ਆ ਗਿਆ ਅਤੇ ਪੁੱਛਣ ਲੱਗਾ, “ਕਿ ਇਹ ਫਲ ਤੇਰੇ ਕੋਲ ਕਿਵੇਂ ਆਇਆ।”
ਵੇਸਵਾ ਨੇ ਸਾਰਾ ਕੁਝ ਸੱਚ ਸੱਚ ਦੱਸ ਦਿੱਤਾ। ਹੁਣ ਉਸ ਨੂੰ ਸਮਝਦਿਆਂ ਦੇਰ ਨਾ ਲੱਗੀ ਕਿ ਮੇਰੀ ਪਿਆਰੀ ਪਤਨੀ ਅਤੇ ਉਹਦੇ ਸਾਰਥੀ ਵਿਚਕਾਰ ਨਜਾਇਜ਼ ਸੰਬੰਧ ਹਨ। ਇਹ ਗੱਲ ਮਨ 'ਚ ਆਉਂਦਿਆਂ ਹੀ ਉਹਨੂੰ ਇੰਨਾ ਗੁੱਸਾ ਆਇਆ ਕਿ ਉਹਦਾ ਦਿਲ ਕੀਤਾ ਕਿ ਹੁਣੇ ਜਾ ਕੇ ਉਹ ਰਾਣੀ ਨੂੰ ਮਾਰ ਦੇਵੇ । ਪਰ ਉਹ ਰਾਣੀ ਨੂੰ ਪਿਆਰ ਕਰਦਾ ਸੀ, ਇਸ ਲਈ ਰਾਜਾ ਇੰਝ ਨਾ ਕਰ ਸਕਿਆ। ਪਰ ਇਸ ਸੰਸਾਰ ਤੋਂ ਉਹਦਾ ਮੋਹ ਭੰਗ ਹੋ ਗਿਆ। ਉਹਨੇ ਜਾ ਕੇ ਰਾਣੀ ਨੂੰ ਬੁਰਾ-ਭਲਾ ਆਖਿਆ ਤਾਂ ਰਾਣੀ ਉਹਦੇ ਕੋਲੋਂ ਮਾਫ਼ੀ ਮੰਗਣ ਲੱਗੀ । ਪਰ ਰਾਜੇ ਨੇ ਉਹਨੂੰ ਮਾਫ਼ ਨਾ ਕੀਤਾ ਅਤੇ ਵਿਯੋਗੀ ਹੋ ਕੇ ਜੰਗਲ 'ਚ ਚਲਾ ਗਿਆ। ਉਹਨੇ ਸੋਚਿਆ ਕਿ ਬਾਕੀ ਬਚੀ ਜ਼ਿੰਦਗੀ ਪਰਮਾਤਮਾ ਦੀ ਅਰਾਧਨਾ 'ਚ ਗੁਜ਼ਾਰਾਂਗਾ।
ਰਾਜ ਦਰਬਾਰ ਦਾ ਸਾਰਾ ਕੰਮ ਲਾਇਕ ਮੰਤਰੀਆਂ ਨੇ ਸਾਂਭ ਲਿਆ ਅਤੇ ਸ਼ਰਮਿੰਦਗੀ ਕਾਰਨ ਰਾਣੀ ਨੇ ਖ਼ੁਦਕੁਸ਼ੀ ਕਰ ਲਈ । ਤਕਰੀਬਨ ਇਕ ਸਾਲ ਬਾਅਦ ਦੈਵੀ ਕ੍ਰਿਪਾ ਨਾਲ ਰਾਜੇ ਦੇ ਮਨ ਵਿਚ ਆਪਣੀ ਪਰਜਾ ਨੂੰ ਵੇਖਣ ਦੀ ਇੱਛਾ ਜਾਗੀ ਤਾਂ ਉਹ ਸਾਧੂ ਬਣ ਕੇ ਆਪਣੀ ਨਗਰੀ ਵੱਲ ਤੁਰ ਪਿਆ। ਉਧਰ ਇੰਦਰ ਦਾ ਇਕ ਦੇਵ ਇੰਦਰ ਦੇ ਹੁਕਮ 'ਤੇ ਰਾਜਾ ਵਿਕਰਮ ਦੇ ਰਾਜ ਦੀ ਰੱਖਿਆ ਕਰ ਰਿਹਾ ਸੀ । ਰਾਜਾ ਵਿਕਰਮ ਆਪਣੀ ਨਗਰੀ 'ਚ ਘੁੰਮਣ ਲੱਗਾ ਤਾਂ ਦੇਵ ਨੇ ਉਹਨੂੰ ਲਲਕਾਰਿਆ-"ਕੌਣ ਹੈਂ ?"
"ਮੈਂ ਰਾਜਾ ਵਿਕਰਮ ਹਾਂ।”
"ਜੇਕਰ ਤੂੰ ਵਿਕਰਮ ਹੈ ਤਾਂ ਮੇਰੇ ਨਾਲ ਯੁੱਧ ਕਰ। ਮੈਂ ਦੇਵ ਇੰਦਰ ਦੁਆਰਾ ਭੇਜਿਆ ਦੇਵ ਹਾਂ ਜੋ ਤੇਰੀ ਨਗਰੀ ਦੀ ਰੱਖਿਆ ਕਰ ਰਿਹਾ ਹਾਂ। ਜੇਕਰ ਤੂੰ ਮੈਨੂੰ ਯੁੱਧ 'ਚ ਹਰਾ ਦਿੱਤਾ ਤਾਂ ਮੈਂ ਮੰਨ ਲਵਾਂਗਾ ਕਿ ਤੂੰ ਹੀ ਵਿਕਰਮਾਦਿੱਤ ਏਂ ਅਤੇ ਫਿਰ ਇੰਦਰ ਦੇ ਹੁਕਮ ਅਨੁਸਾਰ ਮੈਂ ਤੇਰਾ ਰਾਜ ਤੈਨੂੰ ਵਾਪਸ ਕਰ ਦਿਆਂਗਾ।"
ਦੋਵਾਂ ਵਿਚਕਾਰ ਬੜਾ ਭਿਆਨਕ ਯੁੱਧ ਹੋਇਆ ਅਤੇ ਦੇਵ ਹਾਰ
ਗਿਆ। ਉਹਨੇ ਨਗਰੀ ਦੀ ਰੱਖਿਆ ਦਾ ਭਾਰ ਵਿਕਰਮ ਨੂੰ ਸੌਂਪ ਦਿੱਤਾ। ਉਦੋਂ ਤਕ ਪਰਜਾ ਵੀ ਰਾਜਾ ਵਿਕਰਮ ਦੇ ਵਾਪਸ ਆਉਣ ਦੀ ਗੱਲ ਸੁਣ ਚੁੱਕੀ ਸੀ। ਪਰਜਾ ਨੇ ਸਨਮਾਨ ਨਾਲ ਰਾਜਾ ਵਿਕਰਮ ਨੂੰ ਸਿੰਘਾਸਨ 'ਤੇ ਬਿਠਾਇਆ। ਵਿਕਰਮਾਦਿੱਤ ਫਿਰ ਰਾਜ ਕਰਨ ਲੱਗਾ।
ਇਕ ਵਾਰ ਉਹਦੇ ਦਰਬਾਰ 'ਚ ਇਕ ਯੋਗੀ ਆਇਆ, ਜਿਸਨੇ ਰਾਜੇ ਨੂੰ ਇਕ ਫਲ ਦਿੱਤਾ। ਰਾਜੇ ਨੇ ਫਲ ਰਸੋਈ ਵਿਚ ਸੁਰੱਖਿਅਤ ਰੱਖਵਾ ਦਿੱਤਾ।
ਯੋਗੀ ਰੋਜ਼ ਆਉਂਦਾ ਅਤੇ ਦਾਨ ਲੈ ਕੇ ਅਤੇ ਇਕ ਫਲ ਦੇ ਕੇ ਚਲਾ ਜਾਂਦਾ । ਰਾਜੇ ਕੋਲ ਫਲਾਂ ਦਾ ਢੇਰ ਲੱਗ ਗਿਆ। ਇਕ ਦਿਨ ਉਹਨੇ ਇਕ ਫਲ ਕੱਟ ਕੇ ਵੇਖਿਆ ਤਾਂ ਉਹਦੇ ਵਿਚੋਂ ਇਕ ਕੀਮਤੀ ਰਤਨ ਨਿਕਲਿਆ। ਇਹ ਵੇਖ ਕੇ ਰਾਜਾ ਬਹੁਤ ਹੈਰਾਨ ਹੋਇਆ । ਫਿਰ ਉਹਨੇ ਸਾਰੇ ਫਲ ਕਟਵਾਏ ਤੇ ਸਾਰਿਆਂ 'ਚੋਂ ਇਕ-ਇਕ ਰਤਨ ਨਿਕਲਿਆ। ਰਾਜ ਜੌਹਰੀ ਨੇ ਜਾਂਚ ਕਰਕੇ ਦੱਸਿਆ ਕਿ ਇਹ ਰਤਨ ਬੜੇ ਕੀਮਤੀ ਸਨ।
