ਕੁਰਸ਼ੈਦ ਅਤੇ ਹਨੀਫਾ ਆਪ ਵੀ ਮਿਹਨਤ ਕਰਦੀਆਂ ਸਨ ਅਤੇ ਉਹਨਾਂ ਦੇ ਪਤੀ ਅਤੇ ਉਹਨਾਂ ਦੇ ਚਾਰੇ ਭਰਾ ਵੀ ਮਿਹਨਤ ਮਜਦੂਰੀ ਦਾ ਕੰਮ ਕਰਦੇ ਸਨ, ਉਹਨਾਂ ਲਈ ਪਾਸਪੋਰਟ ਬਣਾ ਕੇ ਜਿਆਦਾ ਵਾਰ ਜਾਣਾ ਇੰਨਾ ਅਸਾਨ ਵੀ ਨਹੀਂ ਸੀ। ਉਹਨਾਂ ਨੂੰ ਕਦੀ ਕਦੀ ਜਦੋਂ ਖਤ ਰਾਹੀਂ ਪਤਾ ਲਗਦਾ ਕਿ ਫਲਾਣਾਂ ਰਿਸ਼ਤੇਦਾਰ ਫੌਤ ਹੋ ਗਿਆ ਹੈ ਤਾਂ ਉਹ ਉਥੇ ਜਾਣ ਦੀ ਖਾਹਿਸ਼ ਨੂੰ ਦਿਲ ਵਿਚ ਹੀ ਦਬਾ ਲੈਂਦੀਆਂ ਸਨ। ਦੋਵੇਂ ਤਰਫ ਭੈਣਾਂ, ਭਰਾ ਅੱਜ ਤਕ ਇਹ ਵੀ ਫੈਸਲਾ ਨਹੀਂ ਕਰ ਸਕੇ, ਕਿ ਉਹਨਾਂ ਦਾ ਇਧਰ ਆ ਜਾਣਾ ਠੀਕ ਸੀ ਜਾਂ ਉਧਰ ਰਹਿ ਜਾਣਾ ਹੀ ਠੀਕ ਸੀ। ਹਜਾਰਾਂ ਪ੍ਰੀਵਾਰਾਂ ਵਿਚ ਜੋ ਇਸ ਤਰ੍ਹਾਂ ਵੰਡੇ ਹੋਏ ਸਨ, ਉਹਨਾਂ ਵਿਚ ਇਸ ਤਰ੍ਹਾਂ ਦੇ ਸੁਆਲ ਉਠਦੇ ਸਨ ਅਤੇ ਫਿਰ ਉਹ ਪ੍ਰੀਵਾਰ ਵੀ ਸਨ ਜੋ ਵੰਡ ਤੋਂ ਬਾਦ ਤਾਂ ਇਕ ਵਾਰ ਵੀ ਨਹੀਂ ਸਨ ਮਿਲ ਸਕੇ। ਇਹ ਵੰਡ ਉਮਰ ਭਰ ਦੀ ਵੰਡ ਬਣ ਗਈ ਸੀ। ਹੁਣ ਉਹਨਾਂ ਦੇ ਭਰਾਵਾਂ ਦੀ ਵੀ ਮੌਤ ਹੋ ਚੁੱਕੀ ਸੀ ਉਹ ਪੁੱਤਰਾਂ, ਪੋਤਰਿਆਂ ਵਾਲੀਆਂ ਹੋ ਚੁੱਕੀਆਂ ਸਨ ਅਜੇ ਵੀ ਜਦੋਂ ਉਹਨਾਂ ਦੇ ਪਿੰਡ ਦੇ ਸਪੀਕਰ ਦੀ ਅਵਾਜ ਆਉਂਦੀ ਤਾਂ ਉਹਨਾਂ ਨੂੰ ਫਿਰ ਇਸ ਤਰ੍ਹਾਂ ਹੀ ਲੱਗਦਾ ਜਿਵੇਂ ਉਹਨਾਂ ਦੇ ਭਤੀਜੇ, ਭਤੀਜੀ ਦਾ ਹੀ ਵਿਆਹ ਹੋਵੇਗਾ ਪਰ ਹੁਣ ਉਹ ਇੰਨੀਆਂ ਕੁ ਬਜੁਰਗ ਅਤੇ ਕਮਜ਼ੋਰ ਹੋ ਚੁੱਕੀਆ ਸਨ ਕਿ ਉਹਨਾਂ ਦੀ ਵੀਜਾ ਲੈ ਕੇ ਉਧਰ ਜਾਣ ਦੀ ਖਾਹਿਸ਼ ਵੀ ਮੁਕ ਗਈ ਸੀ ਭਾਵੇਂ ਕਿ ਉਹਨਾਂ ਨੂੰ ਆਪਣੇ ਪਿੰਡ ਦੇ ਦਰਖਤ ਅਜੇ ਵੀ ਸਰਹੱਦ ਤੋਂ ਪਾਰ ਨਜ਼ਰ ਆਉਂਦੇ ਸਨ। ਪਿੰਡ ਦਾ ਗਿਰਜਾਘਰ, ਪਿੰਡ ਦੀ ਗਲੀਆਂ, ਬੋਹੜਾਂ ਅਤੇ ਪਿੱਪਲਾਂ ਦੀ ਛਾਵਾਂ ਅਤੇ ਪਿੰਡ ਦੇ ਉੱਚੇ-2 ਦਰਖਤ ਅਤੇ ਚੁਬਾਰੇ ਅਜੇ ਵੀ ਉਹਨਾਂ ਦੀ ਯਾਦ ਵਿਚ ਆਉਂਦੇ ਰਹਿੰਦੇ। ਸਨ, ਜਿਸ ਤਰ੍ਹਾਂ ਉਹਨਾਂ ਦੇ ਵਿਆਹ ਤੋਂ ਪਹਿਲਾਂ। ਉਹ ਪਿੰਡ ਦੀਆਂ ਗਲੀਆਂ ਅਤੇ ਘਰਾਂ ਨੂੰ ਅਜੇ ਵੀ ਵੇਖਣਾ ਤਾ ਚਾਹੁੰਦੀਆਂ ਸਨ ਪਰ ਵਾਹਗੇ ਵਾਲੀ ਲਕੀਰ ਨਾਲ ਜੁੜੀਆਂ ਮੁਸ਼ਕਲਾਂ ਨੇ ਉਹਨਾਂ ਦੀ ਇਸ ਖਾਹਿਸ਼ ਨੂੰ ਖ਼ਤਮ ਕਰ ਦਿੱਤਾ ਸੀ।