੇ ਨਾਲ ਹਾਂ
ਕਿਸ ਦੇ ਵਿਰੋਧੀ
ਇਹ ਪਹਿਰਾਵੇ ਤੈਅ ਕਰਦੇ ਨੇ
ਸਾਡੇ ਇਹਨਾਂ ਕਾਰਨਾ ਕਰਕੇ
ਸਾਡੇ ਹਾਕਮ
ਬੜੀ ਆਸਾਨੀ ਨਾਲ
ਸਾਡੀ ਥਾਂ ਤੈਅ ਕਰਦੇ ਨੇ
ਅਸੀਂ ਬਣਦੇ ਹਾਂ
ਉਹਨਾਂ ਦੀਆਂ ਕਠਪੁਤਲੀਆਂ
ਆਪ
ਖ਼ੁਦ
ਅਸੀਂ।
ਸਰਕਾਰੀ ਫਾਇਰ ਬਰਗੇਡ ਵਾਲੇ
ਸਰਕਾਰੀ ਫਾਇਰ ਬਰਗੇਡ ਵਾਲੇ
ਖ਼ਬਰਾਂ ਰੱਖਣ ਲੱਗ ਗਏ ਨੇ
ਬਲਦੇ ਹੋਏ ਘਰਾਂ ਦੀਆਂ ਨਹੀਂ
ਸੜ੍ਹਦੀ ਹੋਈ ਜਵਾਨੀ ਦੀਆਂ ਨਹੀਂ
ਮੱਚਦੀਆਂ ਹੋਈਆਂ ਧੀਆਂ ਦੀਆਂ ਨਹੀਂ
ਉਹਨਾਂ ਕੋਲ ਦੀ ਤਾਂ ਲੰਘ ਜਾਂਦੇ ਨੇ
ਅੱਖਾਂ ਮੀਟ ਕੇ
ਪਰ ਜੇ ਕਿਧਰੇ ਸੂਹ ਮਿਲ ਜਾਵੇ
ਬਲਦੇ ਹੋਏ ਦੀਵੇ ਦੀ
ਜੁਗਨੂੰ ਦੇ ਚਮਕਣ ਦੀ
ਚਿਣਗ ਦੇ ਫੁੱਟਣ ਦੀ
ਜਾਂ ਚਾਨਣ ਲਈ ਜਗਦੀ ਕਿਸੇ ਬੱਤੀ ਦੀ
ਮਿੰਟਾਂ 'ਚ ਹੀ ਬੁਝਾ ਦਿੰਦੇ ਨੇ
ਕਿਉਂਕਿ ਇਹਨਾਂ ਤੋਂ ਬਹੁਤ ਖ਼ਤਰਾਂ ਹੈ ਦੇਸ਼ ਨੂੰ
ਸਵੇਰਾ ਜੋ ਹੋ ਜਾਵੇਗਾ।
ਨਜ਼ਮ ਨੂੰ ਕਿਹਾ
ਮੈਂ ਆਪਣੀ
ਨਜ਼ਮ ਨੂੰ ਕਿਹਾ
ਜਾ
ਮੁਹੱਬਤ ਨੂੰ ਮਿਲ ਆ
ਉਹ ਤਿਤਲੀ ਬਣ
ਮੇਰੀ ਮਾਂ, ਪਤਨੀ ਤੇ ਧੀ ਦਾ
ਮੱਥਾ ਚੁੰਮ ਆਈ
ਚੁਫ਼ੇਰਾ ਖਿੜ੍ਹ ਗਿਆ।
ਵਸਲ
ਮੈਂ ਤੈਨੂੰ
ਮੁਲਾਕਾਤ ਲਈ ਕਹਿਨਾ
ਤੂੰ ਮਨਾ ਕਰਦੀ ਏਂ
ਮੈਂ ਫਿਰ ਮਨਾਉਣਾ
“ਇਹ ਕੋਈ ਪਹਿਲੀ
ਮੁਲਾਕਾਤ ਤਾਂ ਨਹੀਂ”
ਪਰ ਤੂੰ ਫਿਰ ਮਨਾ
ਜਦ ਮੈਂ ਥੱਕ ਕੇ
ਕਹਿ ਦਿੰਨਾ
ਚੱਲ! ਜਿਵੇਂ ਤੇਰੀ ਮਰਜੀ
ਮੈਨੂੰ ਲਗਦਾ
ਜਿਵੇਂ ਮੈਂ ਤੈਨੂੰ
ਮਿਲ ਕੇ ਆਇਆ ਹੋਵਾਂ।
ਮੁਲਾਕਾਤ
ਕਦੇ ਕਦੇ ਤਾਂ
ਇੰਝ ਹੀ ਹੋ
ਜਾਂਦੀ ਹੈ ਮੁਲਾਕਾਤ
ਮੈਂ ਤੈਨੂੰ ਕਹਿਨਾ
ਐਨੇ ਵਜੇ
ਐਸ ਥਾਂ
ਆ ਜਾਵੀਂ
ਤੂੰ ਹਾਮੀ ਭਰ ਦਿੰਨੀ ਏ
ਪਰ ਦੋਹਾਂ ਚੋਂ
ਕੋਈ ਨਹੀਂ ਆਉਂਦਾ
ਕਦੇ ਕਦੇ ਤਾਂ
ਇੰਝ ਹੀ ਹੋ
ਜਾਂਦੀ ਹੈ ਮੁਲਾਕਾਤ।
ਮੁਲਾਕਾਤ ਸੰਭਵ ਨਹੀਂ
ਜਦ ਜਦ ਵੀ ਮੈਂ
ਤੈਨੂੰ ਮਿਲਿਆ
ਆਪਣੀ ਮੈਂ ਦੇ
ਨਾਲ ਹੀ ਮਿਲਿਆ
ਪੂਰੇ ਦਾ ਪੂਰਾ
ਆਪਣਾ ਕੋਈ ਵੀ ਟੁਕੜਾ
ਖਿਲਰਨ ਨਹੀਂ ਦਿੱਤਾ ਮੈਂ
ਤੈਨੂੰ ਮਿਲਣ ਵੇਲ਼ੇ
ਕੋਈ ਮਖੌਟਾ ਨਹੀਂ ਚਾੜ੍ਹਿਆ
ਪਰ ਹੁਣ ਬੜੇ ਮਖੌਟੇ ਨੇ
ਬੜੇ ਟੁਕੜੇ ਖਿਲਰੇ ਨੇ
ਹੁਣ ਤੇਰਾ ਸਾਹਮਣਾ
ਨਹੀਂ ਕਰ ਹੋਣਾ
ਮੁਲਾਕਾਤ ਰਹਿਣ ਦੇ
ਸੰਭਵ ਨਹੀਂ
ਮੇਰਾ ਪੂਰੇ ਦਾ
ਪੂਰਾ ਆਉਣਾ।
ਹੈਰਾਨੀ
ਜਦ ਮੈਂ ਗਿਆ
ਤੂੰ ਹੈਰਾਨ ਹੀ
ਨਹੀਂ ਹੋਈ
ਮੈਂ ਹੈਰਾਨ ਹੋਇਆ
ਕਿ ਤੂੰ
ਹੈਰਾਨ ਹੀ ਨਹੀਂ ਹੋਈ।
ਮਾੜਾ ਸਮਾਂ
ਸਮਾਂ ਬਦਲਦਾ
ਸ਼ਖ਼ਸ ਬਦਲਦੇ
ਆਲਾ-ਦੁਆਲਾ
ਨੈਣ-ਨਕਸ਼
ਕਿੰਨਾ ਕੁਝ ਹੀ
ਬਦਲ ਦਿੰਦਾ ਏ ਸਮਾਂ
ਇੱਕ ਦਿਨ ਬੈਠੇ
ਸਹਿਜ ਭਾਅ ਹੀ ਮੂੰਹੋਂ ਨਿਕਲਿਆ
ਬੇਬੇ ਕਿੰਨਾਂ ਮਾੜਾ ਟੈਮ ਆ ਗਿਆ
ਕੁੜੀਆਂ ਨੂੰ ਜੰਮਣ ਤੋਂ
ਪਹਿਲਾਂ ਹੀ ਮਾਰ ਦਿੰਦੇ ਨੇ
ਕਿੱਥੇ ਪੁੱਤ
ਸਭ ਉਵੇਂ ਹੀ ਆ
ਹੁਣ ਜੰਮਣ ਤੋਂ ਪਹਿਲਾਂ ਮਾਰਦੇ ਨੇ
ਪਹਿਲਾਂ ਅੱਕ ਦਾ ਦੁੱਧ
ਮੂੰਹ 'ਚ ਪਾ ਦਿੰਦੇ ਸਨ
ਜੰਮਦੀ ਦੇ
ਬਸ ਤਰੱਕੀ ਹੀ ਕੀਤੀ ਆ
ਕਮਜ਼ੋਰਾਂ ਲਈ ਤਾਂ
ਸਮਾਂ ਓਹੋ ਹੀ ਆ
ਮਾੜੇ ਦਾ ਮਾੜਾ।
ਟੁਕੜਿਆਂ 'ਚ ਜ਼ਿੰਦਗੀ
ਬਹੁਤ ਕੁਝ ਯਾਦ ਨਹੀਂ ਰਹਿੰਦਾ
ਟੁਕੜਿਆਂ 'ਚ ਜਿਉਂ ਰਿਹਾਂ ਹਾਂ ਮੈਂ
ਕੁਝ ਕੁ ਪਲਾਂ ਦੀ ਜ਼ਿੰਦਗੀ
ਫਿਰ ਮੌਤ
ਅਗਲੇ ਪਲ ਮੁੜ ਜਨਮ
ਪਲ ਪਲ ਮੌਤ
ਪਲ ਪਲ ਜਨਮ
ਇੱਕ ਜ਼ਿੰਦਗੀ 'ਚ ਕਿੰਨੇ ਪਲ
ਇੱਕ ਪਲ 'ਚ ਇੱਕ ਜ਼ਿੰਦਗੀ
ਬਦਲੇ ਸਮੇਂ ਦੀ
ਤੇਜੀ ਦੇ ਵਕਤ ਦੀ
ਨਵੀਂ ਦੁਨੀਆਂ
ਨਵੀਂ ਜ਼ਿੰਦਗੀ।
ਮੈਂ ਭੜਕ ਉਠਦਾ ਸਾਂ
ਮੈਂ ਭੜਕ ਉਠਦਾ
ਕਿਸੇ ਦੀ ਨਿੱਕੀ ਜਿਹੀ ਗੱਲ 'ਤੇ
ਉਹ ਇੱਕ ਪਲ਼ ਲਾਉਂਦੇ
ਮੇਰੇ ਦਿਮਾਗ ਨਾਲ ਖੇਡ ਜਾਂਦੇ
ਫਿਰ ਮੈਂ
ਚੁੱਪ ਰਹਿਣ ਲੱਗਾ
ਹੁਣ ਜਦ ਉਹ ਆਏ
ਮੈਂ ਹੱਸ ਪਿਆ
ਉਹ ਭਾਵੇਂ ਮੈਨੂੰ ਖ਼ਤਮ ਕਰ ਦੇਣ
ਪਰ ਮੇਰਾ ਹਾਸਾ
ਉਹਨਾਂ ਨੂੰ ਤਿਲ-ਤਿਲ ਮਾਰੇਗਾ।
ਜ਼ਿੰਦਗੀ ਕਿੱਥੇ ਹੈ?
ਜ਼ਿੰਦਗੀ ਕਿੱਥੇ ਹੈ?
