ਵਿਛੜੇ ਪ੍ਰੀਵਾਰਾਂ ਦਾ ਇਤਿਹਾਸ
ਲਹੌਰ ਦੇ ਕੇਂਦਰੀ ਰੇਲਵੇ ਸਟੇਸ਼ਨ ਦੇ ਬਿਲਕੁਲ ਨਾਲ ਸਥਿਤ ਗੁਰਦਵਾਰਾ ਸਿੰਘ ਸਿੰਘਣੀਆਂ ਵਿਚ ਮੈਂ ਠਹਿਰਿਆ ਹੋਇਆ ਸਾਂ। ਗੁਰਦਵਾਰੇ ਦੀ ਬਹੁਤ ਹੀ ਖੂਬਸੂਰਤ ਇਮਾਰਤ ਵਿਚ ਇਕ ਗੈਸਟ ਹਾਊਸ ਬਣਿਆ ਹੋਇਆ ਹੈ ਜਿਸ ਨੂੰ ਵਿਦੇਸ਼ੀ ਸਿਖਾਂ ਖਾਸ ਕਰਕੇ ਇੰਗਲੈਂਡ ਦੇ ਸਿੱਖਾਂ ਨੇ ਯਾਤਰੀਆਂ ਲਈ ਬਣਵਾਇਆ ਹੈ। ਦਸਿਆ ਜਾਂਦਾ ਹੈ ਕਿ ਇਸ ਇਤਿਹਾਸਕ ਜਗ੍ਹਾ ਨੂੰ ਪਾਕਿਸਤਾਨ ਵਿਚ ਰਹਿਣ ਵਾਲੇ ਸਿਖਾਂ ਨੇ ਇਕ ਮੁਕਦਮੇਂ ਵਿਚ, ਆਪਣਾ ਹੱਕ ਜਤਾ ਕੇ ਲਿਆ ਸੀ। ਉਸ ਸਮੇਂ ਮੇਰੇ ਨਾਲ ਅੰਮ੍ਰਿਤਸਰ ਤੋਂ ਹੀ ਦੋ ਹੋਰ ਪ੍ਰੀਵਾਰ ਵੀ ਇਸ ਗੁਰਦੁਆਰੇ ਵਿਚ ਠਹਿਰੇ ਹੋਏ ਸਨ। ਸਾਡੇ ਕੋਲ ਵਾਪਸੀ ਤੇ ਆਉਣ ਲਈ ਸਿਰਫ ਇਕ ਰੇਲ ਗੱਡੀ ਦਾ ਹੀ ਸਾਧਨ ਸੀ। ਅਸੀਂ ਵਾਹਗੇ ਤੋਂ ਪੈਦਲ ਆ ਕੇ ਬਾਰਡਰ ਪਾਰ ਨਹੀਂ ਸਾਂ ਕਰ ਸਕਦੇ ਕਿਉਂ ਜੋ ਪੈਦਲ ਲੰਘਣ ਲਈ ਇਕ ਵਖਰੀ ਇਜਾਜਤ ਚਾਹੀਦੀ ਸੀ ਜੋ ਸਾਡੇ ਕੋਲ ਨਹੀਂ ਸੀ। ਅਜ ਤੋਂ ਬਾਦ ਜਦ ਫਿਰ ਗੱਡੀ ਆਉਣੀ ਤੇ ਜਾਣੀ ਸੀ ਉਸ ਦਿਨ ਤਕ ਸਾਡਾ ਵੀਜਾ ਖਤਮ ਹੋ ਜਾਣਾ ਸੀ, ਜਿਸ ਕਰਕੇ ਸਾਨੂੰ ਹੋਰ ਉਲਝਨਾਂ ਵਿਚੋਂ ਲੰਘਣਾਂ ਪੈਣਾ ਸੀ। ਇਸ ਲਈ ਜਿਸ ਦਿਨ ਸਵੇਰੇ ਮੈਂ ਵਾਪਿਸ ਅੰਮ੍ਰਿਤਸਰ ਆਉਣਾ ਸੀ ਮੈਂ ਰਾਤ ਨੂੰ ਹੀ ਇਸ ਬਾਰੇ ਬਹੁਤ ਸੁਚੇਤ ਸਾਂ ਕਿ ਗੱਡੀ ਨਾ ਲੰਘ ਜਾਵੇ। ਸ਼ਾਮ ਨੂੰ ਮੇਰੇ ਕੋਲ ਇਕ ਵਿਅਕਤੀ ਆਇਆ ਜੋ ਅੰਮ੍ਰਿਤਸਰ ਯੂਨੀਵਰਸਿਟੀ ਦੀ ਕਿਸੇ ਪ੍ਰੋਫੈਸਰ ਔਰਤ ਦਾ ਵਾਕਫ ਸੀ ਅਤੇ ਉਸ ਨੇ ਮੈਨੂੰ ਦੋ ਵੱਡੇ ਵੱਡੇ ਪੈਕਟ ਦਿਤੇ ਜਿੰਨਾਂ ਵਿਚੋਂ ਇਕ ਉਸ ਪ੍ਰੋਫੈਸਰ ਨੂੰ ਦੇਣਾ ਸੀ ਅਤੇ ਇਕ ਮੇਰੇ ਲਈ ਸੀ। ਜਦੋਂ ਉਸ ਨੇ ਇਹ ਦਸਿਆ ਕਿ ਇਹ ਦੋ ਕੇਕ ਹਨ ਤਾਂ ਮੈਨੂੰ ਆਪਣੀ ਪੜ੍ਹੀ ਲਿਖੀ ਜਮਾਤ ਦੀ ਸਿਆਣਪ, ਜਿੰਦਾਦਿਲੀ ਅਤੇ ਵਾਹਗੇ ਵਾਲੀ ਲਕੀਰ ਨੂੰ ਪਾਰ ਕਰਨ ਲਈ ਸਮਾਨ ਦੀ ਚੋਣ ਸਬੰਧੀ ਸੋਚ ਤੇ ਕਈ ਸ਼ੰਕੇ ਪੈਦਾ ਹੋਏ। ਉਹ ਦੋਵੇਂ ਕੇਕ ਮੈਂ ਰਖ ਤਾਂ ਲਏ ਪਰ ਬਾਦ ਵਿਚ ਰੇਲਵੇ ਸਟੇਸ਼ਨ ਤੇ ਪਹੁੰਚਣ ਤਕ ਕਈ ਵਾਰ ਉਹਨਾਂ ਨੂੰ ਨਾਲ ਲਿਆਉਣ ਜਾਂ ਉਥੇ ਛੱਡ ਆਉਣ ਦੀ ਦੁਚਿਤੀ ਵਿਚ ਰਿਹਾ