ਹੈਵਾਨ ਅਤੇ ਫਰਿਸ਼ਤੇ
ਸਰਦਾਰ ਅਮਰਜੀਤ ਸਿੰਘ ਪੰਜਾਬ ਪੁਲੀਸ ਵਿਚ ਐਸ.ਪੀ. ਦੀ ਪਦਵੀ ਤੋਂ ਰਿਟਾਇਰ ਹੋ ਕੇ, ਮੁਹਾਲੀ ਦੇ ਖੂਬਸੂਰਤ ਘਰ ਵਿਚ ਹਰ ਤਰਾਂ ਨਾਲ ਸੁਖੀ ਜੀਵਨ ਬਿਤਾ ਰਹੇ ਹਨ ਅਤੇ ਉਹਨਾ ਦੇ ਬੱਚਿਆਂ ਦੇ ਉੱਚੇ ਅਹੁਦਿਆਂ ਤੇ ਬਿਰਾਜਮਾਨ ਹੋਣ ਕਰਕੇ ਉਹ ਆਪਣੇ ਆਪ ਵਿਚ ਮਾਨਸਿਕ ਤੌਰ ਤੇ ਸੰਤੁਸ਼ਟ ਹਨ ਪਰ ਫਿਰ ਵੀ ਦੇਸ਼ ਦੀ ਵੰਡ ਦੇ ਸਮੇਂ ਤੇ 60 ਸਾਲਾਂ ਤੋਂ ਵੱਧ ਸਮੇਂ ਤੋਂ ਛੱਡੇ ਆਪਣੇਂ ਪਿੰਡ ਬਾਵਲ ਦੀਆਂ ਕੌੜੀਆਂ ਮਿੱਠੀਆਂ ਯਾਦਾਂ ਉਹਨਾ ਨੂੰ ਲਗਾਤਾਰ ਨਹੀਂ ਭੁੱਲ ਸਕੀਆਂ ਅਤੇ ਅਜੇ ਵੀ ਉਹ ਸੁਪਨਿਆਂ ਵਿਚ ਪੋਠੋਹਾਰ ਦੇ ਇਲਾਕੇ ਵਿਚ ਜੇਹਲਮ ਦਰਿਆ ਦੇ ਨਾਲ ਵਗਦੇ ਇਕ ਨਾਲੇ ਸੁਹਾਂ ਦੇ ਕੰਢੇ ਤੁਰਦੇ ਤੁਰਦੇ ਦੂਰ ਤੱਕ ਆਪਣੇ ਇਲਾਕੇ ਦੇ ਖੂਬਸੂਰਤ ਫੁੱਲਾਂ ਅਤੇ ਫਲਾਂ ਵਾਲੇ ਦਰਖਤਾਂ ਤੋਂ ਮਿੱਠੇ ਮਿੱਠੇ ਫਲ ਖਾਂਦੇ ਨੀਂਦ ਵਿਚੋਂ ਜਾਗ ਪੈਂਦੇ ਹਨ। ਪਿੰਡ ਵਿਚ ਉਹਨਾ ਦਾ ਗੁਜਾਰਿਆ ਹੋਇਆ ਬਹੁਤ ਸੁਖੀ ਜੀਵਨ ਉਹਨਾ ਨੂੰ ਨਹੀਂ ਭੁੱਲ ਸਕਿਆ, ਜਿਸ ਪਿੰਡ ਦੇ ਕੱਚੇ ਪੱਕੇ ਸਕੂਲ ਵਿਚ ਉਹ ਪ੍ਰਾਇਮਰੀ ਦੇ ਵਿਦਿਆਰਥੀ ਸਨ । ਜਿਲਾ ਰਾਵਲਪਿੰਡੀ ਦੀ ਤਹਸੀਲ ਗੁਜਰਖਾਨ ਦਾ ਇਹ ਪਿੰਡ ਬਾਵਲ, ਜਿਸ ਵਿਚ 95 ਫੀਸਦੀ ਅਬਾਦੀ ਹਿੰਦੂਆਂ ਸਿੱਖਾਂ ਦੀ ਸੀ ਪਰ ਉਹ ਪੰਜ ਫੀਸਦੀ ਮੁਸਲਿਮ ਲੋਕ ਵੀ ਪਿੰਡ ਦੇ ਹਿੰਦੂਆਂ ਸਿੱਖਾਂ ਨੂੰ ਖਾਸ ਸਤਿਕਾਰ ਅਤੇ ਪਿਆਰ ਦਿੰਦੇ ਸਨ। ਉਸ ਤਰਾਂ ਤਾਂ ਰਾਵਲਪਿੰਡੀ ਜਿਲਾ ਵਿਦਿਆ ਦੇ ਪੱਖੋਂ ਬਹੁਤ ਅੱਗੇ ਸੀ, ਪਰ ਇਸ ਪਿੰਡ ਦੀ ਜਿਆਦਾਤਰ ਵਸੋਂ ਪੜ੍ਹੀ ਲਿਖੀ ਹੋਣ ਕਰਕੇ ਕਾਫੀ ਲੋਕ ਚੰਗੀਆਂ ਸਰਕਾਰੀ ਨੌਕਰੀਆਂ ਤੇ ਲੱਗੇ ਹੋਏ ਸਨ, ਸ਼ਾਇਦ ਉਸ ਵਕਤ ਦਾ ਰਾਵਲਪਿੰਡੀ ਦਾ ਡੀ.ਸੀ. ਸ. ਗੋਕਲ ਸਿੰਘ ਵੀ ਇਸ ਹੀ ਪਿੰਡ ਦਾ ਹੀ ਸੀ । ਜਿਆਦਾ ਲੋਕਾਂ ਦੇ ਚੰਗੀਆਂ ਨੌਕਰੀਆਂ ਤੇ ਹੋਣ ਕਰਕੇ ਇਸ ਪਿੰਡ ਨੂੰ ਜੱਜਾਂ ਦਾ ਪਿੰਡ ਕਹਿੰਦੇ ਸਨ।
ਸ: ਅਮਰਜੀਤ ਸਿੰਘ ਦੇ ਪਿਤਾ ਸ: ਮੋਹਨ ਸਿੰਘ ਦੀ ਆਟੇ ਦੀ ਚੱਕੀ ਸੀ ਜੋ ਡੀਜਲ ਇੰਜਨ ਲਾਲ ਚਲਦੀ ਸੀ, ਇਸ ਵਿਚ ਆਟਾ ਪੀਸਣ ਦੇ ਨਾਲ ਨਾਲ ਤੇਲ ਕੱਢਣ ਵਾਲੀਆਂ ਅੱਠ ਘਾਣੀਆਂ ਵੀ ਚੱਲਦੀਆਂ ਸਨ,