ਜਦ ਏਸ ਸੁਆਲ ਦੇ ਮਗਰ ਤੁਰਦਾਂ
ਗੁਆਚ ਜਾਂਦਾ ਹਾਂ
ਜਿਹੜੇ ਸੁਪਨਿਆ ਦੇ ਪਰ
ਦੇਖ-ਦੇਖ
ਉਡਾਰੀਆਂ ਦੇਖੀਆਂ
ਹੋਰ ਉਚਾਈਆਂ ਤੇ
ਜਾਣਾ ਚਾਹਿਆ
ਇਸ ਸੁਆਲ ਸਾਹਵੇ
ਉਹ ਸੁਪਨੇ
ਉਡਾਰੀ ਲਾ ਜਾਂਦੇ ਨੇ
ਕਦੇ ਕਦੇ ਏਦਾਂ ਲਗਦਾ
ਮੈਂ ਜ਼ਿੰਦਗੀ ਤੋਂ
ਅੱਗੇ ਲੰਘ ਆਇਆ।
ਯਕੀਨ ਦਾ ਦੀਵਾ
ਯਕੀਨ ਦਾ ਦੀਵਾ
ਵੇਲੇ ਦੀ ਹਵਾ ਨਾਲ ਨਹੀਂ
ਸਗੋਂ
ਮੁਸਕਰਾਉਂਦੇ ਚਿਹਰੇ ਥੱਲਿਓ ਨਿੱਕਲੇ
ਕਿਸੇ ਹੋਰ ਚਿਹਰੇ ਨੇ
ਤਾੜੀ ਮਾਰ ਕੇ ਬੁਝਾਇਆ
ਦੀਵਾ ਅੰਗੀਠੀ ਤੋਂ ਤਿਲਕ ਕੇ
ਡਿਗਦਾ, ਰੁੜਦਾ
ਸਿੱਧਾ ਵੀਹੀਂ 'ਚ ਜਾ ਪਿਆ
ਤੁਹਾਡੇ ਹਿੱਸੇ ਦਾ ਚਾਨਣ
ਤੁਸੀਂ ਲੈ ਚੁੱਕੇ ਹੋ
ਠੋਕਰ ਤੋਂ ਬਾਅਦ
ਹੁਣ ਇਕੱਲਾ
ਅਣ-ਦਿਸਦੀ ਮੰਜ਼ਿਲ ਵੱਲ ਤੁਰਦਿਆਂ
ਉਹ ਸਿਰਫ਼ ਇਹ ਕਹਿ ਰਿਹਾ
ਕਿ ਤੁਸੀਂ ਹੁਣ ਇਹ
ਨਾ ਕਹਿਣਾ
ਕਿ
“ਅਸੀਂ ਤੈਨੂੰ ਪਿਆਰ ਕਰਦੇ ਹਾਂ।”
ਸਿਸਟਮ
ਸਿਸਟਮ ਠੀਕ ਹੈ
ਸਭ ਕੁਝ ਸਿਸਟਮ 'ਚ ਹੋਵੇ
ਉਹ ਸਹੀ ਚਲਦਾ
ਸਮੂਥ, ਆਰਾਮ ਨਾਲ
ਇਹ ਨਿੱਕਾ ਜਿਹਾ ਲਗਦਾ
ਜਦੋਂ ਪਰਿਵਾਰ ਵਿੱਚ ਹੁੰਦਾ
ਦੋ ਜੀਅ, ਬੱਚੇ, ਮਾਪੇ, ਬੱਸ
ਨਿੱਕਾ ਜਿਹਾ ਸਿਸਟਮ
ਇਹ ਪਾਲਿਟਿਕਸ 'ਚ ਹੁੰਦਾ
ਵੱਡਾ ਸਿਸਟਮ
ਕਿੰਨ੍ਹੇ ਪਰਿਵਾਰ
ਪਰਿਵਾਰ ਨਹੀਂ, ਮੁਆਫ਼ੀ
ਕਿੰਨ੍ਹੀਆਂ ਵੋਟਾਂ
ਸਿਸਟਮ ਵੱਡਾ ਹੋ ਜਾਂਦਾ
ਆਪਣਾ ਵੀ ਇੱਕ ਸਿਸਟਮ ਸੀ
ਦੋਹਾਂ ਦਾ
ਬੱਸ ਮੈਂ ਇਸ ਸਿਸਟਮ
'ਚ ਫਿੱਟ ਨਹੀਂ ਆਇਆ
ਤੇ ਜਿਹੜਾ ਪੁਰਜਾ ਸਿਸਟਮ 'ਚ
ਫਿੱਟ ਨਹੀਂ ਆਉਂਦਾ
ਸਿਸਟਮ ਉਹਨੂੰ ਬਦਲਣਾ ਚਾਹੁੰਦਾ
ਮੈਂ ਬਦਲਿਆ ਨਹੀਂ
ਬਾਹਰ ਹੋ ਗਿਆ
ਸਿਸਟਮ ਤੋਂ।
ਵਾਅਦੇ
ਮੈਂ ਉਹਨੂੰ ਕਹਿੰਦਾ ਹੁੰਦਾ ਸੀ
ਵਾਅਦੇ
ਬਹੁਤ ਮਾਅਨੇ ਰੱਖਦੇ ਆ
ਵਾਅਦੇ ਐਵੇਂ ਹੀ ਨਹੀਂ
ਕਰੀ ਜਾਈਦੇ
ਵਾਅਦੇ ਓਨੇ ਕੇ ਹੀ ਕਰੀਂ
ਜਿੰਨ੍ਹੇ ਪੂਰੇ ਕਰ ਸਕੇ
ਪਰ ਉਸਨੂੰ ਪਤਾ ਨਹੀਂ ਕਿਹੜੀ ਆਦਤ ਸੀ
ਜਾਂ ਕੋਈ ਮਜਬੂਰੀ
ਉਹਨੂੰ ਮੇਰੇ ਵਾਅਦੇ ਦੇ ਬਰਾਬਰ
ਵਾਅਦਾ ਰੱਖਣਾ ਚੰਗਾ ਲਗਦਾ ਸੀ
ਸ਼ਾਇਦ ਜ਼ਰੂਰੀ ਵੀ
ਕੀ ਪਤਾ
ਉਹਨੂੰ ਲਗਦਾ ਹੋਵੇ
ਮੈਂ ਘੱਟ ਵਾਅਦੇ ਕਰਕੇ ਹਾਰ ਨਾ ਜਾਵਾਂ
ਕਮਲਿਆ ਵਾਅਦਿਆਂ ਦੀ ਉਮਰ ਵੀ ਦੇਖ
ਵਾਅਦੇ ਪੂਰੇ ਕਰਨ ਲਈ ਹੁੰਦੇ ਆ
ਤੋੜਨ ਲਈ ਨਹੀਂ
