ਇੱਕ ਦਿਨ ਸ਼ਾਮ ਦੇ ਸਮੇਂ, ਹੋਸਟਲ ਤੋਂ ਦੂਰ ਮੈਂ ਇੱਕ ਪਤੰਗ ਲੁੱਟਣ ਲਈ ਬੜੀ ਤੇਜ਼ੀ ਨਾਲ ਭੱਜਿਆ ਜਾ ਰਿਹਾ ਸੀ। ਅੱਖਾਂ ਅਸਮਾਨ ਵੱਲ ਸਨ ਅਤੇ ਮਨ ਉਸ ਅਕਾਸ਼ੀ ਰਾਹੀ ਵੱਲ, ਜੋ ਧੀਮੀ ਗਤੀ ਨਾਲ ਝੂਮਦਾ ਧਰਤੀ ਵੱਲ ਚਲਿਆ ਆ ਰਿਹਾ ਸੀ, ਜਿਵੇਂ ਕੋਈ ਆਤਮਾ ਸਵਰਗ ਤੋਂ ਨਿੱਕਲ ਕੇ ਉਦਾਸ ਮਨ ਨਾਲ ਨਵੇਂ ਸੰਸਕਾਰ ਗ੍ਰਹਿਣ ਕਰਨ ਲਈ ਆ ਰਹੀ ਹੋਵੇ। ਮੁੰਡਿਆਂ ਦੀ ਪੂਰੀ ਸੈਨਾ ਢਾਂਗੇ ਅਤੇ ਝਾੜੀਦਾਰ ਬਾਂਸ ਲਈ ਇਹਨਾਂ ਦਾ ਸਵਾਗਤ ਕਰਨ ਲਈ ਭੱਜੀ ਆ ਰਹੀ ਸੀ। ਕਿਸੇ ਨੂੰ ਆਪਣੇ ਅੱਗੇ-ਪਿੱਛੇ ਦੀ ਖ਼ਬਰ ਨਹੀਂ ਸੀ। ਸਾਰੇ ਜਿਵੇਂ ਉਸ ਪਤੰਗ ਨਾਲ ਹੀ ਅਕਾਸ਼ ਵਿੱਚ ਉੱਡ ਰਹੇ ਸੀ, ਜਿੱਥੇ ਸਭ ਕੁੱਝ ਪੱਧਰਾ ਹੈ, ਨਾ ਮੋਟਰਕਾਰਾਂ ਹਨ, ਨਾ ਟਰਾਮਾਂ ਤੇ ਨਾ ਗੱਡੀਆਂ।
ਅਚਾਨਕ ਭਾਈ ਸਾਹਬ ਨਾਲ ਮੇਰੀ ਮੁੱਠਭੇੜ ਹੋ ਗਈ, ਜੋ ਸ਼ਾਇਦ ਬਜ਼ਾਰ 'ਚੋਂ ਵਾਪਿਸ ਆ ਰਹੇ ਸਨ। ਉਹਨਾਂ ਨੇ ਉਥੇ ਹੀ ਹੱਥ ਫੜ ਲਿਆ ਅਤੇ ਗੁੱਸੇ ਵਿੱਚ ਕਹਿਣ ਲੱਗੇ, "ਇਹਨਾਂ ਬਜ਼ਾਰੂ ਲੜਕਿਆਂ ਨਾਲ ਧੇਲੇ ਦੇ ਪਤੰਗ ਪਿੱਛੇ ਦੌੜਦੇ ਤੈਨੂੰ ਸ਼ਰਮ ਨਹੀਂ ਆਉਂਦੀ? ਤੈਨੂੰ ਇਸ ਗੱਲ ਦਾ ਵੀ ਕੋਈ ਲਿਹਾਜ ਹੈ ਕਿ ਹੁਣ ਤੂੰ ਨੀਵੀਂ ਜਮਾਤ ਵਿੱਚ ਨਹੀਂ; ਸਗੋਂ ਅੱਠਵੀਂ ਜਮਾਤ ਵਿੱਚ ਹੋ ਗਿਆ ਹੈਂ ਅਤੇ ਮੈਥੋਂ ਸਿਰਫ਼ ਇੱਕ ਜਮਾਤ ਪਿੱਛੇ ਹੈਂ। ਆਖ਼ਰ ਬੰਦੇ ਨੂੰ ਕੁੱਝ ਤਾਂ ਆਪਣੀ ਹੈਸੀਅਤ ਦਾ ਖ਼ਿਆਲ ਕਰਨਾ ਚਾਹੀਦਾ ਹੈ। ਇੱਕ ਜ਼ਮਾਨਾ ਸੀ ਕਿ ਲੋਕ ਅੱਠਵੀਂ ਪਾਸ ਕਰਕੇ ਨਾਇਬ ਤਹਿਸੀਲਦਾਰ ਲੱਗ ਜਾਂਦੇ ਸੀ। ਮੈਂ ਕਿੰਨੇ ਹੀ ਮਿਡਲਚੀਆਂ ਨੂੰ ਜਾਣਦਾ ਹਾਂ, ਜੋ ਪਹਿਲੇ ਦਰਜੇ ਦੇ ਡਿਪਟੀ ਮਜਿਸਟ੍ਰੇਟ ਜਾਂ ਸੁਪਰਡੈਂਟ ਹਨ। ਕਿੰਨੇ ਹੀ ਅੱਠਵੀਂ ਜਮਾਤ ਵਾਲੇ ਸਾਡੇ ਲੀਡਰ ਅਤੇ ਅਖ਼ਬਾਰਾਂ ਦੇ ਸੰਪਾਦਕ ਹਨ। ਵੱਡੇ-ਵੱਡੇ ਵਿਦਵਾਨ ਉਹਨਾਂ ਹੇਠ ਕੰਮ ਕਰਦੇ ਹਨ ਅਤੇ ਤੂੰ ਉਸੇ ਅੱਠਵੀਂ ਜਮਾਤ ਵਿੱਚ ਆ ਕੇ ਬਜ਼ਾਰੂ ਮੰਡੀਰ ਨਾਲ ਪਤੰਗ ਮਗਰ ਭੱਜਿਆ ਜਾ ਰਿਹਾ ਹੈਂ । ਮੈਨੂੰ ਤਾਂ ਤੇਰੀ ਬੇਵਕੂਫ਼ੀ 'ਤੇ ਦੁੱਖ ਹੁੰਦਾ ਹੈ। ਤੂੰ ਸਮਝਦਾਰ ਹੈਂ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀ, ਪਰ ਉਹ ਦਿਮਾਗ਼ ਕਿਸ ਕੰਮ ਦਾ, ਜੋ ਸਾਡੇ ਆਤਮ-ਸਨਮਾਨ ਦੀ ਹੱਤਿਆ ਕਰੇ । ਤੂੰ ਆਪਣੇ ਮਨ ਵਿੱਚ ਸੋਚਦਾ ਹੋਵੇਂਗਾ, ਕਿ ਮੈਂ ਭਾਈ ਸਾਹਬ ਤੋਂ ਇੱਕ ਜਮਾਤ ਪਿੱਛੇ ਹਾਂ, ਅਤੇ ਹੁਣ ਉਹਨਾਂ ਨੂੰ ਮੈਨੂੰ ਕੁੱਝ ਵੀ ਕਹਿਣ ਦਾ ਹੱਕ ਨਹੀ; ਪਰ ਇਹ ਤੇਰਾ ਭੁਲੇਖਾ ਹੈ। ਤੈਥੋਂ ਪੰਜ ਸਾਲ ਵੱਡਾ ਹਾਂ ਅਤੇ ਤੂੰ ਚਾਹੇ ਅੱਜ ਹੀ ਮੇਰੀ ਜਮਾਤ ਵਿੱਚ ਆ ਜਾਵੇਂ- ਅਤੇ ਇਮਤਿਹਾਨ ਜਾਂਚਣ ਵਾਲਿਆਂ ਦਾ ਵੀ
ਇਹੀ ਹਾਲ ਹੈ; ਤਾਂ ਬੇਸ਼ੱਕ ਤੂੰ ਅਗਲੇ ਸਾਲ ਮੇਰੇ ਬਰਾਬਰ ਹੋ ਜਾਵੇਂਗਾ ਅਤੇ ਸ਼ਾਇਦ ਹੋਰ ਇੱਕ ਸਾਲ ਬਾਅਦ ਮੈਥੋਂ ਅੱਗੇ ਵੀ ਨਿੱਕਲ ਜਾਵੇਂ - ਪਰ ਮੇਰੇ ਅਤੇ ਤੇਰੇ ਵਿੱਚ ਜੋ ਪੰਜ ਸਾਲ ਦਾ ਅੰਤਰ ਹੈ, ਉਹਨੂੰ ਰੱਬ ਵੀ ਨਹੀਂ ਮਿਟਾ ਸਕਦਾ। ਮੈਂ ਤੇਰੇ ਨਾਲੋਂ ਪੰਜ ਸਾਲ ਵੱਡਾ ਹਾਂ ਅਤੇ ਹਮੇਸ਼ਾਂ ਰਹਾਂਗਾ! ਮੈਨੂੰ ਦੁਨੀਆਂ ਅਤੇ ਜ਼ਿੰਦਗੀ ਦਾ ਜਿੰਨਾਂ ਤਜ਼ਰਬਾ ਹੈ, ਤੂੰ ਉਸਦੀ ਬਰਾਬਰੀ ਵੀ ਨਹੀਂ ਕਰ ਸਕਦਾ, ਚਾਹੇ ਤੂੰ ਐੱਮ. ਏ. ਅਤੇ ਡੀ. ਲਿਟ ਅਤੇ ਡੀ. ਫਿਲ ਹੀ ਕਿਉਂ ਨਾ ਕਰ ਲਵੇਂ । ਸਮਝ ਕਿਤਾਬਾਂ ਤੋਂ ਨਹੀਂ ਆਉਂਦੀ, ਦੁਨੀਆਂ ਦੇਖਣ ਨਾਲ ਆਉਂਦੀ ਹੈ ।
ਸਾਡੀ ਮਾਂ ਨੇ ਤਾਂ ਕੋਈ ਜਮਾਤ ਪਾਸ ਨਹੀਂ ਕੀਤੀ, ਅਤੇ ਦਾਦਾ ਵੀ ਸ਼ਾਇਦ ਪੰਜਵੀਂ- ਛੇਵੀਂ ਜਮਾਤ ਤੋਂ ਅੱਗੇ ਨਹੀਂ ਗਿਆ; ਪਰ ਅਸੀਂ ਚਾਹੇ ਪੂਰੀ ਦੁਨੀਆਂ ਦੀ ਵਿੱਦਿਆ ਪੜ੍ਹ ਲਈਏ, ਮਾਂ ਅਤੇ ਦਾਦੇ ਨੂੰ ਸਾਨੂੰ ਸਮਝਾਉਣ ਅਤੇ ਸੁਧਾਰਨ ਦਾ ਹੱਕ ਹਮੇਸ਼ਾ ਰਹੇਗਾ। ਇਸ ਲਈ ਨਹੀਂ ਕਿ ਉਹ ਸਾਡੇ ਜਨਮਦਾਤਾ ਹਨ; ਸਗੋਂ ਇਸ ਲਈ ਕਿ ਉਹਨਾਂ ਨੂੰ ਦੁਨੀਆਂ ਦਾ ਸਾਡੇ ਨਾਲੋਂ ਜ਼ਿਆਦਾ ਤਜ਼ਰਬਾ ਹੈ ਅਤੇ ਰਹੇਗਾ। ਅਮਰੀਕਾ ਵਿੱਚ ਕਿਸ ਤਰ੍ਹਾਂ ਦਾ ਸਿਆਸੀ ਢਾਂਚਾ ਹੈ, ਅਤੇ ਅੱਠਵੇਂ ਹੈਨਰੀ ਨੇ ਕਿੰਨੇ ਵਿਆਹ ਕੀਤੇ ਅਤੇ ਅਕਾਸ਼ ਵਿੱਚ ਕਿੰਨੇ ਗ੍ਰਹਿ ਹਨ, ਇਹ ਗੱਲਾਂ ਚਾਹੇ ਉਹਨਾਂ ਨੂੰ ਨਾ ਪਤਾ ਹੋਣ; ਫਿਰ ਵੀ ਅਜਿਹੀਆਂ ਹਜ਼ਾਰਾਂ ਗੱਲਾਂ ਹਨ, ਜਿੰਨ੍ਹਾਂ ਦਾ ਗਿਆਨ ਉਹਨਾਂ ਨੂੰ ਸਾਡੇ ਨਾਲੋਂ ਵਧੇਰੇ ਹੈ। ਰੱਬ ਨਾ ਕਰੇ, ਮੈਂ ਅੱਜ ਬਿਮਾਰ ਹੋ ਜਾਵਾਂ, ਤਾਂ ਤੈਨੂੰ ਹੱਥਾਂ-ਪੈਰਾਂ ਦੀ ਪੈ ਜਾਵੇਗੀ। ਦਾਦੇ ਨੂੰ ਤਾਰ ਭੇਜਣ ਤੋਂ ਬਿਨਾਂ ਤੈਨੂੰ ਕੁੱਝ ਨਹੀਂ ਸੁੱਝਣਾ; ਪਰ ਤੇਰੀ ਥਾਂ ਦਾਦਾ ਹੋਵੇ, ਤਾਂ ਕਿਸੇ ਨੂੰ ਤਾਰ ਨਾ ਭੇਜਣ, ਨਾ ਘਬਰਾਉਣ, ਨਾ ਬੇਹਾਲ ਹੋਣ। ਪਹਿਲਾਂ ਖੁਦ ਬਿਮਾਰੀ ਪਹਿਚਾਣ ਕੇ ਇਲਾਜ ਕਰਨਗੇ, ਉਸ ਵਿੱਚ ਸਫ਼ਲ ਨਾ ਹੋਏ, ਤਾਂ ਕਿਸੇ ਡਾਕਟਰ ਨੂੰ ਬੁਲਾਉਣਗੇ। ਬਿਮਾਰੀ ਤਾਂ ਖ਼ੈਰ ਵੱਡੀ ਚੀਜ ਹੈ। ਆਪਾਂ ਤਾਂ ਇਹ ਵੀ ਨਹੀਂ ਜਾਣਦੇ ਕਿ ਮਹੀਨੇ ਭਰ ਦਾ ਖ਼ਰਚਾ ਕਿਵੇਂ ਚਲਾਇਆ ਜਾਵੇ। ਜੋ ਕੁੱਝ ਦਾਦਾ ਜੀ ਭੇਜਦੇ ਹਨ, ਉਹਨੂੰ ਅਸੀਂ ਵੀਹ-ਬਾਈ ਤੱਕ ਖ਼ਰਚ ਦਿੰਦੇ ਹਾਂ, ਅਤੇ ਫਿਰ ਪੈਸੇ-ਪੈਸੇ ਨੂੰ ਤਰਸਦੇ ਹਾਂ । ਨਾਸ਼ਤਾ ਬੰਦ ਹੋ ਜਾਂਦਾ ਹੈ, ਧੋਬੀ ਅਤੇ ਨਾਈ ਮੂੰਹ ਫੇਰਨ ਲਗਦੇ ਹਨ, ਪਰ ਜਿੰਨਾਂ ਅੱਜ ਤੱਕ ਆਪਾਂ ਖ਼ਰਚ ਰਹੇ ਹਾਂ, ਉਸਤੋਂ ਅੱਧੇ ਨਾਲ ਦਾਦੇ ਨੇ ਆਪਣੀ ਉਮਰ ਦਾ ਵੱਡਾ ਹਿੱਸਾ ਇੱਜ਼ਤ ਅਤੇ ਨੇਕਨਾਮੀ ਨਾਲ ਬਿਤਾਇਆ ਹੈ ਅਤੇ ਟੱਬਰ ਦਾ ਪਾਲਣ-ਪੋਸ਼ਣ ਹੈ ਜਿਸ ਵਿੱਚ ਅਸੀਂ ਸਾਰੇ ਰਲਕੇ ਨੌਂ ਜਣੇ ਸੀ। ਆਪਣੇ ਹੈੱਡ ਮਾਸਟਰ ਸਾਹਬ ਨੂੰ ਹੀ ਦੇਖ। ਐੱਮ. ਏ. ਹੈ
ਕਿ ਨਹੀਂ; ਅਤੇ ਇੱਥੋਂ ਦੀ ਐੱਮ. ਏ. ਨਹੀਂ, ਆਕਸਫੋਰਡ ਦੀ। ਇੱਕ ਹਜ਼ਾਰ ਰੁਪਏ ਮਿਲਦੇ ਨੇ; ਪਰ ਉਹਨਾਂ ਦੇ ਘਰ ਦਾ ਪ੍ਰਬੰਧ ਕੌਣ ਚਲਾਉਂਦਾ ਹੈ? ਉਹਨਾਂ ਦੀ ਬੁੱਢੀ ਮਾਂ। ਹੈੱਡ ਮਾਸਟਰ ਸਾਹਬ ਦੀ ਡਿਗਰੀ ਇੱਥੇ ਬੇਕਾਰ ਹੋ ਗਈ। ਪਹਿਲਾਂ ਖੁਦ ਘਰ ਦਾ ਇੰਤਜ਼ਾਮ ਕਰਦੇ ਸੀ। ਖ਼ਰਚਾ ਹੀ ਪੂਰਾ ਨਹੀਂ ਸੀ ਹੁੰਦਾ। ਕਰਜ਼ਈ ਰਹਿੰਦੇ ਸੀ। ਜਦੋਂ ਤੋਂ ਉਹਨਾਂ ਦੀ ਮਾਂ ਨੇ ਪ੍ਰਬੰਧ ਆਪਣੇ ਹੱਥਾਂ ਵਿੱਚ ਲਿਆ ਹੈ, ਘਰ ਵਿੱਚ ਜਿਵੇਂ ਲੱਛਮੀ ਆ ਗਈ ਹੋਵੇ। ਤਾਂ ਭਾਈਜਾਨ, ਇਹ ਘਮੰਡ ਆਪਣੇ ਦਿਲੋਂ ਕੱਢ ਦੇ ਕਿ ਤੂੰ ਮੇਰੇ ਨੇੜੇ ਆ ਗਿਆ ਹੈਂ ਅਤੇ ਹੁਣ ਅਜ਼ਾਦ ਹੈਂ। ਮੇਰੇ ਦੇਖਦਿਆਂ ਤੂੰ ਕੁਰਾਹੇ ਨਹੀਂ ਪੈ ਸਕੇਂਗਾ।
