ਜੀਵਨ ਦਾ ਕਟੋਰਾ ਭਰਿਆ ਸੀ, ਨਕਾ-ਨਕ, ਕੰਢਿਆਂ ਤੀਕ,
ਡੁਲ੍ਹਣ ਡੁਲ੍ਹਣ ਪਿਆ ਕਰਦਾ, ਇਹ ਨਕਾ-ਨਕ ਭਰਿਆ ਕਟੋਰਾ ਜੀਵਨ ਦਾ ।
ਡੁਲ੍ਹਣਾ ਮੰਗਦਾ, ਕਿਸੇ ਸੁਹਣੀ ਜਿਹੀ ਅਧਖਿੜੀ ਕਲੀ ਉਤੇ,
ਜੀਵਨ ਉਡੀਕਦੀ ਉਤਾਂਹ ਮੂੰਹ ਕਰ ਕੇ ਜੋ ।
ਨਾਂਹ ਮਿਲੀ ਕੋਈ ਐਸੀ ਕਲੀ, ਉਫ !
ਤੇ ਡੁਲ੍ਹ ਗਿਆ ਇਹ ਜੀਵਨ ਦਾ ਕਟੋਰਾ ਰੇਤ ਉਤੇ ।
ਡੁਲ੍ਹਣਾ ਸੀ ਇਸਨੇ ਜ਼ਰੂਰ,
ਭਰਿਆ ਕਟੋਰਾ ਸੀ ਇਹ ਜੀਵਨ ਦਾ ।
ਮੈਂ ਇਕ ਰਾਹੀ ਹਾਂ,
ਥੱਕਾ ਟੁੱਟਾ, ਮਜਲਾਂ ਮਾਰਿਆ ।
ਕਿਤੋਂ ਨਾ ਟੁਰਿਆ, ਕਿਤੇ ਨਾ ਪੁੱਜਾ, ਕਿਤੇ ਨਾ ਪੁੱਜਣਾ,
ਅਮੁਕ ਮੇਰਾ ਪੈਂਡਾ, ਅਖੁਟ ਮੇਰਾ ਰਾਹ, ਅਪੁਜ ਮੇਰੀ ਮਜਲ,
ਟੁਰਨ ਲਈ ਬਣਿਆ ਮੈਂ, ਟੁਰਨਾ ਲਿਖਿਆ ਮੇਰੇ ਲੇਖ ।
ਉਜਾੜ, ਉਦਿਆਨ, ਬੀਆਬਾਨ, ਇਸ ਵਿਚ ਰਾਹ ਮੇਰਾ,
ਸਰਾਂ ਨਾ, ਸਾਯਾ ਨਾ, ਸਿਰ ਲੁਕਾਣ ਲਈ,
ਸਰ ਨਾ, ਖੂਹ ਨਾ, ਪਿਆਸ ਬੁਝਾਉਣ ਲਈ ।
ਨਾ ਛੱਪੜ, ਨਾ ਤਲਾ, ਬੁਕ ਪਾਣੀ ਪਿੰਡੇ ਪਾਉਣ ਲਈ ।
ਹੁੰਮਸ ਹੈ ਹੁੱਟ, ਹਵਾ ਦਾ ਰੁਮਕਾ ਨਹੀਂ ਕਿਧਰੇ ।
ਖਿੜਿਆ ਦਿੱਸੇ ਨਾ ਫੁੱਲ ਕਿਧਰੇ, ਨਾ ਸਾਵਾ ਪੱਤਰ,
ਹਰਿਆ ਰਿਹਾ ਨਾ ਬੂਟ ਕੋਈ, ਨਾ ਘਾ ਦਾ ਫਲੂਸ ਕਿਧਰੇ,
ਧਰਤੀ ਸੜ ਸੜ ਫੱਟਦੀ, ਉਠ ਉਠ ਚੜ੍ਹਦੇ, ਵਾ-ਵਰੋਲੇ ਘੱਟੇ ਦੇ ।
ਸੂਰਜ ਤਪਦਾ ਸਦ ਸਿਖਰੇ, ਨਾ ਬਦਲੀ ਦਾ ਉਹਲਾ ਰਤਾ ਹੁੰਦਾ ਕਦੀ,
