ਨਿੱਕੀ-ਨਿੱਕੀ ਗੱਲ
ਦਿਲ 'ਤੇ ਲਾਉਣ ਵਾਲੇ ਦਿਲ ਨੂੰ
ਮੈਂ ਇਹ ਕਹਿਨਾ
ਕਿੱਡੀ ਵੀ ਗੱਲ ਹੋਵੇ
ਦਿਲ 'ਤੇ ਨਾ ਲਾਇਆ ਕਰ।
ਜਦ ਵੀ ਕਿਸੇ ਦਾ ਦੁੱਖ ਵੇਖ
ਸਿੱਲ੍ਹੀ ਹੋ ਜਾਂਦੀ ਹੈ
ਮੇਰੀ ਅੱਖ
ਵਧਾਈ ਦਿੰਦਾ ਹਾਂ
ਆਪਣੇ ਆਪ ਨੂੰ
ਮੈਂ ਅਜੇ ਪੱਥਰ ਨਹੀਂ ਹੋਇਆ
ਚੰਗਾ ਹੋਇਆ
ਮੈਂ ਤੇਰੇ ਕੋਲ
ਰੁਕ ਗਿਆ
ਜ਼ਿੰਦਗੀ ਨੇ
ਲੰਘ ਹੀ ਜਾਣਾ ਸੀ।
ਐਨਾ ਬਹੁਤ ਹੈ
ਕਿ
ਤੇਰੇ ਦਰ ਤੋਂ ਉੱਠ ਆਇਆਂ
ਤੇ
ਮੇਰੀ ਝੋਲੀ ਖਾਲੀ ਨਹੀਂ ਹੈ
ਤੂੰ ਮੇਰੇ ਦਿਲ 'ਤੇ
ਰਾਜ ਕੀਤਾ
ਤੇ
ਮੈਂ ਤੇਰੇ ਸਿਰ 'ਤੇ ਦੁਨੀਆਂ
ਮਾਣੀ ਹੈ।
ਮੁਆਫ਼ੀ
ਮੈਨੂੰ ਵਾਪਿਸ ਪਰਤਣਾ ਪੈ ਰਿਹਾ
ਹੁਣ ਮੈਨੂੰ ਮੇਰੀ ਲੋੜ ਹੈ।
ਚੱਲ ਆ
ਮੇਰੀਆਂ ਅੱਖਾਂ 'ਚ
ਅੱਥਰੂ ਪਾਉਣ ਵਾਲੀ
ਦਵਾਈ ਪਾ
ਮੈਂ ਰੋਂਦਾ ਲੱਗਣਾ
ਚਾਹੁੰਦਾ ਹਾਂ
ਤੂੰ ਏਦਾਂ ਕਰੀਂ
ਖ਼ਾਬਾਂ 'ਚ ਰਹੀਂ
ਦੁਨੀਆਂਦਾਰੀ ਮੈਨੂੰ
ਰਾਸ ਨੀ ਆਈ
ਤੂੰ ਹੀ
ਤੋੜ ਸਕਦਾ ਸੀ ਮੈਨੂੰ
ਇਹ ਹਰ ਕਿਸੇ ਦੇ ਵੱਸ 'ਚ ਨਹੀਂ।
ਮੇਰੇ ਕਹੇ ਬੋਲ
ਤੇਰੇ ਕੋਣ 'ਤੇ ਨਹੀਂ ਆਏ
ਚੁੱਪ ਚੰਗੀ ਨਹੀਂ ਫਿਰ ?