ਚੱਲ ਹੁਣ ਤੋੜ ਤਾਂ ਦਿੱਤਾ ਹੀ ਹੈ
ਤੂੰ ਵਾਅਦਾ ਵੀ ਤੇ ਮੈਨੂੰ ਵੀ
ਪਰ ਅੱਜ ਤੈਨੂੰ ਮੈਂ ਕਹਿੰਨਾ
ਕਿ ਵਾਅਦਾ ਕਰ
ਵਾਅਦਾ ਓਨਾ ਹੀ ਕਰੀਂ
ਜਿਹੜਾ ਨਿਭ ਸਕੇ
ਵਾਅਦੇ ਤੋੜਨ ਲਈ ਨਹੀਂ ਹੁੰਦੇ।
ਰਫ਼ਤਾਰ
ਕਿੰਨ੍ਹੀ ਰਫ਼ਤਾਰ
ਫੜ੍ਹ ਗਈ ਹੈ ਜ਼ਿੰਦਗੀ
ਜ਼ਜਬਾਤ ਤਾਂ ਉਸਤੋਂ ਵੀ ਤੇਜ
ਐਨੀ ਜਲਦੀ ਤਾਂ
ਰਿਮੋਟ ਵੀ ਚੈਨਲ ਨਹੀਂ ਬਦਲਦਾ
ਦੇਖ… ਮੇਰੇ ਵਟਸਐਪ ਦੇ ਸਟੇਟਸ
ਇੱਕੋ ਸ਼ਖ਼ਸ ਦਾ ਪਹਿਲਾ ਸਟੇਟਸ
ਕਿਸੇ ਦੀ ਮੌਤ ਤੇ ਰੋਣਾ
ਉਦਾਸ- ਇਮੋਜੀ
ਤੇ ਅਗਲਾ ਸਟੇਟਸ ਮੁਬਾਰਕ, ਕੌਂਗਰੈਟਸ
ਮੈਂ ਵੀ ਓਵੇਂ ਹੀ
ਪਹਿਲੇ ਤੇ ਉਦਾਸ
ਤੇ ਸਕਿੰਟ ਬਾਅਦ ਹੀ
ਸਮਾਇਲੀਆਂ ਤੇ ਗੁਲਾਬ ਭੇਜ ਛੱਡੇ
ਕੀ ਮੈਂ ਏਦਾਂ ਦਾ ਹੋਣਾ
ਲੋਚਦਾ ਸੀ
ਤੂੰ ਆ ਯਾਰ
ਕਿਤੇ ਬੈਠੀਏ
ਮੰਨਦਾਂ ਮੈਂ
ਚੱਲਣਾ ਹੀ ਜ਼ਿੰਦਗੀ ਹੈ
ਪਰ ਫਿਰ ਵੀ
ਆ ਆਪਾਂ ਕੁਝ ਪਲ਼
ਖਲੋ ਜਾਈਏ।
ਮੂਵ ਓਨ
ਮੂਵ ਓਨ
ਨਫ਼ਰਤ ਹੋ ਗਈ ਇਸ ਸ਼ਬਦ ਨਾਲ
ਪੈੱਨ-ਡਰਾਈਵ
ਵਰਗੇ ਕਰ ਲਏ ਨੇ ਦਿਮਾਗ
ਜਿੱਥੇ ਸਿਰਫ਼ ਡਾਟਾ ਰਹਿ ਸਕਦਾ
ਭਾਵਨਾਵਾਂ ਨਹੀਂ
ਮਹਿਕ ਸਹਾਰੇ ਜਿਉਣ
ਵਾਲੇ ਲੋਕ
ਤੁਹਾਡੀ ਮਹਿਕ ਨਾਲ ਨਹੀਂ
ਵੋਦਕਾਂ ਦੇ ਫਲੇਵਰਾਂ ਨਾਲ
ਜਿਉਂਦੇ ਨੇ।
ਮਨ ਵਿੱਚ ਉੱਠਿਆ ਗੁਬਾਰ
ਕਿਧਰੇ ਤੈਹਾਂ ਵਿੱਚ ਲਹਿ ਜਾਂਦਾ
ਲਾਵੇ ਵਰਗਾ ਕੁਝ ਵੀ ਨਹੀਂ ਫਟਦਾ
ਹੁੰਦਾ-ਹੁੰਦਾ ਹੋ ਜਾਂਦਾ
ਧਰਤੀ ਵਰਗਾ ਬੰਦਾ
ਪਾਤਾਲ 'ਚ
ਪਾਲ਼ ਲਵੇ
ਅਣਗਿਣਤ ਪਾਸਾਰੇ
ਉੱਪਰਲੀ ਤਹਿ ਸਖ਼ਤ ਹੁੰਦਿਆ
ਵਰ੍ਹੇ ਲੱਗ ਜਾਂਦੇ।
ਵਿਸ਼ਵਾਸ
ਉੱਚੀ ਥਾਵੇਂ
ਖੜ੍ਹਾ ਮੇਰਾ ਬੱਚਾ
ਮੇਰੇ ਬਾਹਵਾਂ ਖੋਲ੍ਹਣ 'ਤੇ
ਛਾਲ ਮਾਰ ਦਿੰਦਾ
ਇਹ ਵਿਸ਼ਵਾਸ ਹੈ ਉਸਦਾ
ਤੂੰ ਮੈਨੂੰ ਬੱਚਾ ਆਹਨੀ ਏਂ
ਮੈਨੂੰ ਸੰਭਾਲ ਲਵੀਂ।
ਮੇਚ ਦੀ ਖੋਜ
ਆਕਾਰ ਜਲਦ ਤਾਂ
ਨਹੀਂ ਬਦਲਦੇ
ਪਰ ਇਹ ਮੇਰਾ ਮਨ ਤੇ ਦੇਹ
ਕਦੇ ਕਿਸੇ ਪੈਮਾਨੇ 'ਚ
ਨਾ ਆਉਂਦੇ
ਕਿਤੇ ਜਮਾਂ ਹੀ ਛੋਟੇ
ਇੱਕ ਅਣੂ ਵਾਂਗਰ
ਕਦੇ ਪੈਮਾਨਾ ਹੀ ਛੋਟਾ
ਤੇ ਮੈਂ ਵੱਡ ਆਕਾਰਾ
ਹੋ ਜਾਂਦਾ
ਮੈਂ ਭਟਕਦਾ
ਆਪਣੇ ਮੇਚ ਦੀ ਖੋਜ ਵਿੱਚ।
ਕੈਦ
ਪੰਜ ਸਾਲ
ਜੇਲ੍ਹ ਕੱਟ ਕੇ ਆਇਆ
ਸ਼ਖ਼ਸ ਖੁਸ਼ ਹੈ
ਕਿ ਸਜਾ ਮੁੱਕ ਗਈ
ਕੈਦ ਸਿਰਫ਼ ਜੇਲ੍ਹ 'ਚ ਨਹੀਂ ਹੁੰਦੀ