ਅਗਲੇ ਦਿਨ ਯੋਗੀ ਆਇਆ ਤਾਂ ਰਾਜੇ ਨੇ ਉਹਨੂੰ ਉਹ ਰਤਨ ਦਿਖਾਏ ਅਤੇ ਪੁੱਛਿਆ ਕਿ ਇਹ ਕੀ ਹੈ ? ਯੋਗੀ ਨੇ ਦੱਸਿਆ ਕਿ ਇਹ ਮੇਰੀ ਯੋਗਤਾ ਦਾ ਕਮਾਲ ਹੈ। ਜੇਕਰ ਤੂੰ ਮੇਰਾ ਸਾਥ ਦੇਵੇਂ ਤਾਂ ਮੈਂ ਤੇਰੇ ਸਾਹਮਣੇ ਕੁਬੇਰ ਦੇ ਖ਼ਜ਼ਾਨੇ ਦਾ ਢੇਰ ਲਗਾ ਦੇਵਾਂ।
ਉਤਸੁਕਤਾ ਵਿਚ ਰਾਜਾ ਵਿਕਰਮ ਨੇ ਸਾਥ ਦੇਣ ਦੀ ਮੰਜੂਰੀ ਦੇ ਦਿੱਤੀ । ਯੋਗੀ ਨੇ ਆਖਿਆ ਕਿ ਮੈਂ ਕ੍ਰਿਸ਼ਨਾ ਨਦੀ ਦੇ ਕੰਢੇ 'ਤੇ ਸ਼ਮਸ਼ਾਨਘਾਟ 'ਚ ਯੋਗ ਸਾਧਨਾ ਕਰ ਰਿਹਾ ਹਾਂ । ਜੇਕਰ ਤੂੰ ਮੇਰੀ ਸਹਾਇਤਾ ਕਰਨ ਦਾ ਇਛੁੱਕ ਹੈਂ ਤਾਂ ਭਾਦੋਂ ਮਹੀਨੇ ਦੀ ਮੱਸਿਆ ਨੂੰ ਇਕੱਲਾ ਉਥੇ ਆ ਜਾਵੀਂ।
ਰਾਜੇ ਨੇ ਉਹਦਾ ਸੱਦਾ ਸਵੀਕਾਰ ਕਰ ਲਿਆ ਅਤੇ ਨਿਸ਼ਚਿਤ ਕੀਤੇ ਦਿਨ ਉਥੇ ਪਹੁੰਚ ਗਿਆ। ਉਹਨੂੰ ਆਇਆ ਵੇਖ ਕੇ ਯੋਗੀ ਬੇਹੱਦ ਖ਼ੁਸ਼ ਹੋਇਆ। ਫਿਰ ਉਹਨੇ ਆਖਿਆ ਕਿ ਇਥੋਂ ਦੋ ਕੋਹ ਦੀ ਦੂਰੀ 'ਤੇ ਇਕ ਮੁਰਦਾ ਦਰਖ਼ਤ 'ਤੇ ਪੁੱਠਾ ਲਟਕਿਆ ਹੋਇਆ ਹੈ, ਤੂੰ ਉਹਨੂੰ ਆਪਣੀ ਪਿੱਠ 'ਤੇ ਲੱਦ ਕੇ ਏਥੇ ਲੈ ਆ।
ਰਾਜਾ ਯੋਗੀ ਦੁਆਰਾ ਦੱਸੀ ਹੋਈ ਦਿਸ਼ਾ ਵੱਲ ਤੁਰ ਪਿਆ। ਰਸਤਾ ਬੜਾ ਭਿਆਨਕ ਸੀ । ਥਾਂ-ਥਾਂ 'ਤੇ ਭੂਤ-ਪ੍ਰੇਤ ਨੱਚ ਰਹੇ ਸਨ, ਖ਼ਤਰਨਾਕ ਕਾਲੇ ਸੱਪ ਫਨ ਫੈਲਾਅ ਕੇ ਫੁੰਕਾਰ ਰਹੇ ਸਨ, ਪਰ ਹਿੰਮਤੀ ਵਿਕਰਮਾਦਿੱਤ ਹੱਥ 'ਚ ਤਲਵਾਰ ਫੜ ਕੇ ਤੁਰਿਆ ਜਾ ਰਿਹਾ ਸੀ ।
