ਸ਼ਾਮ ਨੂੰ ਇਨਾਮ ਵੰਡ ਸਮਾਰੋਹ ਵਿਚ ਪੰਜਾਬ ਦਾ ਲੈਫਟੀਨੈਂਟ ਗਵਰਨਰ ਇਨਾਮ ਵੰਡਣ ਆਇਆ। ਜਦੋਂ ਇਹ ਘੋਸ਼ਨਾ ਹੋਈ ਕਿ ਇਰਸ਼ਾਦ ਦਤਾ ਗੋਰਡਨ ਕਾਲਜ ਰਾਵਲਪਿੰਡੀ ਦਾ ਵਿਦਿਆਰਥੀ ਮੀਲ ਦੀ ਦੌੜ ਵਿਚ ਪਹਿਲੇ ਨੰਬਰ ਤੇ ਆਇਆ ਹੈ ਅਤੇ ਉਸਨੇ ਯੂਨੀਵਰਸਿਟੀ ਦਾ ਨਵਾਂ ਰਿਕਾਰਡ ਬਣਾਇਆ ਹੈ, ਤਾਂ ਇਕੱਠੀ ਹੋਈ ਭੀੜ ਬਹੁਤ ਲੰਮਾ ਸਮਾਂ ਤਾੜੀ ਮਾਰਦੀ ਰਹੀ। ਜਦੋਂ ਇਰਸ਼ਾਦ ਦਤਾ ਆਪਣਾ ਇਨਾਮ ਲੈਣ ਗਿਆ ਤਾਂ ਲੈਫਟੀਨੈਂਟ ਗਵਰਨਰ ਨੇ ਆਪਣੇ ਅਰਦਲੀ ਨੂੰ ਕਿਹਾ ਕਿ ਇਸ ਲੜਕੇ ਨੂੰ ਪੁਲਿਸ ਵਿਚ ਇੰਸਪੈਕਟਰ ਭਰਤੀ ਕਰ ਲਉ ਅਤੇ ਗਵਰਨਰ ਨੇ ਇਰਸ਼ਾਦ ਦੀ ਰਜਾਮੰਦੀ ਪੁੱਛੀ । ਪਰ ਇਰਸ਼ਾਦ ਦਤਾ ਨੇ ਕਿਹਾ "ਮੈਂ ਇਸ ਪੇਸ਼ਕਸ਼ ਲਈ ਤੁਹਾਡਾ ਧੰਨਵਾਦੀ ਹਾਂ ਪਰ ਮੈਂ ਭਰਤੀ ਨਹੀਂ ਹੋ ਸਕਦਾ"।
ਲੈਫਟੀਨੈਂਟ ਗਵਰਨਰ ਹੈਰਾਨ ਸੀ, ਲੋਕ ਤਾਂ ਪੁਲਿਸ ਵਿਚ ਸਿਪਾਹੀ ਭਰਤੀ ਹੋਣ ਲਈ ਤਰਲੇ ਲੈਂਦੇ ਹਨ ਮੈਂ ਇਸ ਨੂੰ ਇੰਸਪੈਕਟਰ ਭਰਤੀ ਕਰ ਰਿਹਾ ਹਾਂ ਅਤੇ ਇਹ ਨਾਂਹ ਕਰ ਰਿਹਾ ਹੈ, ਉਸ ਦੀ ਇਸ ਦਾ ਕਾਰਣ ਜਾਨਣ ਦੀ ਦਿਲਚਸਪੀ ਵਧ ਗਈ ਅਤੇ ਉਸ ਨੇ ਪੁੱਛਿਆ। "ਕੀ ਕਾਰਣ ਹੈ ਤੂੰ ਇੰਸਪੈਕਟਰ ਦੀ ਪੋਸਟ ਤੋਂ ਇਨਕਾਰ ਕਿਉਂ ਕਰ ਰਿਹਾ ਹੈ” “ਸਰ, ਮੇਰਾ ਖੁਦਾ ਨਾਲ ਵਾਅਦਾ ਹੋ ਚੁੱਕਾ ਹੈ, ਮੈਂ ਤੁਹਾਡੀ ਪੇਸ਼ਕਸ਼ ਸਵੀਕਾਰ ਨਹੀਂ ਕਰ ਸਕਦਾ" ਇਰਸ਼ਾਦ ਦਤਾ ਨੇ ਜਵਾਬ ਦਿੱਤਾ।
ਲੋਕ ਉਹਨਾ ਦੀ ਵਾਰਤਾਲਾਪ ਨੂੰ ਵੇਖ ਤਾਂ ਰਹੇ ਸਨ, ਪਰ ਸੁਣ ਨਹੀਂ ਸਨ ਸਕਦੇ ਇਸ ਲਈ ਲੋਕਾਂ ਵਿਚ ਚੁਪ ਚਾਪ ਛਾਈ ਹੋਈ ਸੀ ਅਤੇ ਸਭ ਹੈਰਾਨ ਸਨ।
ਗਵਰਨਰ ਦੀ ਹੈਰਾਨੀ ਹੋਰ ਵਧ ਗਈ "ਕੀ ਵਾਅਦਾ ਹੋ ਚੁੱਕਿਆ ਹੈ ਤੇਰਾ ਖੁਦਾ ਨਾਲ, ਤੂੰ ਖੁਦਾ ਨੂੰ ਕਿੱਥੇ ਮਿਲਿਆ ਸੀ?" ਗਵਰਨਰ ਨੇ ਸੁਆਲ ਕੀਤਾ।