ਕੈਦ ਲਈ ਜ਼ਰੂਰੀ ਨਹੀਂ ਕੰਧਾਂ
ਜਾਂ ਬੂਹੇ ਤੇ ਲੱਗਿਆ ਜਿੰਦਾ
ਵਰਾਂਡੇ 'ਚ ਫਿਰਦੇ ਜਾਂ ਮੇਨ-ਗੇਟ ‘ਤੇ ਖੜ੍ਹੇ
ਵਰਦੀਧਾਰੀ ਆਦਮੀ
ਕੈਦ ਲਈ ਇਹ ਵੀ ਲਾਜ਼ਮੀ ਨਹੀਂ
ਕਾਗਜਾਂ ‘ਤੇ ਜੱਜ ਦੇ ਹਸਤਾਖ਼ਰ ਤੇ ਬਿਆਨ
ਐਨੇ ਸਾਲ ਦੀ ਸਜਾ
ਇਹ ਸਭ ਦੇ ਬਿਨਾ ਵੀ ਹੋ ਸਕਦੀ ਹੈ ਕੈਦ
ਲੰਮੀ ਅਣ-ਮਿੱਥੀ ਕੈਦ
ਨਾ-ਮੁੱਕਣ ਵਾਲੀ
ਸਰੀਰ ਅੰਦਰ ਕੈਦ ਮਨ
ਤੇ ਮਨ ਕੈਦ ਕੀਤਾ ਗਿਆ
ਘਰ ਦੁਆਰਾ
ਘਰ ਵਿੱਚ
ਮਨ ਕੈਦ।
ਬੰਦਾ ਕਵਿਤਾ
ਹਰ ਬੰਦਾ
ਤੁਰਦੀ ਫਿਰਦੀ ਕਵਿਤਾ ਹੁੰਦਾ
ਹਰ ਕੋਈ ਉਸਨੂੰ ਪੜ੍ਹ
ਆਪਣੇ ਹਿਸਾਬ ਨਾਲ
ਅਰਥ ਕੱਢਦਾ
ਜੋ ਕਵਿਤਾ ਨੂੰ
ਚਾਹੁੰਦਾ
ਓਹੀ ਬੱਸ
ਉਹਦੇ ਨਾਲ ਜਿਉਂਦਾ
ਉਹਨੂੰ ਪਿਆਰ ਕਰਦਾ।
ਮੈਂ ਮਨੁੱਖ ਹਾਂ
1
ਮੇਰਾ ਧਰਮ ਸੀ ਜਿਉਣਾ
ਫਿਰ
ਜੀਓ ਅਤੇ ਜਿਉਣ ਦਿਓ
ਹੋ ਗਿਆ
ਹੁੰਦਾ ਹੁੰਦਾ
ਮੇਰਾ ਹਰ ਕਰਮ
ਧਰਮ ਹੋ ਗਿਆ
ਐਨਾ ਘਿਰਾਵ ਹੋ ਗਿਆ
ਧਰਮ ਦਾ
ਹੁਣ ਮੈਨੂੰ ਇਸਤੋਂ ਖਤਰਾ ਹੈ
ਮੈਂ ਮਨੁੱਖ ਹਾਂ।
2
ਮਸਲੇ ਐਨੇ ਹੋ ਗਏ ਨੇ
ਮਨੁੱਖ ਉਲਝ ਗਿਆ ਕਿ
ਅਸਲ ਕੀ ਹੈ?
ਉਲਝੇ ਮਨੁੱਖ ਨੂੰ
ਅਨੇਕਾਂ ਸੱਦਾਂ ਆ ਰਹੀਆਂ
ਨਾਅਰੇ ਸੁਣ ਰਹੇ ਨੇ
ਉਹ ਜ਼ਿੰਦਾਬਾਦ-ਮੁਰਦਾਬਾਦ ਕਰ ਰਿਹਾ
ਇਹ ਆਵਾਜ਼ ਕਿਸਦੇ ਹੱਕ ਵਿੱਚ ਹੈ
ਉਹ ਖੁਦ ਵੀ ਨਹੀਂ ਜਾਣਦਾ।
3
ਧਰਮ ਕੀ ਸੀ?
ਧਰਮ ਕੀ ਹੋ ਗਿਆ?
ਮੈਂ ਚਾਹ ਕੇ ਵੀ
ਨਾ ਜਾਣ ਸਕਿਆ
ਕੀ ਧਰਮ ਕੋਈ ਮਸਲਾ ਹੈ?
4
ਕੁਝ ਮਸਲਿਆਂ ਨੂੰ
ਐਦਾਂ ਹੀ ਨਹੀਂ
ਛੱਡਿਆ ਜਾ ਸਕਦਾ
ਸਾਰੇ ਮਸਲੇ ਹੱਲ ਹੋਣ
ਜ਼ਰੂਰੀ ਨੇ?
ਮੈਂ ਤੇ ਮੈਂ
1
ਮੈਂ ਬਹੁਤ ਕੁਝ ਹਾਂ
ਜੇ ਮੈਂ ਆਪਣੀ
ਮੈਂ ਨਾਲ ਜੁੜਿਆ ਰਹਾਂ
ਪਰ
ਆਪਣੀ ਮੈਂ ਨਾਲ ਜੁੜੇ ਰਹਿਣਾ
ਬਹੁਤ ਮੁਸ਼ਕਿਲ
ਅਸਿਹ
ਕਸ਼ਟਦਾਇਕ ਵੀ।
2
ਮੈਂ
ਬਹੁਤ ਸਾਰੇ ਲੋਕਾਂ ਨੂੰ ਦੇਖਦਾਂ
ਕਸ਼ਟ ਸਹਿ ਕੇ
ਆਪਣੀ ਮੈਂ ਟੁੱਟ ਕੇ
ਦੁਨੀਆਂ ਨਾਲ ਜੁੜਦਿਆਂ
ਪਰ ਨਾਲ-ਨਾਲ
ਮੈਂ ਦੇਖਦਾ ਹਾਂ
ਉਹਨਾਂ ਨੂੰ ਕਸ਼ਟ ਸਹਿੰਦਿਆਂ
ਕੁਝ ਵੀ ਸਹਿਣਾ
ਦੁਖਦਾਇਕ ਹੈ।
3
ਵਿਸ਼ਵਾਸ ਬਹੁਤ
ਵੱਡੀ ਵਸਤ ਹੈ
ਆਪਣੇ ਆਪ ਨਾਲ
ਜੁੜੇ ਰਹਿਣ ਲਈ
ਅਸੀਂ ਵਿਸਵਾਸ਼ ਨੂੰ
ਸਾਬਤ ਕਰਦੇ ਹਾਂ
ਪਰ ਵਿਸ਼ਵਾਸ
ਸਾਬਿਤ ਕਰਨ ਦੀ
ਸ਼ੈਅ ਹੀ ਨਹੀਂ।