ਦੋ ਕੋਹ ਦੀ ਦੂਰੀ 'ਤੇ ਜਾ ਕੇ ਉਹਨੇ ਸੱਚਮੁੱਚ ਇਕ ਮੁਰਦੇ ਨੂੰ ਦਰਖ਼ਤ 'ਤੇ ਲਟਕਿਆ ਹੋਇਆ ਵੇਖਿਆ । ਵਿਕਰਮਾਦਿੱਤ ਨੇ ਉਸਨੂੰ ਦਰਖ਼ਤ ਤੋਂ ਲਾਹ ਕੇ ਮੋਢਿਆਂ 'ਤੇ ਲੱਦ ਲਿਆ ਅਤੇ ਤੁਰ ਪਿਆ। ਮੁਰਦਾ ਉਹਦੇ ਮੋਢਿਆਂ ਤੋਂ ਉੱਡ ਕੇ ਮੁੜ ਦਰਖ਼ਤ 'ਤੇ ਜਾ ਕੇ ਲਟਕ ਗਿਆ।
ਵਿਕਰਮ ਨੇ ਉਹਨੂੰ ਦੁਬਾਰਾ ਚੁੱਕਿਆ ਅਤੇ ਤੁਰ ਪਿਆ । ਮੁਰਦੇ ਨੇ ਰਾਜੇ ਨੂੰ ਪੁੱਛਿਆ-"ਤੂੰ ਕੌਣ ਏਂ ?”
"ਮੈਂ ਵਿਕਰਮਾਦਿੱਤ ਹਾਂ ਅਤੇ ਤੂੰ ਕੌਣ ਏਂ ?”
"ਮੈਂ ਬੇਤਾਲ ਹਾਂ। ਤੂੰ ਮੈਨੂੰ ਕੀਹਦੀ ਆਗਿਆ ਨਾਲ ਅਤੇ ਕਿਥੇ ਲੈ ਕੇ ਜਾਣਾ ਚਾਹੁੰਦਾ ਏਂ ?”
“ਮੈਂ ਇਕ ਯੋਗੀ ਦੀ ਆਗਿਆ ਨਾਲ ਤੈਨੂੰ ਲੈਣ ਆਇਆ ਹਾਂ ਤੇ ਤੈਨੂੰ ਮੇਰੇ ਨਾਲ ਜਾਣਾ ਹੀ ਪਵੇਗਾ।"
ਮੁਰਦਾ ਹੱਸ ਪਿਆ। ਫਿਰ ਬੋਲਿਆ-"ਮੈਂ ਤੇਰੇ ਨਾਲ ਇਕ ਸ਼ਰਤ 'ਤੇ ਚੱਲਾਂਗਾ। ਰਸਤਾ ਤੈਅ ਕਰਨ ਲਈ ਮੈਂ ਤੈਨੂੰ ਕੁਝ ਕਹਾਣੀਆਂ ਸੁਣਾਵਾਂਗਾ, ਪਰ ਤੂੰ ਚੁੱਪ ਰਹਿਣਾ ਹੈ। ਜੇਕਰ ਬੋਲਿਆ ਤਾਂ ਮੈਂ ਉੱਡ ਕੇ ਵਾਪਸ ਚਲਾ ਜਾਵਾਂਗਾ। ਚੱਲ, ਹੁਣ ਸਮਾਂ ਗੁਜ਼ਾਰਨ ਲਈ ਮੈਂ ਤੈਨੂੰ ਇਕ ਕਹਾਣੀ ਸੁਣਾਉਂਦਾ ਹਾਂ। ਮੇਰੀ ਕਹਾਣੀ ਸੁਣ ਕੇ ਜੇਕਰ ਤੂੰ ਨਿਆਂ ਨਾ ਕੀਤਾ ਤਾਂ ਮੇਰੇ ਮੰਤਰ ਨਾਲ ਤੇਰਾ ਸਿਰ ਟੁਕੜੇ-ਟੁਕੜੇ ਹੋ ਜਾਵੇਗਾ।”
ਵਿਕਰਮ ਚੁੱਪ ਰਿਹਾ। ਬੇਤਾਲ ਨੇ ਕਹਾਣੀ ਸੁਣਾਉਣੀ ਸ਼ੁਰੂ ਕੀਤੀ-
ਕਿਸ ਦਾ ਕਸੂਰ ?
