Back ArrowLogo
Info
Profile
ਜ਼ਮੀਨਾਂ, ਜਾਇਦਾਦਾਂ ਤੇ ਰਿਸ਼ਤਿਆਂ ਦੇ ਵੰਡੇ ਜਾਣ ਉਪਰੰਤ ਵੀ ਕੁਝ ਨਾ ਕੁਝ ਲਾਜ਼ਮੀ ਸਾਬਤ ਰਹਿ ਗਿਆ ਸੀ। ਉਹ ਸਾਬਤ ਰਹਿਣ ਵਾਲੀ ਸ਼ੈਅ ਕੋਈ ਸਥੂਲ ਕਾਇਆ ਵਾਲੀ ਨਹੀਂ, ਬਲਕਿ ਸੂਖਮ ਬਿਰਤੀ ਵਾਲੀ, ਅੰਤਰੀਵ ਮਨ ਦੇ ਅੰਦਰ ਰਹਿਣ ਵਾਲੀ ਸਾਂਝੇ ਵਿਰਸੇ, ਸਾਂਝੀ ਬੋਲੀ ਤੇ ਸਾਂਝੀ ਸਕਾਫ਼ਤ ਵਾਲੀ ਸੋਚ ਹੈ। ਇਸ ਸੋਚ ਨੇ ਰਿਸ਼ਤਿਆਂ ਨੂੰ ਖੀਣ ਹੋਣੋ ਬਚਾ ਲਿਆ। ਦਰਦ ਦੇ ਅਹਿਸਾਸ ਨੂੰ ਜਿਊਂਦਾ ਰੱਖਿਆ। ਮਨੁੱਖ ਵਿਚੋਂ ਮਨੁੱਖਤਾ ਦੇ ਅਹਿਸਾਸ ਨੂੰ ਮਰਨ ਨਹੀਂ ਦਿੱਤਾ। ਤਾਂ ਹੀ, ਹੈਰਾਨੀ ਹੁੰਦੀ ਹੈ ਉਹੀ ਪੰਜਾਬੀ ਜੋ ਇਕ ਵੇਲੇ ਟਕੂਏ, ਗੰਡਾਸੀਆਂ ਫੜ ਕੇ ਲਾ-ਲਾ ਲਾ-ਲਾ ਕਰਦੇ ਇਕ ਦੂਜੇ ਨੂੰ ਵੱਢ ਟੁੱਕ ਰਹੇ ਸਨ, ਦੂਜੇ ਪਲ ਹੰਝੂਆਂ ਦੀ ਝੜੀ ਲਾਈ ਇਕ ਦੂਜੇ ਨੂੰ ਜੱਫੀ ਵਿਚੋਂ ਨਹੀਂ ਛੱਡ ਰਹੇ।