ਮੈਂ ਤੇ ਪਿਆਰ
1
ਚੱਲ! ਮੈਂ ਪਿਆਰ ਨੂੰ ਹੁਣ
ਓਥੇ ਰੱਖ ਕੇ ਭੁੱਲ ਜਾਣਾ
ਜਿੱਥੇ ਤੇਰਾ ਆਉਣਾ ਤਾਂ
ਅਸੰਭਵ ਜਿਹੀ ਗੱਲ ਆ।
ਉਸ ਥਾਂ ਨੂੰ
ਮੈਂ ਵੀ ਮੁੜ ਕੇ ਨਹੀਂ
ਲੱਭ ਸਕਾਂਗਾ।
2
ਜਦੋਂ ਮੇਰਾ ਪਿਆਰਾ
ਮੈਨੂੰ ਪਿਆਰ ਨਾ ਕਰੇ
ਮੈਂ ਕੱਲਾ ਹੋ ਜਾਵਾਂ
ਮੈਂ ਆਪਣੇ ਆਪ ਨੂੰ
ਪਿਆਰ ਕਰਨ ਲਗਦਾ ਹਾਂ।
3
ਜਦੋਂ ਮੈਂ ਆਪਣੇ ਆਪ ਨੂੰ
ਪਿਆਰ ਕਰਨ ਲਗਦਾ
ਉਦੋਂ ਮੇਰੇ ਤੋਂ ਬਿਹਤਰ
ਹੋਰ ਕੋਈ ਨਹੀਂ ਹੁੰਦਾ।
4
ਮੈਨੂੰ ਤੇਰੇ ਕਹਿਣੇ 'ਚ
ਰਹਿਣਾ ਪਸੰਦ ਸੀ
ਪਰ ਹੁਣ ਮੈਂ
ਆਪਣੇ ਕਹਿਣ ਤੋਂ ਵੀ
ਬਾਹਰ ਹਾਂ
ਮਾਂ ਦੀਆਂ ਸੁੱਖਾਂ
ਮੈਨੂੰ ਏਥੇ ਹੁੰਦੀ ਆ
ਨਿੱਕੀ ਜਿਹੀ ਚਿੰਤਾ
ਮਾਂ ਸੁੱਖ ਲੈਂਦੀ
ਪੰਜ ਐਤਵਾਰ
ਪਿੰਡ ਵਾਲੇ ਗੁਰੂਘਰ
ਏਦਾਂ ਠੀਕ ਹੁੰਦੇ ਨੇ
ਮੇਰੇ ਵਿਗੜੇ ਕੰਮ
ਭਗਤ ਸਿੰਘ
ਭਗਤ ਸਿੰਘ
ਜੰਮਣ ਵੇਲੇ ਭਗਤ ਸਿੰਘ ਨਹੀਂ ਸੀ
ਉਦੋਂ ਤਾਂ ਉਹ ਕਿਸੇ
ਇੱਕ ਧਰਮ ਦੇ ਪਰਿਵਾਰ
ਦੀ ਵੇਲ-ਵਧਾਉਣ ਲਈ
ਜਨਮਿਆ ਇੱਕ ਬੱਚਾ ਸੀ
ਉਸ ਨੇ ਵੀ ਆਮ ਬੱਚਿਆਂ ਵਾਂਗ
ਰੋ ਕੇ ਘਰਦਿਆਂ ਨੂੰ ਖੁਸ਼ ਕਰ ਦਿੱਤਾ ਹੋਵੇਗਾ
ਆਮ ਬੱਚਿਆਂ ਵਾਂਗ ਉਹਦਾ ਪਿਆਰਾ ਬਚਪਨ
ਖੇਡਦਿਆ, ਲਿੱਬੜਦਿਆਂ, ਮਾਂ ਤੋਂ ਕੁੱਟ ਖਾਂਦਿਆ
ਹੀ ਗੁਜ਼ਰਿਆ ਹੋਵੇਗਾ।
ਵਧਦੀ ਉਮਰ ਨਾਲ
ਚੜਦਿਆਂ ਤੇ ਲਹਿੰਦਿਆਂ
ਸੂਰਜਾਂ ਦੇ ਚੜ੍ਹਨ ਲਹਿਣ ਨਾਲ
ਸਰੀਰ ਦੇ ਨਾਲ-ਨਾਲ ਹੋਣ ਲੱਗਾ ਸੀ
ਮੱਥਾ ਵਿਕਸਿਤ
ਸਕੂਲ ਵਿੱਚ ਪੜਾਈਆਂ ਜਾਣ ਵਾਲੀਆਂ ਕਿਤਾਬਾਂ ਚੋਂ
ਉਸਨੇ ਪੜ੍ਹ ਕੇ ਪੇਪਰ ਹੀ ਨਹੀਂ ਪਾਸ ਕੀਤੇ
ਸਬਕ ਯਾਦ ਰੱਖੇ
ਤੇ ਜ਼ਿੰਦਗੀ 'ਚ ਵਰਤਣ ਲੱਗਾ
ਇਹਨਾਂ ਸਬਕਾਂ ਨੂੰ
ਜਿਵੇਂ ਉਸਦਾ ਚਾਚਾ ਅਜੀਤ ਵਰਤਦਾ ਸੀ
ਕਿਤਾਬਾਂ ਵਿੱਚ ਲਿਖੇ ਸਬਕ
ਜ਼ਿੰਦਗੀ ਦੇ ਪੰਨਿਆਂ ‘ਤੇ ਲਿਖਣੇ, ਹੰਢਾਉਣੇ ਹੋਣ ਤਾਂ
ਹੌਸਲੇ ਨੂੰ ਆਪਣੇ ਦਿਲ 'ਚ
ਵਾਹਵਾ ਥਾਂ ਦੇਣੀ ਪੈਂਦੀ ਹੈ
ਕਾਲਜ 'ਚ ਦਾਖਲਾ ਲੈਂਦਿਆਂ
ਸਿਲੇਬਸ ਦੀਆਂ ਕਿਤਾਬਾਂ ਦੇ ਨਾਲ-ਨਾਲ
ਲਾਇਬਰੇਰੀ ਦੀਆਂ ਕਿਤਾਬਾਂ ਵੀ ਸਬਕ ਦੇਣ ਲੱਗੀਆਂ
ਕਿਤਾਬਾਂ ਆਜ਼ਾਦੀ ਤੇ ਗੁਲਾਮੀ ਦੇ ਫ਼ਰਕ ਨੂੰ
ਉਹਦੀਆਂ ਅੱਖਾਂ ਸਾਹਵੇ ਲਿਆ ਖੜ੍ਹਾ ਕੀਤਾ।
ਕਿਤਾਬਾਂ ਤਾਂ ਹਰੇਕ ਦੇ ਸਾਹਮਣੇ ਹੀ
