ਹਨੇਰੀ ਆ ਰਹੀ ਹੈ, ਹਨੇਰੀ !
ਕਾਲੀ ਬੋਲੀ, ਅੰਧਾ ਧੁੰਧ, ਤੇਜ਼ ।
ਬਸ ਰਾਤ ਹੋ ਰਹੇਗੀ, ਹਨੇਰ ਘੁਪ ਘੇਰ,
ਸੂਰਜ, ਚੰਦ, ਤਾਰੇ, ਸਭ ਕੱਜੇ ਜਾਵਸਨ,
ਸਾਡੇ ਸਾਮਾਨ ਰੌਸ਼ਨੀ ਦੇ ਸਭ ਗੁੱਲ ਹੋਵਸਨ ।
ਹਨੇਰੀ ਆ ਰਹੀ ਹੈ, ਹਨੇਰੀ !
ਅਜੇਹੀ ਅੱਗੇ ਆਈ ਹੋਸੀ-
ਵੇਖੀ ਨਹੀਂ, ਯਾਦ ਨਹੀਂ ।
ਹਨੇਰੀ ਆ ਰਹੀ ਹੈ, ਹਨੇਰੀ !
ਇਨਕਲਾਬ ਦੀ, ਤਬਾਹੀ ਦੀ, ਤਬਦੀਲੀ ਦੀ,
ਹੇਠਲੀ ਉਤੇ ਹੋ ਜਾਏਗੀ, ਦਿੱਸੇਗਾ ਕੁਝ ਨਾ,
ਸਿਆਣ ਨਾ ਰਹੇਗੀ ਕਿਸੇ ਨੂੰ ਕਿਸੇ ਦੀ,
ਕੀਮਤਾਂ ਸਭ ਬਦਲੀਆਂ ਜਾਵਸਨ ।
ਫਲ, ਫੁੱਲ, ਸ਼ਾਖ, ਟੁੰਡ, ਟਹਿਣੀ,
ਕੱਖ ਨਾ ਰਹਿਸੀ;
ਛੱਪਰ, ਕੁੱਲੇ, ਕੋਠੇ ਕੁਲ ਉਡ ਵਹਿਸਨ;
ਪੰਛੀ, ਮਨੁੱਖ, ਸ਼ੇਰ, ਹਾਥੀ,
ਉਡਣਗੇ, ਡਿੱਗਣਗੇ, ਟੁੱਟਣਗੇ, ਢਹਿਣਗੇ;
ਜ਼ਿਮੀਂ ਫਟੇਗੀ, ਤਾਰੇ ਡਿਗਣਗੇ,
ਗ੍ਰਹਿ ਭਿੜਸਨ, ਆਪੋ ਵਿਚ;
ਸਮੁੰਦਰਾਂ ਦੀ ਥਾਂ ਪਹਾੜ, ਪਹਾੜਾਂ ਥਾਵੇਂ ਸਮੁੰਦਰ ਹੋ ਨਿਕਲਸਨ,
ਧਰਤੀ ਦੇ ਪਰਖਚੇ ਉਡ ਜਾਣਗੇ,
ਨਵਾਂ ਅਕਾਸ਼-ਚੰਦੋਆ ਤਣੇਂਗਾ ਘੱਟੇ ਦਾ ।
ਹਨੇਰੀ ਆ ਰਹੀ ਹੈ, ਹਨੇਰੀ !
ਅੱਜ, ਭਲਕੇ, ਪਰਸੋਂ,
ਕੋਈ ਨਾ ਅੜੇਗਾ ਇਸ ਦੇ ਸਾਹਵੇਂ,
ਜੋ ਅੜੇਗਾ, ਸੋ ਝੜੇਗਾ,
ਜੋ ਅਟਕੇਗਾ, ਸੋ ਭੱਜੇਗਾ,
ਜੋ ਉੱਠੇਗਾ, ਸੋ ਡਿੱਗੇਗਾ ।
ਮਿਹਨਤਾਂ ਨਾਲ ਬਣਾਈ ਸਾਡੀ ਇਹ ਦੁਨੀਆਂ,
ਤਬਾਹ ਹੋ ਜਾਏਗੀ,
ਮੁਸ਼ਕਲਾਂ ਨਾਲ ਉਸਾਰੀ ਸਾਡੀ ਇਸ ਸਭਯਤਾ ਦਾ ਇਹ ਢਾਂਚਾ
ਚਕਨਾ-ਚੂਰ ਹੋ ਵਹਿਸੀ;
ਮਾਰਾਂ ਮਾਰ ਕੱਠੀ ਕੀਤੀ ਸਾਡੀ ਇਹ ਰਾਸ ਪੂੰਜੀ,
ਧੂੰ-ਬੱਦਲ ਵਾਂਗ ਉਡੰਤ ਹੋ ਜਾਏਗੀ;
ਇਲਮਾਂ ਦੇ ਲਫ਼ਾਫ਼ੇ, ਗਿਆਨਾਂ ਦੇ ਸਤੂਨ,
ਫ਼ਲਸਫੇ ਦੇ ਜਾਲ, ਧਿਆਨਾਂ ਦੇ ਗੋਰਖ-ਧੰਦੇ,
ਮਜ਼੍ਹਬਾਂ ਦੇ ਪਿੰਜਰੇ, ਕਰਮਾਂ ਦੇ ਰੁਝੇਵੇਂ,
ਸੁਲਤਾਨਾਂ ਦੇ ਮਹਿਲ, ਸਲਤਨਤਾਂ ਦੇ ਹੱਦ ਬੰਨੇ
ਵਿਹਾਰਾਂ ਦੇ ਅੜਿੰਗੇ, ਅਚਾਰਾਂ ਦੇ ਕੁੜਿੰਗੇ,
ਇਖਲਾਕਾਂ ਦੇ ਕੱਜਣ, ਰਿਵਾਜਾਂ ਦੇ ਢੱਕਣ,
ਨੀਤੀ ਦੇ ਬਸਤੇ, ਸਮਾਜਾਂ ਦੇ ਫਸਤੇ-
ਸਭ ਫ਼ਨਾ-ਫਿੱਲਾ ਹੋ ਜਾਏਗਾ, ਮੁਸ਼ਕ ਬਾਕੀ ਨਾ ਰਹੇਗਾ,
ਸੁਹਾਗਾ ਫਿਰ ਜਾਏਗਾ-
ਵੱਟਾਂ, ਬੰਨੇਂ, ਸਿਆੜ, ਵਾੜਾਂ ਪੱਧਰ ਹੋ ਜਾਣਗੇ ।
ਚਿੱਟ ਚਿਟਾਨ ਹੋ ਜਾਏਗੀ, ਰੜ ਮਦਾਨ ਹੋ ਦਿੱਸੇਗਾ,
ਨੰਗ ਨੰਗੇਜ ਹੋ ਰਹੇਗੀ ।
ਪਰਦੇ, ਢੱਕਣ, ਕੱਜਣ, ਉਡ ਜਾਣਗੇ,
ਬੁਰਕੇ ਘੁੰਡ ਸਭ ਚੁਕੇ ਜਾਣਗੇ ।
ਜੰਞਾਂ ਨਹੀਂ ਚੜ੍ਹਨਗੀਆਂ, ਫੇਰੇ ਨਹੀਂ ਹੋਣਗੇ,
ਮੁਕਾਣਾਂ ਨਹੀਂ ਢੁੱਕਣਗੀਆਂ, ਇਕੱਠ ਨਹੀਂ ਹੋਣਗੇ-
ਸਿਆਪੇ ਉਠ ਜਾਣਗੇ, ਵਰ੍ਹੀਣੇ ਮੁਕ ਜਾਣਗੇ,
ਵਿਹਾਰ ਵਹਿ ਜਾਣਗੇ, ਸੁਧਾਰ ਰਹਿ ਜਾਣਗੇ,
ਰਸਮਾਂ, ਰਵਾਜਾਂ, ਰੀਤਾਂ- ਸਫਾਯਾ ਹੋ ਜਾਏਗਾ ਸਭ ਦਾ ।
ਹਾਂ, ਹਨੇਰੀ ਆ ਰਹੀ ਹੈ, ਆਪਣੀ ਕਮਾਲ ਸ਼ਿੱਦਤ ਵਿਚ,
ਵਿੱਥਾਂ, ਝੀਤਾਂ, ਆਲੇ, ਭੜੋਲੇ, ਛਿੱਕੇ, ਪੜਛੱਤੀਆਂ, ਸਭ ਫੁੱਲ ਜਾਣਗੇ,
ਢੱਕਿਆ ਹੋਇਆ ਗੰਦ, ਕੱਜਿਆ ਹੋਇਆ ਮੰਦ,
ਸਭ ਉਗਲ ਆਵੇਗਾ ।
ਛੱਤਾਂ, ਤੰਬੂ, ਕਨਾਤਾਂ, ਲੀਰ ਲੀਰ ਹੋ ਜਾਣਗੇ ।
ਢੋਹਾਂ, ਥੂਣੀਆਂ, ਟੇਕਾਂ, ਟਿਕਾਣੇ ਸਭ ਖੁਸ ਜਾਣਗੇ ।
ਜੋ ਆਸਰੇ ਤੱਕਣਗੇ, ਲੂਲ੍ਹੇ ਹੋ ਮਰਨਗੇ ।
ਬਸ ਕੋਈ ਵਿਰਲਾ ਰਹਿ ਜਾਏਗਾ
ਆਪਣੇ ਆਸਰੇ ਖੜੋਤਾ ਹਰਿਆ ਬੂਟ ।
ਜੀਵਨ ਦਾ ਕਟੋਰਾ ਭਰਿਆ ਸੀ, ਨਕਾ-ਨਕ, ਕੰਢਿਆਂ ਤੀਕ,
ਡੁਲ੍ਹਣ ਡੁਲ੍ਹਣ ਪਿਆ ਕਰਦਾ, ਇਹ ਨਕਾ-ਨਕ ਭਰਿਆ ਕਟੋਰਾ ਜੀਵਨ ਦਾ ।
ਡੁਲ੍ਹਣਾ ਮੰਗਦਾ, ਕਿਸੇ ਸੁਹਣੀ ਜਿਹੀ ਅਧਖਿੜੀ ਕਲੀ ਉਤੇ,
ਜੀਵਨ ਉਡੀਕਦੀ ਉਤਾਂਹ ਮੂੰਹ ਕਰ ਕੇ ਜੋ ।
ਨਾਂਹ ਮਿਲੀ ਕੋਈ ਐਸੀ ਕਲੀ, ਉਫ !
