ਯੁੱਗ-ਅੰਤ
(ਨਾਵਲ)
ਮਨਮੋਹਨ ਬਾਵਾ
ਉਨ੍ਹਾਂ ਸੂਰਬੀਰਾਂ ਦੇ ਨਾਂ
ਜਿਨ੍ਹਾਂ ਪੰਜਾਬ ਦੀ ਧਰਤੀ ‘ਤੇ
ਵਿਦਰੋਹ ਅਤੇ ਕ੍ਰਾਂਤੀਕਾਰੀ ਭਾਵਨਾ
ਨੂੰ ਜਿਉਂਦਿਆਂ ਰੱਖਿਆ।
ਕੁਝ ਆਪਣੇ ਵੱਲੋਂ
ਕਈ ਵਰ੍ਹਿਆਂ ਤੋਂ ਮੈਨੂੰ ਇਹ ਪ੍ਰਸ਼ਨ ਖਲਦਾ ਰਿਹਾ ਕਿ ਉਹ ਕੀ ਕਾਰਨ ਸਨ ਕਿ ਉਹ ਸਿੱਖ ਕੌਮ ਜੋ ਆਪਣੀ ਹੋਂਦ ਕਾਇਮ ਰੱਖਣ ਲਈ ਡੇੜ੍ਹ ਦੋ ਸੌ ਵਰ੍ਹਿਆਂ ਤਕ ਜ਼ੁਲਮ ਦੇ ਵਿਰੁੱਧ ਲੜਦੀ ਕੁਰਬਾਨੀਆਂ ਦੇਂਦੀ ਰਹੀ, ਤੇ ਫੇਰ ਲੰਮੀ ਜੱਦੋ-ਜਹਿਦ ਦੇ ਬਾਅਦ ਪੰਜਾਬ 'ਚ ਆਪਣਾ ਰਾਜ ਸਥਾਪਤ ਕਰਨ 'ਚ ਕਾਮਯਾਬ ਹੋਈ, ਜਿਨ੍ਹਾਂ ਸਿੱਖਾਂ ਦੀਆਂ ਵਿਅਕਤੀਗਤ ਵਿਸ਼ੇਸ਼ਤਾਵਾਂ, ਚਰਿੱਤਰ ਅਤੇ ਬਹਾਦਰੀ ਇਤਿਹਾਸ 'ਚ ਇਕ ਮਿਸਾਲ ਬਣ ਗਿਆ, ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਦੇ ਬਾਅਦ ਪੰਜਾਬ 'ਚ ਸਿੱਖ ਰਾਜ ਨਾਲ ਹੋਰ ਵੀ ਬਹੁਤ ਕੁਝ ਅਲੋਪ ਹੋ ਗਿਆ।
ਸਿੱਖ ਰਾਜ ਦੇ ਅੰਤ ਦੇ ਕਾਰਨ ਕੀ ਉਸ ਸਮੇਂ ਦੇ ਰਾਜਨੀਤਕ ਇਤਿਹਾਸਕ ਹਾਲਾਤ ਸਨ ਜਾਂ ਮਹਾਰਾਜਾ ਰਣਜੀਤ ਸਿੰਘ ਦੀਆਂ ਆਪਣੀਆਂ ਕਮਜ਼ੋਰੀਆਂ ਅਤੇ ਕੁਝ ਰਾਜਨੀਤਕ ਗਲਤੀਆਂ ? ਇਸ ਦੇ ਨਾਲ ਇਹ ਵੀ ਕਿ ਜੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਵਿਚ ਸਿੱਖ ਰਾਜ ਸਥਾਪਤ ਕਰਨ 'ਚ ਸਫ਼ਲ ਹੋਇਆ ਤਾਂ ਉਸ ਵਿਚ ਰਣਜੀਤ ਸਿੰਘ ਦੀ ਆਪਣੀ ਕਿੰਨੀ ਕੁ ਭੂਮਿਕਾ ਸੀ ਅਤੇ ਉਸ ਤੋਂ ਪਹਿਲਾਂ ਦੀਆਂ ਰਾਜਨੀਤਿਕ ਗਤੀਵਿਧੀਆਂ ਜਾਂ ਸਿੱਖ ਮਿਸਲਾਂ ਦੇ ਕਾਰਨਾਮਿਆਂ ਦਾ ਕਿੰਨਾ ਕੁ ਯੋਗਦਾਨ ਸੀ ?
ਮੇਰੇ ਇਸ ਨਾਵਲ 'ਯੁੱਗ-ਅੰਤ' ਦਾ ਆਰੰਭ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਤਕਰੀਬਨ ਸੱਤ ਸਾਲ ਬਾਅਦ ਸੰਨ 1847-48 'ਚ ਹੁੰਦਾ ਹੈ। ਤਦ ਤਕ ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਮੁਦਕੀ, ਫਿਰੋਜ਼ਪੁਰ, ਸਭਰਾਓਂ ਆਦਿ ਦੀਆਂ ਲੜਾਈਆਂ ਹੋ ਚੁੱਕੀਆਂ ਸਨ ਅਤੇ ਜਿਨ੍ਹਾਂ 'ਚ ਅੰਗਰੇਜ਼ਾਂ ਨੂੰ ਜਿੱਤ ਪ੍ਰਾਪਤ ਹੋਈ ਸੀ। ਇਨ੍ਹਾਂ ਸੱਤ ਕੁ ਸਾਲਾਂ ਵਿਚਕਾਰ ਮਹਾਰਾਜਾ ਖੜਕ ਸਿੰਘ, ਕੁੰਵਰ ਨੌਨਿਹਾਲ ਸਿੰਘ, ਮਹਾਰਾਜਾ ਸ਼ੇਰ ਸਿੰਘ ਅਤੇ ਰਣਜੀਤ ਸਿੰਘ ਦੇ ਕਈ ਹੋਰ ਪੁੱਤਰ ਸਿੱਖ ਰਾਜ ਦੇ 'ਪਤਵੰਤਿਆਂ' ਦੀਆਂ ਸਾਜ਼ਿਸ਼ਾਂ ਅਤੇ ਮਹੱਤਵਾਕਾਂਖਿਆਵਾਂ ਦਾ ਸ਼ਿਕਾਰ ਹੋ ਚੁੱਕੇ ਸਨ । ਮਹਾਰਾਣੀ ਜਿੰਦਾ ਅਤੇ ਉਸਦਾ ਪੁੱਤਰ ਦਲੀਪ ਸਿੰਘ ਹਾਲੇ ਜਿਉਂਦੇ ਸਨ। ਲਾਹੌਰ 'ਚ ਚਾਹੇ ਅਖੌਤੀ ਸਿੱਖ ਰਾਜ ਹਾਲੇ ਵੀ ਕਿਸੇ ਨਾ ਕਿਸੇ ਰੂਪ 'ਚ ਕਾਇਮ ਸੀ ਪਰ ਅਸਲੀ ਤਾਕਤ ਫਰੰਗੀਆਂ ਦੇ ਹੱਥ ਵਿਚ ਸੀ। ਬਹੁਤ ਸਾਰੇ ਸਿੱਖ ਸਰਦਾਰ ਅਤੇ ਲਾਹੌਰ ਦੁਆਲੇ ਬੈਠੀ ਸਿੱਖ ਫ਼ੌਜ ਫਰੰਗੀਆਂ ਦੀ ਵਫ਼ਾਦਾਰ ਬਣੀ ਹੋਈ ਸੀ।
ਆਮ ਕਰਕੇ ਹੁੰਦਾ ਇਸੇ ਤਰ੍ਹਾਂ ਆਇਆ ਹੈ, ਇਤਿਹਾਸ ਵਿਚ ਜਿਸ ਕਾਲ ਵਿਚ ਵੀ ਬਾਹਰਲੀਆਂ ਤਾਕਤਾਂ ਨੇ ਸਾਡੇ ਮੁਲਕ 'ਚ ਪੈਰ ਜਮਾਏ ਤਾਂ ਆਰੰਭ 'ਚ ਇਨ੍ਹਾਂ ਦਾ ਵਿਰੋਧ ਕਰਨ ਤੋਂ ਬਾਅਦ ਅਮੀਰ ਅਤੇ ਨੌਕਰਸ਼ਾਹੀ ਤਬਕਾ ਜਦੋਂ ਇਹ ਵੇਖਦਾ ਹੈ ਕਿ ਹੁਣ ਸ਼ਾਸਕ ਨਾਲ ਮਿਲਵਰਤਣ ਕਰਨ ਅਤੇ ਸਾਥ ਦੇਣ 'ਚ ਹੀ ਉਨ੍ਹਾਂ ਦਾ ਨਿੱਜੀ
ਭਲਾ ਹੈ ਤਾਂ ਦੇਸ਼-ਭਗਤੀ, ਜਨਤਾ ਦੇ ਭਲੇ ਅਤੇ ਆਤਮ-ਸਨਮਾਨ ਆਦਿ ਦੇ ਵਿਚਾਰ ਤਿਆਗ ਕੇ ਨਵੇਂ ਸ਼ਾਸਕ ਦੇ ਸਭ ਤੋਂ ਅਹਿਮ ਮਦਦਗਾਰ ਬਣ ਜਾਂਦੇ ਹਨ। ਇਸੇ ਤਬਕੇ ਨੇ ਹੀ ਜਲ੍ਹਿਆਂ ਵਾਲਾ ਬਾਗ ਦੇ ਖੂਨੀ ਸਾਕੇ ਤੋਂ ਬਾਅਦ ਜਨਰਲ ਡਾਇਰ ਨੂੰ ਸਿਰੋਪਾ ਦਿੱਤਾ ਸੀ।
ਪਰ ਉਸ ਵੇਲੇ, ਯਾਨੀ ਸੰਨ 1847-48 'ਚ ਹਾਲੇ ਵੀ ਸਿੱਖ ਰਾਜ ਨਾਲ ਵਫ਼ਾਦਾਰੀ ਨਿਭਾਉਣ ਵਾਲੇ ਅਤੇ ਖ਼ੁਦਦਾਰ ਵਿਅਕਤੀ ਮੌਜੂਦ ਸਨ ਜੋ ਫ਼ਰੰਗੀਆਂ ਦੀ ਪ੍ਰਮੁੱਖਤਾ ਮੰਨਣ ਤੋਂ ਇਨਕਾਰੀ ਸਨ। ਇਨ੍ਹਾਂ 'ਚੋਂ ਸਭ ਤੋਂ ਮਹੱਤਵਪੂਰਨ ਮੁਲਤਾਨ ਦਾ ਸੂਬੇਦਾਰ ਦੀਵਾਨ ਮੂਲ ਰਾਜ, ਹਜ਼ਾਰੇ ਦਾ ਸੂਬੇਦਾਰ ਚਤਰ ਸਿੰਘ, ਉਸਦਾ ਪੁੱਤਰ ਰਾਜਾ ਸ਼ੇਰ ਸਿੰਘ ਅਤੇ ਭਾਈ ਮਹਾਰਾਜ ਸਿੰਘ ਆਦਿ ਸਨ।
ਹਰ ਕੋਈ ਸਿੱਖ ਰਾਜ ਦੇ ਇਤਿਹਾਸ ਨੂੰ ਖ਼ਾਸ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਨੂੰ ਆਪਣੇ-ਆਪਣੇ ਦ੍ਰਿਸ਼ਟੀਕੋਣ ਤੋਂ ਵੇਖਦਾ-ਪਰਖਦਾ ਹੈ। ਆਮ ਕਰਕੇ ਸਿੱਖ ਇਤਿਹਾਸਕਾਰਾਂ ਦਾ ਜ਼ੋਰ ਇਸ ਗੱਲ 'ਤੇ ਹੁੰਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਗੁਣਾਂ, ਪ੍ਰਾਪਤੀਆਂ ਅਤੇ ਹੋਰ ਸਕਾਰਾਤਮਕ ਪੱਖਾਂ ਨੂੰ ਉਘਾੜਿਆ ਜਾਏ ਅਤੇ ਉਸ ਦੀਆਂ ਗਲਤੀਆਂ-ਕਮਜ਼ੋਰੀਆਂ ਨੂੰ ਦਰੀ ਥੱਲੇ ਲੁਕਾ ਦਿੱਤਾ ਜਾਏ । ਪਰ ਫੇਰ ਵੀ ਕੁਝ ਇਤਿਹਾਸਕਾਰ ਐਸੇ ਸਨ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਨਕਾਰਾਤਮਕ ਪੱਖਾਂ ਦਾ ਜੇ ਮੋਟੇ ਅੱਖਰਾ 'ਚ ਨਹੀਂ ਤਾਂ ਛੋਟੇ ਅੱਖਰਾਂ 'ਚ ਜ਼ਰੂਰ ਜ਼ਿਕਰ ਕੀਤਾ ਹੈ।
ਮੈਂ ਵੀ ਮਹਾਰਾਜਾ ਰਣਜੀਤ ਸਿੰਘ ਦੇ ਪ੍ਰਸੰਸਕਾਂ 'ਚੋਂ ਹਾਂ। ਮਹਾਰਾਜਾ ਰਣਜੀਤ ਸਿੰਘ ਇਕ ਐਸੀ ਹਸਤੀ ਸੀ ਜੋ ਪੰਜਾਬ ਦੀ ਧਰਤੀ 'ਤੇ ਐਨ ਠੀਕ ਸਮੇਂ ਪੈਦਾ ਹੋਈ, ਜਦੋਂ ਹਾਲਾਤ ਸਾਜ਼ਗਾਰ ਸਨ। ਉਹ ਇਕ ਨਿਰਭੈ ਅਸਾਧਾਰਨ ਅਤੇ ਵਿਲੱਖਣ ਯੋਗਤਾ ਦਾ ਮਾਲਕ ਸੀ ਜਿਸ ਨੇ ਸਮੇਂ ਦੀ ਆਵਾਜ਼ ਨੂੰ ਪਛਾਣਿਆਂ, ਇਤਿਹਾਸ ਦੇ ਇਸ ਅਵਸਰ ਤੋਂ ਪੂਰਾ ਲਾਭ ਉਠਾਇਆ ਤੇ ਸਿੱਖ ਰਾਜ ਕਾਇਮ ਕਰਨ 'ਚ ਕਾਮਯਾਬ ਹੋਇਆ।
ਮੇਰੇ ਇਸ ਨਾਵਲ ਦੀਆਂ ਘਟਨਾਵਾਂ ਦਾ ਮੁੱਖ ਕੇਂਦਰ ਮੁਲਤਾਨ ਦੇ ਸੂਬੇਦਾਰ ਦੇ ਮਾਤਹਿਤ 'ਸ਼ੁਜਾਹਬਾਦ' ਦਾ ਕਿਲ੍ਹਾ ਹੈ। ਪਰ ਮੈਂ ਆਪਣੇ ਨਾਵਲ ਦਾ ਮੁੱਖ ਕਿਰਦਾਰ ਅਤੇ ਨਾਇਕ ਉੱਚੇ ਹੌਂਸਲੇ ਤੇ ਹਿੰਮਤ ਵਾਲੇ ਇਕ ਸਾਧਾਰਨ ਸਿੱਖ ਸਿਪਾਹੀ ਨੂੰ ਬਣਾਇਆ ਹੈ। ਦੂਸਰਾ ਅਹਿਮ ਕਿਰਦਾਰ ਅੰਗਰੇਜ਼ਾਂ-ਸਿੱਖਾਂ ਦੇ ਜੰਗਨਾਮੇ ਦੇ ਲੇਖਕ ਸ਼ਾਹ ਮੁਹੰਮਦ ਦਾ ਪੁੱਤਰ 'ਸ਼ਾਹ ਬਖ਼ਸ਼' ਹੈ। ਇਸ ਦਾ ਅਸਲੀ ਨਾਮ ਆਪਣੇ ਬਾਪ ਦੇ ਨਾਲ-ਨਾਲ ਮਿਲਦਾ ਜੁਲਦਾ ਸੀ, ਇਸ ਲਈ ਪਾਠਕ ਨੂੰ ਨਾਵਾਂ ਦੀ ਉਲਝਣ ਤੋਂ ਬਚਾਉਣ ਲਈ ਥੋੜਾ ਜਿਹਾ ਬਦਲ ਦਿੱਤਾ ਹੈ।
ਇਸ ਨਾਵਲ ਦੀ ਨਾਇਕਾ 'ਰੂਪ ਕੌਰ' ਹੈ ਜਿਸ ਨੂੰ ਮੈਂ ਮਹਾਰਾਜਾ ਰਣਜੀਤ ਸਿੰਘ ਦੀ ਧੀ ਜਾਂ ਪੋਤਰੀ ਦੇ ਤੌਰ 'ਤੇ ਪੇਸ਼ ਕੀਤਾ ਹੈ। ਇਹ ਪਾਤਰ ਕਲਪਿਤ ਹੈ ਜਾਂ ਵਾਸਤਵ, ਇਸ ਦਾ ਨਿਰਣਾ ਮੈਂ ਪਾਠਕਾਂ ਉੱਤੇ ਛੱਡਦਾ ਹਾਂ, ਇਸ ਸਵਾਲ ਦੇ ਨਾਲ ਕਿ ਕੀ ਮਹਾਰਾਜਾ ਰਣਜੀਤ ਸਿੰਘ ਦੀਆਂ ਅੱਠ ਵਿਆਹੁਤਾ ਰਾਣੀਆਂ ਦੀ ਕੁੱਖੋਂ ਸਿਰਫ ਪੁੱਤਰ ਹੀ ਪੈਦਾ ਹੋਏ ? ਅਤੇ ਉਸ ਦੇ ਪੁੱਤਰਾਂ ਦੀਆਂ ਪਤਨੀਆਂ ਕੁੱਖੋਂ ਵੀ ਧੀ ਕਿਉਂ ਨਹੀਂ
ਪੈਦਾ ਹੋਈ ? ਜਿਵੇਂ ਕਿ ਸੂਝਵਾਨ ਪਾਠਕ ਸਮਝ ਜਾਣਗੇ, ਮੈਂ ਰੂਪ ਕੌਰ ਨੂੰ ਇਕ ਪ੍ਰਤੀਕ ਵਜੋਂ ਵੀ ਪੇਸ਼ ਕੀਤਾ ਹੈ।
ਇਸ ਨਾਵਲ ਨੂੰ ਲਿਖਦਿਆਂ ਮੇਰਾ ਇਰਾਦਾ ਨਾ ਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਕਮਜ਼ੋਰੀਆਂ-ਗਲਤੀਆਂ ਨੂੰ ਲੁਕਾਉਣਾ ਹੈ ਅਤੇ ਨਾ ਹੀ ਉਭਾਰਨਾ, ਬਲਕਿ ਦੋਹਾਂ ਨੂੰ ਤਰਕ, ਸਮੇਂ ਅਤੇ ਇਤਿਹਾਸ ਦੀ ਤੱਕੜੀ 'ਚ ਪਾ ਕੇ ਪਾਠਕਾਂ ਸਨਮੁੱਖ ਰੱਖਣਾ ਹੈ। ਇਸ ਦੇ ਨਾਲ ਹੀ ਨਾਵਲ ਦੇ ਬਿਰਤਾਂਤ ਨੂੰ ਹੁਕਮਰਾਨ ਜਮਾਤ ਦੀਆਂ ਗਤੀਵਿਧੀਆਂ ਅਤੇ ਲੜਾਈਆਂ ਤਕ ਸੀਮਤ ਨਾ ਰੱਖਕੇ ਆਮ ਲੋਕਾਂ, ਆਮ ਸਿਪਾਹੀਆਂ, ਗੈਰ ਸਿੱਖਾਂ (ਖ਼ਾਸ ਕਰਕੇ ਮੁਸਲਮਾਨਾਂ ਤੇ ਪਠਾਣਾਂ) ਦੀ ਭੂਮਿਕਾ ਅਤੇ ਮਾਨਸਿਕਤਾ ਰਾਹੀਂ ਸੋਚ ਤੱਕ ਪਹੁੰਚਣ ਦਾ ਯਤਨ ਕੀਤਾ ਹੈ। ਇਤਿਹਾਸਕ ਘਟਨਾਵਾਂ ਦਾ ਵਰਨਣ ਕਰਦਿਆਂ ਮੈਂ ਬਾਹਰਲੇ ਤੱਥਾਂ ਤਕ ਸੀਮਤ ਨਾ ਰਹਿ ਕੇ ਇਨ੍ਹਾਂ ਘਟਨਾਵਾਂ/ਤਥਾਂ ਦੇ ਪਿੱਛੇ ਲੁਕੇ 'ਮੂਲ' ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ।
ਉਂਜ ਇਹ ਦੱਸਣ ਦੀ ਮੈਨੂੰ ਲੋੜ ਨਹੀਂ ਕਿ ਨਾਵਲ ਲਿਖਦਿਆਂ ਮੈਂ ਕਿਨ੍ਹਾਂ ਇਤਿਹਾਸਕ ਸੋਮਿਆਂ, ਪੁਸਤਕਾਂ ਦਾ ਸਹਾਰਾ ਲਿਆ ਹੈ ਕਿਉਂਕਿ ਇਹ ਇਕ ਨਾਵਲ ਹੈ, ਕੋਈ ਇਤਿਹਾਸ ਦੀ ਪੁਸਤਕ ਨਹੀਂ। ਪਰ ਜਦੋਂ ਮੈਂ ਆਪਣੇ ਕੁਝ ਵਿਦਵਾਨ ਦੋਸਤਾਂ ਨੂੰ ਇਸ ਨਾਵਲ ਦੇ ਪ੍ਰਕਾਸ਼ਨ ਤੋਂ ਪਹਿਲਾਂ ਆਪਣਾ ਖਰੜਾ ਪੜ੍ਹਨ ਲਈ ਦਿੱਤਾ ਤਾਂ ਉਨ੍ਹਾਂ 'ਚੋਂ ਕਈਆਂ ਨੇ ਇਸ ਨਾਵਲ 'ਚ ਆਏ ਕੁਝ ਇਤਿਹਾਸਕ ਵੇਰਵਿਆਂ, ਤੱਥਾਂ ਦੇ ਸਰੋਤਾਂ ਬਾਰੇ ਪ੍ਰਸ਼ਨ ਕੀਤੇ। ਇਸ ਲਈ ਇਨ੍ਹਾਂ ਹਵਾਲਿਆਂ ਦੇ ਸਰੋਤਾਂ, ਪੁਸਤਕਾਂ ਦੀ ਸੰਖੇਪ ਸੂਚੀ ਮੈਂ ਇਸ ਨਾਵਲ ਦੇ ਅੰਤ 'ਚ ਦੇ ਰਿਹਾ ਹਾਂ। ਇੱਥੇ ਮੈਂ ਕੇਵਲ ਇੰਨਾ ਹੀ ਲਿਖਾਂਗਾ ਕਿ ਇਸ ਨਾਵਲ ਦੀਆਂ ਮੁੱਖ ਇਤਿਹਾਸਕ ਘਟਨਾਵਾਂ ਮੇਰੇ ਸਰੋਤਾਂ ਅਨੁਸਾਰ ਵਾਸਤਵਿਕਤਾ ਦੇ ਬਹੁਤ ਨੇੜੇ ਹਨ। ਅੰਗਰੇਜ਼ ਅਤੇ ਸਿੱਖ ਹਕੂਮਤ ਨਾਲ ਸੰਬੰਧ ਰੱਖਣ ਵਾਲੇ ਤਕਰੀਬਨ ਸਾਰੇ ਪਾਤਰ ਵੀ ਇਤਿਹਾਸਕ ਹਨ, ਸਮੇਤ ਮੇਰੇ ਇਕ ਵਿਸ਼ੇਸ਼ ਕਿਰਦਾਰ-ਸ਼ੁਜਾਹਬਾਦ ਦੇ ਕਿਲ੍ਹੇਦਾਰ ਸ਼ਾਮ ਸਿੰਘ ਦੇ। ਇਸ ਦੇ ਇਲਾਵਾ ਮੈਂ ਇਕ ਨਾਵਲਕਾਰ ਦੇ ਤੌਰ 'ਤੇ ਇਸ ਨਾਵਲ ਦੇ ਕਥਾ-ਬਿਰਤਾਂਤ ਨੂੰ ਸਿਰਜਦਿਆਂ ਹੋਰ ਵੀ ਕੁਝ ਖੁੱਲ੍ਹਾਂ ਲਈਆਂ ਹਨ।
-ਲੇਖਕ
1
ਸ਼ਹਿਰ ਲਾਹੌਰ, ਵਿਸਾਖ 1848 ਦੀ ਸਵੇਰ, ਵੀਹ ਘੋੜ-ਸਵਾਰ ਨਾਨਕਸ਼ਾਹੀ ਇੱਟਾਂ ਨਾਲ ਬਣੀ ਸੜਕ 'ਤੇ ਆਪਣੀ ਹੌਲੀ-ਹੌਲੀ ਚਾਲ ਤੁਰੀ ਜਾ ਰਹੇ ਹਨ। ਇਨ੍ਹਾਂ ਵੀਹਾਂ ਦੇ ਅੱਗੇ-ਅੱਗੇ ਦੋ ਹੋਰ ਘੋੜ-ਸਵਾਰ ਹਨ ਜਿਨ੍ਹਾਂ ਦੇ ਸ਼ਾਨਦਾਰ ਘੋੜੇ ਅਤੇ ਕੁਝ ਕੀਮਤੀ ਕਪੜੇ ਉਨ੍ਹਾਂ ਪਿੱਛੇ ਆ ਰਹੇ ਘੋੜ-ਸਵਾਰਾਂ ਤੋਂ ਵੱਖਰਿਆਂ ਕਰ ਰਹੇ ਹਨ। ਘੋੜਿਆਂ ਦੇ ਖੁਰਾਂ ਦੀ ਟਪ-ਟਪ ਸਵੇਰ ਦੇ ਖ਼ਾਮੋਸ਼ ਵਾਤਾਵਰਨ 'ਚ ਇਕ ਅਜੀਬ ਜਿਹਾ ਵਿਘਨ ਪਾ ਰਹੀ ਪ੍ਰਤੀਤ ਹੁੰਦੀ ਹੈ। ਸੜਕ ਦੇ ਦੋਵੇਂ ਪਾਸੇ ਵਗਦੀਆਂ ਨਾਲੀਆਂ 'ਚੋਂ ਬਦਬੂ ਨਿਕਲਦੀ ਅਤੇ ਕਿਤੇ-ਕਿਤੇ ਗੰਦਾ ਪਾਣੀ ਨਾਲੀਆਂ 'ਚੋਂ ਨਿਕਲ ਕੇ ਸੜਕ 'ਤੇ ਫੈਲਦਾ ਨਜ਼ਰ ਆ ਰਿਹਾ ਹੈ।
ਇਸ ਛੋਟੇ ਜਿਹੇ ਦਸਤੇ ਦੇ ਮੋਹਰੀ ਦਾ ਨਾਮ ਕੀਰਤ ਸਿੰਘ ਹੈ, ਆਯੂ ਛੱਤੀ-ਸੈਂਤੀ ਵਰ੍ਹੇ ਪਰ ਤੀਹ ਤੋਂ ਵੱਧ ਨਹੀਂ ਲਗਦਾ। ਮੱਥੇ ਅਤੇ ਬਾਹਵਾਂ 'ਤੇ ਭਰ ਚੁੱਕੇ ਜ਼ਖ਼ਮਾਂ ਦੇ ਨਿਸ਼ਾਨ ਦੱਸਦੇ ਹਨ ਕਿ ਇਸ ਨੇ ਕਈ ਮੋਰਚੇ ਮਾਰੇ ਅਤੇ ਕਈ ਲੜਾਈਆਂ 'ਚ ਭਾਗ ਲੈ ਚੁੱਕਿਆ ਹੈ। ਇਸ ਦੀ ਨੀਲੀ ਪੱਗ ਦੁਆਲੇ ਚੱਕਰ, ਲੱਕ ਨਾਲ ਇਕ ਭਾਰੀ ਤਲਵਾਰ ਅਤੇ ਖੱਬੇ ਹੱਥ 'ਚ ਲੰਮੇ ਆਕਾਰ ਵਾਲਾ ਬਰਛਾ ਫੜਿਆ ਹੋਇਆ ਹੈ। ਘੋੜੇ ਦੀ ਕਾਠੀ ਨਾਲ ਇਕ ਬੰਦੂਕ ਅਤੇ ਆਪਣੇ ਕੱਪੜਿਆਂ ਥੱਲੇ ਇੰਗਲਿਸਤਾਨ ਦੀ ਬਣੀ ਹੋਈ ਇਕ ਪਿਸਤੌਲ ਵੀ ਲੁਕਾਈ ਹੋਈ ਹੈ।
ਇਸ ਦੇ ਨਾਲ ਚਲ ਰਿਹਾ ਸੋਲਾਂ-ਸਤਾਰਾਂ ਵਰ੍ਹਿਆਂ ਦਾ ਇਕ ਨੌਜਵਾਨ ਜਿਸ ਦੀਆਂ ਮੱਸਾਂ ਛੁਟਣੀਆਂ ਸ਼ੁਰੂ ਹੋ ਗਈਆਂ ਹਨ। ਇਸ ਦੇ ਕੋਲ ਇਕ ਤਲਵਾਰ ਅਤੇ ਪਿੱਠ 'ਤੇ ਕਾਲੇ ਰੰਗ ਦੀ ਇਕ ਢਾਲ ਦੇ ਇਲਾਵਾ ਹੋਰ ਕੋਈ ਹਥਿਆਰ ਨਹੀਂ। ਇਸ ਨੇ ਵੀ ਆਪਣੇ ਕੱਪੜਿਆਂ ਥੱਲੇ ਇਕ ਪਿਸਤੌਲ ਲੁਕਾਈ ਹੋਈ ਹੈ ਜੋ ਇਸ ਦੇ ਤੁਰਨ ਵੇਲੇ ਇਸ ਦੇ ਮਾਮੇ ਨੇ ਦਿੱਤੀ ਸੀ।
ਬਜਾਰਾਂ-ਗਲੀਆਂ 'ਚੋਂ ਲੰਘਦਿਆਂ ਜਦ ਇਹ ਕਾਫਲਾ ਉੱਚੀਆਂ ਮੀਨਾਰਾਂ ਵਾਲੀ ਮਸੀਤ ਦੇ ਲਾਗੇ ਇਕ ਹਵੇਲੀ ਕੋਲੋਂ ਦੀ ਲੰਘਿਆ ਤਾਂ ਕੀਰਤ ਸਿੰਘ ਨੇ ਸੁੱਤੇ ਸਿੱਧ ਹੀ ਆਪਣੇ ਘੋੜੇ ਦੀ ਚਾਲ ਹੌਲੀ ਕਰ ਦਿੱਤੀ। ਹਵੇਲੀ ਦੇ ਸਾਹਮਣੇ ਇਕ ਮਾਸ਼ਕੀ ਆਪਣੀ ਮਸ਼ਕ ਨਾਲ ਛਿੜਕਾ ਕਰ ਰਿਹਾ ਸੀ ਅਤੇ ਮਿੱਟੀ ਦੀ ਮਹਿਕ ਵਾਤਾਵਰਨ 'ਚ ਪੱਸਰੀ ਹੋਈ ਸੀ। ਪਿੱਤਲ ਦੇ ਕੋਕਿਆਂ ਜੜੇ ਵੱਡੇ ਸਾਰੇ ਬੂਹੇ ਦੇ ਸੱਜੇ ਪਾਸੇ ਇਕ ਸੰਗਮਰਮਰ ਦੇ ਪੱਥਰ 'ਤੇ ਪੰਡਤ ਹੀਰਾ ਸਿੰਘ ਅਬਰੋਲ, 'ਰਾਜ ਜਯੋਤਸ਼ੀ' ਦਾ ਨਾਮ ਗੁਰਮੁਖੀ ਅਤੇ ਉਰਦੂ ਅੱਖਰਾਂ 'ਚ ਉੱਕਰਿਆ ਦਿਸ ਰਿਹਾ ਸੀ।
ਮਹਾਰਾਜਾ ਰਣਜੀਤ ਸਿੰਘ ਇਸ ਜਯੋਤਸ਼ੀ 'ਤੇ ਕਾਫ਼ੀ ਵਿਸ਼ਵਾਸ ਰੱਖਿਆ ਕਰਦੇ ਸਨ ਅਤੇ ਇਸ ਨੂੰ ਮਹਾਰਾਜੇ ਦੇ ਉਨ੍ਹਾਂ ਕਈ ਭੇਤਾਂ ਦਾ ਪਤਾ ਸੀ ਜੋ ਹੋਰ ਕਿਸੇ ਨੂੰ ਨਹੀਂ
ਸੀ ਪਤਾ। ਕੀਰਤ ਸਿੰਘ ਦਾ ਵੀ ਪੰਡਤ ਹੀਰਾ ਸਿੰਘ ਨਾਲ ਕਾਫ਼ੀ ਮੇਲ ਮਿਲਾਪ ਸੀ। ਉਸ ਦੀ ਨਜ਼ਰ ਜਦ ਦੋ-ਮੰਜ਼ਲਾ ਹਵੇਲੀ ਦੀ ਛੱਤ ਉੱਤੇ ਪਈ ਤਾਂ ਪੰਡਤ ਜੀ ਨੂੰ ਉੱਪਰ ਖੜਾ ਵੇਖਦਿਆਂ ਹੱਥ ਜੋੜ ਕੇ ਨਮਸਕਾਰ ਕੀਤਾ। ਪੰਡਤ ਜੀ ਦੇ ਬੁੱਲ੍ਹ ਹਿੱਲੇ ਜਿਵੇਂ ਅਸ਼ੀਰਵਾਦ ਦੇ ਰਹੇ ਹੋਣ। ਫੇਰ ਹੱਥ ਦੇ ਇਸ਼ਾਰੇ ਨਾਲ ਪੁੱਛਿਆ: ਕਿੱਧਰ ?" ਕੀਰਤ ਸਿੰਘ ਨੇ ਘੋੜੇ ਦੀ ਲਗਾਮ ਖਿੱਚਦਿਆਂ ਹੱਥ ਦੇ ਇਸ਼ਾਰੇ ਨਾਲ ਜਵਾਬ ਦੇ ਦਿੱਤਾ। ਪੰਡਤ ਜੀ ਕੁਝ ਸਮਝੇ ਜਾਂ ਨਾ ਸਮਝੇ, ਪਰ ਹੌਲੀ ਦੇਣੀ ਬੋਲੇ, "ਠੀਕ ਏ, ਜਾਓ, ਵਾਹਿਗੁਰੂ ਅੰਗ ਸੰਗ ਸਹਾਈ ਹੋਵੇ ?"
ਪੰਡਤ ਜੀ ਨੇ ਸਿਰ ਦੁਆਲੇ ਛੋਟਾ ਜਿਹਾ ਸਾਫ਼ਾ ਲਪੇਟਿਆ ਹੋਇਆ ਸੀ ਅਤੇ ਚਿਹਰੇ 'ਤੇ ਚਿੱਟੀ ਦਾਹੜੀ ਸਜ ਰਹੀ ਸੀ। ਕੀਰਤ ਸਿੰਘ ਜਾਣਦਾ ਸੀ ਕਿ ਉਹ ਸਿਰ ਤੋਂ ਤਕਰੀਬਨ ਗੰਜੇ ਹਨ। ਮਹਾਰਾਜਾ ਨੂੰ ਖ਼ੁਸ਼ ਕਰਨ ਲਈ ਚਾਹੇ ਕੋਈ ਭਈਆ ਹੋਵੇ ਚਾਹੇ ਪੰਡਤ ਅਤੇ ਚਾਹੇ ਵਿਦੇਸ਼ੀ ਗੋਰਾ ਹਰ ਕੋਈ ਦਾਹੜੀ ਰੱਖ ਲੈਂਦਾ ਅਤੇ ਆਮ ਕਰਕੇ ਆਪਣੇ ਅਸਲੀ ਨਾਮ ਅੱਗੇ 'ਸਿੰਘ' ਲਾ ਦੇਂਦਾ। ਜਿਵੇਂ ਲਾਲਾ ਰਾਮ ਤੋਂ ਮਿਸਰ ਲਾਲ ਸਿੰਘ ਬਣ ਗਿਆ ਅਤੇ ਭਈਆ ਰਾਮ ਦਾਸ ਤੋਂ ਰਾਮ ਸਿੰਘ ਹੋ ਗਿਆ।
ਪੰਡਤ ਹੀਰਾ ਸਿੰਘ ਦੀ ਦਾਹੜੀ ਵੱਲ ਵੇਖਦਿਆਂ ਕੀਰਤ ਸਿੰਘ ਨੂੰ ਉਸ ਦੀ ਕਹੀ ਗੱਲ ਯਾਦ ਆ ਗਈ :
"ਓਏ ਕੀਰਤ ਸਿਆਂ ਧਰਮ ਇਨ੍ਹਾਂ ਕੇਸਾਂ-ਦਾਹੜੀਆਂ 'ਚ ਨਹੀਂ ਵਸਿਆ ਹੋਇਆ ਅਤੇ ਨਾ ਹੀ ਜੰਜੂਆਂ ਵਿੱਚ...। ਵਾਲ ਵਧਾਉਣ ਨਾਲ ਜਾਂ ਆਪਣੇ ਨਾਮ ਅੱਗੇ 'ਸਿੰਘ' ਲਾਉਣ ਨਾਲ ਨਾ ਕੋਈ ਬਹਾਦਰ ਬਣ ਜਾਂਦਾ ਹੈ ਅਤੇ ਨਾ ਹੀ ਵਫ਼ਾਦਾਰ। ਜੇ ਇਸ ਤਰ੍ਹਾਂ ਹੁੰਦਾ ਤਾਂ ਮਿਸਰ ਲਾਲ ਸਿੰਘ ਅਤੇ ਮਿਸਰ ਤੇਜ ਸਿੰਘ ਖ਼ਾਲਸਾ ਫ਼ੌਜ ਨਾਲ ਦਗਾ ਨਾ ਕਰਦੇ।"
"ਉਹ ਤੇ ਨਕਲੀ ਸਿੱਖ ਸਨ।" ਉਸ ਆਖਿਆ ਸੀ।
"ਤਾਂ ਫੇਰ ਅਸਲੀ ਸਿੱਖ ਕੌਣ ਆ ?"
ਇਸ ਤੋਂ ਬਾਅਦ ਉਹ ਤੰਗ ਜਹੇ ਬਜ਼ਾਰ 'ਚੋਂ ਲੰਘਣ ਲੱਗੇ ਜਿੱਥੇ ਦੁਕਾਨਦਾਰ, ਆਪਣੀਆਂ ਦੁਕਾਨਾਂ ਖੋਲ੍ਹਦਿਆਂ ਦੁਕਾਨਾਂ ਸਾਹਮਣੇ ਛੜਕਾ ਕਰ ਰਹੇ ਸਨ। ਲਲਾਰੀਆਂ, ਹਲਵਾਈਆਂ ਅਤੇ ਭਾਂਡੇ ਵੇਚਣ ਵਾਲਿਆਂ ਨੇ ਆਪਣੀਆਂ ਦੁਕਾਨਾਂ ਦੇ ਬਾਹਰ ਸੜਕ ਦਾ ਕਾਫ਼ੀ ਹਿੱਸਾ ਘੇਰਿਆ ਹੋਇਆ ਸੀ, ਕਿਤੇ-ਕਿਤੇ ਟੁੱਟੇ ਘਰਾਂ ਦੀਆਂ ਡਿੱਗੀਆਂ ਕੰਧਾਂ ਦੇ ਢੇਰ ਸਨ। ਦੁਕਾਨਾਂ ਦੇ ਨਾਲ ਹੀ ਆਰਜ਼ੀ ਛੱਪਰ ਪਾ ਕੇ ਦੁਕਾਨਦਾਰਾਂ ਨੇ ਆਪਣੇ ਘੋੜੇ ਬੰਨ੍ਹੇ ਹੋਏ ਹਨ ਜਿਨ੍ਹਾਂ ਦੀਆਂ ਲਿੱਦਾਂ ਵਾਤਾਵਰਨ 'ਚ ਇਕ ਅਜੀਬ ਜਹੀ ਹਵਾੜ ਪੈਦਾ ਕਰ ਰਹੀਆਂ ਹਨ। ਬਜ਼ਾਰ ਵਿੱਚ ਖੜੇ ਰੁੱਖਾਂ ਨੂੰ ਬਜ਼ਾਰ 'ਚੋਂ ਲੰਘਦੇ ਹਾਥੀਆਂ ਅਤੇ ਊਠਾਂ ਨੇ ਪੱਤਿਆਂ ਵਿਹੁਨਾ ਕਰ ਦਿੱਤਾ ਹੋਇਆ ਸੀ।
ਜਿਸ ਵੇਲੇ ਕੀਰਤ ਸਿੰਘ ਦਾ ਇਹ ਦਸਤਾ ਮੁਲਤਾਨੀ ਦਰਵਾਜ਼ੇ 'ਚੋਂ ਨਿਕਲ ਰਿਹਾ ਸੀ, ਤਕਰੀਬਨ ਉਸੇ ਵੇਲੇ ਚਾਰ ਘੋੜ-ਸਵਾਰ, ਜੋ ਆਪਣੇ ਪਹਿਰਾਵੇ ਤੋਂ ਮੁਸਲਮਾਨ ਲੱਗਦੇ ਸਨ, ਪਸ਼ੌਰੀ ਦਰਵਾਜ਼ੇ 'ਚੋਂ ਨਿਕਲ ਰਹੇ ਸਨ। ਇਸ ਦਸਤੇ ਦਾ ਮੋਹਰੀ ਸ਼ਾਹ ਬਖ਼ਸ਼ ਸੀ ਜੋ ਕੁਝ ਵਰ੍ਹੇ ਪਹਿਲਾਂ ਤੱਕ ਮਹਾਰਾਜਾ ਦੀਆਂ ਵੀਹ ਤੋਪਾਂ ਦੇ ਦਸਤੇ ਦਾ
ਕਰਨੈਲ ਹੋਇਆ ਕਰਦਾ ਸੀ । ਉਸ ਦੇ ਨਾਲ ਚੱਲ ਰਿਹਾ ਇਕ ਤੇਰਾਂ-ਚੌਦਾਂ ਵਰ੍ਹੇ ਦਾ ਦਿਸਣ ਵਾਲਾ ਖੂਬਸੂਰਤ ਜਿਹਾ ਮੁੰਡਾ, ਤੇੜ ਸਲਵਾਰ, ਉੱਪਰ ਖੁੱਲ੍ਹਾ ਜਿਹਾ ਚਿੱਟੇ ਰੰਗ ਦਾ ਕੁੜਤਾ ਅਤੇ ਉਸ ਉੱਪਰ ਲਾਖੇ ਰੰਗ ਦੀ ਫਤੂਹੀ ਪਾਈ ਹੋਈ ਸੀ। ਦੋਵਾਂ ਦੇ ਸਿਰ ਉੱਤੇ ਕੁੱਲੇ ਦੁਆਲੇ ਵਲੀ ਹੋਈ ਮੂੰਗੀਆਂ ਰੰਗ ਦੀ ਪਗੜੀ। ਬਾਕੀ ਦੇ ਦੋ ਘੋੜ-ਸਵਾਰ ਇਨ੍ਹਾਂ ਦੇ ਅੰਗ-ਰਖਿਅਕ ਸਨ।
ਸ਼ਾਹ ਬਖ਼ਸ਼ ਨੇ ਚਾਹੇ ਆਪਣਾ ਅੱਧਾ ਚਿਹਰਾ ਆਪਣੀ ਪੱਗ ਦੇ ਲੜ ਨਾਲ ਢਕਿਆ ਹੋਇਆ ਸੀ ਪਰ ਫੇਰ ਵੀ ਪਸ਼ੌਰੀ ਦਰਵਾਜ਼ੇ 'ਚ ਖੜੇ ਪਹਿਰੇਦਾਰ ਨੇ ਉਸ ਨੂੰ ਪਛਾਣ ਲਿਆ।
"ਸਲਾਮ ਸ਼ਾਹ ਬਖ਼ਸ਼ ਜੀ, ਅੱਜ ਸਵੇਰੇ-ਸਵੇਰੇ ਕਿੱਧਰ ਚਾਲੇ ਪਾ ਦਿੱਤੇ ?
ਸ਼ਾਹ ਬਖ਼ਸ਼ ਨੂੰ ਇਸੇ ਦਾ ਡਰ ਸੀ ਕਿ ਕੋਈ ਪਛਾਣ ਨਾ ਲਵੇ। ਉਹ ਆਪਣੇ ਤੌਖ਼ਲੇ ਨੂੰ ਲੁਕਾਉਂਦਿਆਂ ਬੋਲਿਆ:
"ਜ਼ਰਾ ਸ਼ੇਖ਼ ਚਰਾਗ਼ ਦੀਨ ਦੀ ਮਜ਼ਾਰ ਤੱਕ ਚੱਲਿਆ ਹਾਂ। ਸਾਹਿਬਜ਼ਾਦੇ ਦੀ ਸਿਹਤ ਲਈ ਮੰਨਤ ਮੰਗੀ ਹੋਈ ਸੀ।"
"ਹੋਰ ਕੀ ਕਰ ਰਹੇ ਹੋ ਅੱਜ-ਕੱਲ੍ਹ ਸ਼ਾਹ ਜੀ ?"
ਸ਼ਾਹ ਬਖ਼ਸ਼ ਸਮਝਦਾ ਸੀ ਕਿ ਇਸ ਦੇ ਪੁੱਛਣ ਦੇ ਕੀ ਅਰਥ ਹਨ। ਜੇ ਉਹ ਇਸ ਵੇਲੇ ਵੀ ਤੋਪਖ਼ਾਨੇ ਦਾ ਜਰਨੈਲ ਹੁੰਦਾ ਤਾਂ ਇਸ ਦੀ ਹਿੰਮਤ ਨਹੀਂ ਸੀ ਹੋਣੀ ਇਸ ਤਰ੍ਹਾਂ ਪੁੱਛਣ ਦੀ। ਉਹ ਬੋਲਿਆ :
"ਬਸ ਖੇਤੀ ਕਰੀਦੀ ਹੈ।" ਫੇਰ ਮਨ ਹੀ ਮਨ ਆਖਿਆ : ਇਸ ਦਾ ਵੀ ਕੀ ਪਤਾ ? ਕੁਝ ਮਹੀਨੇ ਪਹਿਲਾਂ, ਜਦ ਤੋਪਖ਼ਾਨੇ ਦੇ ਜਰਨੈਲ ਸੁਲਤਾਨ ਮਹਿਮੂਦ ਅਤੇ ਕਰਨੈਲ ਸੁਲਤਾਨ ਅਹਿਮਦ ਨੂੰ ਫਰੰਗੀਆਂ ਦੀ ਸ਼ਹਿ 'ਤੇ ਖ਼ਾਲਸਾ ਫ਼ੌਜ ਤੋਂ ਬਰਤਰਫ਼ ਕੀਤਾ ਤਾਂ ਉਨ੍ਹਾਂ ਦੀਆਂ ਜਗੀਰਾਂ ਵੀ ਇਨ੍ਹਾਂ ਫਰੰਗੀਆਂ ਨੇ ਜ਼ਬਤ ਕਰਵਾ ਦਿੱਤੀਆਂ ਸਨ। ਵੈਰ ਫਰੰਗੀਆਂ ਦਾ ਉਨ੍ਹਾਂ ਨਾਲ ਘੱਟ ਅਤੇ ਤੋਪਖ਼ਾਨੇ ਨਾਲ ਜ਼ਿਆਦਾ ਸੀ । ਮੁਦਕੀ, ਫਿਰੋਜ਼ਪੁਰ ਅਤੇ ਸਭਰਾਓ ਦੀਆਂ ਲੜਾਈਆਂ 'ਚ ਇਨ੍ਹਾਂ ਦੀਆਂ ਤੋਪਾਂ ਨੇ ਫਰੰਗੀਆਂ ਦਾ ਬਹੁਤ ਨੁਕਸਾਨ ਕੀਤਾ ਸੀ। ਤੋਪਚੀਆਂ ਬਿਨਾਂ ਹੁਣ ਤੋਪਾਂ ਭਲਾ ਕਿਸ ਕੰਮ ਦੀਆਂ।
ਇਸ ਤੋਂ ਪਹਿਲਾਂ ਕਿ ਪਹਿਰੇਦਾਰ ਜਾਂ ਕੋਈ ਹੋਰ ਸਿਪਾਹੀ ਉਸ ਦੇ ਨਾਲ ਦੇ ਘੋੜ ਸਵਾਰ ਵਲ ਤੱਕਦਾ, ਸ਼ਾਹ ਬਖ਼ਸ਼ ਦੇ ਦੋਵੇਂ ਅੰਗ-ਰੱਖਿਅਕ ਸਿੱਖ ਸਿਪਾਹੀਆਂ ਅਤੇ 'ਸਾਹਿਬਜ਼ਾਦੇ' ਵਿਚਕਾਰ ਆਪਣੇ ਘੋੜੇ ਵਧਾ ਕੇ ਖੜੇ ਹੋ ਗਏ।
2
ਸ਼ਾਹ ਬਖ਼ਸ਼ ਨੇ ਫ਼ਕੀਰ ਚਰਾਗ ਦੀਨ ਦੀ ਮਜ਼ਾਰ ਕੋਲ ਜਾ ਕੇ ਮਜ਼ਾਰ ਦੇ ਖੱਬੇ ਪਾਸੇ ਖੂਹ ਵੱਲ ਤੱਕਿਆ, ਜਿੱਥੇ ਫ਼ਕੀਰ ਅਜ਼ੀਜ਼-ਉਦ-ਦੀਨ ਦੇ ਦੱਸੇ ਅਨੁਸਾਰ, ਕੀਰਤ ਸਿੰਘ ਨੇ ਉਨ੍ਹਾਂ ਨੂੰ ਆ ਕੇ ਮਿਲਣਾ ਸੀ । ਉੱਥੇ ਕਿਸੇ ਨੂੰ ਨਾ ਵੇਖ ਕੇ ਸ਼ਾਹ ਬਖ਼ਸ਼ ਸੋਚਾਂ 'ਚ ਪੈ ਗਿਆ । ਕੁਝ ਦੇਰ ਬਾਅਦ ਜਦ ਉਸ ਨੇ ਕੀਰਤ ਸਿੰਘ ਦੇ ਦਸਤੇ ਨੂੰ ਖੂਹ ਵੱਲ
ਆਉਂਦਿਆਂ ਤੱਕਿਆ ਤਾਂ ਉਸ ਨੇ ਸੁੱਖ ਦਾ ਸਾਹ ਲਿਆ।
“ਸਲਾਮ-ਵਾ-ਲੇਕੁਮ ਸਿੰਘ ਸਾਹਿਬ," ਕੀਰਤ ਸਿੰਘ ਨੂੰ ਛਾਲ ਮਾਰ ਕੇ ਘੋੜੇ ਤੋਂ ਉਤਰਦਿਆਂ ਵੇਖ ਕੇ ਸ਼ਾਹ ਬਖ਼ਸ਼ ਬੋਲਿਆ ਅਤੇ ਫੇਰ ਉਹ ਵੀ ਘੋੜੇ ਤੋਂ ਉੱਤਰ ਗਿਆ।
“ਫਕੀਰ ਸਾਹਿਬ ਨੇ ਤਾਂ ਮੈਨੂੰ ਦੱਸਿਆ ਹੀ ਨਹੀਂ ਕਿ ਇੱਥੇ ਤੁਸੀਂ ਮਿਲੋਗੇ। ਕੀ ਮੇਰੇ ਵਾਂਗ ਤੁਹਾਡੀ ਵੀ ਛੁੱਟੀ ਕਰ ਦਿੱਤੀ ਗਈ ?"
"ਹੁਣ ਖ਼ਾਲਸਾ ਫ਼ੌਜ ਕਾਹਦੀ ਬਖ਼ਸ਼ੀ ਜੀ। ਹੁਣ ਤਾਂ ਲਾਹੌਰ ਵੀ ਉਨ੍ਹਾਂ ਦਾ ਤੇ ਖ਼ਾਲਸਾ ਫ਼ੌਜ ਵੀ ਉਨ੍ਹਾਂ ਦੀ ਮੁੱਠੀ ਵਿੱਚ। ਮੈਂ ਤੇ ਆਪ ਹੀ ਅਸਤੀਫਾ ਦੇ ਕੇ ਚਲਿਆ ਆਇਆ। ਇਹ ਹੁਣ ਮੇਰੇ ਇਕ ਮਿੱਤਰ ਨੇ ਆਪਣੇ ਸਾਹਿਬਜ਼ਾਦੇ ਨੂੰ ਸ਼ੁਜਾਹਬਾਦ ਦੇ ਕਿਲ੍ਹੇ 'ਚ ਪੁਚਾਉਣ ਦੀ ਜ਼ਿੰਮੇਵਾਰੀ ਮੇਰੇ ਸਿਰ ਲਗਾਈ ਹੈ।"
"ਜੇ ਮੈਂ ਗਲਤ ਨਹੀਂ ਤਾਂ ਕਹਿ ਸਕਦਾ ਹਾਂ ਕਿ ਸ਼ੁਜਾਹਬਾਦ ਦਾ ਕਿਲ੍ਹਾ ਮੁਲਤਾਨ ਦੇ ਸੂਬੇਦਾਰ ਮੂਲ ਰਾਜ ਦੀ ਮਤਹਿਤੀ 'ਚ ਹੈ। ਹੁਣ ਇਹ ਕਿਲ੍ਹਾ ਵੀ ਕੋਈ ਮਹਿਫੂਜ਼ ਮੁਕਾਮ ਨਹੀਂ। ਤੁਸੀਂ ਜਾਣਦੇ ਹੀ ਹੋਵੋਗੇ ਕਿ ਫਰੰਗੀ ਇਸ ਵੇਲੇ ਮੁਲਤਾਨ 'ਤੇ ਹਮਲਾ ਕਰਨ ਦੇ ਮਨਸੂਬੇ ਬਣਾ ਰਿਹਾ ਹੈ।"
"ਮਹਿਫੂਜ਼ ਤੇ ਇਹ ਲਾਹੌਰ ਵਿੱਚ ਵੀ ਨਹੀਂ।" ਕੀਰਤ ਸਿੰਘ ਬੋਲਿਆ।
"ਕਿਸੇ ਗ਼ੱਦਾਰ ਨੇ, ਜਿਨ੍ਹਾਂ ਦੀ ਅੱਜ-ਕੱਲ੍ਹ ਲਾਹੌਰ 'ਚ ਕੋਈ ਕਮੀ ਨਹੀਂ, ਫਰੰਗੀਆਂ ਨੂੰ ਦੱਸ ਦਿੱਤਾ ਹੈ ਕਿ ਸ਼ੁਜਾਹਬਾਦ ਦੇ ਕਿਲ੍ਹੇਦਾਰ ਦਾ ਪੁੱਤਰ ਲਾਹੌਰ ਵਿੱਚ ਹੈ। ਸਾਨੂੰ ਡਰ ਹੈ ਕਿ ਕਿਤੇ ਫਰੰਗੀ ਇਸ ਸਾਹਿਬਜ਼ਾਦੇ ਨੂੰ ਆਪਣੇ ਕਬਜ਼ੇ 'ਚ ਕਰਕੇ ਇਸ ਨੂੰ ਜਰਗਮਾਲ ਦੇ ਤੌਰ 'ਤੇ ਵਰਤਦਿਆਂ ਇਸ ਦੇ ਪਿਤਾ ਨੂੰ ਦੀਵਾਨ ਮੂਲ ਰਾਜ ਨਾਲੋਂ ਟੁੱਟਣ 'ਤੇ ਮਜਬੂਰ ਨਾ ਕਰ ਦੇਣ।"
"ਨਹੀਂ, ਇਹ ਮੁਮਕਿਨ ਨਹੀਂ।" ਸ਼ਾਹ ਬਖ਼ਸ਼ ਬੋਲਿਆ, "ਮੈਂ ਸਰਦਾਰ ਸ਼ਾਮ ਸਿੰਘ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ।"
"ਔਲਾਦ ਲਈ ਆਦਮੀ ਭਲਾ ਕੀ ਕੁਝ ਨਹੀਂ ਕਰ ਸਕਦਾ । ਇਸ ਵੇਲੇ ਤੇ ਖ਼ਾਲਸਾ ਰਾਜ ਦੇ ਵੱਡੇ-ਵੱਡੇ ਸਰਦਾਰ ਆਪਣੀ ਜ਼ਮੀਰ ਅਤੇ ਈਮਾਨ ਦੀ ਨੀਲਾਮੀ ਸ਼ਰੇਆਮ ਕਰਦੇ ਫਿਰ ਰਹੇ ਹਨ।"
"ਹਾਂ, ਇਹ ਤਾਂ ਤੁਸੀਂ ਸੌ ਫੀਸਦੀ ਦਰੁਸਤ ਆਖਿਆ।" ਫੇਰ ਸ਼ਾਹ ਬਖ਼ਸ਼ ਕੀਰਤ ਸਿੰਘ ਦੇ ਕੰਨ ਕੋਲ ਆਪਣਾ ਮੂੰਹ ਲਿਜਾਂਦਿਆਂ ਬੋਲਿਆ:
"ਕੀ ਤੁਹਾਡੇ ਇਨ੍ਹਾਂ ਘੋੜ-ਸਵਾਰਾਂ 'ਤੇ ਇਤਬਾਰ ਕੀਤਾ ਜਾ ਸਕਦਾ ਹੈ ?"
"ਹਾਂ, ਬਿਲਕੁਲ ।" ਉਹ ਸ਼ਾਹ ਬਖ਼ਸ਼ ਵੱਲ ਸਵਾਲੀਆ ਨਜ਼ਰਾਂ ਨਾਲ ਤੱਕਦਿਆਂ ਬੋਲਿਆ, "ਫਰੰਗੀਆਂ ਨਾਲ ਹੋਈਆਂ ਤਿੰਨਾਂ ਲੜਾਈਆਂ 'ਚ ਇਹ ਮੇਰੇ ਦਸਤੇ 'ਚ ਸਨ। ਅਤੇ ਜਦ ਮੈਂ ਅਸਤੀਫ਼ਾ ਦਿੱਤਾ ਤਾਂ ਇਹ ਵੀ ਮੇਰੇ ਨਾਲ ਹੋ ਤੁਰੇ ਸਨ ।"
"ਤਾਂ ਫੇਰ ਮੈਂ ਬੇਫਿਕਰ ਹੋ ਕੇ ਦੱਸਦਾ ਹਾਂ। ਇਹ ਮੇਰੇ ਪਿੱਛੇ ਖੜੇ ਜਿਸ ਕਮਸਿਨ ਨੂੰ ਵੇਖ ਰਹੇ ਹੋ, ਇਹ ਕੋਈ ਲੜਕਾ ਨਹੀਂ, ਨਾਬਾਲਗ ਲੜਕੀ ਹੈ ।"
"ਲੜਕੀ!" ਕੀਰਤ ਸਿੰਘ ਹੈਰਾਨ ਹੁੰਦਿਆਂ 'ਉਸ' ਵੱਲ ਤੱਕਦਿਆਂ ਬੋਲਿਆ।
ਹੁਣ ਉਸ ਨੂੰ ਉਸ ਦੇ ਨੈਣ ਨਕਸ਼ ਸੱਚਮੁਚ ਕੁੜੀਆਂ ਵਰਗੇ ਲੱਗੇ। "ਇਹ ਤੁਹਾਡੀ ਕੋਈ...?"
"ਇਹ ਨਾ ਮੇਰੀ ਕੋਈ ਅਜ਼ੀਜ਼ ਹੈ ਅਤੇ ਨਾ ਰਿਸ਼ਤੇਦਾਰ, ਉਂਜ ਵੇਖਿਆ ਜਾਵੇ ਤਾਂ ਤੁਹਾਡਾ, ਮੇਰਾ, ਸਾਰਿਆਂ ਦਾ ਇਸ ਨਾਲ ਕੁਝ ਰਿਸ਼ਤਾ ਜ਼ਰੂਰ ਹੈ।"
"ਐਵੇਂ ਬੁਝਾਰਤਾਂ ਨਾ ਪਾਓ ਸ਼ਾਹ ਜੀ ।"
"ਇਸ ਦਾ ਨਾਮ ਰੂਪ ਕੌਰ ਹੈ। ਤੁਹਾਡੇ ਭੁਚੰਗੀ ਵਾਂਗ ਇਸ ਨੂੰ ਵੀ ਕਿਸੇ ਮਹਿਫੂਜ਼ ਜਗ੍ਹਾ ਪਹੁੰਚਾਉਣਾ ਹੈ।"
"ਇਹ ਤਾਂ ਮੈਨੂੰ ਦੱਸਿਆ ਗਿਆ ਸੀ, ਪਰ ਇਨ੍ਹਾਂ ਬਾਰੇ.... ? ਇਹ... ?"
"ਇਹ ਕੋਈ ਆਮ ਲੜਕੀ ਨਹੀਂ।" ਸ਼ਾਹ ਬਖ਼ਸ਼ ਉਸ ਦੇ ਕੰਨ ਕੋਲ ਆਪਣਾ ਮੂੰਹ ਲਿਜਾਂਦਿਆਂ ਬੋਲਿਆ, "ਇਹ ਧੀ ਜਾਂ ਪੋਤਰੀ ਹੈ, ਮਹਾਰਾਜਾ ਰਣਜੀਤ ਸਿੰਘ ਦੀ ।"
"ਧੀ ਜਾਂ ਪੋਤਰੀ?" ਕੀਰਤ ਸਿੰਘ ਨੇ ਕੁਝ ਹੈਰਾਨ ਹੁੰਦਿਆਂ ਕਿਹਾ, "ਅਸਾਂ ਤੇ ਕਦੀ ਸੁਣਿਆ ਨਹੀਂ ਕਿ ਮਹਾਰਾਜਾ ਜਾਂ ਉਸ ਦੇ ਕਿਸੇ ਪੁੱਤਰ ਦੇ ਘਰ ਕੋਈ ਕੁੜੀ ਵੀ ਪੈਦਾ ਹੋਈ ਸੀ?"
"ਫੇਰ ਤੁਸੀਂ ਆਪ ਹੀ ਸੋਚੋ ਕਿ ਉਨ੍ਹਾਂ ਦੇ ਘਰ ਪੁੱਤਰ ਹੀ ਕਿਉਂ ਪੈਦਾ ਹੋਏ ? ਧੀਆਂ ਕਿਉਂ ਨਹੀਂ ?"
ਉਨ੍ਹਾਂ ਤੋਂ ਕੁਝ ਦੂਰ ਮੁੰਡੇ ਦੇ ਭੇਸ 'ਚ ਖੜੀ ਕੁੜੀ ਉਨ੍ਹਾਂ ਦੇ ਹਾਵ-ਭਾਵ ਅਤੇ ਕੀਰਤ ਸਿੰਘ ਦੇ ਉਸ ਵੱਲ ਘੜੀ ਮੁੜੀ ਤੱਕਣ ਤੋਂ ਸਮਝ ਗਈ ਕਿ ਉਹ ਉਸੇ ਬਾਰੇ ਗੱਲਾਂ ਕਰ ਰਹੇ ਹਨ। ਉਸ ਨੂੰ ਬੜਾ ਅਜੀਬ ਜਿਹਾ ਅਨੁਭਵ ਹੋਣ ਲੱਗਾ ਅਤੇ ਉਹ ਥੱਲੇ ਵੱਲ ਤੱਕਦਿਆਂ ਪੈਰ ਦੀ ਜੁੱਤੀ ਨਾਲ ਜ਼ਮੀਨ ਰਗੜਨ ਲੱਗੀ।
"ਵਾਹਿਗੁਰੂ ਦੀ ਮਰਜ਼ੀ, ਇਸ ਬਾਰੇ ਬੰਦਾ ਕੀ ਕਹਿ ਸਕਦਾ ਹੈ।" ਕੀਰਤ ਸਿੰਘ ਬੋਲਿਆ।
"ਤੁਹਾਨੂੰ ਇਹ ਤੇ ਪਤਾ ਹੋਵੇਗਾ ਕਿ ਰਾਜਪੂਤ ਰਾਜੇ ਆਪਣੀਆਂ ਕੁੜੀਆਂ ਨੂੰ ਜੰਮਦਿਆਂ ਹੀ ਮਾਰ ਦਿਆ ਕਰਦੇ ਸਨ।"
"ਅਸੀਂ ਸਿੱਖ ਹਾਂ, ਗੁਰੂ ਦੇ ਸਿੱਖ" ਕੀਰਤ ਸਿੰਘ ਨੇ ਆਖਿਆ, "ਸਾਡੀਆਂ ਮਿਸਲਾਂ ਦੇ ਇਕ ਸਰਦਾਰ ਨੇ ਰਾਜਪੂਤਾਂ ਵਾਂਗ ਆਪਣੀ ਧੀ ਨੂੰ ਜੰਮਦਿਆਂ ਮਾਰਿਆ ਸੀ ਤਾਂ ਖ਼ਾਲਸਾ ਪੰਥ ਨੇ ਉਸ ਨੂੰ 'ਕੁੜੀਮਾਰ' ਕਹਿ ਕੇ ਬੇਦਖ਼ਲ ਕਰ ਦਿੱਤਾ ਸੀ।"
"ਉਹ ਵੇਲੇ ਹੋਰ ਸਨ ਜਦ ਖ਼ਾਲਸਾ ਖ਼ਾਲਸ ਅਤੇ ਚੜ੍ਹਦੀਆਂ ਕਲਾਂ 'ਚ ਸੀ । ਹੁਣ ਜੋ ਹੋ ਰਿਹਾ ਹੈ, ਉਹ ਤੇ ਤੁਸੀਂ ਵੇਖ ਹੀ ਰਹੇ ਹੋ।"
ਕੀਰਤ ਸਿੰਘ ਨੇ ਠੰਡਾ ਜਿਹਾ ਸਾਹ ਭਰਿਆ ਅਤੇ ਸ਼ਾਹ ਬਖ਼ਸ਼ ਦੀ ਗੱਲ 'ਤੇ ਸਿਰ ਹਿਲਾਉਂਦਿਆਂ ਬੋਲਿਆ, "ਇਹ ਤੇ ਦਰੁਸਤ ਏ, ਪਰ ਇਹ... ਇਹ ?"
"ਜਿਸ ਨੇ ਬਚਣਾ ਹੁੰਦਾ ਏ, ਉਸ ਨੂੰ ਖ਼ੁਦਾ ਕਿਸੇ ਨਾ ਕਿਸੇ ਤਰ੍ਹਾਂ ਬਚਾ ਹੀ ਲੈਂਦਾ ਹੈ?" ਸ਼ਾਹ ਬਖ਼ਸ਼ ਨੇ ਆਖਿਆ।
"ਸਾਫ-ਸਾਫ ਦੱਸੋ।"
"ਇਹ ਉਸੇ ਤਰ੍ਹਾਂ ਹੈ ਜਿਵੇਂ ਕਿੱਸਿਆਂ ਕਹਾਣੀਆਂ 'ਚ ਹੋਇਆ ਕਰਦਾ ਹੈ। ਕੁੜੀ ਦਾ ਜਨਮ ਹੁੰਦਿਆਂ ਹੀ ਮਾਂ ਨੇ ਕਿਸੇ ਭਰੋਸੇਮੰਦ ਆਦਮੀ ਜਾਂ ਔਰਤ ਦੇ ਜ਼ਰੀਏ ਇਸ ਨੂੰ ਕਿਸੇ 'ਮਹਿਫ਼ੂਜ਼ ਜਗ੍ਹਾ' ਪੁਚਾ ਦਿੱਤਾ; ਅਤੇ ਜਿੱਥੇ ਇਸ ਦੀ ਪਰਵਰਿਸ਼ ਹੁੰਦੀ ਰਹੀ।"
ਕੀਰਤ ਸਿੰਘ ਨੇ ਕੁੜੀ ਵੱਲ ਗੌਹ ਨਾਲ ਵੇਖਿਆ। ਦਰਮਿਆਨਾ ਕੱਦ, ਥੋੜ੍ਹਾ ਭਰਿਆ ਹੋਇਆ ਜੁੱਸਾ, ਸਿਰ ਦੇ ਵਾਲ ਕੁਝ ਭੂਰੇ, ਚਿਹਰਾ ਕੁਝ ਚੌੜਾ, ਅੱਖਾਂ ਮੋਟੀਆਂ-ਮੋਟੀਆਂ, ਪਰ ਭਰਵੱਟੇ ਕੁੜੀਆਂ ਵਾਂਗ ਪਤਲੇ ਹੋਣ ਦੀ ਬਜਾਏ ਕੁਝ ਭਾਰੇ, ਲੰਮੀ ਗਰਦਨ ਅਤੇ ਕੰਨਾਂ 'ਚ ਸੋਨੇ ਦੀਆਂ ਗੋਲ-ਗੋਲ ਮੁੰਦਰਾਂ।
"ਅਤੇ ਇਸ ਦਾ ਬਾਪ? ਸ਼ੇਰ ਸਿੰਘ, ਖੜਕ ਸਿੰਘ ਜਾਂ... ?"
"ਸੱਚ ਪੁੱਛੋ ਤਾਂ ਇਸ ਦੇ ਬਾਰੇ ਮੈਨੂੰ ਵੀ ਕੁਝ ਨਹੀਂ ਪਤਾ। ਮੁਮਕਿਨ ਹੈ ਕਿ ਇਸ ਦੀ ਪਾਲਣ ਵਾਲੀ ਨੂੰ ਵੀ ਪੂਰੀ ਤਰ੍ਹਾਂ ਪਤਾ ਨਾ ਹੋਵੇ। ਸੋਨੇ ਦੀਆਂ ਮੋਹਰਾਂ 'ਚ ਬੜੀ ਤਾਕਤ ਹੈ।"
"ਤੇ ਫੇਰ ਇਸ ਨੂੰ ਹੁਣ ਡਰ ਕਾਹਦਾ ?"
"ਸੋਨੇ ਦੀਆਂ ਮੋਹਰਾਂ ਜੇ ਚੁੱਪ ਕਰਾ ਸਕਦੀਆਂ ਹਨ ਤਾਂ ਜ਼ਬਾਨ ਖੁਲ੍ਹਵਾ ਵੀ ਸਕਦੀਆਂ ਹਨ। ਜੇ ਪਾਲਣਾ ਵਾਲੀ ਨੂੰ ਨਾ ਵੀ ਪਤਾ ਹੋਵੇ ਤਾਂ ਕੋਈ ਦਾਈ, ਕੋਈ ਕਨੀਜ...?"
"ਹੂੰ ।" ਕੀਰਤ ਸਿੰਘ ਆਪਣੇ ਨੱਕ ਨੂੰ ਖੁਰਚਦਿਆਂ ਅਤੇ ਸਮੱਸਿਆ ਦੀ ਨਾਜ਼ੁਕਤਾ ਬਾਰੇ ਸੋਚਦਿਆਂ ਬੋਲਿਆ, “ਪਰ ਇਸ ਵਿਚਾਰੀ ਤੋਂ ਕਿਸੇ ਨੂੰ ਕੀ ਡਰ ?"
"ਡਰ ?" ਸ਼ਾਹ ਬਖ਼ਸ਼ ਬੋਲਿਆ, "ਕੀ ਤੁਸੀਂ ਸੁਣਿਆ ਨਹੀਂ ਕਿ ਮਰਹੂਮ ਮਹਾਰਾਜਾ ਸ਼ੇਰ ਸਿੰਘ ਨੇ ਨੌਨਿਹਾਲ ਸਿੰਘ ਦੀ ਵਿਧਵਾ ਅਤੇ ਹਾਮਲਾ ਬੀਵੀ ਨਾਲ ਜਬਰ ਜਿਨਾਹ ਕਰਕੇ ਮਾਰ ਸੁੱਟਿਆ, ਤਾਂ ਕਿ ਉਸ ਦੀ ਭਾਵੀ ਔਲਾਦ ਅਤੇ ਤਖ਼ਤ ਦੇ ਹੱਕਦਾਰ ਦਾ ਖ਼ਾਤਮਾ ਹੋ ਜਾਵੇ।"
"ਹਾਂ, ਮੈਂ ਸੁਣਿਆ ਤੇ ਜ਼ਰੂਰ ਸੀ, ਪਰ ਵਿਸ਼ਵਾਸ ਨਹੀਂ ਸੀ ਆਇਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਐਸੀਆਂ ਕੋਝੀਆਂ ਹਰਕਤਾਂ ਕਰ ਸਕਦਾ ਹੈ।" ਕੀਰਤ ਸਿੰਘ ਅਫ਼ਸੋਸ ਜ਼ਾਹਰ ਕਰਦਿਆਂ ਅਤੇ ਸਿਰ ਹਿਲਾਉਂਦਿਆਂ ਬੋਲਿਆ। "ਚੱਲੋ ਛੱਡੋ ਸ਼ਾਹ ਜੀ ਇਨ੍ਹਾਂ ਗੱਲਾਂ ਨੂੰ । ਸੁਣ ਕੇ ਮਨ ਖ਼ਰਾਬ ਹੁੰਦਾ ਹੈ।"
"ਮਨ ਚਾਹੇ ਖ਼ਰਾਬ ਹੁੰਦਾ ਹੈ। ਪਰ ਹਕੀਕਤ ਅਤੇ ਸੱਚ ਨੂੰ ਅੱਖੋਂ ਓਹਲੇ ਕਰਦੇ ਰਹਿਣਾ ਵੀ ਤਾਂ ਕੋਈ ਸਿਆਣਪ ਨਹੀਂ।"
"ਤਾਂ ਫੇਰ ਤੁਹਾਡੇ ਵਾਲਦ ਸਾਹਿਬ ਨੇ ਇਸ ਬਾਰੇ ਵੀ ਲਿਖਿਆ ਹੋਵੇਗਾ, ਆਪਣੇ ਜੰਗਨਾਮੇ ਵਿੱਚ ?"
"ਇਸ ਬਾਰੇ ਤਾਂ ਨਹੀਂ, ਪਰ ਮਹਾਰਾਜਾ ਖੜਕ ਸਿੰਘ ਦੀ ਵਿਧਵਾ ਰਾਣੀ ਚੰਦ ਕੌਰ ਬਾਰੇ ਜ਼ਰੂਰ ਲਿਖਿਆ ਹੈ। ਉਸ ਨੂੰ ਵੀ ਸ਼ੇਰ ਸਿੰਘ ਨੇ ਮਰਵਾ ਦਿੱਤਾ ਸੀ।" ਸ਼ਾਹ ਬਖ਼ਸ਼ ਬੋਲਿਆ।
"ਉਸ ਨੂੰ ਵੀ ?" ਕੀਰਤ ਸਿੰਘ ਦੇ ਮੂੰਹੋਂ ਨਿਕਲਿਆ। "ਜੇ ਜ਼ਬਾਨੀ ਯਾਦ ਹੋਵੇ ਤਾਂ ਸੁਣਾਓ।"
"ਉਂਝ ਇਸ ਵੇਲੇ ਇਹ ਕੁਝ ਸੁਣਾਉਣ ਵਾਲਾ ਅਵਸਰ ਨਹੀਂ। ਪਰ ਜੇ ਕਹਿੰਦੇ ਹੋ ਤਾਂ ਸੁਣਾਉਂਦਾ ਹਾਂ :
'ਸ਼ੇਰ ਸਿੰਘ ਨੇ ਗੱਦੀ 'ਤੇ ਬੈਠ ਕੇ ਜੀ
ਰਾਣੀ ਕੈਦ ਕਰਕੇ ਕਿਲ੍ਹੇ ਵਿੱਚ ਪਾਈ
ਘਰ ਬੈਠਿਆਂ ਰੱਬ ਨੇ ਰਾਜ ਦਿੱਤਾ
ਦੇਖੋ ਮੱਲ ਬੈਠਾ ਸਾਰੀ ਪਾਤਸ਼ਾਹੀ
ਬਰਸ ਹੋਇਆ ਜਾਂ ਉਸ ਨੂੰ ਕੈਦ ਅੰਦਰ
ਰਾਣੀ ਦਿਲ ਦੇ ਵਿਚ ਜੋ ਜਿੱਚ ਆਈ
ਸ਼ਾਹ ਮੁਹੰਮਦਾ ਮਾਰ ਕੇ ਚੰਦ ਕੌਰਾਂ
ਸ਼ੇਰ ਸਿੰਘ ਨੇ ਗਲੋਂ ਬਲਾ ਲਾਹੀ'
"ਓਹ ! ਤਖ਼ਤ ਅਤੇ ਤਾਜ ਦੀ ਕਸ਼ਿਸ਼ ਆਦਮੀ ਨੂੰ ਕੀ ਦਾ ਕੀ ਬਣਾ ਦਿੰਦੀ ਹੈ।" ਕੀਰਤ ਸਿੰਘ ਜਿਵੇਂ ਆਪਣੇ ਆਪ ਨੂੰ ਕਹਿ ਰਿਹਾ ਸੀ।
"ਪਰ ਵੇਖੋ ਸਿੰਘ ਜੀ ਜੇ ਉਸ ਨੂੰ ਮਾਰਿਆ ਵੀ ਗਿਆ ਤਾਂ ਕਿਸ ਬੇਰਹਿਮੀ ਨਾਲ। ਉਸ ਦੀਆਂ ਨਿੱਜੀ ਦਾਸੀਆਂ ਨੂੰ ਸੋਨੇ ਦੀਆਂ ਮੋਹਰਾਂ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਆਪਣੇ ਵੱਲ ਕੀਤਾ ਅਤੇ ਦਾਸੀਆਂ ਨੇ ਸਿਲ-ਵੱਟੇ ਨਾਲ ਰਾਣੀ ਚੰਦ ਕੌਰ ਦਾ ਸਿਰ ਪਾੜ ਦਿੱਤਾ।"
"ਓਹ । ਇਹ ਨਹੀਂ ਸੀ ਮੈਨੂੰ ਪਤਾ।" ਕੀਰਤ ਸਿੰਘ ਦੁੱਖ ਨਾਲ ਸਿਰ ਹਿਲਾਉਂਦਿਆਂ ਬੋਲਿਆ।
"ਹੁਣ ਜੋ ਮੈਂ ਕਹਿਣਾ ਚਾਹੁੰਦਾ ਹਾਂ, ਅਤੇ ਜਿਸ ਦਾ ਖ਼ਤਰਾ ਵੀ ਹੈ, ਕਿ ਜੇ ਰਾਣੀ ਜਿੰਦ ਕੌਰ ਨੂੰ ਦਲੀਪ ਸਿੰਘ ਦੇ ਇਲਾਵਾ ਮਹਾਰਾਜੇ ਦੇ ਕਿਸੇ ਪੁੱਤਰ ਦੀ ਸੰਤਾਨ ਦਾ ਹੋਣਾ ਆਪਣੇ ਲਈ ਖ਼ਤਰਾ ਦਿਸਣ ਲੱਗੇ ਤਾਂ ਕੋਈ ਹੈਰਾਨੀ ਦੀ ਗੱਲ ਨਹੀਂ।"
"ਪਰ ਇਹ ਐਵੇਂ ਅਫ਼ਵਾਹ ਵੀ ਤੇ ਹੋ ਸਕਦੀ ਹੈ।" ਕੀਰਤ ਸਿੰਘ ਬੋਲਿਆ।
"ਅਫ਼ਵਾਹ ਜਾਂ ਸੱਚ । ਪਰ ਇਸ ਦੀ ਜਾਨ ਨੂੰ ਤਾਂ ਖ਼ਤਰਾ ਹੋ ਹੀ ਗਿਆ ।"
"ਹੂੰ। ਪਰ ਇਸ ਨੂੰ ਪੁਚਾਉਣਾ ਕਿੱਥੇ ਹੈ ?"
"ਰਸਤੇ 'ਚ ਇਕ ਪਿੰਡ ਵਿੱਚ ਛੱਡ ਦੇਣਾ ਹੈ। ਉੱਥੇ ਇਸ ਨੂੰ ਪਾਲਣ ਵਾਲੇ ਦੇ ਕੋਈ ਰਿਸ਼ਤੇਦਾਰ ਰਹਿੰਦੇ ਨੇ ।"
ਕੀਰਤ ਸਿੰਘ ਕੁਝ ਦੇਰ ਖੜਾ ਸੋਚਦਾ ਰਿਹਾ, ਫੇਰ ਬੋਲਿਆ:
"ਇੱਥੋਂ ਕਿੰਨੀ ਕੁ ਦੂਰ ?"
"ਕਾਫ਼ੀ ਦੂਰ, ਸ਼ੁਜਾਹਬਾਦ ਤੋਂ ਕੁਝ ਪਹਿਲਾਂ ।"
"ਤਾਂ ਤੇ ਕਾਫ਼ੀ ਦਿਨ ਲੱਗ ਜਾਣਗੇ ਉੱਥੇ ਪਹੁੰਚਦਿਆਂ ।" ਕੀਰਤ ਸਿੰਘ ਬੋਲਿਆ।
ਇਹ ਕਹਿ ਕੇ ਕੀਰਤ ਸਿੰਘ ਨੇ ਸ਼ਾਹ ਬਖ਼ਸ਼ ਸਾਹਮਣੇ ਇਹ ਸਮੱਸਿਆ ਰੱਖੀ ਕਿ 'ਇਸ' ਦੇ ਕੁੜੀ ਹੋਣ ਦੇ ਭੇਦ ਨੂੰ ਇਸ ਯਾਤਰਾ ਦੌਰਾਨ ਆਪਣੇ ਆਦਮੀਆਂ ਤੋਂ ਲੁਕਾਈ ਰੱਖਣਾ ਅਸੰਭਵ ਹੈ। ਕੁਝ ਦੇਰ ਵਿਚਾਰ-ਵਟਾਂਦਰਾ ਕਰਦੇ ਰਹਿਣ ਤੋਂ ਬਾਅਦ
ਕੀਰਤ ਸਿੰਘ ਨੇ ਆਪਣੇ ਸਿਪਾਹੀਆਂ ਸਾਹਮਣੇ ਅੱਧਾ ਕੁ ਸੱਚ ਦੱਸ ਦਿੱਤਾ ਕਿ ਇਹ ਮੁੰਡਾ ਨਹੀਂ, ਕੁੜੀ ਹੈ। ਇਸ ਦੀ ਜਾਨ ਨੂੰ ਖ਼ਤਰਾ ਹੈ ਤੇ ਕਿਸੇ ਸੁਰੱਖਿਅਤ ਸਥਾਨ 'ਤੇ ਪੁਚਾਉਣਾ ਹੈ। ਇਹ ਕੌਣ ਹੈ ? ਇਸ ਬਾਰੇ ਚੁੱਪ ਹੀ ਰਹੇ। ਸੁਣ ਕੇ ਸਾਰੇ ਸਿੱਖ ਘੋੜ ਚੜ੍ਹੇ ਉਸ ਵੱਲ ਹੈਰਾਨੀ ਅਤੇ ਉਤਸਕ ਨਜ਼ਰਾਂ ਨਾਲ ਤੱਕਣ ਲੱਗੇ। ਇਸ ਤੋਂ ਪਹਿਲਾਂ ਦਲੇਰ ਸਿੰਘ ਆਪਣੇ ਹਾਣ ਦੀ ਕਿਸੇ ਕੁੜੀ ਦੇ ਸੰਪਰਕ ਵਿੱਚ ਨਹੀਂ ਸੀ ਆਇਆ। ਇਸ ਵਿਚਾਰ ਨਾਲ ਕਿ ਕੁਝ ਦਿਨ ਤੱਕ ਉਹ ਇਸ ਕੁੜੀ ਨਾਲ ਰਹੇਗਾ, ਉਹ ਮਨ ਹੀ ਮਨ ਖੁਸ਼ ਹੋ ਰਿਹਾ ਸੀ।
"ਹੁਣ ਚੰਗਾ ਹੋਵੇ ਜੇ ਤੁਸੀਂ ਇਸ ਦੇ ਸਿਰ 'ਤੇ ਸਿੱਖਾਂ ਵਰਗੀ ਪੱਗ ਬੰਨ੍ਹ ਦੇਵੋ।" ਸ਼ਾਹ ਬਖ਼ਸ਼ ਆਪਣੇ ਝੋਲੇ 'ਚੋਂ ਇਕ ਪੱਗ ਅਤੇ ਖੰਡਾ ਕੱਢਦੇ ਹੋਏ ਬੋਲਿਆ।
ਕੀਰਤ ਸਿੰਘ ਨੇ ਰੂਪ ਦੇ ਸਿਰ ਤੋਂ ਕੁੱਲੇ ਦੁਆਲੇ ਵਲੀ ਹੋਈ ਪਠਾਣਾਂ ਵਾਲੀ ਪੱਗ ਉਤਾਰ ਕੇ ਸਿੱਖਾਂ ਵਰਗੀ ਪੱਗ ਬੰਨ੍ਹ ਦਿੱਤੀ। ਫੇਰ ਖੂਹ ਤੋਂ ਘੋੜਿਆਂ ਨੂੰ ਪਾਣੀ ਪਿਆ ਕੇ ਜਦ ਕੀਰਤ ਸਿੰਘ ਦਾ ਦਸਤਾ ਤੁਰਨ ਲੱਗਾ ਤਾਂ ਉਸ ਨੇ ਸ਼ਾਹ ਬਖ਼ਸ਼ ਤੋਂ ਪੁੱਛਿਆ:
“ਹੁਣ ਤੁਸੀਂ ਵਾਪਸ ਜਾਓਗੇ ਕਿ ਰੂਪ ਕੌਰ ਨਾਲ ?"
"ਮੈਂ ਰੂਪ ਨੂੰ ਉਸ ਪਿੰਡ 'ਚ ਛੱਡਣ ਤੱਕ ਤੁਹਾਡੇ ਨਾਲ ਹੀ ਜਾਵਾਂਗਾ।"
"ਚੱਲੋ ਇਹ ਵੀ ਵਧੀਆ। ਤੁਹਾਡੇ ਕੋਲੋਂ ਤੁਹਾਡੇ ਵਾਲਦ ਦਾ ਲਿਖਿਆ ਜੰਗਨਾਮਾ ਸੁਣਾਂਗਾ। ਉਂਝ ਤੁਹਾਨੂੰ ਸ਼ਾਇਦ ਪਤਾ ਹੀ ਹੋਵੇਗਾ ਕਿ ਇਹ ਜੰਗਨਾਮਾ ਖ਼ਾਲਸਾ ਫ਼ੌਜ ਅਤੇ ਆਮ ਲੋਕਾਂ 'ਚ ਕਾਫ਼ੀ ਮਸ਼ਹੂਰ ਅਤੇ ਮਕਬੂਲ ਹੋ ਗਿਆ ਹੈ, ਇਕ ਦੂਜੇ ਤੋਂ ਸੁਣਦਿਆਂ ਸੁਣਾਉਂਦਿਆਂ। ਜਿਨ੍ਹਾਂ ਨੂੰ ਇਕ ਦੋ ਬੰਦ ਹੀ ਯਾਦ ਹਨ ਉਹ ਇਸ 'ਚ ਆਪਣੇ ਵੱਲੋਂ ਕਈ ਕੁਝ ਜੋੜ ਦੇਂਦੇ ਹਨ। ਮੈਨੂੰ ਵੀ ਕੁਝ ਬੰਦ ਜ਼ਬਾਨੀ ਯਾਦ ਹਨ। ਉਹ ਸੱਚਮੁਚ ਤੁਹਾਡੇ ਵਾਲਦ ਸ਼ਾਹ ਮੁਹੰਮਦ ਹੁਰਾਂ ਦੇ ਲਿਖੇ ਹੋਏ ਹਨ ਇਸ ਬਾਰੇ ਕੁਝ ਨਹੀਂ ਕਹਿ ਸਕਦਾ।"
"ਹੁਣ ਗੱਲ ਤੁਰੀ ਤਾਂ ਮੈਂ ਇਹ ਵੀ ਦੱਸ ਦੇਵਾਂ" ਸ਼ਾਹ ਬਖ਼ਸ਼ ਕਹਿਣ ਲੱਗਾ, "ਫਰੰਗੀਆਂ ਅਤੇ ਰਾਣੀ ਜਿੰਦਾਂ ਨੂੰ ਵੀ ਇਸ ਜੰਗਨਾਮੇ ਦੇ ਲਿਖੇ ਜਾਣ ਬਾਰੇ ਸੂਹ ਮਿਲ ਗਈ ਹੋਈ ਹੈ। ਕੋਈ ਵੀ ਹੁਕਮਰਾਨ ਇਹ ਨਹੀਂ ਚਾਹਵੇਗਾ ਕਿ ਉਨ੍ਹਾਂ ਬਾਰੇ ਕੋਈ ਸੱਚੋ ਸੱਚ ਲਿਖੇ। ਅਤੇ ਹੁਣ ਮੇਰੇ ਵਾਲਦ ਸਾਹਿਬ ਨੇ ਉਸ ਜੰਗਨਾਮੇ ਦੀ ਇਕ ਨਕਲ ਮੇਰੇ ਸਪੁਰਦ ਕੀਤੀ ਹੈ ਤਾਂ ਕਿ ਮੈਂ ਇਸ ਨੂੰ ਕਿਸੇ ਮਹਿਫ਼ੂਜ਼ ਮੁਕਾਮ 'ਤੇ ਪੁਚਾ ਦੇਵਾਂ।"
"ਸਭ ਕੋਈ ਮਹਿਫ਼ੂਜ਼ ਸਥਾਨ 'ਤੇ ਪਹੁੰਚਣਾ ਚਾਹੁੰਦਾ ਹੈ ।" ਕੀਰਤ ਸਿੰਘ ਬੋਲਿਆ।
"ਲਾਹੌਰ 'ਚ ਹੁਣ ਕੌਣ ਮਹਿਫ਼ੂਜ਼ ਹੈ ਸਰਦਾਰ ਸਾਹਿਬ। ਅੱਜ ਜਿਸ ਨੂੰ ਹਾਥੀ ਉੱਤੇ ਸਵਾਰ ਅਤੇ ਪੱਗ 'ਤੇ ਕਲਗੀ ਲਾਈ ਵੇਖਦੇ ਹਾਂ, ਦੂਜੇ ਦਿਨ ਉਸ ਦੀ ਪੱਗ ਅਤੇ ਲਾਸ਼ ਮਿੱਟੀ 'ਚ ਰੁਲਦੀ ਦਿਸਦੀ ਹੈ।"
"ਸੱਚ ਕਿਹਾ ਸ਼ਾਹ ਜੀ, ਸੱਚ ਕਿਹਾ।" ਕੀਰਤ ਸਿੰਘ ਦੁੱਖ ਨਾਲ ਸਿਰ ਹਿਲਾਉਂਦਿਆਂ ਬੋਲਿਆ, "ਵੇਖਦੇ ਹੀ ਵੇਖਦੇ ਮਹਾਰਾਜਾ ਖੜਕ ਸਿੰਘ, ਕੁੰਵਰ ਨੌਨਿਹਾਲ ਸਿੰਘ, ਡੋਗਰੇ ਵਜ਼ੀਰ, ਸੰਧਾਵਾਲੀਏ ਖ਼ਤਮ ਹੋ ਗਏ। ਤੇ... ਤੇ ਹੁਣ ਕਵਿਤਾ-ਕਿੱਸਿਆਂ ਤੋਂ ਵੀ ਸਰਕਾਰਾਂ ਨੂੰ ਖ਼ਤਰਾ ਦਿਸਣ ਲੱਗਾ ।"
"ਤਲਵਾਰ ਦੀ ਮਾਰ ਇਕ ਵਾਰ, ਪਰ ਹਰਫ਼ ਦੀ ਮਾਰ ਸਦੀਆਂ ਤੱਕ।" ਸ਼ਾਹ ਬਖ਼ਸ਼ ਨੇ ਆਖਿਆ।
***
3
ਸ਼ਾਹ ਬਖ਼ਸ਼ ਨੇ ਆਪਣੇ ਮੁਸਲਮਾਨ ਅੰਗ-ਰੱਖਿਅਕਾਂ ਨੂੰ ਵਾਪਸ ਭੇਜ ਦਿੱਤਾ। ਅੱਗੇ ਤੁਰਨ ਲੱਗਿਆਂ ਕੀਰਤ ਸਿੰਘ ਨੇ ਸਾਰਿਆਂ ਨੂੰ ਕਈ ਹਦਾਇਤਾਂ ਦੇਣ ਦੇ ਨਾਲ ਇਹ ਵੀ ਹਦਾਇਤ ਦਿੱਤੀ ਕਿ ਰੂਪ ਕੌਰ ਨੂੰ ਸਾਰੇ ਰੂਪ ਸਿੰਘ ਜਾਂ ਸਿਰਫ਼ ਰੂਪਾ ਕਹਿ ਕੇ ਸੰਬੋਧਨ ਕਰਨਗੇ।
ਉਨ੍ਹਾਂ ਦੇ ਘੋੜੇ ਚਾਹੇ ਤੇਜ਼ ਦੌੜਦੇ, ਚਾਹੇ ਹੌਲੀ ਚੱਲਦੇ, ਉਹ ਆਪਣੇ ਖੁਰਾਂ ਨਾਲ ਧੂੜ ਦੇ ਬੱਦਲ ਉਡਾਉਂਦੇ ਜਾਂਦੇ, ਬੜੀ ਬਰੀਕ ਅਤੇ ਹਰ ਥਾਵੇਂ ਪਹੁੰਚ ਜਾਣ ਵਾਲੀ ਧੂੜ। ਸੂਰਜ ਚੜ੍ਹਿਆ ਚਾਹੇ ਹਾਲੇ ਇਕ ਘੜੀ ਹੀ ਕੀਤੀ ਸੀ ਪਰ ਹਵਾ 'ਚ ਸ਼ੀਤਲਤਾ ਸੀ। ਸੂਰਜ ਚੜ੍ਹਨ ਦੀ ਦਿਸ਼ਾ ਵੱਲ ਜਾਣ ਕਰਕੇ ਧੁੱਪ ਉਨ੍ਹਾਂ ਦੀਆਂ ਅੱਖਾਂ 'ਚ ਪੈ ਰਹੀ ਸੀ। ਧੂੜ ਅਤੇ ਧੁੱਪ ਤੋਂ ਬਚਣ ਲਈ ਸਾਰਿਆਂ ਨੇ ਆਪਣੀਆਂ ਪੱਗਾਂ ਦੇ ਲੜਾਂ ਨਾਲ ਆਪਣੇ ਚਿਹਰੇ ਪੂਰੀ ਤਰ੍ਹਾਂ ਢਕ ਲਏ ਹੋਏ ਸਨ। ਇਕ ਕਾਫ਼ਲੇ ਦੇ ਗੱਡੇ ਆਪਣੀ ਹੌਲੀ ਚਾਲ ਚੱਲਦਿਆਂ ਵਿਪਰੀਤ ਦਿਸ਼ਾ ਤੋਂ ਆ ਰਹੇ ਸਨ। ਗੱਡਿਆਂ ਨੂੰ ਹਿੱਕਣ ਵਾਲਿਆਂ 'ਚ ਕੁਝ ਸੁੱਤੇ ਜਿਹੇ, ਕੁਝ ਹੁੱਕਾ ਪੀਂਦੇ ਦਿਸ ਰਹੇ ਸਨ। ਉਨ੍ਹਾਂ ਦੇ ਪਿੱਛੇ ਇਸ ਕਾਫ਼ਲੇ ਦੇ ਅੰਗ-ਰੱਖਿਅਕ ਘੋੜ-ਸਵਾਰਾਂ ਦਾ ਇਕ ਦਸਤਾ ਵੀ ਚੱਲਦਾ ਆ ਰਿਹਾ ਸੀ। ਜਦ ਵੀ ਕੋਈ ਕਾਫਲਾ ਜਾਂ ਗੱਡਾ ਰਸਤੇ 'ਚ ਮਿਲਦਾ ਤਾਂ ਉਨ੍ਹਾਂ ਨੂੰ ਆਪਣੇ ਘੋੜੇ ਰਸਤੇ ਤੋਂ ਇਕ ਪਾਸੇ ਕਰਨੇ ਪੈਂਦੇ। ਉਂਝ ਇਹ ਸੜਕ ਨਾਮ ਦੀ ਹੀ ਸੀ। ਬਸ ਗੱਡਿਆਂ ਅਤੇ ਘੋੜਿਆਂ ਦੇ ਆਉਣ ਜਾਣ ਨਾਲ ਬਣੀ ਸੁੱਕੇ ਖੇਤਾਂ, ਮੈਦਾਨਾਂ 'ਚੋਂ ਲੰਘਦਾ ਹੋਇਆ ਇਕ ਚੌੜਾ ਜਿਹਾ ਰਸਤਾ। ਬਲਦਾਂ ਦੇ ਗਲਾਂ 'ਚ ਪਾਈਆਂ ਟੱਲੀਆਂ ਦੀ ਟਨ-ਟਨ ਵਾਤਾਵਰਨ ਦੀ ਨੀਰਸਤਾ ਨੂੰ ਤੋੜਦੀ ਜਾਪ ਰਹੀ ਸੀ। ਕਿਸੇ ਪਿੰਡ ਦੇ ਬਾਹਰੋਂ ਲੰਘਦੇ ਤਾਂ ਤੀਵੀਆਂ ਸਿਰ 'ਤੇ ਘੜੇ ਚੁੱਕੀ ਕਿਸੇ ਮਿੱਠੇ ਪਾਣੀ ਦੇ ਖੂਹ ਤੋਂ ਪਾਣੀ ਭਰਨ ਜਾਂਦੀਆਂ ਜਾਂ ਲਿਆਉਂਦੀਆਂ ਦਿਸਦੀਆਂ। ਅੱਧ ਨੰਗੇ ਬੱਚੇ ਆਪਣੇ ਹਨੇਰੇ ਭਵਿੱਖ ਤੋਂ ਬੇਖ਼ਬਰ ਦੌੜਦੇ ਖੇਡਦੇ ਨਜ਼ਰ ਆ ਰਹੇ ਸਨ।
ਦੋ ਤਿੰਨ ਘੰਟੇ ਘੋੜੇ ਦੁੜਾਉਂਦੇ ਰਹਿਣ ਤੋਂ ਬਾਅਦ ਘੋੜਿਆਂ ਨੂੰ ਸਾਹ ਦਵਾਉਣ ਦੀ ਖ਼ਾਤਰ ਉਨ੍ਹਾਂ ਦੀ ਰਫ਼ਤਾਰ ਹੌਲੀ ਕਰ ਲਈ। ਰਸਤੇ 'ਚ ਦਲੇਰ ਸਿੰਘ ਕਿਸੇ ਵੇਲੇ ਰੂਪ ਕੌਰ ਵੱਲ ਤੱਕਦਿਆਂ ਉਸ ਦੇ ਘੋੜੇ ਦੇ ਨਾਲ-ਨਾਲ ਘੋੜਾ ਦੁੜਾਉਣ ਲੱਗਦਾ। ਇਸ ਖੂਬਸੂਰਤ ਕੁੜੀ ਦੇ ਨਾਲ ਹੋਣ ਕਾਰਨ ਦਲੇਰ ਸਿੰਘ ਆਪਣੇ ਇਸ ਸਫਰ ਦੇ ਖ਼ਤਰਿਆਂ ਬਾਰੇ ਬਿਲਕੁਲ ਹੀ ਭੁੱਲ ਗਿਆ ਅਤੇ ਉਸ ਨੂੰ ਰੂਪ ਦਾ ਸਾਥ ਬਹੁਤ ਚੰਗਾ ਅਤੇ ਸੁਖਦਾਈ ਮਹਿਸੂਸ ਹੋਣ ਲੱਗਾ। ਰੂਪ ਕੌਰ ਹੁਣ 'ਰੂਪ ਸਿੰਘ ਦੇ ਰੂਪ ਵਿੱਚ ਹੋਰ ਵੀ ਆਕਰਸ਼ਕ ਲੱਗ ਰਹੀ ਸੀ। ਜਦ ਉਹ ਇਕ ਪਿੰਡ ਦੇ ਬਾਹਰ ਘੋੜਿਆਂ ਨੂੰ ਪਾਣੀ
ਪਿਲਾਉਣ ਲਈ ਰੁਕੇ ਤਾਂ ਦਲੇਰ ਸਿੰਘ ਝੱਟ ਆਪਣੇ ਘੋੜੇ ਤੋਂ ਛਾਲ ਮਾਰ ਕੇ ਰੂਪ ਨੂੰ ਘੋੜੇ ਤੋਂ ਉਤਾਰਨ ਲਈ ਉਸ ਕੋਲ ਜਾ ਪਹੁੰਚਿਆ। ਰੂਪ ਨੇ ਵੀ ਮੁਸਕਰਾ ਕੇ ਉਸ ਵੱਲ ਤੱਕਿਆ ਅਤੇ ਉਸ ਦੇ ਹੱਥ ਦਾ ਸਹਾਰਾ ਲੈ ਕੇ ਥੱਲੇ ਉੱਤਰ ਗਈ। ਪਰ ਅੰਦਰੋਂ ਉਸ ਦਾ ਧਿਆਨ ਕੀਰਤ ਸਿੰਘ ਵੱਲ ਸੀ। ਤਿੰਨ ਘੰਟੇ ਦੀ ਇਸ ਘੋੜ-ਸਵਾਰੀ ਕਾਰਨ ਉਸ ਦੀਆਂ ਲੱਤਾਂ ਆਕੜੀਆਂ ਹੋਈਆਂ ਸਨ ਅਤੇ ਉਸ ਨੂੰ ਧਰਤੀ 'ਤੇ ਪੈਰ ਰੱਖ ਕੇ ਆਪਣਾ ਸੰਤੁਲਨ ਕਾਇਮ ਰੱਖਣਾ ਮੁਸ਼ਕਿਲ ਹੋਣ ਲੱਗਾ। ਦਲੇਰ ਸਿੰਘ ਨੇ ਉਸ ਦੇ ਲੱਕ ਦੁਆਲੇ ਬਾਂਹ ਵਲ ਕੇ ਉਸ ਨੂੰ ਸਹਾਰਾ ਦਿੱਤਾ।
"ਸਾਵਧਾਨ ਦਲੇਰ ਸਿੰਘ ਸਾਵਧਾਨ।" ਕੀਰਤ ਸਿੰਘ ਮਨ ਹੀ ਮਨ ਕਹਿ ਉੱਠਿਆ, "ਇਹ ਸ਼ਾਹੀ ਖ਼ਾਨਦਾਨ ਦੀ ਔਰਤ ਹੈ।" ਫੇਰ ਉਸ ਨੇ ਦੂਜਿਆਂ ਵੱਲ ਤੱਕਦਿਆਂ ਆਖਿਆ:
"ਸਾਨੂੰ ਬਹੁਤ ਸਾਵਧਾਨ ਹੋ ਕੇ ਚੱਲਣਾ ਪਵੇਗਾ ਸ਼ਾਹ ਸਾਹਿਬ । ਸਾਰੇ ਪੰਜਾਬ 'ਚ ਨੌਕਰੀਓਂ ਬਰਖ਼ਾਸਤ ਕੀਤੇ ਵਿਹਲੇ ਸਿਪਾਹੀ ਜੁੰਡਲੀਆਂ ਬਣਾ ਕੇ ਇੱਧਰ-ਉੱਧਰ ਘੁੰਮ ਰਹੇ ਨੇ । ਤੁਸੀਂ ਰਸਤੇ 'ਚ ਵੇਖਿਆ ਹੀ ਹੋਵੇਗਾ।"
"ਹਾਂ, ਮੈਂ ਵੇਖ ਰਿਹਾ ਹਾਂ ਸਿੰਘ ਜੀ। ਐਨੇ ਵਰ੍ਹੇ ਸਿਪਾਹੀਗਿਰੀ ਕਰਨ ਤੋਂ ਬਾਅਦ ਤਲਵਾਰ ਦੀ ਥਾਵੇਂ ਹਲ ਨੂੰ ਏਨੀ ਅਸਾਨੀ ਨਾਲ ਨਹੀਂ ਫੜਿਆ ਜਾ ਸਕਦਾ। ਹੁਣ ਧਾੜਵੀ ਬਣ ਕੇ ਲੁੱਟ ਮਾਰ ਕਰਦੇ ਘੁੰਮ ਫਿਰ ਰਹੇ ਹਨ। ਕੋਈ ਇਕੱਲਾ ਦੁਕੱਲਾ ਮੁਸਾਫ਼ਿਰ ਇਨ੍ਹਾਂ ਤੋਂ ਮਹਿਫ਼ੂਜ਼ ਨਹੀਂ।"
ਪਾਣੀ ਪੀਣ ਅਤੇ ਘੋੜਿਆਂ ਨੂੰ ਸਾਹ ਦਿਵਾਉਣ ਤੋਂ ਬਾਅਦ ਉਹ ਫੇਰ ਤੁਰ ਪਏ। ਪੰਦਰਾਂ ਕੁ ਮੀਲ ਧੂੜ ਦੇ ਬੱਦਲ ਉਡਾਉਣ ਤੋਂ ਬਾਅਦ ਉਨ੍ਹਾਂ ਨੇ ਵੇਖਿਆ ਕਿ ਕਾਫੀ ਸਾਰੇ ਫ਼ੌਜੀ ਸਿਪਾਹੀ ਇਕ ਵਿਸ਼ਾਲ ਬੋਹੜ ਥੱਲੇ ਬੈਠੇ ਪੱਥਰਾਂ ਦੇ ਚੁੱਲ੍ਹੇ ਬਣਾ ਕੇ ਕੁਝ ਰਿੰਨ ਪਕਾ ਰਹੇ ਸਨ।
"ਚੰਗਾ ਹੋਵੇ ਜੇ ਅਸੀਂ ਇਨ੍ਹਾਂ ਕੋਲ ਕੁਝ ਪਲ ਰੁਕ ਕੇ ਇਨ੍ਹਾਂ ਨਾਲ ਦੋ ਚਾਰ ਗੱਲਾਂ ਕਰ ਲਈਏ। ਵਰਨਾ ਬਹੁਤ ਅਸੁਭਾਵਿਕ ਲੱਗੇਗਾ।" ਕੀਰਤ ਸਿੰਘ ਨੇ ਸੁਝਾਅ ਦਿੱਤਾ।
ਸ਼ਾਹ ਮੁਹੰਮਦ ਬਖ਼ਸ਼ ਨੇ 'ਹਾਂ' 'ਚ ਸਿਰ ਹਿਲਾ ਦਿੱਤਾ। ਕੀਰਤ ਸਿੰਘ ਦੇ ਇਸ਼ਾਰੇ ਨਾਲ ਰੂਪ ਅਤੇ ਦਲੇਰ ਸਿੰਘ ਨੇ ਆਪਣੀਆਂ ਪੱਗਾਂ ਦੇ ਲੜ ਆਪਣੇ ਚਿਹਰਿਆਂ ਦੁਆਲੇ ਵਲ ਕੇ ਆਪਣੇ ਮੂੰਹ ਢਕ ਲਏ।
ਉਨ੍ਹਾਂ ਆਪਣੇ ਘੋੜਿਆਂ ਦੀ ਲਗਾਮ ਖਿੱਚੀ ਅਤੇ ਘੋੜਿਆਂ 'ਤੇ ਬੈਠਿਆਂ ਬੈਠਿਆਂ 'ਵਾਹਿਗੁਰੂ ਜੀ ਕਾ ਖ਼ਾਲਸਾ' ਆਖਿਆ। ਅੱਗਿਓਂ'' ਵਾਹਿਗੁਰੂ ਜੀ ਕੀ ਫਤਿਹ ਆਖਦਿਆਂ ਉਨ੍ਹਾਂ 'ਚੋਂ ਇਕ ਸਿੰਘ ਬੋਲਿਆ:
"ਆਓ, ਸਾਡੇ ਨਾਲ ਬੈਠ ਕੇ ਪ੍ਰਸ਼ਾਦਾ ਛੱਕਦੇ ਜਾਓ।"
"ਨਹੀਂ, ਅਸੀਂ ਲਾਹੌਰ ਤੋਂ ਖੂਬ ਢਿੱਡ ਭਰ ਕੇ ਤੁਰੇ ਸਾਂ।"
"ਓਹ । ਤਾਂ ਤੁਸੀਂ ਲਾਹੌਰ ਤੋਂ ਆ ਰਹੇ ਹੋ। ਕੀ ਹੈ ਉੱਥੋਂ ਦੀ ਤਾਜਾ ਖ਼ਬਰ ?”
"ਕੁਝ ਖ਼ਾਸ ਨਹੀਂ। ਸਭ ਕੁਝ ਸ਼ਮਸ਼ਾਨ ਵਾਂਗ ਚੁੱਪ। ਲੋਕਾਂ ਦਾ ਕਹਿਣਾ ਹੈ ਕਿ ਫਰੰਗੀ ਇੱਥੋਂ ਛੇਤੀ ਹੀ ਚਲੇ ਜਾਣਗੇ ।" ਕੀਰਤ ਸਿੰਘ ਨੇ ਉੱਤਰ ਦੇਂਦਿਆਂ ਆਖਿਆ।
"ਕੀ ਗੱਲਾਂ ਕਰ ਰਹੇ ਹੋ ਸਿੰਘ ਜੀ, ਆਪਣੀਆ ਅੱਖਾਂ 'ਚ ਆਪ ਮਿੱਟੀ ਪਾਉਣ ਵਾਲੀਆਂ। ਸਾਡੇ ਰਾਜੇ ਅਤੇ ਰਾਣੀਆਂ ਆਪ ਬੁਲਾ ਰਹੀਆਂ ਹਨ ਇਨ੍ਹਾਂ ਫਰੰਗੀਆਂ ਨੂੰ-ਆਓ ਆਓ !" ਇਕ ਸਿੱਖ ਸਿਪਾਹੀ ਰੋਹ ਨਾਲ ਕਹਿ ਉੱਠਿਆ, "ਬੋਲੀਆਂ ਲੱਗੀਆਂ ਹੋਈਆਂ ਹਨ ਪੰਜਾਬ ਦੀਆਂ -ਪਹਿਲਾਂ ਨੌਨਿਹਾਲ ਸਿੰਘ ਦੀ ਮਾਂ ਨੇ ਫਰੰਗੀਆਂ ਨੂੰ ਆਪਣੇ ਬਚਾਓ ਲਈ ਪੰਜਾਬ ਦੇ ਕੁਲ ਮਾਲ ਗੁਜਾਰੀ ਦੇ ਰੁਪਏ 'ਚੋਂ ਛੇ ਆਨੇ ਦੇਣ ਦੀ ਪੇਸ਼ਕਸ਼ ਕੀਤੀ। ਉਸ ਤੋਂ ਬਾਅਦ ਮਹਾਰਾਜਾ ਸ਼ੇਰ ਸਿੰਘ ਨੇ ਇਹ ਬੋਲੀ ਵਧਾਉਂਦਿਆਂ ਸਤਲੁਜ ਪਾਰ ਦੇ ਆਪਣੇ ਸਾਰੇ ਇਲਾਕੇ ਫਰੰਗੀਆਂ ਨੂੰ ਦੇਣ ਦਾ ਵਾਅਦਾ ਕਰ ਦਿੱਤਾ ।"
"ਸਿਰਫ ਇਲਾਕੇ ਹੀ ਨਹੀਂ।" ਦੂਜਾ ਬੋਲਿਆ, "ਨਾਲ ਚਾਰ ਲੱਖ ਰੁਪਈਏ ਵੀ। ਅਤੇ ਇਹ ਵੇਖ ਕੇ ਪਸ਼ੌਰਾ ਸਿੰਘ ਨੇ ਇਸ ਪੇਸਕਸ਼ ਤੋਂ ਉੱਪਰ ਵਧਾਦਿਆਂ ਕਸ਼ਮੀਰ ਵੀ ਫਰੰਗੀਆਂ ਨੂੰ ਦੇਣ ਦੀ ਪੇਸ਼ਕਸ਼ ਭੇਜ ਦਿੱਤੀ। ਅਤੇ, ਅਤੇ ਹੁਣ ਰਾਣੀ ਜਿੰਦਾਂ ਨੇ ਫਰੰਗੀਆਂ ਨੂੰ ਦੁਆਬਾ ਦੇ ਕੇ ਆਪਣੇ ਲਈ ਸੁਰੱਖਿਆ ਖਰੀਦ ਲਈ ।"
"ਚੰਗਾ ਹੋਵੇ ਜੇ ਇਹ ਫਰੰਗੀ ਲਾਹੌਰ ਤੋਂ ਦਫ਼ਾ ਹੋ ਜਾਣ। ਉਨ੍ਹਾਂ ਦੇ ਜਾਂਦਿਆਂ ਹੀ ਅਸੀਂ ਇਸ ਰਾਣੀ ਅਤੇ ਇਸ ਦੇ ਪੁੱਤਰ ਨੂੰ ਚਲਦਾ ਕਰ ਦੇਣਾ ਏ। ਇਹ ਤੇ ਫਰੰਗੀਆਂ ਦੇ ਹੱਥ ਦੀ ਕਠਪੁਤਲੀ ਹੈ ।"
"ਇੰਝ ਕਿਉਂ ਕਹਿੰਦੇ ਹੋ ਮਹਾਰਾਣੀ ਨੂੰ ?" ਕੀਰਤ ਸਿੰਘ ਗੱਲ ਨੂੰ ਅੱਗੇ ਤੋਰਨ ਦੀ ਖ਼ਾਤਿਰ ਬੋਲਿਆ, "ਹੁਣ ਤਾਂ ਲਾਹੌਰ ਨੂੰ ਆਪਣਾ ਅਸਲੀ ਵਾਰਿਸ ਮਿਲਿਆ ਹੈ। ਮੈਂ ਸੁਣਿਆ ਹੈ ਕਿ ਉਹ ਇਕ ਕਾਬਲ ਅਤੇ ਦਲੇਰ ਔਰਤ ਹੈ।"
"ਵਾਰਿਸ ਕਿ ਦੁਸ਼ਮਣ ? ਦਲੇਰ ਕਿ ਚਾਲਬਾਜ ?" ਉਨ੍ਹਾਂ 'ਚੋਂ ਇਕ ਅੱਧਖੜ ਉਮਰ ਦਾ ਸਰਦਾਰ ਬੋਲਿਆ। ਇਸ ਦੇ ਮੱਥੇ ਅਤੇ ਗਰਦਨ ਉੱਤੇ ਸੱਟਾਂ ਦੇ ਨਿਸ਼ਾਨ ਸਨ। "ਜੇ ਇਸ ਨੇ ਮੁਦਕੀ ਤੇ ਫਿਰੋਜ਼ਪੁਰ ਦੀ ਲੜਾਈ 'ਚ ਲਾਲ ਸਿੰਘ ਅਤੇ ਤੇਜ ਸਿੰਘ ਨਾਲ ਮਿਲ ਕੇ ਖਾਲਸਾ ਫੌਜ ਨਾਲ ਦਗਾਬਾਜ਼ੀ ਨਾ ਕੀਤੀ ਹੁੰਦੀ ਤਾਂ ਅਸੀਂ ਉਹ ਲੜਾਈ ਜਿੱਤ ਲਈ ਹੁੰਦੀ ।" ਫੇਰ ਉਸ ਨੇ ਸ਼ਾਹ ਬਖ਼ਸ ਵੱਲ ਗੌਹ ਨਾਲ ਵੇਖਦਿਆਂ ਆਖਿਆ:
"ਜੇ ਮੈਨੂੰ ਭੁਲੇਖਾ ਨਹੀਂ ਪੈਂਦਾ ਤਾਂ ਇਹ ਸ਼ਾਹ ਮੁਹੰਮਦ ਦੇ ਸਪੁੱਤਰ ਸ਼ਾਹ ਬਖਸ਼ ਹਨ, ਖ਼ਾਲਸਾਈ ਤੋਪਖਾਨੇ ਦੇ ਮਸ਼ਹੂਰ ਤੋਪਚੀ ਤੇ ਜਿਨ੍ਹਾਂ ਦੇ ਵਾਲਦ ਨੇ ਇਸ ਜੰਗ ਬਾਰੇ ਕੋਈ ਲੰਮਾ ਕਿੱਸਾ ਲਿਖਿਆ ਹੈ ।" ਉਸ ਦੇ ਪਛਾਣੇ ਜਾਣ 'ਤੇ ਕੀਰਤ ਸਿੰਘ ਮਨ ਹੀ ਮਨ ਘਬਰਾਇਆ। ਫੇਰ ਉਨ੍ਹਾਂ ਸਾਹਮਣੇ ਸੁਭਾਵਿਕ ਹੁੰਦਿਆਂ ਆਖਿਆ-
"ਤੁਸਾਂ ਠੀਕ ਹੀ ਪਛਾਣਿਆ ਹੈ।"
"ਤਾਂ ਫੇਰ ਕੁਝ ਸੁਣਾਓ ਸ਼ਾਹ ਜੀ । ਅਸੀਂ ਵੀ ਸੁਣੀਏ ਕਿ ਸੱਚ ਲਿਖਿਆ ਹੈ ਜਾਂ ਝੂਠ?”
ਕੀਰਤ ਸਿੰਘ ਨੇ ਸ਼ਾਹ ਬਖ਼ਸ ਨੂੰ ਇਸ਼ਾਰਾ ਕੀਤਾ, ਅਤੇ ਉਹ ਬੋਲਿਆ:
"ਮੈਨੂੰ ਪੂਰੀ ਤਾਂ ਯਾਦ ਨਹੀਂ, ਪਰ ਉਹ ਬੰਦ ਜਰੂਰ ਸੁਣਾ ਸਕਦਾ ਹਾਂ ਜੋ ਤੁਸੀ ਸੁਨਣਾ ਚਾਹੁੰਦੇ ਹੋ, ਯਾਅਨੀ ਰਾਣੀ ਜਿੰਦਾਂ ਬਾਰੇ :
ਜੱਟੀ ਹੋਵਾਂ ਤਾਂ ਕਰਾਂ ਪੰਜਾਬ ਰੰਡੀ
ਸਾਰੇ ਦੇਸ ਦੇ ਵਿੱਚ ਜਾ ਤੁਰਨ ਵਾਰਾਂ।
ਛੱਡਾਂ ਨਹੀਂ ਲਾਹੌਰ ਵਿੱਚ ਵੜਨ ਜੋਗੇ
ਸਣੇ ਵੱਡਿਆਂ ਅਫਸਰਾਂ ਜਮਾਂਦਾਰਾਂ।
ਪਏ ਰੁਲਣ ਇਹ ਵਿੱਚ ਪਰਦੇਸ ਮੁਰਦੇ,
ਸ਼ਾਹ ਮੁਹੰਮਦ ਮਾਰਨੀ ਏਸ ਮਾਰਾ।
“ਤੁਹਾਡੇ ਇਸ ਬੰਦ ਤੋਂ ਤਾਂ ਇਹ ਅਰਥ ਨਿਕਲਦੇ ਹਨ ਕਿ ਸਿੱਖ ਫੌਜਾਂ ਦੀ ਹਾਰ ਨੂੰ ਵੇਖਕੇ ਰਾਣੀ ਜਿੰਦਾਂ ਖੁਸ਼ ਸੀ।“ ਇੱਕ ਸਿੰਘ ਬੋਲਿਆ।
"ਖੁਸ਼ ਤਾਂ ਹੋਣਾ ਹੀ ਹੋਇਆ। ਉਨ੍ਹਾਂ ਚੋਂ ਇਕ ਨੇ ਆਖਿਆ, "ਬਲਕਿ ਮੈਂ ਤੇ ਇਹੀ ਕਹਾਂਗਾ ਕਿ ਸਭ ਤੋਂ ਪਹਿਲਾਂ ਇਸੇ ਨੇ ਗੁਲਾਬ ਸਿੰਘ ਡੋਗਰੇ ਨਾਲ ਮਿਲ ਕੇ ਖਾਲਸਾ ਫੌਜ ਨੂੰ ਹਰਾਉਣ ਦਾ ਛੜਯੰਤਰ ਰਚਿਆ ਸੀ।"
"ਅਤੇ ਮਿਸਰ ਲਾਲ ਸਿੰਘ 'ਤੇ ਤੇਜ ਸਿੰਘ ।" ਇਕ ਨੇ ਪੁੱਛਿਆ।
"ਉਹ ਤੇ ਮੋਹਰੇ ਸਨ ਭਾਈ ਮੋਹਰੇ।" ਸ਼ਾਹ ਬਖ਼ਸ਼ ਬੋਲਿਆ। ਇਸ ਬਾਰੇ ਜੋ ਲਿਖਿਆ ਹੈ, ਉਹ ਵੀ ਸੁਣ ਲਓ-
"ਅਰਜ਼ੀ ਲਿਖ ਫਰੰਗੀਆਂ ਕੁੰਜ (ਗੁਪਤ) ਗੋਸ਼ੇ,
ਪਹਿਲੇ ਆਪਣਾ ਸੁਖ ਅਨੰਦ ਵਾਰੀ
ਤੇਰੇ ਵਲ ਮੈਂ ਫੌਜ ਨੂੰ ਘਲਣੀ ਆਂ
ਖੱਟੇ ਕਰੀਂ ਤੂੰ ਇਨ੍ਹਾਂ ਦੇ ਦੰਦ ਵਾਰੀ।"
"ਪਰ... ਪਰ ਮੈਨੂੰ ਹਾਲੇ ਤੱਕ ਸਮਝ ਨਹੀਂ ਆਇਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਇਹ ਰਾਣੀ ਕਿਉਂ ਚਾਹੁੰਦੀ ਸੀ ਕਿ ਖ਼ਾਲਸਾ ਫ਼ੌਜ ਹਾਰ ਜਾਵੇ?" ਇਕ ਨੌਜਵਾਨ ਸਿੱਖ ਸਿਪਾਹੀ ਨੇ ਪੁੱਛਿਆ, "ਇਸ ਵਿੱਚ ਤਾਂ ਸਾਰਿਆਂ ਦਾ ਨੁਕਸਾਨ ?"
"ਤੈਨੂੰ ਨਹੀਂ ਪਤਾ ਮੁੰਡਿਆ, ਉਹੀ ਸਰਦਾਰ, ਜੋ ਇਸ ਦਸਤੇ ਦਾ ਸਰਗਨਾ ਲੱਗਦਾ ਸੀ ਬੋਲਿਆ:
“ਛੋਟੀਆਂ ਔਰਤਾਂ ਆਪਣੇ ਜਾਤੀ ਖ਼ੁਦਗਰਜ਼ੀ ਤੋਂ ਉੱਪਰ ਉੱਠ ਕੇ ਕੁਝ ਨਹੀਂ ਸੋਚ ਸਕਦੀਆਂ। ਇਹ ਔਰਤ ਮਹਾਰਾਜਾ ਰਣਜੀਤ ਸਿੰਘ ਦੇ ਸ਼ਿਕਾਰੀ ਕੁੱਤਿਆਂ ਦੇ ਰਖਵਾਲੇ ਦੀ ਧੀ ਸੀ। ਬਸ ਇਕ ਦਿਨ ਉਸ ਦੀ ਦਸ-ਬਾਰਾਂ ਵਰ੍ਹਿਆਂ ਦੀ ਧੀ ਦੀ ਖੂਬਸੂਰਤੀ 'ਤੇ ਆਸ਼ਿਕ ਹੋ ਕੇ ਮਹਾਰਾਜਾ ਇਸ ਨੂੰ ਘਰ ਲੈ ਆਇਆ।"
"ਮੈਂ ਇਹ ਮੰਨਣ ਨੂੰ ਤਿਆਰ ਨਹੀਂ ਕਿ ਸਿਰਫ ਵੱਡਾ ਆਦਮੀ ਉੱਚੀ ਸੋਚ ਵਾਲਾ ਹੁੰਦਾ ਹੈ।" ਵਿਚੋਂ ਇਕ ਬੋਲਿਆ, "ਇਹ ਗੁਲਾਬ ਸਿੰਘ, ਧਿਆਨ ਸਿੰਘ ਡੋਗਰੇ ਕੋਈ ਛੋਟੇ ਆਦਮੀ ਸਨ... ਅਤੇ ਸੰਧਾਵਾਲੀਏ ?"
"ਤੇਰੇ ਨਾਲ ਮੈਂ ਸਹਿਮਤ ਹਾਂ।" ਉਹੀ ਸਰਦਾਰ ਕਹਿਣ ਲੱਗਾ, “ਗੱਲ ਇਸ ਤਰ੍ਹਾਂ ਹੋਈ ਕਿ ਰਾਣੀ ਜਿੰਦਾਂ ਦਾ ਜਵਾਹਰ ਸਿੰਘ ਨਾਮ ਦਾ ਇਕ ਭਰਾ ਵੀ ਸੀ ਜਿਸ ਨੇ ਆਪਣੇ ਭਾਣਜੇ ਦਲੀਪ ਸਿੰਘ ਲਈ ਰਸਤਾ ਸਾਫ਼ ਕਰਨ ਖ਼ਾਤਿਰ ਕੰਵਰ ਪਸ਼ੌਰਾ ਸਿੰਘ ਨੂੰ ਮਰਵਾ ਦਿੱਤਾ। ਇਸ ਘਟਨਾ ਨੇ ਖਾਲਸਾ ਫੌਜ ਨੂੰ ਆਪੇ ਤੋਂ ਬਾਹਰ ਕਰ ਦਿੱਤਾ। ਫੌਜ ਨੇ ਜਵਾਹਰ ਸਿੰਘ ਨੂੰ ਮਾਰ ਸੁੱਟਿਆ।"
"ਮੈਂ ਤੁਹਾਨੂੰ ਇਸ ਬਾਰੇ ਇਕ ਬੰਦ ਸੁਣਾਉਂਦਾ ਹਾਂ।" ਸਾਹ ਬਖ਼ਸ ਨੇ ਜੋਸ਼ 'ਚ ਆਉਂਦਿਆਂ ਸੁਣਾਉਣਾ ਸ਼ੁਰੂ ਕੀਤਾ-
ਜਿਨ੍ਹਾਂ ਮਾਰਿਆ ਕੋਹਿ ਕੇ ਵੀਰ ਮੇਰਾ
ਮੈਂ ਖੁਹਾਊਂਗੀ ਉਨ੍ਹਾਂ ਦੀਆਂ ਜੁੰਡੀਆਂ ਨੀ।
ਧਾਕਾਂ ਜਾਣ ਵਲਾਇਤੀ ਦੇਸ਼ ਸਾਰੇ
ਪਾਵਾਂ ਬੱਕਰੇ ਵਾਂਗ ਜਾ ਵੰਡੀਆਂ ਨੀ।
ਚੂੜੇ ਲਹਿਣਗੇ ਬਹੁਤ ਸੁਹਾਗਣਾਂ ਦੇ
ਨੱਥ ਚੌਂਕ ਤੇ ਵਾਲੀਆਂ ਡੰਡੀਆਂ ਨੀ
ਸ਼ਾਹ ਮੁਹੰਮਦਾ ਪੈਣਗੇ ਵੈਣ ਡੂੰਘੇ
ਜਦੋਂ ਹੋਣ ਪੰਜਾਬਣਾਂ ਰੰਡੀਆਂ ਨੀ।
ਉਹ ਕੁਝ ਦੇਰ ਇਸੇ ਤਰ੍ਹਾਂ ਦੀਆਂ ਗੱਲਾਂ ਕਰਦੇ ਰਹੇ। ਕੀਰਤ ਸਿੰਘ ਨੇ ਉਨ੍ਹਾਂ ਦੀ ਹਾਂ 'ਚ ਹਾਂ ਮਿਲਾਉਣਾ ਹੀ ਬਿਹਤਰ ਸਮਝਿਆ।
ਇਸ ਅੱਧਖੜ ਸਿਪਾਹੀ ਬੋਲਿਆ, 'ਸਾਨੂੰ ਪੰਜਾਬ ਦੇ ਤਖ਼ਤ 'ਤੇ ਕੁੱਛੜ ਚੁੱਕਿਆ ਛੋਕਰਾ ਨਹੀਂ ਚਾਹੀਦਾ ਅਤੇ ਨਾ ਹੀ ਖੜਯੰਤਰੀ ਔਰਤ। ਇਹ ਪੰਜਾਬ ਕੋਈ ਇਨ੍ਹਾਂ ਦੀ ਜੱਦੀ ਜਗੀਰ ਨਹੀਂ। ਇਸ ਵੇਲੇ ਸਾਨੂੰ ਲੋੜ ਹੈ ਕਿਸੇ ਬਹਾਦਰ, ਖੁੱਦਦਾਰ ਅਤੇ ਸਿਆਣੇ ਸਰਦਾਰ ਦੀ ਜੋ ਫਰੰਗੀਆਂ ਨਾਲ ਲੜਨ ਦੀ ਹਿੰਮਤ ਕਰ ਸਕੇ ।“
"ਕਿਸ ਦੀ ਜਗੀਰ, ਕਿਸ ਦੀ ਨਹੀਂ ।“ ਕੀਰਤ ਸਿੰਘ ਉਨ੍ਹਾਂ ਦੀ ਨੀਯਤ ਜਾਣਨ ਖਾਤਰ ਬੋਲਿਆ, "ਅਸੀਂ ਸਿਪਾਹੀਆਂ ਨੇ ਤਾਂ ਨੌਕਰੀ ਕਰਨੀ ਹੁੰਦੀ ਦੇ। ਗਲਤ-ਠੀਕ ਨਾਲ ਇਕ ਸਿਪਾਹੀ ਨੂੰ ਭਲਾ ਕੀ ਸਰੋਕਾਰ ? ਮੈਂ ਤਾਂ ਕਹਿੰਦਾ ਹਾਂ ਕਿ ਨੌਕਰੀ ਲੱਭਣੀ ਹੋਵੇ ਤਾਂ ਜੰਮੂ ਤੋਂ ਵੱਧ ਚੰਗੀ ਜਗ੍ਹਾ ਹੋਰ ਕੋਈ ਨਹੀ ?"
"ਇਹ ਮੈਂ ਕੀ ਸੁਣ ਰਿਹਾ ਹਾਂ ਤੁਹਾਡੇ ਮੂੰਹੋਂ ਖਾਲਸਾ ਜੀ। ਬਹਾਦਰਾਂ ਨੂੰ ਭਲਾ ਭੁੱਖੇ ਮਰਨ ਦੀ ਕੀ ਲੋੜ? ਜਾਂ ਤੇ ਲੁੱਟ ਮਾਰ ਕਰਾਂਗੇ ਅਤੇ ਜੇ ਨੌਕਰੀ ਕਰਾਂਗੇ ਤਾਂ ਮੁਲਤਾਨ ਦੇ ਸੂਬੇਦਾਰ ਮੂਲ ਰਾਜ ਦੀ। ਇਨ੍ਹਾਂ ਸੁਆਰਥੀ ਸਰਦਾਰਾਂ ਤੋਂ ਤਾਂ ਮੂਲਾ ਖੱਤਰੀ ਚੰਗਾ ਜਿਸ ਨੇ ਫਰੰਗੀਆਂ ਅੱਗੇ ਸਿਰ ਝੁਕਾਉਣ ਤੋਂ ਇਨਕਾਰ ਕਰ ਦਿੱਤਾ।“
"ਤੁਸਾਂ ਮੇਰੇ ਦਿਲ ਦੀ ਗੱਲ ਆਖੀ ਖਾਲਸਾ ਜੀ।“ ਸ਼ਾਹ ਬਖਸ ਨੇ ਆਖਿਆ,
"ਦਰਅਸਲ ਅਸੀਂ ਵੀ ਉਸੇ ਪਾਸੇ ਜਾ ਰਹੇ ਹਾਂ ।"
***
4
ਖਾਲਸਾ ਫੌਜ ਦਾ ਇਕ ਜਰਨੈਲ ਇਕ ਮੁਸਲਮਾਨ ਅਰਦਲੀ ਨਾਲ ਜਾਨ ਲਾਰੈਂਸ ਦੇ ਕਮਰੇ ਵਿੱਚ ਦਾਖਲ ਹੋ ਕੇ ਇੱਧਰ-ਉੱਧਰ ਵੇਖਣ ਲੱਗਾ। ਜਾਨ ਲਾਰੈਂਸ ਦੀ ਇਹ ਰਿਹਾਇਸ਼-ਗਾਹ ਕਿਸੇ ਵੇਲੇ ਮੁਗਲੀਆ ਸਲਤਨਤ ਦੇ ਕਿਸੇ ਅਮੀਰ ਦੀ ਹੁੰਦੀ ਸੀ। ਇਹ ਸਾਰੇ ਘਰ, ਹਵੇਲੀਆਂ ਅਤੇ ਮਹੱਲ ਜ਼ਿਆਦਾਤਰ ਲਾਹੌਰ ਸ਼ਹਿਰ ਦੇ ਬਾਹਰ ਕਰਕੇ
ਬਣਾਏ ਗਏ ਸਨ ਜਿਨ੍ਹਾਂ ਦੇ ਖੇਤਰਾਂ ਤੋਂ ਬੀਤੇ ਸਮੇਂ ਦੀ ਸ਼ਾਨ-ਓ-ਸ਼ੌਕਤ ਦਾ ਅਨੁਮਾਨ ਲਾਇਆ ਜਾ ਸਕਦਾ ਸੀ।
ਸੜਕ ਤੋਂ ਥੋੜ੍ਹਾ ਦੂਰ, ਸੱਜੇ ਪਾਸੇ ਰੁੱਖਾਂ ਦੇ ਇਕ ਝੁੰਡ ਵਿਚਕਾਰ, ਜੋ ਕਿਸੇ ਵੇਲੇ ਅਲੀ ਮਰਦਾਸ ਖ਼ਾਂ ਦਾ ਨੌ ਲੱਖਾ ਬਾਗ ਹੁੰਦਾ ਸੀ, ਫਰੰਗੀ ਸਿਪਾਹੀਆਂ ਦੇ ਚਿੱਟੇ ਰੰਗ ਦੇ ਤੰਬੂ ਕਤਾਰਾਂ 'ਚ ਲੱਗੇ ਦਿਸ ਰਹੇ ਸਨ, ਅਤੇ ਜਿਨ੍ਹਾਂ ਦੀ ਗਿਣਤੀ ਦਿਨ-ਬਦਿਨ ਵਧਦੀ ਜਾ ਰਹੀ ਸੀ। ਇਸ ਛੋਟੀ ਜਿਹੀ ਛਾਉਣੀ 'ਚ ਅੰਗਰੇਜ ਸਿਪਾਹੀਆਂ ਦੇ ਤੰਬੂ ਪੂਰਬੀਏ ਅਤੇ ਗੋਰਖੇ ਸਿਪਾਹੀਆਂ ਤੋਂ ਕੁਝ ਦੂਰੀ 'ਤੇ ਲੱਗੇ ਹੋਏ ਸਨ। ਫਰੰਗੀ ਰੈਜ਼ੀਡੈਂਟ ਦੇ ਕਹਿਣ ਅਨੁਸਾਰ ਇਹ ਸਿਪਾਹੀ ਉਨ੍ਹਾਂ ਦੀ ਆਪਣੀ ਸੁਰੱਖਿਆ ਅਤੇ ਲਾਹੌਰ ਸ਼ਹਿਰ ਚ ਵਧਦੀ ਜਾ ਰਹੀ ਅਰਾਜਕਤਾ ਨੂੰ ਮੁੱਖ ਰਖਦਿਆਂ ਲੁਧਿਆਣੇ ਤੋਂ ਮੰਗਵਾਏ ਗਏ ਸਨ।
ਹੁਣ ਇਹ ਬਹੁਤ ਸਾਰੇ ਮਕਾਨ ਅਤੇ ਹਵੇਲੀਆਂ ਫਰੰਗੀ ਅਫ਼ਸਰਾਂ ਜਾਂ ਸਿੱਖ ਸਰਦਾਰਾਂ ਨੇ ਮੱਲੀਆਂ ਹੋਈਆਂ ਸਨ। ਜਾਨ ਲਾਰੈਂਸ ਦੀ ਇਸ ਰਹਾਇਸ਼ਗਾਹ ਨੂੰ ਰਹਿਣ ਯੋਗ ਬਣਾਉਣ ਲਈ ਅੱਧ-ਪਚੱਧੇ ਯਤਨ ਕੀਤੇ ਗਏ ਲਗਦੇ ਸਨ। ਵਰਾਂਡੇ ਦੇ ਫਰਸ਼ ਥਾਂ-ਥਾਂ ਤੋਂ ਉੱਖੜੇ ਹੋਏ ਸਨ। ਅਲਬੱਤਾ ਕਮਰੇ ਵਿੱਚ ਈਰਾਨ ਅਤੇ ਕਸ਼ਮੀਰ ਦੇ ਬਣੇ ਰੰਗ-ਬਰੰਗੇ ਗਲੀਚੇ ਜ਼ਰੂਰ ਵਿਛੇ ਦਿਸ ਰਹੇ ਸਨ। ਕਮਰੇ 'ਚ ਚਾਰ ਪੰਜ ਕੁਰਸੀਆਂ ਅਤੇ ਇਕ ਮੇਜ਼ ਦੇ ਇਲਾਵਾ ਹੋਰ ਕੁਝ ਖ਼ਾਸ ਨਹੀਂ ਸੀ ਪਿਆ ਦਿਸ ਰਿਹਾ। ਕੰਧ ਨਾਲ ਜਾਨ ਲਾਰੈਂਸ ਦੇ ਭਰਾ ਹੈਨਰੀ ਲਾਰੈਂਸ ਦੀ ਤਸਵੀਰ ਜ਼ਰੂਰ ਲਮਕ ਰਹੀ ਸੀ ਜਿਸ ਨੂੰ ਫਰੰਗੀ ਗਵਰਨਰ ਨੇ ਲਖਨਊ ਭੇਜ ਦਿੱਤਾ ਸੀ।
"ਆਓ ਕਾਹਨ ਸਿੰਘ ਜੀ," ਇਕ ਦਰਵਾਜ਼ੇ 'ਚੋਂ ਲੰਘ ਕੇ ਅੰਦਰ ਆਉਂਦਿਆਂ ਜਾਨ ਲਾਰੈਂਸ ਨੇ ਆਖਿਆ। ਲਾਰੈਂਸ ਨੂੰ ਅੰਦਰ ਆਉਂਦਿਆਂ ਵੇਖ ਕੇ ਅਰਦਲੀ ਬਾਹਰ ਚਲਾ ਗਿਆ। ਜਾਨ ਲਾਰੈਂਸ ਨੇ ਸਿੰਘਾਂ ਵਾਂਗ ਸਿਰ 'ਤੇ ਪੰਗ ਬੰਨ੍ਹੀ ਹੋਈ, ਲੰਮੀ ਦਾਹੜੀ ਅਤੇ ਕੋਟ ਉੱਤੇ ਕਈ ਤਰ੍ਹਾਂ ਦੇ ਤਮਗੇ ਲਮਕਦੇ ਦਿਸ ਰਹੇ ਸਨ।
ਲਾਰੈਂਸ ਇਕ ਅਲਮਾਰੀ ਵੱਲ ਵਧਿਆ, ਅਲਮਾਰੀ ਖੋਲ੍ਹੀ ਅਤੇ ਅਲਮਾਰੀ 'ਚੋਂ ਇਕ ਬੋਤਲ ਅਤੇ ਦੇ ਗਲਾਸ ਕੱਢ ਕੇ ਮੇਜ਼ 'ਤੇ ਰੱਖ ਦਿੱਤੇ। ਫੇਰ ਰਸੋਈਏ ਨੂੰ ਆਵਾਜ਼ ਮਾਰਦਿਆਂ ਪਾਣੀ ਲਿਆਉਣ ਲਈ ਕਿਹਾ। ਰਸੋਈਏ ਨੇ ਪਾਣੀ ਦਾ ਜੱਗ ਭਰ ਕੇ ਮੇਜ਼ 'ਤੇ ਰੱਖ ਦਿੱਤਾ।
ਲਾਰੈਂਸ ਨੇ ਦੋਹਾਂ ਗਲਾਸਾਂ 'ਚ ਵਿਸਕੀ ਪਾਈ ਅਤੇ ਇਕ ਗਲਾਸ 'ਚ ਪਾਣੀ ਪਾਉਂਦਿਆਂ ਬੋਲਿਆ, "ਮੇਰਾ ਖਿਆਲ ਹੈ ਕਿ ਤੁਹਾਨੂੰ ਤਾਂ ਪਾਣੀ ਦੀ ਲੋੜ ਨਹੀਂ।"
ਜਾਨ ਲਾਰੈਂਸ ਸਿੱਖ ਸਰਦਾਰਾਂ ਦੀ ਇਸ ਕਮਜ਼ੋਰੀ ਨੂੰ ਚੰਗੀ ਤਰ੍ਹਾਂ ਸਮਝਦਾ ਅਤੇ ਇਸ ਦਾ ਉਚਿੱਤ ਲਾਭ ਉਠਾਉਣਾ ਵੀ ਚੰਗੀ ਤਰ੍ਹਾਂ ਜਾਣਦਾ ਸੀ। ਦੋਵੇਂ ਜਣੇ ਕੁਰਸੀਆਂ ਤੇ ਬੈਠ ਗਏ। ਕਾਹਨ ਸਿੰਘ ਨੇ ਵਿਖਾਵੇ ਲਈ ਥੋੜ੍ਹਾ ਜਿਹਾ ਪਾਣੀ ਵਿਸਕੀ ਵਾਲੇ ਗਲਾਸ 'ਚ ਪਾਇਆ ਅਤੇ ਇਕ ਘੁੱਟ ਭਰਦਿਆਂ ਬੋਲਿਆ:
"ਵਾਹ ! ਸੁਆਦ ਆ ਗਿਆ। ਤੁਹਾਡੀ ਵਲੈਤੀ ਸ਼ਰਾਬ ਬਹੁਤ ਵਧੀਆ ਹੁੰਦੀ ਹੈ।“
"ਪਰ ਤੁਹਾਡੀ ਸ਼ਰਾਬ ਵਾਂਗ ਐਨੀ ਪੁਰਜ਼ੋਰ ਨਹੀਂ ਹੁੰਦੀ। ਇਕ ਵਾਰੀ ਰਣਜੀਤ ਸਿੰਘ ਨੇ ਆਪਣੇ ਵਾਲੀ ਸ਼ਰਾਬ ਦਾ ਗਲਾਸ ਅੱਧਾ ਕੁ ਭਰ ਕੇ ਮੈਨੂੰ ਦਿੱਤਾ ਤਾਂ ਮੈਂ ਦੋ ਤਿੰਨ ਘੁੱਟ ਪੀ ਕੇ ਹੀ ਡਿੱਗਣ ਵਾਲਾ ਹੋ ਗਿਆ ਸਾਂ । ਤੁਸੀਂ ਲੋਕ ਪਤਾ ਨਹੀਂ ਕਿਵੇਂ ਹਜ਼ਮ ਕਰ ਲੈਂਦੇ ਹੋ।"
ਕਾਹਨ ਸਿੰਘ ਜ਼ੋਰ ਨਾਲ ਹੱਸਿਆ। ਦੋ ਤਿੰਨ ਘੁੱਟ ਹੋਰ ਪੀਤੇ ਅਤੇ ਖਾਲੀ ਜਿਹੇ ਕਮਰੇ ਵੱਲ ਤੱਕਦਿਆਂ ਬੋਲਿਆ, " ਤੁਸੀਂ ਰੈਸੀਡੈਂਸ ਵਾਲਾ ਮਕਾਨ ਛੱਡ ਕੇ ਕਿਉਂ ਆ ਗਏ ?"
"ਛੱਡ ਕੇ ਆਉਣਾ ਪਿਆ।" ਲਾਰੈਂਸ ਕੁਝ ਦੁਖੀ ਸੁਰ 'ਚ ਬੋਲਿਆ, "ਮੈਂ ਤੇ ਐਕਟਿੰਗ ਰੈਸੀਡੈਂਟ ਸਾਂ। ਹੁਣ ਕਲਕੱਤੇ ਤੋਂ ਇਕ ਨਿਕੰਮੇ ਗਵਰਨਰ ਜਨਰਲ ਨੇ ਆਪਣੇ ਵਰਗੇ ਨਿਕੰਮੇ ਆਦਮੀ ਨੂੰ ਰੈਸੀਡੈਂਟ ਕਮਿਸ਼ਨਰ ਬਣਾ ਕੇ ਭੇਜ ਦਿੱਤਾ ਹੈ। ਸੋ ਸਾਨੂੰ ਸਾਰਿਆਂ ਨੂੰ ਰੈਸੀਡੈਂਸੀ ਖ਼ਾਲੀ ਕਰਨੀ ਪਈ।"
"ਤੁਸੀਂ ਮੈਨੂੰ ਦੱਸਣਾ ਸੀ। ਕਈ ਸਿੱਖ ਸਰਦਾਰ, ਜੋ ਹੁਣ ਨਹੀਂ ਰਹੇ, ਉਨ੍ਹਾਂ ਦੇ ਘਰਾਂ ਨੂੰ ਜੰਦਰੇ ਲੱਗੇ ਪਏ ਨੇ। ਕੋਈ ਚੰਗਾ ਅਤੇ ਸਜਿਆ ਸਜਾਇਆ ਘਰ ਖੁਲ੍ਹਵਾ ਦੇਂਦਾ ਤੁਹਾਡੇ ਲਈ ।"
"ਸ਼ੁਕਰੀਆ ਸਰਦਾਰ ਸਾਹਿਬ, ਜੇ ਲੋੜ ਪਈ ਤਾਂ ਤੁਹਾਨੂੰ ਕਹਾਂਗਾ । ਹਾਂ, ਯਾਦ ਆਇਆ, ਰਾਣੀ ਜਿੰਦ ਕੌਰ ਵਾਲੀ ਹਵੇਲੀ 'ਚ ਹੁਣ ਕੌਣ ਰਹਿੰਦਾ ਹੈ? "
"ਜੇ ਬੁਰਾ ਨਾ ਮਨਾਓ," ਕਾਹਨ ਸਿੰਘ ਕਹਿਣ ਲੱਗਾ, "ਤਾਂ ਕਹਾਂਗਾ ਕਿ ਰਾਣੀ ਸਾਹਿਬਾਂ ਨੂੰ ਇਕ ਛੋਟੇ ਜਿਹੇ ਮਕਾਨ 'ਚ ਬੰਦ ਕਰਕੇ ਕੰਪਨੀ ਸਰਕਾਰ ਨੇ ਚੰਗਾ ਨਹੀਂ ਕੀਤਾ। ਉਨ੍ਹਾਂ ਨੂੰ ਨਾਰਾਜ਼ ਕਰਨਾ ਤੁਹਾਡੇ ਹਿੱਤ 'ਚ ਨਹੀਂ।"
"ਮੈਂ ਤੁਹਾਡੇ ਨਾਲ ਮੁਤਫਿਕ ਹੁੰਦਿਆਂ ਕਹਾਂਗਾ ਕਿ ਸਾਨੂੰ ਇਹ ਖ਼ਬਰ ਮਿਲੀ ਸੀ ਕਿ ਉਸ ਹਵੇਲੀ ਚ ਕੋਈ ਸੁਰੰਗ ਹੈ, ਜਿਸ ਰਾਹੀਂ ਮਹਾਰਾਣੀ ਅਤੇ ਦਲੀਪ ਸਿੰਘ ਨਿਕਲ ਕੇ ਨੱਸ ਸਕਦੇ ਸਨ ਅਤੇ ਇਹ ਸਾਡੇ ਹਿੱਤ 'ਚ ਨਹੀਂ ਕਿ ਉਹ ਮੁਲਤਾਨ ਦੇ ਸੂਬੇਦਾਰ ਜਾਂ ਹਜ਼ਾਰਾਂ ਦੇ ਛਤਰ ਸਿੰਘ ਨਾਲ ਜਾ ਮਿਲਣ ।"
"ਹੂੰ, ਇਹ ਤੇ ਠੀਕ ਏ।" ਕਾਹਨ ਸਿੰਘ ਅੱਗਿਓਂ ਬਲਿਆ, "ਤੁਹਾਡੇ ਕੋਲ ਆਉਣ ਤੋਂ ਪਹਿਲਾਂ ਮੈਂ ਮਹਾਰਾਣੀ ਸਾਹਿਬਾਂ ਨੂੰ ਮਿਲਣ ਗਿਆ ਸਾਂ। ਉਨ੍ਹਾਂ ਮੇਰੀ ਮਾਰਫਤ ਤੁਹਾਨੂੰ ਆਖ ਘੱਲਿਆ ਹੈ ਕਿ ਜੇ ਪੰਜਾਬ 'ਤੇ ਕਬਜ਼ਾ ਕਰਨਾ ਹੈ ਤਾਂ ਸਿੱਧੇ ਤਰੀਕੇ ਨਾਲ ਕਰਨ। ਐਵੇਂ ਉਲਟੇ ਤਰੀਕੇ ਵਰਤਣ ਦਾ ਕੀ ਲਾਭ?"
"ਇਸ ਨੂੰ ਤੁਸੀਂ ਨਹੀਂ ਸਮਝ ਸਕਦੇ", ਲਾਰੈਂਸ ਬੋਲਿਆ, "ਪਰ ਮਹਾਰਾਣੀ ਬਾਰੇ ਸੱਚ ਇਹ ਹੈ ਕਿ ਮਹਾਰਾਣੀ ਨੂੰ ਨਜ਼ਰਬੰਦ ਕਰਨ ਦਾ ਹੁਕਮ ਸਾਡੇ ਨਵੇਂ ਰੈਸੀਡੈਂਟ ਕਮਿਸ਼ਨਰ ਫਰੈਡਨਿਕ ਕਰੀ ਨੇ ਜਾਰੀ ਕੀਤਾ ਸੀ ।"
"ਫਰੈਡਰਿਕ ਕਰੀ ? ਤੁਸੀਂ ਤਾਂ ਸਾਡੇ ਆਪਣੇ ਹੋ। ਕਈ ਵਰ੍ਹੇ ਹੋ ਗਏ ਤੁਹਾਨੂੰ ਲਾਹੌਰ 'ਚ ਰਹਿੰਦਿਆਂ ਅਸੀਂ ਇਕ ਦੂਜੇ ਨੂੰ ਸਮਝਦੇ ਹਾਂ। ਪਰ ਇਹ ਕਰੀ ? ਕਿਤੇ ਸਾਰੀਆਂ ਯੋਜਨਾਵਾਂ 'ਤੇ ਪਾਣੀ ਹੀ ਨਾ ਫਿਰ ਜਾਵੇ। ਮੈਂ ਤੇ ਤੁਹਾਨੂੰ ਇਹ ਸਲਾਹ ਦੇਵਾਂਗਾ ਕਿ ਕਿਸੇ ਨਾ ਕਿਸੇ ਤਰ੍ਹਾਂ ਸ਼ੁਜਾਹਬਾਦ ਦੇ ਕਿਲ੍ਹੇਦਾਰ ਨੂੰ ਆਪਣੇ ਹੱਥ 'ਚ ਕਰ
ਲਿਆ ਜਾਵੇ : ਲਾਲਚ ਦੇ ਕੇ, ਡਰਾ ਧਮਕਾ ਕੇ ਉਸ ਦੇ ਪੁੱਤਰ ਨੂੰ ਆਪਣੇ ਕਬਜ਼ੇ 'ਚ ਕਰ ਕੇ। ਪਰ ਸਭ ਤੋਂ ਜਰੂਰੀ ਇਹ ਹੈ ਕਿ ਹਜ਼ਾਰੇ ਦੇ ਛਤਰ ਸਿੰਘ ਨੂੰ ਮੂਲ ਰਾਜ ਨਾਲ ਮਿਲਣ ਤੋਂ ਰੋਕਿਆ ਜਾਏ।“
ਲਾਰੈਂਸ ਸਮਝਦਾ ਸੀ ਕਿ ਕਾਹਨ ਸਿੰਘ ਇਹ ਕੁਝ ਫਰੰਗੀਆਂ ਪ੍ਰਤੀ ਆਪਣੀ ਵਫਾਦਾਰੀ ਵਿਖਾਉਣ ਲਈ ਕਹਿ ਰਿਹਾ ਹੈ। ਉਹ ਆਪ ਐਨੇ ਮੂਰਖ ਨਹੀਂ ਸਨ। ਫੇਰ ਵੀ ਕਾਹਨ ਸਿੰਘ ਦੀ ਤਸੱਲੀ ਲਈ ਬੋਲਿਆ:
“ਇਸ ਕੰਮ ਲਈ ਅਸੀਂ ਆਪਣੇ ਦੋ ਅਫਸਰਾਂ ਨੂੰ ਰਵਾਨਾ ਕਰ ਦਿੱਤਾ ਹੈ। ਇਹ ਵੀ ਸੁਣਨ 'ਚ ਆਇਆ ਹੈ ਕਿ ਰਣਜੀਤ ਸਿੰਘ ਦੀ ਇਕ ਪੋਤਰੀ ਵੀ ਫਰਾਰ ਹੋਣ 'ਚ ਕਾਮ੍ਯਾਬ ਹੋ ਗਈ ਹੈ, ਅਤੇ ਇਕ ਬਹੁਤ ਖਤਰਨਾਕ ਆਦਮੀ ਕੀਰਤ ਸਿੰਘ ਵੀ।“
ਇਸ ਦੌਰਾਨ ਜਾਨ ਲਾਰੈਂਸ ਨੇ ਮਸਾਂ ਇਕ ਗਲਾਸ ਖਾਲੀ ਕੀਤਾ ਜਦ ਕਿ ਕਾਹਨ ਸਿੰਘ ਅੱਧੀ ਤੋਂ ਵੱਧ ਬੋਤਲ ਚੜ੍ਹਾਅ ਗਿਆ ਸੀ। ਇਸ ਤੋਂ ਪਹਿਲਾਂ ਕਿ ਉਹ ਆਪਣੇ ਹੋਸ਼-ਹਵਾਸ ਗਵਾ ਬੈਠਦਾ, ਜਾਨ ਲਾਰੈਂਸ ਉਸ ਨੂੰ ਸੰਬੋਧਿਤ ਹੁੰਦਿਆਂ ਬੋਲਿਆ:
"ਤੁਸੀਂ ਜਾਣਦੇ ਹੋ ਕਿ ਮੈਂ ਤੁਹਾਨੂੰ ਕਿਉਂ ਬੁਲਾਇਆ ਹੈ?”
ਕਾਹਨ ਸਿੰਘ ਪ੍ਰਸ਼ਨ ਭਰੀਆਂ ਨਜ਼ਰਾਂ ਨਾਲ ਉਸ ਵਲ ਤੱਕਣ ਲੱਗਾ।
“ਅੰਗਰੇਜ਼ੀ ਸਰਕਾਰ ਨੂੰ ਤੁਹਾਡੇ ਵਰਗੇ ਵਫਾਦਾਰਾਂ ਉੱਤੇ ਬਹੁਤ ਭਰੋਸਾ ਹੈ। ਮੁਲਤਾਨ ਦੀ ਸੂਬੇਦਾਰੀ ਤੁਹਾਨੂੰ ਮਿਲਣ ਵਾਲੀ ਹੈ। ਇਸ ਮਕਸਦ ਲਈ ਤੁਸੀਂ ਇਕ ਭਾਰੀ ਫੌਜ ਲੈ ਕੇ ਮੁਲਤਾਨ ਵੱਲ ਰਵਾਨਾ ਹੋ ਜਾਓ। ਇਸ ਬਾਰੇ ਲਾਹੌਰ ਦਰਬਾਰ ਵਲੋਂ ਤੁਹਾਡੇ ਲਈ ਫਰਮਾਨ ਤਿਆਰ ਹੈ।“ ਕਹਿੰਦਿਆਂ ਜਾਨ ਲਾਰੈਂਸ ਨੇ ਉਹ ਫਰਮਾਨ ਕਾਹਨ ਸਿੰਘ ਦੇ ਹੱਥ ਫੜਾ ਦਿੱਤਾ।
***
5
'ਮੈਂ ਤੇ ਸੋਚਦਾ ਸਾਂ ਕਿ ਤੁਸੀਂ ਰੂਪ ਕੌਰ ਨੂੰ ਮੇਰੇ ਸਪੁਰਦ ਕਰਕੇ ਵਾਪਸ ਪਰਤ ਜਾਓਗੇ।“ ਕੀਰਤ ਸਿੰਘ ਆਪਣੇ ਨਾਲ ਚੱਲ ਰਹੇ ਅਤੇ ਘੋੜੇ 'ਤੇ ਬੈਠੇ ਸ਼ਾਹ ਬਖ਼ਸ਼ ਨੂੰ ਸੰਬੋਧਿਤ ਹੁੰਦਿਆਂ ਬੋਲਿਆ।
"ਜੇ ਤੁਹਾਨੂੰ ਮੇਰਾ ਸਾਥ ਪਸੰਦ ਨਹੀਂ ਤਾਂ ਵਾਪਸ ਚਲੇ ਜਾਵਾਂਗਾ।" ਸ਼ਾਹ ਮੁਹੰਮਦ ਬਖਸ਼ ਨੇ ਹੱਸਦਿਆਂ ਆਖਿਆ।
"ਇਹ ਕੀ ਕਹਿ ਰਹੇ ਹੋ ਸ਼ਾਹ ਸਾਹਿਬ। ਤੁਹਾਡੇ ਵਰਗੇ ਦਾਨਸ਼ਮੰਦ ਅਤੇ ਤਜਰਬੇਕਾਰ ਸਿਪਾਰੀ ਦੇ ਸਾਥ ਨਾਲ ਨਾ ਸਿਰਫ਼ ਮੇਰਾ ਹੌਸਲਾ ਬਣਿਆ ਰਹੇਗਾ, ਬਲਕਿ ਬਹੁਤ ਕੁਝ ਸਿੱਖਾਂਗਾ ਵੀ।"
'ਉਂਝ ਹਕੀਕਤ ਇਹ ਹੈ ਕਿ ਯਕੀਨੀ ਤੌਰ 'ਤੇ ਮੈਂ ਹਾਲੇ ਤੱਕ ਇਸ ਬਾਰੇ ਕੋਈ ਫੈਸਲਾ ਨਹੀਂ ਕੀਤਾ।" ਸ਼ਾਹ ਬਖ਼ਸ਼ ਨੇ ਅੱਗਿਓਂ ਆਖਿਆ, "ਜਿੱਥੇ ਤੁਸੀਂ ਜਾ ਰਹੇ ਹੋ, ਮੈਂ ਉਥੋਂ ਦੇ ਕਿਲ੍ਹੇਦਾਰ ਸ਼ਾਮ ਸਿੰਘ ਬਾਰੇ ਬਹੁਤ ਕੁਝ ਸੁਣਿਆ ਹੈ। ਜੇ ਫਰੰਗੀਆਂ ਨੇ
ਮੁਲਤਾਨ ਉੱਤੇ ਹਮਲਾ ਕਰਨ ਦਾ ਫੈਸਲਾ ਕੀਤਾ ਤਾਂ ਮੈਂ ਕਿਤੇ ਨੇੜੇ ਤੇੜੇ ਹੋਣਾ ਚਾਹਵਾਂਗਾ। ਇਹ ਜੰਗਨਾਮਾ ਹਾਲੇ ਖ਼ਤਮ ਨਹੀਂ ਹੋਇਆ ਅਤੇ ਮੇਰੇ ਵਾਲਦ ਸਾਹਿਬ ਨੇ ਮੇਰੇ ਤੁਰਨ ਲੱਗਿਆਂ ਮੈਨੂੰ ਤਾਕੀਦ ਕੀਤੀ ਹੈ ਕਿ ਮੈਂ ਆਉਣ ਵਾਲੀ ਜੰਗ ਦੀ ਸਾਰੀ ਖਬਰ ਉਨ੍ਹਾਂ ਨੂੰ ਲਿਆ ਕੇ ਦੇਵਾਂ।"
ਗੱਲਾਂ ਕਰਦਿਆਂ ਕੀਰਤ ਸਿੰਘ ਅਤੇ ਸ਼ਾਹ ਬਖਸ, ਦਲੇਰ ਅਤੇ ਰੂਪ ਕੌਰ ਆਪਣੇ-ਆਪਣੇ ਘੋੜਿਆਂ 'ਤੇ ਨਾਲ-ਨਾਲ ਚੱਲ ਰਹੇ ਸਨ। ਕੁਝ ਦੇਰ ਘੋੜੇ ਦੁੜਾਉਂਦੇ ਰਹਿਣ ਤੋਂ ਬਾਅਦ ਜਦ ਕੁਝ ਹੌਲੀ ਹੋਏ ਤਾਂ ਸਾਹ ਬਖ਼ਸ਼ ਨੇ ਕੀਰਤ ਸਿੰਘ ਤੋਂ ਪੁੱਛਿਆ:
"ਤੁਸੀਂ ਆਪਣੇ ਬਾਰੇ ਕੁਝ ਨਹੀਂ ਦੱਸਿਆ। ਕੀ ਤੁਸੀਂ ਵੀ ਇਸ ਦਲੇਰ ਸਿੰਘ ਨੂੰ ਉਸ ਦੇ ਪਿਤਾ ਕੋਲ ਪੁਚਾ ਕੇ ਵਾਪਸ ਪਰਤ ਜਾਓਗੇ?"