ਫ਼ਰਕ ਲਿਆ ਕੇ ਖੜ੍ਹਾ ਕਰ ਦਿੰਦੀਆਂ ਨੇ
ਪਰ ਅਸੀਂ ਕੰਨੀ ਕਤਰਾ ਜਾਂਦੇ ਹਾਂ
ਅਸੀਂ ਤਾਂ ਬੱਸ ਦੇਖਦੇ ਹਾਂ
ਫਸਟ-ਡਿਵੀਜਨ ਤੇ ਫਿਰ ਸਰਕਾਰੀ ਨੌਕਰੀ
ਕਿਤਾਬਾਂ ਯਾਦ ਕਰਦੇ ਤੇ
ਪੇਪਰ ਦਿੰਦੇ ਹਾਂ ਅਸੀਂ
ਕਿਤਾਬਾਂ ਵਿਚਾਰਦਿਆਂ
ਸਮਾਜ ਨੂੰ ਪੜ੍ਹਨ ਸਮਝਣ ਦੀ ਅਕਲ ਆਈ
ਭਗਤ ਕਿਤਾਬਾਂ ਸਿਰਜਣ ਲੱਗਾ
ਸ਼ਬਦ ਅਪਣਾਉਣ ਲੱਗਾ
ਸਬਕ ਅਪਣਾਉਣ ਲੱਗਾ
ਸਬਕ ਸਿਖਾਉਣ ਲੱਗਾ
ਸ਼ਬਦ ਸਿਖਾਉਣ ਲੱਗਾ
ਪੜ੍ਹੀਆਂ-ਵਿਚਾਰੀਆਂ ਗਈਆਂ
ਕਿਤਾਬਾਂ ਨੇ ਪੰਨਾਂ-ਪੰਨਾਂ ਸਿਰਜਣਾ
ਸ਼ੁਰੂ ਕੀਤਾ ਭਗਤ ਸਿੰਘ
ਗੁਲਾਮੀ ਤੋਂ ਆਜ਼ਾਦੀ ਵੱਲ੍ਹ ਵਧਦਾ
ਭਗਤ ਸਿੰਘ
ਕਿਤਾਬਾਂ ਤੋਂ ਸਿੱਖ
ਅਖੀਰਲਾ ਹੀਲਾ ਹਥਿਆਰ ਅਪਣਾਉਦਾ ਭਗਤ
ਹਥਿਆਰਾਂ ਤੇ ਕਿਤਾਬਾਂ ਸੰਗ ਵਿਚਰਦਾ ਭਗਤ
ਆਪ ਫਾਂਸੀ ਦੇ ਰੱਸੇ 'ਤੇ ਝੂਲਦਾ ਭਗਤ
ਸ਼ਬਦ ਅਪਣਾਉਣ ਲਈ ਕਹਿੰਦਾ ਭਗਤ
ਇਸ ਤਰ੍ਹਾਂ ਸਿਰਜਿਆ ਗਿਆ ਭਗਤ
ਜਿਹੜਾ ਫਿਰ
ਕਿਸੇ ਪਰਿਵਾਰ ਦੀ ਵੇਲ ਨਹੀਂ ਰਿਹਾ
ਦੇਸ਼ ਦੇ ਸਾਰੇ ਪਰਿਵਾਰਾਂ ਦਾ ਹੋ ਗਿਆ
'ਭਗਤ' ਇੱਕ ਸੋਚ ਹੋ ਗਿਆ।
ਦੋਸਤੀ ਦੇ ਨਾਂ
ਦੋਸਤ ਦੋ-ਸੱਤ
ਦੋਸਤ ਹੋਣ ਦੇ ਕਾਰਨ ਕੌਣ ਲੱਭੇ
ਕਾਰਨ ਨਹੀਂ ਹੁੰਦੇ
ਸਬੱਬ ਬਣਦੇ ਨੇ
ਮਿੱਤਰ-ਮਿੱਤਰ ਹੀ ਹੋ ਸਕਦਾ
ਇਸਦੀ ਹੋਰ ਕੋਈ ਪ੍ਰੀਭਾਸ਼ਾ ਨਹੀਂ ਬਣਦੀ
ਨਾ ਹੀ ਬਣੇਗੀ ਮੇਰੀ ਕਲਮ ਤੋਂ
ਇਹ ਲਗਾਵ ਹੋ ਸਕਦਾ ਕਿਸੇ
ਮਨੁੱਖ ਪਸ਼ੂ ਚੀਜ਼ ਵਸਤ ਨਾਲ
ਜਿਵੇਂ ਇਹ ਅੱਖਰ ਖਿੜਦੇ
ਕਾਪੀ ਤੇ ਮੁਬਾਇਲ ਤੇ ਰੰਗ ਭਰਦੇ
ਅੱਖਰ ਜੁੜ ਕੇ ਭਾਸ਼ਾ ਬਣਦੇ
ਲੰਮੀਆਂ-ਲੰਮੀਆਂ ਕਾਲਾਂ ਕਰਦੇ
ਕਦੇ-ਕਦੇ ਵੀਡਿਓ ਕਾਲ ਵੀ
ਇਹ ਅੱਖਰ
ਸੌਣ ਲੱਗਿਆ ਮੇਰੀ ਬਾਂਹ 'ਤੇ
ਸਿਰ ਰੱਖਦੇ
ਨੀਂਦ ਨਾ ਆਵੇ, ਵਾਲਾਂ 'ਚ ਹੱਥ ਫੇਰਦੇ
ਹੰਝੂ ਪੂੰਝਦੇ
ਮਹਿਬੂਬ ਬਣ ਜਾਂਦੇ ਨੇ ਅੱਖਰ
ਇਹ ਖਿਆਲ ਰੱਖਦੇ
ਮਾੜਾ ਜਿਹਾ ਵੀ ਉਦਾਸ ਨਹੀਂ ਹੋਣ ਦਿੰਦੇ
ਰੋਣ ਵੇਲ਼ੇ ਤਾਂ ਉੱਕਾ ਹੀ ਨਹੀਂ
ਕਹਿੰਦੇ ਨੇ
ਬੱਸ! ਬੜਾ ਹੋ ਗਿਆ
ਐਵੇਂ ਕਿਸੇ ਉਦਾਸ ਗ਼ਜ਼ਲ ਨੂੰ
ਆਵਾਜ਼ ਨਾ ਮਾਰੀ
ਕੋਈ ਕਵਿਤਾ ਨਾ ਕਹੀਂ
ਉਦੋਂ ਹੀ ਹਾਸੇ ਵਰਗੇ ਦੋ ਅੱਖਰ
ਮੇਰੇ ਮੋਢੇ 'ਤੇ ਹੱਥ ਧਰਦੇ
ਗਾਉਣ ਲਗਦੇ
'ਚੰਨ ਵੇ ਸ਼ੌਕਣ ਮੇਲ਼ੇ ਦੀ...’
