ਗੁਰਦਵਾਰੇ ਵੱਲ ਜਾਂਦਿਆਂ ਮੈਂ ਆਪਣੇ ਨਾਲ ਗਏ ਵਿਅਕਤੀ ਨੂੰ ਦੱਸਿਆ ਕਿ ਗੁਰਦਵਾਰਾ ਪੌੜੀਆਂ ਚੜ੍ਹ ਕੇ ਜਾਈਦਾ ਹੈ ਤਾਂ ਉਹ ਪੁੱਛਣ ਲੱਗਾ ਕਿ ਕੀ ਮੈਂ ਪਹਿਲਾਂ ਵੀ ਇਥੇ ਆਇਆ ਹਾਂ, ਤਾਂ ਫਿਰ ਮੈਂ ਉਸ ਨੂੰ ਉਹ ਸਮਾਂ ਦੱਸਿਆ ਜਦੋਂ ਮੈਂ ਬਚਪਨ ਵਿਚ ਆਪਣੇ ਨਾਨਕਿਆਂ ਦੇ ਪਿੰਡ ਦੇ ਲੋਕਾਂ ਨਾਲ ਇਸ ਗੁਰਦਵਾਰੇ ਵਿਚ ਕਈ ਦਿਨ ਰਿਹਾ ਸਾਂ । ਗੁਰਦਵਾਰੇ ਮੱਥਾ ਟੇਕਣ ਤੋਂ ਬਾਦ ਗ੍ਰੰਥੀ ਜੀ ਨੇ ਸਾਨੂੰ ਚਾਹ ਪਿਆਈ। ਉਸ ਕੋਲੋਂ ਮੈਂ ਫੁੱਲਰਵਾਨ ਪਿੰਡ ਬਾਰੇ ਪੁੱਛ ਰਿਹਾ ਸਾਂ, ਤਾਂ ਉਹ ਦੱਸਣ ਲੱਗਾ ਕਿ ਇਸ ਤੋਂ ਬਾਦ "ਯਾਤਰੀ” ਸਟੇਸ਼ਨ ਆਉਂਦਾ ਹੈ ਅਤੇ ਉਸ ਤੋਂ ਬਾਦ "ਬਹਾਲੀਕੇ” ਅਤੇ ਉਸ ਦੇ ਨਾਲ ਹੀ ਫੁੱਲਰਵਾਨ ਹੈ ਅਤੇ ਇਹ ਕੋਈ 8, 9 ਕਿਲੋਮੀਟਰ ਤੋਂ ਵੱਧ ਨਹੀਂ ।
ਮੈਂ ਡਰਾਈਵਰ ਨੂੰ ਕਿਹਾ ਕਿ ਮੈਂ ਆਪਣਾ ਨਾਨਕਾ ਪਿੰਡ ਜਰੂਰ ਵੇਖਣਾ ਚਾਹੁੰਦਾ ਹਾਂ, ਤਾਂ ਉਹ ਕਹਿਣ ਲੱਗਾ ਕਿ ਕੀ ਤੁਹਾਨੂੰ ਉਸ ਪਿੰਡ ਵਿਚ ਕੋਈ ਜਾਣਦਾ ਹੈ ਅਸਲ ਵਿਚ ਉਹ ਉਥੇ ਨਹੀਂ ਸੀ ਜਾਣਾ ਚਾਹੁੰਦਾ ਅਤੇ ਮਹਿਸੂਸ ਕਰਦਾ ਸੀ ਕਿ ਉਥੇ ਕਾਫੀ ਸਮਾਂ ਲੱਗ ਜਾਵੇਗਾ। ਪਰ ਭਾਵੇਂ ਮੈਨੂੰ ਉਸ ਪਿੰਡ ਵਿਚ ਕੋਈ ਵੀ ਨਹੀਂ ਸੀ ਜਾਣਦਾ ਪਰ ਇਹ ਮੇਰੀ ਜਜਬਾਤੀ ਜਹੀ ਖਾਹਿਸ਼ ਸੀ ਕਿ ਉਸ ਪਿੰਡ ਨੂੰ ਜਰੂਰ ਵੇਖ ਕੇ ਆਵਾਂ, ਜਿਥੋਂ ਉਠ ਕੇ ਅਸੀ ਭਾਰਤ ਗਏ ਸਾਂ ਅਤੇ ਮੈਂ ਵੇਖਣਾ ਚਾਹੁੰਦਾ ਸਾਂ ਕਿ ਹੁਣ ਉਹ ਪਿੰਡ ਕਿਸ ਤਰਾਂ ਦਾ ਲੱਗਦਾ ਹੈ ।
ਸਾਡੇ ਨਾਲ ਗਏ ਵਿਅਕਤੀ ਨੇ ਦੱਸਿਆ ਕਿ ਇਥੇ ਇਕ ਆੜ੍ਹਤੀ ਉਸ ਦਾ ਵਾਕਫ ਹੈ, ਉਸ ਨੂੰ ਉਹ ਮਿਲਣਾ ਚਾਹੁੰਦਾ ਸੀ ਅਤੇ ਉਸ ਤੋਂ ਬਾਦ ਫੁੱਲਰਵਾਨ ਹੋ ਕੇ ਨਨਕਾਣਾ ਸਾਹਿਬ ਚੱਲਾਂਗੇ । ਜਦੋਂ ਅਸੀ ਆੜ੍ਹਤੀ ਕੋਲ ਗਏ ਤਾਂ ਉਹ ਆਪਣੀ ਦੁਕਾਨ ਵਿਚ ਹੀ ਸੀ, ਅਤੇ ਉਸ ਤਰਾਂ ਹੀ ਲੱਕੜ ਦੀ ਸੰਦੂਕੜੀ, ਅਤੇ ਲਾਲ-ਲਾਲ ਵਹੀਆਂ ਉਸ ਦੇ ਅੱਗੇ ਪਈਆਂ ਸਨ ਜਿਸ ਤਰਾਂ ਸਾਡੀਆਂ ਅਨਾਜ ਮੰਡੀਆਂ ਵਿਚ ਹੁੰਦੀਆਂ ਹਨ ਅਤੇ ਕੰਡਾ, ਵੱਟੇ ਅਤੇ ਬੋਰੀਆਂ ਦਾ ਬਾਰਦਾਨਾ ਸਭ ਕੁਝ ਉਸ ਤਰਾਂ ਦਾ ਹੀ ਮਹੌਲ ਸੀ, ਜੋ ਅਸੀ ਬਚਪਨ ਤੋਂ ਇਧਰ ਆਪਣੇ ਸ਼ਹਿਰ ਦੇ ਆੜ੍ਹਤੀਆਂ ਕੋਲ ਵੇਖਦੇ