ਇਕ ਵਾਰ ਦੀ ਗੱਲ ਹੈ, ਵਾਰਾਣਸੀ 'ਚ ਪ੍ਰਤਾਪ ਮੁਕਟ ਨਾਂ ਦਾ ਇਕ ਬਹੁਤ ਹੀ ਬਲਸ਼ਾਲੀ ਰਾਜਾ ਰਾਜ ਕਰਦਾ ਸੀ। ਉਹਦੇ ਪੁੱਤਰ ਦਾ ਨਾਂ ਬ੍ਰਜਮੁਕਟ ਸੀ । ਬ੍ਰਜਮੁਕਟ ਦੀ ਆਪਣੇ ਰਾਜ ਦੇ ਪ੍ਰਧਾਨ ਮੰਤਰੀ ਦੇ ਪੁੱਤਰ ਰਤਨਰਾਜ ਨਾਲ ਬੜੀ ਪੱਕੀ ਦੋਸਤੀ ਸੀ । ਇਕ ਵਾਰ ਦੀ ਗੱਲ ਹੈ ਕਿ ਦੋਵੇਂ ਦੋਸਤ ਸ਼ਿਕਾਰ ਖੇਡਣ ਇਕ ਸੰਘਣੇ ਜੰਗਲ 'ਚ ਗਏ । ਉਥੇ ਰਾਜਕੁਮਾਰ ਨੂੰ ਇਕ ਹਿਰਨ ਨਜ਼ਰ ਆਇਆ ਤੇ ਉਹਨੇ ਉਸ ਹਿਰਨ ਮਗਰ ਆਪਣਾ ਘੋੜਾ ਲਾ ਦਿੱਤਾ। ਮੰਤਰੀ ਦਾ ਪੁੱਤਰ ਪਿਛਾਂਹ ਰਹਿ ਗਿਆ।
ਹਿਰਨ ਦਾ ਪਿੱਛਾ ਕਰਦਿਆਂ-ਕਰਦਿਆਂ ਰਾਜਕੁਮਾਰ ਰਸਤਾ ਭੁੱਲ ਗਿਆ। ਇਕ ਕਾਫ਼ੀ ਸੁੰਦਰ ਬਗੀਚੇ ਦੇ ਨੇੜੇ ਆ ਕੇ ਉਹਨੇ ਘੋੜਾ ਰੋਕ ਲਿਆ ਤੇ ਥਕਾਵਟ ਦੇ ਕਾਰਨ ਬੁਰੀ ਤਰ੍ਹਾਂ ਹਫਣ ਲੱਗ ਪਿਆ । ਰਾਜਕੁਮਾਰ ਨੇ ਘੋੜਾ ਦਰਖ਼ਤ ਨਾਲ ਬੰਨ੍ਹ ਦਿੱਤਾ ਅਤੇ ਖੁਦ ਉਸੇ ਦਰਖ਼ਤ ਦੀ ਛਾਂ ਹੇਠਾਂ ਆਰਾਮ ਕਰਨ ਲੱਗਾ । ਅਜੇ ਉਹਨੂੰ ਉਥੇ ਬੈਠਿਆਂ ਥੋੜ੍ਹਾ ਚਿਰ ਹੀ ਹੋਇਆ ਸੀ ਕਿ ਇਕ ਆਦਮੀ ਦੀ ਆਵਾਜ਼ ਉਹਦੇ ਕੰਨਾਂ 'ਚ ਪਈ-‘ਐ ਰਾਹਗੀਰ ! ਕੌਣ ਏਂ ਤੂੰ ਤੇ ਬਿਨਾਂ ਆਗਿਆ ਇਸ ਬਗੀਚੇ 'ਚ ਕਿਵੇਂ ਆ ਗਿਆ ਏਂ ? ਤੁਰੰਤ ਏਥੋਂ ਚਲਾ ਜਾ-ਰਾਜਕੁਮਾਰੀ ਸ਼ਾਮ ਦੀ ਪੂਜਾ ਕਰਨ ਇਥੇ ਆਉਣ ਵਾਲੀ ਹੈ, ਜੇਕਰ ਉਹਨੇ ਤੈਨੂੰ ਇਥੇ ਵੇਖ ਲਿਆ ਤਾਂ ਤੇਰੇ ਨਾਲ-ਨਾਲ ਮੈਂ ਵੀ ਮੁਸੀਬਤ 'ਚ ਫਸ ਜਾਵਾਂਗਾ।"