ਅਕਾਸ਼ ਦਾ ਸੁੰਦਰ ਨੀਲਾਨ ਸੜ ਸੜ ਪੈ ਗਿਆ ਭੂਰਾ,
ਬੂੰਦ ਕੋਈ ਵਰ੍ਹਦੀ ਨਾ ਇਸ ਸੁੱਕੇ ਅੰਬਰੋਂ ਕਦੀ,
ਭੱਠ ਤੱਪਦੇ, ਧੁੰਧ ਹੋਈ ਸਾਰੇ ਧਰਤੀ ਦੀ ਹਵਾੜ ਨਾਲ,
ਇਕ ਕੁਰਲਾਟ ਮਚਿਆ, ਕੂਕਾਂ ਪੈਂਦੀਆਂ ਜੀਆਂ ਦੀਆਂ ।
ਇਸ ਹੁੰਮਸ ਵਿੱਚ ਟੁਰਿਆ ਜਾਂਦਾ, ਮੈਂ ਇਕ ਰਾਹੀ ਹਾਂ,
ਹਫਿਆ ਹੁਟਿਆ ਸਾਹ ਘੁਟਿਆ ਮੇਰਾ ।
ਕੋਈ ਸਾਥੀ ਨਹੀਂ ਕਿ ਆਸਰੇ ਹੋ ਚੱਲਾਂ,
ਨਾ ਕੋਈ ਮੇਲੀ ਕਿ ਪਤਾ ਦੱਸੇ ਇਹਨਾਂ ਰਾਹਾਂ ਦਾ,
ਨਾ ਆਗੂ ਕੋਈ ਕਿ ਪਿੱਛੇ ਹੋ ਟੁਰਾਂ ।
ਇਕ ਉਜਾੜ ਬੀਆਬਾਨ, ਭਾਂ ਭਾਂ ਕਰਦਾ,
ਰਾਹ ਲੰਮਾ ਲੰਮਾ, ਜੁਗਾਂ ਜੁਗਾਂ ਦਾ ਅਮੁਕ,
ਆਸਰੇ ਦੀ ਜਾ ਨਹੀਂ, ਨਾ ਆਰਾਮ ਦਾ ਟਿਕਾਣਾ,
ਚੀਕ ਚਿਹਾੜਾ ਸੁਣੀਂਦਾ, ਸੂਰਤ ਦਿੱਸਦੀ ਨਾ ਕੋਈ,
ਪਿੱਛੇ, ਅੱਗੇ ਹੋਸਨ ਦੂਰ ਕਈ ।
ਅਗਾ ਦਿਸਦਾ ਨਾ ਕੁਲ ਧੁੰਧ ਗੁਬਾਰ,
ਪਿੱਛਾ ਪਰਤ ਤੱਕਦਾ ਨਾ ਮੈਂ ਡਰ ਲਗਦਾ,
ਇਹ ਰਾਹ ਉੱਚਾ ਨੀਵਾਂ, ਪਥਰੀਲਾ, ਤਿਲ੍ਹਕਵਾਂ,
ਕਿਸ ਬਣਾਇਆ ਮੇਰੇ ਲਈ ? ਪਤਾ ਨਾਂਹ ।
ਕਦੋਂ ਟੁਰਿਆ ਮੈਂ ਇਸ ਰਾਹੇ ? ਕਿੱਥੇ ਵਹਿਣਾ ? ਪਤਾ ਨਾਂਹ
ਇਹ ਰਾਹ ਹੈ ਤੇ ਮੈਂ ।
ਟੁਰਨਾ ਇਸ ਪੁਰ ਮੈਂ, ਰੋਂਦਾ ਭਾਵੇਂ ਹੱਸਦਾ,
ਅੱਖਾਂ ਪਕ ਗਈਆਂ ਮੇਰੀਆਂ ਮਜਲ ਉਡੀਕਦੀਆਂ,
ਮਜਲ ਕੋਈ ਦਿੱਸੀ ਨਾਂਹ, ਹਾਂ ।
ਪਥਰਾ ਗਈਆਂ ਨਜ਼ਰਾਂ ਮੇਰੀਆਂ, ਇਹ ਪੱਥਰ ਰਾਹ ਵਿੰਹਦੀਆਂ ਵਿੰਹਦੀਆਂ,
ਦਿੱਸਿਆ ਕੁਝ ਨਾਂਹ, ਹਾਂ !