ਅਹਿਸਾਸਾਂ ਦੀ ਇਸ ਸ਼ਿੱਦਤ ਨੂੰ ਹਰ ਹਸਾਸ ਵਿਅਕਤੀ ਵਾਂਗ ਡਾ. ਸਰਬਜੀਤ ਛੀਨਾ ਬਹੁਤ ਗਹਿਰਾਈ ਨਾਲ ਮਹਿਸੂਸ ਕਰਦੇ ਹਨ। 'ਵਾਹਗੇ ਵਾਲੀ ਲਕੀਰ' ਉਨ੍ਹਾਂ ਦੇ ਹੰਢਾਏ, ਮਹਿਸੂਸ ਕੀਤੇ, ਜੀਵੇ ਉਹ ਨਰੋਏ ਅਤੇ ਅਛੋਹ ਅਨੁਭਵ ਹਨ, ਜੋ ਉਨ੍ਹਾਂ ਆਪਣੀ ਪਾਕਿਸਤਾਨ ਜ਼ਿਆਰਤ ਦੌਰਾਨ ਵੇਖੇ/ਭੋਗੇ । ਦਰਦਾਂ ਦੇ ਅਹਿਸਾਸ ਅੰਦਰ ਦਬਾਏ ਪੰਜਾਬੀ ਮੁੜ ਬਾਹਾਂ ਖੋਲੀ, ਹੱਸਦੇ ਮੁਸਕਰਾਉਂਦੇ ਚਿਹਰਿਆਂ ਨਾਲ ਉਨ੍ਹਾਂ ਦੇ ਸੁਆਗਤ ਲਈ ਪੱਬਾਂ ਭਾਰ ਹਨ। ਆਸੇ-ਪਾਸੇ ਵਿਚਰਦੇ, ਇਕੋ ਜਿਹੀਆਂ ਸ਼ਕਲਾਂ ਸੂਰਤਾਂ, ਇਕੋ ਜਿਹੀਆਂ ਅਕਲਾਂ, ਇਕੋ ਜ਼ੁਬਾਨ ਬੋਲਦੇ ਇਹ ਲੋਕ ਕਿੰਨੇ ਆਪਣੇ ਹਨ, ਕਿੰਨੇ ਕਰੀਬ ਹਨ। ਹਰ ਥਾਂ-ਬਾਜ਼ਾਰ, ਸੜਕਾਂ, ਗਲੀਆਂ, ਪਿੰਡ ਮੁਹੱਲੇ, ਸ਼ਹਿਰ ਹਰ ਥਾਂ, ਜਿਥੇ ਚਾਰ ਲੋਕ ਖਲੋਂਦੇ ਨੇ, ਕੋਈ ਜ਼ਿਕਰ ਛਿੜਦਾ ਹੈ, ਕੋਈ ਗੱਲ ਹੁੰਦੀ ਹੈ, ਉਥੇ ਮੁਹੱਬਤ ਦੇ ਫੁੱਲ ਟਹਿਕਣ ਲੱਗਦੇ ਨੇ। ਗਰਮਜੋਸ਼ੀ ਵਿਚ ਹੱਥ- ਘੁੱਟਣੀਆਂ ਤੇ ਨਿੱਘੇ ਆਲਿੰਗਣ।

ਡਾ. ਛੀਨਾ ਨੇ ਜੋ ਮੁਹੱਬਤ ਲਹਿੰਦੇ ਪੰਜਾਬ, ਸਿੰਧ ਤੇ ਹੋਰ ਪਾਕਿਸਤਾਨੀ ਥਾਵਾਂ ਤੇ ਜਾ ਕੇ ਕਮਾਈ 'ਵਾਹਗੇ ਵਾਲੀ ਲਕੀਰ' ਉਸਦੀ ਇਕ ਜੀਵੰਤ ਕਥਾ ਹੈ। ਇਹ ਪੁਸਤਕ ਕਹਾਣੀਆਂ ਵਰਗੇ ਲੇਖਾਂ ਨਾਲ ਸਿਰਜੀ ਗਈ ਹੈ। ਇਨ੍ਹਾਂ ਵਿਚ ਤੇਜ਼ ਵੇਗ ਵਿਚ ਵਹਿੰਦਾ ਕਥਾ-ਰਸ ਹੈ । ਜਿਉਂਦੇ ਜਾਗਦੇ ਸਾਹ ਲੈਂਦੇ ਪਾਤਰ ਹਨ। ਆਪਣੇ ਪਿੰਡ ਦੀਆਂ ਗਲੀਆਂ ਤੇ ਵਿਛੜੇ ਲੋਕਾਂ ਦੀ ਮੁੜ ਮਿਲਣੀ ਦੇ ਨਿੱਘੇ ਤਬਸਰਾਤ ਹਨ। ਨਿੱਕੀਆਂ ਨਿੱਕੀਆਂ ਛੋਹਾਂ ਹਨ, ਜਿਵੇਂ ਕਿਸੇ ਹੰਢੇ ਹੋਏ ਚਿੱਤਰਕਾਰ ਨੇ ਰੰਗਾਂ ਦੀ ਕਹਿਕਸ਼ਾਂ ਸਿਰਜ ਦਿੱਤੀ ਹੋਵੇ।

7 / 103
Previous
Next