"ਮੈਂ ਹੁਣੇ ਚਲਾ ਜਾਵਾਂਗਾ ਭਰਾਵਾ! ਤੂੰ ਚਿੰਤਾ ਨਾ ਕਰ, ਰਾਜਕੁਮਾਰੀ ਦੇ ਆਉਣ ਤੋਂ ਪਹਿਲਾਂ ਹੀ ਚਲਾ ਜਾਵਾਂਗਾ।"
ਉਹ ਵਿਅਕਤੀ, ਜਿਹੜਾ ਅਸਲ 'ਚ ਬਗੀਚੇ ਦਾ ਮਾਲੀ ਸੀ, ਉਹ ਨਿਸ਼ਚਿੰਤ ਹੋ ਕੇ ਚਲਾ ਗਿਆ ਤੇ ਰਾਜਕੁਮਾਰ ਵੀ ਉੱਠ ਕੇ ਆਪਣੇ ਘੋੜੇ ਦੀ ਕਾਠੀ ਠੀਕ ਕਰਨ ਲੱਗਾ। ਪਰ ਰੱਬ ਸਬੱਬੀਂ ਉਸੇ ਵਕਤ ਰਾਜਕੁਮਾਰੀ ਆਪਣੀਆਂ ਸਹੇਲੀਆਂ ਨਾਲ ਪੂਜਾ ਕਰਨ ਮੰਦਰ ਵੱਲ ਆ ਗਈ।
ਰਾਜਕੁਮਾਰ ਨੇ ਉਹਨੂੰ ਵੇਖਿਆ ਤਾਂ ਵੇਖਦਾ ਹੀ ਰਹਿ ਗਿਆ। ਇਹੋ
ਹਾਲਤ ਰਾਜਕੁਮਾਰੀ ਦੀ ਵੀ ਹੋਈ । ਉਹ ਵੀ ਰਾਜਕੁਮਾਰ ਨੂੰ ਵੇਖ ਕੇ ਆਪਣੀ ਸੁੱਧ-ਬੁੱਧ ਗੁਆ ਬੈਠੀ। ਫਿਰ ਅਚਾਨਕ ਹੀ ਉਹ ਚੇਤੰਨ ਹੋਈ ਅਤੇ ਸਹੇਲੀਆਂ ਨਾਲ ਮੰਦਰ ਵੱਲ ਚਲੀ ਗਈ। ਮੰਦਰ 'ਚ ਪੂਜਾ ਕਰਕੇ ਜਦੋਂ ਉਹ ਬਾਹਰ ਆਈ ਤਾਂ ਉਹਨੇ ਰਾਜਕੁਮਾਰ ਨੂੰ ਉਥੇ ਹੀ ਖਲੋਤਾ ਵੇਖਿਆ।
ਰਾਜਕੁਮਾਰੀ ਨੇ ਉਹਦੇ ਵੱਲ ਵੇਖ ਕੇ ਇਕ ਸੰਕੇਤ ਕੀਤਾ, ਉਹਨੇ ਜੂੜੇ 'ਚ ਲੱਗਾ ਕਮਲ ਦਾ ਫੁੱਲ ਹੱਥ 'ਚ ਫੜ ਕੇ ਕੰਨ ਨਾਲ ਛੁਹਾਇਆ, ਫਿਰ ਦੰਦ ਨਾਲ ਟੁੱਕ ਕੇ ਪੈਰ ਦੇ ਥੱਲੇ ਰੱਖਿਆ ਤੇ ਸਭ ਤੋਂ ਅਖੀਰ 'ਚ ਉਹਨੇ ਉਹਨੂੰ ਚੁੱਕ ਕੇ ਸੀਨੇ ਨਾਲ ਲਾ ਲਿਆ ।
ਫਿਰ ਆਪਣੀਆਂ ਸਹੇਲੀਆਂ ਨਾਲ ਉਹ ਇਕ ਪਾਸੇ ਚਲੀ ਗਈ।
ਉਹਦੇ ਜਾਣ ਤੋਂ ਬਾਅਦ ਰਾਜਕੁਮਾਰ ਨੇ ਠੰਡਾ ਹਉਕਾ ਭਰਿਆ ਤੇ ਦੀਵਾਨਾ ਜਿਹਾ ਹੋ ਗਿਆ। ਰਾਜਕੁਮਾਰੀ ਦੀ ਸੋਹਣੀ ਸ਼ਕਲ ਲਗਾਤਾਰ ਉਹਦੀਆਂ ਅੱਖਾਂ ਅੱਗੇ ਨੱਚ ਰਹੀ ਸੀ।
ਕੁਝ ਹੀ ਸਮਾਂ ਲੰਘਿਆ ਸੀ ਕਿ ਉਹਦਾ ਮਿੱਤਰ ਰਤਨਰਾਜ ਉਹਨੂੰ ਲੱਭਦੇ-ਲੱਭਦੇ ਉਸੇ ਦਿਸ਼ਾ 'ਚ ਆ ਗਿਆ। ਮਿੱਤਰ ਕੋਲੋਂ ਮਿੱਤਰ ਦੇ ਮਨ ਦੀ ਗੱਲ ਲੁਕੀ ਨਾ ਰਹਿ ਸਕੀ।
ਰਾਜਕੁਮਾਰ ਨੇ ਰਾਜਕੁਮਾਰੀ ਦੀ ਕਮਲ ਦੇ ਫੁੱਲ ਵਾਲੀ ਹਰਕਤ ਬਿਆਨ ਕਰ ਦਿੱਤੀ ਤੇ ਪੁੱਛਿਆ-"ਆਖ਼ਿਰ ਉਹਦੀ ਇਸ ਹਰਕਤ ਦਾ ਮਲਤਬ ਕੀ ਹੋਇਆ ?"
"ਮੇਰੇ ਮਿੱਤਰ ! ਇੰਝ ਉਹਨੇ ਤੈਨੂੰ ਆਪਣੀ ਜਾਣਕਾਰੀ ਸਮੇਤ ਦਿਲ ਦੀ ਪੂਰੀ ਗੱਲ ਦੱਸ ਦਿੱਤੀ ਹੈ । ਭਾਵ ਉਹ ਵੀ ਤੈਨੂੰ ਪਿਆਰ ਕਰਦੀ ਹੈ।”
"ਤੂੰ ਇਸ ਨਤੀਜੇ 'ਤੇ ਕਿਵੇਂ ਪਹੁੰਚਿਆ ਮੈਨੂੰ ਵੀ ਤਾਂ ਕੁਝ ਦੱਸ।”
ਰਤਨਰਾਜ ਬੋਲਿਆ-“ਸੁਣ ਮਿੱਤਰ ! ਪਹਿਲਾਂ ਉਹਨੇ ਜੂੜੇ 'ਚੋਂ ਕਮਲ ਦਾ ਫੁੱਲ ਕੱਢ ਕੇ ਕੰਨ ਨਾਲ ਛੁਹਾਇਆ। ਇਸ ਦਾ ਅਰਥ ਹੈ ਕਿ ਉਹ ਕਰਨਾਟਕ ਰਾਜ ਦੀ ਰਹਿਣ ਵਾਲੀ ਹੈ । ਫਿਰ ਉਹਨੇ ਫੁੱਲ ਨੂੰ ਦੰਦ ਨਾਲ ਟੁੱਕਿਆ, ਜਿਸਦਾ ਅਰਥ ਹੋਇਆ ਕਿ ਉਹ ਰਾਜਾ ਦੰਤਵਾਦ ਦੀ ਪੁੱਤਰੀ