ਤਾਏ ਦੀ ਨਿਸ਼ਾਨੀ
ਭਾਈਆ ਜੀ (ਦਾਦਾ ਜੀ) ਅਤੇ ਭਾਪਾ ਜੀ ਵਲੋਂ ਸਾਨੂੰ ਕਈ ਵਾਰ ਇਹ ਹਿਦਾਇਤ ਕੀਤੀ ਜਾਦੀ ਸੀ ਕਿ ਸਾਡੇ ਘਰ ਦੇ ਇਕ ਬਜੁਰਗ ਨੌਕਰ ਜਿਸ ਨੂੰ ਆਮ ਹੀ ਨਿਹਾਲਾ ਕਿਹਾ ਜਾਦਾ ਸੀ ਉਹਨਾਂ ਨੂੰ ਭਾਈ ਜੀ ਕਿਹਾ ਕਰੋ। ਜਦੋ ਕਦੀ ਸਾਡੇ ਮੂੰਹੋਂ ਨਿਹਾਲਾ ਨਿਕਲ ਜਾਂਦਾ ਤਾਂ ਭਾਈਆ ਜੀ, ਭਾਪਾ ਜੀ, ਬੇਬੇ ਜੀ (ਦਾਦੀ ਜੀ) ਜਾ ਬੀਬੀ ਜੀ ਵਲੋਂ ਸਾਨੂੰ ਸਖਤ ਤਾੜਨਾ ਕੀਤੀ ਜਾਂਦੀ ਕਿ ਭਾਈ ਜੀ ਕਿਹਾ ਕਰੋ। ਬਚਪਨ ਵਿਚ ਤਾਂ ਭਾਵੇਂ ਇਸ ਗਲ ਦੀ ਸਮਝ ਨਹੀ ਸੀ ਆਉਂਦੀ ਕਿ ਗੁਰਾ ਅਤੇ ਫੀਕਾ ਵੀ ਤਾਂ ਇਸ ਤਰਾਂ ਦੇ ਹੀ ਨੌਕਰ ਹਨ ਉਹਨਾਂ ਬਾਰੇ ਤਾਂ ਕਦੀ ਨਹੀ ਕਿਹਾ ਭਾਈ ਨਿਹਾਲ ਮਸੀਹ ਬਾਰੇ ਕਿਉਂ ਇਸ ਤਰਾਂ ਕਿਹਾ ਜਾਂਦਾ ਹੈ, ਪਰ ਜਦ ਅਸੀ ਹੋਸ਼ ਸੰਭਾਲੀ ਤਾਂ ਭਾਈ ਨਿਹਾਲ ਮਸੀਹ ਦੀ ਕੁਰਬਾਨੀ ਨੂੰ ਅਸੀ ਹੀ ਹੋਰ ਲੋਕਾਂ ਨੂੰ ਦੱਸਦੇ ਹੁੰਦੇ ਸਾਂ ਜਿਸ ਦੀ ਮਿਸਾਲ ਬਹੁਤ ਹੀ ਘਟ ਮਿਲਦੀ ਹੈ।
1947 ਦੀ ਵੰਡ ਵੇਲੇ ਸਾਡਾ ਸਾਰਾ ਹੀ ਪ੍ਰੀਵਾਰ ਲੋੜੀਂਦਾ ਸਮਾਨ ਲੈ ਕੇ ਟਰੱਕ ਰਾਹੀਂ ਵਾਹਗੇ ਵਾਲੀ ਸਰਹਦ ਪਾਰ ਕਰ ਗਿਆ ਜਦੋਂ ਕਿ ਭਾਪਾ ਜੀ ਹੋਰ ਜ਼ਰੂਰੀ ਸਮਾਨ ਲੈ ਕੇ ਗੱਡੇ ਰਾਹੀਂ ਬਾਕੀ ਕਾਫਲੇ ਦੇ ਨਾਲ ਆਏ। ਜਦੋ ਗੱਡਾ ਤੁਰਣ ਲਗਾ ਤਾਂ ਭਾਈ ਨਿਹਾਲ ਮਸੀਹ ਜੋ ਸਾਡੇ ਘਰ ਵਿਚ ਸਾਡੇ ਬਾਬਾ ਜੀ (ਦਾਦਾ ਜੀ ਦੇ ਪਿਤਾ) ਦੇ ਸਮੇ ਤੋਂ ਨਾਲ ਕੰਮ ਕਰਦਾ ਆ ਰਿਹਾ ਸੀ, ਉਹ ਅਤੇ ਉਸ ਦਾ 12 ਕੁ ਸਾਲ ਦਾ ਲੜਕਾ ਆਪਣੇਂ ਕੁਝ ਕਪੜੇ ਇਕ ਵੱਡੇ ਸਾਰੇ ਕਪੜੇ ਦੇ ਝੋਲੇ ਵਿਚ ਪਾ ਕੇ ਗੱਡੇ ਦੇ ਲਾਗੇ ਖੜੇ ਸਨ। ਇੰਨਾਂ ਦੋਵਾਂ ਨੂੰ ਸਿੱਖਾਂ ਅਤੇ ਹਿੰਦੂਆਂ ਦੇ ਪਿੰਡ ਛੱਡ ਕੇ ਜਾਣ ਵਾਲੇ ਲੋਕਾਂ ਦੇ ਨਾਲ ਖੜਾ ਵੇਖ ਕੇ ਸਾਰਾ ਹੀ ਪਿੰਡ ਹੈਰਾਨ ਸੀ। ਬਾਕੀ ਈਸਾਈ ਪ੍ਰੀਵਾਰ ਤਾਂ ਅਰਾਮ ਨਾਲ ਇੰਨਾਂ ਜਾਣ ਵਾਲਿਆ ਵਲ ਵੇਖ ਰਹੇ ਸਨ ਅਤੇ ਉਹਨਾਂ ਨੂੰ ਮਿਲ ਰਹੇ ਸਨ। ਜਦ ਭਾਪਾ ਜੀ ਹਰ ਇਕ ਤੋਂ ਵਿਦਾਈ ਲੈ ਕੇ ਭਾਈ ਨਿਹਾਲ ਮਸੀਹ ਨੂੰ ਮਿਲੇ ਤਾਂ ਉਸ ਦੇ ਜੁਆਬ ਨੂੰ ਸੁਣ ਕੇ ਹੈਰਾਨ ਹੀ ਹੋ ਗਏ ਉਹ ਕਹਿ ਰਿਹਾ ਸੀ ਕਿ ਉਹ ਵੀ ਉਹਨਾਂ ਦੇ ਨਾਲ ਜਾਵੇਗਾ ਪਰ ਭਾਪਾ ਜੀ ਨੇ ਉਸ ਨੂੰ ਅਤੇ ਵਧਾਵੇ ਨੂੰ ਬਹੁਤ ਸਮਝਾਇਆ