ਜੇ ਤੂੰ ਇਓਂ ਨਹੀਂ ਮੰਨੇਂਗਾ ਤਾਂ ਮੈਂ (ਥੱਪੜ ਦਿਖਾਕੇ) ਇਸਦੀ ਵਰਤੋਂ ਵੀ ਕਰ ਸਕਦਾ ਹਾਂ। ਮੈਂ ਜਾਣਦਾ ਹਾਂ ਕਿ ਤੈਨੂੰ ਮੇਰੀਆਂ ਗੱਲਾਂ ਜ਼ਹਿਰ ਲੱਗ ਰਹੀਆਂ ਨੇ... "
ਉਹਨਾਂ ਦੀ ਇਸ ਨਵੀਂ ਤਰਕੀਬ ਅੱਗੇ ਮੇਰਾ ਸਿਰ ਝੁਕ ਗਿਆ। ਮੈਨੂੰ ਅੱਜ ਸੱਚੀਂ ਹੀ ਆਪਣੇ ਛੋਟੇ ਹੋਣ ਦਾ ਅਹਿਸਾਸ ਹੋਇਆ ਅਤੇ ਭਾਈ ਸਾਹਬ ਪ੍ਰਤੀ ਮੇਰੇ ਮਨ ਵਿੱਚ ਸ਼ਰਧਾ ਪੈਦਾ ਹੋ ਗਈ, ਮੈਂ ਸੇਜ਼ਲ ਅੱਖਾਂ ਨਾਲ ਕਿਹਾ - "ਬਿਲਕੁਲ ਨਹੀਂ, ਤੁਸੀਂ ਜੋ ਕੁੱਝ ਕਹਿ ਰਹੇ ਹੋ, ਉਹ ਬਿਲਕੁਲ ਸੱਚ ਹੈ ਅਤੇ ਤੁਹਾਨੂੰ ਇਹ ਕਹਿਣ ਦਾ ਹੱਕ ਹੈ।”
ਭਾਈ ਸਾਹਬ ਨੇ ਮੈਨੂੰ ਗਲੇ ਨਾਲ ਲਾ ਲਿਆ ਅਤੇ ਬੋਲੇ - "ਮੈਂ ਪਤੰਗ ਉਡਾਉਣ ਤੋਂ ਮਨਾ ਨਹੀਂ ਕਰਦਾ। ਮੇਰਾ ਵੀ ਜੀ ਲਲਚਾਉਂਦਾ ਹੈ; ਪਰ ਕੀ ਕਰਾਂ, ਖੁਦ ਕੁਰਾਹੇ ਪਵਾਂ, ਤਾਂ ਤੇਰੀ ਰੱਖਿਆ ਕਿਵੇਂ ਕਰੂੰ ? ਇਹ ਜਿੰਮੇਵਾਰੀ ਵੀ ਤਾਂ ਮੇਰੇ ਸਿਰ ਹੈ!"
ਸੰਯੋਗ ਨਾਲ ਉਸੇ ਸਮੇਂ ਇੱਕ ਕੱਟਿਆ ਹੋਇਆ ਪਤੰਗ ਸਾਡੇ ਸਿਰ ਉੱਪਰੋਂ ਗੁਜ਼ਰਿਆ। ਉਸਦੀ ਡੋਰ ਲਮਕ ਰਹੀ ਸੀ। ਲੜਕਿਆਂ ਦਾ ਇੱਕ ਝੁੰਡ ਪਿੱਛੇ-ਪਿੱਛੇ ਭੱਜਿਆ ਆ ਰਿਹਾ ਸੀ । ਭਾਈ ਸਾਹਬ ਲੰਮੇ ਹੀ ਸਨ! ਕੁੱਦ ਕੇ ਉਹਦੀ ਡੋਰ ਫੜ ਲਈ ਅਤੇ ਬੜੀ ਤੇਜ਼ੀ ਨਾਲ ਹੋਸਟਲ ਵੱਲ ਦੌੜੇ। ਮੈਂ ਮਗਰ- ਮਗਰ ਦੌੜ ਰਿਹਾ ਸੀ।
***