ਤੇ ਡੁਲ੍ਹ ਗਿਆ ਇਹ ਜੀਵਨ ਦਾ ਕਟੋਰਾ ਰੇਤ ਉਤੇ ।
ਡੁਲ੍ਹਣਾ ਸੀ ਇਸਨੇ ਜ਼ਰੂਰ,
ਭਰਿਆ ਕਟੋਰਾ ਸੀ ਇਹ ਜੀਵਨ ਦਾ ।
ਮੈਂ ਇਕ ਰਾਹੀ ਹਾਂ,
ਥੱਕਾ ਟੁੱਟਾ, ਮਜਲਾਂ ਮਾਰਿਆ ।
ਕਿਤੋਂ ਨਾ ਟੁਰਿਆ, ਕਿਤੇ ਨਾ ਪੁੱਜਾ, ਕਿਤੇ ਨਾ ਪੁੱਜਣਾ,
ਅਮੁਕ ਮੇਰਾ ਪੈਂਡਾ, ਅਖੁਟ ਮੇਰਾ ਰਾਹ, ਅਪੁਜ ਮੇਰੀ ਮਜਲ,
ਟੁਰਨ ਲਈ ਬਣਿਆ ਮੈਂ, ਟੁਰਨਾ ਲਿਖਿਆ ਮੇਰੇ ਲੇਖ ।
ਉਜਾੜ, ਉਦਿਆਨ, ਬੀਆਬਾਨ, ਇਸ ਵਿਚ ਰਾਹ ਮੇਰਾ,
ਸਰਾਂ ਨਾ, ਸਾਯਾ ਨਾ, ਸਿਰ ਲੁਕਾਣ ਲਈ,
ਸਰ ਨਾ, ਖੂਹ ਨਾ, ਪਿਆਸ ਬੁਝਾਉਣ ਲਈ ।
ਨਾ ਛੱਪੜ, ਨਾ ਤਲਾ, ਬੁਕ ਪਾਣੀ ਪਿੰਡੇ ਪਾਉਣ ਲਈ ।
ਹੁੰਮਸ ਹੈ ਹੁੱਟ, ਹਵਾ ਦਾ ਰੁਮਕਾ ਨਹੀਂ ਕਿਧਰੇ ।
ਖਿੜਿਆ ਦਿੱਸੇ ਨਾ ਫੁੱਲ ਕਿਧਰੇ, ਨਾ ਸਾਵਾ ਪੱਤਰ,
ਹਰਿਆ ਰਿਹਾ ਨਾ ਬੂਟ ਕੋਈ, ਨਾ ਘਾ ਦਾ ਫਲੂਸ ਕਿਧਰੇ,
ਧਰਤੀ ਸੜ ਸੜ ਫੱਟਦੀ, ਉਠ ਉਠ ਚੜ੍ਹਦੇ, ਵਾ-ਵਰੋਲੇ ਘੱਟੇ ਦੇ ।
ਸੂਰਜ ਤਪਦਾ ਸਦ ਸਿਖਰੇ, ਨਾ ਬਦਲੀ ਦਾ ਉਹਲਾ ਰਤਾ ਹੁੰਦਾ ਕਦੀ,
ਅਕਾਸ਼ ਦਾ ਸੁੰਦਰ ਨੀਲਾਨ ਸੜ ਸੜ ਪੈ ਗਿਆ ਭੂਰਾ,
ਬੂੰਦ ਕੋਈ ਵਰ੍ਹਦੀ ਨਾ ਇਸ ਸੁੱਕੇ ਅੰਬਰੋਂ ਕਦੀ,
ਭੱਠ ਤੱਪਦੇ, ਧੁੰਧ ਹੋਈ ਸਾਰੇ ਧਰਤੀ ਦੀ ਹਵਾੜ ਨਾਲ,
ਇਕ ਕੁਰਲਾਟ ਮਚਿਆ, ਕੂਕਾਂ ਪੈਂਦੀਆਂ ਜੀਆਂ ਦੀਆਂ ।
ਇਸ ਹੁੰਮਸ ਵਿੱਚ ਟੁਰਿਆ ਜਾਂਦਾ, ਮੈਂ ਇਕ ਰਾਹੀ ਹਾਂ,
ਹਫਿਆ ਹੁਟਿਆ ਸਾਹ ਘੁਟਿਆ ਮੇਰਾ ।