ਸੁਣ ਕੇ ਕੀਰਤ ਸਿੰਘ ਦੇ ਬੁਲ੍ਹਾਂ 'ਤੇ ਇਕ ਭੇਦਭਰੀ ਮੁਸਕਾਨ ਪਸਰ ਗਈ। ਉਸ ਦਾ ਮਕਸਦ ਲਾਹੌਰ ਦੇ ਜ਼ਹਿਰੀਲੇ ਮਾਹੌਲ ਨੂੰ ਛੱਡ ਕੇ ਕਿਤੇ ਦੂਰ ਜਾਣਾ ਅਤੇ ਦਲੇਰ ਸਿੰਘ ਨੂੰ ਉਸ ਦੇ ਪਿਤਾ ਕੋਲ ਛੱਡਣਾ ਤੇ ਸੀ ਹੀ, ਪਰ ਇਕ ਕਾਰਨ ਹੋਰ ਵੀ ਸੀ ਜੋ ਮਿਕਨਾਤੀਸ ਵਾਂਗ ਉਸ ਨੂੰ ਸ਼ੁਜਾਹਬਾਦ ਵੱਲ ਖਿੱਚੀ ਲਿਜਾ ਰਿਹਾ ਸੀ।
ਕੁਝ ਵਰ੍ਹੇ ਪਹਿਲਾਂ ਜਿਸ ਖ਼ਾਲਸਾ ਫੌਜ ਨੇ ਡੇਰਾ ਅਸਮਾਇਲ ਖਾਂ 'ਤੇ ਚੜ੍ਹਾਈ ਕੀਤੀ, ਉਸ ਵਿੱਚ ਕੀਰਤ ਸਿੰਘ ਵੀ ਸੀ ਅਤੇ ਉਸ ਫੌਜ ਦੇ ਜਰਨੈਲ ਬਲਵਾਨ ਸਿੰਘ ਦਾ ਵਿਸ਼ਵਾਸੀ ਵੀ । ਖ਼ਾਲਸਾ ਲਸ਼ਕਰ ਨੇ ਕਿਲ੍ਹੇ ਦੁਆਲੇ ਘੇਰਾ ਪਾ ਲਿਆ ਅਤੇ ਕਿਲ੍ਹੇ ਦੀ ਕੰਧ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਦ ਕਿਲ੍ਹਦੇਰਾ ਨਵਾਬ ਸ਼ੌਕਤ ਖਾਂ ਨੇ ਆਪਣਾ ਪਾਸਾ ਕਮਜ਼ੋਰ ਵੇਖਿਆ ਤਾਂ ਸੁਲਾਹ ਦੀ ਪੇਸਕਸ ਕੀਤੀ । ਬਲਵਾਨ ਸਿੰਘ ਨੇ ਨਵਾਬ ਨਾਲ ਗੱਲਬਾਤ ਕਰਨ ਲਈ ਕੀਰਤ ਸਿੰਘ ਨੂੰ ਭੇਜਿਆ। ਉਸ ਗੱਲਬਾਤ ਦਾ ਸਿਲਸਿਲਾ ਕਈ ਦਿਨ ਚੱਲਦਾ ਰਿਹਾ। ਸ਼ਾਇਦ ਨਵਾਬ ਵਕਤ ਖਰੀਦ ਰਿਹਾ ਸੀ ਅਤੇ ਉਸ ਨੂੰ ਕਿਤੋਂ ਸਹਾਇਤਾ ਪਹੁੰਚਣ ਦੀ ਆਸ ਸੀ। ਪਰ ਸਹਾਇਤਾ ਨਾ ਪਹੁੰਚੀ। ਸੁਲਾਹਨਾਮੇ 'ਤੇ ਦਸਤਖਤ ਹੋ ਗਏ ਅਤੇ ਨਵਾਬ ਨੇ ਮਹਾਰਾਜਾ ਰਣਜੀਤ ਸਿੰਘ ਦੀ ਈਨ ਕਬੂਲ ਕਰ ਲਈ।
ਪਰ ਜੋ ਘਟਨਾ ਕੀਰਤ ਸਿੰਘ ਲਈ ਮਹੱਤਵਪੂਰਨ ਸੀ, ਉਹ ਇਹ ਕਿ ਇਸ ਦੌਰਾਨ ਉਸ ਦੀ ਮੁਲਾਕਾਤ ਨਵਾਬ ਦੀ ਕਿਸੇ ਰਖੇਲ ਦੀ ਧੀ ਜੀਨਤ ਨਾਮ ਨਾਲ ਹੋ ਗਈ। ਕੀਰਤ ਸਿੰਘ ਪੰਝੀ-ਛੱਬੀ ਵਰ੍ਹਿਆਂ ਦਾ ਖੂਬਸੂਰਤ ਜਵਾਨ ਅਤੇ ਜੀਨਤ ਵੀ ਸਤਾਰਾਂ ਅਠਾਰਾਂ ਵਰ੍ਹਿਆਂ ਦੀ ਮੁਟਿਆਰ। ਰਾਤ ਵੇਲੇ ਲੁਕ ਲੁਕਾ ਕੇ ਗੁਪਤ ਮੁਲਾਕਾਤਾਂ ਵੀ ਹੋਈਆਂ ਅਤੇ ਵਾਅਦੇ ਵੀ।
ਪਰ ਇਸ ਘਟਨਾ ਦੇ ਕੁਝ ਮਹੀਨਿਆਂ ਬਾਅਦ ਹੀ ਡੇਰਾ ਅਸਮਾਇਲ ਖਾਂ ਦਾ ਨਵਾਬ ਮੁੜ ਆਕੀ ਹੋ ਗਿਆ। ਰਣਜੀਤ ਸਿੰਘ ਨੇ ਉਸਨੂੰ ਸਜਾ ਦੇਣ ਲਈ ਮੁੜ ਫੌਜ ਭੇਜੀ ਅਤੇ ਉਸ ਲੜਾਈ ਵਿੱਚ ਨਵਾਬ ਸ਼ੌਕਤ ਖਾਂ ਮਾਰਿਆ ਗਿਆ। ਉਸ ਮੁਹਿੰਮ ਚ ਕੀਰਤ ਸਿੰਘ ਸ਼ਾਮਿਲ ਨਹੀਂ ਸੀ। ਕੀਰਤ ਸਿੰਘ ਨੂੰ ਜੀਨਤ ਦਾ ਕਿਤੇ ਪਤਾ ਨਾ ਲੱਗਾ ਕਿ ਉਹ ਕਿੱਥੇ ਗੁੰਮ ਹੋ ਗਈ। ਤੇ ਹੁਣ, ਕੁਝ ਦਿਨ ਪਹਿਲਾਂ ਹੀ ਕੀਰਤ ਸਿੰਘ ਨੂੰ ਖਬਰ ਮਿਲੀ ਕਿ ਉਹ ਸ਼ੁਜਾਹਬਾਦ ਦੇ ਕਿਲ੍ਹੇ ਚ ਵੇਖੀ ਗਈ ਹੈ।
ਅਗਲੇ ਦਿਨ ਦੁਪਹਿਰ ਬਾਅਦ ਉਹ ਰੁੱਖਾਂ ਦੇ ਝੁੰਡ ਵਿਚਕਾਰ ਇੱਕ ਖੂਹ ਕੋਲ ਰੁਕ ਗਏ। ਮੂੰਹ ਹੱਥ ਧੋਤਾ ਅਤੇ ਨਾਲ ਲਿਆਂਦੇ ਪਰੌਂਠੇ ਖਾਣ ਲਈ ਬੈਠ ਗਏ । ਸ਼ਾਹ ਬਖਸ਼ ਜਾਣਦਾ ਸੀ ਕਿ ਹਾਲੇ ਵੀ ਬਹੁਗਿਣਤੀ ਚ ਸਿੱਖ ਅਤੇ ਹਿੰਦੂ ਕਿਸੇ ਮੁਸਲਮਾਨ ਨਾਲ ਬੈਠ ਕੇ ਰੋਟੀ ਖਾਣ ਤੋਂ ਪਰਹੇਜ ਕਰਦੇ ਹਨ । ਉਸ ਨੇ ਤਿੰਨ ਚਾਰ ਪਰੌਂਠੇ ਆਪਣੇ ਹੱਥ 'ਤੇ ਰੱਖੇ ਤਾਂ ਕੀਰਤ ਸਿੰਘ ਨੇ ਉਸ ਉੱਤੇ ਅੰਬ ਦੇ ਅਚਾਰ ਦੀਆਂ ਚਾਰ ਪੰਜ ਫਾੜੀਆਂ ਰੱਖ ਦਿੱਤੀਆਂ। ਸ਼ਾਹ ਬਖਸ਼ ਜਰਾ ਪਰ੍ਹੇ ਹੋਕੇ ਬੈਠ ਗਿਆ।
“ਹੁਣ ਦੂਰ-ਦੂਰ ਬੈਠ ਕੇ ਰੋਟੀ ਖਾਣ ਦੇ ਵੇਲੇ ਨਹੀਂ ਰਹੇ ਸ਼ਾਹ ਸਾਹਿਬ ।' ਕੀਰਤ ਸਿੰਘ ਉਸ ਵੱਲ ਤੱਕਦਿਆਂ ਬੋਲਿਆ।
ਸ਼ਾਹ ਬਖਸ਼ ਦੇ ਬੁਲ੍ਹਾਂ 'ਤੇ ਮੁਸਕਾਨ ਆ ਗਈ ਅਤੇ ਉਹ ਖਿਸਕ ਕੇ ਉਨ੍ਹਾਂ ਦੇ ਨੇੜੇ ਆਣ ਬੈਠਿਆ।
“ਇਨ੍ਹਾਂ ਨਿੱਕੀਆਂ-ਨਿੱਕੀਆਂ ਗੱਲਾਂ ਨੇ ਹੀ ਸਾਡੇ 'ਚ ਪਾੜ ਪਾਈ ਰੱਖੇ ਹਨ।" ਕੀਰਤ ਸਿੰਘ ਨੇ ਫਿਰ ਆਖਿਆ।
‘ਮੈਂ ਤੁਹਾਡੇ ਨਾਲ ਸੌ ਫੀਸਦੀ ਮੁਤਫਿਕ ਹਾਂ । ਸਾਡੇ ਪੰਜਾਬੀਆਂ ਦੀ ਬਦਕਿਸਮਤੀ ਇਹੀ ਰਹੀ ਹੈ ਕਿ ਚਾਹੇ ਅਸੀਂ ਹਿੰਦੂ-ਸਿੱਖ ਸੀ ਚਾਹੇ ਮੁਸਲਮਾਨ, ਸਾਡੇ 'ਤੇ ਹਕੂਮਤ ਹਮੇਸ਼ਾ ਦਿੱਲੀ ਵਾਲਿਆਂ ਦੀ ਹੀ ਰਹੀ। ਸਾਨੂੰ ਤੇ ਖੁਸ਼ੀ ਹੋਈ ਸੀ ਕਿ ਸੱਤ ਅੱਠ ਸੌ ਵਰ੍ਹਿਆਂ ਬਾਅਦ ਪੰਜਾਬ ਚ ਪੰਜਾਬੀਆਂ ਦੀ ਹਕੂਮਤ ਕਾਇਮ ਹੋਈ। ਪਰ ਸਾਡੀ ਬਦਕਿਸਮਤੀ ਇਹੀ ਕਿ ਇਸ ਦਾ ਖਾਤਮਾ ਵੀ ਐਨੀ ਛੇਤੀ ਹੁੰਦਾ ਨਜ਼ਰ ਆ ਰਿਹਾ ਹੈ।“
“ਹਾਲੇ ਸਭ ਕੁਝ ਖਤਮ ਨਹੀਂ ਹੋਇਆ ਸ਼ਾਹ ਸਾਹਿਬ।" ਕੀਰਤ ਸਿੰਘ ਕਹਿਣ ਲੱਗਾ, “ਲਾਹੌਰ ਦੇ ਸਰਦਾਰਾਂ ਨੇ ਚਾਹੇ ਫਰੰਗੀਆਂ ਸਾਹਮਣੇ ਗੋਡੇ ਟੇਕ ਦਿੱਤੇ ਪਰ ਸਧਾਰਨ ਸਿੱਖ ਸਿਪਾਹੀ ਦੇ ਦਿਲ ਵਿਚ ਜੋਸ਼ ਹੈ ਅਤੇ ਬਦਲੇ ਦੀ ਭਾਵਨਾ ਨਾਲ ਤੜਫ
ਰਿਹਾ ਹੈ। ਲੜਾਈਆਂ ਖਤਮ ਹੋਈਆਂ ਹਨ, ਜੰਗ ਖਤਮ ਨਹੀਂ ਹੋਈ।“
"ਇਸ ਕਰਕੇ ਮੈਂ ਮੁਲਤਾਨ ਵੱਲ ਜਾ ਰਿਹਾ ਹਾਂ।“ ਸ਼ਾਹ ਬਖਸ਼ ਬੋਲਿਆ, “ਲੜਾਈ ਚ ਜਿੱਤ ਹਾਰ ਤੇ ਹੁੰਦੀ ਰਹਿੰਦੀ ਹੈ ਪਰ ਅਸਲੀ ਹਾਰ ਉਹ ਜਦੋਂ ਕੌਮਾਂ ਹਿੰਮਤ ਹਾਰ ਜਾਣ।“
‘ਮੈਨੂੰ ਕਦੇ-ਕਦੇ ਇਕੋ ਖਦਸ਼ਾ ਰਹਿੰਦਾ ਹੈ। ਕੀਰਤ ਸਿੰਘ ਨੇ ਆਖਿਆ, ਕਿ ਕਿਤੇ ਐਨ ਮੌਕੇ 'ਤੇ ਆ ਕੇ ਇਹ ਮੂਲ ਰਾਜ ਵੀ ਫਰੰਗੀਆਂ ਨਾਲ ਸੁਲਾਹ ਨਾ ਕਰ ਲਵੇ, ਜਾਂ... ਜਾਂ ਡੋਗਰਿਆਂ ਵਾਂਗ ਇਕ ਕਰੋੜ ਰੁਪਈਆ ਦੇਕੇ ਮੁਲਤਾਨ ਖਰੀਦ ਕੇ ਉਨ੍ਹਾਂ ਅੱਗੇ ਸਿਰ ਨਿਵਾ ਦੇਵੇ।“
ਕੀਰਤ ਸਿੰਘ ਅਤੇ ਸ਼ਾਹ ਬਖਸ਼ ਦੀ ਇਸ ਟੋਲੀ ਤੋਂ ਬੇਖਬਰ ਚਾਰ ਪੰਜ ਪਠਾਣ ਉਨ੍ਹਾਂ ਤੇ ਥੋੜ੍ਹੀ ਵਿੱਥ 'ਤੇ ਬੈਠੇ ਅਰਾਮ ਕਰ ਰਹੇ ਸਨ। ਪਹਿਲਾਂ ਤਾਂ ਉਹ ਉਨ੍ਹਾਂ ਦੇ ਵਾਰਤਾਲਾਪ ਨੂੰ ਚੁੱਪ ਬੈਠੇ ਸੁਣਦੇ ਰਹੇ। ਫੇਰ ਉੱਠ ਕੇ ਉਨ੍ਹਾਂ ਕੋਲ ਆਣ ਖੜੇ ਹੋਏ। ਉਨ੍ਹਾਂ ਨੂੰ ਵੇਖ ਕੇ ਕੀਰਤ ਸਿੰਘ ਮਨ ਹੀ ਮਨ ਕੁਝ ਘਬਰਾਇਆ। ਉਹ ਪੂਰੀ ਤਰ੍ਹਾਂ ਹਥਿਆਰਬੰਦ ਅਤੇ ਮੋਢਿਆਂ 'ਤੇ ਬੰਦੂਕਾਂ ਵੀ ਲਮਕਦੀਆਂ ਦਿਸ ਰਹੀਆਂ ਸਨ। ਪਰ ਉਨ੍ਹਾਂ ਦੇ ਵਤੀਰੇ ਅਤੇ ਚਿਹਰਿਆਂ 'ਤੇ ਮਿੱਤਰਤਾ ਵਰਗੇ ਭਾਵ ਵੇਖ ਕੇ ਕੀਰਤ ਸਿੰਘ ਉਨ੍ਹਾਂ ਨੂੰ ਸੰਬੋਧਿਤ ਹੁੰਦਿਆਂ ਬੋਲਿਆ।
"ਆਓ ਖਾਨ ਸਾਹਿਬ, ਪਰਸ਼ਾਦੇ ਛਕੋ।"
"ਅਸੀ ਖਾਣਾ ਖਾ ਕੇ ਆਰਾਮ ਹੀ ਕਰ ਰਹੇ ਸਾਂ ਕਿ ਤੁਹਾਡੀ ਗੱਲਬਾਤ ਤੋਂ ਮੁਤਾਸਰ ਹੋ ਕੇ ਤੁਹਾਡੇ ਕੋਲ ਆ ਗਏ।"
"ਆਓ ਬੈਠੋ । ਤੁਹਾਡਾ ਇਸਮਸ਼ਰੀਫ?" ਸ਼ਾਹ ਬਖਸ਼ ਨੇ ਪੁੱਛਿਆ।
"ਮੇਰਾ ਨਾਮ ਅਹਿਮਦ ਖੋਖਰ ਹੈ ਅਤੇ ਮੇਰੇ ਨਾਲ ਇਹ ਮਮਦਾਦ ਕਾਠੀਆ। ਤੁਸੀਂ ਸ਼ਾਇਦ ਕਾਠੀ ਲੋਕਾਂ ਬਾਰੇ ਨਹੀਂ ਜਾਣਦੇ। ਇਨ੍ਹਾਂ ਲੋਕਾਂ ਨੇ ਹੀ ਅੱਜ ਤੋਂ ਦੋ ਹਜ਼ਾਰ ਵਰ੍ਹੇ ਪਹਿਲਾਂ ਸਿਕੰਦਰ ਦੇ ਦੰਦ ਖੱਟੇ ਕੀਤੇ ਸਨ, ਇਸੇ ਹੀ ਧਰਤੀ 'ਤੇ। ਖੋਖਰਾਂ ਬਾਰੇ ਤਾਂ ਤੁਸੀਂ ਜਾਣਦੇ ਹੀ ਹੋਵੋਗੇ। ਖੋਖਰਾਂ ਨੇ ਹੀ ਸੱਤ-ਅੱਠ ਸੌ ਵਰ੍ਹੇ ਪਹਿਲਾਂ ਮਹਿਮੂਦ ਗਜ਼ਨਵੀ ਨੂੰ ਰੋਕਿਆ ਅਤੇ ਲੜਾਈਆਂ ਲੜੀਆਂ ਸਨ। ਅਤੇ ਸਾਡੇ ਇਕ ਵੱਡੇ ਵਡੇਰੇ ਜਸਰਤ ਖੋਖਰ' ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ?”
"ਹਾਂ ਮੈਂ ਜਾਣਦਾ ਹਾਂ ਉਨ੍ਹਾਂ ਬਾਰੇ ਵੀ।" ਸਾਹ ਬਖ਼ਸ਼ ਕਹਿਣ ਲੱਗਾ, "ਉਹ ਕਈ ਵਰ੍ਹੇ ਤੱਕ ਦਿੱਲੀ ਦੇ ਬਾਦਸ਼ਾਹ ਅਕਬਰ ਦੀਆਂ ਫ਼ੌਜਾਂ ਨਾਲ ਲੜਦੇ ਰਹੇ ਸਨ, ਅਤੇ ਅਕਬਰ ਹੱਥੋਂ ਹੀ ਉਨ੍ਹਾਂ ਨੇ ਸ਼ਹਾਦਤ ਪਾਈ ਸੀ। ਪਰ ਇਹ ਗੱਲਾਂ ਤੇ ਪੁਰਾਣੀਆਂ ਹੋ ਗਈਆਂ। ਇਹ ਦੱਸੋ ਕਿ ਹੁਣ ਕੀ ਇਰਾਦਾ ਹੈ ਤੁਹਾਡਾ?"
"ਅਸੀਂ ਜਾਨ ਦੇ ਦੇਵਾਂਗੇ ਪਰ ਫਰੰਗੀ ਦੇ ਪੈਰ ਪੰਜਾਬ 'ਚ ਜੰਮਣ ਨਹੀਂ ਦੇਵਾਂਗੇ ।" ਅਹਿਮਦ ਖੋਖਰ ਜੋਸ਼ ਨਾਲ ਬੋਲਿਆ।
ਫੇਰ ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਤੁਹਾਡੇ ਵਰਗੇ' ਹੀ ਇਕ ਸਿੱਖ ਸਰਦਾਰ ਨੇ ਜਿਸ ਨੇ ਫਰੰਗੀਆਂ ਵਿਰੁੱਧ ਬਗਾਵਤ ਦਾ ਝੰਡਾ ਲਹਿਰਾਇਆ ਹੋਇਆ ਸੀ, ਪਿੱਛਾ ਕਰ ਰਹੇ ਫਰੰਗੀਆਂ ਤੋਂ ਬਚਣ ਲਈ ਸਾਡੇ ਪਿੰਡ ਆ ਕੇ ਪਨਾਹ ਲਈ।
ਸਾਡੇ ਪਿੰਡ ਚ ਹਿੰਦੂ, ਸਿੱਖ, ਮੁਸਲਮਾਨ, ਸਾਰੇ ਹੀ ਫਰੰਗੀਆਂ ਨੂੰ ਨਫਰਤ ਕਰਦੇ ਹਨ।“
“ਕੀ ਨਾਮ ਸੀ ਉਸ ਸਿੱਖ ਸਰਦਾਰ ਦਾ?”
"ਸ਼ਾਇਦ ਮਹਾਰਾਜ ਸਿੰਘ ?" ਅਹਿਮਦ ਖੋਖਰ ਨੇ ਦੱਸਿਆ।
"ਮਹਾਰਾਜ ਸਿੰਘ !" ਕੀਰਤ ਸਿੰਘ ਬੋਲਿਆ, "ਮੈਂ ਜਾਣਦਾ ਹਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਤੇ ਫੇਰ?”
ਉਸ ਤੋਂ ਬਾਅਦ ਉਨ੍ਹਾਂ ਸੰਖੇਪ 'ਚ ਦੱਸਿਆ ਕਿ ਕਿਵੇਂ "ਕਾਕਸ" ਨਾਂ ਦਾ ਇਕ ਫਰੰਗੀ ਕਪਤਾਨ ਆਪਣੇ ਸਿਪਾਹੀਆਂ ਨੂੰ ਲੈ ਕੇ ਉਨ੍ਹਾਂ ਦੇ ਪਿੰਡ ਪਹੁੰਚ ਗਿਆ। ਪਰ ਉਨ੍ਹਾਂ ਦੇ ਪਿੰਡ ਵਾਲਿਆਂ ਮਹਾਰਾਜ ਸਿੰਘ ਨੂੰ ਲੁਕਾਈ ਰੱਖਿਆ। ਦੋ ਤਿੰਨ ਦਿਨ ਤੱਕ ਘਰਾਂ ਦੀਆਂ ਤਲਾਸ਼ੀਆਂ ਲੈਂਦੇ ਰਹੇ। ਪਰ ਕੁਝ ਨਾ ਮਿਲਿਆ। ਫੇਰ ਫਰੰਗੀ ਕਪਤਾਨ ਨੇ ਆਪਣੀ ਚੌਕੀ ਉੱਥੇ ਹੀ ਜਮਾ ਲਈ ਅਤੇ ਆਪਣੇ ਸਿਪਾਹੀਆਂ ਨੂੰ ਮਹਾਰਾਜ ਸਿੰਘ ਦੀ ਤਲਾਸ਼ 'ਚ ਇੱਧਰ-ਉੱਧਰ ਭੇਜ ਦਿੱਤਾ। ਇਕ ਦੋ ਦਿਨ ਬਾਅਦ ਜਦ ਫਰੰਗੀ ਕਪਤਾਨ ਨੂੰ ਨੂੰ ਇਹ ਡਰ ਸਤਾਉਣ ਲੱਗਾ ਕਿ ਕਿਸੇ ਪਿੰਡ ਵਾਲੇ ਹੀ ਅਚਾਨਕ ਹਮਲਾ ਕਰਕੇ ਉਨ੍ਹਾਂ ਨੂੰ ਮਾਰ ਨਾ ਦੇਣ ਤਾਂ ਅਗਲੇ ਦਿਨ ਸਾਰੇ ਪਿੰਡ ਵਾਲਿਆਂ ਨੂੰ ਆਪਣੇ ਹਥਿਆਰ ਅਤੇ ਘੋੜੇ ਫਰੰਗੀ ਦੀ ਇਸ ਆਰਜੀ ਛਾਉਣੀ 'ਚ ਜਮ੍ਹਾਂ ਕਰਾ ਦੇਣ ਦਾ ਹੁਕਮ ਸੁਣਾ ਦਿੱਤਾ। ਇਸ ਵਿਚਕਾਰ ਮਹਾਰਾਜ ਸਿੰਘ ਨੂੰ ਉਨ੍ਹਾਂ ਉਥੋਂ ਬਾ-ਹਫ਼ਾਜ਼ਤ ਨਸਾ ਦਿੱਤਾ।
ਫੇਰ ਅਹਿਮਦ ਖੋਖਰ ਬੋਲਿਆ, ਸਾਡੇ ਵੱਲ ਇਹ ਕਹਾਵਤ ਹੈ 'ਜਮੀਨਾਂ, ਘੋੜੇ ਤੇ ਰੰਨਾਂ, ਅਸਾ ਲਿਖ ਕੇ ਕਦੇ ਨਾ ਦਿੱਤੀਆਂ ਜੀ।"
"ਅੱਗੇ ਕੀ ਹੋਇਆ ।" ਕੀਰਤ ਸਿੰਘ ਨੇ ਜਾਣਨਾ ਚਾਹਿਆ।
"ਫੇਰ ਕੀ, ਅਸਾਂ ਤਮਾਮ ਫਰੰਗੀਆਂ ਨੂੰ ਮਾਰ ਮੁਕਾਇਆ। ਪਰ ਕੁਝ ਦਿਨਾਂ ਬਾਅਦ ਉਨ੍ਹਾਂ ਸਾਡੇ ਪਿੰਡ ਨੂੰ ਆਣ ਘੇਰਿਆ, ਪਿੰਡ ਨੂੰ ਅੱਗ ਲਾ ਦਿੱਤੀ ਅਤੇ ਕਈਆਂ ਦੇ ਗਲ 'ਤੇ ਫਾਹਾ ਪਾ ਕੇ ਦਰੱਖਤਾਂ ਨਾਲ ਲਮਕਾ ਦਿੱਤਾ। ਨਤੀਜਾ ਇਹ ਕਿ ਉਨ੍ਹਾਂ ਖਿਲਾਫ ਬਗਾਵਤ ਹੋਰ ਭੜਕ ਪਈ ।"
"ਹੁਣ ਕੀ ਇਰਾਦਾ ?"
"ਹੁਣ ਅਸੀ ਵੀ ਮੁਲਤਾਨ ਦੇ ਸੂਬੇਦਾਰ ਮੂਲ ਰਾਜ ਨਾਲ ਮਿਲ ਕੇ ਫਰੰਗੀਆਂ ਦੇ ਖਿਲਾਫ ਲੜਨ ਲਈ ਜਾ ਰਹੇ ਹਾਂ ।"
ਇਨ੍ਹਾਂ ਤੋਂ ਵਿਦਾ ਲੈ ਕੇ ਕੀਰਤ ਸਿੰਘ ਦਾ ਕਾਫਲਾ ਅੱਗੇ ਵੱਲ ਤੁਰ ਪਿਆ। ਦੋ ਦਿਨ ਇਸੇ ਤਰ੍ਹਾਂ ਤੁਰਦੇ ਰਹੇ। ਤੀਸਰੇ ਦਿਨ ਵਿਪਰੀਤ ਦਿਸ਼ਾ ਵੱਲ ਬਹੁਤ ਸਾਰੀ ਧੂਰ-ਮਿੱਟੀ ਉੱਡਦੀ ਵਿਖਾਈ ਦਿੱਤੀ ਜਿਵੇਂ ਕਿਸੇ ਵੱਡੇ ਘੋੜ ਸਵਾਰਾਂ ਦੇ ਦਸਤੇ ਦੇ ਕੂਚ ਕਰਨ ਨਾਲ ਉੱਡਦੀ ਹੈ। ਉਹ ਕਿਸੇ ਅਣਜਾਨੇ ਖ਼ਤਰੇ ਤੋਂ ਬਚਣ ਲਈ ਰੁੱਖਾਂ ਦੇ ਇਕ ਝੁੰਡ 'ਚ ਜਾ ਕੇ ਲੁਕ ਗਏ। ਕੁਝ ਦੇਰ ਬਾਅਦ ਕੀਰਤ ਸਿੰਘ ਨੇ ਵੇਖਿਆ ਕਿ ਇਹ ਵਪਾਰੀਆਂ ਦਾ ਇਕ ਬਹੁਤ ਵੱਡਾ ਕਾਫਲਾ ਸੀ-ਤਕਰੀਬਨ ਪੰਜ ਸੌ ਗੱਡਿਆਂ ਦਾ। ਹਰ ਗੱਡੇ ਦੇ ਨਾਲ ਦੋ-ਦੋ ਹਥਿਆਰਬੰਦ ਘੋੜ-ਸਵਾਰ ਅਤੇ ਕਾਫਲੇ ਦੇ ਅੱਗੇ ਪਿੱਛੇ ਪੰਜਾਹ-ਪੰਜਾਹ ਘੋੜ-ਸਵਾਰ। ਪ੍ਰਭਾਵਸ਼ਾਲੀ ਅਤੇ ਅੱਧਖੜ ਆਯੂ ਦਾ ਇਕ ਸਰਦਾਰ ਉਸ ਕਾਫਲੇ ਦੀ ਅਗਵਾਈ ਕਰ ਰਿਹਾ ਸੀ।
"ਗੁਰਬਖ਼ਸ਼ ਸਿੰਘ ਬੇਦੀ ।" ਕੀਰਤ ਸਿੰਘ ਨੇ ਉਸ ਵੱਲ ਵੇਖਦਿਆਂ ਅਤੇ ਪਛਾਣਦਿਆਂ ਮਨ ਹੀ ਮਨ ਆਖਿਆ। ਉਹ ਜਾਣਦਾ ਸੀ ਕਿ ਪੰਜਾਬ ਦੇ ਬਹੁਤ ਸਾਰੇ ਕਾਫ਼ਲੇ ਬੇਦੀਆਂ, ਭੱਲਿਆਂ ਦੀ ਦੇਖ ਰੇਖ 'ਚ ਚਲਦੇ ਹਨ। ਕਾਰਨ ਇਹ ਕਿ ਗੁਰੂ ਘਰਾਂ ਨਾਲ ਸੰਬੰਧ ਰੱਖਣ ਕਰਕੇ ਇਨ੍ਹਾਂ ਪ੍ਰਤੀ ਲੋਕਾਂ ਦੇ ਦਿਲਾਂ 'ਚ ਖ਼ਾਸ ਆਦਰ ਸੀ ਜਿਸ ਨੂੰ ਚੋਰ-ਲੁਟੇਰੇ ਵੀ ਮੰਨਦੇ ਸਨ। ਇਨ੍ਹਾਂ ਨੂੰ ਪੰਜਾਬ ਤੋਂ ਬਾਹਰ ਨਾਨਕ-ਪੰਥੀ ਕਿਹਾ ਜਾਂਦਾ ਅਤੇ ਮੱਧ-ਪ੍ਰਦੇਸ਼, ਰਾਜਸਥਾਨ ਅਤੇ ਦੱਖਣ ਆਦਿ ਦੇ ਠੱਗਾਂ ਦੇ ਗ੍ਰੋਹਾਂ ਵਿੱਚ ਵੀ ਨਾਨਕ-ਪੰਥੀ ਕਾਫ਼ਲਿਆਂ, ਮੁਸਾਫ਼ਰਾਂ ਨੂੰ ਲੁੱਟਣ ਤੋਂ ਮਨਾਹੀ ਸੀ।
"ਸਤਿ ਸ੍ਰੀ ਅਕਾਲ ਬੇਦੀ ਜੀ।" ਕੀਰਤ ਸਿੰਘ ਰੁੱਖਾਂ ਦੀ ਓਟ 'ਚੋਂ ਬਾਹਰ ਨਿਕਲਦਿਆਂ ਅਤੇ ਕਾਫ਼ਲੇ ਕੋਲ ਜਾਂਦਿਆਂ ਬੋਲਿਆ।
“ਆ ਬਈ ਕੀਰਤ ਸਿਆਂ, ਬੜੇ ਚਿਰਾਂ ਬਾਅਦ ਦਿਸਿਆਂ ! ਅੱਜ ਕਿਸ ਪਾਸੇ ਚਾਲੇ ਪਾ ਦਿੱਤੇ ਫ਼ੌਜਾਂ ਨੇ ?"
"ਬੱਸ ਐਵੇ ਇਕ ਕੰਮ ਜਾ ਰਿਹਾ ਹਾਂ ਸ਼ੁਜਾਹਬਾਦ ਵੱਲ।"
ਬੇਦੀ ਗੁਰਬਖਸ਼ ਸਿੰਘ ਨੇ ਕੀਰਤ ਦੇ ਘੋੜ-ਚੜ੍ਹਿਆਂ ਵੱਲ ਤੱਕਿਆ ਅਤੇ ਬੋਲਿਆ, "ਮੇਰੀ ਪੇਸ਼ਕਸ਼ ਹਾਲੇ ਵੀ ਤੇਰੇ ਲਈ ਉਸੇ ਤਰ੍ਹਾਂ ਕਾਇਮ ਹੈ। ਮੈਨੂੰ ਤੇਰੇ ਵਰਗੇ ਆਦਮੀ ਦੀ ਲੋੜ ਹੈ। ਪੂਰੇ ਕਾਫਲੇ ਦਾ ਦਸਤਾ ਦੇ ਦੇਵਾਂਗਾ ਤੈਨੂੰ।"
"ਲੋੜ ਪਈ ਤਾਂ ਜਰੂਰ ਹਾਜ਼ਰ ਹੋ ਜਾਵਾਂਗਾ। ਪਰ ਹੁਣ ਕਿਸ ਪਾਸਿਓਂ?”
"ਉਂਜ ਤਾਂ ਇਹ ਕਾਫਲਾ ਈਰਾਨ ਤੋਂ ਤੁਰਿਆ ਸੀ। ਪਰ ਮੇਰੀ ਦੇਖ ਰੇਖ 'ਚ ਇਹ ਜਲਾਲਾਬਾਦ ਤੋਂ ਹੀ ਆਇਆ ਹੈ।"
"ਰਸਤੇ 'ਚ ਕੋਈ ਖ਼ਤਰੇ ਵਾਲੀ ਘਟਨਾ ਤਾਂ ਨਹੀਂ ਪੇਸ਼ ਆਈ। ਅੱਜ-ਕੱਲ੍ਹ ਦਾ ਵਾਤਾਵਰਨ ਤਾਂ...।
"ਜਦ ਤੱਕ ਕਾਫਲੇ ਦੇ ਗੱਡਿਆਂ ਦੀ ਗਿਣਤੀ ਪੰਜ ਸੌ ਨਾ ਹੋ ਜਾਵੇ ਤਦ ਤਕ ਅਸੀਂ ਤੁਰਦੇ ਨਹੀਂ । ਛੋਟੇ ਮੋਟੇ ਗ੍ਰੋਹਾਂ ਦਾ ਤਾਂ ਹੌਸਲਾ ਹੀ ਨਹੀਂ ਪੈਂਦਾ ਹਮਲਾ ਕਰਨ ਦਾ। ਅਤੇ ਜਦੋਂ ਕਿਸੇ ਕਿਲ੍ਹੇਦਾਰ ਦੇ ਖੇਤਰ 'ਚੋਂ ਨਿਕਲਣ ਲਗਦੇ ਹਾਂ ਤਾਂ ਮਸੂਲ-ਚੁੰਗੀ ਦੇ ਇਲਾਵਾ ਉਸ ਦੇ ਖੇਤਰ 'ਚੋਂ ਹਿਫਾਜ਼ਤ ਨਾਲ ਲੰਘਣ ਦੇ ਇਵਜ਼ 'ਚ ਕਾਇਦੇ ਅਨੁਸਾਰ ਰਕਮ ਵੀ ਚੁਕਾ ਦੇਂਦੇ ਹਾਂ?"
ਕੁਝ ਦੇਰ ਗੱਲਾਂ ਕਰਦੇ ਰਹਿਣ ਤੋਂ ਬਾਅਦ ਜਦ ਕੀਰਤ ਸਿੰਘ ਬੇਦੀ ਗੁਰਬਖਸ ਸਿੰਘ ਤੋਂ ਵਿਦਾ ਲੈਣ ਲੱਗਾ ਤਾਂ ਉਸ ਆਖਿਆ:
"ਮੇਰਾ ਇਕ ਕਾਫਲਾ ਅਗਲੀਆਂ ਗਰਮੀਆਂ ਚ ਕੁੱਲੂ-ਲਦਾਖ਼ ਤੋਂ ਹੋ ਕੇ ਸਮਰਕੰਦ ਵੱਲ ਜਾ ਰਿਹਾ ਹੈ, ਗੁੜ, ਬੇਰ, ਦਰੀਆਂ-ਖੇਸ ਵਗੈਰਾ ਲੈ ਕੇ। ਸਿਵਾਏ ਉੱਚਿਆਂ-ਉੱਚਿਆਂ ਪਹਾੜਾਂ ਦੇ ਹੋਰ ਕੋਈ ਖ਼ਤਰਾ ਨਹੀਂ । ਜੇ ਮਨ ਕਰੇ ਤਾਂ ਆ ਜਾਣਾ। ਤੈਨੂੰ ਮੇਰੇ ਡੇਰੇ ਦਾ ਤਾਂ ਪਤਾ ਹੀ ਹੈ- ਨੂਰਪੁਰ ਬੇਦੀਆਂ।" ਫੇਰ ਕੁਝ ਹੋਰ ਜੋੜਦਿਆਂ ਬੋਲਿਆ:
"ਹਾਂ, ਅਤੇ ਜਿਸ ਰਸਤਿਓਂ ਅਸੀਂ ਆਏ ਹਾਂ ਉਸ ਰਸਤਿਓਂ ਨਹੀਂ ਜਾਣਾ। ਅੱਗੇ ਜੰਗਲ 'ਚ ਇਕ ਬਹੁਤ ਵੱਡਾ ਟੋਲਾ ਹੈ, ਹਥਿਆਰਬੰਦ ਲੁਟੇਰਿਆਂ ਦਾ ।"
ਕੀਰਤ ਸਿੰਘ ਨੇ ਆਪਣੇ ਸਥਾਨ ਤੋਂ ਉਸ ਜੂਹ ਦੇ ਫਾਸਲੇ ਦਾ ਹਿਸਾਬ ਲਾਇਆ। ਅਤੇ ਸ਼ਾਹ ਬਖਸ਼ ਤੋਂ ਉਸ ਪਿੰਡ ਬਾਰੇ ਪੁੱਛਿਆ, ਜਿੱਥੇ ਉਨ੍ਹਾਂ ਰੂਪ ਕੌਰ ਨੂੰ ਛੱਡਣਾ ਸੀ। ਸ਼ਾਹ ਬਖਸ਼ ਦੇ ਅਨੁਮਾਨ ਅਤੇ ਨਿਸ਼ਾਨੀਆਂ ਅਨੁਸਾਰ ਇਸ ਜੂਹ ਤੋ ਪਹਿਲਾਂ ਇਕ ਪਿੱਪਲ ਵਾਲੇ ਖੂਹ ਕੋਲੋਂ ਰਸਤਾ ਖੱਬੇ ਪਾਸੇ ਮੁੜਦਿਆਂ ਸ਼ਾਹ ਰਾਹ ਤੋਂ ਵੀਹ ਪੰਝੀ ਮੀਲ ਹਟ ਕੇ ਸੀ।
ਕੁਝ ਦੇਰ ਬਾਅਦ ਉਹ ਉਸ ਖੂਹ ਕੋਲ ਪਹੁੰਚ ਗਏ। ਆਪ ਪਾਣੀ ਪੀਤਾ, ਘੋੜਿਆਂ ਨੂੰ ਪਿਲਾਇਆ ਅਤੇ ਧੂੜ ਭਰੇ ਕੱਚੇ ਰਸਤੇ ਤੁਰ ਪਏ। ਇਨ੍ਹਾਂ ਪਿਛਲੇ ਕੁਝ ਦਿਨਾਂ ਵਿਚਕਾਰ ਦਲੇਰ ਸਿੰਘ ਚਾਹੇ ਰੂਪ ਕੌਰ ਦੇ ਆਲੇ ਦੁਆਲੇ ਘੁੰਮਦਾ ਅਤੇ ਉਸਦਾ ਧਿਆਨ ਆਪਣੇ ਵੱਲ ਖਿੱਚਣ ਦਾ ਯਤਨ ਕਰਦਾ ਰਿਹਾ, ਪਰ ਰੂਪ ਦਾ ਵਤੀਰਾ ਉਸ ਪ੍ਰਤੀ ਛੋਟੇ ਭਰਾਵਾਂ ਵਰਗਾ ਹੀ ਸੀ। ਦਲੇਰ ਸਿੰਘ ਰੂਪ ਕੌਰ ਦੇ ਨੇੜੇ ਹੋਣ ਦਾ ਯਤਨ ਕਰਦਾ ਅਤੇ ਰੂਪ ਕੌਰ ਕੀਰਤ ਸਿੰਘ ਦੇ ਨੇੜੇ। ਉਹ ਕੀਰਤ ਸਿੰਘ ਦੇ ਵਿਅਕਤੀਤਵ ਅਤੇ ਉਸ ਦੇ ਇਕ ਸਾਥੀ ਦੁਰਜਨ ਸਿੰਘ ਕੋਲੋਂ ਉਸ ਦੇ ਕਾਰਨਾਮੇ ਸੁਣ-ਸੁਣ ਕੇ ਪ੍ਰਭਾਵਿਤ ਹੋ ਰਹੀ ਸੀ। ਕੀਰਤ ਸਿੰਘ ਅਤੇ ਸ਼ਾਹ ਬਖਸ਼ ਵਿਚਕਾਰ ਵੀ ਕਾਫੀ ਨੇੜਤਾ ਆ ਗਈ ਸੀ। ਸ਼ਾਹ ਬਖਸ਼ ਦਾ ਸ਼ੁਜਾਹਬਾਦ ਜਾਣ ਦਾ ਇਰਾਦਾ, ਜੋ ਪਹਿਲਾਂ ਕੱਚਾ-ਪੱਕਾ ਸੀ, ਹੁਣ ਪੱਕਾ ਹੋ ਗਿਆ।
ਇਕ ਘਣੇ ਜੰਗਲ ਅਤੇ ਇਕ ਪਹਾੜੀ ਨੂੰ ਅਤੇ ਫੇਰ ਇਕ ਨਦੀ ਨੂੰ ਪਾਰ ਕਰਕੇ ਉਹ ਉਸ ਪਿੰਡ ਦੀ ਇਕ ਹਵੇਲੀ ਸਾਹਮਣੇ ਜਾ ਖੜੇ ਹੋਏ। ਇਸ ਦੋ ਮੰਜਲਾ ਹਵੇਲੀ ਦੇ ਬਾਹਰ ਹੀ ਇਕ ਅੱਧਖੜ ਉਮਰ ਦਾ ਦੇਵ ਕਾਇਆ ਸਿੱਖ ਅਤੇ ਇਕ ਬੁੱਢਾ ਇਸ ਤਰ੍ਹਾਂ ਖੜੇ ਸਨ, ਜਿਵੇਂ ਉਨ੍ਹਾਂ ਦੀ ਉਡੀਕ ਹੀ ਕਰ ਰਹੇ ਹੋਣ।
ਉਨ੍ਹਾਂ ਦੇ ਇਸ ਕਾਫਲੇ ਦੇ ਉੱਥੇ ਪਹੁੰਚਦਿਆਂ ਹੀ ਦੋ ਤਿੰਨ ਨੌਕਰਾਂ ਨੇ ਉਨ੍ਹਾਂ ਦੇ ਘੋੜੇ ਸੰਭਾਲ ਲਏ ਅਤੇ ਮੂੰਹ ਹੱਥ ਧੋਣ ਲਈ ਬਾਲਟੀਆਂ ਭਰ ਕੇ ਪਾਣੀ ਲੈ ਆਏ। ਆਓ ਭਗਤ ਦੇ ਹੋਰ ਸਾਮਾਨ ਵੀ ਤਿਆਰ ਸਨ । ਕੀਰਤ ਸਿੰਘ ਅਤੇ ਸਾਹ ਬਖ਼ਸ਼ ਨੂੰ ਹੈਰਾਨ ਹੁੰਦਿਆਂ ਵੇਖ ਕੇ ਬੁੱਢਾ ਬੋਲਿਆ-
ਜਦੋਂ ਤੁਸੀਂ ਖੂਹ ਤੋਂ ਇਸ ਰਸਤੇ 'ਤੇ ਪੈਰ ਧਰਿਆ, ਸਾਨੂੰ ਉਦੋਂ ਹੀ ਪਤਾ ਲੱਗ ਗਿਆ ਸੀ ਤੁਸੀਂ ਇਸ ਨੂੰ ਲੈਕੇ ਸਾਡੇ ਵੱਲ ਆ ਰਹੇ ਹੋ!”
ਸਰਾਵਾਂ ਵਿੱਚ ਰਾਤਾਂ ਕੱਟਣ ਤੋਂ ਬਾਅਦ ਕਿਸੇ ਆਪਣੇ ਜਿਹੇ ਘਰ 'ਚ ਰਾਤ ਕੱਟਦਿਆਂ ਕੀਰਤ ਸਿੰਘ ਨੂੰ ਬਹੁਤ ਚੰਗਾ ਅਤੇ ਅਰਾਮਦੇਹ ਲੱਗ ਰਿਹਾ ਸੀ। ਸਾਰਿਆਂ ਨੇ ਖੂਬ ਚੰਗੀ ਤਰ੍ਹਾਂ ਇਸ਼ਨਾਨ ਕੀਤਾ ਅਤੇ ਖੂਬ ਰੱਜ ਕੇ ਲੰਗਰ ਛਕਿਆ। ਦੁੱਧ-ਮੱਖਣ ਦਾ ਤਾਂ ਕਹਿਣਾ ਹੀ ਕੀ। ਉਸ ਨੂੰ ਇਨ੍ਹਾਂ ਬਾਰੇ ਜੋ ਕੁਝ ਥੋੜ੍ਹਾ ਬਹੁਤ ਪਤਾ ਲੱਗਾ, ਉਹ ਇਹ ਕਿ ਇਸ ਪਿੰਡ ਦੇ ਆਦਮੀ ਸਿਰਫ਼ ਤਿੰਨ ਕੰਮ ਕਰਦੇ ਸਨ : ਇਕ ਖੇਤੀ, ਦੂਜਾ ਸਿਪਾਹਗਿਰੀ ਅਤੇ ਤੀਜਾ ਲੁੱਟਮਾਰ। ਜੰਗਲ 'ਚ ਲੁਕੀ ਲੁਟੇਰਿਆਂ ਦੀ ਉਸ ਟੋਲੀ ਚ ਵੀ ਇਨ੍ਹਾਂ ਦੇ ਪਿੰਡ ਦੇ ਕਾਫ਼ੀ ਆਦਮੀ ਸਨ । ਸੂਹੀਆਂ ਦਾ ਜਾਲ ਦੀ ਕਾਫ਼ੀ ਦੂਰ ਤੱਕ ਫੈਲਿਆ ਹੋਇਆ ਸੀ। ਪਿਛਲੀ ਸਰਾਂ 'ਚ ਹੀ ਉਨ੍ਹਾਂ ਦੇ ਸੂਹੀਆਂ ਨੇ ਉਨ੍ਹਾਂ ਨੂੰ ਵੇਖ ਕੇ
ਆਪਣੇ ਪਿੰਡ ਖ਼ਬਰ ਪੁਚਾ ਦਿੱਤੀ ਸੀ ਕਿ ਸਿਪਾਹੀਆਂ ਦੀ ਇਕ ਟੁਕੜੀ ਰੂਪ ਕੌਰ ਨੂੰ ਲੈ ਕੇ ਆ ਰਹੀ ਹੈ।
"ਵਾਹ ! ਇਸ ਤੋਂ ਸੁਰੱਖਿਅਤ ਸਥਾਨ ਹੋਰ ਕਿਹੜਾ ਹੋ ਸਕਦਾ ਹੈ!" ਸਭ ਕੁਝ ਵੇਖ ਸਮਝ ਕੇ ਕੀਰਤ ਸਿੰਘ ਨੇ ਮੁਹੰਮਦ ਬਖਸ਼ ਨੂੰ ਆਖਿਆ।
ਦੋ ਦਿਨਾਂ ਤਕ ਉਨ੍ਹਾਂ ਦੀ ਆਓ ਭਗਤ ਹੁੰਦੀ ਰਹੀ। ਰੂਪ ਕੌਰ ਨੂੰ ਜਨਾਨਖਾਨੇ ਚ ਪੁਚਾ ਦਿੱਤਾ ਗਿਆ ਸੀ ਅਤੇ ਹੁਣ ਉਸਨੇ ਤੀਵੀਆਂ ਵਾਲੇ ਕੱਪੜੇ ਪਾ ਲਏ ਸਨ। ਇਹ ਕੱਪੜੇ ਪਾਕੇ ਉਸ ਦੀ ਲੁਕੀ ਹੋਈ ਸੁੰਦਰਤਾ ਉੱਭਰ ਉੱਠੀ ਅਤੇ ਕੀਰਤ ਸਿੰਘ ਨੂੰ ਉਹ ਸੱਚਮੁਚ ਹੀ ਸਹਿਜ਼ਾਦੀ ਜਾਪਣ ਲੱਗੀ। ਚਾਹੇ ਸਾਰੇ ਰਸਤੇ ਉਸ ਨੇ ਰੂਪ ਕੌਰ ਨੂੰ ਆਪਣੇ ਪ੍ਰਤੀ ਕਿਸੇ ਤਰ੍ਹਾਂ ਦੀ ਪ੍ਰੇਰਨਾ ਨਹੀਂ ਸੀ ਦਿੱਤੀ, ਪਰ ਫੇਰ ਵੀ ਉਸਨੂੰ ਕਈ ਵਰ੍ਹਿਆਂ ਬਾਅਦ ਇਕ ਖੂਬਸੂਰਤ ਔਰਤ ਦਾ ਸਾਥ ਚੰਗਾ-ਚੰਗਾ ਲੱਗਦਾ ਰਿਹਾ ਸੀ। ਜਨਾਨਖਾਨੇ ਚ ਫਸੀ ਰੂਪ ਕੌਰ ਕੀਰਤ ਸਿੰਘ ਨਾਲ ਗੱਲਾਂ ਕਰਨ ਲਈ ਵਿਆਕੁਲ ਹੋ ਰਹੀ ਸੀ। ਜਦ ਉਸਨੇ ਕੀਰਤ ਸਿੰਘ ਨੂੰ ਸ਼ਾਮ ਦੇ ਘੁਸਮੁਸੇ ਚ ਹਵੇਲੀ ਦੇ ਪਿਛਲੇ ਪਾਸੇ ਬਗੀਚੀ ਚ ਇਕੱਲਿਆਂ ਫਿਰਦਾ ਵੇਖਿਆ ਤਾਂ ਉਹ ਚੁਪ ਚਾਪ ਬਾਹਰ ਨਿਕਲ ਕੇ ਉਸ ਕੋਲ ਜਾ ਪਹੁੰਚੀ।
“ਆਉ ਰੂਪ, ਕਿਸ ਤਰ੍ਹਾਂ ਲੱਗ ਰਿਹਾ ਹੈ ਇੱਥੇ ਪਹੁੰਚ ਕੇ?”
ਰੂਪ ਕੌਰ ਕੁਝ ਪਲ ਉਸ ਵੱਲ ਚੁੱਪ ਚਾਪ ਤੱਕਦੀ ਰਹੀ, ਫੇਰ ਬੋਲੀ-
"ਇੱਥੋਂ ਰੁਕਨ ਦੀ ਬਜਾਏ ਮੈਂ ਤੁਹਾਡੇ ਨਾਲ ਜਾ ਕੇ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਾਂਗੀ।“
“ਮੈਂ ਜਾਣਦਾ ਹਾਂ ਕਿ ਤੂੰ ਕੀ ਕਹਿਣਾ ਚਾਹੁੰਦੀ ਏਂ। ਪਿਛਲੇ ਦਿਨਾਂ ਦੀ ਯਾਤਰਾ ਚ ਉਹ ਸਹਿਜੇ ਹੀ ਉਸਨੂੰ ‘ਤੁਸੀਂ’ ਤੋਂ ‘ਤੂੰ’ ਕਹਿ ਕੇ ਬੁਲਾਉਣ ਲੱਗਾ ਸੀ। ਪਰ ਤੂੰ ਮੈਨੂੰ ਨਹੀਂ ਜਾਣਦੀ।“
"ਮੈਂ ਤੁਹਾਨੂੰ ਜਾਣ ਲਿਆ ਹੈ। ਇਸੇ ਲਈ ਕਹਿ ਰਹੀ ਹਾਂ।“
"ਮੈਨੂੰ ਜਾਣਿਆ, ਮੈਨੂੰ ਵੇਖਿਆ, ਪਰ ਨਾ ਮੇਰਾ ਕੋਈ ਵਰਤਮਾਨ, ਨਾ ਭਵਿੱਖ।
"ਮੇਰਾ ਵੀ ਕਿਹੜਾ ਵਰਤਮਾਨ ਅਤੇ ਕਿਹੜਾ ਭਵਿੱਖ ! ਮੇਰੇ ਤੇ ਮਾਂ ਬਾਪ ਦਾ ਵੀ ਕੋਈ ਪਤਾ ਨਹੀਂ।"
"ਤੂੰ ਸਾਹਿਬਜ਼ਾਦੀ ਏਂ। ਇਹੀ ਕਾਫੀ ਹੈ। ਬਾਪ ਕੋਈ ਵੀ ਹੋਵੇ।
"ਮੈਨੂੰ ਤੇ ਇਹ ਸਭ ਕੁਝ ਬਹੁਤ ਅਜੀਬ-ਅਜੀਬ ਲੱਗ ਰਿਹਾ ਹੈ। ਇਹ ਵੀ ਕਿਸੇ ਦੀ ਕਲਪਨਾ ਹੀ ਹੈ, ਅਫਵਾਹ ਹੈ। ਰੂਪ ਕੌਰ ਬੋਲੀ।
"ਅਫਵਾਹ ਦਾ ਵੀ ਕੋਈ ਕਾਰਨ ਜ਼ਰੂਰ ਹੁੰਦਾ ਹੈ।"
"ਕਾਰਨ ਕੁਝ ਵੀ ਹੋਵੇ। ਪਰ ਦੁੱਖ ਇਹ ਕਿ ਇਸ ਸਭ ਕੁਝ ਨੇ ਮੈਨੂੰ ਸਧਾਰਨ ਵਿਅਕਤੀ ਤੋਂ ਇਕ ਵਿਸ਼ੇਸ਼ ਵਿਅਕਤੀ ਬਣਾ ਦਿੱਤਾ ਹੈ, ਜਿਸ ਦੀ ਹੋਂਦ ਕਈਆਂ ਲਈ ਖ਼ਤਰਾ ਬਣ ਗਈ ਹੈ ਅਤੇ ਮੇਰੇ ਆਪਣੇ ਲਈ ਵੀ।"
***
6
ਚਾਹੇ ਇਸ ਪਿੰਡ ਵਾਲੇ ਪਰਿਵਾਰ ਨੇ ਉਨ੍ਹਾਂ ਨੂੰ ਭਰੋਸਾ ਦਵਾਇਆ ਸੀ ਕਿ ਜੰਗਲ ਵਾਲੇ ਰਸਤਿਓਂ ਲੰਘਦਿਆਂ ਉਨ੍ਹਾਂ ਨੂੰ ਕੋਈ ਖ਼ਤਰਾ ਨਹੀਂ, ਪਰ ਫੇਰ ਵੀ ਉਹ ਕੱਚੇ ਰਸਤਿਆਂ ਤੋਂ ਹੁੰਦੇ ਹੋਏ ਕਾਫ਼ੀ ਵਲਾ ਪਾ ਕੇ ਸ਼ੁਜਾਹਬਾਦ ਜਾਣ ਵਾਲੀ ਸੜਕ ਉੱਤੇ ਪਹੁੰਚੇ। ਉਸ ਰਾਤ ਉਨ੍ਹਾਂ ਅਕਬਰਾਬਾਦ ਦੇ ਬਾਹਰ ਇਕ ਸਰਾਂ 'ਚ ਰੁਕਣਾ ਸੀ । ਸਰਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਵੇਖਿਆ ਕਿ ਸਰਾਂ ਦੇ ਦੁਆਲੇ ਇਕ ਕਾਫ਼ੀ ਵੱਡੀ ਫੌਜੀ ਟੁਕੜੀ ਨੇ ਡੇਰੇ ਲਾਏ ਹੋਏ ਸਨ।
ਉਹ ਉੱਥੇ ਹੀ ਖੜੇ ਹੋ ਗਏ। ਫੇਰ ਕੀਰਤ ਸਿੰਘ ਨੇ ਆਪਣੇ ਸਿਪਾਹੀਆਂ 'ਚੋਂ ਦੋ ਨੂੰ ਜੱਟ ਜਿਮੀਦਾਰਾਂ ਵਾਲੇ ਕੱਪੜੇ ਪੁਆ ਕੇ ਖ਼ਬਰ ਲਿਆਉਣ ਲਈ ਸਰਾਂ ਵੱਲ ਭੇਜ ਦਿੱਤਾ। ਆਪ ਉਹ ਇਕ ਰੁੱਖਾਂ ਦੇ ਝੁੰਡ ਵਿਚਕਾਰ ਲੁਕ ਕੇ ਬੈਠ ਗਏ।
ਕਾਫੀ ਦੇਰ ਬਾਅਦ ਉਨ੍ਹਾਂ ਵਾਪਸ ਆ ਕੇ ਦੱਸਿਆ ਕਿ ਲਾਹੌਰ ਦਰਬਾਰ ਵੱਲੋਂ ਭੇਜਿਆ ਹੋਇਆ ਇਹ ਇਕ ਫੌਜੀ ਦਸਤਾ ਹੈ, ਜਿਸ ਚ ਤਕਰੀਬਨ ਦੋ ਸੌ ਫਰੰਗੀ ਸਿਪਾਹੀ ਅਤੇ ਇਕ ਹਜ਼ਾਰ ਸਿੱਖ ਤੇ ਗੋਰਖੇ ਸਿਪਾਹੀ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਦੀ ਅਗਵਾਈ ਦੋ ਫਰੰਗੀ ਜਰਨੈਲ ਕਰ ਰਹੇ ਹਨ। ਨਾਲ ਇਹ ਵੀ ਖ਼ਬਰ ਮਿਲੀ ਕਿ ਇਨ੍ਹਾਂ ਦੇ ਪਿੱਛੇ ਪੰਜ ਹਜ਼ਾਰ ਦਾ ਲਸ਼ਕਰ, ਵੀਹ ਵੱਡੀਆਂ ਤੋਪਾਂ ਅਤੇ ਚਾਲੀ ਕੁ ਛੋਟੀਆਂ ਤੋਪਾਂ ਊਠਾਂ 'ਤੇ ਲੱਦੀਆਂ ਆ ਰਹੀਆਂ ਹਨ। ਇਹ ਸਭ ਮੁਲਤਾਨ ਵੱਲ ਜਾ ਰਹੇ ਹਨ।
"ਮੁਲਤਾਨ ਵੱਲ? ਤੇ ਮਕਸਦ ਕੀ ਹੈ ਉਨ੍ਹਾਂ ਦਾ ਮੁਲਤਾਨ ਵੱਲ ਜਾਣ ਦਾ ?"
"ਮਕਸਦ ਦੋ ਹਨ। ਇਕ ਵੱਡਾ ਮਕਸਦ ਤੇ ਇਹ ਹੈ ਕਿ ਦੀਵਾਨ ਮੂਲ ਰਾਜ ਨੂੰ ਡਰਾ ਧਮਕਾ ਕੇ ਤੇ ਉਸ ਤੋਂ ਅਸਤੀਫਾ ਲਿਖਵਾ ਕੇ 'ਕਾਹਨ ਸਿੰਘ' ਨਾਮ ਦੇ ਇਕ ਸਰਦਾਰ ਨੂੰ ਮੁਲਤਾਨ ਦਾ ਸੂਬੇਦਾਰ ਸਥਾਪਿਤ ਕਰਨਾ ਅਤੇ ਦੂਜਾ ਇਹ ਕਿ ਉਹ ਲਾਹੌਰ ਤੋਂ ਭੱਜ ਕੇ ਸ਼ੁਜਾਹਬਾਦ ਜਾ ਰਹੇ ਦੋ ਆਦਮੀਆਂ ਦੀ ਤਲਾਸ਼ ਕਰ ਰਹੇ ਹਨ ।"
“ਹੂੰ! ਤਾਂ ਇਨ੍ਹਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਮੈਂ ਦਲੇਰ ਸਿੰਘ ਨੂੰ ਲੈ ਕੇ ਸ਼ੁਜਾਹਬਾਦ ਵਲ ਜਾ ਰਿਹਾ ਹਾ।"
***
7
ਹਰ ਅੰਗਰੇਜ ਅਫਸਰ ਜੋ ਹਿੰਦੁਸਤਾਨ ਆਉਂਦਾ, ਆਪਣੇ ਆਪ ਨੂੰ ਦੂਜਾ ਸਿਕੰਦਰ ਸਮਝਦਾ ਸੀ। ਐਂਡਰਸਨ ਆਪਣੇ ਤੰਬੂ ਚ ਬੈਠਾ ਹੋਇਆ ਆਪਣੀ ਡਾਇਰੀ ਲਿਖ ਰਿਹਾ ਸੀ- ਇਹ ਸੋਚਦਿਆਂ ਕਿ ਇਸ ਦੀ ਇਹ ਸ਼ਾਇਰੀ ਕਿਸੇ ਦਿਨ ਇਤਿਹਾਸ ਬਣ ਜਾਵੇਗੀ । ਉਸ ਨੂੰ ਇਹ ਵੀ ਪੂਰਾ ਯਕੀਨ ਸੀ ਕਿ ਉਹ ਆਪਣੇ ਭਾਵੀ ਕਾਰਨਾਮਿਆਂ ਦੇ ਸਿਰ ਤੇ 'ਛੇਤੀ ਹੀ ਵੱਡਾ ਅਫਸਰ ਬਣ ਜਾਏਗਾ। ਉਸ ਵੇਲੇ ਇਕ ਪਠਾਣ ਸਿਪਾਹੀ
ਤੰਬੂ ਦੇ ਬੂਹੇ ਕੋਲ ਖੜਾ ਦਿਸਿਆ। ਪੁੱਛਣ 'ਤੇ ਉਸ ਨੇ ਦੱਸਿਆ ਕਿ ਜਿਨ੍ਹਾਂ ਦੋ ਜਣਿਆਂ ਦੀ ਉਨ੍ਹਾਂ ਨੂੰ ਤਲਾਸ਼ ਹੈ, ਉਹ ਇਸ ਸਥਾਨ ਤੋਂ ਅੱਠ-ਦਸ ਕੋਹ ਦੀ ਦੂਰੀ 'ਤੇ ਵੇਖੇ ਗਏ ਹਨ।
ਆਪਣੇ ਇਨ੍ਹਾਂ ਜਸੂਸਾਂ ਤੋਂ ਕੀਰਤ ਸਿੰਘ ਦੇ ਦਸਤੇ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਐਂਡਰਸਨ ਨੇ ਆਪਣੇ ਸਾਥੀ 'ਐਗਨਿਊ' ਨਾਲ ਸਲਾਹ ਮਸ਼ਵਰਾ ਕੀਤਾ : ਫੇਰ ਇਕ ਫਰੰਗੀ ਅਫਸਰ ਲੈਫਟੀਨੈਂਟ ਬਰਾਉਨ ਨੂੰ ਬੁਲਾਇਆ ਅਤੇ ਆਪਣੇ ਚਾਲੀ ਘੋੜ-ਸਵਾਰ ਲੈ ਕੇ ਉਨ੍ਹਾਂ ਦਾ ਪਿੱਛਾ ਕਰਨ, ਦਲੇਰ ਸਿੰਘ ਨੂੰ ਜਿਊਂਦਿਆਂ ਅਤੇ ਕੀਰਤ ਸਿੰਘ ਨੂੰ ਜਿਊਂਦਾ ਜਾਂ ਮੁਰਦਾ ਫੜ ਕੇ ਲਿਆਉਣ ਦਾ ਹੁਕਮ ਦੇ ਦਿੱਤਾ। 'ਬਾਈ ਸਿੱਖ ਸਿਪਾਹੀਆਂ ਦੇ ਮੁਕਾਬਲੇ ਚਾਲੀ-ਪੰਜਾਹ ਬਹੁਤ ਹਨ। ਸੌ, ਦੋ ਸੌ ਭੇਜ ਕੇ ਐਂਡਰਸਨ ਆਪਣੀ ਹਉਮੈ ਨੂੰ ਸੱਟ ਨਹੀਂ ਸੀ ਮਾਰਨਾ ਚਾਹੁੰਦਾ। ਕੋਲ ਹੀ ਐਂਡਰਸਨ ਦਾ ਛੋਟਾ ਭਰਾ ਲੈਫਟੀਨੈਂਟ 'ਜਾਨ' ਖੜਾ ਸੀ । ਉਹ ਬੋਲਿਆ, "ਜੇ ਇਜਾਜ਼ਤ ਹੋਵੇ ਤਾਂ ਮੈਂ ਵੀ ਮਿਸਟਰ ਬਰਾਉਨ ਨਾਲ ਜਾਣਾ ਚਾਹਵਾਂਗਾ। ਇਕ ਤੋਂ ਦੋ ਚੰਗੇ। ਉਹ ਵੀ ਇਸ ਮੁਹਿੰਮ 'ਚ ਆਪਣੇ ਕਰਤੱਬ ਵਿਖਾਉਣ ਲਈ ਬੇਤਾਬ ਹੋ ਰਿਹਾ ਸੀ।
"ਠੀਕ ਏ, ਜਾਓ। ਆਪਣੀ ਨਵੀਂ ਰਿਵਾਲਵਰ ਲੈ ਕੇ ਜਾਣਾ ਨਾ ਭੁੱਲਣਾ। ਪਰ ਸ਼ਾਇਦ ਤੈਨੂੰ ਇਹ ਇਲਮ ਨਹੀਂ ਕਿ ਇਹ ਕੀਰਤ ਸਿੰਘ ਕਿੰਨਾ ਖ਼ਤਰਨਾਕ ਆਦਮੀ ਹੈ। ਮੁਦਕੀ ਜਾਂ ਫਿਰੋਜਪੁਰ ਦੀ ਲੜਾਈ 'ਚ ਇਸੇ ਨੇ ਜਰਨੈਲ ਰਾਬਰਟ ਸੇਲਜ਼ ਦਾ ਸਿਰ ਵੱਢਿਆ ਸੀ। ਸਾਡੇ ਕਮਾਂਡਰ-ਇਨ-ਚੀਫ ਹਿਊਜ਼ ਗਫ ਨੂੰ ਹਰ ਹਾਲਤ 'ਚ ਇਹ ਆਦਮੀ ਜਾਂ ਇਸ ਦਾ ਸਿਰ ਚਾਹੀਦਾ ਹੈ।"
ਸੁਣ ਕੇ ਲੈਫਟੀਨੈਂਟ ਜਾਨ ਅੰਦਰੋਂ-ਅੰਦਰ ਥੌੜਾ ਜਿਹਾ ਘਬਰਾਇਆ। ਪਰ ਨਾਲ ਹੀ ਇਹ ਸੋਚਦਿਆਂ ਮਨ ਹੀ ਮਨ ਖੁਸ਼ ਹੋਇਆ ਕਿ ਇਸ ਕੀਰਤ ਸਿੰਘ ਨਾਮ ਦੇ ਖ਼ਤਰਨਾਕ ਆਦਮੀ ਨੂੰ ਮਾਰਨ ਨਾਲ ਉਸ ਦਾ ਨਾਮ ਕਮਾਂਡਰ-ਇਨ-ਚੀਫ ਦੇ ਕੰਨਾਂ ਤੱਕ ਪਹੁੰਚ ਜਾਵੇਗਾ।
***
ਇਕ ਨਦੀ ਦਾ ਪੁਲ ਪਾਰ ਕਰਕੇ ਕੀਰਤ ਸਿੰਘ ਦਾ ਦਸਤਾ ਦੁਪਹਿਰ ਦੀ ਰੋਟੀ ਖਾਣ, ਘੋੜਿਆਂ ਨੂੰ ਪਾਣੀ ਪਿਲਾਉਣ ਅਤੇ ਸਾਹ ਦਿਵਾਉਣ ਲਈ ਬੈਠਾ ਹੀ ਸੀ ਕਿ ਕੀਰਤ ਸਿੰਘ ਦੇ ਦੋ ਸਿਪਾਹੀਆਂ ਨੇ, ਜਿਨ੍ਹਾਂ ਨੂੰ ਸਾਵਧਾਨੀ ਲਈ ਇੱਧਰ-ਉੱਧਰ ਛੱਡਿਆ ਹੋਇਆ ਸੀ, ਆ ਕੇ ਦੱਸਿਆ ਕਿ ਤੀਹ ਚਾਲੀ ਸਿਪਾਹੀਆਂ ਦਾ ਇਕ ਘੋੜ-ਸਵਾਰ ਦਸਤਾ ਇਸ ਪਾਸੇ ਆ ਰਿਹਾ ਹੈ।
"ਨਾਲ ਕਿੰਨੇ ਕੁ ਫ਼ਰੰਗੀ ਅਫ਼ਸਰ ?"
"ਦੋ ਫਰੰਗੀ ਅਫ਼ਸਰ ।"
"ਤੀਹ ਚਾਲੀ ਸਿਪਾਹੀ ਅਤੇ ਦੋ ਫ਼ਰੰਗੀ।" ਜਿਵੇਂ ਕੀਰਤ ਸਿੰਘ ਆਪਣੇ ਆਪ ਨੂੰ ਕਹਿ ਰਿਹਾ ਹੋਵੇ। ਫੇਰ ਉਸ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਹ ਛੇਤੀ ਤੋਂ ਛੇਤੀ ਖਾ ਪੀ ਕੇ ਉਨ੍ਹਾਂ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਣ।
"ਤਿਆਰ ਹੋ ਜਾਈਏ ?" ਇਕ ਸਿਪਾਹੀ ਕੁਝ ਹੈਰਾਨ ਹੁੰਦਿਆਂ ਬੋਲਿਆ। ਉਸ
ਅਨੁਸਾਰ ਤਾਂ ਇਸ ਵੇਲੇ ਭੱਜ ਨਿਕਲਣਾ ਚਾਹੀਦਾ ਸੀ। ਕੀਰਤ ਸਿੰਘ ਉਸ ਦੀ ਵਿਚਾਰ ਕਿਰਿਆ ਦਾ ਅਨੁਮਾਨ ਲਾਉਂਦਿਆਂ ਬੋਲਿਆ:
"ਸਾਡੇ ਘੋੜੇ, ਸਿੰਘ ਜੀ, ਇਸ ਵੇਲੇ ਥੱਕੇ ਹੋਏ ਹਨ ਅਤੇ ਦੁਸ਼ਮਣ ਦੇ ਘੋੜੇ ਤਰੋਤਾਜ਼ਾ। ਸ਼ੁਜਾਹਬਾਦ ਹਾਲੇ ਬਹੁਤ ਦੂਰ ਹੈ। ਭੱਜ ਰਿਹਾ ਫ਼ੌਜੀ ਦਸਤਾ ਆਪਣੀ ਯੁੱਧ-ਨੀਤੀ ਅਨੁਸਾਰ ਨਹੀਂ ਲੜ ਸਕਦਾ ਅਤੇ ਭੱਜ ਰਿਹਾਂ 'ਚੋਂ ਆਮ ਕਰਕੇ ਬਹੁਤ ਸਾਰੇ ਮਾਰੇ ਜਾਂਦੇ ਹਨ।" ਫਿਰ ਸਾਰਿਆਂ ਨੂੰ ਆਪਣੇ ਦੁਆਲੇ ਇਕੱਠਾ ਕਰਨ ਤੋਂ ਬਾਅਦ ਨਦੀ ਦੇ ਪੁਲ ਦੀ ਲੰਬਾਈ ਦਾ ਹਿਸਾਬ ਲਾਇਆ, ਆਪਣੇ ਆਲੇ-ਦੁਆਲੇ ਦੇ ਰੁੱਖਾਂ ਅਤੇ ਨਿੱਕੇ-ਨਿੱਕੇ ਟਿੱਬਿਆਂ ਵੱਲ ਤੱਕਿਆ ਅਤੇ ਬੋਲਿਆ:
"ਦੁਸ਼ਮਣ ਦਾ ਮੁਕਾਬਲਾ ਕਰਨ ਲਈ ਇਸ ਸਥਾਨ ਤੋਂ ਵੱਧੀਆ ਹੋਰ ਕੋਈ ਥਾਂ ਨਹੀਂ ਹੋ ਸਕਦੀ।" ਫੇਰ ਉਸ ਨੂੰ ਇਕ ਫੁਰਨਾ ਫੁਰਿਆ ਅਤੇ ਉਹ ਆਪਣੇ ਦਸਤੇ ਚੋਂ ਇਕ ਆਦਮੀ ਨੂੰ ਆਪਣੇ ਨਾਲ ਲੈ ਕੇ ਪੁਲ ਵੱਲ ਤੁਰ ਪਿਆ। ਪੁਲ ਦੇ ਥੱਲੇ ਪਹੁੰਚਦਿਆਂ ਉਸ ਨੂੰ ਆਖਿਆ-
"ਲੈ ਬਈ ਦਿਆਲ ਸਿਆਂ, ਇਸ ਲੱਕੜੀ ਦੇ ਪੁਲ ਦੇ ਥੱਲੇ ਵੱਲ ਚੰਗੀ ਤਰ੍ਹਾਂ ਵੇਖ ਅਤੇ ਦੱਸ ਕਿ ਕਿਨ੍ਹਾਂ ਕੜੀਆਂ ਨੂੰ ਕਿਸ ਤਰ੍ਹਾਂ ਕੱਟਿਆ ਜਾਂ ਕੱਢਿਆ ਜਾਏ ਕਿ ਅੱਠ ਦਸ ਘੋੜਿਆਂ ਦਾ ਭਾਰ ਪੁਲ 'ਤੇ ਪੈਂਦਿਆਂ ਹੀ ਪੁਲ ਟੁੱਟ ਜਾਏ।"
ਕੀਰਤ ਸਿੰਘ ਨੂੰ ਪਤਾ ਸੀ ਕਿ ਇਹ ਦਿਆਲ ਸਿੰਘ ਕਿਸੇ ਵੇਲੇ ਪੁਲ ਬਣਾਉਣ ਦੇ ਦਸਤੇ 'ਚ ਕੰਮ ਕਰਦਾ ਰਿਹਾ ਹੈ। ਪੁਲ ਦੇ ਥੱਲੇ ਜਾ ਕੇ ਦਿਆਲ ਸਿੰਘ ਕੜੀਆਂ ਅਤੇ ਸ਼ਤੀਰੀਆਂ ਨੂੰ ਹੱਥ ਨਾਲ ਛੋਂਹਦਿਆਂ ਮਨ ਹੀ ਮਨ ਹਿਸਾਬ ਲਾਉਂਦਾ ਰਿਹਾ। ਫੇਰ ਬਾਹਰ ਆ ਕੇ ਖੁਸ਼ ਹੁੰਦਿਆਂ ਬੋਲਿਆ, "ਮਿਲ ਗਿਆ, ਬਸ ਮਿਲ ਗਿਆ।"
ਝਟ ਹੀ ਉਨ੍ਹਾਂ ਦੀਆਂ ਕੁਹਾੜੀਆਂ ਨੇ ਦਿਆਲ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਕੰਮ ਕਰ ਦਿੱਤਾ। ਇਸ ਭਾਵੀ ਲੜਾਈ ਦੀ ਕਲਪਨਾ ਨਾਲ ਦਲੇਰ ਸਿੰਘ ਦੇ ਮਨ 'ਚ ਜੋਸ਼ ਉਛਾਲੇ ਮਾਰਨ ਲੱਗਾ। ਇਹ ਉਸ ਲਈ ਅਸਲੀ ਲੜਾਈ ਦਾ ਪਹਿਲਾ ਅਨੁਭਵ ਸੀ। ਉਹ ਘੜੀ ਮੁੜੀ ਆਪਣੀ ਤਲਵਾਰ ਦੀ ਮੁੱਠ 'ਤੇ ਅਤੇ ਕਮਰਬੰਦ 'ਚ ਟੰਗੀ ਪਸਤੌਲ 'ਤੇ ਹੱਥ ਫੇਰ ਰਿਹਾ ਸੀ । ਕੀਰਤ ਸਿੰਘ ਨੇ ਪਹਿਲਾਂ ਦਲੇਰ ਵੱਲ ਅਤੇ ਫੇਰ ਸ਼ਾਹ ਬਖ਼ਸ਼ ਵੱਲ ਤੱਕਿਆ ਅਤੇ ਬੋਲਿਆ:
"ਤੁਸੀਂ ਸ਼ਾਹ ਜੀ, ਦਲੇਰ ਸਿੰਘ ਨੂੰ ਲੈ ਕੇ ਫੌਰਨ ਸੁਜਾਹਬਾਦ ਵੱਲ ਦੌੜ ਪਵੋ।"
"ਨਹੀਂ ਸਿੰਘ ਜੀ, ਮੈਂ ਇੱਥੇ ਹੀ ਰੁਕਣਾ ਚਾਹਵਾਂਗਾ। ਤੁਹਾਡੇ ਨਾਲ। ਦਲੇਰ ਨਾਲ ਕਿਸੇ ਹੋਰ ਨੂੰ ਭੇਜ ਦੇਵੋ।"
"ਮੈਂ ਵੀ ਨਹੀਂ ਜਾਵਾਂਗਾ।" ਦਲੇਰ ਸਿੰਘ ਨੇ ਵੀ ਦੁਹਰਾਇਆ।
ਕੀਰਤ ਸਿੰਘ ਦੇ ਵਾਰ-ਵਾਰ ਕਹਿਣ 'ਤੇ ਵੀ ਜਦ ਉਹ ਨਾ ਮੰਨੇ ਤਾਂ ਉਹ ਬੋਲਿਆ, "ਤੁਸੀ ਮੇਰੀ ਜ਼ਿੰਮੇਵਾਰੀ ਵਧਾ ਰਹੇ ਹੋ। ਖੈਰ! ਜੋ ਵਾਹਿਗੁਰੂ ਨੂੰ ਮੰਜੂਰ! ਚੱਲੋ ਹੁਣ ਵੇਖਦੇ ਹਾਂ ਕਿ ਇਹ ਫਰੰਗੀ ਕੀਰਤ ਸਿੰਘ ਦਾ ਸਿਰ ਲੈ ਕੇ ਜਾਂਦੇ ਹਨ ਜਾਂ ਆਪਣਾ ਸਿਰ ਦੇਕੇ।“
ਇਹ ਕਹਿ ਕੇ ਉਸ ਨੇ ਦੋ ਘੋੜ-ਸਵਾਰ ਸ਼ੁਜਾਹਬਾਦ ਵੱਲ ਦੁੜਾ ਦਿੱਤੇ।
***
8
ਪੁਲ ਦੇ ਕੋਲ ਬੈਠਿਆਂ ਅਤੇ ਫਰੰਗੀਆਂ ਦੇ ਉੱਥੇ ਪਹੁੰਚਣ ਦੀ ਉਡੀਕ ਕਰਦਿਆਂ ਕੀਰਤ ਸਿੰਘ ਦੀਆਂ ਅੱਖਾਂ ਸਾਹਮਣੇ ਮੁਦਕੀ ਅਤੇ ਫਿਰੋਜ਼ਪੁਰ ਦੀਆਂ ਲੜਾਈਆਂ ਦੇ ਦ੍ਰਿਸ਼ ਜਾਗ੍ਰਿਤ ਹੋ ਉੱਠੇ; ਖ਼ਾਸ ਕਰਕੇ ਉਹ ਦ੍ਰਿਸ਼ ਮੁੜ-ਮੁੜ ਉਸ ਨੂੰ ਯਾਦ ਆਉਣ ਲੱਗਾ ਜਦ ਉਸ ਦਾ ਸਿੱਧਾ ਟਾਕਰਾ ਇਕ ਫਰੰਗੀ ਜਰਨੈਲ ਨਾਲ ਹੋਇਆ ਸੀ। ਉਸ ਨੇ ਕੋਲ ਬੈਠੇ ਸ਼ਾਹ ਬਖ਼ਸ਼ ਵੱਲ ਤੱਕਦਿਆਂ ਪੁੱਛਿਆ:
"ਤੁਹਾਡੇ ਵਾਲਦ ਸਾਹਿਬ ਨੇ ਮੁਦਕੀ-ਫਿਰੋਜ਼ਪੁਰ ਦੀ ਲੜਾਈ ਬਾਰੇ ਵੀ ਕੁਝ ਲਿਖਿਆ ਹੋਵੇਗਾ।"
"ਲਿਖਿਆ ਤੇ ਹੈ ਪਰ ਮੈਨੂੰ ਜ਼ਬਾਨੀ ਯਾਦ ਨਹੀਂ।"
"ਤੁਹਾਨੂੰ ਯਾਦ ਨਹੀਂ, ਪਰ ਮੈਨੂੰ ਯਾਦ ਹੈ ਚੰਗੀ ਤਰ੍ਹਾਂ।" ਕੀਰਤ ਸਿੰਘ ਨੇ ਆਖਿਆ। "ਲਓ ਮੈਂ ਸੁਣਾਉਂਦਾ ਹਾਂ :
"ਇੱਕ ਪਿੰਡ ਦਾ ਨਾਮ ਜੋ ਮੁਦਕੀ ਸੀ
ਉੱਥੇ ਭਰੀ ਸੀ ਪਾਣੀ ਦੀ ਖੱਡ ਮੀਆਂ
ਘੋੜ ਚੜ੍ਹੇ ਅਕਾਲੀਏ ਨਵੇਂ ਸਾਰੇ
ਝੰਡੇ ਦਿੱਤੇ ਨੀ ਜਾਏ ਕੇ ਗੱਡ ਮੀਆਂ
ਤੋਪਾਂ ਚੱਲੀਆਂ ਕਟਕ ਫਰੰਗੀਆਂ ਦੇ
ਗੋਲੇ ਤੋੜਦੇ ਮਾਸ ਤੇ ਹੱਡ ਮੀਆਂ
"ਵਾਹ । ਤੁਹਾਨੂੰ ਤੇ ਮੇਰੇ ਤੋਂ ਵੀ ਚੰਗੀ ਤਰ੍ਹਾਂ ਯਾਦ ਏ। ਤੁਸਾਂ ਇਹ ਜੰਗਨਾਮਾ ਕਿਸ ਤੋਂ ਸੁਣਿਆ?"
"ਤੁਸੀ ਅਲਾਹੀ ਬਖ਼ਸ਼ ਅਤੇ ਇਨਾਮ ਸ਼ਾਹ ਤੋਪਚੀਆਂ ਨੂੰ ਜਾਣਦੇ ਹੋਵੋਗੇ। ਆਪਣੀਆਂ ਤੋਪਾਂ ਨਾਲ ਉਹ ਵੀ ਮੁਦਕੀ ਦੇ ਮੈਦਾਨ 'ਚ ਮੌਜੂਦ ਸਨ ਅਤੇ ਇਹ ਦੋਵੇਂ ਜਾਂ ਤੇ ਤੁਹਾਡੇ ਵਾਲਦ ਸਾਹਿਬ ਦੇ ਦੋਸਤ ਸਨ ਜਾਂ ਸ਼ਗਿਰਦ। ਉਨ੍ਹਾਂ ਦੋਹਾਂ ਦੇ ਫ਼ੌਜ ਤੋਂ ਬਰਤਰਫ ਹੋਣ ਤੋਂ ਬਾਅਦ ਮੈਂ ਉਨ੍ਹਾਂ ਦੇ ਮੂੰਹੋਂ ਹੀ ਸੁਣਿਆ ਫੇਰ ਕੁਝ ਰੁਕ ਕੇ ਕੀਰਤ ਸਿੰਘ ਨੇ ਪੁੱਛਿਆ-
"ਉਸ ਵੇਲੇ ਤੁਸੀਂ ਕਿੱਥੇ ਸੀ । ਮੈਂ ਤੁਹਾਨੂੰ ਮੁਦਕੀ ਦੇ ਮੈਦਾਨ 'ਚ ਤਾਂ ਨਹੀਂ ਵੇਖਿਆ।"
"ਹਾਂ, ਮੈਂ ਉਥੇ ਨਹੀਂ ਸੀ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਜਦੋਂ ਗੱਦਾਰ ਮਿਸਰ ਲਾਲ ਸਿੰਘ ਨੇ ਖਾਲਸਾ ਫ਼ੌਜ ਨੂੰ ਦੋ ਹਿੱਸਿਆਂ 'ਚ ਵੰਡਿਆ ਤਾਂ ਉਸ ਨੇ ਮੈਨੂੰ ਵੀਹ ਤੋਪਾਂ ਦੇ ਕੇ ਫਿਰੋਜ਼ਪੁਰ ਵਲ ਭੇਜ ਦਿੱਤਾ ਸੀ।"
"ਉਹ ।" ਕੀਰਤ ਸਿੰਘ ਦੇ ਮੂੰਹੋਂ ਹੌਕਾ ਜਿਹਾ ਨਿਕਲਿਆ, "ਜੇ ਸਾਡਾ ਪਹਿਲਾ
ਹਮਲਾ ਫਿਰੋਜਪੁਰ ਹੁੰਦਾ, ਜਿੱਥੇ ਫਰੰਗੀਆਂ ਦੇ ਸਿਰਫ ਅੱਠ-ਦਸ ਹਜਾਰ ਸਿਪਾਹੀ ਸਨ। ਤਾਂ ਅਸੀਂ ਫਰੰਗੀਆਂ ਦੇ ਉਹ ਲਾਹੂ ਲਾਹੁੰਦੇ ਕਿ ਉਸ ਨੱਸਕੇ ਦਿੱਲੀ ਜਾ ਸਾਹ ਲੈਂਦੇ। ਕਈ ਵਾਰੀ ਇਕ ਦੋ ਚੰਗੇ ਜਾਂ ਮੰਦੇ ਆਦਮੀ ਸਾਰੀ ਜੰਗ ਦਾ ਹੀ ਨਕਸ਼ਾ ਬਦਲ ਕੇ ਰੱਖ ਦੇਂਦੇ ਹਨ।“
“ਜੰਗ ਦਾ ਹੀ ਨਹੀਂ ਬਲਕਿ ਕੌਮਾਂ ਦੇ ਮੁਸਤਕਬਿਲ ਦਾ ਵੀ।”
***
9
ਮਿਸਰ ਲਾਲ ਸਿੰਘ ਦੀ ਕਮਾਨ ਹੇਠਾਂ ਖ਼ਾਲਸਾ ਫੌਜ ਨੇ ਸਤਲੁਜ ਦਰਿਆ ਨੂੰ ਪਾਰ ਕੀਤਾ ਅਤੇ ਉਸ ਮੈਦਾਨ 'ਚ ਆਣ ਖੜੇ ਹੋਏ ਜੋ ਸਿੱਖਾਂ-ਫਰੰਗੀਆਂ ਦੇ ਅਹਿਦਨਾਮੇ ਅਨੁਸਾਰ ਲਾਹੌਰ ਦਰਬਾਰ ਦੇ ਅਧਿਕਾਰ 'ਚ ਸੀ। ਜਦ ਪਤਾ ਲੱਗਾ ਕਿ ਫਰੰਗੀਆਂ ਦੀ ਫੌਜ ਵੀ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਲੁਧਿਆਣੇ ਤੋਂ ਤੁਰ ਪਈ ਹੈ ਤਾਂ ਸਿੱਖ ਫੌਜ ਕੁਝ ਅੱਗੇ ਵਧੀ ਅਤੇ ਪਾਣੀ ਦੇ ਇਕ ਵੱਡੇ ਸਾਰੇ ਟੋਭੇ ਕੋਲ ਆਪਣੇ ਮੋਰਚੇ ਸਾਂਭ ਲਏ।
ਕੁਝ ਦੇਰ ਬਾਅਦ ਹੀ ਦੋਵੇਂ ਫ਼ੌਜਾਂ ਇਕ ਦੂਜੇ ਦੇ ਸਾਹਮਣੇ ਸਨ। ਸਮਤਲ ਰੇਤਲੀ ਧਰਤੀ, ਕਿਤੇ-ਕਿਤੇ ਕੰਡੇਦਾਰ ਝਾੜੀਆਂ, ਜਿਨ੍ਹਾਂ 'ਚ ਲੁਕੇ ਗਿੱਦੜ ਅਤੇ ਲੂੰਬੜੀਆਂ ਦੋਵਾਂ ਫੌਜਾਂ ਵੱਲ ਹੈਰਾਨੀ ਭਰੀਆ ਅੱਖਾਂ ਨਾਲ ਵੇਖ ਰਹੇ ਸਨ। ਖਾਲਸਾ ਫੌਜ ਨੇ ਆਪਣਾ ਤੋਪਖਾਨਾ ਅੱਗੇ ਕਰ ਦਿੱਤਾ, ਘੋੜ-ਸਵਾਰ ਤੋਪਖ਼ਾਨੇ ਦੇ ਸੱਜੇ-ਖੱਬੇ, ਤੋਪਖਾਨੇ ਦੇ ਪਿੱਛੇ ਵੀ ਘੋੜ-ਸਵਾਰ ਅਤੇ ਉਨ੍ਹਾਂ ਦੇ ਪਿੱਛੇ ਪੈਦਲ ਫੌਜ। ਖਾਲਸਾ ਫੌਜ ਦਾ ਇਹ ਅਗਲਾ ਹਿੱਸਾ ਮਿਸਰ ਲਾਲ ਸਿੰਘ ਦੀ ਕਮਾਨ ਹੇਠ ਅਤੇ ਇਸ ਤੋਂ ਕਾਫੀ ਪਿੱਛੇ ਇਕ ਹੋਰ ਖਾਲਸਾ ਫੌਜ ਆਪਣੇ ਤੋਪਖਾਨੇ ਸਮੇਤ ਮਿਸਰ ਤੇਜਾ ਸਿੰਘ ਦੀ ਕਮਾਨ ਹੇਠ ਖੜੀ ਸੀ।
ਕੀਰਤ ਸਿੰਘ ਆਪਣੇ 500 ਘੋੜ ਚੜ੍ਹਿਆਂ ਨਾਲ ਪਿਛਲੀਆਂ ਕਤਾਰਾਂ ਵਿਚ ਖੜਾ ਸੀ। ਉਸ ਨੇ ਇਕ ਵਾਰੀ ਫਰੰਗੀ ਫ਼ੌਜ ਦੀ ਤਰਤੀਬ ਨੂੰ ਧਿਆਨ ਨਾਲ ਵੇਖਿਆ ਅਤੇ ਫੇਰ ਕਾਫੀ ਪਿੱਛੇ ਖੜੀ ਤੇਜਾ ਸਿੰਘ ਦੇ ਅਧੀਨ ਫ਼ੌਜ ਵੱਲ ਨਜ਼ਰ ਮਾਰੀ।
“ਇਹ ਤੇਜਾ ਸਿੰਘ ਹਾਲੇ ਤੱਕ ਪਿੱਛੇ ਖੜਾ ਕੀ ਕਰ ਰਿਹਾ ਹੈ?” ਕੀਰਤ ਸਿੰਘ ਨੇ ਆਪਣੇ ਕੋਲ ਖੜੇ ਦੁਰਜਨ ਸਿੰਘ ਨੂੰ ਆਖਿਆ।
"ਸ਼ਾਇਦ ਕੋਈ ਜੰਗੀ ਚਾਲ ਹੋਵੇ ।"
“ਪਤਾ ਨਹੀਂ। ਮੈਨੂੰ ਸਭ ਕੁਝ ਠੀਕ ਨਹੀਂ ਲੱਗ ਰਿਹਾ।" ਇਹ ਕਹਿ ਕੇ ਉਸ ਨੇ ਆਪਣਾ ਘੋੜਾ ਅੱਗੇ ਵਧਾਇਆ ਅਤੇ ਲਾਲ ਸਿੰਘ ਕੋਲ ਜਾ ਕੇ ਬੋਲਿਆ:
"ਖਿਮਾ ਕਰਨਾ, ਆਪਣਾ ਜਰਨੈਲ ਮਿਸਰ ਤੇਜਾ ਸਿੰਘ ਸਤਲੁਜ ਪਾਰ ਕਰਕੇ ਇਸ ਪਾਰ ਤੇ ਪਹੁੰਚ ਗਿਆ ਹੈ। ਪਰ ਉਸ ਦੀ ਫੌਜ ਪਿੱਛੇ ਖੜੀ ਕੀ ਕਰ ਰਹੀ ਹੈ ?”
"ਜਰਨੈਲ ਤੂੰ ਏ ਕਿ ਅਸੀਂ।" ਲਾਲ ਸਿੰਘ ਰੋਹਬ ਅਤੇ ਗੁੱਸੇ ਨਾਲ ਬੋਲਿਆ। "ਸਾਨੂੰ ਪਤਾ ਹੈ ਕਿ ਕਿੱਥੇ ਅਤੇ ਕਦੋਂ ਕੀ ਕਰਨਾ ਹੈ।"
ਆਪਣੀ ਥਾਵੇਂ ਮੁੜ ਆਉਣ ਤੋਂ ਪਹਿਲਾਂ ਕੀਰਤ ਸਿੰਘ ਨੇ ਇਕ ਟਿੱਲੇ 'ਤੇ ਖੜੇ ਹੋ ਕੇ ਸਮੂਹ ਖਾਲਸਾ ਫੌਜ ਉੱਤੇ ਨਜ਼ਰ ਮਾਰੀ- ਪੰਦਰਾਂ ਸੋਲਾਂ ਹਜ਼ਾਰ ਘੋੜ-ਸਵਾਰ, ਸਤਾਰਾਂ-ਅਠਾਰਾਂ ਹਜ਼ਾਰ ਪੈਦਲ, ਸਵੇਰ ਦੇ ਸੂਰਜ ਦੀ ਰੋਸ਼ਨੀ 'ਚ ਚਮਕਦੀਆਂ 85 ਤੋਪਾਂ ਅਤੇ ਵਿਚਕਾਰ ਕਰਕੇ ਸੰਧੂਰੀ ਰੰਗ ਦਾ ਖ਼ਾਲਸਾਈ ਝੰਡਾ ਲਹਿਰਾ ਰਿਹਾ ਸੀ। ਸਾਰਿਆਂ ਦੀਆਂ ਤਲਵਾਰਾਂ ਮਿਆਨਾਂ 'ਚ, ਪਿੱਠਾਂ 'ਤੇ ਕੱਛੂ ਵਾਂਗ ਦਿਸਦੀਆਂ ਗੋਲ ਆਕਾਰ ਦੀਆਂ ਢਾਲਾਂ, ਬਰਛੇ ਵਾਲੇ ਦਸਤੇ ਦੇ ਬਰਛਿਆਂ ਦੇ ਫਲ ਜਹਿਰੀਲੇ ਸੱਪਾਂ ਦੀਆਂ ਸਿਰੀਆਂ ਵਾਂਗ ਉੱਪਰ ਕਰਕੇ ਉੱਠੇ ਹੋਏ। ਕੁੱਲਿਆਂ ਦੁਆਲੇ ਪੱਗਾਂ ਲਪੇਟੀ ਪਠਾਣ ਤੋਪਚੀ ਹੱਥਾਂ 'ਚ ਮਸ਼ਾਲਾਂ ਫੜੀ ਹੁਕਮ ਦੀ ਉਡੀਕ ਕਰਦਿਆਂ ਤਿਆਰ ਖੜੇ ਸਨ।
ਕੀਰਤ ਸਿੰਘ ਦੇ ਪੰਜ ਸੌ ਜਵਾਨਾਂ ਦਾ ਇਹ ਦਸਤਾ ਇਕ ਖਾਸ ਅਤੇ ਅਸਧਾਰਨ ਦਸਤਾ ਸੀ, ਜਿਸ ਦਾ ਕੰਮ ਸੀ ਕਿ ਜਿੱਥੇ ਕਿਤੇ ਆਪਣਾ ਪਾਸਾ ਕਮਜ਼ੋਰ ਅਤੇ ਦੁਸ਼ਮਣ ਅੱਗੇ ਵਧਦਾ ਦਿਸੇ, ਉਸ ਥਾਵੇਂ ਪਹੁੰਚ ਕੇ ਵਧਦੇ ਦੁਸ਼ਮਣ ਨੂੰ ਪਿੱਛੇ ਹਟਾਉਣਾ।
ਕੀਰਤ ਸਿੰਘ ਨੇ ਫਰੰਗੀਆਂ ਦੀ ਫ਼ੌਜ ਵੱਲ ਤੱਕਿਆ। ਉਨ੍ਹਾਂ ਦੀ ਗਿਣਤੀ ਅਤੇ ਫੌਜੀ ਤਰਤੀਬ ਤਕਰੀਬਨ ਖਾਲਸਾ ਫੌਜ ਵਰਗੀ ਹੀ ਸੀ। ਫੇਰ ਉਸ ਦੀ ਨਜ਼ਰ ਫਰੰਗੀ ਫੌਜ ਵਿਚਕਾਰ ਇਕ ਉੱਚੇ ਜਿਹੇ ਟਿੱਲੇ 'ਤੇ ਪਈ ਜਿੱਥੇ ਫਰੰਗੀ ਜਰਨੈਲ 'ਹਿਊਜ ਗਫ’ ਆਪਣੇ ਅਫਸਰਾਂ ਨੂੰ ਆਪਣੀ ਹਦਾਇਤਾਂ ਦੇਂਦਾ ਦਿਸ ਰਿਹਾ ਸੀ।
ਦੋਹਾਂ ਪਾਸਿਆਂ ਦੇ ਸੱਠ ਸੱਤਰ ਹਜ਼ਾਰ ਅਹਿਲ ਸਿਪਾਹੀ, ਐਸੀ ਪੂਰਨ ਖ਼ਾਮੋਸ਼ੀ ਕਿ ਜੇ ਕਿਸੇ ਦੀਆਂ ਅੱਖਾਂ ਬੰਦ ਕਰਕੇ ਉਸ ਨੂੰ ਇੱਥੇ ਲਿਆਇਆ ਜਾਵੇ ਤਾਂ ਕਿਸੇ ਵੇਲੇ ਕਿਸੇ ਘੋੜੇ ਦੇ ਹਿਨਕਣ ਜਾਂ ਲੱਤ ਜ਼ਮੀਨ 'ਤੇ ਮਾਰਨ ਦੀ ਆਵਾਜ਼ ਨਾਲ ਇਹੀ ਸਮਝਦਾ ਕਿ ਅੱਠ-ਦਸ ਬੰਦਿਆਂ-ਘੋੜਿਆਂ ਦੇ ਸਿਵਾ ਇੱਥੇ ਹੋਰ ਕੋਈ ਨਹੀਂ। ਬੂਝਿਆਂ ਚੋਂ ਹੋ ਕੇ ਲੰਘਦੀ ਹਲਕੀ ਹਲਕੀ ਹਵਾ ਜਿਵੇਂ ਆਉਣ ਵਾਲੀ ਪਰਲੋ ਬਾਰੇ ਸਰਗੋਸ਼ੀਆਂ ਕਰ ਰਹੀ ਹੋਵੇ। ਆਕਾਸ਼ 'ਚ ਉਡਦੀਆਂ ਗਿਰਝਾਂ ਕਿਸੇ ਭਾਵੀ ਘਟਨਾ ਦੀ ਉਡੀਕ ਕਰ ਰਹੀਆਂ ਸਨ।
ਪਹਿਲਾਂ ਫਰੰਗੀਆਂ ਦੇ ਬਿਗਲਾਂ ਅਤੇ ਉਸ ਤੋਂ ਬਾਅਦ ਖ਼ਾਲਸਾ ਫ਼ੌਜ ਦੇ ਨਗਾਰਿਆਂ ਨਾਲ ਸਾਰਾ ਵਾਯੂ ਮੰਡਲ ਗੂੰਜ ਉਠਿਆ। ਤੇ ਫੇਰ ਦੋਵਾਂ ਪਾਸਿਆਂ ਦੀਆਂ ਤੋਪਾਂ ਕੜਕਦੀਆਂ ਹੋਈਆਂ ਇਕ ਦੂਜੇ 'ਤੇ ਗੋਲੇ ਵਰ੍ਹਾਉਣ ਲੱਗੀਆਂ। ਦੋਵਾਂ ਪਾਸਿਆਂ ਦੇ ਤੋਪਚੀ ਇਕ ਦੂਜੇ ਦੀਆਂ ਤੋਪਾਂ ਨੂੰ ਨਕਾਰਾ ਕਰਨ ਲਈ ਨਿਸ਼ਾਨੇ ਸਾਧ ਰਹੇ ਸਨ।
ਕੁਝ ਦੇਰ ਤੱਕ ਇੰਜ ਹੀ ਬਿਜਲੀ ਕੜਕਦੀ ਰਹੀ। ਫੇਰ ਦੋਵੇਂ ਪਾਸੇ ਦੀਆਂ ਕਤਾਰਾਂ ਆਪਣੇ ਹੱਥਾਂ 'ਚ ਮਜ਼ਬੂਤੀ ਨਾਲ ਸੰਗੀਨਾਂ ਫੜੀ ਪਹਿਲਾਂ ਹੌਲੀ ਚਾਲ ਨਾਲ ਅਤੇ ਫੇਰ ਤੇਜ਼ੀ ਨਾਲ ਅੱਗੇ ਵਧਣ ਲੱਗੀਆਂ। ਕੁਝ ਦੇਰ ਬਾਅਦ ਹੀ ਦੋਵੇਂ ਫੌਜਾ, ਦੋਵੇਂ ਕੌਮਾਂ, ਜੋ ਕਈ ਵਰ੍ਹਿਆਂ ਤੋਂ ਚੇਤ ਅਤੇ ਅਚੇਤ ਮਨ ਭਿੜਨ ਦੀ ਉਡੀਕ ਕਰ ਰਹੀਆਂ ਸਨ, ਦੋ ਪਹਾੜਾਂ ਵਾਂਗ ਇਕ ਦੂਜੇ ਨਾਲ ਟਕਰਾ ਗਈਆਂ।
ਕੀਰਤ ਸਿੰਘ ਆਪਣੇ ਪੰਜ ਸੌ ਚੁਣੇ ਹੋਏ ਸਵਾਰਾਂ ਨਾਲ ਇਕ ਉੱਚੇ ਸਥਾਨ 'ਤੇ
ਖੜਾ ਇਸ ਭਿਆਨਕ ਦ੍ਰਿਸ਼ ਨੂੰ ਵਿਸਮਿਤ ਨਜਰਾਂ ਨਾਲ ਵੇਖਦਾ ਰਿਹਾ- ਇਹ ਦ੍ਰਿਸ਼ ਜੋ ਮਹਾਂਭਾਰਤ ਤੋਂ ਲੈਕੇ ਪਾਣੀਪਤ ਦੀਆਂ ਲੜਾਈਆਂ ਤਕ ਹਜਾਰਾਂ ਵਾਰ ਦੁਹਰਾਇਆ ਜਾਂਦਾ ਰਿਹਾ ਹੈ। ਦੋਵੇਂ ਪਾਸੇ ਦੇ ਸੈਨਿਕ ਆਪਣੀਆਂ ਤਲਵਾਰਾਂ ਨਾਲ ਜਿਵੇਂ ਕੋਈ ਵਹਿਸ਼ੀ ਨਾਚ ਨੱਚ ਰਹੇ ਸਨ। ਇੱਧਰ ਕੋਈ ਸਿਪਾਹੀ ਇਕ ਦੋ ਨੂੰ ਆਪਣੀ ਤਲਵਾਰ ਦਾ ਨਿਸ਼ਾਨਾ ਬਣਾਉਂਦਾ ਅਤੇ ਅਗਲੇ ਹੀ ਪਲ ਕਿਸੇ ਦੂਜੇ ਦੇ ਵਾਰ ਨਾਲ ਆਪ ਵੀ ਹਾਏ ਕਰਦਿਆਂ ਧਰਤੀ ਤੇ ਜਾ ਡਿੱਗਦਾ।
ਕੁਝ ਦੇਰ ਤਕ ਦੋਵੇਂ ਧਿਰਾਂ ਯੋਜਨਾਬੱਧ ਤਰੀਕੇ ਨਾਲ ਲੜਦੀ ਰਹੀਆਂ। ਫੇਰ ਚਾਰੇ ਪਾਸੇ ਬੇਤਰਤੀਬੀ ਫੈਲ ਗਈ। ਬਸ ਮਾਰਨਾ ਅਤੇ ਆਪਣੇ ਆਪ ਨੂੰ ਬਚਾਉਣਾ, ਛਾਤੀਆਂ ਚ ਬਰਛੇ ਖੋਭਣਾ, ਤਿੱਖੀਆਂ ਤਲਵਾਰਾਂ ਨਾਲ ਵਿਰੋਧੀਆਂ ਦੇ ਸਿਰ ਉਡਾਉਣਾ ਅਤੇ ਬੰਦੂਕਾਂ ਦੀਆਂ ਗੋਲੀਆਂ ਨਾਲ ਵੈਰੀ ਧਿਰ ਦੇ ਸਰੀਰ ਛੇਕਣੇ । ਜੋ ਮਰ ਕੇ ਜਾਂ ਫੱਟੜ ਹੋਕੇ ਡਿੱਗਦੇ, ਉਨ੍ਹਾਂ ਨੂੰ ਪਿੱਛਿਓਂ ਆ ਰਹੇ ਘੋੜਿਆਂ ਦੇ ਖੁਰ ਅਤੇ ਸਿਪਾਹੀਆਂ ਦੇ ਪੈਰ ਲਿਤਾੜਦੇ ਜਾਂਦੇ। ਇੰਜ ਲਗਦਾ ਸੀ ਜਿਵੇਂ ਮਨੁੱਖ ਦਿਸਦੇ ਇਨ੍ਹਾਂ ਜੀਵਾਂ ਚੋਂ ਇਨਸਾਨੀਅਤ ਅਲੋਪ ਹੋ ਗਈ ਹੋਵੇ ਅਤੇ ਸਾਰੇ ਵਹਿਸੀਆਂ ਦਾ ਰੂਪ ਧਾਰਨ ਕਰ ਗਏ ਹੋਣ। ਦੋਵਾਂ ਧਿਰਾਂ ਦੇ ਧੜਾਂ ਤੋਂ ਵੱਖਰੇ ਹੋ ਕੇ ਡਿੱਗੇ ਸਿਰ ਅਤੇ ਲਹੂ ਇਕ ਦੂਜੇ ਚ ਰਲ ਮਿਲ ਗਏ ਸਨ। ਕਿਸੇ ਗੋਰੇ ਦਾ ਸਿਰ ਕਿਸੇ ਸਿੱਖ ਦੇ ਸਿਰ ਕੋਲ ਪਿਆ ਜਿਵੇਂ ਇਸ ਸਭ ਕੁਝ ਦਾ ਮਜਾਕ ਉਡਾ ਰਿਹਾ ਹੋਵੇ। ਧਰਤੀ ਉੱਤੇ ਕੱਟੇ ਹੋਏ ਹੱਥ, ਲੱਤਾਂ ਅਤੇ ਧੜ ਲਹੂ ਚ ਲਿਬੜੇ ਦਿਸ ਰਹੇ ਸਨ।
ਕਦੀ ਲਗਦਾ ਸੀ ਕਿ ਖਾਲਸਾ ਫੌਜੀ ਗੋਰਿਆਂ, ਪੂਰਬੀਆਂ ਦੇ ਆਹੂ ਲਾਹੁੰਦੇ ਉਨ੍ਹਾਂ ਨੂੰ ਪਿੱਛੇ ਧੱਕ ਰਹੇ ਹਨ। ਫੇਰ ਲੱਗਦਾ ਕਿ ਕਿਸੇ ਪਾਸੇ ਫਰੰਗੀ ਦਾ ਪਾਸਾ ਭਾਰੀ ਹੁੰਦਾ ਜਾ ਰਿਹਾ ਹੈ। ਪਰ ਆਮ ਕਰਕੇ ਖਾਲਸਾ ਫੌਜੀ ਆਪਣੀਆਂ ਖੰਡਕਾਂ ਨਾਲ ਮਾਰੋ ਮਾਰ ਕਰਦੇ ਅੱਗੇ ਵਧਦੇ ਵਿਖਾਈ ਦੇ ਰਹੇ ਸਨ। ਖਾਲਸੇ ਦਾ ਦਬਾਓ ਵਧਦਾ ਅਤੇ ਗੋਰੇ ਅਫਸਰਾਂ ਦੀਆਂ ਲਾਸ਼ਾਂ ਵੱਲ ਵੇਖਕੇ ਟਿੱਲੇ ਤੇ ਖੜੇ ਕਮਾਂਡਰ ਲਾਰਡ ਹਿਊਜ ਗਫ ਨੇ ਘਬਰਾਈ ਆਵਾਜ ਚ ਕੋਲ ਖੜੇ ਮੇਜਰ ਬਰਾਡਫੁਟ ਨੂੰ ਆਖਿਆ, “ਇਹ ਸਭ ਕੀ ਹੋ ਰਿਹਾ ਹੈ? ਇਸ ਤੋਂ ਪਹਿਲਾਂ ਕਿਸੇ ਵੀ ਮੈਦਾਨ-ਏ-ਜੰਗ 'ਚ ਸਾਨੂੰ ਐਨੀ ਮਾਰ ਨਹੀਂ ਸਹਿਣੀ ਪਈ । ਤੂੰ ਤੇ ਕਹਿ ਰਿਹਾ ਸੀ ਕਿ ਸਭ ਕੁਝ ਪੱਕਾ ਕਰ ਲਿਆ ਹੈ?"
"ਤੁਸੀਂ ਚਿੰਤਾ ਨਾ ਕਰੋ ਸਰ, ਜੋ ਹੋਣਾ ਹੈ ਉਹੀ ਹੋਵੇਗਾ।"
"ਉਹ ਤੇ ਮੈਂ ਵੇਖ ਹੀ ਰਿਹਾ ਹਾਂ। ਇਸ ਤਰ੍ਹਾਂ ਤਾਂ ਇਕ-ਇਕ ਕਰਕੇ ਸਾਰੇ ਦੇ ਸਾਰੇ ਬਹਾਦਰ ਅਫਸਰ ਮਾਰੇ ਜਾਣਗੇ। ਮੈਂ ਕੀ ਜਵਾਬ ਦੇਵਾਂਗਾ ਗਵਰਨਰ ਜਨਰਲ ਨੂੰ? ਜਨਰਲ ਵ੍ਹਾਈਟ ਮਾਰਿਆ ਗਿਆ, ਬਿਰਗੇਡੀਅਰ ਵਿਲਿਮ ਨਹੀਂ ਰਿਹਾ... । ਮੈਂ ਤੇ ਸੋਚਦਾ ਹਾਂ ਕਿ ਇਸ ਵੇਲੇ ਹਥਿਆਰ ਸੁੱਟ ਕੇ ਜੰਗਬੰਦੀ ਦਾ ਐਲਾਨ ਕਰ ਦੇਈਏ....।“
"ਨਹੀਂ ਸਰ, ਇਹ ਕਿਵੇਂ ਹੋ ਸਕਦਾ ਹੈ । ਅਸੀ, ਜਿਨ੍ਹਾਂ ਵਾਟਰਲੂ ਦੀ ਲੜਾਈ ਚ ਨਿਪੋਲੀਅਨ ਨੂੰ ਹਰਾਇਆ, ਕੀ ਉਹ ਹੁਣ ਇਨ੍ਹਾਂ ਸਿੱਖਾਂ ਅੱਗੇ ਹਥਿਆਰ ਸੁੱਟ ਦੇਣ? ਮੈਂ ਤੇ ਕਦੀ ਸੋਚ ਵੀ ਨਹੀਂ ਸਕਦਾ।“ ਕੋਲ ਆ ਕੇ ਖੜਾ ਮੇਜਰ ਨਿਕਲਸਨ ਬੋਲਿਆ।"
“ਉਹ ਰਾਜਾ ਪਹਾੜਾ ਸਿੰਘ ਕਿੱਧਰ ਹੈ, ਫਰੀਦਕੋਟੀਆ? ਅਤੇ ਉਹ ਮਿਸਰ ਹੁਕਮ ਸਿੰਘ ਤੇ ਘੁਮੰਡ ਸਿੰਘ? ਉਹ ਤੇ ਕਹਿ ਰਿਹਾ ਸੀ ਕਿ ਸਭ ਕੁਝ ਤੈਅ ਹੋ ਗਿਆ ਹੈ। ਪੰਜਾਹ ਹਜਾਰ ਰੁਪਏ ਵੀ ਲੈ ਗਿਆ ਉਨ੍ਹਾਂ ਨੂੰ ਦੇਣ ਲਈ?”
ਕੁਝ ਦੇਰ ਬਾਅਦ ਫਰੀਦਕੋਟ ਦਾ ਰਾਜਾ ਪਹਾੜਾ ਸਿੰਘ ਆਪਣੇ ਨਾਲ ਮਹਾਂ ਸਿੰਘ ਅਤੇ ਬਖਸ਼ੀ ਘੁਮੰਡ ਸਿੰਘ ਨੂੰ ਲਈ ਲਾਰਡ ਗਫ ਸਾਹਮਣੇ ਆ ਹਾਜਰ ਆਇਆ।
"ਸਾਹਿਬ ਬਹਾਦਰ ਨੇ ਮੈਨੂੰ ਯਾਦ ਕੀਤਾ ?
"ਤੁਸੀਂ ਤੇ ਕਹਿ ਰਹੇ ਸੀ ਕਿ ਐਣ ਵਕਤ ਸਿਰ ਲਾਲ ਸਿੰਘ ਅਤੇ ਤੇਜ ਸਿੰਘ...?”
"ਹਾਂ ਸਰ, ਇਸ ਵਿੱਚ ਝੂਠ ਉੱਕਾ ਵੀ ਨਹੀਂ ।“
"ਤਾਂ ਇਹ ਫੇਰ ?” ਲਾਰਡ ਗਫ ਮੈਦਾਨ-ਏ-ਜੰਗ ਵਲ ਇਸ਼ਾਰਾ ਕਰਦਿਆਂ ਬੋਲਿਆ, “ਇਸ ਤਰ੍ਹਾਂ ਤਾਂ ਕੁਝ ਦੇਰ ਤੱਕ ਇਹ ਮੇਰੇ ਤੱਕ ਪਹੁੰਚ ਜਾਣਗੇ?”
ਪਹਾੜਾ ਸਿੰਘ ਦੇ ਮੁੱਖ 'ਤੇ ਚਿੰਤਾ ਪੱਸਰ ਗਈ। ਉਸ ਨੇ ਬਖ਼ਸੀ ਘੁਮੰਡ ਸਿੰਘ ਅਤੇ ਬਖਸ਼ੀ ਨੇ ਮਹਾਂ ਸਿੰਘ ਵੱਲ ਸਵਾਲੀਆ ਨਜਰਾਂ ਨਾਲ ਤੱਕਿਆ।
"ਗੱਲ ਪੱਕੀ ਹੋ ਗਈ ਸੀ। ਪੂਰੇ ਪੰਝੀ ਹਜਾਰ ਦੀਆਂ ਥੈਲੀਆਂ ਮੈਂ ਆਪਣੇ ਹੱਥੀਂ ਦਿੱਤੀਆਂ, ਬਾਕੀ ਦੀਆਂ ਪੰਝੀ ਹਜ਼ਾਰ ਬਾਅਦ 'ਚ... ।" ਇਹ ਕਹਿ ਕੇ ਬਖਸੀ ਘੁਮੰਡ ਸਿੰਘ ਆਪਣੇ ਘੋੜੇ ਦੀ ਪਿੱਠ ਤੇ ਖੜਾ ਹੋ ਗਿਆ ਅਤੇ ਲੜ ਰਹੀ ਖਾਲਸਾ ਫੌਜ ਦੇ ਪਿੱਛੇ ਆਪਣੇ ਪੰਜ ਛੇ ਹਜ਼ਾਰ ਸਿਪਾਹੀਆਂ ਵਿਚ ਘਿਰੇ ਤੇਜਾ ਸਿੰਘ ਕੋਲ ਤੱਕਦਿਆਂ ਲਾਲ ਝੰਡੀ ਹਵਾ 'ਚ ਲਹਿਰਾਉਣ ਲੱਗਾ।
ਤੇਜਾ ਸਿੰਘ ਨੇ ਘੁਮੰਡ ਸਿੰਘ ਵੱਲ ਤੱਕਿਆ ਅਤੇ ਦੂਜੇ ਹੀ ਪਲ ਤੇਜਾ ਸਿੰਘ ਦਾ ਇਸ਼ਾਰਾ ਮਿਲਣ 'ਤੇ ਉਸ ਦੇ ਪੰਜ-ਛੇ ਹਜ਼ਾਰ ਘੋੜ-ਸਵਾਰ 'ਨੱਸੋ-ਨੱਸੋ' ਦਾ ਰੌਲਾ ਪਾਉਂਦੇ ਪਿੱਛੇ ਵੱਲ ਭੱਜ ਤੁਰੇ।
"ਵੇਖੋ ਸਾਹਿਬ, ਔਹ ਵੇਖੋ।" ਰਾਜਾ ਪਹਾੜਾ ਸਿੰਘ ਖੁਸ਼ ਹੁੰਦਿਆਂ ਕਹਿ ਉੱਠਿਆ।
ਫੇਰ ਕੀ ਸੀ। ਲੜ ਰਹੇ ਖਾਲਸਾ ਸਿਪਾਹੀਆ ਨੂੰ ਕੁਝ ਸਮਝ ਨਾ ਆਇਆ। ਕੁਝ ਘਬਰਾ ਗਏ, ਕੁਝ ਪਿੱਛੇ ਭੱਜ ਤੁਰੇ, ਕੁਝ ਲੜਦੇ ਅਤੇ ਸ਼ਹੀਦੀਆਂ ਪਾਉਂਦੇ ਰਹੇ। ਆਪਣੀ ਵੀਹ ਹਜ਼ਾਰ ਫੌਜ ਅਤੇ 58 ਤੋਪਾਂ ਲਈ ਅੱਧਾ ਕੁ ਕੋਹ ਪਿੱਛੇ ਲਾਲ ਸਿੰਘ ਖੜਾ ਇਹ ਤਮਾਸ਼ਾ ਵੇਖਦਾ ਰਿਹਾ। ਅਤੇ ਕੁਝ ਦੇਰ ਬਾਅਦ ਆਪ ਵੀ ਪਿੱਛੇ ਵੱਲ ਭੇਜ ਤੁਰਿਆ।
ਖਾਲਸਾ ਫ਼ੌਜ ਜਿੱਤਦੀ-ਜਿੱਤਦੀ ਹਾਰ ਗਈ।
***
10
ਲੜਾਈ ਤੋਂ ਮੂੰਹ ਮੋੜ ਕੇ ਭੱਜਦੇ ਜਾ ਰਹੇ ਸਿੰਘਾਂ ਨਾਲ ਕੀਰਤ ਸਿੰਘ ਨਹੀਂ ਭੱਜਿਆ ਅਤੇ ਆਪਣੇ ਪੰਜ ਸੌ ਸਿਪਾਹੀਆਂ ਨਾਲ ਫਰੰਗੀਆਂ ਨਾਲ ਲੜਦਾ ਰਿਹਾ। ਉਸ ਦੇ ਵਾਂਗ ਹੋਰ ਵੀ ਬਹੁਤ ਸਾਰੇ ਅਣਖੀ ਬਹਾਦਰ ਆਪਣੀ ਜਾਨ ਦੀ ਪਰਵਾਹ ਨਾ
ਕਰਦਿਆਂ ਲੜਦੇ ਰਹੇ। ਕੀਰਤ ਸਿੰਘ ਲੜਦਿਆਂ-ਲੜਦਿਆਂ ਪਿੱਛੇ ਹਟਦਾ ਗਿਆ ਅਤੇ ਸਤਲੁਜ ਦੇ ਕੰਢੇ ਤਕ ਪਹੁੰਚ ਗਿਆ। ਉੱਥੇ ਪਹੁੰਚ ਕੇ ਵੇਖਿਆ ਕਿ ਲਾਲ ਸਿੰਘ ਨੇ ਸਤਲੁਜ ਦਾ ਪੁਲ ਹੀ ਉਡਾ ਦਿੱਤਾ ਹੋਇਆ ਸੀ ਤਾਂ ਕਿ ਉਨ੍ਹਾਂ ਦੀ ਅਤੇ ਰਾਣੀ ਜਿੰਦਾਂ ਦੀ ਵਿਉਂਤ ਅਨੁਸਾਰ ਖਾਲਸਾ ਫੌਜ ਪੂਰੀ ਤਰ੍ਹਾਂ ਤਬਾਹ ਹੋ ਜਾਵੇ। ਕੋਈ ਵੀ ਬਚ ਕੇ ਵਾਪਸ ਨਾ ਜਾ ਸਕੇ।
ਬਹੁਤ ਸਾਰੇ ਸਿੱਖ ਸਿਪਾਹੀਆਂ ਨੇ ਆਪਣੀ ਜਾਨ ਬਚਾਉਣ ਲਈ ਆਪਣੇ ਘੋੜੇ ਸਤਲੁਜ ਦਰਿਆ 'ਚ ਠੇਲ ਦਿੱਤੇ। ਕੁਝ ਡੁੱਬ ਗਏ, ਕੁਝ ਫਰੰਗੀਆਂ ਦੀਆਂ ਗੋਲੀਆਂ ਨਾਲ ਮਾਰੇ ਗਏ, ਕੁਝ ਬਚ ਨਿਕਲਣ 'ਚ ਸਫਲ ਹੋਏ। ਪਰ ਕੀਰਤ ਸਿੰਘ ਆਪਣੇ ਪੰਜ ਸੱਤ ਸਾਥੀਆਂ ਸਮੇਤ ਡਟ ਕੇ ਖੜਾ ਹੁੰਦਿਆਂ ਲੜਨ-ਮਰਨ ਲਈ ਤਿਆਰ ਹੋ ਗਿਆ ਅਤੇ ਪਿੱਛਾ ਕਰਨ ਵਾਲੇ ਫਰੰਗੀਆਂ ਦੀ ਉਡੀਕ ਕਰਨ ਲੱਗਾ।
ਦਸ-ਬਾਰਾਂ ਫਰੰਗੀਆਂ ਦਾ ਦਸਤਾ ਜਦ ਉਨ੍ਹਾਂ ਦੇ ਨੇੜੇ ਪਹੁੰਚਿਆ ਤਾਂ ਕੀਰਤ ਸਿੰਘ ਨੇ ਆਪਣੇ ਇਕ ਸਾਥੀ ਦਾ ਨੇਜਾ ਲੈ ਕੇ ਆਪਣੇ ਸੱਜੇ ਹੱਥ 'ਚ ਫੜ ਲਿਆ। ਕੀਰਤ ਸਿੰਘ ਨੂੰ ਆਪਣੇ ਨੇਜ਼ੇ ਦੇ ਨਿਸ਼ਾਨੇ 'ਤੇ ਬਹੁਤ ਮਾਣ ਸੀ। ਫਰੰਗੀ ਵੀ ਅਭਿਮਾਨ ਨਾਲ ਭਰੇ ਆਪਣੇ ਘੋੜੇ ਦੁੜਾਉਂਦੇ, ਤਲਵਾਰਾਂ ਘੁੰਮਾਉਂਦੇ ਬਹੁਤ ਤੇਜ਼ੀ ਨਾਲ ਉਨ੍ਹਾਂ ਵਲ ਵੱਧ ਰਹੇ ਸਨ। ਨਾਲੋ ਨਾਲ ਆਪਣੀਆਂ ਰਿਵਾਲਵਰਾਂ ਨਾਲ ਫਾਇਰ ਵੀ ਕਰ ਰਹੇ ਸਨ: ਪਰ ਘੋੜਿਆਂ ਦੇ ਦੌੜਨ ਕਾਰਨ ਫਾਇਰ ਇੱਧਰ-ਉੱਧਰ ਖਿੱਲਰ ਜਾਂਦੇ। ਜਦ ਉਹ ਕੀਰਤ ਸਿੰਘ ਦੇ ਨੇਜੇ ਦੀ ਮਾਰ ’ਚ ਪਹੁੰਚ ਗਏ ਤਾਂ ਉਸ ਨੇ ਆਪਣੇ ਪੈਰ ਚੌੜੇ ਕਰਕੇ ਜ਼ਮੀਨ 'ਤੇ ਚੰਗੀ ਤਰ੍ਹਾਂ ਟਿਕਾਏ ਅਤੇ ਨੇਜ਼ੇ ਵਾਲੀ ਬਾਂਹ ਨੂੰ ਪਿੱਛੇ ਕਰਕੇ ਨੇਜਾ ਸੁੱਟ ਦਿੱਤਾ। ਨੇਜਾ ਘੂੰ ਦੀ ਅਵਾਜ਼ ਕਰਦਾ ਕਿਸੇ ਜਿਊਂਦੇ ਪੰਛੀ ਦੀ ਤਰ੍ਹਾਂ ਉਡਿਆ ਅਤੇ ਸਭ ਤੋਂ ਅੱਗੇ ਆ ਰਹੇ ਫਰੰਗੀ ਦੀ ਛਾਤੀ 'ਚ ਜਾ ਖੁੱਭਿਆ। 'ਹਾਏ' ਦੀ ਇਕ ਭਿਆਨਕ ਚੀਕ ਅਤੇ ਦੂਜੇ ਹੀ ਪਲ ਗੋਰਾ ਸਵਾਰ ਭੁੰਜੇ ਡਿੱਗ ਪਿਆ। ਬਿਨ ਸਵਾਰ ਘੋੜਾ (ਹਲਕਾ ਅਤੇ ਖ਼ੁਸ਼ ਹੋ ਕੇ) ਭੱਜਦਾ ਗਿਆ ਅਤੇ ਕੁਝ ਦੂਰ ਜਾ ਕੇ ਆਪਣੇ ਸਵਾਰ ਦੇ ਅੰਜਾਮ ਤੋਂ ਬੇਖਬਰ ਅਰਾਮ ਨਾਲ ਘਾਹ ਚਰਨ ਲੱਗਾ। ਫੇਰ ਛੇਤੀ ਹੀ ਕੀਰਤ ਸਿੰਘ ਨੇ ਦੂਜਾ ਨੇਜਾ ਨਿਸ਼ਾਨਾ ਬੰਨ੍ਹ ਕੇ ਸੁੱਟਿਆ। ਇਸ ਵਾਰੀ ਸਵਾਰ ਨੇ ਘੋੜੇ ਦੀ ਲਗਾਮ ਐਨ ਵੇਲੇ ਸਿਰ ਮੋੜ ਲਈ ਤੇ ਨੇਜਾ ਘੋੜੇ ਦੀ ਗਰਦਨ 'ਚ ਜਾ ਖੁੱਭਿਆ। ਘੋੜੇ ਦੇ ਜ਼ਖ਼ਮੀ ਹੋ ਕੇ ਡਿੱਗਣ ਤੋਂ ਪਹਿਲਾਂ ਹੀ ਗੋਰਾ ਘੋੜ-ਸਵਾਰ ਫੁਰਤੀ ਨਾਲ ਛਾਲ ਮਾਰਕੇ ਧਰਤੀ 'ਤੇ ਖੜਾ ਹੋ ਗਿਆ। ਆਪਣੀ ਸ਼ਾਨਦਾਰ ਵਰਦੀ, ਛਾਤੀ 'ਤੇ ਲੱਗੇ ਹੋਏ ਫੀਤੀਆਂ ਅਤੇ ਸਿਰ ਦੇ ਅੱਧ ਕਾਲੇ ਅੱਧੇ ਚਿੱਟੇ ਵਾਲਾਂ ਤੋਂ ਲੱਗਦਾ ਸੀ ਕਿ ਇਹ ਕੋਈ ਵੱਡਾ ਅਫਸਰ ਹੈ। ਪਰ ਇਸ ਤੋਂ ਪਹਿਲਾਂ ਕਿ ਉਹ ਪੂਰੀ ਤਰ੍ਹਾਂ ਸੰਭਲ ਪਾਉਂਦਾ, ਕੀਰਤ ਸਿੰਘ ਛਾਲ ਮਾਰ ਕੇ ਅੱਗੇ ਵਧਿਆ ਅਤੇ ਤਲਵਾਰ ਦੇ ਇਕ ਵਾਰ ਨਾਲ ਉਸ ਦੀ ਗਰਦਨ ਉਡਾ ਦਿੱਤੀ। ਉਸ ਦਾ ਸਿਰ ਇਕ ਗੇਂਦ ਵਾਂਗ ਰਿੜਦਾ ਕੀਰਤ ਸਿੰਘ ਦੇ ਪੈਰਾਂ ਕੋਲ ਆ ਰੁਕਿਆ। ਇਹ ਉਸ ਨੂੰ ਬਹੁਤ ਬਾਅਦ 'ਚ ਪਤਾ ਲੱਗਾ ਕਿ ਉਸ ਦੇ ਹੱਥੋਂ ਮਾਰੇ ਜਾਣ ਵਾਲਾ ਜਲਾਲਾਬਾਦ ਦਾ ਹੀਰੋ ਮੇਜਰ ਜਨਰਲ ਰਾਬਰਟ ਸੇਲਜ ਸੀ।
ਕੀਰਤ ਸਿੰਘ ਨੇ ਫਰੰਗੀ ਦਾ ਸਿਰ ਚੁੱਕਿਆ ਅਤੇ ਆਪਣੇ ਵੱਲ ਆ ਰਹੇ ਫਰੰਗੀਆਂ ਵੱਲ ਨਫ਼ਰਤ ਨਾਲ ਤੱਕਦਿਆਂ ਸਿਰ ਉਨ੍ਹਾਂ ਵਲ ਵਗਾਹ ਮਾਰਿਆ। ਵੱਧਦੇ ਆ ਰਹੇ ਗੋਰੇ ਕੁਝ ਪਲ ਲਈ ਉੱਥੇ ਹੀ ਜੜ ਹੋ ਕੇ ਖੜੇ ਰਹਿ ਗਏ। ਫੇਰ ਸੰਭਲੇ ਅਤੇ ਕ੍ਰੋਧ ਨਾਲ ਭਰੇ ਸਿੰਘਾਂ ਉੱਤੇ ਟੁੱਟ ਪਏ। ਕੀਰਤ ਸਿੰਘ ਦੇ ਸੱਤੇ ਸਿਪਾਹੀ ਵੀ ਤਿਆਰ ਖੜੇ ਸਨ।
ਇਕ ਛੋਟਾ ਜਿਹਾ ਘਮਾਸਾਨ ਯੁੱਧ ਸ਼ੁਰੂ ਹੋ ਗਿਆ। ਕੀਰਤ ਸਿੰਘ ਦੀ ਭਾਰੀ ਖੰਡਕ ਦਾ ਵਾਰ ਜਿਸ ਉੱਤੇ ਪੈਂਦਾ, ਵੱਢ ਕੇ ਪਾਰ ਹੋ ਜਾਂਦਾ । ਕੁਝ ਪਲਾਂ 'ਚ ਹੀ ਸੱਤ-ਅੱਠ ਫਰੰਗੀਆਂ ਦੀਆਂ ਲਹੂ ਚ ਭਿੱਜੀਆ ਲੋਥਾਂ ਧਰਤੀ 'ਤੇ ਖਿੱਲਰੀਆਂ ਪਈਆਂ ਸਨ। ਕੀਰਤ ਸਿੰਘ ਦੇ ਸੱਤ ਸਾਥੀਆਂ ਚੋਂ ਵੀ ਪੰਜ ਮਾਰੇ ਗਏ। ਜ਼ਖ਼ਮੀ ਅਤੇ ਬਚੇ ਹੋਏ ਦੋ ਫਰੰਗੀ ਡਰ ਦੇ ਮਾਰੇ ਭੱਜ ਗਏ। ਕੀਰਤ ਸਿੰਘ ਦੇ ਬਚੇ ਹੋਏ ਦੋ ਸਾਥੀਆਂ ਵਿੱਚੋਂ ਇਕ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਅਤੇ ਉਸ ਤੋਂ ਬਾਅਦ ਲੜਨ ਦੇ ਯੋਗ ਨਹੀਂ ਰਿਹਾ। ਦੂਜਾ ਦੁਰਜਨ ਸਿੰਘ, ਜੋ ਹੁਣ ਵੀ ਉਸ ਦੇ ਨਾਲ ਸੀ।
ਇਸ ਲੜਾਈ ਦੇ ਦੋ ਦਿਨ ਬਾਅਦ ਜਦ ਕੀਰਤ ਸਿੰਘ ਆਪਣੇ ਜ਼ਖ਼ਮੀ ਹੋ ਗਏ ਸਾਥੀ ਨੂੰ ਇਸ ਦੇ ਘਰ ਪਚਾਉਣ ਲਈ ਲਿਜਾ ਰਿਹਾ ਸੀ ਤਾਂ ਦੁਰਜਨ ਸਿੰਘ ਬੋਲਿਆ, ਜਿਵੇਂ ਉਹ ਆਪਣੇ ਆਪ ਨੂੰ ਹੀ ਕੋਈ ਸਵਾਲ ਕਰ ਰਿਹਾ ਹੋਵੇ:
"ਮੈਨੂੰ ਸਮਝ ਨਹੀਂ ਆਉਂਦਾ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਡੋਗਰੇ, ਭਈਏ, ਮਿਸਰ ਹੀ ਮਿਲੇ ਖਾਲਸਾ ਰਾਜ ਦੀ ਰੱਖਿਆ ਕਰਨ ਲਈ?"
"ਇਸ ਬਾਰੇ ਤਾਂ ਉਹੀ ਜਾਣਨ, ਮੈਂ ਭਲਾ ਕੀ ਕਹਿ ਸਕਦਾ ਹਾਂ। ਪਰ ਮੇਰਾ ਵਿਚਾਰ ਹੈ ਕਿ ਮਹਾਰਾਜ ਨੂੰ ਅਖੀਰਲੇ ਦਹਾਕਿਆਂ 'ਚ ਸਿੱਖ ਸਰਦਾਰਾਂ 'ਤੇ ਭਰਸਾ ਨਹੀਂ ਸੀ ਰਿਹਾ ਅਤੇ ਆਤਮ-ਵਿਸ਼ਵਾਸ ਵੀ ਗਵਾ ਚੁੱਕੇ ਸਨ।"
"ਇਹ ਕਿਉਂ।"
"ਕਿਉਂਕਿ ਉਨ੍ਹਾਂ ਸਰਦਾਰਾਂ ਦੀਆਂ ਆਪਣੀਆਂ ਜਗੀਰਾਂ ਸਨ, ਆਪਣੇ ਨਿੱਜੀ ਦਸਤੇ ਅਤੇ ਤਾਕਤ ਸੀ। ਮਿਸਲਾਂ ਵਾਲੇ ਸਰਦਾਰਾਂ ਨੂੰ ਤਾਂ ਮਹਾਰਾਜੇ ਨੇ ਆਪ ਹੀ ਖਤਮ ਕਰ ਦਿੱਤਾ ਹੋਇਆ ਸੀ । ਜਾਂ ਇਹ ਵੀ ਕਹਿ ਸਕਦੇ ਹਾਂ ਕਿ ਡੋਗਰਿਆਂ, ਮਿਸਰਾਂ ਨੇ ਸਰਕਾਰ ਨੂੰ ਚਾਰੇ ਪਾਸਿਓਂ ਇਸ ਤਰ੍ਹਾਂ ਘੇਰ ਲਿਆ ਹੋਇਆ ਸੀ ਕਿ ਕਿਸੇ ਹੋਰ ਦੀ ਅਵਾਜ ਉਨ੍ਹਾਂ ਤੱਕ ਪਹੁੰਚਣੀ ਅਸੰਭਵ ਹੋ ਗਈ ਸੀ।"
"ਮੈਂ ਸੋਚ ਰਿਹਾ ਹਾਂ ਕਿ ਫਰੰਗੀਆਂ 'ਤੇ ਇਤਬਾਰ ਕਰਨਾ ਮਹਾਰਾਜ ਦੀ ਗਲਤੀ ਸੀ। ਜੇ ਆਪਣੇ ਜਿਉਂਦੇ ਜੀ ਫਰੰਗੀਆਂ ਨਾਲ ਇਹ ਲੜਾਈਆਂ ਲੜ ਲੈਂਦੇ ਤਾਂ ਅੰਜਾਮ ਕੁਝ ਹੋਰ ਹੀ ਹੋਣਾ ਸੀ ।" ਦੁਰਜਨ ਸਿੰਘ ਆਪਣੀ ਰਾਏ ਜਾਹਿਰ ਕਰਦਿਆਂ ਬੋਲਿਆ।
"ਮੈਨੂੰ ਲਗਦਾ ਹੈ ਕਿ ਇੱਥੇ ਵੀ ਸਰਕਾਰ ਦਾ ਸਵੈ-ਵਿਸ਼ਵਾਸ ਡਗਮਗਾ ਚੁੱਕਿਆ ਸੀ। ਜਦ ਮਰਾਠਾ ਪੇਸ਼ਵਾ (ਹੌਲਕਰ) ਨੇ ਆਪਸ 'ਚ ਮਿਲ ਕੇ ਫਰੰਗੀਆਂ ਨੂੰ ਸਮੁੰਦਰ ਵਿੱਚ ਧੱਕਣ ਦੀ ਪੇਸ਼ਕਸ਼ ਭੇਜੀ ਸੀ, ਜੇ ਉਸ ਪੇਸ਼ਕਸ਼ ਨੂੰ ਨਾ ਠੁਕਰਾਉਂਦੇ ਤਾਂ ਪੰਜਾਬ ਦਾ ਹੀ ਨਹੀਂ, ਸਾਰੇ ਹਿੰਦਸਤਾਨ ਦਾ ਇਤਿਹਾਸ ਕੁਝ ਹੋਰ ਹੀ ਹੁੰਦਾ ।" ਕੀਰਤ ਸਿੰਘ ਨੇ ਆਖਿਆ।
ਇਸ ਨੂੰ ਮਹਾਰਾਜੇ ਦੀ ਦੂਰ-ਅੰਦੇਸ਼ੀ ਵੀ ਤਾਂ ਕਿਹਾ ਜਾ ਸਕਦਾ ਹੈ। ਦੁਰਜਨ ਸਿੰਘ ਆਪਣੀ ਰਾਏ ਜ਼ਾਹਰ ਕਰਦਿਆਂ ਬੋਲਿਆ "ਮੈਂ ਸੋਚਦਾ ਹਾਂ ਕਿ ਉਸ ਵੇਲੇ ਤੱਕ ਖਾਲਸਾ ਰਾਜ ਪੂਰੀ ਤਰ੍ਹਾਂ ਮਜਬੂਤ ਨਹੀਂ ਸੀ ਹੋਇਆ। ਉਨ੍ਹਾਂ ਇਹ ਵੀ ਜਾਣ ਲਿਆ ਹੋਵੇਗਾ ਕਿ ਜੇ ਉਸ ਵੇਲੇ ਫਰੰਗੀਆਂ ਨਾਲ ਟੱਕਰ ਲਈ ਤਾਂ ਖਾਲਸਾ ਰਾਜ ਦੀ ਸਥਾਪਤੀ ਦੇ ਸੁਫਨੇ ਅਧੂਰੇ ਰਹਿ ਜਾਣਗੇ।"
"ਹਾਂ, ਇਹ ਵੀ ਠੀਕ ਏ।" ਕੀਰਤ ਸਿੰਘ ਨੇ ਆਖਿਆ, "ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਮਹਾਰਾਜਾ ਰਣਜੀਤ ਸਿੰਘ ਸੱਚਮੁਚ ਪੰਜਾਬ ਦਾ ਬੱਬਰ ਸ਼ੇਰ ਸੀ। ਕਈ ਲੜਾਈਆਂ ਚ ਮੈਂ ਆਪ ਉਸ ਨੂੰ ਹੱਥ 'ਚ ਤਲਵਾਰ ਫੜ ਕੇ ਸਭ ਤੋਂ ਅੱਗੇ ਵੱਧ ਕੇ ਲੜਦਿਆਂ ਹੋਇਆਂ ਵੇਖਿਆ ਹੈ। ਹਰ ਮੈਦਾਨ 'ਚ ਫਤਿਹ ਹਾਸਲ ਕੀਤੀ। ਸੱਤ ਅੱਠ ਸੌ ਵਰ੍ਹਿਆਂ ਬਾਅਦ ਪੰਜਾਬ 'ਚ ਪੰਜਾਬੀਆਂ ਦਾ ਆਪਣਾ ਰਾਜ ਕਾਇਮ ਹੋਇਆ ਅਤੇ ਪੰਜਾਬੀਆਂ ਨੂੰ ਸਵੈ-ਅਭਿਮਾਨ ਨਾਲ ਜਿਉਣ ਦਾ ਅਵਸਰ ਪ੍ਰਾਪਤ ਹੋਇਆ।"
***
11
ਮੁਦਕੀ ਦੇ ਮੈਦਾਨ 'ਚ ਇਸ ਹਾਦਸੇ, ਇਸ ਲੜਾਈ ਤੋਂ ਬਾਅਦ ਆਪਣੇ ਜਖਮੀ ਹੋ ਗਏ ਸਾਥੀ ਨੂੰ ਉਸ ਦੇ ਘਰ ਪੁਚਾਉਣ ਲਈ ਕੀਰਤ ਸਿੰਘ ਉਸ ਦੇ ਪਿੰਡ ਗਿਆ। ਨਾਲ ਹੀ 'ਸ਼ਹੀਦੀ' ਪ੍ਰਾਪਤ ਕਰ ਗਏ ਸਾਥੀਆਂ ਦੇ ਪਰਿਵਾਰਾਂ ਨੂੰ ਮਿਲਣ ਲਈ ਗਿਆ।
ਉਨ੍ਹਾਂ ਮਰ ਗਿਆਂ ਦੀਆਂ ਵਿਧਵਾਵਾਂ ਅਤੇ ਮਾਵਾਂ ਭੈਣਾਂ ਦੇ ਵੈਣ ਸੁਣ ਕੇ ਕੀਰਤ ਸਿੰਘ ਅੰਦਰੋ ਅੰਦਰ ਤੜਫ ਉਠਿਆ। ਉਹ ਚਾਹੇ ਬੜਾ ਜੰਗਜੂ-ਯੋਧਾ ਕਿਸਮ ਦਾ ਆਦਮੀ ਸੀ ਪਰ ਅੰਦਰੋਂ ਬਹੁਤ ਨਰਮ ਅਤੇ ਭਾਵੁਕ ਵੀ ਸੀ। “ਕੀ ਜੋ ਮਾਰੇ ਗਏ, ਉਹ ਸੱਚਮੁਚ ਸ਼ਹੀਦ ਸਨ ਜਾਂ ਐਵੇਂ ਫਜੂਲ ਜਿਹੀ ਮੌਤ ਮਾਰੇ ਗਏ ।" ਉਹ ਕਈ ਦਿਨ ਇਸੇ ਤਰ੍ਹਾਂ ਸੋਚਦਾ ਫਕੀਰਾਂ ਵਾਂਗ ਘੁੰਮਦਾ ਫਿਰਦਾ ਰਿਹਾ: "ਕੀ ਉਸ ਬਦਜ਼ਾਤ ਔਰਤ ਲਈ ਜਾਂ ਲਾਲਚੀ ਸਰਦਾਰਾਂ ਅਤੇ ਮਹੱਤਵਕਾਂਖੀ ਡੋਗਰਿਆਂ ਦੀ ਸਰਦਾਰੀ ਕਾਇਮ ਰੱਖਣ ਲਈ ਮਰੇ ਜਾਂ... ਜਾਂ ਪੰਜਾਬ ਅਤੇ ਖਾਲਸੇ ਦੀ ਇੱਜ਼ਤ ਅਤੇ ਖੁਦਦਾਰੀ ਕਾਇਮ ਰੱਖਣ ਲਈ ? ਜਾਂ ਸ਼ਾਇਦ ਸਿਰਫ ਤਨਖਾਹ 'ਚ ਮਿਲੇ ਪੈਸਿਆਂ ਅਤੇ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ?"
ਕਈ ਵਾਰੀ ਰਾਤੀਂ ਲੰਮੇ ਪਿਆਂ ਉਸ ਦੇ ਮਸਤਕ 'ਚ ਸਤਲੁਜ ਦੇ ਕੰਢੇ ਹੋਈ ਇਸ ਪੁਲ ਦੀ ਲੜਾਈ ਦੇ ਦ੍ਰਿਸ਼ ਘੁੰਮਦੇ ਰਹੇ ਅਤੇ ਨਾਲ ਹੀ ਉਹ ਸ਼ਾਹ ਬਖਸ ਦੇ ਸੁਣਾਏ ਬੰਦਾਂ ਨੂੰ ਯਾਦ ਕਰਦਿਆਂ ਮਨ ਹੀ ਮਨ ਦੁਹਰਾਉਂਦਾ ਰਿਹਾ :
ਕਈ ਮਾਵਾਂ ਦੇ ਪੁੱਤਰ ਨੇ ਮੋਏ ਉੱਥੇ
ਸੀਨੇ ਲੱਗੀਆਂ ਤੇਜ਼ ਕਟਾਰੀਆਂ ਨੀ।
ਜਿਨ੍ਹਾਂ ਭੈਣਾਂ ਨੂੰ ਵੀਰ ਨਾ ਮਿਲੇ ਮੁੜ ਕੇ
ਪਈਆਂ ਰੋਂਦੀਆਂ ਫਿਰਨ ਵਿਚਾਰੀਆਂ ਨੀ।
ਚੰਗੇ ਜਿਨ੍ਹਾਂ ਦੇ ਸਿਰਾਂ ਦੇ ਮੋਏ ਵਾਲੀ
ਖੁੱਲ੍ਹੇ ਵਾਲ ਤੇ ਫਿਰਨ ਵਿਚਾਰੀਆਂ ਨੀ ?
'ਅਤੇ ਉਹ ਫਰੰਗੀ । ਜੋ ਉਸ ਦੀ ਤਲਵਾਰ ਅਤੇ ਨੇਜ਼ੇ ਦੇ ਵਾਰ ਨਾਲ ਸਤਲੁਜ ਦੇ ਕੰਢੇ 'ਤੇ ਮਰੇ ? ਉਹ ਵੀ ਤੇ ਕਿਸੇ ਮਾਵਾਂ ਦੇ ਪੁੱਤਰ, ਕਿਸੇ ਗੋਰੀ ਦੇ ਪਤੀ ਹੋਣਗੇ । ਉਹ ਕਿਸ ਖੁਸ਼ੀ 'ਚ ਆ ਗਏ ਸੱਤ ਸਮੁੰਦਰ ਪਾਰ ਕਰਕੇ? ਦੂਜੇ ਮੁਲਕ 'ਚ ਆ ਕੇ ਆਪਣੀ ਕਿਸੇ ਮਹਾਰਾਣੀ ਦੀ ਹਕੂਮਤ ਦੇ ਨਾਂ 'ਤੇ ਲੁੱਟ ਮਾਰ ਕਰਨਾ ਕੀ ਕੇਵਲ ਉਨ੍ਹਾਂ ਦਾ ਭੁਲੇਖਾ ਹੈ ਜਾਂ ਬਹਾਦਰੀ ?
ਪਰ ਹਾਲੇ ਤੇ ਉਸ ਨੇ ਇਸ ਨਦੀ ਦੇ ਪੁਲ ਵਾਲੀ ਲੜਾਈ ਲੜਨੀ ਸੀ। ਉਸ ਨੇ ਮੁਦਕੀ ਦੀ ਲੜਾਈ ਨੂੰ ਯਾਦ ਕਰਦਿਆਂ ਕੋਲ ਖੜੇ ਦੁਰਜਨ ਸਿੰਘ ਨੂੰ ਆਖਿਆ:
"ਲੈ ਬਈ ਦੁਰਜਨ ਸਿਆਂ, ਮੁਦਕੀ ਦੀ ਦੂਜੀ ਲੜਾਈ ਲਈ ਤਿਆਰ ਹੋ ਜਾ ।"
"ਖਾਲਸਾ ਸਦਾ ਤਿਆਰ-ਬਰ-ਤਿਆਰ । ਇਹ ਤਾਂ ਉਸ ਲੜਾਈ ਸਾਹਮਣੇ ਕੁਝ ਵੀ ਨਹੀਂ।" ਉਸ ਜਵਾਬ ਦਿੱਤਾ ਅਤੇ ਆਪਣੀ ਤਲਵਾਰ ਕੱਢ ਕੇ ਖੜਾ ਹੋ ਗਿਆ।
"ਨਹੀਂ, ਹਾਲੇ ਨਹੀਂ। ਅਤੇ ਮੇਰੀ ਗੱਲ ਧਿਆਨ ਨਾਲ ਸੁਣੋ।"
ਇਸ ਤੋਂ ਬਾਅਦ ਕੀਰਤ ਸਿੰਘ ਨੇ ਉਨ੍ਹਾਂ ਸਾਰਿਆਂ ਨੂੰ ਆਪਣੀ ਯੋਜਨਾ ਬਾਰੇ ਪੂਰੀ ਤਰ੍ਹਾਂ ਸਮਝਾ ਦਿੱਤਾ। ਉਹ ਸਾਰੇ ਜਣੇ ਆਪਣੀਆਂ ਤਲਵਾਰਾਂ, ਨੇਜ਼ੇ ਅਤੇ ਰਿਵਾਲਵਰਾਂ ਫੜ ਕੇ ਰੁੱਖਾਂ ਅਤੇ ਟਿੱਬਿਆਂ ਓਹਲੇ ਲੁਕ ਗਏ। ਦੁਰਜਨ ਸਿੰਘ ਆਪਣੇ ਚਾਰ ਹੋਰ ਸਾਥੀਆਂ ਨੂੰ ਨਾਲ ਲੈ ਕੇ ਪੁਲ ਤੋਂ ਪਾਰ ਆ ਗਿਆ ਅਤੇ ਉਹ ਚਾਰੇ ਭੁੰਜੇ ਕੱਪੜਾ ਵਿਛਾ ਕੇ ਇਸ ਤਰ੍ਹਾਂ ਬੈਠ ਕੇ ਰੋਟੀ ਖਾਣ ਦਾ ਨਾਟਕ ਕਰਨ ਲੱਗੇ ਜਿਵੇਂ ਉਨ੍ਹਾਂ ਨੂੰ ਕਿਸੇ ਹਮਲੇ ਦੀ ਕੋਈ ਖ਼ਬਰ ਸਾਰ ਨਾ ਹੋਵੇ।
ਫਰੰਗੀ ਘੋੜ-ਸਵਾਰਾਂ ਦਾ ਦਸਤਾ ਜਦ ਥੋੜ੍ਹੀ ਜਿਹੀ ਵਿੱਥ 'ਤੇ ਰਹਿ ਗਿਆ ਤਾਂ ਜਿਵੇਂ ਉਹ ਘਬਰਾ ਕੇ ਉਠ ਖੜੇ ਹੋਏ ਅਤੇ ਘੋੜਿਆਂ 'ਤੇ ਛਾਲਾਂ ਮਾਰ ਕੇ ਘੋੜੇ ਦੁੜਾਉਂਦਿਆਂ ਪੁਲ ਪਾਰ ਕਰ ਗਏ। 'ਬਰਾਉਨ ਅਤੇ 'ਜਾਨ' ਨੇ ਆਪਣੀਆਂ ਤਲਵਾਰਾਂ ਮਿਆਨਾਂ 'ਚੋਂ ਬਾਹਰ ਕੱਢ ਲਈਆਂ ਅਤੇ ਆਪਣਾ ਸ਼ਿਕਾਰ ਸਾਹਮਣੇ ਵੇਖ ਕੇ ਆਪਣੇ ਘੋੜੇ ਉਨ੍ਹਾਂ ਦੇ ਪਿੱਛੇ ਦੁੜਾ ਦਿੱਤੇ।
ਕੀਰਤ ਸਿੰਘ ਦੀ ਯੋਜਨਾ ਅਤੇ ਉਮੀਦ ਅਨੁਸਾਰ ਫਰੰਗੀ ਟੁਕੜੀ ਦੇ ਸਵਾਰਾਂ ਦੇ ਪੁਲ 'ਤੇ ਪਹੁੰਚਦਿਆਂ ਹੀ ਪੁਲ ਟੁੱਟ ਜਾਣਾ ਚਾਹੀਦਾ ਸੀ। ਜਦ ਉਨ੍ਹਾਂ ਦੇ ਅੱਠ ਦਸ ਘੋੜ-ਸਵਾਰ ਪੁਲ ਪਾਰ ਕਰਕੇ ਦੂਜੇ ਪਾਸੇ ਪਹੁੰਚ ਗਏ ਤਾਂ ਕੀਰਤ ਸਿੰਘ ਨੇ ਸਮਝ ਲਿਆ ਕਿ ਪੁਲ ਟੁੱਟਣ ਵਾਲੀ ਯੋਜਨਾ ਅਸਫਲ ਹੋ ਗਈ ਹੈ। ਉਨ੍ਹਾਂ ਪਾਰ ਕਰਨ ਵਾਲਿਆਂ 'ਚ ਲੈਫਟੀਨੈਂਟ ਬਰਾਉਨ ਅਤੇ ਐਗਨਿਊ ਦਾ ਭਰਾ ਜਾਨ ਵੀ ਸੀ । ਪਰ ਉਸੇ ਵੇਲੇ ਪਿੱਛੇ ਆ ਰਹੇ ਘੋੜ-ਸਵਾਰਾਂ ਦੇ ਭਾਰ ਨਾਲ ਪੁਲ ਟੁੱਟ ਗਿਆ ਅਤੇ ਅੱਠ ਦਸ ਘੋੜ-ਸਵਾਰ ਨਦੀ 'ਚ ਧੜੱਮ ਕਰਕੇ ਜਾ ਡਿੱਗੇ। ਇਹ ਵੇਖਦਿਆਂ ਹੀ, ਯੋਜਨਾ ਅਨੁਸਾਰ ਟਿੱਬਿਆ ਪਿੱਛੇ ਲੁਕੇ ਸਿੱਖ ਸਿਪਾਹੀਆ ਨੇ ਨਦੀ 'ਚ ਡਿੱਗੇ ਅਤੇ ਦੂਜੇ ਪਾਸੇ ਰਹਿ ਗਏ ਫਰੰਗੀ ਸਿਪਾਹੀਆਂ ਉੱਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਨਾਲ ਹੀ ਦੁਰਜਨ ਸਿੰਘ
ਆਪਣੇ ਸਿੰਘਾਂ ਨਾਲ ਰੁੱਖਾਂ ਪਿੱਛੋਂ ਨਿਕਲਿਆ ਅਤੇ ਪਾਰ ਪਹੁੰਚੇ ਹੋਏ ਫਰੰਗੀ ਸਿਪਾਹੀਆਂ ਨੂੰ ਘੇਰ ਲਿਆ।
ਇਸ ਛੋਟੀ ਜਿਹੀ ਝੜਪ ਵਿੱਚ ਬਰਾਉਨ ਅਤੇ ਜਾਨ ਸਮੇਤ ਪਾਰ ਪਹੁੰਚੇ ਹੋਏ ਸਾਰੇ ਸਿਪਾਹੀ ਮਾਰੇ ਗਏ। ਨਦੀ ਚ ਡਿੱਗਿਆਂ ਵਿਚੋਂ ਵੀ ਚਾਰ ਪੰਜ ਗੋਲੀਆਂ ਜਾਂ ਬਰਛਿਆਂ ਦਾ ਨਿਸ਼ਾਨਾ ਬਣੇ। ਬਾਕੀ ਦੇ ਨੱਸ ਗਏ। ਨੱਸ ਕੇ ਵਾਪਸ ਆਏ ਸਿਪਾਹੀਆਂ ਨੇ ਜਦ ਆਪਣੀ ਇਸ ਹਾਰ ਬਾਰੇ ਖਾਸ ਕਰਕੇ ਐਗਨਿਊ ਦੇ ਭਰਾ ਜਾਨ ਦੇ ਮਾਰੇ ਜਾਣ ਦੀ ਖਬਰ ਸੁਣਾਈ ਤਾਂ ਉਹ ਗੁੱਸੇ ਨਾਲ ਪਾਗਲ ਹੋ ਉੱਠਿਆ।
ਪੋਹ ਫੁੱਟਦਿਆਂ ਹੀ ਐਗਨਿਊ ਆਪ ਆਪਣੇ ਚੁਣੇ ਹੋਏ ਸੌ ਘੋੜ ਸਵਾਰ ਲੈਕੇ ਕੀਰਤ ਸਿੰਘ ਦੇ ਦਸਤੇ ਪਿੱਛੇ ਦੌੜ ਪਿਆ। ਉਨ੍ਹਾਂ ਚੋਂ ਪੰਦਰਾਂ ਸਿਪਾਹੀਆਂ ਦੇ ਹੱਥਾਂ ਚ ਨਵੀਂ ਕਿਸਮ ਦੀਆਂ ਅਤੇ ਕੁਝ ਦਿਨ ਪਹਿਲਾਂ ਹੀ ਇੰਗਲਿਸਤਾਨ ਤੋਂ ਆਈਆਂ ਰਾਇਲ ਐਮਫੀਲਡ ਰਾਇਫਲਾਂ ਸਨ ਜਿਨ੍ਹਾਂ ਦਾ ਨਿਸ਼ਾਨਾ ਪੁਰਾਣੀਆਂ ਰਾਇਫਲਾਂ ਦੇ ਮੁਕਾਬਲੇ ਬਹੁਤ ਸਹੀ ਅਤੇ ਬਹੁਤ ਦੂਰ ਤੱਕ ਮਾਰ ਕਰਦਾ ਸੀ।
ਕੀਰਤ ਸਿੰਘ ਵੀ ਜਾਣਦਾ ਸੀ ਕਿ ਛੇਤੀ ਹੀ ਫਰੰਗੀਆਂ ਦਾ ਨਵਾਂ ਅਤੇ ਵੱਡਾ ਦਸਤਾ ਉਨ੍ਹਾਂ ਦਾ ਪਿੱਛਾ ਕਰਨ ਲਈ ਭੇਜਿਆ ਜਾਏਗਾ। ਇਹ ਉਸ ਨੂੰ ਬਹੁਤ ਬਾਅਦ ਚ ਪਤਾ ਲੱਗਾ ਕਿ ਇਸ ਝੜਪ 'ਚ ਮਾਰੇ ਜਾਣ ਵਾਲੇ ਦੋ ਫਰੰਗੀਆਂ 'ਚ ਇਕ ਐਗਨਿਊ ਦਾ ਭਰਾ ਵੀ ਸੀ।
ਫਰੰਗੀ ਦਸਤੇ ਦੇ ਦਿਨ ਰਾਤ ਘੋੜੇ ਦੁੜਾਉਂਦਿਆਂ ਅਤੇ ਕੀਰਤ ਸਿੰਘ ਦੇ ਦਸਤੇ ਤੱਕ ਪਹੁੰਚਦਿਆਂ ਇਕ ਤੋਂ ਵੱਧ ਦਿਨ ਲੱਗ ਗਏ। ਜਦ ਕੀਰਤ ਸਿੰਘ ਨੇ ਆਪਣਾ ਪਿੱਛਾ ਕਰ ਰਹੇ ਸੌ ਘੋੜਿਆਂ ਦੀਆਂ ਟਾਪਾਂ ਦੀ ਸਮੂਹਿਕ ਅਵਾਜ਼ ਸੁਣੀ ਤਾਂ ਉਸ ਨੇ ਸਾਹ ਬਖਸ਼ ਨੂੰ ਆਦੇਸ਼ ਦਿੱਤਾ ਕਿ ਉਹ ਦਲੇਰ ਸਿੰਘ ਨੂੰ ਲੈ ਕੇ ਉਨ੍ਹਾਂ ਤੋਂ ਨਿੱਖੜ ਕੇ ਕਿਸੇ ਦੂਜੇ ਪਾਸੇ ਲੈ ਜਾਵੇ। ਕੁਝ ਦੇਰ ਬਾਅਦ ਫਰੰਗੀ ਘੋੜ-ਸਵਾਰਾਂ ਅਤੇ ਉਨ੍ਹਾਂ ਦੇ ਵਿਚਕਾਰਨਾ ਫਾਸਲਾ ਹੋਰ ਘਟ ਗਿਆ। ਜਦ ਉਨ੍ਹਾਂ ਦੀਆਂ ਰਾਇਫਲਾਂ 'ਚੋਂ ਨਿਕਲਦਿਆਂ ਗੋਲੀਆਂ ਦੀ ਠਾਹ-ਠਾਹ ਸੁਣਾਈ ਦੇਣ ਲੱਗੀ ਤਾਂ ਕੀਰਤ ਸਿੰਘ ਸਮਝ ਗਿਆ ਕਿ ਹੁਣ ਖੜੇ ਹੋ ਕੇ ਦਲੇਰੀ ਨਾਲ ਉਨ੍ਹਾਂ ਦਾ ਮੁਕਾਬਲਾ ਕਰਨ ਅਤੇ ਸ਼ਹੀਦ ਹੋਣ ਦਾ ਵਕਤ ਆ ਗਿਆ ਹੈ।
ਪਰ ਉਸੇ ਵੇਲੇ ਅੱਗੇ ਦਿਸ ਰਹੀ ਜੂਹ 'ਚੋਂ ਨਿਕਲਦੇ ਹੋਏ ਸ਼ਾਮ ਸਿੰਘ ਦੇ ਪੰਜ ਸੌ ਘੋੜ-ਸਵਾਰ ਆਪਣੇ ਹੱਥਾਂ 'ਚ ਅੱਠ-ਅੱਠ ਫੁੱਟ ਲੰਮੇ ਬਰਛੇ ਅਤੇ ਬੰਦੂਕਾਂ ਫੜੀ ਆ ਪ੍ਰਗਟ ਹੋਏ ਅਤੇ ਕੀਰਤ ਸਿੰਘ ਦੇ ਜਵਾਨਾਂ ਨਾਲ ਆ ਮਿਲੇ। ਵੇਖਦਿਆਂ ਹੀ ਮੇਜਰ ਐਗਨਿਊ ਨੇ ਆਪਣੇ ਘੋੜੇ ਦੀ ਲਗਾਮ ਖਿੱਚ ਲਈ ਅਤੇ ਨਾਲ ਹੀ ਉਸ ਦੇ ਸੌ ਘੋੜ ਸਵਾਰ ਵੀ ਰੁਕ ਗਏ, ਕੁਝ ਇਸ ਤਰ੍ਹਾਂ ਜਿਵੇਂ ਪੱਥਰ ਬਣ ਗਏ ਹੋਣ। ਘੋੜਿਆਂ ਦੀਆਂ ਨਾਸਾ ਚੋਂ ਜ਼ੋਰ-ਜ਼ੋਰ ਦੀ ਸਾਹ ਲੈਣ ਅਤੇ ਪੂਛਾਂ ਹਿਲਾਉਣ ਨਾਲ ਹੀ ਲੱਗਦਾ ਸੀ ਕਿ ਇਹ ਘੋੜੇ ਪੱਥਰ ਦੇ ਨਹੀਂ।
ਕਚੀਚੀਆਂ ਵੱਟਦਾ ਅਤੇ ਮਨ ਹੀ ਮਨ ਵੱਟ ਖਾਂਦਾ ਐਗਨਿਊ ਆਪਣੇ ਦਸਤੇ ਨੂੰ ਲੈ ਕੇ ਵਾਪਸ ਮੁੜ ਪਿਆ। ਆਪਣੀ ਛਾਉਣੀ 'ਚ ਪਹੁੰਚ ਕੇ ਉਸ ਨੇ ਜੰਗੀ ਸ਼ਾਨ
ਓ-ਸ਼ੌਕਤ ਨਾਲ ਆਪਣੇ ਭਰਾ 'ਜਾਨ' ਨੂੰ ਕਬਰ ਵਿੱਚ ਦਫਨਾਇਆ ਅਤੇ ਉਸ ਕਬਰ ਦੀ ਸਿਲ 'ਤੇ ਇਹ ਸ਼ਬਦ ਵੀ ਖੁਦਵਾ ਦਿੱਤਾ।
"Here lies the body of Edward John Agnew who fighting bravely with the coward & rebel sikh forces laid his life in the service of his country."
ਕੁਝ ਵਰ੍ਹਿਆਂ ਬਾਅਦ ਜਦ ਕੀਰਤ ਸਿੰਘ ਨੇ ਕਬਰ 'ਤੇ ਲੱਗੀ ਇਸ ਸਿਮਰਤੀ ਲਿਖਤ ਨੂੰ ਪੜ੍ਹਿਆ ਤਾਂ ਉਸ ਨੇ ਆਪਣੇ ਆਪ ਨੂੰ ਆਖਿਆ ਸੀ: ਇਕ ਆਦਮੀ ਸਾਰੀ ਉਮਰ ਕਿਸ ਕਿਸ ਤਰ੍ਹਾਂ ਦੀਆਂ ਗਲਤਫਹਿਮੀਆਂ ਚ ਫਸਿਆ ਆਪਣੇ ਜੀਵਨ ਦੇ ਕਰਮਾਂ ਨੂੰ ਅਰਥ ਦੇਣ ਲਈ ਆਪਣੇ ਮਕਸਦ ਅਤੇ ਆਪਣੇ ਟੀਚੇ ਘੜ ਲੈਂਦਾ ਹੈ...।
***
12
ਸ਼ੁਜਾਹਬਾਦ ਪਹੁੰਚਣ ਤੋਂ ਪਹਿਲਾਂ ਹੀ ਰਾਤ ਪੈ ਗਈ।
ਸੌਣ ਤੋਂ ਪਹਿਲਾਂ ਕੀਰਤ ਸਿੰਘ ਨੇ ਆਪਣੇ ਕੋਲ ਬੈਠੇ ਦੁਰਜਨ ਸਿੰਘ ਦੀ ਪਿੱਠ 'ਤੇ ਥਾਪੀ ਦੇਂਦਿਆਂ ਆਖਿਆ:
'ਵਾਹ ਬਈ ਦੁਰਜਨ ਸਿੰਘ, ਜਿਸ ਫੁਰਤੀ ਨਾਲ ਤੂੰ ਨਾਲੇ ਨੂੰ ਪਾਰ ਕਰਕੇ ਦੂਜੇ ਪਾਸੇ ਪਹੁੰਚਿਆ ਅਤੇ ਜਿਸ ਬਹਾਦਰੀ ਨਾਲ ਫਰੰਗੀਆਂ ਦਾ ਸਫਾਇਆ ਕੀਤਾ, ਉਸ 'ਤੇ ਮੈਨੂੰ ਫਖਰ ਹੈ। ਸੱਚਮੁਚ ਸਿੰਘਾ ਸ਼ੇਰਾਂ ਵਾਂਗ...।"
ਸੁਣ ਕੇ ਖੁਸ਼ ਹੋਣ ਦੀ ਬਜਾਏ ਦੁਰਜਨ ਸਿੰਘ ਦੇ ਬੁੱਲ੍ਹਾਂ 'ਤੇ ਇਕ ਵਿਅੰਗਮਈ ਮੁਸਕਾਨ ਪੱਸਰ ਗਈ । ਉਸ ਦੀਆਂ ਅੱਖਾਂ ਸਾਹਮਣੇ ਆਪਣੀ ਤਲਵਾਰ ਨਾਲ ਵੈਰੀਆਂ ਦੇ ਸਿਰ ਕੱਟਦਿਆਂ ਦਾ ਦ੍ਰਿਸ਼ ਜਾਗ੍ਰਿਤ ਹੋ ਉੱਠਿਆ। ਉਸ ਨੂੰ ਲੱਗਿਆ ਕਿ ਉਸ ਵੇਲੇ ਉਹ ਫਰਗੀਆਂ ਤੇ ਪੂਰਬੀਆਂ ਦੇ ਹੀ ਨਹੀਂ ਬਲਕਿ ਆਪਣੇ ਕਿਸੇ ਅਦਿੱਖ ਦੁਸ਼ਮਣ ਨਾਲ ਲੜਦਿਆਂ ਉਨ੍ਹਾਂ ਦਾ ਸਿਰ ਕੱਟ ਰਿਹਾ ਹੋਵੇ।
ਉਹ ਚੁੱਪ ਚਾਪ ਜ਼ਮੀਨ ਵੱਲ ਵੇਖਦਾ ਰਿਹਾ।
"ਕਿਉਂ ਕੀ ਗੱਲ ਏ ਦੁਰਜਨ ਸਿਆਂ। ਐਨਾ ਦੁਖੀ ਕਿਉਂ ਦਿਸ ਰਿਹਾ ਏ ?"
"ਮੈਂ ਸਿੰਘ ਜੀ, ਕੋਈ ਸਿੰਘ ਨਹੀ," ਉਸ ਦੇ ਬੋਲਾਂ 'ਚ ਖਿਝ ਸੀ ਅਤੇ ਜਨਮਾਂ-ਜਨਮਾਂ ਦੀ ਵੇਦਨਾ। ਮੈਂ ਤੇ ਨਿਮਨ ਜਾਤੀ ਦਾ ਬੰਦਾ ਹਾਂ, ਜਿਮੀਦਾਰਾਂ, ਲਾਲਿਆਂ ਦੀਆਂ ਜੁੱਤੀਆਂ ਖਾਣ ਅਤੇ ਉਨ੍ਹਾਂ ਦੀ ਸੇਵਾ ਕਰਨ ਵਾਲਾ।"
ਕਈ ਵਰ੍ਹੇ ਪਹਿਲਾਂ ਜਦ ਦੁਰਜਨ ਸਿੰਘ ਦੇ ਬਾਪ ਨੂੰ ਪਤਾ ਲੱਗਾ ਕਿ ਮਹਾਰਾਜਾ ਰਣਜੀਤ ਸਿੰਘ ਛੋਟੀਆਂ ਜਾਤਾਂ ਵਾਲਿਆਂ ਨੂੰ ਵੀ ਆਪਣੀ ਫੌਜ 'ਚ ਭਰਤੀ ਕਰ ਰਿਹਾ ਹੈ ਤਾਂ ਉਹ ਵੀ ਜਾ ਭਰਤੀ ਹੋਇਆ ਅਤੇ ਇੱਕ ਸਿੱਖ ਸਿਪਾਹੀ ਦੀ ਵਰਦੀ ਪਾ ਕੇ ਉਹ ਵੀ ਫਖਰ ਨਾਲ ਸਿਰ ਉੱਚਾ ਕਰਕੇ ਚੱਲਣ ਲੱਗਾ। ਪਰ ਕੁਝ ਵਰ੍ਹਿਆਂ ਬਾਅਦ ਹੀ ਸਿੱਖ ਸਿਪਾਹੀਆਂ ਵਲੋਂ ਇਸ ਦੀ ਮੁਖ਼ਾਲਫਤ ਸ਼ੁਰੂ ਹੋ ਗਈ। ਮਹਾਰਾਜ ਨੇ ਰੰਗਰੇਟਿਆਂ
ਛੋਟੀਆਂ ਜਾਤੀਆਂ ਵਾਲਿਆਂ ਦੀ ਵੱਖਰੀ ਪਲਟਨ ਬਣਾ ਦਿੱਤੀ। ਪਰ ਖੱਤਰੀਆਂ ਜੱਟਾਂ ਤੋਂ ਇਹ ਵੀ ਨਾ ਜਰਿਆ ਗਿਆ। ਤਦ ਤੱਕ ਅੱਧੇ ਤੋਂ ਵੱਧ ਰੰਗਰੇਟੇ ਸਿੱਖ ਰਾਜ ਲਈ ਮੱਲਾਂ ਮਾਰਦੇ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਸਨ। ਫੇਰ ਮਜਬੂਰ ਹੋਕੇ ਮਹਾਰਾਜੇ ਨੇ ਉਹ ਪਲਟਨ ਤੋੜ ਕੇ ਬਾਕੀ ਦੇ ਰੰਗਰੇਟਿਆਂ ਨੂੰ ਘਰ ਵਾਪਸ ਭੇਜ ਦਿੱਤਾ।
"ਦੁਰਜਨ ਸਿੰਘ ਦੇ ਬਾਪ ਚਰਨ ਸਿੰਘ ਨੂੰ ਮਹਾਰਾਜੇ ਨੇ ਇਨਾਮ ਵਿੱਚ ਥੋੜੀ ਜਿਹੀ ਜਮੀਨ ਦਾ ਟੁਕੜਾ ਉਸ ਦੇ ਪਿੰਡ ਵਿੱਚ ਦੇ ਦਿੱਤਾ। ਪਰ ਪਿੰਡ ਦੇ ਜਿਮੀਦਾਰਾਂ ਨੂੰ ਇਹ ਮੰਜੂਰ ਨਹੀਂ ਸੀ ਸਾਲਾ ਨੀਵੀਂ ਜਮਾਤ ਹੋ ਕੇ ਸਾਡੀ ਬਰਾਬਰੀ ਕਰਨ ਲੱਗਿਆ ? ਉਸਨੂੰ ਤਾਹਨੇ ਮਾਰਦੇ, ਬਲਦ ਖੋਹ ਕੇ ਲੈ ਗਏ । ਇਕ ਮੱਝ ਰੱਖੀ ਸੀ, ਉਸ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। 'ਸਾਲਿਆ, ਤੂੰ ਕੀ ਕਰਨਾ ਮੱਝ ਰੱਖ ਕੇ, ਸਾਡਾ ਕੰਮ ਕਰ ਅਤੇ ਮੁਫਤ 'ਚ ਦੁੱਧ ਲੱਸੀ ਪੀ...। ਉਨ੍ਹਾਂ ਦੀਆਂ ਤੀਵੀਆਂ ਨਾਲ ਛੇੜ-ਛਾੜ ਕਰਨਾ ਤਾਂ ਉਹ ਆਪਣਾ ਜਨਮ ਸਿੱਧ ਅਧਿਕਾਰ ਹੀ ਸਮਝਦੇ ਸਨ। ਉਸ ਦੀ ਭੈਣ ਨਾਲ ਪਿੰਡ ਦੇ ਜੱਟਾਂ ਦੀ ਛੇੜ-ਛਾੜ ਕਰਨ 'ਤੇ ਜਦ ਦੁਰਜਨ ਸਿੰਘ ਦੇ ਭਰਾ ਨੇ ਅਵਾਜ਼ ਉਠਾਈ ਤਾਂ ਕੁੱਟ ਹੀ ਖਾਧੀ।
ਕੀਰਤ ਸਿੰਘ ਕੁਝ ਦੇਰ ਬੈਠਾ ਦੁਰਜਨ ਸਿੰਘ ਦੀ ਦਸ਼ਾ ਬਾਰੇ ਸੋਚਦਾ ਰਿਹਾ। ਇਸ ਦੇ ਪਿਛੋਕੜ ਬਾਰੇ ਥੋੜ੍ਹਾ ਬਹੁਤ ਉਸ ਨੂੰ ਪਤਾ ਸੀ।
ਕੀਰਤ ਸਿੰਘ ਨੇ ਪੁੱਛਿਆ, "ਤੇਰਾ ਉਹ ਭਰਾ ਕਿੱਥੇ ਹੈ ਅੱਜ-ਕਲ੍ਹ ?"
"ਸ਼ਾਇਦ ਮੈਂ ਤੁਹਾਨੂੰ ਦੱਸਿਆ ਨਹੀਂ। ਅਸੀਂ ਤਾਂ ਅੰਮ੍ਰਿਤ ਛਕ ਕੇ ਸਿੰਘ ਸਜੇ, ਇਹ ਸੋਚ ਕੇ ਕਿ ਗੁਰੂ ਸਾਹਿਬ ਨੇ ਸਾਡੇ ਲੋਕਾਂ ਦਾ ਉਦਾਰ ਕਰ ਦਿੱਤਾ। ਪਰ ਇਸ ਦੀ ਅਸਲੀਅਤ ਦਾ ਸਾਨੂੰ ਹੌਲੀ-ਹੌਲੀ ਪਤਾ ਲੱਗਦਾ ਰਿਹਾ। ਇਕ ਦਿਨ ਇਸੇ ਭੁਲੇਖੇ ਅਸੀਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਗੁਰਦੁਆਰੇ ਚੱਲ ਰਹੇ ਲੰਗਰ ਦੀ ਪੰਗਤ 'ਚ ਜਾ ਬੈਠੇ। ਸਾਰੇ ਸਾਡੇ ਵੱਲ ਅੱਖਾਂ ਪਾੜ-ਪਾੜ ਕੇ ਵੇਖਣ ਲੱਗੇ। ਆਖ਼ਰ ਸਾਨੂੰ ਪੰਗਤ 'ਚੋਂ ਉੱਠਾ ਦਿੱਤਾ ਗਿਆ ਅਤੇ ਗੁਰਦੁਆਰੇ ਦੇ ਬਾਹਰ ਭੁੰਜੇ ਹੀ ਇਕ ਕਤਾਰ ਬਣਾਕੇ ਬਿਠਾ ਦਿੱਤਾ ਗਿਆ। ਮੇਰਾ ਭਰਾ ਜ਼ਰਾ ਗੁੱਸੇ ਵਾਲਾ ਸੀ। ਉਸ ਨੇ ਗੁਰਦੁਆਰੇ ਅੰਦਰ ਪੰਗਤ 'ਚ ਬੈਠਿਆਂ ਵੱਲ ਵੇਖ ਕੇ ਜ਼ਮੀਨ 'ਤੇ ਥੁੱਕਿਆ ਅਤੇ ਤੇਜ਼-ਤੇਜ਼ ਕਦਮ ਚੁੱਕਦਾ ਉੱਥੋਂ ਹੀ ਨਹੀਂ ਬਲਕਿ ਪਿੰਡੋਂ ਹੀ ਨਿਕਲ ਗਿਆ। ਹੁਣ ਸੁਣਿਆ ਹੈ ਕਿ ਲੁਧਿਆਣੇ ਜਾ ਕੇ ਫਰੰਗੀਆਂ ਦੀ ਫ਼ੌਜ 'ਚ ਭਰਤੀ ਹੋ ਗਿਆ ਹੈ।"
"ਫਰੰਗੀਆਂ ਦੀ ਫ਼ੌਜ ਵਿੱਚ ?" ਕੀਰਤ ਸਿੰਘ ਕੁਝ ਹੈਰਾਨ ਹੁੰਦਿਆਂ ਬੋਲਿਆ।
"ਹੋਰ ਕੀ ਕਰਦਾ। ਮੈਂ ਸਿੱਖਾਂ ਦੀ ਫ਼ੌਜ 'ਚ ਭਰਤੀ ਹੋਇਆ ਤਾਂ ਤੁਹਾਡੇ ਕਰਕੇ, ਉਹ ਵੀ ਆਪਣੀ ਜਾਤ ਲੁਕਾ ਕੇ । ਜੇ ਸੱਚ ਪੁੱਛੋ ਤਾਂ ਸਾਨੂੰ ਕੋਈ ਦੁੱਖ ਨਹੀਂ ਸਿੱਖਾਂ ਦਾ ਰਾਜ ਖੋਹੇ ਜਾਣ ਦਾ। ਸਾਡੀ ਦਿਸ਼ਾ 'ਚ ਤਾਂ ਨਾ ਮੁਸਲਮਾਨਾਂ ਦੇ ਰਾਜ 'ਚ ਕੁਝ ਫਰਕ ਪਿਆ ਸੀ, ਨਾ ਸਿੱਖਾਂ ਦੇ ਅਤੇ ਨਾ ਹੀ ਫਰੰਗੀਆਂ ਦੇ ਰਾਜ 'ਚ ਕੁਝ ਫਰਕ ਪੈਣਾ ਹੈ। ਤੁਹਾਡੇ ਨਾਲ ਤਾਂ ਮੈਂ ਸਿਰਫ਼ ਤੁਹਾਡੇ ਕਰਕੇ ਹਾਂ । ਸਾਨੂੰ ਤਾਂ ਜਨਮ ਜਾਤ ਤੋਂ ਹੀ ਆਦਤ ਹੈ ਹੁਕਮ ਮੰਨਣ ਅਤੇ ਦੂਜਿਆਂ ਦੀ ਚਾਕਰੀ ਕਰਨ ਦੀ। ਤਾਂ ਫੇਰ ਕਿਸੇ ਚੰਗੇ ਆਦਮੀ ਦੀ ਚਾਕਰੀ ਹੀ ਕਿਉਂ ਨਾ ਕਰਾਂ।"
ਕੀਰਤ ਸਿੰਘ ਨੇ ਉਸ ਵੱਲ ਹਮਦਰਦੀ ਭਰੀਆਂ ਨਜ਼ਰਾਂ ਨਾਲ ਤੱਕਿਆ ਅਤੇ ਫੇਰ ਥੱਲੇ ਵੱਲ ਵੇਖਣ ਲੱਗਾ ਜਿਵੇਂ ਉਸ ਉੱਤੇ ਹੋਈਆਂ ਵਧੀਕੀਆਂ ਦਾ ਉਹ ਆਪ ਵੀ ਜ਼ਿੰਮੇਵਾਰ ਹੋਵੇ।
"ਤੁਸੀਂ ਅਤੇ ਅਸੀਂ ਇਕੋ ਤਰ੍ਹਾਂ ਦੇ ਪਿੰਡਾਂ 'ਚ ਰਹਿੰਦੇ ਹਾਂ ਅਤੇ ਤੁਸੀਂ ਲੋਕ ਸਾਡੀ ਦੁਰਦਸ਼ਾ ਨੂੰ ਵੇਖਦੇ, ਪਰ ਉਸ ਨੂੰ ਮਹਿਸੂਸ ਨਹੀਂ ਕਰਦੇ, ਜੋ ਜਿੱਲਤ ਸਾਨੂੰ ਹਰ ਰੋਜ, ਹਰ ਪਲ ਸਹਿਣੀ ਪੈਂਦੀ ਹੈ। ਕਿਉਂਕਿ ਸਦੀਆਂ ਤੋਂ ਲੋਕਾਂ ਨੂੰ ਆਦਤ ਪੈ ਗਈ ਹੋਈ ਹੈ ਇਹ ਕੁਝ ਵੇਖਣ ਦੀ...।" ਦੁਰਜਨ ਸਿੰਘ ਨੇ ਆਖਿਆ।
"ਮੈਂ ਸਮਝਦਾ ਹਾਂ ਦੁਰਜਨ ਸਿੰਘ, ਪੂਰਾ ਨਹੀਂ ਤਾਂ ਥੋੜ੍ਹਾ ਬਹੁਤ ਜ਼ਰੂਰ ਸਮਝਦਾ ਹਾਂ।“
"ਤੁਸੀਂ ਕੁਝ ਨਹੀਂ ਸਮਝਦੇ ਕੀਰਤ ਸਿੰਘ ਜੀ, ਕੁਝ ਨਹੀਂ ਸਮਝਦੇ ।" ਉਸ ਦੇ ਬੋਲਾਂ 'ਚ ਸਦੀਆਂ ਪੁਰਾਣੀ ਵੇਦਨਾ ਸੀ। "ਜੇ ਮੈਂ ਸਭ ਕੁਝ ਦੱਸਣ ਲੱਗ ਪਵਾਂ ਤਾਂ ਸਾਰੀ ਰਾਤ ਬੀਤ ਜਾਏਗੀ ਅਤੇ ਗੱਲ ਤਾਂ ਵੀ ਪੂਰੀ ਨਹੀਂ ਹੋਵੇਗੀ। ਮੈਂ ਤੁਹਾਨੂੰ ਇਕੋ ਘਟਨਾ ਦੱਸਦਾ ਹਾਂ।" ਅਤੇ ਉਹ ਦੱਸਣ ਲੱਗਾ:
"ਉਦੋਂ ਦੋ ਵਰ੍ਹੇ ਤੱਕ ਮੀਂਹ ਨਹੀਂ ਪਿਆ। ਸਾਰੇ ਪਿੰਡ ਦੇ ਲਾਲੇ, ਜਿਮੀਂਦਾਰ ਪਿੰਡ ਛੱਡ ਕੇ ਅਤੇ ਆਪਣੇ ਡੰਗਰ ਲੈ ਕੇ ਕਿਤੇ ਚਲੇ ਗਏ। ਅਸੀਂ ਭੁੱਖੇ ਮਰਨ ਲੱਗੇ। ਖੂਹਾਂ 'ਚ ਵੀ ਪਾਣੀ ਖ਼ਤਮ ਹੋ ਗਿਆ। ਅਸੀਂ ਵੀ ਆਪਣੇ ਸਾਰੇ ਟੱਬਰ ਸਮੇਤ ਪਿੰਡ ਛੱਡ ਕੇ ਤੁਰ ਪਏ। ਗਰਮੀਆਂ ਦੇ ਦਿਨ ਸਨ। ਭੁੱਖ ਜਰੀ ਜਾਂਦੀ ਹੈ ਪਰ ਤ੍ਰੇਹ ਨਹੀਂ ਜਰੀ ਜਾਂਦੀ। ਪਿਆਸ ਨਾਲ ਤਾਲੂ ਸੁੱਕ ਗਏ। ਇਕ ਪਿੰਡ ਦੇ ਬਾਹਰ ਕਰਕੇ ਇਕ ਸ਼ਿਵਾਲੇ ਕੋਲ ਇਕ ਖੂਹ ਵੇਖ ਕੇ ਉਸ 'ਚੋਂ ਪਾਣੀ ਭਰਨ ਲੱਗੇ। ਬਸ ਫੇਰ ਕੀ ਸੀ। ਪੁਜਾਰੀ ਨੇ ਕਿਸੇ ਬਾਰੀ 'ਚੋਂ ਵੇਖ ਲਿਆ ਤੇ ਰੌਲਾ ਪਾ ਦਿੱਤਾ ਕਿ ਉਨ੍ਹਾਂ ਦਾ ਖੂਹ ਭ੍ਰਿਸ਼ਟ ਗਿਆ। ਉਸੇ ਵੇਲੇ ਪਿੰਡ ਦੇ ਠਾਕੁਰ, ਜਿਮੀਂਦਾਰ ਡਾਂਗਾਂ ਲੈ ਕੇ ਜਮ੍ਹਾਂ ਹੋ ਗਏ ਅਤੇ ਸਾਡੇ ਉੱਤੇ ਡਾਂਗਾਂ ਵਰ੍ਹਣ ਲੱਗੀਆਂ...।"
"ਤੇ ਫੇਰ!" ਦੁਰਜਨ ਸਿੰਘ ਨੂੰ ਚੁੱਪ ਵੇਖ ਕੇ ਕੀਰਤ ਸਿੰਘ ਨੇ ਪੁੱਛਿਆ।
ਪਰ ਦੁਰਜਨ ਸਿੰਘ ਅੱਗਿਓਂ ਕੁਝ ਨਹੀਂ ਬੋਲਿਆ। ਉਸ ਦੀਆਂ ਅੱਖਾਂ 'ਚੋਂ ਅੱਥਰੂ ਕਿਰ ਕੇ ਉਸ ਦੀਆਂ ਗੱਲ੍ਹਾਂ 'ਤੇ ਤੈਰ ਰਹੇ ਸਨ।
ਕੁਝ ਦੇਰ ਬਾਅਦ ਦੁਰਜਨ ਸਿੰਘ ਨੇ ਆਪਣੀਆਂ ਅੱਖਾਂ ਪੱਗ ਦੇ ਲੜ ਨਾਲ ਪੂੰਝੀਆਂ, ਕੰਬਦੇ ਬੁੱਲ੍ਹਾਂ ਤੇ ਮਨ 'ਚ ਉਬਾਲੇ ਖਾ ਰਹੇ ਕ੍ਰੋਧ ਨਾਲ ਬੋਲਿਆ:
"ਬਸ ਹੁਣ ਇਕੋ ਅਰਮਾਨ ਹੈ ਮਨ ਵਿੱਚ ਕਿ ਲੜਾਈ ਖਤਮ ਹੋਣ ਤੋਂ ਬਾਅਦ ਬੰਦੂਕ ਲੈ ਕੇ ਉਸ ਪਿੰਡ 'ਚ ਜਾਵਾਂ ਅਤੇ ਸਾਰਿਆਂ ਨੂੰ ਭੁੰਨ ਛੱਡਾਂ...। "
ਕੀਰਤ ਸਿੰਘ ਨੇ ਸਿਰ ਹਿਲਾਉਂਦਿਆਂ ਲੰਮਾ ਜਿਹਾ ਸਾਹ ਖਿੱਚਿਆ ਅਤੇ ਬੋਲਿਆ-
"ਇਸ ਨਾਲ ਕੀ ਹੋਵੇਗਾ ਦੁਰਜਨ ਸਿਆਂ ? ਕੁਝ ਵੀ ਤੇ ਨਹੀਂ ਬਦਲਣਾ। ਜੋ ਕੁਝ ਉਨ੍ਹਾਂ ਦੇ ਪਿਉ ਦਾਦਾ ਕਰਦੇ ਆ ਰਹੇ ਸਨ, ਉਹੀ ਕੁਝ ਉਨ੍ਹਾਂ ਦੇ ਪੁੱਤਰ ਕਰਦੇ ਰਹਿਣਗੇ । ਤੇ ਤੁਸੀਂ ਲੋਕ..? "
ਦੁਰਜਨ ਸਿੰਘ ਨੇ ਨਜ਼ਰ ਚੁੱਕ ਕੇ ਖਲਾ ਵਿੱਚ ਤੱਕਿਆ ਜਿਵੇਂ ਅਤੀਤ, ਵਰਤਮਾਨ ਅਤੇ ਭਵਿੱਖ ਵੱਲ ਤੱਕ ਰਿਹਾ ਹੋਵੇ। ਫੇਰ ਉਸ ਦੇ ਬੁਲ੍ਹਾਂ 'ਤੇ ਇਕ ਵਿਅੰਗਮਈ ਮੁਸਕਾਨ ਆ ਗਈ। ਉਹ ਬੋਲਿਆ-
“ਜੇ ਫਰੰਗੀ ਸਫਲ ਹੋ ਗਏ ਤਾਂ ਚਾਹੇ ਉਹ ਖੱਤਰੀ ਬ੍ਰਾਹਮਣ ਹੋਵੇ ਚਾਹੇ ਸਰਦਾਰ, ਚਾਹੇ ਜਿਮੀਦਾਰ, ਸਾਰੇ ਦੇ ਸਾਰੇ ਸ਼ੂਦਰਤਾ ਦੀ ਹਾਲਤ 'ਚ ਪਹੁੰਚ ਜਾਣਗੇ, ਘੱਟ ਤੋਂ ਘੱਟ ਮਾਨਸਿਕ ਤੌਰ 'ਤੇ।" ਕਹਿ ਕੇ ਉਹ ਪਾਗਲਾਂ ਵਾਂਗ ਹੱਸਣ ਲੱਗਾ:
"ਇਹੀ ਹੋਵੇਗਾ ਇਨ੍ਹਾਂ ਦੇ ਪਾਪਾਂ ਦਾ ਫਲ।"
"ਪਾਪ ਸਾਡੇ ਲੋਕਾਂ ਦੇ ਸਿਰਫ ਇਹੀ ਨਹੀਂ ਦੁਰਜਨ ਸਿੰਘ, ਹੋਰ ਵੀ ਬਹੁਤ ਹਨ।"
ਰਾਤ ਗੂੜ੍ਹੀ ਹੋ ਗਈ। ਚਾਰੇ ਪਾਸੇ ਹਨੇਰਾ ਪੱਸਰ ਗਿਆ। ਦੁਰਜਨ ਸਿੰਘ ਦਾ ਵੇਦਨਾ ਭਰਿਆ ਹਾਸਾ ਹਾਲੇ ਵੀ ਕੀਰਤ ਸਿੰਘ ਦੇ ਕੰਨਾਂ ਵਿੱਚ ਗੂੰਜ ਰਿਹਾ ਸੀ।
***
13
ਕੀਰਤ ਸਿੰਘ ਨੂੰ ਸ਼ੁਜਾਹਬਾਦ ਦੇ ਕਿਲ੍ਹੇ 'ਚ ਪਹੁੰਚਿਆਂ ਤਿੰਨ ਦਿਨ ਹੋ ਗਏ ਸਨ। ਆਪਣੇ ਪੁੱਤਰ ਦਲੇਰ ਸਿੰਘ ਨੂੰ ਸਹੀ-ਸਲਾਮਤ ਪਹੁੰਚ ਗਿਆ ਵੇਖ ਕੇ ਸ਼ਾਮ ਸਿੰਘ ਦੀ ਖੁਸ਼ੀ ਦਾ ਠਿਕਾਣਾ ਨਹੀਂ ਸੀ। ਉਸ ਨੇ ਕੀਰਤ ਸਿੰਘ ਅਤੇ ਉਸ ਦੇ ਸਾਥੀਆਂ ਦਾ ਧੰਨਵਾਦ ਕੀਤਾ। ਕੀਰਤ ਸਿੰਘ ਦੇ ਠਹਿਰਨ ਦਾ ਇੰਤਜ਼ਾਮ ਜਿਸ ਸਜੇ-ਸਜਾਏ ਕਮਰੇ 'ਚ ਕੀਤਾ ਜਿਸ ਦਾ ਬਾਰੀ ਕੋਲ ਬੈਠਿਆਂ ਦੂਰ-ਦੂਰ ਦੇ ਦ੍ਰਿਸ਼ ਇਕ ਪੰਛੀ-ਝਾਤ ਵਾਂਗ ਵਿਖਾਈ ਦੇਂਦੇ ਸਨ। ਕਈ ਦਿਨਾਂ ਦੀ ਦੌੜ-ਭੱਜ ਅਤੇ ਬੇਅਰਾਮੀ ਤੋਂ ਬਾਅਦ ਮਹਾਂ-ਪ੍ਰਸ਼ਾਦ ਦੇ ਨਾਲ ਸੁਆਦੀ ਭੋਜਨ ਮਿਲਿਆ। ਖੂਬ ਰੱਜ ਕੇ ਸਾਰਿਆਂ ਨੇ ਖਾਧਾ। ਖਾਣ ਤੇ ਬਾਅਦ ਐਸੀ ਨੀਂਦ ਆਈ ਕਿ ਅਗਲੇ ਦਿਨ ਦੁਪਹਿਰੇ ਜਾ ਕੇ ਅੱਖ ਖੁਲ੍ਹੀ। ਕੀਰਤ ਸਿੰਘ ਦੇ ਪੁੱਛਣ 'ਤੇ ਇਕ ਖ਼ਿਦਮਤਗਾਰ ਨੇ ਦੱਸਿਆ ਕਿ ਸ਼ਾਮ ਸਿੰਘ ਲਗਾਨ ਆਦਿ ਦੇ ਚੱਕਰ ਅਤੇ ਦੋ ਜਿਮੀਦਾਰਾਂ ਦੇ ਆਪਸੀ ਝਗੜੇ ਦਾ ਫੈਸਲਾ ਕਰਨ ਚਲੇ ਗਏ ਹੋਏ ਹਨ। ਵਾਪਸ ਆਉਣ 'ਚ ਸ਼ਾਇਦ ਇਕ ਤੋਂ ਵੱਧ ਦਿਨ ਲੱਗ ਜਾਣ।
ਇਸ ਵਿਚਕਾਰ ਕੀਰਤ ਸਿੰਘ ਕਦੀ ਆਪਣੇ ਸਾਥੀਆਂ ਨਾਲ ਕਦੇ ਇਕੱਲਾ ਕਿਲ੍ਹੇ ਦੇ ਚੱਕਰ ਲਾਉਂਦਿਆਂ ਸਮਾਂ ਬਿਤਾਉਂਦਾ ਰਿਹਾ। ਸ਼ਾਮ ਸਿੰਘ ਨਾਲ ਵੀ ਬਹੁਤ ਸੰਖੇਪ 'ਚ ਗੱਲਾਂ ਬਾਤਾਂ ਹੋਈਆਂ ਸਨ, ਪਰ ਜਿਆਦਾ ਨਹੀਂ। ਫਰੰਗੀਆਂ ਦਾ ਮੁਕਾਬਲਾ ਕਰਨ ਲਈ ਸ਼ਾਮ ਸਿੰਘ ਅਤੇ ਮੁਲਤਾਨ ਦੇ ਦੀਵਾਨ ਮੂਲ ਰਾਜ ਵੱਲੋਂ ਕੀ-ਕੀ ਤਿਆਰੀਆਂ ਹੋ ਰਹੀਆਂ ਹਨ, ਉਹ ਇਸ ਬਾਰੇ ਜਾਣਨ ਲਈ ਬੇਤਾਬ ਸੀ।
ਇਸ ਦੇ ਇਲਾਵਾ ਉਹ ਉਸ ਔਰਤ ਨੂੰ ਲੱਭਣ ਜਾਂ ਉਸ ਬਾਰੇ ਜਾਣਨ ਲਈ ਉਤਸੁਕ ਸੀ ਜਿਸ ਬਾਰੇ ਉਸ ਨੂੰ ਪਤਾ ਲੱਗਾ ਸੀ ਕਿ ਉਹ ਜਾਂ ਤੇ ਸ਼ੁਜਾਹਬਾਦ ਦੇ ਸਹਿਰ 'ਚ ਹੈ ਜਾਂ ਫੇਰ ਇਸੇ ਕਿਲ੍ਹੇ 'ਚ।
ਹੁਣ ਕੀਰਤ ਸਿੰਘ ਆਪਣੇ ਇਸ ਕਮਰੇ ਦੀ ਬਾਰੀ 'ਚ ਬੈਠਿਆਂ ਬਾਹਰ ਵੱਲ
ਤੱਕਣ ਲੱਗਾ। ਕਿਲ੍ਹੇ ਦੇ ਇਕ ਪਾਸੇ ਸ਼ਹਿਰ ਅਤੇ ਦੂਜੇ ਪਾਸੇ ਪਹਾੜੀਆਂ ਦਿਸ ਰਹੀਆਂ ਸਨ: ਛੋਟੀਆਂ ਪਹਾੜੀਆਂ ਵਿਚਕਾਰ ਕਿਤੇ ਕਿਤੇ ਪਿੰਡ ਅਤੇ ਖੇਤ, ਪਰ ਜਿਆਦਾਤਰ ਖੁਸ਼ਕ, ਬੰਜਰ ਢਲਾਨਾਂ, ਟਾਵਾਂ-ਟਾਵਾਂ ਰੁੱਖ ਜਿਨ੍ਹਾਂ ਦੀਆਂ ਥੱਲੇ ਦੀਆਂ ਟਹਿਣੀਆਂ ਨੂੰ ਲੰਘਦੇ ਊਠਾਂ ਨੇ ਪੱਤਿਓਂ ਵਿਹੂਣਾ ਕਰ ਦਿੱਤਾ ਹੋਇਆ ਸੀ। ਉਹ ਜਦ ਵੀ ਇਨ੍ਹਾਂ ਬੰਜਰ ਢਲਾਨਾਂ ਵੱਲ ਤੱਕਦਾ, ਉਸ ਨੂੰ ਆਪਣਾ ਪਿੰਡ ਅਤੇ ਪਿੰਡ ਦੁਆਲੇ ਹਰੇ-ਹਰੇ ਖੇਤ ਲਹਿਲਹਾਉਂਦੇ ਦਿਸਣ ਲੱਗਦੇ। ਆਪਣੀ ਕਲਪਨਾ 'ਚ ਉਹ ਹਲਟ ਦੇ ਕੁੱਤੇ ਦੀ ਟੱਕ-ਟੱਕ, ਸਰ੍ਹੋਂ, ਕਮਾਦ ਅਤੇ ਕਣਕ ਦੇ ਖੇਤ ਅਤੇ ਖੇਤਾਂ ਵਿਚੋਂ ਲੰਘਦੀਆਂ ਧੂੜ ਭਰੀਆਂ ਪਗਡੰਡੀਆਂ ਨੂੰ ਵੇਖਣ ਲਗਦਾ। ਆਪਣੇ ਭਰਾ-ਭਰਜਾਈ, ਬਚਪਨ ਦੇ ਦੋਸਤ ਅਤੇ ਉਹ ਗੌਰਾਂ ਅਤੇ ਸੁੰਦਰਾਂ ਯਾਦ ਆਉਣ ਲੱਗਦੀਆਂ, ਕਿਸੇ ਪਿਛਲੇ ਜਨਮ ਦੀਆਂ ਗੱਲਾਂ ਦੀ ਤਰ੍ਹਾਂ।
ਉਹ ਉਸ ਵੇਲੇ ਦਸ ਬਾਰਾਂ ਸਾਲ ਦਾ ਸੀ ਅਤੇ ਗੌਰਾਂ ਉਸ ਤੋਂ ਚਾਰ ਪੰਜ ਵਰ੍ਹੇ ਵੱਡੀ। ਉਹ ਜਦ ਵੀ ਗੌਰਾਂ ਨੂੰ ਵੇਖਦਾ ਤਾਂ ਉਸ ਨੂੰ ਉਹ ਪਰੀਆਂ, ਰਾਜਕੁਮਾਰੀਆਂ ਵਰਗੀ ਲੱਗਦੀ ਅਤੇ ਜਦ ਤੱਕ ਉਹ ਅੱਖੋਂ ਉਹਲੇ ਨਾ ਹੋ ਜਾਂਦੀ, ਕੀਰਤ ਸਿੰਘ ਦੀਆਂ ਅੱਖਾਂ ਉਸ ਉੱਤੇ ਹੀ ਟਿਕੀਆਂ ਰਹਿੰਦੀਆਂ।
"ਕੀ ਵੇਖਦਾ ਰਹਿਨਾਂ ਏਂ ਇਸ ਤਰ੍ਹਾਂ ਮੇਰੇ ਵੱਲ?" ਇਕ ਦਿਨ ਗੌਰਾਂ ਨੇ ਕੀਰਤ ਸਿੰਘ ਦੇ ਸਾਹਮਣੇ ਖੜੇ ਹੋ ਕੇ ਪੁੱਛਿਆ ਸੀ।
"ਤੂੰ... ਤੂੰ ਐਨੀ ਸੋਹਣੀ ਲੱਗਦੀ ਏ ਮੈਨੂੰ.... ਬੱਸ....?”
"ਚੱਲ ਸ਼ਰਾਰਤੀ।" ਕਹਿੰਦਿਆਂ ਅਤੇ ਉਸ ਦੀਆਂ ਗੱਲ੍ਹਾਂ 'ਤੇ ਹੌਲੀ ਦੇਣੀ ਚਪੇੜ ਮਾਰਦਿਆਂ ਉਸ ਆਖਿਆ ਸੀ।
ਤੇ ਸੰਜੋਗ ਨਾਲ ਜਦ ਉਹੀ ਗੌਰਾਂ ਉਸ ਦੀ ਭਰਜਾਈ ਬਣ ਕੇ ਉਨ੍ਹਾਂ ਦੇ ਘਰ ਵਿੱਚ ਆਈ ਤਾਂ ਉਸ ਨੇ ਸ਼ਰਾਰਤ ਅਤੇ ਚੰਚਲਤਾ ਨਾਲ ਪੁੱਛਿਆ ਸੀ।
'ਤੇ ਹੁਣ ਮੈਂ ਤੈਨੂੰ ਕਿਸ ਤਰ੍ਹਾਂ ਦੀ ਲੱਗਦੀ ਹਾਂ?"
ਤਾਂ ਕੀਰਤ ਸਿੰਘ ਮਨ ਹੀ ਮਨ ਮੁਸਕਰਾਉਂਦਿਆਂ ਸ਼ਰਮਾਉਂਦਿਆਂ ਬਿਨਾਂ ਕੁਝ ਬੋਲੇ ਨੱਸ ਗਿਆ ਸੀ।
***
ਇਕ ਟੱਬਰ ਲਈ ਉਨ੍ਹਾਂ ਦੀ ਜ਼ਮੀਨ ਕਾਫ਼ੀ ਸੀ, ਅੱਧਾ ਕੁ ਹਿੱਸਾ ਰੋਹੀ ਦੇ ਪਾਸੇ। ਬਾਪ ਦੇ ਚਲਾਣਾ ਕਰ ਜਾਣ ਤੋਂ ਬਾਅਦ ਜਦ ਕੀਰਤ ਸਿੰਘ ਦੇ ਵਿਆਹ ਦੀ ਗੱਲ ਚੱਲੀ ਤਾਂ ਆਉਣ ਵਾਲੇ ਸਮੇਂ ਨੂੰ ਮੁੱਖ ਰੱਖਦਿਆਂ ਵੱਡਾ ਭਰਾ ਚਿਤਾਤੁਰ ਹੋ ਗਿਆ। ਦੋ ਟੱਬਰ, ਬਾਲ ਬੱਚੇ । ਗੌਰਾਂ ਨੇ ਗੱਲਾਂ ਹੀ ਗੱਲਾਂ ਵਿੱਚ ਵੱਡੇ ਭਰਾ ਬਚਨ ਸਿੰਘ ਨੂੰ ਸਮਝਾਇਆ ਕਿ ਉਸ ਦੇ ਵਿਆਹ ਦੀ ਕੀ ਲੋੜ ? ਉਹ ਆਪੇ ਸੰਭਾਲ ਲਵੇਗੀ । ਆਖਰ ਹੁੰਦਾ ਹੀ ਆਇਆ ਹੈ ਇਸ ਤਰ੍ਹਾਂ। ਵੱਡੇ ਭਰਾ ਨੇ ਜਦ ਕੀਰਤ ਸਿੰਘ ਨਾਲ ਇਸ ਬਾਰੇ ਗੱਲ ਕੀਤੀ ਤਾਂ ਕੀਰਤ ਸਿੰਘ ਨੂੰ ਇਹ ਗੱਲ ਹਜ਼ਮ ਨਹੀਂ ਹੋਈ, ਉਹ ਬੋਲਿਆ:
"ਤੂੰ ਚਿੰਤਾ ਨਾ ਕਰ ਭਰਾ। ਮੈਂ ਤਾਂ ਫ਼ੌਜ 'ਚ ਭਰਤੀ ਹੋਣ ਦਾ ਮਨ ਬਣਾ ਲਿਆ ਹੋਇਆ ਹੈ।"
ਉਹ ਅਨੁਭਵ ਕਰਦਾ ਸੀ ਕਿ ਗੌਰਾਂ ਉਸ ਨਾਲ ਬਹੁਤ ਮੋਹ ਕਰਦੀ ਹੈ। ਪਰ ਕੀਰਤ ਲਈ ਇਹ ਮੋਹ, ਇਹ ਪਿਆਰ ਕੁਝ ਹੋਰ ਤਰ੍ਹਾਂ ਦਾ ਸੀ । ਉਸ ਦੇ ਨਾਲ ਕਿਸੇ ਦੂਜਰੀ ਤਰ੍ਹਾਂ ਦੇ ਸੰਬੰਧ ਬਾਰੇ ਉਹ ਸੋਚ ਵੀ ਨਹੀਂ ਸੀ ਸਕਦਾ।
ਗੌਰਾਂ ਨੇ ਵੀ ਇਹ ਕਦੀ ਨਹੀਂ ਸੀ ਸੋਚਿਆ ਕਿ ਉਸ ਦਾ ਪਿਆਰਾ ਦਿਓਰ ਐਨੀ ਆਸਾਨੀ ਤੇ ਸਹਿਜਤਾ ਨਾਲ ਉਨ੍ਹਾਂ ਨੂੰ ਛੱਡ ਕੇ ਚਲਾ ਜਾਵੇਗਾ। ਦੋਵਾਂ ਭਰਾਵਾਂ ਦੀ ਇਸ ਘਰ ਵਿੱਚ ਹੋਂਦ ਗੌਰਾਂ ਨੂੰ ਇਕ ਤਰ੍ਹਾਂ ਦਾ ਧਰਵਾਸ ਅਤੇ ਸੁਰੱਖਿਆ ਦਾ ਅਹਿਸਾਸ ਦਿਵਾਉਂਦੀ ਸੀ। ਉਸ ਲਈ ਇਹ ਲੜਾਈਆਂ, ਖ਼ਾਲਸਾ ਕੌਮ, ਫਰੰਗੀ, ਪਠਾਨ ਕੋਈ ਖਾਸ ਅਰਥ ਨਹੀਂ ਸਨ ਰੱਖਦੇ। ਉਸ ਦਾ ਜੀਵਨ ਆਪਣੇ ਘਰ ਤੱਕ ਜਾਂ ਜਿਆਦਾ ਤੋਂ ਜਿਆਦਾ ਆਪਣੇ ਪਿੰਡ ਜਾਂ ਆਲੇ-ਦੁਆਲੇ ਦੇ ਕੁਝ ਪਿੰਡਾਂ ਤੱਕ ਸੀਮਤ ਸੀ। ਇਹ ਲੜਾਈਆਂ ਉਸ ਲਈ ਮਾਨਵਤਾ ਦੇ ਪਾਗਲ ਹੋ ਜਾਣ ਦੀ ਤਰ੍ਹਾਂ ਸਨ।
ਤੇ ਇਕ ਦਿਨ ਸੌ ਘੋੜ ਸਵਾਰਾਂ ਦਾ ਰਸਾਲਦਾਰ ਹੋ ਜਾਣ ਅਤੇ ਕਈ ਲੜਾਈਆਂ ਲੜਨ ਤੋਂ ਬਾਅਦ ਜਦ ਉਹ ਆਪਣੇ ਪਿੰਡ ਵੱਲ ਤੁਰਿਆ ਤਾਂ ਮਨ ਅਜੀਬ ਤਰ੍ਹਾਂ ਦੇ ਚਾਅ ਅਤੇ ਅਨੁਮਾਦ ਨਾਲ ਤਰਿਆ ਹੋਇਆ ਸੀ। ਉਸ ਦੇ ਨਾਲ ਛੁੱਟੀ ’ਤੇ ਜਾ ਰਹੇ ਛੇ ਹੋਰ ਜਵਾਨ ਵੀ ਸਨ ਜਿਨ੍ਹਾਂ ਨੇ ਉਸ ਦੇ ਪਿੰਡ ਤੋਂ ਅੱਗੇ ਆਪਣੇ ਪਿੰਡਾਂ ਵੱਲ ਜਾਣਾ ਸੀ।
ਲੜਾਈਆਂ ਲੜਦਿਆਂ ਉਹ ਭੁੱਲ ਹੀ ਗਿਆ ਸੀ ਕਿ ਨਾ ਪਿਛਲੇ ਸਾਲ ਹੀ ਮੀਂਹ ਚੰਗੀ ਤਰ੍ਹਾਂ ਪਏ ਅਤੇ ਨਾ ਇਸ ਸਾਲ। ਵਿਸਾਖ ਦੇ ਮਹੀਨੇ ਦੇ ਆਖ਼ਰੀ ਦਿਨ, ਖੇਤਾਂ 'ਚ ਡੱਕਾ ਵੀ ਨਹੀਂ ਧੂੜ ਉੱਡ ਰਹੀ ਸੀ।
ਪਿੰਡ ਤੋਂ ਅੱਧਾ ਕੁ ਕੋਹ ਪਹਿਲਾਂ ਉਹ ਇਕ ਖੂਹ ਕੋਲ ਆ ਕੇ ਰੁਕ ਗਏ। ਖੂਹ ਤੋਂ ਉੱਪਰ ਕਰਕੇ ਇਕ ਟਿੱਲੇ 'ਤੇ ਨਾਥ ਜੋਗੀਆਂ ਦਾ ਪੁਰਾਣਾ ਡੇਰਾ ਸੀ । ਮਨ 'ਚ ਆਇਆ ਕਿ ਘਰ ਜਾਣ ਤੋਂ ਪਹਿਲਾਂ ਜੋਗੀ 'ਬਚਨ ਦਾਸ' ਨੂੰ ਮਿਲਦਾ ਜਾਵਾਂ। ਜਦੋਂ ਕੀਰਤ ਸਿੰਘ ਪਿੰਡ 'ਚ ਰਹਿੰਦਾ ਸੀ ਤਾਂ ਹਰ ਤੀਜੇ ਚੌਥੇ ਦਿਨ ਉਹ ਜੋਗੀ ਕੋਲ ਆ ਬੈਠਦਾ ਅਤੇ ਉਸ ਦੀਆਂ ਗੱਲਾਂ ਸੁਣਦਾ ਰਹਿੰਦਾ। ਉਸ ਨੂੰ ਉਹ ਬੜਾ ਸਿਆਣਾ ਅਤੇ ਸੁਲਝੇ ਹੋਏ ਦਿਮਾਗ ਵਾਲਾ ਬੰਦਾ ਲਗਦਾ। ਟਿੱਲੇ ਉੱਤੇ ਖੜੇ ਨਾਥ ਜਗੀ ਦੇ ਚੇਲਿਆਂ ਨੇ ਉਸ ਨੂੰ ਵੇਖ ਲਿਆ ਅਤੇ ਉੱਪਰ ਆਉਣ ਲਈ ਇਸ਼ਾਰੇ ਕਰਨ ਲੱਗੇ।
ਉਸ ਦੇ ਛੇਆਂ ਸਾਥੀਆਂ ਨੇ ਆਖਿਆ ਕਿ ਉਹ ਜਾ ਕੇ ਨਾਥ ਜੋਗੀ ਨੂੰ ਮਿਲ ਆਵੇ। ਉਨੀ ਦੇਰ ਉਹ ਖੂਹ 'ਚੋਂ ਪਾਣੀ ਕੱਢ ਕੇ ਨਹਾ ਲੈਣਗੇ । ਧੂੜ ਅਤੇ ਮੁੜ੍ਹਕੇ ਨਾਲ ਸਾਰਾ ਪਿੰਡਾ ਚਿੱਪ-ਚਿੱਪ ਕਰ ਰਿਹਾ ਹੈ। ਘੋੜਿਆਂ ਨੂੰ ਵੀ ਸਾਹ ਦਵਾ ਦੇਣਗੇ।
ਕੀਰਤ ਸਿੰਘ ਆਪਣਾ ਘੋੜਾ ਉੱਥੇ ਹੀ ਖੜਾ ਕਰਕੇ ਟਿੱਲੇ ਉੱਪਰ ਜਾ ਰਹੀ ਪਗਡੰਡੀ ਉੱਤੇ ਤੁਰ ਪਿਆ।
ਪਗਬੰਡੀ ਦੇ ਦੋਵੇਂ ਪਾਸੇ ਕਿਤੇ-ਕਿਤੇ ਡਿੱਗ ਚੁੱਕੇ ਮਕਾਨਾਂ ਦਾ ਮਲਬਾ ਦਿਸ ਰਿਹਾ ਸੀ। ਉਸ ਮਲਬੇ 'ਚ ਪਈਆਂ ਪੁਰਾਣੀ ਕਿਸਮ ਦੀਆਂ ਚੌਰਸ ਜਿਹੀਆਂ, ਪਟੜੇਨੁਮਾ ਇੱਟਾਂ ਨੂੰ ਵੇਖ ਕੇ ਲੱਗਦਾ ਸੀ ਜਿਵੇਂ ਇਸ ਥੇਹ ਥੱਲੇ ਕੋਈ ਪੁਰਾਣਾ ਪਿੰਡ ਦੱਬਿਆ ਪਿਆ ਹੋਵੇ। ਡੇਰੇ ਦੇ ਵੱਡੇ ਸਾਰੇ ਦਰਵਾਜ਼ੇ ਦੇ ਬਾਹਰ ਵੀ ਕਿਸੇ ਪੁਰਾਣੀ ਇਮਾਰਤ ਜਾਂ ਪੁਰਾਣੇ ਡੇਰੇ ਦੇ ਪੱਥਰ ਦੇ ਸਤੂਨ ਡਿੱਗੇ ਪਏ ਦਿਸ ਰਹੇ ਸਨ। ਦੂਰ, ਪਿੰਡ ਦੇ ਦੂਜੇ ਪਾਸੇ
ਜਗੀਰਦਾਰ ਦੀ ਗੜ੍ਹੀ ਅਤੇ ਗੜ੍ਹੀ 'ਚ ਦੋ ਮੰਜ਼ਲਾ ਉੱਚੀ ਹਵੇਲੀ ਦਿਸ ਰਹੀ ਸੀ।
ਇਕ ਖੁਲ੍ਹੇ ਵਿਹੜੇ 'ਚੋਂ ਲੰਘਿਆ, ਜਿਸ ਦੇ ਦੋਵੇਂ ਪਾਸੀ ਸੁਰਗਵਾਸ ਹੋ ਚੁੱਕੇ ਨਾਥਾਂ ਦੀਆਂ ਸਮਾਧੀਆਂ ਦਿਸ ਰਹੀਆਂ ਸਨ। ਨਾਥ ਜੋਗੀਆਂ ਦੀ ਪ੍ਰਥਾ ਅਨੁਸਾਰ ਕਿਸੇ ਜੋਗੀ ਦੇ ਮਰਨ 'ਤੇ ਉਸ ਦਾ ਦਾਹ ਸੰਸਕਾਰ ਨਹੀਂ ਸੀ ਕੀਤਾ ਜਾਂਦਾ ਬਲਕਿ ਚੌਕੜੀ ਮੁਦਰਾ ’ਚ ਉਸ ਨੂੰ ਦਬਾ ਦਿੱਤਾ ਜਾਂਦਾ ਸੀ।
ਕਿਸੇ ਬੀਤੇ ਯੁੱਗ ਦੇ ਨਾਥ ਜੋਗੀ ਦੀ ਸਮਾਧ ਵਾਲੇ ਕਮਰੇ ਚੋਂ ਲੰਘ ਕੇ ਉਹ ਇਕ ਦੂਜੀ ਕੋਠੜੀ 'ਚ ਪਹੁੰਚ ਗਿਆ ਜਿੱਥੇ ਬਿਸ਼ ਨਾਥ (ਵਿਸ਼ਵਨਾਥ) ਜੋਗੀ ਇਕ ਤਖ਼ਤ ਪੋਸ਼ 'ਤੇ ਬੈਠੇ ਹੋਏ ਸਨ। ਛੋਟੀ ਜਿਹੀ ਚਿੱਟੀ ਦਾਹੜੀ, ਚਿੱਟੀ ਅਤੇ ਕਾਫੀ ਵੱਡੇ ਅਕਾਰ ਦੀ ਪੱਗ ਆਪਣੀਆਂ ਜਟਾਵਾਂ ਦੁਆਲੇ ਵਲੀ ਹੋਈ। ਚਿਹਰਾ ਚਾਹੇ ਪਤਲਾ ਪਰ ਰੋਹਬਦਾਰ, ਅੱਖਾਂ ਵਿੱਚ ਤੇਜ।
ਕੀਰਤ ਸਿੰਘ ਨੂੰ ਵੇਖ ਕੇ ਇਸ ਨਾਥ ਦੇ ਬੁੱਲ੍ਹਾਂ 'ਤੇ ਮੁਸਕਾਨ ਖਿੰਡ ਗਈ। ਕੀਰਤ ਸਿੰਘ ਨੇ ਝੁਕ ਕੇ ਮੱਥਾ ਟੇਕਿਆ। ਅਸ਼ੀਰਵਾਦ ਦੇਂਦਿਆਂ ਬਿਸ਼ ਨਾਥ ਬੋਲੇ: ਐਤਕੀ ਬਹੁਤ ਚਿਰਾਂ ਬਾਅਦ ਫੇਰਾ ਪਾਇਆ ?"
"ਤੁਹਾਨੂੰ ਪਤਾ ਹੀ ਹੈ ਫਰੰਗੀਆਂ ਨਾਲ ਲੜਾਈਆਂ ਦਾ ?"
"ਹਾਂ ਭਾਈ ਪੰਜਾਬ 'ਚ ਜੰਮਣਾ ਅਤੇ ਨਿੱਤ ਮੁਹਿੰਮਾਂ। ਮੈਂ ਤੇ ਸੁਣਿਆ ਕਿ ਫਰੰਗੀਆਂ ਹੁਣ ਲਹੌਰ ਦੇ ਬਾਹਰ ਵੀ ਆਪਣੀ ਛਾਉਣੀ ਪਾ ਲਈ ?"
"ਹਾਲੇ ਤੇ ਸ਼ੁਕਰ ਕਿ ਬਾਹਰ ਈ ਏ।" ਕੀਰਤ ਸਿੰਘ ਆਪਣੇ ਮੱਥੇ 'ਤੇ ਹੱਥ ਲਾਉਂਦਿਆਂ ਬੋਲਿਆ। ਨਾਲ ਹੀ ਸੋਚ ਰਿਹਾ ਸੀ ਕਿ ਰਾਜ ਬਦਲਦੇ ਰਹੇ, ਗਜਨਵੀ ਆਏ, ਅਫ਼ਗਾਨ ਆਏ, ਮੁਗਲਾਂ, ਸਿੱਖਾਂ ਦਾ ਰਾਜ ਆਇਆ ਪਰ ਇਨ੍ਹਾਂ ਨਾਥ ਜੋਗੀਆਂ ਦੇ ਡੇਰੇ ਉਵੇਂ ਦੇ ਉਵੇਂ ਹੀ ਕਾਇਮ।
ਬਿਸ਼ ਨਾਥ ਨੇ ਠੰਡਾ ਜਿਹਾ ਸਾਹ ਭਰਦਿਆਂ ਆਖਿਆ, "ਜਦੋਂ ਸਰਕਾਰ ਸੀ, ਸਭ ਠੀਕ ਸੀ। ਇਨ੍ਹਾਂ ਸਰਦਾਰਾਂ ਨੂੰ ਵੀ ਲਗਾਮ ਸੀ। ਪਰ ਹੁਣ... ਹੁਣ.... ਤੇ ਲੱਗਦਾ ਏ ਯੁੱਗ ਹੀ ਬਦਲ ਚੱਲਿਆ।" ਇਹ ਕਹਿੰਦਿਆਂ ਬਿਸ਼ ਨਾਥ ਨੁਕਰੇ ਬੈਠੀ, ਗੰਢੜੀ ਬਣੀ ਇਕ ਕੁੜੀ ਵੱਲ ਵੇਖਣ ਲੱਗਾ।
ਕੀਰਤ ਨੇ ਵੀ ਨਜ਼ਰ ਘੁਮਾ ਕੇ ਉਸ ਪਾਸੇ ਤੱਕਿਆ। ਨਾਥ ਜੋਗੀ ਕੋਲ ਔਰਤ ਦੇ ਆਉਣ ਜਾਣ 'ਤੇ ਕੋਈ ਮਨਾਹੀ ਨਹੀਂ ਸੀ। ਪਰ ਇਹ ਕੌਣ ? ਉਸ ਨੇ ਮਨ ਹੀ ਮਨ ਆਖਿਆ ਤੇ ਫੇਰ ਪ੍ਰਸ਼ਨ ਭਰੀਆਂ ਨਜਰਾਂ ਨਾਲ ਬਿਸ਼ ਨਾਥ ਵੱਲ ਤੱਕਣ ਲੱਗਾ।
''ਤੂੰ ਪਹਿਲੇ ਜਗੀਰਦਾਰ ਵਸਾਖਾ ਸਿੰਘ ਨੂੰ ਤਾਂ ਜਾਣਦਾ ਹੀ ਏ ।" ਬਿਸ਼ ਨਾਥ ਸੁਣਾਉਣ ਲੱਗਾ, "ਚਾਹੇ ਉਸ ਦੀਆਂ ਵੀ ਦੋ ਤੀਮੀਆਂ ਸਨ ਅਤੇ ਇਕ ਦੋ ਰਖੇਲਾਂ ਬੀ, ਪਰ ਉਹ ਲੋਕਾਂ 'ਤੇ ਇਸ ਤਰ੍ਹਾਂ ਦੇ ਜੁਲਮ ਨਹੀਂ ਸੀ ਚਾਹੁੰਦਾ ਜਿਵੇਂ ਇਹ ਕਰਦਾ... ।"
ਹੁਣ ਤੱਕ ਇਕ ਹੋਰ ਜੋਗੀ ਵੀ ਕੀਰਤ ਸਿੰਘ ਤੇ ਜਰਾ ਕੁ ਲਾਂਭੇ ਹੋ ਕੇ ਆ ਬੈਠਿਆ ਸੀ, ਤਕਰੀਬਨ ਕੀਰਤ ਸਿੰਘ ਦੀ ਉਮਰ ਦਾ। ਬਚਪਨ 'ਚ ਕਦੀ ਕਦੀ ਆਪਸ 'ਚ ਖੇਡਿਆ ਵੀ ਕਰਦੇ ਸਨ। ਪੰਜ ਛੇ ਵਰ੍ਹੇ ਦੀ ਉਮਰ 'ਚ ਹੀ ਇਹ ਇਸ ਡੇਰੇ ਚ ਆ ਕੇ ਰਹਿਣ ਲੱਗਾ ਸੀ। ਉਦੋਂ ਇਸ ਦੇ ਕੰਨ ’ਚ ਮੁੰਦਰਾਂ ਨਹੀਂ ਸਨ ਹੁੰਦੀਆਂ। ਹੁਣ
ਕੰਨਾਂ 'ਚ ਕੱਚ ਦੀਆਂ ਮੁੰਦਰਾਂ ਅਤੇ ਜਟਾਵਾਂ ਦਾ ਜੂੜਾ ਬਣਾਇਆ ਹੋਇਆ ਸੀ ਅਤੇ ਜਦੋਂ ਇਸ ਨੂੰ ਇਹ ਗੱਦੀ ਮਿਲੇਗੀ ਤਾਂ ਇਸ ਦੀਆਂ ਜਟਾਂ ਦੁਆਲੇ ਵੀ ਚਿੱਟਾ ਪੱਗੜ ਬੰਨ੍ਹਿਆ ਜਾਣਾ ਹੈ। ਇਹ ਕੀਰਤ ਸਿੰਘ ਜਾਣਦਾ ਸੀ।
ਕੀਰਤ ਸਿੰਘ ਉਸ ਨਾਲ ਗੱਲਾਂ ਕਰਨ ਲੱਗਾ, ਪੁਰਾਣੀਆਂ ਗੱਲਾਂ, ਹੁਣ ਦੀਆਂ ਗੱਲਾਂ। ਗੱਲਾਂ ਕਰਦਿਆਂ ਕੀਰਤ ਸਿੰਘ ਦੀ ਨਜ਼ਰ ਮੁੜ-ਮੁੜ ਉਸ ਗੰਢੜੀ ਬਣੀ ਕੁੜੀ ਵਲ ਉੱਠ ਜਾਂਦੀ।
''ਪਹਿਲਾਂ ਇਸ ਵਿਚਾਰੀ ਦੇ ਰਹਿਣ ਦਾ ਇੰਤਜ਼ਾਮ ਕਰ ਦੇ ਪਰਥ ਨਾਥਾ। ਫਿਰ ਆ ਕੇ ਗੱਲਾਂ ਸੁਣੀਂ।" ਬਿਸ਼ ਨਾਥ ਨੇ ਚੇਲੇ ਨੂੰ ਕਿਹਾ।
"ਲੱਗਦਾ ਇਹ ਤਾਂ ਸਾਡੇ ਹੀ ਪਿੰਡ ਦੀ ਕੁੜੀ ਏ।" ਕੀਰਤ ਸਿੰਘ ਬੋਲ ਉੱਠਿਆ।
"ਤੂੰ ਹੀ ਦੱਸ ਪਰਥ ਨਾਥਾ।" ਕਹਿ ਕੇ ਬਿਸ਼ ਨਾਥ ਨੇ ਅੱਖਾਂ ਬੰਦ ਕਰ ਲਈਆਂ ਜਿਵੇਂ ਧਿਆਨ 'ਚ ਲੀਨ ਹੋ ਗਏ ਹੋਣ।
"ਤੂੰ ਇਸ ਦੀ ਮਾਂ ਨੂੰ ਤਾਂ ਵੇਖਿਆ ਹੋਣਾ?" ਪਰਥ ਨਾਥ ਦੱਸਣ ਲੱਗਾ, "ਇਹ ਲੱਜੋ ਘੁਮਿਆਰਨ ਦੀ ਕੁੜੀ ਏ। ਉਹ ਵੀ ਇਸ ਕੁੜੀ ਵਾਂਗ ਠੀਕ ਠਾਕ ਸੀ (ਸੋਹਣੀ ਕਹਿੰਦਿਆਂ ਪਰਥ ਨਾਥ ਨੂੰ ਕੁਝ ਝਿਜਕ ਲੱਗੀ) ਪਰ ਇਹ 'ਰੂਪ' ਅਮੀਰਾਂ ਲਈ ਬਖ਼ਸ਼ਸ, ਗਰੀਬਾਂ ਲਈ ਸਰਾਪ ।"
ਕੀਰਤ ਸਿੰਘ ਚੰਗੀ ਤਰ੍ਹਾਂ ਜਾਣਦਾ ਸੀ ਉਸ ਵੱਡੇ ਸਰਦਾਰ ਅਤੇ ਲੱਜੋ ਘੁਮਿਆਰਨ ਬਾਰੇ । ਵੱਡਾ ਸਰਦਾਰ ਵਾਜਬ ਕਿਸਮ ਦਾ ਆਦਮੀ ਸੀ। ਹਰ 'ਕੰਮ' ਬੜੀ ਜੁਗਤ ਅਤੇ ਮੁਨਾਸਬ ਢੰਗ ਨਾਲ ਕਰਦਾ। ਕਿਸੇ ਨਾਲ ਜ਼ੋਰ ਜ਼ਬਰਦਸਤੀ ਨਹੀਂ ਸੀ ਕਰਦਾ। ਬਸ ਜਿਹੜੀ ਕੁੜੀ ਪਸੰਦ ਆ ਜਾਵੇ, ਖ਼ਾਸ ਕਰਕੇ ਬਾਰਾ, ਤੇਰਾਂ ਸਾਲ ਦੀ ਤਾਂ ਆਪਣਿਆਂ ਗੁਮਾਸ਼ਤਿਆਂ ਰਾਹੀਂ ਉਸ ਦੇ ਮਾਂ-ਬਾਪ ਕੋਲ ਸੁਨੇਹਾ ਭੇਜ ਦਿੰਦਾ ਕਿ ਕੁੜੀ ਤਾਂ 'ਰਾਣੀ' ਬਣਨ ਦੇ ਲਾਇਕ ਹੈ... ਹਵੇਲੀ ਦੀ ਸਰਦਾਰਨੀ ਬਣ ਕੇ ਰਹੂ। ਅਤੇ ਫੇਰ ਉਸ ਦੇ ਪਾਲਣ-ਪੋਸ਼ਣ ਲਈ ਸਲਾਨਾ ਰਕਮ ਭੇਜਦਾ ਰਹਿੰਦਾ। ਦੋ ਤਿੰਨ ਸਾਲ ਬਾਅਦ ਕੁੜੀ 'ਤਿਆਰ' ਹੋ ਕੇ ਉਸ ਦੀ ਹਵੇਲੀ 'ਚ, (ਰਖੇਲ ਦੇ ਤੌਰ 'ਤੇ) ਕੁੜੀ ਦੇ ਬਾਪ ਨੂੰ ਕੁਝ ਸਹੂਲਤਾਂ ਅਤੇ ਕੁਝ ਜ਼ਮੀਨ ਵੀ ਸਰਦਾਰ ਵੱਲੋਂ ਮਿਲ ਜਾਂਦੀ । ਪਰ ਜੇ ਜਵਾਨ ਅਤੇ ਵਿਆਹੀ ਤੀਵੀਂ 'ਤੇ ਦਿਲ ਆ ਜਾਵੇ, ਤਾਂ ਵੀ ਪਿੱਛੇ ਨਹੀਂ ਸੀ ਹਟਦਾ।
ਇਸ ਦੇ ਇਲਾਵਾ ਪਿੰਡ ਵਾਲਿਆਂ ਨੂੰ ਉਸ ਤੋਂ ਕਈ ਸ਼ਿਕਾਇਤ ਨਹੀਂ ਸੀ। ਨਵੇਂ ਬੀਆਂ ਲਈ ਪੈਸਾ ਉਧਾਰ ਦੇਣਾ, ਜੋ ਫਸਲ ਠੀਕ ਨਾ ਹੋਵੇ ਮੀਹ ਘੱਟ ਪੈਣ ਤਾਂ ਲਗਾਨ ਘੱਟ ਕਰ ਦੇਣਾ ਆਦਿ ਵੀ ਉਸ ਦੀ ਖਸਲਤ ਦਾ ਹਿੱਸਾ ਸੀ।
ਕੀਰਤ ਸਿੰਘ ਕੁਝ-ਕੁਝ ਜਾਣਦਾ ਸੀ ਇਸ ਦੀ ਮਾਂ ਬਾਰੇ। ਵੱਡੇ ਸਰਦਾਰ ਨੇ ਕਈ ਮਹੀਨੇ ਆਪਣੇ ਕੋਲ ਰੱਖਿਆ। ਵਿੱਚ-ਵਿੱਚ ਵੀ ਜਦ ਜੀ ਕਰਦਾ, ਬੁਲਾ ਭੇਜਦਾ ਕਿਸੇ ਨਾ ਕਿਸੇ ਬਹਾਨੇ ਜਗਤੂ ਘੁਮਿਆਰ ਸਭ ਜਾਣਦਾ ਸੀ ਪਰ ਚੁੱਪ। ਕਰਦਾ ਤਾਂ ਕੀ ਕਰਦਾ। ਐਨਾ ਹੀ ਬਹੁਤ ਸੀ ਕਿ ਜਦੋਂ ਉਸ ਦੀ ਤੀਵੀ ਵਾਪਸ ਆਉਂਦੀ ਤਾਂ ਚਾਂਦੀ ਦੇ ਰੁਪਈਆਂ ਦੀ ਪੋਟਲੀ ਅਤੇ ਹੋਰ ਕਈ ਕੁਝ ਲੈ ਕੇ ਆਉਂਦੀ। ਇਹ ਧੀ ਉਸ ਦੇ ਵੱਡੇ
ਸਰਦਾਰ ਕੋਲ ਜਾਣ ਤੋਂ ਪਹਿਲਾਂ ਹੀ ਜੰਮ ਪਈ ਸੀ ਇਸ ਲਈ ਛੋਟਾ ਸਰਦਾਰ ਜਾਣਦਾ ਸੀ ਕਿ ਇਹ ਉਸ ਦੇ ਬਾਪ ਦਾ ਖੂਨ ਨਹੀਂ ਹੈ। ਅਲਬੱਤਾ ਵੱਡੇ ਸਰਦਾਰ ਦੀ ਗੜ੍ਹੀ 'ਚ ਆਉਣ ਤੋਂ ਬਾਅਦ ਇਕ ਪੁੱਤਰ ਨੂੰ ਜ਼ਰੂਰ ਜਨਮ ਦਿੱਤਾ ਜੋ 'ਸਰਦਾਰਨੀ' ਨੇ ਆਪਣੇ ਗੁਮਾਸ਼ਤਿਆਂ ਦੁਆਰਾ ਮਰਵਾ ਦਿੱਤਾ ਸੀ। ਉਹ ਘੁਮਿਆਰਨ ਦਾ ਆਪਣੇ ਸਰਦਾਰ ਨਾਲ ਸੌਣਾ ਤਾਂ ਜਰ ਸਕਦੀ ਸੀ, ਕਿਉਂਕਿ ਜਾਣਦੀ ਸੀ ਕਿ ਸਾਰੇ ਜਗੀਰਦਾਰ ਇਹੋ ਕੁਝ ਕਰਦੇ ਹਨ। ਉਸ ਦਾ ਆਪਣਾ ਪਿਓ ਵੀ ਕਰਦਾ ਸੀ, ਪਰ ਘੁਮਿਆਰਨ ਦੇ ਢਿੱਡੋਂ ਜੰਮਿਆ ਸਰਦਾਰ ਦਾ 'ਪੁੱਤ' ਬਣ ਕੇ ਅਤੇ ਵੱਡਾ ਹੋ ਕੇ ਇਸ ਜਗੀਰ 'ਚੋਂ ਆਪਣਾ ਹਿੱਸਾ ਮੰਗ ਲਵੇ, ਇਹ ਨਹੀਂ ਸੀ ਜਰ ਸਕਦੀ।
"ਵੱਡਾ ਸਰਦਾਰ ਵਸਾਖਾ ਸਿੰਘ ਰਣਜੀਤ ਸਿੰਘ ਦੇ ਕਾਲ 'ਚ ਚਲਾਣਾ ਕਰ ਗਿਆ। ਜਦ ਤੱਕ ਰਣਜੀਤ ਸਿੰਘ ਜਿਉਂਦਾ ਸੀ, ਛੋਟਾ ਸਰਦਾਰ ਇਸ ਤਰ੍ਹਾਂ ਦੇ ਕੰਮ ਲੁਕ ਛਿਪ ਕੇ ਕਰਦਾ ਰਿਹਾ। ਪਰ ਰਣਜੀਤ ਸਿੰਘ ਦੇ ਸੁਰਗਵਾਸ ਹੋ ਜਾਣ ਤੋਂ ਬਾਅਦ ਇਸ ਨੂੰ 'ਸਭ ਕੁਝ' ਕਰਨ ਦੀ ਜਿਵੇਂ ਪੂਰੀ ਛੁੱਟੀ ਮਿਲ ਗਈ। ਪਹਿਲਾਂ ਤਾਂ ਇਸ ਕੁੜੀ ਰਤਨੀ ਨੂੰ ਆਪਣੀ ਤੀਵੀਂ ਦੇ ਜਨੇਪੇ ਸਮੇਂ ਉਸ ਦੀ ਸੇਵਾ ਕਰਨ ਲਈ ਆਪਣੀ ਗੜ੍ਹੀ 'ਚ ਬੁਲਾਇਆ ਅਤੇ ਫੇਰ ਕਈ ਮਹੀਨੇ ਤੱਕ ਵਾਪਸ ਨਹੀਂ ਜਾਣ ਦਿੱਤਾ। ਮਾਂ ਨੇ ਜਿਵੇਂ ਆਪਣੀ ਹੋਣੀ ਨੂੰ ਮੰਜੂਰ ਕਰ ਲਿਆ ਸੀ, ਇਸ ਨੇ ਵੀ ਕਰ ਲਿਆ, ਚਾਹੇ ਇਸ ਦਾ ਜੀਵਨ ਆਪਣੀ ਮਾਂ ਦੇ ਜੀਵਨ ਤੋਂ ਬਹੁਤ ਬਦਤਰ ਸੀ। ਰਾਤ ਨੂੰ ਸਰਦਾਰ ਦੀ 'ਸੇਵਾ'' ਕਰਨ ਦੇ ਇਲਾਵਾ ਸਰਦਾਰਨੀ ਨੇ ਨਵੇਂ ਜੰਮੇ ਪੁੱਤਰ ਦੀ ਦੇਖ ਭਾਲ, ਸਰਦਾਰਨੀ ਦੇ ਘਰ ਦੇ ਸਾਰੇ ਕੰਮ, ਸਵੇਰੇ ਪੰਜ ਵਜੇ ਤੋਂ ਰਾਤ ਦੇ ਗਿਆਰਾਂ ਵਜੇ ਤੱਕ ਕਿਸੇ ਨਾ ਕਿਸੇ ਕੰਮ 'ਚ ਲੱਗੀ ਹੀ ਰਹਿੰਦੀ। ਲੱਗਦਾ ਸੀ ਕਿ ਸਰਦਾਰ ਮਾਨ ਸਿੰਘ ਦੇ ਇਸ ਨਾਲ ਸੌਣ ਦਾ ਗੁੱਸਾ ਸਰਦਾਰਨੀ ਰਤਨੀ ਉੱਤੇ ਕੱਢਦੀ ਸੀ। ਉਂਜ ਹੋਰ ਵੀ ਕਈ ਸਨ ਪਰ ਉਹ ਆਉਂਦੀਆਂ ਜਾਂਦੀਆਂ ਰਹਿੰਦੀਆਂ ਜਾਂ ਸਰਦਾਰ ਆਪ ਹੀ ਲਹੌਰ ਦੀ ਹੀਰਾ ਮੰਡੀ ਜਾ ਕੇ ਐਸ਼ ਕਰ ਆਇਆ ਕਰਦਾ।"
"ਅਤੇ ਹੁਣ ਇਸ ਨਾਲ ਵੀ ਉਹੀ ਕੁਝ ਦੁਹਰਾਇਆ ਜਾਣ ਲੱਗਾ ਜੋ ਇਸ ਦੀ ਮਾਂ ਨਾਲ ਹੋ ਬੀਤਿਆ ਸੀ। ਜਦ ਇਸ ਨੇ ਗਰਭ ਧਾਰਿਆ ਤਾਂ ਪਹਿਲਾਂ ਤਾਂ ਸਰਦਾਰਨੀ ਅਤੇ ਸਰਦਾਰ ਦੀ ਆਪਸ ’ਚ ਜੰਗ ਹੋਈ। ਉਸ ਨੂੰ ਵੀ ਆਪਣੇ ਬਾਪ ਦੀ ਇਸ ਤੋਂ ਵੀ ਵੱਡੀ ਜਗੀਰ ਅਤੇ ਸਰਦਾਰਨੀ ਦਾ ਮਾਣ ਸੀ। "ਤੂੰ ਇਹ ਕੀ ਕੀਤਾ ? ਹੁਣ ਜੇ ਪੁੱਤ ਜੰਮ ਪਿਆ ਤਾਂ ਲੋਕੀ ਵੀ ਇਹੀ ਕਹਿਣਗੇ ਕਿ ਗੜ੍ਹੀ ਵਾਲਿਆਂ ਦਾ ਹੈ।" ਮਾਨ ਸਿੰਘ ਵੀ ਝੂਠ ਬੋਲ ਪਿਆ। ਬੋਲਿਆ ਮੈਨੂੰ ਤੇ ਕਈ ਮਹੀਨੇ ਹੋ ਗਏ ਇਸ ਨੂੰ ਆਪਣੇ ਕੋਲ ਬੁਲਾਇਆ। ਸਾਰਾ ਸਮਾਂ ਤੇ ਤੇਰੇ ਨਾਲ ਰਹਿੰਦੀ ਹੈ। ਜ਼ਰੂਰ ਕੋਈ ਯਾਰ ਬਣਾਇਆ ਹੋਇਆ ਹੋਵੇਗਾ। ਕਮਜਾਤ, ਬੇਹਯਾ...। ਮੈਂ ਕਈ ਵਾਰ ਮਾਲੀ ਅਤੇ ਚੌਕੀਦਾਰ ਨਾਲ ਹੱਸ-ਹੱਸ ਕੇ ਗੱਲਾਂ ਕਰਦਿਆਂ ਵੇਖਿਆ ਹੈ ...।"
ਸਰਦਾਰਨੀ ਜਾਣਦੀ ਸੀ ਕਿ ਇਹ ਝੂਠ ਬੋਲ ਰਿਹਾ ਹੈ। ਪਰ ਇਹ ਝੂਠ ਹੀ ਉਸ ਲਈ ਇਕ ਰਸਤਾ ਸੀ। ਚੌਕੀਦਾਰ ਅਤੇ ਮਾਲੀ ਨੂੰ ਵੀ ਕੁੱਟ ਪਈ ਅਤੇ ਇਸ ਰਤਨੀ ਨੂੰ ਵੀ ਮਾਰ-ਮਾਰ ਕੇ ਹਵੇਲੀਓ ਬਾਹਰ ਕੱਢ ਦਿੱਤਾ।
“ਤੇ ਇਸਦੇ ਆਪਣੇ ਮਾਂ ਬਾਪ?” ਕੀਰਤ ਸਿੰਘ ਨੇ ਕੁੜੀ ਵੱਲ ਤੱਕਦਿਆਂ ਪੁੱਛਿਆ। ਕੁੜੀ ਦੀਆਂ ਅੱਖਾਂ ਦੇ ਹੰਝੂ ਜਿਵੇਂ ਸੁੱਕ ਚੁੱਕੇ ਹੋਣ। ਉਹ ਖਾਲੀ-ਖਾਲੀ ਅੱਖਾਂ ਨਾਲ ਕੰਧ ਵਲ ਤੱਕ ਰਹੀ ਸੀ। ਉਹ ਜਿਵੇਂ ਸ਼ਰਮ ਅਤੇ ਦਇਆ ਤੋਂ ਵੀ ਦੂਰ ਚਲੇ ਗਈ ਸੀ।
"ਬਾਪ ਨੂੰ ਸੱਪ ਨੇ ਡੱਸ ਲਿਆ ਅਤੇ ਮਾਂ ਪਾਗਲ ਹੋ ਕੇ ਕਿਤੇ ਗਾਇਬ ਹੋ ਗਈ।" ਪਾਰਥ ਨਾਥ ਨੇ ਦੱਸਿਆ।
“ਚੱਲ ਉੱਠ ਬੀਬੀ ।" ਪਾਰਥ ਨਾਥ ਕੁੜੀ ਕੋਲ ਖੜਾ ਹੋ ਕੇ ਬੋਲਿਆ।"ਆ ਤੈਨੂੰ ਤੇਰਾ ਕਮਰਾ ਵਿਖਾਵਾਂ। ਨਾਲੇ ਨਹਾ ਧੋ, ਕੱਪੜੇ ਬਦਲ।"
ਬਿਸ਼ ਨਾਥ ਨੇ ਵੀ ਹਮਦਰਦੀ ਭਰੀਆਂ ਨਜ਼ਰਾਂ ਨਾਲ ਉਸ ਵੱਲ ਤੱਕਿਆ ਅਤੇ ਹੌਲੀ ਦੇਣੀ ਬੋਲੇ:
'"ਸਮਝ ਲੈ ਬੀਬੀ ਕਿ ਬੀਤਿਆ ਪਿੱਛੇ ਰਹਿ ਗਿਆ, ਇਹ ਤੇਰਾ ਨਵਾਂ ਜਨਮ ਹੈ।“
ਕੀਰਤ ਸਿੰਘ ਵੀ ਅੱਖਾਂ ਬੰਦ ਕਰਕੇ ਅਤੇ ਲੰਮਾ ਜਿਹਾ ਸਾਹ ਭਰਦਿਆਂ ਆਪਣੇ ਆਪ ਨੂੰ ਕਹਿ ਉੱਠਿਆ- ਇਕ ਯੁੱਧ ਖੇਤਰ ਇਹ ਵੀ ਹੈ। ਫਰੰਗੀਆਂ ਨਾਲ ਤਾਂ ਲੜਾਈਆਂ ਕਦੇ ਨਾ ਕਦੇ ਮੁੱਕ ਹੀ ਜਾਣਗੀਆਂ, ਪਰ ਕੀ ਇਹ ਲੜਾਈਆਂ ਵੀ ਕਦੇ ਮੁੱਕ ਸਕਣਗੀਆਂ ?"
ਇਕ ਚੇਲਾ ਆ ਕੇ ਇਕ ਡੂਨੇ 'ਚ ਪੰਜੀਰੀ ਅਤੇ ਲੱਸੀ ਦਾ ਗਿਲਾਸ ਕੀਰਤ ਸਿੰਘ ਦੇ ਸਾਹਮਣੇ ਰੱਖ ਗਿਆ। ਇਕ ਤਸ਼ਤਰੀ ਅਤੇ ਇਕ ਗਿਲਾਸ ਕੁੜੀ ਦੇ ਸਾਹਮਣੇ। ਪਰ ਕੁੜੀ ਨੇ ਉਸ ਨੂੰ ਹੱਥ ਨਹੀਂ ਲਾਇਆ। ਕੀਰਤ ਸਿੰਘ ਚੁੱਪ-ਚਾਪ ਪੰਜੀਰੀ ਦੇ ਫੱਕੇ ਮਾਰਦਿਆਂ ਕੰਧ 'ਤੇ ਬਣੀਆਂ ਪੁਰਾਣੇ ਨਾਥ ਜੋਗੀਆਂ ਦੀਆਂ ਤਸਵੀਰਾਂ ਵੇਖਣ ਲੱਗਾ।
"ਦੋ ਤਰ੍ਹਾਂ ਦੇ ਜੀਅ ਬਣਾਏ ਹਨ ਪ੍ਰਕਿਰਤੀ ਨੇ।" ਬਿਸ਼ ਨਾਥ ਕਹਿ ਰਿਹਾ ਸੀ, "ਇਕ ਮਾਸਾਹਾਰੀ, ਜੋ ਸ਼ਿਕਾਰ ਕਰਦਾ ਹੈ, ਦੂਜਾ ਜੋ ਸ਼ਿਕਾਰ ਹੁੰਦਾ ਹੈ।"
“ਤੁਸੀਂ ਕਿਸ ਦੀ ਗੱਲ ਕਰ ਰਹੇ ਹੋ?"
"ਰਾਜਿਆਂ, ਜਗੀਰਦਾਰਾਂ ਦੀ, ਹੋਰ ਕਿਸ ਦੀ।" ਇਹ ਉਹ ਲੋਕ ਹਨ ਜੋ ਸਦਾ ਦੂਜਿਆਂ ਦੀ ਮਿਹਨਤ 'ਤੇ ਜਿਉਂਦੇ ਆਏ ਹਨ।"
"ਤੁਹਾਡੇ ਮੂੰਹੋਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਹੈਰਾਨੀ ਹੋ ਰਹੀ ਹੈ।"
"ਤੂੰ ਸਮਝਦਾ ਏ," ਬਿਸ਼ ਨਾਥ ਹੱਸਦਿਆਂ ਬੋਲਿਆ, "ਕਿ ਅਸੀਂ ਬਸ ਨਾਮ ਜਪਦੇ ਅਤੇ ਵਿਹਲੇ ਬੈਠ ਕੇ ਖਾਂਦੇ ਹਾਂ। ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਬੰਦਾ ਸਾਧ ਕਿਉਂ ਬਣਦਾ ਹੈ? ਬਸ ਇਹੀ ਸਮਝ ਕਿ ਅਸੀ ਲੋਕ ਹਾਰੇ ਹੋਏ ਹੁੰਦੇ ਹਾਂ, ਜ਼ਿੰਦਗੀ ਤੋਂ ਭੱਜੇ ਹੋਏ ਅਤੇ... ਅਤੇ ਆਮ ਲੋਕਾਂ ਕੋਲ ਜਿਊਂਦੇ ਰਹਿਣ ਲਈ ਈਸ਼ਵਰ ਦੇ ਨਾਮ ਅਤੇ ਦੇਵਤਿਆਂ ਦੀਆਂ ਕਿੱਸੇ-ਕਹਾਣੀਆਂ ਦੇ ਇਲਾਵਾ ਹੋਰ ਕੁਝ ਨਹੀਂ ਹੁੰਦਾ।"
ਕੀਰਤ ਅਤੇ ਬਿਸ਼ ਨਾਥ ਕੁਝ ਦੇਰ ਤੱਕ ਗੱਲਾਂ ਕਰਦੇ ਰਹੇ। ਫੇਰ ਪੰਜੀਰੀ ਦੇ ਡੂਨੇ ਅਤੇ ਲੱਸੀ ਦੇ ਗਿਲਾਸ ਨੂੰ ਭੁੰਜੇ ਰੱਖਦਿਆਂ ਕੀਰਤ ਬੋਲਿਆ, "ਹੁਣ ਚੱਲਦਾ ਹਾਂ। ਥੱਲੇ ਸਾਥੀ ਉਡੀਕ ਰਹੇ ਹੋਣਗੇ। ਫੇਰ ਕਦੀ ਆਵਾਂਗਾ।" ਕਹਿ ਕੇ ਉਹ ਤੁਰ ਪਿਆ।
ਨਾਲ ਚਲ ਰਹੇ ਪਾਰਥ ਨਾਥ ਨੇ ਕੀਰਤ ਦੇ ਮੋਢੇ 'ਤੇ ਹੱਥ ਰੱਖਦਿਆਂ ਬਹੁਤ ਸੰਜੀਦਾ ਆਵਾਜ਼ 'ਚ ਆਖਿਆ:
"ਤੇਰੇ ਭਰਾ-ਭਰਜਾਈ ਸੁਣਿਆ ਕਾਫ਼ੀ ਮੁਸ਼ਕਲ 'ਚ ਹਨ। ਆ ਕੇ ਪਤਾ ਦੇਵੀਂ ਉਨ੍ਹਾਂ ਦੇ ਸੁੱਖ ਸਾਂਦ ਦਾ।"
ਕੀਰਤ ਸਿੰਘ ਟਿੱਲੇ ਤੋਂ ਉਤਰਿਆ ਤਾਂ ਉਸ ਦੇ ਸਾਥੀ ਨਹਾ ਧੋ ਕੇ ਉਸ ਦੀ ਉਡੀਕ ਕਰ ਰਹੇ ਸਨ। ਇਥੇ ਉਨ੍ਹਾਂ ਦਾ ਰਸਤਾ ਦੂਜੇ ਪਾਸੇ ਨੂੰ ਫਟਦਾ ਸੀ। ਉਹ ਕੀਰਤ ਸਿੰਘ ਤੋਂ ਵਿਦਾ ਲੈਣ ਲੱਗੇ ਤਾਂ ਉਸ ਨੇ ਕਿਹਾ ਕਿ ਉਹ ਘਰ ਚੱਲ ਕੇ ਲੱਸੀ-ਪਾਣੀ ਪੀ ਕੇ ਜਾਣ। ਉਸ ਦੇ ਵਾਰ-ਵਾਰ ਕਹਿਣ 'ਤੇ ਸਾਰਿਆਂ ਨੇ ਆਪਣੇ ਘੋੜਿਆਂ ਦੀਆਂ ਵਾਗਾਂ ਉਸ ਦੇ ਪਿੰਡ ਵੱਲ ਮੋੜ ਦਿੱਤੀਆਂ। ਕੀਰਤ ਦੇ ਮਸਤਕ 'ਚ ਬਿਸ਼ ਨਾਥ ਦੀਆਂ ਗੱਲਾਂ, ਉਸ ਕੁੜੀ ਦੀ ਦੁਰਦਸ਼ਾ ਅਤੇ ਪਾਰਥ ਨਾਥ ਦੀ ਉਸ ਦੀਆਂ ਭਰਾ-ਭਰਜਾਈ ਬਾਰੇ ਆਖੀਆਂ ਗੱਲਾਂ ਗੱਡ-ਮੱਡ ਹੋ ਰਹੀਆਂ ਸਨ। ਇਨ੍ਹਾਂ ਭੰਬਲ-ਭੂਸਿਆਂ 'ਚ ਫਸਿਆ ਉਸ ਨੂੰ ਇਹ ਵੀ ਪਤਾ ਨਾ ਲੱਗਾ ਕਿ ਉਹ ਪਿੰਡ 'ਚ ਵੜਨ ਦੇ ਆਮ ਰਸਤੇ ਨੂੰ ਛੱਡ ਕੇ ਦਲਿਤਾਂ ਦੇ ਘਰਾਂ ਵਿਚੋਂ ਹੋ ਕੇ ਲੰਘ ਰਿਹਾ ਸੀ । ਦਲਿਤਾਂ ਦੇ ਘਰਾਂ 'ਚ ਉੱਠਦੀ ਹੱਡਾ-ਰੋੜੀ ਅਤੇ ਕੱਚੇ-ਪੱਕੇ ਚਮੜਿਆਂ ਦੀ ਬੋਅ ਕਾਰਨ ਇਕ ਵਾਰੀ ਤੇ ਘੋੜੇ ਨੇ ਵੀ ਅੱਗੇ ਵਧਣ ਤੋਂ ਇਨਕਾਰ ਕਰ ਦਿੱਤਾ।
ਦਲਿਤ ਘਰ ਪਿੰਡ ਦਾ ਹਿੱਸਾ ਹੁੰਦਿਆਂ ਹੋਇਆਂ ਵੀ ਜਿਵੇਂ ਨਰਕ ਦਾ ਦ੍ਰਿਸ਼ ਪੇਸ਼ ਕਰ ਰਹੇ ਸੀ। ਸਾਰੀ ਗਲੀ 'ਚ ਗੰਦਾ ਪਾਣੀ ਵਗਦਿਆਂ ਛੱਪੜ 'ਚ ਇਕੱਠਾ ਹੋ ਰਿਹਾ ਸੀ। ਆਦਮੀਆਂ-ਤੀਵੀਆਂ ਅਤੇ ਨੰਗੇ ਫਿਰਦੇ ਬੱਚਿਆਂ ਦੇ ਸੁੱਕੇ ਜਿਹੇ ਜਿਸਮ ਇੱਧਰ-ਉੱਧਰ ਫਿਰਦੇ ਨਜ਼ਰ ਆ ਰਹੇ ਸਨ।
ਉਸ ਨੂੰ ਲੱਗਿਆ ਜਿਵੇਂ ਪਿਛਲੇ ਕੁਝ ਵਰ੍ਹਿਆਂ 'ਚ ਇਹ ਵਿਹੜੇ ਦੇ ਘਰ ਕੁਝ ਵੱਡੇ ਹੋ ਗਏ ਅਤੇ ਅਬਾਦੀ ਵੀ ਵਧ ਗਈ ਹੈ। ਉਸ ਨੇ ਇਸ ਦਾ ਕਾਰਨ ਸਮਝਣ ਦਾ ਯਤਨ ਕੀਤਾ ਪਰ ਕੁਝ ਖਾਸ ਸਮਝ ਨਾ ਆਇਆ।
ਪਿਛਲੀਆਂ ਸਦੀਆਂ 'ਚ ਬਾਹਰੋਂ ਆ ਰਹੇ ਮੁਸਲਮਾਨਾਂ, ਅਫ਼ਗਾਨਾਂ ਦੇ ਹਮਲੇ ਹੁੰਦੇ ਤਾਂ ਉਹ ਸਾਰੇ ਪਿੰਡ 'ਚ ਲੁੱਟ-ਮਾਰ ਕਰਦੇ, ਪਰ ਇਨ੍ਹਾਂ ਦੇ ਨੇੜੇ ਨਾ ਢੁਕਦੇ। ਇਹ ਨਾ ਹਿੰਦੂਆਂ 'ਚ, ਨਾ ਮੁਸਲਮਾਨਾ 'ਚ। ਨਾਲੇ ਇੱਥੋਂ ਲੁਟੇਰਿਆਂ ਨੂੰ ਮਿਲਣਾ ਵੀ ਕੀ ਸੀ ? ਸਿੱਖ ਰਾਜ ਸਥਾਪਤ ਹੋਣ ਨਾਲ ਜੱਟ-ਸਿੱਖ ਫ਼ੌਜ 'ਚ ਜਾ ਭਰਤੀ ਹੁੰਦੇ। ਪਹਿਲਾਂ ਆਪਣੀਆਂ ਤਨਖਾਹਾਂ ਘਰੀ ਭੇਜਦੇ ਅਤੇ ਫੇਰ ਕਿਸੇ ਲੜਾਈ 'ਚ ਮਾਰੇ ਜਾਂਦੇ। ਇਸ ਤਰ੍ਹਾਂ ਜੱਟਾਂ-ਸਿੱਖਾਂ ਦੀ ਅਬਾਦੀ ਚਾਹੇ ਘਟਦੀ ਜਾਂ ਉਨੀ ਹੀ ਰਹੀ, ਪਰ ਇਨ੍ਹਾਂ ਦਲਿਤਾਂ ਆਦਿ ਦੀ ਗਿਣਤੀ ਵਧਦੀ ਗਈ। ਨਾਲ-ਨਾਲ ਇਨ੍ਹਾਂ ਦੀ ਗਰੀਬੀ ਅਤੇ ਦਲਿੱਦਰਤਾ ਵੀ।
ਵਿਹੜੇ 'ਚੋਂ ਲੰਘਦਿਆਂ ਕਿਸੇ ਨੇ ਉਸ ਵੱਲ ਬਹੁਤਾ ਧਿਆਨ ਨਹੀਂ ਦਿੱਤਾ। ਇਕ ਕੱਚੇ ਜਿਹੇ ਘਰ ਕੋਲੋਂ ਲੰਘਦਿਆਂ ਕੀਰਤ ਸਿੰਘ ਨੂੰ 'ਰਾਮਕਲੀ' ਦਾ ਖ਼ਿਆਲ ਆ ਗਿਆ। ਇਨ੍ਹਾਂ 'ਚ ਜਦੋਂ ਕੋਈ ਸੋਹਣੀ ਕੁੜੀ ਜੰਮ ਪਵੇ ਤਾਂ ਕਿਸੇ ਅਜੂਬੇ ਵਾਂਗ ਹੁੰਦਾ। ਸਾਰੇ ਉਸ ਦੇ 'ਬਾਪ' ਬਾਰੇ ਆਪਣੇ-ਆਪਣੇ ਅਨੁਮਾਨ ਲਾਉਣ ਲੱਗਦੇ। ਇਹ ਰਾਮਕਲੀ
ਵੀ ਬਹੁਤ ਸੋਹਣੀ ਨਿਕਲੀ। ਜਦੋਂ ਜਵਾਨ ਹੋਈ ਤਾਂ ਪਿੰਡ ਦੇ ਸਾਰੇ ਮੁੰਡੇ ਉਸ ਦੇ ਪਿੱਛੇ ਭੌਰਿਆਂ, ਕੁੱਤਿਆਂ ਵਾਂਗ ਮੰਡਰਾਉਣ ਲੱਗੇ।
ਜਦੋਂ ਰਾਮਕਲੀ ਦਾ ਵਿਆਹ ਹੋਇਆ ਅਤੇ ਜੰਝ ਰਾਮਕਲੀ ਨੂੰ ਲੈ ਕੇ ਤੁਰੀ ਤਾਂ ਪਿੰਡ ਦੇ ਜੱਟਾਂ ਦੇ ਮਨਚਲੇ ਮੁੰਡਿਆਂ ਨੇ ਉਸ ਦੀ ਡੋਲੀ ਰੋਕ ਲਈ। ਜਾਂਜੀਆਂ ਨੂੰ ਮਾਰ-ਕੁੱਟ ਕੇ ਭਜਾ ਦਿੱਤਾ ਅਤੇ ਰਾਮਕਲੀ ਮੁੜ ਆਪਣੇ ਮਾਂ-ਪਿਓ ਦੇ ਘਰ ਆ ਬੈਠੀ। ਇਸ ਤੋਂ ਬਾਅਦ ਦੋ-ਤਿੰਨ ਵਾਰੀ ਉਸ ਦੇ ਘਰ ਵਾਲਿਆਂ ਨੇ ਉਸ ਦਾ ਵਿਆਹ ਕਰਕੇ ਤੋਰਨ ਦੀ ਕੋਸ਼ਿਸ਼ ਕੀਤੀ ਪਰ ਪਿੰਡ ਦੇ ਮੁੰਡੇ ਹਰ ਵਾਰੀ ਉਸ ਦੀ ਡੋਲੀ ਮੋੜ ਕੇ ਵਾਪਸ ਲੈ ਆਉਂਦੇ।
ਕੀਰਤ ਸਿੰਘ ਦੇ ਨਾ ਚਾਹੁੰਦਿਆਂ ਵੀ ਉਸ ਦੀ ਨਜ਼ਰ ਰਾਮਕਲੀ ਦੇ ਘਰ ਵੱਲ ਮੁੜ ਗਈ। ਉਸ ਨੂੰ ਯਾਦ ਆਇਆ ਕਿ ਇਕ ਸਰਦਾਰ ਨੇ ਉਸ ਨੂੰ ਆਪਣੀ ਰਖੇਲ ਬਣਾ ਕੇ ਰੱਖ ਲਿਆ ਸੀ। ਰਾਮਕਲੀ ਦੇ ਘਰ ਦੀ ਛੱਤ ਨਾਲ ਲਗਦੀ ਇਕ ਬੇਰੀ ਸੀ। ਅਤੇ ਇਕ ਤੀਵੀ ਛੱਤ 'ਤੇ ਲਮਕ ਰਹੀ ਟਾਹਣੀ ਨੂੰ ਹੱਥ ਪਾ ਕੇ ਬੇਰ ਤੋੜ ਰਹੀ ਸੀ। ਰਾਮਕਲੀ ਨੇ ਕੀਰਤ ਸਿੰਘ ਵੱਲ ਵੇਖ ਕੇ ਉਸ ਨੂੰ ਪਛਾਣ ਲਿਆ ਅਤੇ ਮੇਹਣਾ ਮਾਰਦਿਆਂ ਬੋਲੀ-
"ਸੁਣਾ ਬਈ ਸਰਦਾਰਾ! ਆ ਗਿਆ ਵਾਪਸ ਲੜਾਈਆਂ ਜਿੱਤ ਕੇ।" ਉਸ ਦੀ ਆਵਾਜ਼ ਅਤੇ ਅੰਦਾਜ਼ ਤੋਂ ਲੱਗਦਾ ਸੀ ਜਿਵੇਂ ਉਸ ਨੂੰ ਆਪਣੀ ਦਸ਼ਾ 'ਤੇ ਕੋਈ ਦੁੱਖ ਨਾ ਹੋਵੇ। ਹੁੰਦਾ ਵੀ ਕਿਉਂ ? ਜੇ ਵਿਆਹੀ ਜਾਂਦੀ ਤਾਂ ਵੀ ਤਾਂ ਕਿਹੜਾ ਸੁੱਖ ਭੋਗਣਾ ਸੀ। ਦਿਨ ਰਾਤ ਪਸ਼ੂਆਂ ਵਾਂਗ ਕੰਮ ਕਰਦੀ, ਜਵਾਕ ਜੰਮਦੀ, ਫੇਰ ਵੀ ਜੱਟਾਂ ਦੇ ਮੁੰਡਿਆਂ ਨੇ ਕਿਹੜਾ ਛੱਡਣਾ ਸੀ ਉਸ ਨੂੰ! ਸ਼ੁਰੂ-ਸ਼ੁਰੂ 'ਚ ਕੁਝ ਨਿੰਮੋ-ਝੂਣੀ ਰਹਿਣ ਤੋਂ ਬਾਅਦ ਉਸ ਨੇ ਵੀ ਮਨ ਹੀ ਮਨ ਫੈਸਲਾ ਕਰ ਲਿਆ ਕਿ ਜੇ ਇਸੇ ਤਰ੍ਹਾਂ ਜਿਊਣਾ ਹੈ। ਤਾਂ ਇਸ ਦਾ ਪੂਰਾ ਲਾਭ ਹੀ ਕਿਉਂ ਨਾ ਉਠਾਵੇ! ਭਾਗ ਵੱਸ ਕਿਸੇ 'ਚੰਗੇ ਸਰਦਾਰ ਦੇ ਵਸ ਪਈ। ਕਈ ਵਰ੍ਹੇ ਤਕ ਉਸ ਨੇ ਇਸ ਨੂੰ ਰੱਖਿਆ । ਹੁਣ ਵੀ ਉਸ ਵੱਲੋਂ ਕਣਕ, ਗੁੜ ਅਤੇ ਕੁਝ ਬੱਝਵੀਂ ਰਕਮ ਮਿਲਦੀ ਰਹਿੰਦੀ ਹੈ।
ਜ਼ਰਾ ਕੁ ਅੱਗੇ ਜਾ ਕੇ ਚੇਤ ਸਿੰਘ ਲੰਗੇ ਨੇ ਉਸ ਪਛਾਣਦਿਆਂ ਆਵਾਜ਼ ਮਾਰ ਲਈ। ਉਹ ਇਕ ਟੁੱਟੀ ਜਿਹੀ ਮੰਜੀ ’ਤੇ ਬੈਠਾ ਹੁੱਕਾ ਗੁੜਗੁੜਾ ਰਿਹਾ ਸੀ । ਨਾਲੋ ਨਾਲ ਦੂਜੇ ਹੱਥ ਨਾਲ ਆਪਣੀ ਖੁਰਦਰੀ ਜਿਹੀ ਦਾਹੜੀ ਨੂੰ ਖੁਰਕਨ ਲੱਗਦਾ। ਉਸ ਵੱਲ ਵੇਖਦਿਆਂ ਕੀਰਤ ਸਿੰਘ ਬੋਲਿਆ:
"ਸੁਣਾ ਬਈ ਚੇਤ ਸਿਆਂ, ਕੀ ਹਾਲ ਏ ਤੇਰਾ ?"
"ਹਾਲ ਕੀ ਹੋਣਾ ?ਤੂੰ ਵੇਖ ਹੀ ਰਿਹਾ ਹਾਂ ਏ ਬੜੇ ਦਿਨਾਂ ਬਾਅਦ ਚੱਕਰ ਲਾਇਆ।"
"ਫਰੰਗੀਆਂ ਨਾਲ ਲੜਾਈਆਂ ਅਤੇ ਲਾਹੌਰ ਦੇ ਘਮਸਾਨਾਂ ਤੋਂ ਹੀ ਵਿਹਲ ਨਹੀਂ ਮਿਲਿਆ। ਤੈਨੂੰ ਪਤਾ ਹੀ ਹੋਣਾ....।‘
“ਅਸੀਂ ਕੀ ਲੈਣਾ ਪਤਾ ਕਰਕੇ। ਚਾਹੇ ਸਿੱਖ ਹੋਣ ਹਾਕਮ, ਚਾਹੇ ਮੁਸਲਮਾਨ ਚਾਹੇ ਫਰੰਗੀ, ਅਸੀਂ ਤਾਂ ਉਹੀ ਦਾ ਉਹੀ ਰਹਿਣਾ। ਇਹ ਤਾਂ ਉਹੀ ਗੱਲ ਹੋਈ ਕਿ ਕਿਸੇ ਨੇ
ਖੋਤੇ ਨੂੰ ਕਿਹਾ ਕਿ ਨੱਸ ਜਾ ਛੇਤੀ ਨਾਲ, ਦੁਸ਼ਮਣ ਦੀਆਂ ਹਮਲਾਵਰ ਫ਼ੌਜਾਂ ਆ ਰਹੀਆਂ ਨੇ। ਖੋਤੇ ਨੇ ਅੱਗਿਓ ਪੁੱਛਿਆ, ਉਹ ਆ ਕੇ ਮੇਰੀ ਪਿੱਠ 'ਤੇ ਭਾਰ ਜਿਆਦਾ ਪਾਉਣਗੇ ਕਿ ਘੱਟ ? ਖਬਰਦਾਰ ਕਰਨ ਵਾਲੇ ਨੇ ਕਿਹਾ ਕਿ ਭਾਰ ਤਾਂ ਓਨਾ ਹੀ ਰਹਿਣਾ।'' ਚੇਤ ਸਿੰਘ ਨੇ ਆਖਿਆ।
ਪਿਛਲੇ ਵਰ੍ਹਿਆਂ 'ਚ, ਯਾਨੀ ਪੰਜਾਹ ਸੱਠ ਸਾਲ ਪਹਿਲਾਂ, ਬਜ਼ੁਰਗ ਦੱਸਦੇ ਹਨ-ਸਾਇਦ ਇਸ ਤੋਂ ਵੀ ਪਹਿਲਾਂ ਹਨ ਇਨ੍ਹਾਂ ਨੂੰ ਕੁਝ ਆਸ ਬੱਝੀ ਕਿ ਸਾਇਦ ਇਨ੍ਹਾਂ ਦੇ ਵੀ ਚੰਗੇ ਦਿਨ ਆਉਣ ਵਾਲੇ ਹਨ। ਬੰਦਾ ਬਹਾਦਰ ਨੇ ਜਦ ਜਗੀਰਦਾਰੀ ਖ਼ਤਮ ਕਰਕੇ ਹਲ-ਵਾਹਵਾਂ ਨੂੰ ਜ਼ਮੀਨਾਂ ਦਾ ਮਾਲਕ ਬਣਾਇਆ ਅਤੇ ਆਪਣੀ ਫ਼ੌਜ ਬਣਾਈ ਤਾਂ ਇਨ੍ਹਾਂ ਛੋਟੀ ਜਾਤ ਵਾਲਿਆਂ ਨੂੰ ਵੀ ਆਪਣੀ ਫ਼ੌਜ 'ਚ ਭਰਤੀ ਕਰਨਾ ਸ਼ੁਰੂ ਕਰ ਦਿੱਤਾ ਸੀ। ਬਘੇਲ ਸਿੰਘ ਨੇ ਵੀ ਇਸ ਪ੍ਰਥਾ ਨੂੰ ਕਾਫੀ ਹਦ ਤੱਕ ਜਾਰੀ ਰੱਖਿਆ। ਜੱਟਾਂ ਨੇ ਇਹ ਵੀ ਕਾਨੂੰਨ 'ਮੁੜ' ਲਾਗੂ ਕਰਵਾ ਲਿਆ ਕਿ ਇਨ੍ਹਾਂ ਛੋਟੀਆਂ ਜਾਤਾਂ ਵਾਲਿਆਂ ਨੂੰ ਜ਼ਮੀਨ ਦੀ ਮਾਲਕੀ ਦੇ ਹੱਕ ਕਿਸੇ ਵੀ ਸੂਰਤ 'ਚ ਨਹੀਂ ਦਿੱਤੇ ਜਾਣਗੇ। ਹੁਣ ਤੇ ਇਹ ਹਾਲ ਸੀ ਕਿ ਕਿਸੇ ਦਲਿਤ ਭਰਾ ਨੂੰ ਪੱਕਾ ਮਕਾਨ ਬਣਾਉਣ ਦੀ ਵੀ ਇਜਾਜ਼ਤ ਨਹੀਂ ਸੀ ਅਤੇ ਨਾ ਹੀ ਚੰਗਾ ਜਿਹਾ ਬੂਹਾ ਲਾਉਣ ਦੀ। ਬਸ ਫੱਟੇ ਜਿਹੇ ਜੋੜ ਕੇ ਬੂਹਾ ਚੁਗਾਠਾਂ 'ਚ ਜੜੇ ਹੁੰਦੇ-ਬੂਹਿਆਂ ਸਾਹਮਣੇ ਵਗਦੀਆਂ ਗੰਦੀਆਂ ਨਾਲੀਆਂ।
ਕੀਰਤ ਚੁੱਪ ਰਹਿ ਗਿਆ। ਇਸ ਦਾ ਭਲਾ ਉਹ ਕੀ ਜਵਾਬ ਦੇਂਦਾ। ਪਰ ਨਾਲ ਹੀ ਸੋਚਣ ਲੱਗਾ ਸਾਡੇ ਲਈ ਵੀ ਕੀ ਬਦਲਿਆ ? ਬਲਕਿ ਮਾੜਾ ਹੀ ਹੋਇਆ। ਉਸ ਦਾ ਪਿਓ ਦੱਸਿਆ ਕਰਦਾ ਸੀ ਕਿ ਬਘੇਲ ਸਿੰਘ ਦੀ ਵਿਧਵਾ ਰਾਣੀ ਤੋਂ ਸਭ ਕੁਝ ਖੋਹ ਲਿਆ। ਇੱਥੋਂ ਤੱਕ ਕਿ ਉਸ ਦੇ ਘਰ ਦੇ ਭਾਂਡੇ ਟੀਂਡੇ, ਘੋੜੇ, ਹਾਥੀ ਵੀ। ਅਤੇ ਫੇਰ ਕੁਮਾਦਾਨ, ਵਸਾਖਾ ਸਿੰਘ ਦੀਆਂ ਕਈ ਲੜਾਈਆਂ 'ਚ ਬਹਾਦਰੀ ਵਿਖਾਉਣ ਦੇ ਇਵਜ 'ਚ ਦੱਸ ਪਿੰਡ ਇਨਾਮ ਵਜੋਂ ਦੇ ਦਿੱਤੇ ਗਏ ਅਤੇ ਇਸ ਦੇ ਨਾਲ ਹੀ ਕੀਰਤ ਸਿੰਘ ਦਾ ਪਿਓ ਆਪਣੀ ਜਮੀਨ ਦੇ ਮਾਲਕ ਦੀ ਥਾਵੇਂ ਜਗੀਰਦਾਰ ਦਾ ਪੱਟੀਦਾਰ ਬਣ ਗਿਆ।
ਆਪਣੇ ਘਰ ਦੇ ਲਾਗੇ ਪਹੁੰਚਦਿਆਂ ਉਹ ਮਨ ਹੀ ਮਨ ਸੋਚ ਰਿਹਾ ਸੀ ਕਿ ਉਹ ਘਰ ਦੇ ਅੰਦਰ ਵੜਦਿਆਂ ਹੀ ਗੌਰਾਂ ਭਰਜਾਈ ਨੂੰ ਕਹੇਗਾ ਲਿਆ ਕਰਜਾਈ ਪਹਿਲਾਂ ਲੱਸੀ ਪਿਲਾ ਦੇ ਸ਼ੱਕਰ ਪਾ ਕੇ, ਅਤੇ ਫੇਰ...! ਕਿਨੀ ਖ਼ੁਸ਼ ਹੋਵੇਗੀ ਮੈਨੂੰ ਵੇਖ ਕੇ, ਜਿਊਂਦੇ ਜਾਗਦੇ ਨੂੰ ਅਤੇ ਫੇਰ ਮੈਂ ਭਰਾ-ਭਰਜਾਈ ਨੂੰ ਆਪਣੀਆਂ ਲੜਾਈਆਂ ਬਾਰੇ ਤਫਸੀਲ ਨਾਲ ਦੱਸਾਂਗਾ...।
ਉਨ੍ਹਾਂ ਨੇ ਆਪਣੇ ਘੋੜੇ ਆਪਣੇ ਘਰ ਦੇ ਬਾਹਰ ਖੜੇ ਕੀਤੇ ਅਤੇ ਆਪਣੇ ਸਾਥੀਆ ਨੂੰ ਬਾਹਰ ਇਕ ਰੁੱਖ ਦੀ ਛਾਵੇਂ ਖੜਾ ਰਹਿਣ ਦਾ ਕਹਿ ਕੇ ਕੀਰਤ ਸਿੰਘ ਨੇ ਬੂਹੇ ਦੀ ਕੁੰਡੀ ਜਾ ਖੜਕਾਈ। ਬੂਹਾ ਅੰਦਰੋਂ ਬੰਦ ਨਹੀਂ ਸੀ। ਆਪਣੇ ਆਪ ਖੁੱਲ੍ਹ ਗਿਆ। ਵਿਹੜੇ 'ਚ ਕੋਈ ਨਹੀਂ ਸੀ ਅਤੇ ਵਿਹੜੇ ਤੋਂ ਪਰ੍ਹੇ ਉਸ ਦੀ ਬੁੱਢੀ ਬਿਮਾਰ ਭੂਆ ਇਕ ਟੁੱਟੇ ਜਿਹੇ ਮੰਜੇ 'ਤੇ ਲੰਮੀ ਪਈ ਸੀ।
"ਸਾ ਸ੍ਰੀ ਅਕਾਲ ਭੂਆ !"
ਭੂਆ ਦੋਹਾਂ ਹੱਥਾਂ ਦਾ ਸਹਾਰਾ ਲੈ ਕੇ ਕੁਝ ਮੁਸ਼ਕਲ ਨਾਲ ਉੱਠੀ ਅਤੇ ਉਸ ਵੱਲ ਚੁੰਧਿਆਈਆਂ ਅੱਖਾਂ ਨਾਲ ਤੱਕਦਿਆਂ ਤੇ ਲੰਮਾ ਜਿਹਾ ਸਾਹ ਲੈਂਦਿਆਂ ਬੋਲੀ:
"ਕੌਣ ? ਕੀਰਤ ? ਤੂੰ ਆ ਗਿਆ ?"
"ਹਾਂ, ਆ ਗਿਆ। ਬਾਕੀ ਸਾਰੇ ਕਿੱਥੇ ਆ ? ਕੋਈ ਦਿਸਦਾ ਨਹੀਂ ?"
"ਦੱਸਦੀ ਆਂ ਪੁੱਤਰਾ, ਦੱਸਦੀ ਆਂ, ਪਹਿਲਾਂ ਪਾਣੀ ਪੂਣੀ ਪੀ ਲੈ।"
"ਤੂੰ ਦੱਸ ਤਾਂ ਸਹੀ ਪਹਿਲਾਂ ?" ਕੀਰਤ ਸਿੰਘ ਕਾਹਲਾ ਪੈਂਦਿਆ ਬੋਲਿਆ।
ਕੀ ਦੱਸਾਂ ਪੁੱਤਰਾ, ਬਹੁਤ ਮਾੜਾ ਵਖ਼ਤ ਆ ਗਿਆ। ਮੁਸੀਬਤ ਪੈ ਗਈ ਸਾਡੇ ਉੱਤੇ। ਤੂੰ ਗੁੱਸੇ 'ਚ ਕੁਝ ਕਰ ਨਾ ਬੈਠੀਂ। ਬੜਾ ਡਰ ਲੱਗਦਾ... ਤੈਨੂੰ ਦੱਸਦਿਆਂ। ਪਿਛਲੇ ਸਾਲ ਪੂਰਾ ਮਾਮਲਾ ਨਹੀਂ ਤਾਰਿਆ ਗਿਆ, ਬਲਕਿ ਹੁਦਾਰ ਚੜ੍ਹ ਗਿਆ ਬਾਣੀਏ ਦਾ। ਇਸ ਸਾਲ ਵੀ ਫ਼ਸਲ ਮਾਰੀ ਗਈ । ਆਪਣੇ ਖਾਣ ਲਈ ਵੀ ਮਸਾਂ ਬਚੇ ਕੁਝ ਦਾਣੇ। ਮਾਮਲਾ ਕਿਵੇਂ ਤਾਰਦੇ...। ਪਰਸੋਂ ਸਰਦਾਰ ਦੇ ਆਦਮੀ ਆਏ ਤੇ ਫੜ ਕੇ ਲੈ ਗਏ....।“
"ਤੇ ਗੌਰਾਂ ਭਰਜਾਈ?”
ਉੱਤਰ 'ਚ ਭੂਆ ਚੁੱਪ ਰਹੀ। ਉਸ ਦੀਆਂ ਨਿੱਕੀਆਂ-ਨਿੱਕੀਆਂ ਅੱਖਾਂ 'ਚ ਉਦਾਸੀ ਹੋਰ ਗੂੜ੍ਹੀ ਹੋ ਗਈ ਅਤੇ ਉਸ ਦਾ ਸਿਰ ਨੀਵਾਂ ਹੋ ਕੇ ਜਿਵੇਂ ਆਪਣੇ ਆਪ ਹਿੱਲਣ ਲੱਗ ਪਿਆ ਹੋਵੇ।
ਉਨੀਂ ਦੇਰ ਤੱਕ ਗੁਆਂਢ ਦੀਆਂ ਦੋ ਤਿੰਨ ਬੁੜੀਆਂ ਵੀ ਘੋੜ ਚੜ੍ਹਿਆਂ ਨੂੰ ਆਇਆ ਵੇਖ ਕੇ ਅੰਦਰ ਆ ਵੜੀਆਂ ਸਨ।
"ਕਾਠ ਮਾਰਿਆ ਪਿਆ ਤੇਰੇ ਭਰਾ ਨੂੰ ਫੌਜਦਾਰਾਂ।" ਇਕ ਅੱਧਖੜ ਤੀਵੀਂ ਬੋਲੀ। ਇਹ ਪਿੰਡ ਦੀ ਮੂੰਹ-ਫੱਟ ਜਗੀਰੋ ਸੀ ਜੋ ਉਸ ਦੇ ਜੀ ਚ ਆਉਂਦਾ, ਬੰਦੇ ਦੇ ਮੂੰਹ 'ਤੇ ਜਾ ਮਾਰਦੀ ਸੀ। "ਅਤੇ ਬਚਾ ਲੈ ਆਪਣੀ ਭਰਜਾਈ ਨੂੰ ਵੀ, ਜੇ ਹਿੰਮਤ ਹੈ ਤੇ ।"
ਜਗੀਰੋ ਕੁਝ ਹੋਰ ਵੀ ਬੋਲਣਾ ਚਾਹੁੰਦੀ ਸੀ। ਪਰ ਕੀਰਤ ਬੇਸਬਰ ਹੋ ਉੱਠਿਆ। ਉਹ ਜਾਣਦਾ ਸੀ ਇਸ 'ਕਾਠ ਮਾਰਨ' ਨੂੰ। ਜਦ ਕੋਈ ਕਿਰਸਾਨ ਮਾਮਲਾ ਨਾ ਤਾਰ ਸਕਦਾ ਜਾਂ ਜਿਸ ਕਿਸੇ ਨੂੰ ਸਜਾ ਦੇਣੀ ਹੁੰਦੀ ਤਾਂ ਇਕ ਫੱਟੇ 'ਚ ਦੋ ਤਿੰਨ ਫੁੱਟ ਦੀ ਦੂਰੇ ਤੇ ਛੇਕ ਕਰਕੇ ਉਸ ਦੇ ਪੈਰ ਇਸ ਤਰ੍ਹਾਂ ਵਿੱਚ ਫਸਾ ਦਿੱਤੇ ਜਾਂਦੇ ਕਿ ਉਹ ਬਾਹਰ ਨਹੀਂ ਸੀ ਕੱਢ ਸਕਦਾ। ਅਤੇ ਫੇਰ ਉਸ ਨੂੰ ਦਿਨ-ਰਾਤ ਖੜਾ ਰੱਖਦੇ, ਚਾਹੇ ਧੁੱਪ ਹੋਵੇ ਚਾਹੇ ਮੀਂਹ ਅਤੇ ਚਾਹੇ ਪਾਲਾ।
ਪਰ ਉਨ੍ਹਾਂ ਬੁੜੀਆਂ ਤੋਂ ਗੌਰਾਂ ਭਰਜਾਈ ਬਾਰੇ ਜੋ ਸੁਣਿਆ, ਉਹ ਸੁਣ ਕੇ ਕੀਰਤ ਨੂੰ ਰੋਹ ਚੜ੍ਹ ਆਇਆ। ਉਸ ਨੇ ਪਾਣੀ ਪੀਤਾ ਆਪਣੇ ਛੇ ਸਾਥੀਆਂ ਨੂੰ ਪਾਣੀ ਪਿਲਾਇਆ ਅਤੇ ਆਪਣੀਆਂ ਤਲਵਾਰਾਂ ਸੰਭਾਲ ਕੇ ਜਗੀਰਦਾਰ ਦੀ ਹਵੇਲੀ ਵੱਲ ਨੱਸ ਪਿਆ। ਜਗੀਰੇ ਨੇ ਦੱਸਿਆ ਸੀ ਕਿ ਜਗੀਰਦਾਰ ਮਾਨ ਸਿੰਘ ਦੀ ਅੱਖ ਬਹੁਤ ਦਿਨਾਂ ਤੋਂ ਗੌਰਾਂ 'ਤੇ ਸੀ। ਕਈ ਯਤਨ ਵੀ ਕਰ ਚੁੱਕਿਆ ਸੀ ਗੌਰਾਂ ਨੂੰ ਫੁਸਲਾਉਣ ਦੇ। ਪਰ ਗੌਰਾਂ ਹਮੇਸ਼ਾ ਉਸ ਤੋਂ ਬਚਦੀ ਹੀ ਰਹੀ। ਹੁਣ ਮਾਨ ਸਿੰਘ ਨੇ ਗੌਰਾਂ ਨੂੰ ਸੁਨੇਹਾ ਘੋਲਿਆ ਕਿ ਜੇ ਬਚਨਾ ਮਾਮਲਾ ਨਹੀਂ ਤਾਰ ਸਕਦਾ ਤਾਂ ਆਪਣੀ ਤੀਵੀਂ ਨੂੰ 'ਕੰਮ
ਕਰਨ ਲਈ ਦੋ ਤਿੰਨ ਮਹੀਨੇ ਵਾਸਤੇ ਉਸ ਦੀ ਹਵੇਲੀ ਵਿੱਚ ਭੇਜ ਦੇਵੇ। 'ਕੰਮ' ਦਾ ਤੇ ਬਹਾਨਾ ਹੀ ਹੈ ਜਿਸ ਨੂੰ ਸਾਰੇ ਸਮਝਦੇ ਹਨ।
ਸਰਦਾਰ ਦੀ ਹਵੇਲੀ ਪਿੰਡ ਦੇ ਬਾਹਰ ਕਰਕੇ ਸੀ। ਪਿੰਡ ਅਤੇ ਹਵੇਲੀ ਵਿਚਕਾਰ ਇਕ ਖੁੱਲ੍ਹਾ ਜਿਹਾ ਮੈਦਾਨ ਸੀ ਜਿਸ 'ਚ ਕਿਤੇ-ਕਿਤੇ ਅੱਕ ਦੀਆਂ ਝਾੜੀਆਂ ਅਤੇ ਭੱਖੜੇ ਵਿਛੇ ਹੋਏ ਸਨ। ਚੰਗਾ ਇਹ ਹੋਇਆ ਕਿ ਗੌਰਾਂ ਉਸ ਨੂੰ ਅੱਕਾਂ ਵਿੱਚੋਂ ਲੰਘਦੀ ਇਕ ਪਗਡੰਡੀ ਉੱਤੇ ਤੇਜ-ਤੇਜ਼ ਕਦਮਾਂ ਨਾਲ ਜਾਂਦੀ ਦਿਸ ਪਈ। ਨੰਗੇ ਪੈਰੀ, ਆਪਣੇ ਕਦਮਾਂ ਨਾਲ ਧੂੜ ਉਡਾਉਂਦੀ, ਹਾਰੀ ਜਿਹੀ ਹੋਈ। ਆਪਣੀਆਂ ਚਿੰਤਾਵਾਂ ਚ ਗੁਆਚੀ ਨੂੰ ਪਿੱਛੇ ਦੌੜਦੇ ਆ ਰਹੇ ਸੱਤ ਘੋੜਿਆਂ ਦੀਆਂ ਟਾਪਾਂ ਵੀ ਜਿਵੇਂ ਸੁਣੀਆਂ ਨਾ ਹੋਣ।
"ਰੁਕ ਜਾ ਗੌਰਾਂ ਭਰਜਾਈ ਰੁਕ ਜਾ।" ਕੀਰਤ ਸਿੰਘ ਨੇ ਪਿੱਛਿਓਂ ਆਵਾਜ਼ ਮਾਰੀ। ਅਤੇ ਦੂਜੇ ਹੀ ਪਲ ਕੀਰਤ ਸਿੰਘ ਘੋੜੇ ਤੋਂ ਛਾਲ ਮਾਰ ਕੇ ਗੌਰਾਂ ਸਾਹਮਣੇ ਆ ਖੜਾ ਹੋਇਆ।
ਕੀਰਤ ਸਿੰਘ ਨੂੰ ਆਪਣੇ ਸਾਹਮਣੇ ਖੜਾ ਵੇਖ ਕੇ ਪਹਿਲਾਂ ਤਾਂ ਉਸ ਨੂੰ ਆਪਣੀਆਂ ਅੱਖਾਂ 'ਤੇ ਇਤਬਾਰ ਹੀ ਨਾ ਆਇਆ ਫੇਰ ਉਸ ਨਾਲ ਚਿੰਬੜ ਕੇ ਰੋਂਦਿਆ ਹੋਇਆਂ ਬੋਲੀ-
"ਤੂੰ ਆ ਗਿਆ ਵੀਰਾ! ਵੇਖ ਤੇਰੀ ਸੋਹਣੀ ਭਰਜਾਈ ਦਾ ਹਾਲ ਅਤੇ ਔਹ ਵੇਖ ਸਰਦਾਰਾਂ ਦੀ ਹਵੇਲੀ ਦੇ ਸਾਹਮਣੇ ਆਪਣੇ ਭਰਾ ਦੀ ਦੁਰਦਸ਼ਾ!"
ਕੀਰਤ ਸਿੰਘ ਗੌਰਾਂ ਦੇ ਖਿਲਰੇ, ਧੂੜ ਭਰੇ ਵਾਲਾਂ 'ਤੇ ਹੱਥ ਫੇਰਦਿਆਂ ਉਸ ਵੱਲ ਤੱਕ ਰਿਹਾ ਸੀ। ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਅੱਗਿਓਂ ਕੀ ਕਹੇ। ਇਸ ਵੇਲੇ ਉਸਨੇ ਕੀ ਕਰਨਾ ਹੈ, ਮਨ ਹੀ ਮਨ ਉਸਨੇ ਫੈਸਲਾ ਕਰ ਲਿਆ।
"ਕਹਿੰਦੇ ਨੇ ਪਾਂਡੂਆਂ ਨੇ ਦਰੋਪਦੀ ਨੂੰ ਜੂਏ 'ਚ ਹਾਰਿਆ ਸੀ। ਪਰ ਤੂੰ ਹੀ ਦੱਸ ਇਹ ਕਹੀ ਹਾਰ ...?" ਗੌਰਾਂ ਬੋਲ ਰਹੀ ਸੀ।
"ਤੈਨੂੰ ਹੁਣ ਹਾਰਨ ਦੀ ਲੋੜ ਨਹੀਂ। ਤੂੰ ਜਾ ਭਰਜਾਈ ਵਾਪਸ ਆਪਣੇ ਘਰ । ਜੇ ਕੁਝ ਲੈ ਕੇ ਜਾਣ ਵਾਲਾ ਹੈ ਤਾਂ ਜਾ ਕੇ ਸਾਂਭ ਲੈ। ਅਸੀਂ ਭਰਾ ਨੂੰ ਲੈ ਕੇ ਆਉਂਦੇ ਹਾਂ, ਛੇਤੀ ਹੀ।"
ਹਵੇਲੀ ਦੇ ਵੱਡੇ ਸਾਰੇ ਬੂਹੇ ਸਾਹਮਣੇ, ਜਿਸ 'ਚੋਂ ਹਾਥੀ ਵੀ ਲੰਘ ਸਕਦਾ ਹੋਵੇ ਸਿਰਫ ਬਚਨ ਸਿੰਘ ਹੀ ਨਹੀਂ, ਪਿੰਡ ਦੇ ਦੋ ਹੋਰ ਕਿਰਸਾਨਾਂ, ਕਾਮਿਆਂ ਨੂੰ ਕਾਠ ਮਾਰ ਕੇ ਖੜਾ ਕੀਤਾ ਹੋਇਆ ਸੀ, ਸਿਖਰ ਦੁਪਹਿਰੇ। ਜੇ ਉਨ੍ਹਾਂ 'ਚੋਂ ਕੋਈ ਬੈਠਣ ਜਾਂ ਡਿੱਗਣ ਲੱਗਦਾ ਤਾਂ ਉਨ੍ਹਾਂ ਦੁਆਲੇ ਖੜੇ ਚਾਰ ਸਿਪਾਹੀ ਤੂਤ ਦੀਆਂ ਸੋਟੀਆਂ ਮਾਰ ਕੇ ਮੁੜ ਖੜਾ ਕਰ ਦੇਂਦੇ।
ਗੌਰਾਂ ਵਾਪਸ ਮੁੜ ਪਈ, ਪਰ ਫੇਰ ਕੁਝ ਦੂਰ ਜਾ ਕੇ ਇਕ ਕਿੱਕਰ ਦੇ ਰੁੱਖ ਓਹਲੇ ਲੁਕ ਕੇ ਖੜੀ ਹੋ ਗਈ ਅਤੇ ਉਨ੍ਹਾਂ ਵੱਲ ਉਤਸੁਕਤਾ ਤੇ ਭੈਅ ਭਰੀਆਂ ਅੱਖਾਂ ਨਾਲ ਤੱਕਣ ਲੱਗੀ।
ਸੱਤ ਘੋੜ ਸਵਾਰਾਂ ਨੂੰ ਬਰਛੇ ਸੰਭਾਲਦਿਆਂ ਅਤੇ ਤਲਵਾਰਾਂ ਲਹਿਰਾਉਂਦਿਆਂ
ਆਪਣੇ ਵੱਲ ਆਉਂਦਿਆਂ ਵੇਖ ਕੇ ਚਾਰੇ ਸਿਪਾਹੀ ਡਰ ਦੇ ਮਾਰਿਆਂ ਹਵੇਲੀ ਵੱਲ ਦੌੜ ਪਏ। ਪਰ ਕੀਰਤ ਸਿੰਘ ਨੇ ਹਵੇਲੀ ਤੱਕ ਪਹੁੰਚਣ ਤੋਂ ਪਹਿਲਾਂ ਹੀ ਆਣ ਘੇਰਿਆ ਅਤੇ ਬਰਛਿਆਂ ਦਾ ਉਲਟਾ ਪਾਸਾ ਮਾਰ ਕੇ ਥੱਲੇ ਡੇਗ ਲਿਆ। ਫੇਰ ਉਨ੍ਹਾਂ ਤੋਂ ਫੱਟਿਆਂ ਦੇ ਛੇਕਾਂ ਦੁਆਲੇ ਲਾਈਆਂ ਲੋਹੇ ਦੀਆਂ ਪੱਤੀਆਂ ਦੀਆਂ ਚਾਬੀਆਂ ਖੋਹੀਆਂ, ਉਨ੍ਹਾਂ ਦੀਆਂ ਪੱਗਾਂ ਨਾਲ ਉਨ੍ਹਾਂ ਦੇ ਹੱਥ ਪੈਰ ਬੰਨ੍ਹ ਕੇ ਭੁੰਜੇ ਡੇਗ ਦਿੱਤਾ ਅਤੇ ਤਿੰਨਾਂ ਨੂੰ ਫੱਟਿਆਂ 'ਚੋਂ ਕੱਢ ਦਿੱਤਾ। ਬਚਨ ਸਿੰਘ ਦੀਆਂ ਲੱਤਾਂ ਆਕੜੀਆਂ ਪਈਆਂ ਸਨ । ਉਸ ਨੂੰ ਕੀਰਤ ਸਿੰਘ ਨੇ ਸਹਾਰਾ ਦੇ ਕੇ ਆਪਣੀਆਂ ਬਾਹਵਾਂ 'ਚ ਸੰਭਾਲਿਆ ਅਤੇ ਬੋਲਿਆ, ਤੂੰ ਭਾਅ ਫਟਾ ਫਟ ਘਰ ਚੱਲ ਅਤੇ ਨੱਸਣ ਲਈ ਤਿਆਰ ਹੋ ਜਾ। ਅਸੀਂ ਜਰਾ ਉਸ ਮਾਨ ਸਿੰਘ ਨੂੰ ਸੋਧ ਕੇ ਆਉਂਦੇ ਆਂ। ਉਸ ਭੈਣ.... ਨੇ ਕੀ ਸਮਝਿਆ ਕਿ ਸਿੰਘ ਸਿਪਾਹੀ: ਬੱਸ ਉਸੇ ਕੰਮ' ਲਈ ਹੁੰਦੇ.... !"
ਕੀਰਤ ਸਿੰਘ ਨੂੰ ਮਾਨ ਸਿੰਘ ਦੇ ਇਨ੍ਹਾਂ ਸਿਪਾਹੀਆ ਤੋਂ ਪਤਾ ਲੱਗਾ ਕਿ ਇਸ ਵੇਲੇ ਮਾਨ ਸਿੰਘ ਦੁਪਹਿਰ ਦੀ ਰੋਟੀ ਖਾ ਕੇ ਅਤੇ ਪੀ ਪਾ ਕੇ ਠੰਡੇ ਕਮਰੇ ਚ ਸੁੱਤਾ ਪਿਆ ਹੋਵੇਗਾ। ਹਵੇਲੀ ਦੇ ਅੰਦਰ ਸਿਪਾਹੀ ਚੌਦਾਂ ਪੰਦਰਾਂ, ਉਹ ਵੀ ਆਪਣੇ-ਆਪਣੇ ਮੰਜਿਆਂ ਤੇ ਪਏ ਸ਼ਾਇਦ ਸੁੱਤੇ ਪਏ ਜਾਂ ਅਰਾਮ ਕਰ ਰਹੇ ਹੋਣ। ਪਰ ਜੇ ਡਰ ਹੈ ਤਾਂ ਹੁਕਮ ਸਿੰਘ ਦਾ। ਉਹ ਜ਼ਰੂਰ ਜਗੀਰਦਾਰ ਦੇ ਕਮਰੇ ਦੇ ਬਾਹਰ ਪਿੱਪਲ ਦੇ ਰੁੱਖ ਥੱਲੇ ਆਪਣੇ ਚਾਰ ਪੰਜ ਆਦਮੀਆਂ ਨੂੰ ਲੈ ਕੇ ਬੈਠਾ ਹੋਵੇਗਾ।
ਲੱਗਦਾ ਸੀ ਕਿ ਇਹ ਕੁਝ ਦੱਸਣ ਵਾਲੇ ਸਿੱਖ ਸਿਪਾਹੀ ਦੀ ਕੋਈ ਹਮਦਰਦੀ ਸਰਦਾਰ ਮਾਨ ਸਿੰਘ ਨਾਲ ਨਹੀਂ ਸੀ। ਹੁਕਮ ਸਿੰਘ ਨਾਲ ਤੇ ਬਿਲਕੁਲ ਹੀ ਨਹੀਂ। ਕੀਰਤ ਸਿੰਘ ਵੀ ਚੰਗੀ ਤਰ੍ਹਾਂ ਜਾਣਦਾ ਸੀ ਮਾਨ ਸਿੰਘ ਦੇ ਇਸ ਗੁਮਾਸ਼ਤੇ ਨੂੰ ਸਵਾ ਛੇ ਫੁੱਟ ਉੱਚਾ ਅਤੇ ਕਿੱਕਰ ਵਰਗਾ ਸਖ਼ਤ ਜੁੱਸਾ। ਪਿੰਡ ਵਾਲੇ ਸਾਰੇ ਹੀ ਡਰਦੇ ਸਨ ਉਸਤੋਂ।
ਉਨ੍ਹਾਂ ਦੀ ਕਿਸਮਤ ਚੰਗੀ ਕਿ ਜਦੋਂ ਉਹ ਗੜ੍ਹੀ ਨੁਮਾ ਹਵੇਲੀ ਦੇ ਅੰਦਰ ਵੜੇ ਤਾ 'ਠੰਡੇ ਕਮਰੇ ਦੇ ਬਾਹਰ ਤਿੰਨ ਸਿੱਖ ਸਿਪਾਹੀ ਮੰਜਿਆਂ 'ਤੇ ਬੈਠੇ ਉਬਾਸੀਆਂ ਲੈ ਰਹੇ ਸਨ। ਹੁਕਮ ਸਿੰਘ ਉਨ੍ਹਾਂ ਵਿੱਚ ਨਹੀਂ ਸੀ। ਉਹ ਸ਼ਾਇਦ ਚੁੱਕ ਕੇ ਲਿਆਂਦੀ ਕਿਸੇ ਤੀਵੀਂ ਨਾਲ ਮੌਜ ਮਸਤੀ ਕਰ ਰਿਹਾ ਸੀ । ਕੀਰਤ ਸਿੰਘ ਨੇ ਅਚਾਨਕ ਹਮਲਾ ਕਰਕੇ ਉਨ੍ਹਾਂ ਤਿੰਨਾਂ ਨੂੰ ਫੱਟੜ ਕਰ ਦਿੱਤਾ ਅਤੇ ਕਮਰੇ ਅੰਦਰ ਜਾ ਕੇ ਮਾਨ ਸਿੰਘ ਨੂੰ ਜਾ ਲਲਕਾਰਿਆ।
"ਉੱਠ ਉਏ ਕੁੱਤਿਆ ਸਰਦਾਰਾ, ਤਲਵਾਰ ਚੁੱਕ ਅਤੇ ਲੜਨ ਲਈ ਤਿਆਰ ਹੋ ਜਾ । ਪਿੱਛੋਂ ਲੋਕ ਨਾ ਆਖਣ ਕਿ ਕੀਰਤ ਸਿੰਘ ਨੇ ਨਿਹੱਥੇ ਨੂੰ ਮਾਰ ਦਿੱਤਾ। ਚਾਹੇ ਤੂੰ ਬਥੇਰਿਆਂ ਨਿਹੱਥਿਆਂ ਨੂੰ ਮਾਰਿਆ ਹੋਵੇਗਾ।"
ਮਾਨ ਸਿੰਘ ਘਬਰਾ ਕੇ ਛੇਤੀ ਦੇਣੀ ਉੱਠਿਆ ਤਾਂ ਉਸ ਦੇ ਤੇੜ ਬੰਨ੍ਹਿਆਂ ਤੰਬਾ ਖੁੱਲ੍ਹ ਕੇ ਭੁੰਜੇ ਡਿੱਗ ਪਿਆ। ਹੁਣ ਉੱਪਰ ਮਲਮਲ ਦਾ ਪਤਲਾ ਜਿਹਾ ਝੱਗਾ ਅਤੇ ਤੇੜ ਕੱਛਾ। ਇਕ ਪਾਸੇ ਪਈ ਤਲਵਾਰ ਚੁੱਕੀ ਅਤੇ ਤਲਵਾਰ ਮਿਆਨ 'ਚੋਂ ਕੱਢ ਕੇ ਹੁਕਮ ਸਿੰਘ ਨੂੰ ਵਾਜਾਂ ਮਾਰਦਿਆਂ ਲੜਨ ਲਈ ਤਿਆਰ ਹੋ ਗਿਆ। ਮੋਟੀ ਤੋਂਦ ਦੇ ਥੱਲੇ
ਪਤਲੀਆਂ-ਪਤਲੀਆਂ ਲੱਤਾਂ, ਹੋਰ ਹੀ ਤਰ੍ਹਾਂ ਦਾ ਲੱਗ ਰਿਹਾ ਸੀ, ਮਦਾਰੀ ਜਿਹਾ। ਮਾਨ ਸਿੰਘ ਆਪਣੀ ਭਰ ਜਵਾਨੀ ਵੇਲੇ ਸ਼ਾਇਦ ਇਕ ਚੰਗਾ ਤਲਵਾਰਬਾਜ ਰਿਹਾ ਸੀ । ਹੁਣ ਕੁਝ ਦੇਰ ਡਟ ਕੇ ਮੁਕਾਬਲਾ ਕਰਦਾ ਅਤੇ ਕੀਰਤ ਸਿੰਘ ਦੇ ਵਾਰ ਰੋਕਦਾ ਰਿਹਾ। ਪਰ ਛੇਤੀ ਹੀ ਕੀਰਤ ਸਿੰਘ ਦੀ ਤਲਵਾਰ ਦੇ ਦੋ ਤਿੰਨ ਵਾਰ ਖਾ ਕੇ ਭੁੰਜੇ ਡਿੱਗ ਪਿਆ।
ਹੁਣ ਦੂਰੋਂ-ਨੇੜਿਓਂ 'ਮਾਰੋ-ਮਾਰੋ' 'ਫੜੋ-ਫੜੋਂ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ । ਲੱਗਦਾ ਸੀ ਕਿ ਮਾਨ ਸਿੰਘ ਦੇ ਸਿਪਾਹੀਆਂ ਨੂੰ ਇਸ ਹਮਲੇ ਦਾ ਪਤਾ ਲੱਗ ਗਿਆ ਸੀ ਅਤੇ ਉਹ ਇਸੇ ਪਾਸੇ ਦੌੜਦੇ ਆ ਰਹੇ ਸਨ। ਕੀਰਤ ਸਿੰਘ ਨੂੰ ਇਸ ਹਵੇਲੀ ਦੇ ਸਾਰੇ ਨਕਸ਼ੇ ਦਾ ਪਤਾ ਸੀ । ਉਸ ਨੇ ਆਪਣੇ ਛੇਓਂ ਆਦਮੀਆਂ ਨੂੰ ਇਕੱਠਾ ਕੀਤਾ ਅਤੇ ਘੋੜਿਆਂ ਦੇ ਤਬੇਲੇ 'ਚੋਂ ਲੰਘਦਿਆਂ ਹੋਇਆਂ ਹਵੇਲੀ ਦੇ ਬਾਹਰ ਨਿਕਲ ਆਏ ਅਤੇ ਫੇਰ ਇਕ ਪਾਸੇ ਖੜੇ ਹੋਏ ਆਪਣੇ ਘੋੜਿਆਂ 'ਤੇ ਚੜ੍ਹ ਕੇ ਨੱਸ ਪਏ। ਰੋਹੀ ਦੇ ਪਾਰ ਜਾ ਕੇ ਘੁਮਿਆਰਾਂ ਦੇ ਪਕਾ ਕੇ ਰੱਖੇ ਘੜਿਆਂ-ਚਾਟੀਆਂ ਦੇ ਢੇਰਾਂ ਕੋਲੋਂ ਲੰਘਣ ਲੱਗੇ ਤਾਂ ਕੀਰਤ ਸਿੰਘ ਦੀ ਨਜ਼ਰ ਛਿੰਦੂ ਘੁਮਿਆਰ 'ਤੇ ਪਈ ਜੋ ਇਕ ਟੁੱਟੇ ਜਿਹੇ ਮੰਜੇ 'ਤੇ ਇਕ ਟਾਹਲੀ ਥੱਲੇ ਬੈਠਾ ਮੱਖੀਆਂ ਉਡਾ ਰਿਹਾ ਸੀ।
"ਸੁਣਾ ਬਈ ਕੀਰਤ ਸਿੰਘ, ਅੱਜ ਕਿੱਥੇ ਦੌੜੀ ਜਾਨਾਂ। ਐਨੇ ਦਿਨਾਂ ਦੇ ਬਾਅਦ ਵੇਖਿਆ ਤੈਨੂੰ। ਆ ਬਹਿ ਜਾ ਦੋ ਪਲ...।"
"ਬਹਿਣ ਦਾ ਸਮਾਂ ਨਹੀਂ। ਬੱਸ ਇਕ ਕੰਮ ਕਰ ਦੇ ਫਟਾਫਟ।" ਕੀਰਤ ਸਿੰਘ ਛੇਤੀ ਨਾਲ ਗੱਲ ਖ਼ਤਮ ਕਰਨ ਦੇ ਢੰਗ 'ਚ ਬੋਲਿਆ:
"ਬਚਨ ਸਿੰਘ ਨੂੰ ਜਾ ਕੇ ਕਹਿ ਆ ਕਿ ਉਹ ਸਤਲੁਜ ਤੋਂ ਪਾਰ ਰੋਪੜ ਦੇ ਇਲਾਕੇ ਵੱਲ ਚਲਿਆ ਜਾਏ। ਉੱਥੇ ਰਿਸ਼ਤੇਦਾਰੀ ਹੈ ਸਾਡੀ ।"
“ਕਿਉਂ, ਐਸੀ ਕੀ ਗੱਲ ਹੋ ਗਈ ?"
''ਬੱਸ, ਉਸ ਹਰਾਮ ਦੇ ਪੁੱਤਰ ਮਾਨ ਸਿੰਘ ਦਾ ਭੋਗ ਪਾ ਕੇ ਆ ਰਿਹਾਂ ?"
"ਮਰ ਗਿਆ ਕੁੱਤਾ?" ਛਿੰਦੂ ਘੁਮਿਆਰ ਦੇ ਬੋਲਾਂ 'ਚ ਹੈਰਾਨੀ ਵੀ ਸੀ, ਖੁਸ਼ੀ ਵੀ ਸੀ ਅਤੇ ਕੀਰਤ ਲਈ ਚਿੰਤਾ ਵੀ। ਕੀਰਤ ਨੇ ਬੋਝੇ 'ਚੋਂ ਤਿੰਨ ਚਾਰ ਰੁਪਏ ਕੱਢੇ ਅਤੇ ਉਸ ਦੇ ਮੰਜੇ 'ਤੇ ਸੁੱਟਦਿਆਂ ਬੋਲਿਆ:
"ਉਨ੍ਹਾਂ ਨੂੰ ਦਰਿਆਉਂ ਪਾਰ ਪੁਚਾਉਣ ਦੀ ਤੇਰੀ ਜ਼ਿੰਮੇਵਾਰੀ।"
ਹਿੰਦੂ ਘੁਮਿਆਰ ਨੇ ਮੰਜੇ 'ਤੇ ਡਿੱਗੇ ਰੁਪਏ ਚੁੱਕ ਕੇ ਮੁੜ ਕੀਰਤ ਸਿੰਘ ਦੇ ਹੱਥ 'ਚ ਫੜਾਉਂਦਿਆਂ ਆਖਿਆ:
"ਇਕ ਚੰਗਾ ਕੰਮ ਕਰਨ ਦਾ ਮੌਕਾ ਮਿਲਿਆ ਹੈ। ਤੂੰ ਦੌੜ ਜਾ, ਇਹ ਕੰਮ ਹੋਇਆ ਸਮਝ।"
ਇਸ ਤੋਂ ਬਾਅਦ ਕੀਰਤ ਸਿੰਘ ਨੇ ਆਪਣੇ ਸਾਥੀਆਂ ਨਾਲ ਘੁਮਿਆਰਾਂ ਦੀ ਬਸਤੀ ਦਾ ਇਕ ਚੱਕਰ ਲਾਇਆ। ਚੱਕਰ ਲਾਉਂਦਿਆਂ ਵਾਰੀ-ਵਾਰੀ ਆਪਣੇ ਸਾਥੀਆਂ ਨੂੰ ਵੱਖ-ਵੱਖ ਦਿਸ਼ਾਵਾਂ 'ਚ ਭਜਾ ਦਿੱਤਾ, ਪਿੱਛਾ ਕਰਨ ਵਾਲਿਆਂ ਨੂੰ ਭੁਲੇਖੇ ਵਿਚ ਰੱਖਣ ਲਈ। ਉਂਜ ਵੀ ਉਨ੍ਹਾਂ ਸਾਰਿਆਂ ਨੇ ਆਪਣੇ-ਆਪਣੇ ਘਰੀਂ ਜਾਣਾ ਸੀ। ਅਤੇ
ਆਪ ਉਸ ਨੇ ਆਪਣੇ ਘੋੜੇ ਦੀਆਂ ਵਾਗਾਂ ਪਠਾਨਕੋਟ ਵੱਲ ਮੋੜ ਦਿੱਤੀਆਂ।
***
ਉਹ! ਕਿਵੇਂ ਬਚ ਕੇ ਨਿਕਲ ਆਇਆ ਸੀ ਉਸ ਵਾਰੀ!” ਕੀਰਤ ਸਿੰਘ ਨੇ ਸ਼ੁਜਾਹਬਾਦ ਦੇ ਕਿਲ੍ਹੇ 'ਚ ਬਾਰੀ 'ਚ ਬੈਠਿਆਂ ਅਤੇ ਮੁੜ ਉਨ੍ਹਾਂ ਖ਼ਤਰਿਆਂ ਭਰੇ ਪਲਾਂ ਚੋਂ ਲੰਘਦਿਆਂ ਆਪਣੇ ਆਪ ਨੂੰ ਆਖਿਆ। ਉਸ ਦਾ ਹੱਥ ਆਪਣੇ ਆਪ ਹੀ ਮੋਢੇ ਅਤੇ ਮੱਥੇ ਉੱਤੇ ਦਿਸਦੇ ਜਖਮਾਂ ਦੇ ਨਿਸ਼ਾਨਾਂ ਨੂੰ ਪੋਲਿਆਂ-ਪੋਲਿਆਂ ਛੋਹਣ ਲੱਗਾ ਜਿਵੇਂ ਉਹ ਕੋਈ ਬਹੁਤ ਕੀਮਤੀ ਵਸਤੂਆਂ ਹੋਣ। ਫੇਰ ਉਸ ਦੇ ਮਸਤਕ 'ਚ ਮੁੜ ਉਹ ਛੋਟੀ ਜਿਹੀ ਲੜਾਈ ਸਕਾਰ ਹੋ ਉੱਠੀ ਜਦੋਂ ਉਹ ਆਪਣਾ ਪਿੱਛਾ ਕਰ ਰਹੇ ਛੇ ਸਤ ਸਿਪਾਹੀਆਂ ਦੁਆਰਾ ਘੇਰਿਆ ਗਿਆ ਸੀ। ਅਤੇ ਫੇਰ ਜ਼ਖ਼ਮੀ ਹੋ ਕੇ ਬਿਆਸ ਦਰਿਆ ਦੀ ਬੇਟ ਚੋਂ ਹੋ ਕੇ ਲੰਘਣਾ, ਬੂਝਿਆਂ ਅਤੇ ਦਲਦਲ 'ਚੋਂ ਨਿਕਲਦਿਆਂ ਜ਼ਖ਼ਮੀ ਹਾਲਤ 'ਚ ਦਲਦਲ ਚ ਹੀ ਘੋੜੇ ਤੋਂ ਡਿੱਗ ਪੈਣਾ। ਉਸ ਨੇ ਡਿਗਦਿਆਂ ਸੋਚ ਲਿਆ ਸੀ ਕਿ ਉਸ ਦੀ ਆਖ਼ਰੀ ਘੜੀ ਆਣ ਪਹੁੰਦੀ ਹੈ। ਥੋੜ੍ਹੀ ਹੀ ਦੇਰ 'ਚ ਪਿੱਛਾ ਕਰਨ ਵਾਲੇ ਆ ਪਹੁੰਚਗੇ ਅਤੇ ਉਸ ਦੇ ਟੋਟੇ-ਟੋਟੇ ਕਰਕੇ ਬਿਆਸ ਦਰਿਆ ’ਚ ਸੁੱਟ ਦੇਣਗੇ ਜਾਂ ਗਿਰਝਾਂ ਲਈ ਛੱਡ ਜਾਣਗੇ। ਤੇ ਫੇਰ ਉਹ ਬੇਹੋਸ਼ ਹੋ ਗਿਆ ਸੀ।
ਅੱਧੀ ਰਾਤ ਗੁਜਰਿਆਂ ਜਦ ਉਸ ਨੂੰ ਹੋਸ਼ ਆਈ ਤਾਂ ਆਪਣੇ ਆਪ ਨੂੰ ਬੂਝਿਆਂ ਚ ਘਿਰਿਆ, ਦਲਦਲ 'ਚ ਲੱਥ-ਪੱਥ ਹੋਇਆ ਵੇਖ ਕੇ ਕੁਝ ਹੈਰਾਨੀ ਹੋਈ ਕਿ ਹਾਲੇ ਤੱਕ ਉਹ ਜਿਊਂਦਾ ਕਿਵੇਂ ਹੈ ? ਉਸ ਦਾ ਘੋੜਾ ਉਸ ਕੋਲ ਖੜਾ ਉਸ ਨੂੰ ਸੁੰਘ ਰਿਹਾ ਸੀ। ਜਰਾ ਕੁ ਵਿੱਥ 'ਤੇ ਹਾਥੀ ਜਿੰਨੇ ਉੱਚੇ ਬੂਝੇ ਦੂਰ-ਦੂਰ ਤੱਕ ਪਸਰੇ ਦਿਸ ਰਹੇ ਸਨ। ਉਸਨੇ ਅਨੁਮਾਨ ਲਾਇਆ ਕਿ ਉਸ ਦਾ ਘੋੜਾ ਜਰੂਰ ਉਨ੍ਹਾਂ ਉੱਚੇ ਬੂਝਿਆਂ 'ਚ ਅਦਿਸ ਹੋ ਗਿਆ ਹੋਵੇਗਾ। ਉਹ ਆਪ ਤੇ ਡਿੱਗਿਆ ਹੀ ਪਿਆ ਸੀ। ਪਿੱਛਾ ਕਰਨ ਵਾਲਿਆਂ ਜਾਂ ਤਾਂ ਉਸ ਨੂੰ ਬਿਆਸ ਦਰਿਆ ’ਚ ਡੁੱਬ ਗਿਆ ਜਾਂ ਮਰ ਕੇ ਡਿੱਗ ਪਿਆ ਸਮਝ ਲਿਆ ਹੋਵੇਗਾ। ਫੇਰ ਵੀ ਉਸ ਨੇ ਸਵੇਰ ਹੋਣ ਦੀ ਉਡੀਕ ਨਹੀਂ ਕੀਤੀ। ਆਪਣੇ ਹੱਥ ਪੈਰ ਹਿਲਾ ਕੇ ਵੇਖੇ, ਮੋਢੇ ਅਤੇ ਬਾਹਵਾਂ ਦੇ ਜ਼ਖ਼ਮਾਂ ਨੂੰ ਪੱਗ ਪਾੜ ਕੇ ਬੰਨ੍ਹਿਆ, ਇਕ ਟਿੱਬੇ 'ਤੇ ਖੜਾ ਹੋ ਕੇ ਬੜੀ ਮੁਸ਼ਕਲ ਨਾਲ ਘੋੜੇ ਦੀ ਪਿੱਠ 'ਤੇ ਬੈਠਿਆ ਅਤੇ ਘੋੜਾ ਦਰਿਆ ਵੱਲ ਮੋੜ ਦਿੱਤਾ।
ਇਸ ਸਾਲ ਮੀਂਹ ਘੱਟ ਪੈਣ ਕਾਰਨ ਦਰਿਆ ਚ ਪਾਣੀ ਬਹੁਤ ਪਤਲਾ ਅਤੇ ਧਾਰ ਤੇਜ ਨਹੀਂ ਸੀ। ਛੇਤੀ ਹੀ ਦਰਿਆ ਪਾਰ ਕਰਕੇ ਪਠਾਨਕੋਟ ਵਾਲੇ ਪਾਸੇ ਪਹੁੰਚ ਗਿਆ ਅਤੇ ਜਦੋਂ ਸਵੇਰ ਦਾ ਚਾਨਣਾ ਹੋਇਆ ਤਾਂ ਉਸ ਨੇ ਸਾਹਮਣੇ ਦਿਸਦੇ ਪਹਾੜਾਂ ਵੱਲ ਤਕਦਿਆਂ ਦਿਸ਼ਾ ਦਾ ਅਨੁਮਾਨ ਲਾਇਆ। ਕੁਝ ਦੇਰ ਲੰਮਾ ਪੈ ਕੇ ਅਰਾਮ ਕੀਤਾ, ਖੇਤਾਂ ਚੋਂ ਤਰਬੂਜੇ ਤੋੜ ਕੇ ਖਾਧੇ ਅਤੇ ਚੰਬੇ ਵੱਲ ਜਾ ਰਹੀ ਪਗਡੰਡੀ 'ਤੇ ਘੋੜਾ ਅੱਗੇ ਵਧਾ ਦਿੱਤਾ।
ਉਹ ਸਮਝ ਗਿਆ ਸੀ ਕਿ ਹੁਣ ਉਸ ਵਿੱਚ ਜਿਊਂਦੇ ਰਹਿਣ ਦੀ ਸ਼ਕਤੀ ਖ਼ਤਮ ਹੁੰਦੀ ਜਾ ਰਹੀ ਹੈ ਅਤੇ ਉਹ ਛੇਤੀ ਹੀ ਘੋੜੇ ਤੋਂ ਡਿੱਗ ਕੇ ਮਰ ਜਾਵੇਗਾ। ਮੱਖੀਆਂ ਉਸਦੇ ਜਖਮਾਂ ਤੇ ਬੈਠੀਆਂ ਜਿਵੇਂ ਡੰਗ ਮਾਰਦੀਆਂ, ਉਸ ਦਾ ਲਹੂ ਚੂਸ ਰਹੀਆਂ ਸਨ।
ਇਕ ਜ਼ਖਮ ਖੱਬੀ ਬਾਂਹ 'ਤੇ ਸੀ, ਇਕ ਮੋਢੇ 'ਤੇ। ਬਾਂਹ ਹਿਲਾ ਕੇ ਮੱਖੀਆਂ ਉਡਾਉਣ ’ਚ ਵੀ ਬਹੁਤ ਤਕਲੀਫ ਹੋ ਰਹੀ ਸੀ। ਘੋੜੇ ਤੋਂ ਡਿੱਗਣ ਤੋਂ ਬਚਣ ਲਈ ਉਸ ਨੇ ਕਾਠੀ ਦਾ ਉਪਰਲਾ ਹਿੱਸਾ ਘੁੱਟ ਕੇ ਫੜਿਆ ਹੋਇਆ ਸੀ। ਮੱਖੀਆਂ ਦੀਆਂ ਚੋਭਾਂ ਦੇ ਇਲਾਵਾ ਤ੍ਰੇਹ ਕਾਰਨ ਉਸ ਦਾ ਗਲਾ ਸੁੱਕਾ ਪਿਆ ਸੀ । ਜੇ ਉਹ ਇਹਨਾਂ ਜਖ਼ਮਾਂ ਅਤੇ ਮੱਖੀਆਂ ਕਾਰਨ ਨਹੀਂ ਮਰਿਆ ਤਾਂ ਤ੍ਰੇਹ ਕਾਰਨ ਤਾਂ ਮਰ ਹੀ ਜਾਵੇਗਾ। ਫੇਰ ਉਸ ਨੇ ਕੁਝ ਦੂਰੀ ਤੇ ਕੁਝ ਚਮਕਦਾ ਹੋਇਆ ਵੇਖਿਆ। 'ਪਾਣੀ' ਉਸਦੇ ਅੰਦਰੋਂ ਇਕ ਆਵਾਜ਼ ਨਿਕਲੀ। ਚਲੋ, ਘੱਟ ਤੋਂ ਘੱਟ ਉਹ ਪਿਆਸਾ ਤਾਂ ਨਹੀਂ ਮਰੇਗਾ। ਘੋੜੇ ਨੇ ਵੀ ਜਿਵੇਂ ਪਾਣੀ ਨੂੰ ਸੁੰਘ ਲਿਆ ਹੋਵੇ। ਘੋੜਾ ਵੀ ਆਪਣੇ ਆਪ ਉਸ ਪਾਸੇ ਵੱਲ ਵਧਣ ਲੱਗਾ। ਛੱਪੜ ਜਿਹਾ ਨੇੜੇ ਹੁੰਦਾ ਅਤੇ ਨਾਲ ਹੀ ਸੂਰਜ ਥੱਲੇ ਹੁੰਦਿਆਂ ਡੁੱਬਦਾ ਜਾ ਰਿਹਾ ਸੀ ਅਤੇ ਫਿਰ ਬਿਲਕੁਲ ਹਨੇਰਾ ...।
ਜਦੋਂ ਉਸ ਦੀ ਅੱਖ ਖੁੱਲ੍ਹੀ ਤਾਂ ਹਨੇਰੇ ਵਿੱਚ ਉਸ ਨੇ ਦੀਵਾ ਬਲਦਾ ਵੇਖਿਆ। ਹਾਂ, ਇਹ ਦੀਵਾ ਹੀ ਸੀ। ਡੁੱਬਦਾ ਸੂਰਜ ਨਹੀਂ ਸੀ ਦੀਵੇ ਦੀ ਛੋਟੀ ਜਿਹੀ ਲਾਟ। ਕੋਲ ਹੀ ਉਸ ਨੂੰ ਕਿਸੇ ਬੁੱਢੇ ਆਦਮੀ ਦਾ ਚਿਹਰਾ ਨਜ਼ਰ ਆਇਆ, ਮੋਢਿਆਂ ਤੱਕ ਲਮਕਦੇ ਚਿੱਟੇ ਵਾਲ, ਚਿੱਟੀ ਦਾਹੜੀ, ਵੱਡੇ-ਵੱਡੇ ਕੰਨਾਂ 'ਚ ਮੁੰਦਰਾਂ ਅਤੇ ਭੂਰੀਆਂ ਅੱਖਾਂ। ਕੀਰਤ ਸਿੰਘ ਨੂੰ ਅੱਖਾਂ ਖੋਲ੍ਹਦਿਆਂ ਦੇਖ ਕੇ ਬੁੱਢੇ ਦੇ ਬੁੱਲਾਂ 'ਤੇ ਹਲਕੀ ਜਿਹੀ ਮੁਸਕਾਨ ਆ ਗਈ। ਕੀਰਤ ਸਿੰਘ ਨੇ ਬੋਲਣ ਲਈ ਸੁੱਕਿਆਂ ਬੁੱਲ੍ਹਾਂ 'ਤੇ ਜੀਭ ਫੇਰੀ। ਬੁੱਢਾ ਉੱਠਿਆ ਅਤੇ ਕੋਲ ਪਏ ਘੜੇ 'ਚੋਂ ਇਕ ਕਟੋਰਾ ਪਾਣੀ ਦਾ ਭਰ ਕੇ ਉਸ ਕੋਲ ਆਇਆ ਤੇ ਕਟੋਰਾ ਉਸ ਦੇ ਬੁੱਲ੍ਹਾਂ ਨਾਲ ਲਾ ਦਿੱਤਾ।
ਉਸ ਨੂੰ ਲੱਗਿਆ ਜਿਵੇਂ ਇਹ ਪਾਣੀ ਨਹੀਂ ਅੰਮ੍ਰਿਤ ਹੋਵੇ। ਠੰਡੇ ਪਾਣੀ ਦੀ ਪਤਲੀ ਜਿਹੀ ਧਾਰਾ ਜਿਵੇਂ ਉਸ ਦੇ ਸੁੱਕੇ ਸੰਘ 'ਚੋਂ ਹੋ ਕੇ ਉਸ ਦੀਆਂ ਨਾੜਾਂ 'ਚੋਂ ਲੰਘ ਰਹੀ ਹੋਵੇ । ਆਹ! ਉਸ ਨੇ ਸੁੱਖ ਦਾ ਸਾਹ ਲੈਂਦਿਆਂ ਮਨ ਹੀ ਮਨ ਆਖਿਆ- ਲਗਦਾ ਹੈ ਕਿ ਮੈਂ ਮਰਾਂਗਾ ਨਹੀਂ। ਪਰ... ਮੈਂ ਕਿੱਥੇ ਹਾਂ ?
ਹੋਸ਼ ਆਉਣ 'ਤੇ ਸਭ ਤੋਂ ਪਹਿਲਾਂ ਜੋ ਉਸ ਨੇ ਵੇਖਿਆ, ਉਹ ਇਹ ਕਿ ਉਹ ਇਕ ਮੰਜੇ ਉੱਤੇ ਤਕਰੀਬਨ ਨੰਗਾ ਪਿਆ ਹੈ, ਇਕ ਕੱਛੇ ਦੇ ਇਲਾਵਾ । ਉਸ ਦੇ ਮੋਢੇ, ਬਾਂਹ ਅਤੇ ਲੱਤਾਂ 'ਤੇ ਸਾਫ ਪੱਟੀਆਂ ਬੰਨ੍ਹੀਆਂ ਹੋਈਆਂ, ਸਾਫ਼ ਬਿਸਤਰਾ ਅਤੇ ਉਸ ਦਾ ਸਰੀਰ ਇਕ ਸਾਫ਼ ਚੰਦਰ ਨਾਲ ਅੱਧਾ ਕੁ ਢੱਕਿਆ ਹੋਇਆ। ਮੇਜੇ ਦੇ ਕੋਲ ਹੀ ਹਲਕੀ-ਹਲਕੀ ਧੂਣੀ ਜਿਹੀ ਜਿਸ ਚ ਪਾਈਆਂ ਹੋਈਆਂ ਜੜੀਆਂ ਬੂਟੀਆਂ ਦੀ ਖੁਸ਼ਬੋ ਧੂਣੀ ਚ ਮਿਲ ਕੇ ਹਵਾ ਨੂੰ ਸ਼ੁੱਧ ਕਰ ਰਹੀ ਸੀ। ਉਸ ਨੇ ਸਿਰ ਘੁਮਾ ਕੇ ਵੇਖਿਆ। ਉਹੀ ਬੁੱਢਾ ਆਦਮੀ ਇਕ ਤਿਹਾਈ ਤੇ ਬੈਠਾ ਹਵਾ ਨੂੰ ਉਧ ਕਰ ਰਹੀ ਸੀ। ਉਸ ਨੇ ਸਿਰ ਘੁਮਾ ਕੇ ਵੇਖਿਆ। ਉਹੀ ਬੁੱਢਾ ਆਦਮੀ ਇਕ ਤਿਪਾਈ 'ਤੇ ਬੈਠਾ ਉਸ ਵੱਲ ਮੁਸਕਰਾਉਂਦਾ ਹੋਇਆ ਵੇਖ ਰਿਹਾ ਸੀ।
"ਕਿਸ ਤਰ੍ਹਾਂ ਲੱਗ ਰਿਹਾ ਏ ? ਤ੍ਰੇਹ ਤਾਂ ਨਹੀਂ ਲੱਗੀ ?" ਬੁੱਢੇ ਨੇ ਪੁੱਛਿਆ।
ਕੀਰਤ ਦੇ ਹਾਂ 'ਚ ਸਿਰ ਹਿਲਾਉਣ 'ਤੇ ਉਹ ਬੁੱਢਾ ਉੱਠਿਆ ਅਤੇ ਘੜੇ ਚੋਂ ਪਾਣੀ ਦਾ ਕਟੋਰਾ ਭਰ ਕੇ ਉਸ ਨੂੰ ਪਾਣੀ ਪਿਲਾਉਣ ਲੱਗਾ।
“ਮੇਰਾ ਘੋੜਾ ਕਿੱਥੇ ਆ?” ਉਸ ਨੇ ਪਾਣੀ ਦੇ ਚਾਰ ਪੰਜ ਘੁੱਟ ਪੀਣ ਤੋਂ ਬਾਅਦ ਪੁੱਛਿਆ।“
“ਉਹ ਠੀਕ ਏ ਚਿੰਤਾ ਨਾ ਕਰ। ਘਾਹ ਚਰ ਰਿਹਾ ਹੈ ਆਰਾਮ ਨਾਲ।“ ਫੇਰ ਬੁੱਢੇ ਨੇ ਉਸ ਦੀ ਬਾਂਹ ਤੇ ਹੱਥ ਰੱਖ ਕੇ ਨਬਜ ਟਟੋਲਦਿਆਂ ਆਖਿਆ, “ ਸ਼ੁਕਰ ਏ, ਬੁਖਾਰ ਉੱਤਰ ਗਿਆ। ਹੁਣ ਤੂੰ ਛੇਤੀ ਠੀਕ ਹੋ ਜਾਵੇਂਗਾ।“
“ਬਹੁਤ-ਬਹੁਤ ਧੰਨਵਾਦ। ਤੁਸਾਂ ਬਚਾ ਲਿਆ ਮੈਨੂੰ ਮਰਨ ਤੋਂ।“
"ਬਚਾਉਣਾ ਮੇਰਾ ਪੇਸ਼ਾ ਹੈ। ਮੈਂ ਵੈਦ ਹਾਂ ।"
ਸਿਰਹਾਣੇ ਦੇ ਸਹਾਰੇ ਢੋਅ ਲਾਕੇ ਬੈਠ ਸਕਣ ਚ ਉਸਨੂੰ ਦੋ ਤਿੰਨ ਹੋਰ ਲੱਗ ਗਏ। ਉਸਨੇ ਗਰਦਨ ਘੁਮਾ ਕੇ ਚਾਰੇ ਪਾਸੇ ਤੱਕਿਆ। ਇਕੋ ਇਕ ਰੌਸ਼ਨਦਾਨ ਚੋਂ ਸੂਰਜ ਦੀ ਤਿੱਖੀ ਜਿਹੀ ਲਕੀਰ ਅੰਦਰ ਆਕੇ ਕਮਰੇ ਨੂੰ ਰੁਸ਼ਨਾ ਰਹੀ ਸੀ। ਇਕ ਪਾਸੇ ਕੰਧ ਨਾਲ ਉਸਦੀ ਢਾਲ ਅਤੇ ਤਲਵਾਰ ਪਈ ਸੀ। ਕਿੱਲੀਆਂ ਤੇ ਉਸਦੇ ਕੱਪੜੇ ਟੰਗੇ ਹੋਏ ਜਿਨ੍ਹਾਂ ਨੂੰ ਧੋਕੇ ਸੁਕਾ ਦਿੱਤਾ ਹੋਇਆ ਸੀ ਪਰ ਫੇਰ ਵੀ ਲਹੂ ਦੇ ਹਲਕੇ-ਹਲਕੇ ਧੱਬੇ ਹਾਲੇ ਵੀ ਦਿਸ ਰਹੇ ਸਨ।
"ਮੈਨੂੰ ਕਿੰਨੇ ਦਿਨ ਹੋ ਗਏ ਇੱਥੇ ਲੰਮੇ ਪਿਆ ਅਤੇ ਇੱਥੇ ਕਿਵੇਂ ਆ ਗਿਆ?”
“ਪੰਜ ਦਿਨ ਤੋਂ ਵੱਧ ਹੋ ਗਏ। ਪਰ ਪਹਿਲਾਂ ਤੂੰ ਇਹ ਦੱਸ ਕਿ ਤੇਰਾ ਇਹ ਹਾਲ ਕਿਵੇਂ ਹੋਇਆ।"
ਕੀਰਤ ਸਿੰਘ ਨੇ ਅੱਖਾਂ ਬੰਦ ਕੀਤੀਆਂ ਤਾਂ ਉਸ ਦੀਆਂ ਅੱਖਾਂ ਸਾਹਮਣੇ ਉਹ ਛੋਟੀ ਜਿਹੀ ਘਾਤਕ ਲੜਾਈ ਸਾਕਾਰ ਹੋ ਉੱਠੀ। "ਮਾਰੋ, ਮਾਰੋ, ਜਾਣ ਨਾ ਦਿਓ ਬਚ ਕੇ,... ਧੜ ਵੱਢ ਕੇ ਲੈ ਜਾਣਾ ਸਰਦਾਰ ਦੇ ਕੋਲ...’ ਤੇ ਨਾਲ ਹੀ ਤਲਵਾਰਾਂ ਦੇ ਟਕਰਾਉਣ ਦੀ ਕੜ-ਕੜ, ਟਕ-ਟਕ...।
ਕੀਰਤ ਸਿੰਘ ਨੇ ਸੰਖੇਪ 'ਚ ਉਹ ਸਾਰਾ ਕੁਝ ਸੁਣਾ ਦਿੱਤਾ ਜੋ ਪਿੰਡ ਤੋਂ ਲੈ ਕੇ ਉਸ ਦੇ ਘੋੜੇ ਤੋਂ ਡਿੱਗਣ ਤੱਕ ਉਸ ਉੱਤੇ ਬੀਤਿਆ ਸੀ।
"ਤੇ ਇਸ ਪਾਸੇ ਕਿਵੇਂ ਤੁਰ ਪਿਆ ?" ਬਸ ਐਵੇਂ ਹੀ ਜਾਂ ਕਿਸੇ ਖਾਸ ਦਿਸ਼ਾ ਵੱਲ?” ਬੁੱਢੇ ਨੇ ਪੁੱਛਿਆ।
"ਮੈਨੂੰ ਪਤਾ ਨਹੀਂ ਸੀ ਕਿ ਮੈਂ ਇਸ ਵੇਲੇ ਕਿੱਥੇ ਹਾਂ। ਪਰ ਮੈਂ ਭੱਟ ਕੀ ਨਾਮ ਦੇ ਪਿੰਡ ਵੱਲ ਜਾ ਰਿਹਾ ਸੀ ਜੋ ਕਿਤੇ ਇਸੇ ਹੀ ਪਾਸੇ ਹੈ।
ਕੋਈ ਸਾਕ ਸੰਬੰਧੀ ਰਹਿੰਦੇ ਹਨ ਇੱਥੇ ਤੇਰੇ?”
"ਸਾਕ ਸੰਬੰਧੀ ਹੀ ਸਮਝੋ। ਇੱਥੇ ਕਿਤੇ ਇਕ ਟਿੱਲਾ ਵੀ ਹੈ ਬੰਦਾ ਬਹਾਦਰ ਦਾ?”
"ਆਹੋ ਔਹ ਉੱਪਰ ਕਰਕੇ। ਇਕ ਕਿੱਲਾ ਜਿਹਾ ਵੀ ਗੱਡਿਆ ਪਿਆ ਹੈ ਬੰਦੇ ਬਹਾਦਰ ਦੇ ਨਾਮ ਦਾ।"
"ਸਾਡੇ ਵੱਡੇ ਵਡੇਰੇ ਇੱਥੇ ਹੀ ਰਹਿੰਦੇ ਸਨ ਸੌ ਕੁ ਵਰ੍ਹੇ ਪਹਿਲਾਂ, ਹਾਲੇ ਵੀ ਕੁਝ ਰਿਸ਼ਤੇਦਾਰੀਆਂ ਹਨ ਦੂਰ ਦੀਆਂ!" ਕੀਰਤ ਸਿੰਘ ਨੇ ਦੱਸਿਆ।
"ਤਾਂ ਇਹਦਾ ਭਾਵ ਇਹ ਕਿ ਤੇਰਾ ਮੂਲ ਭੱਟੀ ਰਾਜਪੂਤਾਂ ਦਾ ਹੈ।" ਬੁੱਢੇ ਨੇ ਆਖਿਆ।"ਮੈਂ ਵੀ ਭੱਟੀ ਹੀ ਹਾਂ । ਤੂੰ ਮੈਨੂੰ ਹਰੀ ਸਿੰਘ ਭੱਟੀ ਜਾਂ ਹਰੀ ਦਾਸ ਭੱਟੀ ਵੈਦ ਕਹਿ ਕੇ ਬੁਲਾ ਸਕਦਾ ਏ।“
“ਫੇਰ ਤੁਹਾਨੂੰ ਯਾਦ ਹੋਵੇਗਾ ਕਿ ਬੰਦਾ ਬਹਾਦਰ ਚੰਬੇ ਦੀ ਰਾਜਕੁਮਾਰੀ ਨੂੰ ਵਿਆਹ ਕੇ ਇਸੇ ਪਾਸਿਓਂ ਲੰਘਿਆ ਅਤੇ ਅਰਾਮ ਕਰਨ ਲਈ ਉਸ ਟਿੱਲੇ 'ਤੇ ਠਹਿਰਿਆ ਸੀ। ਉਸ ਦੇ ਜੋਸ਼, ਸ਼ਖਸੀਅਤ ਅਤੇ ਆਤਮ ਵਿਸ਼ਵਾਸ ਤੋਂ ਪ੍ਰਭਾਵਤ ਹੋ ਕੇ ਪਿੰਡ ਦੇ ਬਹੁਤ ਸਾਰੇ ਭੱਟੀ ਰਾਜਪੂਤ ਅਤੇ ਕੁਝ ਨੀਵੀਆਂ ਜਾਤਾਂ ਵਾਲੇ ਸਿੰਘ ਸੱਜ ਗਏ ਅਤੇ ਉਸ ਨਾਲ ਹੋ ਤੁਰੇ । ਉਨ੍ਹਾਂ ਚੋਂ ਕੁਝ ਲੜਾਈਆਂ 'ਚ ਮਾਰੇ ਗਏ, ਇੱਕ ਦੋ ਦਿੱਲੀ 'ਚ ਸ਼ਹੀਦ ਕਰ ਦਿੱਤੇ ਗਏ। ਕੁਝ ਬਚ ਗਏ। ਸਾਡਾ ਵੀ ਇਕ ਵੱਡਾ ਵਡੇਰਾ ਦਿੱਲੀ 'ਚ ਸ਼ਹੀਦ ਹੋਇਆ ਸੀ ।"
ਬੋਲਦਿਆਂ ਬੋਲਦਿਆਂ ਕੀਰਤ ਦਾ ਮੂੰਹ ਸੁੱਕ ਗਿਆ ਸੀ । ਉਸ ਨੇ ਇਸ਼ਾਰੇ ਨਾਲ ਪਾਣੀ ਮੰਗਿਆ ਅਤੇ ਹਰੀ ਦਾਸ ਵੈਦ ਦੇ ਹੱਥੋਂ ਪਾਣੀ ਦਾ ਕਟੋਰਾ ਫੜ ਕੇ ਬੁੱਲ੍ਹਾਂ ਨਾਲ ਲਾ ਲਿਆ।
***
ਜਿਉਂ-ਜਿਉਂ ਉਸਦੇ ਜਖਮ ਭਰਦੇ ਗਏ, ਉਹ ਕੱਪੜੇ ਪਾਕੇ ਅਤੇ ਮੰਜੇ ਤੋਂ ਉੱਠ ਕੇ ਕਮਰੇ 'ਚ ਫਿਰਨ ਲੱਗਾ। ਮਿੱਟੀ ਨਾਲ ਲਿੱਪੀ ਕੰਧ ਨਾਲ ਕੁਝ ਸਾਜ ਵੀ ਟੰਗੇ ਹੋਏ ਸਨ- ਸਰੰਗੀ, ਤਿੰਨ ਤਾਰਾਂ ਆਦਿ। ਕੀਰਤ ਨੇ ਸਰੰਗੀ ਨੂੰ ਕਿੱਲੀ ਤੋਂ ਉਤਾਰਿਆ ਅਤੇ ਮੰਜੇ 'ਤੇ ਬੈਠ ਕੇ ਉਸ ਦੀਆਂ ਤਾਰਾਂ ਨੂੰ ਠੀਕ ਕਰਨ ਲੱਗਾ । ਪਰ ਹਾਲੇ ਤੱਕ ਉਸ ਦੀ ਬਾਂਹ ਅਤੇ ਮੋਢਿਆਂ ਦੇ ਜਖਮ ਪੂਰੀ ਤਰ੍ਹਾਂ ਨਹੀਂ ਸਨ ਭਰੇ। ਤਾਰਾਂ ਕਸਦਿਆਂ ਕਸਕ ਪੈ ਰਹੀ ਸੀ। ਉਹ ਸਰੰਗੀ ਨੂੰ ਮੁੜ ਟੰਗਣ ਲੱਗਾ ਸੀ ਕਿ ਹਰੀ ਦਾਸ ਅੰਦਰ ਆਉਂਦਾ ਦਿਸਿਆ।
"ਇਕ ਸਿਪਾਹੀ ਦੇ ਹੱਥ 'ਚ ਸਰੰਗੀ।" ਉਹ ਕੁਝ ਹੈਰਾਨ ਹੁੰਦਿਆਂ ਬੋਲਿਆ।
"ਮੇਰੇ ਬਾਪੂ ਦਾ ਇਕ ਮਰਾਸੀ ਦੋਸਤ ਹੋਇਆ ਕਰਦਾ ਸੀ । ਕਦੀ-ਕਦੀ ਘਰ ਆ ਕੇ ਵਜਾਉਂਦਾ। ਵਿਹੜੇ 'ਚ ਭੀੜ ਲੱਗ ਜਾਂਦੀ ਸੁਣਨ ਵਾਲਿਆਂ ਦੀ। ਸੁਣਦਿਆਂ ਵੇਖਦਿਆਂ ਮੈਨੂੰ ਵੀ ਸ਼ੌਕ ਹੋ ਗਿਆ। ਉਂਜ ਆਉਂਦਾ ਜਾਂਦਾ ਕੁਝ ਨਹੀਂ, ਬਸ ਐਵੇਂ ਮਨ ਪਰਚਾਵਾ ਕਰ ਲੈਂਦਾ ਹਾਂ। ਸਾਜ ਨੂੰ ਹੱਥ ਲਾਇਆਂ ਵਰ੍ਹੇ ਬੀਤ ਗਏ। ਅੱਜ ਸਰੰਗੀ ਹੱਥ ਚ ਫੜਕੇ ਚੰਗਾ-ਚੰਗਾ ਲੱਗਿਆ।“
ਹਰੀ ਦਾਸ ਦੇ ਮੁੱਖ 'ਤੇ ਮੁਸਕਾਨ ਖਿੱਲਰ ਗਈ। ਉਸ ਨੇ ਕਿੱਲੀ ਤੋਂ ਸਰੰਗੀ ਲਾਹ ਕੇ ਆਪਣੇ ਪੱਟਾਂ 'ਤੇ ਰੱਖੀ ਅਤੇ ਉਸ ਦੀਆਂ ਤਾਰਾਂ ਕੱਸਣ ਲੱਗਾ। ਫੇਰ ਦੋ ਤਿੰਨ ਵਾਰ ਤਾਰਾਂ 'ਤੇ ਗਜ਼ ਫੇਰਿਆ, ਕੋਈ ਧੁੰਨ ਵਜਾਈ ਅਤੇ ਮੁੜ ਕਿੱਲੀ 'ਤੇ ਟੰਗ ਦਿੱਤੀ।
“ਵਜਾਇਆ ਕਰ, ਜਦ ਜੀ ਕਰੇ ਵਜਾ ਲਿਆ ਕਰ। ਸਮਾਂ ਚੰਗਾ ਗੁਜਰੇਗਾ। ਹਾਲੇ ਪਤਾ ਨਹੀਂ ਹੋਰ ਕਿੰਨੇ ਦਿਨ ਇੱਥੇ ਰਹਿਣਾ ਪਵੇ।“
ਹਰੀ ਦਾਸ ਦੇ ਚਲੇ ਜਾਣ ਤੋਂ ਬਾਅਦ ਕੀਰਤ ਨੇ ਕਮਰੇ 'ਚ ਖਿੱਲਰੀਆਂ ਚੀਜਾਂ ਠੀਕ ਥਾਵੇਂ ਰੱਖੀਆਂ, ਕੱਪੜਿਆਂ ਦੀਆਂ ਤੈਹਾਂ ਲਾਕੇ ਇਕ ਪਾਸੇ ਰੱਖੀਆਂ, ਪੱਤਿਆਂ ਟਹਿਣੀਆਂ ਵਾਲਾ ਝਾੜੂ ਚੁੱਕ ਕੇ ਫਰਸ਼ ਦੀ ਸਫਾਈ ਕੀਤੀ ਅਤੇ ਫੇਰ ਪਹਿਲੀ ਵਾਰ ਕਮਰੇ ਦਾ ਬੂਹਾ ਖੋਲ੍ਹ ਕੇ ਬਾਹਰ ਆ ਗਿਆ। ਉਸ ਵੇਖਿਆ ਕਿ ਵੈਦ ਹਰੀ ਦਾਸ ਦਾ ਇਹ ਛੋਟਾ ਜਿਹਾ ਘਰ ਘਣੇ ਰੁੱਖਾਂ ਨਾਲ ਘਿਰਿਆ ਹੋਇਆ ਸੀ। ਇਨ੍ਹਾਂ ਦੀ ਛਾਂ ਕਾਰਨ
ਗਰਮੀ ਦੀ ਰੁੱਤ ਹੋਣ ਦੇ ਬਾਵਜੂਦ ਕਮਰਾ ਠੰਡਾ ਰਹਿੰਦਾ ਸੀ।
ਛੇ ਸਤ ਦਿਨਾਂ ਬਾਅਦ ਉਹ ਮਹਿਸੂਸ ਕਰਨ ਲੱਗਾ ਕਿ ਉਸ ਦੇ ਜ਼ਖ਼ਮ ਕਾਫ਼ੀ ਭਰ ਗਏ ਅਤੇ ਉਸ ਦੇ ਸਰੀਰ 'ਚ ਮੁੜ ਤਾਕਤ ਆ ਰਹੀ ਹੈ । ਹੁਣ ਉਹ ਕਦੀ-ਕਦੀ ਸੋਟੀ ਫੜ ਕੇ ਪਿੰਡ ਵਿੱਚ ਸੈਰ ਅਤੇ ਲੋਕਾਂ ਨਾਲ ਗੱਲਾਂ ਕਰਨ ਲਈ ਵੀ ਚਲਿਆ ਜਾਂਦਾ। ਪਰ ਛੇਤੀ ਹੀ ਥੱਕ ਜਾਂਦਾ ਅਤੇ ਕਮਰੇ 'ਚ ਵਾਪਸ ਆ ਕੇ ਮੁੜ ਲੰਮਾ ਪੈ ਜਾਂਦਾ । ਕਦੀ-ਕਦ ਸਰੰਗੀ ਵੀ ਵਜਾਉਣ ਲੱਗਦਾ।
ਇਕ ਦਿਨ ਹਰੀ ਦਾਸ ਨੇ ਆਖਿਆ, “ਮੈਂ ਕਿਤੇ ਬਾਹਰ ਜਾਣਾ ਹੈ, ਕੁਝ ਦਿਨਾਂ ਲਈ। ਇਸ ਦੇ ਇਲਾਵਾ ਪਿੰਡ ਵਿੱਚ ਕੁਝ ਸਿੱਖ ਸਿਪਾਹੀ ਵੀ ਤੇਰੇ ਵਰਗੇ ਬੰਦੇ ਬਾਰੇ ਪੁੱਛ-ਪੜਤਾਲ ਕਰਦੇ ਵੇਖੇ ਗਏ ਹਨ। ਚੱਲ ਉੱਠ, ਮੈਂ ਤੈਨੂੰ ਕਿਸੇ ਸੁਰੱਖਿਅਤ ਥਾਵੇਂ ਛੱਡ ਆਵਾਂ।"
"ਮੈਂ ਇੱਥੋਂ ਚਲਿਆ ਹੀ ਕਿਉਂ ਨਾ ਜਾਵਾਂ । ਹੁਣ ਤੇ ਮੈਂ... ।" ਕੀਰਤ ਸਿੰਘ ਹੌਲੀ ਦੇਣੀ ਬੋਲਿਆ।
“ਐਵੇਂ ਮੂਰਖਾਂ ਵਾਲੀਆਂ ਗੱਲਾਂ ਨਾ ਕਰ। ਇਹ ਨਾ ਪਰਾਇਆ ਪਿੰਡ ਹੈ ਤੇਰ ਲਈ ਅਤੇ ਨਾ ਪਰਾਏ ਲੋਕ । ਮੈਂ ਹਾਲੇ ਕੋਈ ਪੁੱਛ ਤਾਛ ਨਹੀਂ ਕੀਤੀ। ਤੇਰੇ ਠੀਕ ਹੋਣ 'ਤੇ ਤੇਰਾ ਕੋਈ ਸਾਕ ਸੰਬੰਧੀ ਵੀ ਮਿਲ ਜਾਵੇਗਾ ਭੱਟਕੀ ਕਲਾਂ ਵਿੱਚ।
ਕੀਰਤ ਸਿੰਘ ਸਾਰੇ ਕੱਪੜੇ ਪਾ ਕੇ ਅਤੇ ਆਪਣੇ ਹਥਿਆਰ ਸਾਂਭ ਕੇ ਬਾਹਰ ਆ ਗਿਆ। ਫੇਰ ਦੋਵੇਂ ਘੋੜੇ 'ਤੇ ਬੈਠ ਕੇ ਇਕ ਪਾਸੇ ਤੁਰ ਪਏ। ਬਾਹਰ ਬੱਦਲਵਾਈ ਹੋਈ-ਹੋਈ ਅਤੇ ਠੰਡੀ-ਠੰਡੀ ਹਵਾ ਚਲ ਰਹੀ ਸੀ । ਦੂਰ ਧੌਲਾਧਾਰ ਦੀਆਂ ਬਰਫਾਨੀ ਚੋਟੀਆਂ ਵੀ ਦਿਸ ਰਹੀਆਂ ਸਨ। ਕੁਝ ਦੇਰ ਬਾਅਦ ਉਹ ਪਾਣੀ ਦੇ ਇਕ ਛੋਟੇ ਜਿਹੇ ਨਾਲੇ ਨੂੰ ਪਾਰ ਕਰਕੇ ਇਕ ਪਿੰਡ ਵੱਲ ਵਧਣ ਲੱਗੇ। ਪਿੰਡ ਦੇ ਬਾਹਰ ਕਰਕੇ ਹੀ ਕੁਝ ਪੁਰਾਣੇ ਖੰਡਰ ਸਨ ਜੋ ਕਿਸੇ ਵੇਲੇ ਕੋਈ ਹਵੇਲੀ ਜਾਂ ਗੜ੍ਹੀ ਹੁੰਦੀ ਹੋਵੇਗੀ। ਉਨ੍ਹਾਂ ਖੰਡਰਾਂ ਵਿਚਕਾਰ ਇਕ ਤਬੇਲਾ, ਕੁਝ ਡੰਗਰ ਬੰਨ੍ਹੇ ਹੋਏ ਅਤੇ ਕੁਝ ਕੁਕੜੀਆਂ ਇੱਧਰ-ਉੱਧਰ ਫਿਰਦੀਆਂ ਦਿਸ ਰਹੀਆਂ ਸਨ। ਕੁਕੜੀਆਂ ਨੂੰ ਸ਼ੂ-ਸ਼ੂ ਕਰਦੇ ਇਕ ਬੁੱਢੇ ਪਰ ਤਕੜੇ ਜੁੱਸੇ ਵਾਲੇ ਆਦਮੀ ਨੇ ਉਨ੍ਹਾਂ ਵੱਲ ਪ੍ਰਸ਼ਨ ਭਰੀਆਂ ਅੱਖਾਂ ਨਾਲ ਰੋਕਿਆ ਅਤੇ ਬੋਲਿਆ-
"ਆਓ ਵੈਦ ਜੀ, ਅੱਜ ਇਸ ਪਾਸੇ ਕਿਵੇਂ ਆਉਣਾ ਹੋਇਆ?"
"ਇਹ ਮੇਰੇ ਇਕ ਆਪਣੇ ਹਨ।" ਵੈਦ ਹਰੀ ਦਾਸ ਨੇ ਕੀਰਤ ਵੱਲ ਇਸ਼ਾਰਾ ਕਰਦਿਆਂ ਆਖਿਆ, "ਕੁਝ ਜ਼ਖ਼ਮੀ, ਬਿਮਾਰ ਵੀ ਹਨ। ਮੈਂ ਕਿਤੇ ਬਾਹਰ ਚੱਲਿਆਂ। ਮੇਰੀ ਗੈਰ-ਹਾਜ਼ਰੀ 'ਚ ਇਨ੍ਹਾਂ ਦੀ ਦੇਖਭਾਲ ਕਰਨੀ ਹੈ।"
"ਮੇਰੇ ਧੰਨਭਾਗ ਜੋ ਤੁਸਾਂ ਮੈਨੂੰ ਸੇਵਾ ਕਰਨ ਦਾ ਅਵਸਰ ਬਖ਼ਸਿਆ।"
“ਤੇ ਇਕ ਗੱਲ ਹੋਰ। ਮੈਨੂੰ ਲੱਗਦਾ ਹੈ ਕਿ ਇਨ੍ਹਾਂ ਦੇ ਕੁਝ ਵੈਰੀ ਇਨ੍ਹਾਂ ਨੂੰ ਲੱਭਦੇ ਫਿਰਦੇ ਹਨ। ਕੋਈ ਐਸੀ ਥਾਵੇਂ ਰੱਖਣਾ ਜੋ ਪੂਰੀ ਤਰ੍ਹਾਂ ਸੁਰੱਖਿਅਤ ਹੋਵੇ।"
"ਇਸ ਦੀ ਵੀ ਕੋਈ ਚਿੰਤਾ ਨਾ ਕਰੋ। ਇਸ ਗੜ੍ਹੀ ਦੇ ਖੰਡਰਾਂ 'ਚ ਕਈ ਭੋਰੇ ਹਨ। ਇਕ ਭੋਰਾ ਮੈਂ ਸਾਫ ਕਰਕੇ ਰੱਖਿਆ ਹੋਇਆ ਹੈ। ਗਰਮੀਆਂ 'ਚ ਠੰਡਾ ਵੀ ਰਹਿੰਦਾ ਹੈ।“
ਕੁਝ ਦੇਰ ਬਾਅਦ ਇੱਕ ਵੱਡੇ ਸਾਰੇ ਕਮਰੇ ਚ ਹੀ ਬਣੀਆਂ ਪੌੜੀਆਂ ਤੋਂ ਉੱਤਰ ਕੇ ਉਹ ਇਕ ਤਹਿਖਾਨੇ 'ਚ ਜਾ ਵੜੇ। ਕੁਝ ਦੇਰ ਤੱਕ ਕੀਰਤ ਨੂੰ ਤਹਿਖਾਨੇ ਚ ਕੁਝ ਵੀ ਨਜ਼ਰ ਨਹੀਂ ਆਇਆ-ਘੁਸਮੁਸਾ ਜਿਹਾ। ਫੇਰ ਉਸ ਵੇਖਿਆ ਕਿ ਭੋਰੇ ਦੇ ਫਰਸ਼ 'ਤੇ ਇਕ ਮੋਟੀ ਚਟਾਈ ਉੱਤੇ ਇਕ ਤੀਵੀਂ ਬੈਠੀ ਕੁਝ ਸਿਉਂ ਰਹੀ ਸੀ। ਤੀਵੀਂ ਨੇ ਵੀ ਉਸ ਵੱਲ ਅਤੇ ਫਿਰ ਆਪਣੇ ਪਿਉ ਵੱਲ ਪ੍ਰਸ਼ਨ ਭਰੀਆਂ ਅੱਖਾਂ ਨਾਲ ਤੱਕਿਆ।
“ਇਹ ਵੈਦ ਜੀ ਦੇ ਕੋਈ ਆਪਣੇ ਹਨ, ਅਤੇ ਹੁਣ ਸਾਡੇ ਮਹਿਮਾਨ। ਕੁਝ ਦਿਨ ਇੱਥੇ ਹੀ ਰਹਿਣਗੇ ।"
ਉਹ ਛੇਤੀ ਦੇਣੀ ਉੱਠੀ ਅਤੇ ਕੋਲ ਪਏ ਲੱਕੜੀ ਦੇ ਤਖ਼ਤਪੋਸ਼ 'ਤੇ ਵਿਛਿਆ ਬਿਸਤਰਾ ਠੀਕ ਕਰਨ ਲੱਗੀ। ਹੁਣ ਤੱਕ ਕੀਰਤ ਨੂੰ ਸਭ ਕੁਝ ਚੰਗੀ ਤਰ੍ਹਾਂ ਦਿਸਣ ਲੱਗਾ ਸੀ। ਦਰਵਾਜੇ ਚੋਂ ਅਤੇ ਦੋ ਛੋਟੇ-ਛੋਟੇ ਰੌਸ਼ਨਦਾਨਾਂ ਜਿਹਾਂ ਚੋਂ ਮੱਧਮ-ਮੱਧਮ ਰੌਸ਼ਨੀ ਅੰਦਰ ਆ ਰਹੀ ਸੀ ।
“ਤੂੰ ਇਸ ਨੂੰ ਸੰਭਾਲ। ਮੈਂ ਜਰਾ ਬਾਹਰ ਚੱਲਿਆਂ। ਕੁਕੜੀਆਂ ਬੰਦ ਕਰਨੀਆਂ, ਕਿਤੇ ਦੂਰ ਨਾ ਭੱਜ ਜਾਣ। ਆਲੇ-ਦੁਆਲੇ ਲੂੰਮੜੀਆਂ ਅਤੇ ਭੇੜੀਏ ਵੀ ਤਾਕ ਲਈ ਬੈਠੇ ਹੋਣਗੇ ।"
ਉਸ ਦੇ ਬਾਹਰ ਜਾਦਿਆਂ ਹੀ ਕੀਰਤ ਨੇ ਇਸ ਤੀਵੀ ਵੱਲ ਵੇਖਿਆ। ਤੀਵੀਂ ਕਾਫੀ ਸੋਹਣੀ ਸੀ। ਕਾਲੇ ਸ਼ਾਹ ਵਾਲ, ਲੰਮੀ ਗੁੱਤ ਅਤੇ ਉਦਾਸ ਜਿਹੀਆਂ ਅੱਖਾਂ।
"ਖਿਮਾ ਕਰਨਾ, ਮੈਂ ਐਵੇਂ ਹੀ ਤੁਹਾਡੇ ਘਰ ਬਿਨ-ਬੁਲਾਇਆ ਪਰਾਹੁਣਾ ਬਣ ਕੇ ਆ ਗਿਆ ਹਾਂ ।" ਕੀਰਤ ਸਿੰਘ ਨੇ ਤੀਵੀਂ ਵਲ ਤੱਕਦਿਆਂ ਆਖਿਆ।
"ਵੈਦ ਜੀ ਦੇ ਹਰ ਕਿਸੇ ਲਈ ਇਸ ਘਰ ਦੇ ਦੁਆਰ ਸਦਾ ਖੁੱਲ੍ਹੇ ਹਨ। ਤੁਸੀ ਬੈਠੋ, ਮੈਂ ਤੁਹਾਡੇ ਪੀਣ ਲਈ ਕੁਝ ਲੈ ਆਵਾਂ।“
ਕਹਿ ਕੇ ਉਹ ਪੌੜੀਆਂ ਚੜ੍ਹਦਿਆਂ ਬਾਹਰ ਗਈ ਅਤੇ ਫੇਰ ਲਕੜ ਦੇ ਬਣੇ ਇਕ ਕਟੋਰੇ ਵਿਚ ਚੌਲਾਂ ਦੀ ਬਣਾਈ ਲੁਗੜੀ (ਹਲਕੀ ਜਿਹੀ ਸ਼ਰਾਬ) ਲੈਕੇ ਆ ਗਈ। ਕੀਰਤ ਘੁੱਟ-ਘੁੱਟ ਕਰਕੇ ਪੀਣ ਲੱਗਾ।
"ਤੁਸੀ ਕਾਫੀ ਦਿਨ ਰਹੋਗੇ ਇੱਥੇ? ਕੋਈ ਰਿਸ਼ਤੇਦਾਰੀ ਹੈ ਵੈਦ ਜੀ ਨਾਲ? ਮੈਂ ਬੱਸ ਐਵੇਂ ਪੁੱਛ ਰਹੀ ਹਾਂ, ਤੁਹਾਡੇ ਪੀਲੇ ਭੂਕ ਹੋਏ ਚਿਹਰੇ ਅਤੇ ਜਖਮਾਂ 'ਤੇ ਪੱਟੀਆਂ ਬੱਝੀਆਂ ਵੇਖਕੇ।“
ਕੀਰਤ ਦੋ ਪਲ ਸੋਚਦਾ ਰਿਹਾ ਕਿ ਕੀ ਉੱਤਰ ਦੇਵੇ। ਪਰ ਫੇਰ ਉਸ ਨੇ ਸਭ ਕੁਝ ਸੱਚੇ-ਸੱਚ ਦੱਸ ਦੇਣਾ ਹੀ ਠੀਕ ਸਮਝਿਆ।
"ਮੈਂ... ਮੈਂ ਇਕ ਤਰ੍ਹਾਂ ਦਾ ਬਾਗੀ ਭਗੌੜਾ ਹਾਂ। ਵੈਰੀਆਂ ਹੱਥੋਂ ਤਕਰੀਬਨ ਮਾਰਿਆ ਹੀ ਗਿਆ ਸੀ, ਜੇ ਇਹ ਵੈਦ ਜੀ ਮੈਨੂੰ ਨਾ ਬਚਾਉਂਦੇ ਆ ਕਿ। ਮੈਨੂੰ ਹਾਲੇ ਵੀ ਨਹੀਂ ਪਤਾ ਕਿ ਉਨ੍ਹਾਂ ਮੈਨੂੰ ਕਿਵੇਂ ਲੱਭਿਆ ਅਤੇ ਕਿਵੇਂ ਇੱਥੇ ਲੈ ਕੇ ਆਏ।“
ਤੀਵੀਂ ਕੁਝ ਦੇਰ ਚੁੱਪ ਰਹੀ ਕਿ ਉਹ ਦੱਸੇ ਕਿ ਨਾ ਦੱਸੇ। ਫੇਰ ਬੋਲੀ-
"ਮੈਂ ਗਊਆਂ ਨੂੰ ਤਲਾਅ 'ਤੇ ਪਾਣੀ ਪਿਲਾਉਣ ਲੈ ਕੇ ਗਈ ਤਾਂ ਦੂਜੇ ਪਾਰ ਤੁਹਾਨੂੰ ਡਿੱਗੇ ਨੂੰ ਵੇਖਿਆ। ਫੇਰ ਵੈਦ ਜੀ ਨੂੰ ਬੁਲਾ ਕੇ ਲੈ ਆਈ।“
"ਇਸ ਦਾ ਭਾਵ ਇਹ ਕਿ ਆਪਣੀ ਜਾਨ ਬਚਾਉਣ ਦਾ ਜਿੰਨਾ ਧੰਨਵਾਦੀ ਵੈਦ ਜੀ ਦਾ ਓਨਾ ਹੀ, ਬਲਕਿ ਉਸ ਤੋਂ ਵੀ ਜਿਆਦਾ ਤੁਹਾਡਾ ਹੋਣਾ ਚਾਹੀਦਾ ਹੈ।
ਤੀਵੀਂ ਨੇ ਬੇਪਰਵਾਹੀ ਨਾਲ ਮੋਢੇ ਹਿਲਾਏ ਅਤੇ ਫੇਰ ਸੂਈ ਚੁੱਕ ਕੇ ਕੱਪੜਾ ਸਿਉਣ ਲੱਗੀ। ਕੀਰਤ ਗਹੁ ਨਾਲ ਉਸ ਵੱਲ ਤੱਕਣ ਲੱਗਾ। ਮਸਾਂ ਇੱਕੀ ਬਾਈ ਵਰ੍ਹਿਆਂ ਦੀ ਕੁੜੀ ਜਿਹੀ, ਆਪਣੇ ਬਾਪ ਦੇ ਘਰ?ਵਿਆਹੀ ਜਾਂ ਕੁਆਰੀ? ਇਸਦਾ ਅੱਧਾ ਕੁ ਉੱਤਰ ਉਸਨੂੰ ਛੇਤੀ ਹੀ ਮਿਲ ਗਿਆ ਜਦ ਇਕ ਤਿੰਨ ਕੁ ਸਾਲ ਦਾ ਮੁੰਡਾ ਹੱਥ ਚ ਅਖਰੋਟ ਫੜੀ ਅੰਦਰ ਆ ਵੜਿਆ ਅਤੇ ਅਖਰੋਟ ਮਾਂ ਨੂੰ ਫੜਾਉਂਦਿਆ ਬੋਲਿਆ, "ਇਹ ਟੁੱਟਦਾ ਨਹੀਂ। ਇਸ ਨੂੰ ਤੋੜ ਦੇ।
ਤੀਵੀਂ ਨੇ ਕੋਲ ਪਏ ਇੱਕ ਵੱਟੇ ਨਾਲ ਅਖਰੋਟ ਤੋੜਿਆ ਅਤੇ ਟੁੱਟਾ ਅਖਰੋਟ ਲੈ ਕੇ ਉਹ ਬਾਹਰ ਭੱਜ ਗਿਆ। ਕੀਰਤ ਉਪਰ ਸ਼ਾਇਦ ਉਸ ਦੀ ਨਜ਼ਰ ਹੀ ਨਹੀਂ ਪਈ।
"ਤਾਂ ਇਹ ਤੇਰਾ ਪੁੱਤਰ ਹੈ। ਘਰ ਵਾਲਾ ਕਿੱਥੇ?”
“ਘਰ ਵਾਲਾ ਸੀ ਹੁਣ ਨਹੀਂ ਰਿਹਾ। ਇਨ੍ਹਾਂ ਰਾਜਿਆਂ ਦੀਆਂ ਲੜਾਈਆਂ ਵਿੱਚ ਮਾਰਿਆ ਗਿਆ।“
“ਤੇ ਫਿਰ ਤੂੰ ਆਪਣੇ ਬਾਪ ਦੇ ਘਰ ਆ ਗਈ?”
“ਹਾਂ, ਪੁੱਤਰ ਨੂੰ ਲੈਕੇ। ਮੇਰੇ ਪਿਉ ਨੂੰ ਇਕ ਔਰਤ ਦੀ ਲੋੜ ਸੀ, ਮੇਰੇ ਪੁੱਤਰ ਨੂੰ ਇਕ ਆਦਮੀ ਦੀ। ਇਸ ਦਾ ਨਾਨਾ ਇਸ ਨੂੰ ਬਹੁਤ ਪਿਆਰ ਕਰਦਾ ਏ। ਮੇਰੇ ਲਈ ਇਹ ਪੁੱਤਰ ਹੀ ਸਭ ਕੁਝ ਹੈ।
“ਤੇਰਾ ਨਾਮ ਕੀ ਏ?”
“ਸੁੰਦਰਾਂ, ਪਰ ਮੇਰੇ ਸਹੁਰਿਆਂ ਵਾਲੇ ਮੈਨੂੰ ਸਨੀਚਰੀ ਕਹਿ ਕੇ ਬੁਲਾਉਣ ਲੱਗੇ ਜਿਵੇਂ ਮੈਂ ਹੀ ਉਨ੍ਹਾਂ ਦੇ ਪੁੱਤਰ ਦੀ ਮੌਤ ਦੀ ਜਿੰਮੇਵਾਰ ਹੋਵਾਂ।“
“ਉਨ੍ਹਾਂ ਦੇ ਘਰ ਰਹਿੰਦਿਆਂ ਛੇ ਸੱਤ ਦਿਨ ਬੀਤ ਗਏ। ਚੰਗਾ ਖਾਣ ਪੀਣ ਅਤੇ ਚੰਗੇ ਵਾਤਾਵਰਣ (ਯਾਨੀ ਇਕ ਸੁੰਦਰ ਇਸਤਰੀ ਦੀ ਮੌਜੂਦਗੀ ਅਤੇ ਸੇਵਾ) ਕਾਰਨ ਉਸ ਦੇ ਜ਼ਖ਼ਮ ਕਾਫ਼ੀ ਭਰ ਗਏ ਅਤੇ ਉਹ ਆਪਣੇ ਆਪ ਵਿੱਚ ਤਾਕਤ ਮੁੜਦੀ ਅਨੁਭਵ ਕਰਨ ਲੱਗਾ। ਉਸ ਦੀ ਅੱਖ ਬਹੁਤ ਤੜਕੇ ਹੀ ਖੁੱਲ੍ਹ ਗਈ। ਉਸ ਨੇ ਸੁੰਦਰਾਂ ਦੁਆਰਾ ਦਿੱਤੇ ਉਸ ਦੇ ਘਰ ਵਾਲੇ ਦੇ ਕੱਪੜੇ ਪਾਏ ਅਤੇ ਸੈਰ ਕਰਨ ਦੀ ਖ਼ਾਤਰ ਬਾਹਰ ਨਿਕਲ ਗਿਆ।
ਸੂਰਜ ਹਾਲੇ ਪਹਾੜਾਂ ਪਿੱਛੇ ਹੀ ਸੀ, ਪਰ ਉਸ ਦੀ ਲੋਅ ਕਾਰਨ ਬਰਫਾਨੀ ਪਹਾੜ ਬਹੁਤ ਸਾਫ ਅਤੇ ਬਹੁਤ ਨੇੜੇ ਦਿਸ ਰਹੇ ਸਨ। ਉਹ ਇਕ ਹਲਕੀ ਜਿਹੀ ਚੜ੍ਹਾਈ ਚੜ੍ਹ ਕੇ ਉੱਚੇ ਟਿੱਲੇ 'ਤੇ ਜਾ ਖੜਾ ਹੋਇਆ। ਦੂਰ-ਦੂਰ ਤੱਕ ਦਿਸਦੀਆਂ ਵਾਦੀਆਂ, ਜੰਗਲ ਅਤੇ ਪਰਬਤ । ਇਹ ਕੁਝ ਵੇਖਦਿਆਂ ਉਸ ਅੰਦਰ ਕਈ ਤਰ੍ਹਾਂ ਦੀਆਂ ਅਵਾਜ਼ਾਂ ਉੱਠਣ ਲੱਗੀਆਂ। ਕਿੰਨੀ ਪੁਰਾਣੀ ਅਤੇ ਅਨੰਤ ਹੈ ਇਹ ਪ੍ਰਕਿਰਤੀ। ਮਨੁੱਖ ਜਨਮ ਲੈਂਦਾ ਅਤੇ ਮਰ ਜਾਂਦਾ ਹੈ ਪਰ ਇਹ ਪਰਬਤ ਇਸੇ ਤਰ੍ਹਾਂ ਖੜ੍ਹੇ ਰਹਿੰਦੇ ਨੇ, ਨਦੀਆਂ ਇਸੇ ਤਰ੍ਹਾਂ ਵਗਦੀਆਂ ਰਹਿੰਦੀਆਂ ਹਨ ਅਤੇ ਰੁੱਖਾਂ ਨਾਲ ਜੰਗਲ ਭਰੇ ਰਹਿੰਦੇ ਹਨ....। ਉਸ ਨੂੰ
ਲੱਗਣ ਲੱਗਾ ਜਿਵੇਂ ਉਹ ਇਸ ਵਿਸ਼ਾਲਤਾ ਦੇ ਸਾਹਮਣੇ ਇਕ ਤੀਲ੍ਹੇ ਦੇ ਬਰਾਬਰ ਵੀ ਨਹੀਂ।
ਵਾਪਸ ਪਰਤਿਆ ਤਾਂ ਚਾਹੇ ਥਕਾਵਟ ਮਹਿਸੂਸ ਕਰ ਰਿਹਾ ਸੀ, ਪਰ ਇੰਨੇ ਦਿਨਾਂ ਬਾਅਦ ਬਾਹਰ ਤੁਰਨ ਫਿਰਨ ਤੋਂ ਬਾਅਦ ਚੰਗਾ ਵੀ ਲੱਗ ਰਿਹਾ ਸੀ । ਸੁੰਦਰਾਂ ਘਰ ਦੀ ਛੱਤ 'ਤੇ ਖੜ੍ਹੀ ਜਿਵੇਂ ਉਸੇ ਦੀ ਉਡੀਕ ਕਰ ਰਹੀ ਸੀ। ਉਸ ਨੂੰ ਵੇਖ ਕੇ ਉਹ ਛੇਤੀ ਛੇਤੀ ਪੌੜੀਆਂ ਉੱਤਰ ਕੇ ਥੱਲੇ ਆਈ ਅਤੇ ਉਸ ਦੇ ਸਾਹਮਣੇ ਆ ਕੇ ਬੋਲੀ:
"ਕਿੱਥੇ ਚਲੇ ਗਏ ਸੀ, ਬਿਨਾਂ ਦੱਸੇ ? ਮੈਂ ਤੇ ਘਬਰਾ ਹੀ ਗਈ ਸਾਂ।''
ਕੀਰਤ ਮੁਸਕਰਾਉਂਦਿਆਂ ਉਸ ਵੱਲ ਤੱਕਦਾ ਰਿਹਾ।
"ਇਕ ਵਾਰ ਤੇ ਮੈਨੂੰ ਲੱਗਿਆ ਜਿਵੇਂ "ਉਹੀ ਤੁਰੇ ਆ ਰਹੇ ਹੋਣ।"
ਉਸ ਦੇ ਘਰ ਵਾਲੇ ਦੇ ਕੱਪੜੇ ਪਾਏ ਹੋਏ ਹੋਣ ਕਾਰਨ ਕੀਰਤ ਸਿੰਘ ਨੂੰ ਸੁੰਦਰਾਂ ਦੇ ਭੁਲੇਖੇ ਬਾਰੇ ਸਮਝਣ 'ਚ ਦੇਰ ਨਹੀਂ ਲੱਗੀ।
ਉਹ ਬੂਹੇ ਦੇ ਬਾਹਰ ਹੀ ਇਕ ਡਿੱਗੇ ਹੋਏ ਰੁੱਖ ਦੇ ਤਣੇ 'ਤੇ ਬੈਠ ਗਿਆ।
"ਤੇਰੇ ਘਰ ਵਾਲੇ ਦੀ ਮੌਤ ਮੈਦਾਨ-ਏ-ਜੰਗ 'ਚ ਹੋਈ ਜਾਂ...?” ਕੀਰਤ ਸਿੰਘ ਨੇ ਪੁੱਛਿਆ।
"ਘਰ ਆ ਕੇ। ਬਿਲਕੁਲ ਤੁਹਾਡੇ ਵਾਂਗ ਹੀ ਜ਼ਖ਼ਮੀ ਸਨ। ਪਰ ਅੰਤਰ ਇਹ ਕਿ ਉਨ੍ਹਾਂ ਨੂੰ ਘਰ ਪਹੁੰਚਦਿਆਂ ਬਹੁਤ ਦਿਨ ਲੱਗ ਗਏ ਸਨ। ਕਾਫ਼ੀ ਸੇਵਾ, ਕਾਫ਼ੀ ਦਵਾ ਦਾਰੂ। ਪਰ ਸਤ ਅੱਠ ਦਿਨਾਂ ਬਾਅਦ ਹੀ.... । ਮੈਨੂੰ ਉਨ੍ਹਾਂ ਦੇ ਅੰਤਲੇ ਸਮੇਂ ਦੀ ਉਹ ਤੱਕਣੀ ਨਹੀਂ ਭੁੱਲ ਸਕਦੀ। ਉਹ ਕਿਵੇਂ ਮੇਰੇ ਵੱਲ ਹਸਰਤ ਭਰੀਆਂ ਅੱਖਾਂ ਨਾਲ ਵੱਖ ਰਹੇ ਸਨ।
"ਉਸ ਨੂੰ ਤੇਰੇ ਵਰਗੀ ਔਰਤ ਨੂੰ ਛੱਡ ਕੇ ਚਲੇ ਜਾਣਾ ਕਿੰਨਾ ਦੁਖਦਾਈ ਲੱਗ ਰਿਹਾ ਹੋਵੇਗਾ ?"
ਉਹ ਚੁੱਪ ਰਹੀ।
"ਤੇਰੇ ਤੋਂ ਮਿਲੇ ਸੁੱਖ ਦੇ ਪਲਾਂ ਨੂੰ ਯਾਦ ਕਰਦਿਆਂ ।" ਕੀਰਤ ਸਿੰਘ ਨੇ ਆਪਣੀ ਗੱਲ ਪੂਰੀ ਕਰਦਿਆਂ ਅਤੇ ਉਸ ਵੱਲ ਤੱਕਦਿਆਂ ਆਖਿਆ।
"ਤੀਵੀਂ ਤੇ ਜਨਮ ਹੀ ਲੈਂਦੀ ਹੈ ਆਦਮੀ ਨੂੰ ਸੁੱਖ ਦੇਣ ਅਤੇ ਪੈਦਾ ਕਰਨ ਲਈ ।"
ਸੁੰਦਰਾਂ ਦੇ ਬਾਪੂ ਗਿਆਨ ਚੰਦ ਨੂੰ ਇਕ ਪਾਸੇ ਕਹੀ ਫੜੀ ਖੜਾ ਵੇਖਕੇ ਕੀਰਤ ਸਿੰਘ ਨੇ ਸਤਿ ਸ੍ਰੀ ਅਕਾਲ ਆਖਦਿਆਂ ਪੁੱਛਿਆਂ-
“ਸਵੇਰੇ-ਸਵੇਰੇ ਕਿੱਧਰ?”
“ਖੇਤਾਂ ਚ, ਕੁਹਲ ਦੇ ਪਾਣੀ ਦੀ ਵਾਰੀ ਸੀ ਆਪਣੀ।“
ਫੇਰ ਆਲੇ ਦੁਆਲੇ ਖੜੇ ਅੰਬਾਂ ਦੇ ਰੁੱਖਾਂ ਵਲ ਤਕਦਿਆਂ ਬੋਲਿਆ, “ਐਤਕੀ ਬੂਰ ਬਹੁਤ ਆਇਆ। ਅੰਬ ਖੂਬ ਲੱਗਣਗੇ।
“ਮੈਂ ਆਵਾਂ ਤੁਹਾਡੇ ਨਾਲ?”
“ਤੂੰ ਠੀਕ ਹੋ ਜਾ ਪੂਰੀ ਤਰ੍ਹਾਂ। ਗਿਆਨ ਚੰਦ ਨੇ ਪਹਿਲਾਂ ਉਸ ਵੱਲ ਅਤੇ ਫੇਰ ਸੁੰਦਰਾਂ ਵੱਲ ਭਾਵਪੂਰਨ ਨਜਰਾਂ ਨਾਲ ਤੱਕਦਿਆਂ ਆਖਿਆ।
ਕੀਰਤ ਸਿੰਘ ਆਪਣੇ ਭੋਰੇ 'ਚ ਆ ਬੈਠਿਆ। ਸੁੰਦਰਾਂ ਲੱਸੀ ਦਾ ਭਰਿਆ ਕਟੋਰਾ, ਇਕ ਮਿੱਸੀ ਰੋਟੀ ਲੈ ਕੇ ਅੰਦਰ ਆਈ ਅਤੇ ਤਿਪਾਈ 'ਤੇ ਰੱਖ ਕੇ ਆਪ ਚਟਾਈ 'ਤੇ ਬੈਠ ਗਈ। ਇਸ ਚੁੱਪ ਜਿਹੀ 'ਚ ਰੋਟੀ ਦੀਆਂ ਬੁਰਕੀਆਂ ਤੋੜ-ਤੋੜ ਕੇ ਖਾਂਦਿਆਂ ਕੀਰਤ ਸਿੰਘ ਸੁੰਦਰਾਂ ਦੀ, ਅਤੇ ਆਪਣੀ ਇਕੱਲਤਾ ਨੂੰ ਅਨੁਭਵ ਕਰ ਰਿਹਾ ਸੀ ਸੁੰਦਰਾਂ ਆਪਣੀਆਂ ਧੀਰਜ ਭਰੀਆਂ ਅਤੇ ਉਦਾਸ ਨਜ਼ਰਾਂ ਨਾਲ ਉਸ ਵੱਲ ਤੱਕਦੀ ਰਹੀ।
ਕੁਝ ਹੋਰ ਠੀਕ ਹੋ ਜਾਣ 'ਤੇ ਕੀਰਤ ਸਿੰਘ ਰੋਹੀ ਪਾਰ ਕਰਕੇ ਆਪਣੇ ਬਜ਼ੁਰਗਾਂ ਨੂੰ ਮਿਲਣ ਭੱਟਕੀ ਕਲਾਂ ਗਿਆ। ਫੇਰ ਉਹਨਾਂ ਨਾਲ ਬੰਦਾ ਬਹਾਦਰ ਦਾ ਟਿਲਾ ਵੇਖਣ, ਜਿੱਥੇ ਕਿਸੇ ਵੇਲੇ ਬੰਦੇ ਨੇ ਨਿਸ਼ਾਨ ਸਾਹਿਬ ਗੱਡਿਆ ਸੀ । ਹੁਣ ਉਸ ਦਾ ਸਿਰਫ ਥੱਲੇ ਦਾ ਹਿੱਸਾ ਹੀ ਰਹਿ ਗਿਆ ਸੀ-ਕਿੱਲੇ ਵਾਂਗ। ਉਹ ਉੱਥੇ ਕੁਝ ਦੇਰ ਖੜਾ ਬੰਦਾ ਬਹਾਦਰ ਦੇ ਕਾਰਨਾਮਿਆਂ ਅਤੇ ਸ਼ਹੀਦੀ ਬਾਰੇ ਸੋਚਦਾ ਰਿਹਾ। ਫੇਰ ਇਕ ਲੰਮਾ ਜਿਹਾ ਸਾਹ ਖਿੱਚਦਿਆਂ ਆਪਣੇ ਨਾਲ ਆਏ 'ਚਾਚੇ’ ਨੂੰ ਕੁਝ ਇਸ ਤਰ੍ਹਾਂ ਕਿਹਾ ਜਿਵੇਂ ਉਹ ਆਪ ਆਪ ਨੂੰ ਕਹਿ ਰਿਹਾ ਹੋਵੇ-
“ਜੇ ਬੰਦਾ ਬਹਾਦਰ ਨਾ ਹੁੰਦਾ ਤਾਂ ਸਿੱਖ ਕੌਮ ਦੀ ਸ਼ਕਲ ਇਹ ਨਾ ਹੁੰਦੀ ਜੋ ਅੱਜ ਹੈ।“
ਕੀਰਤ ਸਿੰਘ ਕੁਝ ਦੇਰ ਖੜਾ ਆਕਾਸ ਵੱਲ ਤੱਕਦਾ ਰਿਹਾ। ਫਿਰ ਭਾਵੁਕਤਾ ਵੱਸ ਉਸ ਟਿੱਲੇ ਤੋਂ ਥੋੜ੍ਹੀ ਜਿਹੀ ਮਿੱਟੀ ਚੁੱਕ ਕੇ ਆਪਣੇ ਮੱਥੇ ਨੂੰ ਲਾਈ ਅਤੇ ਵਾਪਸ ਮੁੜ ਪਿਆ।
ਜਦ ਉਹ ਵਾਪਸ ਆਪਣੇ ਭੋਰੇ ਵਾਲੇ ਕਮਰੇ ਚ ਆਇਆ ਤਾਂ ਸੁੰਦਰਾਂ ਚਟਾਈ ਤੇ ਬੈਠੀ ਇਕ ਭੂਰੇ ਰੰਗ ਦੀ ਪਤੂਹੀ ਉੱਤੇ ਰੰਗਦਾਰ ਧਾਗਿਆਂ ਨਾਲ ਫੁੱਲ ਬੂਟੇ ਕੱਢ ਰਹੀ ਸੀ। ਤਪਤਪੋਸ਼ ਉੱਤੇ ਬਿਸਤਰਾ ਨਹੀਂ ਸੀ ਵਿਛਿਆ ਹੋਇਆ। ਹਵਾ ਲਾਉਣ ਲਈ ਬਾਹਰ ਧੁੱਪੇ ਰੱਖ ਦਿੱਤਾ ਗਿਆ ਸੀ । ਸੁੰਦਰਾਂ ਚਟਾਈ 'ਤੇ ਬੈਠਿਆਂ ਜਰਾ ਖਿਸਕੀ ਅਤੇ ਕੀਰਤ ਲਈ ਕੁਝ ਥਾਂ ਖ਼ਾਲੀ ਕਰਦਿਆਂ ਬੋਲੀ:
“ਆ ਬਹਿ ਜਾ।”
"ਇਹ ਕਿਸ ਲਈ? " ਕੀਰਤ ਨੇ ਪਤੂਹੀ ਵੱਲ ਤਕਦਿਆਂ ਆਖਿਆ।
“ਉਸੇ ਦੀ ਹੈ। ਮੈਂ ਸੋਚਿਆ ਪਈ-ਪਈ ਗਲ ਜਾਵੇਗੀ। ਤੇਰੇ ਕੰਮ ਆਵੇਗੀ।“
"ਉਸ ਦੇ ਨਾ ਹੋਣ ਨਾਲ ਤੇ ਤੈਨੂੰ ਬਹੁਤ ਖਾਲੀ-ਖਾਲੀ ਲੱਗਦਾ ਹੋਵੇਗਾ?”
“ਹਾਂ, ਕਦੀ-ਕਦੀ । ਉਹ ਇਕ ਚੰਗਾ ਆਦਮੀ ਸੀ। ਕਦੀ ਹੱਥ ਨਹੀਂ ਚੁੱਕਿਆ ਮੇਰੇ ਤੇ।“ ਫੇਰ ਧਾਗਾ ਤੋੜ ਕੇ ਪਤੂਹੀ ਕੀਰਤ ਵੱਲ ਕਰਦਿਆਂ ਬੋਲੀ, ”ਪਾ ਕੇ ਵੇਖ, ਕਿਵੇਂ ਲੱਗਦੀ ਹੈ।“ ਕਹਿੰਦਿਆਂ ਉਸ ਦੇ ਬੁੱਲ੍ਹਾਂ ’ਤੇ ਮੁਸਕਾਨ ਖਿੰਡਰੀ ਹੋਈ ਸੀ। ਮੁਸਕਾਨ ਦਾ ਜਵਾਬ ਕੀਰਤ ਨੇ ਵੀ ਮੁਸਕਾਨ ਨਾਲ ਦਿੱਤਾ।
ਇਕ ਔਰਤ ਦਾ ਸਾਥ ਕਿੰਨਾ ਨਿੱਘਾ ਅਤੇ ਆਕਰਸ਼ਕ ਹੁੰਦਾ ਹੈ। ਕੀਰਤ ਮਹਿਸੂਸ ਕਰ ਰਿਹਾ ਸੀ। ਉਸ ਨੇ ਸੁੰਦਰਾਂ ਦੇ ਚਿਹਰੇ 'ਤੇ ਡਿੱਗੀਆਂ ਲਿਟਾਂ ਨੂੰ ਤੇ ਫੇਰ ਉਸਦੇ
ਵਾਲਾਂ ਨੂੰ ਹੱਥ ਨਾਲ ਛੋਹ ਲਿਆ। ਸੁੰਦਰਾਂ ਉਸ ਦੇ ਕੋਲ ਨੂੰ ਖਿਸਕ ਆਈ ਅਤੇ ਆਪਣਾ, ਕੰਬਦਾ ਹੱਥ ਉਸ ਦੇ ਮੋਢੇ 'ਤੇ ਰੱਖ ਦਿੱਤਾ। ਫੇਰ ਕੀਰਤ ਨੇ ਉਸ ਦੀ ਵੱਖੀ ਦੁਆਲੇ ਹੱਥ ਵਲ ਕੇ ਆਪਣੇ ਵੱਲ ਖਿੱਚ ਲਿਆ...।
ਕੁਝ ਦਿਨਾਂ ਬਾਅਦ, ਜਦ ਕੀਰਤ ਸਿੰਘ ਤਕਰੀਬਨ ਬਿਲਕੁਲ ਠੀਕ ਹੋ ਗਿਆ ਤਾਂ ਉਹ ਸਵੇਰ-ਸ਼ਾਮ ਲੰਮੀ ਸੈਰ ਤੇ ਜਾਣ ਲੱਗਾ। ਕਦੀ-ਕਦੀ ਇਕ ਟਿੱਲੇ ਤੇ ਖੜਾ ਹੋਕੇ ਬਰਫਾਨੀ ਪਹਾੜਾਂ ਵੱਲ ਤਕਦਾ ਰਹਿੰਦਾ। ਕਦੀ ਆਪਣੇ ਘੋੜੇ ਅਤੇ ਆਪਣੀਆਂ ਲੱਤਾਂ ਦੀ ਮਾਲਿਸ਼ ਕਰਨ ਲੱਗਦਾ ਜਿਵੇਂ ਜਾਣ ਦੀ ਤਿਆਰੀ ਕਰ ਰਿਹਾ ਹੋਵੇ।
"ਤੂੰ ਇੱਥੇ ਹੀ ਕਿਉਂ ਨਹੀਂ ਰਹਿ ਜਾਂਦਾ । ਬਥੇਰੀ ਜ਼ਮੀਨ ਹੈ ਮੇਰੇ ਪਿਓ ਕੋਲ।" ਸੁੰਦਰਾਂ ਇਕ ਦਿਨ ਉਸ ਕੋਲ ਆ ਕੇ ਕਹਿਣ ਲਈ ਸੀ। "ਜੰਗਲ ਕੱਟ ਤੇ ਬੇਸ਼ੱਕ ਜਿੰਨੀ ਮਰਜ਼ੀ ਘੇਰ ਲਈ। ਨਾਲੇ ਪੁਸ਼ਤੈਨੀ ਪਿੰਡ ਹੈ ਤੇਰਾ ਇਹ।"
ਕੀਰਤ ਸਿੰਘ ਚੁੱਪ ਰਿਹਾ।
ਉਸ ਨੇ ਫੇਰ ਆਪਣਾ ਸਵਾਲ ਦੁਹਰਾਇਆ।
"ਜੇ ਸੱਚ ਪੁੱਛੇਂ ਸੁੰਦਰਾਂ ਤਾਂ ਹੁਣ ਨਾ ਇਸ ਦੁਨੀਆ ਨਾਲ, ਨਾ ਜੀਵਨ ਨਾਲ ਹੀ ਕੋਈ ਮੋਹ ਰਿਹਾ ਹੈ। ਪਹਿਲਾਂ ਕਦੀ ਸੋਚਣ ਦਾ ਅਵਸਰ ਹੀ ਨਹੀਂ ਮਿਲਿਆ। ਹੁਣ ਇਕੱਲਿਆਂ ਅਤੇ ਵਿਹਲੇ ਬੈਠਿਆਂ ਕਈ ਕੁਝ ਉੱਠਦਾ ਰਹਿੰਦਾ ਹੈ ਮਨ ਵਿੱਚ। ਕਈ ਤਰ੍ਹਾਂ ਦੇ ਸਵਾਲ ਜਿਸ ਦਾ ਮੈਨੂੰ ਆਪਣੇ ਅੰਦਰੋਂ ਕੋਈ ਜਵਾਬ ਨਹੀਂ ਮਿਲਦਾ।“
“ਦਿਲ ਵੀ ਲਾਉਣ ਨਾਲ ਹੀ ਲੱਗਦਾ ਹੈ। ਸੋਚਿਆਂ ਕੁਝ ਨਹੀਂ ਮਿਲਦਾ। ਮੈਂ ਵੀ ਬਹੁਤ ਸੋਚ ਕੇ ਵੇਖ ਲਿਆ।“
"ਸ਼ਾਇਦ ਤੂੰ ਠੀਕ ਹੀ ਕਹਿ ਰਹੀ ਏਂ।"
“ਤਾਂ ਫੇਰ ਆਸ ਰੱਖਾਂ?”
"ਨਹੀਂ ।ਆਸ ਟੁੱਟਣ ਨਾਲ ਦੁੱਖ ਜ਼ਿਆਦਾ ਹੁੰਦਾ ਹੈ ।“
"ਆਸ ਬਿਨਾਂ ਜੀਵਿਆ ਵੀ ਤੇ ਨਹੀਂ ਜਾ ਸਕਦਾ।" ਉਹ ਬੋਲੀ, “ਮੈਂ ਤੈਨੂੰ ਰੋਕ ਵੀ ਨਹੀਂ ਸਕਦੀ। ਪਰ ਉਡੀਕ ਤਾਂ ਜਰੂਰ ਕਰਦੀ ਰਹਾਂਗੀ। ਮੇਰਾ ਦਿਲ ਕਹਿੰਦਾ ਹੈ ਕਿ ਇਕ ਦਿਨ ਤੂੰ ਵਾਪਸ ਜਰੂਰ ਆਵੇਂਗਾ, ਆਪਣੇ ਬਜੁਰਗਾਂ ਦੀ ਇਸ ਧਰਤੀ ਵੱਲ। ਆਪਣੀ ਇਸ...। " ਕਹਿੰਦਿਆਂ-ਕਹਿੰਦਿਆਂ ਉਹ ਚੁੱਪ ਹੋ ਗਈ।
ਪਰ ਉਹ ਗਿਆ ਨਹੀਂ। 'ਕੱਲ੍ਹ-ਕੱਲ੍ਹ' 'ਤੇ ਟਾਲਦਾ ਰਿਹਾ। ਕਦੀ-ਕਦੀ ਉਹ ਬੰਦਾ ਬਹਾਦਰ ਦੇ ਟਿੱਲੇ 'ਤੇ ਚਲਿਆ ਜਾਂਦਾ। ਉਸ ਦਿਨ ਵੀ ਉਹ ਟਿੱਲੇ 'ਤੇ ਜਾ ਕੇ ਅਤੇ ਭੁੰਜੇ ਪੱਤੇ ਵਿਛਾ ਕੇ ਇਕ ਚੱਟਾਨ ਦਾ ਸਹਾਰਾ ਲਾਕੇ ਬੈਠ ਗਿਆ ਅੱਖਾਂ ਬੰਦ ਕਰ ਲਈਆਂ। ਕੁਝ ਦੇਰ ਬਾਅਦ ਉਸ ਨੂੰ ਲੱਗਿਆ ਜਿਵੇਂ ਬੰਦਾ ਬਹਾਦਰ ਅਤੇ ਉਸ ਦੀ ਰਾਜਕੁਮਾਰੀ ਉਸ ਦੇ ਸਾਹਮਣੇ ਆ ਖੜੇ ਹਨ। ਰਾਜਕੁਮਾਰੀ ਉਸ ਵੱਲ ਤੱਕਦਿਆਂ ਮੁਸਕਰਾ ਰਹੀ ਸੀ।
“ਕਿਨ੍ਹਾਂ ਸੋਚਾਂ 'ਚ ਪੈ ਗਿਆ ਕੀਰਤ ਸਿਆਂ?”
“ਸੋਚਾਂ? ਸੋਚ ਰਿਹਾ ਹਾਂ ਕੀ ਫਾਇਦਾ ਲੜਨ ਮਰਨ ਦਾ? ਤੁਸੀਂ ਲੜਦੇ ਮਰਦੇ ਰਹੇ,
ਬਘੇਲ ਸਿੰਘ ਲੜਦਾ ਰਿਹਾ, ਪਰ ਫੇਰ ਸਭ ਕੁਝ ਉੱਥੇ ਦਾ ਉੱਥੇ।“
“ਉੱਥੇ ਦਾ ਉੱਥੇ ਕਿਉਂ? ਵੇਖ! ਖਾਲਸਾ ਰਾਜ ਕਾਇਮ ਹੋ ਗਿਆ ਸਾਰੇ ਪੰਜਾਬ ਚ।“
“ਖਤਮ ਵੀ ਤੇ ਹੋ ਰਿਹਾ ਹੈ। ਅਤੇ ਮਹਾਰਾਜਾ ਰਣਜੀਤ ਸਿੰਘ ਦੇ ਮਰਨ ਤੋਂ ਬਾਅਦ ਜੋ ਸਿੱਖਾ ਸ਼ਾਹੀ ਚੱਲੀ, ਕੀ ਇਸ ਨੂੰ ਤੁਸੀਂ ਖਾਲਸਾ ਰਾਜ ਕਹੋਗੇ? ਅਤੇ ਖਾਲਸਾ ਰਾਜ ਦੇ ਸਮੇਂ ਵੀ ਕੀ ਹੋਇਆ? ਸਾਡੇ ਲੋਕਾਂ ਦੇ ਜੀਵਨ ਚ ਕੋਈ ਫਰਕ ਨਹੀਂ ਪਿਆ। ਪਹਿਲਾਂ ਸੁਲਤਾਨ ਖਾਂ ਜਾਂ ਦੀਵਾਨ ਖਾਂ ਜਗੀਰਦਾਰ ਹੁੰਦੇ ਸਨ, ਉਨ੍ਹਾਂ ਦੀ ਥਾਵੇਂ ਸੁਲਤਾਨ ਸਿੰਘ, ਦੀਦਾਰ ਸਿੰਘ ਆ ਗਏ।
“ਇਹ ਬਹੁਤ ਛੋਟੀਆਂ ਗੱਲਾਂ।”
“ਛੋਟੀ ਮਾਨਸਿਕਤਾ ਵਾਲਾ ਆਦਮੀ ਤਨਖਾਹ ਲਈ ਲੜਦਾ ਹੈ, ਆਪਣੇ ਖੇਤਾਂ, ਘਰ ਅਤੇ ਜਮੀਨ ਲਈ ਲੜਦਾ ਹੈ।” ਕੀਰਤ ਸਿੰਘ ਬੋਲਿਆ, “ਇਸ ਨੂੰ ਤੁਸੀਂ ਛੋਟਾ ਕਰਕੇ ਕਿਉਂ ਵੇਖਦੇ ਹੋ। ਇਹੀ ਤਾਂ ਉਸਦੇ ਜੀਵਨ ਦੇ ਸਾਧਨ ਹਨ। ਇਨ੍ਹਾਂ ਦੇ ਸਹਾਰੇ ਹੀ ਤੇ ਉਹ ਜਿਊਂਦਾ ਹੈ।“
”ਮਨੁੱਖ ਅਤੇ ਪਸ਼ੂ 'ਚ ਇਹੀ ਫਰਕ ਹੈ। ਆਦਮੀ ਜਿਊਂਦਾ ਅਤੇ ਲੜਦਾ ਹੈ, ਆਪਣੇ ਆਤਮ ਸਨਮਾਨ ਲਈ, ਆਪਣੀ ਪ੍ਰਤਿਸ਼ਠਾ, ਗੌਰਵ ਅਤੇ ਵਿਸ਼ਵਾਸ਼ਾਂ ਦੀ ਹਿਫਾਜਤ ਲਈ।“
"ਲੜਦਾ ਹੈ ਅਤੇ ਮਰਦਾ ਹੈ।" ਕੀਰਤ ਸਿੰਘ ਨੇ ਵਿਅੰਗਮਈ ਅੰਦਾਜ਼ 'ਚ ਆਖਿਆ।
"ਮਰਨ-ਮਰਨ ਵਿੱਚ ਵੀ ਫਰਕ ਹੁੰਦਾ ਹੈ।"
ਬਹੁਤ ਸਾਰੇ ਕਦਮਾਂ ਦੀ ਆਵਾਜ ਨੇ ਉਸ ਨੂੰ ਸੁਪਨੇ ਲੈਂਦੇ ਨੂੰ ਜਗਾ ਦਿੱਤਾ। ਉਹ ਜਦੋਂ ਵੀ ਘਰੋਂ ਨਿਕਲਦਾ, ਹਮੇਸ਼ਾ ਤਲਵਾਰ ਲੈ ਕੇ ਹੀ ਨਿਕਲਦਾ । ਉਸ ਨੇ ਤਲਵਾਰ ਮਿਆਨ 'ਚੋਂ ਕੱਢ ਕੇ ਸੱਜੇ ਹੱਥ 'ਚ ਮਜਬੂਤੀ ਨਾਲ ਫੜੀ ਅਤੇ ਰੁੱਖਾਂ, ਝਾੜੀਆਂ ਚ ਲੁਕ ਕੇ ਖੜ੍ਹਾ ਹੋ ਗਿਆ । ਉਨ੍ਹਾਂ ਆਉਣ ਵਾਲਿਆਂ ਨੂੰ ਵੇਖ ਕੇ ਕੀਰਤ ਨੇ ਸੁੱਖ ਦਾ ਸਾਹ ਲਿਆ। ਇਹ ਉਸ ਦੇ ਪੁਰਾਣੇ ਸਾਥੀ ਦੁਰਜਨ ਸਿੰਘ ਤੇ ਮੇਵਾ ਸਿੰਘ ਆਦਿ ਸਨ।
ਕੀਰਤ ਸਿੰਘ ਸਾਰਿਆਂ ਨੂੰ ਜੱਫੀਆਂ ਪਾ ਕੇ ਮਿਲਿਆ। ਉਨ੍ਹਾਂ ਦੱਸਿਆ ਕਿ ਉਹ ਕੀਰਤ ਸਿੰਘ ਨੂੰ ਥਾਂ-ਥਾਂ 'ਤੇ ਲੱਭਦੇ ਆ ਰਹੇ ਹਨ। ਇੱਥੇ ਆਉਣ ਦਾ ਕਾਰਨ ਕੇਵਲ ਉਨ੍ਹਾਂ ਦਾ ਅਨੁਮਾਨ ਹੀ ਸੀ। ਫੇਰ ਕੀਰਤ ਦੇ ਪੁੱਛਣ 'ਤੇ ਉਨ੍ਹਾਂ ਦੱਸਿਆ ਕਿ ਉਸ ਦੇ ਪਿੰਡ ਦਾ ਜਗੀਰਦਾਰ ਇਕ ਦਮ ਨਹੀਂ ਸੀ ਮਰਿਆ। ਉਸ ਨੇ ਆਪਣੇ ਆਦਮੀ ਜਰੂਰ ਭੇਜੇ ਸਨ ਕੀਰਤ ਸਿੰਘ ਨੂੰ ਲੱਭਣ ਲਈ। ਪਰ ਉਨ੍ਹਾਂ ਲੱਭਣ ਵਾਲਿਆਂ ਦੇ ਵਾਪਸ ਪਹੁੰਚਦਿਆਂ-ਪਹੁੰਚਦਿਆਂ ਉਹ ਨਰਕ' ਚ ਜਾ ਪੁੱਜਾ ਸੀ। ਲਹੌਰ ਸਰਕਾਰ ਨੇ ਉਸ ਦੀ ਜਗੀਰ ਹੁਣ ਕਿਸੇ ਹੋਰ ਨੂੰ ਦੇ ਦਿੱਤੀ ਸੀ। ਅਤੇ ਉਸ ਦਾ ਭਰਾ ਅਤੇ ਭਰਜਾਈ ਵੀ ਰੋਪੜ ਤੋਂ ਵਾਪਸ ਆ ਗਏ ਸਨ।
'ਤੇ ਮੈਨੂੰ ਲਭਦਿਆਂ ਇੱਥੇ ਆਉਣ ਦਾ ਕੋਈ ਖ਼ਾਸ ਕਾਰਨ?" ਕੀਰਤ ਸਿੰਘ ਨੇ ਉਨ੍ਹਾਂ ਵੱਲ ਤੱਕਦਿਆਂ ਪੁੱਛਿਆ।
"ਕਾਰਨ ਇਹ ਕਿ ਤੁਹਾਡੇ ਪੁਰਾਣੇ ਦੋਸਤ ਦਰਸ਼ਨ ਸਿੰਘ ਨੂੰ ਤੁਹਾਡੀ ਲੋੜ ਪੈ ਗਈ ਹੈ ਅਤੇ ਉਨ੍ਹਾਂ ਦਾ ਸੁਨੇਹਾ ਇਹ ਹੈ ਤੁਸੀਂ ਛੇਤੀ ਤੋਂ ਛੇਤੀ ਲਹੌਰ ਪਹੁੰਚਣ ਦੀ ਕੋਸ਼ਿਸ਼ ਕਰੋ... ।"
13
ਕੀਰਤ ਸਿੰਘ ਆਪਣੇ ਕਮਰੇ 'ਚ ਬੈਠਾ ਦੀਵੇ ਦੀ ਲੋਅ 'ਚ ਕੁਝ ਲਿਖ ਰਿਹਾ ਸੀ ਕਿ ਉਸਨੂੰ ਕਿਸੇ ਦੇ ਕਮਰੇ ਚ ਵੜਨ ਦੀ ਬਿੜਕ ਪਈ। ਉਸਨੇ ਗਰਦਨ ਘੁੰਮਾ ਕੇ ਵੇਖਿਆ। ਦੀਵੇ ਦੀ ਮੱਧਮ ਲੋਅ ਚ ਅੰਦਰ ਆਉਣ ਵਾਲਾ ਚੰਗੀ ਤਰ੍ਹਾਂ ਨਹੀਂ ਸੀ ਆ ਰਿਹਾ, ਪਰ ਇੰਨਾ ਜਰੂਰ ਜਾਣ ਗਿਆ ਕਿ ਅੰਦਰ ਆਉਣ ਵਾਲੀ ਇਕ ਇਸਤਰੀ ਸੀ ਜਿਸਨੇ ਆਪਣਾ ਚਿਹਰਾ ਕਾਲੇ ਰੰਗ ਦੇ ਦੁਪੱਟੇ ਨਾਲ ਢਕਿਆ ਹੋਇਆ ਸੀ।
"ਕੌਣ ?" ਕੀਰਤ ਸਿੰਘ ਬੋਲਿਆ।
"ਤੁਸੀਂ ਮੈਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ। ਮੈਨੂੰ ਹੀ ਆਉਣਾ ਪਿਆ।“
“ਕੌਣ! ਜੀਨਤ! ਪਰ ਇਹ ਤੈਨੂੰ ਕਿਵੇਂ ਪਤਾ ਲੱਗਾ ਕਿ ਮੈਨੂੰ ਤੇਰੇ ਇਥੇ ਹੋਣ ਦਾ ਇਲਮ ਹੈ?”
“ਦਲੇਰ ਸਿੰਘ ਤੋਂ।”
"ਉਸ ਨੂੰ ਤਾਂ ਮੈਂ ਕਦੇ ਨਹੀਂ ਦੱਸਿਆ?”
“ਉਸ ਨੇ ਸ਼ਾਇਦ ਸ਼ਾਹ ਬਖਸ਼ ਨਾਲ ਤੁਹਾਨੂੰ ਗੱਲਾਂ ਕਰਦੇ ਸੁਣ ਲਿਆ ਹੋਵੇ। ਉਹ ਤੇ ਸਿਰਫ ਉਹੀ ਜਾਣਦਾ ਹੈ ਕਿ ਤੁਹਾਨੂੰ ਇੱਥੇ ਕਿਸੇ ਗੁੰਮ ਹੋ ਗਈ ਔਰਤ ਦੀ ਤਲਾਸ਼ ਹੈ। ਤਾਂ ਕੀ ਮੈਂ ਇਹ ਸਮਝ ਲਵਾਂ ਕਿ ਤੁਹਾਡੀ ਤਲਾਸ਼ ਖਤਮ ਹੋ ਗਈ ?'ਤੇ ਨਾਲ ਹੀ ਉਸ ਨੇ ਆਪਣੇ ਚਿਹਰੇ ਨੂੰ ਢਕਦਾ ਦੁਪੱਟਾ ਪਰ੍ਹੇ ਹਟਾ ਦਿੱਤਾ।
ਦੀਵੇ ਦੀ ਲੋਅ ਚ ਕੀਰਤ ਸਿੰਘ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਸ ਦਾ ਚਿਹਰਾ ਪਿਛਲੇ ਅੱਠ-ਨੌਂ ਵਰ੍ਹਿਆਂ 'ਚ ਕਿੰਨਾ ਕੁ ਬਦਲ ਗਿਆ ਹੈ । ਪਰ ਕੁਝ ਸਾਫ ਨਾ ਵੇਖ ਸਕਿਆ। ਐਨਾ ਜਰੂਰ ਦਿਸ ਰਿਹਾ ਸੀ ਕਿ ਉਸ ਦਾ ਸਰੀਰ ਪਹਿਲਾਂ ਤੋਂ ਕੁਝ ਭਾਰੀ ਜਰੂਰ ਹੋ ਗਿਆ ਸੀ, ਪਰ ਐਨਾ ਵੀ ਨਹੀਂ ਤਿ ਬੁਰਾ ਲੱਗੇ। ਕੀਰਤ ਸਿੰਘ ਦੇ ਮਸਤਕ 'ਚ ਉਸ ਨਾਲ ਬਿਤਾਏ ਦਿਨ ਸਾਕਾਰ ਹੋ ਉੱਠੇ। ਕਿੰਨੀ ਛੋਟੀ ਜਿਹੀ ਪਤਲੀ ਪਤੰਗ ਹੁੰਦੀ ਸੀ ਉਸ ਵੇਲੇ ਉਹ। ਸਾਰੇ ਖਤਰਿਆਂ ਦੇ ਬਾਵਜੂਦ ਰਾਤ ਦੇ ਹਨੇਰੇ 'ਚ ਲੁਕਦੀ ਲੁਕਾਉਂਦੀ ਆਉਂਦੀ ਅਤੇ ਉਸ ਦੀਆਂ ਬਾਹਾਂ `ਚ ਸਮਾ ਜਾਂਦੀ। ਹੁਣ ਉਸ ਨੂੰ ਉਹ ਦਿਨ ਕਿਸੇ ਸੁਫਨੇ ਵਾਂਗ ਲੱਗਣ ਲੱਗੇ। ਉਨ੍ਹਾਂ ਮਿਲਣੀਆਂ, ਜੁਦਾਈ ਵੇਲੇ ਦੀਆਂ ਉਸ ਦੀਆਂ ਸਿਸਕੀਆਂ ਦੀ ਯਾਦ ਹੀ ਉਸ ਨੂੰ ਮੁੜ ਉਸ ਕੋਲ ਲੈ ਆਈ ਸੀ।
"ਤੁਸੀ ਤੇ ਮੈਨੂੰ ਇਸ ਤਰ੍ਹਾਂ ਛੱਡ ਕੇ ਚਲੇ ਗਏ ਸੀ ਜਿਵੇਂ ਤੁਹਾਡੇ ਲਈ ਮੇਰੀ ਕੋਈ ਵੁੱਕਤ ਹੀ ਨਾ ਰਹੀ ਹੋਵੇ। ਜਿਵੇਂ... ਜਿਵੇਂ ਮੇਰੇ ਨਾਲ ਬਿਤਾਏ ਪਲ ਤੁਹਾਡੇ ਲਈ ਮਨ ਪਰਚਾਵਾ ਹੀ ਸੀ।“
“ਨਹੀਂ ਜੀਨਤ, ਤੂੰ ਆਪ ਵੀ ਇਹ ਜ਼ਰੂਰ ਸਮਝਦੀ ਹੋਵੇਂਗੀ ਕਿ ਇਹ ਸੱਚ ਨਹੀਂ। ਮੇਰੇ ਵਾਪਸ ਆ ਕੇ ਤੇਰੇ ਵਾਲਦ ਤੋਂ ਤੈਨੂੰ ਮੰਗਣ ਤੋਂ ਪਹਿਲਾਂ ਹੀ ਤੂੰ ਗੰਮ ਹੋ ਗਈ।“
“ਕੀ ਸੱਚਮੁੱਚ ਤੁਹਾਨੂੰ ਮੇਰੇ ਬਾਰੇ ਕੁਝ ਪਤਾ ਨਾ ਲੱਗਾ ?"
"ਮੈਨੂੰ ਤੇ ਇਹ ਵੀ ਕੁਝ ਦਿਨ ਪਹਿਲਾਂ ਹੀ ਪਤਾ ਲੱਗਾ ਸੀ ਕਿ ਤੂੰ ਸ਼ੁਜਾਹਬਾਦ ਚ ਏਂ। ਕਿਸ ਕੋਲ ਅਤੇ ਕਿਸ ਹਾਲਤ 'ਚ ਏਂ, ਇਹੀ ਜਾਣਨ ਲਈ ਮੈਂ ਇੱਥੇ ਆਇਆ ਹਾਂ।“
"ਸਿਰਫ ਜਾਣਨ ਲਈ, ਜਾਂ ?"
"ਮੇਰਾ ਖਿਆਲ ਹੈ ਕਿ ਇਸ ਦਾ ਜਵਾਬ ਅਤੇ ਵੇਰਵਾ ਦੇਣ ਦੀ ਲੋੜ ਨਹੀਂ। ਪਰ ਜ਼ੀਨਤ, ਇਹ ਸਭ ਕੁਝ ਕਿਵੇਂ ਹੋ ਗਿਆ ? ਜੇ ਸੂਰਤ-ਏ-ਹਾਲਾਤ ਕੁਝ ਹੋਰ ਤਰ੍ਹਾਂ ਹੁੰਦੇ ਤਾਂ ਕੁੱਝ ਉਮੀਦ ਰੱਖ ਸਕਦਾ ਸਾਂ। ਪਰ... ਪਰ ਇਨ੍ਹਾਂ ਹਾਲਾਤ 'ਚ ? ਇਹ ਤੇ ਮੇਰੇ ਖਾਬੋ-ਖਿਆਲ 'ਚ ਕਦੀ ਨਹੀਂ ਸੀ ਆਇਆ ਕਿ ਤੂੰ ਇੱਥੇ ਸ਼ਾਮ ਸਿੰਘ ਦੀ ਹਰਮ 'ਚ ਰਹਿ ਰਹੀ ਹੋਵੇਂਗੀ।"
ਜੀਨਤ ਨੇ ਉਸਦੇ ਨੇੜੇ ਆਕੇ ਉਸ ਵੱਲ ਧਿਆਨ ਨਾਲ ਵੇਖਿਆ। ਇਹ ਜਾਣਨ ਲਈ ਕਿ ਇਹ ਉਸਦੀ ਉਤਸੁਕਤਾ ਬੋਲ ਰਹੀ ਹੈ ਜਾਂ ਉਸ ਉੱਤੇ ਕੋਈ ਇਲਜਾਮ ਲਾਇਆ ਜਾ ਰਿਹਾ ਹੈ। ਪਰ ਕੁਝ ਜਾਣ ਨਾ ਸਕੀ। ਫੇਰ ਬੋਲੀ-
“ਇਸ ਵਿੱਚ ਨਾ ਮੇਰਾ ਕੋਈ ਕਸੂਰ ਹੈ ਅਤੇ ਨਾ ਸ਼ਾਮ ਸਿੰਘ ਜੀ ਦਾ। ਬਸ ਇਹੋ ਸਮਝੋ ਕਿ ਕਿਸਮਤ ਚ ਇਹੀ ਲਿਖਿਆ ਸੀ ।“ ਤੇ ਫੇਰ ਉਹ ਸੁਣਾਉਣ ਲੱਗੀ- “ਇਹ ਤਾਂ ਤੁਸੀਂ ਜਾਣਦੇ ਹੀ ਹੋ ਕਿ ਮੈਂ ਨਵਾਬ ਸ਼ੌਕਤ ਖ਼ਾਂ ਦੀ ਕਿਸੇ ਰਖੇਲ ਦੀ ਧੀ ਹਾਂ ਅਤੇ ਇਹ ਵੀ ਤੁਹਾਨੂੰ ਪਤਾ ਹੈ ਕਿ ਸੁਲਾਹ ਦੀਆਂ ਸ਼ਰਤਾਂ ਮੁਤਾਬਕ 'ਮੇਰੇ ਅੱਬਾ' ਮਹਾਰਾਜ ਨੂੰ ਖਰਾਜ ਭੇਜਦੇ ਸਨ। ਪਰ ਤੁਹਾਡੇ ਜਾਣ ਤੋਂ ਬਾਅਦ ਗੁਆਂਢੀ ਅਫਗਾਨਾਂ ਦੇ ਭੜਕਾਉਣ 'ਤੇ ਸ਼ੌਕਤ ਖਾਂ ਨੇ ਖ਼ਰਾਜ ਭੇਜਣਾ ਬੰਦ ਕਰ ਦਿੱਤਾ ਅਤੇ ਸਮਝੌਤੇ ਦੀਆਂ ਸ਼ਰਤਾਂ ਦੇ ਉਲਟ ਕਿਲ੍ਹੇ ਦੀ ਫਸੀਲ ਉੱਚੀ ਅਤੇ ਨਵੀਆਂ ਤੋਪਾਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਚੜ੍ਹਾਈ ਕਰ ਦਿੱਤੀ । ਲੜਾਈ ਹੋਈ ਅਤੇ ਮੇਰੇ ਵਾਲਦ ਲੜਦਿਆਂ ਹੋਇਆਂ ਮਾਰੇ ਗਏ। ਅਸੀਂ ਹਾਰ ਗਏ। ਚੜ੍ਹਾਈ ਕਰਨ ਵਾਲੇ ਸਿੱਖ ਸਰਦਾਰਾਂ 'ਚੋਂ ਇਕ ਇਹ ਸ਼ਾਮ ਸਿੰਘ ਵੀ ਸਨ।"
ਇਹ ਕੁਝ ਸੁਣਾ ਕੇ ਜੀਨਤ ਕੁਝ ਰੁਕੀ ਅਤੇ ਫੇਰ ਕਹਿਣ ਲੱਗੀ, "ਸਾਡਾ ਸਾਰਾ ਕੁਝ ਲਾਹੌਰ ਦੀ ਹਕੂਮਤ ਦੇ ਅਧੀਨ ਆ ਗਿਆ। ਲਾਹੌਰ ਸਰਕਾਰ ਦਾ ਹੁਕਮ ਸੀ ਕਿ ਉਸ ਕਿਲ੍ਹੇ ਦੇ ਜਿੱਤਣ ਤੋਂ ਬਾਅਦ ਧੰਨ ਦੌਲਤ ਦੇ ਨਾਲ-ਨਾਲ ਜੋ ਵੀ ਕੁਆਰੀ ਜੁਆਨ ਔਰਤ ਮਿਲੇ ਉਸ ਕੋਲ ਭੇਜ ਦਿੱਤੀ ਜਾਏ। ਅਤੇ ਜਦ ਇਹ ਸ਼ਾਮ ਸਿੰਘ ਮੈਨੂੰ ਲੈ ਕੇ ਲਾਹੌਰ ਸਰਕਾਰ ਕੋਲ ਪਹੁੰਚੇ ਤਾਂ ਸਰਕਾਰ ਨੇ ਸ਼ਾਮ ਸਿੰਘ ਤੋਂ ਪੁੱਛਿਆ ਕਿ ਕਿਲ੍ਹੇ ਦੇ ਸਰ ਕਰਨ ਅਤੇ ਇਸ ਦੋਸੀਜਾਂ ਨੂੰ ਲਿਆਉਣ ਦੇ ਇਨਾਮ ਵਜੋਂ ਉਸ ਨੂੰ ਕੀ ਦਿੱਤਾ ਜਾਏ? ਤਾਂ ਅੱਗਿਓਂ ਇਨ੍ਹਾਂ ਨੇ ਮੈਨੂੰ ਹੀ ਮੰਗ ਲਿਆ।"
"ਉਹ! ਤਾਂ ਇਸ ਦਾ ਮਤਲਬ ਇਹ ਕਿ ਤੂੰ ਇੱਥੇ ਇਨ੍ਹਾਂ ਕੋਲ ਇਕ... ਇਕ
ਕਨੀਜ਼ ਜਾਂ ਰਖੇਲ ਦੀ ਤਰਾਂ ਰਹਿੰਦੀ ਏਂ।" ਕੀਰਤ ਸਿੰਘ ਨੇ ਇਕ ਕੌੜਾ ਜਿਹਾ ਘੁੱਟ ਭਰਦਿਆਂ ਆਖਿਆ।
"ਗੱਲ ਐਨੀ ਸਿੱਧੀ ਨਹੀਂ। ਹਕੀਕਤ ਇਹ ਹੈ ਕਿ ਸਾਡੇ ਕਿਲ੍ਹੇ ਤੋਂ ਲਾਹੌਰ ਤੱਕ ਜਾਂਦਿਆਂ ਇਨ੍ਹਾਂ ਦਾ ਵਤੀਰਾ ਮੇਰੇ ਨਾਲ ਇੰਨਾ ਸ਼ਰਾਫ਼ਤ ਅਤੇ ਸ਼ਾਇਸਦਗੀ ਭਰਿਆ ਸੀ ਕਿ ਮਨ ਹੀ ਮਨ ਮੈਂ ਇਹਨਾਂ ਦੀ ਸ਼ਖ਼ਸੀਅਤ ਅਤੇ ਇਖ਼ਲਾਕ ਦੀ ਕਾਇਲ ਹੋ ਗਈ। ਸ਼ਾਇਦ ਇਹ ਵੀ ਕਿ ਮੈਂ ਇਨ੍ਹਾਂ ਵਿੱਚ ਤੁਹਾਨੂੰ ਵੇਖ ਰਹੀ ਸਾਂ। ਅਤੇ ਜਦ ਮਹਾਰਾਜਾ ਰਣਜੀਤ ਸਿੰਘ ਨੇ ਹੱਸਦਿਆਂ ਹੋਇਆਂ ਮੈਨੂੰ ਇਨ੍ਹਾਂ ਦੇ ਸਪੁਰਦ ਕਰ ਦਿੱਤਾ ਤਾਂ ਮੈਨੂੰ-ਕੋਈ ਦੁੱਖ ਨਹੀਂ ਹੋਇਆ। ਬਲਕਿ ਖ਼ੁਸ਼ ਸਾਂ ਕਿ ਮਹਾਰਾਜੇ ਦੀ ਰਖੇਲ ਬਣ ਕੇ ਜੀਵਨ ਬਿਤਾਉਣ ਤੋਂ ਤਾਂ ਇਹ ਕਿਤੇ ਬਿਹਤਰ ਹੈ।”
ਇਹ ਸਭ ਕੁਝ ਸੁਣਾ ਕੇ ਜ਼ੀਨਤ ਚੁੱਪ ਹੋ ਗਈ ਅਤੇ ਥੱਕੀ ਜਿਹੀ ਇਕ ਤਿਪਾਈ 'ਤੇ ਬੈਠ ਗਈ। ਕੀਰਤ ਸਿੰਘ ਵੀ ਕੁਝ ਦੇਰ ਚੁੱਪ ਰਿਹਾ। ਫੇਰ ਉਸ ਦੇ ਮੂੰਹੋਂ ਨਿਕਲਿਆ-
"ਤੇ.. ਤੇ ਹੁਣ ?"
"ਮੈਂ ਜਾਣਦੀ ਹਾਂ ਕਿ ਤੁਸੀਂ ਕੀ ਸੋਚ ਰਹੇ ਹੋ। ਉੱਤਰ ਇਹ ਹੈ ਕਿ ਮੈਂ ਇਨ੍ਹਾਂ ਦੀ ਰਖੇਲ ਨਹੀਂ ਬਲਕਿ ਵਿਆਹੁਤਾ ਹਾਂ ਅਤੇ ਮੈਨੂੰ ਇਨ੍ਹਾਂ ਕੋਲੋਂ ਉਹ ਸਭ ਕੁਝ ਹਾਸਲ ਹੋਇਆ ਜੋ... ਜੋ....।"
"ਜੋ ਕੁਝ ਮੇਰੇ ਕੋਲੋਂ ਮਿਲਣਾ ਸੀ।‘ ਕੀਰਤ ਸਿੰਘ ਉਸ ਦਾ ਵਾਕ ਪੂਰਾ ਕਰਦਿਆਂ ਬੋਲਿਆ, “ਅਸਲੀਅਤ ਇਹ ਹੈ ਜੀਨਤ ਬੇਗਮ ਕਿ ਮੇਰੇ ਕੋਲ ਤੈਨੂੰ ਇਹ ਕੁਝ ਵੀ ਹਾਸਲ ਨਾ ਹੋ ਸਕਦਾ ਜਿਸਦੀ ਤੂੰ ਹੱਕਦਾਰ ਏਂ। ਚਾਹੇ ਮੈਨੂੰ ਇਹ ਕੁਝ ਵਾਪਰ ਜਾਣ ਦੀ ਕੋਈ ਖੁਸ਼ੀ ਨਹੀਂ ਪਰ ਇਕ ਤਸੱਲੀ ਜ਼ਰੂਰ ਹੈ ਕਿ ਤੂੰ ਇਨ੍ਹਾਂ ਕੋਲ ਰਹਿੰਦਿਆਂ ਇਕ ਸੁੱਖ ਅਤੇ ਇੱਜ਼ਤ-ਮਾਣ ਵਾਲੀ ਜ਼ਿੰਦਗੀ ਬਸਰ ਕਰ ਰਹੀ ਏਂ। ਹੁਣ ਮੈਂ ਸੋਚਦਾ ਹਾਂ ਕਿ ਤੈਨੂੰ ਮਿਲਣ ਦੀ ਕੋਸ਼ਿਸ਼ ਕਰਦਿਆਂ ਕੀ ਮੈਂ ਤੈਨੂੰ ਕਿਸੇ ਮੁਸੀਬਤ ਜਾਂ ਦੁਚਿੱਤੀ ਚ ਤਾਂ ਨਹੀਂ ਪਾ ਦਿੱਤਾ? ਅਤੇ ਇਹ ਵੀ ਸੋਚ ਰਿਹਾ ਹਾਂ ਕਿ ਤੇਰੇ ਇਸ ਵੇਲੇ ਇੱਥੇ ਆਉਣ ਬਾਰੇ ਜੇ ਸ਼ਾਮ ਸਿੰਘ ਨੂੰ ਪਤਾ ਲੱਗ ਗਿਆ ਤਾਂ...।“
"ਇਹ ਜੋਖਮ ਤਾਂ ਮੈਨੂੰ ਚੁੱਕਣਾ ਹੀ ਪੈਣਾ ਸੀ ਇਕ ਵਾਰੀ। ਪਹਿਲਾਂ ਮੈਂ ਸੋਚਿਆ ਕਿ ਮੈਂ ਉਨ੍ਹਾਂ ਨੂੰ ਸਭ ਕੁਝ ਦੱਸ ਦੇਵਾਂ। ਪਰ ਚਾਹੇ ਇਹ ਫਰਾਖ਼ ਦਿਲ ਹਨ, ਪਰ ਇਸ ਤਰ੍ਹਾਂ ਦੇ ਨਾਜ਼ੁਕ ਮਸਲਿਆਂ 'ਚ ਆਦਮੀ ਦੇ ਮਨ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ ।" "ਤਾਂ... ਤਾਂ ਮੈਂ ਤੇਰੀ ਇਸ ਮੁਲਾਕਾਤ ਨੂੰ ਆਖਰੀ ਮੁਲਾਕਾਤ ਸਮਝਾਂ? ਹਾਂ, ਇਹੀ ਠੀਕ ਰਹੇਗਾ।" ਕਹਿੰਦਿਆਂ ਹੋਇਆਂ ਉਸ ਦਾ ਜੀਅ ਕੀਤਾ ਕਿ ਉਸ ਦੇ ਨੇੜੇ ਜਾ ਇਕ ਵਾਰ ਫੇਰ ਉਸ ਦੀ ਛੋਹ, ਉਸ ਦੇ ਜਿਸਮ ਦੀ ਗਰਮੀ ਨੂੰ ਮਹਿਸੂਸ ਕਰ ਸਕੇ।
'ਮੁਲਾਕਾਤ ਆਖਰੀ ਨਹੀਂ ਚਾਹੇ ਇਹ ਲੁਕਵੀਂ ਮੁਲਾਕਾਤ ਆਖ਼ਰੀ ਹੋਵੇ।“ ਜ਼ੀਨਤ ਅੱਗਿਓਂ ਆਪਣੇ ਅੰਦਰ ਉਭਰਦੀ ਭਾਵੁਕਤਾ ਨੂੰ ਲੁਕਾਉਣ ਦਾ ਯਤਨ ਕਰਦਿਆਂ ਬੋਲੀ।
ਕੀਰਤ ਸਿੰਘ ਨੇ ਵੀ ਆਪਣੀ ਭਾਵੁਕਤਾ ਨੂੰ ਲੁਕਾਉਣ ਦਾ ਯਤਨ ਕਰਦਿਆਂ ਆਖਿਆ :
"ਕਾਸ਼ ਕਿ ਸ਼ਾਮ ਸਿੰਘ ਵਰਗੇ ਸਰਦਾਰ ਲਾਹੌਰ ਦਰਬਾਰ ਵਿੱਚ ਵੀ ਹੁੰਦੇ ਤਾਂ ਖ਼ਾਲਸਾ ਰਾਜ ਦਾ ਇਹ ਹਸ਼ਰ ਨਹੀਂ ਸੀ ਹੋਣਾ...।"
"ਇਸ ਬਾਰੇ ਵੀ ਕੋਈ ਪੂਰੇ ਯਕੀਨ ਨਾਲ ਕੁਝ ਨਹੀਂ ਕਹਿ ਸਕਦਾ।" ਜ਼ੀਨਤ ਸਿਆਣਿਆਂ ਵਾਂਗ ਬੋਲੀ, "ਰਾਜ ਦਰਬਾਰਾਂ ਦੇ ਮਾਹੌਲ 'ਚ ਹਰ ਕੋਈ ਕਿਸੇ ਸਾਜ਼ਿਸ਼ ਜਾਂ ਧਿਰ ਦਾ ਹਿੱਸਾ ਬਣ ਕੇ ਰਹਿ ਜਾਂਦਾ ਹੈ। ਆਦਮੀ ਨੂੰ ਹੋਰ ਬਹੁਤ ਕੁਝ ਬਣਾ ਦਿੰਦਾ ਹੈ ਪਰ 'ਆਦਮੀ' ਨਹੀਂ ਰਹਿਣ ਦੇਂਦਾ। ਬਲਕਿ ਇਹ ਚੰਗਾ ਹੀ ਹੋਇਆ ਕਿ ਇਹ ਦੁਆਬੇ ਵਾਲਾ ਕਿਲ੍ਹਾ ਛੱਡ ਕੇ ਇੱਥੇ ਆ ਗਏ।"
"ਬਹੁਤ ਸਿਆਣੀਆਂ ਗੱਲਾਂ ਕਰਨ ਲੱਗ ਪਈ ਏਂ ?"
ਜ਼ੀਨਤ ਚੁੱਪ ਰਹੀ। ਫੇਰ ਬੋਲੀ, “ਹੁਣ ਅੱਗੇ ਤੁਹਾਡਾ ਕੀ ਇਰਾਦਾ ਹੈ?”
"ਸੱਚ ਪੁੱਛੇਂ ਜੀਨਤ ਤਾਂ ਮੈਂ ਬਹੁਤ ਦੁਚਿੱਤੀ 'ਚ ਹਾਂ। ਇਹ ਤੇ ਸ਼ਾਮ ਸਿੰਘ ਜੀ ਨੇ ਤੁਹਾਨੂੰ ਦੱਸ ਹੀ ਦਿੱਤਾ ਹੋਵੇਗਾ ਕਿ ਉਨ੍ਹਾਂ ਕੋਲ ਲਾਹੌਰ ਦਰਬਾਰ ਤੋਂ ਪਰਵਾਨਾ ਆ ਗਿਆ ਹੈ ਕਿ ਉਹ ਇਸ ਕਿਲ੍ਹੇ ਨੂੰ ਲਾਹੌਰ ਦਰਬਾਰ ਵਲੋਂ ਭੇਜੇ ਹੋਏ ਫਰੰਗੀਆਂ ਦੀ ਫੌਜੀ ਪਲਟਨ ਦੇ ਹਵਾਲੇ ਕਰ ਦਿੱਤਾ ਜਾਵੇ।“ ਕੀਰਤ ਸਿੰਘ ਨੇ ਸਾਰੇ ਹਾਲਾਤ ਦੀ ਤਫਸੀਲ ਦੇਂਦਿਆ ਆਖਿਆ।
"ਜੋ ਸ਼ਾਮ ਸਿੰਘ ਜੀ ਕਦੀ ਨਹੀਂ ਕਰਨਗੇ।” ਜੀਨਤ ਬੋਲੀ।
"ਮੈਂ ਜਾਣਦਾ ਹਾਂ। ਖੂਬ ਚੰਗੀ ਤਰ੍ਹਾਂ ਜਾਣਦਾ ਹਾਂ। ਇਸੇ ਲਈ ਤੈਨੂੰ ਇਕ ਵਾਰੀ ਵੇਖ ਕੇ ਚਲੇ ਜਾਣਾ ਚਾਹੁੰਦਿਆਂ ਵੀ ਇਸ ਨਾਜ਼ੁਕ ਸਮੇਂ ਉਨ੍ਹਾਂ ਨੂੰ ਛੱਡ ਕੇ ਨਹੀਂ ਜਾ ਸਕਦਾ।“
ਇਹ ਸੁਣ ਕੇ ਜੀਨਤ ਦੇ ਅੰਤਰਮਨ ਚ ਖੁਸ਼ੀ ਦੀ ਨਿੱਕੀ ਜਿਹੀ ਲਹਿਰ ਦੌੜ ਗਈ। ਉਹ ਬੋਲੀ, 'ਚੰਗਾ ਕੀਰਤ ਸਿੰਘ ਜੀ, ਹੁਣ ਮੈਨੂੰ ਜਾਣਾ ਚਾਹੀਦਾ ਹੈ। ਕਹਿੰਦਿਆਂ ਹੋਇਆਂ ਸੁਤੇ ਸਿਧ ਹੀ ਜੀਨਤ ਦਾ ਸੱਜਾ ਹੱਥ ਉਸ ਵੱਲ ਵਧਿਆ ਅਤੇ ਕੀਰਤ ਸਿੰਘ ਨੇ ਸੁਤੇ ਸਿਧ ਹੀ ਉਸ ਦੇ ਚੂੜੀਆਂ ਭਰੇ ਛਣ-ਛਣ ਕਰਦੇ ਹੱਥ ਨੂੰ ਆਪਣੇ ਹੱਥ 'ਚ ਘੁੱਟ ਲਿਆ। ਫੇਰ ਉਹ ਹੱਥ ਉਸ ਦੇ ਹੱਥ 'ਚੋਂ ਖਿਸਕਦਾ ਖਿਸਕਦਾ ਬਾਹਰ ਨਿਕਲ ਗਿਆ ਅਤੇ ਨਾਲ ਹੀ ਉਸ ਦੇ ਕਮਰੇ 'ਚੋਂ ਜੀਨਤ ਬੇਗਮ ਵੀ।
***
14
ਕੀਰਤ ਸਿੰਘ ਅਤੇ ਸ਼ਾਹ ਬਖ਼ਸ ਕਿਲ੍ਹੇ ਦੀ ਚੌੜੀ ਕੰਧ 'ਤੇ ਖੜੇ ਕਿਲ੍ਹੇ ਦੀਆਂ ਉੱਚੀਆਂ ਕੰਧਾਂ ਅਤੇ ਮਜ਼ਬੂਤੀ ਨੂੰ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਵੇਖ ਰਹੇ ਸਨ ਕਿ ਇਕ ਪਾਸਿਓਂ ਸਰਦਾਰ ਸ਼ਾਮ ਸਿੰਘ ਅਤੇ ਜੀਨਤ ਆਉਂਦੇ ਦਿਸੇ।
"ਕੀ ਵੇਖ ਰਹੇ ਹੋ ?" ਸ਼ਾਮ ਸਿੰਘ ਨੇ ਉਨ੍ਹਾਂ ਕੋਲ ਆਉਂਦਿਆਂ ਪੁੱਛਿਆ।
ਇਸ ਤੋਂ ਪਹਿਲਾਂ ਕੀਰਤ ਸਿੰਘ ਅਤੇ ਸ਼ਾਹ ਬਖ਼ਸ਼ ਉਨ੍ਹਾਂ ਦੇ ਘਰ ਕਈ ਵਾਰੀ ਜਾ ਚੁੱਕੇ ਸਨ। ਸ਼ਾਮ ਸਿੰਘ ਨੇ ਦਲੇਰ ਸਿੰਘ ਨੂੰ ਇੱਥੇ ਪੁਚਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ, ਦੋ ਤਿੰਨ ਵਾਰੀ ਖਾਣੇ 'ਤੇ ਬੁਲਾਇਆ ਅਤੇ ਜ਼ੀਨਤ ਨਾਲ ਵੀ 'ਜਾਣ-ਪਛਾਣ' ਕਰਵਾਈ ਸੀ। ਪਹਿਲੀ ਵਾਰੀ ਮਿਲਣ 'ਤੇ ਜ਼ੀਨਤ ਨੇ ਇਹ ਕਹਿੰਦਿਆਂ ਆਪਣੀ ਹੈਰਾਨੀ ਅਤੇ ਪ੍ਰਸੰਨਤਾ ਜ਼ਾਹਰ ਕੀਤੀ ਕਿ ਉਹ ਕੀਰਤ ਸਿੰਘ ਨੂੰ ਨੌਂ-ਦਸ ਵਰ੍ਹੇ ਪਹਿਲਾਂ ਆਪਣੇ 'ਵਾਲਦ ਸ਼ੌਕਤ ਖਾਂ' ਦੇ ਕਿਲ੍ਹੇ ਵਿੱਚ ਵੀ ਮਿਲੀ ਸੀ।
ਹੁਣ ਕੀਰਤ ਸਿੰਘ ਨੇ ਮੁੜ ਸ਼ਾਮ ਸਿੰਘ ਵੱਲ ਗੋਹ ਨਾਲ ਤੱਕਿਆ। ਇਨ੍ਹਾਂ ਦਾ ਕੱਦ ਆਮ ਆਦਮੀਆਂ ਨਾਲੋਂ ਉੱਚਾ, ਸ਼ਖ਼ਸੀਅਤ ਪ੍ਰਭਾਵਸ਼ਾਲੀ ਅਤੇ ਦਾਹੜੀ ਦੇ ਵਾਲ ਅੱਧੇ ਕੁ ਚਿੱਟੇ ਹੋ ਚੁੱਕੇ ਸਨ ; ਪਰ ਚਾਲ ਅਤੇ ਖੜੇ ਹੋਣ ਦਾ ਅੰਦਾਜ਼ ਹਾਲੇ ਵੀ ਜਵਾਨਾਂ ਵਾਲਾ ਸੀ।
"ਵੇਖ ਰਿਹਾ ਹਾਂ,"ਸ਼ਾਹ ਬਖਸ਼ ਬੋਲਿਆ, 'ਕਿ ਫਰੰਗੀ ਕਿਵੇਂ ਅਤੇ ਕਿਸ ਪਾਸਿਓਂ ਕਿਲ੍ਹੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਸਕਦੇ ਹਨ।"
'ਉਪਰੋਂ ਆ ਡਿੱਗਣ ਤਾਂ ਡਿੱਗਣ, ਪਰ ਥੱਲੇ ਦੇ ਪਾਸਿਓਂ ਉੱਪਰ ਚੜ੍ਹ ਕੇ ਆਉਣਾ ਅਸੰਭਵ ਤੇ ਨਹੀਂ ਪਰ ਬਹੁਤ ਕਠਿਨ ਜਰੂਰ ਹੈ। ਮੇਰੇ ਤੋਂ ਪਹਿਲਾਂ ਕਿਲ੍ਹੇਦਾਰ ਇਸ ਨੂੰ ਚਾਰ ਪੰਜ ਮਹੀਨਿਆਂ ਦੇ ਘੇਰੇ ਤੋਂ ਬਾਅਦ ਫਤਿਹ ਕਰਨ 'ਚ ਕਾਮ੍ਯਾਬ ਹੋਇਆ ਸੀ।“
"ਜੋ ਉਹ ਕਰ ਸਕਦਾ ਸੀ, ਸਾਡੇ ਦੁਸ਼ਮਣ ਵੀ ਤੇ ਕਰ ਸਕਦੇ ਹਨ।"
“ਕਰ ਸਕਦੇ ਹਨ। ਪਰ ਹੁਣ ਨਹੀਂ। ਜਿਵੇਂਕਿ ਤੁਸੀਂ ਵੇਖ ਰਹੇ ਹੋ, ਇਹ ਇਕ ਉੱਚੀ ਪਠਾਰ 'ਤੇ ਬਣਿਆ ਹੋਇਆ ਹੈ। ਕੰਧਾਂ ਵੀਹ-ਵੀਹ ਹੱਥ ਉੱਚੀਆਂ। ਬੱਸ ਇਕੋ ਹਿੱਸਾ ਕਮਜੋਰ ਸੀ ਜਿਸ ਸਥਾਨ 'ਤੇ ਇਹ ਪਠਾਰ ਨਾਲ ਦੀ ਪਹਾੜੀ ਨਾਲ ਮਿਲਦੀ ਹੈ। ਹੁਣ ਮੈਂ ਉਸ ਪਾਸੇ ਡੂੰਘੀ ਖਾਈ ਪੁਟਵਾ ਦਿੱਤੀ ਹੈ। ਅੰਦਰ ਦਾਖ਼ਲ ਹੋਣ ਵਾਲੇ ਮੁੱਖ ਦਰਵਾਜੇ ਸਾਹਮਣੇ ਵੀ ਡੂੰਘੀ ਖਾਈ ਹੈ।“
ਸ਼ਾਹ ਬਖਸ਼ ਸਿਰ ਹਿਲਾਉਂਦਿਆ ਚੁੱਪ ਚਾਪ ਖੜਾ ਕੁਝ ਸੋਚ ਰਿਹਾ ਸੀ।
"ਤੁਸੀਂ ਖਾਲਸਾ ਫੌਜ ਦੇ ਤੋਪਖਾਨੇ ਦੇ ਜਮਾਂਦਾਰ ਰਹੇ ਹੋ।" ਸ਼ਾਮ ਸਿੰਘ ਸ਼ਾਹ ਬਖਸ਼ ਨੂੰ ਸੰਬੋਧਿਤ ਹੁੰਦਿਆਂ ਬੋਲਿਆ, "ਕੀ ਫਰੰਗੀਆਂ ਦੀਆਂ ਤੋਪਾਂ ਦੇ ਗੋਲੇ ਇਸ ਕੰਧ ਤਕ ਜਾਂ ਕੰਧ ਨੂੰ ਪਾਰ ਕਰਕੇ ਅੰਦਰ ਡਿੱਗ ਸਕਦੇ ਹਨ?"
“ਜਿੱਥੋਂ ਤੱਕ ਮੇਰੀ ਜਾਣਕਾਰੀ ਹੈ, ਹਾਲੇ ਤੱਕ ਉਨ੍ਹਾਂ ਕੋਲ ਐਨੀ ਉੱਚੀ ਅਤੇ ਦੂਰ ਮਾਰ ਕਰਨ ਵਾਲੀਆਂ ਤੋਪਾਂ ਨਹੀਂ ਹਨ। ਪਰ ਮੈਂ ਇਹ ਵੀ ਸੁਣਿਆ ਹੈ ਕਿ ਉਹ ਅਜਿਹੀਆਂ ਤੋਪਾਂ ਮੰਗਵਾ ਰਹੇ ਹਨ। ਮੁਮਕਿਨ ਹੈ ਕਿ ਆ ਵੀ ਪਹੁੰਚੀਆ ਹੋਣ।"
ਸ਼ਾਹ ਬਖਸ਼ ਅਤੇ ਕੀਰਤ ਸਿੰਘ ਨੂੰ ਕਿਲ੍ਹੇ ਦੀਆਂ ਕੰਧਾਂ ਅਤੇ ਸ਼ਹਿਰ ਵੱਲ ਤੱਕਦਿਆਂ ਸ਼ਾਮ ਸਿੰਘ ਦੱਸਣ ਲੱਗਾ।
"ਇਸ ਵੇਲੇ ਸਿਰਫ ਬਠਿੰਡੇ ਦਾ ਕਿਲ੍ਹਾ ਐਸਾ ਹੈ ਜਿਸ ਦੀਆਂ ਕੰਧਾਂ ਐਨੀਆਂ ਉੱਚੀਆਂ ਅਤੇ ਚੌੜੀਆਂ ਹਨ। ਛੇ ਘੋੜ-ਸਵਾਰ ਨਾਲੋ ਨਾਲ ਚੱਲ ਸਕਦੇ ਹਨ ਇਸ ਦੀਆਂ ਚੌੜੀਆਂ ਕੰਧਾਂ 'ਤੇ। ਇਸ ਕਿਲ੍ਹੇ ਨੂੰ ਇਥੋਂ ਦੇ ਅਫਗਾਨ ਸੂਬੇਦਾਰ ਸ਼ੁਜਾਹ ਖਾਂ ਨੇ
ਬਣਵਾਇਆ ਸੀ। ਇਸਦੇ ਥੱਲੇ ਇਕ ਖੂਬਸੂਰਤ ਸ਼ਹਿਰ ਹੈ ਜਿਸ ਚ ਚਾਰ ਖੂਬਸੂਰਤ ਬਾਗ ਹਨ, ਦੋ ਨਹਿਰਾਂ ਹਨ। ਆਲੇ-ਦੁਆਲੇ ਦੇ ਪਿੰਡਾਂ ਚ ਗੰਨੇ ਅਤੇ ਕਪਾਹ ਦੇ ਖੇਤ, ਘਰ ਵੀ ਤਿੰਨ ਚਾਰ ਮੰਜਲਾਂ ਉੱਚੇ। ਪਸ਼ਮੀਨੇ ਅਤੇ ਰੇਸ਼ਮ ਦੇ ਵਪਾਰੀ ਈਰਾਨ, ਖੁਰਾਸ਼ਾਨ, ਤੁਰਕਿਸਤਾਨ ਤੋਂ ਇੱਥੋਂ ਆਉਂਦੇ ਅਤੇ ਖਰੀਦ-ਓ-ਫਰੋਖਤ ਕਰਦੇ ਹਨ। ਜੋ ਇਸ ਸ਼ਹਿਰ ਨੂੰ ਕੁਝ ਵਰ੍ਹੇ ਅਮਨ ਸ਼ਾਂਤੀ ਦੇ ਮਿਲ ਜਾਣ ਤਾਂ ਇਹ ਮੁਲਤਾਨ ਵਰਗਾ ਖੁਸ਼ਹਾਲ ਸ਼ਹਿਰ ਬਣ ਸਕਦਾ ਹੈ।“
“ਅਮਨ ਸ਼ਾਂਤੀ ? ਇਸ ਨਾਮ ਦੀ ਚੀਜ਼ ਤਾਂ ਪੰਜਾਬ 'ਚੋਂ ਸੱਤ-ਅੱਠ ਸੌ ਵਰ੍ਹੇ ਪਹਿਲਾਂ ਗਾਇਬ ਹੋ ਗਈ ਸੀ। ਹਾਲੇ ਤੱਕ ਵਾਪਸ ਨਹੀਂ ਪਰਤੀ, ਸਵਾਏ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਅੱਧੀ ਸਦੀ ਦੇ”, ਕੀਰਤ ਸਿੰਘ ਬੋਲਿਆ, "ਅਤੇ ਜਿਸ ਦਾ ਮੁੜ ਪਰਤ ਆਉਣਾ ਅਸੰਭਵ ਦਿਸ ਰਿਹਾ ਹੈ।"
"ਨਹੀਂ ਸਰਦਾਰ ਸਾਹਿਬ”, ਸ਼ਾਮ ਸਿੰਘ ਕਹਿਣ ਲੱਗਾ, "ਚਾਹੇ ਲਾਹੌਰ ਦੇ ਸਾਹਿਬਜ਼ਾਦੇ, ਸਰਦਾਰ ਭ੍ਰਿਸ਼ਟ ਹੋ ਚੁੱਕੇ ਹਨ, ਪਰ ਮੁਲਤਾਨ ਦਾ ਮੂਲ ਰਾਜ ਅਤੇ ਬੰਨੂੰ, ਕੋਹਾਟ ਆਦਿ ਦੇ ਕਿਲ੍ਹੇਦਾਰ ਹਾਲੇ ਆਪਣੀ ਪ੍ਰਤਿਸ਼ਠਾ ਅਤੇ ਪਰੰਪਰਾ ਨੂੰ ਨਹੀਂ ਭੁੱਲੇ। ਹਜ਼ਾਰਾ ਦੇ ਸੂਬੇਦਾਰ ਛਤਰ ਸਿੰਘ ਦਾ ਪੁੱਤਰ ਸ਼ੇਰ ਸਿੰਘ ਇਕ ਭਾਰੀ ਫ਼ੌਜ ਲੈ ਕੇ ਮੂਲ ਰਾਜ ਨਾਲ ਮਿਲਣ ਆ ਰਿਹਾ ਹੈ। ਲਾਹੌਰ ਦਰਬਾਰ ਜਾਂ ਫਰੰਗੀ, ਜਿਨ੍ਹਾਂ 'ਚ ਹੁਣ ਕੋਈ ਅੰਤਰ ਨਹੀਂ ਰਿਹਾ, ਚਾਹੇ ਕਾਹਨ ਸਿੰਘ ਨੂੰ ਸੂਬੇਦਾਰ ਬਣਾ ਕੇ ਭੇਜਣ ਚਾਹੇ ਸਾਹਣ ਸਿੰਘ ਨੂੰ, ਮੂਲ ਰਾਜ ਕਦੀ ਵੀ ਫਰੰਗੀਆਂ ਸਾਹਮਣੇ ਸਿਰ ਨੀਵਾਂ ਨਹੀਂ ਕਰੇਗਾ।"
"ਤਾਂ ਫ਼ਰੰਗੀ ਆਪਣੀ ਫ਼ੌਜੀ ਤਾਕਤ ਨਾਲ ਮੁਲਤਾਨ ਦਾ ਕਿਲ੍ਹਾ ਉਸੇ ਤਰ੍ਹਾਂ ਜਿੱਤ ਲੈਣਗੇ ਜਿਵੇਂ ਬਾਕੀ ਦੇ ਪੰਜਾਬ ਨੂੰ ਜਿੱਤਿਆ ਹੈ।" ਕੋਲ ਖੜੀ ਜ਼ੀਨਤ ਕਹਿਣ ਲੱਗੀ, "ਪਰ ਮੈਨੂੰ ਇਹ ਸਮਝ ਨਹੀਂ ਆਇਆ ਕਿ ਉਹ ਥੋੜ੍ਹੇ ਜਿਹੇ ਫ਼ਰੰਗੀ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਕਿਵੇਂ ਛਾ ਗਏ ? ਇਨ੍ਹਾਂ ਦੀ ਤਾਕਤ ਦਾ ਰਾਜ਼ ਕੀ ਹੈ ?”
"ਰਾਜ਼ ਸਾਫ਼ ਹੈ ਰਾਣੀ ਸਾਹਿਬਾਂ।" ਸ਼ਾਹ ਬਖ਼ਸ਼ ਬੋਲਿਆ, "ਇਨ੍ਹਾਂ ਦੀ ਤਾਕਤ ਇਨ੍ਹਾਂ ਦੀਆਂ ਨਵੀਂ ਕਿਸਮ ਦੀਆਂ ਬੰਦੂਕਾਂ ਅਤੇ ਤੋਪਾਂ ਦੇ ਨਾਲ-ਨਾਲ ਇਨ੍ਹਾਂ ਦੀ ਫ਼ੌਜੀ ਤਰਤੀਬ ਅਤੇ ਰਹਿਨੁਮਾਈ ਕਰਨ ਵਾਲਿਆਂ ਵਿੱਚ ਹੈ। ਅਫਸੋਸ ਇਹੀ ਹੈ ਕਿ ਹੁਣ ਸਾਡੇ ਪਾਸ ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ ਅਤੇ ਸ਼ਾਮ ਸਿੰਘ ਅਟਾਰੀਵਾਲੇ ਵਰਗੇ ਜਰਨੈਲ ਨਹੀਂ ਰਹੇ। ਜੇ ਰਹਿ ਗਿਆ ਹੈ ਤਾਂ ਕੂੜ-ਕਬਾੜ, ਖ਼ੁਦਗਰਜ਼ੀ ਅਤੇ ਆਪੋ ਧਾਪੀ। ਅਫਸੋਸ ਇਹ ਵੀ ਕਿ ਰਣਜੀਤ ਸਿੰਘ ਦੀਆਂ ਸਾਰੀਆਂ ਕੋਸ਼ਿਸ਼ਾਂ ਰਾਜ ਦੀਆਂ ਹੱਦਾਂ ਅਤੇ ਫ਼ੌਜੀ ਤਾਕਤ ਵਧਾਉਣ ਵੱਲ ਰਹੀਆਂ, ਪਰ ਕੌਮ ਦੀ ਫਿਤਰਤ ਅਤੇ ਇਖਲਾਕ ਨੂੰ ਸੁਧਾਰਨ ਵੱਲ ਕੋਈ ਧਿਆਨ ਨਹੀਂ ਦਿੱਤਾ ।"
"ਤੁਸੀ ਠੀਕ ਹੀ ਆਖਿਆ, ਸ਼ਾਹ ਸਾਹਿਬ।" ਸ਼ਾਮ ਸਿੰਘ ਉਸ ਨਾਲ ਸਹਿਮਤ ਹੁੰਦਿਆਂ ਬੋਲਿਆ, "ਕੌਮ ਦੀ ਅਸਲੀ ਤਾਕਤ ਉਸ ਦਾ ਚਰਿੱਤਰ, ਉਸ ਦਾ ਸਦਾਚਾਰ ਹੀ ਹੁੰਦਾ ਹੈ। ਅਤੇ ਜਿਸ ਕੌਮ ਦੀ ਰਹਿਨੁਮਾਈ ਕਰਨ ਵਾਲੇ ਹੀ ਗੱਦਾਰ, ਮੌਕਾ-ਪ੍ਰਸਤ ਅਤੇ ਜਮੀਰ-ਫਰੋਸ਼ ਹੋਣ, ਉਸ ਕੌਮ ਨੂੰ ਕੋਈ ਨਹੀਂ ਬਚਾ ਸਕਦਾ ।"
“ਇਹ ਗਿਰਾਵਟ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਈ ਸੀ।“ ਸ਼ਾਹ ਬਖ਼ਸ਼ ਨੇ ਆਪਣੀ ਰਾਏ ਜ਼ਾਹਰ ਕਰਦਿਆਂ ਆਖਿਆ, ' ਅਤੇ ਇਕ ਗਿਰਾਵਟ ਦਾ ਸਭ ਤੋਂ ਪਹਿਲਾਂ ਅਤੇ ਮਾਰੂ ਅਸਰ ਉਨ੍ਹਾਂ ਦੀ ਆਪਣੀ ਔਲਾਦ 'ਤੇ ਪਿਆ। ਪੁੱਤਰ ਖੜਕ ਸਿੰਘ ਨਸ਼ੱਈ, ਅਫੀਮੀ ਅਤੇ ਉਸ ਦੇ ਪੁੱਤਰ ਨੌਨਿਹਾਲ ਸਿੰਘ ਨੇ ਡੋਗਰਿਆਂ ਦੀ ਚੁੱਕ 'ਚ ਆ ਕੇ ਆਪਣੇ ਪਿਓ ਨੂੰ ਹਲਕੀ-ਹਲਕੀ ਜ਼ਹਿਰ ਦੇ ਕੇ ਮਾਰ ਦਿੱਤਾ।
"ਇਸ ਤਰ੍ਹਾਂ ਦੇ ਜੁਰਮ ਅਤੇ ਜ਼ੁਲਮ ਤਾਂ ਮੁਗਲ ਬਾਦਸ਼ਾਹ ਵੀ ਕਰਿਆ ਕਰਦੇ ਸਨ, ਤਖਤ ਹਾਸਲ ਕਰਨ ਲਈ ਕੌਣ ਕੀ ਨਹੀਂ ਕਰਦਾ ਆਇਆ।" ਸ਼ਾਮ ਸਿੰਘ ਨੇ ਸ਼ਾਹ ਵੱਲ ਤੱਕਦਿਆਂ ਆਖਿਆ।
"ਤੁਹਾਡਾ ਇਸ਼ਾਰਾ ਔਰੰਗਜ਼ੇਬ ਵੱਲ ਹੋਵੇਗਾ ਜਿਸ ਨੇ ਆਪਣੇ ਬਾਪ ਸ਼ਾਹਜਹਾਨ ਨੂੰ ਕੈਦ ਅਤੇ ਆਪਣੇ ਭਰਾਵਾਂ ਦਾ ਕਤਲ ਕੀਤਾ। ਇਹ ਸਹੀ ਹੈ ਕਿ ਮੁਸਲਮਾਨ ਸਲਤਨਤਾਂ 'ਚ ਇਹ ਕੁਝ ਹੁੰਦਾ ਆਇਆ ਹੈ ਪਰ ਇਹ ਕੁਝ ਮਰਦਾਂ ਤੱਕ ਹੀ ਮਹਿਦੂਦ ਰਹਿੰਦਾ ਸੀ। ਖ਼ਾਨਦਾਨ ਦੀਆਂ ਔਰਤਾਂ, ਵਿਧਵਾਵਾਂ ਤੇ ਜ਼ੁਲਮ ਜਾਂ ਉਨ੍ਹਾਂ ਨਾਲ ਜਬਰ ਜਿਨਾਹ ਨਹੀਂ ਸੀ ਹੁੰਦਾ। ਔਰਤ ਕਿਸੇ ਵੀ ਖ਼ਾਨਦਾਨ ਦੀ ਆਬਰੂ ਹੁੰਦੀ ਹੈ। ਖ਼ਾਨਦਾਨ ਦੀ ਇੱਜ਼ਤ ਅਤੇ ਆਬਰੂ ਨੂੰ ਕਾਇਮ ਰੱਖਿਆ ਜਾਂਦਾ ਸੀ। ਪਰ ਅਫਸੋਸ ਇਹ ਕਿ ਇਹ ਰਵਾਇਤ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਹੀ ਖ਼ਤਮ ਹੋ ਗਈ ।"
ਇਨ੍ਹਾਂ ਪਿਛਲੇ ਦਿਨਾਂ 'ਚ ਸ਼ਾਹ ਬਖਸ਼ ਅਤੇ ਕੀਰਤ ਸਿੰਘ ਨੇ ਇਸ ਕਿਲ੍ਹੇ ਦੀਆਂ ਤੋਪਾਂ ਦਾ ਮੁਆਇਨਾ ਕਰਦਿਆਂ ਅਤੇ ਫੌਜੀਆਂ 'ਚ ਫਿਰਦਿਆਂ ਇਹ ਵੇਖਿਆ ਕਿ ਕਿਲ੍ਹੇ 'ਚ ਬੈਠੇ ਪੰਜ ਹਜ਼ਾਰ ਸੈਨਿਕਾਂ 'ਚ ਪਠਾਣਾਂ ਦੀ ਗਿਣਤੀ ਵੀ ਘੱਟ ਨਹੀਂ ਸੀ। ਉਂਝ ਸ਼ੁਜਾਹਬਾਦ ਦੇ ਖੇਤਰ 'ਚ ਪਰਜਾ ਆਮ ਕਰਕੇ ਮੁਸਲਮਾਨ ਸੀ ਅਤੇ ਆਪਣੀ ਇਨਸਾਫ਼-ਪਸੰਦੀ ਤੇ ਵਿਅਕਤੀਗਤ ਗੁਣਾਂ ਕਾਰਨ ਪਰਜਾ ਸ਼ਾਮ ਸਿੰਘ ਤੋਂ ਖੁਸ਼ ਸੀ। ਇਨ੍ਹਾਂ ਦੀ ਸੂਬੇਦਾਰੀ ਹੇਠ ਇਸ ਖੇਤਰ 'ਚ ਖੁਸਹਾਲੀ ਵਧੀ ਅਤੇ ਸ਼ਾਂਤੀ ਰਹੀ ਸੀ। ਸ਼ੁਜਾਹਬਾਦ ਦੇ ਆਲੇ-ਦੁਆਲੇ ਵਸਦੇ ਪਠਾਣ ਕਬੀਲਿਆਂ ਅਤੇ ਫਰੰਗੀਆਂ ਨਾਲ ਅਗਾਮੀ ਯੁੱਧਾਂ ਬਾਰੇ ਗੱਲਾਂ ਕਰਦਿਆਂ ਸ਼ਾਮ ਸਿੰਘ ਬੋਲਿਆ-
"ਆਪਣੇ ਗੁਪਤਚਰਾਂ ਦੁਆਰਾ ਮੈਨੂੰ ਖ਼ਬਰ ਮਿਲੀ ਹੈ ਕਿ ਫਰੰਗੀਆਂ ਦੇ ਭੇਜੇ ਹੋਏ ਆਦਮੀ ਪਠਾਣਾਂ ਅਤੇ ਸਿੱਖਾਂ ਦੀ ਵਰ੍ਹਿਆਂ ਤੋਂ ਚੱਲਦੀ ਆ ਰਹੀ ਦੁਸ਼ਮਣੀ ਦੀ ਯਾਦ ਦਵਾ ਕੇ ਪਠਾਣਾਂ ਨੂੰ ਸਾਡੇ ਖਿਲਾਫ ਭੜਕਾ ਰਹੇ ਹਨ।"
"ਇਹ ਮੁਮਕਿਨ ਤੇ ਹੋ ਸਕਦਾ ਹੈ। ਪਰ ਕੀ ਤੁਹਾਨੂੰ ਕੋਈ ਪੱਕੀ ਖ਼ਬਰ ਵੀ ਮਿਲੀ ਹੈ ?" ਸ਼ਾਹ ਬਖਸ਼ ਨੇ ਪੁੱਛਿਆ।
"ਹਾਂ, ਫਜਲ ਖਾਂ ਖਟਕ ਅਤੇ ਸ਼ੇਖ ਕਾਸਿਮ ਖਾਂ ਮੋਮਾਂਦੀ ਨੂੰ ਲਾਲਚ ਦਿੱਤਾ ਜਾ ਰਿਹਾ ਹੈ ਕਿ ਜੇ ਉਹ ਲੋਕ ਫਰੰਗੀਆਂ ਦੀ ਸਹਾਇਤਾ ਕਰਨ ਜਾਂ ਸ਼ੁਜਾਹਬਾਦ ਨੂੰ ਜਿੱਤ ਲੈਣ ਤੋਂ ਬਾਅਦ ਉਨ੍ਹਾਂ ਨੂੰ ਇਸ ਕਿਲ੍ਹੇ ਦਾ ਸੂਬੇਦਾਰ ਬਣਾ ਦਿੱਤਾ ਜਾਏਗਾ। ਇਸ ਤਰ੍ਹਾਂ ਦੇ ਹੋਰ ਲਾਲਚ ਵੀ।"
ਇਕ ਦੋ ਪਲ ਸੋਚਣ ਤੋਂ ਬਾਅਦ ਸ਼ਾਹ ਬਖ਼ਸ਼ ਕਹਿਣ ਲੱਗਾ, "ਜਿੱਥੋਂ ਤੱਕ ਮੈਨੂੰ ਇਲਮ ਹੈ, ਇਹ ਮੋਮਾਂਦੀ ਮੂਲ ਤੌਰ 'ਤੇ ਖੋਖਰ ਹਨ।”
"ਹਾਂ ਇਹ ਹੋ ਸਕਦਾ ਹੈ। ਮੇਰੇ ਖੇਤਰ 'ਚ ਖੋਖਰਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ।"
"ਜੇ ਇਜਾਜ਼ਤ ਹੋਵੇ ਤਾਂ ਮੈਂ ਇਹਨਾਂ ਕੋਲ ਜਾ ਕੇ ਫ਼ਰੰਗੀਆਂ ਨਾਲ ਨਾ ਮਿਲਣ ਅਤੇ ਤੁਹਾਡੀ ਸਹਾਇਤਾ ਲਈ ਕੋਸ਼ਿਸ਼ ਕਰ ਸਕਦਾ ਹਾਂ । ਸਾਡਾ ਪਿਛੋਕੜ ਚਾਹੇ ਖੋਖਰਾਂ ਦਾ ਨਹੀਂ ਪਰ ਇਹਨਾਂ ਪਠਾਣ ਕਬੀਲਿਆਂ ਵਿੱਚ ਸਾਡੀਆਂ ਕੁਝ ਰਿਸ਼ਤੇਦਾਰੀਆਂ ਹਨ।" ਸ਼ਾਹ ਬਖ਼ਸ਼ ਨੇ ਆਖਿਆ।
***
ਆਦਮੀ ਕੇਵਲ ਉਹੀ ਨਹੀਂ ਹੁੰਦਾ ਜੋ ਦਿਸਦਾ ਹੈ। ਉਸ ਦੇ ਬਣਨ ਅਤੇ ਕਿਸੇ ਸਥਾਨ 'ਤੇ ਪਹੁੰਚਣ 'ਚ ਕਿਨ੍ਹਾਂ ਪ੍ਰਸਥਿਤੀਆਂ ਅਤੇ ਕਿਸ ਤਰ੍ਹਾਂ ਦੀ ਹੋਣੀ ਦਾ ਹੱਥ ਹੁੰਦਾ ਹੈ ? ਇਸ ਨੂੰ ਪੂਰੀ ਤਰ੍ਹਾਂ ਜਾਣੇ ਬਿਨਾਂ ਨਾ ਕੋਈ ਵੇਖਣ ਵਾਲਾ ਸਮਝ ਸਕਦਾ ਹੈ ਅਤੇ ਨਾ ਉਹ ਵਿਅਕਤੀ ਆਪ ਹੀ। ਕਹਿੰਦੇ ਹਨ ਕਿ ਸ਼ੇਰ, ਹਾਥੀ ਅਤੇ ਵੀਰ ਪੁਰਸ਼ ਜਿੱਥੇ ਜੰਮਦੇ ਹਨ ਉੱਥੇ ਨਹੀਂ ਮਰਦੇ। ਇਹ ਕਹਾਵਤ ਸ਼ਾਮ ਸਿੰਘ ਅਤੇ ਉਸ ਦੇ ਵੱਡੇ ਵਡੇਰਿਆਂ ਉੱਤੇ ਠੀਕ ਢੁੱਕਦੀ ਹੈ।
ਅੱਜ ਤੋਂ ਸੱਤ ਅੱਠ ਸੌ ਵਰ੍ਹੇ ਪਹਿਲਾਂ ਉਸ ਦਾ ਕੋਈ ਵੱਡਾ ਵਡੇਰਾ ਬੁੰਦੇਲਖੰਡ (ਅੱਜ ਦੇ ਮੱਧ-ਪ੍ਰਦੇਸ਼ ਦਾ ਇਕ ਭਾਗ) ਦਾ ਰਹਿਣ ਵਾਲਾ ਇਕ ਰਾਜਪੂਤ ਰਾਜਕੁਮਾਰ ਸੀ । ਇਕ ਵਾਰ ਪ੍ਰਸਥਿਤੀਆਂ ਕੁਝ ਐਸੀਆਂ ਬਣੀਆਂ ਜਾਂ ਉਸ ਦੇ ਮਨ ’ਚ ਤੀਰਥਾਂ ਤੇ ਦੇਵੀ ਦਰਸ਼ਨਾਂ ਦੀ ਅਭਿਲਾਸ਼ਾ ਨੇ ਜਨਮ ਲਿਆ ਕਿ ਉਹ ਆਪਣੇ ਪਰਿਵਾਰ ਨਾਲ ਆਪਣਾ ਇਕ ਫੌਜੀ ਦਸਤਾ ਲੈ ਕੇ ਤੀਰਥਾਂ ਵੱਲ ਤੁਰ ਪਿਆ। ਜਦ ਉਹ ਜਵਾਲਾਪੁਰੀ ਦੇ ਮੰਦਰ ਕੋਲ ਪਹੁੰਚਿਆ ਤਾਂ ਇਕ ਰਾਤ ਡਾਕੂਆਂ ਨੇ ਆਣ ਘੇਰਿਆ। ਰਾਜਕੁਮਾਰ ਉਨ੍ਹਾਂ ਨਾਲ ਲੜਦਿਆਂ ਮਾਰਿਆ ਗਿਆ। ਉਸ ਦੀ ਰਾਜਕੁਮਾਰੀ ਬਹੁਤ ਦਲੇਰ ਔਰਤ ਸੀ। ਉਸ ਨੇ ਆਪਣੇ ਬਚੇ ਖੁਚੇ ਸਿਪਾਹੀਆਂ ਦੀ ਸਹਾਇਤਾ ਨਾਲ ਨੇੜੇ ਦੇ ਕਿਸੇ ਛੋਟੇ ਜਿਹੇ ਖੇਤਰ 'ਤੇ ਕਬਜ਼ਾ ਕਰ ਲਿਆ ਅਤੇ ਆਪਣੇ ਪੁੱਤਰ ਨੂੰ ਉਸ ਖੇਤਰ ਦਾ ਰਾਜਾ ਘੋਸ਼ਿਤ ਕਰ ਦਿੱਤਾ। ਛੋਟਾ ਜਿਹਾ ਰਾਜ ਹੋਣ ਕਰਕੇ ਉਨ੍ਹਾਂ ਨੇ ਕਾਂਗੜੇ ਦੇ ਰਾਜ ਦੀ ਅਧੀਨਗੀ ਕਬੂਲ ਕਰ ਲਈ, ਜੋ ਅੱਗਿਓਂ ਲਾਹੌਰ ਦੇ ਰਾਜਾ ਦੇ ਅਧੀਨ ਸੀ।
ਇਕ ਵਾਰ ਜਦ ਤੁਰਕਾਂ ਨੇ ਪੰਜਾਬ 'ਤੇ ਹਮਲਾ ਕੀਤਾ ਤਾਂ ਲਾਹੌਰ ਦੇ ਰਾਜੇ ਨੇ ਆਪਣੀ ਸਹਾਇਤਾ ਲਈ ਕਾਂਗੜੇ ਦੇ ਰਾਜੇ ਨੂੰ ਕੁਝ ਫੌਜ ਭੇਜਣ ਲਈ ਸੁਨੇਹਾ ਘੱਲਿਆ। ਤੁਰਕਾਂ ਨਾਲ ਲੜਨ ਲਈ ਭੇਜੇ ਹੋਏ ਪਹਾੜੀ ਫੌਜ ਦੇ ਦਸਤੇ ਵਿੱਚ ਇਨ੍ਹਾਂ ਬੁੰਦੇਲਖੰਡੀ ਰਾਜਪੂਤਾਂ ਦਾ ਵੀ ਦਸਤਾ ਸੀ। ਤੁਰਕੀ ਹਮਲਾਵਰ ਮਹਿਮੂਦ ਗਜਨਵੀ ਸੀ, ਮੁਹੰਮਦ ਗੌਰੀ ਸੀ ਜਾਂ ਤੈਮੂਰ ਲੰਗ, ਇਸ ਬਾਰੇ ਇਨ੍ਹਾਂ ਨੂੰ ਬਹੁਤਾ ਨਹੀਂ ਸੀ ਪਤਾ। ਪਰ ਇਹ ਜਰੂਰ ਸੁਣਿਆ ਕਿ ਉਸ ਲੜਾਈ 'ਚ ਤੁਰਕਾਂ ਦੀ ਜਿੱਤ ਹੋਈ ਅਤੇ ਹਿੰਦੂ ਸੈਨਾ ਦੇ ਬਚੇ ਹੋਏ ਸਿਪਾਹੀਆਂ ਨੂੰ ਜਾਨ ਬਚਾ ਕੇ ਭੱਜਣਾ ਪਿਆ।
ਪਰ ਤੁਰਕੀ ਫੌਜ ਵੀ ਉਨ੍ਹਾਂ ਦਾ ਪਿੱਛਾ ਬਹੁਤ ਦੂਰ ਤੱਕ ਕਰਦੀ ਰਹੀ। ਕਈ ਦਿਨਾਂ ਤੱਕ ਪਿੱਛਾ ਕਰਦਿਆਂ ਭੁੱਖੇ ਭਾਣੇ, ਫਟੇ ਹਾਲ ਇਕ ਦਿਨ ਇਕ ਪਿੰਡ ਵਿਚ ਜਾ ਪਹੁੰਚੇ, ਇਸ ਆਸ ਨਾਲ ਕਿ ਉੱਥੇ ਇਨ੍ਹਾਂ ਨੂੰ ਕੁਝ ਖਾਣ ਪੀਣ ਲਈ ਮਿਲ ਜਾਵੇਗਾ। ਪਰ ਪਿੰਡ ਵਿਚ ਉਨ੍ਹਾਂ ਨੂੰ ਕੋਈ ਨਜ਼ਰ ਨਾ ਆਇਆ। ਬਹੁਤ ਆਵਾਜ਼ਾਂ ਮਾਰੀਆਂ, ਬਹੁਤ ਬੂਹੇ ਖੜਕਾਏ, ਪਰ ਕਿਸੇ ਵੀ ਬੂਹਾ ਨਾ ਖੋਲ੍ਹਿਆ। ਗੱਲ ਦਰਅਸਲ ਇਹ ਸੀ ਕਿ ਉਸ ਪਿੰਡ ਦੇ ਵੀ ਸਾਰੇ ਆਦਮੀ ਉਸ ਲੜਾਈ 'ਚ ਹਿੱਸਾ ਲੈਣ ਲਈ ਚਲੇ ਗਏ ਹੋਏ ਸਨ। ਪਿੰਡ ਵਿੱਚ ਹੁਣ ਜਾਂ ਤੀਵੀਆਂ ਸਨ ਜਾਂ ਬੁੱਢੇ ਅਤੇ ਬੱਚੇ।
ਆਖ਼ਰ ਇਕ ਮਕਾਨ ਦੀ ਦੂਜੀ ਮੰਜ਼ਿਲ ਦੀ ਇਕ ਬਾਰੀ ਖੁੱਲ੍ਹੀ ਅਤੇ ਇਕ ਔਰਤ ਉਸ ਵਿੱਚੋਂ ਝਾਕਦੀ ਦਿਸੀ। ਬੁੰਦੇਲਖੰਡੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਤੋਂ ਡਰਨ ਦੀ ਕੋਈ ਲੋੜ ਨਹੀਂ। ਉਹ ਭੁੱਖੇ ਅਤੇ ਥੱਕੇ ਹੋਏ ਹਨ ਅਤੇ ਉਨ੍ਹਾਂ ਦੇ ਕੁਝ ਆਦਮੀ ਜਖਮੀ ਹਨ। ਉਨ੍ਹਾਂ ਦੀ ਤਰਸਯੋਗ ਹਾਲਤ ਵੇਖ ਕੇ ਹੌਲੀ-ਹੌਲੀ ਤੀਵੀਆਂ ਬਾਹਰ ਨਿਕਲਣ ਲੱਗੀਆਂ। ਉਨ੍ਹਾਂ ਨੂੰ ਰੋਟੀ ਖਵਾਈ ਅਤੇ ਘਰਾਂ ਵਿੱਚ ਆਸਰਾ ਦਿੱਤਾ। ਪਰ ਉਨ੍ਹਾਂ ਤੀਵੀਆਂ ਦੇ ਆਦਮੀਆਂ 'ਚੋਂ ਵੀ, ਜੋ ਲੜਾਈ 'ਚ ਹਿੱਸਾ ਲੈਣ ਲਈ ਗਏ ਸਨ, ਕੋਈ ਵਾਪਸ ਪਰਤ ਕੇ ਨਹੀਂ ਆਇਆ । ਸਾਰੇ ਉਸ ਜੰਗ ਵਿੱਚ ਮਾਰੇ ਗਏ । ਤੇ ਫੌਜ ਕੁਝ ਦਿਨਾਂ, ਮਹੀਨਿਆਂ ਬਾਅਦ ਉਸ ਪਿੰਡ ਦੀਆਂ ਤੀਵੀਆਂ ਨੇ ਉਨ੍ਹਾਂ ਬੁੰਦੇਲਖੰਡੀ ਸਿਪਾਹੀਆਂ ਨਾਲ ਵਿਆਹ ਕਰਾ ਲਏ ਅਤੇ ਉਹ ਉੱਥੇ ਹੀ ਵਸ ਗਏ। ਉਸ ਪਿੰਡ ਦੇ ਕਿਲ੍ਹੇ ਦੇ ਕਿਲ੍ਹੇਦਾਰ ਵੀ ਬਣ ਗਏ।
ਤੇ ਜਦ ਬੰਦਾ ਬਹਾਦਰ ਨੇ ਆ ਕੇ ਮੁਗਲੀਆ ਹਕੂਮਤ ਵਿਰੁੱਧ ਬਗਾਵਤ ਦਾ ਝੰਡਾ ਝੁਲਾਇਆ ਤਾਂ ਇਨ੍ਹਾਂ ਦੇ ਪਿੰਡ ਦੇ ਕੁਝ ਆਦਮੀ ਸਿੰਘ ਸਜ ਕੇ ਬੰਦੇ ਨਾਲ ਜਾ ਮਿਲੇ। ਇਨ੍ਹਾਂ ਚੋਂ ਕੁਝ ਲੜਦਿਆਂ ਮਾਰੇ ਗਏ, ਦੋ ਤਿੰਨ ਬੰਦੇ ਨਾਲ ਹੀ ਫੜੇ ਗਏ ਅਤੇ ਦਿੱਲੀ ਵਿੱਚ ਸ਼ਹੀਦ ਹੋ ਗਏ, ਕੁਝ ਬਚ ਗਏ। ਇਸ ਦੇ ਕੁਝ ਵਰ੍ਹਿਆਂ ਬਾਅਦ ਜਦ ਮਿਸਲਾਂ ਬਣੀਆਂ ਤਾਂ ਸ਼ਾਮ ਸਿੰਘ ਦਾ ਇਕ ਵੱਡਾ ਵਡੇਰਾ ਰਾਮਗੜ੍ਹੀਆ ਮਿਸਲ ਦੇ ਜੱਗਾ ਸਿੰਘ ਨਾਲ ਜਾ ਰਲਿਆ।
"ਇਹ ਵੀ ਕੀ ਵਿਡੰਬਣਾ," ਸ਼ਾਮ ਸਿੰਘ ਕਿਹਾ ਕਰਦਾ ਸੀ, ਕਿ ਮੇਰੇ ਪੜਦਾਦੇ ਨੂੰ ਜੰਜੀਰਾਂ ਚ ਜਕੜ ਕੇ ਦਿੱਲੀ ਵਿੱਚ ਜਲੂਸ ਕੱਢਿਆ, ਸ਼ਹੀਦ ਕੀਤਾ ਗਿਆ; ਅਤੇ ਇਸ ਦੇ ਠੀਕ ਸਤਾਹਠ ਸਾਲ ਬਾਅਦ ਮੇਰਾ ਬਾਪ ਜੱਸਾ ਸਿੰਘ ਰਾਮਗੜ੍ਹੀਆ ਨਾਮ ਦਿੱਲੀ ਨੂੰ ਫਤਹਿ ਕਰਕੇ ਉਸੇ ਚਾਂਦਨੀ ਚੌਕ ਦੇ ਬਾਜ਼ਾਰ 'ਚੋਂ ਲੰਘਦਿਆਂ ਹੋਇਆਂ ਲਾਲ ਕਿਲ੍ਹੇ ਵੱਲ ਜਾ ਰਿਹਾ ਸੀ। ਉਸ ਦਾ ਅਸਲੀ ਨਾਮ ਕੀ ਸੀ? ਪਰ ਜਦ ਉਹ ਪਿੰਡ ਵਾਪਸ ਆਇਆ ਤਾਂ ਉਸ ਦਾ ਨਾਮ ਫਤਹਿ ਸਿੰਘ ਪੈ ਗਿਆ।"
ਜਦ ਸ਼ਾਮ ਸਿੰਘ ਇਹ ਕੁਝ ਸ਼ਾਹ ਬਖਸ਼ ਅਤੇ ਕੀਰਤ ਸਿੰਘ ਨੂੰ ਸੁਣਾ ਰਿਹਾ ਸੀ ਤਾਂ ਕੀਰਤ ਸਿੰਘ ਨੇ ਪੁੱਛਿਆ-
"ਪਰ ਮੈਂ ਤੇ ਸੁਣਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਸਾਰੀਆਂ ਮਿਸਲਾਂ ਨੂੰ ਖਤਮ ਕਰ ਦਿੱਤੀਆਂ ਸੀ: ਖ਼ਾਸ ਕਰਕੇ ਰਾਮਗੜ੍ਹੀਆ ਮਿਸਲ ਨੂੰ। ਫੇਰ ਤੁਹਾਨੂੰ ਇਹ ਕਿਲ੍ਹੇਦਾਰੀ ਕਿਵੇਂ ਮਿਲ ਗਈ?”
"ਇਹ ਵੀ ਮੈਂ ਦੱਸਦਾ ਹਾਂ।" ਸ਼ਾਮ ਸਿੰਘ ਸੁਣਾਉਣ ਲੱਗਾ। " ਰਣਜੀਤ ਸਿੰਘ ਨੂੰ ਸਾਰੇ ਪੰਜਾਬ 'ਚ ਆਪਣੀ ਹਕੂਮਤ ਕਾਇਮ ਕਰਨ ਲਈ ਅਤੇ ਪਠਾਨ-ਮੁਗਲ ਸੂਬੇਦਾਰਾਂ ਨਾਲ ਲੜਨ ਲਈ ਮਿਸਲਾਂ ਦੇ ਸਰਦਾਰਾਂ ਦੀ ਫ਼ੌਜੀ ਸਹਾਇਤਾ ਅਤੇ ਸਾਧਨਾਂ ਦੀ ਲੋੜ ਸੀ। ਜੱਸਾ ਸਿੰਘ ਰਾਮਗੜ੍ਹੀਆ ਦੇ ਪੁੱਤਰ ਜੋਧ ਸਿੰਘ ਨਾਲ ਰਣਜੀਤ ਸਿੰਘ ਨੇ ਚੰਗੇ ਸੰਬੰਧ ਕਾਇਮ ਕੀਤੇ ਜੋ ਬਹੁਤ ਸਾਲ ਕਾਇਮ ਰਹੇ। ਉਸੇ ਦੌਰਾਨ ਮੇਰੇ ਬਾਪ ਨੇ ਮੁਲਤਾਨ 'ਤੇ ਆਖ਼ਰੀ ਹਮਲੇ 'ਚ ਭਾਗ ਲਿਆ ਅਤੇ ਆਪਣੀ ਬਹਾਦਰੀ ਦੇ ਜੌਹਰ ਵਿਖਾਏ। ਇਸ ਤੋਂ ਪਹਿਲਾਂ ਅਤੇ ਬਾਅਦ 'ਚ ਹੋਰ ਵੀ ਕਈ ਲੜਾਈਆਂ 'ਚ ਮਹੱਤਵਪੂਰਨ ਭੂਮਿਕਾ ਨਿਭਾਈ।"
"ਤੇ ਇਨਾਮ 'ਚ ਤੁਹਾਡੇ ਪਿਤਾ ਨੂੰ ਸ਼ੁਜਾਹਬਾਦ ਦੀ ਕਿਲ੍ਹੇਦਾਰੀ ਬਖ਼ਸ਼ ਦਿੱਤੀ ਗਈ ।" ਕੀਰਤ ਸਿੰਘ ਅੱਗਿਓਂ ਅਨੁਮਾਨ ਲਾਉਂਦਿਆਂ ਬੋਲਿਆ।
"ਨਹੀਂ, ਇਹ ਇਸ ਤਰ੍ਹਾਂ ਨਹੀਂ ਵਾਪਰਿਆ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ। ਸ਼ਾਮ ਸਿੰਘ ਦੱਸਣ ਲੱਗਾ, "ਇਸ ਵਿਚਕਾਰ ਹੋਰ ਵੀ ਬਹੁਤ ਕੁਝ ਵਾਪਰਦਾ ਰਿਹਾ। ਜਦੋਂ ਹੋਰ ਮਿਸਲਾਂ ਤੋਂ ਰਣਜੀਤ ਸਿੰਘ ਦਾ ਮਤਲਬ ਪੂਰਾ ਹੋ ਗਿਆ, ਆਪਣੀ ਹਕੂਮਤ ਪੂਰੀ ਤਰ੍ਹਾਂ ਕਾਇਮ ਕਰ ਲਈ ਤਾਂ ਆਪਣੀ ਪੂਰਵ-ਨਿਸ਼ਚਿਤ ਯੋਜਨਾ ਅਨੁਸਾਰ ਉਸ ਨੇ ਮਿਸਲਾਂ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ। ਰਾਮਗੜ੍ਹੀਆ ਮਿਸਲ ਦੇ ਬਹੁਤ ਸਾਰ ਕਿਲ੍ਹੇ ਨਸ਼ਟ ਕਰ ਦਿੱਤੇ। ਇਸੇ ਤਰ੍ਹਾਂ ਕਰੋੜ ਸਿੰਘੀਆਂ ਅਤੇ ਹੋਰ ਮਿਸਲਾਂ ਦੇ ਵੀ।"
"ਇਸ ਬਾਰੇ ਮੈਂ ਰਣਜੀਤ ਸਿੰਘ ਦੀ ਰਾਜਨੀਤੀ ਨਾਲ ਸਹਿਮਤ ਨਹੀਂ ।" ਕੀਰਤ ਸਿੰਘ ਨੇ ਆਖਿਆ, "ਜੇ ਪਹਿਲਾਂ ਵਾਂਗ ਇਕ ਸਾਂਝੀਵਾਲਤਾ ਬਣਾਈ ਰੱਖਦੇ ਜਿਸ ਤਰ੍ਹਾਂ ਬੰਦਾ ਬਹਾਦਰ ਤੋਂ ਬਾਅਦ ਬਣੀ ਸੀ, ਤਾਂ ਸਿੱਖ ਰਾਜ ਵਾਸਤਵ ਵਿੱਚ ਸਿੱਖ ਰਾਜ ਹੁੰਦਾ ।"
"ਇਹ ਤੇ ਅਸੀਂ ਹੁਣ ਆਪਣੇ ਦ੍ਰਿਸ਼ਟੀਕੋਣ ਤੋਂ ਵੇਖ ਰਹੇ ਹਾਂ । ਡਰ ਬਹੁਤ ਘਾਤਕ ਸ਼ੈਅ ਹੈ। ਸਾਰੇ ਮਿਸਲਾਂ ਦੇ ਸਰਦਾਰਾਂ ਨੂੰ ਆਪਣੇ-ਆਪਣੇ ਖੇਤਰ ਨੂੰ ਵਿਸਤਾਰ ਕਰਨ ਦੀ ਪਈ ਹੋਈ ਸੀ । ਜੇ ਰਣਜੀਤ ਸਿੰਘ ਇਹ ਕੁਝ ਨਾ ਕਰਦਾ ਤਾਂ ਫੇਰ ਕਿਸੇ ਮਿਸਲ ਦਾ ਕੋਈ ਹੋਰ ਸਰਦਾਰ ਇਹੋ ਕੁਝ ਕਰਦਾ। ਸਾਰੀਆਂ ਸਲਤਨਤਾਂ ਇਸੇ ਤਰ੍ਹਾਂ ਕਾਇਮ ਹੁੰਦੀਆਂ ਆਈਆਂ ਹਨ, ਮੁੱਢ ਕਦੀਮ ਤੋਂ।"
"ਪਰ ਮਹਾਰਾਜਾ ਦੀ ਇਸ ਰਾਜਨੀਤੀ ਕਾਰਨ ਸਤਲੁਜ ਪਾਰ ਦੇ ਸਾਰੇ ਸਿੱਖ ਸਰਦਾਰ ਫ਼ਰੰਗੀਆਂ ਨਾਲ ਜਾ ਮਿਲੇ। ਇਹ ਵੀ ਤੇ ਠੀਕ ਨਹੀਂ ਹੋਇਆ।"
"ਹਰ ਕਿਸੇ ਨੂੰ ਆਪਣੀ ਹਿਫ਼ਾਜ਼ਤ ਬਾਰੇ ਸੋਚਣ-ਕਰਨ ਦਾ ਹੱਕ ਹੈ।" ਸ਼ਾਮ ਸਿੰਘ ਬੋਲਿਆ।
"ਜੇ ਰਣਜੀਤ ਸਿੰਘ ਉਨ੍ਹਾਂ ਰਾਜਿਆਂ, ਸਰਦਾਰਾਂ ਨੂੰ ਇਹ ਯਕੀਨ ਦਿਵਾ ਸਕਦਾ" ਸ਼ਾਹ ਬਖ਼ਸ਼ ਨੇ ਆਖਿਆ, "ਉਨ੍ਹਾਂ ਨਾਲ ਬਰਾਬਰੀ ਦਾ ਸਲੂਕ ਕੀਤਾ ਜਾਵੇਗਾ ਤਾਂ ਸ਼ਾਇਦ ਇਸ ਤਰ੍ਹਾਂ ਨਾ ਹੁੰਦਾ।"
"ਹੁਣ ਉਸ ਦਾ ਨਤੀਜਾ ਅਸੀਂ ਭੁਗਤ ਰਹੇ ਹਾਂ।" ਕੀਰਤ ਸਿੰਘ ਨੇ ਦੁੱਖ ਅਤੇ
ਅਫਸੋਸ ਨਾਲ ਸਿਰ ਹਿਲਾਉਂਦਿਆਂ ਆਖਿਆ, "ਪਰ ਮੇਰੇ ਸਵਾਲ ਦਾ ਜਵਾਬ ਵਿੱਚੇ ਹੀ ਕਿਤੇ ਗੁਆਚ ਗਿਆ। ਤੁਸੀਂ ਵੀ ਤੇ ਰਾਮਗੜ੍ਹੀਆ ਮਿਸਲ ਦੇ ਰਸਾਲਦਾਰ ਸੀ।"
"ਮਹਾਰਾਜਾ ਰਣਜੀਤ ਸਿੰਘ 'ਚ ਕੁਝ ਖ਼ਾਮੀਆਂ ਜ਼ਰੂਰ ਸਨ, ਪਰ ਖੂਬੀਆਂ ਵੀ ਸਨ।" ਸ਼ਾਮ ਸਿੰਘ ਦੱਸਣ ਲੱਗਾ। "ਮਹਾਰਾਜ ਨੇ ਮੇਰੇ ਬਾਪ ਦੀ ਬਹਾਦਰੀ ਅਤੇ ਉਪਯੋਗਤਾ ਨੂੰ ਪਛਾਣਿਆ ਅਤੇ ਰਾਮਗੜ੍ਹੀਆ ਮਿਸਲ ਦੇ ਬੇਗੋਵਾਲ ਦੇ ਕਿਲ੍ਹੇ ਦਾ ਕਿਲ੍ਹੇਦਾਰ ਬਣਾ ਦਿੱਤਾ। ਇਸ ਨੂੰ ਰਣਜੀਤ ਸਿੰਘ ਨੇ ਨਹੀਂ ਸੀ ਤੋੜਿਆ। ਅਤੇ ਮੇਰੇ ਬਾਪ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਇਸ ਦੀ ਕਿਲ੍ਹੇਦਾਰੀ ਮੈਨੂੰ ਮਿਲ ਗਈ।“
"ਤੇ ਫਿਰ ਇਸ ਸ਼ੁਜਾਹਬਾਦ ਦੀ ਕਿਲ੍ਹੇਦਾਰੀ ਕਿਸ ਤਰ੍ਹਾਂ ?" ਸ਼ਾਹ ਬਖ਼ਸ਼ ਨੇ ਪੁੱਛਿਆ।
"ਬਸ ਸਮਝੋ ਕਿ ਹੋਣੀ ਮੈਨੂੰ ਇੱਥੇ ਲੈ ਆਈ। ਨਾ ਮੈਂ ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਤੋਂ ਬਾਅਦ ਮਹਾਰਾਜਾ ਸ਼ੇਰ ਸਿੰਘ ਨੂੰ ਮਿਲਣ ਜਾਂਦਾ, ਅਤੇ ਨਾ ਹੀ ਦੀਵਾਨ ਮੂਲ ਰਾਜ ਨੂੰ ਮਿਲਦਾ।" ਸ਼ਾਮ ਸਿੰਘ ਸੁਣਾਉਣ ਲੱਗਾ, "ਹੋਇਆ ਇਹ ਕਿ ਜਦ ਮੈਂ ਨਿਸ਼ਚਿਤ ਸਮੇਂ ਸ਼ੇਰ ਸਿੰਘ ਨੂੰ ਸੱਮਨ ਬੁਰਜ ਦੇ ਮਹੱਲ 'ਚ ਮਿਲਣ ਗਿਆ ਤਾਂ ਚੋਬਦਾਰਾਂ ਮੈਨੂੰ ਬਾਹਰ ਦਰਵਾਜ਼ੇ 'ਤੇ ਹੀ ਰੋਕ ਲਿਆ। ਕਿਹਾ ਕਿ ਮਹਾਰਾਜ ਬਹੁਤ ਵਿਅਸਥ ਹਨ। ਕੁਝ ਦੇਰ ਉਡੀਕ ਕਰਨ ਤੋਂ ਬਾਅਦ ਮੈਂ ਜਦ ਸੋਚ ਹੀ ਰਿਹਾ ਸੀ ਕਿ ਰੁਕਾਂ ਜਾਂ ਚਲਿਆ ਜਾਵਾਂ ਤਾਂ ਅੰਦਰੋਂ ਮੁਲਤਾਨ ਦੇ ਸੂਬੇਦਾਰ ਮੂਲ ਰਾਜ ਬਾਹਰ ਨਿਕਲੇ। ਉਨ੍ਹਾਂ ਮੈਨੂੰ ਪਛਾਣ ਲਿਆ। ਆਪਣੇ ਪਿਤਾ ਦੇ ਨਾਲ ਮੈਂ ਇਨ੍ਹਾਂ ਨੂੰ ਇਕ ਦੋ ਵਾਰੀ ਮਿਲ ਚੁੱਕਿਆ ਸਾਂ। ਰਸਮੀ ਗੱਲਬਾਤ ਤੋਂ ਬਾਅਦ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਮਹਾਰਾਜਾ ਸ਼ੇਰ ਸਿੰਘ ਨੂੰ ਮਿਲ ਕੇ ਆ ਰਹੇ ਹਨ।"
"ਮਹਾਰਾਜਾ ? ਮੈਨੂੰ ਤੇ ਇਸ ਆਦਮੀ ਨੂੰ ਮਹਾਰਾਜਾ ਕਹਿੰਦਿਆਂ ਵੀ ਸ਼ਰਮ ਆ ਰਹੀ ਹੈ।" ਉਨ੍ਹਾਂ ਦੇ ਲਹਿਜੇ 'ਚ ਦੁੱਖ ਘੱਟ ਅਤੇ ਅਫ਼ਸੋਸ ਜ਼ਿਆਦਾ ਸੀ। "ਮੈਨੂੰ ਐਨੀ ਦੂਰੋਂ ਬੁਲਾਇਆ। ਤਿੰਨ ਵਾਰੀ ਮਿਲਣ ਦੀ ਕੋਸ਼ਿਸ਼ ਕੀਤੀ । ਹੁਣ ਵੀ ਸ਼ਰਾਬ ਦੇ ਨਸ਼ੇ 'ਚ ਮਸਤ ਕੰਜਰੀਆਂ ਨਾਲ ਅੱਯਾਸ਼ੀ ਕਰ ਰਿਹਾ ਹੈ ।"
"ਫੇਰ ਮੂਲ ਰਾਜ ਮੈਨੂੰ ਇਕ ਪਾਸੇ ਲੈ ਗਿਆ ।" ਸ਼ਾਮ ਸਿੰਘ ਆਪਣੀ ਗੱਲ ਜਾਰੀ ਰੱਖਦਿਆਂ ਬਲਿਆ, "ਵੇਖੋ ਸ਼ਾਮ ਸਿੰਘ ਜੀ, ਉੱਧਰ ਫ਼ਰੰਗੀ ਨਜ਼ਰ ਲਾਏ ਬੈਠੇ, ਇੱਥੇ ਲਹੌਰ 'ਚ ਇਕ ਪਾਸੇ ਡੋਗਰਿਆਂ ਦੇ ਖੜਯੰਤਰ, ਦੂਜੇ ਪਾਸੇ ਸਿੱਖਾ-ਸ਼ਾਹੀ, ਬੁਰਛਾ-ਗੁਰਦੀ ।ਰਾਣੀ ਚੰਦ ਕੌਰ ਮਾਰੀ ਗਈ। ਕੁੰਵਰ ਤਾਰਾ ਸਿੰਘ, ਕਸ਼ਮੀਰਾ ਸਿੰਘ ਮਾਰਿਆ ਗਿਆ, ਹੁਣ ਪਤਾ ਨਹੀਂ ਕਿਸ ਦੀ ਵਾਰੀ। ਤੁਸੀਂ ਲਾਹੌਰ ਦੇ ਬਹੁਤ ਨੇੜੇ ਬੈਠੇ ਹੋ। ਤੁਹਾਡੇ ਵਰਗੇ ਈਮਾਨਦਾਰ ਆਦਮੀ ਲਈ ਇਹ ਸਥਾਨ ਮਹਿਫ਼ੂਜ਼ ਨਹੀਂ ।"
"ਮੈਂ ਉਨ੍ਹਾਂ ਵੱਲ ਸਵਾਲੀਆਂ ਨਜ਼ਰਾਂ ਨਾਲ ਤੱਕਣ ਲੱਗਾ।
"ਗੱਲ ਇਸ ਤਰ੍ਹਾਂ ਹੈ ਸ਼ਾਮ ਸਿੰਘ ਜੀ, "ਮੂਲ ਰਾਜ ਨੇ ਆਖਿਆ, "ਮੁਲਤਾਨ ਨੂੰ ਤੁਹਾਡੇ ਵਰਗੇ ਤਜਰਬੇਕਾਰ ਅਤੇ ਈਮਾਨਦਾਰ ਆਦਮੀ ਦੀ ਲੋੜ ਹੈ। ਮੇਰੇ ਪਿਤਾ
ਸਾਵਨ ਮਲ ਨੇ ਆਪਣੀ ਸੂਬੇਦਾਰੀ ਦੌਰਾਨ ਮੁਲਤਾਨ ਦੇ ਸਾਰੇ ਖੇਤਰ 'ਚ ਨਹਿਰਾਂ ਖੁਦਵਾਈਆਂ, ਆਬਪਾਸ਼ੀ ਦੇ ਸਾਰੇ ਸਾਧਨ ਮੁਹੱਈਆ ਕੀਤੇ, ਜੱਟਾਂ ਜਿਮੀਦਾਰਾਂ ਨੂੰ ਫਸਲਾਂ ਲਈ ਉਧਾਰ ਦਿੱਤੇ, ਇਸ ਉਜਾੜ ਅਤੇ ਬੰਜਰ ਧਰਤੀ ਨੂੰ ਇਸ ਤਰ੍ਹਾਂ ਹਰਾ ਭਰਾ ਬਣਾਇਆ ਕਿ ਲੋਕ ਇਸ ਨੂੰ ਜਮੀਨ-ਏ-ਬਹਿਸ਼ਤ ਕਹਿਣ ਲੱਗੇ ਹਨ ।"
"ਇਕ ਸਾਡਾ ਬਹੁਤ ਮਹੱਤਵਪੂਰਨ ਕਿਲ੍ਹਾ ਹੈ ਸ਼ੁਜਾਹਬਾਦ । ਉਸ ਨੂੰ ਪਠਾਨਾਂ ਕੋਲੋਂ ਫਤਹਿ ਕਰਨ ਚ ਵੀ ਤੁਹਾਡੇ ਵਾਲਦ ਫਤਹਿ ਸਿੰਘ ਜੀ ਨੇ ਬਹੁਤ ਬਹਾਦਰੀ ਵਿਖਾਈ ਸੀ। ਬਲਕਿ ਉਨ੍ਹਾਂ ਦੀ ਬਹਾਦਰੀ ਕਾਰਨ ਹੀ ਉਹ ਕਿਲ੍ਹਾ ਫਤਹਿ ਹੋ ਸਕਿਆ। ਹੁਣ...ਹੁਣ... ਸ਼ੁਜਾਹਬਾਦ ਦਾ ਕਿਲ੍ਹੇਦਾਰ ਅਕਾਲ ਚਲਾਣਾ ਕਰ ਗਿਆ ਹੈ। ਜੇ ਤੁਸੀਂ ਉਸ ਕਿਲ੍ਹੇ ਦੀ ਕਿਲ੍ਹੇਦਾਰੀ ਮੰਜੂਰ ਕਰ ਲਵੋ ਤਾਂ ਮੈਂ ਮਹਾਰਾਜਾ ਸ਼ੇਰ ਸਿੰਘ ਜਾਂ ਫਕੀਰ ਮਜੀਜ-ਉਲ-ਦੀਨ ਨੂੰ ਕਹਿ ਕੇ ਤੁਹਾਨੂੰ ਉੱਥੇ ਲੈ ਜਾਣਾ ਚਾਹਵਾਂਗਾ...। ਸ਼ਾਮ ਸਿੰਘ ਨੇ ਮੂਲ ਰਾਜ ਦੀ ਗੱਲ ਪੂਰੀ ਕਰਦਿਆਂ ਆਖਿਆ।
"ਤੁਹਾਨੂੰ ਕਿਸ ਤਰ੍ਹਾਂ ਲੱਗਿਆ ਆ ਕੇ ?" ਸ਼ਾਹ ਬਖ਼ਸ਼ ਨੇ ਪੁੱਛਿਆ।
"ਬਹੁਤ ਤਸੱਲੀ ਹੋਈ ਅਤੇ ਰਿਆਇਆ ਦੀ ਭਲਾਈ ਲਈ ਚੰਗੇ ਕੰਮ ਕਰਨ ਦਾ ਅਵਸਰ ਵੀ ਮਿਲਿਆ। ਮੈਂ ਤੇ ਇਹ ਵੀ ਕਹਾਂਗਾ ਕਿ ਮੁਲਤਾਨ ਨੂੰ ਇਸ ਤੋਂ ਪਹਿਲਾਂ ਕਦੀ ਇੰਨਾ ਚੰਗਾ ਸੂਬੇਦਾਰ ਨਹੀਂ ਮਿਲਿਆ, ਨਾ ਹੀ ਪੰਜਾਬ ਦੇ ਕਿਸੇ ਹੋਰ ਖੇਤਰ ਨੂੰ। ਮੂਲ ਰਾਜ ਦੇ ਪਿਤਾ ਸਾਵਨ ਮਲ ਤਾਂ ਇੰਨੇ ਪ੍ਰਜਾ-ਪ੍ਰਸਤ ਅਤੇ ਇਨਸਾਫ ਪ੍ਰਸਤ ਸਨ ਕਿ ਇਕ ਵਾਰੀ ਉਨ੍ਹਾਂ ਦੇ ਇਕ ਪੁੱਤਰ ਨੇ ਕਿਸੇ ਔਰਤ ਨਾਲ ਛੇੜਖਾਨੀ ਕੀਤੀ ਤਾਂ ਸਾਵਨਮਲ ਨੇ ਉਸ ਨੂੰ ਕੈਦ ਦੀ ਸਜਾ ਸੁਣਾ ਦਿੱਤੀ। ਕੈਦ ਕੱਟਣ ਤੋਂ ਬਾਅਦ ਸ਼ਰਮਸਾਰ ਪੁੱਤਰ ਨੇ ਖੁਦਕਸ਼ੀ ਕਰ ਲਈ।"
"ਓਹ ।" ਕੀਰਤ ਸਿੰਘ ਦੇ ਮੂੰਹੋਂ ਨਿਕਲਿਆ, "ਇੱਧਰ ਇਕ ਆਪਣਾ ਮਹਾਰਾਜ ਰਣਜੀਤ ਸਿੰਘ ਜੋ ਆਪਣੇ ਪੁੱਤਰ ਸ਼ੇਰ ਸਿੰਘ ਨੂੰ ਆਪ ਖੂਬਸੂਰਤ ਔਰਤਾਂ ਅਤੇ ਵਲੈਤੀ ਸ਼ਰਾਬ ਦੀਆਂ ਬੋਤਲਾਂ ਭੇਜਦਾ ਰਿਹਾ ਸੀ ।"
'ਤੁਸੀਂ ਮੌਰਾਂ ਕੰਜਰੀ ਵਾਲੀ ਗੱਲ ਤਾਂ ਸੁਣੀ ਹੀ ਹੋਵੇਗੀ ।" ਸ਼ਾਮ ਸਿੰਘ ਨੇ ਕੀਰਤ ਸਿੰਘ ਨੂੰ ਪੁੱਛਿਆ।
"ਖੂਬ ਚੰਗੀ ਤਰ੍ਹਾਂ। ਉਸ ਦੇ ਤਾਂ ਅਸੀਂ ਚੁਬਾਰੇ 'ਤੇ ਵੀ ਹੋ ਆਏ ਹਾਂ।" ਕੀਰਤ ਸਿੰਘ ਨੇ ਮੁਸਕਰਾਉਂਦਿਆਂ ਆਖਿਆ।
"ਪਰ ਤੁਸੀਂ ਮਰਾਠਾ ਪੇਸ਼ਵਾ ਬਾਜੀ ਰਾਓ ਅਤੇ ਮਸਤਾਨੀ ਬਾਰੇ ਨਹੀਂ ਸੁਣਿਆ ਹੋਣਾ।"
"ਨਹੀਂ।" ਕੀਰਤ ਸਿੰਘ ਨੇ ਉਤਸੁਕਤਾ ਨਾਲ ਸ਼ਾਮ ਸਿੰਘ ਵੱਲ ਤੱਕਦਿਆਂ ਆਖਿਆ। ਮਸਤਾਨੀ ਕੌਣ ਸੀ ?"
"ਮਸਤਾਨੀ ਵੀ ਮੋਰਾਂ ਵਾਂਗ ਇਕ ਨੱਚਣ ਵਾਲੀ ਸੀ। ਬਾਜੀ ਰਾਓ ਪੇਸ਼ਵਾ ਦਾ ਉਸ ਨਾਲ ਇਸਕ ਹੋ ਗਿਆ। ਮੰਤਰੀਆਂ ਅਤੇ ਰਾਜ-ਘਰਾਣੇ ਦੀਆਂ ਔਰਤਾਂ ਨੇ ਇਤਰਾਜ ਕੀਤਾ: ਬੁਰਾ ਭਲਾ ਕਿਹਾ ਤਾਂ ਪੇਸ਼ਵਾ ਅਤੇ ਮਸਤਾਨੀ ਦੋਹਾਂ ਨੇ ਖੁਦਕੁਸ਼ੀ ਕਰ ਲਈ।“
15
ਉਨ੍ਹਾਂ ਨੂੰ ਸ਼ੁਜਾਹਬਾਦ ਆਇਆਂ ਤਕਰੀਬਨ ਤਿੰਨ ਮਹੀਨੇ ਬੀਤ ਚੁੱਕੇ ਸਨ। ਫਰੰਗੀ ਫ਼ੌਜਾਂ ਨੇ ਵੀ ਡੇਢ ਕੁ ਮਹੀਨੇ ਤੋਂ ਕਿਲ੍ਹੇ ਦੁਆਲੇ ਆ ਕੇ ਘੇਰਾ ਪਾਇਆ ਹੋਇਆ ਸੀ। ਇਸ ਵਿਚਕਾਰ ਸ਼ਾਹ ਬਖ਼ਸ਼ ਆਪਣੇ ਨਾਲ ਸ਼ਾਮ ਸਿੰਘ ਦੀ ਫੌਜ ਦੇ ਚਾਰ ਪੰਜ ਵਿਸ਼ਵਾਸੀ ਪਠਾਣਾਂ ਨੂੰ ਲੈ ਕੇ ਆਲੇ-ਦੁਆਲੇ ਦੇ ਪਠਾਣ ਕਬੀਲਿਆਂ 'ਚ ਫਿਰਦਾ ਰਿਹਾ। ਨਤੀਜੇ ਵਜੋਂ ਤਿੰਨ ਹਜ਼ਾਰ ਖੋਖਰ-ਪਠਾਣ ਆਪਣੇ ਹਥਿਆਰ ਅਤੇ ਛੇ ਮਹੀਨੇ ਦਾ ਰਾਸ਼ਨ ਲੈ ਕੇ ਕਿਲ੍ਹੇ ਅੰਦਰ ਆ ਚੁੱਕੇ ਸਨ। ਸ਼ੁਜਾਹਬਾਦ ਦੇ ਬਾਹਰ ਰਹਿ ਰਹੇ ਪਠਾਣਾਂ ਨੇ ਵੀ ਬਾਹਰ ਰਹਿੰਦਿਆਂ ਹਰ ਤਰ੍ਹਾਂ ਦੀ ਸਹਾਇਤਾ ਦਾ ਵਿਸ਼ਵਾਸ ਦਿਵਾਇਆ। ਇਸ ਦਾ ਇਕ ਵੱਡਾ ਕਾਰਨ ਇਹ ਵੀ ਸੀ ਕਿ ਤਿੰਨ ਚਾਰ ਵਰ੍ਹੇ ਪਹਿਲਾਂ ਫਰੰਗੀਆਂ ਨੇ ਅਫ਼ਗਾਨਿਸਤਾਨ 'ਤੇ ਹਮਲਾ ਕਰਕੇ ਅਫ਼ਗਾਨਿਸਤਾਨ ਨੂੰ ਆਪਣੇ ਅਧੀਨ ਕਰ ਲਿਆ ਸੀ, ਚਾਹੇ ਇਕ ਡੇਢ ਸਾਲ ਬਾਅਦ ਹੀ ਫਰੰਗੀਆਂ ਦੀ ਸਾਰੀ ਦੀ ਸਾਰੀ ਫ਼ੌਜ ਅਫ਼ਗਾਨਿਸਤਾਨ ਤੋਂ ਨੱਸਦਿਆਂ ਮਾਰੀ ਗਈ ਸੀ। ਉਨ੍ਹਾਂ ਦਿਨਾਂ ਦੀਆਂ ਪਠਾਣਾਂ-ਅਫ਼ਗਾਨਾਂ ਉੱਤੇ ਹੋਈਆਂ ਫਰੰਗੀਆਂ ਦੁਆਰਾ ਜ਼ਿਆਦਤੀਆਂ ਅਤੇ ਜ਼ੁਲਮ ਉਨ੍ਹਾਂ ਦੇ ਮਸਤਕ 'ਚ ਹਾਲੇ ਤਾਜ਼ਾ ਸਨ।
ਮੇਜਰ ਐਗਨਿਊ ਨੇ ਤਿੰਨ ਵਾਰੀ ਸ਼ੁਜਾਹਬਾਦ 'ਤੇ ਹਮਲਾ ਕਰਕੇ ਉਸ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ। ਪੰਜ ਹਜ਼ਾਰ ਫ਼ੌਜੀ ਕੁਮਕ ਅਤੇ ਅੱਠ ਨਵੀਆਂ ਤੋਪਾਂ ਪਹੁੰਚਣ ਤੋਂ ਬਾਅਦ ਵੀ ਕਿਲ੍ਹੇ ਨੂੰ ਫਤਿਹ ਨਹੀਂ ਕਰ ਸਕੇ । ਦੂਜੇ ਪਾਸੇ ਮੁਲਤਾਨ ਵਿੱਚ ਫ਼ਰੰਗੀਆਂ ਅਤੇ ਮੂਲ ਰਾਜ ਵਿਚਕਾਰ ਗੱਲਬਾਤ ਦਾ ਸਿਲਸਿਲਾ ਜਾਰੀ ਸੀ। ਕੋਈ ਗੱਲ ਸਿਰੇ ਲੱਗਦੀ ਨਾ ਵੇਖ ਕੇ ਫਰੰਗੀ ਜਰਨੈਲ ਨੇ ਐਗਨਿਊ ਨੂੰ ਹੁਕਮ ਭੇਜ ਦਿੱਤਾ ਕਿ ਉਹ ਸ਼ੁਜਾਹਬਾਦ ਦੀ ਘੇਰਾਬੰਦੀ ਛੱਡ ਕੇ ਮੁਲਤਾਨ ਆ ਜਾਏ। ਚਾਹੇ ਐਗਨਿਊ ਇਸ ਕਿਲ੍ਹੇ ਨੂੰ ਫਤਿਹ ਕਰਕੇ ਨਾਮਣਾ ਖੱਟਣ ਅਤੇ ਕੀਰਤ ਸਿੰਘ ਦੇ ਹੱਥੋਂ ਆਪਣੇ ਭਰਾ ਦੇ ਮਾਰੇ ਜਾਣ ਦਾ ਬਦਲਾ ਲੈਣਾ ਚਾਹੁੰਦਾ ਸੀ ; ਪਰ ਫੇਰ ਵੀ ਉਸ ਨੂੰ ਮੁਲਤਾਨ ਵੱਲ ਜਾਣਾ ਪਿਆ।
ਮੁਲਤਾਨ ਵਲੋਂ ਸ਼ੁਜਾਹਬਾਦ 'ਚ ਪਰਸਪਰ ਵਿਰੋਧੀ ਖ਼ਬਰਾਂ ਆ ਰਹੀਆਂ ਸਨ। ਸ਼ਾਮ ਸਿੰਘ ਨੇ ਪੂਰੀ ਜਾਣਕਾਰੀ ਲੈਣ ਲਈ ਕੀਰਤ ਸਿੰਘ ਨੂੰ ਐਗਨਿਊ ਦੇ ਪਿੱਛੇ-ਪਿੱਛੇ ਮੁਲਤਾਨ ਵੱਲ ਭੇਜ ਦਿੱਤਾ। ਕੀਰਤ ਸਿੰਘ, ਦੁਰਜਨ ਸਿੰਘ ਤੇ ਪੰਜ ਹੋਰ ਸਾਥੀਆਂ ਨੂੰ ਨਾਲ ਲੈ ਕੇ ਮੁਲਤਾਨ ਵੱਲ ਤੁਰ ਪਿਆ।
ਅਤੇ ਇਕ ਦਿਨ ਉਹ ਭਾਣਾ ਵਰਤ ਗਿਆ ਜਿਸ ਦੀ ਨਾ ਕਦੇ ਕੀਰਤ ਸਿੰਘ ਨੇ ਹੀ ਉਮੀਦ ਕੀਤੀ ਸੀ ਅਤੇ ਨਾ ਹੀ ਐਗਨਿਊ ਨੇ। ਇਕ ਦਿਨ ਫਰੰਗੀ ਜਰਨੈਲ ਨੇ ਸਮਝੌਤੇ ਅਤੇ ਹਥਿਆਰ ਸੁੱਟ ਕੇ ਕਿਲ੍ਹਾ ਖਾਲੀ ਕਰਨ ਦੀ ਗੱਲਬਾਤ ਕਰਨ ਲਈ ਐਗਨਿਊ ਅਤੇ ਐਂਡਰਸਨ ਨੂੰ ਮੂਲਰਾਜ ਕੋਲ ਭੇਜ ਦਿੱਤਾ। ਕੀਰਤ ਸਿੰਘ ਨੂੰ ਪਤਾ ਲੱਗਾ ਕਿ ਮੂਲ ਰਾਜ ਦੇ ਨਾਂਹ' ਕਹਿਣ 'ਤੇ ਐਗਨਿਊ ਨੇ ਉਸ ਨੂੰ ਬਹੁਤ ਕੌੜੀਆਂ ਅਤੇ ਹੱਤਕ ਭਰੀਆਂ ਗੱਲਾਂ ਕਹੀਆਂ ਅਤੇ ਕਈ ਤਰ੍ਹਾਂ ਦੀਆਂ ਧਮਕੀਆਂ ਵੀ ਦਿੱਤੀਆਂ। ਤੇ
ਜਦ ਉਹ ਆਪਣੇ ਕੁਝ ਕੁ ਅੰਗ-ਰੱਖਿਅਕਾਂ ਨਾਲ ਆਪਣੀ ਛਾਉਣੀ ਵੱਲ ਵਾਪਸ ਆਉਂਦਿਆਂ ਨਦੀ ਦੇ ਇਕ ਪੁਲ ਨੂੰ ਪਾਰ ਕਰਨ ਲੱਗੇ ਤਾਂ ਸੁਭਾਗ ਵੱਸ ਕੀਰਤ ਸਿੰਘ ਵੀ ਆਪਣੇ ਸਾਥੀਆਂ ਨਾਲ ਭੀੜ 'ਚ ਲੁਕਿਆ ਉੱਥੇ ਖੜਾ ਸੀ। ਐਗਨਿਊ ਦੇ ਨਾਲ ਚੱਲ ਰਹੇ ਇਕ ਸਿੱਖ ਸਿਪਾਹੀ ਦੀ ਨਜ਼ਰ ਕੀਰਤ ਸਿੰਘ 'ਤੇ ਪੈ ਗਈ ਅਤੇ ਉਸ ਨੂੰ ਪਛਾਣਦਿਆਂ ਅਤੇ ਉਂਗਲ ਨਾਲ ਇਸ਼ਾਰਾ ਕਰਦਿਆਂ ਬੋਲਿਆ :
"ਵੇਖੋ ਸਾਹਿਬ ! ਕੀਰਤ ਸਿੰਘ ?"
"ਕੀਰਤ ਸਿੰਘ !" ਐਗਨਿਊ ਦੇ ਮੂੰਹੋਂ ਨਿਕਲਿਆ, "ਆਜ ਤੁਮ ਹਮਾਰੇ ਹਾਥ ਸੇ ਬਚ ਕਰ ਨਹੀਂ ਜਾ ਸਕਤਾ।" ਅਤੇ ਨਾਲ ਹੀ ਐਂਡਰਸਨ ਨੇ ਵੀ ਇਸ਼ਾਰੇ ਨਾਲ ਦੱਸਿਆ। ਦੋਹਾਂ ਨੇ ਆਪਣੀਆਂ ਰਿਵਾਲਵਰਾਂ ਕੱਢ ਕੇ ਕੀਰਤ ਸਿੰਘ 'ਤੇ ਗੋਲੀਆਂ ਚਲਾ ਦਿੱਤੀਆਂ। ਕੀਰਤ ਸਿੰਘ ਨੇ ਵੀ ਉਨਾਂ ਦੁਆਰਾ ਰਿਵਾਲਵਰ ਦੇ ਉਸ ਵੱਲ ਚੁੱਕੇ ਜਾਣ ਬਾਰੇ ਵੇਖ ਲਿਆ। ਉਹ ਉਸੇ ਵੇਲੇ ਬੈਠ ਗਿਆ ਅਤੇ ਗੋਲੀ ਉਸ ਦੇ ਸਿਰ ਉੱਪਰੋਂ ਲੰਘ ਕੇ ਪਿੱਛੇ ਖੜੇ ਆਦਮੀਆਂ ਦੇ ਜਾ ਲੱਗੀ। ਕੀਰਤ ਸਿੰਘ ਨੇ ਦੁਰਜਨ ਸਿੰਘ ਦੇ ਕੰਨ 'ਚ ਕੁਝ ਕਿਹਾ। ਦੂਜੇ ਹੀ ਪਲ ਦੋ ਭਾਲੇ ਮੌਤ ਦਾ ਗੀਤ ਗਾਉਂਦੇ ਉਹਨਾਂ ਦੋਹਾਂ ਦੇ ਹੱਥਾਂ 'ਚੋਂ ਨਿਕਲੇ ਅਤੇ ਕੀਰਤ ਸਿੰਘ ਦਾ ਬਰਛਾ ਐਗਨਿਊ ਦੀ ਛਾਤੀ 'ਤੇ ਅਤੇ ਦੁਰਜਨ ਸਿੰਘ ਦਾ ਐਂਡਰਸਨ ਦੇ ਢਿੱਡ 'ਚ ਜਾ ਖੁੱਭਿਆ। ਭਗਦੜ ਮਚ ਗਈ ਅਤੇ ਇਸੇ ਹਫੜਾ ਦਫੜੀ ਵਿੱਚ ਕੀਰਤ ਸਿੰਘ ਤੇ ਦੁਰਜਨ ਸਿੰਘ ਗੁੰਮ ਹੋ ਗਏ। ਐਗਨਿਊ ਦੇ ਅੰਗ ਰੱਖਿਅਕ ਦੋਹਾਂ ਨੂੰ ਇਕ ਪਾਲਕੀ 'ਚ ਪਾ ਕੇ ਆਪਣੀ ਛਾਉਣੀ ਪਹੁੰਚ ਗਏ ਪਰ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਫਰੰਗੀ ਡਾਕਟਰ ਉਨ੍ਹਾਂ ਦੋਹਾਂ ਨੂੰ ਨਾ ਬਚਾ ਸਕੇ।
ਇਸ ਦੇ ਨਾਲ ਹੀ ਮੁਲਤਾਨ ਦੀ ਵੀ ਭਾਵੀ ਲੜਾਈ ਦਾ ਆਰੰਭ ਹੋ ਗਿਆ। ਕੀਰਤ ਸਿੰਘ ਵਾਪਸ ਸ਼ੁਜਾਹਬਾਦ ਪਹੁੰਚ ਗਿਆ।
16
1848, ਦਸੰਬਰ ਮਹੀਨੇ ਦੇ ਸ਼ੁਰੂ ਦੇ ਦਿਨ। ਸ਼ੁਜਾਹਬਾਦ ਦੇ ਸਿੱਖ ਅਤੇ ਪਠਾਣ ਸਿਪਾਹੀ ਠੰਡ ਵਿੱਚ ਠਰਦੇ-ਠਰਦੇ ਮੁਲਤਾਨ ਵੱਲ ਜਾਣ ਦੀ ਤਿਆਰੀ ਕਰ ਰਹੇ ਸਨ। ਸਾਰਿਆਂ ਦੇ ਹੌਸਲੇ ਚੜ੍ਹਦੀ ਕਲਾ 'ਚ। ਆਪਣੇ ਕਮਰੇ 'ਚ ਤਿਆਰੀਆਂ ਕਰਦਿਆਂ ਸ਼ਾਹ ਬਖ਼ਸ਼, ਕੀਰਤ ਸਿੰਘ ਨੂੰ ਕਹਿ ਰਿਹਾ ਸੀ :
"ਸਾਡੇ ਸਿਪਾਹੀਆਂ ਦੇ ਹੌਂਸਲੇ ਬੁਲੰਦ ਹਨ। ਇਸ ਪਾਸੇ ਦੇ ਸਾਰੇ ਪੰਜਾਬ ਚ ਆਪਣੀ ਧਰਤੀ ਨੂੰ ਫਰੰਗੀਆਂ ਤੋਂ ਆਜ਼ਾਦ ਕਰਾਉਣ ਦੀ ਲਹਿਰ ਦੌੜ ਰਹੀ ਹੈ। ਜਿੱਤ ਕਿਸ ਦੀ ਹੁੰਦੀ ਹੈ, ਇਸ ਬਾਰੇ ਤਾਂ ਕੋਈ ਕੀ ਕਹਿ ਸਕਦਾ ਹੈ, ਪਰ ਇਸ ਵਾਰ ਦੀ ਲੜਾਈ ਬਹੁਤ ਖੌਫਨਾਕ ਹੋਵੇਗੀ: ਸਭਰਾਓ, ਮੁਦਕੀ ਦੀਆਂ ਲੜਾਈਆਂ ਤੋਂ ਵੀ ਖੌਫਨਾਕ ।"
"ਮੈਂ ਸੁਣਿਆ ਹੈ", ਕੀਰਤ ਸਿੰਘ ਕਹਿਣ ਲੱਗਾ, "ਕਿ ਫ਼ਰੰਗੀਆਂ ਦੀ ਗੋਰਖਾ ਪਲਟਨ ਆਪਣੇ ਨਾਲ ਦਸ-ਬਾਰਾਂ ਤੋਪਾਂ ਲੈ ਕੇ ਮੂਲ ਰਾਜ ਨਾਲ ਆ ਮਿਲੀ ਹੈ।"
"ਸੁਣਿਆ ਤੇ ਮੈਂ ਵੀ ਹੈ ਅਤੇ ਇਹ ਵੀ ਕਿ ਭਾਈ ਮਹਾਰਾਜ ਸਿੰਘ ਵੀ ਆਪਣਾ ਇਕ ਜੱਥਾ ਲੈ ਕੇ ਮੁਲਤਾਨ ਵੱਲ ਤੁਰ ਪਏ ਹਨ ਅਤੇ ਹਜ਼ਾਰਾ ਦਾ ਰਾਜਾ ਛਤਰ ਸਿੰਘ ਵੀ।“
ਇਸ ਤਰ੍ਹਾਂ ਦੀਆਂ ਗੱਲਾਂ ਕਰਦਿਆਂ-ਕਰਦਿਆਂ ਕੀਰਤ ਸਿੰਘ ਚੁੱਪ ਹੋ ਗਿਆ। ਉਹ ਅਚਾਨਕ ਹੀ ਜੀਨਤ ਬਾਰੇ ਸੋਚਣ ਲੱਗ ਪਿਆ। ਉਸਦੇ ਨਾਲ ਉਸਨੂੰ ਰੂਪ ਕੌਰ ਦਾ ਚਿਹਰਾ ਵੀ ਝਾਕਦਾ ਜਿਹਾ ਦਿਸ ਪੈਂਦਾ। ਉਹ ਕਿਸ ਤਰ੍ਹਾਂ ਹੋਵੇਗੀ । ਉਸ ਪ੍ਰਤੀ ਰੁੱਖਾਪਣ ਵਿਖਾ ਕੇ ਉਸ ਨੇ ਕੁਝ ਮਾੜਾ ਤੇ ਨਹੀਂ ਕੀਤਾ । ਜੀਨਤ ਨੇ ਵੀ ਉਸੇ ਬਾਰੇ ਦੋ ਤਿੰਨ ਵਾਰੀ ਉਸ ਤੋਂ ਪੁੱਛਿਆ ਸੀ।
ਚਾਹੇ ਹੁਣ ਜੀਨਤ ਉੱਤੇ ਉਸ ਦਾ ਕਿਸੇ ਕਿਸਮ ਦਾ ਕੋਈ ਅਧਿਕਾਰ ਨਹੀਂ ਸੀ ਪਰ ਫੇਰ ਵੀ ਉਸ ਦੀ ਕਦੇ-ਕਦੇ ਦੀ ਨੇੜਤਾ, ਉਸ ਦੇ ਘਰ ਰੋਟੀ ਖਾਣਾ, ਗੱਲਾਂ ਕਰਨਾ ਚੰਗਾ ਲੱਗਦਾ। ਜੀਨਤ ਵੀ ਖੁਸ਼ ਸੀ। ਪੁਰਾਣੇ ਪ੍ਰੇਮੀ ਦਾ, ਜਿਸ ਨਾਲ ਉਸ ਦਾ ਹੁਣ ਕੋਈ ਐਸਾ ਰਿਸ਼ਤਾ ਨਹੀਂ ਸੀ ਰਿਹਾ। ਉਸ ਦੇ ਨੇੜੇ ਤੇੜੇ ਹੋਣਾ ਉਸ ਨੂੰ ਇਕ ਮਾਨਸਿਕ ਸੰਤੁਸ਼ਟੀ ਪ੍ਰਦਾਨ ਕਰ ਰਿਹਾ ਸੀ।
ਉਸ ਨੂੰ ਚੁੱਪ ਜਿਹਾ ਵੇਖ ਕੇ ਸ਼ਾਹ ਬਖ਼ਸ਼ ਬੋਲਿਆ, "ਕੀ ਗੱਲ ਏ ਕੀਰਤ ਸਿਆਂ। ਦੋ ਤਿੰਨ ਦਿਨਾਂ ਤੋਂ ਮੈਂ ਤੈਨੂੰ ਚੁੱਪ ਜਿਹਾ ਵੇਖ ਰਿਹਾ ਹਾਂ।"
ਕੀਰਤ ਸਿੰਘ ਸੰਭਲਿਆ ਅਤੇ ਸ਼ਾਹ ਬਖ਼ਸ਼ ਨੂੰ ਸੰਬੋਧਿਤ ਹੁੰਦਿਆਂ ਆਖਿਆ, "ਮੈਂ ਕਦੇ-ਕਦੇ ਸੋਚਣ ਲੱਗਦਾ ਹਾਂ ਕਿ ਵੱਡੇ-ਵੱਡੇ ਸਰਦਾਰ ਆਪਣੇ ਕਿਸੇ ਸੁਆਰਥ ਲਈ ਲੜਦੇ ਹਨ। ਪਰ ਅਸੀਂ ਲੋਕ ਕਾਹਦੇ ਲਈ ਆਪਣੀ ਜਾਨ ਦੀ ਬਾਜ਼ੀ ਲਾਈ ਫਿਰਦੇ ਹਾਂ ?"
"ਕੋਈ ਕਿਸੇ ਆਦਰਸ਼ ਲਈ ਲੜਦਾ ਹੈ, ਕੋਈ ਆਪਣੀ ਜ਼ਮੀਰ ਦੀ ਆਵਾਜ਼ ਸੁਣਦਿਆਂ, ਕੋਈ ਸਿਰਫ਼ ਜਿਊਂਦੇ ਰਹਿਣ ਖ਼ਾਤਰ", ਸ਼ਾਹ ਬਖ਼ਸ਼ ਬੋਲਿਆ, ''ਤੇ ਤੁਸੀਂ ਕਿਸ ਖ਼ਾਤਰ ਲੜਦੇ ਰਹੇ ਹੋ ਅਤੇ ਇਸ ਵੇਲੇ ਵੀ ਆਪਣੇ ਆਪ ਨੂੰ ਖ਼ਤਰਿਆਂ 'ਚ ਪਾਇਆ ਹੋਇਆ ਹੈ ?"
"ਮੈਂ ਨਹੀਂ ਜਾਣਦਾ ਕਿ ਮੈਂ ਕਿਉਂ ਲੜ ਰਿਹਾ ਹਾਂ। ਪਹਿਲਾਂ ਮੈਂ ਇਕ ਸਿੱਖ ਸਿਪਾਹੀ ਦੀ ਔਲਾਦ ਹੋਣ ਕਾਰਨ ਲੜ ਰਿਹਾ ਸਾਂ ਜਾਂ ਤਨਖ਼ਾਹ ਖ਼ਾਤਰ, ਫੇਰ ਅੰਦਰੋਂ ਉੱਠਦੀ ਕਿਸੇ ਲਲਕਾਰ ਨੂੰ ਸੁਣਦਿਆਂ। ਪਰ… ਪਰ ਹੁਣ ਮੈਂ ਕੇਵਲ ਆਪਣੀ ਖ਼ਾਤਰ ਲੜ ਰਿਹਾ ਹਾਂ।" ਕੀਰਤ ਸਿੰਘ ਇੰਝ ਬੋਲਿਆ ਜਿਵੇਂ ਉਹ ਆਪਣੇ ਆਪ ਨੂੰ ਕਹਿ ਰਿਹਾ ਹੋਵੇ।
"ਆਪਣੀ ਖ਼ਾਤਰ ? ਮੈਂ ਸਮਝਿਆ ਨਹੀਂ। ਮੈਂ ਵੇਖਿਆ ਹੈ ਕਿ ਨਾ ਤੁਹਾਨੂੰ ਕਿਸੇ ਇਨਾਮ ਦਾ ਲਾਲਚ ਹੈ, ਨਾ ਕਿਸੇ ਪਦਵੀ ਦਾ। ਸ਼ਾਮ ਸਿੰਘ ਨੇ ਇਕ ਹਜ਼ਾਰ ਸਿਪਾਹੀਆਂ ਦੀ ਜਰਨੈਲੀ ਦਿੱਤੀ, ਉਹ ਵੀ ਤੁਸਾਂ ਇਨਕਾਰ ਕਰ ਦਿੱਤਾ।'
"ਤੁਸੀਂ ਜ਼ਰੂਰ ਸਮਝਦੇ ਹੋ ਸ਼ਾਹ ਸਾਹਿਬ, ਜ਼ਰੂਰ ਸਮਝਦੇ ਹੋਵੋਗੇ । ਇਸ ਦਾ ਜਵਾਬ ਤੁਹਾਡੇ ਆਪਣੇ ਅੰਦਰ ਹੀ ਲੁਕਿਆ ਪਿਆ ਹੈ।"
ਸ਼ਾਹ ਬਖ਼ਸ਼ ਉਸ ਵੱਲ ਪ੍ਰਸ਼ਨ ਭਰੀਆਂ ਨਜ਼ਰਾਂ ਨਾਲ ਵੇਖਣ ਲੱਗਾ।
"ਚੰਗਾ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡੇ ਅੱਬਾ ਜਾਨ ਨੇ ਇਹ ਫਰੰਗੀਆਂ-ਸਿੱਖਾਂ ਦਾ ਜੰਗਨਾਮਾ ਕਿਸ ਦੀ ਖ਼ਾਤਰ ਲਿਖਿਆ ? ਅਤੇ ਤੁਸੀਂ ਵੀ ਕਿਉਂ ਇਸ ਨੂੰ ਬਚਾਉਣ ਲਈ ਐਨੇ ਉਤਸਕ ਹੋ ? ਇਸੇ ਲਈ ਨਾ ਕਿ ਤੁਹਾਨੂੰ ਕਿਸੇ ਉਦੇਸ਼ ਨੇ ਪ੍ਰਭਾਵਤ ਕਰਦਿਆਂ ਤੁਹਾਡੇ ਦਿਲ ਨੂੰ ਟੁੰਬਿਆ ? …ਸ਼ਾਇਦ ਇਹ ਕਹਿਣਾ ਵੀ ਪੂਰੀ ਤਰ੍ਹਾਂ ਸਹੀ ਨਹੀਂ। ਕਈ ਆਵਾਜ਼ਾਂ ਆਦਮੀ ਦੇ ਕਿਤੋਂ ਧੁਰ ਅੰਦਰੋਂ ਉਭਰਦੀਆਂ ਹਨ ਅਤੇ ਸਮੁਚੇ ਜੀਵਨ ਨੂੰ ਸੁੱਤੇ ਸਿੱਧ ਪ੍ਰਭਾਵਤ ਕਰਦੀਆਂ ਰਹਿੰਦੀਆਂ ਹਨ... ।”
"ਮੈਂ ਸਮਝ ਗਿਆ ਹਾਂ ਕੀਰਤ ਸਿੰਘ, ਸਮਝ ਗਿਆ। ਹੋਰਾਂ ਗੱਲਾਂ ਦੇ ਇਲਾਵਾ ਇਹ ਵੀ ਇਕ ਗੱਲ ਸਾਂਝੀ ਹੈ ਸਾਡੇ ਦੋਹਾਂ ਵਿਚਕਾਰ।"
***
17
"ਤੁਸੀਂ ਮੈਨੂੰ ਨਹੀਂ ਜਾਣਦੇ ।" ਇਕ ਸੱਤਰ ਕੁ ਸਾਲ ਦੀ ਆਯੂ ਦਾ ਬਿਰਧ ਆਦਮੀ ਸ਼ਾਮ ਸਿੰਘ ਕੋਲ ਆ ਕੇ ਕਹਿ ਰਿਹਾ ਸੀ, "ਮੇਰਾ ਨਾਮ ਦੇਸਾ ਸਿੰਘ ਹੈ।"
"ਚਾਹੇ ਮੈਂ ਤੁਹਾਨੂੰ ਨਹੀਂ ਜਾਣਦਾ ਪਰ ਤੁਸੀਂ ਜੋ ਕੁਝ ਵੀ ਹੋ, ਇਸ ਗੜ੍ਹੀ ਚ ਤੁਹਾਡਾ ਸੁਆਗਤ ਹੈ।" ਕਹਿੰਦਿਆਂ ਸ਼ਾਮ ਸਿੰਘ ਮਨ ਹੀ ਮਨ ਉਸ ਬਿਰਧ ਆਦਮੀ ਦੇ ਇਸ ਗੜ੍ਹੀ ਚ ਆਉਣ ਦੇ ਕਾਰਨ ਬਾਰੇ ਸੋਚ ਰਿਹਾ ਸੀ।
"ਆਪਣੇ ਬਾਰੇ ਮੈਂ ਇਹੀ ਕਹਾਂਗਾ ਕਿ ਸਾਡੇ ਬਜ਼ੁਰਗ ਬੰਦਾ ਬਹਾਦਰ ਅਤੇ ਮਿਸਲਾਂ ਵਾਲਿਆਂ ਨਾਲ ਮਿਲ ਕੇ ਮੁਗਲਾਂ ਤੇ ਅਫਗਾਨਾਂ ਨਾਲ ਲੜਦੇ ਰਹੇ ਹਨ। ਮੈਂ ਆਪ ਵੀ ਬਘੇਲ ਸਿੰਘ ਦੀ ਕਰੋੜ ਸਿੰਘੀਆ ਮਿਸਲ 'ਚ ਸਾਂ ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾਂ "
ਸ਼ਾਮ ਸਿੰਘ ਨੂੰ ਲੱਗਿਆ ਜਿਵੇਂ ਰਣਜੀਤ ਸਿੰਘ ਦਾ ਨਾਮ ਲੈਂਦਿਆਂ ਉਸ ਦੇ ਲਹਿਜੇ 'ਚ ਸ਼ਰਧਾ ਘੱਟ ਤੇ ਬੇਰੁਖੀ ਜਿਆਦਾ ਸੀ।
"ਬਘੇਲ ਸਿੰਘ! " ਸ਼ਾਮ ਸਿੰਘ ਬੋਲਿਆ, "ਉਹ ਤੇ ਬੇਮਿਸਾਲ ਸੂਰਮਾ ਸੀ । ਸਾਨੂੰ ਫਖਰ ਹੈ ਉਨ੍ਹਾਂ ਉੱਤੇ ਜਿਨ੍ਹਾਂ ਦਿੱਲੀ ਜਾ ਕੇ ਆਪਣੀ ਧਾਕ ਸਮਾਈ। ਮੁਗਲ ਬਾਦਸ਼ਾਹ ਦਾ ਸਿਰ ਨੀਵਾਂ ਕੀਤਾ ਅਤੇ ਗੁਰੂ ਸਾਹਿਬਾਨ ਦੇ ਯਾਦਗਾਰੀ ਗੁਰਦੁਆਰਿਆਂ ਦਾ ਨਿਰਮਾਣ ਕੀਤਾ।"
ਸੁਣ ਕੇ ਬਜੁਰਗ ਦੇਸਾ ਸਿੰਘ ਦੇ ਚਿਹਰੇ 'ਤੇ ਵਿਅੰਗਮਈ ਮੁਸਕਾਨ ਖਿੱਲਰ ਗਈ। ਉਹ ਬੋਲਿਆ-
"ਮਾਣ ? ਕਿੰਨਾ ਕੁ ਮਾਣ ਸੀ ਉਸ ਰਣਜੀਤ ਸਿੰਘ ਨੂੰ ਬਘੇਲ ਸਿੰਘ 'ਤੇ ਅਤੇ ਮਿਸਲਾਂ ਦੇ ਸਰਦਾਰਾਂ 'ਤੇ?”
"ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਪਰ ਇਕ ਸੰਗਠਿਤ ਖਾਲਸਾ ਰਾਜ ਕਾਇਮ ਕਰਨ ਲਈ ਇਹ ਜ਼ਰੂਰੀ ਸੀ ਕਿ ਵੱਖਰੀਆਂ-ਵੱਖਰੀਆਂ ਅਤੇ ਆਪਸ ਚ
ਲੜਦੀਆਂ ਮਿਸਲਾਂ ਨੂੰ ਇੱਕ ਜੁੱਟ ਕੀਤਾ ਜਾਵੇ।“
"ਇੱਕ ਜੁੱਟ ਕਰਨਾ ਜਾਂ ਮਿਟਾ ਦੇਣਾ। ਖੁਆਰ ਕਰ ਦੇਣਾ! ਜਿਨ੍ਹਾਂ ਦੇ ਲਹੂ ਅਤੇ ਹੱਡੀਆਂ ਉੱਤੇ ਮਹਾਰਾਜੇ ਨੇ ਇਸ ਰਾਜ ਦੀ ਇਮਾਰਤ ਖੜੀ ਕੀਤੀ, ਮੈਂ ਦੱਸਦਾ ਹਾਂ ਮਹਾਰਾਜੇ ਨੇ ਉਨ੍ਹਾਂ ਨਾਲ ਕੀ ਸਲੂਕ ਕੀਤਾ।"
"ਕਈ ਵਾਰ ਕੁਝ ਨਵਾਂ ਉਸਾਰਨ ਲਈ ਕੁਝ ਮਿਟਾਉਣਾ ਵੀ ਪੈਂਦਾ ਹੈ।" ਸ਼ਾਮ ਸਿੰਘ ਨੇ ਮਨ ਹੀ ਮਨ ਆਖਿਆ ਅਤੇ ਬਜ਼ੁਰਗ ਦੇ ਮੂੰਹੋਂ ਉਸ ਦੀ ਗੱਲ ਸੁਣਨ ਲਈ ਪ੍ਰਸ਼ਨ ਭਰੀਆਂ ਅੱਖਾਂ ਨਾਲ ਉਸ ਵੱਲ ਵੇਖਣ ਲੱਗਾ।
''ਮਹਾਰਾਜੇ ਦਾ ਲਾਹੌਰ 'ਤੇ ਕਬਜ਼ਾ ਹੋਣ ਵੇਲੇ ਬਘੇਲ ਸਿੰਘ ਦਾ ਪੁੱਤਰ ਸੁੱਖਾ ਸਿੰਘ ਵੀ ਮਹਾਰਾਜੇ ਦੀ ਫ਼ੌਜ ਨਾਲ ਸੀ ।" ਦੇਸਾ ਸਿੰਘ ਸੁਨਾਉਣ ਲੱਗਾ, " ਬਘੇਲ ਸਿੰਘ ਨੂੰ ਸੁਰਗਵਾਸ ਹੋਇਆਂ ਛੇ ਸੱਤ ਸਾਲ ਬੀਤ ਗਏ ਸਨ। ਉਸ ਵੇਲੇ ਮੈਂ ਬਘੇਲ ਸਿੰਘ ਦੀ ਪਤਨੀ ਰੂਪ ਕੁੰਵਰ ਨਾਲ ਹਰਿਆਣੇ ਵਿੱਚ ਸਾਂ। ਰੂਪ ਕੁੰਵਰ ਨੂੰ ਇਨਾਮ ਦੇਣ ਲਈ ਮਹਾਰਾਜਾ ਆਪ ਆਪਣਾ ਇਕ ਵੱਡਾ ਫੌਜੀ ਦਸਤਾ ਲੈ ਕੇ ਆਇਆ। ਰੂਪ ਕੁੰਵਰ ਨੂੰ ਇਕ ਕਮਰੇ 'ਚ ਬੰਦ ਕਰਕੇ ਉਸ ਦੇ ਹਾਥੀ, ਘੋੜੇ, ਐਥੋਂ ਤਕ ਕਿ ਉਸ ਦੇ ਘਰ ਦਾ ਸਾਜ-ਓ-ਸਾਮਾਨ ਵੀ ਹਾਥੀਆਂ ਤੇ ਘੋੜਿਆਂ ਉੱਤੇ ਲੱਦ ਕੇ ਲੈ ਗਿਆ। ਰੂਪ ਕੁੰਵਰ ਅਤੇ ਮੈਂ ਹੈਰਾਨੀ ਅਤੇ ਲਾਚਾਰੀ ਭਰੀਆਂ ਅੱਖਾਂ ਨਾਲ ਰਣਜੀਤ ਸਿੰਘ ਦੇ ਕਾਰਨਾਮਿਆਂ ਨੂੰ ਵੇਖਦੇ ਰਹੇ।"
ਸ਼ਾਮ ਸਿੰਘ ਆਪਣੀ ਠੋਡੀ 'ਤੇ ਹੱਥ ਰੱਖ ਕੇ ਕੁਝ ਦੇਰ ਸੋਚਦਾ ਰਿਹਾ। ਫੇਰ ਬੋਲਿਆ, 'ਮੈਂ ਜਾਣਦਾ ਹਾਂ ਥੋੜ੍ਹਾ ਬਹੁਤ ਇਸ ਬਾਰੇ ਵੀ । ਮਹਾਰਾਜਾ 'ਚ ਉਹ ਸਾਰੀਆ ਖੂਬੀਆਂ ਸਨ, ਜੋ ਇਕ ਜੇਤੂ ਜਰਨੈਲ ਅਤੇ ਹੁਕਮਰਾਨ 'ਚ ਹੋਣੀਆਂ ਚਾਹੀਦੀਆਂ ਹਨ। ਪਰ ਨਾਲ ਹੀ ਇਕ ਆਮ ਆਦਮੀ ਵਾਲੀਆਂ ਕਮਜ਼ੋਰੀਆਂ ਵੀ। ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ, ਉਨ੍ਹਾਂ ਪੰਜਾਬ ਨੂੰ ਖੁਸ਼ਹਾਲ ਬਣਾਇਆ, ਕਿਸਾਨਾਂ ਉੱਪਰ ਮੁਗਲ ਸੂਬੇਦਾਰਾਂ ਦੀ ਗੜੇਮਾਰ ਨੂੰ ਰੋਕਿਆ ਅਤੇ ਪੰਜਾਬ ਨੂੰ ਪਹਿਲੀ ਵਾਰੀ ਧਰਮ-ਨਿਰਪੇਖਤਾ ਵਾਲਾ ਸਾਂਝਾ ਰਾਜ ਦਿੱਤਾ ।"
ਇਸ ਵਿਚਕਾਰ ਕੀਰਤ ਸਿੰਘ ਅਤੇ ਸ਼ਾਹ ਬਖਸ਼ ਵੀ ਉਨ੍ਹਾਂ ਕੋਲ ਆ ਬੈਠੇ ਅਤੇ ਉਨ੍ਹਾਂ ਦੀਆਂ ਗੱਲਾਂ ਸੁਣਦੇ ਰਹੇ। ਸ਼ਾਮ ਸਿੰਘ ਦੀ ਆਖਰੀ ਗੱਲ ਸੁਣ ਕੇ ਸਾਹ ਬਖਸ਼ ਬੋਲਿਆ-
"ਤੁਹਾਡੀ ਇਸ ਗੱਲ ਦੀ ਤਸਦੀਕ ਤਾਂ ਮੈਂ ਵੀ ਕਰਾਂਗਾ। ਉਨ੍ਹਾਂ ਦੇ ਮਨ ਵਿੱਚ ਇਸਲਾਮ ਲਈ ਪੂਰਾ ਸਤਿਕਾਰ ਸੀ ਅਤੇ ਉਹ ਪੰਜਾਬ 'ਚ ਵਸਦੇ ਮੁਸਲਮਾਨਾਂ ਨੂੰ ਪਰਾਇਆ ਜਾਂ ਵਿਦੇਸ਼ੀ ਨਹੀਂ ਸਨ ਸਮਝਦੇ। ਉਨ੍ਹਾਂ ਦੇ ਰਾਜ ਵਿੱਚ ਬਹੁਤ ਸਾਰੇ ਅਹੁਦੇਦਾਰ ਮੁਸਲਮਾਨ ਸਨ, ਜਿਨ੍ਹਾਂ 'ਚੋਂ ਮੈਂ ਮੁਲਤਾਨ ਦੇ ਮਰਹੂਮ ਨਵਾਬ ਦੇ ਦੋ ਪੁੱਤਰਾਂ ਸਰਫਰਾਜ ਖਾਂ ਅਤੇ ਜੁਲਫਕਾਰ ਦਾ ਨਾਮ ਲੈ ਸਕਦਾ ਹਾਂ। ਸਾਰਾ ਤੋਪਖਾਨਾ ਮੁਸਲਮਾਨਾਂ ਦੇ ਹੱਥ ਵਿੱਚ, ਜਿਸ ਦਾ ਕਮਾਂਡਰ ਗੌਸ ਮੁਹੰਮਦ। ਫਕੀਰ ਅਜੀ-ਉਦ-ਦੀਨ ਅਤੇ ਉਨ੍ਹਾਂ ਦੇ ਭਰਾ ਨੂਰ-ਉਦ-ਦੀਨ ਬਾਰੇ ਤਾਂ ਤੁਸੀਂ ਜਾਣਦੇ ਹੀ ਹੋ। ਮੈਂ ਤਾਂ ਇਹੀ ਕਹਾਂਗਾ ਕਿ ਉਹ
ਇਕ ਉਸ ਵਿਸ਼ਾਲ ਬੋਹੜ ਦੀ ਤਰ੍ਹਾਂ ਸਨ, ਜਿਨ੍ਹਾਂ ਦੀ ਛਾਂ ਸਾਰੇ ਪੰਜਾਬ ਚ ਫੈਲੀ ਹੋਈ ਸੀ।“
ਸਾਰਿਆਂ ਵਿਚਕਾਰ ਕੁਝ ਦੇਰ ਤੱਕ ਚੁੱਪ ਵਰਤੀ ਰਹੀ ਜਿਵੇਂ ਹਰ ਕੋਈ ਆਪਣੇ ਮਨ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਗੁਣਾਂ-ਦੋਸ਼ਾਂ ਬਾਰੇ ਸੋਚ ਰਿਹਾ ਹੋਵੇ। ਫੇਰ ਇਸ ਚੁੱਪ ਨੂੰ ਤੋੜਦਿਆਂ ਦੇਸਾ ਸਿੰਘ ਬੋਲਿਆ:
"ਤੁਸੀਂ ਹੁਣ ਮੇਰੇ ਇੱਥੇ ਆਉਣ ਦੇ ਕਾਰਨ ਬਾਰੇ ਸੋਚ ਰਹੇ ਹੋਵੋਗੇ। ਮੇਰੇ ਇੱਥੇ ਆਉਣ ਦਾ ਕਾਰਨ ਇਕ ਤਾਂ ਇਹ ਹੈ ਕਿ ਮੇਰਾ ਪੱਤਰ ਕਰਮ ਸਿੰਘ ਇਸੇ ਦੁਰਗ 'ਚ ਤੁਹਾਡੀ ਫ਼ੌਜ ਵਿੱਚ ਹੈ। ਮਰਨ ਤੋਂ ਪਹਿਲਾਂ ਉਸ ਨੂੰ ਵੇਖਣ ਦੀ ਚਾਹ ਹੈ। ਅਤੇ ਦੂਜਾ ਕਾਰਨ ਹੈ ਇਹ 'ਤਲਵਾਰ'।" ਉਹ ਆਪਣੇ ਹੱਥ 'ਚ ਫੜੀ ਇਕ ਸ਼ਾਨਦਾਰ ਤਲਵਾਰ ਵਿਖਾਉਂਦਿਆਂ ਬੋਲਿਆ, "ਬਹੁਤੀਆਂ ਚੀਜ਼ਾਂ ਤਾਂ ਰਣਜੀਤ ਸਿੰਘ ਖੋਹ ਕੇ ਲੈ ਗਿਆ ਰੂਪ ਕੁੰਵਰ ਤੋਂ। ਬਾਕੀ ਦੀਆਂ ਸ. ਬਘੇਲ ਸਿੰਘ ਦੀ ਦੂਜੀ, ਚਲੌਂਦੀ 'ਚ ਰਹਿ ਰਹੀ ਬੀਵੀ ਰੂਪ ਕੁੰਵਰ ਤੋਂ ਫ਼ਰੰਗੀ ਖੋਹ ਕੇ ਲੈ ਗਏ।"
"ਉਹ । ਇਹ ਕੁਝ ਨਹੀਂ ਸੀ ਪਤਾ ਮੈਨੂੰ ।"
"ਜੇ ਉਸ ਦਾ ਪੁੱਤਰ ਸੁੱਖਾ ਸਿੰਘ ਜਿਊਂਦਾ ਹੁੰਦਾ ਤਾਂ ਮੈਂ ਇਹ ਤਲਵਾਰ ਉਸ ਨੂੰ ਦੇਣੀ ਸੀ ਪਰ ਹੁਣ... ।”
"ਤੁਹਾਡਾ ਪੁੱਤਰ ਕਰਮ ਸਿੰਘ ਬਹੁਤ ਬਹਾਦਰ ਅਤੇ ਨਿਰਭੈਅ ਸਿਪਾਹੀ ਹੈ, ਤੁਹਾਡੇ ਵਾਂਗ।” ਸ਼ਾਮ ਸਿੰਘ ਬੋਲਿਆ, "ਤੁਹਾਨੂੰ ਉਸ 'ਤੇ ਫ਼ਖ਼ਰ ਹੋਣਾ ਚਾਹੀਦਾ ਹੈ।" ਕਹਿ ਕੇ ਉਸ ਨੇ ਆਪਣੇ ਇਕ ਖ਼ਿਦਮਤਗਾਰ ਨੂੰ ਕਰਮ ਸਿੰਘ ਨੂੰ ਬਲਾਉਣ ਲਈ ਭੇਜ ਦਿੱਤਾ।
“ਇਸ ਦੀ ਘਰ ਵਾਲੀ ਹੈ, ਕੋਈ ਬਾਲ ਬੱਚੇ ?" ਸ਼ਾਮ ਸਿੰਘ ਨੇ ਪੁੱਛਿਆ।
“ਦੋ ਪੁੱਤਰ, ਇਕ ਧੀ।”
“ਤੇ ਉਹ?”
"ਪੁਸ਼ਤਾਂ ਤੋਂ ਸਿਪਾਹੀਗਿਰੀ ਕਰਦੇ, ਧਰਮ ਤੇ ਖੁਦਦਾਰੀ ਦੀ ਰੱਖਿਆ ਲਈ ਲੜਦੇ ਆਏ ਹਾਂ। ਪਰ ਇਸ ਤੋਂ ਬਾਅਦ ? ਕੀ ਪਤਾ ਕਿ ਹਾਲਾਤ ਤੋਂ ਮਜਬੂਰ ਹੋਕੇ ਕਦੇ ਸਾਨੂੰ ਵੀ ਜ਼ੁਲਮ ਦੀ ਹਮਾਇਤ ਕਰਨ ਵਾਲਿਆਂ ਦੀ ਨੌਕਰੀ ਕਰਨੀ ਪੈ ਜਾਵੇ?
ਫੇਰ ਉਸ ਨੇ ਇਕ ਠੰਡਾ ਜਿਹਾ ਸਾਹ ਭਰਿਆ ਅਤੇ ਆਪਣੀ ਗੱਲ ਜਾਰੀ ਰੱਖਦਿਆਂ ਆਖਿਆ, "ਹੋਰ ਕੰਮ ਧੰਦੇ ਬੇਸ਼ੱਕ ਬੰਦ ਹੋ ਜਾਣ ਪਰ ਇਹ ਸਿਪਾਹਗਿਰੀ ਦਾ ਪੇਸ਼ਾ ਕਦੀ ਖ਼ਤਮ ਨਹੀਂ ਹੋਵੇਗਾ-ਇਸ ਧਰਤੀ ਤੋਂ। ਸਾਡੇ ਦੇਸ 'ਚ ਕਈ ਫਿਰਕੇ, ਕਈ ਜਾਤਾਂ ਹਨ। ਹਰ ਦੇਸ਼ 'ਚ ਹਨ। ਪਰ ਹਕੂਮਤ ਕਰਨ ਵਾਲਿਆਂ ਦੀ ਜਾਤ ਵੀ ਇਕੋ ਅਤੇ ਅਸੂਲ ਵੀ ਇਕੋ।"
"ਹਾਂ, ਅਸੂਲ ਵੀ ਇਕੋ ਅਤੇ ਮਕਸਦ ਵੀ ਇਕੋ ।" ਸ਼ਾਮ ਸਿੰਘ ਉਸ ਨਾਲ ਸਹਿਮਤ ਹੁੰਦਿਆਂ ਬੋਲਿਆ, "ਇਹ ਲੋਕਾਂ ਦੀ ਸੋਚ ਨੂੰ ਇਸ ਤਰ੍ਹਾਂ ਆਪਣੇ ਕਬਜੇ ਚ ਕਰ ਲੈਂਦੇ ਹਨ ਜਿਵੇਂ ਮੰਦਰ ਦਾ ਪੁਜਾਰੀ ਜਾਂ ਮਸਜਿਦ ਦਾ ਮੁੱਲਾ। ਅਤੇ ਨਾਲ ਹੀ ਆਪਣੇ ਦੁਸ਼ਮਣ ਨੂੰ ਜੁਲਮ ਦਾ ਪ੍ਰਤੀਕ ਹੋਣ ਦਾ ਐਲਾਨ ਕਰ ਦੇਂਦੇ ਹਨ।“
"ਤੁਸੀਂ ਇਸ ਵੇਲੇ ਕਿਸ ਬਾਰੇ ਕਹਿ ਰਹੇ ਹੋ ?" ਦੇਸਾ ਸਿੰਘ ਨੇ ਪੁੱਛਿਆ।
“ਇਸ ਵੇਲੇ ਮੈਂ ਬਾਹਰੋਂ ਆਏ ਅਤੇ ਆ ਰਹੇ ਹਰ ਹਮਲਾਵਰ ਬਾਰੇ ਕਹਿ ਰਿਹਾ ਹਾਂ, ਚਾਹੇ ਉਹ ਅਫ਼ਗਾਨ ਹੋਣ ਚਾਹੇ ਫ਼ਰੰਗੀ। ਇਹ ਲੋਕ ਸਾਡੀ ਧਰਤੀ, ਸਾਡੇ ਜਿਸਮਾਂ ਨੂੰ ਹੀ ਜ਼ਖ਼ਮੀ ਨਹੀਂ ਕਰਦੇ ਬਲਕਿ ਸਾਡੇ ਦਿਨਾਂ ਅਤੇ ਰਾਤਾਂ ਨੂੰ, ਸਾਡੇ ਭਵਿੱਖ ਨੂੰ ਵੀ ਜਖਮੀ ਕਰਦੇ ਅਤੇ ਕਰ ਰਹੇ ਹਨ।" ਸ਼ਾਮ ਸਿੰਘ ਨੇ ਆਖਿਆ।
ਦੇਸਾ ਸਿੰਘ ਚੁੱਪ ਬੈਠਾ ਆਪਣੀਆਂ ਸੋਚਾਂ 'ਚ ਡੁੱਬਾ, ਕੁਝ ਦੇਰ ਸਿਰ ਹਲਾਉਂਦਾ ਰਿਹਾ, ਫੇਰ ਬੋਲਿਆ, "ਗੁਰੂ ਗੋਬਿੰਦ ਸਿੰਘ, ਬੰਦਾ ਬਹਾਦਰ, ਇਨਾਂ ਸਾਰਿਆਂ ਨੇ ਹੀ ਪੰਜਾਬ ਦੀ ਧਰਤੀ ਨੂੰ ਅਤੀਤ ਦੀਆਂ ਬੇੜੀਆਂ ਤੋਂ ਮੁਕਤ ਕਰਾਉਣ ਦਾ ਯਤਨ ਕੀਤਾ ਹੈ। ਪਰ ਕੌਮ ਦਾ ਵਿਨਾਸ਼ ਕਰਨ ਵਾਲਿਆਂ ਦੀ ਵੀ ਕੋਈ ਘਾਟ ਨਹੀਂ।”
***
18
ਕਿਲ੍ਹੇ ਦੇ ਇਕ ਸਿਪਾਹੀ ਨੂੰ ਦਰਵਾਜ਼ੇ 'ਚ ਖੜਾ ਵੇਖ ਕੇ ਕੀਰਤ ਸਿੰਘ ਨੇ ਸਵਾਲੀਆ ਨਜ਼ਰਾਂ ਨਾਲ ਉਸ ਵੱਲ ਤੱਕਿਆ।
"ਜੀ, ਕਿਲ੍ਹੇ ਦੇ ਬਾਹਰ ਕੋਈ ਬੰਦਾ ਆ ਕੇ ਤੁਹਾਡੇ ਨਾਂ ਇਕ ਚਿੱਠੀ ਦੇ ਗਿਆ ਹੈ। ਸਿਪਾਹੀ ਚਿੱਠੀ ਵਾਲਾ ਹੱਥ ਅੱਗੇ ਵਧਾਉਂਦਿਆਂ ਬੋਲਿਆ।
ਕੀਰਤ ਸਿੰਘ ਦੇ ਚਿੱਠੀ ਖੋਲ੍ਹ ਕੇ ਪੜ੍ਹਦਿਆਂ ਚਿਹਰੇ 'ਤੇ ਚਿੰਤਾ ਦੇ ਨਿਸ਼ਾਨ ਉਘੜ ਆਏ।
"ਹੁਕਮ ?" ਸਿਪਾਹੀ ਬੋਲਿਆ।
'ਜਾਓ ਅਤੇ ਸ਼ਾਹ ਬਖਸ਼ ਅਤੇ ਦੁਰਜਨ ਸਿੰਘ ਨੂੰ ਛੇਤੀ ਆਉਣ ਲਈ ਕਹੋ।"
ਉਨ੍ਹਾਂ ਦੋਹਾਂ ਦੇ ਆਉਣ ਤੱਕ ਕੀਰਤ ਸਿੰਘ ਉਸ ਖਤ ਵਲ ਵੇਖਦਿਆਂ ਚਿੰਤਾ 'ਚ ਬੈਠਾ ਰਿਹਾ। ਉਨ੍ਹਾਂ ਦੇ ਆਉਣ 'ਤੇ ਦੁਰਜਨ ਸਿੰਘ ਨੂੰ ਸੰਬੋਧਿਤ ਹੁੰਦਿਆਂ ਬੋਲਿਆ:
"ਤੁਸੀਂ ਲੱਖਣ ਸਿੰਘ ਬਾਰੇ ਕਦੀ ਕੁਝ ਸੁਣਿਆ ਹੈ ?"
"ਲੱਖਣ ਸਿੰਘ? ਉਹੀ ਲੱਖਣ ਸਿੰਘ ਜੋ ਸਰਕਾਰ ਦੀ ਖਿਦਮਤ 'ਚ ਆਉਣ ਤੋਂ ਪਹਿਲਾਂ ਮਿਸਰ ਲੱਖਣ ਰਾਮ ਕਹਾਉਂਦਾ ਸੀ।"
"ਉਸ ਗੱਦਾਰ ਨੂੰ ਭਲਾ ਕੌਣ ਨਹੀਂ ਜਾਣਦਾ? ਉਹੀ ਤੇ ਡੋਗਰਿਆਂ ਦੇ ਸੁਨੇਹੇ ਲੁਧਿਆਣੇ ਬੈਠੇ ਫਰੰਗੀਆਂ ਕੋਲ ਪੁਚਾਉਂਦਾ ਰਿਹਾ ਹੈ।"
“ਹਾਂ ਉਹੀ ਮਿਸਰ ਲੱਖਣ ਸਿੰਘ। ਤੁਹਾਨੂੰ ਸ਼ਾਇਦ ਇਹ ਵੀ ਪਤਾ ਹੋਵੇਗਾ ਕਿ ਲਾਹੌਰ ਆਉਣ ਅਤੇ ਸਿੱਖ ਸਜਣ ਤੋਂ ਪਹਿਲਾਂ ਇਹ ਪੰਡਾਰੀ ਲੁਟੇਰਿਆਂ ਦੇ ਕਿਸੇ ਗਰੋਹ ਦੇ ਨਾਲ ਸੀ। ਫੇਰ ਫਰੰਗੀਆਂ ਦੇ ਲਾਹੌਰ 'ਚ ਆਉਣ ਤੋਂ ਬਾਅਦ ਪੈਸੇ ਦੇ ਲੈਣ ਦੇਣ ਤੋਂ ਡੋਗਰਿਆਂ ਨਾਲ ਅਣ-ਬਣ ਹੋ ਗਈ ਅਤੇ ਉਹ ਖੁੱਲ੍ਹੇ ਤੌਰ 'ਤੇ ਫਰੰਗੀਆਂ ਦੀ ਖਿਦਮਤ 'ਚ ਚਲਾ ਗਿਆ। ਫੇਰ ਕਿਸੇ ਕਾਰਨ ਇਸ ਦੇ ਹੱਥੋਂ ਕਿਸੇ ਫਰੰਗੀ ਦਾ ਕਤਲ
ਹੋ ਗਿਆ ਅਤੇ ਉਹ ਫਰਾਰ ਹੋ ਗਿਆ ।"
ਦੁਰਜਨ ਸਿੰਘ ਨੇ ਇਹ ਕੁਝ ਥੋੜ੍ਹਾ ਬਹੁਤ ਸੁਣਿਆ ਹੋਇਆ ਸੀ। ਉਹ ਬੋਲਿਆ:
"ਅਤੇ ਹੁਣ ?"
ਫਰਾਰ ਹੋਣ ਤੋਂ ਬਾਅਦ ਇਸ ਨੇ ਜਦ ਇਹ ਵੇਖਿਆ ਕਿ ਖ਼ਾਲਸਾ ਰਾਜ 'ਚ ਆਪਾ-ਧਾਪੀ ਵਿਚਕਾਰ ਸਾਰੇ ਪੰਜਾਬ 'ਚ ਹਕੂਮਤ ਨਾਮ ਦੀ ਕੋਈ ਚੀਜ਼ ਨਹੀਂ ਰਹੀ ਤਾਂ ਇਸ ਨੇ ਭਗੌੜੇ ਸਿਪਾਹੀਆਂ, ਲੁਟੇਰਿਆਂ, ਧਾੜਵੀਆਂ ਦਾ ਇਕ ਆਪਣਾ ਗਰੋਹ ਬਣਾ ਲਿਆ।" ਕੀਰਤ ਸਿੰਘ ਨੇ ਆਖਿਆ।
"ਇਹ ਤੇ ਠੀਕ ਏ, ਪਰ ਹੁਣ ਸਮੱਸਿਆ ਕੀ ਆ ਪਈ ।" ਦੁਰਜਨ ਸਿੰਘ ਨੇ ਪੁੱਛਿਆ।
"ਤੁਸੀਂ ਆਪ ਹੀ ਵੇਖ ਲਓ।" ਕੀਰਤ ਸਿੰਘ ਖ਼ਤ ਨੂੰ ਉਸ ਵੱਲ ਵਧਾਉਂਦਿਆ ਬੋਲਿਆ।
ਦੁਰਜਨ ਸਿੰਘ ਖ਼ਤ ਪੜ੍ਹਨ ਲੱਗਾ ਅਤੇ ਪੜ੍ਹਦਿਆਂ-ਪੜ੍ਹਦਿਆਂ ਉਸ ਦੇ ਚਿਹਰੇ 'ਤੇ ਵੀ ਚਿੰਤਾ ਦੀਆਂ ਰੇਖਾਵਾਂ ਗੂੜ੍ਹੀਆਂ ਹੁੰਦੀਆਂ ਗਈਆਂ।
"ਮੈਨੂੰ ਵੀ ਕੁਝ ਦੱਸੋ ?" ਕੋਲ ਖੜੇ ਸ਼ਾਹ ਬਖ਼ਸ਼ ਨੇ ਆਖਿਆ।
ਦੁਰਜਨ ਸਿੰਘ ਸੁਣਾਉਣ ਲੱਗਾ :
"ਤੁਹਾਡੀ ਰੂਪ ਕੌਰ, ਜਿਸ ਨੂੰ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਕਹਿੰਦੇ ਹੋ ਅਤੇ ਜਿਸ ਦੀ ਫ਼ਰੰਗੀਆਂ ਨੂੰ ਵੀ ਤਲਾਸ਼ ਹੈ, ਉਹ ਇਸ ਵੇਲੇ ਮੇਰੇ ਕਬਜ਼ੇ 'ਚ ਹੈ। ਜੇ ਤੁਸੀਂ ਇਸ ਨੂੰ ਸਹੀ ਸਲਾਮਤ ਹਾਸਲ ਕਰਨਾ ਚਾਹੁੰਦੇ ਹੋ ਤਾਂ ਦਸ ਹਜ਼ਾਰ ਰੁਪਏ ਅਦਾ ਕਰਕੇ ਹਾਸਲ ਕਰ ਸਕਦੇ ਹੋ। ਹਾਂ, ਅਤੇ ਜੇ ਤੁਸੀਂ ਕੋਈ ਫ਼ੌਜੀ ਕਾਰਵਾਈ ਕੀਤੀ ਤਾਂ ਮੈਂ ਇਸ ਰੂਪ ਨੂੰ ਆਪਣੇ ਆਦਮੀਆਂ ਦੇ ਹੱਥ ਸੌਂਪ ਦਿਆਂਗਾ। ਉਹ ਇਸ ਦਾ ਕੀ ਹਾਲ ਕਰਦੇ ਹਨ ? ਮੈਂ ਨਹੀਂ ਕਹਿ ਸਕਦਾ। ਅਤੇ ਉਸ ਤੋਂ ਬਾਅਦ ਇਸ ਨੂੰ ਖੇਤਾਂ 'ਚ ਸੁੱਟ ਕੇ ਫਰੰਗੀਆਂ ਨੂੰ ਖ਼ਬਰ ਕਰ ਦੇਵਾਂਗਾ ਕਿ ਇਸ ਨੂੰ ਚੁੱਕ ਕੇ ਲੈ ਜਾਣ... ।”
ਇਸ ਤੋਂ ਅੱਗੇ ਇਹ ਰੁਪਏ ਕਿਵੇਂ ਅਤੇ ਕਿੱਥੇ ਪੁਚਾਏ ਜਾਣ, ਇਸ ਬਾਰੇ ਤਫ਼ਸੀਲ ਨਾਲ ਲਿਖਿਆ ਹੋਇਆ ਸੀ।
ਕੁਝ ਦੇਰ ਤਕ ਤਿੰਨੋਂ ਗੁੱਸੇ ’ਚ ਕੰਬਦਿਆਂ, ਮੁੱਠੀਆਂ ਮੀਚਦਿਆਂ ਬੈਠੇ ਰਹੇ। ਫੇਰ ਦੁਰਜਨ ਸਿੰਘ ਬੋਲਿਆ :
"ਹੁਣ ?"
"ਮੈਨੂੰ ਤਾਂ ਇਸ ਵੇਲੇ ਸਮਝ ਨਹੀਂ ਆ ਰਿਹਾ। ਤੂੰ ਹੀ ਦੱਸ ?" ਕੀਰਤ ਸਿੰਘ ਨੇ ਆਖਿਆ।
"ਮੈਂ ਸੋਚ ਰਿਹਾ ਹਾਂ", ਦੁਰਜਨ ਸਿੰਘ ਪਹਿਲਾਂ ਸਾਹ ਬਖ਼ਸ਼ ਅਤੇ ਫੇਰ ਕੀਰਤ ਸਿੰਘ ਵਲ ਤੱਕਦਿਆਂ ਬੋਲਿਆ, "ਸਾਡੀ ਜ਼ੁੰਮੇਵਾਰੀ ਰੂਪ ਕੌਰ ਨੂੰ ਫਕੀਰ ਅਜੀਜ-ਉਦ-ਦਿਨ ਦੇ ਆਦੇਸ਼ ਅਨੁਸਾਰ ਉਸ ਪਿੰਡ 'ਚ ਪੁਚਾਉਣ ਦੀ ਸੀ। ਉੱਥੇ ਪੁਚਾਉਣ ਤੋਂ ਬਾਅਦ ਅਸੀਂ ਉਸ ਜ਼ੁੰਮੇਵਾਰੀ ਤੋਂ ਮੁਕਤ ਹੋ ਜਾਂਦੇ ਹਾਂ।“ ਇਹ ਕੁਝ ਕਹਿੰਦਿਆਂ ਉਹ
ਕੀਰਤ ਸਿੰਘ ਦੇ ਦਿਲ ਵਿੱਚ ਬੈਠੀ ਰੂਪ, ਉਨ੍ਹਾਂ ਦੇ ਮੂਕ ਸੰਬੰਧਾਂ ਬਾਰੇ ਵੀ ਸੋਚ ਰਿਹਾ ਸੀ। "ਤੁਸੀਂ ਕਿਵੇਂ ਸੋਚਦੇ ਹੋ ?"
"ਆਦਮੀ ਦੀ ਜ਼ੁੰਮੇਵਾਰੀ ਕਦੀ ਖ਼ਤਮ ਨਹੀਂ ਹੁੰਦੀ।" ਕੀਰਤ ਸਿੰਘ ਕਹਿ ਰਿਹਾ ਸੀ। “ਰੂਪ ਕੌਰ ਨੂੰ ਉਸ ਦੀ ਕੈਦ 'ਚੋਂ ਛੁਡਾਉਣਾ ਹੀ ਹੋਵੇਗਾ ; ਚਾਹੇ ਲੜਾਈ ਕਰਕੇ ਅਤੇ ਚਾਹੇ ਦਸ ਹਜ਼ਾਰ ਰੁਪਏ ਪੁਚਾ ਕੇ। ਪਰ ਇਸ ਤੋਂ ਪਹਿਲਾਂ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਰੂਪ ਉਨ੍ਹਾਂ ਕੋਲ ਪਹੁੰਚੀ ਕਿਵੇਂ? 'ਪਿੰਡ' ਵਾਲਿਆਂ ਦਾ ਕੀ ਬਣਿਆ ? ਰੂਪ ਇਸ ਵੇਲੇ ਕਿੱਥੇ ਅਤੇ ਕਿਵੇਂ ਹੈ ? ਹੈ ਵੀ ਜਾਂ ਨਹੀਂ ? ਅਤੇ ਸਭ ਤੋਂ ਜ਼ਰੂਰੀ ਹੈ ਲੱਖਣ ਸਿੰਘ ਦੀ ਤਾਕਤ ਅਤੇ ਬੰਦਿਆਂ ਦੀ ਗਿਣਤੀ ਦਾ ਪਤਾ ਲਾਉਣਾ।”
"ਤਾਂ ਫੇਰ ਅਸੀਂ ਇਹੀ ਸਮਝੀਏ ਕਿ ਤੁਸਾਂ ਹਰ ਹਾਲ 'ਚ ਉਸ ਦੇ ਖ਼ਿਲਾਫ਼ ਫ਼ੌਜੀ ਕਾਰਵਾਈ ਕਰਨ ਦਾ ਤਹੱਈਆ ਕਰ ਲਿਆ ਹੈ।" ਸ਼ਾਹ ਬਖ਼ਸ਼ ਨੇ ਆਖਿਆ।
"ਚਾਹੇ ਮੈਂ ਕਿਸੇ ਸਰਕਾਰ ਦੇ ਅਧੀਨ ਨਹੀਂ। ਪਰ ਮੈਂ ਇਕ ਸਿਪਾਹੀ ਹਾਂ ਅਤੇ ਇਕ 'ਸੱਚੇ' ਸਿਪਾਹੀ ਦਾ ਇਹ ਫਰਜ਼ ਹੈ ਕਿ ਉਨ੍ਹਾਂ ਨਿਤਾਣਿਆਂ ਲਈ ਲੜੇ ਜੋ ਆਪਣੇ ਆਪ ਨਹੀਂ ਲੜ ਸਕਦੇ।" ਕੀਰਤ ਸਿੰਘ ਨੇ ਉੱਤਰ ਦਿੱਤਾ।
"ਇਹ ਤੇ ਤੁਹਾਡੀ ਪਰਿਭਾਸ਼ਾ ਹੈ ਇਕ ਸਿਪਾਹੀ ਦੀ। ਪਰ ਮੈਂ ਤੇ ਸਿਪਾਹੀ ਨੂੰ ਆਮ ਕਰਕੇ ਜ਼ੁਲਮ ਦੀ ਹਮਾਇਤ 'ਚ ਹੀ ਲੜਦਿਆਂ ਵੇਖਿਆ ਹੈ।" ਦੁਰਜਨ ਸਿੰਘ ਬੋਲਿਆ।
ਸਰਦਾਰ ਸ਼ਾਮ ਸਿੰਘ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਕੀਰਤ ਸਿੰਘ ਅਤੇ ਦੁਰਜਨ ਸਿੰਘ ਜਦ ਤੁਰਨ ਲੱਗੇ ਤਾਂ ਦਲੇਰ ਸਿੰਘ ਨੇ ਵੀ ਨਾਲ ਜਾਣ ਲਈ ਆਖਿਆ। ਪਰ ਸ਼ਾਮ ਸਿੰਘ ਨੇ ਇਸ ਦੀ ਆਗਿਆ ਨਹੀਂ ਦਿੱਤੀ। ਕੀਰਤ ਸਿੰਘ ਵੀ ਉਸ ਨੂੰ ਨਾਲ ਲਿਜਾਣ ਦੇ ਹੱਕ 'ਚ ਨਹੀਂ ਸੀ।
ਤੁਰਨ ਤੋਂ ਪਹਿਲਾਂ ਕੀਰਤ ਸਿੰਘ ਸ਼ਾਮ ਸਿੰਘ ਨੂੰ ਸੰਬੋਧਿਤ ਹੁੰਦਿਆਂ ਬੋਲਿਆ: "ਜੇ ਦਸ ਹਜ਼ਾਰ ਲੈਣ ਤੋਂ ਬਾਅਦ ਵੀ ਉਨ੍ਹਾਂ ਰੂਪ ਕੌਰ ਨੂੰ ਨਾ ਛੱਡਿਆ ?"
ਸ਼ਾਮ ਸਿੰਘ ਮੁਸਕਰਾਇਆ ਅਤੇ ਬੋਲਿਆ,"ਮੈਨੂੰ ਪੂਰਾ ਯਕੀਨ ਹੈ ਕਿ ਉਹ ਰੁਪਏ ਮਿਲਣ ਤੋਂ ਬਾਅਦ ਵੀ ਰੂਪ ਕੌਰ ਨੂੰ ਨਹੀਂ ਛੱਡਣਗੇ। ਹੋ ਸਕਦਾ ਹੈ ਕਿ ਇਸ ਤੋਂ ਬਾਅਦ ਉਹ ਇਸ ਦਾ ਸੌਦਾ ਫ਼ਰੰਗੀਆਂ ਨਾਲ ਵੀ ਕਰਨ ਜਾਂ ਲਾਹੌਰ ਦਰਬਾਰ ਨਾਲ। ਇਹ ਵੀ ਕਿ ਜਦ ਤੱਕ ਰੂਪ ਕੌਰ ਉਨ੍ਹਾਂ ਕੋਲ ਹੈ, ਉਹ ਕਿਸੇ ਹਮਲੇ ਦੇ ਖ਼ਤਰੇ ਤੋਂ ਬਚੇ ਰਹਿਣਗੇ।"
"ਤਾਂ ਫੇਰ ਸਾਡੇ ਪੈਸੇ ਲੈ ਕੇ ਉਨ੍ਹਾਂ ਕੋਲ ਜਾਣ ਦਾ ਵੀ ਕੀ ਲਾਭ ?" ਦੁਰਜਨ ਸਿੰਘ ਨੇ ਕਿਹਾ।
“ਮੈਂ ਸਮਝ ਗਿਆ ਕਿ ਸ਼ਾਮ ਸਿੰਘ ਜੀ ਕੀ ਸੋਚ ਰਹੇ ਹਨ। ਇਸ ਵੇਲੇ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਕਿ ਰੂਪ ਉਨ੍ਹਾਂ ਦੇ ਕਬਜ਼ੇ 'ਚ ਹੈ ਵੀ ? ਜੇ ਹੈ ਤਾਂ ਕਿਵੇਂ ਪਹੁੰਚੀ ? ਇਸ ਤਰ੍ਹਾਂ ਇਹ ਵੀ ਪਤਾ ਲੱਗ ਜਾਵੇਗਾ ਕਿ ਉਹ ਕਿਸ ਥਾਵੇਂ ਕੈਦ ਹੈ ?" ਕੀਰਤ ਸਿੰਘ ਬੋਲਿਆ।
"ਇਸ ਖ਼ਤ 'ਚ ਲੱਖਣ ਸਿੰਘ ਨੇ ਉਸ ਸਥਾਨ ਦਾ ਨਾਮ ਪਤਾ ਤਾਂ ਦਿੱਤਾ ਹੋਵੇਗਾ, ਜਿੱਥੇ ਪੈਸਾ ਲੈ ਕੇ ਜਾਣਾ ਹੈ ?" ਸ਼ਾਮ ਸਿੰਘ ਨੇ ਪੁੱਛਿਆ।
"ਹਾਂ, ਦਿੱਤਾ ਹੋਇਆ ਹੈ।"
ਦੁਰਜਨ ਸਿੰਘ ਕੁਝ ਦੇਰ ਆਪਣੇ ਦਿਮਾਗ਼ 'ਤੇ ਜ਼ੋਰ ਪਾਉਣ ਤੋਂ ਬਾਅਦ ਬੋਲਿਆ, "ਮੈਨੂੰ ਲੱਗਦਾ ਹੈ ਕਿ ਮੈਂ ਇਹ ਪਿੰਡ ਵੇਖਿਆ ਹੋਇਆ ਹੈ। ਪਿੰਡ ਤੋਂ ਕੁਝ ਦੂਰੀ 'ਤੇ ਇਕ ਮਸੀਤ ਹੈ। ਮਸੀਤ ਦੇ ਨਾਲ ਹੀ ਇਕ ਪੁਰਾਣੀ ਸਰਾਂ ਪਿੰਡ ਤੋਂ ਕੁਝ ਦੂਰੀ 'ਤੇ, ਅਤੇ ਸਰਾਂ ਦੇ ਵਿਪਰੀਤ ਪਾਸੇ ਇਕ ਉੱਚੇ ਟਿੱਲੇ 'ਤੇ ਇਕ ਪੁਰਾਣਾ ਜਿਹਾ ਕਿਲ੍ਹਾ ਵੀ । ਰੂਪ ਇਨਾਂ ਤਿੰਨਾਂ ਥਾਵਾਂ 'ਚੋਂ ਕਿਤੇ ਵੀ ਕੈਦ ਕੀਤੀ ਹੋ ਸਕਦੀ ਹੈ।"
***
19
ਇਕ ਪਹਾੜੀ ਦੀ ਧਾਰ ਉੱਪਰ ਪਹੁੰਚਣ ਤੋਂ ਬਾਅਦ ਕੀਰਤ ਸਿੰਘ ਨੂੰ ਉਹ ਪਿੰਡ, ਸਰਾਂ ਤੇ ਮਸੀਤ ਦਿਸਣ ਲੱਗੇ। ਕਿਲ੍ਹੇ ਦੇ ਖੰਡਰ ਉਨ੍ਹਾਂ ਤੋਂ ਕੁਝ ਕਦਮ ਦੀ ਦੂਰੀ ਤੇ ਪਹਾੜੀ ਉੱਪਰ ਹੀ ਸਨ। ਕਿਹਾ ਜਾਂਦਾ ਸੀ ਕਿ ਇਹ ਕਿਲ੍ਹਾ ਤਕਰੀਬਨ ਇਕ ਹਜਾਰ ਸਾਲ ਪੁਰਾਣਾ ਹੈ। ਅਤੇ ਜਦੋਂ ਮਹਿਮੂਦ ਗਜਨਵੀ ਨੇ ਇਸ 'ਤੇ ਹਮਲਾ ਕਰਕੇ ਇਸ ਤੇ ਆਪਣਾ ਅਧਿਕਾਰ ਜਮਾਇਆ ਤਾਂ ਇਸ ਕਿਲ੍ਹੇ ਦੇ ਰਾਜਪੂਤ ਰਾਜਾ ਨੇ ਮਹਿਮੂਦ ਦੀ ਈਨ ਮੰਨਣ ਅਤੇ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ। ਨਤੀਜੇ ਵਜੋਂ ਉਸ ਨੂੰ ਤਸੀਹੇ ਦੇ ਕੇ ਮਾਰ ਦਿੱਤਾ ਗਿਆ । ਪਰ ਕਹਿੰਦੇ ਹਨ ਕਿ ਉਸ ਦਾ ਭੂਤ ਇਸ ਕਿਲ੍ਹੇ 'ਚ ਆ ਕੇ ਰਹਿਣ ਵਾਲਿਆਂ ਤੋਂ ਬਦਲੇ ਲੈਂਦਾ ਰਿਹਾ। ਹੁਣ ਉਸ 'ਚ ਲੂਮੜੀਆਂ ਅਤੇ ਭੇੜੀਏ ਰਹਿੰਦੇ ਸਨ। ਕਾਰਵਾਂ ਸਰਾਂ ਕਾਫੀ ਵੱਡੀ ਸੀ ਅਤੇ ਮਸੀਤ ਵੀ। ਕਾਰਵਾ ਦਾ ਰਸਤਾ ਬਦਲ ਜਾਣ ਕਾਰਨ ਸਦੀਆਂ ਤੋਂ ਇਹ ਤਕਰੀਬਨ ਖਾਲੀ ਹੀ ਰਹੀ। ਇਸ ਦੀਆਂ ਬੂਹੇ ਬਾਰੀਆਂ ਟੁੱਟੀਆਂ ਜਾਂ ਨਦਾਰਦ ਹੀ ਦਿਸ ਰਹੀਆਂ ਸਨ। ਸਰਾਂ ਦੇ ਨਾਲ ਲੱਗਦੀ ਇਕ ਵੱਡੀ ਸਾਰੀ ਹਵੇਲੀ, ਵਿਚਕਾਰ ਵਿਹੜਾ, ਵਿਹੜੇ ਦੁਆਲੇ ਕਮਰੇ। ਲੱਗਦਾ ਸੀ ਜਿਵੇਂ ਕਿਸੇ ਵੇਲੇ ਕਿਸੇ ਅਮੀਰ ਜਗੀਰਦਾਰ ਨੇ ਇਸ ਸਰ੍ਹਾਂ ਨੂੰ ਵੀ ਆਪਣੀ ਹਵੇਲੀ ਦਾ ਹਿੱਸਾ ਬਣਾਇਆ ਹੋਵੇ।
"ਹੁਣ ਤਕ ਉਨ੍ਹਾਂ ਨੇ ਸਾਨੂੰ ਵੇਖ ਲਿਆ ਹੋਵੇਗਾ ।" ਦੁਰਜਨ ਸਿੰਘ ਬਲਿਆ।
"ਹੂੰ।" ਨਾਲ ਹੀ ਉਹ ਹਮਲੇ ਦੀ ਕਾਰਵਾਈ ਬਾਰੇ ਸੋਚਦਿਆਂ ਬੋਲਿਆ, "ਬਿਨਾਂ ਇਨ੍ਹਾਂ ਦੇ ਜਾਣਿਆਂ ਆਪਣਾ ਫ਼ੌਜੀ ਦਸਤਾ ਲੈ ਕੇ ਇਸ ਪਹਾੜੀ ਉੱਪਰ ਪਹੁੰਚਣਾ ਅਸੰਭਵ ਹੈ। ਕਿਲ੍ਹੇ ਉੱਪਰ ਖੜਾ ਆਦਮੀ ਅਸਾਨੀ ਨਾਲ ਸਾਨੂੰ ਵੇਖ ਸਕਦਾ ਹੈ। ਸਾਨੂੰ ਆਪਣੇ ਆਪ ਨੂੰ ਵੀ ਪੂਰੀ ਇਕ ਘੜੀ ਲੱਗ ਗਈ, ਉੱਪਰ ਪਹੁੰਚਦਿਆਂ।"
ਚਾਰ ਪੰਜ ਗਿਰਝਾਂ ਆਪਣੇ ਵੱਡੇ-ਵੱਡੇ ਪੰਖ ਫੈਲਾਉਂਦੀਆਂ ਉਨ੍ਹਾਂ ਉੱਤੋਂ ਲੰਘੀਆਂ ਅਤੇ ਫੇਰ ਉਨ੍ਹਾਂ ਤੋਂ ਕੁਝ ਦੂਰ ਕਿਲ੍ਹੇ ਦੀ ਕੰਧ 'ਤੇ ਬੈਠ ਗਈਆਂ। ਉਨ੍ਹਾਂ ਵੱਲ ਵੇਖ ਕੇ ਕੀਰਤ ਸਿੰਘ ਬੋਲਿਆ-
"ਵੇਖ, ਇਨ੍ਹਾਂ ਗਿਰਝਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ। ਹੁਣ ਇਹ ਲੜਾਈ 'ਚ ਮਰਿਆਂ ਦਾ ਮਾਸ ਖਾਣ ਦੀ ਆਸ ਲਾਈ ਬੈਠੀਆਂ ਹਨ ।"
ਗਿਰਝਾਂ ਵੱਲ ਵੇਖਦਿਆਂ ਕੀਰਤ ਸਿੰਘ ਦੀ ਨਜ਼ਰ ਕੰਧ ਦੀ ਓਟ 'ਚ ਲੁਕੇ ਹੋਏ ਉਨ੍ਹਾਂ ਧਾੜਵੀਆਂ 'ਤੇ ਪਈ ਜੋ ਆਪਣੀਆਂ ਤੋੜੇਵਾਰ ਬੰਦੂਕਾਂ ਕੰਧ 'ਤੇ ਟਕਾਈ ਕਿਸੇ ਹਮਲੇ ਦੀ ਸੰਭਾਵਨਾ ਤੋਂ ਬਚਾਓ ਲਈ ਬੈਠੇ ਸਨ।
ਉਨ੍ਹਾਂ ਦੇ ਤਿੰਨ ਘੋੜੇ ਕੁਝ ਦੇਰ ਤਕ ਕਿਲ੍ਹੇ ਦੀ ਕੰਧ ਕੋਲ ਖੜੇ ਰਹੇ। ਦੋ ਘੋੜੇ ਆਪਣੀਆਂ ਸਵਾਰੀਆਂ ਲੈ ਕੇ ਅਤੇ ਇਕ ਘੋੜੇ 'ਤੇ ਦਸ ਹਜ਼ਾਰ ਰੁਪਏ ਦੀਆਂ ਭਾਰੀਆਂ ਥੈਲੀਆਂ। ਰੁਪਈਆਂ ਦੇ ਭਾਰ ਤੋਂ ਮੁਕਤ ਹੋਣ ਤੋਂ ਬਾਅਦ (ਜੇ ਸੰਭਵ ਹੋਇਆ ਤਾਂ) ਇਹੀ ਘੋੜਾ ਰੂਪ ਕੌਰ ਨੂੰ ਵਾਪਸ ਲਿਜਾਣ ਦੇ ਕੰਮ ਆ ਸਕਦਾ ਸੀ । ਕੁਝ ਦੇਰ ਉਡੀਕਣ ਤੋਂ ਬਾਅਦ ਵੀ ਜਦੋਂ ਉਨ੍ਹਾਂ ਕੋਲ ਕੋਈ ਨਾ ਆਇਆ ਤਾਂ ਉਨ੍ਹਾਂ ਆਪਣੇ ਘੋੜੇ ਕਾਰਵਾਂ ਸਰਾਂ ਵੱਲ ਜਾ ਰਹੀ ਪਗਡੰਡੀ 'ਤੇ ਪਾ ਦਿੱਤੇ। ਕਾਰਵਾਂ ਸਰਾਂ ਦੀ ਕੰਧ 'ਚ ਇਕ ਵੱਡਾ ਸਾਰਾ ਛੇਕ ਅਤੇ ਛੇਕ ਦੇ ਪਿੱਛੇ ਕਿਸੇ ਚੀਜ਼ ਨੂੰ ਕੱਪੜੇ ਨਾਲ ਢਕਿਆ ਵੇਖ ਕੇ ਕੀਰਤ ਸਿੰਘ ਬੋਲਿਆ :
“ਮੈਨੂੰ ਲੱਗਦਾ ਹੈ ਕਿ ਇਸ ਕੱਪੜੇ ਥੱਲੇ ਕੋਈ ਤੋਪ ਲੁਕਾਈ ਹੋਈ ਹੈ। ਵੇਖੋ, ਇਹ ਸਿੱਧੀ ਇਸ ਪਹਾੜੀ ਦੱਰੇ ਉੱਤੇ ਮਾਰ ਕਰ ਸਕਦੀ ਹੈ।”
ਕੁਝ ਦੇਰ ਬਾਅਦ, ਜਦ ਪਹਾੜੀ ਦੇ ਥੱਲੇ ਉੱਤਰ ਕੇ ਵਾਦੀ ਜਿਹੀ ਵਿੱਚ ਵੀ ਉਨ੍ਹਾਂ ਨੂੰ ਕੋਈ ਮਿਲਣ ਨਹੀਂ ਆਇਆ ਤਾਂ ਉਹ ਉੱਥੇ ਹੀ ਖੜੇ ਕਿਸੇ ਸੰਕੇਤ ਦੀ ਉਡੀਕ ਕਰਨ ਲੱਗੇ। ਉਸੇ ਵੇਲੇ ਕਾਰਵਾਂ-ਸਰਾਂ ਵਲੋਂ ਆਵਾਜ਼ ਆਈ :
"ਇੱਧਰ ਆ ਜਾਓ।"
ਕਾਰਵਾ-ਸਰਾਂ ਦੇ ਵੱਡੇ ਸਾਰੇ ਦਰਵਾਜੇ ਦੇ ਦੋਵਾਂ ਪਾਸਿਆਂ ਦੀਆਂ ਪੱਥਰ ਦੀਆਂ ਥੰਮੀਆਂ ਅਤੇ ਉੱਪਰ ਦੀ ਮਹਿਰਾਬ (ਡਾਟ) ਬਿਲਕੁਲ ਸਾਬਤ ਸੀ । ਥੰਮੀਆਂ ਉੱਤੇ ਮੀਨਾਕਾਰੀ ਕੀਤੀ ਹੋਈ। ਦਰਵਾਜ਼ੇ 'ਚੋਂ ਲੰਘਣ ਤੋਂ ਬਾਅਦ ਉਨ੍ਹਾਂ ਨੂੰ ਸੁਣਾਈ ਦਿੱਤਾ-
"ਬਸ ਇੱਥੇ ਰੁਕ ਜਾਓ।" ਆਵਾਜ ਬਹੁਤ ਭਾਰੀ ਅਤੇ ਖਰਵੀ ਸੀ।
ਉਸੇ ਵੇਲੇ ਇਕ ਹਨੇਰੀ ਜਿਹੀ ਨੁੱਕਰ 'ਚੋਂ ਇਕ ਉੱਚੇ ਲੰਮੇ ਡੀਲ-ਡੌਲ ਵਾਲਾ ਆਦਮੀ ਆ ਪ੍ਰਗਟ ਹੋਇਆ।
'ਹੁਕਮ ਸਿੰਘ !' ਉਸ ਨੂੰ ਵੇਖਦਿਆਂ ਹੀ ਕੀਰਤ ਸਿੰਘ ਦੇ ਦਿਲ 'ਚ ਯੁੱਧ ਦਾ ਗੁਬਾਰ ਉਠ ਖੜਾ ਹੋਇਆ। ਇਹ ਹੁਕਮ ਸਿੰਘ, ਉਸਦੇ ਪਿੰਡ ਦੇ ਜਗੀਰਦਾਰ ਦਾ ਸਭ ਤੋਂ ਵੱਡਾ ਗਮਾਸ਼ਤਾ, ਉਸ ਦੇ ਭਰਾ ਨੂੰ ਕੇਸਾਂ ਤੋਂ ਘਸੀਟ ਕੇ ਕਾਠ ਮਾਰਨ ਵਾਲਾ, ਪਿੰਡ ਦੀਆਂ ਅਨੇਕ ਗਰੀਬ ਔਰਤਾਂ ਨਾਲ ਬਲਾਤਕਾਰ ਕਰਨ ਵਾਲਾ ਹੁਣ ਸਵਾ ਛੇ ਫੁੱਟ ਉੱਚਾ ਹੁਕਮ ਸਿੰਘ ਉਸ ਦੇ ਸਾਹਮਣੇ ਖੜਾ ਸੀ ।
ਆਪਣੇ ਕੀਤੇ ਅਨੇਕਾਂ ਜੁਰਮਾਂ ਤੋਂ ਬਚਣ ਲਈ ਫੌਜ ਦੇ ਇਲਾਵਾ ਬਿਹਤਰ ਪਨਾਹ ਹੋਰ ਕਿਹੜੀ ਹੋ ਸਕਦੀ ਹੈ । ਫੌਜ 'ਚ ਭਰਤੀ ਹੋ ਕੇ ਉਹ ਇਕ 'ਆਦਰਸ਼' ਪੂਰਨ ਸਿਪਾਹੀ ਅਤੇ ਅਫਸਰ ਬਣ ਗਿਆ ਸੀ। ਆਪਣੇ ਤੇ ਅਧੀਨ ਸਿਪਾਹੀਆਂ ਨੂੰ ਭੈਅ ਭੀਤ ਕਰਨਾ ਅਤੇ ਆਪਣੇ ਅਫਸਰਾਂ ਸਾਹਮਣੇ ਜੀ ਹਜ਼ੂਰੀ। ਦੋ ਤਿੰਨ ਵਾਰੀ ਉਸ ਦੇ ਜੁਲਮਾਂ ਤੋਂ ਤੰਗ ਹੋਏ ਸਿਪਾਹੀਆਂ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ । ਉਪਰਲੇ
ਅਫ਼ਸਰਾਂ ਕੋਲ ਸ਼ਿਕਾਇਤਾਂ ਵੀ ਲਾਈਆਂ, ਪਰ ਉਸ ਦਾ ਕੁਝ ਵੀ ਵਿਗਾੜ ਨਾ ਸਕੇ ਅਤੇ ਉਹ ਆਪਣੇ ਆਪ ਨੂੰ 'ਅਮਰ ਵਿਅਕਤੀ' ਸਮਝਣ ਲੱਗਾ ਸੀ।
“ਪਛਾਣਿਆਂ ਮੈਨੂੰ ?" ਹੁਕਮ ਸਿੰਘ ਉਸ ਵੱਲ ਵਿਅੰਗਪੂਰਨ ਨਜ਼ਰਾਂ ਨਾਲ ਤੱਕਦਿਆਂ ਬੋਲਿਆ। ਉਸ ਦੇ ਬੋਲਾਂ 'ਚ ਬੇਪਰਵਾਹੀ ਸੀ ਅਤੇ ਆਪਣੀ ਜਿੱਤ ਦੀ ਖ਼ੁਸ਼ੀ। ਵੇਖ, ਹੁਣ ਵੀ ਮੇਰੀ ਛਾਤੀ 'ਤੇ ਸੂਬੇਦਾਰੀ ਦੇ ਤਮਗੇ ਹਨ। ਕੀ ਤੂੰ ਮੈਨੂੰ ਸਲੂਟ ਨਹੀਂ ਮਾਰੇਂਗਾ ?"
ਕੀਰਤ ਸਿੰਘ ਨੇ ਆਪਣਾ ਗੁੱਸਾ ਕਾਬੂ 'ਚ ਕਰਨ ਦਾ ਯਤਨ ਕੀਤਾ। ਪਰ ਅਸਫ਼ਲ ਰਿਹਾ। "ਸੂਬੇਦਾਰ ! ਥੂ !" ਉਹ ਜ਼ਮੀਨ 'ਤੇ ਥੁੱਕਦਿਆਂ ਹਕਾਰਤ ਨਾਲ ਬੋਲਿਆ, "ਉਹ ਸਾਰੇ ਪਿੰਡ ਦੀ ਰਖੇਲ ਤੇਰੀ ਮਾਂ ਕਿਵੇਂ ਹੈ ? ਅਤੇ ਤੂੰ, ਜਿਸ ਦੇ ਬਾਪ ਦਾ ਵੀ ਪਤਾ ਨਹੀਂ ਕਿ ਕੌਣ ਸੀ।" ਕੀਰਤ ਸਿੰਘ ਜਾਣਦਾ ਸੀ ਕਿ ਉਹ ਆਪਣੀ ਮਾਂ ਦੇ ਬਿਨਾਂ ਸੰਸਾਰ 'ਚ ਕਿਸੇ ਹੋਰ ਨੂੰ ਪਿਆਰ ਨਹੀਂ ਸੀ ਕਰਦਾ।
ਗੁੱਸੇ ਨਾਲ ਕੰਬਦਿਆਂ ਹੁਕਮ ਸਿੰਘ ਨੇ ਆਪਣੀ ਭਾਰੀ ਤਲਵਾਰ ਮਿਆਨ 'ਚੋਂ ਕੱਢੀ ਅਤੇ ਕੀਰਤ ਸਿੰਘ ਉੱਤੇ ਟੁੱਟ ਪਿਆ। ਕੀਰਤ ਸਿੰਘ ਫੁਰਤੀ ਨਾਲ ਛਾਲ ਮਾਰ ਕੇ ਸੱਜੇ ਪਾਸੇ ਹਟਿਆ ਅਤੇ ਉਸ ਦਾ ਵਾਰ ਆਪਣੇ ਬਰਛੇ 'ਤੇ ਰੋਕਦਿਆਂ ਹੁਕਮ ਸਿੰਘ ਦੀ ਤਲਵਾਰ ਨੂੰ ਪਰ੍ਹੇ ਕੀਤਾ ਅਤੇ ਬਰਛੇ ਦਾ ਤੇਜ਼ ਫਲ ਉਸ ਦੇ ਢਿੱਡ ਉੱਤੇ ਰੱਖ ਦਿੱਤਾ। ਪਰ ਉਹ ਜਾਣਦਾ ਸੀ ਕਿ ਜੇ ਹੁਕਮ ਸਿੰਘ ਉਸ ਦੇ ਹੱਥੋਂ ਮਾਰਿਆ ਗਿਆ ਤਾਂ ਉਹ ਆਪ ਵੀ ਨਹੀਂ ਬਚ ਸਕਦਾ।
ਉਸੇ ਵੇਲੇ ਲੱਖਣ ਸਿੰਘ, ਜੋ ਜ਼ਰਾ ਦੂਰ ਖੜਾ ਸੀ, ਅੱਗੇ ਵਧਿਆ ਅਤੇ ਰੋਹਬ ਨਾਲ ਬੋਲਿਆ:
"ਬਸ-ਬਸ, ਇਹ ਵੇਲਾ ਲੜਨ ਦਾ ਨਹੀਂ ।"
ਉਹ ਦੋਵੇਂ ਇਕ ਦੂਜੇ ਵੱਲ ਲਹੂ ਭਰੀਆਂ ਅੱਖਾਂ ਨਾਲ ਤੱਕਦਿਆਂ ਅਹਿਲ ਖੜੇ ਹੋ ਗਏ।
"ਰੁਪਈਏ ਲੈ ਕੇ ਆਏ ?" ਲੱਖਣ ਸਿੰਘ ਨੇ ਪੁੱਛਿਆ।
ਕੀਰਤ ਸਿੰਘ ਨੇ ਆਪਣੇ ਪਿੱਛੇ ਖੜੇ ਦੁਰਜਨ ਸਿੰਘ ਨੂੰ ਇਸ਼ਾਰਾ ਕੀਤਾ। ਦੁਰਜਨ ਸਿੰਘ ਨੇ ਘੋੜੇ ਦੀ ਪਿੱਠ ਤੋਂ ਦੋ ਝੋਲੇ ਉਤਾਰ ਕੇ ਹੱਥ 'ਚ ਫੜ ਲਏ। ਕੀਰਤ ਸਿੰਘ ਬੋਲਿਆ-
"ਪਰ ਮੈਂ ਕਿਵੇਂ ਯਕੀਨ ਕਰ ਲਵਾਂ ਕਿ ਰੂਪ ਕੌਰ ਤੁਹਾਡੇ ਕੋਲ ਅਤੇ ਸਹੀ ਸਲਾਮਤ ਹੈ?" ਪਹਿਲਾਂ ਮੈਂ ਆਪਣੀ ਅੱਖੀਂ ਉਸ ਨੂੰ ਵੇਖਣਾ ਚਾਹਵਾਂਗਾ।
"ਕਿਉਂ ਨਹੀਂ, ਕਿਉਂ ਨਹੀਂ। ਪਰ ਮੈਂ ਵੀ ਵੇਖਣਾ ਚਾਹਵਾਂਗਾ ਕਿ ਇਨ੍ਹਾਂ ਥੈਲੀਆਂ ਚ ਚਾਂਦੀ ਦੇ ਰੁਪਈਏ ਹੀ ਹਨ ਜਾਂ ਐਵੇਂ ਪਿੱਤਲ-ਲੋਹੇ ਦੇ ਟੁਕੜੇ।“
ਸੁਣ ਕੇ ਦੁਰਜਨ ਸਿੰਘ ਨੇ ਥੈਲੀ ਹਿਲਾ ਕੇ ਰੁਪਈਏ ਛਣਕਾਏ, ਇਕ ਥੈਲੀ ਦਾ ਮੂੰਹ ਖੋਲ੍ਹਿਆ, ਹੱਥ ਪਾ ਕੇ ਇਕ ਰੁਪਈਆ ਕੱਢਿਆ ਅਤੇ ਲੱਖਣ ਸਿੰਘ ਦੇ ਸਾਹਮਣੇ ਫਰਸ਼ 'ਤੇ ਵਗਾਹ ਮਾਰਿਆ। ਟੰਨ ਦੀ ਆਵਾਜ਼ ਕਰਦਿਆਂ ਰੁਪਈਆ ਗੋਲ ਚੱਕਰ ਕੱਟਦਿਆਂ ਫਰਸ਼ 'ਤੇ ਜਾ ਪਿਆ।
ਲੱਖਣ ਸਿੰਘ ਦਾ ਇਸ਼ਾਰਾ ਪਾ ਕੇ ਉਸ ਦਾ ਇਕ ਆਦਮੀ ਪਿੱਛੇ ਦਿਸ ਰਹੇ ਇਕ ਕਮਰੇ ਚ ਗਿਆ ਅਤੇ ਕੁਝ ਦੇਰ ਬਾਅਦ ਇਕ ਤੀਵੀਂ ਦਾ ਹੱਥ ਫੜੀ ਉਨ੍ਹਾਂ ਸਾਹਮਣੇ ਆਣ ਖੜੀ ਹੋਈ। ਰੂਪ ਨੂੰ ਆਪਣੇ ਸਾਹਮਣੇ ਵੇਖਦਿਆਂ ਹੀ ਕੁਝ ਦੇਰ ਲਈ ਕੀਰਤ ਸਿੰਘ ਸਭ ਕੁਝ ਭੁੱਲ ਗਿਆ। ਉਸ ਨਾਲ ਬਿਤਾਏ ਪਲ ਯਾਦ ਆਉਣ ਲੱਗੇ। ਸ਼ੁਜਾਹਪੁਰ ਦੇ ਕਿਲ੍ਹੇ 'ਚ ਰਹਿੰਦਿਆਂ ਜਦ ਵੀ ਉਸ ਨੂੰ ਰੂਪ ਦਾ ਖ਼ਿਆਲ ਆਉਂਦਾ ਤਾਂ ਮਨ ਹੀ ਮਨ ਉਸ ਨਾਲ ਗੱਲਾਂ ਕਰਨ ਲੱਗਦਾ ਸੀ। 'ਕੀ ਉਹ ਓਨੀ ਹੀ ਸੋਹਣੀ ਹੈ ਜਿੰਨਾ ਉਹ ਸੋਚਦਾ ਹੈ... ਅਤੇ ਕੀ ਹਾਲੇ ਵੀ ਮੈਨੂੰ ਯਾਦ ਕਰਦੀ ਹੋਵੇਗੀ ?"
ਰੂਪ ਕੌਰ ਵੀ ਕੁਝ ਪਲ ਚੁੱਪ ਚਾਪ ਖੜੀ ਉਸ ਵੱਲ ਭਾਵ ਭਰੀਆਂ ਨਜ਼ਰਾਂ ਨਾਲ ਤੱਕਦੀ ਰਹੀ, ਜਿਵੇਂ ਕਹਿ ਰਹੀ ਹੋਵੇ ; ਹੁਣ ਸਮਾਂ ਮਿਲਿਆ ਹੈ ਆਉਣ ਦਾ ? ਪਰ ਸ਼ੁਕਰ ਹੈ ਰੱਬ ਦਾ ਕਿ ਤੂੰ ਬਹੁੜਿਆ ਤਾਂ ਸਹੀ। ਫੇਰ ਉਸ ਦੇ ਮੁੱਖ 'ਤੇ ਮੁਕਤੀ, ਛੁਟਕਾਰੇ ਅਤੇ ਕੀਰਤ ਸਿੰਘ ਨਾਲ ਤੁਰ ਪੈਣ ਬਾਰੇ ਸੋਚ ਕੇ ਪ੍ਰਸੰਨਤਾ ਝਲਕਣ ਲੱਗੀ।
"ਹੁਣ ਤੇ ਤਸੱਲੀ ਹੋ ਗਈ।" ਲੱਖਣ ਸਿੰਘ ਬੋਲਿਆ, "ਚੱਲ ਹੁਣ ਲਿਆ ਫੜਾ ਇਹ ਥੈਲੀਆਂ ।"
ਕੀਰਤ ਸਿੰਘ ਨੇ ਦੋਵੇਂ ਥੈਲੀਆਂ ਦੁਰਜਨ ਦੇ ਹੱਥੋਂ ਲੈ ਕੇ ਲੱਖਣ ਸਿੰਘ ਸਾਹਮਣੇ ਸੁੱਟ ਦਿੱਤੀਆਂ।
“ਤਾਂ ਹੁਣ ਫੇਰ ਰੂਪ ਨੂੰ ਲੈ ਕੇ ਜਾਣਾ ਚਾਹਵੇਂਗਾ?" ਕੋਲ ਖੜਾ ਹੁਕਮ ਸਿੰਘ ਖਚਰੀ ਜਿਹੀ ਹਾਸੀ ਹੱਸਦਿਆਂ ਬੋਲਿਆ।
“ਕਿਉਂ ਨਹੀਂ। ਸਮਝੌਤਾ ਤਾਂ ਇਹੀ ਸੀ।"
"ਤੂੰ ਇਸ ਨੂੰ ਲੈ ਜਾ ।" ਉਹ ਪਿੱਛੇ ਖੜੀ ਇਕ ਕੁੜੀ ਦਾ ਹੱਥ ਫੜ ਕੇ ਉਸ ਵਲ ਤੱਕਦਿਆਂ ਬੋਲਿਆ, "ਇਹ ਰੂਪ ਕੌਰ ਤੋਂ ਘੱਟ ਨਹੀਂ। ਐਹ ਵੇਖ ਇਸ ਦੀ ਜਵਾਨੀ ਵੱਲ।" ਕਹਿੰਦਿਆਂ ਉਸ ਨੇ ਕੁੜੀ ਦੇ ਝੱਗੇ ਦੇ ਬਟਨ ਖੋਲ੍ਹ ਦਿੱਤੇ।
ਕੀਰਤ ਸਿੰਘ ਨਫਰਤ ਅਤੇ ਕ੍ਰੋਧ ਭਰੀਆਂ ਨਜ਼ਰਾਂ ਨਾਲ ਹੁਕਮ ਸਿੰਘ ਵੱਲ ਵੇਖਣ ਲੱਗਾ।
"ਇੰਜ ਕਿਉਂ ਵੇਖ ਰਿਹਾ ਏਂ ਇਸ ਕੀ ਤਰਫ । ਯੇਹ ਤੁਮ੍ਹਾਰੇ ਸਿਪਾਹੀਓਂ ਕੀ ਤਰ੍ਹਾਂ ਹੀ ਹੈ। ਤੁਮ ਸਿਪਾਹੀ, ਜੋ ਟਕਿਆਂ ਖ਼ਾਤਰ ਆਪਣੀ ਜ਼ਮੀਰ ਵੇਚਦੇ ਹੋ; ਇਹ ਸਰੀਰ ਵੇਚਦੀਆਂ ਹਨ। ਤੂੰ ਹੀ ਦੱਸ ਸਰੀਰ ਉੱਚਾ ਜਾਂ ਜ਼ਮੀਰ?" ਲੱਖਣ ਸਿੰਘ ਹਿੰਦੋਸਤਾਨੀ ਪੰਜਾਬੀ ਦਾ ਮਿਲਗੋਭਾ ਜਿਹਾ ਬੋਲ ਰਿਹਾ ਸੀ। ਇਸੇ ਵਿਚਕਾਰ ਰੂਪ ਕੌਰ ਨੂੰ ਲੈ ਕੇ ਆਈ ਤੀਵੀਂ ਉਸਦਾ ਹੱਥ ਖਿੱਚਕੇ ਬੂਹਿਉਂ ਬਾਹਰ ਦੂਜੇ ਕਮਰੇ ਚ ਲੈ ਗਈ ਸੀ।
“ਰੂਪ ਨੂੰ ਹੁਣ ਸਾਡੇ ਸਪੁਰਦ ਕਰ ਦੇਵੋ ।" ਕੀਰਤ ਸਿੰਘ ਨੇ ਲੱਖਣ ਸਿੰਘ ਵੱਲ ਤੱਕਦਿਆਂ ਆਖਿਆ।
"ਰੂਪ ?” ਲੱਖਣ ਸਿੰਘ ਉਸ ਵੱਲ ਤਿੱਖੀਆਂ ਭਰੀਆਂ ਨਜ਼ਰਾਂ ਨਾਲ ਤੱਕਦਿਆਂ ਬੋਲਿਆ, ਆਓ ਮੇਰੇ ਨਾਲ।"
ਦਰਵਾਜ਼ੇ 'ਚੋਂ ਲੰਘ ਕੇ ਕੀਰਤ ਸਿੰਘ ਅਤੇ ਦੁਰਜਨ ਸਿੰਘ ਨੇ ਵੇਖਿਆ ਇਕ ਨੰਗੀ ਤੀਵੀਂ ਦੇ ਹੱਥ ਪੈਰ ਬੰਨ੍ਹ ਕੇ ਵੇਹੜੇ 'ਚ ਭੁੰਜੇ ਡੇਗਿਆ ਹੋਇਆ ਸੀ। ਕੋਲ ਹੀ ਰੂਪ
ਕੌਰ ਖੜੀ ਸੀ ਅਤੇ ਮਘਦੇ ਕੋਲਿਆਂ 'ਚ ਲੋਹੇ ਦਾ ਇਕ ਸਰੀਆ ਪਿਆ ਹੋਇਆ ਸੀ। ਲੱਖਣ ਸਿੰਘ ਦੇ ਇਸ਼ਾਰੇ ਤੇ ਇਕ ਆਦਮੀ ਨੇ ਲਾਲ ਤਪਦਾ ਸਰੀਆ ਅੱਗ ਚੋਂ ਕੱਢਿਆ ਅਤੇ ਲੰਮੀ ਪਈ ਤੀਵੀਂ ਦੇ ਢਿੱਡ 'ਤੇ ਛੁਹਾ ਦਿੱਤਾ। ਤੀਵੀਂ ਦਰਦ ਨਾਲ ਚੀਕ ਉੱਠੀ। ਇਸ ਤੀਵੀਂ ਨੂੰ ਸ਼ਾਇਦ ਇਹ ਕਿਸੇ ਪਿੰਡ 'ਚ ਲੁੱਟਮਾਰ ਕਰਨ ਤੋਂ ਬਾਅਦ ਚੁੱਕ ਲਿਆਏ ਸਨ।
ਇਸ ਬਾਰੇ ਵੀ ਉਹਨਾਂ ਨੂੰ ਬਾਅਦ 'ਚ ਹੀ ਪਤਾ ਲੱਗਾ ਕਿ ਜਿਸ ਦੇ ਕੋਲ ਅਤੇ ਜਿਸ ਪਿੰਡ 'ਚ ਉਹ ਰੂਪ ਕੌਰ ਨੂੰ ਸੁਰੱਖਿਅਤ ਸਮਝਦਿਆਂ ਛੱਡ ਆਏ ਸਨ, ਉਨ੍ਹਾਂ ਦੇ ਕਾਫ਼ੀ ਸਾਰੇ ਆਦਮੀ ਕਿਤੇ ਲੁੱਟਮਾਰ ਕਰਦਿਆਂ ਕਿਸੇ ਫ਼ੌਜੀ ਟੁਕੜੀ ਨਾਲ ਹੋਈ ਝੜਪ 'ਚ ਮਾਰੇ ਗਏ। ਬਾਅਦ 'ਚ ਲੱਖਣ ਸਿੰਘ ਨੇ ਉਸ ਪਿੰਡ ਨੂੰ ਲੁੱਟਿਆ। ਉਸ ਨੇ ਇਕ ਅਫ਼ਵਾਹ ਤਾਂ ਸੁਣੀ ਸੀ ਕਿ ਰਣਜੀਤ ਸਿੰਘ ਦੀ ਕੋਈ ਪੋਤੀ ਹੈ, ਜਿਸ ਨੂੰ ਫਰੰਗੀ ਤਲਾਸ਼ ਕਰ ਰਹੇ ਹਨ। ਜਦ ਉਸ ਪਿੰਡ ਨੂੰ ਲੁੱਟਦਿਆਂ ਉਸ ਨੂੰ ਕਿਸੇ ਤਰ੍ਹਾਂ ਇਹ ਪਤਾ ਲੱਗਾ ਕਿ ਉਹ ਕੁੜੀ ਇਹ 'ਰੂਪ' ਹੀ ਹੈ ਤਾਂ ਲੱਖਣ ਸਿੰਘ ਨੇ ਹੁਕਮ ਸਿੰਘ ਨੂੰ ਕਿਹਾ ਸੀ: "ਲੈ ਬਈ, ਇਹ ਤਾਂ ਸੋਨੇ ਕੀ ਖਾਨ ਹਮਾਰੇ ਹਾਥ ਆ ਗਈ। ਵੇਖਦੇ ਹਾਂ ਕਿ ਇਸ ਦਾ ਕਿੰਨਾ ਅਤੇ ਕਿਸ ਤਰ੍ਹਾਂ ਮੁੱਲ ਵੱਟਦੇ ਹਾਂ।"
“ਵੇਖੋ ਕੀਰਤ ਸਿੰਘ ਬਹਾਦਰ ! ਧਿਆਨ ਨਾਲ ਵੇਖ", ਹੁਕਮ ਸਿੰਘ ਹੱਸਦਿਆਂ ਹੋਇਆਂ ਕਹਿ ਰਿਹਾ ਸੀ, "ਅਸੀਂ ਆਪਣਾ ਮਨ ਬਦਲ ਲਿਆ ਹੈ। ਅਸੀਂ ਇਸ ਰੂਪ ਕੌਰ ਨੂੰ ਆਪਣੀ ਹਿਫ਼ਾਜ਼ਤ 'ਚ ਰੱਖਣਾ ਜ਼ਿਆਦਾ ਲਾਭਦਾਇਕ ਸਮਝਦੇ ਹਾਂ ਅਤੇ ਨਾਲ ਹੀ ਇਨ੍ਹਾਂ ਰੁਪਈਆਂ ਦੀਆਂ ਭਰੀਆਂ ਥੈਲੀਆਂ ਦੇ ਭਾਰ ਤੋਂ ਵੀ ਤੁਹਾਨੂੰ ਮੁਕਤ ਕਰਦੇ ਹਾਂ।"
"ਸੁਣ ਕੇ ਕੀਰਤ ਸਿੰਘ ਦੀਆਂ ਮੁੱਠੀਆਂ ਕ੍ਰੋਧ ਨਾਲ ਕੱਸੀਆਂ ਗਈਆਂ।"
ਲੱਖਣ ਸਿੰਘ ਬੋਲਿਆ, "ਔਰ ਹਾਂ, ਦੋਬਾਰਾ ਕਭੀ ਰੂਪ ਕੌਰ ਕੋ ਹਾਸਲ ਕਰਨ ਦੀ ਕੋਸ਼ਿਸ਼ ਨਹੀਂ ਕਰਨਾ। ਜੇ ਕੀਤੀ ਤਾਂ ਇਸ ਦਾ ਹਾਲ 'ਇਸ ਔਰਤ' ਤੋਂ ਵੀ ਬੁਰਾ ਹੋਵੇਗਾ ਅਤੇ ਉਹ ਵੀ ਇਸ ਕੇ ਸਾਥ ਬਲਾਤਕਾਰ ਕਰਨੇ ਕੇ ਬਾਅਦ... ।"
ਕੀਰਤ ਸਿੰਘ ਤੇਜ਼ੀ ਨਾਲ ਸੋਚ ਰਿਹਾ ਸੀ । ਉਹ ਇਹ ਪਤਾ ਲਾਉਣਾ ਚਾਹੁੰਦਾ ਸੀ ਕਿ ਇਹ ਰੂਪ ਕੌਰ ਨੂੰ ਕਿਸ ਥਾਵੇਂ ਰੱਖਣਗੇ ? ਸਰਾਂ ਨਾਲ ਲੱਗਦੀ ਹਵੇਲੀ 'ਚ ਜਾਂ ਪਿੰਡ ਵਿੱਚ ? ਜਾਂ ਕਿਤੇ ਹੋਰ। ਉਹ ਕੁਝ ਸਮਾਂ ਹੋਰ ਖੜੇ ਰਹਿਣ ਅਤੇ ਇਹ ਭੇਦ ਜਾਣਨ ਦੇ ਮਕਸਦ ਨਾਲ ਆਪਣੇ ਗੁੱਸੇ 'ਤੇ ਕਾਬੂ ਪਾ ਕੇ ਉੱਥੇ ਖੜਾ ਰਿਹਾ ਤੇ ਫੇਰ ਬੋਲਿਆ।
"ਤੁਹਾਨੂੰ ਹੋਰ ਪੈਸੇ ਚਾਹੀਦੇ ਹਨ, ਸਾਨੂੰ ਰੂਪ। ਤੁਸੀਂ ਦੱਸੋ ਹੋਰ ਕਿੰਨੇ ਪੈਸੇ ਚਾਹੁੰਦੇ ਹੋ?" ਕੀਰਤ ਸਿੰਘ ਆਪਣਾ ਅਸਲੀ ਮਕਸਦ ਲੁਕਾਉਂਦਿਆਂ ਅਤੇ ਡਰ ਵਿਖਾਉਂਦਿਆਂ ਆਖਿਆ।
ਲੱਖਣ ਸਿੰਘ ਨੇ ਹੁਕਮ ਸਿੰਘ ਵੱਲ ਭਾਵ ਭਰੀਆਂ ਨਜ਼ਰਾਂ ਨਾਲ ਤੱਕਿਆ। ਹੁਕਮ ਸਿੰਘ ਦੀਆਂ ਅੱਖਾਂ ਦਾ ਸੰਕੇਤ ਸਮਝਦਿਆਂ ਉਹ ਬੋਲਿਆ:
"ਚੱਲੋ ਤੁਹਾਡੇ ਨਾਲ ਲਿਹਾਜ਼ ਕਰਦੇ ਹਾਂ। ਬਸ ਇਸ ਤਰ੍ਹਾਂ ਦੀਆਂ ਦੋ ਥੈਲੀਆਂ ਹੋਰ।“
"ਠੀਕ ਏ। ਪਰ ਇਸ ਥਾਂ ਤੋਂ ਜਾਣ ਤੋਂ ਪਹਿਲਾਂ ਜਾਣਨਾ ਚਾਹਵਾਂਗਾ ਕਿ ਰੂਪ ਨੂੰ ਤੁਹਾਡੀ ਹਿਫਾਜ਼ਤ 'ਚ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ।'"
"ਤਕਲੀਫ਼ ? ਇਸ ਨੂੰ ਇੱਥੇ ਸਾਰੀਆਂ ਸੁਵਿਧਾਵਾਂ ਅਤੇ ਅਰਾਮ ਹਾਸਲ ਹਨ। ਤੁਸੀਂ ਆਪ ਹੀ ਇਸ ਨੂੰ ਪੁੱਛ ਕੇ ਵੇਖ ਲਵੋ।"
ਰੂਪ ਕੌਰ ਵੀ ਜਿਵੇਂ ਕੀਰਤ ਸਿੰਘ ਦਾ ਭਾਵ ਸਮਝ ਗਈ ਹੋਵੇ। ਉਹ ਬੋਲੀ, "ਵਾਹੇਗੁਰੂ, ਅੱਲ੍ਹਾ ਦਾ ਫਜ਼ਲ ਹੈ ਕਿ ਮੈਨੂੰ ਇੱਥੇ ਕੋਈ ਤਕਲੀਫ਼ ਨਹੀਂ।"
"ਮੈਨੂੰ ਸੁਣ ਕੇ ਤਸੱਲੀ ਹੋਈ।" ਕੀਰਤ ਸਿੰਘ ਹੁਕਮ ਸਿੰਘ ਤੇ ਲੱਖਣ ਸਿੰਘ ਵਲ ਤਕਦਿਆਂ ਕੜਕਵੀਂ ਆਵਾਜ਼ ਨਾਲ ਬੋਲਿਆ, "ਮੈਂ ਜਾ ਰਿਹਾ ਹਾਂ ਅਤੇ ਥੈਲੀਆਂ ਲੈ ਕੇ ਛੇਤੀ ਹੀ ਪਰਤਾਂਗਾ। ਪਰ-ਪਰ ਇਹ ਵੀ ਧਿਆਨ ਨਾਲ ਸੁਣ ਲਵੋ ਕਿ ਜੇ ਸਾਡੇ ਨਾਲ ਮੁੜ ਧੋਖਾ ਹੋਇਆ ਤਾਂ ਤੁਹਾਡੇ ਵਿੱਚੋਂ ਕੋਈ ਵੀ ਜਿਊਂਦਾ ਨਹੀਂ ਬਚੇਗਾ...।"
"ਸਰਾਂ 'ਚੋਂ ਨਿਕਲ ਕੇ ਉਹ ਆਪਣੇ ਘੋੜੇ 'ਤੇ ਬੈਠਦਿਆਂ ਵਾਪਸ ਤੁਰ ਪਏ। ਕੁਝ ਦੇਰ ਬਾਅਦ ਕੀਰਤ ਸਿੰਘ ਬੋਲਿਆ: “ਮੇਰਾ ਖਿਆਲ ਹੈ ਦੁਰਜਨ ਸਿਆਂ ਕਿ ਇਸ ਖੇਤਰ 'ਚੋਂ ਨਿਕਲਣ ਤੋਂ ਪਹਿਲਾਂ ਆਲੇ-ਦੁਆਲੇ ਦੀ ਪੂਰੀ ਜਾਣਕਾਰੀ ਲੈ ਲਈਏ। ਮੇਰਾ ਮਤਲਬ ਹੈ ਕਿ ਆਪਣੀ ਫੌਜੀ ਕਾਰਵਾਈ ਦੀ ਤਿਆਰੀ ਲਈ।"
"ਫ਼ੌਜੀ ਕਾਰਵਾਈ ? ਤੁਸੀਂ ਉਨ੍ਹਾਂ ਦੀ ਧਮਕੀ ਨਹੀਂ ਸੁਣੀ ? ਉਹ ਕੀ ਹਾਲ ਕਰਨਗੇ ਰੂਪ ਕੌਰ ਦਾ। ਮੈਂ ਤੇ ਸਮਝਦਾ ਸਾਂ ਕਿ ਉਸ ਦੇ ਮਹਾਰਾਜਾ ਦੀ ਪੋਤੀ ਹੋਣ ਦੇ ਇਲਾਵਾ ਤੁਹਾਡੇ ਮਨ 'ਚ ਉਸ ਲਈ ਕੁਝ...। ਇਸ ਦੇ ਇਲਾਵਾ ਸਾਨੂੰ ਇਹ ਤੇ ਪਤਾ ਲੱਗਿਆ ਹੀ ਨਹੀਂ ਕਿ ਉਨ੍ਹਾਂ ਰੂਪ ਕੌਰ ਨੂੰ ਕਿਸ ਥਾਵੇਂ ਲੁਕਾ ਕੇ ਰੱਖਣਾ ਹੈ ?"
ਕੀਰਤ ਸਿੰਘ ਨੇ ਭਾਵ-ਪੂਰਨ ਨਜ਼ਰਾਂ ਨਾਲ ਉਸ ਵੱਲ ਤੱਕਦਿਆਂ ਆਖਿਆ, ਤੂੰ ਧਿਆਨ ਨਾਲ ਨਹੀਂ ਸੁਣਿਆ ਜੋ ਰੂਪ ਨੇ ਕਿਹਾ। ਉਹ ਬਹੁਤ ਜ਼ਹੀਨ ਕੁੜੀ ਹੈ। ਉਸ ਆਖਿਆ ਸੀ : ਵਾਹੇਗੁਰੂ, ਅੱਲ੍ਹਾ ਦਾ ਫਜ਼ਲ ਹੈ...। ਇਸ ਦਾ ਭਾਵ ਹੈ ਕਿ ਉਹ ਮਸੀਤ 'ਚ ਜਾਂ ਮਸੀਤ ਦੇ ਨਾਲ ਲੱਗਦੀ ਹਵੇਲੀ 'ਚ ਰੱਖੀ ਗਈ ਹੈ ਅਤੇ ਸ਼ਾਇਦ ਇਨ੍ਹਾਂ ਦਾ ਖ਼ਾਸ ਡੇਰਾ ਵੀ ਮਸੀਤ ਦੇ ਨਾਲ ਲੱਗਦੀ ਇਸ ਸਰਾਂ 'ਚ ਹੀ ਹੈ।"
***
19
ਉਹ ਪਹਾੜੀ ਵਾਲਾ ਰਸਤਾ ਛੱਡ ਕੇ ਪਾਣੀ ਦੇ ਨਾਲੇ ਦੇ ਨਾਲ-ਨਾਲ ਤੁਰਨ ਲੱਗੇ। ਕੁਝ ਦੇਰ ਇਸੇ ਤਰ੍ਹਾਂ ਤੁਰਨ ਤੋਂ ਬਾਅਦ ਉਨ੍ਹਾਂ ਨੇ ਨਾਲੇ ਨੂੰ ਪਾਰ ਕੀਤਾ ਅਤੇ ਕੰਡੇਦਾਰ ਝਾੜੀਆਂ 'ਚੋਂ ਲੰਘਦਿਆਂ ਇੱਧਰ ਉੱਧਰ ਘੁੰਮਣ ਫਿਰਨ ਲੱਗੇ। ਕੁਝ ਦੇਰ ਬਾਅਦ ਉਹ ਏਸ ਨਤੀਜੇ 'ਤੇ ਪਹੁੰਚੇ ਕਿ ਫ਼ੌਜੀ ਕਾਰਵਾਈ ਕਰਨ ਲਈ ਕਿਲ੍ਹੇ ਕੋਲੋਂ ਹੋ ਕੇ ਆਉਣ ਵਾਲੇ ਰਸਤੇ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ। ਪਰ ਕੁਝ ਦੂਰ ਦੋ ਤਿੰਨ ਵੱਡੀਆਂ-ਵੱਡੀਆਂ ਚੱਟਾਨਾਂ ਵੇਖੀਆਂ। ਉਨ੍ਹਾਂ ਆਪਣੇ ਘੋੜੇ ਦੀਆਂ ਵਾਗਾਂ ਉਸ ਪਾਸੇ
ਮੋੜ ਲਈਆਂ। ਸਾਰਾ ਰਸਤਾ ਕੰਡਿਆਲੀਆਂ ਝਾੜੀਆਂ ਅਤੇ ਪੱਥਰਾਂ-ਚੱਟਾਨਾਂ ਨਾਲ ਭਰਿਆ ਹੋਇਆ ਸੀ। ਚੱਟਾਨਾਂ ਕੋਲ ਜਾ ਕੇ ਉਹ ਕੁਝ ਦੇਰ ਲਈ ਖੜੇ ਹੋ ਕੇ ਇੱਧਰ ਉੱਧਰ ਵੇਖਣ ਲੱਗੇ। ਮਸਾਂ ਦੋ ਤਿੰਨ ਘੋੜ-ਸਵਾਰ ਹੀ ਇਨਾਂ ਚੱਟਾਨਾਂ ਵਿਚਕਾਰੋਂ ਲੰਘ ਸਕਦੇ ਸਨ। ਉਹ ਖਿਲਰੀਆਂ ਚੱਟਾਨਾਂ ਦੀਆਂ ਭੂਲ ਭੁਲੱਈਆਂ 'ਚੋਂ ਰਸਤਾ ਲਭਦੇ ਅੱਗੇ ਵਧਦੇ ਗਏ ਅਤੇ ਫੇਰ ਧਾਰ 'ਤੇ ਪਹੁੰਚਣ ਤੋਂ ਬਾਅਦ ਦੂਜੇ ਪਾਸੇ ਉਤਰਨ ਲੱਗੇ।
ਹਾਲੇ ਥੋੜ੍ਹੀ ਦੂਰ ਹੀ ਗਏ ਸਨ ਕਿ ਉਨਾਂ ਨੂੰ ਛੇ ਹਥਿਆਰਬੰਦ ਘੋੜ-ਸਵਾਰਾਂ ਨੇ ਆਣ ਘੇਰਿਆ। ਉਨ੍ਹਾਂ 'ਚੋਂ ਦੋ ਸਿੱਖ ਸਨ, ਦੋ ਪਠਾਣ ਅਤੇ ਦੋ ਫਰੰਗੀ। ਫਰੰਗੀ ਦੇ ਸੰਕੇਤ ਕਰਨ 'ਤੇ ਇਕ ਸਿੱਖ ਸਿਪਾਹੀ ਨੇ ਪੁੱਛਿਆ:
"ਤੁਸੀਂ ਕੌਣ ਹੋ ਤੇ ਕਿਧਰੋਂ ਆ ਰਹੇ ਹੋ ?"
"ਇਹ ਪੁੱਛਣ ਦਾ ਤੁਹਾਨੂੰ ਕੋਈ ਹੱਕ ਨਹੀਂ। ਤੁਹਾਨੂੰ ਤੋਂ ਮੇਰਾ ਭਾਵ ਹੈ ਕਿ ਜੇ ਤੁਸੀਂ ਫਰੰਗੀਆਂ ਦੀ ਨੌਕਰੀ 'ਚ ਹੋ।"
"ਮੈਂ ਸਮਝਦਾ ਹਾਂ", ਇਕ ਸਿੱਖ ਸਿਪਾਹੀ ਬੋਲਿਆ। ਉਹ ਕੋਈ ਸਮਝਦਾਰ ਬੰਦਾ ਲੱਗਦਾ ਸੀ। "ਪਰ ਜੇ ਤੁਸੀਂ ਉਸ ਸਰਾਂ ਅਤੇ ਉਸ ਪਿੰਡ ਵੱਲੋਂ ਨਾ ਆਏ ਹੁੰਦੇ ਤਾਂ ਸ਼ਾਇਦ ਨਾ ਹੀ ਪੁੱਛਦੇ। ਇਸ ਨੂੰ ਸਾਡੀ ਉਤਸਕਤਾ ਸਮਝੋ ਜਾਂ ਸਾਡੀ ਲੋੜ। ਇਹ ਵੀ ਸਮਝਦਾ ਹਾਂ ਕਿ ਤੁਸੀਂ ਉਨ੍ਹਾਂ ਲੁਟੇਰਿਆਂ-ਧਾੜਵੀਆਂ 'ਚੋਂ ਨਹੀਂ ਹੋ।"
"ਤੁਹਾਨੂੰ ਕਿਵੇਂ ਪਤਾ ਲੱਗਾ ਕਿ ਅਸੀਂ ਸਰਾਂ 'ਚੋਂ ਨਿਕਲ ਕੇ ਆਏ ਹਾਂ ?"
ਫਰੰਗੀ ਸ਼ਾਇਦ ਥੋੜ੍ਹਾ ਬਹੁਤ ਪੰਜਾਬੀ ਸਮਝਦਾ ਸੀ। ਉਸ ਨੇ ਹਲਕੀ ਜਿਹੀ ਮੁਸਕਾਨ ਨਾਲ ਆਪਣੇ ਹੱਥ ਫੜੀ ਦੂਰਬੀਨ ਕੀਰਤ ਸਿੰਘ ਨੂੰ ਵਿਖਾ ਦਿੱਤੀ।
"ਤੁਹਾਡੀ ਉਤਸੁਕਤਾ ਅਤੇ ਲੋੜ ਕੀ ਹੈ ?" ਕੀਰਤ ਸਿੰਘ ਨੇ ਪੁੱਛਿਆ।
"ਤੁਹਾਡੇ ਬਾਰੇ ਜਾਣੇ ਬਿਨਾਂ ਅਸੀਂ ਇਹ ਵੀ ਨਹੀਂ ਦੱਸ ਸਕਦੇ।" ਫਰੰਗੀ ਸਿਪਾਹੀ ਅੰਗਰੇਜ਼ੀ 'ਚ ਬੋਲਿਆ ਅਤੇ ਜਿਸ ਦਾ ਉਲੱਥਾ ਕਰਕੇ ਸਿੱਖ ਸਿਪਾਹੀ ਨੇ ਦੱਸਿਆ।
"ਕਿਉਂ ਨਾ ਇਨ੍ਹਾਂ ਨੂੰ ਮੇਜਰ ਮੈਕਸਵੈਲ ਕੋਲ ਲੈ ਜਾਈਏ।" ਸਿੱਖ ਸਿਪਾਹੀ ਨੇ ਫਰੰਗੀ ਨੂੰ ਸੰਬੋਧਿਤ ਹੁੰਦਿਆਂ ਆਖਿਆ। ਫਰੰਗੀ ਦੇ ਹਾਂ 'ਚ ਸਿਰ ਹਿਲਾਉਣ 'ਤੇ ਸਿੱਖ ਸਿਪਾਹੀ ਨੇ ਕੀਰਤ ਸਿੰਘ ਨੂੰ ਆਖਿਆ :
"ਤੁਸੀਂ ਥੱਕੇ ਹੋਏ ਜੇ। ਕਿਉਂ ਨਾ ਸਾਡੇ ਤੰਬੂਆਂ 'ਚ ਆ ਕੇ ਕੁਝ ਦੇਰ ਅਰਾਮ ਅਤੇ ਕੁਝ ਖਾ ਪੀ ਲਵੋ ਸਾਡੇ ਮੇਜਰ ਸਾਹਿਬ ਤੁਹਾਡੇ ਨਾਲ ਗੱਲਬਾਤ ਕਰਕੇ ਖ਼ੁਸ਼ੀ ਮਹਿਸੂਸ ਕਰਨਗੇ।"
ਦੁਰਜਨ ਸਿੰਘ ਦੇ ਚਿਹਰੇ 'ਤੇ ਕੁਝ ਘਬਰਾਹਟ ਸੀ। ਪਰ ਕੀਰਤ ਸਿੰਘ ਦੇ ਬੁਲ੍ਹਾਂ 'ਤੇ ਮੁਸਕਰਾਹਟ ਅਤੇ ਚਿਹਰੇ 'ਤੇ ਬੇਫ਼ਿਕਰੀ ਵੇਖ ਕੇ ਉਸ ਨੂੰ ਕੁਝ ਹੈਰਾਨੀ ਹੋਈ।
ਦੋ ਕੁ ਘੰਟੇ ਘੋੜੇ ਦੌੜਾਉਣ ਤੋਂ ਬਾਅਦ ਉਹ ਇਕ ਜੂਹ 'ਚ ਪਹੁੰਚ ਗਏ, ਜਿੱਥੇ ਦੋ ਤੰਬੂ ਲੱਗੇ ਹੋਏ ਅਤੇ ਕੁਝ ਸਿੱਖ, ਪਠਾਣ ਸਿਪਾਹੀ ਰੁੱਖਾਂ ਥੱਲੇ ਅਰਾਮ ਨਾਲ ਬੈਠੇ ਜਾਂ ਰੁੱਖਾਂ ਦੇ ਮੁੱਢਾਂ ਨਾਲ ਢੋਹ ਲਾਈ ਬੈਠੇ ਸਨ । ਇਕ ਫ਼ਰੰਗੀ ਆਪਣੇ ਤੰਬੂ ਸਾਹਮਣੇ ਇਕ ਪੱਥਰ 'ਤੇ ਬੈਠਾ ਆਪਣੀ ਡਾਇਰੀ 'ਚ ਕੁਝ ਲਿਖਣ 'ਚ ਵਿਅਸਥ ਸੀ। ਉਹ ਸਾਰੇ
ਘੋੜ-ਸਵਾਰ ਕੁਝ ਦੂਰ ਹੀ ਘੋੜਿਆਂ ਤੋਂ ਉੱਤਰ ਗਏ। ਫਰੰਗੀ ਸਿਪਾਹੀ ਨੇ ਡਾਇਰੀ ਲਿਖਦੇ ਫਰੰਗੀ ਅਫਸਰ ਕੋਲ ਜਾ ਕੇ ਸਲੂਟ ਮਾਰੀ ਤੇ ਬੋਲਿਆ:
“ਸਰ।”
“ਹਾਂ, ਬੋਲੋ। ਫਰੰਗੀ ਨੇ ਬਿਨਾਂ ਸਿਰ ਚੁੱਕਿਆਂ ਆਖਿਆ, “ਕੋਈ ਖਬਰ ਲਿਆਏ?”
"ਖ਼ਬਰ ਵੀ ਅਤੇ ਦੋ ਬੰਦੇ ਵੀ।"
ਮੇਜਰ ਮੈਕਸਵੈਲ ਨੇ ਸਿਰ ਚੁੱਕ ਕੇ ਕੀਰਤ ਸਿੰਘ ਵੱਲ ਤੱਕਿਆ। ਇਕ ਦੋ ਪਲ ਤੱਕਦਾ ਰਿਹਾ। ਫੇਰ ਹੱਸਦਿਆਂ ਬੋਲਿਆ, "ਹੋ, ਹੋ, ਯੂ ਬਲੱਡੀ ਕੀਰਟ ਸਿੰਘ । ਹਮੇਂ ਯਕੀਨ ਨਹੀਂ ਆਟਾ ਕਿ ਤੂੰ ਵੀ ਉਨ੍ਹਾਂ ਚੋਰਾਂ, ਕਾਤਲਾਂ ਦੇ ਨਾਲ ਹੋਵੇਂਗਾ।" ਮੇਜਰ ਮੈਕਸਵੈਲ ਹਿੰਦੀ-ਪੰਜਾਬੀ ਤੇ ਅੰਗਰੇਜ਼ੀ 'ਚ ਬੋਲਿਆ।
"ਯਕੀਨ ਤਾਂ ਮੈਨੂੰ ਵੀ ਨਹੀਂ ਆ ਰਿਹਾ ਮੈਕਸਵੈਲ ਕਿ ਤੂੰ ਵੀ ਅੱਜ ਸਾਡੀ ਧਰਤੀ ਨੂੰ ਰੋਲਣ ਅਤੇ ਸਾਡੇ ਲੋਕਾਂ ਨੂੰ ਗ਼ੁਲਾਮ ਬਣਾਉਣ ਵਾਲਿਆਂ ਲੁਟੇਰਿਆਂ ਨਾਲ ਰਲ ਗਿਆ ਏਂ।"
ਅੱਜ ਤੋਂ ਕਈ ਵਰ੍ਹੇ ਪਹਿਲਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਜਿਊਂਦਾ ਸੀ ਤਾਂ ਇਹ ਕਿਸੇ 'ਮੂਰਕਰੋਫਟ' ਨਾਮ ਦੇ ਫ਼ਰੰਗੀ ਯਾਤਰੀ ਨਾਲ ਆਇਆ ਸੀ, ਜਿਸ ਨੇ ਖਾਲਸਾ ਰਾਜ ਦੇ ਜੰਮੂ-ਕਸ਼ਮੀਰ 'ਚੋਂ ਲੰਘ ਕੇ ਲੇਹ-ਲੱਦਾਖ ਜਾਣ ਦੀ ਇਜਾਜ਼ਤ ਮੰਗੀ ਸੀ। ਚਾਹੇ ਉਸ ਨੇ ਆਪਣੇ ਆਪ ਨੂੰ ਘੋੜਿਆਂ ਦਾ ਵਪਾਰੀ ਦੱਸਿਆ ਸੀ ਪਰ ਮਹਾਰਾਜੇ ਨੂੰ ਸ਼ੱਕ ਸੀ ਕਿ ਉਹ ਫ਼ਰੰਗੀਆਂ ਦਾ ਜਾਸੂਸ ਹੈ (ਜੋ ਸ਼ੱਕ ਬਾਅਦ 'ਚ ਠੀਕ ਹੀ ਨਿਕਲਿਆ।) ਇਜਾਜ਼ਤ ਨਾ ਮਿਲਣ 'ਤੇ ਮੂਰਕਰੋਫਟ ਨੂੰ ਕੁਲੂ ਮਨਾਲੀ ਅਤੇ ਲਾਹੌਰ ਵਲੋਂ ਹੋ ਕੇ ਜਾਣਾ ਪਿਆ ਸੀ। ਪਰ ਕਾਂਗੜੇ ਪਹੁੰਚਣ 'ਤੇ ਇਹ ਮੈਕਸਵੈਲ ਬਿਮਾਰ ਹੋ ਗਿਆ । ਮੂਰਕਰੋਫਟ ਤੋਂ ਵਿਦਾ ਲੈ ਕੇ ਆਪਣੀ ਬਿਮਾਰੀ ਦੇ ਇਲਾਜ ਲਈ ਉਹ ਜਾਂ ਤੇ ਲੁਧਿਆਣੇ ਜਾ ਸਕਦਾ ਸੀ ਅਤੇ ਜਾਂ ਲਾਹੌਰ। ਦੋਵਾਂ ਥਾਵਾਂ 'ਤੇ ਫ਼ਰੰਗੀ ਡਾਕਟਰ ਸਨ। ਉਸ ਨੇ ਲਾਹੌਰ ਆਉਣਾ ਬਿਹਤਰ ਸਮਝਿਆ।
ਲਾਹੌਰ ਵਾਪਸ ਆਉਣ ਅਤੇ ਬਿਮਾਰੀ ਠੀਕ ਹੋ ਜਾਣ ਤੋਂ ਬਾਅਦ ਉਸ ਨੂੰ ਲਾਹੌਰ ਐਨਾ ਪਸੰਦ ਆਇਆ ਕਿ ਉਹ ਉੱਥੇ ਹੀ ਰਹਿ ਲੱਗਾ। ਅੰਗਰੇਜ਼ ਰੈਸੀਡੈਂਟ ਨੇ ਉਸ ਨੂੰ ਨੌਕਰੀ ਦੇ ਕੇ ਆਪਣੇ ਕੋਲ ਰੱਖ ਲਿਆ। ਫੇਰ ਉਸ ਨੂੰ ਜਦ ਸਿੱਖਾਂ ਦੇ ਧਰਮ 'ਚ ਰੁਚੀ ਹੋਈ ਅਤੇ ਉਸ ਨੇ ਆਪਣੇ ਰੈਸੀਡੈਂਟ ਕੋਲ ਇਸ ਬਾਰੇ ਇੱਛਾ ਪਰਗਟ ਕੀਤੀ। ਰੈਸੀਡੈਂਟ ਨੇ ਇਸ ਸ਼ਰਤ 'ਤੇ ਹਾਂ ਕਰ ਦਿੱਤੀ ਕਿ ਇਸ ਦੇ ਨਾਲ-ਨਾਲ ਉਹ ਰਿਪੋਰਟਾਂ ਵੀ ਭੇਜਦਾ ਰਹੇਗਾ ਜੋ ਕਿਸੇ ਵੇਲੇ ਭਵਿੱਖ 'ਚ ਅੰਗਰੇਜ਼ਾਂ ਦੇ ਕੰਮ ਆ ਸਕਦੀਆਂ ਸਨ।
ਮੈਕਸਵੈਲ ਦੀ ਅਗਵਾਈ, ਰੱਖਿਆ ਆਦਿ ਲਈ ਲਾਹੌਰ ਸਰਕਾਰ ਵੱਲੋਂ ਕੀਰਤ ਸਿੰਘ ਨੂੰ ਇਸ ਦੇ ਨਾਲ ਭੇਜ ਦਿੱਤਾ ਗਿਆ ਸੀ। ਇਸੇ ਦਰਮਿਆਨ ਇਨ੍ਹਾਂ ਦੋਹਾਂ ਵਿਚਕਾਰ ਦੋਸਤੀ ਵਾਲੇ ਸੰਬੰਧ ਉਤਪੰਨ ਹੋ ਗਏ ਸਨ। ਕੀਰਤ ਸਿੰਘ ਨੂੰ ਇਹ ਵੀ ਪਤਾ ਸੀ ਕਿ ਮੈਕਸਵੈਲ ਨੇ ਕੋਈ ਐਸੀਆਂ ਰਿਪੋਰਟਾਂ ਅੰਗਰੇਜ਼ ਰੈਸੀਡੈਂਟ ਨੂੰ ਨਹੀਂ ਸੀ ਭੇਜੀਆਂ
ਜਿਸ ਨਾਲ ਖ਼ਾਲਸਾ ਰਾਜ ਦੇ ਕਿਸੇ ਨੁਕਸਾਨ ਦੀ ਸੰਭਾਵਨਾ ਹੋ ਸਕੇ।
ਮੈਕਸਵੈਲ ਨੇ ਕੀਰਤ ਸਿੰਘ ਨੂੰ ਆਪਣੇ ਕੋਲ ਬਿਠਾਇਆ। ਇਕ ਖ਼ਾਦਮ ਨੂੰ ਰਮ ਦੀ ਬੋਤਲ ਅਤੇ ਦੋ ਗਲਾਸ ਲਿਆਉਣ ਨੂੰ ਕਿਹਾ। ਫੇਰ ਰਮ ਦੇ ਦੋ ਗਲਾਸ ਭਰ ਕੇ ਇਕ ਕੀਰਤ ਸਿੰਘ ਦੇ ਹੱਥ 'ਚ ਫੜਾਉਂਦਿਆਂ ਬੋਲਿਆ :
"ਇਹ ਗੱਲਾਂ ਬਾਅਦ 'ਚ ਹੁੰਦੀਆਂ ਰਹਿਣਗੀਆਂ। ਪਹਿਲਾਂ ਆਪਣਾ ਦੱਸ, ਕੀ ਕੁਝ ਕਰਦਾ ਰਿਹਾ ਅਤੇ ਹੁਣ ਇੱਥੇ ਕਿਵੇਂ ?
ਉਹ ਕਈ ਪੁਰਾਣੀਆਂ ਗੱਲਾਂ ਯਾਦ ਕਰਦੇ ਅਤੇ ਹੱਸਦੇ ਰਹੇ। ਕੀਰਤ ਸਿੰਘ ਦਾ ਗਲਾਸ ਹਾਲੇ ਅੱਧਾ ਖਾਲੀ ਹੋਇਆ ਸੀ। ਮੈਕਸਵੈਲ ਤਿੰਨ ਚਾਰ ਗਲਾਸ ਚੜ੍ਹਾ ਗਿਆ ਸੀ ਫੇਰ ਜਦ ਨਸ਼ਾ ਚੰਗੀ ਤਰ੍ਹਾਂ ਚੜ੍ਹ ਗਿਆ ਤਾਂ ਕੀਰਤ ਸਿੰਘ ਦੀ ਪਿੱਠ 'ਤੇ ਹੱਥ ਮਾਰਦਿਆਂ ਬੋਲਿਆ:
"ਤੈਨੂੰ ਯਾਦ ਏ ਉਹ ਕਿੱਸਾ ਜਦੋਂ ਆਪਾਂ ਕੰਜਰੀਆਂ ਦੇ ਬਜ਼ਾਰ 'ਚ ਗਏ ਸੀ-ਕੀ ਨਾਮ ਸੀ ਉਸ ਬਜ਼ਾਰ ਦਾ ? ਹੀਰਾ ਮੰਡੀ।"
ਕੀਰਤ ਸਿੰਘ ਦੇ ਬੁੱਲ੍ਹਾਂ 'ਚ ਮੁਸਕਾਨ ਪਸਰ ਗਈ।
"ਲਾਹੌਰ ਸ਼ਹਿਰ ਦੀਆਂ ਕੰਜਰੀਆਂ, ਨੱਚਣ ਵਾਲੀਆਂ ਵੀ ਬਹੁਤ ਸੋਹਣੀਆ ਹੁੰਦੀਆਂ ਹਨ ਅਤੇ ਉਨ੍ਹਾਂ ਜਿੰਨੇ ਸੋਹਣੇ ਕੱਪੜੇ ਵੀ ਕਿਸੇ ਅਮੀਰ ਤੋਂ ਅਮੀਰ ਔਰਤ ਦੇ ਪਾਸ ਨਹੀਂ ਵੇਖੇ ।" ਮੈਕਸਵੈਲ ਬੋਲਦਾ ਜਾ ਰਿਹਾ ਸੀ, "ਉਨ੍ਹਾਂ ਦੇ ਮੁਕਾਬਲੇ 'ਚ ਸਾਡੇ ਇੰਗਲਿਸਤਾਨ ਦੀਆਂ ਕੰਜਰੀਆਂ। ਐਨਾ ਸੁਰਖ਼ੀ ਪਾਊਡਰ ਥੱਪਦੀਆਂ ਅਤੇ ਐਨੇ ਭੈੜੇ ਕੱਪੜੇ ਪਾਉਂਦੀਆਂ ਕਿ ਭੱਦੀਆਂ ਅਤੇ ਹਾਸੋ-ਹੀਣੀਆਂ ਲੱਗਦੀਆਂ ਹਨ, ਸਰਕਸ ਦੇ 'ਜੋਕਰਾਂ' ਵਾਂਗ।"
ਕੀਰਤ ਸਿੰਘ ਨੇ ਫੇਰ ਮੁਸਕਰਾਉਂਦਿਆਂ ਸਿਰ ਹਿਲਾਇਆ ਜਿਵੇਂ ਮੁੜ ਉਹ ਸਭ ਕੁਝ ਵੇਖ ਰਿਹਾ ਹੋਵੇ।
***
"ਜਾ ਤੂੰ ਚਲਾ ਜਾ ਆਪੇ।" ਕੀਰਤ ਸਿੰਘ ਨੇ ਕਿਹਾ ਸੀ, "ਮੈਂ ਪਹਿਲਾਂ ਕਦੀ ਨਹੀਂ ਗਿਆ। ਮੈਨੂੰ ਤਾਂ ਉਸ ਬਜ਼ਾਰ 'ਚੋਂ ਲੰਘਦਿਆਂ ਵੀ ਡਰ ਲੱਗਦਾ ਹੈ।"
"ਖਾ ਤੇ ਨਹੀਂ ਜਾਣਗੀਆਂ।" ਮੈਕਸਵੈਲ ਨੇ ਹੱਸਦਿਆਂ ਆਖਿਆ ਸੀ। 'ਤੂੰ ਚੱਲ ਤੇ ਸਹੀ ਮੇਰੇ ਨਾਲ । ਖੜਾ ਰਹੀਂ ਬਾਹਰ ।"
ਜਿਸ ਵੇਲੇ ਮੈਕਸਵੈਲ ਕੱਪੜੇ ਪਾਉਂਦਿਆਂ ਤਿਆਰ ਹੋ ਰਿਹਾ ਸੀ, ਕੀਰਤ ਸਿੰਘ ਉਸ ਦੇ ਲਾਹੌਰ ਵਾਲੇ ਘਰ ਦੀਆਂ ਟੁੱਟੀਆਂ ਜਿਹੀਆਂ ਪੌੜੀਆਂ ਚੜ੍ਹ ਕੇ ਛੱਤ ਉੱਤੇ ਜਾ ਖੜਾ ਹੋਇਆ। ਮੁਗ਼ਲੀਆ ਰਾਜ ਦੇ ਸਮੇਂ ਇਹ ਮਕਾਨ ਕਿਸੇ ਮੁਗਲੀਆ ਅਮੀਰ ਦਾ ਘਰ ਹੋਇਆ ਕਰਦਾ ਸੀ । ਛੱਤ ਉੱਤੋਂ ਚਾਰੇ ਪਾਸੇ ਮੁਗਲੀਆ ਰਾਜ ਦੇ ਸਮੇਂ ਦੀਆਂ ਹਵੇਲੀਆਂ, ਮਹੱਲਾਂ ਦੇ ਖੰਡਰ, ਸੁੱਕੇ ਤਲਾਅ, ਉਜੜੇ ਬਾਗ਼-ਬਗੀਚੇ ਦਿਸ ਰਹੇ ਸਨ। ਕਈ ਹਵੇਲੀਆਂ ਜੋ ਹਾਲੇ ਪੂਰੀ ਤਰ੍ਹਾਂ ਬਰਬਾਦ ਨਹੀਂ ਸੀ ਹੋਈਆਂ, ਵਿਚ ਕੁਝ ਸਿੱਖ ਸਰਦਾਰ ਅਤੇ ਫ਼ਰੰਗੀ ਅਫ਼ਸਰ ਆਦਿ ਰਹਿ ਰਹੇ ਸਨ । ਸਿੱਖ ਰਾਜ ਦੇ ਸਮੇਂ ਜਾਂ ਉਸ ਤੋਂ
ਕੁਝ ਵਰ੍ਹੇ ਪਹਿਲਾਂ ਲੋਕ ਇਹਨਾਂ ਉਜੜੇ ਹੋਏ ਮਹੱਲਾਂ ਹਵੇਲੀਆਂ ਦੇ ਫਰਸ਼ ਪੁੱਟ ਕੇ ਦੱਬੇ ਹੋਏ ਖਜ਼ਾਨੇ ਲੱਭਦੇ ਰਹੇ। ਜਿਸ ਮਕਾਨ 'ਚ ਮੈਕਸਵੈਲ ਰਹਿ ਰਿਹਾ ਸੀ, ਉਸ ਦੇ ਕਮਰਿਆਂ ਦੇ ਫਰਸ ਵੀ ਪੱਟੇ ਗਏ ਸਨ ਜਿਨਾਂ ਨੂੰ ਮੈਕਸਵੈਲ ਨੇ ਆ ਕੇ ਆਪ ਠੀਕ ਕੀਤਾ ਸੀ।
ਮੈਕਸਵੈਲ ਦੇ ਤਿਆਰ ਹੋਣ ਤੋਂ ਬਾਅਦ ਉਹ ਦੋਵੇਂ ਜਣੇ ਬਾਹਰ ਨਿਕਲ ਤਰੇ। ਕੁਝ ਦੇਰ ਬਾਅਦ ਇਕ ਕਾਫ਼ੀ ਵੱਡੇ ਅਤੇ ਸ਼ਾਨਦਾਰ ਮਹੱਲ ਕੋਲੋਂ ਲੰਘੇ ਜਿਸ ਦੇ ਵੱਡੇ ਸਾਰੇ ਦਰਵਾਜ਼ੇ ਉੱਤੇ ਕਾਫੀ ਵੱਡੇ ਅਕਾਰ ਦਾ ਜੰਦਰਾ ਲਮਕ ਰਿਹਾ ਸੀ ।
"ਇੱਥੇ ਸੰਧਾਵਾਲੀਏ ਭਰਾ ਰਿਹਾ ਕਰਦੇ ਸਨ।" ਮੈਕਸਵੈਲ ਦੱਸਣ ਲੱਗਾ।"ਕਿਸੇ ਵੇਲੇ ਇਹ ਸ਼ਾਹਜਹਾਨ ਦੇ ਪੱਤਰ ਦਾਰਾ ਸਕੋਹ ਦਾ ਮਹੱਲ ਹੁੰਦਾ ਸੀ ਜਿਸ ਨੂੰ ਉਸ ਦੇ ਭਰਾ ਔਰੰਗਜ਼ੇਬ ਨੇ ਕਤਲ ਕਰਕੇ ਉਸ ਦਾ ਸਿਰ ਲਾਲ ਕਿਲੇ ਦੇ ਦਰਵਾਜੇ 'ਤੇ ਟੰਗ ਦਿੱਤਾ ਸੀ। ਇੱਥੋਂ ਮਹਾਰਾਜਾ ਰਣਜੀਤ ਸਿੰਘ ਨੂੰ ਫਰਸ਼ ਥੱਲੇ ਦੱਬਿਆ ਕਾਫ਼ੀ ਵੱਡਾ ਖ਼ਜ਼ਾਨਾ ਮਿਲਿਆ ਸੀ।"
"ਹੂੰ ।" ਕੀਰਤ ਸਿੰਘ ਦਰਵਾਜ਼ੇ ਨਾਲ ਲਮਕਦੇ ਜੰਦਰੇ ਵੱਲ ਤੱਕਦਿਆਂ ਬੋਲਿਆ। "ਇਸੇ ਅਜੀਤ ਸਿੰਘ ਸੰਧਾਵਾਲੀਏ ਨੇ ਹੀ ਤਾਂ ਮਹਾਰਾਜਾ ਸ਼ੇਰ ਸਿੰਘ ਨੂੰ ਮਾਰਿਆ ਸੀ ਅਤੇ ਉਸ ਤੋਂ ਬਾਅਦ ਡੋਗਰਾ ਰਾਜਾ ਧਿਆਨ ਸਿੰਘ ਨੂੰ ।"
ਮੈਕਸਵੈਲ ਕੁਝ ਦੇਰ ਚੁੱਪ ਰਿਹਾ। ਫੇਰ ਬੋਲਿਆ, “ਮੈਨੂੰ ਸ਼ੇਰ ਸਿੰਘ ਦੀ ਮੌਤ ਦਾ ਬਹੁਤਾ ਅਫ਼ਸੋਸ ਨਹੀਂ। ਪਰ ਜਿਸ ਤਰ੍ਹਾਂ ਉਸ ਨੂੰ ਮਾਰਿਆ ਗਿਆ, ਉਹ ਸਿੱਖ ਰਾਜ ਲਈ ਬਹੁਤ ਨੁਕਸਾਨਦੇਹ ਸਿੱਧ ਹੋ ਰਿਹਾ ਹੈ।"
"ਅਤੇ ਧਿਆਨ ਸਿੰਘ ਡੋਗਰੇ ਬਾਰੇ ਕੀ ਖਿਆਲ ਹੈ ਤੇਰਾ ?"
"ਇਸ ਦੇ ਭਰਾ ਗੁਲਾਬ ਸਿੰਘ ਬਾਰੇ ਤਾਂ ਮੇਰੀ ਕੋਈ ਬਹੁਤੀ ਚੰਗੀ ਰਾਏ ਨਹੀਂ। ਪਰ ਮੇਰੇ ਖ਼ਿਆਲ ਮੁਤਾਬਿਕ ਇਹ ਧਿਆਨ ਸਿੰਘ ਖ਼ਾਲਸਾ ਰਾਜ ਦਾ ਹਤੈਸ਼ੀ ਹੀ ਸੀ। ਲੋਕਾਂ ਨੇ ਇਸ ਨੂੰ ਐਵੇਂ ਹੀ ਬਦਨਾਮ ਕੀਤਾ ਹੋਇਆ ਹੈ... ।"
ਹੁਣ ਤੱਕ ਉਹ ਦਾਰਾ ਸ਼ਕੋਹ ਦੇ ਮਹੱਲ ਤੋਂ ਕਾਫ਼ੀ ਅੱਗੇ ਨਿਕਲ ਆਏ ਸਨ। ਰਸਤੇ ਵਿੱਚ ਹੀ ਕੁਝ ਸਿਰਕੱਢ ਸਰਦਾਰਾਂ ਦੇ ਮਕਾਨ ਦਿਸ ਰਹੇ ਸਨ। ਸੜਕ ਦੇ ਇਕ ਪਾਸੇ ਸ਼ਾਹ ਕਾਜ਼ੀ ਦੀ ਦਰਗਾਹ ਦੇ ਸਾਹਮਣੇ ਇਕ ਰੁੱਖ ਥੱਲੇ ਦੋ ਸੂਫ਼ੀ ਫ਼ਕੀਰ ਬੈਠੇ ਗੱਲਾਂ ਕਰ ਰਹੇ ਸਨ। ਜਦੋਂ ਮੈਕਸਵੈਲ ਅਤੇ ਕੀਰਤ ਸਿੰਘ ਉਨ੍ਹਾਂ ਅੱਗਿਓਂ ਨਿਕਲੇ ਤਾਂ ਉਹ ਫਕੀਰ ਉਨ੍ਹਾਂ ਵੱਲ ਵਿੰਗੀ ਜਿਹੀ ਨਜ਼ਰ ਨਾਲ ਵੇਖਣ ਲੱਗੇ।
"ਬਲੱਡੀ ਜਸੂਸ ।" ਮੈਕਸਵੈਲ ਬੋਲਿਆ, "ਪਰ ਪਤਾ ਨਹੀਂ ਕਿਸ ਦੇ ਲਈ ਜਸੂਸੀ ਕਰ ਰਹੇ ਹਨ ? ਕਿਸੇ ਸਿੱਖ ਸਰਦਾਰ ਲਈ ਜਾਂ ਸਾਡੇ ਅੰਗਰੇਜ਼ਾਂ ਲਈ ? ਹੁਣ ਜਾ ਕੇ ਆਪਣੇ ਆਕਾ ਨੂੰ ਦੱਸਣਗੇ ਕਿ ਉਨ੍ਹਾਂ ਸਾਨੂੰ ਇਕੱਠਿਆਂ ਕਿਤੇ ਜਾਂਦਿਆਂ ਵੇਖਿਆ ਹੈ। ਮੁਮਕਿਨ ਹੈ ਕਿ ਇਨ੍ਹਾਂ 'ਚੋਂ ਕੋਈ ਸਾਡਾ ਪਿੱਛਾ ਵੀ ਕਰਨ ਲੱਗ ਪਏ।"
"ਕਰ ਲਵੇ ਪਿੱਛਾ, ਸਾਡਾ ਕੀ ਜਾਂਦਾ ।"
ਇਕ ਸਰਾਂ ਕੋਲੋਂ, ਜਿਸ ਦੇ ਬਾਹਰ ਊਠ, ਘੋੜੇ ਤੇ ਗੱਡੇ ਖੜੇ ਦਿਸ ਰਹੇ ਸਨ, ਲੰਘਦਿਆਂ, ਫੇਰ ਲਾਹੌਰੀ ਦਰਵਾਜ਼ੇ 'ਚੋਂ ਹੁੰਦਿਆਂ ਹੋਇਆਂ ਉਹ ਲਾਹੌਰ ਸ਼ਹਿਰ 'ਚ ਜਾ
ਦਾਖ਼ਲ ਹੋਏ। ਗਲੀਆਂ ਬਜ਼ਾਰਾਂ 'ਚ ਲੋਕੀ ਆਪਣੇ ਆਪਣੇ ਕੰਮਾਂ 'ਚ ਵਿਅਸਤ ਦਿਸ ਰਹੇ ਸਨ, ਪਰ ਉਨਾਂ ਦੇ ਚਿਹਰਿਆਂ 'ਤੇ ਕਿਸੇ ਤਰਾਂ ਦੀ ਰੌਣਕ ਨਹੀਂ ਸੀ। ਘਰਾਂ ਦੀਆਂ ਕੰਧਾਂ ਤੋਂ ਵੀ ਪੇਪੜੀਆਂ ਲੱਥੀਆਂ ਹੋਈਆਂ ਸਨ ਜਿਵੇਂ ਵਰ੍ਹਿਆਂ ਤੋਂ ਇਹਨਾਂ ਕੰਧਾਂ 'ਤੇ ਕਲੀ ਨਾ ਹੋਈ ਹੋਵੇ। ਲੱਗਦਾ ਸੀ ਜਿਵੇਂ ਲੋਕਾਂ ਦੇ ਮਨਾਂ 'ਚ ਕਿਸੇ ਡੂੰਘੀ ਉਦਾਸੀ ਨੇ ਡੇਰੇ ਜਮਾ ਲਏ ਹੋਏ ਹਨ। ਗੱਲਾਂ ਕਰਦਿਆਂ ਕਿਸੇ ਵੇਲੇ ਹੱਸਦੇ ਸਨ, ਪਰ ਝਟ ਹੀ ਇਹ ਹਾਸਾ ਬੰਦ ਹੋ ਜਾਂਦਾ ਸੀ, ਜਿਵੇਂ ਸ਼ਹਿਰ ਦੇ ਲੋਕ ਕੁਝ ਵਾਪਰ ਜਾਣ ਦੀ ਉਡੀਕ ਕਰ ਰਹੇ ਹੋਣ- ਕਿਸੇ ਸਰਦਾਰ ਜਾਂ ਰਾਣੀ ਦੇ ਕਤਲ ਹੋ ਜਾਣ ਦੀ ਜਾਂ ਫਰੰਗੀਆਂ ਦੁਆਰਾ ਪੂਰਾ ਸ਼ਹਿਰ 'ਤੇ ਕਬਜ਼ਾ ਜਮਾ ਲੈਣ ਦੀ ਖ਼ਬਰ। ਜਿਨ੍ਹਾਂ ਫਰੰਗੀਆਂ ਦੀ ਗਿਣਤੀ ਹੁਣ ਲਾਹੌਰ ਸ਼ਹਿਰ 'ਚ ਵਧਦੀ ਜਾ ਰਹੀ ਸੀ। ਇੰਜ ਲੱਗਦਾ ਸੀ ਜਿਵੇਂ ਕਈ ਵਰ੍ਹਿਆਂ ਤੋਂ ਲਾਹੌਰ ਸ਼ਹਿਰ 'ਚ ਵਾਪਰੀ ਸਿੱਖਾ ਸ਼ਾਹੀ ਫਰੰਗੀਆਂ ਨਾਲ ਹੋਈਆਂ ਦੋ ਤਿੰਨ ਲੜਾਈਆਂ 'ਚ ਹਾਰ ਜਾਣ ਤੋਂ ਬਾਅਦ ਇਕ ਐਸੀ ਨਿਰਾਸ਼ਾ 'ਚ ਜਿਉਂਦਿਆਂ ਜਿਵੇਂ ਹੌਂਸਲੇ ਹੀ ਹਾਰ ਬੈਠੇ ਸਨ। ਧੋਖਾ-ਧੜੀ ਅਤੇ ਕਤਲ ਦੀਆਂ ਵਾਰਦਾਤਾਂ ਬਾਰੇ ਸੁਣ ਕੇ ਲਾਹੌਰ ਵਾਸੀਆਂ ਨੂੰ ਹੁਣ ਨਾ ਕੋਈ ਹੈਰਾਨੀ ਹੁੰਦੀ ਸੀ ਨਾ ਅਫਸੋਸ। ਹੈਰਾਨੀ, ਦੁੱਖ ਦੇ ਅਨੁਭਵ ਤੋਂ ਕਾਫੀ ਥੱਲੇ ਦੀ ਦਿਸ਼ਾ ਵੱਲ ਪਹੁੰਚ ਗਏ ਸਨ। ਈਮਾਨਦਾਰੀ, ਵਫ਼ਾਦਾਰੀ, ਭਲਾਈ ਆਦਿ ਵਰਗੀਆਂ ਗੱਲਾਂ 'ਚ ਯਕੀਨ ਰੱਖਣ ਵਾਲਿਆਂ ਨੇ ਜਾਂ ਤੇ ਚੁੱਪ ਸਾਧ ਲਈ ਸੀ ਜਾਂ ਸ਼ਹਿਰ ਛੱਡ ਕੇ ਚਲੇ ਗਏ ਜਾਂ ਸਭ ਕੁਝ ਤਕਦੀਰ ਉੱਤੇ ਛੱਡ ਦਿੱਤਾ ਹੋਇਆ ਸੀ; ਜੋ ਹੋਵੇਗਾ, ਵੇਖਿਆ ਜਾਵੇਗਾ...।" ਇਹ ਉਦਾਸੀਨਤਾ ਕੇਵਲ ਉਦਾਸੀ ਨਹੀਂ ਸੀ, ਬਲਕਿ, ਇਸ ਵਿੱਚ ਘੁਲੀ-ਮਿਲੀ ਹੋਈ ਸੀ ਸ਼ਹਿਰ ਵਾਸੀਆਂ ਦੀ ਇੱਛਾ-ਹੀਣਤਾ, ਭੈਅ ਅਤੇ ਅਸ਼ੰਕਾਵਾਂ। ਲੱਗਦਾ ਸੀ ਜਿਵੇਂ ਲਾਹੌਰ ਸ਼ਹਿਰ ਦੀਆਂ ਕੰਧਾਂ ਅਤੇ ਵਾਤਾਵਰਨ ਕੋਈ ਸੰਤਾਪ ਹੰਢਾ ਰਹੀਆਂ ਹੋਣ, ਸਿਸਕੀਆਂ ਲੈ-ਲੈ ਕੇ ਰੋ ਰਹੀਆਂ ਹੋਣ, ਮਾਤਮ ਮਨਾ ਰਹੀਆਂ ਹੋਣ। ਸੋਗੀ ਵਾਤਾਵਰਨ ਤੋਂ ਪ੍ਰਭਾਵਤ ਹੋਏ ਬਿਨਾਂ ਮੈਕਸਵੈਲ ਅਤੇ ਕੀਰਤ ਸਿੰਘ ਵੀ ਨਾ ਰਹਿ ਸਕੇ।
ਹੀਰਾ ਮੰਡੀ ਦਾ ਬਜ਼ਾਰ ਆਮ ਬਜ਼ਾਰਾਂ ਤੋਂ ਜ਼ਿਆਦਾ ਸਾਫ਼ ਸੀ । ਦੋਵੇਂ ਪਾਸੇ ਫੁੱਲਾਂ, ਪਾਨ ਅਤੇ ਸ਼ਰਾਬ ਦੀਆਂ ਦੁਕਾਨਾਂ । ਸਜੀ ਫਬੀ ਕੋਈ ਕੰਜਰੀ ਬਜ਼ਾਰ 'ਚੋਂ ਲੰਘਦਿਆਂ ਕਿਸੇ ਅਮੀਰ ਦਿਸਦੇ ਆਦਮੀ ਨੂੰ ਵੇਖਦੀ ਤਾਂ ਮੁਸਕਰਾ ਕੇ 'ਆਦਾਬ' ਕਰਦੀ। ਅੱਗਿਓਂ ਹਰ ਕੋਈ ਉਸ ਦੇ ਆਦਾਬ ਦਾ ਵਾਜਬ ਜਵਾਬ ਦੇਂਦਾ। ਨਾ ਕੋਈ ਕਿਸੇ ਕੰਜਰੀ ਨਾਲ ਮਸ਼ਕਰੀ ਕਰਦਾ ਅਤੇ ਨਾ ਹੀ ਅਨੁਚਿਤ ਗੱਲ ਮੂੰਹੋਂ ਕੱਢਦਾ।
ਉਹ ਚੋਰ ਅੱਖਾਂ ਨਾਲ ਛੱਜਿਆਂ, ਵਰਾਂਡਿਆਂ 'ਚ ਕੰਜਰੀਆਂ ਨੂੰ ਖੜਾ ਵੇਖਦੇ ਰਹੇ। ਦੋਹਾਂ 'ਚ ਕਿਸੇ ਦੀ ਹਿੰਮਤ ਨਾ ਪਈ ਨੇੜੇ ਜਾਣ ਜਾਂ ਪੌੜੀਆਂ ਚੜ੍ਹਨ ਦੀ।
"ਦਰਅਸਲ ਕਿਸੇ ਤਜਰਬੇਕਾਰ ਨੂੰ ਨਾਲ ਲੈ ਕੇ ਆਉਣਾ ਚਾਹੀਦਾ ਸੀ।" ਮੈਕਸਵੈਲ ਇਕ ਨੁੱਕਰੇ ਖੜੇ ਹੁੰਦਿਆਂ ਬੋਲਿਆ।
"ਚੱਲ ਚੱਲੀਏ ਫੇਰ ਵਾਪਸ ।” ਕੀਰਤ ਸਿੰਘ ਨੇ ਇੱਥੋਂ ਭੱਜ ਨਿਕਲਣ ਦਾ ਰਸਤਾ ਵੇਖਦਿਆਂ ਆਖਿਆ।
ਹਾਲੇ ਉਹ ਸੋਚ ਹੀ ਰਹੇ ਸਨ ਕਿ ਕੀ ਕਰਨ, ਇਕ ਬਹੁਤ ਸੋਹਣੀ ਤੀਵੀਂ ਉਨ੍ਹਾਂ ਦੇ ਕੋਲੋਂ ਲੰਘੀ। ਤਿਰਛੀ ਜਿਹੀ ਨਜ਼ਰ ਨਾਲ ਉਹਨਾਂ ਵੱਲ ਤੱਕਦਿਆਂ ਹਲਕਾ ਜਿਹਾ ਮੁਸਕਰਾਈ ਅਤੇ ਅੱਗੇ ਲੰਘ ਗਈ। ਮੈਕਸਵੈਲ ਨੇ ਕੀਰਤ ਵੱਲ ਅੱਖਾਂ ਹੀ ਅੱਖਾਂ 'ਚ ਇਸ਼ਾਰਾ ਕੀਤਾ ਅਤੇ ਉਹ ਦੋਵੇਂ ਉਸ ਦੇ ਪਿੱਛੇ-ਪਿੱਛੇ ਤੁਰ ਪਏ। ਫੇਰ ਉਹ ਇਕ ਆਲੀਸ਼ਾਨ ਮਕਾਨ ਦੀਆਂ ਪੌੜੀਆਂ ਚੜ੍ਹਨ ਲੱਗੀ। ਉਹ ਵੀ ਉਸ ਦੇ ਪਿੱਛੇ-ਪਿੱਛੇ। ਉੱਪਰ ਜਾ ਕੇ ਉਨ੍ਹਾਂ ਨੇ ਆਪਣੀਆਂ ਜੁੱਤੀਆਂ ਉਤਾਰੀਆਂ ਅਤੇ ਇਕ ਵੱਡੇ ਸਾਰੇ ਕਮਰੇ ਦੇ ਅੰਦਰ ਵੜ ਗਏ। ਕਮਰੇ ਦੇ ਦੋ ਪਾਸੇ ਮਲਮਲ ਦੇ ਪਰਦੇ ਅਤੇ ਕੰਧਾਂ ਉੱਤੇ ਦੋ ਤਿੰਨ ਤਸਵੀਰਾਂ ਉਕਰੀਆਂ ਹੋਈਆਂ, ਜਿਆਦਾਤਰ ਸਾਜ਼ਾਂ ਦੀਆਂ। ਕਮਰੇ ਦੇ ਤਿੰਨ ਪਾਸੇ ਗੱਦੇ ਵਿਛੇ ਹੋਏ। 'ਉਹ ਔਰਤ' ਇਕ ਪਰਦੇ ਪਿੱਛੇ ਖੜੀ ਉਨ੍ਹਾਂ ਵੱਲ ਵੇਖਦਿਆਂ ਜਿਵੇਂ ਉਨ੍ਹਾਂ ਦੀ ਔਕਾਤ ਦਾ ਮੁਲਾਂਕਣ ਕਰ ਰਹੀ ਸੀ।
ਪਰਦੇ 'ਚੋਂ ਬਾਹਰ ਨਿਕਲ ਕੇ ਬੜੀ ਅਦਾ ਅਤੇ ਸਲੀਕੇ ਨਾਲ ਉਸਨੇ ਦੋਹਾਂ ਨੂੰ ਸਲਾਮ ਕਰਦਿਆਂ ਬੈਠਣ ਦਾ ਇਸ਼ਾਰਾ ਕੀਤਾ। ਉਨਾਂ ਦੇ ਬੈਠਦਿਆਂ ਸਾਜਿੰਦਾ ਵੀ ਆ ਕੇ ਆਪਣੇ-ਆਪਣੇ ਸਾਜ਼ਾਂ ਸਾਹਮਣੇ ਬੈਠ ਗਏ। ਇਕ ਕਨੀਜ਼ ਨੇ ਆ ਕੇ ਦੋਹਾਂ ਨੂੰ ਪਾਨ ਪੇਸ਼ ਕੀਤਾ। ਜਿਵੇਂ ਕਿ ਮੈਕਸਵੈਲ ਨੂੰ ਦੱਸਿਆ ਗਿਆ ਸੀ, ਉਸਨੇ ਇਕ ਚਾਂਦੀ ਦਾ ਰੁਪਈਆ ਉਸ ਦੀ ਥਾਲੀ 'ਚ ਰੱਖ ਦਿੱਤਾ। ਕੀਰਤ ਸਿੰਘ ਨੇ ਵੀ ਇਸੇ ਤਰ੍ਹਾਂ ਕੀਤਾ।
"ਕੀ ਸੁਣਨਾ ਚਾਹੋਗੇ, ਗ਼ਜ਼ਲ, ਦਾਦਰਾ, ਠੁਮਰੀ... ?"
"ਜੋ ਵੀ ਤੁਹਾਡਾ ਦਿਲ ਕਰੇ ।" ਮੈਕਸਵੈਲ ਨੇ ਠੇਠ ਪੰਜਾਬੀ ਲਹਿਜੇ 'ਚ ਆਖਿਆ।
ਉਸ ਨੂੰ ਠੇਠ ਪੰਜਾਬੀ ਬੋਲਦਿਆਂ ਵੇਖ ਕੇ ਉਹ ਕੁਝ ਹੈਰਾਨ ਹੋਈ ਅਤੇ ਸਾਜ਼ਿੰਦਿਆਂ ਨੂੰ ਇਸ਼ਾਰਾ ਕਰਕੇ ਇਕ ਠੁਮਰੀ ਸੁਣਾਈ, ਉਸ ਤੋਂ ਬਾਅਦ ਦੂਜੀ, ਅਤੇ ਫੇਰ ਉਨ੍ਹਾਂ ਵੱਲ ਕੁਝ ਸਵਾਲੀਆਂ ਅਤੇ ਆਸ ਭਰੀਆਂ ਨਜ਼ਰਾਂ ਨਾਲ ਤੱਕਿਆ।
"ਵਾਹ, ਵਾਹ, ਬਹੁਤ ਖੂਬ" ਕਹਿੰਦਿਆਂ ਮੈਕਸਵੈਲ ਨੇ ਚਾਂਦੀ ਦੇ ਵੀਹ ਅਤੇ ਕੀਰਤ ਨੇ ਦਸ ਰੁਪਈਏ ਉਸ ਦੇ ਸਾਹਮਣੇ ਰੱਖ ਦਿੱਤੇ। ਗਾਉਣ ਵਾਲੀ ਨੇ ਹਕਾਰਤ ਭਰੀਆਂ ਨਜ਼ਰਾਂ ਨਾਲ ਉਨ੍ਹਾਂ ਰੁਪਈਆਂ ਵੱਲ ਤੱਕਿਆ ਅਤੇ ਮੂੰਹ ਬਣਾਉਂਦਿਆਂ ਉੱਠ ਖੜੀ ਹੋਈ ਅਤੇ ਫੇਰ ਪਿੱਠ ਮੋੜ ਕੇ ਚਲੀ ਗਈ। ਮੈਕਸਵੈਲ ਨੂੰ ਸਮਝ ਨਾ ਆਇਆ ਕਿ ਉਨ੍ਹਾਂ ਕੋਲੋਂ ਕੀ ਗਲਤੀ ਹੋ ਗਈ।
ਉਨ੍ਹਾਂ ਨੂੰ ਬੌਂਦਲਿਆ ਵੇਖ ਕੇ ਇਕ ਸਾਜ਼ਿੰਦਾ ਬੋਲਿਆ :
"ਤੁਹਾਨੂੰ ਸ਼ਾਇਦ ਪਤਾ ਨਹੀਂ ; ਇਹ ਹੀਰਾ ਮੰਡੀ ਦੀ ਸਭ ਤੋਂ ਮਸ਼ਹੂਰ ਤੁਆਇਫ਼ ਹੈ। ਇੰਨੇ ਰੁਪੈ ਤਾਂ ਰਸੀਏ ਪਾਨ ਵਾਲੀ ਦੀ ਥਾਲੀ 'ਚ ਰੱਖ ਦੇਂਦੇ ਹਨ।"
"ਉਹ । ਸਾਨੂੰ ਨਹੀਂ ਸੀ ਪਤਾ। ਨਾਲੇ ਮੈਂ ਤਾਂ ਅਜਨਬੀ ਹਾਂ ਇਸ ਸ਼ਹਿਰ 'ਚ। ਹੀਰਾ ਮੰਡੀ ਜਾਂ ਕਿਸੇ ਤੁਆਇਫ਼ ਦੇ ਕੋਠੇ 'ਤੇ ਵੀ ਪਹਿਲੀ ਵਾਰ ਆਇਆ ਹਾਂ।" ਮੈਕਸਵੈਲ ਬੋਲਿਆ।
"ਤਾਂ ਫੇਰ ਇਸ ਚੁਬਾਰੇ ਦੀਆਂ ਪੌੜੀਆਂ ਕਿਉਂ ਚੜ੍ਹ ਆਏ ?" ਤੁਆਇਫ਼ ਪਰਦੇ ਪਿਛਿਓਂ ਨਿਕਲ ਕੇ ਉਨ੍ਹਾਂ ਸਾਹਮਣੇ ਬੈਠਦਿਆਂ ਬੋਲੀ।
'ਆਪਣੀ ਗੁਸਤਾਖੀ ਅਤੇ ਨਾਸਮਝੀ ਦੀ ਖਿਮਾਂ ਚਾਹੁੰਦਾ ਹਾਂ।" ਮੈਕਸਵੈਲ ਨੇ ਨਿਮਰਤਾ ਨਾਲ ਕਿਹਾ। ਬਸ, ਤੁਹਾਡੀਆਂ ਨਜ਼ਰਾਂ ਨੂੰ ਸੌਦਾ ਸਮਝ ਲਿਆ ਅਤੇ ਪਿੱਛੇ ਤੁਰੀ ਆਏ ਜਿਵੇਂ ਲੋਹੇ ਨੂੰ ਮਿਕਨਾਤੀਸ ਖਿੱਚ ਲਿਆਉਂਦਾ ਹੈ। ਤੁਸੀਂ ਵੀ ਮੈਨੂੰ ਕੋਈ ਅਮੀਰ ਫਰੰਗੀ ਅਫਸਰ ਸਮਝ ਲਿਆ ਹੋਵੇਗਾ।"
ਤੁਆਇਫ ਨੇ ਮੁਸਕਰਾ ਕੇ ਉਨਾਂ ਵੱਲ ਤੱਕਿਆ ਅਤੇ ਫੇਰ ਆਪਣੇ ਕੀਮਤੀ ਪਰਦਿਆਂ ਅਤੇ ਛਤ ਨਾਲ ਟੰਗੇ ਫਾਨੂਸਾਂ ਵੱਲ ਤੱਕਦਿਆਂ ਬੋਲੀ :
"ਮੋਰਾਂ ਕੰਚਨੀ ਵੀ ਇੱਥੇ ਦੀ ਹੀ ਸੀ, ਮਾਸੀ ਵੀ ਕਹਿ ਸਕਦੀ ਹਾਂ ਮੈਂ ਉਸਨੂੰ।“
“ਸਕੀ ਮਾਸੀ?" ਕੀਰਤ ਸਿੰਘ ਬੋਲਿਆ।
"ਸਿਆਸਤ ਅਤੇ ਕੰਚਨੀ ਦੇ ਕੋਠੇ 'ਤੇ ਕੋਈ ਕਿਸੇ ਦਾ ਸਕਾ ਨਹੀਂ ਹੁੰਦਾ।“ ਕੰਚਨੀ ਬੋਲੀ।
"ਇਹ ਸਾਡੀ ਦੂਹਰੀ, ਤੀਹਰੀ, ਖੁਸ਼ਕਿਸਮਤੀ ਕਿ ਸਾਨੂੰ ਹੀਰਾ ਮੰਡੀ ਦੇ ਸਭ ਤੇ ਮਸ਼ਹੂਰ ਕੋਠੇ, ਸਭ ਤੋਂ ਬਿਹਤਰ ਗਾਉਣ ਵਾਲੀ ਅਤੇ ਸਭ ਤੋਂ ਹਸੀਨ ਤੇ ਜ਼ਹੀਨ ਔਰਤ ਦੀ ਸੋਹਬਤ ਹਾਸਲ ਹੋਈ । ਫੇਰ ਕੁੱਝ ਰੁਕ ਕੇ ਮੈਕਸਵੈਲ ਬੋਲਿਆ," ਤੁਹਾਡੇ ਰੰਗ ਅਤੇ ਰੂਪ ਤੋਂ ਲੱਗਦਾ ਹੈ ਕਿ ਤੁਸੀਂ ਕਸ਼ਮੀਰ ਦੇ ਰਹਿਣ ਵਾਲੇ ਹੋਵੋਗੇ।"
ਸੁਣ ਕੇ ਕੰਚਨੀ ਦੇ ਬੱਲ੍ਹਾਂ 'ਤੇ ਵਿਅੰਗਮਈ ਮੁਸਕਾਨ ਖਿੰਡਰ ਗਈ। ਕੁਝ ਦੇਰ ਸੋਚਦੀ ਰਹੀ, ਫੇਰ ਬੋਲੀ :
“ਤੁਸੀ ਕੋਹ ਸੁਲੇਮਾਨ ਅਤੇ ਕੋਹਕਾਫ਼ ਦੀਆਂ ਔਰਤਾਂ ਨਹੀਂ ਵੇਖੀਆਂ। ਉੱਥੋਂ ਦੀਆਂ ਔਰਤਾਂ ਵਰਗਾ ਹੁਸਨ ਸਾਰੇ ਜਹਾਨ 'ਚ ਹੋਰ ਕਿਤੇ ਨਹੀਂ। ਤਾਹੀਓਂ ਸਾਡੀਆਂ ਔਰਤਾਂ ਸਭ ਤੋਂ ਵੱਧ ਚੁੱਕੀਆਂ ਅਤੇ ਵੇਚੀਆਂ ਜਾਂਦੀਆਂ ਹਨ। ਕੁੱਲੂ-ਕਾਂਗੜਾ ਦੀਆਂ ਔਰਤਾਂ ਮੈਦਾਨੀ ਲੋਕਾਂ ਦੇ ਘਰਾਂ ਦਾ ਕੰਮ ਕਰਨ ਲਈ ਅਤੇ ਅਸੀਂ ਆਦਮੀ ਦੀ ਐਸ਼-ਓ-ਅਸ਼ਰਤ ਲਈ।" ਉਸ ਦੇ ਬੋਲਾਂ 'ਚ ਜਿਵੇਂ ਸਮੁੱਚੀ ਇਸਤਰੀ ਜਾਤੀ ਦੀ ਹੋਣੀ ਬੋਲ ਰਹੀ ਸੀ।
ਗੱਲਾਂ ਹੀ ਗੱਲਾਂ 'ਚ ਜਦੋਂ ਕੰਚਨੀ, ਜਿਸਦਾ ਨਾਮ ਹੁਣ 'ਆਫਤਾਬ ਬੇਗਮ ਸੀ, ਨੂੰ ਪਤਾ ਲੱਗਾ ਕਿ ਮੈਕਸਵੈਲ ਰਬਾਬ ਦੀ ਕਿਸਮ ਦਾ ਇਕ ਸਾਜ਼ ਵਾਇਲਨ ਵਜਾਉਂਦਾ ਅਤੇ ਸ਼ਿਅਰੋ-ਓ-ਸ਼ਾਇਰੀ ਵਿੱਚ ਵੀ ਸ਼ੌਕ ਰੱਖਦਾ ਹੈ ਤਾਂ ਉਸ ਦੀ ਜਿਗਿਆਸਾ ਵਲੈਤੀ ਸੰਗੀਤ ਬਾਰੇ ਜਾਗ ਪਈ। ਉਸ ਆਖਿਆ ਕਿ ਉਹ ਇਸ ਵੇਲੇ ਚਲੇ ਜਾਣ, ਅਤੇ ਕਿਸੇ ਹੋਰ ਦਿਨ, ਦੋ ਦਿਨ ਬਾਅਦ ਆਉਣ, ਨਾਲ ਉਹ ਆਪਣੀ ਵਾਇਲਨ ਵੀ ਲੈ ਕੇ ਆਵੇ...।
ਦੋ ਦਿਨ ਬਾਅਦ ਜਦ ਮੈਕਸਵੈਲ ਤੇ ਕੀਰਤ ਉਸ ਕੋਲ ਪਹੁੰਚੇ ਤਾਂ ਆਫ਼ਤਾਬ ਬੇਗਮ ਨੇ ਉਸ ਰਾਤ ਦੀ ਮਹਿਫ਼ਲ ਮੁਲਤਵੀ ਕਰ ਦਿੱਤੀ ਹੋਈ ਸੀ । ਉਹ ਉਨ੍ਹਾਂ ਨੂੰ ਆਪਣੇ ਨਿਜੀ ਕਮਰੇ 'ਚ ਲੈ ਗਈ ਅਤੇ ਵਾਇਲਨ, ਵਲੈਤੀ ਸੰਗੀਤ ਅਤੇ ਇੰਗਲਿਸਤਾਨ ਦੀਆਂ ਤੁਆਇਫਾਂ ਬਾਰੇ ਪੁੱਛਦੀ ਰਹੀ। ਇਹ ਜਾਣ ਕੇ ਉਸ ਨੂੰ ਬਹੁਤ ਹੈਰਾਨੀ ਹੋਈ ਕਿ ਉੱਥੋਂ ਦੀਆਂ ਤੁਆਇਫਾਂ ਸਿਰਫ਼ ਵੇਸਵਾਵਾਂ ਹੀ ਹੁੰਦੀਆਂ ਹਨ ਜਿਸਮ ਦਾ ਧੰਦਾ ਕਰਨ ਵਾਲੀਆਂ। ਨਾ ਨੱਚਣਾ, ਨਾ ਗਾਣਾ, ਨਾ ਕੋਈ ਤੌਰ ਤਰੀਕੇ
"ਤੁਹਾਨੂੰ ਆਪਣਾ ਮੁਲਕ ਛੱਡ ਕੇ ਇੱਥੇ ਰਹਿਣਾ ਕਿਵੇਂ ਲੱਗਦਾ ਹੈ ?" ਆਫਤਾਬ ਬੇਗਮ ਨੇ ਪੁੱਛਿਆ।
"ਮੈਨੂੰ ਤੇ ਲੱਗਦਾ ਹੈ ਕਿ ਪਿਛਲੇ ਜਨਮ 'ਚ ਮੈਂ ਇੱਥੇ ਹੀ ਜੰਮਿਆ ਸੀ ।"
“ਛੜਾ ਛੜਾਂਗ ਏ ਕਿ.. ਕਿ ਕੋਈ ਮੇਮ ਛੱਡ ਆਇਆਂ ਏਂ ਪਿੱਛੇ ?"
“ਮੈਂ ਇੰਨਾ ਬਦਕਿਸਮਤ ਤੇ ਨਹੀਂ, ਅਤੇ ਨਾ ਹੀ ਕਿਸੇ ਨੂੰ ਪਿੱਛੇ ਛੱਡ ਕੇ ਆਇਆ ਹਾਂ।“
"ਇੱਥੇ ਕਿੱਥੋਂ ਮਿਲੀ ?" ਅਜੀਬ ਗੱਲ ਇਹ ਹੈ ਕਿ ਸਾਡੇ ਕੰਚਨੀਆਂ ਸਾਹਮਣੇ ਹਰ ਕਈ ਸੱਚੋ ਸੱਚ ਬੋਲ ਜਾਂਦਾ ਹੈ ਜਿਵੇਂ ਆਪਣੇ ਅੰਦਰ ਦੀ ਕੁੜੱਤਣ ਕੱਢ ਰਿਹਾ ਹੋਵੇ।
"ਕਸ਼ਮੀਰ ਦੀ ਹੈ ਉਹ।" ਮੈਕਸਵੈਲ ਨੇ ਇੰਜ ਆਖਿਆ ਜਿਵੇਂ ਉਹ ਕੁੜੀ ਉਸ ਦੀਆਂ ਅੱਖਾਂ ਸਾਹਮਣੇ ਖੜੀ ਹੋਵੇ।"
"ਕਸ਼ਮੀਰੋਂ ਲੈ ਕੇ ਆਏ ਜਾਂ ਮੁੱਲ ਖ਼ਰੀਦੀ ਹੋਈ ?"
"ਨਾ ਕਸ਼ਮੀਰੋਂ, ਨਾ ਮੁੱਲ ਖਰੀਦੀ। ਬਸ ਮਿਲ ਗਈ।"
"ਬਹੁਤ ਖੂਬਸੂਰਤ ਹੋਵੇਗੀ ?" ਆਫਤਾਬ ਬੇਗਮ ਬੋਲੀ।
"ਹਾਂ, ਕਾਫੀ ਖੂਬਸੂਰਤ । ਖੂਬਸੂਰਤੀ ਅਤੇ ਗਰੀਬੀ ਦਾ ਮੇਲ ਖੂਬਸੂਰਤ ਔਰਤ ਨੂੰ ਰੋਲ ਦੇਂਦਾ ਹੈ।" ਮੈਕਸਵੈਲ ਨੇ ਆਖਿਆ। "ਮੈਂ ਆਪ ਕਦੀ ਕਸ਼ਮੀਰ ਨਹੀਂ ਗਿਆ। ਪਰ ਕਹਿੰਦੇ ਨੇ ਕਿ ਬਹੁਤ ਖੂਬਸੂਰਤੀ ਹੈ ਕਸ਼ਮੀਰ ਵਿੱਚ।"
ਆਫਤਾਬ ਬੇਗਮ ਨੇ ਠੰਡਾ ਜਿਹਾ ਸਾਹ ਭਰਿਆ। ਇਕ ਦੋ ਪਲ ਅੱਖਾਂ ਬੰਦ ਕਰਕੇ ਬੈਠੀ ਰਹੀ। ਫੇਰ ਬੋਲੀ :
"ਸਾਡੇ ਕਬੀਲੇ ਦੀਆਂ ਔਰਤਾਂ ਦੀ ਖੂਬਸੂਰਤੀ ਦਾ ਕੋਈ ਮੁਕਾਬਲਾ ਨਹੀਂ। ਤਾਹੀਓਂ ਤੇ ਲੁਟੇਰਿਆਂ ਦੁਆਰਾ ਚੁੱਕੀਆ ਜਾਂਦੀਆਂ ਹਨ। ਪਰ-ਪਰ ਵੇਖੋ ਕਿਸਮਤ ਦੇ ਹੇਰ-ਫੇਰ । ਤਕਰੀਬਨ ਇਕੋ ਥਾਂ ਤੋਂ ਗੁਲਬਾਨੋ ਚੁੱਕੀ ਗਈ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਬੇਗ਼ਮ ਬਣੀ। ਮੈਂ ਚੁੱਕੀ ਗਈ ਤਾਂ ਤੁਆਇਫ ।"
"ਗੁਲਬਾਨੋ ?" ਕੀਰਤ ਸਿੰਘ ਆਪਣੇ ਮਸਤਕ 'ਤੇ ਜ਼ੋਰ ਪਾਉਂਦਿਆਂ ਬੋਲਿਆ। "ਮੈਂ ਵੇਖਿਆ ਤੇ ਕਦੇ ਨਹੀਂ ਪਰ ਸੁਣਿਆ ਜ਼ਰੂਰ ਹੈ ਉਨ੍ਹਾਂ ਬਾਰੇ । ਤੁਸੀਂ ਮਿਲੇ ਕਦੀ ਉਨ੍ਹਾਂ ਨੂੰ?"
"ਹਾਂ, ਇਕ ਵਾਰੀ ਉਨ੍ਹਾਂ ਆਪ ਹੀ ਬੁਲਾ ਭੇਜਿਆ ਸੀ ।"
"ਹੁਣ ਕਿੱਥੇ ਹਨ ?" ਕੀਰਤ ਸਿੰਘ ਨੇ ਪੁੱਛਿਆ।
"ਸੁਣਿਆ ਹੈ ਕਿ ਕਸ਼ਮੀਰ ਤੋਂ ਬਹੁਤ ਪਰ੍ਹੇ ਕਿਤੇ ਲੱਦਾਖ-ਲੱਦੂਖ ਚਲੀ ਗਈ ਹੈ। ਫੇਰ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਬੋਲੀ :
"ਕਿਸਮਤ ਅਤੇ ਹਾਲਾਤ ਬੰਦੇ ਨੂੰ ਕਿੱਥੇ ਦਾ ਕਿੱਥੇ ਲੈ ਜਾਂਦੇ ਹਨ।"
***
“ਤੂੰ ਦੱਸਿਆ ਨਹੀਂ ਪਹਿਲਾਂ ਕਦੀ ਉਸ ਕਸ਼ਮੀਰੀ ਹੁਸੀਨਾ ਬਾਰੇ?" ਚੁਬਾਰੇ ਦੇ ਬਾਹਰ ਨਿਕਲਦਿਆਂ ਕੀਰਤ ਨੇ ਮੈਕਸਵੈਲ ਨੂੰ ਆਖਿਆ।
"ਦੱਸਦਾ ਹਾਂ, ਦੱਸਦਾ ਹਾਂ।" ਤੇ ਮੈਕਸਵੈਲ ਦੱਸਣ ਲੱਗਾ :
"ਗੱਲ ਇਸ ਤਰ੍ਹਾਂ ਹੋਈ ਕਿ ਜਦ ਮੈਂ ਆਪਣਾ ਘਰ ਬਦਲਿਆ ਤਾਂ ਵੇਖਿਆ ਕਿ ਉਸ ਦੇ ਕਮਰਿਆਂ ਦੇ ਫਰਸ਼ ਬਹੁਤ ਖਰਾਬ ਹਨ। ਫਰਸ਼ ਦੁਬਾਰਾ ਬਣਵਾਉਣ ਦੀ ਬਜਾਏ ਮੈਂ ਉਨਾਂ 'ਤੇ ਗਲੀਚੇ ਵਿਛਾਉਣਾ ਬਿਹਤਰ ਸਮਝਿਆ। ਬਸ ਸਮਝ ਲੈ ਕਿ ਗਲੀਚਿਆਂ ਨਾਲ ਇਹ ਹੁਸੀਨਾ ਵੀ ਮਿਲ ਗਈ।"
"ਐਵੇਂ ਬੁਝਾਰਤਾਂ ਨਾ ਪਾ ।"
"ਹੋਇਆ ਇਹ ਕਿ ਬਜ਼ਾਰ 'ਚ ਗਲੀਚਿਆਂ, ਸ਼ਾਲਾਂ ਦੀ ਇਕ ਵੱਡੀ ਸਾਰੀ ਦੁਕਾਨ ਵੇਖ ਕੇ ਮੈਂ ਉਸ ਅੰਦਰ ਜਾ ਵੜਿਆ। ਮਹਿੰਦੀ ਰੰਗੀ ਦਾਹੜੀ ਵਾਲਾ ਦੁਕਾਨਦਾਰ, ਜੋ ਆਪਣੇ ਪਹਿਰਾਵੇ ਅਤੇ ਸ਼ਕਲ ਤੋਂ ਅਫ਼ਗਾਨ ਲੱਗਦਾ ਸੀ, ਬੜੀ ਅਪਣੱਤ ਨਾਲ ਪੇਸ਼ ਆਇਆ। ਹਦਵਾਣਿਆਂ ਦਾ ਤਾਜ਼ਾ ਸ਼ਰਬਤ ਪਿਲਾਇਆ ਅਤੇ ਗਲੀਚੇ ਵਿਖਾਉਂਦਿਆਂ ਗੱਲਾਂ ਵੀ ਕਰਦਾ ਗਿਆ। ਮੈਨੂੰ ਠੇਠ ਪੰਜਾਬੀ ਬੋਲਦਿਆਂ ਵੇਖ ਕੇ ਕੁਝ ਹੈਰਾਨ ਵੀ ਹੋਇਆ।"
"ਉਸ ਦੱਸਿਆ ਕਿ ਉਸ ਦੇ ਭਰਾਵਾਂ, ਭਤੀਜਿਆਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਹਨ-ਲਾਹੌਰ ਦੇ ਇਲਾਵਾ ਮੁਲਤਾਨ, ਪਸ਼ੌਰ ਅਤੇ ਕਾਬੁਲ ਵਿੱਚ। ਈਰਾਨ, ਤੁਰਕਿਸਤਾਨ ਤੱਕ ਕਾਰੋਬਾਰ ਦਾ ਸਿਲਸਿਲਾ ਫੈਲਿਆ ਹੋਇਆ। ਗਲੀਚਿਆਂ, ਸ਼ਾਲਾ ਦੇ ਇਲਾਵਾ, ਬਦਾਮ, ਕਿਸਮਿਸ਼ ਦੀਆਂ ਥੋਕ ਦੀਆਂ ਦੁਕਾਨਾਂ । ਉਸ ਨੂੰ ਇਹ ਚੰਗੀ ਤਰ੍ਹਾਂ ਪਤਾ ਸੀ ਕਿ ਅੰਗਰੇਜ਼ ਕੌਮ ਜਿੰਨੀ ਦਿਲਚਸਪੀ ਹਿੰਦੋਸਤਾਨ 'ਚ ਆਪਣੀ ਹਕੂਮਤ ਕਾਇਮ ਕਰਨ 'ਚ ਰੱਖਦੀ ਹੈ, ਉਨੀ ਹੀ ਤਜ਼ਾਰਤ ਵਿੱਚ।"
"ਇਹ ਜਿਹੜੇ ਰੇਸ਼ਮ ਦੇ ਥਾਣਾਂ ਦੇ ਥਾਣ ਦਿਸਦੇ ਹਨ ਦੁਕਾਨਾਂ 'ਚ, ਅਤੇ ਹਰ ਕੋਈ ਰੇਸ਼ਮੀ ਕੱਪੜੇ ਪਾਈ ਫਿਰਦਾ ਹੈ, ਇਹ ਰੇਸ਼ਮ ਕਿੱਥੋਂ ਆਉਂਦਾ ਹੈ ? ਚੀਨ ਤੋਂ।" ਮੈਂ ਉਸ ਵਪਾਰੀ ਤੋਂ ਪੁੱਛਿਆ।
"ਨਹੀਂ ਸਾਹਿਬ, ਬਲਖ਼-ਬੁਖ਼ਾਰਾ ਤੋਂ ਰੇਸ਼ਮ ਆਉਂਦਾ ਹੈ ਪਰ ਕੱਪੜਾ ਮੁਲਤਾਨ 'ਚ ਬੁਣਿਆ ਜਾਂਦਾ ਹੈ ।" ਫੇਰ ਉਹ ਮੇਰੇ 'ਤੇ ਆਪਣੀ ਜਾਣਕਾਰੀ ਦਾ ਪ੍ਰਭਾਵ ਪਾਉਂਦਿਆਂ ਬੋਲਿਆ, "ਰੇਸ਼ਮ ਤਿੰਨ ਤਰ੍ਹਾਂ ਦਾ ਹੁੰਦਾ ਹੈ, ਲਬੇਆਬੀ, ਚਰਖੀ ਅਤੇ ਕੋਖਰੀ। ਇਹ ਹਜ਼ਾਰਾਂ ਮਣ ਰੇਸ਼ਮ ਆਉਂਦਾ ਹੈ ਹਰ ਸਾਲ ਬੁਖ਼ਾਰਾ ਤੋਂ ਊਠਾਂ 'ਤੇ ਲੱਦ ਕੇ।"
"ਉਸ ਅਫ਼ਗਾਨ ਨੂੰ ਇਹ ਵੀ ਪਤਾ ਸੀ, ਕਿ ਕਲਕੱਤੇ ਦੀ ਬੰਦਰਗਾਹ ਤੋਂ ਜਹਾਜ਼ਾਂ ਦੇ ਜਹਾਜ਼ ਭਰ ਕੇ ਇੰਗਲਿਸਤਾਨ ਜਾਂਦੇ ਹਨ। ਮੁਰਸ਼ਿਦਾਬਾਦ, ਕਲਕੱਤੇ ਅਤੇ ਢਾਕੇ ਦੇ ਫ਼ਰੰਗੀ ਅਤੇ ਹਿੰਦੋਸਤਾਨੀ ਵਪਾਰੀ ਅਮੀਰ ਹੁੰਦੇ ਜਾ ਰਹੇ ਹਨ। ਉਹ ਮੈਨੂੰ ਆਪਣੇ ਇਸ ਕੰਮ 'ਚ ਸ਼ਾਮਲ ਕਰਕੇ ਪੰਜਾਬ ਦੀ ਕਪਾਹ, ਕਸ਼ਮੀਰ-ਲੱਦਾਖ਼ ਦਾ ਪਸ਼ਮੀਨਾ, ਸ਼ੁਜਾਹਬਾਦੀ ਛੀਂਟ, ਗੁੜ, ਜੀਰਾ, ਹਲਦੀ...। ਇਸ ਤਰ੍ਹਾਂ ਉਹ ਸਾਰੀਆਂ ਚੀਜ਼ਾਂ ਦਾ ਨਾਮ ਗਿਣਾਉਂਦਾ ਗਿਆ ਅਤੇ ਮੇਰੇ ਵੱਲ ਲਲਚਾਈਆਂ ਤੇ ਸਵਾਲੀਆਂ ਨਜ਼ਰਾਂ ਨਾਲ ਤੱਕਦਾ ਰਿਹਾ।"
ਜਦ ਮੈਕਸਵੈਲ ਨੇ ਭੰਗ ਅਤੇ ਅਫ਼ੀਮ ਦਾ ਨਾਮ ਲਿਆ ਤਾਂ ਕੀਰਤ ਸਿੰਘ ਨੇ
ਕੁਝ ਹੈਰਾਨ ਹੁੰਦਿਆਂ ਪੁੱਛਿਆ, "ਅਫੀਮ ਕਾਹਦੇ ਲਈ ? ਕੀ ਤੁਸੀਂ ਲੋਕ ਭੰਗ ਅਫੀਮ ਦਾ ਇਸਤੇਮਾਲ ਵੀ ਕਰਦੇ ਹੋ ?"
"ਤੈਨੂੰ ਨਹੀਂ ਪਤਾ ਇਨਾਂ ਗੁੱਝੇ ਭੇਦਾਂ ਦਾ।" ਮੈਕਸਵੈਲ ਦੱਸਣ ਲੱਗਾ, "ਇਹ ਅਫੀਮ ਚੀਨ ਵਿੱਚ ਲਿਜਾ ਕੇ ਵੇਚੀ ਜਾਂਦੀ ਹੈ। ਸਸਤੇ ਭਾਅ। ਚੀਨੀਆਂ ਨੂੰ ਅਫ਼ੀਮ ਦਾ ਨਸ਼ੱਈ ਬਣਾ ਕੇ ਹਰ ਪੱਖੋਂ ਕਮਜੋਰ ਕਰਨ ਲਈ।"
"ਬਹੁਤ ਹੁਸ਼ਿਆਰ ਅਤੇ ਦੂਰ ਦੀ ਸੋਚਦੇ ਹਨ ਫਰੰਗੀ ਲੋਕ ।" ਕੀਰਤ ਸਿੰਘ ਨੇ ਆਖਿਆ, "ਤਾਂ ਤੇ ਇਹੀ ਕੁਝ ਪੰਜਾਬ 'ਚ ਆ ਕੇ ਕਰਨਗੇ। ਖੈਰ ਤੂੰ ਅੱਗੇ ਦੱਸ।"
“ਮੈਂ ਵੀ ਸੋਚਿਆ ਕਿ ਠੀਕ ਏ, ਜੇ ਮੇਰਾ ਕੰਮ ਇਸ ਨਾਲ ਚੱਲ ਪਵੇ ਤਾਂ ਮੈਂ ਨੌਕਰੀ ਛੱਡ ਕੇ ਇਹੀ ਕੰਮ ਕਰਨ ਲੱਗ ਪਵਾਂਗਾ।”
"ਤੂੰ ਆਪਣੀ ਗੱਲ ਐਵੇਂ ਵਧਾਈ ਜਾ ਰਿਹਾ ਏਂ। ਅਸਲੀ ਗੱਲ ਦੱਸ।" ਕੀਰਤ ਕੁਝ ਕਾਹਲਾ ਪੈਂਦਿਆਂ ਬੋਲਿਆ।
"ਗੱਲ ਇਸ ਤਰ੍ਹਾਂ ਹੋਈ ਕਿ ਇਸ ਦੌਰਾਨ ਮੈਨੂੰ ਉਸ ਅਫ਼ਗਾਨ ਰਹਿਮਤ ਉੱਲਾ ਖਾਂ ਦੀ ਦੁਕਾਨ 'ਤੇ ਕਈ ਵਾਰ ਜਾਣਾ ਪਿਆ। ਉਸ ਦੀ ਦੁਕਾਨ ਦੇ ਉੱਤੇ ਹੀ ਕਿਸੇ ਮੌਲਵੀ ਦਾ ਘਰ ਸੀ। ਚਾਰ ਬੀਵੀਆਂ, ਸਭ ਤੋਂ ਛੋਟੀ ਅਠਾਰਾਂ-ਉੱਨੀਂ ਵਰ੍ਹੇ ਦੀ। ਜਦੋਂ ਮੈਂ ਜਾਂਦਾ ਤਾਂ ਉਹ ਕਈ ਵਾਰੀ ਆਪਣੇ ਛੱਜੇ 'ਚ ਬੈਠੀ ਮੇਰੇ ਵੱਲ ਤੱਕ ਰਹੀ ਹੁੰਦੀ। ਤੱਕਦੀ, ਮੁਸਕਰਾਉਂਦੀ ਅਤੇ ਅੱਖਾਂ ਹੀ ਅੱਖਾਂ 'ਚ ਗੱਲਾਂ ਕਰਦੀ। ਉਸ ਨੇ ਮੈਨੂੰ ਸ਼ਾਇਦ ਪੰਜਾਬੀ ਜਾਂ ਅਫ਼ਗਾਨ ਸਮਝ ਲਿਆ ਹੋਇਆ ਸੀ। ਮੈਂ ਉਸ ਵੇਲੇ ਪੰਜਾਬੀਆਂ ਵਾਲੇ ਕੱਪੜੇ ਪਾਏ ਹੋਏ ਸਨ।"
"ਇਕ ਦਿਨ ਸ਼ਾਮ ਦੇ ਘੁਸਮੁਸੇ 'ਚ ਉਹ ਪੌੜੀਆਂ ਥੱਲੇ ਆ ਕੇ ਖੜੀ ਹੋ ਗਈ। ਜਦੋਂ ਮੈਂ ਉਸ ਅਫ਼ਗਾਨ ਰਹਿਮਤ ਉੱਲਾ ਖਾਂ ਨੂੰ ਮਿਲ ਕੇ ਪੌੜੀਆਂ ਸਾਹਮਣਿਓਂ ਲੰਘਿਆ ਤਾਂ ਉਸ ਨੇ ਹੌਲੀ ਦੇਣੀ ਆਵਾਜ਼ ਮਾਰ ਕੇ ਮੈਨੂੰ ਜ਼ਰਾ ਕੁ ਅੰਦਰ ਬੁਲਾ ਲਿਆ। ਉਸ ਦਿਨ ਉਸ ਘਰ ਦੇ ਬਾਕੀ ਸਾਰੇ ਕਿਤੇ ਗਏ ਹੋਏ ਸਨ। ਉਸ ਨੂੰ ਮੌਲਵੀ ਦੀਆਂ ਤਿੰਨੋਂ ਤੀਵੀਆਂ ਵੀ ਮਾਰਦੀਆਂ ਸਨ ਅਤੇ ਜਦ ਮੌਲਵੀ ਤੋਂ 'ਕੁਝ' ਨਹੀਂ ਹੁੰਦਾ ਤਾਂ ਉਹ ਵੀ ਖਿਝ ਕੇ ਮਾਰਨ ਲੱਗਦਾ....। ਗੱਲ ਕੀ-ਉਸ ਨੇ ਮੇਰੀ ਮਿੰਨਤ ਕਰਦਿਆਂ ਕਿਹਾ ਕਿ ਜੇ ਮੈਂ ਉਸ ਨੂੰ ਇਸ ਮੁਸੀਬਤ ਤੋਂ ਨਿਜਾਤ ਦਿਵਾ ਦੇਵਾਂ ਤਾਂ ਉਹ ਸਾਰੀ ਉੱਮਰ ਮੇਰੀ ਬਾਂਦੀ ਬਣ ਕੇ ਰਹਿਣ ਲਈ ਤਿਆਰ ਹੈ।"
"ਤੇ ਫੇਰ ?" ਕੀਰਤ ਸਿੰਘ ਨੇ ਉਸ ਦੀ ਕਹਾਣੀ 'ਚ ਦਿਲਚਸਪੀ ਲੈਂਦਿਆਂ ਆਖਿਆ।
"ਤਰਕੀਬ ਇਹ ਬਣੀ ਕਿ ਤਿੰਨ ਦਿਨਾਂ ਬਾਅਦ ਸ਼ੁਕਰਵਾਰ ਦੇ ਦਿਨ ਉਹ ਪੀਰ-ਪਰਦਾ ਬਾਗ ਜਾਵੇਗੀ ਆਪਣੀ ਇਕ ਸੌਂਕਣ ਨਾਲ। ਇਸ ਬਾਗ 'ਚ ਸਿਰਫ਼ ਔਰਤਾਂ ਹੀ ਜਾਂਦੀਆਂ ਹਨ। ਸ਼ੁਕਰਵਾਰ ਭੀੜ ਜ਼ਿਆਦਾ ਹੁੰਦੀ ਹੈ ਅਤੇ ਉਹ ਕਿਸੇ ਤਰ੍ਹਾਂ ਆਪਣੀ ਸੌਂਕਣ ਤੋਂ ਵਿੱਛੜ ਕੇ ਪਰਦਾ ਬਾਗ਼ ਦੇ ਪਿਛਲੇ ਦਰਵਾਜ਼ੇ ਥਾਣੀਂ ਬਾਹਰ ਆ ਜਾਵੇਗੀ।"
"ਇਸ ਤਜਵੀਜ਼ ਮੁਤਾਬਿਕ ਮੈਂ ਦੋ ਬੋਲਦਾਂ ਵਾਲਾ ਇਕ ਰੱਥ ਲੈ ਕੇ ਪਿਛਲੇ
ਦਰਵਾਜ਼ੇ 'ਤੇ ਜਾ ਖੜਾ ਹੋਇਆ। ਰੱਥ ਪਾਲਕੀ ਵਾਂਗ ਢਕਿਆ ਹੋਇਆ ਸੀ। ਤੇ ਫੇਰ ਉਹ ਆਪਣੇ ਵਾਅਦੇ ਮੁਤਾਬਿਕ ਬਾਹਰ ਨਿਕਲੀ ਅਤੇ ਦੌੜ ਕੇ ਰੱਥ 'ਚ ਆ ਬੈਠੀ।'
"ਤਾਂ ਇਸ ਤਰ੍ਹਾਂ ਤੈਨੂੰ ਮੁਫ਼ਤ 'ਚ ਇਕ ਕਨੀਜ਼ ਮਿਲ ਗਈ।" ਕੀਰਤ ਸਿੰਘ ਕੁਝ ਮਸ਼ਕਰੀ ਕਰਨ ਦੇ ਅੰਦਾਜ਼ 'ਚ ਬੋਲਿਆ।
"ਮੈਨੂੰ ਦੋਹਾਂ ਦੀ ਲੋੜ ਸੀ-ਕਨੀਜ਼ ਦੀ ਵੀ ਅਤੇ ਔਰਤ ਦੀ ਵੀ।"
'ਤੇ ਜੇ ਤੇਰੀ ਗੈਰ ਹਾਜ਼ਰੀ 'ਚ ਫ਼ਰਾਰ ਹੋ ਗਈ, ਕਿਸੇ ਹੋਰ ਨਾਲ?"
"ਹੋ ਜਾਵੇ।" ਮੈਕਸਵੈਲ ਬੋਲਿਆ, "ਮੈਂ ਔਰਤ ਨੂੰ ਤੁਹਾਡੇ ਲੋਕਾਂ ਵਾਂਗ ਬੰਨ੍ਹ ਕੇ ਰੱਖਣ 'ਚ ਯਕੀਨ ਨਹੀਂ ਰੱਖਦਾ। ਕਿਸੇ ਔਰਤ ਦੀ ਆਪਣੀ ਮਰਜ਼ੀ ਨਾਲ ਜੋ ਤੁਹਾਨੂੰ ਹਾਸਲ ਹੋ ਸਕਦਾ ਹੈ, ਉਹ ਉਸ ਦੀ ਬੇਬਸੀ 'ਚੋਂ ਨਹੀਂ ਹੋ ਸਕਦਾ।"
ਕੀਰਤ ਸਿੰਘ ਦਾ ਗਲਾਸ ਖਾਲੀ ਹੋ ਚੱਕਾ ਸੀ। ਮੈਕਸਵੈਲ ਨੇ ਬੋਤਲ ਉਲਟਾ ਕੇ ਉਸ ਦਾ ਗਲਾਸ ਭਰ ਦਿੱਤਾ। ਕੁਝ ਦੇਰ ਤੱਕ ਕੀਰਤ ਸਿੰਘ ਮੈਕਸਵੇਲ ਦੇ ਤੰਬੂਆਂ ਅਤੇ ਫਰੰਗੀ, ਪੰਜਾਬੀ ਸਿਪਾਹੀਆਂ ਵੱਲ ਤੱਕਦਾ ਰਿਹਾ। ਫੇਰ ਆਪਣੀ ਪਹਿਲੀ ਗੱਲ ਨੂੰ ਦੁਹਰਾਉਂਦਿਆਂ ਬੋਲਿਆ:
"ਅਤੇ ਹੁਣ ਤੂੰ ਸਾਡੇ ਖ਼ਿਲਾਫ਼ ਇਨ੍ਹਾਂ ਫਰੰਗੀਆਂ ਨਾਲ ਮਿਲ ਗਿਆ?”
"ਮੈਂ ਅਸੂਲ ਦਾ ਬੰਦਾ ਹਾਂ ਅਤੇ ਆਪਣੀ ਡਿਊਟੀ ਨਿਭਾ ਰਿਹਾ ਹਾਂ।"
"ਅਸੂਲ ? ਤੁਹਾਡੇ ਫਰੰਗੀਆਂ ਦੇ ਅਸੂਲ ਮੈਂ ਚੰਗੀ ਤਰ੍ਹਾਂ ਵੇਖੇ ਹੋਏ ਹਨ।" ਕੀਰਤ ਸਿੰਘ ਹੱਸਦਿਆਂ ਬੋਲਿਆ।
ਅੱਗਿਓਂ ਮੈਕਸਵੈਲ ਵੀ ਹੱਸਦਿਆਂ ਬੋਲਿਆ, "ਅੰਗਰੇਜ਼ ਹਰ ਕੰਮ ਅਸੂਲਾਂ ਦੇ ਆਧਾਰ 'ਤੇ ਕਰਦਾ ਹੈ।''
"ਅੰਗਰੇਜ਼ ਜੇ ਕਿਸੇ ਨੂੰ ਠੱਗਦਾ ਹੈ ਤਾਂ ਵਪਾਰ ਦੇ ਅਸੂਲਾਂ ਮੁਤਾਬਕ, ਜੋ ਕਿਸੇ ਨਾਲ ਲੜਾਈ ਕਰਦਾ ਹੈ ਤਾਂ ਕੌਮ ਨਾਲ ਵਫ਼ਾਦਾਰੀ ਦੇ ਅਸੂਲਾਂ ਅਨੁਸਾਰ, ਜੇ ਕਿਸੇ ਰਾਜ 'ਤੇ ਕਬਜ਼ਾ ਕਰਦਾ ਹੈ ਤਾਂ ਸਿਆਸਤ ਦੇ ਅਸੂਲਾਂ ਅਨੁਸਾਰ, ਜੇ ਕਿਸੇ ਦਾ ਕਤਲ ਕਰਦਾ ਹੈ ਤਾਂ ਵਿਅਕਤੀਗਤ ਅਸੂਲਾਂ ਦੇ ਆਧਾਰ 'ਤੇ।"
"ਤਾਂ ਦੂਜਾ ਭਾਵ ਇਹ ਕਿ ਫਰੰਗੀ ਕੌਮ ਦਾ ਕੋਈ ਅਸੂਲ ਨਹੀਂ ਹੁੰਦਾ।" ਕੀਰਤ ਸਿੰਘ ਨੇ ਹੱਸਦਿਆਂ ਆਖਿਆ।
"ਸੱਚ ਇਹ ਹੈ ਕੀਰਤ ਸਿੰਘ ਕਿ ਅਸੂਲਾਂ 'ਤੇ ਚੱਲਣ ਵਾਲੀ ਹਕੂਮਤ ਰੂੜੀ ਚੋਂ ਸੂਈ ਲੱਭਣ ਬਰਾਬਰ ਹੈ। ਹਰ ਹਾਕਮ ਆਪਣੀਆਂ ਲੋੜਾਂ ਮੁਤਾਬਿਕ ਅਸੂਲ ਘੜਦਾ ਜਾਂ ਤੋੜਦਾ ਰਹਿੰਦਾ ਹੈ ।'
"ਉਂਜ ਮੈਂ ਸਮਝਦਾ ਹਾਂ ਕਿ ਤੂੰ ਕੀ ਕਹਿਣਾ ਚਾਹ ਰਿਹਾ ਏਂ !" ਮੈਕਸਵੈਲ ਆਪਣੀ ਗੱਲ ਜਾਰੀ ਰੱਖਦਿਆਂ ਬੋਲਿਆ, "ਅਸਲੀਅਤ ਇਹ ਹੈ ਕਿ ਕਿਸੇ ਸਹੀ ਅਸੂਲਾਂ ਤੇ ਚੱਲਣ ਵਾਲੇ ਇਨਸਾਨ ਵੀ ਇਸ ਧਰਤੀ 'ਤੇ ਘੱਟ ਹੀ ਮਿਲਣਗੇ। ਜੇ ਮਿਲਣਗੇ ਤਾਂ ਆਮ ਜਿਹੇ ਲੋਕਾਂ 'ਚ ਹੀ। ਉੱਚੇ ਤਬਕੇ ਦੇ ਲੋਕਾਂ ਦੇ ਅਸੂਲ ਤਦ ਤਕ ਕਾਇਮ ਰਹਿੰਦੇ ਹਨ, ਜਦ ਤਕ ਉਨ੍ਹਾਂ ਨੂੰ ਕੋਈ ਜਾਤੀ ਨੁਕਸਾਨ ਨਾ ਪਹੁੰਚ ਰਿਹਾ ਹੋਵੇ ।"
"ਮੈਂ ਵੀ ਸਮਝਦਾ ਹਾਂ ਕਿ ਤੁਸੀਂ ਕੀ ਕਹਿਣਾ ਚਾਹ ਰਹੇ ਹੋ।" ਕੀਰਤ ਸਿੰਘ
ਕਹਿਣ ਲੱਗਾ। ਇਸ ਤਰ੍ਹਾਂ ਦੀਆਂ ਖੁੱਲ੍ਹੀਆਂ ਗੱਲਾਂ ਇਨ੍ਹਾਂ ਵਿਚਕਾਰ ਪਹਿਲਾਂ ਵੀ ਹੁੰਦੀਆਂ ਰਹਿੰਦੀਆਂ ਸਨ। "ਪਰ ਦੋਸਤੀ ਆਦਮੀ ਅਤੇ ਕੌਮ ਦੇ ਕੋਈ ਅਸੂਲ ਵੀ ਹੁੰਦੇ ਹਨ। ਉੱਪਰੋਂ ਮਹਾਰਾਜਾ ਰਣਜੀਤ ਸਿੰਘ ਨੂੰ ਦੋਸਤੀ ਦੇ ਮਿੱਠੇ ਸ਼ਰਬਤ ਪਿਲਾਉਂਦੇ ਰਹੇ ਅਤੇ ਉਨ੍ਹਾਂ ਦੇ ਜਿਉਂਦਿਆਂ ਜੀ ਹੀ ਪੰਜਾਬ ਉੱਤੇ ਕਬਜ਼ਾ ਕਰਨ ਦੀਆਂ ਯੋਜਨਾਵਾਂ ਬਣਾਉਂਦੇ ਰਹੇ....।"
“ਖਿਮਾ ਕਰਨਾ ਕੀਰਤ ਸਿੰਘ ਜੀ, ਨਾ ਤੇ ਤੁਸੀਂ ਅੰਗਰੇਜ ਕੌਮ ਨੂੰ ਚੰਗੀ ਤਰਾਂ ਜਾਣਦੇ ਹੋ ਅਤੇ ਨਾ ਹੀ ਆਪਣੀ ਸਿੱਖ ਕੌਮ ਨੂੰ। ਅੰਗਰੇਜ ਕੌਮ ਦੀ ਜਹਿਨੀਅਤ ਉਹ ਨਹੀਂ ਜਿਸ ਦਾ ਇਜਹਾਰ ਕਰਦੇ ਹਨ, ਬਲਕਿ ਉਹ ਜੋ ਹਾਜਰ ਨਹੀਂ ਹੁੰਦਾ।“
"ਮੈਂ ਇਕ ਅਨਪੜ੍ਹ ਅਤੇ ਸਾਧਾਰਨ ਕਿਸਮ ਦਾ ਬੰਦਾ ਹਾਂ ਅਤੇ ਤੁਹਾਡੀਆਂ ਇਨ੍ਹਾਂ ਗੁੰਝਲਦਾਰ ਗੱਲਾਂ ਨੂੰ ਨਹੀਂ ਸਮਝ ਸਕਦਾ, ਚਾਹੇ ਮੈਂ ਸਮਝਣਾ ਜ਼ਰੂਰ ਚਾਹੁੰਦਾ ਹਾਂ।“
"ਕੀ ਸਮਝਣਾ ਚਾਹੁੰਦੇ ਹੋ ?"
"ਤੁਸੀਂ ਫ਼ਰੰਗੀ ਕਿਉਂ ਜਿੱਤਦੇ ਅਤੇ ਅਸੀਂ ਸਿੱਖ ਕਿਉਂ ਹਾਰਦੇ ਜਾ ਰਹੇ ਹਾਂ ? ਕੀ ਬਹਾਦਰੀ 'ਚ ਅਸੀਂ ਇਨ੍ਹਾਂ ਤੋਂ ਘੱਟ ਹਾਂ ?"
"ਇਹ ਇਕ ਪੇਚੀਦਾ ਸਵਾਲ ਹੈ ਜਿਸ ਦਾ ਜਵਾਬ ਸਿੱਧੇ-ਸਾਦੇ ਲਫ਼ਜ਼ਾਂ 'ਚ ਨਹੀਂ ਦਿੱਤਾ ਜਾ ਸਕਦਾ।" ਮੈਕਸਵੈਲ ਆਪਣੇ ਸੱਜੇ ਹੱਥ ਦੀਆਂ ਦੋ ਉਂਗਲਾਂ ਨੂੰ ਹਿਲਾਉਂਦਿਆਂ ਬੋਲਿਆ:
"ਹਰ ਕੌਮ ਦੀ ਇਕ ਆਪਣੀ ਸਾਂਝੀ ਖ਼ਸਲਤ ਹੁੰਦੀ ਹੈ ਜਿਸ ਦੇ ਵਜੂਦ 'ਚ ਆਉਣ ਲਈ ਸਦੀਆਂ ਲੱਗ ਜਾਂਦੀਆਂ ਹਨ। ਅਸਲੀਅਤ ਇਹ ਹੈ ਕਿ ਤੁਹਾਡੇ ਲੋਕਾਂ ਦੀ ਬਹਾਦਰੀ ਅਤੇ ਕੁਰਬਾਨੀਆਂ ਦੇਣ ਦੀ ਖਸਲਤ ਤੁਹਾਡੀ ਸਾਂਝੀ ਕੌਮੀ ਖਸਲਤ 'ਚੋਂ ਹੋਈ। ਦਗਾਬਾਜ਼, ਮੌਕਾਪ੍ਰਸਤ ਅਤੇ ਘਟੀਆ ਬੰਦੇ ਵੀ ਇਸੇ ਖ਼ਸਲਤ ਵਿਚੋਂ ਪੈਦਾ ਹੋਏ।"
"ਕੌਮੀ ਖਸਲਤ ? ਮੈਂ ਸਮਝਿਆ ਨਹੀਂ।"
"ਖ਼ਸਲਤ, ਯਾਨੀ ਸਮੂਹਿਕ ਸੁਭਾਅ, ਸਮੂਹਿਕ ਅਹਿਸਾਸ ! ਜਿਵੇਂ ਅਫ਼ਗਾਨ ਦਾ ਇਕ ਸਮੂਹਿਕ ਸੁਭਾਓ ਹੈ ਜੋ ਕਿਸੇ ਵੀ ਬਾਹਰਲੇ ਦੀ ਗੁਲਾਮੀ ਕਬੂਲ ਨਹੀਂ ਕਰ ਸਕਦੇ, ਦੂਜਿਆਂ ਨੂੰ ਲੁੱਟਣਾ ਉਨ੍ਹਾਂ ਦਾ ਸੁਭਾਓ ਹੈ। ਇਸੇ ਤਰ੍ਹਾਂ ਅੰਗਰੇਜ਼ਾਂ ਦੀ ਵੀ ਇਕ ਕੌਮੀ ਖਸਲਤ ਹੈ, ਵਿਸ਼ੇਸ਼ਤਾ ਹੈ... ।" ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਉਹ ਫੇਰ ਕਹਿਣ ਲੱਗਾ :
"ਸਿੱਖ ਕੌਮ 'ਚ ਬਹੁਤ ਖ਼ਾਸੀਅਤਾਂ ਹਨ। ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਪੰਜਾਬ ਦੀ ਤਾਰੀਖ 'ਚ ਇਸ ਨੇ। ਇਸੇ ਕਰਕੇ ਮੇਰੇ ਦਿਲ 'ਚ ਇਸ ਦੇ ਲਈ ਖ਼ਾਸ ਸਥਾਨ ਹੈ। ਪਰ ਇਹ ਜ਼ਰੂਰੀ ਨਹੀਂ ਕਿ ਜੇ ਕਿਸੇ ਕੌਮ ਨੇ ਇਤਿਹਾਸ 'ਚ ਕੋਈ ਮਹੱਤਵਪੂਰਨ ਭੂਮਿਕਾ ਨਿਭਾਈ ਹੋਵੇ ਉਹ ਆਉਣ ਵਾਲੇ ਸਮੇਂ ਵਿੱਚ ਵੀ ਉਹੀ ਭੂਮਿਕਾ ਨਿਭਾਉਂਦੀ ਰਹੇਗੀ।" ਮੈਕਸਵੈਲ ਕਹਿ ਰਿਹਾ ਸੀ, "ਵਜ੍ਹਾ ਇਹ ਕਿ ਉਨ੍ਹਾਂ ਉੱਤੇ ਆਪਣੀਆਂ ਪੁਰਾਣੀਆਂ ਬੌਸੀਦਾ ਹੋ ਗਈਆਂ ਰਵਾਇਤਾਂ, ਖੂਨ 'ਚ ਵਸ ਗਈਆਂ ਧਾਰਨਾਵਾਂ ਦਾ
ਪ੍ਰਭਾਵ ਵੀ ਪੈਂਦਾ ਰਹੇਗਾ। ਅਹਿਮ ਕਿਰਦਾਰ ਨਿਭਾਉਣ ਅਤੇ ਨਵੀਆਂ ਰਵਾਇਤਾਂ ਪਾਉਣ ਲਈ ਆਪਣੀਆਂ ਪੁਰਾਣੀਆਂ, ਬੀਮਾਰ ਰਵਾਇਤਾਂ ਨਾਲੋਂ ਪੂਰੀ ਤਰ੍ਹਾਂ ਨਾਤਾ ਤੋੜਨਾ ਲਾਜ਼ਮੀ ਹੈ। ਪਰ ਜਿਵੇਂ ਮੈਂ ਵੇਖਦਾ ਹਾਂ, ਇਹ ਮੁਮਕਿਨ ਨਹੀਂ ਹੋ ਸਕਿਆ।"
"ਮੈਂ ਚੰਗੀ ਤਰਾਂ ਨਹੀਂ ਸਮਝ ਸਕਿਆ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ?” ਕੀਰਤ ਸਿੰਘ ਨੇ ਮੈਕਸਵੈਲ ਵੱਲ ਤੱਕਦਿਆਂ ਆਖਿਆ।
"ਚਾਹੇ ਤੁਹਾਡੇ ਵਿੱਚ ਨਵਾਂ ਸੋਚਣ ਅਤੇ ਕਿਸੇ ਹਾਲਾਤ ਨੂੰ ਚੰਗੀ ਤਰ੍ਹਾਂ ਸਮਝਣ ਦੀ ਸਲਾਹੀਅਤ ਹੈ, ਪਰ ਕਿਉਂਕਿ ਤੁਸੀਂ 'ਅੰਦਰ' ਬੈਠੇ ਹੋ ਇਸ ਲਈ ਪੂਰੀ ਤਰ੍ਹਾਂ ਵੇਖ ਨਹੀਂ ਸਕਦੇ। ਕਿਸੇ ਵੀ ਚੀਜ਼ ਨੂੰ ਵੇਖਣ-ਸਮਝਣ ਲਈ ਇਕ ਫਾਸਲਾ ਜ਼ਰੂਰੀ ਹੈ। ਮਸਾਲ ਦੇ ਤੌਰ 'ਤੇ 'ਲੰਗਰ' ਦੀ ਰਵਾਇਤ ਦਾ ਬੁਨਿਆਦੀ ਮਕਸਦ ਜਾਤ-ਪਾਤ ਦੇ ਅਸੂਲਾਂ, ਤੌਰ ਤਰੀਕਿਆਂ ਨੂੰ ਦੂਰ ਕਰਨਾ ਸੀ, ਪਰ ਇਸੇ ਪੁਰਾਣੀ ਰਵਾਇਤ ਨੇ ਮੁੜ ਤੁਹਾਡੇ ਲੋਕਾਂ ਦੇ ਜਿਹਨ ਅਤੇ ਮਜ਼ਹਬ 'ਚ ਆਪਣਾ ਅੱਡਾ ਜਮਾ ਲਿਆ। ਸਿਰਫ ਜਾਤ-ਪਾਤ ਨੇ ਹੀ ਨਹੀਂ ਬਲਕਿ ਕਬੀਲਾਵਾਦ ਨੇ ਵੀ।" ਮੈਕਸਵੈਲ ਨੇ ਆਖਿਆ।
"ਮੈਂ ਮੰਨਦਾ ਹਾਂ ਇਸ ਗੱਲ ਨੂੰ", ਕੀਰਤ ਸਿੰਘ ਕਹਿਣ ਲੱਗਾ, "ਪਰ ਇਸ ਦਾ ਕੋਈ ਸੰਬੰਧ ਸਿੱਖ ਰਾਜ ਨਾਲ ਨਹੀਂ ।"
"ਮੈਂ ਤੇ ਪਰਾਣੀਆਂ ਸਾਰੀਆਂ ਰਵਾਇਤਾਂ, ਧਾਰਨਾਵਾਂ ਦੀ ਗੱਲ ਕਰ ਰਿਹਾ ਹਾਂ, ਸਿਰਫ਼ ਇਕ ਹੀ ਨਹੀਂ।" ਮੈਕਸਵੈਲ ਨੇ ਆਖਿਆ, "ਤੁਹਾਡੇ ਲੋਕਾਂ ਨੂੰ ਬਾਹਰੋਂ ਆਏ ਹਾਕਮਾਂ ਅਧੀਨ ਕੰਮ ਕਰਨ ਅਤੇ ਜਿਊਣ ਦੀ ਆਦਤ ਪੈ ਗਈ ਹੋਈ ਹੈ। ਪਿੱਛੇ ਥੋੜ੍ਹਾ ਜਿਹਾ ਵਕਫ਼ਾ ਪਿਆ ਸੀ, ਪਰ ਅੰਗਰੇਜ਼ਾਂ ਦੇ ਆਉਂਦਿਆਂ ਹੀ ਤੁਹਾਡੇ ਵੱਡੇ ਵੱਡੇ ਸਰਦਾਰ ਇਨ੍ਹਾਂ ਸਾਹਮਣੇ ਹੱਥ ਜੋੜ ਕੇ ਖੜੇ ਹੋ ਗਏ, ਬਲਕਿ ਆਪ ਬੁਲਾਵਾ ਦਿੱਤਾ ਆਓ ਅਤੇ ਸਾਡੇ ਉੱਤੇ ਹਕੂਮਤ ਕਰੋ।" ਮੈਕਸਵੈਲ ਦੇ ਲਹਿਜੇ 'ਚ ਵਿਅੰਗ ਘੱਟ ਅਤੇ ਅਫਸੋਸ ਜ਼ਿਆਦਾ ਸੀ। "ਕਿਉਂਕਿ ਇਹ ਜ਼ਹਿਨੀਅਤ ਤੁਹਾਡੇ ਸਿੱਖਾਂ ਦੀ ਹੀ ਨਹੀਂ ਬਲਕਿ ਸਾਰੇ ਹਿੰਦੋਸਤਾਨ ਦੇ ਲੋਕਾਂ ਦੇ ਖੂਨ 'ਚ ਰਚ ਮਿਚ ਗਈ ਹੋਈ ਹੈ।"
"ਇਹ ਤੇ ਕੁਝ ਰਾਜਨੀਤਕ ਅਤੇ ਇਤਿਹਾਸਕ ਘਟਨਾਵਾਂ ਹਨ, ਜਿਸ ਕਾਰਨ ਇਹ ਕੁਝ ਵਾਪਰ ਗਿਆ, ਵਰਨਾ... !"
"ਵਰਨਾ ਕੀ ?" ਮੈਕਸਵੈਲ ਕੁਝ ਬੇਸਬਰ ਜਿਹਾ ਹੁੰਦਿਆਂ ਬੋਲਿਆ, "ਕੀ ਇਹ ਕੁਝ ਅਫ਼ਗਾਨਿਸਤਾਨ 'ਚ ਵਾਪਰ ਸਕਦਾ ਸੀ ? ਅਸੀਂ ਫ਼ਰੰਗੀਆਂ ਤਾਂ ਜਾ ਕੇ ਕਬਜਾ ਵੀ ਜਮਾ ਲਿਆ ਸੀ ਕਾਬੁਲ-ਕੰਧਾਰ ਉੱਤੇ, ਪਰ ਉਨ੍ਹਾਂ ਮਾਰ-ਮਾਰ ਕੇ ਕੱਢ ਦਿੱਤਾ ਸਾਨੂੰ ਅਤੇ ਨਾ ਹੀ ਇਸ ਤਰ੍ਹਾਂ ਸਾਡੇ ਇੰਗਲੈਂਡ 'ਚ ਵਾਪਰ ਸਕਦਾ ਹੈ।"
"ਮੈਂ ਤੁਹਾਡੇ ਨਾਲ ਸਹਿਮਤ ਹੁੰਦਿਆਂ ਹੋਇਆਂ ਵੀ ਪੂਰੀ ਤਰ੍ਹਾਂ ਸਹਿਮਤ ਨਹੀਂ। ਕੀਰਤ ਸਿੰਘ ਨੇ ਆਖਿਆ, “ਤੁਸੀਂ ਸਾਨੂੰ ਘਟਾਅ ਕੇ ਵੇਖ ਰਹੇ ਹੋ। ਸਿਰਫ ਕੁਝ ਕੁ ਬੇਈਮਾਨ ਸਿੱਖ ਸਰਦਾਰਾਂ ਅਤੇ ਗ਼ੱਦਾਰ ਡੋਗਰਿਆਂ ਵੱਲ ਵੇਖ ਰਹੇ ਹੋ। ਇਨ੍ਹਾਂ ਤੋਂ ਪਹਿਲਾਂ ਸਾਡੀ ਸਿੱਖ ਕੌਮ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਇਕ ਵਾਰੀ ਤਾਂ ਦੁਨੀਆ ਨੂੰ ਵਿਖਾ ਦਿੱਤਾ ਕਿ ਅਸੀਂ ਕੀ ਹੁੰਦੇ ਹਾਂ।"
ਸੁਣ ਕੇ ਮੈਕਸਵੈਲ ਦੇ ਬੁਲ੍ਹਾਂ 'ਤੇ ਵਿਅੰਗਪੂਰਨ ਮੁਸਕਾਨ ਪੱਸਰ ਗਈ ਅਤੇ ਉਹ ਕੁਝ ਦੇਰ ਸੋਚਦੇ ਰਹਿਣ ਤੋਂ ਬਾਅਦ ਬੋਲਿਆ :
"ਕਿਸੇ ਕੌਮ ਦੀ ਅਹਿਮੀਅਤ ਅਤੇ ਤਵਾਰੀਖ ਨਾ ਤੇ ਸਿਰਫ਼ ਕੁਝ ਹਕੀਕਤ 'ਚ ਵਾਪਰੀਆਂ ਘਟਨਾਵਾਂ 'ਤੇ ਅਧਾਰਿਤ ਹੁੰਦੀ ਹੈ ਅਤੇ ਨਾ ਹੀ ਉਸ ਦੀਆਂ ਕਦਰਾਂ-ਕੀਮਤਾਂ 'ਤੇ। ਇਹ ਦੋਵੇਂ ਇਕ ਦੂਜੇ ਉੱਤੇ ਨਿਰਭਰ ਹੁੰਦੇ ਹਨ, ਇਕ ਅੰਤਰ-ਸੰਬੰਧ ਹੁੰਦਾ ਹੈ ਇਕ ਦੂਜੇ ਨਾਲ। ਇਕ ਦੂਜੇ ਨੰ ਅਸਰ-ਅੰਦਾਜ਼ ਵੀ ਕਰਦੇ ਹਨ। ਪਰ ਇਸ ਸਿੱਖ ਰਾਜ ਦੇ ਕਾਇਮ ਹੋਣ ਦਾ ਸਿਹਰਾ ਮਹਾਰਾਜਾ ਰਣਜੀਤ ਸਿੰਘ ਦੇ ਸਿਰ 'ਤੇ ਬੰਨ੍ਹਣਾ ਤਾਰੀਖੀ ਅਤੇ ਬੁਨਿਆਦੀ ਗਲਤੀ ਹੋਵੇਗੀ।"
"ਉਹ ਕਿਸ ਤਰ੍ਹਾਂ ?" ਚਾਹੇ ਕੀਰਤ ਸਿੰਘ ਇਸ ਬਾਰੇ ਕਾਫੀ ਕੁਝ ਸਮਝਦਾ ਸੀ ਮੈਕਸਵੈਲ ਦੇ ਵਿਚਾਰ ਜਾਣਨ ਲਈ ਉਸ ਨੇ ਪੱਛਿਆ।
""ਮੈਂ ਦੱਸਦਾ ਹਾਂ ?" ਮੈਕਸਵੈਲ ਸਿੱਖ ਇਤਿਹਾਸ ਦੇ ਬਹੁਤ ਪਿੱਛੇ ਵੱਲ ਝਾਤ ਮਾਰਦਿਆਂ ਕਹਿਣ ਲੱਗਾ,"ਗੁਰੂ ਗੋਬਿੰਦ ਸਿੰਘ ਅਤੇ ਤੁਹਾਡਾ ਬੰਦਾ ਸਿੰਘ ਬਹਾਦਰ ਦੋ ਐਸੀਆ ਨੁਮਾਇਆ ਹਸਤੀਆਂ ਸਨ ਜੋ ਵਕਤ ਦੀਆਂ ਲਹਿਰਾਂ ਅਤੇ ਤਾਕਤਾਂ ਦੇ ਅੰਦਰ ਵੀ ਸਨ ਅਤੇ ਬਾਹਰ ਵੀ ਅਤੇ ਜਿਨ੍ਹਾਂ ਨੇ ਨਵੀਆਂ ਲਹਿਰਾਂ, ਨਵੀਆਂ ਤਾਕਤਾਂ ਨੂੰ ਜਨਮ ਦਿੱਤਾ: ਜੋ ਸਮੇਂ ਅਤੇ ਇਤਿਹਾਸ ਦੇ ਰੁੱਖ਼ ਨੂੰ ਨਵਾਂ ਮੋੜ ਦੇਣ 'ਚ ਕਾਮਯਾਬ ਹੋਏ। ਬੰਦਾ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਦੀਆਂ ਪੈਦਾ ਕੀਤੀਆਂ ਤਾਕਤਾਂ ਨੂੰ ਇਕ ਸਾਂਚੇ ਵਿੱਚ ਢਾਲਿਆ ਅਤੇ ਇਕ ਸਿਖਰ ਤੱਕ ਲੈ ਗਿਆ। ਰਣਜੀਤ ਸਿੰਘ ਨੇ ਜੋ ਅਜ਼ਮਤ ਅਤੇ ਜੋ ਮਾਨਤਾ ਹਾਸਲ ਕੀਤੀ, ਉਹ ਪਹਿਲਾਂ ਦੀਆਂ, ਯਾਅਨੀ ਬੰਦੇ ਅਤੇ ਮਿਸਲਾਂ ਦੀਆਂ ਪਹਿਲਾਂ ਤੋਂ ਹੀ ਮੌਜੂਦ ਸ਼ਕਤੀਆਂ ਦੇ ਸਿਰ 'ਤੇ।"
"ਹਾਂ।" ਕੀਰਤ ਸਿੰਘ ਉਸ ਦੀ ਗੱਲ ਨੂੰ ਪੂਰੀ ਤਰ੍ਹਾਂ ਸਮਝਦਿਆਂ ਬੋਲਿਆ, "ਜੇ ਬੰਦਾ ਸਿੰਘ ਬਹਾਦਰ ਦੱਖਣ ਤੋਂ ਪੰਜਾਬ ਵਾਪਸ ਨਾ ਆਉਂਦਾ ਤਾਂ ਸਿੱਖ ਕੌਮ ਖਿੰਡਰ-ਪੁੰਡਰ ਜਾਂਦੀ, ਜਾਂ ਕਬੀਰ ਪੰਥੀਆਂ, ਗੋਰਖ ਪੰਥੀਆਂ ਵਾਂਗ ਇਕ ਛੋਟਾ ਜਿਹਾ ਅਤੇ ਮਹੱਤਵਹੀਣ ਜਿਹਾ ਪੰਥ ਬਣ ਕੇ ਰਹਿ ਜਾਂਦੀ।"
ਮੈਕਸਵੈਲ ਕੁਝ ਹੱਸਦਿਆਂ ਕਹਿਣ ਲੱਗਾ, "ਲੱਗਦਾ ਹੈ ਕਿ ਤੁਸੀਂ ਕੀਰਤ ਸਿੰਘ ਜੀ, ਮੇਰੇ ਖ਼ਿਆਲਾਂ ਦੇ ਰੁਖ਼ ਨੂੰ ਕੁਝ-ਕੁਝ ਸਮਝਣ ਲੱਗ ਪਏ ਹੋ । ਹੁਣ ਤੁਸੀਂ ਹੀ ਵੇਖੋ ਧਿਆਨ ਨਾਲ, ਕਿ ਜੇ ਇਹੀ ਰਣਜੀਤ ਸਿੰਘ ਗੁਰੂ ਗੋਬਿੰਦ ਸਿੰਘ ਦੇ ਐਨ ਬਾਅਦ ਪੈਦਾ ਹੋਇਆ ਹੁੰਦਾ ਤਾਂ ਇਕ ਪਿੰਡ ਦੇ ਚੌਧਰੀ ਤੋਂ ਜ਼ਿਆਦਾ ਹੋਰ ਕੁਝ ਨਾ ਹੁੰਦਾ। ਜੇ ਬੰਦਾ ਬਹਾਦਰ ਦੇ ਬਾਅਦ ਹੁੰਦਾ ਤਾਂ ਵੀ ਉਹ ਐਡੀ ਵੱਡੀ ਸ਼ਖ਼ਸੀਅਤ ਨਾ ਹਾਸਲ ਕਰ ਸਕਦਾ। ਇਸ ਦੀ ਖ਼ੁਸ਼ਕਿਸਮਤੀ ਇਹ ਕਿ ਉਹ ਇਤਿਹਾਸ ਦੇ ਉਸ ਮੋੜ 'ਤੇ ਆ ਪੈਦਾ ਹੋਇਆ ਜਦ ਤੱਕ ਮੁਗ਼ਲੀਆ ਹਕੂਮਤ ਤਕਰੀਬਨ ਖ਼ਤਮ ਹੋ ਚੁੱਕੀ ਸੀ ਅਤੇ ਸਿੱਖ ਕੌਮ ਆਪਣੇ ਆਪ 'ਚ ਇਕ ਤਾਕਤ ਬਣ ਚੁੱਕੀ ਸੀ, ਉਹ ਤਾਕਤ ਜਿਸ ਦਾ ਬੂਟਾ ਬੰਦਾ ਬਹਾਦਰ ਨੇ ਲਾਇਆ, ਮਿਸਲਾਂ ਨੇ ਪਰਵਾਨ ਚੜ੍ਹਾਇਆ ਅਤੇ ਰਣਜੀਤ ਸਿੰਘ ਨੇ ਉਸ ਦਾ ਪੂਰਾ ਫ਼ਾਇਦਾ ਉਠਾਇਆ।
ਕੀਰਤ ਸਿੰਘ ਖ਼ਾਮੋਸ਼ ਅਤੇ ਖਾਲੀ-ਖਾਲੀ ਅੱਖਾਂ ਨਾਲ ਦਿਸਹੱਦੇ ਵਿਚ ਡੁੱਬ ਰਹੇ ਸੂਰਜ ਵੱਲ ਤੱਕਦਾ ਰਿਹਾ।
"ਤੁਸੀਂ ਕੀਰਤ ਸਿੰਘ ਜੀ, ਅੰਗਰੇਜ਼ਾਂ ਨੂੰ ਦੋਸ਼ੀ ਬਣਾਉਂਦੇ ਹੋ। ਪਰ ਇਹ ਵੀ ਵੇਖੋ ਕਿ ਇਹਨਾਂ ਦੇ ਮਨਸੂਬਿਆਂ ਨੂੰ ਕਾਮਯਾਬ ਬਣਾਉਣ ਵਾਲੇ ਲਾਹੌਰ ਦਰਬਾਰ ਦੇ ਸਿੱਖ ਅਤੇ ਡੋਗਰੇ ਸਰਦਾਰ ਹੀ ਸਨ। ਹੁਣ ਜਦੋਂ ਇਹਨਾਂ ਸਿੱਖ ਸਰਦਾਰਾਂ ਨੇ ਵੇਖਿਆ ਕਿ ਅੰਗਰੇਜ਼ਾਂ ਦੇ ਪੈਰ ਪੰਜਾਬ 'ਚ ਪੂਰੀ ਤਰ੍ਹਾਂ ਜੰਮ ਗਏ ਹਨ ਤਾਂ ਉਹ ਸਾਡੇ ਨਾਲ ਆ ਮਿਲੇ।"
"ਸਾਰੇ ਨਹੀਂ", ਕੀਰਤ ਸਿੰਘ ਨੇ ਆਖਿਆ, "ਇਹਨਾਂ ਗੱਦਾਰਾਂ ਵਿਚ ਜ਼ਿਆਦਾਤਰ ਡੋਗਰੇ ਅਤੇ ਭਈਏ ਹਨ। ਹਾਲੇ ਸ਼ੁਜਾਹਬਾਦ, ਮੁਲਤਾਨ, ਨੌਸ਼ਹਿਰਾ, ਹਜ਼ਾਰਾ ਅਤੇ ਹੋਰ ਬਹੁਤ ਕੁਝ ਬਾਕੀ ਹੈ।"
"ਤੁਸੀਂ ਯਕੀਨ ਕਰਨਾ ਕੀਰਤ ਸਿੰਘ ਜੀ, ਕਿ ਮੇਰੀ ਦਿਲੀ ਖੁਆਹਸ਼ ਹੈ ਅੰਗਰੇਜ਼ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਾ ਹੋਵੇ, ਪਰ ਇਹ ਸਭ ਕੁਝ ਸਾਡੇ ਤੁਹਾਡੇ ਹੱਥ ਵਿੱਚ ਨਹੀਂ। ਵਕਤ ਅਤੇ ਹਾਲਾਤ ਦਾ ਇਕ ਆਪਣਾ ਸੁਤੰਤਰ ਵਜੂਦ ਹੁੰਦਾ ਹੈ...।"
ਕੀਰਤ ਸਿੰਘ ਚੁੱਪ ਚਾਪ ਬੈਠਾ ਕੁਝ ਦੇਰ ਪੰਜਾਬ ਦੇ ਉਸ ਵੇਲੇ ਦੇ ਸਾਰੇ ਹਾਲਾਤ ਬਾਰੇ ਸੋਚਦਾ ਰਿਹਾ। ਫੇਰ ਉਸ ਦੇ ਕੰਨਾਂ 'ਚ ਮੈਕਸਵੈਲ ਦੀ ਆਵਾਜ਼ ਪਈ:
"ਖੈਰ । ਇਨ੍ਹਾਂ ਗੱਲਾਂ ਨੂੰ ਹਾਲੇ ਇੱਥੇ ਹੀ ਰਹਿਣ ਦੇਈਏ। ਹੁਣ ਇਹ ਦੱਸੋ ਕਿ ਇਸ ਸਰਾਂ ਵਾਲੇ ਪਿੰਡ ਪਿੰਡੀ ਖ਼ਾਨ 'ਚ ਕਿਸ ਮਕਸਦ ਨਾਲ ਗਏ ਸੀ ?
“ਮਕਸਦ ਬਹੁਤ ਗੰਭੀਰ ਹੈ ਮੈਕਸਵੈਲ ਸਾਹਿਬ। ਇਹ ਧਾੜਵੀ ਸਾਡੇ ਇਕ ਬੰਦੇ ਨੂੰ ਆਪਣੇ ਕਬਜ਼ੇ 'ਚ ਕਰਕੇ ਯਰਗਮਾਲ ਦੇ ਤੌਰ 'ਤੇ ਵਰਤ ਰਹੇ ਹਨ। ਉਸ ਨੂੰ ਛੁਡਾਉਣ ਖ਼ਾਤਰ ਅਸੀਂ ਦਸ ਹਜ਼ਾਰ ਰੁਪਏ ਲੈ ਕੇ ਉਨ੍ਹਾਂ ਕੋਲ ਗਏ ਪਰ ਵਾਅਦਾ ਕਰਨ ਤੋਂ ਬਾਅਦ ਉਹ ਮੁੱਕਰ ਗਏ।"
"ਕੀ ਤੁਸੀਂ ਲੱਖਣ ਸਿੰਘ ਅਤੇ ਹੁਕਮ ਸਿੰਘ ਨਾਮ ਦੇ ਇਨ੍ਹਾਂ ਧਾੜਵੀਆਂ ਦੇ ਸਰਗਨਿਆਂ ਨੂੰ ਵੀ ਮਿਲੇ ਸੀ ?"
"ਹਾਂ, ਕੁਝ ਦੇਰ ਪਹਿਲਾਂ ਹੀ। ਪਰ ਤੁਸੀਂ ਕਿਵੇਂ ਜਾਣਦੇ ਹੋ ?"
“ਦਰਅਸਲ ਮੈਨੂੰ ਵੀ ਮੇਰੀ ਸਰਕਾਰ ਨੇ ਇਨ੍ਹਾਂ ਦੀ ਤਲਾਸ਼ ਲਈ ਭੇਜਿਆ ਹੈ। ਇਹ ਦੋਵੇਂ ਸਾਡੀ ਸਰਕਾਰ ਦੇ ਮੁਜਰਿਮ ਹਨ। ਇਕ ਨੇ ਸਾਡੇ ਇਕ ਅਫ਼ਸਰ ਦਾ ਕਤਲ ਕੀਤਾ, ਦੂਜੇ ਨੇ ਸਾਡੀ ਇਕ ਤੀਵੀਂ ਨਾਲ ਬਲਾਤਕਾਰ।"
"ਤਾਂ ਤੇ ਇਸ ਵੇਲੇ ਸਾਡਾ ਉਦੇਸ਼ ਸਾਂਝਾ ਹੈ।"
ਉਸ ਤੋਂ ਬਾਅਦ ਉਹ ਦੋਵੇਂ ਤੰਬੂ ਅੰਦਰ ਚਲੇ ਗਏ। ਕੁਝ ਖਾਂਦੇ ਪੀਂਦੇ ਅਤੇ ਇੱਧਰ-ਉੱਧਰ ਦੀਆਂ ਗੱਲਾਂ ਕਰਦੇ ਰਹੇ। ਕੀਰਤ ਸਿੰਘ ਨੂੰ ਇਹ ਵੀ ਪੂਰਾ ਯਕੀਨ ਹੋ ਗਿਆ ਕਿ ਫ਼ਰੰਗੀਆਂ ਨੂੰ ਹਾਲੇ ਤੱਕ ਰੂਪ ਕੌਰ ਦੇ ਇੱਥੇ ਹੋਣ ਦਾ ਪਤਾ ਨਹੀਂ ਲੱਗਾ। ਮੈਕਸਵੈਲ ਦੇ ਉਸ ਬਾਰੇ ਪੁੱਛਣ 'ਤੇ ਕੀਰਤ ਸਿੰਘ ਨੇ ਦੱਸਿਆ ਕਿ ਰੂਪ ਕੌਰ ਇਸ ਵੇਲੇ ਸ਼ੁਜਾਹਬਾਦ ਦੇ ਕਿਲ੍ਹੇ ਵਿੱਚ ਹੈ।
"ਸ਼ੁਜਾਹਬਾਦ।" ਮੈਕਸਵੈਲ ਬੋਲਿਆ, "ਤਾਂ ਫੇਰ ਹੋਸ਼ਿਆਰ ਰਹਿਣਾ। ਸਾਰ ਜਨਰਲ ਗਫ ਨੇ ਮੁਲਤਾਨ ਅਤੇ ਸ਼ੁਜਾਹਬਾਦ, ਦੋਹਾਂ ਨੂੰ ਆਪਣੀ ਨਜ਼ਰ 'ਚ ਰੱਖਿਆ ਹੋਇਆ ਹੈ।“
"ਮੈਂ ਜਾਣਦਾ ਹਾਂ ਚੰਗੀ ਤਰ੍ਹਾਂ।"
"ਤਾਂ ਤੇ ਅਸੀਂ ਦੋਵੇਂ ਮੁਖ਼ਤਲਿਫ ਧਿਰਾਂ ਦੇ ਹੋਏ। ਇਸ ਸੁਰਤ ਵਿੱਚ ਜੋ ਮੈਂ ਸੋਚ ਰਿਹਾ ਸਾਂ। ਇਕ ਮਿੰਟ ਪਹਿਲਾਂ, ਉਹ ਮੁਮਕਿਨ ਨਹੀਂ।" ਮੈਕਸਵੈਲ ਬੋਲਿਆ।
"ਕੀ ਸੋਚ ਰਹੇ ਸੀ ਅਤੇ ਕੀ ਮੁਮਕਿਨ ਨਹੀਂ ?"
"ਮੈਂ ਸੋਚ ਰਿਹਾ ਸਾਂ ਕਿ ਅਸੀਂ ਦੋਵੇਂ ਮਿਲ ਕੇ ਇਸ ਲੱਖਣ ਸਿੰਘ ਵਿਰੁੱਧ ਫੌਜੀ ਕਾਰਵਾਈ ਕਰੀਏ। ਚੰਗਾ, ਮੈਨੂੰ ਇਹ ਦੱਸ ਕੀਰਤ ਸਿੰਘ ਕਿ ਤੁਸੀਂ ਆਪਣੇ ਬੰਦੇ ਨੂੰ ਇਨ੍ਹਾਂ ਤੋਂ ਛਡਾਉਣ ਲਈ ਕੀ ਸੋਚਿਆ ਹੈ ? ਮੇਰਾ ਅਨੁਮਾਨ ਹੈ ਕਿ ਨਾ ਤੇ ਤੁਸੀਂ ਹੋਰ ਦਸ ਹਜ਼ਾਰ ਰੁਪਈਏ ਇਸ ਨੂੰ ਦੇਣਾ ਚਾਹੋਗੇ ਅਤੇ ਨਾ ਹੀ ਇਹ ਰੁਪਈਏ ਦੇਣ ਤੋਂ ਬਾਅਦ ਕੋਈ ਆਸ ਕੀਤੀ ਜਾ ਸਕਦੀ ਹੈ ਕਿ ਉਹ ਉਸ ਨੂੰ ਛੱਡ ਦੇਣਗੇ।"
"ਮੈਂ ਹੋਰ ਰੁਪਈਏ ਦੇਣ ਬਾਰੇ ਸੋਚ ਹੀ ਨਹੀਂ ਰਿਹਾ। ਮੈਂ ਤੇ ਫ਼ੌਜੀ ਕਾਰਵਾਈ ਬਾਰੇ ਸੋਚ ਰਿਹਾ ਹਾਂ ਅਤੇ ਉਹ ਵੀ ਛੇਤੀ ਤੋਂ ਛੇਤੀ। ਬਸ ਕੱਲ ਪਰਸੋਂ ਤੱਕ ਕਿਉਂਕਿ ਮੈਨੂੰ ਇਹ ਸ਼ੱਕ ਹੈ ਕਿ ਸਾਡੇ 'ਆਦਮੀ' ਨੂੰ ਲੈ ਕੇ ਇਹ ਕਿਤੇ ਹੋਰ ਹੀ ਨਾ ਖਿਸਕ ਜਾਣ।"
""ਹੂੰ।" ਮੈਕਸਵੈਲ ਨੇ ਹੌਲੀ ਦੇਣੀ ਆਖਿਆ। ਫੇਰ ਕੁਝ ਦੇਰ ਸੋਚਦੇ ਰਹਿਣ ਤੋਂ ਬਾਅਦ ਬੋਲਿਆ :
"ਜੇ ਮੈਂ ਵੀ ਇਹ ਕੁਝ ਕਰਨਾ ਚਾਹਵਾਂ ਤਾਂ ਲਾਹੌਰ ਤੋਂ ਜਾਂ ਕਿਸੇ ਹੋਰ ਥਾਂ ਤੋਂ ਆਪਣੀ ਫੌਜ ਲਿਆਉਣ 'ਚ ਕਈ ਦਿਨ ਲੱਗ ਜਾਣਗੇ। ਮੈਂ ਤੇਰੇ ਸਾਹਮਣੇ ਆਪਣੀ ਆਪਣੀ ਤਜਵੀਜ ਪੇਸ਼ ਕਰਦਾ ਹਾਂ। ਉਹ ਇਹ ਕਿ ਅਸੀਂ ਆਪਸ ਵਿੱਚ ਜੰਗ ਬੰਦੀ ਦਾ ਇਕ ਆਰਜ਼ੀ ਸਮਝੌਤਾ ਕਰ ਲਈਏ।"
"ਆਰਜ਼ੀ ਸਮਝੌਤੇ ਨੂੰ ਛੱਡੋ, ਤੁਸੀਂ ਆਪਣੀ ਤਜਵੀਜ਼ ਦੱਸੋ।"
"ਨਹੀਂ, ਕੀਰਤ ਸਿੰਘ, ਮੈਂ ਆਪਣੇ ਜੰਗੀ ਅਸੂਲਾਂ ਨੂੰ ਅੱਖੋਂ ਓਹਲੇ ਨਹੀਂ ਕਰ ਸਕਦਾ। ਹਾਂ, ਸਮਝੌਤਾ ਇਹ ਕਿ ਤੁਸੀਂ ਆਪਣੀ ਫ਼ੌਜੀ ਟੁਕੜੀ ਲੈ ਕੇ ਆਓ। ਤੁਹਾਡੇ ਪਹੁੰਚਣ 'ਤੇ ਮੈਂ ਆਪਣੇ ਪੰਜਾਹ ਸਿਪਾਹੀਆਂ ਦੀ ਟੁਕੜੀ ਨਾਲ ਇਨ੍ਹਾਂ ਦਾ ਧਿਆਨ ਆਪਣੇ ਪਾਸੇ ਖਿੱਚਣ ਦਾ ਯਤਨ ਕਰਾਂਗਾ। ਉਦੇਸ਼ ਪੂਰਾ ਹੋ ਜਾਣ ਤੋਂ ਬਾਅਦ ਤੁਸੀਂ ਆਪਣੇ ਆਦਮੀ ਨੂੰ ਲੈ ਜਾਣਾ ਅਤੇ ਸਾਡੇ ਦੋ ਮੁਜਰਮ ਲੱਖਣ ਅਤੇ ਹੁਕਮ ਸਿੰਘ ਸਾਡੇ ਹਵਾਲੇ ਕਰ ਦੇਣਾ।"
"ਜਿੱਥੋਂ ਤਕ ਮੈਂ ਤੁਹਾਡੀ ਇਸ ਗੱਲ ਨੂੰ ਸਮਝਿਆ ਹੈ, ਉਸ ਨਾਲ ਮੁਤਫਿਕ ਹਾਂ। ਪਰ ਇਸ ਸਮਝੌਤੇ 'ਚੋਂ ਮੈਨੂੰ ਅੱਧਾ ਹੀ ਮੰਜੂਰ ਹੈ।"
"ਕੀ ਮਤਲਬ ?"
"ਮਤਲਬ ਇਹ ਕਿ ਹੁਕਮ ਸਿੰਘ ਨਾਲ ਮੈਂ ਵੀ ਕਈ ਹਿਸਾਬ ਕਿਤਾਬ ਬਰਾਬਰ ਕਰਨੇ ਹਨ। ਹੁਕਮ ਸਿੰਘ ਮੇਰਾ ਅਤੇ ਮਿਸਰ ਲੱਖਣ ਸਿੰਘ ਤੁਹਾਡਾ।"
"ਚੱਲੋ ਇਸੇ ਤਰ੍ਹਾਂ ਹੀ ਸਹੀ। ਮੈਂ ਜਾ ਕੇ ਕਹਿ ਦਿਆਂਗਾ ਕਿ ਹੁਕਮ ਸਿੰਘ ਲੜਾਈ
‘ਚ ਮਾਰਿਆ ਗਿਆ ਪਰ ਲੱਖਣ ਸਿੰਘ ਨੂੰ ਜਿਊਂਦਿਆਂ ਪੇਸ਼ ਕਰਨਾ ਹੋਵੇਗਾ।" ਇਸ ਦਾ ਕੋਰਟ ਮਾਰਸ਼ਲ ਹੋਵੇਗਾ।"
***
20
ਦੋ ਦਿਨ ਬਾਅਦ ਕੀਰਤ ਸਿੰਘ ਆਪਣੇ ਨਾਲ ਦੋ ਸੌ ਜਵਾਨਾਂ ਨੂੰ ਲੈ ਕੇ ਪਿੰਡੀ ਖਾਨ ਵੱਲ ਤੁਰ ਪਿਆ। ਪਿੰਡੀ ਖ਼ਾਨ ਦੇ ਉੱਪਰ ਪਹਾੜ ਦੀ ਧਾਰ 'ਤੇ ਬਣੇ ਕਿਲ੍ਹੇ ਤੋਂ ਕਾਫੀ ਪਹਿਲਾਂ ਹੀ ਉਹ ਸਾਰੇ ਆਪਣੇ-ਆਪਣੇ ਘੋੜਿਆਂ ਤੋਂ ਉੱਤਰ ਗਏ। ਢਿੱਡ ਭਰ ਕੇ ਖਾਧਾ ਪੀਤਾ, ਭੁੱਜੇ ਛੱਲੇ ਅਤੇ ਮਿਸਰੀ ਬਦਾਮ ਬੋਝਿਆਂ 'ਚ ਪਾਏ ਅਤੇ ਆਪਣੀਆਂ ਚਮੜੇ ਦੀਆਂ ਨਿੱਕੀਆਂ-ਨਿੱਕੀਆਂ ਮਸ਼ਕਾਂ ਪਾਣੀ ਨਾਲ ਭਰ ਲਈਆਂ । ਸੂਰਜ ਡੁੱਬਣ 'ਤੇ ਜਦ ਘੁਸਮੁਸਾ ਹੋ ਗਿਆ ਤਾਂ ਕੀਰਤ ਸਿੰਘ ਨੇ ਆਪਣੇ ਜਵਾਨਾਂ ਨੂੰ ਉੱਪਰ ਵੱਲ ਚੜ੍ਹਨ ਦਾ ਹੁਕਮ ਦੇ ਦਿੱਤਾ। ਦੋ ਕੁ ਘੰਟੇ ਦੀ ਚੜ੍ਹਾਈ ਤੋਂ ਬਾਅਦ ਜਦ ਉਨ੍ਹਾਂ ਦੀ ਪਲਟਨ ਕਿਲ੍ਹੇ ਤੋਂ ਤਿੰਨ ਚਾਰ ਸੌ ਗਜ਼ ਦੀ ਦੂਰੀ 'ਤੇ ਉਨ੍ਹਾਂ ਚੱਟਾਨਾਂ ਕੋਲ ਪਹੁੰਚੀ, ਜਿਸ 'ਚੋਂ ਹੋ ਕੇ ਕੀਰਤ ਸਿੰਘ ਕੁਝ ਦਿਨ ਪਹਿਲਾਂ ਆਇਆ ਸੀ, ਤਾਂ ਬਿਲਕਲ ਹਨੇਰਾ ਪੱਸਰ ਚੁੱਕਿਆ ਸੀ। ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ। ਕਿਲ੍ਹੇ ਵਿੱਚ ਅਤੇ ਥੱਲੇ ਸਰਾਂ 'ਚ ਕਿਤੇ-ਕਿਤੇ ਅੱਗ ਬਲਣ ਦੀ ਰੋਸ਼ਨੀ ਵਿਖਾਈ ਦੇ ਰਹੀ ਸੀ। ਲੱਗਦਾ ਸੀ ਰਾਤ ਦਾ ਖਾਣਾ ਪੱਕ ਰਿਹਾ ਹੈ।
ਇਸ ਤੋਂ ਅੱਗੇ ਉਤਰਾਈ ਤੇ ਕੰਡੇਦਾਰ ਝਾੜੀਆਂ ਅਤੇ ਪੱਥਰ ਸਨ। ਹਨੇਰੇ ਚ ਉਤਰਨਾ ਅਸੰਭਵ। ਕੀਰਤ ਸਿੰਘ ਨੇ ਪਹਿਲਾਂ ਹੀ ਚੰਨ ਦੇ ਚੜ੍ਹਨ ਦਾ ਅਨੁਮਾਨ ਲਾ ਲਿਆ ਹੋਇਆ ਸੀ। ਕੁਝ ਦੇਰ ਬਾਅਦ ਜਦ ਚੰਨ ਦਾ ਚੱਪਾ ਕੁ ਟੁਕੜਾ ਦਿਸਹੱਦੇ ਤੋਂ ਪਰਗਟ ਹੋਇਆ ਤਾਂ ਬੱਦਲਾਂ ਦੇ ਟੁਕੜਿਆਂ ਨੇ ਉਸ ਦੀ ਰੋਸ਼ਨੀ ਨੂੰ ਰੋਕ ਲਿਆ। ਪਰ ਫੇਰ ਵੀ ਕੁਝ ਧੁੰਦਲਾ-ਧੁੰਦਲਾ ਵਿਖਾਈ ਦੇਣ ਲੱਗਾ। ਕੁਝ ਦੇਰ ਬਾਅਦ ਉਨ੍ਹਾਂ ਦੀਆਂ ਅੱਖਾਂ ਨੂੰ ਇਸ ਹਨੇਰੇ ਵਰਗੇ ਧੁੰਧਲਕੇ 'ਚ ਵੇਖਣ ਦੀ ਆਦਤ ਹੋ ਗਈ। ਕੀਰਤ ਸਿੰਘ ਨੇ ਸਾਰਿਆਂ ਨੂੰ ਖ਼ਾਮੋਸ਼ੀ ਨਾਲ ਅਤੇ ਕੋਡੇ ਹੋ ਕੇ ਉਤਰਾਈ ਉਤਰਨ ਦਾ ਹੁਕਮ ਦੇ ਦਿੱਤਾ।
ਕੀਰਤ ਸਿੰਘ ਨੇ ਆਪਣੇ ਮੋਢੇ 'ਤੇ ਮੁਦਕੀ ਦੀ ਲੜਾਈ 'ਚ ਇਕ ਮਰੇ ਹੋਏ ਫਰੰਗੀ ਸਿਪਾਹੀ ਦੀ ਚੁੱਕੀ ਐਮਫ਼ੀਲਡ ਰਾਇਫ਼ਲ ਟੰਗੀ ਹੋਈ ਸੀ ਅਤੇ ਹੱਥ 'ਚ ਚਾਰ ਕੁ ਹੱਥ ਲੰਮਾ ਬਰਛਾ। ਨਾਲ ਚੱਲ ਰਹੇ ਦੁਰਜਨ ਸਿੰਘ ਦੇ ਮੋਢੇ 'ਤੇ ਵੀ ਉਸੇ ਤਰ੍ਹਾਂ ਦੀ ਰਾਈਫਲ ਅਤੇ ਲੱਕ ਨਾਲ ਲਮਕਦੀ ਭਾਰੀ ਤਲਵਾਰ। ਉਸ ਦੇ ਹੋਰ ਦੋ ਖ਼ਾਸ ਸਾਥੀਆਂ ਵਿੱਚੋਂ ਸ਼ਮਸ਼ਾਦ ਖ਼ਾਂ ਪਠਾਣ ਅਤੇ ਸੁਜਾਨ ਸਿੰਘ ਸਨ। ਇਹ ਦੋਵੇਂ ਕਿਸੇ ਵੇਲੇ ਚੋਰ ਉਚੱਕੇ ਅਤੇ ਘੋੜੇ ਚੁਰਾਉਣ ਵਾਲੇ ਹੁੰਦੇ ਸਨ । ਹੁਣ ਫ਼ੌਜ 'ਚ ਭਰਤੀ ਹੋ ਕੇ ਕੀਰਤ ਸਿੰਘ ਦੇ ਖ਼ਾਸ ਆਦਮੀਆਂ 'ਚੋਂ ਸਨ ਅਤੇ ਉਹ ਕੀਰਤ ਸਿੰਘ ਦੀ ਕਿਸੇ ਦੇਵਤਾ ਵਾਂਗ ਪੂਜਾ ਕਰਦੇ ਸਨ। ਉਸ ਦੇ ਹਰ ਹੁਕਮ 'ਤੇ ਮਰਨ ਮਾਰਨ ਲਈ ਤਿਆਰ।
ਕੰਡਿਆਲੀਆਂ ਝਾਤੀਆਂ ਨੂੰ ਪਾਰ ਕਰਦਿਆਂ ਉਹਨਾਂ ਦੇ ਹੱਥਾਂ-ਬਾਹਾਂ ਅਤੇ ਚਿਹਰਿਆਂ 'ਤੇ ਝਰੀਟਾਂ ਪੈ ਗਈਆਂ। ਕਈਆਂ ਦੇ ਕੱਪੜੇ ਫਟ ਗਏ। ਝਾੜੀਆਂ ਪਾਰ ਕਰਕੇ ਉਹ ਰੁਕ ਗਏ।
"ਕੀ ਖਿਆਲ ਏ ਤੇਰਾ ?" ਕੀਰਤ ਸਿੰਘ ਕੋਲ ਬੈਠੇ ਦੁਰਜਨ ਸਿੰਘ ਨੂੰ ਸੰਬੋਧਿਤ ਹੁੰਦਿਆਂ ਬੋਲਿਆ, "ਮੇਜਰ ਮੈਕਸਵੈਲ ਨੇ ਸ਼ਰਾਬ ਦਾ ਗੱਡਾ ਭੇਜ ਦਿੱਤਾ ਹੋਵੇਗਾ ?"
ਮੇਜਰ ਮੈਕਸਵੈਲ ਨਾਲ ਗੱਲਾਂ ਕਰਦਿਆਂ ਇਹ ਵੀ ਤੈਅ ਹੋਇਆ ਸੀ ਕਿ ਉਹ ਸ਼ਰਾਬ ਦੀਆਂ ਭਰੀਆਂ ਮੱਟੀਆਂ ਦਾ ਗੱਡਾ ਭਰ ਕੇ ਪੁਰਾਣੇ ਕਾਰਵਾਂ ਰਸਤੇ 'ਤੇ ਭੇਜ ਦੇਵੇਗਾ, ਕਿਸੇ ਨੂੰ ਸ਼ਰਾਬ ਦੇ ਵਪਾਰੀ ਦਾ ਭੇਸ ਕਰਾ ਕੇ।"
"ਆਸ ਤੇ ਹੈ। ਪਰ ਸਾਨੂੰ ਹਰ ਸਥਿਤੀ ਦਾ ਮੁਕਾਬਲਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਮੁਮਕਿਨ ਹੈ ਕਿ ਲੱਖਣ ਸਿੰਘ ਦੇ ਆਦਮੀਆਂ ਨੇ ਕਿਲ੍ਹੇ ਦੀ ਕੰਧ ਬੈਠਿਆਂ ਸਾਨੂੰ ਵੇਖ ਲਿਆ ਹੋਵੇ ਅਤੇ ਉਨ੍ਹਾਂ ਨੂੰ ਥੱਲੇ ਜਾ ਕੇ ਖ਼ਬਰ ਪੁਚਾ ਦਿੱਤੀ ਹੋਵੇ।" ਦੁਰਜਨ ਸਿੰਘ ਨੇ ਉੱਤਰ ਦਿੱਤਾ।
"ਹਾਂ; ਅਤੇ ਇਹ ਵੀ ਕਿ ਅਚਾਨਕ ਹਮਲੇ ਜਾਂ ਬਾਕਾਇਦਾ ਲੜਾਈ ਹੋਣ 'ਤੇ, ਦੋਹਾਂ ਹਾਲਤਾਂ 'ਚ ਰੂਪ ਦੀ ਸੁਰੱਖਿਆ ਦਾ ਧਿਆਨ ਰੱਖਣਾ ਜ਼ਰੂਰੀ ਹੈ । ਰੂਪ ਦੇ ਬਚਾਓ ਲਈ ਮੈਂ ਇਹ ਸੋਚਦਾ ਹਾਂ ਕਿ ਸ਼ਮਸ਼ਾਦ ਖਾਂ ਅਤੇ ਸੁਜਾਨ ਦੀ ਕਮਾਨ ਵਿੱਚ ਵੀਹ ਕੁ ਸਿਪਾਹੀ ਮਸੀਤ ਦੇ ਦੂਜੇ ਪਾਸੇ ਵੱਲ ਭੇਜ ਦਿੱਤੇ ਜਾਣ, ਜਿੱਥੇ ਸਾਨੂੰ ਉਸ ਦੇ ਹੋਣ ਦੀ ਆਸ ਹੈ।" ਕੀਰਤ ਸਿੰਘ ਨੇ ਕਿਹਾ।
'ਕੀਰਤ ਸਿੰਘ ਨੇ ਸੁਜਾਨ ਅਤੇ ਸ਼ਮਸ਼ਾਦ ਨੂੰ ਆਪਣੇ ਕੋਲ ਬੁਲਾਇਆ ਅਤੇ ਸਾਰੀ ਸਥਿਤੀ ਅਤੇ ਸੰਕਟ ਬਾਰੇ ਦੱਸਣ ਤੋਂ ਬਾਅਦ ਆਖਿਆ:
“ਰੂਪ ਦੀ ਸੁਰੱਖਿਆ ਹੁਣ ਤੁਹਾਡੇ ਹੱਥ ਹੈ। ਜੇ ਉਸ ਨੂੰ ਕੁਝ ਹੋ ਗਿਆ ਜਾਂ ਧਾੜਵੀ ਉਸ ਨੂੰ ਭਜਾ ਕੇ ਲੈ ਜਾਣ 'ਚ ਸਫ਼ਲ ਹੋ ਗਏ ਤਾਂ ਸਾਡੀਆਂ ਇਨ੍ਹਾਂ ਕੋਸ਼ਿਸ਼ਾਂ ਦਾ ਕੋਈ ਅਰਥ ਨਹੀਂ ਰਹਿਣਾ।"
ਕੁਝ ਆਦਮੀ ਕਿਸੇ ਜੁੰਮੇਵਾਰੀ ਤੋਂ ਕਤਰਾਉਂਦੇ ਹਨ ਪਰ ਇਹ ਦੋਵੇਂ ਉਨ੍ਹਾਂ 'ਚੋਂ ਸਨ, ਜੋ ਵੰਗਾਰ ਕਬੂਲ ਕਰਦੇ ਅਤੇ ਜੁੰਮੇਵਾਰੀ ਨਿਭਾਉਂਦਿਆਂ ਖ਼ੁਸ਼ ਹੁੰਦੇ ਹਨ, ਜੀ ਆਇਆਂ ਕਹਿੰਦੇ ਹਨ।
"ਤੁਸੀਂ ਫ਼ਿਕਰ ਨਾ ਕਰੋ। ਅਸੀਂ ਆਪਣੀ ਜਾਨ ਦੇ ਕੇ ਵੀ ਉਸ ਦੀ ਸੁਰੱਖਿਆ ਕਰਾਂਗੇ।"
ਇਸ ਤਰ੍ਹਾਂ ਦੇ ਆਦਮੀਆਂ, ਸਿਪਾਹੀਆਂ ਨੂੰ ਵੇਖ ਕੇ ਕਦੀ-ਕਦੀ ਕੀਰਤ ਸਿੰਘ ਨੂੰ ਹੈਰਾਨੀ ਹੁੰਦੀ ਕਿ ਆਦਮੀ ਅੰਦਰ ਉਹ ਕੀ ਚੀਜ਼, ਕੀ ਮਾਦਾ ਹੈ ਜੋ ਇਕ ਆਮ ਸਿਪਾਹੀ ਨੂੰ ਕੁਝ ਰੁਪਈਆਂ ਦੀ ਨੌਕਰੀ ਬਦਲੇ ਆਪਣੀ ਜਾਨ ਤੱਕ ਵਾਰਨ ਲਈ ਤਤਪਰ ਕਰ ਦੇਂਦਾ ਹੈ। ਇਸ ਦਾ ਕਾਰਨ ਸਿਰਫ਼ ਕੁਝ ਰੁਪਈਏ ਹੀ ਤਾਂ ਨਹੀਂ ਹੋ ਸਕਦੇ ?
ਚੁਣੇ ਹੋਏ ਸਿਪਾਹੀਆਂ ਦੀਆਂ ਦਸ-ਦਸ ਦੀਆਂ ਦੋ ਟੁਕੜੀਆਂ ਲੈ ਕੇ ਕੀਰਤ ਸਿੰਘ ਸਰਾਂ ਵੱਲ ਤੁਰ ਪਿਆ, ਆਪਣੀ ਰਾਈਫ਼ਲ ਨੂੰ ਆਪਣੇ ਦੋਹਾਂ ਹੱਥਾਂ 'ਚ ਚੁੱਕੀ।
ਦੁਰਜਨ ਸਿੰਘ ਉਸਦੇ ਖੱਬੇ ਪਾਸੇ ਸੀ। ਦਸ ਦੀ ਦੂਜੀ ਟੁਕੜੀ ਨੇ ਅਗਲੀ ਟੁਕੜੀ ਤੋਂ ਕੁਝ ਕਦਮ ਪਿੱਛੇ ਹੋਣਾ ਸੀ। ਕੀਰਤ ਸਿੰਘ ਨੇ ਆਪਣੇ ਦਸ ਆਦਮੀਆਂ ਨਾਲ ਨਾਲਾ ਪਾਰ ਕੀਤਾ ਅਤੇ ਭੁੰਜੇ ਲੰਮੇ ਪਏ ਰਹਿਣ ਦਾ ਆਦੇਸ਼ ਦਿੰਦਿਆਂ ਚੰਨ ਵੱਲ ਵੇਖਣ ਲੱਗਾ। ਯੋਜਨਾ ਇਹ ਸੀ ਕਿ ਵਾਯੂਮੰਡਲ 'ਚ ਤੈਰਦੇ ਬੱਦਲਾਂ ਦੇ ਕਿਸੇ ਟੁਕੜੇ ਨਾਲ ਚੰਨ ਦੇ ਢਕੇ ਜਾਂਦਿਆਂ ਹੀ ਉਹ ਸਰਾਂ ਵੱਲ ਵਧਣਗੇ।
ਅੱਧੇ ਕੁ ਘੰਟੇ ਬਾਅਦ ਚੰਨ ਕੇ ਇਕ ਬੱਦਲ ਪਿੱਛੇ ਆਉਂਦਿਆਂ ਹੀ ਜਦ ਹਨੇਰਾ ਪੱਸਰ ਗਿਆ ਤਾਂ ਕੀਰਤ ਸਿੰਘ ਆਪਣੇ ਆਦਮੀਆਂ ਨਾਲ ਸਰਾਂ ਦੇ ਦਰਵਾਜ਼ੇ ਵੱਲ ਵਧਿਆ। ਦਰਵਾਜ਼ੇ 'ਚ ਕੋਈ ਖੜਾ ਨਹੀਂ ਦਿਸਿਆ। ਦੋ-ਦੋ ਕਰਕੇ ਉਹ ਚੁੱਪ ਚਾਪ ਉਸ ਡਿਓਢੀ ’ਚ ਜਾ ਵੜੇ ਜਿੱਥੇ ਦੋ ਦਿਨ ਪਹਿਲਾਂ ਕੀਰਤ ਸਿੰਘ ਦੀ ਮੁਲਾਕਾਰ ਲੱਖਣ ਸਿੰਘ ਨਾਲ ਹੋਈ ਸੀ।
ਡਿਉਢੀ 'ਚ ਮਸ਼ਾਲ ਦੀ ਰੌਸ਼ਨੀ 'ਚ ਤਿੰਨ ਜਣੇ ਕੰਧ ਨਾਲ ਢੋਅ ਲਾਈ ਬੈਠੇ ਆਪਸ 'ਚ ਗੱਲਾਂ ਕਰ ਰਹੇ ਸਨ। ਉਨ੍ਹਾਂ ਨੂੰ ਸਰਾਂ ਦੇ ਦਰਵਾਜ਼ੇ ਦੇ ਬਾਹਰ ਪਹਿਰਾ ਦੇਣ ਲਈ ਤੈਨਾਤ ਕੀਤਾ ਗਿਆ ਸੀ। ਉਨ੍ਹਾਂ ਨੂੰ ਇਹ ਰੋਸ ਸੀ ਕਿ ਜਦ ਕਿ ਬਾਕੀ ਦੇ ਸਾਰੇ ਅੰਦਰ ਕਿਤੇ ਮੌਜਾਂ ਕਰ ਰਹੇ ਹਨ, ਉਨ੍ਹਾਂ ਨੂੰ ਇੱਥੇ ਭੇਜ ਦਿੱਤਾ ਗਿਆ ਹੈ।
ਕੀਰਤ ਸਿੰਘ ਦੇ ਆਦਮੀਆਂ ਨੇ ਉਨ੍ਹਾਂ ਨੂੰ ਉੱਥੇ ਹੀ ਦਬੋਚ ਲਿਆ। ਹਥਿਆਰ ਚੁੱਕ ਕੇ ਖੜੇ ਹੋਣ ਦਾ ਅਵਸਰ ਵੀ ਨਹੀਂ ਸੀ ਦਿੱਤਾ। ਮਰਨ ਲੱਗਿਆਂ ਇਕ ਦੇ ਮੂੰਹ 'ਚੋਂ ਆਂ-ਆਂ ਦੀ ਆਵਾਜ਼ ਨਿਕਲੀ ਤਾਂ ਕਿਤੇ ਦੂਜੇ ਪਾਸੇ ਬੈਠੇ ਦੀ ਆਵਾਜ਼ ਆਈ:
"ਐਵੇਂ ਔਖੇ ਨਾ ਹੋਵੋ ਅਤੇ ਆਪਣੇ ਠੂਠੇ ਆ ਕੇ ਲੈ ਜਾਓ।"
"ਆਉਂਦੇ ਆਂ", ਕੀਰਤ ਸਿੰਘ ਨੇ ਹੌਲੀ ਦੇਣੀ ਆਖਿਆ, "ਅਤੇ ਤੁਹਾਨੂੰ ਵੀ ਠੂਠਾ ਛਕਾਉਂਦੇ ਹਾਂ ।"
ਦੁਰਜਨ ਸਿੰਘ ਸਰਾਂ ਦੇ ਬੂਹੇ ਵੱਲ ਵਾਪਸ ਮੁੜਿਆ ਅਤੇ ਪਿੱਛੇ ਲੁਕ ਕੇ ਖੜੀ ਦਸ ਸਿਪਾਹੀਆਂ ਦੀ ਟੁਕੜੀ ਨੂੰ ਵੀ ਅੰਦਰ ਆਉਣ ਲਈ ਇਸ਼ਾਰਾ ਕਰ ਦਿੱਤਾ।
ਕੀਰਤ ਸਿੰਘ ਆਪਣੇ ਵੀਹ ਸਿਪਾਹੀਆਂ ਨੂੰ ਲੈ ਕੇ ਅੱਗੇ ਵਧਿਆ। ਉਸ ਦੇ ਸੱਜੇ ਹੱਥ 'ਚ ਬਰਛਾ ਸੀ। ਦੁਰਜਨ ਸਿੰਘ ਦੇ ਹੱਥ 'ਚ ਰਾਈਫ਼ਲ, ਫ਼ਾਇਰ ਕਰਨ ਲਈ ਤਿਆਰ। ਬਾਕੀ ਸਾਰਿਆਂ ਦੀਆਂ ਤਲਵਾਰਾਂ ਵੀ ਮਿਆਨ 'ਚੋਂ ਨਿਕਲੀਆਂ ਹੋਈਆਂ ਸਾਰੇ ਤਿਆਰ ਸਨ ਆਪਣੀਆਂ ਤਲਵਾਰਾਂ ਦੇ ਜੌਹਰ ਵਿਖਾਉਣ ਲਈ। ਇਸ ਵੇਲੇ ਉਨ੍ਹਾਂ 'ਚੋਂ ਕਿਸੇ ਦੇ ਮਨ 'ਚ ਇਹ ਵਿਚਾਰ ਨਹੀਂ ਸੀ ਕਿ ਉਹ ਮਰ ਵੀ ਸਕਦੇ ਹਨ ਅਤੇ ਉਨ੍ਹਾਂ ਦੇ ਹੱਥ ਫੇਰ ਕਦੀ ਤਲਵਾਰ ਨਹੀਂ ਚੁੱਕ ਸਕਣਗੇ।
ਡਿਓਢੀ ਦੇ ਬੂਹੇ 'ਚੋਂ ਲੰਘਦਿਆਂ ਹੀ ਸਰਾਂ ਦਾ ਵਿਹੜਾ ਸੀ। ਤਿੰਨ ਪਾਸੇ ਮੁਸਾਫ਼ਰਾਂ ਲਈ ਕਮਰੇ। ਵਿਹੜੇ ਵਿਚਕਾਰ ਲੱਕੜੀਆਂ ਦੀ ਅੱਗ ਬਲਦੀ ਅਤੇ ਅੱਗ ਦੁਆਲੇ ਬੈਠੇ ਪੰਦਰਾਂ ਸੋਲਾਂ ਲੁਟੇਰਿਆਂ ਦੇ ਚਿਹਰੇ ਜਾਂ ਪਿੱਠਾਂ ਕਿਸੇ ਕਲਾਕਾਰ ਦੀ ਤਸਵੀਰ ਵਾਂਗ ਦਿਸ ਰਹੀਆਂ ਸਨ। ਅੱਗ 'ਤੇ ਬੱਕਰਾ ਭੁੰਨਿਆ ਜਾ ਰਿਹਾ ਸੀ ਅਤੇ ਅੱਗ ਦੇ ਕੋਲ ਸ਼ਰਾਬ ਦਾ ਘੜਾ; ਹੱਥਾਂ 'ਚ ਠੂਠੇ।
"ਤਾਂ ਫੇਰ ਮੈਕਸਵੈਲ ਨੇ ਆਪਣੇ ਵਾਅਦੇ ਅਨੁਸਾਰ ਗੱਡਾ ਭੇਜ ਹੀ ਦਿੱਤਾ ਅਤੇ
ਜੋ ਇਨ੍ਹਾਂ ਲੁੱਟ ਲਿਆ। ਹੁਣ ਆਪਣੀ ਜਾਨ ਹੀ ਲੁਟਾ ਦੇਣਗੇ।" ਕੀਰਤ ਨੇ ਮਨ ਹੀ ਮਨ ਕਿਹਾ।
ਕੀਰਤ ਸਿੰਘ ਦੇ ਸਿਪਾਹੀਆਂ ਨੂੰ ਵੇਖ ਕੇ ਉਹਨਾਂ ਨੂੰ ਕੁਝ ਪਲ ਸਮਝ ਹੀ ਨਾ ਆਇਆ ਕਿ ਉਹ ਕੀ ਵੇਖ ਰਹੇ ਹਨ ? ਇਹ ਉਨ੍ਹਾਂ ਦੇ ਆਪਣੇ ਹਨ ਜਾਂ ਦੁਸ਼ਮਣ ? ਹਲਕੀ ਰੋਸ਼ਨੀ 'ਚ ਕੁਝ ਵੀ ਠੀਕ ਤਰਾਂ ਨਜ਼ਰ ਨਹੀਂ ਸੀ ਆ ਰਿਹਾ।
ਅਗਲੇ ਹੀ ਪਲ ਕੀਰਤ ਸਿੰਘ ਦੇ ਸਿਪਾਹੀ ਉਨ੍ਹਾਂ ਉੱਤੇ ਟੁੱਟ ਪਏ। ਉਨ੍ਹਾਂ 'ਚੋਂ ਕਿਸੇ ਨੂੰ ਆਪਣੀਆਂ ਤਲਵਾਰਾਂ ਚੁੱਕ ਕੇ ਲੜਨ ਦਾ ਅਵਸਰ ਵੀ ਠੀਕ ਤਰਾਂ ਨਹੀਂ ਮਿਲਿਆ, ਪਰ ਇਸ ਹਫੜਾ-ਦਫਤੀ 'ਚ ਦੋ ਜਣੇ ਪਿਛਲੇ ਬੂਹਿਓਂ ਭੱਜ ਨਿਕਲਣ 'ਚ ਸਫਲ ਹੋ ਗਏ।
ਕੀਰਤ ਸਿੰਘ ਇਕ ਲੁਟੇਰੇ ਦੇ ਢਿੱਡ 'ਚ ਬਰਛਾ ਖੋਭਣ ਲੱਗਾ ਤਾਂ ਉਸ ਵੇਖਿਆ ਕਿ ਉਹ ਇਕ ਚੌਦਾਂ ਪੰਦਰਾਂ ਵਰ੍ਹਿਆਂ ਦਾ ਮੁੰਡਾ ਸੀ। ਉਸ ਦੀਆਂ ਅੱਖਾਂ 'ਚ ਮੌਤ ਦਾ ਡਰ ਅਤੇ ਮੂੰਹ ਖੁੱਲ੍ਹਿਆ ਹੋਇਆ। ਕੀਰਤ ਸਿੰਘ ਨੇ ਆਪਣੇ ਬਰਛੇ ਵਾਲਾ ਹੱਥ ਉੱਥੇ ਹੀ ਰੋਕ ਲਿਆ ਅਤੇ ਬੋਲਿਆ:
“ਉੱਠ, ਤੂੰ ਆਪਣੇ ਆਪ ਨੂੰ ਬਚ ਗਿਆ ਸਮਝ ਅਤੇ ਕੰਧ ਨਾਲ ਲੱਗ ਕੇ ਚੁੱਪ ਚਾਪ ਖੜਾ ਹੋ ਜਾ।"
ਮੁੰਡੇ ਨੇ ਉਸੇ ਤਰ੍ਹਾਂ ਕੀਤਾ। ਉਸ ਦੇ ਚਿਹਰੇ 'ਤੇ ਹੈਰਾਨੀ ਅਤੇ ਭੈਅ ਉਸੇ ਤਰ੍ਹਾਂ ਝਲਕ ਰਿਹਾ ਸੀ।
"ਜੇ ਬਚਣਾ ਹੈ ਤਾਂ ਠੀਕ ਠੀਕ ਦੱਸ ਕਿ ਕੈਦੀ ਕੁੜੀ ਕਿੱਥੇ ਹੈ ?"
"ਮ... ਮ.... ਮਸੀਤ ਤੋਂ ਪਰ੍ਹੇ ਵਾਲੇ ਘਰ ਦੇ ਭੋਰੇ 'ਚ।" ਮੁੰਡਾ ਡਰ ਨਾਲ ਕੰਬਦਿਆਂ ਬੋਲਿਆ।
"ਅਤੇ ਬਾਕੀ ਦੇ ਆਦਮੀ ? ਲੱਖਣ ਸਿੰਘ ਅਤੇ ਹੁਕਮ ਸਿੰਘ ?"
"ਲੱਖਣ ਸਿੰਘ ਮਸੀਤ 'ਚ ।"
"ਹੁਕਮ ਸਿੰਘ ?"
"ਉਹ ਪਿੰਡ 'ਚ ਜਾਂ ਕਿਲ੍ਹੇ 'ਚ, ਮੈਨੂੰ ਪਤਾ ਨਹੀਂ।"
“ਪਿੰਡ 'ਚ ਕਿੰਨੇ ਕੁ ਆਦਮੀ ?"
“ਸੌ ਡੇਢ ਸੌ।”
"ਅਤੇ ਲੱਖਣ ਸਿੰਘ ਨਾਲ ?"
"ਪਤਾ ਨਹੀਂ।"
"ਠੀਕ ਏ।" ਫੇਰ ਉਸ ਨੇ ਆਪਣੇ ਇਕ ਸਿਪਾਹੀ ਨੂੰ ਆਖਿਆ ਕਿ ਉਹ ਭੋਰਾ ਵਿਖਾਉਣ ਲਈ ਇਸ ਮੁੰਡੇ ਦੇ ਦੋਵੇਂ ਹੱਥ ਬੰਨ੍ਹ ਕੇ ਆਪਣੇ ਨਾਲ ਰੱਖੇ। ਫੇਰ ਦੁਰਜਨ ਸਿੰਘ ਨੂੰ ਆਖਿਆ, "ਜਿਸ ਵੇਲੇ ਮੈਂ ਲੱਖਣ ਸਿੰਘ ਨਾਲ ਨਿੱਬੜ ਰਿਹਾ ਹੋਵਾਂਗਾ ਤਾਂ ਤੂੰ ਤਿੰਨ ਚਾਰ ਆਦਮੀ ਲੈ ਕੇ ਭੋਰੇ ਵਲ ਚਲਾ ਜਾਈਂ ਅਤੇ...।"
"ਮੈਂ ਸਮਝ ਗਿਆ।" ਦੁਰਜਨ ਸਿੰਘ ਨੇ ਛੇਤੀ ਨਾਲ ਕਿਹਾ।
ਕੀਰਤ ਸਿੰਘ ਉਸ ਮਸੀਤ ਵੱਲ ਵਧਿਆ ਜਿੱਥੇ, ਉਸ ਦੀ ਜਾਣਕਾਰੀ ਅਨੁਸਾਰ
ਲੱਖਣ ਸਿੰਘ ਬੈਠਾ ਸੀ। ਲੱਖਣ ਸਿੰਘ ਉਸ ਵੇਲੇ ਇਕ ਵੱਡੇ ਕਮਰੇ 'ਚ ਆਪਣੇ ਚੌਦਾਂ ਪੰਦਰਾਂ ਆਦਮੀਆਂ ਨਾਲ ਇਕ ਅੱਧ ਨੰਗੀ ਤੀਵੀਂ (ਵੇਸ਼ਿਆ) ਨੂੰ ਆਪਣੀਆਂ ਬਾਹਾਂ 'ਚ ਲਈ ਬੈਠਾ ਸੀ। ਦੋ ਹੋਰ ਤੀਵੀਆਂ ਦੂਜਿਆਂ ਲੁਟੇਰਿਆਂ ਨਾਲ ਮਸਖ਼ਰੀ ਕਰਨ ਚ ਵਿਅਸਥ ਸਨ। ਕੀਰਤ ਸਿੰਘ ਦੇ ਉਥੇ ਆਉਣ ਤੋਂ ਪਹਿਲਾਂ ਹੀ ਲੱਖਣ ਸਿੰਘ ਸਰਾਂ ਵੱਲੋਂ ਆ ਰਹੇ ਰੌਲੇ ਰੱਪੇ ਤੋਂ ਚੇਤਨ ਹੋ ਗਿਆ ਅਤੇ ਉਸ ਦੇ ਕਹਿਣ 'ਤੇ ਸਾਰੇ ਆਪਣੀਆਂ ਤਲਵਾਰਾਂ ਚੱਕ ਕੇ ਕੀਰਤ ਸਿੰਘ ਦਾ ਮੁਕਾਬਲਾ ਕਰਨ ਲਈ ਤਿਆਰ ਹੋ ਗਏ।
ਅਰਧ-ਹਨੇਰੇ 'ਚ ਇਕ ਛੋਟਾ ਜਿਹਾ ਘਮਾਸਾਨ ਯੁੱਧ ਸ਼ੁਰੂ ਹੋ ਗਿਆ। ਲੁਟੇਰੇ ਵੀ ਬਹਾਦਰੀ ਅਤੇ ਜਨੂੰਨ ਨਾਲ ਲੜਦਿਆਂ ਆਪਣੇ ਸਰਦਾਰ ਪਤੀ ਵਫ਼ਾਦਾਰੀ ਦਾ ਸਬੂਤ ਦੇ ਰਹੇ ਸਨ ਜਾਂ ਇਸ ਅਸਲੀਅਤ ਨੂੰ ਸਮਝਦਿਆਂ ਕਿ ਹਾਰ ਜਾਣ 'ਤੇ ਉਨ੍ਹਾਂ ਦੀ ਮੌਤ ਨਿਸ਼ਚਿਤ ਹੈ। ਲੜਦਿਆਂ-ਲੜਦਿਆਂ ਲੱਖਣ ਸਿੰਘ ਨੇ ਆਪਣੇ ਇਕ ਆਦਮੀ ਨੂੰ ਆਖਿਆ ਕਿ ਉਹ ਪਿੰਡ 'ਚ ਜਾ ਕੇ ਅਤੇ ਕਿਲ੍ਹੇ ਚ ਬੈਠੇ ਆਪਣੇ ਆਦਮੀਆਂ ਨੂੰ ਸਾਵਧਾਨ ਕਰਦਿਆਂ ਇਸ ਪਾਸੇ ਆਉਣ ਲਈ ਕਹਿ ਆਵੇ।
ਲੱਖਣ ਸਿੰਘ ਦੇ ਆਦਮੀ ਇਕ-ਇਕ, ਦੋ-ਦੋ ਕਰਕੇ ਮਰਦੇ ਜਾਂ ਜ਼ਖ਼ਮੀ ਹੋ ਕੇ ਡਿਗਦੇ ਰਹੇ। ਕੀਰਤ ਸਿੰਘ ਦੇ ਸਿਪਾਹੀਆਂ 'ਚੋਂ ਵੀ ਤਿੰਨ ਜ਼ਖ਼ਮੀ ਅਤੇ ਇਕ ਮਰ ਚੁੱਕਾ ਸੀ । ਕੁਝ ਦੇਰ ਬਾਅਦ ਜਦ ਸਾਰੇ ਢੇਰ ਹੋ ਗਏ ਤਾਂ ਕੀਰਤ ਸਿੰਘ ਨੇ ਆਪਣੇ ਇਕ ਆਦਮੀ ਨੂੰ ਕਿਹਾ :
“ਅੰਦਰ ਜਾ ਕੇ ਮਸ਼ਾਲ ਲੈ ਆ। ਵੇਖਾਂ ਕਿ ਲੱਖਣ ਸਿੰਘ ਇਨ੍ਹਾਂ ਮਰਿਆਂ 'ਚ ਹੈ ਜਾਂ ਭੱਜ ਗਿਆ ?"
ਤਿੰਨ ਚਾਰ ਆਦਮੀ ਕਮਰੇ ਅੰਦਰ ਗਏ, ਜਿੱਥੇ ਤਿੰਨ ਤੀਵੀਆਂ ਆਪਣੇ ਨਗਨ ਅੰਗਾਂ ਨੂੰ ਕੱਪੜਿਆਂ ਨਾਲ ਲੁਕਾਉਣ ਦਾ ਯਤਨ ਕਰ ਰਹੀਆਂ ਸਨ। ਉਹ ਮਸ਼ਾਲ ਲੈ ਕੇ ਬਾਹਰ ਆ ਗਏ। ਕੀਰਤ ਸਿੰਘ ਜ਼ਖ਼ਮੀਆਂ ਅਤੇ ਮਰਿਆਂ ਦੀਆਂ ਲਾਸ਼ਾਂ ਵੱਲ ਮਸ਼ਾਲ ਦੀ ਰੌਸ਼ਨੀ ਪਾ ਕੇ ਵੇਖਦਾ ਰਿਹਾ।
ਪਰ ਇਨ੍ਹਾਂ 'ਚ ਲੱਖਣ ਸਿੰਘ ਨਹੀਂ ਸੀ।
"ਜਾਓ, ਛੇਤੀ ਲੱਭੋ ਉਸ ਨੂੰ ਹਾਲੇ ਕਿਤੇ ਨੇੜੇ ਹੀ ਹੋਵੇਗਾ।" ਫੇਰ ਦੁਰਜਨ ਸਿੰਘ ਨੂੰ ਆਖਿਆ, "ਤੂੰ ਇਸ ਮੁੰਡੇ ਨੂੰ ਨਾਲ ਲੈ ਕੇ ਰੂਪ ਕੌਰ ਵੱਲ ਜਾ। ਆਸ ਹੈ ਕਿ ਸਾਰੇ ਵੀਹ ਸਿਪਾਹੀ ਵੀ ਦੂਜੇ ਪਾਸਿਓਂ ਪਹੁੰਚ ਗਏ ਹੋਣਗੇ।"
"ਮੈਂ ਲੱਖਣ ਦੇ ਸਿਰ 'ਚੋਂ ਲਹੂ ਚੋਂਦਿਆਂ ਅਤੇ ਲੰਗੜਾਉਂਦਿਆਂ, ਭੱਜਦਿਆਂ ਵੇਖਿਆ ਹੈ। ਇਸ ਹਾਲਤ 'ਚ ਉਹ ਕਿਤੇ ਦੂਰ ਨਹੀਂ ਜਾ ਸਕਦਾ ।" ਇਕ ਸਿਪਾਹੀ ਬੋਲਿਆ।
"ਤਾਂ ਫੇਰ ਹਰ ਕਮਰੇ ਦੀ ਹਰ ਨੁੱਕਰ 'ਚ ਵੇਖੋ ਹਰ ਝਾੜੀ, ਹਰ ਪੱਥਰ ਦੇ ਓਹਲੇ ਪਿੱਛੇ ਵੇਖੋ ।"
ਉਸ ਦੇ ਸਿਪਾਹੀ ਕਮਰਿਆਂ 'ਚ ਜਾ ਜਾ ਕੇ ਲੱਖਣ ਸਿੰਘ ਨੂੰ ਲੱਭਣ ਲੱਗੇ। ਕੀਰਤ ਸਿੰਘ ਨੇ ਆਪਣੀ ਰਾਈਫਲ ਉੱਪਰ ਚੁੱਕੀ ਅਤੇ ਇਕ ਤੋਂ ਬਾਅਦ ਦੂਜਾ, ਤਿੰਨ ਫਾਇਰ ਕਰ ਦਿੱਤੇ।
ਇਹ ਤਿੰਨ ਫ਼ਾਇਰ ਉਸ ਦੇ ਅਤੇ ਮੈਕਸਵੈਲ ਵਿਚਕਾਰ ਸੰਕੇਤ ਸੀ ਕਿ ਹੁਣ ਉਹ ਆਪਣਾ ਦਸਤਾ ਲੈ ਕੇ ਯੁੱਧ ਖੇਤਰ 'ਚ ਪਹੁੰਚ ਜਾਣ। ਫੇਰ ਉਸ ਦੇ ਮਨ 'ਚ ਇਕ ਡਰ ਵੀ ਉਤਪੰਨ ਹੋ ਉਠਿਆ ਕਿ ਕਿਤੇ ਉਸ ਦੇ ਜਾਂ ਮੈਕਸਵੈਲ ਦੇ ਦਸਤਿਆਂ ਦੇ ਇੱਥੇ ਪਹੁੰਚਣ ਤੋਂ ਪਹਿਲਾਂ ਹੀ ਲੁਟੇਰਿਆਂ ਦੀ ਫੌਜ ਨਾ ਪਹੁੰਚ ਜਾਵੇ। ਹਾਲੇ ਤਾਂ ਉਸ ਨੇ ਰੂਪ ਨੂੰ ਵੀ ਆਪਣੇ ਅਧਿਕਾਰ 'ਚ ਨਹੀਂ ਕੀਤਾ।
ਕੀਰਤ ਸਿੰਘ ਨੂੰ ਲੱਖਣ ਸਿੰਘ ਦੀ ਬਹੁਤੀ ਉਡੀਕ ਨਹੀਂ ਕਰਨੀ ਪਈ। ਥੋੜੀ ਦੇਰ ਬਾਅਦ ਹੀ ਉਸ ਨੂੰ ਆਪਣੇ ਚਾਰ ਸਿਪਾਹੀਆਂ 'ਚ ਘਿਰਿਆ ਲੰਗੜਾਉਂਦਾ ਆਉਂਦਾ ਦਿਸਿਆ। ਹੱਥ 'ਚ ਬਰਛਾ ਫੜੀ ਛੇ ਫੁੱਟ ਉੱਚੇ ਕੀਰਤ ਸਿੰਘ ਨੂੰ ਆਪਣੇ ਸਾਹਮਣੇ ਵੇਖ ਕੇ ਉਸ ਦੇ ਕਦਮ ਰੁਕ ਗਏ। ਇਕ ਸਿੱਖ ਸਿਪਾਹੀ ਨੇ ਉਸ ਦੇ ਚਿੱਤੜਾਂ ਤੇ ਬਰਛੇ ਦਾ ਦੂਜਾ ਪਾਸਾ ਮਾਰਿਆ ਅਤੇ ਨਾਲ ਹੀ ਹੱਥ ਨਾਲ ਧੱਕਾ ਦੇ ਦਿੱਤਾ।
ਉਹ ਉਸ ਵੇਲੇ ਲਾਲ ਫਤੂਹੀ ਪਾਈ ਫਰੰਗੀ ਵਰਦੀ 'ਚ ਹੀ ਖੜਾ ਸੀ। ਸਿਰ ਉੱਤੇ ਖਾਲਸਾ ਫੌਜ ਵਾਲੀ ਪਗੜੀ ਬੰਨ੍ਹੀ ਹੋਈ। ਫਰੰਗੀ ਵਰਦੀ 'ਤੇ ਕਰਨਲ ਦੀਆਂ ਫੀਤੀਆਂ ਲੱਗੀਆਂ ਦਿਸ ਰਹੀਆਂ ਸਨ। ਉਸ ਦੀਆਂ ਅੱਖਾਂ ਵਿਚ ਪਹਿਲਾਂ ਵਰਗਾ ਨਾ ਰੋਹਬ ਸੀ ਅਤੇ ਨਾ ਚਾਲ ਵਿੱਚ । ਬੁਜਦਿਲ ਅਤੇ ਦਗਾਬਾਜ਼ ਆਦਮੀ ਤਦ ਤੱਕ ਹੀ ਆਕੜਿਆ ਰਹਿੰਦਾ ਹੈ ਜਦ ਤਕ ਉਹ ਵੇਖੇ ਕਿ ਉਹ ਸੌ ਫੀਸਦੀ ਸੁਰੱਖਿਅਤ ਅਤੇ ਆਪਣੇ ਸਾਹਮਣੇ ਖੜੇ ਸ਼ਖ਼ਸ ਤੋਂ ਤਾਕਤਵਰ' ਹੈ।
"ਤਾਂ ਮਿਸਰ ਲੱਖਣ ਰਾਮ । ਅੱਜ ਸਮਾਂ ਆ ਹੀ ਗਿਆ ਸੱਚ ਦਾ ਸਾਹਮਣਾ ਕਰਨ ਦਾ। ਤੂੰ ਕਈ ਭੇਖ ਧਾਰੇ : ਕਦੀ ਸਿੱਖ ਸਜਿਆ, ਕਦੇ ਫਰੰਗੀਆਂ 'ਚ ਜਾ ਰਲਿਆ ਅਤੇ ਹੁਣ ਲੁਟੇਰਾ। ਪਹਿਲਾਂ ਖ਼ਾਲਸਾ ਫ਼ੌਜ ਨੂੰ ਧੋਖਾ ਦਿੱਤਾ, ਫੇਰ ਫਰੰਗੀਆਂ ਨੂੰ ਵੀ, ਪਰ ਅੱਜ ਤੂੰ ਆਪਣੀ ਮੌਤ ਨੂੰ ਧੋਖਾ ਨਹੀਂ ਦੇ ਸਕਦਾ। ਤੇ ਹਾਂ ! ਨਾ ਤੇ ਤੂੰ ਇਹ ਫਰੰਗੀ ਵਰਦੀ ਦੇ ਲਾਇਕ ਏਂ ਅਤੇ ਨਾ ਹੀ ਇਸ ਖ਼ਾਲਸਾਈ ਖੰਡੇ ਵਾਲੀ ਪਗੜੀ ਦੇ। ਦਰਅਸਲ ਤੇਰੇ ਵਰਗਾ ਆਦਮੀ ਕਿਸੇ ਕੱਪੜਿਆਂ ਦੇ ਲਾਇਕ ਹੈ ਹੀ ਨਹੀਂ ।" ਫੇਰ ਆਪਣੇ ਸਿਪਾਹੀਆਂ ਨੂੰ ਸੰਬੋਧਿਤ ਹੁੰਦਿਆਂ ਪੁੱਛਿਆ :
"ਇਹ ਤੁਹਾਨੂੰ ਕਿੱਥੋਂ ਲੱਭਾ ?"
"ਅਸਤਬਲ ਦੇ ਵਿੱਚੋਂ ਘਾਹ ਦੇ ਢੇਰ 'ਚ ਲੁਕਿਆ ਹੋਇਆ।"
ਲੱਖਣ ਸਿੰਘ ਮੌਤ ਨੂੰ ਆਪਣੇ ਸਾਹਮਣੇ ਵੇਖ ਕੇ ਗੋਡਿਆਂ ਪਰਨੇ ਬੈਠ ਕੇ ਮਿੰਨਤਾਂ ਕਰਨ ਲੱਗਾ:
"ਮੈਨੂੰ ਬਖ਼ਸ਼ ਦੇਵੋ। ਮੈਂ ਕਿਸੇ ਦਾ ਕੁਝ ਨਹੀਂ ਵਿਗਾੜਿਆ। ਮੈਂ ਦਸ ਹਜ਼ਾਰ ਰੁਪਏ ਵੀ ਤੁਹਾਨੂੰ ਮੋੜ ਦੇਵਾਂਗਾ। ਕੁੜੀ ਰੂਪ ਕੌਰ ਨੂੰ ਵੀ ਲੈ ਜਾਵੋ ਭਾਵੇਂ ।"
"ਉਹ ਤਾਂ ਮੈਂ ਆਪ ਹੀ ਹਾਸਲ ਕਰ ਲਵਾਂਗਾ। ਪਰ ਪਹਿਲਾਂ ਤੂੰ ਇਹ ਸਾਰੇ ਕੱਪੜੇ ਉਤਾਰ ਦੇ।"
"ਸਾਰੇ ?"
"ਹਾਂ, ਸਾਰੇ।"
ਜਦ ਉਸ ਨੇ ਕੁਝ ਹੀਲ -ਹੁੱਜਤ ਕੀਤੀ ਅਤੇ ਕੀਰਤ ਸਿੰਘ ਨੇ ਉਸ ਦੇ ਮੋਟੇ
ਢਿੱਡ 'ਚ ਆਪਣਾ ਬਰਛਾ ਖੋਭਿਆ ਤਾਂ ਉਹ ਚੁੱਪ ਚਾਪ ਆਪਣੇ ਕੱਪੜੇ ਉਤਾਰਨ ਲੱਗਾ। ਕੁਝ ਦੇਰ ਬਾਅਦ ਕੱਪੜਿਆਂ ਦੀ ਨਿੱਕੀ ਜਿਹੀ ਢੇਰੀ ਸਾਹਮਣੇ ਲੱਗ ਗਈ।
"ਇਹ ਕੱਛਾ ਵੀ।"
"ਕੱਛਾ ਵੀ ?"
"ਹਾਂ, ਕੱਛਾ ਵੀ।"
"ਜੇ.... ਜੇ ਤੁਸਾਂ ਮਾਰਨਾ ਹੀ ਹੈ ਤਾਂ ਇਸ ਤਰਾਂ ਬੇਇੱਜ਼ਤ ਕਰਕੇ ਕਿਉਂ ਮਾਰਦੇ ਹੋ।" ਉਹ ਤਰਲੇ ਲੈਂਦਿਆਂ ਬੋਲਿਆ।
ਕੀਰਤ ਸਿੰਘ ਜਾਣਦਾ ਸੀ ਕਿ ਉਹ ਇਸ ਬਦਜ਼ਾਤ ਨੂੰ ਆਪਣੇ ਹੱਥੀ ਮਾਰਨ ਦੀ ਤਸੱਲੀ ਹਾਸਲ ਨਹੀਂ ਕਰ ਸਕਦਾ। ਮੈਕਸਵੈਲ ਨਾਲ ਕੀਤੇ ਸਮਝੌਤੇ ਅਨੁਸਾਰ ਇਸ ਦੇ ਜਿਊਂਦਿਆਂ ਹੀ ਉਸ ਦੇ ਸਪੁਰਦ ਕਰਨਾ ਸੀ।
"ਇਸ ਵਰਦੀ ਨੂੰ ਅੱਗ 'ਚ ਪਾ ਕੇ ਸਾੜ ਦਿਓ ਅਤੇ ਇਸ ਦੇ ਹੱਥ ਪੈਰ ਰੱਸੀ ਨਾਲ ਬੰਨ੍ਹ ਦਿਓ।" ਕੀਰਤ ਸਿੰਘ ਨੇ ਆਖਿਆ।
ਲੱਖਣ ਸਿੰਘ ਨੇ ਥੋੜਾ ਜਿਹਾ ਸੁੱਖ ਦਾ ਸਾਹ ਲਿਆ। ਉਹ ਸਮਝ ਗਿਆ ਕਿ ਘੱਟ ਤੋਂ ਘੱਟ ਇਸ ਵੇਲੇ ਉਸ ਨੂੰ ਜਾਨ ਤੋਂ ਨਹੀਂ ਮਾਰਿਆ ਜਾਵੇਗਾ।
ਉਸੇ ਵੇਲੇ ਕੀਰਤ ਸਿੰਘ ਦੇ ਕੰਨਾਂ 'ਚ ਫਰੰਗੀ ਸੈਨਾ ਦੇ ਪਹਿਲਾਂ ਦੇ ਬਿਗਲ ਅਤੇ ਫੇਰ ਤਿੰਨ ਬਿਗਲਾਂ ਦੀ ਆਵਾਜ਼ ਪਈ। ਨਾਲ ਹੀ ਨੇੜੇ ਆ ਰਹੇ ਘੋੜਿਆਂ ਦੇ ਖੁਰਾਂ ਦੀ ਆਵਾਜ਼। ਪਹਾੜੀ ਉੱਪਰੋਂ ਤੇਜੀ ਨਾਲ ਦੌੜਦੇ ਆ ਰਹੇ ਉਸ ਦੇ ਆਪਣੇ ਸਿਪਾਹੀਆਂ ਦੇ ਪੈਰਾਂ ਦੀ ਆਵਾਜ਼ ਵੀ ਉਸ ਨੂੰ ਸੁਣਾਈ ਦੇਣ ਲੱਗੀ ।
ਅਤੇ ਉਸੇ ਵੇਲੇ ਕੀਰਤ ਸਿੰਘ ਨੇ ਰੂਪ ਨੂੰ ਦੁਰਜਨ ਸਿੰਘ ਦੇ ਨਾਲ ਆਉਂਦਿਆਂ ਵੇਖਿਆ। ਵੇਖਦਿਆਂ ਹੀ ਕੁਝ ਪਲਾਂ ਲਈ ਉਹ ਭੁੱਲ ਹੀ ਗਿਆ ਕਿ ਉਹ ਮੈਦਾਨ-ਏ ਜੰਗ 'ਚ ਖੜਾ ਹੈ। ਰੂਪ ਨੂੰ ਵੇਖ ਕੇ ਕੀਰਤ ਸਿੰਘ ਦਾ ਮਨ ਖਿੜ ਉੱਠਿਆ।
ਰੂਪ ਨੇ ਪ੍ਰਸੰਨਤਾ ਅਤੇ ਸ਼ੁਕਰਾਨੇ ਭਰੀਆਂ ਅੱਖਾਂ ਨਾਲ ਕੀਰਤ ਸਿੰਘ ਵੱਲ ਤੱਕਿਆ ਅਤੇ ਉਸ ਦੇ ਮਨ 'ਚ ਉੱਠਿਆ: ਹਾਂ, ਮੈਨੂੰ ਉਹ ਆਦਮੀ ਮਿਲ ਗਿਆ ਹੈ, ਜਿਸ ਦੀ ਮੈਂ ਅਚੇਤ ਮਨ ਕਲਪਨਾ ਕਰਦੀ ਆਈ ਹਾਂ। ਹੁਣ ਮੈਂ ਇਸ ਨੂੰ ਕਦੀ ਨਹੀਂ ਛੱਡਾਂਗੀ, ਕਦੀ ਨਹੀਂ। ਫੇਰ ਉਸ ਦੀ ਨਜ਼ਰ ਇਕ ਪਾਸੇ ਖੜੇ ਲੱਖਣ ਸਿੰਘ 'ਤੇ ਪਈ। ਇਕ ਦੋ ਪਲ ਤਾਂ ਉਹ ਪਛਾਣ ਹੀ ਨਾ ਸਕੀ ਕਿ ਇਹ ਉਹੀ ਲੱਖਣ ਸਿੰਘ ਹੈ, ਜੋ ਇਸ ਦੀਆਂ ਗੱਲ੍ਹਾਂ 'ਤੇ ਹੱਥ ਫੇਰਦਿਆਂ ਕਿਹਾ ਕਰਦਾ ਸੀ; ਤੂੰ ਤੇ ਕੁੜੀਏ ਸਾਡੇ ਲਈ ਮਹਾਰਾਣੀ ਜਿੰਦਾ ਤੋਂ ਵੀ ਕੀਮਤੀ ਅਤੇ ਹੂਰਾਂ ਤੋਂ ਵੀ ਵੱਧ ਖੂਬਸੂਰਤ ਏਂ । ਜੇ ਤੇਰੇ ਉਸ 'ਕੀਰਤ' ਨੇ ਸਾਡੇ ਨਾਲ ਧੋਖਾ ਕੀਤਾ ਤਾਂ ਪਹਿਲਾਂ ਤਾਂ ਮੈਂ ਤੈਨੂੰ ਭੋਗਾਂਗਾ ਅਤੇ ਫੇਰ ਆਪਣੇ ਆਦਮੀਆਂ ਵੱਲ ਸੁੱਟ ਦਿਆਂਗਾ...।
'ਕਿੰਨਾ ਭੱਦਾ ਅਤੇ ਕੋਝਾ ਲੱਗ ਰਿਹਾ ਹੈ।' ਉਸ ਨੇ ਮਨ ਹੀ ਮਨ ਆਖਿਆ ਅਤੇ ਹਕਾਰਤ ਨਾਲ ਅੱਖਾਂ ਦੂਜੇ ਪਾਸੇ ਕਰ ਲਈਆਂ। ਹਾਲੇ ਤਕ ਉਸ ਨੇ ਕਦੇ ਨੰਗਾ ਆਦਮੀ ਨਹੀਂ ਸੀ ਵੇਖਿਆ। ਉਹ ਬੋਲੀ, "ਕਿਰਪਾ ਕਰਕੇ ਦੂਰ ਲੈ ਜਾਓ ਇਸ ਹੈਵਾਨ ਨੂੰ ਮੇਰੀਆਂ ਅੱਖਾਂ ਤੋਂ।"
"ਜਿਸ ਭੋਰੇ 'ਚੋਂ ਰੂਪ ਨੂੰ ਕੱਢਿਆ ਹੈ, ਫਿਲਹਾਲ ਇਸ ਨੂੰ ਉਸੇ ਭੋਰੇ 'ਚ ਸੁੱਟ ਦੇਵੋ।" ਕੀਰਤ ਸਿੰਘ ਨੇ ਆਪਣੇ ਸਿਪਾਹੀਆਂ ਨੂੰ ਆਖਿਆ।
ਲੱਖਣ ਸਿੰਘ ਦੇ ਉਸ ਸਥਾਨ ਤੋਂ ਚਲੇ ਜਾਣ ਤੋਂ ਬਾਅਦ ਕੀਰਤ ਸਿੰਘ ਨੇ ਰੂਪ ਕੌਰ ਵੱਲ ਤੱਕਦਿਆਂ ਪੁੱਛਿਆ:
"ਮੈਨੂੰ ਤੇਰੀ ਬਹੁਤ ਚਿੰਤਾ ਸੀ ਕਿ ਇਨ੍ਹਾਂ ਲੁਟੇਰਿਆਂ ਨੇ ਤੇਰੇ ਨਾਲ... ?"
"ਹੁਕਮ ਸਿੰਘ ਨੇ ਇਸ ਬਾਰੇ ਮੇਰਾ ਪੂਰਾ ਖਿਆਲ ਰੱਖਿਆ ਕਿ ਕੋਈ ਮੇਰੇ ਨਾਲ ਬਦਸਲੂਕੀ ਨਾ ਕਰੇ।"
"ਸੱਚਮੁੱਚ!"
"ਰੂਪ ਨੇ ਹਾਂ 'ਚ ਸਿਰ ਹਲਾਉਂਦਿਆਂ ਆਖਿਆ, "ਮੈਂ ਉਸ ਨਾਲ ਉਸ ਦੀ ਮਾਂ ਬਾਰੇ ਗੱਲਾਂ ਕਰਦੀ ਰਹੀ। ਕਿਸੇ ਤਰਾਂ ਮੈਂ ਅਨੁਮਾਨ ਲਾ ਲਿਆ ਸੀ ਕਿ ਉਹ ਇਸ ਦੁਨੀਆ 'ਚ ਸਿਰਫ਼ ਆਪਣੀ ਮਾਂ ਨੂੰ ਪਿਆਰ ਕਰਦਾ ਹੈ। ਮੈਂ ਵੀ ਉਸ ਦੀ ਹਮਦਰਦੀ ਜਿੱਤਣ ਲਈ ਆਪਣੀ ਮਾਂ ਦੀਆਂ ਅਤੇ 'ਮਾਂ' ਪ੍ਰਤੀ ਸ਼ਰਧਾ ਭਰੀਆਂ ਗੱਲਾਂ ਕਰਦੀ ਰਹੀ ।"
***
21
ਲਾਹੌਰ ਵਿੱਚ ਇਕ ਹਵੇਲੀ ਦੇ ਪਿੱਛੇ ਲੱਗਦੀ ਇਕ ਛੋਟੀ ਜਿਹੀ ਬਗੀਚੀ 'ਚ ਕੁਝ ਅੰਗਰੇਜ਼ ਅਫ਼ਸਰ ਕਾਨ੍ਹਿਆਂ ਦੀਆਂ ਬਣੀਆਂ ਕੁਰਸੀਆਂ 'ਤੇ ਬੈਠੇ ਵਲੈਤੀ ਸ਼ਰਾਬ ਦੀਆਂ ਚੁਸਕੀਆਂ ਭਰ ਰਹੇ ਸਨ । ਇਹ ਸਾਰੇ 'ਜਾਨ ਲਾਰੈਂਸ' ਦਾ ਜਨਮ ਦਿਨ ਮਨਾਉਣ ਲਈ ਇਸ ਦੇ ਘਰ ਇਕੱਠੇ ਹੋਏ ਸਨ । ਇਨ੍ਹਾਂ ਦੇ ਪਿੱਛੇ ਖੜ੍ਹੇ ਦੋ ਅਰਦਲੀ ਵੱਡੇ-ਵੱਡੇ ਪੱਖਿਆਂ ਨਾਲ ਇਨ੍ਹਾਂ 'ਤੇ ਹਵਾ ਕਰ ਰਹੇ ਸਨ । ਸੂਰਜ ਛਿਪ ਗਿਆ ਸੀ ਪਰ ਹਵਾ 'ਚ ਹਾਲੇ ਠੰਡਕ ਨਹੀਂ ਸੀ ਹੋਈ। ਲਾਹੌਰ ਦਰਬਾਰ ਦਾ ਅੰਗਰੇਜ਼ ਰੀਜੈਂਟ 'ਫਰੈਡਰਿਕ ਕਰੀ ਆਪਣੇ ਮੱਥੇ 'ਤੇ ਆਇਆ ਮੁੜ੍ਹਕਾ ਰੁਮਾਲ ਨਾਲ ਪੂੰਝਦਿਆਂ ਬੋਲਿਆ-
"ਉਫ਼ । ਬਹੁਤ ਗਰਮੀ ਹੈ। ਇੱਥੇ ਰਹਿਣ ਵਾਲੇ ਕਿਵੇਂ ਰਹਿੰਦੇ ਹੋਣਗੇ ਇਸ ਤਪਦੀ ਗਰਮੀ ਵਿੱਚ ?"
"ਜਿਵੇਂ ਅਸੀਂ ਇੰਗਲੈਂਡ ਦੀਆਂ ਬਰਫ਼ਾਂ 'ਚ ਰਹਿੰਦੇ ਹਾਂ।" ਜਾਨ ਲਾਰੈਂਸ ਨੇ ਜਵਾਬ ਦਿੱਤਾ, "ਇਹ ਤੇ ਆਦਤ ਦੀ ਗੱਲ ਹੈ।"
"ਮੈਂ ਤੇ ਪਛਤਾ ਰਿਹਾ ਹਾਂ ਇੱਥੇ ਆ ਕੇ।" ਕੋਲ ਬੈਠਾ ਮਾਰਸ਼ਮੈਨ ਕਹਿਣ ਲੱਗਾ, "ਜਿੰਨੀ ਵੀ ਛੇਤੀ ਹੋ ਸਕਿਆ ਵਾਪਸ ਚਲਿਆ ਜਾਵਾਂਗਾ।"
ਇੱਥੋਂ ਦੀ ਗਰਮੀ ਬਾਰੇ ਇਨ੍ਹਾਂ ਦੀਆਂ ਗੱਲਾਂ ਸੁਣਦਿਆਂ ਮੇਜਰ ਨੇਪੀਅਰ ਦੇ ਬੁੱਲ੍ਹਾਂ 'ਤੇ ਮੁਸਕਾਨ ਖਿੰਡ ਗਈ ਅਤੇ ਉਹ ਇੰਜ ਬੋਲਿਆ ਜਿਵੇਂ ਕੋਈ ਭੇਦਭਰੀ ਗੱਲ ਕਹਿ ਰਿਹਾ ਹੋਵੇ :
"ਤੁਹਾਨੂੰ ਮੈਂ ਸ਼ਾਇਦ ਦੱਸਿਆ ਨਹੀਂ। ਦੋ ਦਿਨ ਪਹਿਲਾਂ ਹੀ ਮੈਂ ਪਠਾਨਕੋਟ ਤੋਂ ਮੁੜਿਆ ਹਾਂ।"
"ਪਠਾਨਕੋਟ ? ਇਹ ਕਿੱਥੇ ਹੈ।" ਮਾਰਸ਼ਮੈਨ ਬੋਲਿਆ।
"ਇਹ ਹਿਮਾਲਿਆ ਪਰਬਤ ਦੇ ਪੈਰਾਂ 'ਚ ਹੈ, ਇਕ ਛੋਟਾ ਜਿਹਾ ਸ਼ਹਿਰ। ਉੱਥੇ ਆਪਣੀ ਇਕ ਛਾਉਣੀ ਵੀ ਹੈ ਛੋਟੀ ਜਿਹੀ, ਜੋ ਅਸੀਂ ਪਹਾੜੀ ਰਿਆਸਤਾਂ 'ਤੇ ਆਪਣਾ ਅਧਿਕਾਰ ਜਮਾਉਣ ਤੋਂ ਬਾਅਦ ਕਾਇਮ ਕੀਤੀ ਸੀ। ਖੈਰ, ਮੈਂ ਉੱਥੋਂ ਸ਼ਿਕਾਰ ਦੀ ਤਲਾਸ਼ 'ਚ ਚੰਬੇ ਦੀ ਪਹਾੜੀ ਰਿਆਸਤ ਵੱਲ ਨਿਕਲ ਗਿਆ।"
"ਮੈਂ ਗਰਮੀ ਦੀ ਗੱਲ ਕਰ ਰਿਹਾ ਹਾਂ ਅਤੇ ਇਹ ਸ਼ਿਕਾਰ ਦੀ ਕਹਾਣੀ ਲੈ ਬੈਠਿਆ।“ ਫਰੈਡਰਿਕ ਕਰੀ ਨੇ ਆਖਿਆ।
"ਮੈਨੂੰ ਆਪਣੀ ਗੱਲ ਪੂਰੀ ਕਰ ਲੈਣ ਦੇਵੋ ਸਰ । ਉੱਥੇ ਇਕ ਧਾਰ ਉੱਤੇ ਦੇਵਦਾਰ ਦੇ ਦਰੱਖਤਾਂ ਨਾਲ ਭਰੇ ਪਹਾੜ ਵੇਖੇ, ਹਰੇ-ਹਰੇ ਘਾਹ ਦੀਆਂ 'ਮੀਡੋ' ਵੇਖੀਆਂ। ਠੰਡੀ, ਹਵਾ, ਲੰਦਨ, ਕਵੈਂਟਰੀ ਵਰਗੀ। ਮੈਂ ਸੋਚ ਰਿਹਾ ਹਾਂ ਕਿ ਜੇ ਉੱਥੇ ਅਸੀਂ ਆਪਣੇ ਅਤੇ ਪਰਿਵਾਰਾਂ ਦੇ ਆਰਾਮ ਲਈ ਇਕ ‘ਹਿਲ ਰਿਸੋਰਟ' ਬਣਾ ਲਈਏ ਤਾਂ ਕਿੰਨਾ ਚੰਗਾ ਹੋਵੇ।"
“ਪਹਿਲਾਂ ਬ੍ਰਿਟਿਸ਼ ਰਾਜ ਤਾਂ ਪੱਕਾ ਹੋ ਲੈਣ ਦੇਵੋ।"
"ਬ੍ਰਿਟਿਸ਼ ਰਾਜ ਤਾਂ ਪੱਕਾ ਹੋਇਆ ਸਮਝੋ। ਬਸ ਦਿਨਾਂ-ਮਹੀਨਿਆਂ ਦੀ ਗੱਲ ਹੈ। ਇਹ ਮੁਲਤਾਨ ਅਤੇ ਹਜ਼ਾਰਾਂ ਵਾਲਾ ਅੜੰਗਾ ਖ਼ਤਮ ਹੋ ਜਾਣ ਦਿਓ। ਇਤਿਹਾਸ ਗਵਾਹ ਹੈ ਕਿ ਬ੍ਰਿਟਿਸ਼ ਰਾਜ ਨਾਲ ਰਾਜਸੀ ਸੰਬੰਧ ਰੱਖਣਾ ਉਹਨਾਂ ਲਈ ਕਿੰਨਾ ਘਾਤਕ ਹੈ। ਸੂਰਜ ਦੀ ਧੁੱਪ ਤ੍ਰੇਲ ਤੁਬਕੇ ਲਈ ਐਨੀ ਘਾਤਕ ਨਹੀਂ ਹੁੰਦੀ, ਜਿੰਨੀ ਬ੍ਰਿਟਿਸ਼ ਰਾਜ ਨਾਲ ਕਿਸੇ ਏਸ਼ੀਆਈ ਰਿਆਸਤ ਦੀ ਮਿੱਤਰਤਾ।" ਲਾਰੈਂਸ ਬੋਲਿਆ।
"ਤੁਸੀਂ ਇੰਗਲਿਸ਼ ਕੌਮ ਦੀ ਸਿਫ਼ਤ ਕਰ ਰਹੇ ਹੋ ਜਾਂ ਬੁਰਾਈ।“ ਨੇਪੀਅਰ ਨੇ ਪੁੱਛਿਆ।
"ਜੋ ਵੀ ਕਹੋ", ਹੈਨਰੀ ਲਾਰੈਂਸ ਬੋਲਿਆ, “ਸਾਡਾ ਈਮਾਨ ਤਾਂ ਆਪਣੇ ਮੁਲਕ, ਆਪਣੀ ਮਹਾਰਾਣੀ ਨਾਲ ਵਫ਼ਾਦਾਰੀ ਹੈ ਅਤੇ ਆਪਣੇ ਦੁਸ਼ਮਣ 'ਤੇ ਫਤਿਹ ਹਾਸਲ ਕਰਨਾ ਸਾਡਾ ਇਖ਼ਲਾਕੀ ਫਰਜ਼। ਫਰਜ਼ ਹੀ ਨਹੀਂ ਬਲਕਿ ਸਾਡੀ ਕੌਮ ਦਾ ਆਦਰਸ਼।“
ਮਾਰਸ਼ਮੈਨ ਕੁਝ ਸੋਚਦਿਆਂ ਅਤੇ ਸਿਰ ਹਲਾਉਂਦਿਆਂ ਬੋਲਿਆ:
"ਇਹ ਆਦਰਸ਼ ਵੀ ਮਹਿਜ਼ ਇਕ ਇਮਾਗੀ ਤਖੱਇਅਲ ਹੀ ਹੈ। ਸੱਚ ਆਖਾਂ ਤਾਂ ਇਸ ਵਿੱਚ ਨਾ ਕੋਈ ਨੈਤਿਕਤਾ ਹੈ ਅਤੇ ਨਾ ਕੋਈ ਖੂਬੀ। ਹਰ ਹਕੂਮਤ ਅਤੇ ਕੌਮ ਆਪਣੇ ਆਪ ਨੂੰ ਸਹੀ ਸਾਬਤ ਕਰਨ ਅਤੇ ਆਪਣੇ ਹੀ ਲੋਕਾਂ ਨੂੰ ਭੁਲੇਖਿਆਂ ਚ ਪਾਉਣ ਲਈ ਇਸ ਤਰ੍ਹਾਂ ਦੇ ਸ਼ਬਦ ਘੜ ਲੈਂਦੀ ਹੈ।"
"ਕਲਪਨਾ ?" ਇਮਾਗੀ ਤਖੱਇਅਲ ? ਮੇਜਰ ਹਡਸਨ ਦੇ ਮੂੰਹੋਂ ਨਿਕਲਿਆ। ਇਕ ਦੋ ਪਲ ਉਹ ਸਾਰੇ ਚੁੱਪ ਰਹੇ। ਫੇਰ ਲਾਰੈਂਸ ਕਹਿਣ ਲੱਗਾ:
"ਇਸ ਧਰਤੀ ਦੇ ਲੋਕਾਂ ਲਈ ਤਾਂ ਇਹ ਸੰਸਾਰ, ਇਹ ਜਨਮ, ਸਭ ਕੁਝ ਹੀ ਕਲਪਨਾ ਹੈ, ਜਿਸ ਨੂੰ ਇਹ ਮਾਇਆ ਕਹਿੰਦੇ ਹਨ।"
"ਇਹ ਸਭ ਕਹਿਣ ਦੀਆਂ ਗੱਲਾਂ", ਮੇਜਰ ਨੇਪੀਅਰ ਕਹਿਣ ਲੱਗਾ, "ਜਿੰਨਾ ਜਿਆਦਾ ਇਹ ਲੋਕ ਇਸ ਮਾਇਆ ਰੂਪੀ ਸੰਸਾਰ ਨੂੰ ਚਿੰਬੜੇ ਹੋਏ ਨੇ, ਹੋਰ ਸ਼ਾਇਦ ਕੋਈ
ਵੀ ਨਹੀਂ। ਈਰਾਨ ਅਤੇ ਤੁਰਕੀ ਦੇ ਮੁਸਲਮਾਨ ਵੀ ਨਹੀਂ। ਧਨ ਦੌਲਤ ਅਤੇ ਇਸ ਸੰਸਾਰ ਨਾਲ ਬੁਰੀ ਤਰ੍ਹਾਂ ਚਿੰਬੜੇ ਹੋਣਾ ਹੀ ਇਨ੍ਹਾਂ ਦੀ ਇਖਲਾਕੀ ਗਿਰਾਵਟ ਦਾ ਕਾਰਨ ਹੈ।“
“ਤਾਰੀਖ ਵੱਲ ਨਜ਼ਰ ਮਾਰਦਿਆਂ ਇਹੀ ਸਾਬਤ ਹੁੰਦਾ ਹੈ ਕਿ ਕਈ ਵੱਡੀਆਂ-ਵੱਡੀਆਂ ਲੜਾਈਆਂ ਇਖਲਾਕੀ ਗਿਰਾਵਟ ਅਤੇ ਕੌਮ ਦੇ ਗੱਦਾਰਾਂ ਦੀ ਵਜ੍ਹਾ ਨਾਲ ਜਿੱਤੀਆਂ ਜਾਂ ਹਾਰੀਆਂ ਗਈਆਂ ਹਨ। ਅਤੇ ਹੁਣ ਅਸੀਂ ਆਪਣੇ ਉਸ ਮਕਸਦ ਨੂੰ ਪੂਰਾ ਕਰਨ ਜਾ ਰਹੇ ਹਾਂ, ਜਿਸ ਨੂੰ ਸਾਡੇ ਜਰਨੈਲਾਂ ਅਤੇ ਗਵਰਨਰਾਂ ਨੇ ਸ਼ੁਰੂ ਕੀਤਾ ਸੀ। ਵੇਖ ਲੈਣਾ, ਇਕ ਦੋ ਸਾਲਾਂ ਵਿੱਚ ਹੀ ਸਾਰਾ ਪੰਜਾਬ ਸਾਡੇ ਅਖ਼ਤਿਆਰ ਵਿੱਚ ਹੋਵੇਗਾ ਅਤੇ ਪੰਜਾਬ ਉੱਤੇ ਕਬਜ਼ੇ ਨਾਲ ਸਾਰੇ ਹਿੰਦੋਸਤਾਨ ਉੱਤੇ ਆਪਣੀ ਹਕੂਮਤ ਕਾਇਮ ਕਰਨ ਦਾ ਸਾਡਾ ਖੁਆਬ ਮੁਕੰਮਲ ਹੋ ਜਾਵੇਗਾ। ਫਰੈਡਰਿਕ ਕਰੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਆਖਿਆ।
"ਪਰ ਵੇਖਣ ਵਾਲੀ ਗੱਲ ਇਹ ਵੀ ਹੈ ਕਿ ਅਸੀਂ ਕਿੰਨੇ ਦਿਨਾਂ ਤੱਕ ਇਨ੍ਹਾਂ ਉੱਤੇ ਹਕੂਮਤ ਕਰਦੇ ਰਹਿ ਸਕਾਂਗੇ। ਕਿਸੇ ਲੜਾਈ ਨੂੰ ਫਤਿਹ ਕਰਕੇ ਕਬਜ਼ਾ ਕਰਨਾ ਹੋਰ ਗੱਲ, ਕਬਜ਼ਾ ਜਮਾਈ ਰੱਖਣਾ ਹੋਰ ਗੱਲ। ਇਨ੍ਹਾਂ ਲੱਖਾਂ, ਕਰੋੜਾਂ ਵਿਚਕਾਰ ਸਾਡੀ ਗਿਣਤੀ ਹੀ ਕਿੰਨੀ ਕੁ ਹੈ?” ਮਾਰਸ਼ਮੈਨ ਨੇ ਕਿਹਾ।
ਫਰੈਡਰਿਕ ਕਰੀ ਹੱਸਿਆ ਅਤੇ ਬੋਲਿਆ, "ਜਿਨ੍ਹਾਂ ਨੂੰ ਅੱਜ ਅਸੀਂ ਹਰਾਵਾਂਗੇ, ਕੱਲ੍ਹ ਉਨ੍ਹਾਂ ਨੂੰ ਆਪਣੇ ਅਕਸ ਵਿੱਚ ਮੁੜ ਜਿਊਂਦਾ ਕਰਾਂਗੇ। ਸਦੀਆਂ ਤੋਂ ਇਸੇ ਤਰ੍ਹਾਂ ਚਲਦਾ ਆ ਰਿਹਾ ਹੈ। ਰੋਮ ਸਾਮਰਾਜ ਨੇ ਇਸੇ ਤਰ੍ਹਾਂ ਕੀਤਾ। ਮੁਗਲੀਆ ਸਲਤਨਤ ਦੇ ਸਮੇਂ ਵੀ ਇਸੇ ਤਰ੍ਹਾਂ ਹੋਇਆ ਅਤੇ ਹੁਣ ਵੀ ਇਸੇ ਤਰ੍ਹਾਂ ਹੋਵੇਗਾ। ਤੁਸੀਂ ਵੇਖਿਆ ਹੀ ਹੋਵੇਗਾ ਕਿ ਇਨ੍ਹਾਂ ਹਿੰਦੋਸਤਾਨੀਆਂ ਨੂੰ, ਜਿਨ੍ਹਾਂ ਨੂੰ ਅਸੀਂ ਬੰਗਾਲ 'ਚ ਹਰਾਇਆ, ਲਖਨਊ ਅਤੇ ਕਾਨ੍ਹਪੁਰ ’ਚ ਹਰਾਇਆ, ਉਹ ਹੁਣ ਸਾਡੀ ਫ਼ੌਜ ਦੇ ਵਫਾਦਾਰ ਸਿਪਾਹੀ ਹਨ।"
"ਮੇਰੇ ਲਈ ਵੀ ਸਰ, ਇਹ ਹੈਰਾਨੀ ਦੀ ਹੀ ਗੱਲ ਹੈ।" ਮਾਰਸ਼ਮੈਨ ਬੋਲਿਆ।
"ਹੈਰਾਨੀ ਦੀ ਇਸ ਵਿੱਚ ਕੋਈ ਗੱਲ ਨਹੀਂ। ਸੱਚ ਇਹ ਹੈ ਕਿ ਤਕਰੀਬਨ ਹਰ ਹੁਕਮਰਾਨ ਆਪਣੀ ਪਰਜਾ ਨਾਲ ਬੇਇਨਸਾਫ਼ੀ ਹੀ ਵਰਤਦਾ ਹੈ। ਉਹ ਹਾਕਮ ਚਾਹੇ ਉਸ ਦੇ ਆਪਣੇ ਮਜ਼ਹਬ, ਆਪਣੀ ਕੌਮ ਦਾ ਹੀ ਕਿਉਂ ਨਾ ਹੋਵੇ ।" ਜਾਨ ਲਾਰੈਂਸ ਨੇ ਆਖਿਆ, “ਉਹ ਆਪਣੀ ਪਰਜਾ ਉੱਤੇ ਸਖਤੀਆਂ ਕਰਕੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਦਾ ਵੱਡਾ ਹਿੱਸਾ ਤਰ੍ਹਾਂ-ਤਰ੍ਹਾਂ ਦੇ ਟੈਕਸਾਂ ਦੀ ਸ਼ਕਲ 'ਚ ਵਸੂਲ ਕਰਦਾ ਆਪਣੇ ਲਈ ਐਸ਼-ਓ-ਇਸ਼ਰਤ ਦਾ ਸਾਮਾਨ ਇਕੱਠਾ ਕਰਦਾ ਅਤੇ ਆਪਣੇ ਹਰਮ ਦੀਆਂ ਰਾਣੀਆਂ-ਰਖੇਲਾਂ ਨੂੰ ਹੀਰੇ-ਜਵਾਹਰਾਤ ਦੇ ਜੇਵਰਾਂ ਨਾਲ ਸਜਾਉਂਦਾ ਹੈ। ਇਹੀ ਕੁਝ ਸਾਡੀ ਆਪਣੀ ਹਕੂਮਤ ਆਪਣੇ ਆਮ ਲੋਕਾਂ ਨਾਲ ਕਰਦੀ ਹੈ। ਦੂਜਾ ਸੱਚ ਇਹ ਵੀ ਕਿ ਹਰ ਹਾਰਿਆ ਹੋਇਆ ਸਿਪਾਰੀ ਫਤਿਹਯਾਬ ਸਿਪਾਹੀ ਦੀ ਵਰਦੀ ਪਾ ਕੇ ਖੁਸ਼ ਹੁੰਦਾ ਹੈ। ਹਾਂ, ਜੇ ਕਦੇ ਸਾਨੂੰ ਖਤਰਾ ਮਹਿਸੂਸ ਹੋਇਆ ਤਾਂ ਇਨ੍ਹਾਂ ਦੋਹਾਂ ਵਿਚਕਾਰ ਦੇ ਵਰਗ ਤੇ ਹੋਵੇਗਾ।“
"ਕੋਈ ਹੋਰ ਸੱਚ ? ਕੋਈ ਹੋਰ ਭੇਦ ?" ਮਾਰਸ਼ਮੈਨ ਨੇ ਵਿਅੰਗ ਨਾਲ ਪੁੱਛਿਆ।
"ਭੇਦ ਕੋਈ ਨਹੀਂ, ਸਭ ਪਰਤੱਖ ਹੈ, ਪਰ ਇਸ ਨੂੰ ਵੀ ਬਹੁਤੇ ਲੋਕ ਸਮਝ-ਵੇਖ ਨਹੀਂ ਪਾਉਂਦੇ" ਫਰੈਡਰਿਕ ਕਰੀ ਕਹਿ ਰਿਹਾ ਸੀ, "ਇੱਕ ਫਤੇਹ ਯਾਬ ਹਕੂਮਤ ਆਮ ਆਦਮੀ ਕੋਲੋਂ ਐਸਾ ਕੁਝ ਨਹੀਂ ਖੋਂਹਦੀ ਜੋ ਇਸ ਨੇ ਪਹਿਲਾਂ ਨਾ ਖੋਹਿਆ ਹੋਵੇ । ਇਸ ਦੇ ਉਲਟ ਨਵਾਂ ਹਾਕਮ ਆਪਣੀ ਗਿਣੀ-ਮਿੱਥੀ ਹੁਸ਼ਿਆਰਮੰਦੀ ਨਾਲ ਪਹਿਲਾਂ ਪਹਿਲ ਆਮ ਰਿਆਇਆ ਨਾਲ ਹਮਦਰਦੀ ਅਤੇ ਨੇਕ ਦਿਲੀ ਨਾਲ ਵਰਤਾਓ ਕਰਦਾ ਅਤੇ ਆਪਣੇ ਤੋਂ ਪਹਿਲੇ ਹਾਕਮ ਤੋਂ ਬਿਹਤਰ ਹੋਣ ਦਾ ਪ੍ਰਭਾਵ ਪਾਉਂਦਾ ਹੈ।"
"ਬਿਹਤਰ ਹੋਣ ਦਾ ਅਸਰ ਕਦ ਤੱਕ ?" ਮਾਰਸ਼ਮੈਨ ਵਿਅੰਗ ਨਾਲ ਬੋਲਿਆ "ਜਦੋਂ ਇਨ੍ਹਾਂ ਨੂੰ ਪਤਾ ਲੱਗੇਗਾ ਕਿ ਅਸੀਂ ਹਾਕਮ ਘੱਟ ਅਤੇ ਵਪਾਰੀ ਜ਼ਿਆਦਾ ਹਾਂ ਹੈ, ਤਾਂ ਕੀ ਹੋਵੇਗਾ ? ਤੁਸੀਂ ਆਪ ਸਮਝਦੇ ਹੋ ਕਿ ਅਸੀਂ ਇੱਥੇ ਵਪਾਰ ਲਈ ਆਏ ਸਾਂ। ਇਹ ਧਰਤੀ ਤਾਂ ਸਾਡੇ ਕਾਰਖ਼ਾਨਿਆਂ 'ਚੋਂ ਨਿਕਲਦੇ ਮਾਲ ਲਈ ਬਾਜ਼ਾਰ ਹੈ ਅਤੇ ਸਾਡੀਆਂ ਫੈਕਟਰੀਆਂ ਲਈ ਕੱਚੇ ਮਾਲ ਦਾ ਵਸੀਲਾ ।"
"ਆਮ ਲੋਕਾਂ 'ਚ ਐਨੀ ਬਰੀਕੀ ਨਾਲ ਸੋਚਣ ਦੀ ਕਾਬਲੀਅਤ ਜੇ ਹੋਵੇ ਤਾਂ ਕੋਈ ਵੀ ਹਕੂਮਤ ਕਾਇਮ ਨਾ ਰਹਿ ਸਕੇ।" ਫਰੈਡਰਿਕ ਕਰੀ ਨੇ ਉੱਤਰ ਦੇਂਦਿਆਂ ਆਖਿਆ।
"ਇਹ ਤੇ ਹੋਇਆ ਆਮ ਅਤੇ ਅਨਪੜ੍ਹ ਲੋਕਾਂ ਮੁਤਅਲਕ। ਉੱਚ ਵਰਗ ਅਤੇ ਹਕੂਮਤ ਨਾਲ ਜੁੜੇ ਹੋਏ ਲੋਕ ਤਾਂ ਸਮਝ ਹੀ ਲੈਣਗੇ ਕਦੀ ਨਾ ਕਦੀ ।" ਮਾਰਸ਼ਮੈਨ ਨੂੰ ਬੋਲਿਆ।
"ਹਕੂਮਤ ਨਾਲ ਜੁੜੇ ਹੋਏ ਲੋਕ ?" ਫਰੈਡਰਿਕ ਕਰੀ ਨੇ ਮੂੰਹ ਬਣਾਉਂਦਿਆਂ ਆਖਿਆ, "ਇਹ ਲੋਕ ਜ਼ਿਆਦਾ ਕਰਕੇ ਚਾਪਲੂਸ ਬਿਰਤੀ ਦੇ ਅਤੇ ਪਦਵੀਆਂ ਹਾਸਲ ਕਰਨ ਦੀ ਚਾਹ ਰੱਖਦੇ ਹਨ ਅਤੇ ਖ਼ੁਦਗਰਜ਼ੀ ਕਾਰਨ ਹਕੂਮਤ ਨਾਲ ਜੁੜੇ ਹੁੰਦੇ ਹਨ, ਆਪਣੀ ਨਿੱਜੀ ਲਿਆਕਤ ਕਾਰਨ ਨਹੀਂ। ਇਹ ਵੀ ਵੇਖਣ 'ਚ ਆਇਆ ਹੈ ਕਿ ਇਹ ਖ਼ੁਸ਼ਾਮਦੀ ਅਤੇ ਕਮਅਕਲ ਲੋਕ ਕਿਸੇ ਸੂਝਵਾਨ ਨੂੰ ਬਹੁਤ ਦੇਰ ਟਿਕਣ ਨਹੀਂ ਦੇਂਦੇ। ਕਿਸੇ ਨਵੇਂ ਹੁਕਮਰਾਨ ਦੇ ਆਉਣ 'ਤੇ ਸਭ ਤੋਂ ਪਹਿਲਾਂ ਇਹ ਲੋਕ ਹੀ ਆਪਣਾ ਰੂਪ ਬਦਲਦੇ ਹਨ।"
"ਹਾਂ, ਇਹ ਤੇ ਮੈਂ ਆਪ ਅੱਖੀਂ ਵੇਖਿਆ ਹੈ।" ਮਾਰਸ਼ਮੈਨ ਕਹਿਣ ਲੱਗਾ, "ਇਨ੍ਹਾਂ ਖ਼ੁਸ਼ਾਮਦੀ ਅਤੇ ਖ਼ੁਦਗਰਜ਼ ਵਜ਼ੀਰਾਂ, ਅਮੀਰਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਤਰ੍ਹਾਂ ਘੇਰ ਕੇ ਰੱਖਿਆ ਹੋਇਆ ਸੀ ਕਿ ਉਸ ਨੂੰ ਉਨ੍ਹਾਂ ਤੋਂ ਪਰ੍ਹੇ ਕੁਝ ਹੋਰ ਦਿਸਦਾ ਹੀ ਨਹੀਂ ਸੀ।"
"ਹੁਣ ਵੇਖ ਲਓ", ਫਰੈਡਰਿਕ ਕਰੀ ਬੋਲਿਆ, "ਸਾਡੇ ਲੁਧਿਆਣੇ 'ਚ ਬੈਠਿਆਂ ਹੀ ਇਨ੍ਹਾਂ ਡੋਗਰਿਆਂ ਅਤੇ ਇਸ ਰਾਣੀ ਜਿੰਦ ਕੌਰ ਨੇ ਆਪ ਹੀ ਪੰਜਾਬ ਸਾਡੀ ਝੋਲੀ ਵਿੱਚ ਆ ਪਾਇਆ।"
ਰਾਣੀ ਜਿੰਦ ਕੌਰ ਦਾ ਨਾਮ ਆਉਂਦਿਆਂ ਹੀ ਮੇਜਰ ਹਡਸਨ ਨੇ ਆਖਿਆ, "ਮੇਰਾ ਖ਼ਿਆਲ ਹੈ ਕਿ ਰਾਣੀ ਜਿੰਦਾਂ ਨਾਲ ਸਾਨੂੰ ਇਸ ਤਰ੍ਹਾਂ ਦਾ ਸਲੂਕ ਨਹੀਂ ਸੀ
ਕਰਨਾ ਚਾਹੀਦਾ। ਉਸਨੂੰ ਨਜ਼ਰਬੰਦ ਕਰਕੇ ਅਤੇ ਉਸ ਦੀਆਂ ਸਾਰੀਆਂ ਨੌਕਰਾਣੀਆਂ ਖੋਹ ਕੇ ਅਸੀਂ ਉਸ ਨੂੰ ਆਪਣੇ ਖਿਲਾਫ ਕਰ ਲਿਆ ਹੈ। ਅਤੇ ਇਹ ਜਿੰਦਾਂ ਹੁਣ ਉਹ ਨਹੀਂ ਰਹੀ, ਜੋ ਪਹਿਲਾਂ ਹੁੰਦੀ ਸੀ।"
"ਮੈਂ ਸਮਝਦਾ ਹਾਂ", ਰਿਜੈਂਟ ਫਰੈਡਰਿਕ ਕਰੀ ਬੋਲਿਆ, "ਅਤੇ ਇਹ ਵੀ ਖ਼ਬਰ ਮਿਲੀ ਹੈ ਕਿ ਉਹ ਹੁਣ ਮੁਲਤਾਨ ਅਤੇ ਹਜ਼ਾਰਾ ਦੇ ਗਵਰਨਰਾਂ ਨੂੰ ਆਪਣੇ ਸਾਥ ਦਾ ਵਿਸ਼ਵਾਸ ਦਿਵਾ ਕੇ ਉਨਾਂ ਦੀ ਤਾਕਤ ਨੂੰ ਮਜ਼ਬੂਤ ਕਰ ਰਹੀ ਹੈ।
ਮੇਜਰ ਨੇਪੀਅਰ ਨੇ ਆਪਣਾ ਵਿਚਾਰ ਜ਼ਾਹਰ ਕਰਦਿਆਂ ਕਿਹਾ, "ਮੈਨੂੰ ਆਪਣੇ ਇਸ ਲਾਰਡ ਗਫ ਦੀ ਪਾਲਿਸੀ ਪਸੰਦ ਨਹੀਂ। ਆਰਾਮ ਨਾਲ ਆਪਣੇ ਬੰਗਲੇ 'ਚ ਬੈਠਾ ਹੈ। ਅਖੇ ਹਾਲੇ ਮੁਲਤਾਨ 'ਤੇ ਹਮਲਾ ਕਰਨ ਦਾ ਅਵਸਰ ਨਹੀਂ ਆਇਆ। ਮੈਂ ਕਹਿੰਦਾ ਹਾਂ ਕਿ ਜੇ ਸਾਨੂੰ ਭਰ ਗਰਮੀਆਂ 'ਚ ਇਹ ਚੜ੍ਹਾਈ ਅਤੇ ਲੜਾਈ ਕਰਨੀ ਪਈ ਤਾਂ ਸਾਡੇ ਪੰਜਾਹ ਸੱਠ ਹਜ਼ਾਰ ਬੰਦੇ ਤਾਂ ਗਰਮੀ ਨਾਲ ਹੀ ਮਰ ਜਾਣਗੇ। ਇਹ ਵੀ ਪਤਾ ਨਹੀਂ ਕਿ ਸਾਨੂੰ ਕਿੰਨੇ ਦਿਨਾਂ ਅਤੇ ਮਹੀਨਿਆਂ ਤਕ ਮੁਲਤਾਨ ਨੂੰ ਘੇਰਾ ਪਾਈ ਰੱਖਣਾ ਪਵੇਗਾ।"
ਮੇਜਰ ਹਡਸਨ ਨੇ ਆਲੇ-ਦੁਆਲੇ ਵੇਖਿਆ। ਫੇਰ ਆਪਣਾ ਮੂੰਹ ਉਨ੍ਹਾਂ ਦੇ ਨੇੜੇ ਲਿਆਉਂਦਿਆਂ ਬੋਲਿਆ, “ਜਰਨਲ ਗਫ਼। ਮਾਈ ਫੁੱਟ! ਬਣ ਕੇ ਆ ਗਿਆ ਇਥੇ ਜਰਨਲ । ਬਹੁਤ ਉੱਪਰ ਤੱਕ ਕੁਨੈਕਸ਼ਨ ਇਸਦੇ ਲੰਦਨ 'ਚ ਅਤੇ ਤੁਹਾਨੂੰ ਪਤਾ ਨਹੀਂ, ਇਸ ਦੀ ਬੀਵੀ ਖੂਬ ਜਵਾਨ ਹੈ, ਇਸ ਤੋਂ 25 ਵਰ੍ਹੇ ਛੋਟੀ।"
“ਖ਼ੂਬਸੂਰਤ ਤੇ ਹੈ ਨਾ, ਨਾਲੇ ਜਵਾਨ ਵੀ ।" ਸਾਰੇ ਹੱਸ ਪਏ।
ਉਸੇ ਵੇਲੇ ਮੇਜਰ ਰਾਬਰਟ ਉਨ੍ਹਾਂ ਕੋਲ ਆ ਖੜਾ ਹੋਇਆ।
"ਕਿਉਂ ਬਈ, ਐਨੀ ਦੇਰ ਨਾਲ ਕਿਉਂ ਆਇਆਂ; ਕਿਤੇ... ?"
"ਵਜ੍ਹਾ ਹੈ ਦੇਰ ਨਾਲ ਆਉਣ ਦੀ। ਆਉਣ ਲੱਗਾ ਤਾਂ ਇਕ ਅਹਿਮ ਖ਼ਬਰ ਮਿਲੀ। ਉਹ ਇਹ ਕਿ ਜਿਨ੍ਹਾਂ ਭਗੌੜਿਆਂ, ਬਦਮਾਸ਼ਾਂ ਨੂੰ ਫੜਨ ਮੈਕਸਵੈਲ ਜਿੱਧਰ ਗਿਆ ਹੈ, ਰਣਜੀਤ ਸਿੰਘ ਦੀ ਤਥਾਕਥਿਤ ਪੋਤਰੀ ਜਾਂ ਧੀ ਵੀ ਉਨ੍ਹਾਂ ਬਦਮਾਸ਼ਾਂ ਦੀ ਹਿਰਾਸਤ ਵਿੱਚ ਹੈ।"
"ਤਥਾਕਥਿਤ ਹੀ ਹੈ ; ਅਸਲੀ ਪੋਤਰੀ ਤੇ ਨਹੀਂ।"
"ਅਸਲੀ ਕੌਣ ਅਤੇ ਕੌਣ ਨਹੀਂ, ਇਸ ਬਾਰੇ ਤਾਂ ਜੰਮਣ ਵਾਲੀ ਦੇ ਇਲਾਵਾ ਹੋਰ ਕੋਈ ਯਕੀਨੀ ਤੌਰ 'ਤੇ ਨਹੀਂ ਕਹਿ ਸਕਦਾ। 'ਬਾਪ' ਤਾਂ ਸਿਰਫ਼ ਔਰਤ ਦਾ ਕਿਹਾ ਮੰਨ ਲੈਂਦਾ ਹੈ।" ਮੇਜਰ ਹਡਸਨ ਬੋਲਿਆ, "ਮਹਾਰਾਜਾ ਸ਼ੇਰ ਸਿੰਘ ਬਾਰੇ ਵੀ ਇਹੀ ਸੁਣਿਆ ਜਾਂਦਾ ਸੀ ਕਿ ਉਹ ਰਣਜੀਤ ਸਿੰਘ ਦੀ ਔਲਾਦ ਨਹੀਂ। ਪਰ ਉਸ ਨੇ ਸ਼ੇਰ ਸਿੰਘ ਨੂੰ ਆਪਣੀ ਔਲਾਦ ਮੰਨ ਲਿਆ ।"
"ਜੇ... ਜੇ ਇਹ ਸਿੱਖ, ਖ਼ਾਸ ਕਰਕੇ ਮੁਲਤਾਨ ਅਤੇ ਹਜ਼ਾਰਾ, ਗੁੱਜਰਾਂਵਾਲਾ ਦੇ ਸਿੱਖ ਉਸ ਕੁੜੀ ਨੂੰ ਮਹਾਰਾਜਾ ਦੀ ਪੋਤਰੀ ਮੰਨ ਲੈਣ ਤਾਂ ਇਸ ਔਰਤ ਨੂੰ ਜਿੰਦ ਕੌਰ ਵਾਂਗ ਖ਼ਾਲਸਾ ਰਾਜ ਦੇ ਇਕ ਪ੍ਰਤੀਕ ਵਾਂਗ ਵਰਤ ਸਕਦੇ ਹਨ।“ ਰੀਜੈਂਟ ਫਰੈਡਰਿਕ ਕਰੀ ਨੇ ਆਪਣੀ ਸਿਆਣਪ ਜਾਹਰ ਕਰਦਿਆਂ ਆਖਿਆ।
ਮੇਜਰ ਨੇਪੀਅਰ ਕਹਿਣ ਲੱਗਾ, "ਇਸ ਸੂਰਤ ਵਿੱਚ ਤਾਂ ਉਨ੍ਹਾਂ ਭਗੌੜਿਆਂ, ਬਾਗ਼ੀਆਂ ਨੂੰ ਫੜਨ ਲਈ ਭੇਜੀ ਬਟਾਲੀਅਨ ਨੂੰ ਇਹ ਸੁਨੇਹਾ ਛੇਤੀ ਤੋਂ ਛੇਤੀ ਭੇਜ ਦੇਵੋ ਕਿ ਉਸ ਕੁੜੀ ਨੂੰ ਵੀ ਹਰ ਹਾਲਤ ਵਿੱਚ ਆਪਣੇ ਕਬਜ਼ੇ 'ਚ ਕਰ ਲੈਣ।"
ਮੇਜਰ ਹਡਸਨ ਬੋਲਿਆ, "ਮੈਂ ਤੇ ਉਸ ਘੜੀ ਦੀ ਉਡੀਕ 'ਚ ਹਾਂ ਜਦੋਂ ਲੱਖਣ ਸਿੰਘ ਅਤੇ ਹੁਕਮ ਸਿੰਘ ਵਰਗੇ ਆਪਣੀ-ਆਪਣੀ ਫ਼ੌਜ 'ਚੋਂ ਭਜੇ ਹੋਏ ਭਗੌੜਿਆਂ ਨੂੰ ਸ਼ਰੇਆਮ ਫਾਂਸੀ 'ਤੇ ਲਮਕਾ ਦਿੱਤਾ ਜਾਏ। ਕਿਉਂਕਿ ਇਹ ਸਵਾਲ ਕੁਝ ਮਾਮੂਲੀ ਜਿਹੇ ਭਗੌੜਿਆਂ ਦਾ ਹੀ ਨਹੀਂ। ਕਿਸੇ ਵੀ ਹਕੂਮਤ ਦੇ ਥੰਮ੍ਹ ਅਤੇ ਤਾਕਤ ਉਸ ਦੀ ਫ਼ੌਜ ਹੁੰਦੀ ਹੈ। ਫ਼ੌਜ ਦੀ ਨੈਤਿਕਤਾ, ਅਨੁਸ਼ਾਸਨ, ਡਿਸਿਪਲਿਨ ਨੂੰ ਤੋੜਨ ਵਾਲਾ ਹਕੂਮਤ ਦਾ ਦੁਸ਼ਮਣ। ਲੱਖਣ ਸਿੰਘ ਅਤੇ ਹੁਕਮ ਸਿੰਘ ਨੇ ਇਸ ਅਨੁਸ਼ਾਸਨ ਨੂੰ ਵੰਗਾਰਿਆ ਹੈ। ਇਨ੍ਹਾਂ ਨੂੰ ਖ਼ਤਮ ਕਰਨਾ ਲਾਜ਼ਮੀ ਹੈ... ।"
***
22
"ਤੁਹਾਡਾ ਕੀ ਖਿਆਲ ਹੈ ?" ਮੈਕਸਵੈਲ ਨੇ ਪਹਾੜੀ ਉੱਪਰ ਦਿਸਦੇ ਉਸ ਛੋਟੇ ਜਿਹੇ ਕਿਲ੍ਹੇ ਵੱਲ ਤੱਕਦਿਆਂ ਕੀਰਤ ਸਿੰਘ ਨੂੰ ਪੁੱਛਿਆ, "ਹੁਕਮ ਸਿੰਘ ਦੇ ਉਨ੍ਹਾਂ ਆਦਮੀਆਂ ਕੋਲ ਕਿੰਨੀਆਂ ਕੁ ਰਫਲਾਂ ਹੋਣਗੀਆਂ ?"
"ਇਸ ਬਾਰੇ ਮੈਂ ਬਹੁਤਾ ਕੁਝ ਨਹੀਂ ਕਹਿ ਸਕਦਾ। ਸਿਵਾਏ ਇਸ ਦੇ ਕਿ ਖਾਲਸਾ ਫ਼ੌਜ ਦੇ ਭਗੌੜਿਆਂ ਕੋਲ ਪੁਰਾਣੀਆਂ ਤੋੜੇਦਾਰ ਬੰਦੂਕਾਂ ਹੀ ਹੋਣਗੀਆਂ। ਫਰੰਗੀ ਪਲਟਨ ਦੇ ਭਗੌੜਿਆਂ ਬਾਰੇ ਤੁਸੀਂ ਹੀ ਦੱਸ ਸਕਦੇ ਹੋ।"
"ਮੈਨੂੰ ਮਿਲੀ ਖ਼ਬਰ ਮੁਤਾਬਿਕ ਇਨ੍ਹਾਂ ਕੋਲ ਪੰਦਰਾਂ ਵੀਹ ਰਾਈਫਲਾਂ ਹੋਣਗੀਆਂ- ਰਾਇਲ ਐਮਫ਼ੀਲਡ, ਜੋ ਕਾਫ਼ੀ ਦੂਰ ਤੱਕ ਮਾਰ ਕਰ ਸਕਦੀਆਂ ਹਨ।"
“ਇਸ ਤੋਂ ਪਹਿਲਾਂ ਤਾਂ ਤੁਸੀਂ ਇਹ ਰਫ਼ਲਾਂ ਕਦੀ ਕਿਸੇ ਗੈਰ-ਅੰਗਰੇਜ ਸਿਪਾਹੀ ਨੂੰ ਨਹੀਂ ਦਿੱਤੀਆਂ ?"
"ਇਹ ਹੁਕਮ ਸਿੰਘ ਅਤੇ ਭਗੌੜੇ ਤੋਸ਼ੇਖਾਨੇ 'ਚੋਂ ਲੁੱਟ ਕੇ ਲੈ ਗਏ ਸਨ। ਇਸ ਕਰਕੇ ਸਾਡੀਆਂ ਨਜ਼ਰਾਂ 'ਚ ਇਨ੍ਹਾਂ ਦਾ ਜੁਰਮ ਹੋਰ ਵੀ ਜ਼ਿਆਦਾ ਸੰਗੀਨ ਹੈ "
ਸਰਾਂ ਅਤੇ ਮਸੀਤ ਉੱਤੇ ਹਮਲੇ ਅਤੇ ਲੱਖਣ ਸਿੰਘ ਦੇ ਫੜੇ ਜਾਣ ਤੋਂ ਬਾਅਦ ਪਿੰਡ 'ਚ ਬੈਠੇ ਭਗੌੜੇ ਅਤੇ ਹੁਕਮ ਸਿੰਘ ਕਿਲ੍ਹੇ 'ਚ ਜਾ ਬੈਠੇ ਸਨ । ਹੁਣ ਮੈਕਸਵੈਲ ਦੀ ਟੁਕੜੀ ਅਤੇ ਕੀਰਤ ਸਿੰਘ ਦੀ ਪਲਟਨ ਮਿਲ ਕੇ ਕਿਲ੍ਹੇ ਵੱਲ ਵੱਧ ਰਹੀ ਸੀ।
ਕੀਰਤ ਸਿੰਘ ਉੱਪਰ ਵੱਲ ਪੈਰ ਵਧਾਉਂਦਿਆਂ ਬੋਲਿਆ, "ਸਾਰੇ ਹਾਲਾਤ ਨੂੰ ਨਜ਼ਰ 'ਚ ਰੱਖਦਿਆਂ ਲੜਾਈ ਦੇ ਮੈਦਾਨ ਦੀ ਚਤੁਰਤਾ ਤਾਂ ਇਹੀ ਕਹਿੰਦੀ ਹੈ ਕਿ ਹੁਕਮ ਸਿੰਘ ਨੂੰ ਇਸ ਵੇਲੇ ਨੱਸ ਜਾਣਾ ਚਾਹੀਦਾ ਸੀ। ਪਰ ਇਹ ਇਸ ਵੇਲੇ ਕਿਲ੍ਹੇ ਚ ਮੋਰਚਾ ਸਾਂਭ ਕੇ ਬੈਠ ਗਿਆ ਹੈ।"
"ਮੁਮਕਿਨ ਹੈ ਕਿ ਇਸ ਨੂੰ ਇਹ ਨਾ ਪਤਾ ਲੱਗਿਆ ਹੋਵੇ ਕਿ ਮੇਰੀ ਅੰਗਰੇਜ਼ ਟੁਕੜੀ ਵੀ ਤੁਹਾਡੇ ਨਾਲ ਆਣ ਰਲੀ ਹੈ ਜਾਂ ਇਸ ਨੂੰ ਆਪਣੀਆਂ ਐਮਫੀਲਡ ਰਾਈਫਲਾਂ 'ਤੇ ਬਹੁਤ ਮਾਣ ਹੋਵੇ। ਇਸ ਦੇ ਇਲਾਵਾ ਇਹ ਵੀ ਕਿ ਨੱਸਦੇ ਜਾਂਦਿਆਂ ਦਾ ਪਿੱਛਾ ਕਰ ਰਹੇ ਦੁਸ਼ਮਣ ਹੱਥੋਂ ਮਾਰੇ ਜਾਣ ਦੇ ਇਮਕਾਨ ਜ਼ਿਆਦਾ ਹੁੰਦੇ ਹਨ।"
ਕੁਝ ਦੇਰ ਬਾਅਦ ਕਿਲ੍ਹੇ ਵੱਲੋਂ ਗੋਲੀਆਂ ਵਰ੍ਹਨ ਲੱਗੀਆਂ ਤਾਂ ਮੈਕਸਮੈਲ ਨੇ ਹੁਕਮ ਦਿੱਤਾ, "ਫਾਇਰ, ਫਾਇਰ, ਅਤੇ ਸਾਵਧਾਨੀ ਨਾਲ ਅੱਗੇ ਵਧੋ।"
ਫਰੰਗੀ ਫੌਜ ਦੇ ਅਤੇ ਕੀਰਤ ਸਿੰਘ ਦੇ ਸਿਪਾਹੀ ਢਿੱਡ ਭਰਨੇ ਜਾਂ ਪੱਥਰਾਂ ਦੀ ਓਟ ਲੈਦਿਆਂ ਫਾਇਰ ਕਰਦਿਆਂ ਅੱਗੇ ਵਧਣ ਲੱਗੇ।
"ਐਵੇਂ ਫਾਇਰ ਨਾ ਕਰੋ। ਨਿਸ਼ਾਨਾ ਬੰਨ੍ਹ ਕੇ ਕਰੋ।" ਕੀਰਤ ਸਿੰਘ ਬੋਲਿਆ।
ਕਿਲ੍ਹੇ ਦੀ ਕੰਧ ਉੱਤੇ ਖੜੇ ਹੁਕਮ ਸਿੰਘ ਦੇ ਭਗੌੜੇ ਇਕ ਇਕ ਕਰਕੇ ਡਿੱਗਣ ਲੱਗੇ। ਕੀਰਤ ਦੇ ਆਪਣੇ ਸਿਪਾਹੀ ਵੀ ਉੱਪਰੋਂ ਆਉਂਦੀਆਂ ਗੋਲੀਆਂ ਦਾ ਨਿਸ਼ਾਨਾ ਬਣਨ ਲੱਗੇ।
ਮੈਕਸਵੈਲ ਅਤੇ ਕੀਰਤ ਸਿੰਘ ਕਿਲ੍ਹੇ ਦੀਆਂ ਕੰਧਾਂ ਦੀ ਕਮਜ਼ੋਰੀ ਲੱਭਣ ਲਈ ਗੌਹ ਨਾਲ ਤੱਕਦੇ ਰਹੇ। ਫੇਰ ਕੀਰਤ ਸਿੰਘ ਸੱਜੇ ਪਾਸੇ ਵੇਖਦਿਆਂ ਬੋਲਿਆ, "ਉਸ ਪਾਸੇ ਦੀ ਕੰਧ ਟੁੱਟੀ ਹੋਈ ਹੈ ਅਤੇ ਟੁੱਟੀ ਕੰਧ ਦੇ ਪੱਥਰਾਂ ਦੇ ਢੇਰ ਉੱਪਰੋਂ ਹੋ ਕੇ ਅਸੀਂ ਅਸਾਨੀ ਨਾਲ ਕਿਲ੍ਹੇ ਅੰਦਰ ਦਾਖ਼ਲ ਹੋ ਸਕਦੇ ਹਾਂ।”
"ਠੀਕ ਏ।" ਮੈਕਸਵੈਲ ਨੇ ਹਾਮੀ ਭਰਦਿਆਂ ਆਖਿਆ।
ਇਸ ਦੇ ਨਾਲ ਹੀ ਮੈਕਸਵੈਲ ਦੇ ਸਿਪਾਹੀ ਘੋੜਿਆਂ ਤੋਂ ਉੱਤਰ ਕੇ ਅਤੇ ਹੱਥਾਂ 'ਚ ਤੋੜੇਦਾਰ ਬੰਦੂਕਾਂ ਅਤੇ ਰਾਈਫ਼ਲਾਂ ਫੜੀ ਅੱਗੇ ਵਧਣ ਲੱਗੇ । ਰਾਈਫਲਾਂ ਤੇ ਬੰਦੂਕਾਂ ਦੇ ਸਿਰਿਆਂ 'ਤੇ ਸੰਗੀਨਾਂ ਫਿੱਟ ਕੀਤੀਆਂ ਹੋਈਆਂ ਸਨ। ਹੁਕਮ ਸਿੰਘ ਵੀ ਇਸ ਪਾਸਿਓਂ ਹਮਲੇ ਦੀ ਸੰਭਾਵਨਾ ਨੂੰ ਸਮਝਦਾ ਸੀ । ਕੀਰਤ ਸਿੰਘ ਦੇ ਉੱਥੇ ਪਹੁੰਚਦਿਆਂ ਹੀ ਉਨ੍ਹਾਂ ਨੂੰ ਗੋਲੀਆਂ ਦੀ ਵਰਖਾ ਦਾ ਸਾਹਮਣਾ ਕਰਨਾ ਪਿਆ। ਪਰ ਇਕ ਗੋਲੀ ਚੱਲਣ ਅਤੇ ਬੰਦੂਕ 'ਚ ਦੁਬਾਰਾ ਬਰੂਦ ਭਰਨ 'ਚ ਜੋ ਦੇਰ ਲੱਗਦੀ ਸੀ, ਉਸ ਦੇਰੀ ਵਿਚਕਾਰ ਕੀਰਤ ਸਿੰਘ ਦੇ ਸਿਪਾਹੀ ਵੈਰੀ ਭਗੌੜਿਆਂ ਦੇ ਐਨੇ ਨੇੜੇ ਪਹੁੰਚ ਗਏ ਕਿ ਹੁਣ ਸਿਰਫ਼ ਸੰਗੀਨਾਂ ਹੀ ਕੰਮ ਕਰ ਸਕਦੀਆਂ ਸਨ।
ਕੀਰਤ ਸਿੰਘ ਅਤੇ ਦੁਰਜਨ ਸਿੰਘ ਨੇ ਆਪਣੀਆਂ ਰਾਈਫਲਾਂ ਆਪਣੇ ਨਾਲ ਚੱਲ ਰਹੇ ਸਿਪਾਹੀਆਂ ਦੇ ਹੱਥ ਫੜਾਈਆਂ ਅਤੇ ਤਲਵਾਰਾਂ ਆਪਣੇ ਮਿਆਨਾਂ 'ਚੋਂ ਕੱਢ ਲਈਆਂ। ਮੈਕਸਵੈਲ ਨੇ ਵੀ ਖੱਬੇ ਹੱਥ 'ਚ ਪਸਤੌਲ ਅਤੇ ਸੱਜੇ 'ਚ ਤਲਵਾਰ ਫੜ ਲਈ ਹੋਈ ਸੀ।
ਅਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਬੁਲਾਉਂਦੇ ਕੀਰਤ ਸਿੰਘ ਦੇ ਸਿੱਖ ਸਿਪਾਹੀ ਪੱਥਰਾਂ ਅਤੇ ਲਾਸ਼ਾਂ ਤੋਂ ਹੁੰਦੇ ਹੋਏ ਦੁਸ਼ਮਣ 'ਤੇ ਟੁੱਟ ਪਏ। ਨਾਲ ਹੀ ਸੰਗੀਨਾਂ ਫੜੀ ਮੈਕਸਵੈਲ ਦੇ ਸਿਪਾਹੀ। ਅੱਗਿਓਂ ਭਗੌੜਿਆਂ, ਲੁਟੇਰਿਆਂ ਨੂੰ ਵੀ ਇਸ ਵਾਸਤਵਿਕਤਾ ਦਾ ਚੰਗੀ ਤਰ੍ਹਾਂ ਪਤਾ ਸੀ ਕਿ ਹੁਣ ਉਹ ਨੱਸ ਵੀ ਨਹੀਂ ਸਕਦੇ। ਉਹ ਵੀ ਉਸੇ ਤਰ੍ਹਾਂ
ਬਹਾਦਰੀ ਨਾਲ ਲੜਦਿਆਂ ਮਰਦੇ ਡਿਗਦੇ ਜਾ ਰਹੇ ਸਨ। ਫੇਰ ਕੀਰਤ ਸਿੰਘ ਪੱਥਰਾਂ ਦੇ ਢੇਰ ਅਤੇ ਉਸ ਤੋਂ ਬਾਅਦ ਟੁੱਟੀ ਕੰਧ ਨੂੰ ਪਾਰ ਕਰਕੇ ਅੰਦਰ ਪਹੁੰਚ ਗਿਆ।
ਹੁਣ ਹੁਕਮ ਸਿੰਘ ਕੋਲ ਬਚਾਓ ਦਾ ਕੋਈ ਤਰੀਕਾ ਨਹੀਂ ਸੀ ਬਚਿਆ। ਉਸ ਦੇ ਬਚੇ ਖੁਚੇ ਭਗੌੜੇ ਜਾਂ ਤਾਂ ਹਥਿਆਰ ਸੁੱਟ ਕੇ ਆਪਣੇ ਆਪ ਨੂੰ ਕੀਰਤ ਸਿੰਘ ਦੇ ਹਵਾਲੇ ਕਰਨ ਲੱਗੇ ਜਾਂ ਭੱਜਣ ਲੱਗੇ।
ਬਚੇ ਖੁਚੇ ਭਗੌੜੇ ਕਿਲ੍ਹੇ ਦੇ ਇਕ ਖੁੱਲ੍ਹੇ ਵਿਹੜੇ 'ਚ ਇਕੱਠੇ ਹੋ ਕੇ ਲੜ ਰਹੇ ਸਨ। ਪਰ ਹੁਕਮ ਸਿੰਘ ਕਿਤੇ ਨਹੀਂ ਸੀ ਦਿਸ ਰਿਹਾ। ਫੇਰ ਕੀਰਤ ਸਿੰਘ ਨੇ ਵਿਹੜੇ ਦੇ ਪਿੱਛੇ ਇਕ ਵੱਡਾ ਦਰਵਾਜ਼ਾ ਵੇਖਿਆ, ਜਿਸ 'ਚੋਂ ਹੋ ਕੇ ਕੁਝ ਭਗੌੜੇ ਬਚ ਨਿਕਲਣ ਦਾ ਯਤਨ ਕਰ ਰਹੇ ਸਨ।
ਕੀਰਤ ਸਿੰਘ ਆਪਣੀ ਤਲਵਾਰ ਨਾਲ ਮਾਰੋ ਮਾਰ ਕਰਦਿਆਂ, ਰਸਤਾ ਬਣਾਉਂਦਿਆਂ ਜਦ ਉਸ ਦਰਵਾਜ਼ੇ 'ਚੋਂ ਲੰਘ ਕੇ ਦੂਜੇ ਪਾਸੇ ਪਹੁੰਚਿਆ ਤਾਂ ਵੇਖਿਆ ਕਿ ਇਕ ਘੋੜੇ 'ਤੇ ਬੈਠਾ ਹੁਕਮ ਸਿੰਘ ਬਹੁਤ ਤੇਜ਼ ਰਫ਼ਤਾਰ ਨਾਲ ਭੱਜਿਆ ਜਾ ਰਿਹਾ ਹੈ।
ਕੀਰਤ ਸਿੰਘ ਨੇ ਕੋਲ ਖੜੇ ਇਕ ਫ਼ਰੰਗੀ ਸਿਪਾਹੀ ਦੇ ਹੱਥ 'ਚ ਫੜੀ ਰਾਇਲ਼ ਐਮਫੀਲਡ ਰਾਈਫਲ ਆਪਣੇ ਹੱਥ 'ਚ ਫੜੀ ਅਤੇ ਨਿਸ਼ਾਨਾ ਬੰਨ੍ਹ ਕੇ ਰਾਈਫਲ ਦਾ ਘੋੜਾ ਦਬਾ ਦਿੱਤਾ। ਦੂਜੇ ਹੀ ਪਲ ਹੁਕਮ ਸਿੰਘ ਆਪਣੇ ਘੋੜੇ ਤੋਂ ਡਿੱਗ ਕੇ ਪਹਾੜ ਦੀ ਉਤਰਾਈ ਤੋਂ ਰੁੜ੍ਹਦਿਆਂ ਕੰਡੇਦਾਰ ਝਾੜੀਆਂ 'ਚ ਪਹੁੰਚ ਕੇ ਅਹਿਲ ਹੋ ਗਿਆ। ਹੈ।
23
"ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਨੂੰ ਕਿਉਂ ਐਵੇਂ ਸ਼ਤਰੰਜ ਦਾ ਮੋਹਰਾ ਬਣਾ ਲਿਆ ਗਿਆ ਏ।" ਰੂਪ ਕੌਰ ਬੋਲੀ।
"ਕਿਉਂ ਤੂੰ ਖ਼ੁਸ਼ ਨਹੀਂ ?" ਕੀਰਤ ਸਿੰਘ ਨੇ ਪੁੱਛਿਆ।
“ਖ਼ੁਸ਼ੀ ਤੋਂ ਜੇ ਤੁਹਾਡਾ ਭਾਵ ਹੈ, ਇਸ ਵੇਲੇ ਤੁਹਾਡੇ ਨਾਲ ਹੋਣ ਦਾ, ਤਾਂ ਮੈਂ ਬਹੁਤ ਖ਼ੁਸ਼ ਹਾਂ; ਖ਼ਾਸ ਕਰਕੇ ਇਨ੍ਹਾਂ ਦਰਿੰਦਿਆਂ ਦੀ ਕੈਦ 'ਚ ਪਿਛਲੇ ਦਿਨ ਗੁਜ਼ਾਰਨ ਤੋਂ ਬਾਅਦ। ਪਰ.. ਪਰ ਜਿੱਥੋਂ ਤੱਕ ਮੈਨੂੰ ਪਤਾ ਹੈ, ਮੈਂ ਕਿਸੇ ਮਹਾਰਾਜੇ ਜਾਂ ਸ਼ਹਿਜ਼ਾਦੇ ਦੀ ਪੁੱਤਰੀ ਨਹੀਂ।”
"ਤਾਂ ਫੇਰ ਤੂੰ ਕੌਣ ਏਂ ? ਕੀ ਇਹ ਅਫ਼ਵਾਹਾਂ ਝੂਠੀਆਂ ਹਨ ?" ਕੀਰਤ ਸਿੰਘ ਬੋਲਿਆ।
"ਹੋ ਸਕਦਾ ਹੈ ਜੋ ਮੈਂ ਜਾਣਿਆ ਆਪਣੇ ਬਾਰੇ, ਉਹ ਝੂਠ ਹੋਵੇ ।" ਰੂਪ ਕੌਰ ਨੇ ਕਿਹਾ।
“ਤੂੰ ਕੀ ਜਾਣਦੀ ਏਂ ਆਪਣੇ ਬਾਰੇ ? ਉਹੀ ਦੱਸ ?"
"ਸੱਚ ਇਹ ਹੈ ਕਿ ਮੇਰੇ ਮਾਤਾ-ਪਿਤਾ ਨੇ ਮੈਨੂੰ ਬੇਲੋੜੀ ਔਲਾਦ ਸਮਝ ਕੇ ਮੇਰਾ ਗਲਾ ਘੁੱਟ ਕੇ ਮਾਰਨ ਦੀ ਬਜਾਏ ਕਿਸੇ ਖੇਤ 'ਚ ਸੁੱਟ ਦਿੱਤਾ। ਉਸ ਖੇਤ ਦਾ ਬੇਔਲਾਦ ਮਾਲਕ ਮੈਨੂੰ ਚੁੱਕ ਕੇ ਆਪਣੇ ਘਰ ਲੈ ਆਇਆ ਅਤੇ ਆਪਣੀ ਘਰ ਵਾਲੀ ਦੀ ਝੋਲੀ
ਚ ਪਾ ਦਿੱਤਾ। ਇਸ ਤਰ੍ਹਾਂ ਮੈਂ ਕਹਿ ਸਕਦੀ ਹਾਂ ਕਿ ਮੈਂ ਕਿਸੇ ਖੇਤ ਦੀ ਹੀ ਉਪਜ ਹਾਂ, ਧਰਤੀ ਦੀ ਜਾਈ।"
“ਹੂੰ" ਕੀਰਤ ਸਿੰਘ ਕੁਝ ਦੇਰ ਸੋਚਦੇ ਰਹਿਣ ਤੋਂ ਬਾਅਦ ਬੋਲਿਆ, "ਹੋ ਸਕਦਾ ਕਿ ਇਹੀ ਸੱਚ ਹੋਵੇ ਜਾਂ ਸੱਚਮੱਚ ਹੀ ਮਹਾਰਾਜੇ ਦੇ ਕਿਸੇ ਪੁੱਤਰ ਦੀ ਬੇਲੋੜੀ ਸੰਤਾਨ ਹੋਣ ਕਾਰਨ ਤੂੰ ਆਪਣੀ ਪਾਲਣਹਾਰ ਮਾਂ ਕੋਲ ਪਹੁੰਚ ਗਈ ਅਤੇ ਉਸ ਨੇ ਇਹ ਕਹਾਣੀ ਘੜ ਲਈ ਹੋਵੇ। ਸੱਚ ਕੁਝ ਵੀ ਹੋਵੇ ਪਰ ਹੁਣ ਹਕੀਕਤ ਇਹ ਹੈ ਕਿ ਹਾਲਾਤ ਨੇ ਤੈਨੂੰ ਮਹਾਰਾਜੇ ਦੀ ਧੀ ਜਾਂ ਪੋਤਰੀ ਬਣਾ ਦਿੱਤਾ ਹੈ ਅਤੇ ਤੈਨੂੰ ਇਹ ਕਿਰਦਾਰ ਨਿਭਾਉਣਾ ਹੀ ਪਵੇਗਾ।"
"ਵੇਖੋ ਕੀਰਤ ਸਿੰਘ ਜੀ," ਉਹ ਥੋੜੀ ਦੇਰ ਬਾਅਦ ਬੋਲੀ, "ਮੈਂ ਇਕ ਸਧਾਰਨ ਜਿਹੀ ਕੁੜੀ ਹਾਂ। ਮੈਂ ਕੋਈ ਕਿਰਦਾਰ ਨਿਭਾਉਣ ਲਈ ਤਿਆਰ ਨਹੀਂ।"
"ਇਹ ਹੁਣ ਤੇਰੇ ਵੱਸ 'ਚ ਨਹੀਂ ਰੂਪ।"
"ਕੀ... ਕੀ ਮੈਨੂੰ ਤੁਹਾਡੀਆਂ ਬਾਹਵਾਂ 'ਚ ਸ਼ਰਨ ਨਹੀਂ ਮਿਲ ਸਕਦੀ?” ਰੂਪ ਭਾਵੁਕ ਹੁੰਦਿਆਂ ਬੋਲੀ, "ਮੈਂ ਤਾਂ ਚਾਹੁੰਦੀ ਹਾਂ ਇਕ ਆਮ ਤੀਵੀਂ ਵਾਂਗ ਜਿਉਣਾ... ।"
ਕੀਰਤ ਸਿੰਘ ਨੇ ਵੀ ਪਿਆਰ ਅਤੇ ਭਾਵੁਕਤਾ ਭਰੀਆਂ ਨਜ਼ਰਾਂ ਨਾਲ ਉਸ ਵੱਲ ਤੱਕਿਆ ਅਤੇ ਬੋਲਿਆ :
"ਇਹ ਮੇਰੇ ਜਾਂ ਤੇਰੇ ਵੱਸ ਵਿੱਚ ਨਹੀਂ, ਇਹ ਤੂੰ ਚੰਗੀ ਤਰ੍ਹਾਂ ਜਾਣਦੀ ਏਂ।"
ਨਾਲ ਹੀ ਨਾਲ ਉਹ ਰੂਪ ਕੌਰ ਵੱਲ ਤੱਕਦਿਆਂ ਕੁਝ ਹੋਰ ਹੀ ਸੋਚ ਰਿਹਾ ਸੀ। ਉਹੀ ਜੋ ਲਾਹੌਰ 'ਚ ਬੈਠਿਆਂ ਫਰੰਗੀਆਂ ਨੇ ਸੋਚਿਆ ਸੀ। ਉਸ ਨੇ ਇਹ ਵੀ ਵੇਖਿਆ ਕਿ ਉਸ ਦੇ ਸਿੱਖ ਸਿਪਾਹੀ ਜਿਸ ਵੇਲੇ ਵੀ ਰੂਪ ਕੌਰ ਵੱਲ ਵੇਖਦੇ ਤਾਂ ਸ਼ਰਧਾ ਅਤੇ ਇੱਜ਼ਤ ਦੀ ਭਾਵਨਾ ਨਾਲ ਵੇਖਦੇ। ਉਨਾਂ ਲਈ ਉਹ ਸੱਚਮੱਚ ਹੀ ਮਹਾਰਾਜਾ ਦੀ ਪੋਤਰੀ ਅਤੇ ਖਾਲਸਾ ਰਾਜ ਦਾ ਪ੍ਰਤੀਕ ਸੀ।
ਰੂਪ ਮਨ ਹੀ ਮਨ ਸੋਚ ਰਹੀ ਸੀ ਕਿ ਉਸ ਦੀ ਸੂਚਨਾ ਅਨੁਸਾਰ ਸ਼ੁਜਾਹਬਾਦ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਨੂੰ ਇਕ ਰਾਤ ਕਿਤੇ ਰੁਕਣਾ ਪਵੇਗਾ। ਘੋੜੇ 'ਤੇ ਬੈਠੇ ਕੀਰਤ ਸਿੰਘ ਦੇ ਨਾਲ-ਨਾਲ ਚਲਦਿਆਂ ਉਹ ਆਪਣੇ ਆਪ 'ਚ ਇਕ ਅਜੀਬ ਜਿਹੀ ਪ੍ਰਸੰਨਤਾ ਅਨੁਭਵ ਕਰ ਰਹੀ ਸੀ। ਇਕ ਐਸੇ ਵਿਅਕਤੀ ਦੀ ਨੇੜਤਾ 'ਚੋਂ ਉਪਜੀ ਪ੍ਰਸੰਨਤਾ ਅਤੇ ਪੂਰਨਤਾ ਜੋ ਉਸ ਦੀਆਂ ਨਜ਼ਰਾਂ 'ਚ ਬਹਾਦਰ, ਨੇਕ ਅਤੇ ਇਕ ਸਿੱਖ ਸਿਪਾਹੀ ਦਾ ਬੇਹਤਰੀਨ ਨਮੂਨਾ ਸੀ। ਨਾਲ ਹੀ ਨਾਲ ਉਹ ਅੰਦਰੋ ਅੰਦਰ ਉਸ ਪਲ ਦੀ, ਉਡੀਕ 'ਚ ਸੀ, ਜਦੋਂ ਉਹ ਕੀਰਤ ਸਿੰਘ ਨਾਲ ਇਕੱਲਿਆਂ ਹੋਵੇਗਾ.., ਰਾਤ ਨੂੰ ਕਿਸੇ ਸਰ੍ਹਾਂ ਵਿੱਚ ਜਾਂ ਕਿਸੇ ਪਿੰਡ ਦੇ ਕਿਸੇ ਘਰ ਵਿੱਚ....। ਪਿੱਛੇ ਰਹਿ ਗਏ ਡਰ, ਤੌਖਲੇ ਭਰੇ ਦਿਨ ਜਿਵੇਂ ਕੋਈ ਡਰਾਉਣਾ ਸੁਫ਼ਨਾ ਮਾਤਰ ਰਹਿ ਗਏ ਸਨ...।
***
24
ਦੂਜੇ ਪਾਸੇ ਮੈਕਸਵੈਲ ਦੇ ਕੈਂਪ ਵਿੱਚ ਲੱਖਣ ਸਿੰਘ ਅਤੇ ਗ੍ਰਿਫ਼ਤਾਰ ਕੀਤੇ ਹੋਏ
ਉਸ ਦੇ ਆਦਮੀਆਂ ਨੂੰ ਬੇੜੀਆਂ ਨਾਲ ਜਕੜਨ ਤੋਂ ਬਾਅਦ ਮੇਜਰ ਨੇਪੀਅਰ ਅਤੇ ਮੈਕਸਵੈਲ ਵਿਚਕਾਰ ਬਹਿਸ ਚੱਲ ਰਹੀ ਸੀ। ਮੇਜਰ ਨੇਪੀਅਰ ਕੁਝ ਦੇਰ ਪਹਿਲਾਂ ਹੀ ਇੱਥੇ ਪਹੁੰਚਿਆ ਸੀ।
"ਰੂਪ ਕੌਰ ਨੂੰ ਤੁਸਾਂ ਕਿਉਂ ਜਾਣ ਦਿੱਤਾ ?"
"ਉਸ ਬਾਰੇ ਮੈਨੂੰ ਕੋਈ ਹਦਾਇਤ ਨਹੀਂ ਸੀ ਮਿਲੀ।"
"ਹੁਣ ਤਾਂ ਮਿਲ ਗਈ।" ਨੇਪੀਅਰ ਰੋਹਬ ਨਾਲ ਬੋਲਿਆ, “ਹੁਣ ਛੇਤੀ-ਛੇਤੀ ਤਿਆਰ ਹੋ ਜਾਓ। ਅਸਾਂ ਹਰ ਹਾਲਤ 'ਚ ਉਸ ਨੂੰ ਆਪਣੇ ਕਬਜ਼ੇ 'ਚ ਕਰਨਾ ਹੈ ਅਤੇ ਉਸ ਕੀਰਤ ਸਿੰਘ ਨੂੰ ਵੀ।"
"ਕੀਰਤ ਸਿੰਘ ਨੂੰ ਕਿਉਂ ?"
"ਉਹ ਵੀ ਸਾਡੇ ਲਈ ਉਸੇ ਤਰ੍ਹਾਂ ਖ਼ਤਰਨਾਕ ਆਦਮੀ ਹੈ, ਜਿਸ ਤਰ੍ਹਾਂ ਲੱਖਣ ਅਤੇ ਹੁਕਮ ਸਿੰਘ।"
"ਖਿਮਾ ਕਰਨਾ ਮਿਸਟਰ ਨੇਪੀਅਰ", ਮੈਕਸਵੈਲ ਕੁਝ ਸਖਤੀ ਨਾਲ ਬੋਲਿਆ "ਲੱਖਣ ਸਿੰਘ ਅਤੇ ਕੀਰਤ ਸਿੰਘ ਦਾ ਨਾਮ ਇਕੋ ਸਾਹੇ ਲੈਣਾ ਬਹਾਦਰੀ ਅਤੇ ਵਫ਼ਾਦਾਰੀ ਦੀ ਤੌਹੀਨ ਕਰਨਾ ਹੈ।"
"ਸਾਡੀ ਹਕੂਮਤ ਦੀ ਬੁਨਿਆਦ ਗੁਲਾਬ ਸਿੰਘ ਅਤੇ ਲਾਲ ਸਿੰਘ ਵਰਗਿਆਂ ਉੱਤੇ ਟਿਕੀ ਹੋਈ ਹੈ। ਸਾਨੂੰ ਕੀਰਤ ਸਿੰਘ ਵਰਗੇ ਬਹਾਦਰ ਜਾਂ ਖ਼ੁਦਦਾਰ ਬੰਦਿਆਂ ਦੀ ਲੋੜ ਨਹੀਂ।" ਕਰਨਲ ਨੇਪੀਅਰ ਨੇ ਆਖਿਆ। ਫੇਰ ਇਕ ਦੋ ਪਲ ਰੁਕਦਿਆਂ ਬੋਲਿਆ :
"ਤੁਹਾਨੂੰ ਸ਼ਾਇਦ ਪਤਾ ਨਹੀਂ ਮਿਸਟਰ ਮੈਕਸਵੈਲ ਕਿ ਇਹ ਉਹੀ ਆਦਮੀ ਹੈ, ਜਿਸ ਨੇ ਫਰੋਜ਼ਪੁਰ-ਮੁਦਕੀ ਦੀ ਲੜਾਈ 'ਚ ਸਾਡੇ ਜਰਨਲ ਸਰ ਰਾਬਰਟ ਸੈਲਜ਼ ਨੂੰ ਮਾਰਿਆ ਸੀ ।"
"ਲੜਾਈ ਦੌਰਾਨ ਹੀ ਨਾ। ਜੇ ਤੁਹਾਡੇ ਹੱਥੋਂ ਸਿੱਖ ਫ਼ੌਜ ਦਾ ਕੋਈ ਜਨਰਲ ਮਾਰਿਆ ਜਾਂਦਾ ਤਾਂ ਤੁਸੀਂ ਆਪਣੀ ਬਹਾਦਰੀ ਦੇ ਝੰਡੇ ਝੁਲਾ ਦੇਣੇ ਸਨ।" ਮੈਕਸਵੈਲ ਉਸ ਵੱਲ ਤਿੱਖੀਆਂ ਨਜ਼ਰਾਂ ਨਾਲ ਤੱਕਦਿਆਂ ਬੋਲਿਆ।
ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਮੈਕਸਵੈਲ ਨੇ ਆਖਿਆ :
“ਸ਼ਾਇਦ ਹਾਲੇ ਤੱਕ ਤੁਸਾਂ ਮੁਲਤਾਨ ਦੇ ਸੂਬੇਦਾਰ ਮੂਲ ਰਾਜ ਅਤੇ ਹਜ਼ਾਰਾ ਦੇ ਛਤਰ ਸਿੰਘ ਬਾਰੇ ਨਹੀਂ ਸੁਣਿਆ।"
"ਖੂਬ ਸੁਣਿਆ ਹੈ ਅਤੇ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਉਨ੍ਹਾਂ ਨੂੰ ਹਰਾਏ ਬਿਨਾਂ ਸਾਡਾ ਰਾਜ ਪੰਜਾਬ 'ਚ ਪੱਕਾ ਨਹੀਂ ਹੋ ਸਕਦਾ। ਖ਼ੈਰ, ਇਸ ਬਾਰੇ ਅਸੀਂ ਫੇਰ ਕਦੇ ਗੱਲਾਂ ਕਰਾਂਗੇ । ਹੁਣ ਤੁਸੀਂ ਆਪਣੇ ਆਦਮੀਆਂ ਨੂੰ ਛੇਤੀ ਤੋਂ ਛੇਤੀ ਤਿਆਰ ਹੋਣ ਅਤੇ ਕੀਰਤ ਸਿੰਘ ਦਾ ਪਿੱਛਾ ਕਰਨ ਦਾ ਹੁਕਮ ਸੁਣਾ ਦੇਵੋ।"
"ਖਿਮਾ ਕਰਨਾ ਮੇਜਰ ਨੇਪੀਅਰ, ਇਸ ਵੇਲੇ ਮੈਂ ਤੁਹਾਡੀ ਹਦਾਇਤ ਦੋ ਕਾਰਨਾਂ ਕਰਕੇ ਨਾ ਮੰਨਣ ਤੋਂ ਮਜਬੂਰ ਹਾਂ। ਇਕ ਤੇ ਇਹ ਕਿ ਤੁਹਾਨੂੰ ਕੋਈ ਹੱਕ ਨਹੀਂ ਮੇਰੇ 'ਤੇ
ਹੁਕਮ ਚਲਾਉਣ ਦਾ ਅਤੇ ਦੂਜਾ ਇਹ ਕਿ ਮੇਰੇ ਅਤੇ ਕੀਰਤ ਸਿੰਘ ਵਿਚਕਾਰ ਲੜਾਈ ਤੋਂ ਬਾਅਦ ਛੇ ਘੰਟੇ ਦੀ ਯੁੱਧ-ਬੰਦੀ ਦਾ ਸਮਝੌਤਾ ਹੈ।"
ਨੇਪੀਅਰ ਹੱਸਿਆ ਅਤੇ ਵਿਅੰਗਪੂਰਨ ਲਹਿਜੇ 'ਚ ਬੋਲਿਆ, " ਤੁਹਾਨੂੰ ਸ਼ਾਇਦ ਪਤਾ ਨਹੀਂ ਕਿ ਤੁਰਨ ਤੋਂ ਪਹਿਲਾਂ ਜਨਰਲ ਗਫ ਵਲੋਂ ਮੈਨੂੰ ਕਰਨਲ ਦਾ ਅਹੁਦਾ ਮਿਲ ਚੁੱਕਿਆ ਹੈ, ਚਾਹੇ ਤਮਗਾ ਲਾਉਣ ਦਾ ਸਮਾਂ ਮੈਨੂੰ ਨਹੀਂ ਮਿਲਿਆ। ਦੂਜਾ ਇਹ ਕਿ ਜਦ ਤੱਕ ਸਾਡੀ ਫੌਜ ਉਸ ਤੱਕ ਪਹੁੰਚੇਗੀ, ਤਦ ਤੱਕ ਛੇ ਘੰਟੇ ਬੀਤ ਚੁੱਕੇ ਹੋਣਗੇ।"
ਮੈਕਸਵੈਲ ਕੁਝ ਦੇਰ ਚੁੱਪ ਬੈਠਾ ਸੋਚਦਾ ਰਿਹਾ। ਫੇਰ ਬੋਲਿਆ, "ਖਿਮਾ ਕਰਨਾ, ਮੇਰੇ ਵਿਚਾਰ ਅਨੁਸਾਰ ਛੇ ਘੰਟੇ ਬੀਤਣ ਤੋਂ ਪਹਿਲਾਂ ਕੂਚ ਦਾ ਬਿਗਲ ਵਜਾਉਣਾ ਉਸ ਯੁੱਧ-ਵਿਰਾਮ ਦੇ ਵਚਨ ਨੂੰ ਤੋੜਨਾ ਹੋਵੇਗਾ।"
"ਮੈਂ ਤੁਹਾਡੇ ਇਸ ਨੇਕ ਵਿਚਾਰ ਦੀ ਕਦਰ ਕਰਦਾ ਹਾਂ ਮੇਜਰ ਮੈਕਸਵੇਲ । ਤੁਸੀਂ ਆਪਣੇ ਬਚੇ ਖੁਚੇ ਦਸਤੇ ਨਾਲ ਇਸ ਸਥਾਨ 'ਤੇ ਰੁਕੇ ਰਹਿ ਸਕਦੇ ਹੋ। ਪਰ ਇਸ ਬਾਰੇ ਮੇਰੇ ਤੇ ਕੋਈ ਬੰਧਨ ਨਹੀਂ....।“
ਇਹ ਕਹਿ ਕੇ 'ਕਰਨਲ' ਨੇਪੀਅਰ ਮਨ ਹੀ ਮਨ ਖ਼ੁਸ਼ ਹੁੰਦਿਆਂ ਮੁੜਿਆ ਅਤੇ ਆਪਣੇ ਸਿਪਾਹੀਆਂ ਨੂੰ ਕੀਰਤ ਸਿੰਘ ਦਾ ਪਿੱਛਾ ਕਰਨਾ ਬਾਰੇ ਹਦਾਇਤਾਂ ਦੇਣ ਲੱਗਾ।
ਉਸ ਨੂੰ ਪੂਰਾ ਯਕੀਨ ਸੀ ਕਿ ਜਦ ਕੀਰਤ ਸਿੰਘ ਅੰਗਰੇਜ਼ਾਂ ਵਲੋਂ ਕਿਸੇ ਹਮਲੇ ਤੋਂ ਨਿਸ਼ਚਿੰਤ ਹੋ ਕੇ ਤੁਰਿਆ ਜਾ ਰਿਹਾ ਹੋਵੇਗਾ, ਉਹ ਕੀਰਤ ਸਿੰਘ ਨੂੰ ਜਾ ਫੜੇਗਾ...।
***
25
ਸ਼ੁਜਾਹਬਾਦ ਪਹੁੰਚਣ ਤੋਂ ਪਹਿਲਾਂ ਹੀ ਕੀਰਤ ਸਿੰਘ ਨੂੰ ਰਾਤ ਪੈ ਗਈ। ਕੀਰਤ ਸਿੰਘ ਦੇ ਦਸਤੇ ਨੇ ਇਕ ਸਰਾਂ ਦੇ ਬਾਹਰ ਡੇਰਾ ਲਾ ਲਿਆ। ਕੀਰਤ ਸਿੰਘ ਪਹਿਲਾਂ ਵੀ ਇਸ ਸਰਾਂ 'ਚ ਇਕ ਦੋ ਵਾਰੀ ਰਾਤ ਗੁਜ਼ਾਰ ਚੁੱਕਿਆ ਸੀ । ਸਰਾਂ ਦਾ ਮਾਲਕ ਯਾਕੂਬ ਅਲੀ ਖ਼ੁਸ਼ ਸੀ ਕਿ ਐਨੇ ਆਦਮੀਆਂ ਦਾ ਖਾਣਾ ਤਿਆਰ ਕਰਨ ਅਤੇ ਖਵਾਉਣ 'ਚ ਉਸ ਦੀ ਕਾਫ਼ੀ ਵੱਟੀ ਹੋਵੇਗੀ।
ਕੀਰਤ ਸਿੰਘ ਦੇ ਛੇ ਆਦਮੀ ਮਾਰੇ ਗਏ ਅਤੇ ਪੰਦਰਾਂ ਸੋਲਾਂ ਜ਼ਖ਼ਮੀ ਹੋਏ ਸਨ। ਸਰਾਂ ਦਾ ਵਿਹੜਾ ਚਾਹੇ ਕਾਫ਼ੀ ਵੱਡਾ ਸੀ ਪਰ ਕਮਰੇ ਘੱਟ ਸਨ ਜ਼ਖ਼ਮੀਆਂ ਨੂੰ ਤਿੰਨ ਕਮਰਿਆਂ 'ਚ, ਕੀਰਤ ਅਤੇ ਦੁਰਜਨ ਇਕ ਕਮਰੇ 'ਚ ਅਤੇ ਰੂਪ ਕੌਰ ਦਾ ਉਨ੍ਹਾਂ ਦੇ ਨਾਲ ਦੇ ਕਮਰੇ 'ਚ ਠਹਿਰਨ ਦਾ ਇੰਤਜ਼ਾਮ ਕਰ ਦਿੱਤਾ ਗਿਆ । ਬਾਕੀ ਦੇ ਸਿਪਾਹੀ ਕੁਝ ਵਿਹੜੇ 'ਚ ਅਤੇ ਕੁਝ ਬਾਹਰ ਰੁੱਖਾਂ ਥੱਲੇ ਖੂਹ ਦੁਆਲੇ ਬਿਸਤਰੇ ਵਿਛਾ ਕੇ ਸੌਣ ਦੀ ਤਿਆਰੀ ਕਰਨ ਲੱਗੇ । ਕੁਝ ਬਹੁਤ ਥੱਕੇ ਹੋਇਆਂ ਨੇ ਤਾਂ ਆਪਣੀਆਂ ਖੇਸੀਆਂ ਨੂੰ ਤਹਿ ਕਰਕੇ ਸਿਰ ਥੱਲੇ ਰੱਖਿਆ ਅਤੇ ਉਵੇਂ ਹੀ ਜ਼ਮੀਨ 'ਤੇ ਸੌਂ ਗਏ। ਕਦੀ-ਕਦੀ ਕੋਈ ਕੀੜੀ ਮਿੱਟੀ ਚੋਂ ਨਿਕਲ ਕੇ ਉਨ੍ਹਾਂ ਦੇ ਪਿੰਡਿਆਂ 'ਤੇ ਤੁਰਦਿਆਂ ਵੱਢਦੀ ਤਾਂ ਧੱਫਾ ਮਾਰ ਕੇ
ਜ਼ਰਾ ਕੁ ਖੁਰਕ ਕਰਦੇ ਤੇ ਮੁੜ ਪਾਸਾ ਵੱਟ ਕੇ ਸੌਂ ਜਾਂਦੇ । ਕੁਝ ਕੁ ਹਾਲੇ ਵੀ ਖੂਹ 'ਚੋਂ ਲੋਹੇ ਦੇ ਡੋਲ ਨਾਲ ਪਾਣੀ ਖਿੱਚ ਕੇ ਇਸ਼ਨਾਨ ਕਰ ਰਹੇ ਸਨ । ਕੁਝ ਗੁਰਮੁਖ ਕਿਸਮ ਦੇ ਸਿੰਘ ਆਪਣੀਆਂ ਵਿਛਾਈਆਂ ਖੇਸੀਆਂ 'ਤੇ ਚੌਕੜੀ ਮਾਰ ਕੇ ਬੈਠੇ ਪਾਠ ਕਰਦਿਆਂ ਵਾਹਿਗੁਰੂ ਨੂੰ ਆਪਣੇ ਜਿਊਂਦੇ ਰਹਿਣ ਦਾ ਧੰਨਵਾਦ ਕਰ ਰਹੇ ਸਨ।
ਕੀਰਤ ਸਿੰਘ ਆਪਣੇ ਕਮਰੇ 'ਚ ਲੱਕੜੀ ਦੇ ਤਖ਼ਤਪੋਸ਼ 'ਤੇ ਵਿਛੀ ਦਰੀ ਉਤੇ ਸੌਣ ਲੱਗਾ ਤਾਂ ਦੁਰਜਨ ਸਿੰਘ ਖੜਾ ਹੁੰਦਿਆਂ ਬੋਲਿਆ:
"ਸਾਨੂੰ ਇਸ ਤਰ੍ਹਾਂ ਨਿਸ਼ਚਿੰਤ ਹੋ ਕੇ ਸੌਣਾ ਨਹੀਂ ਚਾਹੀਦਾ। ਮੈਂ ਬਾਹਰ ਜਾ ਕੇ ਚਾਰ-ਚਾਰ ਬੰਦਿਆਂ ਨੂੰ ਵਾਰੀ-ਵਾਰੀ ਪਹਿਰੇ 'ਤੇ ਰਹਿਣ ਲਈ ਕਹਿੰਦਾ ਹਾਂ।"
"ਉਹ ਤੇ ਮੈਂ ਪਹਿਰੇ 'ਤੇ ਬਿਠਾ ਚੁੱਕਾ ਹਾਂ।" ਕੀਰਤ ਸਿੰਘ ਨੇ ਆਖਿਆ,"ਤੂੰ ਆਰਾਮ ਨਾਲ ਸੌਂ ਜਾ। ਥੱਕਿਆ ਹੋਵੇਂਗਾ। ਚਿੰਤਾ ਦੀ ਗੱਲ ਨਹੀਂ। ਮੇਰੇ ਅਤੇ ਫਰੰਗੀ ਅਫਸਰ ਵਿਚਕਾਰ ਯੁੱਧ ਵਿਰਾਮ ਦਾ ਸਮਝੌਤਾ ਵੀ ਹੋਇਆ ਹੋਇਆ ਹੈ।"
“ਮੇਰਾ ਖਿਆਲ ਹੈ ਕਿ ਮੈਂ ਬਾਹਰ ਜਾ ਕੇ ਹੀ ਆਰਾਮ ਕਰਦਾ ਹਾਂ। ਪਹਿਰਾ ਦੇਣ ਵਾਲਿਆਂ 'ਤੇ ਅੱਖ ਰਹੇਗੀ ਨਾਲੇ।“ ਦਰਅਸਲ ਉਹ ਸਾਰਾ ਰਸਤਾ ਰੂਪ ਕੌਰ ਵੱਲ ਤੱਕਦਾ ਅਤੇ ਉਸ ਦੀ ਕੀਰਤ ਸਿੰਘ ਪ੍ਰਤੀ ਆਕਰਸ਼ਤਾ ਨੂੰ ਵੇਖਦਾ ਆਇਆ ਸੀ । ਉਹ ਚਾਹੁੰਦਾ ਸੀ ਕਿ ਘੱਟ ਤੋਂ ਘੱਟ ਇਹ ਇਕ ਰਾਤ ਉਨ੍ਹਾਂ ਦੋਹਾਂ ਨੂੰ ਇਕੱਠਿਆਂ ਰਹਿਣ ਲਈ ਨਸੀਬ ਹੋ ਜਾਵੇ। ਮਹੀਨਿਆਂ ਸਾਲਾਂ ਬੱਧੀ ਇਕ ਸੈਨਕ ਨੂੰ ਔਰਤ ਤੋਂ ਦੂਰ ਰਹਿਣਾ ਕਿੰਨਾ ਮੁਸ਼ਕਿਲ ਹੁੰਦਾ ਹੈ ? ਉਹ ਇਸ ਵਾਸਤਵਿਕਤਾ ਨੂੰ ਚੰਗੀ ਤਰ੍ਹਾਂ ਜਾਣਦਾ ਸੀ।
"ਅੱਛਾ ਮੈਂ ਚੱਲਦਾ ਹਾਂ। ਪਰ ਚਿੰਤਾ ਨਾ ਕਰੋ, ਅੱਧੀ ਕੁ ਰਾਤ ਬਾਅਦ ਆ ਜਾਵਾਂਗਾ ਸੌਣ ਲਈ। ਮੇਰੇ ਲਈ ਤਿੰਨ ਚਾਰ ਘੰਟੇ ਦੀ ਨੀਂਦ ਹੀ ਕਾਫ਼ੀ ਹੈ।" ਬਾਹਰ ਆ ਕੇ ਉੱਚੀ ਆਵਾਜ਼ 'ਚ ਕੁਝ ਇਸ ਤਰ੍ਹਾਂ ਬੋਲਿਆ ਕਿ ਨਾਲ ਦੇ ਕਮਰੇ 'ਚ ਪਈ ਰੂਪ ਕੌਰ ਨੂੰ ਵੀ ਸੁਣਾਈ ਦੇ ਜਾਵੇ।
ਤੇ ਇਸੇ ਤਰ੍ਹਾਂ ਹੋਇਆ। ਹਾਲੇ ਕੀਰਤ ਸਿੰਘ ਆਪਣੇ ਹਥਿਆਰ ਸੰਭਾਲ ਕੇ ਐਮਫ਼ੀਲਡ ਰਾਈਫ਼ਲ ਨੂੰ ਤਖ਼ਤਪੋਸ਼ ਦੇ ਸਹਾਰੇ ਖੜਾ ਕਰਕੇ ਲੰਮਾ ਪਿਆ ਹੀ ਸੀ ਕਿ ਉਸ ਦੇ ਕੰਨਾਂ 'ਚ ਕਿਸੇ ਦੇ ਬੂਹਾ ਖੋਲ੍ਹਣ ਦੀ ਆਵਾਜ਼ ਪਈ।
"ਮੈਂ ਹਾਂ।" ਅੰਦਰ ਲੰਘਦਿਆਂ ਅਤੇ ਬੂਹਾ ਬੰਦ ਕਰਦਿਆਂ ਰੂਪ ਹੌਲੀ ਦੇਣੀ ਬੋਲੀ।
ਅਗਲੇ ਪਲ ਉਹ ਕੀਰਤ ਸਿੰਘ ਕੋਲ ਤਖ਼ਤਪੋਸ਼ ਉੱਤੇ ਆਣ ਬੈਠੀ ਅਤੇ ਉਸਦੇ ਹੱਥ ਆਪਣੇ ਹੱਥ 'ਚ ਘੁੱਟਦਿਆਂ ਬੋਲੀ, "ਕਿਉਂ ? ਆਖ਼ਰ ਕਿਉਂ ਇਸ ਤਰ੍ਹਾਂ ਪੱਥਰ ਬਣ ਕੇ ਮੈਨੂੰ ਕੋਹ ਰਹੇ ਹੋ। ਕੀ ਤੁਹਾਨੂੰ ਮੇਰੇ ਅੰਦਰ ਬਲਦੀ ਅੱਗ ਦਾ ਸੇਕ ਮਹਿਸੂਸ ਨਹੀਂ ਹੋ ਰਿਹਾ ? ਬਸ ਹੁਣ ਕੁਝ ਨਾ ਬੋਲਣਾ।" ਅਤੇ ਪਿਆਸੀਆਂ ਅੱਖਾਂ ਨਾਲ ਉਸ ਵੱਲ ਤੱਕਣ ਲੱਗੀ। ਕੀਰਤ ਸਿੰਘ ਦੂਜੇ ਹੱਥ ਦਾ ਸਹਾਰਾ ਲੈ ਕੇ ਉੱਠ ਬੈਠਾ। ਇਕ ਵਾਰੀ ਤਾਂ ਉਸ ਦਾ ਜੀਅ ਕੀਤਾ ਕਿ ਉਹ ਰੂਪ ਕੌਰ ਨੂੰ ਆਪਣੀਆਂ ਬਾਹਵਾਂ ’ਚ ਲੈ ਕੇ ਆਪਣੇ ਨਾਲ ਪਾ ਲਵੇ। ਸੁੰਦਰਾਂ ਦੀ ਛੋਹ ਨੂੰ ਮਹਿਸੂਸ ਕੀਤਿਆਂ ਵੀ ਕਿੰਨੇ ਦਿਨ ਬੀਤ ਗਏ
ਅਤੇ ਹੁਣ ? ਇਹ ਇਕ ਜਵਾਨ ਤੇ ਖੂਬਸੂਰਤ ਇਸਤਰੀ ਉਸ ਦੇ ਐਨੇ ਨੇੜੇ ਕਿ ਉਸ ਦੇ ਸਾਹਾਂ ਨੂੰ ਵੀ ਸੁਣ ਸਕਦਾ ਅਤੇ ਉਸ ਦੇ ਜਿਸਮ 'ਚੋਂ ਆ ਰਹੀ ਕੁਆਰੀ ਖੁਸ਼ਬੋ ਨੂੰ ਵੀ ਆਪਣੇ ਅੰਤਰ ਮਨ 'ਚ ਮਹਿਸੂਸ ਕਰ ਸਕਦਾ ਸੀ।
"ਨਹੀਂ ਨਹੀਂ", ਮਨ ਹੀ ਮਨ ਦੁਹਰਾਉਂਦਿਆਂ ਕੀਰਤ ਸਿੰਘ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ। ਉਸ ਦੇ ਦੰਦ ਮੀਚੇ ਗਏ ਅਤੇ ਬੁੱਲ੍ਹ 'ਚੋਂ ਲਹੂ ਦਾ ਤੁਬਕਾ ਨਿਕਲ ਕੇ ਚੋਣ ਲੱਗਾ। ਆਲੇ 'ਚ ਪਏ ਦੀਵੇ ਦੀ ਲੋਅ 'ਚ ਲਹੂ ਦਾ ਤੁਬਕਾ ਜਿਵੇਂ ਕਿਸੇ ਹੀਰੇ ਵਾਂਗ ਚਮਕ ਉੱਠਿਆ। ਫੇਰ ਉਸ ਨੂੰ ਲੱਗਿਆ ਜਿਵੇਂ ਰੂਪ ਉਸ ਦੇ ਬਹੁਤ ਨੇੜੇ ਖਿਸਕ ਆਈ ਹੈ। ਇਸ ਤੋਂ ਪਹਿਲਾਂ ਕਿ ਉਸ ਦੇ ਗੋਲ-ਗੋਲ ਅੰਗ ਉਸ ਨੂੰ ਛੋਹ ਕੇ ਉਸ ਨੂੰ ਬਿਲਕੁਲ ਹੀ ਬੇਬਸ ਕਰ ਦੇਂਦੇ, ਉਹ ਤ੍ਰਬਕ ਦੇ ਇਕ ਗਿੱਠ ਪਿੱਛੇ ਹਟਿਆ ਅਤੇ ਬੋਲਿਆ:
"ਨਹੀ ਰੂਪ ਨਹੀਂ। ਇਹ ਨਾ ਸਮਝੀਂ ਕਿ ਮੈਂ ਤੇਰੇ ਪਿਆਰ ਨੂੰ ਅਸਵੀਕਾਰ ਕਰ ਰਿਹਾ ਹਾਂ। ਪਰ ਕੁਝ ਸੋਚ, ਆਪਣੇ ਆਪ ਨੂੰ ਸੰਭਾਲ ਅਤੇ ਮੈਨੂੰ ਵੀ ਕਮਜੋਰ ਨਾ ਕਰ। ਇਹ ਸਾਧਾਰਨ ਸਮਾਂ ਨਹੀਂ ਅਤੇ ਨਾ ਹੀ ਤੂੰ ਸਾਧਾਰਨ ਇਸਤਰੀ।"
"ਇਸ ਨੂੰ ਵਾਰ-ਵਾਰ ਨਾ ਦੁਹਰਾਓ ਕੀਰਤ ਜੀ। ਮੈਂ ਆਮ ਇਸਤਰੀ ਹਾਂ ਤੇ ਸਾਧਾਰਨ ਇਸਤਰੀ ਵਾਂਗ ਜਿਉਣਾ ਚਾਹੁੰਦੀ ਹਾਂ। ਮੈਨੂੰ ਇਹ ਨਾਟਕ ਚੰਗਾ ਨਹੀਂ ਲੱਗ ਰਿਹਾ।“
"ਨਾਟਕ?, ਹਾਂ ਇਹ ਨਾਟਕ ਹੀ ਹੈ। ਮੈਨੂੰ ਤੇ ਕਦੀ-ਕਦੀ ਲੱਗਣ ਲੱਗਦਾ ਏ ਕਿ ਇਹ ਸਾਰਾ ਜੀਵਨ, ਇਹ ਆਪੋ ਧਾਪੀ, ਇਹ ਲੜਾਈਆਂ, ਇਹ ਮਾਰੋ ਮਾਰ, ਸਭ ਕੁਝ ਨਾਟਕ ਹੀ ਹੈ, ਜਿਵੇਂ ਕੋਈ ਬਹੁਤ ਵੱਡਾ ਨਾਟਕਕਾਰ ਇਕ ਬਹੁਤ ਵੱਡੇ ਰੰਗਮੰਚ 'ਤੇ ਨਾਟਕ ਖੇਡ ਰਿਹਾ ਹੋਵੇ।"
"ਜੇ... ਜੇ ਨਾਟਕ ਹੀ ਹੈ ਸਭ ਕੁਝ ਤਾਂ ਤੇ ਸਾਰਿਆਂ ਨੂੰ, ਤੁਹਾਨੂੰ ਵੀ ਆਪਣਾ ਕਿਰਦਾਰ ਅਤੇ ਫਰਜ਼ ਨਿਭਾਉਣਾ ਹੀ ਪਵੇਗਾ।" ਰੂਪ ਮੁਸਕਰਾਉਂਦਿਆਂ ਬੋਲੀ।
"ਵੇਖੋ ਰੂਪ, ਤਾਂ ਫੇਰ ਇਸ ਨਾਟਕ 'ਚ ਆਪਣੇ ਕਿਰਦਾਰ ਨੂੰ ਪੂਰੀ ਤਰ੍ਹਾਂ ਨਿਭਾਓ। ਜਦੋਂ ਤੁਸੀਂ ਆਪਣੇ ਸਿੱਖ ਸਿਪਾਰੀਆਂ ਸਾਹਮਣੇ ਜਾਂਦੇ ਹੋ ਤਾਂ ਉਹ ਕਿਵੇਂ ਤੁਹਾਡੇ ਸਤਿਕਾਰ 'ਚ ਆਪਣਾ ਸਿਰ ਝੁਕਾ ਲੈਂਦੇ ਹਨ। ਤੁਸੀਂ ਸਿਰਫ਼ ਇੱਥੇ ਹੀ ਨਹੀਂ, ਆਉਣ ਵਾਲੇ ਸਮੇਂ ਵਿੱਚ ਵੀ ਫ਼ਰੰਗੀਆਂ ਵਿਰੁੱਧ ਬਹੁਤ ਵੱਡਾ ਕਿਰਦਾਰ ਨਿਭਾਉਣਾ ਹੈ। ਮਹਾਰਾਣੀ ਜਿੰਦਾਂ ਨੂੰ ਤਾਂ ਫਰੰਗੀਆਂ ਇਕ ਤਰ੍ਹਾਂ ਨਾਲ ਕੈਦ ਹੀ ਕਰ ਲਿਆ ਹੋਇਆ ਹੈ। ਉਹ ਖ਼ਾਲਸਾ ਫ਼ੌਜ ਸਾਹਮਣੇ ਆ ਕੇ ਨਾ ਖੜੀ ਹੋ ਸਕਦੀ ਹੈ ਨਾ ਕੁਝ ਬੋਲ ਸਕਦੀ ਹੈ। ਪਰ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀ ਆਖ਼ਰੀ ਨਿਸ਼ਾਨੀ ਦੇ ਤੌਰ 'ਤੇ ਖਾਲਸਾ ਫੌਜ ਨੂੰ ਇੱਕ ਜੁਟ ਕਰਨ 'ਚ ਸਿਰਫ਼ ਸਹਾਈ ਹੀ ਨਹੀਂ ਹੋ ਸਕਦੇ ਬਲਕਿ ਨਵੀਂ ਰੂਹ ਅਤੇ ਜੋਸ਼ ਉਤਪੰਨ ਕਰ ਸਕਦੇ ਹੋ ।"
"ਫੇਰ ਮੇਰੀ ਵੀ ਇਕ ਸ਼ਰਤ ਹੈ।" ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਉਹ ਬੋਲੀ।
"ਉਹ ਕੀ ?"
"ਕਿ ਮੇਰੇ ਅੰਦਰ ਇਸ ਵੇਲੇ ਜੋ ਆਸ਼ਾ, ਜੀਵਨ ਦੀਆਂ ਜੋ ਕਿਰਨਾਂ ਫੁੱਟ ਰਹੀਆਂ
ਹਨ. ਉਸ ਨੂੰ ਹਨੇਰੇ 'ਚ ਨਹੀਂ ਬਦਲੋਗੇ। ਇਸ ਦੇ ਇਲਾਵਾ ਹੋਰ ਬਚਿਆ ਹੀ ਕੀ ਹੈ ਮੇਰੇ ਨਿਜੀ ਜੀਵਨ ਵਿੱਚ ?"
ਕੀਰਤ ਸਿੰਘ ਨੂੰ ਲੱਗਿਆ ਜਿਵੇਂ ਉਹ ਸੱਚ ਹੀ ਕਹਿ ਰਹੀ ਹੋਵੇ। ਜੀਵਨ ਦਾ ਅਮਿਟ ਸੱਚ।
ਉਸੇ ਵੇਲੇ ਬਾਹਰੋਂ ਕਿਸੇ ਦੇ ਦਗੜ-ਦਗੜ ਪੈਰਾਂ ਦੀ ਆਵਾਜ਼ ਸੁਣਾਈ ਦਿੱਤੀ। ਪੈਰਾਂ ਦੀ ਆਵਾਜ਼ ਉਸੇ ਕਮਰੇ ਵੱਲ ਆ ਰਹੀ ਸੀ। ਰੂਪ ਕੌਰ ਨੇ ਉਸੇ ਵੇਲੇ ਖੇਸੀ ਦੀ ਬੱਕਲ ਮਾਰੀ ਅਤੇ ਬੂਹੇ ਕੋਲ ਇਸ ਤਰਾਂ ਖੜੀ ਹੋ ਗਈ ਕਿ ਜੇ ਬੂਹਾ ਖੁਲ੍ਹੇ ਤਾਂ ਉਹ ਉਸ ਦੇ ਪਿੱਛੇ ਲੁਕ ਜਾਵੇ। ਤੇ ਹੋਇਆ ਵੀ ਇਸੇ ਤਰ੍ਹਾਂ। ਬੂਹਾ ਖੋਲ੍ਹ ਕੇ ਕਾਹਲੀ-ਕਾਹਲੀ ਪੈਰਾਂ ਨਾਲ ਦੁਰਜਨ ਸਿੰਘ ਅੰਦਰ ਦਾਖ਼ਲ ਹੋਇਆ ਅਤੇ ਬੋਲਿਆ :
“ਖਿਮਾ ਕਰਨਾ ਸਿੰਘ ਜੀ-ਫਰੰਗੀ ਮੈਕਸਵੈਲ ਵਲੋਂ ਜ਼ਰੂਰੀ ਸੰਦੇਸ਼ ਆਇਆ ਹੈ।"
ਉਸੇ ਵੇਲੇ ਰੂਪ ਹੋਲੀ ਦੇਣੀ ਬੂਹੇ 'ਚੋਂ ਲੰਘੀ ਅਤੇ ਹਨੇਰੇ 'ਚ ਲੋਪ ਹੋ ਗਈ।
"ਇਸ ਵੇਲੇ ਕੀ ਸੰਦੇਸ਼ ? ਖੈਰ ਤੇ ਹੈ ?"
"ਭਲਾ ਹੋਵੇ ਇਸ ਫਰੰਗੀ ਦਾ। ਜੇ ਇਹ ਸੰਦੇਸ਼ ਨਾ ਪਹੁੰਚਦਾ ਤਾਂ ਖ਼ੈਰ ਮੁਸ਼ਕਲ ਹੀ ਸੀ। ਸੰਦੇਸ਼ ਇਹ ਕਿ ਮੈਕਸਵੈਲ ਦੇ ਮਨ੍ਹਾ ਕਰਦਿਆਂ ਵੀ ਨੇਪੀਅਰ ਨਾਮ ਦੇ ਫਰੰਗੀ ਕਰਨੈਲ ਆਪਣੇ ਪੰਜ ਸੌ ਘੋੜ-ਸਵਾਰਾਂ ਨੂੰ ਨਾਲ ਲੈ ਕੇ ਇਸ ਪਾਸੇ ਆ ਰਿਹਾ ਹੈ।"
"ਹੋਰ?"
“ਹੋਰ ਇਹ ਕਿ ਉਸ ਦਾ ਮਕਸਦ ਰੂਪ ਕੌਰ ਅਤੇ ਤੁਹਾਨੂੰ, ਦੋਹਾਂ ਨੂੰ ਆਪਣੇ ਕਬਜ਼ੇ 'ਚ ਕਰਨਾ ਹੈ।"
"ਤਾਂ ਮਤਲਬ ਇਹ ਕਿ ਉਨ੍ਹਾਂ ਨੂੰ ਵੀ ਰੂਪ ਬਾਰੇ ਸਾਰਾ ਕੁਝ ਪਤਾ ਲੱਗ ਗਿਆ ਹੈ।"
“ਸੰਦੇਸ਼ ਤੋਂ ਤਾਂ ਇਹੀ ਲੱਗਦਾ ਹੈ।"
ਕੀਰਤ ਸਿੰਘ ਨੇ ਉਸੇ ਵੇਲ਼ੇ ਸਾਰਿਆਂ ਨੂੰ ਉੱਠ ਕੇ ਤਿਆਰ ਹੋਣ ਅਤੇ ਕੂਚ ਕਰਨ ਦਾ ਹੁਕਮ ਸੁਣਾ ਦਿੱਤਾ।
ਕੁਝ ਦੇਰ ਬਾਅਦ ਕਰਨਲ ਨੇਪੀਅਰ ਜਦ ਸਰਾਂ ਕੋਲ ਪਹੁੰਚਿਆ ਤਾਂ ਪੋਹ ਫਟ ਰਹੀ ਸੀ। ਉਸ ਨੇ ਸਰਾਂ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ। ਪਰ ਜਦ ਜਾ ਕੇ ਵੇਖਿਆ ਤਾਂ ਸਰਾਂ ਦੇ ਦੁਆਲੇ ਘੋੜਿਆਂ ਦੀਆਂ ਲਿੱਦਾਂ ਦੇ ਸਿਵਾ ਹੋਰ ਕੋਈ ਨਹੀਂ ਸੀ।
***
26
ਸ਼ੁਜਾਹਬਾਦ ਦੇ ਕਿਲ੍ਹੇ 'ਚ ਪਹੁੰਚਣ 'ਤੇ ਸ਼ਾਮ ਸਿੰਘ ਅਤੇ ਜ਼ੀਨਤ ਨੇ ਉਨ੍ਹਾਂ ਦਾ ਸੁਆਗਤ ਅੱਗੇ ਵੱਧ ਕੇ ਕੀਤਾ। ਕੀਰਤ ਸਿੰਘ ਦੇ ਖੱਬੇ ਪਾਸੇ ਦੁਰਜਨ ਸਿੰਘ ਅਤੇ ਸੱਜੇ ਪਾਸੇ ਰੂਪ ਕੌਰ ਸਨ। ਮੱਥੇ ਉੱਤੇ ਸੱਟ ਦਾ ਜ਼ਖ਼ਮ ਅਤੇ ਚਿਹਰੇ 'ਤੇ ਕੰਡਿਆਂ ਦੀਆਂ
ਝਰੀਟਾਂ ਦੇ ਬਾਵਜੂਦ ਕੀਰਤ ਸਿੰਘ ਇਕ ਰੋਹਬਦਾਰ ਸ਼ਖ਼ਸੀਅਤ, ਇਕ ਸ਼ੇਰ ਵਾਂਗ ਤੁਰਦਾ ਆ ਰਿਹਾ ਸੀ। ਉਸ ਦੇ ਮੁੱਖ 'ਤੇ ਸਫਲਤਾ ਦਾ ਨੂਰ ਅਤੇ ਤੋਰ 'ਚ ਸਵੈ-ਵਿਸ਼ਵਾਸ ਸੀ। ਉਸ ਵੱਲ ਵੇਖਦਿਆਂ ਇਕ ਪਲ ਲਈ ਜੀਨਤ ਦੇ ਮਨ 'ਚ ਉੱਠਿਆ: ਇਹ ਉਸ ਸ਼ਖ਼ਸ ਹੈ, ਜਿਸ ਨੂੰ ਉਸ ਨੇ ਕਿਸੇ ਵੇਲੇ....। ਇਸ ਤੋਂ ਅੱਗੇ ਸੋਚਣ ਦੀ ਉਸ ਦੀ ਹਿੰਮਤ ਨਹੀਂ ਪਈ। ਫੇਰ ਉਸ ਦੀ ਨਜ਼ਰ ਰੂਪ ਕੌਰ 'ਤੇ ਪਈ ਤਾਂ ਉਸ ਅੰਦਰ ਅਚੇਤਨ ਤੌਰ 'ਤੇ ਹਸਦ ਦੀ ਇਕ ਹਲਕੀ ਜਿਹੀ ਲਹਿਰ ਦੌੜ ਗਈ। 'ਕਿਸੇ ਵੇਲੇ ਮੈਂ ਵੀ ਕੁਝ ਇਸੇ ਤਰਾਂ ਦੀ ਹੁੰਦੀ ਹੋਵਾਂਗੀ।" ਦੂਜੇ ਹੀ ਪਲ ਉਹ ਅੱਗੇ ਵਧੀ ਅਤੇ ਰੂਪ ਨੂੰ ਆਪਣੀ ਜੱਫੀ 'ਚ ਲੈ ਕੇ ਉਸ ਦੀ ਗੱਲ੍ਹ 'ਤੇ ਹਲਕਾ ਜਿਹਾ ਚੁੰਮਨ ਲੈਂਦਿਆਂ ਬੋਲੀ:
"ਆਓ ਰੂਪ, ਬਹੁਤ ਉਡੀਕ ਕਰਵਾਈ। ਸਾਡਾ ਦਲੇਰ ਸਿੰਘ ਤਾਂ ਤੇਰੀਆਂ ਗੱਲਾਂ ਕਰਦਾ ਨਹੀਂ ਥੱਕਦਾ ।" ਫੇਰ ਆਪਣੇ ਕੋਲ ਖੜੇ ਦਲੇਰ ਸਿੰਘ ਨੂੰ ਸੰਬੋਧਿਤ ਹੁੰਦਿਆਂ ਬੋਲੀ, "ਜਾ ਹੁਣ ਮਿਲ ਤਾਂ ਲੈ ਜਾ ਕੇ ਚੰਗੀ ਤਰ੍ਹਾਂ।"
ਦਲੇਰ ਸਿੰਘ ਦੇ ਦਿਲ ਵਿੱਚ ਵੀ ਕੀਰਤ ਸਿੰਘ ਪ੍ਰਤੀ ਹਸਦ ਦੀ ਹਲਕੀ ਜਿਹੀ ਭਾਵਨਾ ਮੁੜ ਉਭਰਨ ਲੱਗੀ ਜੋ ਰੂਪ ਦੇ ਉਸ ਤੋਂ ਦੂਰ ਹੋ ਜਾਣ ਕਾਰਨ ਤਕਰੀਬਨ ਲੋਪ ਹੋ ਚੁੱਕੀ ਸੀ। ਪਰ ਨਾਲ ਹੀ ਉਸ ਨੂੰ ਆਪਣੇ ਆਪ 'ਚ ਉੱਮਰ ਅਤੇ ਅਕਲ ਦੀ ਪੱਧਰ 'ਤੇ ਉਨ੍ਹਾਂ ਦੋਹਾਂ ਤੋਂ ਬਹੁਤ ਛੋਟਾ ਹੋਣ ਦਾ ਅਹਿਸਾਸ ਵੀ ਸੀ। ਉਸ ਨੇ ਅੱਗੇ ਵੱਧ ਕੇ ਰੂਪ ਕੌਰ ਨੂੰ 'ਸਤਿ ਸ੍ਰੀ ਅਕਾਲ' ਬੁਲਾਈ। ਰੂਪ ਨੇ ਸਤਿ ਸ੍ਰੀ ਅਕਾਲ ਦਾ ਜਵਾਬ ਦਿੰਦਿਆਂ ਉਸ ਦੀ ਗੱਲ੍ਹ 'ਤੇ ਹਲਕਾ ਜਿਹਾ ਹੱਥ ਫੇਰਦਿਆਂ ਆਖਿਆ:
"ਇਹ ਤੇ ਮੇਰਾ ਪਿਆਰਾ ਜਿਹਾ ਛੋਟਾ ਵੀਰ ਹੈ।"
ਫੇਰ ਸੰਖੇਪ 'ਚ ਸਾਰੀ ਲੜਾਈ ਅਤੇ ਰੂਪ ਨੂੰ ਬਚਾ ਕੇ ਲੈ ਆਉਣ ਦੀ ਕਹਾਣੀ ਸੁਣਨ ਤੋਂ ਬਾਅਦ ਸ਼ਾਮ ਸਿੰਘ ਨੇ ਉਨ੍ਹਾਂ ਨੂੰ ਇਸ ਸਫ਼ਲਤਾ ਦੀ ਵਧਾਈ ਦਿੱਤੀ ਅਤੇ ਆਖਿਆ :
"ਇਹ ਸਾਡੀ ਖ਼ੁਸ਼ਕਿਸਮਤੀ ਹੈ ਕਿ ਖ਼ਾਲਸਾ ਰਾਜ ਦੀ ਸ਼ਹਿਜ਼ਾਦੀ ਕੁੰਵਰ ਰੂਪ ਕੌਰ ਸਾਡੇ ਇਸ ਕਿਲ੍ਹੇ ਵਿੱਚ ਆਏ ਹਨ। ਮੇਰੇ ਕਿਲ੍ਹੇ ਦੀ ਪੂਰੀ ਫ਼ੌਜ ਤੁਹਾਡੇ ਦਰਸ਼ਨਾਂ ਲਈ ਉਤਾਵਲੀ ਹੈ।"
ਰੂਪ ਨੇ ਇਕ ਵਾਰੀ ਭਾਵਪੂਰਨ ਨਜ਼ਰਾਂ ਨਾਲ ਕੀਰਤ ਸਿੰਘ ਵਲ ਤੱਕਿਆ। ਪਹਿਲਾਂ ਥੋੜ੍ਹਾ ਜਿਹਾ ਸਿਰ ਝੁਕਾਇਆ। ਫੇਰ ਬੋਲੀ, "ਤੁਸੀਂ ਤਾਂ ਐਵੇਂ ਮੈਨੂੰ ਇੰਨੀ ਮਹੱਤਤਾ ਦੇ ਰਹੇ ਹੋ, ਜਿਸ ਦੀ.... ।"
"ਇਸ ਬਾਰੇ ਤਾਂ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ।" ਫੇਰ ਕੀਰਤ ਸਿੰਘ ਵੱਲ ਤੱਕਦਿਆਂ ਆਖਿਆ, "ਇਸ ਵੇਲੇ ਤੁਸੀਂ ਸਾਰੇ ਬਹੁਤ ਥੱਕੇ ਹੋਏ ਹੋਵੋਂਗੇ। ਅੱਜ ਅਰਾਮ ਕਰੋ, ਕੱਲ੍ਹ ਗੱਲਾਂ ਕਰਾਂਗੇ।"
ਜ਼ੀਨਤ ਨੇ ਰੂਪ ਕੌਰ ਦੇ ਇੱਥੇ ਪਹੁੰਚਣ ਦਾ ਪੂਰਵ ਅਨੁਮਾਨ ਲਾਉਂਦਿਆਂ ਆਪਣੇ ਛੋਟੇ ਜਿਹੇ ਮਹੱਲ ਦੇ ਇਕ ਕਮਰੇ ਨੂੰ ਚੰਗੀ ਤਰ੍ਹਾਂ ਸਜਾ ਕੇ ਤਿਆਰ ਕੀਤਾ ਹੋਇਆ ਸੀ : ਮਖ਼ਮਲ ਦੇ ਬਿਸਤਰੇ, ਫਰਸ਼ 'ਤੇ ਈਰਾਨੀ ਕਾਲੀਨ, ਬੂਹਿਆਂ ਬਾਰੀਆਂ 'ਤੇ ਮਲਮਲ ਦੇ ਪਰਦੇ ; ਇਕ ਦਾਸੀ ਸੇਵਾ ਲਈ ਹਾਜ਼ਰ। ਦਲੇਰ ਸਿੰਘ ਮਨ ਹੀ ਮਨ ਖੁਸ਼
ਸੀ ਕਿ ਰੂਪ ਉਸ ਦੇ ਨੇੜੇ ਹੀ ਰਹੇਗੀ ਅਤੇ ਉਹ ਉਸ ਨੂੰ ਦਿਨ 'ਚ ਕਈ ਵਾਰੀ ਵੇਖ ਸਕੇਗਾ। ਗੱਲਾਂ ਕਰ ਸਕੇਗਾ। ਇਹ ਉਸ ਦੇ ਬਚਪਨ ਦਾ ਅਭੋਲ ਜਿਹਾ ਪਿਆਰ ਸੀ। ਉਹ ਇਸੇ ਵਿੱਚ ਖ਼ੁਸ਼ੀ ਅਨੁਭਵ ਕਰ ਰਿਹਾ ਸੀ ।
ਕੀਰਤ ਸਿੰਘ ਅਤੇ ਰੂਪ ਬਾਰੇ ਸੋਚਦਿਆਂ ਜੀਨਤ ਨੂੰ ਕੋਈ ਚਿੰਤਾ ਤਾਂ ਨਹੀਂ ਪਰ ਉਤਸੁਕਤਾ ਜ਼ਰੂਰ ਸੀ । ਉਹ ਇਸ ਵਾਸਤਵਿਕਤਾ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਕਿ ਕੀਰਤ ਸਿੰਘ ਦੁਆਰਾ ਉਸ ਨੂੰ ਬਦਮਾਸ਼ਾਂ ਦੀ ਕੈਦ 'ਚੋਂ ਬਚਾ ਕੇ ਕੱਢ ਲਿਆਉਣ ਦੇ ਕਾਰਨਾਮੇ ਅਤੇ ਉਸ ਦੀ ਪੂਰੀ ਸ਼ਖਸੀਅਤ ਦਾ ਇਸ ਅਲ੍ਹੜ ਜਿਹੀ ਕੁੜੀ ਦੇ ਦਿਲ 'ਤੇ ਕੀ ਪ੍ਰਭਾਵ ਪਿਆ ਹੋਵੇਗਾ...।
***
27
ਸ਼ਾਮ ਸਿੰਘ ਦੇ ਮਹੱਲ 'ਚ ਰਹਿੰਦਿਆਂ ਦਲੇਰ ਸਿੰਘ, ਸ਼ਾਮ ਸਿੰਘ ਦਾ ਛੋਟਾ ਪੁੱਤਰ ਧਰਮ ਸਿੰਘ ਅਤੇ ਜ਼ੀਨਤ ਨਾਲ ਗੱਲਾਂ ਕਰਦਿਆਂ ਰੂਪ ਦਾ ਦਿਲ ਲੱਗ ਗਿਆ ਸੀ। ਕੀਰਤ ਸਿੰਘ ਨਾਲ ਇਕੱਲਿਆਂ ਗੱਲ ਕਰਨ ਦਾ ਮੌਕਾ ਕਦੀ ਨਹੀਂ ਸੀ ਮਿਲਿਆ। ਉਹ ਬਸ ਦੂਰ ਖੜੀ ਉਸ ਵੱਲ ਤੱਕਦੀ ਜਾਂ ਦੂਜਿਆਂ ਨਾਲ ਗੱਲਾਂ ਕਰਦਿਆਂ ਵੇਖਦੀ ਰਹਿੰਦੀ। ਮਨ 'ਚ ਇਕ ਕਸਕ ਜਿਹੀ ਉਠਦੀ ਕੀਰਤ ਨਾਲ ਗੱਲਾਂ ਕਰਨ, ਨੇੜਤਾ ਪ੍ਰਾਪਤ ਕਰਨ ਦੀ। ਅਲਬਤਾ ਜਦੋਂ ਕਦੇ ਕੀਰਤ ਸਿੰਘ ਨੂੰ ਸ਼ਾਮ ਸਿੰਘ ਨਾਲ ਗੱਲਾਂ ਕਰਦਿਆਂ ਰਾਤ ਪੈ ਜਾਂਦੀ ਤਾਂ ਕੀਰਤ ਸਿੰਘ ਦਾ ਖਾਣਾ ਉੱਤੇ ਹੀ ਹੁੰਦਾ। ਉਸ ਵੇਲੇ ਰੂਪ ਰਸੋਈ 'ਚ ਜਾ ਕੇ ਚਾਈਂ-ਚਾਈਂ ਨੌਕਰਾਂ ਦੇ ਕੰਮ 'ਚ ਹੱਥ ਵਟਾਉਂਦੀ ਅਤੇ ਥਾਲੀਆਂ ਪਰੋਸ ਕੇ ਸਾਰਿਆਂ ਸਾਹਮਣੇ ਰੱਖ ਕੇ ਕੀਰਤ ਅੱਗੇ ਰੱਖਦਿਆਂ ਭਾਵ ਪੂਰਨ ਨਜ਼ਰਾਂ ਨਾਲ ਉਸ ਵੱਲ ਤੱਕਦੀ।
ਇਹ ਕੁਝ ਵੇਖ ਕੇ ਰੂਪ ਦੇ ਮਨ ਦਾ ਭੇਦ ਜ਼ੀਨਤ ਤੋਂ ਵੀ ਗੁੱਝਾ ਨਾ ਰਿਹਾ। ਚਾਹੇ ਹੁਣ ਜ਼ੀਨਤ ਦਾ ਕੀਰਤ ਨਾਲ ਕੋਈ ਵਾਸਤਾ ਨਹੀਂ ਸੀ ਰਿਹਾ ਪਰ ਫੇਰ ਵੀ ਰੂਪ ਨੂੰ ਉਸ ਵੱਲ ਇੰਝ ਤੱਕਦਿਆਂ ਵੇਖ ਕੇ ਜ਼ੀਨਤ ਦੇ ਮਨ 'ਚ ਝਰੀਟਾਂ ਜਿਹੀਆਂ ਪੈਣ ਲੱਗਦੀਆਂ। 'ਇਸ ਨੂੰ ਛੁਡਾਉਣ ਤੋਂ ਬਾਅਦ ਅਤੇ ਸ਼ੁਜਾਹਬਾਦ ਤਕ ਆਉਂਦਿਆਂ ਜ਼ਰੂਰ ਇਨ੍ਹਾਂ ਵਿਚਕਾਰ ਕੁਝ ਵਾਪਰਿਆ ਹੋਵੇਗਾ ? ਫੇਰ ਆਪਣੇ ਆਪ 'ਤੇ ਹੀ ਫਿਟਕਾਰ ਪਾਉਣ ਲੱਗਦੀ। ਉਸ ਨੇ ਕੀਰਤ ਦੀਆਂ ਅੱਖਾਂ ਵਿਚ ਰੂਪ ਪ੍ਰਤੀ ਜੋ ਕੁਝ ਵੇਖਿਆ ਸੀ, ਉਸ `ਚ ਮਜਬੂਰੀ ਸੀ, ਥੋੜ੍ਹਾ ਜਿਹਾ ਹੁੰਗਾਰਾ ਸੀ ਅਤੇ ਰੂਪ ਲਈ ਤਾੜਨਾ ਵੀ।
ਤੇ ਜਦ ਇਕ ਵਾਰੀ ਰੂਪ ਨੇ ਕੀਰਤ ਸਿੰਘ ਅਤੇ ਦੁਰਜਨ ਸਿੰਘ ਦੁਆਰਾ ਕਿਲ੍ਹੇ ਦੇ ਸਿਪਾਹੀਆਂ ਨੂੰ ਸ਼ਸਤਰ ਸਿੱਖਿਆ ਦੇਂਦਿਆਂ, ਤਲਵਾਰ, ਬਰਛਾ, ਤੀਰ ਕਮਾਨ ਚਲਾਉਣਾ ਸਿਖਾਉਂਦਿਆਂ ਵੇਖਿਆ ਤਾਂ ਉਸ ਨੇ ਸ਼ਾਮ ਸਿੰਘ ਅਤੇ ਜ਼ੀਨਤ ਕੋਲ ਆਪਣੇ ਸ਼ਸਤਰ ਚਲਾਉਣਾ ਸਿੱਖਣ ਬਾਰੇ ਗੱਲ ਕੀਤੀ।
"ਇਸ ਬਾਰੇ ਮੈਂ ਤੇਰਾ ਦਿਲ ਨਹੀਂ ਢਾਉਣਾ ਚਾਹੁੰਦਾ", ਸ਼ਾਮ ਸਿੰਘ ਨੇ ਕਿਹਾ
“ਪਰ ਇਸ ਦਾ ਮੈਨੂੰ ਕੋਈ ਲਾਭ ਵੀ ਨਹੀਂ ਦਿਸਦਾ। ਤਲਵਾਰ ਚਲਾਉਣਾ ਸਿੱਖਣਾ ਕੋਈ ਅੱਠ ਦਸ ਦਿਨਾਂ ਦਾ ਕੰਮ ਨਹੀਂ। ਇਸ ਲਈ ਮਹੀਨਿਆਂ, ਸਾਲਾਂ ਦਾ ਅਭਿਆਸ, ਕਠੋਰ ਸਰੀਰਕ ਘਾਲਣਾ ਅਤੇ ਮੈਦਾਨ-ਏ-ਜੰਗ 'ਚ ਦੁਸ਼ਮਣਾਂ ਨਾਲ ਲੜਨ ਦਾ ਹੌਸਲਾ ਵੀ ਚਾਹੀਦਾ ਹੈ।"
ਸੁਣ ਕੇ ਰੂਪ ਚੁੱਪ ਹੋ ਗਈ ਅਤੇ ਮਾਯੂਸ ਹੁੰਦਿਆਂ ਨਜ਼ਰਾਂ ਝੁਕਾ ਲਈਆਂ।
"ਅਲਬਤਾ ਇਕ ਫਾਇਦਾ ਜ਼ਰੂਰ ਹੋ ਸਕਦਾ।" ਸ਼ਾਮ ਸਿੰਘ ਨੇ ਰੂਪ ਵੱਲ ਗੌਹ ਨਾਲ ਤੱਕਦਿਆਂ ਆਖਿਆ, "ਜੋ ਕਿਰਦਾਰ ਤੈਨੂੰ ਹੁਣ ਨਿਭਾਉਣਾ ਪਵੇਗਾ, ਉਸ ਦੇ ਯੋਗ ਪ੍ਰਭਾਵ ਲਈ ਇਹ ਚੰਗਾ ਹੀ ਹੋਵੇਗਾ ਕਿ ਜਦ ਵੀ ਤੈਨੂੰ ਸਿੰਘ ਸਿਪਾਹੀਆਂ ਸਾਹਮਣੇ ਖੜੇ ਹੋਣਾ ਪਵੇ ਤਾਂ ਇਕ ਬਹਾਦਰ ਇਸਤਰੀ ਵਾਂਗ ਖੜੀ ਹੋਵੇਂ ਨਾ ਕਿ ਇਕ ਢਿੱਲੀ-ਢਾਲੀ, ਕਮਜ਼ੋਰ ਦਿਖਣ ਵਾਲੀ ਕੁੜੀ ਵਾਂਗ।"
"ਮੈਂ ਐਨੀ ਦੂਰ ਤਕ ਤੇ ਨਹੀਂ ਸੋਚਦੀ।", ਰੂਪ ਬੋਲੀ, "ਪਰ ਤੁਹਾਡੇ ਨਾਲ ਸਹਿਮਤ ਹੁੰਦਿਆਂ ਇਹ ਵੀ ਕਹਾਂਗੀ ਕਿ ਸੰਭਵ ਹੈ ਇਹ ਸ਼ਸਤਰ ਵਿੱਦਿਆ ਕਿਸੇ ਸੰਕਟ ਵੇਲੇ ਮੇਰੇ ਕੰਮ ਵੀ ਆ ਜਾਵੇ ।"
ਜੀਨਤ ਨੇ ਵੀ ਹਲਕੇ ਜਿਹੇ ਮੁਸਕਰਾਉਂਦਿਆਂ ਹਾਮੀ ਭਰੀ। ਨਾਲ ਹੀ ਸੋਚ ਰਹੀ ਸੀ ਲੜਾਈ ਅਤੇ ਸੰਕਟ ਦੇ ਦਿਨਾਂ 'ਚ ਆਦਮੀ ਨੂੰ ਜਿੰਨੀ ਲੋੜ ਇਸਤਰੀ ਦੇ ਪ੍ਰੇਮ ਦੀ ਹੁੰਦੀ ਹੈ, ਹੋਰ ਕਿਸੇ ਸ਼ੈਅ ਦੀ ਨਹੀਂ ਹੁੰਦੀ। 'ਇਨ੍ਹਾਂ ਦੇ' ਮੁਖ਼ਤਸਿਰ ਜਿਹੇ ਮੇਲ 'ਚ ਕੋਈ ਵਿਘਨ ਪਾ ਕੇ ਮੈਂ ਗੁਨਾਹ ਦੀ ਅਧਿਕਾਰੀ ਨਹੀਂ ਹੋਣਾ ਚਾਹਵਾਂਗਾ।
ਰੂਪ ਅਤੇ ਦਲੇਰ ਸਿੰਘ ਨੂੰ ਆਮ ਸਿਪਾਹੀਆਂ ਤੋਂ ਵਖਰਿਆਂ ਸ਼ਸਤਰ ਵਿੱਦਿਆ ਦੀ ਸਖਲਾਈ ਆਰੰਭ ਕਰਨ ਤੋਂ ਪਹਿਲਾਂ ਕੀਰਤ ਸਿੰਘ ਨੇ ਢਾਲ ਅਤੇ ਤਲਵਾਰ ਧਰਤੀ ਉੱਤੇ ਰੱਖ ਕੇ ਗੋਡਿਆਂ ਭਾਰ ਬੈਠਦਿਆਂ ਸ਼ਸਤਰਾਂ ਨੂੰ ਨਮਸਕਾਰ ਕੀਤਾ। ਫੇਰ ਉਹ ਹੌਲੀ-ਹੌਲੀ ਬੁੱਲ੍ਹ ਹਲਾਉਂਦਿਆਂ ਉਚਾਰਨ ਲੱਗਾ: 'ਨਮਸਕਾਰ ਸ੍ਰੀ ਖੜਕ ਕੇ, ਕਰੇ ਸਹਿਤ ਚਿਤ ਲਾਏ--- ।' ਉਸ ਤੋਂ ਬਾਅਦ ਇਕ ਹੋਰ ਸ਼ਲੋਕ ਬੋਲਿਆ:
“ਨਮੋ ਤੀਰ ਤੋਪੰ ਜਿਨੈ ਸ਼ੱਤ੍ਰ ਘੋਪੰ
ਨਮੋ ਤੋਪ ਪੱਟੰ, ਜਿਨੈ ਦੁਸ਼ਟ ਦੱਟੰ
ਜਿਤੇ ਸ਼ਸਤ੍ਰ ਨਾਮੰ, ਨਮਸਕਾਰ ਤਾਮੰ
ਜਿਤੇ ਅਸਤ੍ਰ ਭੇਧੰ, ਨਮਸਕਾਰ ਤੇਧੰ
"ਵੇਖੋ।" ਕੀਰਤ ਸਿੰਘ ਰੂਪ ਅਤੇ ਦਲੇਰ ਨੂੰ ਤਲਵਾਰ ਚਲਾਉਣਾ ਸਿਖਾਉਂਦਿਆਂ ਬੋਲਿਆ, "ਲੜਨ ਲੱਗਿਆਂ ਦੁਸ਼ਮਣ ਦੇ ਹੱਥ ਵੱਲ ਨਾ ਵੇਖੋ, ਬਲਕਿ ਉਸ ਦੀਆਂ ਅੱਖਾਂ 'ਚ ਵੇਖੋ, ਤਾਂ ਹੀ ਤੁਹਾਨੂੰ ਪਤਾ ਚੱਲੇਗਾ ਕਿ ਉਸ ਦਾ ਵਾਰ ਕਿਸ ਪਾਸੇ ਪਵੇਗਾ। ਅਤੇ ਹਾਂ, ਆਪਣੇ ਸਾਰੇ ਸਰੀਰ ਨੂੰ ਦੁਸ਼ਮਣ ਤੋਂ ਦੂਰ ਰੱਖਣ ਦਾ ਯਤਨ ਕਰੋ, ਲੜਨ ਲੱਗਿਆਂ ਸਰੀਰ ਨੂੰ ਅਕੜਾਓ ਨਾ, ਢਿੱਲਾ ਛੱਡ ਦੇਵੋ ਤਾਂ ਕਿ ਲੋੜ ਅਨੁਸਾਰ ਮੋੜ ਲਿਆ ਜਾਵੇ ਜਿਸ ਵੇਲੇ ਤਲਵਾਰ ਸੱਜੇ ਵੱਲ ਹੋਵੇ ਤਾਂ ਢਾਲ ਖੱਬੇ ਪਾਸੇ, ਜਿਸ ਵੇਲੇ ਵੈਰੀ 'ਤੇ ਵਾਰ ਥੱਲੇ ਵੱਲ ਕਰਨਾ ਤਾਂ ਢਾਲ ਉੱਪਰ ਵੱਲ।”
ਇਸੇ ਤਰ੍ਹਾਂ ਪਹਿਲਾਂ ਲੱਕੜੀ ਦੀ ਤਲਵਾਰ ਨਾਲ ਕੀਰਤ ਸਿੰਘ ਉਨ੍ਹਾਂ ਨੂੰ ਅਭਿਆਸ
ਕਰਾਉਂਦਾ ਅਤੇ ਕਦੇ-ਕਦੇ ਰੂਪ ਅਤੇ ਦਲੇਰ ਨੂੰ ਆਪਸ 'ਚ ਅਭਿਆਸ ਕਰਨ ਲਈ ਛੱਡ ਦੇਂਦਾ। ਜਦ ਕਝ ਦਿਨ ਬਾਅਦ ਲੱਕੜੀ ਦੀਆਂ ਤਲਵਾਰਾਂ ਨਾਲ ਅਭਿਆਸ ਕਰਦਿਆਂ ਉਨ੍ਹਾਂ ਕਾਫੀ ਨਿਪੁੰਨਤਾ ਪ੍ਰਾਪਤ ਕਰ ਲਈ ਤਾਂ ਕਦੇ-ਕਦੇ ਸੱਚਮੁਚ ਦੀਆਂ ਤਲਵਾਰਾਂ ਵੀ ਉਨ੍ਹਾਂ ਦੇ ਹੱਥਾਂ 'ਚ ਫੜਾ ਦਿੱਤੀਆਂ ਜਾਂਦੀਆਂ।
ਦੋ ਤਿੰਨ ਘੰਟੇ ਅਭਿਆਸ ਕਰਦਿਆਂ ਦਲੇਰ ਅਤੇ ਰੂਪ ਮੁੜ੍ਹਕਾ-ਮੁੜ੍ਹਕਾ ਹੋ ਜਾਂਦੇ। ਫੇਰ ਰੂਪ ਬੜੇ ਪਿਆਰ ਨਾਲ ਦਲੇਰ ਨੂੰ ਕਹਿੰਦੀ :
"ਦਲੇਰ ਵੀਰ, ਜਾਹ ਜ਼ਰਾ ਠੰਡਾ ਪਾਣੀ ਲੈ ਆ, ਤ੍ਰੇਹ ਲੱਗੀ ਆ।" ਉਸ ਦੇ ਚਲੇ ਜਾਣ ਬਾਅਦ ਰੂਪ ਕੀਰਤ ਸਿੰਘ ਨਾਲ ਦੋ ਚਾਰ ਗੱਲਾਂ ਕਰ ਲੈਂਦੀ। ਕੀਰਤ ਸਿੰਘ ਨੂੰ ਵੀ ਚੰਗਾ ਲਗਦਾ।
"ਇਹ ਖੇਡ ਕਦ ਤਕ ਚਲਦੀ ਰਹੇਗੀ ?" ਇਕ ਵਾਰੀ ਰੂਪ ਨੇ ਪੁੱਛਿਆ।
"ਜਦ ਤਕ ਸੱਚਮੁਚ ਦਾ ਵੈਰੀ ਸਾਹਮਣੇ ਨਾ ਹੋਵੇ ਤਦ ਤੱਕ ਇਹ ਖੇਡ ਹੀ ਹੈ। ਪਰ ਵੈਰੀ ਸਾਹਮਣੇ ਹੋਵੇ ਤਾਂ ਜ਼ਿੰਦਗੀ ਮੌਤ ਦਾ ਸਵਾਲ ।"
"ਮੇਰਾ ਭਾਵ ਦੂਸਰੀ ਖੇਡ ਨਾਲ ਵੀ ਹੈ। ਰੂਪ ਮੁਸਕਰਾਉਂਦਿਆਂ ਕਹਿੰਦੀ "ਮੇਰੇ ਲਈ ਉਹ ਵੀ ਜ਼ਿੰਦਗੀ ਮੌਤ ਦਾ ਸਵਾਲ ਹੈ... ।"
ਜਾਂ ਕਹਿੰਦੀ
"ਸਾਰਾ ਦਿਨ ਇਸੇ ਉਡੀਕ 'ਚ ਲੰਘ ਜਾਂਦਾ ਹੈ ਕਿ ਸ਼ਾਮ ਨੂੰ ਤੁਸੀਂ ਆਓਗੇ। ਜਦੋਂ ਨਹੀਂ ਆਉਂਦੇ ਤਾਂ ਤੜਫ਼ਦੀ ਰਹਿੰਦੀ ਹਾਂ ਅੰਦਰੇ ਅੰਦਰ ।"
***
28
"ਤੁਸੀਂ ਫਰੰਗੀਆਂ ਦੀਆਂ ਗੱਲਾਂ 'ਚ ਆ ਗਏ। ਇਹ ਕਿਸੇ ਦੇ ਨਹੀਂ ਹੁੰਦੇ। ਇਸ ਤੋਂ ਵੱਧ ਖ਼ੁਦਗਰਜ਼, ਚਲਾਕ, ਲਾਲਚੀ ਤੇ ਮਹੱਤਵਕਾਂਖੀ ਕੌਮ ਸਾਰੀ ਦੁਨੀਆ 'ਚ ਹੋਰ ਕੋਈ ਨਹੀਂ।" ਸ਼ਾਹ ਬਖ਼ਸ਼ ਵਜ਼ੀਰਸਤਾਨ ਦੇ ਕਬੀਲਿਆਂ ਦੀ ਇਕ ਇਕੱਤਰਤਾ ਚ ਬੈਠਿਆਂ ਉਨ੍ਹਾਂ ਨੂੰ ਆਪਣੇ ਵੱਲ ਕਰਨ ਦਾ ਯਤਨ ਕਰ ਰਿਹਾ ਸੀ। ਪਠਾਣ ਕਬੀਲਿਆਂ ਦੀ ਸਹਾਇਤਾ ਹਾਸਲ ਕਰਨ ਲਈ ਕੁਝ ਦਿਨ ਪਹਿਲਾਂ ਕੀਰਤ ਸਿੰਘ ਨੇ ਸ਼ਾਹ ਬਖ਼ਸ਼ ਨੂੰ ਭੇਜ ਦਿੱਤਾ ਸੀ।
"ਤੁਸੀਂ ਸ਼ਾਹ ਜੀ, ਸਾਡੇ ਹਮ-ਮਜ਼ਹਬ ਹੋ ਅਤੇ ਸਾਨੂੰ ਉਮੀਦ ਹੈ ਕਿ ਤੁਸੀਂ ਸਾਡੀ ਜ਼ਿਹਨੀ ਕੈਫ਼ੀਅਤ ਨੂੰ ਵੀ ਸਮਝਦੇ ਹੋਵੋਗੇ। ਇਸ ਰਣਜੀਤ ਸਿੰਘ ਨੇ, ਇਨ੍ਹਾਂ ਸਿੱਖਾਂ ਨੇ ਸਾਡਾ ਰਾਜ ਖੋਹਿਆ। ਹੁਣ ਇਨ੍ਹਾਂ ਤੋਂ ਬਦਲਾ ਲੈਣ ਦਾ ਮੌਕਾ ਅਸੀਂ ਆਪਣੇ ਹੱਥੋਂ ਗਵਾਉਣਾ ਨਹੀਂ ਚਾਹੁੰਦੇ।"
"ਅਤੇ ਇਸ ਤਰ੍ਹਾਂ ਆਪਣੇ ਗਲ੍ਹ 'ਚ ਰਸੀ ਪਾ ਕੇ ਇਨ੍ਹਾਂ ਫਰੰਗੀਆਂ ਦੇ ਹੱਥ 'ਚ ਫੜਾ ਦੇਵੋਗੇ। ਇਹ ਕਿਉਂ ਨਹੀਂ ਸਮਝਦੇ ?" ਸ਼ਾਹ ਬਖ਼ਸ਼ ਬੋਲਿਆ, "ਇਨ੍ਹਾਂ ਨੇ ਦੋਸਤ ਮੁਹੰਮਦ ਅਤੇ ਸ਼ਾਹ ਸੁਜਾਹ ਦੇ ਝਗੜਿਆਂ ਦਾ ਫ਼ਾਇਦਾ ਉੱਠਾ ਕੇ ਅਫ਼ਗਾਨਿਸਤਾਨ
ਤੇ ਕਬਜ਼ਾ ਕਰੀ ਰੱਖਿਆ, ਦਿੱਲੀ ਦੇ ਮੁਗਲ ਬਾਦਸ਼ਾਹ ਨੂੰ ਆਪਣਾ ਗੁਲਾਮ ਬਣਾ ਲਿਆ। ਲਖਨਊ ਦੀ ਬੇਗਮ ਦਾ ਬੁਰਾ ਹਾਲ ਕੀਤਾ। ਅਤੇ ਹੁਣ ਤੁਸੀਂ ਇਨਾਂ ਨੂੰ ਆਪਣਾ ਹਮਾਇਤੀ ਸਮਝਦੇ ਹੋ ?
ਕਬੀਲਿਆਂ ਦੇ ਸਰਦਾਰਾਂ ਵਿਚਕਾਰ ਕੁਝ ਦੇਰ ਚੁੱਪ ਪੱਸਰੀ ਰਹੀ। ਫੇਰ ਇਕ ਬੋਲਿਆ: ਵਕਤ ਵਕਤ 'ਚ ਫਰਕ ਹੁੰਦਾ ਹੈ, ਆਦਮੀ ਆਦਮੀ 'ਚ ਫਰਕ ਹੁੰਦਾ ਹੈ।"
ਸ਼ਾਹ ਬਖਸ਼ ਸਮਝਦਾ ਸੀ ਕਿ ਇਹ ਪੂਰਾ ਸੱਚ ਨਹੀਂ। ਫਰੰਗੀਆਂ ਦਾ ਇਕ ਅਕਸਰ ਜੋ ਪਸ਼ਤੋ ਚੰਗੀ ਤਰ੍ਹਾਂ ਬੋਲ ਸਕਦਾ ਸੀ, ਸੋਨੇ ਅਤੇ ਚਾਂਦੀ ਦੇ ਸਿੱਕਿਆਂ ਦੀਆਂ ਥੈਲੀਆਂ ਲੈਕੇ ਇਸ ਇਲਾਕੇ ਚ ਘੁੰਮਦਾ ਰਿਹਾ ਸੀ। ਸਿੱਧੇ ਤੌਰ ਤੇ ਰਿਸ਼ਵਤਖੋਰ ਕਹਿਕੇ ਇਨ੍ਹਾਂ ਨੂੰ ਜਲੀਲ ਨਹੀਂ ਸੀ ਕਰਨਾ ਚਾਹੁੰਦਾ। ਉਹ ਬੋਲਿਆ-
"ਇਨ੍ਹਾਂ ਫਰੰਗੀਆਂ ਦੀ ਵੱਡੀ ਸਿਆਸੀ ਖੇਡ ਨੂੰ ਤੁਸੀਂ ਹਾਲੇ ਤਕ ਨਹੀਂ ਸਮਝ ਸਕੇ ਚੰਗੀ ਤਰ੍ਹਾਂ। ਇਨ੍ਹਾਂ ਨੂੰ ਡਰ ਹੈ ਕਿ ਕਿਤੇ ਰੂਸ ਦਾ ਜ਼ਾਰ ਬਾਦਸ਼ਾਹ ਅਫ਼ਗਾਨਿਸਤਾਨ ਤੋਂ ਹੋ ਕੇ ਹਿੰਦੋਸਤਾਨ ਵੱਲ ਨਾ ਵਧਣ ਲੱਗ ਪਵੇ। ਇਸ ਕਰਕੇ ਇਹ ਪੂਰੇ ਵਜੀਰਸਤਾਨ ਅਤੇ ਅਫਗਾਨਿਸਤਾਨ ਉੱਤੇ ਰੂਸ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਆਪਣਾ ਕਬਜਾ ਜਮਾਉਣਾ ਚਾਹੁੰਦੇ ਹਨ। ਕੀ ਤੁਸੀਂ ਇਹ ਵੀ ਨਹੀਂ ਸਮਝਦੇ ਕਿ ਇਨ੍ਹਾਂ ਨੇ ਅਫਗਾਨਿਸਤਾਨ ਉੱਤੇ ਦੋ ਹਮਲੇ ਇਸੇ ਮਕਸਦ ਲਈ ਕੀਤੇ ਸਨ?”
ਸ਼ਾਹ ਬਖ਼ਸ਼ ਇਕ ਦੋ ਪਲ ਚੁੱਪ ਰਹਿਣ ਤੋਂ ਬਾਅਦ ਬੋਲਿਆ, “ਮੈਂ ਤੇ ਕਹਾਂਗਾ ਕਿ ਸਿੱਖਾਂ ਨਾਲ ਸੁਲ੍ਹਾ ਕਰਕੇ ਬਿਨਾ ਆਪਸ 'ਚ ਲੜੇ ਆਪਣੇ ਇਲਾਕੇ ਵਾਪਸ ਲੈਣ ਦਾ ਵੀ ਤੁਹਾਡੇ ਲਈ ਇਹੀ ਮੌਕਾ ਹੈ। ਅਤੇ ਇਹੀ ਆਖ਼ਰੀ ਮੌਕਾ ਹੈ ਇਸ ਤੀਸਰੀ ਕੌਮ ਨੂੰ ਪੰਜਾਬ ਤੋਂ ਭਜਾਉਣ ਦਾ ।"
"ਅਸਾਂ ਅਫ਼ਗਾਨਾਂ ਨੇ ਇਨ੍ਹਾਂ ਨੂੰ ਕਾਬੁਲ-ਕੰਧਾਰ ਤੋਂ ਭਜਾ ਦਿੱਤਾ, ਦੱਰਾ ਖ਼ੈਬਰ 'ਚ ਇਨ੍ਹਾਂ ਨੂੰ ਉਹ ਮਾਰ ਮਾਰੀ ਕਿ ਵੀਹ ਹਜ਼ਾਰ 'ਚੋਂ ਸਿਰਫ਼ ਇਕ ਫ਼ਰੰਗੀ ਬਚ ਕੇ ਨਿਕਲ ਸਕਿਆ। ਸਮਾਂ ਆਉਣ 'ਤੇ ਇੱਥੋਂ ਵੀ ਭਜਾ ਦੇਵਾਂਗੇ ।" ਇਕ ਪਠਾਣ ਸਰਦਾਰ ਕਹਿ ਉੱਠਿਆ।
"ਹਾਲੇ ਤੱਕ ਇਸ ਤਰ੍ਹਾਂ ਕਿਤੇ ਨਹੀਂ ਹੋਇਆ ਕਿ ਇਕ ਵਾਰੀ ਕਿਸੇ ਇਲਾਕੇ 'ਤੇ ਕਬਜ਼ਾ ਕਰਨ ਤੋਂ ਬਾਅਦ ਇਨ੍ਹਾਂ ਫਰੰਗੀਆਂ ਨੇ ਛੱਡਿਆ ਹੋਵੇ। ਇਹ ਕੌਮ ਜੋਕ ਦੀ ਤਰ੍ਹਾਂ ਹੈ ਜੋ ਇਕ ਵਾਰ ਚਿੰਬੜ ਜਾਏ ਤਾਂ ਸਾਰਾ ਖੂਨ ਚੂਸ ਲੈਂਦੀ ਹੈ। ਇਹ ਆਪ ਲੜਦੇ ਘੱਟ ਅਤੇ ਹੋਰਾਂ ਨੂੰ ਇਕ ਦੂਜੇ ਨਾਲ ਜ਼ਿਆਦਾ ਲੜਾਉਂਦੇ ਹਨ। ਤਲਵਾਰ ਨਾਲ ਘੱਟ ਅਤੇ ਜ਼ਿਹਨ ਨਾਲ ਜ਼ਿਆਦਾ ਲੜਦੇ ਹਨ। ਸਿੱਖਾਂ ਪਠਾਣਾਂ ਨੂੰ ਤਾਂ ਕੀ ਇਹ ਤਾਂ ਸਕੇ ਭਰਾਵਾਂ ਦੇ ਰਿਸ਼ਤੇ ਨੂੰ ਦੁਸ਼ਮਣੀ 'ਚ ਬਦਲਣਾ ਜਾਣਦੇ ਹਨ ।" ਸ਼ਾਹ ਬਖ਼ਸ਼ ਜੋਸ਼ 'ਚ ਆ ਕੇ ਬੋਲਦਾ ਗਿਆ।
"ਪੰਜਾਬ, ਹਿੰਦੋਸਤਾਨ ਦੇ ਹੁਕਮਰਾਨਾਂ ਵਾਂਗ ਅਸੀਂ ਖ਼ੁਦਗਰਜ਼ ਨਹੀਂ। ਅਸੀਂ ਆਪਣੀ ਖ਼ੁਦਦਾਰੀ ਤੇ ਆਪਣੀ ਆਜ਼ਾਦੀ ਲਈ ਜਿਊਂਦੇ ਅਤੇ ਮਰਦੇ ਹਾਂ।” ਇਕ ਪਠਾਣ ਰੋਹ 'ਚ ਬੋਲਿਆ।
"ਕਮਜ਼ੋਰ ਦਾ ਸਾਥ ਦੇਣਾ ਕੋਈ ਅਕਲਮੰਦੀ ਨਹੀਂ ।" ਦੂਜੇ ਨੇ ਆਖਿਆ।
"ਮੁਆਫ਼ ਕਰਨਾ ਖਾਨ ਸਾਹਿਬ, ਤੁਸੀਂ ਵੀ ਫੇਰ ਮੌਕਾਪ੍ਰਸਤ ਹੀ ਹੋਏ?" ਸਾਹ ਬਖ਼ਸ਼ ਨੇ ਕਿਹਾ।
"ਮੌਕਾਪਸਤ ਨੇ ਉਹ", ਯੂਨਸ ਖ਼ਾਂ ਨੇ ਉੱਤਰ 'ਚ ਆਖਿਆ, "ਜਿਨ੍ਹਾਂ ਸਰਦਾਰ ਨੇ ਆਪਣੀਆਂ ਜਗੀਰਾਂ ਕਾਇਮ ਰੱਖਣ ਲਈ ਆਪਣੇ ਹੀ ਲੋਕਾਂ ਦੇ ਗਲਾਂ 'ਚ ਰੱਸੀਆਂ ਵੱਲ ਕੇ ਇਨ੍ਹਾਂ ਫਰੰਗੀਆਂ ਦੇ ਹੱਥ ਫੜਾ ਦਿੱਤੀਆਂ ।"
"ਲੜਦੇ-ਮਰਦੇ ਵੀ ਤਾਂ ਅਸੀਂ ਹੀ ਆਏ ਹਾਂ।" ਸ਼ਾਹ ਬਖ਼ਸ਼ ਬੋਲਿਆ,"ਜਿਥੋਂ ਤਕ ਲਾਹੌਰ ਦਰਬਾਰ ਦਾ ਤੁਅਲਕ ਹੈ, ਮੈਂ ਤੁਹਾਡੇ ਨਾਲ ਸੌ ਫ਼ੀਸਦੀ ਮੁਤਫਿਕ ਹਾਂ।“ ਪਰ ਮੁਲਤਾਨ ਦੇ ਮੂਲ ਰਾਜ, ਸ਼ੁਜਾਹਬਾਦ ਦੇ ਸ਼ਾਮ ਸਿੰਘ ਅਤੇ ਹਜ਼ਾਰਾ ਦੇ ਛਤਰ ਸਿੰਘ ਬਾਰੇ ਤੁਸੀਂ ਇਹ ਨਹੀਂ ਕਹਿ ਸਕਦੇ। ਮੈਂ ਮੁੜ ਆਪਣੀ ਗੱਲ ਨੂੰ ਦੁਹਰਾਉਣਾ ਚਾਹਵਾਂਗਾ ਕਿ ਜੇ ਇਸ ਵੇਲੇ ਤੁਸੀਂ ਮੂਲ ਰਾਜ ਅਤੇ ਸ਼ਾਮ ਸਿੰਘ ਨਾਲ ਸਮਝੌਤਾ ਕਰ ਲਵੋ ਤਾਂ ਮਮਕਿਨ ਹੈ ਕਿ ਬੰਨੂ, ਕੋਹਾਟ, ਪਸ਼ੌਰ ਬਿਨਾਂ ਸਿੱਖਾਂ ਨਾਲ ਲੜਿਆਂ ਜਾਂ ਬਿਨਾਂ ਫਰੰਗੀਆਂ ਨਾਲ ਮਿਲਿਆਂ ਤੁਹਾਨੂੰ ਵਾਪਸ ਮਿਲ ਜਾਣ।"
“ਇੰਨੇ ਵਰ੍ਹਿਆਂ ਬਾਅਦ ਪੰਜਾਬ 'ਚ ਲੁੱਟ-ਮਾਰ ਕਰਨ ਦਾ ਮੌਕਾ ਆਇਆ ਹੈ ਇਸ ਨੂੰ ਵੀ ਛੱਡ ਦੇਈਏ? ਇਹ ਕਿੱਥੋਂ ਦੀ ਅਕਲਮੰਦੀ ?"
"ਅਕਲਮੰਦੀ ਜੇ ਵੇਖਣੀ ਤਾਂ ਫਰੰਗੀਆਂ ਦੀ ਵੇਖੋ ।" ਸ਼ਾਹ ਬਖ਼ਸ਼ ਨੇ ਕਿਹਾ "ਕਿਸੇ ਲੜਾਈ ਤੋਂ ਬਾਅਦ ਫਰੰਗੀ ਆਪਣੇ ਸਿਪਾਹੀਆਂ ਨੂੰ ਲੁੱਟਮਾਰ ਦੀ ਇਜਾਜਤ ਨਹੀਂ ਦਿੰਦੇ। ਇਨ੍ਹਾਂ ਦਾ ਮਕਸਦ ਆਮ ਲੋਕਾਂ 'ਤੇ ਆਪਣੀ ਇਨਸਾਫ਼-ਪਸੰਦ, ਚੰਗ ਹਾਕਮ ਹੋਣ ਦਾ ਅਸਰ ਪਾ ਕੇ ਮੁਤਾਸਰ ਕਰਨਾ ਹੁੰਦਾ ਹੈ ਤਾਂ ਕਿ ਉਹ ਆਉਣ ਵਾਲੀਆ ਸਦੀਆਂ ਤਕ ਬੇਫ਼ਿਕਰ ਹੋ ਕੇ ਇਨ੍ਹਾਂ ਨੂੰ ਲੁੱਟਦੇ ਰਹਿਣ।"
ਕਬੀਲੇ ਦੇ ਸਰਦਾਰਾਂ ਅਤੇ ਕੁਝ ਉਨ੍ਹਾਂ ਕਿਲ੍ਹੇ ਚਾਰਾਂ ਵਿਚਕਾਰ, ਜਿਨ੍ਹਾਂ ਦੇ ਕਿਲ੍ਹਿਆ 'ਤੇ ਹੁਣ ਸਿੱਖਾਂ ਦਾ ਕਬਜ਼ਾ ਸੀ, ਦੋ ਦਿਨ ਤੱਕ ਬਹਿਸ ਚਲਦੀ ਰਹੀ। ਉਨ੍ਹਾਂ ਵਿੱਚ ਕੁਝ ਐਸੇ ਵੀ ਸਨ ਜੋ ਅੰਦਰੋਂ ਪੂਰੀ ਤਰ੍ਹਾਂ ਫਰੰਗੀਆਂ ਨਾਲ ਮਿਲੇ ਹੋਏ ਸਨ ਅਤੇ ਜਿਨ੍ਹਾਂ ਨੂੰ 'ਜੈਕਬ' ਨਾਮ ਦੇ ਫ਼ਰੰਗੀ ਨੇ ਨਵੀਂ ਕਿਸਮ ਦੀਆਂ ਬੰਦੂਕਾਂ ਅਤੇ ਪੈਸੇ ਦਾ ਲਾਲਚ ਦੇਕੇ ਆਪਣੇ ਹੱਥ 'ਚ ਕੀਤਾ ਹੋਇਆ ਸੀ । 'ਬੰਦੂਕ' ਇਨ੍ਹਾਂ ਪਠਾਣਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਸੀ, ਪੈਸੇ ਤੋਂ ਵੀ ਵੱਧ।
ਪੈਸੇ ਦਾ ਲਾਲਚ ਅਤੇ ਬਦਲੇ ਦੀ ਭਾਵਨਾ ਆਦਮੀ ਨੂੰ ਅੰਨ੍ਹਾ ਕਰ ਦੇਂਦੀ ਹੈ। ਆਖ਼ਰ ਕੁਝ ਕਬੀਲਿਆਂ ਨੇ ਅੰਗਰੇਜ਼ਾਂ ਦਾ ਸਾਥ ਦੇਣਾ ਪਸੰਦ ਕੀਤਾ, ਇਕ ਦੋ ਨੇ ਸਿੱਖਾਂ ਦਾ ਅਤੇ ਕੁਝ ਨਿਰਪੱਖ ਹੀ ਰਹੇ।
***
29
ਜੀਨਤ ਦੇ ਮਹੱਲ ਦੇ ਸਾਹਮਣੇ ਕਰਕੇ ਇਕ ਛੋਟਾ ਜਿਹਾ ਬਗੀਚਾ, ਵਿੱਚ-ਵਿੱਚ
ਫਲਾਂ ਦੇ ਰੁੱਖ ਲੱਗੇ ਹੋਏ : ਅੰਜੀਰ, ਬੇਰ, ਪਿੱਪਲ ਅਤੇ ਨਿੰਮ ਦੇ ਰੁੱਖ। ਅੰਜੀਰ ਜਾਂ ਬੇਰ ਦੇ ਰੁੱਖਾਂ ਨੂੰ ਜਦ ਫਲ ਲੱਗਦੇ ਤਾਂ ਸਾਰਾ ਦਿਨ ਤੋਤੇ ਆ ਕੇ ਫਲਾਂ ਨੂੰ ਟੁੱਕਦੇ ਰਹਿੰਦੇ। ਕਦੀ-ਕਦੀ ਤੇ ਰੁੱਖਾਂ ਦੇ ਥੱਲੇ ਅੱਧੇ ਕੁ ਟੁੱਕੇ ਅਤੇ ਭੱਜੇ ਡਿੱਗੇ ਬੇਰਾਂ ਜਾਂ ਅੰਜੀਰਾਂ ਦਾ ਢੇਰ ਲੱਗ ਜਾਂਦਾ। ਜਦੋਂ ਫਲ ਨਾ ਹੁੰਦੇ ਤਾਂ ਤੋਤੇ ਰੁੱਖ ਉੱਪਰ ਆ ਕੇ ਟਹਿਣੀਆਂ 'ਤੇ ਕੁਝ ਦੇਰ ਲਈ ਬੈਠਦੇ ਤੇ ਫੇਰ ਨਿਰਾਸੇ ਜਿਹੇ ਉੱਡ ਜਾਂਦੇ।
ਉਸ ਦਿਨ ਜਦ ਕੀਰਤ ਸਿੰਘ ਜੀਨਤ ਦੇ ਮਹੱਲ ਅਗਿਓਂ ਲੰਘ ਰਿਹਾ ਸੀ ਤਾਂ ਉਸ ਨੇ ਵੇਖਿਆ ਕਿ ਰੂਪ ਤੋਤਿਆਂ ਅਤੇ ਕਬੂਤਰ ਨੂੰ ਦਾਣਾ ਪਾ ਰਹੀ ਸੀ। ਕੋਲ ਹੀ ਪਾਣੀ ਨਾਲ ਭਰਿਆ ਇਕ ਮਿੱਟੀ ਦਾ ਭਾਂਡਾ ਪਿਆ ਸੀ, ਜਿਸ 'ਚੋਂ ਪੰਛੀ ਆਪਣੀਆਂ ਨਿੱਕੀਆਂ-ਨਿੱਕੀਆਂ ਚੀਜਾਂ ਡੋਬਦੇ ਪਾਣੀ ਪੀ ਰਹੇ ਸਨ।
ਰੂਪ ਕੁਝ ਦੇਰ ਪਹਿਲਾਂ ਸਿਰ ਨ੍ਹਾ ਕੇ ਹਟੀ ਸੀ । ਉਸ ਦੇ ਖੁਲ੍ਹੇ ਵਾਲਾਂ ਦੀਆਂ ਕੁਝ ਲਟਾਂ ਉਸ ਦੇ ਚਿਹਰੇ ਨੂੰ ਢਕਦੀਆਂ ਹਵਾ 'ਚ ਹਿੱਲ ਰਹੀਆਂ ਸਨ। ਚਿੱਟੀ ਸਲਵਾਰ ਕਮੀਜ਼ ਪਾਈ ਅਤੇ ਚਿੱਟਾ ਹੀ ਦੁਪੱਟਾ ਆਪਣੇ ਮੋਢਿਆਂ 'ਤੇ ਸੁੱਟੀ ਉਹ ਬਹੁਤ ਖ਼ੂਬਸੂਰਤ ਅਤੇ ਪਰੀ ਜਿਹੀ ਲੱਗ ਰਹੀ ਸੀ। ਕਦੀ-ਕਦੀ ਕੋਈ ਕਬੂਤਰ ਉਸ ਦੇ ਮੋਢੇ 'ਤੇ ਆ ਬੈਠਦਾ। ਆਪਣੀ ਬੁੱਕ 'ਚ ਕੁਝ ਦਾਣੇ ਰੱਖ ਕੇ ਬੁੱਕ ਨੂੰ ਪੰਛੀਆਂ ਵੱਲ ਵਧਾਉਂਦਿਆਂ ਉਸ ਦੀਆਂ ਸੰਗਮਰਮਰੀ ਬਾਹਾਂ ਅਤੇ ਉਂਗਲੀਆਂ ਕਿਸੇ ਮੂਰਤੀਕਾਰ ਦੁਆਰਾ ਤਰਾਸ਼ੀਆਂ ਲੱਗ ਰਹੀਆਂ ਸਨ। ਚੌੜੇ ਜਿਹੇ ਚਿਹਰੇ 'ਤੇ ਮੋਟੀਆਂ-ਮੋਟੀਆਂ ਅੱਖਾਂ 'ਚ ਕੁਝ ਚੰਚਲਤਾ ਅਤੇ ਕੁਝ ਮਾਸੂਮੀਅਤ ਝਲਕ ਰਹੀ ਸੀ। ਆਪਣੇ ਦੁਪੱਟੇ ਨੂੰ ਸੰਭਾਲਦਿਆਂ ਜਦੋਂ ਉੱਠ ਕੇ ਖੜੀ ਹੁੰਦਿਆਂ ਪੈਰ ਪੁੱਟਦੀ ਤਾਂ ਉਸ ਦੀ ਵੱਖੀ ਕਿਸੇ ਨਿਪੁੰਨ ਨਾਚੀ ਵਾਂਗ ਵਲ ਖਾਣ ਲੱਗਦੀ। ਉਸ ਦੀ ਸੰਪੂਰਨ ਕੁਆਰੀ ਹੋਂਦ ਆਪਣੇ ਜੋਬਨ ਦੀ ਮਸਤੀ 'ਚ ਗੁਲਾਬ ਦੇ ਫੁੱਲ ਵਾਂਗ ਖਿੜੀ ਪ੍ਰਤੀਤ ਹੋ ਰਹੀ ਸੀ।
ਉਸ ਨੂੰ ਇੰਝ ਵੇਖ ਕੇ ਕੀਰਤ ਸਿੰਘ ਦਾ ਮਨ ਵਿਚਲਿਤ ਹੋ ਉੱਠਿਆ। ਕੁਝ ਦੇਰ ਇਕ ਰੁੱਖ ਦੀ ਓਟ 'ਚ ਖੜਾ ਪ੍ਰਕਿਰਤੀ ਦੇ ਸ਼ਾਹਕਾਰ ਦੇ ਇਸ ਕੌਤਕ ਨੂੰ ਤੱਕਦਾ ਰਿਹਾ। ਫੇਰ ਉਸ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ। ਪਰ ਅੱਖਾਂ ਬੰਦ ਕਰਨ ਤੋਂ ਬਾਅਦ ਵੀ ਉਸ ਨੂੰ ਰੂਪ ਹੀ ਦਿਸ ਰਹੀ ਸੀ-ਹੱਸਦੀ, ਪੰਛੀਆਂ ਨਾਲ ਖੇਡਦੀ-ਕੀਰਤ ਦੀਆਂ ਭਾਵਨਾਵਾਂ ਨੂੰ ਵੰਗਾਰਦੀ। ਕੀਰਤ ਦੀ ਪੂਰਨ ਦੇਹਿ ਇਕ ਵਾਰ ਕੰਬੀ ਅਤੇ ਫੇਰ ਉਹ ਤੇਜ਼-ਤੇਜ਼ ਪੈਰ ਚੁੱਕਦਿਆਂ ਅੱਗੇ ਵੱਲ ਤੁਰ ਪਿਆ । ਰੂਪ ਦੀ ਨਜ਼ਰ ਸਹਿਜੇ ਜਿਹੇ ਉੱਪਰ ਉੱਠੀ। ਜੇ ਐਨ ਉਸੇ ਵੇਲੇ ਇਕ ਕਬੂਤਰ ਉਸ ਦੇ ਸਿਰ 'ਤੇ ਨਾ ਆ ਬੈਠਦਾ ਤਾਂ ਉਸ ਨੇ ਕੀਰਤ ਸਿੰਘ ਨੂੰ ਜ਼ਰੂਰ ਆਪਣੇ ਵੱਲ ਚੋਰੀ-ਚੋਰੀ ਤੱਕਦਿਆਂ ਵੇਖ ਲੈਣਾ ਸੀ ।
***
30
ਸਵੇਰ ਦਾ ਵੇਲਾ ਕੀਰਤ ਸਿੰਘ, ਸ਼ਾਹ ਬਖ਼ਸ਼ ਅਤੇ ਸ਼ਾਮ ਸਿੰਘ ਕਿਲ੍ਹੇ ਦੀ ਕੰਧ ਉੱਤੇ ਖੜੇ ਥੱਲੇ ਵੱਲ ਬਹੁਤ ਧਿਆਨ ਨਾਲ ਵੇਖ ਰਹੇ ਸਨ। ਪਹਿਲਾਂ ਦੂਰ ਦਿਸਦੀ ਛੋਟੀ
ਜਿਹੀ ਪਹਾੜੀ ਦੀ ਧਾਰ ਤੇ ਲਾਲ ਕੋਟ ਵਾਲੀ ਪਲਟਨ ਦੀ ਕਤਾਰ ਵਿਖਾਈ ਦਿੱਤੀ ਅਤੇ ਫੇਰ ਉਹ ਪਲਟਨ ਉਤਰਾਈ ਉੱਤਰ ਕੇ ਚਰ੍ਹੀ ਅਤੇ ਕਮਾਦ ਦੇ ਖੇਤਾਂ ਪਿੱਛੇ ਲੋਪ ਹੋ ਗਈ। ਪਰ ਪ੍ਰਾਪਤ ਖ਼ਬਰ ਅਨੁਸਾਰ ਕੀਰਤ ਸਿੰਘ ਜਾਣਦਾ ਸੀ ਕਿ ਪੂਰੀ ਪਲਟਨ ਤਾਂ ਇਸ ਦੇ ਪਿੱਛੇ ਆ ਰਹੀ ਹੈ । ਕੁਝ ਦੇਰ ਬਾਅਦ ਹੀ ਪਿਆਦਾ, ਘੋੜ-ਸਵਾਰ ਅਤੇ ਤੋਪਾਂ ਵਿਖਾਈ ਦੇਣ ਲੱਗੀਆਂ, ਜਿਨਾਂ ਨੇ ਖੱਚਰ ਖਿੱਚਦੇ ਆ ਰਹੇ ਸਨ । ਪਹਾੜੀ ਉਤਰਾਈ ਉੱਤਰਦਿਆਂ ਜਦੋਂ ਤੋਪਾਂ ਦੇ ਪਹੀਏ ਤੇਜ਼ੀ ਨਾਲ ਰੁੜ੍ਹਨ ਲੱਗਦੇ ਤਾਂ ਤੋਪਾਂ ਪਿੱਛੇ ਆ ਰਹੇ ਸਿਪਾਹੀ ਤੋਪਾਂ ਨਾਲ ਬੰਨੀਆਂ ਰੱਸੀਆਂ ਖਿੱਚ ਕੇ ਉਨ੍ਹਾਂ ਦੀ ਰਫਤਾਰ ਹੌਲੀ ਕਰ ਦੇਂਦੇ।
ਕੀਰਤ ਸਿੰਘ ਨੇ ਸ਼ਾਹ ਬਖ਼ਸ਼ ਦੇ ਹੱਥ 'ਚ ਫੜੀ ਦੂਰਬੀਨ ਲੈ ਕੇ ਆਪਣੀਆਂ ਅੱਖਾਂ ਨਾਲ ਲਾਈ ਅਤੇ ਧਿਆਨ ਨਾਲ ਵੇਖਣ ਲੱਗਾ। ਇਨ੍ਹਾਂ ਵਿੱਚ ਗੋਰਖੇ ਸਨ, ਪੂਰਬੀਏ ਸਨ, ਸਿੱਖ ਸਨ ਅਤੇ ਇਨ੍ਹਾਂ ਸਾਰਿਆਂ ਦੀ ਅਗਵਾਈ ਕਰਦੇ ਫਰੰਗੀ ਅਫ਼ਸਰ । ਫਰੰਗੀ ਘੋੜ-ਸਵਾਰਾਂ ਦੀ ਇਕ ਵੱਖਰੀ ਪਲਟਨ ਵੀ ਸੀ, ਜਿਨਾਂ ਦੀਆਂ ਟੋਪੀਆਂ 'ਚ ਪੰਛੀਆਂ ਦੇ ਰੰਗ ਬਰੰਗੇ ਖੰਡ ਟੰਗੇ ਦਿਸ ਰਹੇ ਸਨ। ਇਹ ਦਸਤਾ ਕਰਨਲ ਨੇਪੀਅਰ ਦਾ ਖ਼ਾਸ ਦਸਤਾ ਸੀ ਜਿਸ ਤੇ ਉਸ ਨੂੰ ਬਹੁਤ ਮਾਣ ਸੀ। ਕਿਲ੍ਹੇ ਦੀ ਕੰਧ ਤੋਂ ਕੁਝ ਦੂਰੀ ਤੇ ਆ ਕੇ ਇਹ ਸਾਰੀ ਫੌਜ ਇਕ ਖੁਲ੍ਹੇ ਮੈਦਾਨ ਵਿੱਚ ਦੋ ਮੀਲ ਤਕ ਫੈਲ ਗਈ। ਕੁਝ ਦੇਰ ਪ੍ਰੇਡ ਕਰਦੇ ਅਤੇ ਫੇਰ ਆਪਣੀਆਂ ਪੁਜ਼ੀਸ਼ਨਾਂ ਸਾਂਭਦੇ ਰਹੇ।
“ਕਿੰਨੀ ਕੁ ਗਿਣਤੀ ਹੋਵੇਗੀ ਇਸ ਪਲਟਨ ਦੀ ?" ਸ਼ਾਮ ਸਿੰਘ ਨੇ ਕੀਰਤ ਸਿੰਘ ਤੋਂ ਪੁੱਛਿਆ।
"ਕੁਝ ਕਹਿ ਨਹੀਂ ਸਕਦਾ, ਮੇਰੇ ਅਨੁਮਾਨ ਅਨੁਸਾਰ ਦਸ ਬਾਰਾਂ ਹਜ਼ਾਰ ਤੋਂ ਘੱਟ ਨਹੀਂ।"
"ਅਤੇ ਤੋਪਾਂ?" ਸ਼ਾਮ ਸਿੰਘ ਨੇ ਸ਼ਾਹ ਬਖ਼ਸ਼ ਨੂੰ ਸੰਬੋਧਿਤ ਹੁੰਦਿਆਂ ਆਖਿਆ।
“ਘੱਟ ਤੋਂ ਘੱਟ ਵੀਹ ਛੋਟੀਆਂ ਤੋਪਾਂ ਅਤੇ ਛੇ ਵੱਡੀਆਂ।”
"ਕੀ ਇਨ੍ਹਾਂ ਤੋਪਾਂ ਦੇ ਗੋਲੇ ਸਾਡੇ ਕਿਲ੍ਹੇ ਦੇ ਅੰਦਰ ਤੱਕ ਪਹੁੰਚ ਸਕਦੇ ਹਨ?"
"ਜੇ ਇਹ ਉਹੀ ਨਵੀਆਂ ਪਹੁੰਚੀਆਂ ਤੋਪਾਂ ਹਨ ਤਾਂ ਸਾਨੂੰ ਇਨ੍ਹਾਂ ਦੇ ਖ਼ਤਰੇ ਤੋਂ ਸਾਵਧਾਨ ਰਹਿਣਾ ਪਵੇਗਾ । ਜ਼ਿਆਦਾ ਖ਼ਤਰਾ ਸਾਨੂੰ ਇਨ੍ਹਾਂ ਤੋਪਾਂ ਤੋਂ ਨਹੀਂ ਬਲਕਿ ਇਸ ਫ਼ੌਜ ਦੇ ਫ਼ਰੰਗੀ ਜਰਨੈਲਾਂ ਤੋਂ ਹੈ।" ਕੀਰਤ ਸਿੰਘ ਕਹਿਣ ਲੱਗਾ, "ਇਸ ਫ਼ੌਜ ਦੀ ਅਗਵਾਈ ਕਰਨਲ ਨੇਪੀਅਰ ਅਤੇ ਹੈਨਰੀ ਲਾਰੈਂਸ ਕਰ ਰਹੇ ਹਨ। ਇਹ ਬਹੁਤ ਤਜਰਬੇਕਾਰ ਅਤੇ ਲੜਾਈ ਦੀਆਂ ਜੁਗਤਾਂ ਨੂੰ ਖੂਬ ਚੰਗੀ ਤਰ੍ਹਾਂ ਸਮਝਦੇ ਹਨ।"
ਫਰੰਗੀ ਕਮਾਂਡਰ ਸਰ ਹਿਊਜ਼ ਗਫ਼ ਦਾ ਇਹ ਵਿਸ਼ਵਾਸ ਸੀ ਕਿ ਮੁਲਤਾਨ ਦੇ ਉੱਤੇ ਚੜ੍ਹਾਈ ਕਰਨ ਤੋਂ ਪਹਿਲਾਂ ਆਪਣੀ ਸਥਿਤੀ ਨੂੰ ਪੂਰੀ ਤਰ੍ਹਾਂ ਮਜ਼ਬੂਤ ਕਰ ਲੈਣਾ ਚਾਹੀਦਾ ਹੈ। ਪੂਰੀ ਤਰ੍ਹਾਂ ਅਤੇ ਹਰ ਪਾਸਿਓਂ। ਇਸ ਸੰਦਰਭ 'ਚ ਸ਼ੁਜਾਹਬਾਦ ਦੇ ਕਿਲ੍ਹੇ ਨੂੰ ਆਪਣੇ ਅਧੀਨ ਕਰਨਾ ਬਹੁਤ ਮਹੱਤਤਾ ਰੱਖਦਾ ਸੀ। ਮੇਜਰ ਅਗਨਿਊ ਦੀ ਕਮਾਂਡ 'ਚ ਭੇਜੀ ਗਈ ਫਰੰਗੀ ਫ਼ੌਜ ਇਸ ਕਿਲ੍ਹੇ ਨੂੰ ਸਰ ਨਹੀਂ ਕਰ ਸਕੀ, ਇਸ ਦਾ ਮਲਾਲ ਵੀ ਉਸ ਦੇ ਮਨ ਵਿੱਚ ਘੱਟ ਨਹੀਂ ਸੀ। ਜਦ ਉਸ ਨੂੰ ਇਹ ਪਤਾ ਲੱਗਾ ਕਿ ਕੀਰਤ ਸਿੰਘ
ਅਤੇ ਰੂਪ ਕੌਰ ਵੀ ਉਸ ਕਿਲ੍ਹੇ ਚ ਪਹੁੰਚ ਗਏ ਹਨ ਤਾਂ ਉਸ ਉੱਤੇ ਹਮਲਾ ਕਰਕੇ ਆਪਣੇ ਅਧਿਕਾਰ 'ਚ ਕਰਨ ਦੀ ਅਹਿਮੀਅਤ ਹੋਰ ਵੀ ਵਧ ਗਈ।
ਫਰੰਗੀ ਫੌਜ ਬੜੇ ਅਰਾਮ ਨਾਲ ਇਕੱਠੀ ਹੁੰਦੀ ਜਾ ਰਹੀ ਸੀ। ਲੱਗਦਾ ਸੀ ਕਿ ਉਨ੍ਹਾਂ ਨੂੰ ਕੋਈ ਜਲਦੀ ਨਹੀਂ। ਜਦ ਸਾਰੀ ਫ਼ੌਜ ਇਕੱਠੀ ਹੋ ਗਈ ਤਾਂ ਉਨਾਂ ਦੇ ਵੱਖਰੇ-ਵੱਖਰੇ ਦਸਤੇ ਪ੍ਰੇਡ ਕਰਨ ਲੱਗੇ। ਤੰਬੂ ਲਾਉਣ ਵਾਲੇ ਫੌਜ ਦੇ ਪਿਛਲੇ ਪਾਸੇ ਤੰਬੂ ਲਾਉਣ 'ਚ ਵਿਅਸਥ ਹੋ ਗਏ। ਖੱਚਰਾਂ ਨੇ ਵੱਡੀਆਂ-ਵੱਡੀਆਂ ਤੋਪਾਂ ਖਿੱਚ ਕੇ ਅਤੇ ਪਹੀਏ ਨਾਲ ਪਹੀਆ ਲਾ ਕੇ ਬਿਲਕੁਲ ਅੱਗੇ ਲਿਆ ਖੜੀਆਂ ਕੀਤੀਆਂ। ਇੰਜ ਪ੍ਰਤੀਤ ਹੁੰਦਾ ਸੀ ਜਿਵੇਂ ਫਰੰਗੀ ਸ਼ੁਜਾਹਬਾਦ ਦੇ ਕਿਲ੍ਹੇ 'ਚ ਬੈਠਿਆਂ ਹੋਇਆਂ ਉੱਤੇ ਆਪਣੇ ਅੰਗਰੇਜ਼ੀ ਸਾਮਰਾਜ ਦੀ ਤਾਕਤ ਦਾ ਪ੍ਰਦਰਸ਼ਨ ਕਰ ਰਹੇ ਹੋਣ। ਉਹ ਆਪਣੇ ਸ਼ਾਨਦਾਰ, ਉੱਚੇ ਘੋੜਿਆਂ 'ਤੇ ਬੈਠੇ ਸਾਰੀ ਫ਼ੌਜ ਦਾ ਸੰਚਾਲਨ ਕਰ ਰਹੇ ਸਨ। ਇਨਾਂ ਦੇ ਪਿੱਛੇ-ਪਿੱਛੇ ਕੀਰਤ ਸਿੰਘ ਦੇ ਹੱਥੋਂ ਮੁਲਤਾਨ 'ਚ ਮਾਰੇ ਗਏ ਐਂਡਰਸਨ ਦਾ ਭਰਾ ਮੇਜਰ ਡੈਵਿਡਸਨ ਵੀ ਤੁਰਦਾ ਆ ਰਿਹਾ ਸੀ, ਜੋ ਕੀਰਤ ਸਿੰਘ ਤੋਂ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਬੇਕਰਾਰ ਹੋ ਰਿਹਾ ਸੀ। ਇਹ ਬਹੁਤ ਲੰਮਾ-ਚੌੜਾ ਅਤੇ ਭਲਵਾਨ ਕਿਸਮ ਦਾ ਨਿਪੁੰਨ ਯੋਧਾ ਸੀ ਅਤੇ ਜਿਸ ਨੂੰ ਆਪਣੀ ਤਲਵਾਰਬਾਜ਼ੀ ਅਤੇ ਬਾਹੂ ਬਲ 'ਤੇ ਬੜਾ ਮਾਣ ਸੀ। ਮਨ ਹੀ ਮਨ ਕਹਿ ਰਿਹਾ ਸੀ ਕਿ ਜੇ ਕੀਰਤ ਸਿੰਘ ਉਸ ਦੇ ਸਾਹਮਣੇ ਆ ਜਾਵੇ ਤਾਂ ਉਸ ਦੀ ਬੋਟੀ-ਬੋਟੀ ਕਰ ਦੇਵੇਗਾ।
ਫੇਰ ਕਰਨਲ ਨੇਪੀਅਰ ਨੇ ਚਾਰ ਬਹੁਤ ਵੱਡੀਆਂ ਅਤੇ ਚਮਕਦੀਆਂ ਤੋਪਾਂ ਨੂੰ ਅੱਗੇ ਲਿਆਉਣ ਦਾ ਇਸ਼ਾਰਾ ਕੀਤਾ। ਇਨ੍ਹਾਂ ਤੋਪਾਂ ਲਈ ਪਹਿਲਾਂ ਹੀ ਇਕ ਥਾਂ ਖਾਲੀ ਰੱਖੀ ਹੋਈ ਸੀ।
ਉਨ੍ਹਾਂ ਤੋਪਾਂ ਵੱਲ ਗੌਹ ਨਾਲ ਵੇਖਦਿਆਂ ਸ਼ਾਹ ਬਖ਼ਸ਼ ਨੇ ਸ਼ਾਮ ਸਿੰਘ ਵੱਲ ਤਕਦਿਆਂ ਕਿਹਾ, "ਇਹ ਮੈਨੂੰ ਨਵੀਆਂ ਤੋਪਾਂ ਲੱਗਦੀਆਂ ਹਨ, ਲੰਦਨ ਤੋਂ ਕੁਝ ਦਿਨ ਪਹਿਲਾਂ ਆਈਆਂ ਹੋਈਆਂ।”
ਸ਼ਾਮ ਸਿੰਘ ਅਤੇ ਕੀਰਤ ਸਿੰਘ ਨੇ ਵੀ ਤੋਪਾਂ ਵੱਲ ਗੌਹ ਨਾਲ ਤੱਕਿਆ। ਕੀਰਤ ਸਿੰਘ ਨੇ ਸ਼ਾਹ ਬਖ਼ਸ਼ ਤੋਂ ਪੁੱਛਿਆ :
"ਕੀ ਇਹ ਉਹੀ ਨਵੀਆਂ ਤੋਪਾਂ ਹਨ ?"
"ਲੱਗਦਾ ਤੇ ਇਹੀ ਹੈ ਪਰ ਮੈਂ ਕਦੀ ਇਨ੍ਹਾਂ ਤੋਪਾਂ ਨੂੰ ਚੱਲਦਿਆਂ ਨਹੀਂ ਵੇਖਿਆ।
ਸੁਣਿਆ ਜ਼ਰੂਰ ਹੈ ਕਿ ਬਹੁਤ ਉੱਚੀ ਅਤੇ ਬਹੁਤ ਦੂਰ ਤਕ ਮਾਰ ਕਰ ਸਕਦੀਆਂ ਹਨ।" ਸ਼ਾਹ ਬਖ਼ਸ਼ ਨੇ ਉੱਤਰ ਦਿੱਤਾ।
"ਕੀ ਸਾਡੀਆਂ ਤੋਪਾਂ ਇਨ੍ਹਾਂ ਤੋਪਾਂ 'ਤੇ ਮਾਰ ਕਰਕੇ ਇਨ੍ਹਾਂ ਨੂੰ ਨਕਾਰਾ ਕਰ ਸਕਦੀਆਂ ਹਨ ?"
"ਮੈਨੂੰ ਉਮੀਦ ਹੈ ਕਿ ਜੇ ਨਿਸ਼ਾਨਾ ਬਿਲਕੁਲ ਠੀਕ ਬੈਠੇ ਤਾਂ ਕਰ ਵੀ ਸਕਦੀਆਂ ਹਨ।“
ਕੁਝ ਦੇਰ ਪਹਿਲਾਂ ਵਗਦੀ ਤੇਜ਼ ਹਵਾ ਰੁਕ ਗਈ। ਬੱਦਲਾਂ ਦੇ ਕੁਝ ਟੁਕੜੇ ਅਕਾਸ਼ 'ਚ ਤੈਰਦੇ ਦਿਸ ਰਹੇ ਸਨ। ਫੇਰ ਬੱਦਲਾਂ ਵਿਚੋਂ ਸੂਰਜ ਦਾ ਲਾਲ ਰੰਗ ਝਲਕ ਉੱਠਿਆ।
ਸੂਰਜ ਦੀ ਤਿੱਖੀ ਲਾਲੀ ਖੇਤਾਂ ਅਤੇ ਸੁੱਕੀ ਘਾਹ ਉੱਤੇ ਪੱਸਰ ਗਈ।
ਫੇਰ ਇਕਦਮ ਫਰੰਗੀ ਫੌਜ ਚ ਚੁੱਪ ਵਰਤ ਗਈ ਜਿਵੇਂ ਕਿਸੇ ਹੁਕਮ ਦੀ ਉਡੀਕ ਕਰ ਰਹੇ ਹੋਣ। ਜਿਵੇਂ ਸਾਹ ਰੋਕੀ ਖੜੇ ਹੋਣ। ਕਰਨਲ ਨੇਪੀਅਰ ਨੇ ਆਪਣਾ ਹੱਥ ਉੱਪਰ ਚੁੱਕਿਆ ਅਤੇ ਹੱਥ ਥੱਲੇ ਕਰਦਿਆਂ ਤੋਪਚੀਆਂ ਨੂੰ ਇਸ਼ਾਰਾ ਕਰ ਦਿੱਤਾ।
ਅੱਠ ਦਸ ਫਰੰਗੀ ਤੋਪਾਂ ਗੋਲੇ ਵਰ੍ਹਾਉਣ ਲੱਗੀਆਂ। ਸ਼ਾਇਦ ਉਹ ਤੋਪਾਂ ਅਤੇ ਕਿਲ੍ਹੇ ਦੀ ਕੰਧ ਦੀ ਦੂਰੀ ਨੂੰ ਨਾਪ ਰਹੇ ਸਨ।
ਤੋਪਾਂ ਦੇ ਗੋਲੇ ਕਿਲ੍ਹੇ ਦੀ ਕੰਧ ਤੋਂ ਕਾਫੀ ਉਰੇ ਕੰਡੇਦਾਰ ਝਾੜੀਆਂ 'ਚ ਜਾ ਡਿੱਗੇ। ਗੋਲਿਆਂ ਦੇ ਡਿੱਗਣ ਨਾਲ ਧੂੜ ਦੇ ਬੱਦਲ ਵਾਯੂਮੰਡਲ ਚ ਉੱਡਣ ਲੱਗੇ। ਥੋੜ੍ਹੀ ਦੇਰ ਬਾਅਦ ਤੋਪਾਂ ਫੇਰ ਗਰਜੀਆਂ ਅਤੇ ਗੋਲੇ ਹੋਰ ਅੱਗੇ ਤੱਕ ਆਣ ਡਿੱਗੇ। ਪਰ ਹਾਲੇ ਵੀ ਕੋਈ ਗੋਲਾ ਕਿਲ੍ਹੇ ਦੀ ਕੰਧ ਨੂੰ ਨਾ ਛੋਹ ਸਕਿਆ।
ਸ਼ਾਮ ਸਿੰਘ ਨੇ ਸਾਹ ਬਖ਼ਸ਼ ਤੋਂ ਪੁੱਛਿਆ, "ਜੇ ਸਾਡੀਆਂ ਤੋਪਾਂ ਦੇ ਗੋਲੇ ਉਥੋਂ ਤਕ ਪਹੁੰਚ ਸਕਦੇ ਹੋਣ ਤਾਂ ਕਿਉਂ ਨਾ ਇਨ੍ਹਾਂ ਨੂੰ ਭੁੰਨ ਸੁੱਟੀਏ ?"
"ਪਹੁੰਚ ਤੇ ਸਕਦੇ ਹਨ ਪਰ ਅਸੀਂ ਆਪਣੀਆਂ ਤੋਪਾਂ ਦਾ ਇਸਤੇਮਾਲ ਬਿਲਕੁਲ ਉਚਿਤ ਸਮੇਂ ਕਰਾਂਗੇ। ਇਨ੍ਹਾਂ ਨੂੰ ਭੁਲੇਖੇ ਵਿੱਚ ਰੱਖਣਾ ਹੀ ਬਿਹਤਰ ਹੈ।"
ਕੁਝ ਦੇਰ ਬਾਅਦ ਫਰੰਗੀਆਂ ਦੀਆਂ ਤੋਪਾਂ ਖ਼ਾਮੋਸ਼ ਹੋ ਗਈਆਂ।
ਉਸ ਰਾਤ ਪੂਰੀ ਚੌਕਸੀ ਵਰਤਦਿਆਂ ਦੂਰ ਦਿੱਸਦੀ ਪਹਾੜੀ ਦੀ ਧਾਰ ਵੱਲ ਸਾਰੀ ਰਾਤ ਨਜ਼ਰ ਰੱਖੀ ਗਈ। ਸੂਰਜ ਚੜ੍ਹਨ ਤੋਂ ਕੁਝ ਦੇਰ ਪਹਿਲਾਂ ਹੀ ਉਨ੍ਹਾਂ ਫਰੰਗੀਆਂ ਦਾ ਇਕ ਵੱਡਾ ਦਸਤਾ, ਆਪਣੀਆਂ ਤੋਪਾਂ ਸਮੇਤ ਪਹਾੜੀ ਦੀ ਧਾਰ ਤੇ ਪਹੁੰਚ ਕੇ ਹਮਲੇ ਦੀ ਤਿਆਰੀ ਕਰਦਾ ਦਿਸਿਆ।
ਸ਼ਾਹ ਬਖ਼ਸ਼ ਨੇ ਤਦ ਤੱਕ ਆਪਣੇ ਤੋਪਖ਼ਾਨੇ ਨੂੰ ਤੋਪਾਂ ਦੀ ਮਾਰ ਕਰਨ ਦਾ ਹੁਕਮ ਨਹੀਂ ਦਿੱਤਾ, ਜਦ ਤਕ ਕਿ ਉਹ ਸਾਰੇ ਧਾਰ ਉੱਪਰ ਨਹੀਂ ਪਹੁੰਚ ਗਏ।
"ਹੁਣ ਅਸੀਂ ਉਨ੍ਹਾਂ ਨੂੰ ਦੱਸਦੇ ਹਾਂ", ਕਹਿੰਦਿਆਂ ਸ਼ਾਹ ਬਖ਼ਸ਼ ਨੇ ਆਪਣੇ ਚਾਰ ਤੋਪਚੀਆਂ ਨੂੰ ਫ਼ਾਇਰ ਕਰਨ ਦਾ ਇਸ਼ਾਰਾ ਕੀਤਾ। ਫਰੰਗੀਆਂ ਦੀ ਤੋਪਾਂ ਜ਼ਰਾ ਪਿੱਛੇ ਹਟੀਆਂ ਅਤੇ ਫੇਰ ਉਸ ਪਾਸਿਓਂ ਵੀ ਗੋਲਾਬਾਰੀ ਸ਼ੁਰੂ ਹੋ ਗਈ। ਸ਼ੁਜਾਹਬਾਦ ਦੀਆਂ ਤੋਪਾਂ ਦੇ ਅੱਠ ਦਸ ਗੋਲੇ ਜਦ ਫ਼ਰੰਗੀਆਂ ਉੱਤੇ ਪਏ ਅਤੇ ਇਕ ਤੋਪ ਬੇਕਾਰ ਹੋ ਗਈ ਤਾਂ ਉਨ੍ਹਾਂ ਨੇ ਆਪਣੀਆਂ ਤੋਪਾਂ ਅਤੇ ਸਿਪਾਹੀ ਪਿੱਛੇ ਹਟਾ ਲਏ।
ਸਾਰਾ ਦਿਨ ਖ਼ਾਮੋਸ਼ੀ ਪੱਸਰੀ ਰਹੀ ਪਰ ਵਿੱਚ-ਵਿੱਚ ਸ਼ਾਮ ਸਿੰਘ ਤੇ ਕੀਰਤ ਸਿੰਘ ਨੂੰ ਲੱਗਿਆ ਕਿ ਇਹ ਖ਼ਾਮੋਸ਼ੀ ਬਿਨਾਂ ਕਿਸੇ ਕਾਰਨ ਦੇ ਨਹੀਂ। ਕੁਝ ਹਰਕਤ ਵੇਖ ਕੇ ਕੀਰਤ ਸਿੰਘ ਨੇ ਸ਼ਾਮ ਸਿੰਘ ਨੂੰ ਕਿਹਾ, "ਮੈਨੂੰ ਡਰ ਹੈ ਕਿ ਕਿਤੇ ਰਾਤ ਵੇਲੇ ਕਿਲ੍ਹੇ ਦੀ ਕੰਧ 'ਤੇ ਚੜ੍ਹ ਕੇ ਜਾਂ ਪਹਾੜੀ ਵਲੋਂ ਹਮਲਾ ਨਾ ਹੋ ਜਾਵੇ ।"
"ਕਿਲ੍ਹੇ ਦੀਆਂ ਕੰਧਾਂ ਨੂੰ ਚੜ੍ਹ ਸਕਣਾ ਤਕਰੀਬਨ ਨਾਮੁਮਕਿਨ ਹੈ, ਜਦ ਤੱਕ ਉਨ੍ਹਾਂ ਕੋਲ ਕੰਧਾਂ 'ਤੇ ਚੜ੍ਹਨ ਦੇ ਸਾਰੇ ਔਜ਼ਾਰ ਅਤੇ ਚੜ੍ਹਨ 'ਚ ਮਾਹਰ ਆਦਮੀ ਨਾ ਹੋਣ।“
ਜਿਥੋਂ ਤਕ ਆਪਣੇ ਗੁਪਤਚਰਾਂ ਤੋਂ ਮੈਨੂੰ ਪਤਾ ਲੱਗਾ ਹੈ, ਉਨ੍ਹਾਂ ਨਾਲ ਨੇਪਾਲ ਦੇ ਗੋਰਖੇ ਅਤੇ ਸਕਾਟਲੈਂਡ ਦੇ ਸਿਪਾਹੀ ਵੀ ਹਨ ਅਤੇ ਉਹ ਇਹ ਕੰਮ ਆਸਾਨੀ ਨਾਲ ਨਹੀਂ ਪਰ ਕਿਸੇ ਤਰ੍ਹਾਂ ਕਰ ਸਕਦੇ ਹਨ।“ ਕੀਰਤ ਸਿੰਘ ਨੇ ਆਖਿਆ।
“ਤਾਂ ਸਾਨੂੰ ਦੋਵੇਂ ਪਾਸੇ ਸਾਵਧਾਨੀ ਵਰਤਣੀ ਪਵੇਗੀ। ਪਹਾੜ ਵੱਲੋਂ ਵੀ ਅਤੇ ਕੰਧ ਵਲੋਂ ਵੀ।“ ਸ਼ਾਮ ਸਿੰਘ ਬੋਲਿਆ, “ਰਾਖੀ ਕਰਨ ਵਾਲੇ ਕੁਝ ਕੁ ਸਿਪਾਹੀਆਂ ਨੂੰ ਛੱਡ ਕੇ ਸਾਰੇ ਸਿਪਾਹੀਆਂ ਨੂੰ ਕਹਿ ਦੇਵੋ ਕਿ ਅਰਾਮ ਨਾਲ ਸੌਂ ਜਾਣ। ਕੱਲ੍ਹ ਦਾ ਦਿਨ ਬੜਾ ਲੰਮਾ ਅਤੇ ਨਿਰਣਾਇਕ ਹੋਵੇਗਾ।“
***
31
ਜੀਨਤ ਨੇ ਆਪਣੀ ਦਾਸੀ ਭੇਜ ਕੇ ਕੀਰਤ ਸਿੰਘ ਨੂੰ ਆਪਣੇ ਕੋਲ ਬੁਲਾਇਆ ਤਾਂ ਰੂਪ ਵੀ ਬੂਹੇ ਪਿੱਛੇ ਲੁਕ ਕੇ ਖੜੀ ਹੋ ਗਈ। ਰੂਪ ਦਾ ਮੰਤਵ ਸਿਰਫ਼ ਕੀਰਤ ਸਿੰਘ ਨੂੰ ਵੇਖਣਾ ਸੀ ਅਤੇ ਨਾਲ ਹੀ ਇਹ ਜਾਣਨ ਦੀ ਇੱਛਾ ਕਿ ਜੀਨਤ ਨੇ ਉਸ ਨੂੰ ਕਿਉਂ ਬੁਲਾਇਆ ਹੈ ? ਅੱਜ ਦੀ ਗੋਲਾਬਾਰੀ ਅਤੇ ਫਰੰਗੀਆਂ ਦੀ ਤਾਕਤ ਬਾਰੇ ਗੱਲਾਂ ਕਰਨ ਤੋਂ ਬਾਅਦ ਜੀਨਤ ਬੋਲੀ :
"ਸਿੰਘ ਜੀ, ਮੈਂ ਤੁਹਾਨੂੰ ਇਕ ਖ਼ਾਸ ਕੰਮ ਲਈ ਬੁਲਾਇਆ ਹੈ।"
"ਹੁਕਮ ਕਰੋ ਬੇਗਮ ਸਾਹਿਬ।"
"ਹੁਕਮ ਨਹੀਂ ਅਰਜ਼ ਹੈ। ਮੇਰਾ ਅਨੁਮਾਨ ਹੈ ਕਿ ਕੱਲ੍ਹ ਜਾਂ ਪਰਸੋ ਦਾ ਦਿਨ ਫਰੰਗੀਆਂ ਵੱਲੋਂ ਭਰਪੂਰ ਅਤੇ ਜ਼ੋਰਦਾਰ ਹਮਲੇ ਦਾ ਦਿਨ ਹੋਵੇਗਾ। ਮੈਂ ਚਾਹੁੰਦੀ ਹਾਂ ਕਿ ਕੱਲ੍ਹ ਦੇ ਦਿਨ ਸਰਦਾਰ ਸਾਹਿਬ ਦੀ ਸੁਰੱਖਿਆ ਲਈ ਖ਼ਾਸ ਧਿਆਨ ਦਿੱਤਾ ਜਾਵੇ।“
"ਹਮਲਾ ਕਿੰਨਾ ਵੀ ਜ਼ੋਰਦਾਰ ਹੋਵੇ ਪਰ ਇਹ ਫਰੰਗੀ ਕਿਸੇ ਵੀ ਹਾਲਤ 'ਚ ਕਿਲ੍ਹੇ ਦੇ ਅੰਦਰ ਦਾਖ਼ਲ ਨਹੀਂ ਹੋ ਸਕਦੇ। ਇਸ ਬਾਰੇ ਤੁਸੀਂ ਫ਼ਿਕਰ ਨਾ ਕਰੋ।"
"ਤੁਸੀਂ ਇਸ ਨੂੰ ਔਰਤਾਂ ਵਾਲਾ ਵਹਿਮ ਸਮਝੋਗੇ। ਪਰ ਮੈਨੂੰ ਉਨ੍ਹਾਂ ਬਾਰੇ ਅਜੀਬ-ਅਜੀਬ ਸੁਫਨੇ ਆਉਂਦੇ ਰਹੇ, ਅਜੀਬ-ਅਜੀਬ ਖ਼ਿਆਲ। ਮੈਨੂੰ ਉਨ੍ਹਾਂ ਦੀ ਜਾਨ ਦਾ ਖਦਸ਼ਾ ਹੈ।"
"ਖ਼ਦਸ਼ੇ ਵਾਲੀ ਕੀ ਗੱਲ?'
"ਇਹ ਫ਼ਰੰਗੀ ਬਹੁਤ ਖ਼ਤਰਨਾਕ ਅਤੇ ਚਾਲਬਾਜ ਦੁਸ਼ਮਣ ਹੈ। ਇਹ ਵੀ ਤੁਸੀਂ ਜਾਣਦੇ ਹੋ ਕਿ ਦੋ ਦਿਨ ਪਹਿਲਾਂ ਹੀ ਇਨ੍ਹਾਂ ਦੇ ਦੋ ਜਾਸੂਸ ਸਾਡੇ ਹੀ ਕਿਲ੍ਹੇ 'ਚੋਂ ਫੜੇ ਗਏ ਸਨ।“
"ਹਾਂ, ਇਹ ਤੇ ਠੀਕ ਹੀ ਹੈ।"
"ਲੜਾਈ ਦੀ ਹਫੜਾ-ਦਫੜੀ ਅਤੇ ਘੜਮੱਸ ਕਿਸੇ ਵੀ ਹੱਤਿਆਰੇ ਨੂੰ ਇਕ ਬਹੁਤ ਵਧੀਆ ਮੌਕਾ ਪੇਸ਼ ਕਰ ਸਕਦੀ ਹੈ। ਉਸ ਵੇਲੇ ਕੋਈ ਹੱਤਿਆਰਾ ਸਿੰਘ ਸਾਹਿਬ ਉੱਤੇ ਆਪਣਾ ਘਾਤਕ ਵਾਰ ਕਰ ਸਕਦਾ ਹੈ।"
"ਤੁਸੀਂ ਚਿੰਤਾ ਨਾ ਕਰੋ ਬੇਗਮ ਸਾਹਿਬਾ। ਪਹਿਲੀ ਗੱਲ ਤੇ ਇਹ ਕਿ ਫਰੰਗੀਆਂ ਵੱਲੋਂ ਭਰਪੂਰ ਹਮਲਾ ਇੰਨੀ ਛੇਤੀ ਨਹੀਂ ਹੋਵੇਗਾ। ਦੂਜੀ ਇਹ ਕਿ ਮੈਂ ਲੜਾਈ ਦੇ ਦੌਰਾਨ ਕੁਝ ਚੁਣੇ ਹੋਏ ਜਵਾਨਾਂ ਨੂੰ ਇਹਨਾਂ ਦੀ ਹਿਫਾਜ਼ਤ ਲਈ ਛੱਡ ਦੇਵਾਂਗਾ। ਮੈਂ ਆਪ ਵੀ ਨਜ਼ਰ ਰੱਖਾਂਗਾ ਇਨ੍ਹਾਂ ਉੱਤੇ।"
ਜੀਨਤ ਕੁਝ ਦੇਰ ਰੁਕੀ। ਫੇਰ ਬੋਲੀ, “ਤੁਹਾਡੇ ਇਸ ਕਿਲ੍ਹੇ ਚ ਆਉਣ ਨਾਲ ਮੈਨੂੰ ਬੇਹੱਦ ਤਸੱਲੀ ਅਤੇ ਰਾਹਤ ਨਸੀਬ ਹੋਈ ਹੈ।“ ਉਸ ਦੇ ਬੁੱਲ ਕੁਝ ਹੋਰ ਕਹਿਣ ਲਈ ਹਿੱਲੇ ਪਰ ਚੁੱਪ ਰਹੀ। ਉਸਨੇ ਮਨ ਹੀ ਮਨ ਆਖਿਆ, “ਕੀ ਹੁਣ ਤੁਸੀਂ ਕਦੀ ਮੈਨੂੰ ਮੇਰੇ ਨਾਮ ਨਾਲ ਨਹੀਂ ਬੁਲਾਉਗੇ ?”
ਚਾਹੇ ਕੀਰਤ ਅਤੇ ਜੀਨਤ ਵਿਚਕਾਰ ਕੋਈ ਐਸੀ ਕੋਲ ਨਹੀਂ ਸੀ ਹੋਈ ਪਰ ਜੀਨਤ ਦੇ ਹਾਵ-ਭਾਵ, ਉਸਦੀਆਂ ਅੱਖਾਂ ਚ ਆਈ ਕੀਰਤ ਸਿੰਘ ਪ੍ਰਤੀ ਅਪਣੱਤ, ਚਮਕ ਅਤੇ ਕੁਝ ਕਹਿੰਦਿਆਂ ਕਹਿੰਦਿਆਂ ਚੁੱਪ ਹੋ ਜਾਣ ਤੋਂ ਰੂਪ ਸਮਝ ਗਈ ਕਿ ਇਨ੍ਹਾਂ ਵਿਚਕਾਰ ਕੋਈ ਪੁਰਾਣੀ ਜਾਣ-ਪਛਾਣ, ਕੋਈ ਪੁਰਾਣੇ ਸੰਬੰਧਾਂ ਦਾ ਰਿਸ਼ਤਾ ਜ਼ਰੂਰ ਹੈ। ਤਾਂ ਕੀ ਇਸੇ ਕਾਰਨ ਇਹ ਮੇਰੇ ਨਾਲ...?
***
32
ਰੂਪ ਨੇ ਨੀਲੇ ਰੰਗ ਦੀ ਕਮੀਜ਼, ਚਿੱਟੇ ਰੰਗ ਦੀ ਸਲਵਾਰ ਪਾਈ ਹੋਈ ਅਤੇ ਸਿਰ ਉੱਪਰ ਕਾਲੇ ਰੰਗ ਦਾ ਦੁਪੱਟਾ ਲਿਆ ਹੋਇਆ ਸੀ। ਪਿੱਠ 'ਤੇ ਲਮਕਦੀ ਗੁੱਤ, ਤਿੰਨ ਚਾਰ ਲਿਟਾਂ ਮੱਥੇ 'ਤੇ ਖਿੱਲਰੀਆਂ ਹੋਈਆਂ, ਕੰਨਾਂ ਵਿੱਚ ਗੋਲ-ਗੋਲ ਵਾਲੀਆਂ ਅਤੇ ਨੱਕ 'ਚ ਹੀਰੇ ਜੜਿਆ ਲੌਂਗ ਚਮਕ ਰਿਹਾ ਸੀ।
ਉਹ ਜਾਣਦੀ ਸੀ ਕਿ ਅੱਜ ਸ਼ਾਮੀ ਕੀਰਤ ਸਿੰਘ ਗੁਰਦੁਆਰੇ ਜ਼ਰੂਰ ਜਾਵੇਗਾ। ਉਂਝ ਤੇ ਪਹਿਲਾਂ ਵੀ ਇਕ ਦੋ ਦਿਨ ਛੱਡ ਕੇ ਚਲਿਆ ਜਾਂਦਾ ਸੀ, ਪਰ ਹੁਣ ਇਕ ਬਜ਼ੁਰਗ ਸਿਪਾਹੀ ਦੇ ਗੁਰਦੁਆਰੇ 'ਚ ਆ ਕੇ ਠਹਿਰਨ ਕਰਕੇ ਉਸ ਦਾ ਗੁਰਦੁਆਰੇ ਜਾਣਾ ਜ਼ਿਆਦਾ ਵੱਧ ਗਿਆ ਸੀ । ਰੂਪ ਹੱਥਾਂ ਨੂੰ ਜੋੜਦਿਆਂ ਗੁਰਦੁਆਰੇ ਦੇ ਅੰਦਰ ਵੜੀ ਤਾਂ ਦੋ ਵੱਡੇ ਦੀਵੇ ਅੰਦਰ ਜਲ ਰਹੇ ਸਨ। ਉਸ ਨੇ ਮੱਥਾ ਟੇਕਿਆ, ਮਨ ਹੀ ਮਨ ਕੁਝ ਅਰਦਾਸ ਕੀਤੀ ਅਤੇ ਹੌਲੀ-ਹੌਲੀ ਪੈਰ ਚੁੱਕਦਿਆਂ ਬਾਹਰ ਆ ਗਈ। ਗੁਰਦੁਆਰੇ ਅਤੇ ਜੀਨਤ ਦੀ ਹਵੇਲੀ ਵਿਚਕਾਰ ਰੁੱਖਾਂ ਦਾ ਇਕ ਝੁੰਡ ਅਤੇ ਇਕ ਕਬਰਿਸਤਾਨ ਸੀ। ਇਸ ਪਾਸਿਓ ਸ਼ਾਮ ਸਿੰਘ ਅਤੇ ਕੀਰਤ ਸਿੰਘ ਦੇ ਸਿਵਾ ਹੋਰ ਕੋਈ ਘੱਟ ਵੱਧ ਹੀ ਆਉਂਦਾ ਜਾਂਦਾ ਸੀ । ਰੂਪ ਕੌਰ ਇਕ ਰੁੱਖ ਦੇ ਥੱਲੇ ਜਾ ਕੇ ਖੜੀ ਹੋ ਗਈ। ਚਾਰੇ ਪਾਸੇ ਪੂਰਨ ਖਾਮੋਸ਼ੀ। ਕਿਰਲਾ ਜਿਹਾ ਇਕ ਕਬਰ 'ਤੇ ਇੱਧਰ-ਉੱਧਰ ਫਿਰ ਰਿਹਾ ਸੀ। ਕਿਲ੍ਹੇ ਦੇ ਕਿਸੇ ਬੁਰਜ 'ਤੇ ਬੈਠੇ ਉੱਲੂ ਦੀ ਹੂ-ਹੂ ਦੀ ਆਵਾਜ਼ ਆ ਰਹੀ ਸੀ। ਇਹ ਉੱਲੂ ਰੋਜ ਹੀ ਤਕਰੀਬਨ ਇਸੇ ਸਮੇਂ ਬੋਲਦਾ ਸੀ। ਕਦੀ-ਕਦੀ ਰਾਤ ਗਿਆਂ ਵੀ ਬੋਲਣ ਲੱਗਦਾ। ਉਸ ਦੀ ਹੂ-ਹੂ ਦੀ ਆਵਾਜ਼ ਦੇ ਜਵਾਬ ਵਿੱਚ ਕਿਲ੍ਹੇ ਦੇ ਕਿਸੇ ਦੂਜੇ ਪਾਸੇ ਬੈਠਿਆ
ਉੱਲੂ ਵੀ ਬੋਲਣ ਲੱਗਾ। ਇਨ੍ਹਾਂ ਦੀ ਹੂ ਹੂ ਇਸ ਖਾਮੋਸ਼ੀ ਨੂੰ ਰਹੱਸਮਈ ਬਣਾ ਰਹੀ ਸੀ।
ਕੁਝ ਦੇਰ ਬਾਅਦ ਆਪਣੀਆਂ ਸੋਚਾਂ ਚ ਡੁੱਬਿਆ ਕੀਰਤ ਸਿੰਘ ਹੌਲੀ ਹੌਲੀ ਪੈਰ ਪੁੱਟਦਿਆਂ ਗੁਰਦੁਆਰੇ ਦੇ ਬੂਹੇ ਕੋਲ ਆ ਕੇ ਆਪਣੀਆਂ ਜੁੱਤੀਆਂ ਉਤਾਰਨ ਲਗਾ। ਫੇਰ ਗੁਰਦੁਆਰੇ ਦੇ ਬੂਹੇ ਚੋਂ ਲੰਘਦਿਆਂ ਉਹ ਆਪਣੇ ਅੰਦਰ ਦੋ ਲੜਾਈਆਂ ਨੂੰ ਛਿੜਿਆ ਅਨੁਭਵ ਕਰ ਰਿਹਾ ਸੀ। ਇਕ ਬਾਹਰਲੀ ਲੜਾਈ- ਕਿਲ੍ਹੇ ਤੋਂ ਕੁਝ ਦੂਰ ਕਿਲ੍ਹੇ ਉੱਤੇ ਹਮਲਾ ਕਰਨ ਲਈ ਤਿਆਰ ਖੜੀਆਂ ਫਰੰਗੀ ਫੌਜਾਂ, ਗੋਲੇ ਵਰ੍ਹਾਉਣ ਦੀ ਉਡੀਕ, ਧੁੱਪ ਚ ਲਿਸ਼ਕਦੀਆਂ ਤੋਪਾਂ, ਦੂਜੀ-ਜੋਬਨ ਮੱਤੀ ਰੂਪ ਦੀਆਂ ਅੱਖਾਂ 'ਚ ਝਲਕਦੀ ਕੀਰਤ ਲਈ ਇਕ ਖਾਮੋਸ਼ ਵੰਗਾਰ--।
ਉਹ ਆਮ ਕਰਕੇ ਸਵੇਰੇ-ਸਵੇਰੇ ਅਤੇ ਜੇ ਸਵੇਰੇ-ਸਵੇਰੇ ਖੁੰਜ ਜਾਏ ਤਾਂ ਸ਼ਾਮੀਂ ਮੱਥਾ ਟੇਕਣ ਆ ਜਾਂਦੀ ਸੀ।
ਕਦੀ ਮੋੱਥਾ ਟੇਕਣ ਤੋਂ ਬਾਅਦ ਅੱਖਾਂ ਬੰਦ ਕਰਕੇ ਚੁੱਪ-ਚਾਪ ਬੈਠਾ ਰਹਿੰਦਾ । ਜੋ ਉਸ ਅੰਦਰ ਕੁੱਝ ਸਵਾਲ ਉਠ ਰਹੇ ਹੋਣ, ਕਿਸੇ ਵਿਸ਼ੇ ਬਾਰੇ ਕੋਈ ਦੁਚਿੱਤੀ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਚ ਬੈਠ ਕੇ ਪੰਨੇ ਪਲਟਦਾ ਗੁਰੂ-ਵਾਕ ਲੈਂਦਾ। ਅੰਜ ਕੀਰਤ ਸਿੰਘ ਮੱਥਾ ਟੇਕਣ ਤੋਂ ਬਾਅਦ ਸਿੱਧਾ ਹੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਚ ਜਾ ਬੈਠਿਆ। ਅੱਖਾਂ ਬੰਦ ਕਰਕੇ ਮਨ ਨੂੰ ਇਕਾਗਰ ਕੀਤਾ ਅਤੇ ਫੇਰ ਇਕ ਪੰਨਾ ਖੋਲ੍ਹ ਕੇ ਪੜ੍ਹਨ ਲੱਗਾ:
“ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ।।
ਜੇਹਾ ਜਾਵੈ ਤੇਹੋ ਵਰਤੈ ਵੇਖਹੁ ਕੋ ਨਿਰਜਾਸਿ॥
ਸਾਰੀਆਂ ਤੁਕਾਂ ਪੜ੍ਹਨ ਤੋਂ ਬਾਅਦ ਕੁਝ ਦੇਰ ਸੋਚਾਂ ਚ ਡੁੱਬਾ ਬੈਠਾ ਰਿਹਾ। ਫੇਰ ਆਪਣੇ ਆਪ ਨੂੰ ਆਖਿਆ:
"ਹੁਣ ਕੀ ਸੋਚਦੈਂ ਕੀਰਤ ਸਿਆਂ? ਹੁਣ ਕੁਝ ਹੋਰ ਸੋਚਣ ਦੀ ਗੁੰਜਾਇਸ਼ ਹੀ ਨਹੀਂ ਰਹੀ--- ।' ਗੁਰੂ ਸਾਹਿਬ ਨੇ ਉਸ ਨੂੰ ਦੁਚਿੱਤੀ ਤੋਂ ਨਜਾਤ ਦਿਵਾ ਦਿੱਤੀ ਸੀ।
ਫੇਰ ਉਸ ਦੇ ਮਨ 'ਚ ਆਇਆ ਕਿ ਫਰੰਗੀਆਂ ਵਿਰੁੱਧ ਭਾਵੀ ਯੁੱਧ ਬਾਰੇ ਕੋਈ 'ਵਾਕ' ਲਵੇ। ਫੇਰ ਸੋਚਿਆ: ਇਸ ਸੰਦਰਭ 'ਚ ਵਾਕ ਲੈਣ ਦੀ ਭਲਾ ਕੀ ਲੋੜ । ਇਸ ਦਿਸ਼ਾ 'ਚ ਤਾਂ ਉਸ ਦਾ ਮਾਰਗ ਨਿਸ਼ਚਿਤ ਹੀ ਸੀ।
ਜਦ ਉਹ ਮੱਥਾ ਟੇਕ ਕੇ ਬਾਹਰ ਆਇਆ ਤਾਂ ਇਕ ਬਜ਼ੁਰਗ ਵੀ ਉਸ ਨਾਲ ਸੀ। ਰੂਪ ਨੂੰ ਉਹ ਬਜ਼ੁਰਗ 'ਤੇ ਗੁੱਸਾ ਆ ਗਿਆ। ਜੁੱਤੀਆਂ ਪਾਉਂਦਿਆਂ ਕੀਰਤ ਸਿੰਘ ਉਸ ਬਜੁਰਗ ਨਾਲ ਖੜਾ ਕੁਝ ਦੇਰ ਗੱਲਾਂ ਕਰਦਾ ਰਿਹਾ। ਫੇਰ ਬਜ਼ੁਰਗ ਅੰਦਰ ਚਲਾ ਗਿਆ। ਅਤੇ ਕੀਰਤ ਸਿੰਘ ਕਬਰਿਸਤਾਨ ਅਤੇ ਰੁੱਖਾਂ ਵਿੱਚੋਂ ਲੰਘਦੇ ਰਸਤੇ 'ਤੇ ਤੁਰਨ ਲੱਗਾ। ਠੰਡੀ ਠੰਡੀ ਹਵਾ ਰੂਪ ਦੀਆਂ ਗੱਲ੍ਹਾਂ ਨੂੰ ਛੋਹ ਕੇ ਲੰਘ ਰਹੀ ਸੀ। ਵਾਯੂਮੰਡਲ ਚ ਰੁੱਖਾਂ ਦੀ ਮੁਸ਼ਕ ਸੀ। ਉਹ ਧੜਕਦੇ ਦਿਲ ਨਾਲ ਕੀਰਤ ਸਿੰਘ ਨੂੰ ਆਪਣੇ ਕੋਲੋਂ ਲੰਘਣ ਦੀ ਉਡੀਕ ਕਰਨ ਲੱਗੀ।
ਜਿਉਂ ਹੀ ਕੀਰਤ ਸਿੰਘ ਆਪਣੀਆਂ ਸੋਚਾਂ ਵਿੱਚ ਡੁੱਬਿਆ ਰੂਪ ਦੇ ਨੇੜੇ ਪਹੁੰਚਿਆ, ਉਹ ਰੁੱਖਾਂ ਦੀ ਓਟ 'ਚੋਂ ਨਿਕਲ ਕੇ ਕੀਰਤ ਸਿੰਘ ਦੇ ਸਾਹਮਣੇ ਆ ਖੜੀ ਹੋਈ । ਘੁਸਮੁਸੇ
'ਚ ਉਸ ਨੂੰ ਕੀਰਤ ਸਿੰਘ ਦੀਆਂ ਅੱਖਾਂ 'ਚ ਕੁਝ ਅਜੀਬ ਜਿਹਾ ਨਜ਼ਰ ਆਇਆ; ਮੌਤ ਦੇ ਖਤਰੇ ਦੀ ਸੰਭਾਵਨਾ ਨਾਲ ਕੁਰਬਾਨੀ ਦਾ ਸੰਕਲਪ। ਗੁਰਦੁਆਰੇ ਮੱਥਾ ਟੇਕਦਿਆਂ ਉਹ ਸ਼ਾਇਦ ਇਹੀ ਕੁਝ ਸੋਚਦਾ ਅਤੇ ਇਸੇ ਸੰਦਰਭ 'ਚ ਬਜ਼ੁਰਗ ਸਿੰਘ ਨਾਲ ਗੱਲਾਂ ਕਰਦਾ ਰਿਹਾ ਸੀ।
ਰੂਪ ਦੀ ਮਨੋਸਥਿਤੀ ਇਸ ਦੇ ਬਿਲਕੁਲ ਵਿਪਰੀਤ ਸੀ। ਭਾਵੁਕਤਾ ਅਤੇ ਉਤੇਜਨਾ ਕਾਰਨ ਉਸ ਦਾ ਸਰੀਰ ਕੰਬ ਰਿਹਾ ਸੀ। ਆਪਣੇ ਆਪ ਨੂੰ ਸਥਿਰ ਰੱਖਣ ਲਈ ਉਸ ਨੇ ਆਪਣੇ ਦੋਵੇਂ ਹੱਥ ਇਕ ਰੁੱਖ ਦੇ ਤਣੇ ਨਾਲ ਟਕਾ ਦਿੱਤੇ।
ਇਸ ਤੋਂ ਪਹਿਲਾਂ ਕਿ ਕੀਰਤ ਸਿੰਘ ਉਸ ਨੂੰ ਵੇਖ ਕੇ ਕੁਝ ਕਹਿੰਦਾ ਰੂਪ ਕਿਸੇ ਅਦਿੱਖ ਭਾਵਨਾ ਅਤੇ ਪ੍ਰੇਰਨਾ ਵਸ ਅੱਗੇ ਵਧੀ ਅਤੇ ਆਪ-ਮੁਹਾਰੇ ਹੀ ਉਸ ਨੂੰ ਆਪਣੀਆਂ ਬਾਹਵਾਂ ਵਿੱਚ ਘੁੱਟ ਲਿਆ। ਕੀਰਤ ਸਿੰਘ ਇਕ ਦੋ ਪਲ ਉਸ ਦੇ ਗਦਰਾਏ ਅੰਗਾਂ ਦੀ ਛੋਹ ਨੂੰ ਅਨੁਭਵ ਕਰ ਰਿਹਾ ਸੀ। ਫੇਰ ਕੁਝ ਸੰਕੋਚ ਨਾਲ ਉਸ ਨੂੰ ਆਪਣੇ ਆਪ ਤੋਂ ਵੱਖ ਕੀਤਾ ਅਤੇ ਉਸ ਦੀਆਂ ਗੱਲ੍ਹਾਂ ਨੂੰ ਆਪਣੀਆਂ ਉਂਗਲੀਆਂ ਨਾਲ ਛੋਂਹਦਿਆਂ ਬੋਲਿਆ:
"ਰੂਪ! ਇੱਥੇ ਇਸ ਵੇਲੇ ?"
"ਹੋਰ ਕਿੱਥੇ ? ਸਾਰੀ ਗੜ੍ਹੀ 'ਚ ਸਿਰਫ਼ ਇਹੀ ਥਾਂ ਹੈ ਜਿੱਥੇ ਮੈਂ ਤੁਹਾਨੂੰ ਇਕੱਲਿਆਂ ਮਿਲ ਸਕਦੀ ਹਾਂ।"
"ਪਰ ਇਸ ਵੇਲੇ ?"
"ਹੋਰ ਕਿਸ ਵੇਲੇ ? ਹੋਰ ਸਮਾਂ ਹੀ ਕਿੰਨਾ ਬਚਿਆ ਹੈ ਸਾਡੇ ਕੋਲ ?"
ਰੂਪ ਦੇ ਬੋਲਾਂ 'ਚ ਬੇਸਬਰੀ ਸੀ ਅਤੇ ਅਥਾਹ ਦੀ ਭਾਵੁਕਤਾ। ਕਿਲ੍ਹੇ ਦੀਆਂ ਕੰਧਾ ਦੇ ਪਿੱਛੇ ਅਕਾਸ਼ 'ਚ ਅੱਜ ਦਾ ਸੂਰਜ ਡੁੱਬ ਚੁੱਕਾ ਸੀ ਅਤੇ ਉਸ ਦੀ ਲਾਲੀ ਦਿਸਹੱਦੇ 'ਚ ਪੱਸਰੀ ਹੋਈ ਸੀ।
ਕੀਰਤ ਸਿੰਘ ਨੇ ਉਸ ਵੱਲ ਗੌਹ ਨਾਲ ਤੱਕਿਆ : ਲੰਮੇ ਕਾਲੇ ਵਾਲਾਂ 'ਚ ਘਿਰਿਆ ਇਕ ਖੂਬਸੂਰਤ, ਭਖਦਾ ਤੀਬਰਤਾ ਭਰਿਆ ਚਿਹਰਾ, ਪਿਆਸੀਆਂ ਅੱਖ ਅਤੇ ਉਸ ਦੇ ਕੱਪੜਿਆਂ ਥੱਲੇ ਉਸ ਦੇ ਜਿਸਮ ਦੀਆਂ ਗੋਲਾਈਆਂ । ਰੂਪ ਹੁਣ ਉਸ ਦੇ ਬਿਲਕੁਲ ਕਰੀਬ ਸੀ। ਉਹ ਰੂਪ ਦੇ ਸਰੀਰ 'ਚੋਂ ਤਾਜ਼ੇ ਖਿੜੇ ਹੋਏ ਫੁੱਲਾਂ ਵਾਂਗ ਆ ਰਹੀ ਖ਼ੁਸ਼ਬੋ ਨੂੰ ਆਪਣੇ ਅੰਤਰਮਨ 'ਚ ਘੁਲਦਿਆਂ ਮਹਿਸੂਸ ਕਰ ਰਿਹਾ ਸੀ। ਅਣਚਾਹੇ ਹੀ ਉਸ ਅੰਦਰ ਰੂਪ ਨੂੰ ਆਪਣੀਆਂ ਬਾਹਾਂ 'ਚ ਸਮਾ ਲੈਣ ਦੀ ਤੀਬਰ ਇੱਛਾ ਉਭਰਨ ਲੱਗੀ। ਆਪਣੇ ਆਪ 'ਤੇ ਕਾਬੂ ਪਾਉਣ ਦੇ ਯਤਨਾਂ 'ਚ ਉਸ ਦੇ ਬੁੱਲ੍ਹ ਜ਼ੋਰ ਨਾਲ ਮੀਚੇ ਗਏ।
ਭਾਵੁਕਤਾ ਵਸ ਰੂਪ ਇਕ ਕਦਮ ਅੱਗੇ ਵਧੀ। ਕੀਰਤ ਉਸੇ ਵੇਲੇ ਇਕ ਕਦਮ ਪਿੱਛੇ ਹਟ ਗਿਆ । ਰੂਪ ਕੁਝ ਦੇਰ ਚੁੱਪ ਖੜੀ ਉਸ ਵੱਲ ਤੱਕਦੀ ਰਹੀ। ਉਸ ਦੇ ਬੁੱਲ੍ਹਾਂ ਤੇ ਇਕ ਵਿਅੰਗਪੂਰਨ ਮੁਸਕਾਨ ਖੇਡਣ ਲੱਗੀ। ਉਹ ਬੋਲੀ :
"ਤੁਸੀਂ ਜਿੰਨਾ ਮਰਜ਼ੀ ਲੁਕਾਉਣ ਦਾ ਯਤਨ ਕਰੋ। ਮੈਂ ਤੁਹਾਡੀਆਂ ਅੱਖਾਂ 'ਚ ਆਪਣੇ ਲਈ ਪਿਆਰ ਵੇਖ ਰਹੀ ਹਾਂ। ਮੈਨੂੰ ਸਮਝ ਨਹੀਂ ਆ ਰਿਹਾ ਕਿ ਤੁਸੀਂ ਐਨੇ
ਪੱਥਰ-ਦਿਲ ਕਿਉਂ ਹੋ ? ਆਪ ਵੀ ਅੰਦਰੋਂ ਅੰਦਰ ਤੜਫ਼ ਰਹੇ ਹੋ ਅਤੇ ਮੈਨੂੰ ਵੀ ਤੜਵਾ ਰਹੇ ਹੋ। ਕੀ ਤੁਸੀਂ ਇਹਨਾਂ ਲੜਾਈਆਂ ਦੀ ਸੋਚ ਤੋਂ ਕੁਝ ਦੇਰ ਲਈ ਵੀ ਮੁਕਤੀ ਹਾਸਲ ਨਹੀਂ ਕਰ ਸਕਦੇ ?"
“ਤੂੰ ਠੀਕ ਹੀ ਕਹਿ ਰਹੀ ਏਂ ਰੂਪ। ਅਸੀ ਦੋ ਤਰ੍ਹਾਂ ਦੀ ਦੁਨੀਆ 'ਚ ਜੀਅ ਰਹੇ ਹਾਂ-ਇਕ ਸੱਚ ਦੀ ਦੁਨੀਆ ਅਤੇ ਦੂਜੀ ਸੁਪਨਿਆਂ ਦੀ ਦੁਨੀਆ।"
"ਜੇ ਤੁਹਾਡਾ ਭਾਵ ਹੈ ਕਿ ਇਹ ਲੜਾਈਆਂ ਦੀ ਮਾਰੋ ਮਾਰ ਹੀ ਸੱਚ ਦੀ ਦੁਨੀਆ ਹੈ, ਇਹੀ ਸੱਚਮੁਚ ਦਾ ਜਿਊਣਾ ਹੈ ਤਾਂ ਮੈਂ ਇਸ ਦੁਨੀਆ ਨੂੰ ਮੰਨਣ ਤੋਂ ਇਨਕਾਰ ਕਰਦੀ ਹਾਂ।“
"ਇਹ ਸੱਚ ਦੀ ਦੁਨੀਆ ਬੇਸ਼ੱਕ ਨਹੀਂ, ਪਰ ਯਥਾਰਥ ਤੇ ਇਹੀ ਹੈ ਨਾ।" ਕੀਰਤ ਸਿੰਘ ਬੋਲਿਆ।
""ਮੈਨੂੰ ਤੇ ਇਹ ਆਦਮੀ ਦੇ ਪਾਗਲਪਨ ਦੇ ਸਿਵਾ ਹੋਰ ਕੁਝ ਨਹੀਂ ਲੱਗਦਾ।"
"ਪਾਗਲਪਨ ਹੀ ਹੈ ਸ਼ਾਇਦ।" ਕੀਰਤ ਸਿੰਘ ਨੇ ਆਖਿਆ, ਪਰ ਇਕ ਵਾਰੀ ਸਿਪਾਹੀਆਂ ਦੀ ਭੀੜ 'ਚ ਸ਼ਾਮਲ ਹੋ ਕੇ ਉਸ ਦੇ ਮਸਤਕ 'ਚ ਬੁਖ਼ਾਰ ਜਿਹਾ ਚੜ੍ਹ ਜਾਂਦਾ ਹੈ। ਯੁੱਧ ਜੀਵਨ ਦੀ ਤੀਬਰਤਾ ਅਤੇ ਅਨੁਭਵ ਦਾ ਸਿਖਰ ਹੈ। ਇਹ ਸਿਰ ਚੜ੍ਹ ਕੇ ਬੋਲਦੇ ਜਾਦੂ ਵਾਂਗ ਹੈ, ਇਕ ਨਸ਼ੇ ਵਾਂਗ ਹੈ।
"ਅਤੇ ਪ੍ਰੇਮ ? ਮੈਂ ਨਹੀਂ ਸਮਝਦੀ ਕਿ ਇਸ ਅਨੁਭਵ ਤੋਂ ਤੁਸੀਂ ਵਾਂਝੇ ਹੀ ਹੋਵੇਗੇ।"
"ਹਾਂ ਰੂਪ, ਪ੍ਰੇਮ ਵੀ ਯੁੱਧ ਵਾਂਗ ਇਕ ਸ਼ਕਤੀਸ਼ਾਲੀ ਅਨੁਭਵ ਹੈ। ਇਸ ਦੀ ਆਪਣੀ ਇਕ ਸ਼ਕਤੀ ਹੈ...।"
ਨਾਲ ਹੀ ਉਸ ਨੇ ਆਪਣੇ ਲੰਮੇ ਕੁੜਤੇ ਉੱਤੇ ਪਾਈ ਫਤੂਹੀ ਵੱਲ ਤੱਕਿਆ ਜੋ ਕੁਝ ਮਹੀਨੇ ਪਹਿਲਾਂ ਸੁੰਦਰਾਂ ਨੇ ਉਸ ਨੂੰ ਦਿੱਤੀ ਸੀ। "ਉਹ ਕਿਵੇਂ ਹੋਵੇਗੀ ਹੁਣ ?" ਉਹ ਸੋਚਣ ਲੱਗਾ ਅਤੇ ਉਸ ਦੀ ਧੁੰਦਲੀ ਜਿਹੀ ਤਸਵੀਰ ਕੀਰਤ ਦੀਆਂ ਅੱਖਾਂ ਸਾਹਮਣੇ ਆ ਗਈ।
"ਮੈਨੂੰ ਚੰਗਾ ਲੱਗਿਆ ਸੁਣ ਕੇ। ਜੇ ਤੁਸੀਂ ਪ੍ਰੇਮ ਨੂੰ ਸਮਝਦੇ ਹੋ ਤਾਂ ਮੇਰੀਆਂ ਭਾਵਨਾਵਾਂ ਨੂੰ ਵੀ ਸਮਝਦੇ ਹੋਵੋਗੇ ਅਤੇ ਇਸ ਵਾਸਤਵਿਕਤਾ ਨੂੰ ਵੀ ਕਿ ਇਸ ਲੜਾਈ ਵਿੱਚ, ਕੱਲ੍ਹ ਜਾਂ ਪਰਸੋਂ, ਤੁਸੀਂ ਜਾਂ ਮੈਂ ਜਾਂ ਦੋਵੇਂ ਹੀ ਮਰ ਸਕਦੇ ਹਾਂ ।"
ਕੀਰਤ ਸਿੰਘ ਚੁੱਪ ਚਾਪ ਖੜਾ ਉਸ ਵੱਲ ਤੱਕਦਾ ਰਿਹਾ।
ਰੂਪ ਬੋਲੀ, "ਮੈਂ ਜਾਣਦੀ ਹਾਂ ਕਿ ਮੈਂ ਇਕ 'ਨਾਮ' ਦੇ ਸਿਵਾ ਹੋਰ ਕੁਝ ਵੀ ਨਹੀਂ। ਨਾ ਆਪਣਾ ਘਰ, ਨਾ ਪਰਿਵਾਰ, ਹਵਾ 'ਚ ਉੱਡਦੇ ਤੀਲ੍ਹੇ ਵਾਂਗ ਜਿਸ ਨੂੰ ਤੁਸਾਂ ਲੋਕਾਂ ਆਪਣੇ ਕਿਸੇ ਮਨੋਰਥ ਲਈ ਇਕ ਵੱਖਰਾ ਨਾਮ ਦੇ ਦਿੱਤਾ ਹੈ। ...ਅੱਛਾ, ਠੀਕ-ਠੀਕ ਦੱਸੋ, ਮੇਰੇ ਮਨ ਦੀ ਤਸੱਲੀ ਲਈ, ਕਿ ਜੇ ਹਾਲਾਤ ਸਾਜ਼ਗਾਰ ਹੁੰਦੇ ਤਾਂ ਫੇਰ ਤੁਸੀਂ ਮੈਨੂੰ... ?"
"ਇਸ ਦਾ ਜਵਾਬ ਜੇ ਨਾ ਹੀ ਮੰਗੇਂ ਤਾਂ ਚੰਗਾ ਹੈ।" ਕੀਰਤ ਕੁਝ ਭਾਵੁਕ ਹੁੰਦਿਆਂ ਕਹਿ ਉੱਠਿਆ। "ਮੇਰਾ ਦਿਲ ਕੋਈ ਪੱਥਰ ਦਾ ਨਹੀਂ। ਪਰ ਇਸ ਵੇਲੇ ਮੇਰੇ ਮੂੰਹੋਂ ਕੋਈ 'ਅਜਿਹਾ' ਸ਼ਬਦ ਤੇਰੇ ਜਾਂ ਮੇਰੇ ਲਈ ਘਾਤਕ ਸਿੱਧ ਹੋ ਸਕਦਾ ਹੈ।"
“ਘਾਤਕ ਜਾਂ ਵਰਦਾਨ। ਮੈਂ ਤੇ ਕੇਵਲ ਇਹੀ ਜਾਨਣਾ ਚਾਹੁੰਦੀ ਹਾਂ ਕਿ ਹਾਂ ਜੇ ਹਾਲਾਤ ਸਾਜ਼ਗਾਰ ਹੁੰਦੇ..।"
"ਇਹ ਵੀ ਤੇਰਾ ਭਲੇਖਾ ਹੈ ਰੂਪ। ਜੇ ਹਾਲਾਤ ਸਾਜ਼ਗਾਰ ਹੁੰਦੇ ਤਾਂ ਤੂੰ ਕਿਤੇ ਹੋਰ ਹੋਣਾ ਸੀ ਅਤੇ ਮੈਂ ਕਿਤੇ ਹੋਰ। ਹਾਲਾਤ ਦੇ ਅਨੁਸਾਰ ਹੀ ਤੁਰਨਾ ਹੁੰਦਾ ਹੈ ਹਰ ਕਿਸੇ ਨੇ। ਪਰ ਫੇਰ ਵੀ ਕਹਿ ਸਕਦਾ ਹਾਂ ਰੂਪ", ਉਸ ਦੀਆਂ ਦੋਹਾਂ ਗੱਲ੍ਹਾਂ ਨੂੰ ਪਿਆਰ ਨਾਲ ਆਪਣੇ ਦੋਹਾਂ ਹੱਥਾਂ 'ਚ ਲੈਂਦਿਆਂ ਹੋਇਆਂ ਕੀਰਤ ਬੋਲਿਆ, " ਤਾਂ ਮੈਂ ਨਾ ਤੈਨੂੰ ਹੀ ਨਿਰਾਸ਼ ਕਰਨਾ ਸੀ ਨਾ ਆਪਣੇ ਆਪ ਨੂੰ।"
ਇਕ ਅਕਹਿ ਜਿਹੀ ਖੁਸ਼ੀ ਅਤੇ ਭਾਵੁਕਤਾ ਕਾਰਨ ਰੂਪ ਦੀਆਂ ਅੱਖਾਂ 'ਚੋਂ ਅੱਥਰੂ ਵਗ ਤੁਰੇ। ਉਹ ਆਪਣੇ ਅੱਥਰੂਆਂ ਨੂੰ ਦੁਪੱਟੇ ਨਾਲ ਪੂੰਝਦਿਆਂ ਕੰਬਦੀ ਆਵਾਜ਼ 'ਚ ਬੋਲੀ, "ਮੈਂ ਆਪਣੇ ਜੀਵਨ ਦੀ ਇਸ ਅਪੂਰਨਤਾ 'ਚ ਹੀ ਪੂਰਨਤਾ ਸਮਝ ਲਵਾਂਗੀ...।
ਤੁਹਾਨੂੰ-ਤੁਹਾਨੂੰ ਮੇਰਾ ਇਹ ਵਿਓਹਾਰ ਬਹੁਤ ਬਚਗਾਨਾ ਲੱਗ ਰਿਹਾ ਹੋਵੇਗਾ। ਪਰ ਮੈਨੂੰ ਲੱਗਦਾ ਹੈ ਜਿਵੇਂ ਮੈਂ ਪਿਛਲੇ ਦਿਨਾਂ ਵਿੱਚ ਵਰ੍ਹਿਆਂ ਦਾ ਸਫ਼ਰ ਤਹਿ ਕਰ ਲਿਆ ਹੋਵੇ। ਜਿਵੇਂ ਮੈਂ ਬਾਲੜੀ ਤੋਂ ਇਕ ਔਰਤ ਹੋ ਗਈ ਹੋਵਾਂ...।"
***
33
ਪੌਹ ਫੁਟਣ ਵਾਲੀ ਸੀ ਅਤੇ ਰਾਤ ਦਾ ਹਨੇਰਾ ਹਾਲੇ ਪੂਰੀ ਤਰ੍ਹਾਂ ਲੋਪ ਨਹੀਂ ਸੀ ਹੋਇਆ। ਜ਼ੀਨਤ ਦੀ ਹਵੇਲੀ ਦੁਆਲੇ ਖੜੇ ਰੁੱਖ ਖ਼ਾਮੋਸ਼ ਸਨ । ਇਕ ਪੱਤਾ ਵੀ ਨਹੀਂ ਸੀ ਹਿੱਲ ਰਿਹਾ; ਨਾ ਹੀ ਕੋਈ ਪੰਛੀ ਸਵੇਰ ਦਾ ਗੀਤ ਗਾ ਰਿਹਾ ਸੀ । ਫੇਰ ਜਿਵੇਂ ਪੋਲੇ ਪੈਰ ਤੁਰਦੀ ਸੂਰਜ ਦੀ ਲੋਅ ਦਿਸਹੱਦੇ 'ਚ ਪੱਸਰ ਗਈ। ਇਕ ਘੁੱਗੀ ਬੋਲ ਉੱਠੀ । ਲੰਮੀ ਪੂਛ ਵਾਲੇ ਰੰਗ ਬਰੰਗੇ ਪੰਛੀ ਰੁੱਖ ਦੀ ਇਕ ਡਾਲ ਤੋਂ ਦੂਜੀ ਡਾਲ 'ਤੇ ਉਡ-ਉਡ ਕੇ ਬੈਠਣ ਲੱਗੇ।
ਬਾਰੀ 'ਚ ਬੈਠ ਕੇ ਰੂਪ ਇਹ ਸਭ ਕੁਝ ਬੜੇ ਧਿਆਨ ਨਾਲ ਵੇਖ ਰਹੀ ਸੀ ਅਤੇ ਉਸ ਦੇ ਬੁਲ੍ਹਾਂ 'ਤੇ ਮੰਦ-ਮੰਦ ਮੁਸਕਾਨ ਪੱਸਰੀ ਹੋਈ ਸੀ। ਉਸੇ ਵੇਲੇ ਦੂਜੇ ਕਮਰੇ 'ਚੋਂ ਆ ਰਹੀ ਆਵਾਜ਼ ਉਸ ਦੇ ਕੰਨੀਂ ਪਈਂ। ਦੂਜੇ ਹੀ ਪਲ ਜ਼ੀਨਤ ਉਸ ਦੇ ਪਿੱਛੇ ਆ ਖੜੀ ਹੋਈ।
"ਉੱਠ ਰੂਪ, ਅੱਜ ਤੈਨੂੰ ਸਾਰੀ ਫ਼ੌਜ ਦੇ ਸਾਹਮਣੇ ਪੇਸ਼ ਹੋਣਾ ਹੈ। ਨਹਾ ਧੋ ਕੇ ਤਿਆਰ ਹੋ ਜਾ। ਮੁਮਕਿਨ ਹੈ ਕਿ ਲੜਾਈ ਅੱਜ ਹੀ ਸ਼ੁਰੂ ਹੋ ਜਾਏ।"
ਪਿਛਲੇ ਕਈ ਦਿਨਾਂ ਤੋਂ ਹਰ ਸਿੱਖ ਸਿਪਾਹੀ ਇਕ ਦੂਜੇ ਤੋਂ ਪੁੱਛ ਰਿਹਾ ਸੀ: ਕੀ ਤੂੰ ਸਾਹਿਬਜ਼ਾਦੀ ਨੂੰ ਵੇਖਿਆ ਹੈ ? ਕੋਈ ਕਹਿੰਦਾ, ਹਾਂ ਦੂਰੋਂ ਵੇਖਿਆ ਸੀ। ਅਤੇ ਫੇਰ ਉਸ ਦੇ ਲੰਮੇ ਕੱਦ, ਚਿਹਰੇ 'ਤੇ ਵਰ੍ਹਦਾ ਨੂਰ, ਸੁੰਦਰਤਾ ਆਦਿ ਬਾਰੇ ਦੱਸਣ ਲੱਗਦਾ।
ਰੂਪ ਦੇ ਨਹਾਉਣ ਤੋਂ ਬਾਅਦ ਜ਼ੀਨਤ ਉਸ ਨੂੰ ਤਿਆਰ ਕਰਨ ਲੱਗੀ। ਸੁਨਹਿਰੀ ਕਢਾਈ ਵਾਲੀ ਸੰਤਰੀ ਰੰਗ ਦੀ ਕਮੀਜ਼, ਚਿੱਟੀ ਸਲਵਾਰ, ਉੱਪਰ ਸੰਤਰੀ ਰੰਗ ਦਾ
ਦੁਪੱਟਾ, ਕਮਰਕੱਸੇ 'ਚ ਚਾਂਦੀ ਦੀ ਮੁੱਠ ਵਾਲੀ ਕਟਾਰ, ਹੱਥਾਂ 'ਚ ਸੋਨੇ ਦੇ ਕੰਗਣ, ਗੱਲ ਵਿਚ ਸੁੱਚੇ ਮੋਤੀਆਂ ਦਾ ਹਾਰ।
ਯੋਜਨਾ ਅਨੁਸਾਰ ਰੂਪ ਨੂੰ ਨਾਲ ਲੈ ਕੇ ਜੀਨਤ ਹਵੇਲੀ ਦੇ ਬਾਹਰ ਨਿਕਲੀ ਤਾਂ ਸ਼ਾਮ ਸਿੰਘ, ਕੀਰਤ ਸਿੰਘ ਅਤੇ ਸ਼ਾਹ ਬਖ਼ਸ਼ ਉਸ ਦੇ ਸੱਜੇ-ਖੱਬੇ ਚੱਲਣ ਲੱਗੇ। ਘੋੜੇ ਦੇ ਕੋਲ ਖੜੇ ਦਲੇਰ ਸਿੰਘ ਨੇ ਉਸ ਨੂੰ ਸਹਾਰਾ ਦੇ ਕੇ ਘੋੜੇ ਉੱਤੇ ਬਿਠਾਇਆ ਅਤੇ ਫੇਰ ਇਹ ਛੋਟਾ ਜਿਹਾ ਜਲੂਸ ਕਿਲ੍ਹੇ ਦੀ ਕੰਧ ਵੱਲ ਜਾ ਕੇ ਉਸ ਦੀ ਚੌੜੀ ਕੰਧ ਉੱਤੇ ਤੁਰਨ ਲੱਗਾ। ਇਸ ਕੰਧ ਉੱਤੇ ਛੇ ਘੋੜੇ ਨਾਲੋ ਨਾਲ ਚੱਲ ਸਕਦੇ ਸਨ। ਰੂਪ ਅਤੇ ਸ਼ਾਮ ਸਿੰਘ ਦੇ ਇਲਾਵਾ ਸਾਰੇ ਉਹਨਾਂ ਨਾਲ ਪੈਦਲ ਚੱਲ ਰਹੇ ਸਨ। ਜੀਨਤ ਹਵੇਲੀ ਦੇ ਅੰਦਰ ਚਲੀ ਗਈ ਅਤੇ ਬਾਰੀ 'ਚ ਖੜੇ ਹੋ ਕੇ ਇਹ ਸਭ ਕੁਝ ਵੇਖਦੀ ਰਹੀ।
ਕੁਝ ਦੇਰ ਬਾਅਦ ਉਹ ਪੂਰਵ-ਨਿਸ਼ਚਿਤ ਸਥਾਨ 'ਤੇ ਜਾ ਕੇ ਖੜੇ ਹੋ ਗਏ। ਉਨ੍ਹਾਂ ਦੇ ਸਾਹਮਣੇ ਇਕ ਖੁੱਲ੍ਹੇ ਜਿਹੇ ਮੈਦਾਨ ਵਿੱਚ ਛੇ-ਸੱਤ ਹਜ਼ਾਰ ਸਿਪਾਹੀ ਖੜੇ ਜਿਨ੍ਹਾਂ 'ਚੋਂ ਤਕਰੀਬਨ ਇਕ ਹਜ਼ਾਰ ਪਠਾਣ ਸਨ । ਰੂਪ ਨੂੰ ਵੇਖਦਿਆਂ ਹੀ 'ਬੋਲੇ ਸੋ ਨਿਹਾਲ' ਦੇ ਜੈਕਾਰੇ ਗੂੰਜ ਉੱਠੇ। ਪਿੱਛੇ ਖੜੇ ਸਿਪਾਹੀ ਧੱਕੇ ਮਾਰਦਿਆਂ ਰੂਪ ਦੇ ਦਰਸ਼ਨਾਂ ਲਈ ਅੱਗੇ ਆਉਣ ਲੱਗੇ।
ਰੂਪ ਪਹਿਲਾਂ ਤੇ ਕੁਝ ਘਬਰਾਈ। ਸਿਰ 'ਤੇ ਲਿਆ ਦੁਪੱਟਾ ਠੀਕ ਕੀਤਾ। ਸਾਰਿਆਂ ਵੱਲ ਨਜ਼ਰ ਮਾਰੀ ਅਤੇ ਜਿਵੇਂ ਕਿ ਉਸ ਨੂੰ ਸਿਖਾਇਆ ਗਿਆ ਸੀ ਫਤਿਹ ਬੁਲਾ ਕੇ ਝਿਜਕਦਿਆਂ-ਝਿਜਕਦਿਆਂ ਆਪਣੀ ਗੱਲ ਸ਼ੁਰੂ ਕੀਤੀ। ਉਸ ਦੇ ਇਸ ਸੰਖੇਪ ਜਿਹੇ ਭਾਸ਼ਣ ਦਾ ਸਾਰ ਇਹੀ ਸੀ ਕਿ ਉਨ੍ਹਾਂ ਲਈ ਹੀ ਨਹੀਂ ਬਲਕਿ ਸਾਰੇ ਪੰਜਾਬ ਵਾਸੀਆਂ ਲਈ ਇਹ ਇਮਤਿਹਾਨ ਦਾ ਸਮਾਂ ਹੈ । ਬਹਾਦਰ ਇਕ ਵਾਰੀ ਮਰਦਾ ਹੈ ਅਤੇ ਆਪਣੇ ਵਿਰੋਧੀਆਂ ਸਾਹਮਣੇ ਸਿਰ ਝਕਾਉਣ ਵਾਲਾ ਕਾਇਰ ਵਾਰ-ਵਾਰ ਮਰਦਾ ਹੈ... ਅੱਜ ਤੁਹਾਡੀ ਬਹਾਦਰੀ ਇਤਿਹਾਸ ਦਾ ਰੁਖ਼ ਬਦਲ ਸਕਦੀ ਹੈ...।
ਆਪਣਾ ਭਾਸ਼ਣ ਖ਼ਤਮ ਕਰਨ ਤੋਂ ਬਾਅਦ ਜਦ ਉਸ ਨੇ ਫਤਿਹ ਬੁਲਾਈ ਤਾਂ ਇਕ ਵਾਰ ਫੇਰ ਜੈਕਾਰਿਆਂ ਨਾਲ ਵਾਤਾਵਰਨ ਗੂੰਜ ਉੱਠਿਆ।
ਰੂਪ ਦੇ ਭਾਸ਼ਣ ਦੇ ਦੌਰਾਨ ਕੀਰਤ ਸਿੰਘ ਬਹੁਤ ਉਤਸੁਕਤਾ ਅਤੇ ਧਿਆਨ ਨਾਲ ਕਿਲ੍ਹੇ ਦੀ ਕੰਧ ਤੋਂ ਕੁਝ ਦੂਰ ਖੜੀਆਂ ਫਰੰਗੀ ਫ਼ੌਜ ਦੀਆਂ ਕਤਾਰਾਂ ਵੱਲ ਤੱਕ ਰਿਹਾ ਸੀ। ਉਸ ਨੇ ਵੇਖਿਆ ਕਿ ਫਰੰਗੀਆਂ ਦੀਆਂ ਤੋਪਾਂ ਦੇ ਕੁਝ ਹੋਰ ਨੇੜੇ ਆ ਗਈਆਂ ਸਨ। ਸੰਭਵ ਹੈ ਕਿ ਫਰੰਗੀ ਜਰਨੈਲ ਆਪਣੀ ਦੂਰਬੀਨ ਨਾਲ ਰੂਪ ਅਤੇ ਉਨ੍ਹਾਂ ਨੂੰ ਕੰਧ 'ਤੇ ਖੜੇ ਵੇਖ ਰਿਹਾ ਹੋਵੇ। ਅਤੇ ਇਸ ਵੇਲੇ ਫ਼ਰੰਗੀਆਂ ਦੀ ਤੋਪ 'ਚੋਂ ਨਿਕਲਿਆ ਅਤੇ 'ਨਿਸ਼ਾਨੇ''ਤੇ ਪਿਆ ਇਕ ਗੋਲਾ ਉਨ੍ਹਾਂ ਦੀਆਂ ਸਾਰੀਆਂ ਯੋਜਨਾਵਾਂ 'ਤੇ ਪਾਣੀ ਫੇਰ ਕੇ ਰੱਖ ਸਕਦਾ ਸੀ।
ਇਸ ਤੋਂ ਬਾਅਦ ਸ਼ਾਮ ਸਿੰਘ ਨੇ ਵੀ ਇਕ ਭਾਸ਼ਣ ਦੇਂਦਿਆਂ ਇਸ ਲੜਾਈ ਦੀ ਮਹੱਤਤਾ ਬਾਰੇ ਦੱਸਦਿਆਂ ਆਖਿਆ ਕਿ ਕਿਲ੍ਹੇ ਦੇ ਥੱਲੇ ਖੜੀ ਫ਼ਰੰਗੀ ਫ਼ੌਜ ਦਾ ਮੰਤਵ ਸਿਰਫ਼ ਇਸ ਕਿਲ੍ਹੇ ਨੂੰ ਫਤਹਿ ਕਰਨਾ ਹੀ ਨਹੀਂ ਬਲਕਿ ਇਸ ਕਿਲ੍ਹੇ ਵਿੱਚ ਮੌਜੂਦ
ਸ਼ਾਹਜਾਦੀ ਰੂਪ ਕੌਰ ਨੂੰ ਆਪਣੇ ਕਬਜੇ ਚ ਕਰਨਾ ਹੈ...। ਅਤੇ ਇਹ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਹੋਣ ਦੇ ਨਾਤੇ ਖਾਲਸਾ ਰਾਜ ਦਾ ਮਹਾਰਾਣੀ ਜਿੰਦਾਂ ਅਤੇ ਕੁੰਵਰ ਦਲੀਪ ਸਿੰਘ ਵਾਂਗ ਸਾਡੀ ਪੰਜਾਬ ਦੀ ਕੌਮ ਦਾ ਇਕ ਮਹੱਤਵਪੂਰਨ ਪ੍ਰਤੀਕ ਹੈ..।
***
34
"ਆਈ ਹੈਵ ਏ ਰਿਕੁਐਸਟ ਟੂ ਮੇਕ।" ਮੇਜਰ ਡੈਵਿਡਸਨ ਕਰਨਲ ਨੇਪੀਅਰ ਕੋਲ ਆ ਕੇ ਐਟੈਂਸ਼ਨ ਖੜਾ ਹੁੰਦਿਆਂ ਬੋਲਿਆ।
"ਰਿਲੈਕਸ ਮੇਜਰ ਡੈਵਿਡਸਨ, ਅਤੇ ਬੋਲੋ ਕੀ ਕਹਿਣਾ ਚਾਹੁੰਦੇ ਹੋ ?" ਕਰਨਲ ਨੇਪੀਅਰ ਨੇ ਆਖਿਆ।
"ਮੈਂ ਉਸ ਕੀਰਤ ਸਿੰਘ ਨਾਮ ਦੇ ਆਦਮੀ ਤੋਂ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣਾ ਚਾਹੁੰਦਾ ਹਾਂ।"
"ਜੇ ਇਹ ਗੱਲ ਸੀ ਤਾਂ ਤੁਹਾਨੂੰ ਉਸ ਦਸਤੇ ਨਾਲ ਚਲੇ ਜਾਣਾ ਚਾਹੀਦਾ ਸੀ, ਜਿਸ ਨੂੰ ਅਸਾਂ ਅੱਜ ਰਾਤ ਪਹਾੜ ਦੇ ਪਿੱਛੋਂ ਦੀ ਹੋ ਕੇ ਕਿਲ੍ਹੇ 'ਚ ਚੜ੍ਹ ਕੇ ਹਮਲਾ ਕਰਨ ਲਈ ਭੇਜਿਆ ਹੈ।"
"ਉਹ ਦਸਤਾ ਚੁੱਪ ਚਾਪ ਹੀ ਰਵਾਨਾ ਹੋ ਗਿਆ। ਮੈਨੂੰ ਬਹੁਤ ਬਾਅਦ 'ਚ ਪਤਾ ਲੱਗਾ।" ਡੈਵਿਡਸਨ ਨੇ ਕਿਹਾ।
"ਹੁਣ ਮੈਂ ਤੁਹਾਨੂੰ ਇਹ ਮਸ਼ਵਰਾ ਦੇਵਾਂਗਾ ਕਿ ਜ਼ਾਤੀ ਬਦਲੇ ਦੀ ਬਜਾਏ ਆਖ਼ਰੀ ਫਤਿਹ ਬਾਰੇ ਸੋਚਣਾ ਜ਼ਿਆਦਾ ਬਿਹਤਰ ਹੈ।" ਨੇਪੀਅਰ ਬੋਲਿਆ।
"ਇਹ ਮੇਰਾ ਪਰਸਨਲ ਮੁਆਮਲਾ ਹੈ। ਕੱਲ੍ਹ ਦੀ ਲੜਾਈ 'ਚ ਅਸੀਂ ਇਸ ਕਿਲ੍ਹੇ ਨੂੰ ਸਰ ਕਰਨ 'ਚ ਕਾਮਯਾਬ ਹੁੰਦੇ ਹਾਂ ਜਾਂ ਨਹੀਂ ?" ਡੇਵਿਡਸਨ ਕਹਿ ਰਿਹਾ ਸੀ।"ਜਾਂ ਸਾਡੇ ਕਿਲ੍ਹੇ 'ਚ ਪਹੁੰਚਣ ਤੋਂ ਪਹਿਲਾਂ ਹੀ 'ਉਹ' ਭੱਜ ਜਾਂਦਾ ਹੈ ? ਜਾਂ ਕਿਸੇ ਦੀ ਬੰਦੂਕ ਦੀ ਗੋਲੀ ਦਾ ਨਿਸ਼ਾਨਾ ਬਣਦਾ ਹੈ ?"
"ਹਾਂ, ਕੁਝ ਵੀ ਹੋ ਸਕਦਾ ਹੈ।"
"ਮੇਰੀ ਇਕ ਅਰਜ਼ ਹੈ ਅਤੇ ਸੁਝਾਅ ਵੀ।" ਡੈਵਿਡਸਨ ਆਪਣੀ ਗੱਲ ਜਾਰੀ ਰੱਖਦਿਆਂ ਬੋਲਿਆ, "ਇਸ ਸੁਝਾਅ ਨਾਲ ਕਿਲ੍ਹੇ ਦੀ ਹਾਰ-ਜਿੱਤ ਉੱਤੇ ਕੋਈ ਫਰਕ ਨਹੀਂ ਪਵੇਗਾ। ਅਲਬੱਤਾ ਸਾਡੀ ਜਿੱਤ ਦੇ ਇਮਕਾਨ ਵੱਧ ਸਕਦੇ ਹਨ।"
“ਦੱਸੋ?”
"ਮੈਂ ਉਸ ਆਦਮੀ ਨੂੰ 'ਡੁਅਲ ਲਈ ਲਲਕਾਰਨਾ ਚਾਹੁੰਦਾ ਹਾਂ ।" ਉਹ ਕ੍ਰੋਧ ਨਾਲ ਕੰਬਦਿਆਂ ਬੋਲਿਆ, "ਮੈਂ ਉਸ ਕੀਰਤ ਸਿੰਘ ਦੇ ਖੂਨ ਨਾਲ ਇਸ ਜ਼ਮੀਨ ਨੂੰ ਰੰਗਣਾ ਚਾਹੁੰਦਾ ਹਾਂ। ਮੈਂ ਉਸ ਦੀ ਬੋਟੀ-ਬੋਟੀ ਕਰਕੇ ਆਪਣੇ ਭਰਾ ਦੀ ਰੂਹ ਨੂੰ ਸ਼ਾਂਤੀ ਦਵਾਉਣਾ ਚਾਹੁੰਦਾ ਹਾਂ ।"
ਕਰਨਲ ਨੇਪੀਅਰ ਦੇ ਮੁੱਖ 'ਤੇ ਇਕ ਵਿਅੰਗਮਈ ਮੁਸਕਾਨ ਪੱਸਰ ਗਈ। ਉਹ ਬੋਲਿਆ, "ਤੁਸੀਂ ਨਹੀਂ ਜਾਣਦੇ ਕਿ ਇਹ ਕੀਰਤ ਸਿੰਘ ਇਕ ਖ਼ਤਰਨਾਕ ਆਦਮੀ ਹੋਣ ਦੇ ਨਾਲ-ਨਾਲ ਇਕ ਮੁਕੰਮਲ ਲੜਾਕਾ ਵੀ ਹੈ। ਅਸਲੀਅਤ ਇਹ ਹੈ ਮਿਸਟਰ ਡੈਵਿਡਸਨ ਕਿ ਇਕ ਆਮ ਸਿੱਖ ਸਿਪਾਹੀ ਤਲਵਾਰਬਾਜ਼ੀ ਅਤੇ ਘੋੜਸਵਾਰੀ 'ਚ ਇਕ ਆਮ ਅੰਗਰੇਜ਼ ਸਿਪਾਹੀ ਤੋਂ ਕਿਤੇ ਬਿਹਤਰ ਹੈ। ਇਹ ਅਸੀ ਪਿਛਲੀਆਂ ਕਈ ਲੜਾਈਆਂ 'ਚ ਵੇਖ ਚੁੱਕੇ ਹਾਂ।"
"ਉਸ ਖ਼ਤਰਨਾਕ ਆਦਮੀ ਨੂੰ ਖ਼ਤਮ ਕਰਨ ਦਾ ਤਾਂ ਇਹ ਹੋਰ ਵੀ ਵੱਡਾ ਕਾਰਨ ਬਣਦਾ ਹੈ।"
"ਮੈਨੂੰ ਲੱਗਦਾ ਹੈ", ਕਰਨਲ ਨੇਪੀਅਰ ਕਹਿਣ ਲੱਗਾ, "ਤੁਹਾਡੇ ’ਤੇ 'ਈਲੀਅਡ' ਦੀ ਕਥਾ ਦੇ ਹੀਰੋ ਹੈਕਟਰ ਅਤੇ ਅਚਲਿਸ ਦਾ ਪ੍ਰਭਾਵ ਪਿਆ ਹੋਇਆ ਹੈ।"
"ਹਾਂ, ਇਹ ਵੀ ਸਹੀ ਹੋ ਸਕਦਾ ਹੈ ਕਿ ਮੇਰੇ ਅਵਚੇਤਨ 'ਚ ਇਹੀ ਕੁਝ ਹੋਵੇ। ਤੁਸਾਂ ਇਹ ਵੀ ਪੜ੍ਹਿਆ ਹੋਵੇਗਾ ਕਿ ਉਸ 'ਚ ਜਿੱਤ ਹੈਕਟਰ ਦੀ ਹੀ ਹੋਈ ਸੀ।"
"ਇਸ ਦੇ ਉਲਟ ਵੀ ਹੋ ਸਕਦਾ ਹੈ।"
"ਕੁਝ ਵੀ ਹੋਵੇ, ਮੈਂ ਹਰ ਅੰਜਾਮ ਲਈ ਤਿਆਰ ਹਾਂ।"
***
ਕੁਝ ਦੇਰ ਬਾਅਦ ਫਰੰਗੀ ਫ਼ੌਜ ਦਾ ਇਕ ਸਿਪਾਹੀ ਡੈਵਿਡਸਨ ਦਾ ਸੁਨੇਹਾ ਲੈ ਕੇ ਕਿਲ੍ਹੇ ਵੱਲ ਤੁਰ ਪਿਆ। ਡੈਵਿਡਸਨ ਦੇ ਸੁਨੇਹੇ ਨਾਲ ਇਹ ਵੀ ਜੋੜ ਦਿੱਤਾ ਕਿ ਜੇ ਫਤਿਹ ਕੀਰਤ ਸਿੰਘ ਦੀ ਹੋਈ ਤਾਂ ਉਹ ਇਸ ਕਿਲ੍ਹੇ ਦਾ ਘੇਰਾ ਛੱਡ ਕੇ ਚਲੇ ਜਾਣਗੇ। (ਉਂਝ ਇਹ ਦੋਵੇਂ ਧੜੇ ਸਮਝਦੇ ਸਨ ਕਿ ਇਹ ਸਭ ਝੂਠ ਹੈ) ਕਰਨਲ ਨੇਪੀਅਰ ਨੇ ਵੀ ਮਨ ਹੀ ਮਨ ਸੋਚਿਆ ਕਿ ਇਸ 'ਜੂਏ' 'ਚ ਉਸ ਦਾ ਆਪਣਾ ਨੁਕਸਾਨ ਘੱਟ ਅਤੇ ਫ਼ਾਇਦੇ ਦੇ ਇਮਕਾਨ ਜ਼ਿਆਦਾ ਹਨ। ਮੇਜਰ ਡੈਵਿਡਸਨ ਦੀ ਮੌਤ ਨਾਲ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਸੀ ਪੈਣਾ। ਪਰ ਜੇ ਕੀਰਤ ਸਿੰਘ ਮਾਰਿਆ ਗਿਆ, ਜਿਸ ਦੀ ਸੰਭਾਵਨਾ ਉਸ ਨੂੰ ਪੰਜਾਹ ਫੀਸਦੀ ਜਾਪਦੀ ਸੀ ਤਾਂ ਕਿਲ੍ਹੇ 'ਚ ਬੈਠੇ ਸਿੱਖ ਸਿਪਾਹੀਆਂ ਦੇ ਹੌਸਲੇ ਢਹਿ ਸਕਦੇ ਹਨ...।
***
ਹਨੇਰਾ ਪੈਣ ਤੋਂ ਦੋ ਕੁ ਘੰਟੇ ਪਹਿਲਾਂ ਰੱਸੀ ਦੀ ਪੌੜੀ ਨਾਲ ਕੀਰਤ ਸਿੰਘ ਕਿਲ੍ਹੇ ਦੀ ਕੰਧ ਤੋਂ ਥੱਲੇ ਉੱਤਰ ਆਇਆ। ਉਸ ਦੇ ਸਿਰ ਦੁਆਲੇ ਨੀਲੀ ਪਗੜੀ, ਪਗੜੀ ਦੁਆਲੇ ਚੱਕਰ, ਛਾਤੀ 'ਤੇ ਮੋਟੇ ਚਮੜੇ ਦਾ ਜ਼ੇਰ-ਏ-ਬਖ਼ਤਰਾ, ਦੋਹਾਂ ਹੱਥਾਂ 'ਚ ਮੋਟੇ ਕੜੇ, ਲੱਕ ਨਾਲ ਤਲਵਾਰ, ਪਿੱਠ ਉੱਤੇ ਗੈਂਡੇ ਦੀ ਖੱਲ ਦੀ ਢਾਲ ਅਤੇ ਹੱਥ 'ਚ ਬਰਛਾ ਫੜਿਆ ਹੋਇਆ ਸੀ।
ਦੂਜੇ ਪਾਸੇ ਡੈਵਿਡਸਨ ਦੇ ਸਿਰ 'ਤੇ ਪਿੱਤਲ ਦੀ ਟੋਪ, ਛਾਤੀ 'ਤੇ ਪਿੱਤਲ ਦਾ ਜੇਰ-ਏ-ਬਖ਼ਤਰ, ਗੋਡਿਆਂ ਤੱਕ ਪਹੁੰਚਦੇ ਚਮੜੇ ਦੇ ਬੂਟ, ਚਾਲ 'ਚ ਸਿਕੰਦਰ ਵਰਗੀ ਆਕੜ ਅਤੇ ਚਿਹਰੇ 'ਤੇ ਫਰੰਗੀਆਂ ਵਾਲਾ ਗੁਮਾਨ ਝਲਕ ਰਿਹਾ ਸੀ। ਕੁਝ ਦੇਰ ਬਾਅਦ ਹੀ ਉਹ ਦੋਵੇਂ ਕਿਲ੍ਹੇ ਅਤੇ ਫ਼ਰੰਗੀ ਫ਼ੌਜ ਦੇ ਵਿਚਕਾਰ ਇਕ ਦੂਜੇ ਸਾਹਮਣੇ
ਆਣ ਖੜੇ ਹੋਏ। ਡੈਵਿਡਸਨ ਦਾ ਕੱਦ ਕੀਰਤ ਸਿੰਘ ਤੋਂ ਇਕ ਗਿੱਠ ਉੱਚਾ ਅਤੇ ਜਿਸਮ ਵੀ ਭਾਰਾ ਪਰ ਗੱਠਿਆ ਹੋਇਆ ਸੀ । ਕੀਰਤ ਸਿੰਘ ਦੇ ਕੱਦ ਨੂੰ ਆਪਣੇ ਤੋਂ ਛੋਟਾ ਵੇਖ ਕੇ ਡੈਵਿਡਸਨ ਦੇ ਬੁੱਲ੍ਹਾਂ 'ਤੇ ਵਿਅੰਗਮਈ ਮੁਸਕਾਨ ਆ ਗਈ। ਨਾਲ ਦੇ ਆਪਣੇ ਭਰਾ ਦੀ ਮੌਤ ਨੂੰ ਯਾਦ ਕਰਦਿਆਂ ਬਦਲੇ ਦੀ ਅੱਗ ਉਸ ਦੀਆਂ ਅੱਖਾਂ 'ਚ ਝਲਕਣ ਲੱਗੀ।
"ਤਿਆਰ" ਦਾ ਲਲਕਾਰਾ ਮਾਰਦਿਆਂ ਡੈਵਿਡਸਨ ਆਪਣੀ ਤਲਵਾਰ ਲਸ਼ਕਾਉਂਦਾ ਕੀਰਤ ਸਿੰਘ 'ਤੇ ਟੁੱਟ ਗਿਆ। ਉਹ ਵਾਰ ਕਰਦਾ ਗਿਆ ਅਤੇ ਕੀਰਤ ਸਿੰਘ ਕਦੀ ਆਪਣੀ ਢਾਲ 'ਤੇ ਅਤੇ ਕਦੀ ਆਪਣੇ ਬਰਛੇ ਨਾਲ ਉਸ ਦਾ ਵਾਰ ਰੋਕਦਾ ਗਿਆ। ਕੀਰਤ ਸਿੰਘ ਉਸ ਦੇ ਵਾਰ ਰੋਕਦਿਆਂ ਕਦੇ ਬਹੁਤ ਪਿੱਛੇ ਹਟ ਜਾਂਦਾ, ਕਦੇ ਸੱਜੇ ਖੱਬੇ ਹੋ ਜਾਂਦਾ। ਆਪਣੇ ਵਲੋਂ ਉਸ ਨੇ ਡੈਵਿਡਸਨ ਉੱਤੇ ਕੋਈ ਵਾਰ ਨਹੀਂ ਕੀਤਾ ਅਤੇ ਨਾ ਹੀ ਉਸਦੇ ਮੁੱਖ ’ਤੇ ਕੋਈ ਭੈਅ ਜਾਂ ਕ੍ਰੋਧ ਸੀ ।
ਦੂਰ ਖੜਾ ਕਰਨਲ ਨੇਪੀਅਰ ਆਪਣੀ ਦੂਰਬੀਨ ਨਾਲ ਸਭ ਕੁਝ ਵੇਖ ਰਿਹਾ ਸੀ। ਕੁਝ ਦੇਰ ਤੱਕ ਇਸੇ ਤਰ੍ਹਾਂ ਲੜਾਈ ਚਲਦੀ ਰਹੀ ਤਾਂ ਕਰਨਲ ਨੇਪੀਅਰ ਨੇ ਆਪਣੇ ਕੋਲ ਖੜੇ ਹੈਨਰੀ ਲਾਰੈਂਸ ਨੂੰ ਆਖਿਆ:
"ਮੂਰਖ ਡੈਵਿਡਸਨ, ਉਹ ਇਹ ਨਹੀਂ ਸਮਝ ਰਿਹਾ ਕਿ ਉਹ ਸਿੱਖ ਇਸ ਮੋਟੀ ਦੇਹ ਅਤੇ ਮੋਟੇ ਦਿਮਾਗ ਵਾਲੇ ਆਦਮੀ ਨੂੰ ਥਕਾ ਰਿਹਾ ਹੈ। ਖੇਡ ਰਿਹਾ ਹੈ। ਜਿਵੇਂ ਬਿੱਲੀ ਚੂਹੇ ਨਾਲ ਖੇਡਦੀ ਹੈ।"
"ਇਹ ਵੀ ਤੇ ਮੁਮਕਿਨ ਹੈ ਕਿ ਸਾਡਾ ਡੈਵਿਡਸਨ ਉਸ ਨੂੰ ਵਾਰ ਕਰਨ ਦਾ ਮੌਕਾ ਹੀ ਨਾ ਦੇ ਰਿਹਾ ਹੋਵੇ ?"
ਦੂਜੇ ਪਾਸੇ ਕਿਲ੍ਹੇ ਦੀ ਕੰਧ ਉੱਤੇ ਖੜੇ ਸ਼ਾਮ ਸਿੰਘ, ਸ਼ਾਹ ਬਖ਼ਸ਼, ਜ਼ੀਨਤ ਅਤੇ ਰੂਪ ਆਦਿ ਆਪਣਾ ਸਾਹ ਰੋਕੀ ਇਹ ਸਭ ਕੁਝ ਦੇਖ ਰਹੇ ਸਨ । ਇਕ ਵਾਰੀ ਫਰੰਗੀ ਦੀ ਤਲਵਾਰ ਕੀਰਤ ਦੀ ਢਾਲ ਤੋਂ ਖਿਸਕ ਕੇ ਉਸ ਦੇ ਮੋਢੇ 'ਤੇ ਲੱਗੀ ਅਤੇ ਉਸ ਦੀ ਬਾਂਹ ਦਾ ਕੱਪੜਾ ਲਹੂ ਨਾਲ ਭਰ ਗਿਆ। ਰੂਪ ਦੇ ਮੂੰਹੋਂ 'ਹਾਏ' ਨਿਕਲ ਗਈ।
ਸ਼ਾਮ ਸਿੰਘ ਇਹ ਵੀ ਜਾਣਦਾ ਸੀ ਕਿ ਜੇ ਇਹ ਫਰੰਗੀ ਕੀਰਤ ਸਿੰਘ ਦੇ ਹੱਥੋਂ ਮਾਰਿਆ ਗਿਆ ਤਾਂ ਫਰੰਗੀ ਉਸ ਨੂੰ ਜਿਉਂਦਿਆਂ ਕਿਲ੍ਹੇ 'ਚ ਵਾਪਸ ਨਹੀਂ ਆਉਣ ਦੇਣਗੇ। ਇਸ ਸੰਭਾਵਨਾ ਨੂੰ ਮੁੱਖ ਰੱਖਦਿਆਂ ਸ਼ਾਮ ਸਿੰਘ ਨੇ ਕੀਰਤ ਸਿੰਘ ਦੇ ਬਚਾਓ ਦਾ ਇੰਤਜ਼ਾਮ ਵੀ ਕਰ ਲਿਆ ਹੋਇਆ ਸੀ।
ਕੀਰਤ ਸਿੰਘ ਖੱਬੇ ਸੱਜੇ ਅਤੇ ਪਿੱਛੇ ਹਟਦਿਆਂ ਡੈਵਿਡਸਨ ਨੂੰ ਥਕਾ ਵੀ ਰਿਹਾ ਸੀ ਅਤੇ ਉਸ ਦੀ ਤਲਵਾਰਬਾਜ਼ੀ ਦਾ ਅਨੁਮਾਨ ਵੀ ਲਾ ਰਿਹਾ ਸੀ । ਜਦ ਉਸ ਨੇ ਵੇਖਿਆ ਕਿ ਉਸ ਦੇ ਵਾਰ ਰੋਕਦਿਆਂ ਹੁਣ ਕਾਫ਼ੀ ਦੇਰ ਹੋ ਗਈ ਤਾਂ ਕੀਰਤ ਸਿੰਘ ਨੇ ਆਪਣੇ ਬਰਛੇ ਨਾਲ ਉਸ ਦੀ ਤਲਵਾਰ ਦਾ ਵਾਰ ਰੋਕ ਕੇ ਤਲਵਾਰ ਨੂੰ ਪਰ੍ਹੇ ਕਰਦਿਆਂ ਇਕ ਭਰਪੂਰ ਵਾਰ ਉਸ ਉੱਤੇ ਕਰ ਦਿੱਤਾ। ਇਸ ਵਾਰ ਦੀ ਉਮੀਦ ਡੈਵਿਡਸਨ ਨੇ ਨਹੀਂ ਸੀ ਕੀਤੀ ਅਤੇ ਉਹ ਕੀਰਤ ਸਿੰਘ ਦਾ ਵਾਰ ਰੋਕਦਿਆਂ-ਰੋਕਦਿਆਂ ਡਿੱਗਣ ਤੋਂ ਮਸਾਂ ਬਚਿਆ। ਹੁਣ ਕੀਰਤ ਸਿੰਘ ਦੀ ਵਾਰੀ ਸੀ ਅਤੇ ਡੈਵਿਡਸਨ ਵਾਰ ਰੋਕਦਿਆਂ
ਸਾਹੋ ਸਾਹੀ ਹੋ ਰਿਹਾ ਸੀ। ਫੇਰ ਕੀਰਤ ਸਿੰਘ ਨੇ ਹਵਾ 'ਚ ਛਾਲ ਮਾਰਦਿਆਂ ਆਪਣੇ ਬਰਛੇ ਨਾਲ ਉਸ ਉੱਤੇ ਐਸਾ ਵਾਰ ਕੀਤਾ ਕਿ ਡੈਵਿਡਸਨ ਦੀ ਢਾਲ ਹੱਥੋਂ ਛੁੱਟ ਕੇ ਭੁੰਜੇ ਜਾ ਪਈ ਅਤੇ ਮਿੱਟੀ ਉਡਾਉਂਦਿਆਂ, ਕੁਝ ਦੇਰ ਹਿਲਦਿਆਂ ਅਹਿਲ ਹੋ ਗਈ। ਡੇਵਿਡਸਨ ਨੇ ਇਕ ਵਾਰੀ ਆਪਣੀ ਡਿੱਗੀ ਢਾਲ ਵੱਲ ਅਤੇ ਫੇਰ ਭੈਭੀਤ ਅੱਖਾਂ ਨਾਲ ਕੀਰਤ ਸਿੰਘ ਵੱਲ ਤੱਕਿਆ।
ਇਕ ਵਾਰੀ ਤਾਂ ਕੀਰਤ ਸਿੰਘ ਦੇ ਦਿਲ 'ਚ ਆਇਆ ਕਿ ਬਰਛਾ ਉਸ ਦੇ ਢਿੱਡ ਤੋਂ ਪਾਰ ਕਰ ਦੇਵੇ। ਪਰ ਫੇਰ ਉਸ ਨੂੰ ਵਿਚਾਰ ਆਇਆ ਕਿ ਦੋਵੇਂ ਪਾਸੇ ਦੀਆਂ ਫ਼ੌਜਾਂ ਅਤੇ ਜਰਨੈਲ ਇਹ ਸਭ ਕੁਝ ਵੇਖ ਰਹੇ ਹਨ। ਉਸ ਨੇ ਆਪਣੀ ਬਹਾਦਰੀ ਜਵਾਨਮਰਦੀ ਅਤੇ ਖੁੱਲ੍ਹਦਿਲੀ ਦਾ ਪਰਦਰਸ਼ਨ ਕਰਦਿਆਂ ਆਪਣੀ ਢਾਲ ਵੀ ਪਰ੍ਹੇ ਸੁੱਟ ਦਿੱਤੀ। ਫੇਰ ਆਪਣਾ ਬਰਛਾ ਖੱਬੇ ਹੱਥ 'ਚ ਫੜ ਕੇ ਸੱਜੇ ਹੱਥ ਨਾਲ ਮਿਆਨ 'ਚੋਂ ਤਲਵਾਰ ਖਿੱਚ ਲਈ।
ਦੋਵੇਂ ਪਾਸੇ ਦੇ ਜਰਨੈਲ, ਜ਼ੀਨਤ ਤੇ ਰੂਪ ਹੈਰਾਨੀ ਅਤੇ ਪ੍ਰਸੰਸਾ ਭਰੀਆਂ ਅੱਖਾਂ ਨਾਲ ਕੀਰਤ ਸਿੰਘ ਵੱਲ ਵੇਖ ਰਹੇ ਸਨ। ਹੈਨਰੀ ਲਾਰੈਂਸ ਕੋਲ ਖੜੇ ਕਰਨਲ ਨੇਪੀਅਰ ਨੂੰ ਸੰਬੋਧਿਤ ਹੁੰਦਿਆਂ ਬੋਲਿਆ:
"ਚਾਹੇ ਮੈਂ ਆਪਣੇ ਡੈਵਿਡਸਨ ਦੀ ਹਾਰ ਨਹੀਂ ਚਾਹੁੰਦਾ ਪਰ ਨਾਲ ਹੀ ਇਸ ਬਹਾਦਰ ਸਿੱਖ ਦੀ ਮੌਤ ਵੀ ਇਸ ਵੇਲੇ ਨਹੀਂ ਵੇਖਣਾ ਚਾਹੁੰਦਾ।"
"ਪਰ ਹੁਣ ਇਹ ਅਸੰਭਵ ਹੈ।" ਕਰਨਲ ਨੇਪੀਅਰ ਬੋਲਿਆ, "ਦੋਹਾਂ 'ਚੋਂ ਇਕ ਨੂੰ ਤਾਂ ਹੁਣ ਮਰਨਾ ਹੀ ਪਵੇਗਾ। ਸਾਡੇ ਲਈ ਬਿਹਤਰ ਇਹੀ ਹੈ ਕਿ ਜਿੱਤ ਡੈਵਿਡਸਨ ਦੀ ਹੀ ਹੋਵੇ ।"
ਦੋਹਾਂ ਦੀਆਂ ਤਲਵਾਰਾਂ ਬਿਜਲੀ ਵਾਂਗ ਚਮਕ ਰਹੀਆਂ ਸਨ । ਦੂਜੇ ਪਾਸੇ ਸੂਰਜ ਵੀ ਦਿਸਹੱਦੇ 'ਚ ਡੁੱਬਣ ਵਾਲਾ ਸੀ । ਡੁੱਬਦੇ ਸੂਰਜ ਦੀ ਲਾਲੀ ਨਾਲ ਤਲਵਾਰਾਂ ਲੋਹੇ ਦੀਆਂ ਨਾ ਹੋ ਕੇ ਸੋਨੇ ਦੀਆਂ ਬਣੀਆਂ ਦਿਸ ਰਹੀਆਂ ਸਨ । ਪਤਾ ਨਹੀਂ ਸੀ ਲੱਗ ਰਿਹਾ ਕਿ ਕੌਣ ਕਿਸ 'ਤੇ ਵਾਰ ਕਰ ਰਿਹਾ ਅਤੇ ਕੌਣ ਰੋਕ ਰਿਹਾ ਹੈ। ਦੋਹਾਂ ਦੇ ਜਿਸਮਾਂ 'ਚੋਂ ਲਹੂ ਸਿੰਮਦਾ ਦਿਸ ਰਿਹਾ ਸੀ । ਸਾਰੇ ਸਾਹੀ ਹੋਇਆਂ ਦੋਵਾਂ ਦੇ ਪੈਰ ਲੜਖੜਾ ਰਹੇ ਸਨ, ਪਰ ਦੋਵਾਂ 'ਚ ਕੋਈ ਵੀ ਆਪਣੀ ਹਾਰ ਮੰਨਣ ਲਈ ਤਿਆਰ ਨਹੀਂ ਸੀ। ਆਖ਼ਰ ਜ਼ਖ਼ਮਾਂ ਅਤੇ ਥਕਾਵਟ ਕਾਰਨ ਦੋਹਾਂ ਦੇ ਪੈਰ ਕੁਝ ਹੋਰ ਲੜਖੜਾਏ ਅਤੇ ਦੋਵੇਂ ਜਣੇ ਭੁੰਜੇ ਡਿੱਗ ਪਏ।
***
35
ਦੋ ਫਰੰਗੀ ਘੋੜ-ਸਵਾਰ ਆਪਣੇ ਨਾਲ ਇਕ ਬਿਨਾਂ ਸਵਾਰ ਘੋੜ ਲੈ ਕੇ ਦਵੰਧ ਯੁੱਧ ਦੇ ਸਥਾਨ ਵੱਲ ਵਧੇ। ਸ਼ੁਜਾਹਬਾਦ ਦੇ ਕਿਲ੍ਹੇ ਵਲੋਂ ਵੀ ਇਸ ਤਰ੍ਹਾਂ ਦੇ ਘੋੜ-ਸਵਾਰ ਆਪਣੇ ਨਾਲ ਇਕ ਹੋਰ ਘੋੜਾ ਲਈ ਉਸ ਪਾਸੇ ਤੁਰ ਪਏ। ਫਰੰਗੀਆਂ ਨੇ ਡੈਵਿਡਸਨ
ਨੂੰ ਬੜੀ ਮੁਸ਼ਕਲ ਨਾਲ ਚੁੱਕ ਕੇ ਖਾਲੀ ਘੋੜੇ 'ਤੇ ਬਿਠਾਇਆ ਅਤੇ ਉਸ ਨੂੰ ਲੈ ਕੇ ਪਿੱਛੇ ਮੁੜ ਪਏ। ਕੀਰਤ ਸਿੰਘ ਦੇ ਕੱਪੜੇ ਚਾਹੇ ਲਹੂ ਨਾਲ ਭਿੱਜੇ ਹੋਏ ਸਨ ਪਰ ਕੋਈ ਘਾਓ ਨਹੀਂ ਸੀ ਹੋਇਆ। ਉਹ ਵੀ ਆਪਣੇ ਸਿਪਾਹੀਆਂ ਦੀ ਸਹਾਇਤਾ ਨਾਲ ਰਕਾਬ 'ਚ ਪੈਰ ਰੱਖ ਕੇ ਘੋੜੇ 'ਤੇ ਜਾ ਬੈਠਾ ਅਤੇ ਚੋਰ ਦਰਵਾਜ਼ੇ 'ਚੋਂ ਹੁੰਦਿਆਂ ਹੋਇਆਂ ਕਿਲ੍ਹੇ ਅੰਦਰ ਪਹੁੰਚ ਗਿਆ।
ਰੂਪ ਪਹਿਲਾਂ ਹੀ ਆਪਣੇ, ਭਾਵ ਜ਼ੀਨਤ ਦੇ ਮਹੱਲ ਅੰਦਰ ਜਾ ਵੜੀ ਅਤੇ ਕੀਰਤ ਸਿੰਘ ਦੇ ਲੰਮੇ ਪੈਣ ਲਈ ਮਹਿਮਾਨਾਂ ਵਾਲੇ ਇਕ ਕਮਰੇ 'ਚ ਬਿਸਤਰਾ ਤਿਆਰ ਕਰ ਦਿੱਤਾ। ਇਸ ਦੇ ਇਲਾਵਾ ਉਹ ਕੀਰਤ ਨੇ ਸਾਰਿਆਂ ਸਾਹਮਣੇ ਖੁੱਲ੍ਹੇ 'ਚ ਨਹੀਂ ਸੀ ਮਿਲਣਾ ਚਾਹੁੰਦੀ। ਉਸ ਨੂੰ ਭਰੋਸਾ ਨਹੀਂ ਸੀ ਕਿ ਉਹ ਆਪਣੇ ਆਪ ਨੂੰ ਕਾਬੂ 'ਚ ਰੱਖ ਸਕੇਗੀ।
ਦੁਰਜਨ ਸਿੰਘ ਅਤੇ ਦਲੇਰ ਸਿੰਘ ਜਦ ਉਸ ਨੂੰ ਲੈ ਕੇ ਅੰਦਰ ਪਹੁੰਚੇ ਤਾਂ ਇਹ ਵਾਰੀ ਤੇ ਰੂਪ ਕੌਰ ਬੱਚਿਆਂ ਵਾਂਗ ਉਸ ਨਾਲ ਚਿੰਬੜ ਗਈ। ਫੇਰ ਆਪਣੇ ਆਪ ਨੂੰ ਉਸ ਤੋਂ ਵੱਖਰਾ ਕਰਕੇ ਅਤੇ ਉਸ ਦੀ ਬਾਂਹ ਫੜਦਿਆਂ ਕਮਰੇ 'ਚ ਲੈ ਆਈ । ਕੁਝ ਪਲ ਬਾਅਦ ਵੇਦ ਜੀ ਨੂੰ ਨਾਲ ਲਈ ਜੀਨਤ ਅਤੇ ਸ਼ਾਮ ਸਿੰਘ ਵੀ ਉਸ ਕਮਰੇ ਅੰਦਰ ਆ ਪਹੁੰਚੇ, ਜਿਸ 'ਚ ਕੀਰਤ ਸਿੰਘ ਬਿਸਤਰੇ 'ਤੇ ਲੰਮਾ ਪਿਆ ਹੋਇਆ ਸੀ।
"ਮੈਂ ਬਿਲਕੁੱਲ ਠੀਕ ਹਾਂ। ਮੈਨੂੰ ਕੁਝ ਨਹੀਂ ਹੋਇਆ।" ਕੀਰਤ ਸਿੰਘ ਉੱਠ ਕੇ ਬੈਠਣ ਦਾ ਯਤਨ ਕਰਦਿਆਂ ਬੋਲਿਆ, "ਐਵੇਂ ਮਾੜੀਆਂ ਜਿਹੀਆਂ ਸੱਟਾਂ ਲੱਗੀਆਂ ਨੇ।“
ਵੈਦ ਜੀ ਨੇ ਉਸ ਦੇ ਜ਼ਖ਼ਮਾਂ 'ਤੇ ਦਵਾਈ ਲਾ ਕੇ ਪੱਟੀਆਂ ਬੰਨ੍ਹੀਆਂ, ਦੁੱਧ ਚ ਹਲਦੀ ਘੋਲ ਕੇ ਪਿਲਾਈ ਅਤੇ ਕੁਝ ਦਵਾਈਆਂ ਦੇ ਕੇ ਚਲੇ ਗਏ।
"ਉਸ ਫਰੰਗੀ ਦੀ ਦੇਵਕਾਇਆ ਨੂੰ ਵੇਖ ਕੇ ਤਾਂ ਮੈਂ ਡਰ ਹੀ ਗਈ ਸੀ ।'' ਜੀਨਤ ਉਸ ਵੱਲ ਵੇਖਦਿਆਂ ਬੋਲੀ।
"ਉਂਝ ਇਕ ਵਾਰੀ ਤਾਂ ਮੈਂ ਵੀ ਡਰ ਗਿਆ ਸਾਂ । ਪਰ ਜਦ ਲੜਾਈ ਸ਼ੁਰੂ ਹੋਈ ਤਾਂ ਮੈਂ ਸਮਝ ਗਿਆ ਕਿ ਇਹ ਐਵੇਂ ਸ਼ੇਖੀਖੋਰਾ ਹੈ ਅਤੇ ਬਹੁਤ ਮਾਣ ਹੈ ਉਸ ਨੂੰ ਆਪਣੀ ਦੇਵਕਾਇਆ ਉੱਤੇ।"
ਇਹ ਕਹਿ ਕੇ ਕੀਰਤ ਸਿੰਘ ਉੱਠ ਕੇ ਬੈਠ ਗਿਆ ਅਤੇ ਪਲੰਘ ਤੇ ਲੱਤਾਂ ਲਮਕਾ ਕੇ ਜੁੱਤੀ ਪਾਉਣ ਲੱਗਾ।
"ਹਾਲੇ ਕੁਝ ਦੇਰ ਅਰਾਮ ਕਰ ਲਓ। ਤੁਹਾਡੇ ਲੰਮੇ ਪਏ ਰਹਿਣ ਨਾਲ ਕੋਈ ਫਰਕ ਨਹੀਂ ਪੈਣਾ।"
"ਜੇ ਮੈਂ ਮਰ ਜਾਂਦਾ, ਤਾਂ ਵੀ ਕੋਈ ਖ਼ਾਸ ਫ਼ਰਕ ਨਹੀਂ ਸੀ ਪੈਣਾ। ਸੱਚ ਪੁੱਛੇ ਤਾਂ ਪਲੰਘ 'ਤੇ ਪਿਆ ਹੋਇਆ ਵੀ ਮੈਂ ਜਿਵੇਂ ਲੜਾਈ ਕਰ ਰਿਹਾ ਹੋਵਾਂ। ਮਸਤਕ 'ਚ ਬਹੁਤ ਕੁਝ ਘੁੰਮਦਾ ਜਾ ਰਿਹਾ ਹੈ। ਸਾਡਾ ਕਿਹੜਾ ਪਾਸਾ ਕਮਜ਼ੋਰ ਹੈ ? ਫਰੰਗੀ ਕਿਲ੍ਹੇ ਤੇ ਹਮਲਾ ਕਰਨ ਦੀਆਂ ਤਿਆਰੀਆਂ ਕਰ ਰਹੇ ਹੋਣਗੇ... ?"
"ਇਹ ਲੜਾਈਆਂ ਵੀ ਆਦਮੀ ਨੂੰ ਕੀ ਦਾ ਕੀ ਬਣਾ ਦੇਂਦੀਆਂ ਹਨ। ਜੀਨਤ ਬੋਲੀ, “ਮੈਨੂੰ ਲਗਦਾ ਕਿ ਜੇ...।“
"ਮੈਂ ਜਾਣਦਾ ਹਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਪਰ ਯੁੱਧ ਖੇਤਰ ਦਾ ਵੀ ਆਪਣਾ ਸੁਭਾਓ ਹੁੰਦਾ ਹੈ, ਜੋ ਹਰ ਕਿਸੇ ਨੂੰ ਆਪਣੇ ਰੰਗ 'ਚ ਢਾਲ ਦੇਂਦਾ ਹੈ।"
ਹੁਣ ਤੱਕ ਸ਼ਾਹ ਬਖ਼ਸ਼ ਵੀ ਅੰਦਰ ਆ ਕੇ ਬੈਠ ਗਿਆ ਸੀ। ਕੀਰਤ ਸਿੰਘ ਦੀ ਗੱਲ ਸੁਣ ਕੇ ਬੋਲਿਆ:
"ਮੇਰੇ ਵਾਲਦ ਸਾਹਿਬ ਕਿਹਾ ਕਰਦੇ ਸਨ ਕਿ ਮੈਦਾਨ-ਏ-ਜੰਗ ਵੀ ਇਕ ਬਹੁਤ ਵੱਡਾ ਰੰਗਮੰਚ ਹੈ ਅਤੇ ਕਿਸੇ ਲੜਾਈ 'ਚ ਹਿੱਸਾ ਲੈਣ ਵਾਲੇ ਉਸ ਰੰਗਮੰਚ 'ਤੇ ਹੋ ਰਹੇ ਨਾਟਕ ਦੇ ਕਿਰਦਾਰ। ਜਦੋਂ ਤਕ ਸਿਪਾਹੀ ਰੰਗਮੰਚ 'ਤੇ ਹੈ ਤਦ ਤਕ ਇਨ੍ਹਾਂ ਕਿਰਦਾਰਾਂ ਦੀ ਰੂਹ ਸਿਪਾਹੀ ਦੀ ਰੂਹ 'ਚ ਦਾਖ਼ਲ ਰਹਿੰਦੀ ਹੈ।"
"ਤਾਂ ਮੈਂ ਆਸ ਕਰਦੀ ਹਾਂ" ਰੂਪ ਬੋਲੀ, "ਕਿ ਜਦੋਂ ਇਹ ਇਸ ਰੰਗਮੰਚ ਤੋਂ ਹੇਠਾਂ ਉਤਰਨਗੇ ਤਾਂ ਆਪਣੇ ਅਸਲੀ ਰੂਪ 'ਚ ਆ ਜਾਣਗੇ।"
"ਪਤਾ ਨਹੀਂ ਉੱਤਰ ਸਕਾਂਗਾ ਕਿ ਨਹੀਂ, ਜਾਂ ਉਤਰਨ ਤੋਂ ਪਹਿਲਾਂ ਹੀ.... । ਉਂਝ ਮੈਨੂੰ ਤੇ ਆਪਣਾ ਅਸਲੀ ਰੂਪ ਵੀ ਭੁੱਲ ਗਿਆ ਹੋਇਆ ਹੈ ।" ਕੀਰਤ ਸਿੰਘ ਬੋਲਿਆ।
***
36
ਅਗਲੇ ਦਿਨ ਫ਼ਰੰਗੀਆਂ ਦੀਆਂ ਤੋਪਾਂ ਮੁੜ ਗੂੰਜ ਉੱਠੀਆਂ। ਗੋਲੇ ਵਰ੍ਹਾਉਣ ਤੋਂ ਬਾਅਦ ਤੋਪਾਂ ਦੇ ਮੂੰਹਾਂ 'ਚੋਂ ਧੂੰਆਂ ਨਿਕਲਦਾ ਨਜ਼ਰ ਆਉਣ ਲੱਗਾ। ਕਿਸੇ ਵੇਲੇ ਕੋਈ ਗੋਲਾ ਕੰਧ 'ਤੇ ਜਾ ਵੱਜਦਾ ਅਤੇ ਕੰਧ ਦੇ ਕੁਝ ਪੱਥਰ ਖੜ-ਖੜ ਕਰਦਿਆਂ ਥੱਲੇ ਡਿੱਗ ਪੈਂਦੇ। ਕੁਝ ਗੋਲੇ ਕੰਧ ਤੱਕ ਪਹੁੰਚਣ ਤੋਂ ਪਹਿਲਾਂ ਹੀ ਧਰਤੀ 'ਤੇ ਜਾ ਡਿੱਗਦੇ ਅਤੇ ਧੂੜ ਦੇ ਬੱਦਲ ਉੱਠਦੇ ਨਜ਼ਰ ਆਉਣ ਲੱਗਦੇ। ਨਵੀਆਂ ਤੋਪਾਂ 'ਚੋਂ ਨਿਕਲਦੇ ਦੋ ਤਿੰਨ ਅੱਗ ਦੇ ਗੋਲੇ ਕਿਲ੍ਹੇ ਦੀ ਕੰਧ ਨੂੰ ਪਾਰ ਕਰਕੇ ਅੰਦਰ ਆ ਡਿੱਗੇ, ਜਿਨ੍ਹਾਂ ਨੂੰ ਸਿਪਾਹੀਆਂ ਨੇ ਰੇਤਾ ਪਾ ਕੇ ਬੁਝਾ ਦਿੱਤਾ। ਇਹ ਅੱਗ ਦੇ ਗੋਲਿਆਂ ਵਾਲੀਆਂ ਤੋਪਾਂ ਵੀ ਨਵੀਆਂ ਹੀ ਆਈਆਂ ਲੱਗਦੀਆਂ ਸਨ।
ਸ਼ਾਹ ਬਖ਼ਸ਼ ਦਾ ਸੰਕੇਤ ਮਿਲਣ 'ਤੇ ਕਿਲ੍ਹੇ ਦੀਆਂ ਤੋਪਾਂ ਨੇ ਵੀ ਨਿਸ਼ਾਨੇ ਸਾਧ ਕੇ ਗੋਲੇ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਇਕ ਗੋਲਾ ਫਰੰਗੀਆਂ ਦੀ ਇਕ ਤੋਪ ਦੇ ਪਹੀਏ 'ਤੇ ਜਾ ਲੱਗਾ ਅਤੇ ਪਹੀਏ ਦੇ ਟੁੱਟ ਜਾਣ ਕਰਕੇ ਤੋਪ ਜਿਵੇਂ ਵੱਖੀ ਦੇ ਭਾਰ ਡਿੱਗ ਪਈ। ਨਾਲ ਹੀ ਦੋ ਤੋਪਚੀ ਜ਼ਖ਼ਮੀ ਹੋ ਗਏ। ਤੋਪ ਦਾ ਦੂਜਾ ਨਿਸ਼ਾਨਾ ਇਕ ਫ਼ਰੰਗੀ ਤੋਪਚੀ ਦੇ ਐਣ ਸਿਰ 'ਤੇ ਜਾ ਲੱਗਾ ਅਤੇ ਉਸ ਦਾ ਸਿਰ ਕਿਸੇ ਪੰਛੀ ਵਾਂਗ ਹਵਾ 'ਚ ਉੱਡ ਗਿਆ। ਉਸ ਦਾ ਬਿਨਾਂ ਸਿਰ ਵਾਲਾ ਧੜ ਇਕ ਦੋ ਪਲ ਕੰਬਿਆ ਅਤੇ ਧਰਤੀ 'ਤੇ ਜਾ ਡਿੱਗਾ। ਕੁਝ ਦੇਰ ਬਾਅਦ ਫਰੰਗੀਆਂ ਦੀਆਂ ਤੋਪਾਂ 'ਚੋਂ ਨਿਕਲਦੇ ਗੋਲਿਆਂ 'ਚੋਂ ਇਕ ਗੋਲਾ ਸਾਮ ਸਿੰਘ ਦੇ ਪੈਰਾਂ ਕੋਲ ਆ ਡਿੱਗਾ। ਉਹ ਛਾਲ ਮਾਰ ਕੇ ਪਿੱਛੇ ਹਟ ਗਿਆ। ਗੋਲੇ ਦੇ
ਧਰਤੀ 'ਤੇ ਡਿੱਗਣ 'ਤੇ ਉਡਦੀ ਧੂੜ ਨਾਲ ਸ਼ਾਮ ਸਿੰਘ ਦੇ ਕੱਪੜੇ ਮਿੱਟੀ ਨਾਲ ਭਰ ਗਏ।
"ਤੁਸੀਂ ਆਪਣੇ ਆਪ ਨੂੰ ਖ਼ਤਰੇ 'ਚ ਨਾ ਪਾਓ" ਕੋਲ ਖੜਾ ਕੀਰਤ ਸਿੰਘ ਬੋਲਿਆ।
"ਚਿੰਤਾ ਨਾ ਕਰ। ਮੈਂ ਠੀਕ ਹਾਂ।”
ਦੁਪਹਿਰ ਤੋਂ ਬਾਅਦ ਫਰੰਗੀਆਂ ਦੀ ਗੋਲਾਬਾਰੀ ਤੇਜ਼ ਹੋ ਗਈ ਅਤੇ ਸਾਰੀਆ ਤੋਪਾਂ ਦੇ ਮੂੰਹਾਂ ਦੁਆਰਾ ਗੋਲੇ ਵਰਨ ਲੱਗੇ। ਧੂੰਏ ਨਾਲ ਸਾਰਾ ਵਾਯੂਮੰਡਲ ਭਰ ਉੱਠਿਆ। ਧੂੰਏਂ ਦੀ ਓਟ ਅਤੇ ਤੋਪਾਂ ਦੀ ਬੋਛਾੜ 'ਚ ਫ਼ਰੰਗੀ ਜਰਨੈਲ ਨੇਪੀਅਰ ਨੇ ਆਪਣੇ ਪੈਦਲ ਸਿਪਾਹੀਆਂ ਨੂੰ ਅੱਗੇ ਵਧਣ ਦਾ ਹੁਕਮ ਦਿੱਤਾ। ਤੋਪਾਂ ਦੀ ਮਾਰ ਅਤੇ ਧੂੰਏਂ ਦੀ ਇਸੇ ਹਫੜਾ-ਦਫਤੀ 'ਚ ਕਰਨਲ ਹਡਸਨ ਆਪਣੇ ਨਾਲ ਗੋਰਖਿਆਂ ਅਤੇ ਸਕਾਟਲੈਂਡ ਦੇ ਸਿਪਾਹੀਆਂ ਨੂੰ ਲੈ ਕੇ ਕਿਲ੍ਹੇ ਦੇ ਦੂਸਰੇ ਪਾਸੇ ਵੱਲ ਖਿਸਕ ਗਿਆ। ਇਨਾਂ ਦੇ ਹੱਥਾਂ ਚ ਰੱਸੀਆਂ, ਵੱਡੀਆਂ-ਵੱਡੀਆਂ ਲੋਹੇ ਦੀਆਂ ਕਿੱਲੀਆਂ, ਪੌੜੀਆਂ ਅਤੇ ਹੋਰ ਕਈ ਤਰਾਂ ਦੇ ਔਜ਼ਾਰ ਫੜੇ ਹੋਏ ਸਨ।
ਕਿਲ੍ਹੇ 'ਚ ਕੀਰਤ ਸਿੰਘ ਨੂੰ ਇਨ੍ਹਾਂ ਬਾਰੇ ਉਸ ਵੇਲੇ ਪਤਾ ਲੱਗਾ ਜਿਸ ਵੇਲੇ ਇਨ੍ਹਾਂ ਦੇ ਕੁਝ ਗੋਰਖੇ ਅਤੇ ਸਕਾਟ ਆਪਣੀਆਂ ਬੰਦੂਕਾਂ 'ਚੋਂ ਗੋਲੀਆਂ ਵਰ੍ਹਾਉਂਦੇ ਕਿਲ੍ਹੇ ਅੰਦਰ ਆ ਪਹੁੰਚੇ। ਦੋ ਚਾਰ ਮਿੰਟ 'ਚ ਹੀ ਪੰਝੀ ਤੀਹ ਸਿੱਖ ਸਿਪਾਹੀ ਗੋਲੀਆਂ ਖਾ ਕੇ ਭੁੰਜੇ ਡਿੱਗ ਪਏ। ਕੀਰਤ ਸਿੰਘ ਨੇ ਵੀ ਆਪਣੇ ਦਸਤੇ ਨੂੰ ਇਨ੍ਹਾਂ ਦਾ ਸਾਹਮਣਾ ਕਰਨਾ ਦਾ ਹੁਕਮ ਦਿੱਤਾ। ਹੱਥੋਂ ਹੱਥ ਲੜਾਈ ਸ਼ੁਰੂ ਹੋ ਗਈ।
ਹੁਣ ਲੜਾਈ ਆਪਣੇ ਪੂਰੇ ਜੋਬਨ 'ਤੇ ਸੀ। ਉਸੇ ਵੇਲੇ ਕੀਰਤ ਸਿੰਘ ਨੇ ਵੇਖਿਆ ਕਿ ਇਕ ਪਠਾਣ ਹੱਥ 'ਚ ਪਸਤੌਲ ਫੜੀ ਕੋਡਾ ਹੋ ਕੇ ਦੌੜਦਿਆਂ ਸ਼ਾਮ ਸਿੰਘ ਵੱਲ ਰਿਹਾ ਹੈ। ਕੀਰਤ ਸਿੰਘ ਨੇ ਆਪਣੀ ਪਸਤੌਲ ਕੱਢੀ ਅਤੇ ਫ਼ਾਇਰ ਕਰ ਦਿੱਤਾ। ਪਠਾਣ ਦੂਜੇ ਪਲ ਮੂੰਹ ਭਾਰ ਡਿੱਗ ਪਿਆ। ਜੋ ਸਕਾਟ ਅਤੇ ਗੋਰਖੇ ਅੰਦਰ ਦਾਖ਼ਲ ਹੋਣ ਚ ਸਫ਼ਲ ਹੋ ਗਏ ਸਨ, ਉਨ੍ਹਾਂ ਦਾ ਵੀ ਸਫ਼ਾਇਆ ਕਰ ਦਿੱਤਾ ਗਿਆ। ਕਈਆਂ ਨੂੰ ਚੁੱਕ ਕੇ ਕੰਧ ਤੋਂ ਥੱਲੇ ਫ਼ਰੰਗੀ ਅਫ਼ਸਰਾਂ ਨੂੰ ਚੇਤਾਵਨੀ ਦੇਣ ਖ਼ਾਤਰ ਸੁੱਟ ਦਿੱਤਾ ਗਿਆ।
ਫਰੰਗੀਆਂ ਦੀਆਂ ਤੋਪਾਂ ਨੇ ਕਿਲ੍ਹੇ ਦੀ ਕੰਧ 'ਚ ਦੋ ਤਿੰਨ ਥਾਵੇਂ ਪਾੜ ਪਾ ਦਿੱਤੇ ਸਨ। ਉਨ੍ਹਾਂ ਆਪਣੀਆਂ ਤੋਪਾਂ ਅੱਗੇ ਵਧਾਈਆਂ: ਉਨ੍ਹਾਂ ਦੇ ਪਿੱਛੇ-ਪਿੱਛੇ ਬੰਦੂਕਾਂ ਫੜੀ ਸਿਪਾਹੀ ਵੀ ਫ਼ਾਇਰ ਕਰਦੇ ਅੱਗੇ ਵੱਧੇ। ਇਨ੍ਹਾਂ ਦੇ ਪਿੱਛੇ-ਪਿੱਛੇ ਉੱਚੀਆਂ ਉੱਚੀਆਂ ਪੌੜੀਆਂ ਚੁੱਕੀ ਕੰਧਾਂ 'ਤੇ ਚੜ੍ਹਨ ਵਾਲੇ ਖ਼ਾਸ ਦਸਤੇ। ਤੋਪਾਂ ਨੇ ਕੰਧ ਦੇ ਕਾਫ਼ੀ ਨੇੜੇ ਪਹੁੰਚ ਕੇ ਗੋਲਾਬਾਰੀ ਸ਼ੁਰੂ ਕਰ ਦਿੱਤੀ। ਇਕ ਦੋ ਥਾਵੇਂ ਵੱਡੇ-ਵੱਡੇ ਪਾੜ ਪੈ ਗਏ। ਫਰੰਗੀਆਂ ਦੇ ਸਿਪਾਹੀ ਪੌੜੀਆਂ ਲਾ ਕੇ ਉੱਪਰ ਚੜ੍ਹਨ ਅਤੇ ਕੰਧ 'ਚ ਪੈ ਗਏ ਮਘੋਰੇ 'ਚੋਂ ਹੋ ਕੇ ਅੰਦਰ ਪਹੁੰਚਣ ਦਾ ਯਤਨ ਕਰਨ ਲੱਗੇ। ਕੰਧ ਦੇ ਉੱਪਰੋਂ ਸਿੰਘਾਂ ਦੀਆਂ ਗੋਲੀਆਂ ਦੀ ਵਰਖਾ ਹੋਣ ਲੱਗੀ ਅਤੇ ਨਾਲ ਹੀ ਇਸ ਮੌਕੇ 'ਤੇ ਵਰਤੇ ਜਾਣ ਲਈ ਜਮ੍ਹਾ ਕੀਤੇ ਵੱਡੇ-ਵੱਡੇ ਪੱਥਰ ਵੀ ਉੱਪਰੋਂ ਰੁੜ੍ਹਨ ਲੱਗੇ। ਗੋਰਖੇ, ਪੂਰਬੀਏ ਅਤੇ ਫ਼ਰੰਗੀ ਸਿਪਾਹੀ ਉੱਪਰੋਂ ਵਰ੍ਹਦੀਆਂ ਗੋਲੀਆਂ ਅਤੇ ਪੱਥਰਾਂ ਕਾਰਨ ਧੜਾਮ-ਧੜਾਮ ਥੱਲੇ ਰੁੜਣ ਲੱਗੇ।
ਜੇ ਕੋਈ ਕੰਧ ਟੱਪ ਕੇ ਅੰਦਰ ਪਹੁੰਚਣ 'ਚ ਸਫਲ ਹੁੰਦਾ ਤਾਂ ਦੂਜੇ ਹੀ ਪਲ ਉਸ ਦਾ ਸਫਾਇਆ ਹੋ ਜਾਂਦਾ।
ਦਿਨ ਢਲਣ 'ਤੇ ਆ ਗਿਆ। ਆਪਣੇ ਹਮਲਿਆਂ ਨੂੰ ਨਾਕਾਮ ਹੁੰਦਿਆਂ ਵੇਖ ਕੇ ਕਰਨਲ ਨੇਪੀਅਰ ਨੇ ਤੋਪਾਂ ਨੂੰ ਪਿੱਛੇ ਹਟਾਉਣ ਅਤੇ ਲੜਾਈ ਬੰਦ ਕਰਨ ਦਾ ਹੁਕਮ ਦੇ ਦਿੱਤਾ।
***
37
ਲੜਾਈ ਬੰਦ ਹੋ ਚੁੱਕੀ ਸੀ। ਕਿਲ੍ਹੇ ਦੀ ਕੰਧ 'ਤੇ ਬੈਠਾ ਸ਼ਾਹ ਬਖ਼ਸ਼ ਫਰੰਗੀਆਂ ਦੀਆਂ ਤੋਪਾਂ ਦੇ ਪਿੱਛੇ ਹਟਣ ਤੋਂ ਬਾਅਦ ਮੜ ਕਤਾਰਾਂ 'ਚ ਖੜਾ ਹੁੰਦਾ ਵੇਖ ਰਿਹਾ ਸੀ। ਅੱਗੇ ਵੱਧ ਕੇ ਆਈਆਂ ਤੋਪਾਂ 'ਤੇ ਸ਼ਾਹ ਬਖ਼ਸ਼ ਨੇ ਆਪ ਤੋਪ ਚਲਾ ਕੇ ਨਿਸ਼ਾਨੇ ਬੰਨੇ ਅਤੇ ਉਨ੍ਹਾਂ ਦੀਆਂ ਤਿੰਨ ਚਾਰ ਤੋਪਾਂ ਨਕਾਰਾ ਕਰ ਦਿੱਤੀਆਂ ਸਨ। ਉਹ ਉਨ੍ਹਾਂ ਦੀ ਨਕਾਰਾ ਹੋਈ ਨਵੀਂ ਕਿਸਮ ਦੀ ਤੋਪ ਨੂੰ ਗੌਹ ਨਾਲ ਵੇਖ ਰਿਹਾ ਸੀ।
ਕਿਲ੍ਹੇ ਦੇ ਥੱਲੇ ਕਰਕੇ ਫਰੰਗੀਆਂ ਦੇ ਸਿਪਾਹੀਆਂ ਦੀਆਂ ਤਿੰਨ ਚਾਰ ਸੌ ਲਾਸ਼ਾਂ ਖਿੱਲਰੀਆਂ ਪਈਆਂ ਸਨ। ਜ਼ਖਮੀਆਂ ਨੂੰ ਉਹ ਛੇਤੀ-ਛੇਤੀ ਚੁੱਕ ਕੇ ਲੈ ਗਏ ਸਨ। ਉਸ ਨੂੰ ਉਮੀਦ ਸੀ ਕਿ ਕੁਝ ਦੇਰ ਤੱਕ ਹੱਥਾਂ 'ਚ ਮਸ਼ਾਲਾਂ ਫੜੀ ਫ਼ਰੰਗੀ ਆਪਣੇ ਮੁਰਦਿਆਂ ਨੂੰ ਚੁੱਕਣ ਆਉਣਗੇ।
ਫੇਰ ਉਸ ਨੇ ਵੇਖਿਆ ਕਿ ਚੌਦਾਂ ਪੰਦਰਾਂ ਤੋਂ ਅਠਾਰਾਂ ਉੱਨੀ ਵਰ੍ਹਿਆਂ ਦੇ ਛੇ ਸੱਤ ਮੁੰਡੇ ਆ ਕੇ ਮੁਰਦਿਆਂ ਦੀ ਫਰੋਲਾ ਫਰਾਲੀ ਕਰਨ ਲੱਗੇ। ਕਦੀ ਕਿਸੇ ਦੀ ਮੁੰਦਰੀ ਲਾਹ ਲੈਂਦੇ, ਕਦੇ ਗੱਲ 'ਚ ਪਾਇਆ ਕੈਂਠਾ। ਕੀਮਤੀ ਦਸਤਿਆਂ ਵਾਲੀਆਂ ਕੁਝ ਕਟਾਰਾਂ ਅਤੇ ਤਲਵਾਰਾਂ ਆਦਿ ਵੀ ਇਕੱਠੀਆਂ ਕਰ ਰਹੇ ਸਨ। ਕਿਸੇ ਵੇਲ਼ੇ ਕੋਈ ਕੀਮਤੀ ਚੀਜ਼ ਜਾਂ ਨਕਦ ਰੁਪਈਏ ਕਿਸੇ ਦੇ ਖੀਸੇ 'ਚੋਂ ਮਿਲਦੇ ਤਾਂ ਮੁੰਡਾ ਖ਼ੁਸ਼ ਹੋ ਕੇ ਦੂਜਿਆਂ ਨੂੰ ਵਿਖਾਉਣ ਲੱਗਦਾ । ਸ਼ਾਹ ਬਖ਼ਸ਼ ਜਾਣਦਾ ਸੀ ਕਿ ਇਹ ਪੇਸ਼ਾਵਰ ਕਬੀਲੇ ਦੇ ਲੋਕ ਹਨ, ਜੋ ਸਦੀਆਂ ਤੋਂ ਕਿਸੇ ਲੜਾਈ ਤੋਂ ਬਾਅਦ ਇਹ ਕੁਝ ਕਰਦੇ ਆਏ ਸਨ। ਮੁਦਕੀ ਦੀ ਲੜਾਈ 'ਚ ਵੀ ਉਸ ਨੇ ਉਨ੍ਹਾਂ ਨੂੰ ਵੇਖਿਆ ਸੀ। ਇਹ ਉਹੀ ਟੋਲੀ ਹੈ ਕਿ ਕੋਈ ਦੂਸਰੀ ? ਉਹ ਸੋਚਣ ਲੱਗਾ।
ਸ਼ਾਹ ਬਖ਼ਸ਼ ਉੱਠਿਆ ਅਤੇ ਕਿਲ੍ਹੇ ਦੇ ਛੋਟੇ ਜਿਹੇ ਚੋਰ ਦਰਵਾਜ਼ੇ 'ਚੋਂ ਲੰਘ ਕੇ ਬਾਹਰ ਨਿਕਲ ਗਿਆ। ਬਾਹਰ ਨਿਕਲਦਿਆਂ ਉਸ ਦੀਆਂ ਅੱਖਾਂ ਸਾਹਮਣੇ ਉਹ ਦ੍ਰਿਸ਼ ਸਾਕਾਰ ਹੋ ਉੱਠਿਆ, ਜਦੋਂ ਉਹ ਇਕ ਲੜਾਈ ਤੋਂ ਬਾਅਦ ਆਪਣੇ ਕਿਸੇ ਮਰ ਚੁੱਕੇ ਦੋਸਤ ਦੀ ਲਾਸ਼ ਨੂੰ ਮੁਰਦਿਆਂ 'ਚੋਂ ਲੱਭ ਰਿਹਾ ਸੀ। ਉਦੋਂ ਵੀ ਉਸ ਇਕ ਮੁੰਡੇ ਨੂੰ ਮੁਰਦਿਆਂ ਦੀਆਂ ਜੇਬਾਂ ਫਰੋਲਦੇ ਅਤੇ ਚੀਜ਼ਾਂ ਇਕੱਠੀਆਂ ਕਰਦਿਆਂ ਵੇਖਿਆ ਸੀ। ਸ਼ਾਹ ਬਖ਼ਸ਼ ਨੇ ਉਸ ਵੱਲ ਬਹੁਤ ਧਿਆਨ ਨਾ ਦਿੱਤਾ ਪਰ ਥੋੜ੍ਹੀ ਹੀ ਦੇਰ ਬਾਅਦ ਉਸ ਨੇ ਵੇਖਿਆ ਵਿਰੋਧੀ ਧਿਰ ਦਾ ਇਕ ਸਿਪਾਹੀ ਵੀ ਮੁਰਦਿਆਂ ਦੀਆਂ ਜੇਬਾਂ ਫਰੋਲਦਾ
ਉਸ ਮੁੰਡੇ ਕੋਲ ਆ ਪਹੁੰਚਿਆ। ਉਸ ਨੇ ਜਦ ਵੇਖਿਆ ਕਿ ਇਹ ਦੂਸਰਾ ਕੋਈ ਮੁੰਡਾ ਨਹੀਂ ਬਲਕਿ ਇਕ ਕੁੜੀ ਹੈ, ਤਾਂ ਉਸ ਨੇ ਕੁੜੀ ਨੂੰ ਫੜ ਲਿਆ। ਉਨ੍ਹਾਂ 'ਚ ਹੱਥਪਾਈ ਹੋਣ ਲੱਗੀ। ਫਰੰਗੀ ਸਿਪਾਹੀ ਕਾਫ਼ੀ ਮਜ਼ਬੂਤ ਕਾਠੀ ਦਾ ਸੀ ਅਤੇ ਕੁੜੀ ਬਹੁਤ ਪਤਲੀ ਜਿਹੀ। ਸਿਪਾਹੀ ਨੇ ਵਹਿਸ਼ੀ ਹਾਸਾ ਹੱਸਦਿਆਂ ਉਸ ਦੀ ਸਲਵਾਰ ਖਿੱਚ ਲਈ। ਨਾਲ ਹੀ ਉਸ ਨੇ ਆਪਣੀ ਪਤਲੂਨ ਲਾਹ ਲਈ। ਸ਼ਾਹ ਬਖ਼ਸ਼ ਹੈਰਾਨੀ ਭਰੀਆਂ ਅੱਖਾਂ ਨਾਲ ਤੱਕਦਾ ਰਿਹਾ। ਫੇਰ ਉਸ ਨੇ ਵੇਖਿਆ ਕਿ ਕੁੜੀ ਨੇ ਕਿਤੇ ਭੁੰਜੇ ਡਿੱਗੀ ਜਾਂ ਲੁਕਾਈ ਹੋਈ ਕਟਾਰ ਕੱਢੀ ਅਤੇ ਉਸ ਦੇ ਅੰਗ 'ਚ ਖੋਭ ਦਿੱਤੀ। ਸਿਪਾਹੀ ਹਾਏ-ਹਾਏ ਕਰਦਿਆਂ ਅਤੇ ਲਹੂ ਦਾ ਫਹਾਰਾ ਛੱਡਦਿਆਂ ਪਿੱਛੇ ਹਟਿਆ ਅਤੇ ਫੇਰ ਭੁੰਜੇ ਜਾ ਡਿੱਗਾ। ਕੁੜੀ ਉਸ ਦੇ ਭੁੰਜੇ ਡਿੱਗਣ ਤੋਂ ਪਹਿਲਾਂ ਹੀ ਨੱਸ ਤੁਰੀ, ਐਨ ਸ਼ਾਹ ਬਖ਼ਸ਼ ਦੀ ਦਿਸ਼ਾ ਵੱਲ। ਹੁਣ ਤੱਕ ਘੁਸਮੁਸਾ ਹੋ ਗਿਆ ਸੀ। ਕੁੜੀ ਨੇ ਸ਼ਾਹ ਬਖ਼ਸ਼ ਨੂੰ ਨਹੀਂ ਵੇਖਿਆ ਅਤੇ ਉਸ ਨਾਲ ਜਾ ਟਕਰਾਈ। ਸ਼ਾਹ ਬਖ਼ਸ਼ ਨੇ ਉਸ ਨੂੰ ਮੋਢਿਆਂ ਤੋਂ ਫੜ ਲਿਆ। ਗੋਰਾ ਰੰਗ, ਪਰ ਮੈਲੇ, ਲਹੂ ਚਿੱਕੜ ਨਾਲ ਚਿਹਰਾ ਅੱਧੋਂ ਵੱਧ ਢਕਿਆ ਹੋਇਆ, ਵਾਲ ਖਿੱਲਰੇ ਹੋਏ ਚਿਹਰੇ ਨੂੰ ਢੱਕਦੇ । ਕੁੜੀ ਦਾ ਸਰੀਰ ਬਹੁਤ ਚੁਸਤ ਅਤੇ ਅੱਖਾਂ 'ਚ ਚਮਕ ਸੀ । ਕੁੜੀ ਦੇ ਹੱਥ 'ਚ ਹੁਣ ਕਟਾਰ ਨਹੀਂ ਸੀ। ਕੁੜੀ ਕੁਝ ਡਰੀ-ਪਰ ਫੇਰ ਉਸ ਨੇ ਆਪਣੇ ਆਪ ਨੂੰ ਛੁਡਾਇਆ ਅਤੇ ਨੱਸਦਿਆਂ ਘੁਸਮੁਸੇ 'ਚ ਲੋਪ ਹੋ ਗਈ ਸੀ।
ਉਹ ਇਸ ਅਜੀਬ ਜਿਹੀ ਕੁੜੀ ਦੇ ਚਿੱਕੜ ਮਿੱਟੀ ਭਰੇ ਚਿਹਰੇ ਨੂੰ ਨਾ ਭੁੱਲ ਸਕਿਆ।
ਅਤੇ ਹੁਣ ਜਦ ਸ਼ਾਹ ਬਖ਼ਸ਼ ਨੇ ਮੁੜ ਉਸ ਨੂੰ ਵੇਖਿਆ ਤਾਂ ਪਛਾਣ ਲਿਆ। ਕੁੜੀ ਨੇ ਵੀ ਉਸ ਵੱਲ ਤੱਕਿਆ ਤੇ ਭੱਜ ਜਾਣ ਦੀ ਬਜਾਏ ਖੜੀ ਹੋ ਗਈ। ਉਸ ਦੇ ਹੱਥ 'ਚ ਕਿਸੇ ਮੁਰਦੇ ਦੇ ਗਲ 'ਚੋਂ ਲਾਹਿਆ ਚਾਂਦੀ ਦਾ ਕੈਂਠਾ ਸੀ ਅਤੇ ਮੋਢੇ ਨਾਲ ਲਮਕਾਇਆ ਝੋਲਾ ਭਰਿਆ ਹੋਇਆ।
"ਮੈਥੋਂ ਡਰੀਂ ਨਾ ।” ਸ਼ਾਹ ਬਖ਼ਸ਼ ਬੋਲਿਆ, "ਮੈਂ ਤੈਨੂੰ ਕੁਝ ਨਹੀਂ ਕਹਾਂਗਾ।"
"ਤੂੰ ਕਹਿ ਕੀ ਸਕਦਾ ਏਂ ਭਲਾ। ਜ਼ਿਆਦਾ ਤੋਂ ਜ਼ਿਆਦਾ ਇਹੀ ਕਹੇਂਗਾ ਕਿ ਦੂਜੀ ਵਾਰੀ ਮਿਲਣ ਦਾ ਕੀ ਮਤਲਬ ? ਪਰ ਮਤਲਬ ਮੁਤਲਬ ਕੁਝ ਨਹੀਂ, ਬਸ ।"
“ਹਾਂ, ਸੋਚ ਤਾਂ ਮੈਂ ਇਹੀ ਰਿਹਾਂ। ਪਰ ਤੂੰ ਕੌਣ ਏਂ ਅਤੇ ਇਹੀ ਕੰਮ ਕਿਉਂ...।
"ਇਹ ਨਾ ਪੁੱਛ ਮੈਂ ਕੌਣ ਹਾਂ।", ਕੁੜੀ ਨੇ ਵਿਚੋਂ ਹੀ ਉਸ ਦੀ ਗੱਲ ਕੱਟਦਿਆਂ ਆਖਿਆ, "ਇਹ ਪੁੱਛ ਕਿ ਮੈਂ ਕੌਣ ਨਹੀਂ ਹਾਂ। ਅਸੀਂ ਲੋਕ ਜਿਊਂਦਿਆਂ ਨੂੰ ਨਾ ਲੁੱਟਦੇ, ਨਾ ਮਾਰਦੇ ਹਾਂ ; ਬੇ-ਐਬ, ਨਿਰਦੋਸ਼ ਲੋਕ ਹਾਂ ਤੇ ਮੇਰੀ ਇਹ ਦਸ਼ਾ ਵੇਖ ਕੇ ਮੈਨੂੰ ਘਿਰਨਾ ਨਾ ਕਰ। ਜੇ ਕਰਨੀ ਹੈ ਤਾਂ ਆਪਣੇ ਆਪ ਨੂੰ ਕਰ। ਇਨ੍ਹਾਂ ਮੌਤ ਦੇ ਰਾਖ਼ਸ਼ਾਂ ਨੂੰ ਕਰ । ਅੱਛਾ, ਹੁਣ ਮੈਂ ਚਲਦੀ ਹਾਂ । ਫੇਰ ਸ਼ਾਇਦ ਕਿਸੇ ਲੜਾਈ ਤੋਂ ਬਾਅਦ ਤੀਜੀ ਵਾਰੀ ਮੁਲਾਕਾਤ ਦੀ ਉਡੀਕ ਕਰਨਾ... ।"
ਅਤੇ ਉਹ ਰਹੱਸਮਈ ਕੁੜੀ ਹਨੇਰੇ ਵਿੱਚ ਗੁੰਮ ਹੋ ਗਈ।
***
38
ਅੱਜ ਸਾਰਾ ਦਿਨ ਵਾਤਾਵਰਨ 'ਚ ਧੁੰਦ ਪੱਸਰੀ ਰਹੀ। ਸੂਰਜ ਛਿਪਣ ਤੋਂ ਕੁਝ ਦੇਰ ਪਹਿਲਾਂ ਧੁੰਦ ਹਟ ਗਈ ਅਤੇ ਪੱਛਮ ਵੱਲੋਂ ਖੁਸ਼ਕ ਹਵਾਵਾਂ ਚੱਲਣ ਲੱਗੀਆਂ । ਹਵਾ ਆਪਣੇ ਨਾਲ ਸੁੱਕੇ ਪੱਤੇ ਅਤੇ ਕੁਝ ਦਿਨ ਪਹਿਲਾਂ ਕਿਲ੍ਹੇ ਤੋਂ ਕੁਝ ਦੂਰ ਫਰੰਗੀ ਸਿਪਾਹੀਆਂ ਦੀਆਂ ਪਾਟੀਆਂ ਜਾਂ ਪਿੱਛੇ ਛੱਡ ਕੇ ਗਈਆਂ ਵਰਦੀਆਂ ਦੇ ਟੁਕੜੇ ਵੀ ਨਾਲ ਲੈ ਕੇ ਉਡਾ ਰਹੀ ਸੀ। ਫੇਰ ਅਚਾਨਕ ਹਵਾ ਜਿਵੇਂ ਬਿਲਕੁਲ ਹੀ ਬੰਦ ਹੋ ਗਈ ਹੋਵੇ। ਕੀਰਤ ਸਿੰਘ ਅਤੇ ਸ਼ਾਹ ਬਖਸ਼ ਕਿਲ੍ਹੇ ਦੀ ਕੰਧ 'ਤੇ ਆ ਬੈਠੇ ਅਤੇ ਦੂਰ ਇਕ ਨਾਲੇ 'ਚ ਵਗਦੀ ਚਾਂਦੀ ਵਾਂਗ ਚਮਕਦੀ ਪਾਣੀ ਦੀ ਲਕੀਰ ਨੂੰ ਤੱਕਣ ਲੱਗੇ।
ਆਦਮੀ ਥੱਕਦਾ ਹੈ, ਜਾਨਵਰ ਥੱਕਦੇ ਹਨ, ਪਰ ਪ੍ਰਕਿਰਤੀ ਕਦੀ ਨਹੀਂ ਥੱਕਦੀ। ਪਤਝੜ, ਬਹਾਰ, ਵਰਖਾ ਰੁੱਤ ਸਾਰੇ ਮੌਸਮ ਹਰ ਸਾਲ ਉਸੇ ਤਰਾਂ ਆਉਂਦੇ ਜਾਂਦੇ ਰਹਿੰਦੇ ਹਨ। ਸਿਵਾਏ ਕੁਝ ਲੀਰਾਂ ਹਵਾ 'ਚ ਉੱਡਣ ਦੇ ਪ੍ਰਕਿਰਤੀ ਨੇ ਕੁਝ ਦਿਨ ਪਹਿਲਾਂ ਹੋਈ ਲੜਾਈ ਦੇ ਸਾਰੇ ਨਿਸ਼ਾਨ ਮਿਟਾ ਦਿੱਤੇ ਸਨ। ਕੁਝ ਦਿਨ ਪਹਿਲਾਂ ਦੀਆਂ ਤੋਪਾਂ ਦੇ ਚੱਲਣ ਦਾ ਭਿਆਨਕ ਸ਼ੋਰ, ਘੋੜਿਆਂ ਦੀ ਹਿਨਹਨਾਹਟ ਅਤੇ ਕਿਲ੍ਹੇ ਦੀ ਕੰਧ ਤੋਂ ਡਿੱਗੇ ਫਰੰਗੀ ਸਿਪਾਹੀਆਂ ਦੀਆਂ ਚੀਕਾਂ ਦੀ ਥਾਵੇਂ ਇਕ ਐਸੀ ਚੁੱਪ ਅਤੇ ਪੂਰਨ ਸ਼ਾਂਤੀ ਸੀ ਜਿਵੇਂ ਇੱਥੇ ਕੁਝ ਵਾਪਰਿਆ ਹੀ ਨਾ ਹੋਵੇ। ਇਕ ਕਿਰਲਾ ਕੰਧ 'ਚ ਚਿਣੇ ਪੱਥਰਾਂ ਦੀ ਇਕ ਝੀਥ 'ਚੋਂ ਨਿਕਲਿਆ, ਦੋ ਤਿੰਨ ਵਾਰ ਆਪਣੀ ਕਾਲੀ ਜਿਹੀ ਜੀਭ ਨੂੰ ਅੰਦਰ ਬਾਹਰ ਕੀਤਾ ਅਤੇ ਫੇਰ ਕੀਰਤ ਸਿੰਘ ਤੇ ਸ਼ਾਹ ਬਖ਼ਸ਼ ਨੂੰ ਵੇਖ ਕੇ ਮੁੜ ਆਪਣੀ ਝੀਥ 'ਚ ਲੋਪ ਹੋ ਗਿਆ।
***
39
ਮੋਹਨ ਲਾਲ ਨਾਮ ਦੇ ਆਦਮੀ ਨੂੰ ਕਿਲ੍ਹੇ ਦੇ ਆਪਣੇ ਸਾਹਮਣੇ ਵੇਖ ਕੇ ਸ਼ਾਮ ਸਿੰਘ ਉਸ ਨੂੰ ਸੰਬੋਧਿਤ ਹੁੰਦਿਆਂ ਬੋਲਿਆ, "ਜਦੋਂ ਦਰਬਾਨ ਨੇ ਆ ਕੇ ਦੱਸਿਆ ਕਿ ਕੋਈ ਮੈਨੂੰ ਮਿਲਣਾ ਚਾਹੁੰਦਾ ਹੈ ਤਾਂ ਮੈਂ ਇਹ ਅਨੁਮਾਨ ਨਹੀਂ ਸੀ ਲਾਇਆ ਕਿ ਇਹ ਤੂੰ ਹੋਵੇਂਗਾ।"
"ਠੀਕ ਹੀ ਹੈ ਜੀ, ਵੱਡੇ ਆਦਮੀਆਂ ਨੂੰ ਭਲਾ ਛੋਟਿਆਂ ਨੂੰ ਯਾਦ ਰੱਖਣ ਦੀ ਕੀ ਲੋੜ।“
"ਇਹ ਗੱਲ ਨਹੀਂ ਮੋਹਨ ਲਾਲ। ਇਸ ਵੇਲੇ ਦੇ ਹਾਲਾਤ ਹੀ ਐਸੇ ਹਨ ਕਿ ਲੜਾਈਆਂ ਅਤੇ ਲਾਹੌਰ ਦਰਬਾਰ ਦੇ ਖੜਯੰਤਰਾਂ ਦੇ ਸਿਵਾ ਹੋਰ ਕੁਝ ਸੁਝਦਾ ਹੀ ਨਹੀਂ।" ਸ਼ਾਮ ਸਿੰਘ ਨੇ ਕੁਝ ਸ਼ਰਮਿੰਦਾ ਹੁੰਦਿਆਂ ਆਖਿਆ। ਫੇਰ ਉਸ ਨੇ ਕੋਲ ਬੈਠੇ ਕੀਰਤ ਸਿੰਘ ਅਤੇ ਸ਼ਾਹ ਬਖ਼ਸ਼ ਨਾਲ ਜਾਣ-ਪਛਾਣ ਕਰਾਉਂਦਿਆਂ ਕਿਹਾ:
"ਇਹ ਮੋਹਨ ਲਾਲ ਹਨ। ਕਸ਼ਮੀਰ ਦੇ ਰਹਿਣ ਵਾਲੇ ਅਤੇ ਦਿੱਲੀ ਦੇ ਜੰਮ-ਪਲ।
ਅੰਗਰੇਜ਼ੀ 'ਚ ਮੁਹਾਰਤ ਹਾਸਲ ਕਰਨ ਤੋਂ ਬਾਅਦ ਇਹ ਫ਼ਰੰਗੀਆਂ ਦੀ ਖ਼ਿਦਮਤ ਕਰਨ ਲੱਗੇ।" ਫੇਰ ਮੋਹਨ ਲਾਲ ਵੱਲ ਤੱਕਦਿਆਂ ਪੁੱਛਿਆ, "ਉਹ ਕੀ ਨਾਮ ਸੀ ਉਸ ਲੰਮੇ ਜਿਹੇ ਫਰੰਗੀ ਦਾ ਜਿਸ ਨਾਲ ਤੂੰ ਲਾਹੌਰ, ਕਾਬਲ ਕੰਧਾਰ ਘੁੰਮਦਾ ਰਿਹਾ ਸੀ?"
"ਅਲੈਗਜ਼ੈਂਡਰ ਬਰਨਜ਼ : ਸਰ ਅਲੈਗਜੈਂਡਰ ਬਰਨਜ਼। ਪਰ ਅਫਸੋਸ ਦੀ ਗੱਲ ਇਹ ਕਿ ਉਹ ਕਾਬਲ ਵਿੱਚ ਅਫ਼ਗਾਨ ਬਾਗੀਆਂ ਹੱਥੋਂ ਕਤਲ ਹੋ ਗਿਆ ਅਤੇ ਉਸ ਦੀ ਲਾਸ਼ ਕਾਬੁਲ ਦੇ ਬਜਾਰ ਚ ਕਈ ਮਹੀਨੇ ਤੱਕ ਲਟਕਦੀ ਰਹੀ। ਉਹ ਫਰੰਗੀਆਂ ਦੀ 'ਦੀ ਗ੍ਰੇਟ ਗੇਮ' ਯਾਅਨੀ ਛੱਡੀ ਸਿਆਸੀ ਖੇਡ ਦੀ ਭੇਟ ਚੜ੍ਹ ਗਿਆ।"
"ਮੈਂ ਉਸ ਨੂੰ ਕਦੀ ਨਹੀਂ ਮਿਲਿਆ।" ਸ਼ਾਮ ਸਿੰਘ ਨੇ ਆਖਿਆ, "ਪਰ ਮੈਨੂੰ ਉਸ ਦੀ ਮੌਤ ਦਾ ਕੋਈ ਅਫਸੋਸ ਨਹੀਂ। ਉਹ ਉਸੇ ਫਰੰਗੀ ਫੌਜ ਦਾ ਭਾਗ ਸੀ ਜੋ ਅਫ਼ਗ਼ਾਨਿਸਤਾਨ ਉੱਤੇ ਆਪਣਾ ਕਬਜ਼ਾ ਜਮਾਉਣ ਗਈ ਸੀ । ਸ਼ੁਕਰ ਕਰ ਕਿ ਤੂੰ ਬਚ ਕੇ ਨਿਕਲ ਆਇਆ, ਨਹੀਂ ਤੇ...!"
ਮੋਹਨ ਲਾਲ ਇਕ ਅਸਾਧਾਰਨ ਕਿਸਮ ਦਾ ਆਦਮੀ ਸੀ। ਦਿੱਲੀ 'ਚ ਫ਼ਾਰਸੀ ਅਤੇ ਅੰਗਰੇਜ਼ੀ ਜ਼ਬਾਨ 'ਚ ਨਿਪੰਨਤਾ ਹਾਸਲ ਕਰਨ ਤੋਂ ਬਾਅਦ ਇਹ ਇਕ ਅਨੁਵਾਦਕ ਦੇ ਤੌਰ 'ਤੇ ਅੰਗਰੇਜ਼ਾਂ ਦੀ ਨੌਕਰੀ ਕਰਨ ਲੱਗਾ ਅਤੇ ਜਦ ਇਕ ਅੰਗਰੇਜ ਅਫ਼ਸਰ ਸਰ ਅਲੈਗਜੈਂਡਰ ਬਰਨਜ਼ ਪੰਜਾਬ ਅਤੇ ਅਫ਼ਗਾਨਿਸਤਾਨ ਦੀ ਯਾਤਰਾ ਲਈ ਜਾਣ ਦੀ ਤਿਆਰੀ ਕਰ ਰਿਹਾ ਸੀ ਤਾਂ ਇਸ ਨੂੰ ਉਸ ਦੇ ਨਾਲ ਲਾ ਦਿੱਤਾ ਗਿਆ। ਮੋਹਨ ਲਾਲ ਦੇ ਪਿਉ ਨੇ ਉਸ ਨੂੰ ਰੋਕਣ ਦਾ ਕਾਫ਼ੀ ਯਤਨ ਕੀਤਾ, ਅਫ਼ਗਾਨਿਸਤਾਨ ਦੇ ਖੂੰਖਾਰ ਕਬੀਲਿਆਂ ਅਤੇ ਗਰਮ ਸਿਆਸੀ ਹਾਲਾਤ ਬਾਰੇ ਦੱਸਦਿਆਂ ਡਰਾਇਆ, ਪਰ ਮੋਹਨ ਲਾਲ ਖ਼ਤਰਿਆਂ ਨਾਲ ਜੂਝਨ ਵਾਲਾ ਜਾਂਬਾਜ਼ ਅਤੇ ਖੁਲ੍ਹੇ ਸੁਭਾਅ ਦਾ ਆਦਮੀ ਸੀ-ਖੁਲ੍ਹੇ ਅਤੇ ਰੰਗੀਲੇ ਸੁਭਾਅ ਦਾ। ਭੇਸ ਬਦਲਣ ਅਤੇ ਖ਼ਬਰਾਂ ਇਕੱਠੀਆਂ ਕਰਨ 'ਚ ਖਾਸ਼ ਮਾਹਰ। ਸ਼ਾਮ ਸਿੰਘ ਦੇ ਇੱਥੋਂ ਦੇ ਕਿਲ੍ਹੇਦਾਰ ਬਣਨ ਤੋਂ ਪਹਿਲਾਂ ਵੀ ਉਹ ਇਕ ਵਾਰ ਸ਼ੁਜਾਹਬਾਦ ਆਇਆ ਸੀ-ਫਰੰਗੀਆਂ ਲਈ ਇਹ ਜਾਣਕਾਰੀ ਪ੍ਰਾਪਤ ਕਰਨ ਖ਼ਾਤਰ ਕਿ ਭਵਿੱਖ 'ਚ ਮੁਲਤਾਨ 'ਤੇ ਕਬਜ਼ਾ ਕਰਨ ਤੋਂ ਬਾਅਦ ਕਿਹੜੀਆਂ-ਕਿਹੜੀਆਂ ਵਸਤੂਆਂ ਉਹ ਸਿੰਧ ਰਾਹੀਂ ਆਪਣੇ ਜਹਾਜ਼ਾਂ ਚ ਇੰਗਲੈਂਡ ਭੇਜ ਸਕਦੇ ਹਨ। ਉਸ ਵੇਲੇ ਦੇ ਕਿਲ੍ਹੇਦਾਰ ਨੇ ਉਸ ਨੂੰ ਫਰੰਗੀਆਂ ਦਾ ਜਸੂਸ ਜਾਣਦਿਆਂ ਸ਼ਹਿਰ 'ਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਸੀ ਦਿੱਤੀ। ਪਰ ਉਹ 'ਜਮਾਂਦਾਰ' ਦਾ ਭੇਸ ਬਦਲ ਕੇ ਸ਼ਹਿਰ 'ਚ ਦਾਖ਼ਲ ਹੋਣ 'ਚ ਕਾਮਯਾਬ ਹੋ ਗਿਆ ਸੀ। ਆਪਣੇ ਸੁਨੱਖੇਪਨ, ਜ਼ਬਾਨ ਦੀ ਮਿਠਾਸ ਅਤੇ ਮਿਲਣਸਾਰ ਤਬੀਅਤ ਦਾ ਹੋਣ ਕਰਕੇ ਹਰ ਕਿਸੇ ਦਾ ਦਿਲ ਮੋਹ ਲੈਂਦਾ ਸੀ, ਖਾਸ ਕਰਕੇ ਔਰਤਾਂ ਦਾ ਹਰ ਇਲਾਕੇ 'ਚ ਇਸ ਦੀਆਂ ਬੀਵੀਆਂ ਜਾਂ ਰਖੇਲਾਂ ਸਨ-ਜਿੱਲੀ ਦੇ ਇਲਾਵਾ ਕਸ਼ਮੀਰ 'ਚ, ਲੁਧਿਆਣੇ, ਕਰਨਾਲ ਅਤੇ ਕਾਬੁਲ ਵਿੱਚ । ਅੱਜ ਤੋਂ ਤਿੰਨ ਕੁ ਸਾਲ ਪਹਿਲਾਂ ਹੀ ਜਦ ਕਾਬੁਲ ਉੱਤੇ ਕਬਜ਼ਾ ਜਮਾਈ ਫਰੰਗੀਆਂ ਦੀ ਫ਼ੌਜ ਨੂੰ ਅਫ਼ਗ਼ਾਨਾਂ ਨੇ ਨਸਾ ਦਿੱਤਾ ਅਤੇ ਪਸ਼ੌਰ ਵਲ ਨੱਸਦਿਆਂ ਦੱਰਾ ਖ਼ੈਬਰ 'ਚ ਸਾਰੇ ਦੇ ਸਾਰੇ ਮਾਰੇ ਗਏ ਤਾਂ ਉਨ੍ਹਾਂ ਵੀਹ ਹਜ਼ਾਰ ਬਦਕਿਸਮਤਾਂ 'ਚੋਂ ਸਿਰਫ਼ ਦੋ ਹੀ ਬਚ ਕੇ ਨਿਕਲ ਸਕੇ ਸਨ। ਇਕ ਫ਼ਰੰਗੀ ਡਾਕਟਰ ਅਤੇ ਇਕ ਇਹ ਮੋਹਨ ਲਾਲ।
"ਇਹ ਤੇ ਮੇਰੇ ਇਕ ਅਫ਼ਗਾਨ ਦੋਸਤ ਨਵਾਬ ਜ਼ਬਾਨ ਖਾਂ ਦੀ ਮਿਹਰਬਾਨੀ ਸੀ ਕਿ ਉਸ ਨੇ ਮੈਨੂੰ ਆਪਣੀ ਹਿਫਾਜ਼ਤ 'ਚ ਲੈ ਲਿਆ।" ਮੋਹਨ ਲਾਲ ਕਹਿਣ ਲੱਗਾ, ਤੁਹਾਨੂੰ ਯਾਦ ਹੋਵੇਗਾ ਕਿ ਹਾਲਾਤ ਕੁਝ ਸਾਜ਼ਗਾਰ ਹੋਣ ਤੋਂ ਬਾਅਦ ਮੈਂ ਦੱਰਾ ਬੌਲਾਨ ਵਲੋਂ ਹੋ ਕੇ ਇੱਥੇ ਆਇਆ ਸੀ।"
"ਯਾਦ ਕਿਉਂ ਨਹੀਂ।" ਸ਼ਾਮ ਸਿੰਘ ਬੋਲਿਆ, "ਉਦੋਂ ਹੀ ਤੇ ਤੂੰ ਇਸ ਕਿਲ੍ਹੇ 'ਚ ਆ ਕੇ ਸ਼ਰਨ ਲਈ ਸੀ।"
ਮੋਹਨ ਲਾਲ ਕੁਝ ਦੇਰ ਚੱਪਚਾਪ ਬੈਠਾ ਉਨ੍ਹਾਂ ਦਿਨਾਂ ਬਾਰੇ ਸੋਚਦਾ ਰਿਹਾ। ਫੇਰ ਉਸ ਨੂੰ ਦਰਵਾਜ਼ੇ ਦੇ ਪਰਦੇ ਪਿੱਛਿਓਂ ਆਵਾਜ਼ ਆਈ:
"ਮੈਨੂੰ ਵੀ ਯਾਦ ਏ ਬਰਾਦਰ, ਉਦੋਂ ਤੁਸਾਂ ਮੇਰੇ ਲਈ ਕਸ਼ਮੀਰ ਦੀ ਸ਼ਾਲ ਲਿਆ ਕੇ ਦੇਣ ਦਾ ਵਾਅਦਾ ਕੀਤਾ ਸੀ।"
"ਖੂਬ ਯਾਦ ਏ ਹਮਸ਼ੀਰਾ। ਈਸ਼ਵਰ ਦੀ ਕਿਰਪਾ ਹੈ ਮੇਰੇ 'ਤੇ ਕਿ ਇਹ ਮੋਹਨ ਲਾਲ ਨਾ ਕਿਸੇ ਦਾ ਅਹਿਸਾਨ ਭੁੱਲਦਾ ਹੈ ਅਤੇ ਨਾ ਹੀ ਕਿਸੇ ਨਾਲ ਕੀਤੇ ਵਾਅਦੇ ਨੂੰ।“
ਆਪਣੇ ਕਿਸੇ ਦੋਸਤ ਜਾਂ ਜਾਣਕਾਰ ਦੀ ਪਤਨੀ ਨੂੰ ਖ਼ੁਸ਼ ਕਰਨ ਲਈ ਕਸ਼ਮੀਰੀ ਸ਼ਾਲ ਜਾਂ ਕੋਈ ਹੋਰ ਤੋਹਫੇ ਲਿਆ ਕੇ ਦੇਣਾ ਮੋਹਨ ਲਾਲ ਦੀ ਇਕ ਖ਼ਾਸ ਜੁਗਤ ਸੀ।
"ਤਾਂ ਫੇਰ ।" ਜ਼ੀਨਤ ਹੱਸਦਿਆਂ ਬੋਲੀ।
ਮੋਹਨ ਲਾਲ ਨੇ ਆਪਣੇ ਝੋਲੇ 'ਚੋਂ ਆਪਣੇ ਨਾਲ ਲਿਆਂਦੀ ਸ਼ਾਲ ਕੱਢ ਕੇ ਦੋਹਾਂ ਹੱਥਾਂ ਨਾਲ ਫੜ ਕੇ ਖੋਲ੍ਹ ਦਿੱਤੀ।
"ਵਾਹ! ਐਨੀ ਖੂਬਸੂਰਤ।" ਕਹਿ ਕੇ ਜ਼ੀਨਤ ਪਰਦੇ ਪਿੱਛਿਓਂ ਨਿਕਲੀ ਅਤੇ ਸ਼ਾਲ ਉਸ ਦੇ ਹੱਥੋਂ ਲੈ ਕੇ ਆਪਣੇ ਦੁਆਲੇ ਵੱਲ ਲਈ। "ਕਿੱਥੋਂ ਲੈ ਕੇ ਆਏ ? ਕਸ਼ਮੀਰ ਤੋਂ?”
"ਨਹੀਂ, ਇਹ ਈਰਾਨ ਦੀ ਬਣੀ ਹੋਈ ਹੈ।"
"ਇਸ ