ਤੂੰ ਫਿਰ ਕਾਸ ਨੂੰ ਆਇਆ ਸੈਂ ?
ਕਾਸ ਨੂੰ ਸੂਲੀ ਚੜ੍ਹਿਆ ਸੈਂ ?
ਤੇਰੇ ਜਿਹੇ ਕਾਸ ਨੂੰ ਆਏ ਸਨ ?
ਕਾਸ ਨੂੰ ਆਉਂਦੇ ਨੇ ?
ਕਾਸ ਨੂੰ ਸੂਲੀ ਚੜ੍ਹਦੇ ਨੇ ?
ਨਿਰਾ ਇਹ ਦੱਸਣ,
ਕਿ ਹੱਕ ਨੂੰ ਸਦਾ ਫਾਂਸੀ,
ਤੇ ਸੱਚ ਨੂੰ ਸਦਾ ਸੂਲੀ,
ਫੜਿਅਨ ਹਮੇਸ਼ਾ ਸਾਧ,
ਮਾਰੀਅਨ ਹਮੇਸ਼ਾ ਸਿੱਧੇ,
ਕਿ ਗਲਾ ਘੁਟਸੀ ਹਮੇਸ਼ਾ ਦਿਆਨਤ ਦਾ,
ਬੇੜਾ ਡੁਬਸੀ ਹਮੇਸ਼ਾਂ ਪਿਆਰਾਂ ਦਾ ।
ਤੇ ਹਾਂ ਕਿ,
ਸੂਲੀ ਉਤੇ ਸਵਾਦ ਹੈ ਜੋ ਫੁੱਲ-ਸੇਜਾਂ ਤੇ ਨਹੀਂ,
ਫਾਂਸੀ ਵਿੱਚ ਉਹ ਸੁਖ ਹੈ, ਕਿ ਹਕੂਮਤ ਵਿੱਚ ਨਹੀਂ,
ਫਸਣ ਵਿੱਚ ਉਹ ਅਨੰਦ ਹੈ ਕਿ ਫਸਾਣ ਵਿੱਚ ਨਹੀਂ ।
ਮਰਨ ਵਿੱਚ ਉਹ ਰਸ ਹੈ ਕਿ ਮਾਰਨ ਵਿੱਚ ਨਹੀਂ ।
ਤੇ ਨਾਲੇ ਹਾਂ,
ਕਿ ਜਿਦ੍ਹਾ ਬਾਪੂ ਨਹੀਂ, ਬਾਪੂ ਦੀ ਆਸ ਨਹੀਂ ।
ਉਹ ਰੋਵੇ ਤੇ ਮਰੇ ?
ਕਿ ਜਿਦ੍ਹਾ ਬਾਪੂ ਹੈ, ਬਾਪੂ ਦੀ ਆਸ ਹੈ,
ਕਿਉਂ ਰੋਵੇ ਤੇ ਮਰੇ ?
ਕਿ ਬਾਪੂ ਵਾਲਿਆਂ ਦੀ ਮੌਤ,
ਨਾ-ਬਾਪੂ ਵਾਲਿਆਂ ਦੇ ਲੱਖਾਂ ਜੀਵਨਾਂ ਤੋਂ
ਚੰਗੇਰੀ ਹੈ ਤੇ ਸੋਹਣੇਰੀ ।