ਇਰਸ਼ਾਦ ਦਤਾ ਦੀ ਪਤਨੀ ਤਾਂ ਇੰਨਾ 50 ਸਾਲਾਂ ਵਿਚ ਦੋ ਵਾਰ ਵੀਜਾ ਲੈ ਕੇ ਆਪਣੇ ਭਰਾਵਾਂ ਨੂੰ ਮਿਲ ਆਈ ਸੀ, ਪਰ ਇਰਸ਼ਾਦ ਦਤਾ ਨੇ ਜਦੋਂ 1958 ਵਿਚ ਵੀਜਾ ਲਿਆ ਤਾਂ ਪੰਜਾਬ ਵਿਚ ਇਨਫਲੂਜਾਂ ਦੀ ਬਿਮਾਰੀ ਫੈਲ ਗਈ ਅਤੇ ਇਰਸ਼ਾਦ ਦਤਾ ਇਸ ਬਿਮਾਰੀ ਦੀ ਰੋਕਥਾਮ ਲਈ, ਆਮ ਲੋਕਾਂ ਦੀ ਮਦਦ ਕਰਣ ਵਿਚ ਰੁਝ ਗਿਆ ਅਤੇ ਅਖੀਰ ਉਸ ਨੇ ਨਾ ਜਾਣ ਦਾ ਫੈਸਲਾ ਕਰ ਲਿਆ ਫਿਰ ਜਦ 1971 ਵਿਚ ਵੀਜਾ ਲਿਆ ਤਾਂ ਭਾਰਤ ਪਾਕਿਸਤਾਨ ਦੀ ਜੰਗ ਸ਼ੁਰੂ ਹੋ ਗਈ ਅਤੇ ਉਹ ਫਿਰ ਵੀ ਨਾ ਜਾ ਸਕਿਆ।
ਮੈਂ ਕਈ ਵਾਰ ਇਹ ਗਲ ਮਹਿਸੂਸ ਕਰਦਾ ਹੁੰਦਾ ਸਾਂ ਕਿ ਪਾਦਰੀ ਸਾਹਿਬ ਦੇ ਸੀਮਤ ਸਾਧਨਾਂ ਕਰਕੇ ਉਹ ਆਪਣੇ ਪ੍ਰੀਵਾਰ ਦਾ ਪਾਲਣ ਪੋਸ਼ਣ ਉਸ ਢੰਗ ਨਾਲ ਨਹੀਂ ਕਰ ਸਕੇ ਜਿਸ ਢੰਗ ਨਾਲ ਉਹ ਕਰ ਸਕਦੇ ਸਨ। ਉਹ ਤਾਂ ਆਪਣੀ ਸੀਮਤ ਤਨਖਾਹ ਵਿਚੋਂ ਵੀ ਕੁਝ ਨਾ ਕੁਝ ਕਿਸੇ ਨਾ ਕਿਸੇ ਦੀ ਬੀਮਾਰੀ ਜਾਂ ਹੋਰ ਲੋੜ ਤੇ ਖਰਚ ਕਰ ਦਿੰਦੇ ਸਨ । ਹੁਣ ਪਾਦਰੀ ਸਾਹਿਬ ਮਹੀਨੇ ਵਿਚ ਤਕਰੀਬਨ, ਇਕ ਵਾਰ ਮੇਰੇ ਕੋਲ ਆ ਜਾਂਦੇ ਸਨ । ਮੈਨੂੰ ਉਹਨਾਂ ਨਾਲ ਗਲਬਾਤ ਕਰਣੀ ਬੜੀ ਚੰਗੀ ਲਗਦੀ ਸੀ । ਮੈਂ ਵੇਖਦਾ ਹੁੰਦਾ ਸਾਂ ਕਿ ਉਹਨਾ ਨੂੰ ਇਤਿਹਾਸ ਦੀ ਵੱਡੀ ਜਾਣਕਾਰੀ ਸੀ । ਇਕ ਦਿਨ ਚਾਹ ਪੀਂਦਿਆਂ ਪੀਂਦਿਆਂ ਮੈਂ ਇਹ ਕਹਿ ਦਿੱਤਾ।
“ਪਾਦਰੀ ਸਾਹਿਬ ਜੇ ਤੁਸੀ ਪੁਲਿਸ ਵਿਚ ਇੰਸਪੈਕਟਰ ਭਰਤੀ ਹੋਏ ਹੁੰਦੇ ਤਾਂ ਤੁਸੀ ਘਟੋ ਘਟ ਆਈ.ਜੀ. ਰਿਟਾਇਰ ਹੋਣਾ ਸੀ, ਭਾਵੇਂ ਭਾਰਤ ਵਿਚ ਹੁੰਦੇ ਜਾਂ ਪਾਕਿਸਤਾਨ ਵਿਚ"। ਮੈਂ ਵੇਖਿਆ, ਮੇਰੀ ਗਲ ਸੁਣ ਕੇ ਪਾਦਰੀ ਸਾਹਿਬ ਗੁੱਸੇ ਵਿਚ ਆ ਗਏ, ਉਹਨਾ ਦੀਆਂ ਅੱਖਾਂ ਵਿਚ ਭਿਆਨਕ ਗੁੱਸਾ ਸੀ ਅਤੇ ਉਹ ਇਕ ਦਮ ਕਹਿਣ ਲੱਗੇ
"ਸਰਬਜੀਤ ਤੂੰ ਬੜੀ ਨਿਕੰਮੀ ਗਲ ਕੀਤੀ ਹੈ", "ਤੂੰ ਬੜੀ ਨਿਕੰਮੀ ਗਲ ਕੀਤੀ ਹੈ ।" ਮੈਂ ਹੈਰਾਨ ਸਾਂ, ਪਰ ਮੈਂ ਹੌਸਲਾ ਕਰਕੇ ਕਿਹਾ “ਪਾਦਰੀ ਸਾਹਿਬ ਮੈਂ ਕਿਹੜੀ ਮਾੜੀ ਗਲ ਕੀਤੀ ਹੈ" ਤਾਂ ਉਹਨਾ ਫਿਰ ਦੁਹਰਾਇਆ "ਸਰਬਜੀਤ ਤੂੰ ਬੜੀ ਘਟੀਆ ਗਲ ਕੀਤੀ ਹੈ, ਤੂੰ ਆਈ.ਜੀ ਦੀ ਗਲ ਕੀਤੀ ਹੈ । ਖੁਦਾ ਦੀ ਖਿਦਮਤ ਕਰਕੇ ਜੋ ਕੁਝ ਮੈਨੂੰ ਮਿਲਿਆ ਹੈ, ਮੈਂ ਤਾਂ ਉਸ ਤੋਂ ਕਈ ਸਲਤਨਤਾਂ ਵਾਰ ਸਕਦਾ ਹਾਂ" ਇਸ ਤੋਂ ਬਾਦ, ਪਾਦਰੀ ਸਾਹਿਬ ਵਲ ਮੇਰਾ ਸਤਿਕਾਰ ਹੋਰ ਵਧ ਗਿਆ।