ਇਹ ਅੱਖਰ ਦੋਸਤ ਬਣ ਨਾਲ ਖੜ੍ਹਦੇ
ਦੁਨੀਆਂ ਛੱਡ ਗਏ ਦੋਸਤ ਨੂੰ
ਯਾਦ ਕਰਦਾਂ ਤਾਂ
ਉਹਦੇ ਨਾਂ ਦਾ ਪਹਿਲਾ ਅੱਖਰ
ਮੇਰੇ ਨਾਲ ਦੀ ਕੁਰਸੀ 'ਤੇ ਆ ਬਹਿੰਦਾ
ਕਹਿੰਦਾ
ਤੂੰ ਨਹੀਂ ਪੀਣੀ, ਨਾ ਪੀ
ਤੇਰੇ ਹਿੱਸੇ ਦਾ ਪੈੱਗ ਵੀ ਮੈਂ ਪੀ ਲੈਨਾ
ਅੱਖਰ ਦੋਸਤ ਹੋ ਜਾਂਦੇ
ਦੋਸਤ ਅੱਖਰਾਂ ਵਰਗੇ ਲਗਦੇ।
ਦੋਸਤ ਦੀਵੇ ਵਰਗੇ
ਚਾਨਣ ਵੰਡਦੇ, ਲੋਅ ਦਿੰਦੇ
ਦੀਵੇ ਬੁਝ ਵੀ ਜਾਂਦੇ ਝੱਖੜਾਂ ਨਾਲ
ਬਿਨਾ ਲੋਅ ਦੇ ਦੀਵੇ ਚੰਗੇ ਨਾ ਲਗਦੇ
ਸੁੱਟ ਵੀ ਨਾ ਹੁੰਦੇ ਕਿਤੇ
ਮੋਹ ਨਾਲ ਭਰੇ ਦੀਵੇ
ਕਦੇ ਕਦੇ ਏਦਾਂ ਲਗਦਾ
ਅਸੀਂ ਹੁੰਦੇ ਹੋਏ ਵੀ
ਉਹਦੇ ਨਾਲ ਨਹੀਂ ਸੀ
ਉਹ ਕਿੰਨਾ ਕੱਲਾ ਹੋ ਗਿਆ
ਸਿੰਪਲ-ਸਧਾਰਨ ਆਦਮੀ
ਮਾਨਸਿਕ ਪਰੇਸ਼ਾਨ ਹੋ ਗਿਆ
ਮੇਰੇ ਕੋਲ ਫੋਨ ਸੀ
ਮੇਰੇ ਕੋਲ ਨੰਬਰ ਸੀ
ਉਹਦੇ ਕੋਲ ਵੀ
ਨਾ ਉਹਨੇ ਗੱਲ ਕੀਤੀ, ਨਾ ਮੈਂ
ਕੀ ਕਰਨੀ ਅਸੀਂ ਤਕਨੀਕ
ਜੋ ਸਾਡੇ ਕੰਮ ਨਾ ਆਈ
ਭੋਲਾ ਜਿਹਾ ਬੰਦਾ
ਦਾਰੂ ਦਾ ਆਦੀ ਹੁੰਦਾ-ਹੁੰਦਾ
ਮੌਤ ਦਾ ਆਦੀ ਹੋ ਗਿਆ।
ਦੀਵਾ ਬੁਝ ਗਿਆ
ਲੋਅ ਉਡ ਗਈ
ਖਾਲੀ ਵਸਤ ਜੋ ਦੀਵਾ ਹੈ, ਬਚੀ ਹੈ
ਉਸਦੇ ਨਾਲ ਮੋਹ ਹੈ... ਰਹੇਗਾ ਵੀ।
ਦੋਸਤ ਤੇ ਮੋਹ
ਇੱਕ ਹੀ ਲਗਦੇ
ਜਦ ਵੀ ਆਉਂਦਾ ਕੋਈ ਤਿਉਹਾਰ
ਜਾਂ ਫਿਰ ਲਗਦੀ ਕੋਈ ਮਹਿਫਿਲ
ਆਉਦੀ ਮੋਹ-ਭਰੀ ਯਾਦ ਨਾਲੋਂ-ਨਾਲ
ਟੁਟਦੇ ਵਹਿਮ-ਭਰਮ ਜਿਹੇ ਅਨੇਕਾਂ ਜਾਲ
ਜੀਅ ਕਰਦਾ ਮਟੀ ਬਣਾ ਲਵਾਂ
ਮਨਮਤੀ ਕਹਾਂ ਲਵਾਂ
ਵਹਿਮੀ ਹੋ ਜਾਵਾਂ
ਵਿਦੇਸ਼ ਬੈਠਾ ਹਾਂ
ਪਿੰਡ ਤੋਂ ਕਈ ਹਜ਼ਾਰ ਮੀਲ ਦੂਰ
ਮੇਰਾ ਦਿਲ ਕਰ ਰਿਹਾਂ
ਘਰ ਦੇ ਪਿਛਲੇ ਵਿਹੜੇ ਯਾਰਡ ਵਿੱਚ
ਮੈਂ ਆਪਣੇ ਮਰੇ ਦੋਸਤ ਦੀ ਮਟੀ ਬਣਾਵਾਂ
ਮੈਂ ਆਪ ਇੱਟ ਲਾਵਾਂ
ਓਸ ਮਟੀ ਤੇ
ਭਾਂਵੇ ਕਿ ਮੈਨੂੰ ਪਤਾ ਹੈ
ਓਸ ਹਰ ਇੱਕ ਇਟ ਲਾਉਣ ਲੱਗੇ
ਮੇਰੀ ਲੇਰ ਨਿਕਲਣੀ ਹੈ
ਗੁਆਂਢ ਨੇ ਤੱਕਣਾ ਹੈ
ਮੇਰੇ ਵੱਲ ਹੈਰਾਨੀਆਂ ਸੁਆਲ ਲੈ ਕੇ
ਪਰ ਦੀਵਾ ਬਲੇਗਾ
ਹਰ ਚਾਰ ਜਨਵਰੀ ਨੂੰ
ਉਹਦੇ ਜਨਮ ਦਿਨ 'ਤੇ।
(ਇਹ ਨਜ਼ਮ ਦੁਨੀਆਂ ਤੋਂ ਵਿਛੋੜਾ ਦੇ ਗਏ ਦੋਸਤ ਦੇ ਨਾਂ)