ਮੈਂ ਰਾਹੀ ਹਾਂ ਇਸ ਰਾਹ ਦਾ ਸਾਥ-ਹੀਣ, ਰਹਿਮਤ-ਹੀਣ, ਥੁੜ-ਹਿੰਮਤਾ,
ਕਦੀ ਕੋਈ ਅੱਥਰ ਨਾ ਡਿਗੀ ਕਿਸੇ ਅੱਖ ਵਿਚੋਂ ਮੇਰੇ ਲਈ,
ਨਾ ਕੋਈ ਦਰਦ ਮੇਰੇ ਵਿਚ ਘੁਲਿਆ ਕਦੀ,
ਕਦੀ ਕੋਈ ਮੁਸਕਰਾਹਟ ਨਾ ਨਿਕਲੀ ਮੇਰੇ ਲਈ, ਕਿਸੇ ਦੀਆਂ ਸੁਹਣੀਆਂ ਬੁੱਲ੍ਹੀਆਂ ਚੋਂ,
ਨਾ ਕੋਈ ਨਰਮ ਸੀਤਲ ਹਥ ਲੱਗਾ ਮੇਰੇ ਸੜਦੇ ਮੱਥੇ ਤੇ ਕਦੀ,
ਕਦੇ ਨਾ ਮੇਰਾ ਸਿਰ ਰਖਿਆ ਕਿਸੇ ਆਪਣੇ ਸੁਹਲ ਗੁਦਗੁਦੇ ਪੱਟਾਂ ਤੇ,
ਨਾ ਕਿਸੇ ਦਰਦੀ ਦਿਲ ਨੇ ਦਵਾ ਕੀਤੀ ਮੇਰੇ ਦਰਦਾਂ ਦੀ ਕਦੀ,
ਸੁਖ, ਸ਼ਾਂਤੀ, ਸੰਤੋਖ ਕਦੀ ਨਸੀਬ ਹੋਇਆ ਨਹੀਂ ਮੈਂ ਬਦ-ਨਸੀਬ ਨੂੰ,
ਨਾ ਕੋਈ ਖੁਸ਼ੀ ਮੈਂ ਡਿੱਠੀ, ਨਾ ਸੁਖ, ਨਾ ਆਰਾਮ,
ਮੇਰੀ ਅਨੰਤ ਪੀੜਾ ਲਈ ਕਦੀ ਕੋਈ ਮੇਹਰ ਦੇ ਬੋਲ ਨਾ ਨਿਕਲੇ ।
ਬੱਸ ਮੈਂ ਹਾਂ, ਮੇਰਾ ਇਹ ਰਾਹ ਤੇ ਮੇਰੀਆਂ ਆਹ ਪੀੜਾਂ-
ਮੈਂ ਰਾਹੀ ਹਾਂ ਪੀੜਤ ।
ਮੌਤ ਮੰਗੀ, ਮੈਂ ਅਨੰਤ ਵਾਰ, ਮਿਲੀ ਨਾਂਹ ।
ਨੇਸਤੀ ਲੋੜੀ ਮੈਂ ਅਨੇਕ ਵਾਰ, ਹੋਈ ਨਾਂਹ,
ਮੋਇਆ ਮੈਂ ਹਜ਼ਾਰ ਵਾਰ, ਜੀਵਿਆ ਮੁੜ ਮੁੜ,
ਨੇਸਤਿਆ ਕਈ ਵਾਰ, ਹਸਤਿਆ ਫਿਰ ਫਿਰ,
ਗਵਾਚ ਗਿਆ ਮੈਂ ਬੇਅੰਤ ਵਾਰ, ਲਭ ਪਿਆ ਮੁੜ ਪਰ,
ਖੁੰਝ ਗਿਆ ਇਸ ਰਾਹ ਨੂੰ ਮੈਂ ਕਈ ਵਾਰ, ਪਰ ਖੁੰਝਿਆ ਨਾ ਇਹ ਰਾਹ ਕਦੀ ਮੈਨੂੰ,
ਇਹ ਰਾਹ ਹੋਇਆ ਮੇਰੇ ਲਈ ਤੇ ਮੈਂ ਇਸ ਰਾਹ ਲਈ,
ਇਹ ਅਮੁਕ ਰਾਹ ਹੈ ਮੇਰਾ, ਮੈਂ ਰਾਹੀ ਇਸ ਰਾਹ ਦਾ ।
ਬਹੁਤ ਰੱਬ ਮੈਂ ਮੰਨੇ, ਬਹੁਤ ਪੂਜਾ ਮੈਂ ਕੀਤੀਆਂ,
ਬਹੁਤ ਤਪ ਮੈਂ ਸਾਧੇ, ਬਹੁਤ ਮੱਨਤਾਂ ਮੈਂ ਮੰਨੀਆਂ,
ਬਹੁਤ ਗ੍ਰੰਥ ਮੈਂ ਪੜ੍ਹੇ, ਬਹੁਤ ਗਿਆਨ ਮੈਂ ਘੋਖੇ,
ਬਹੁਤ ਗੁਰੂ ਮੈਂ ਕੀਤੇ, ਬਹੁਤ ਚੇਲੇ ਮੈਂ ਮੁੰਨੇ,
ਮੁਸ਼ੱਕਤਾਂ ਬਹੁਤ ਕੀਤੀਆਂ ਮੈਂ, ਸੋਚਾਂ ਬਹੁਤ ਸੋਚੀਆਂ,
ਭਗਤ ਬੜੀ ਕੀਤੀ ਮੈਂ, ਸਮਾਧੀਆਂ ਲਗਾਈਆਂ,
ਮੁੱਕਾ ਨਾ ਮੇਰਾ ਪੈਂਡਾ, ਮਿਲਿਆ ਨਾ ਕੋਈ ਟਿਕਾਣਾ, ਮੈਂ ਬੇ-ਟਿਕਾਣੇ ਨੂੰ ।
ਨਿਰਜਨ ਜੰਗਲਾਂ ਵਿੱਚ ਨੱਸ ਗਿਆ ਮੈਂ, ਆਬਾਦੀਆਂ ਛੱਡ ਕੇ,
ਸ਼ਾਂਤੀ ਨਾ ਮਿਲੀ ਮੈਨੂੰ, ਰੋਸਾ ਤੇ ਕ੍ਰੋਧ ਵਧੇ,
ਕੁਦਰਤ ਸੋਹਣੀ ਕੋਝੀ ਤੱਕੀ ਮੈਂ, ਤੇ ਮਸਤਿਆ ਕਦੀ ਕਦੀ,
ਮਿਲਿਆ ਨਾ ਅਖੰਡ ਅਨੰਦ ਕਦੀ ਮੈਨੂੰ ।
ਯੋਗ ਮੈਂ ਸਾਧੇ, ਚਿੱਲੇ ਮੈਂ ਕੱਟੇ,
ਜਾਗੇ ਮੈਂ ਜਾਗੇ, ਵਰਤ ਮੈਂ ਰੱਖੇ,
ਪੁਰਿਆ ਨਾ ਮਕਸਦ ਮੇਰਾ, ਮਿਲਿਆ ਨਾ ਕੁਝ ਮੈਨੂੰ,
ਖਾਹਸਾਂ ਮੈਂ ਰੌਂਦੀਆਂ, ਮਨ ਮੈਂ ਮਾਰਿਆ,
ਨੇਕੀਆਂ ਮੈਂ ਕੀਤੀਆਂ, ਪਵਿੱਤ੍ਰਤਾ ਮੈਂ ਰੱਖੀ,
ਸੌਖਾ ਨਾ ਹੋਇਆ ਪੰਧ ਮੇਰਾ, ਨਾ ਨੇੜੇ ਹੋਈ ਮਜਲ ਮੇਰੀ ।
ਪਿਆਰ ਮੈਂ ਪਾਏ, ਨਸ਼ੇ ਮੈਂ ਪੀਤੇ,
ਮਸਤ ਮੈਂ ਹੋਇਆ, ਭਗਤੀ ਦੇ ਮਦ ਨਾਲ,
ਦਰਸ਼ਨ ਮੈਨੂੰ ਹੋਏ ਮੰਦਰਾਂ ਦੇ ਰੱਬ ਦੇ,
ਮੱਦਦ ਮੈਨੂੰ ਨਾ ਮਿਲੀ, ਜ਼ਖਮ ਮੇਰੇ ਨਾ ਭਰੇ, ਹਾਏ !
ਚਾਨਣ ਮੈਂ ਵੇਖੇ ਮੰਦਰਾਂ ਦੀ ਰੌਸ਼ਨੀ ਦੇ,
ਰਿਹਾ ਹਨੇਰਾ ਸਦਾ ਮੇਰੇ ਅੰਦਰ, ਦਿਸਿਆ ਨਾ ਮੈਨੂੰ ਕਦੀ ਕੁਝ ਠੀਕ,
ਉਹੋ ਮੇਰਾ ਰਾਹ, ਉਹੋ ਮੈਂ ਥੱਕਿਆ ਟੁਟਿਆ ਪਾਂਧੀ,
ਉਹੋ ਮਜਲ ਮੇਰੀ ਅਪੁਜ, ਉਹੋ ਬੀਆਬਾਨ ਆਲੇ ਦੁਆਲੇ ।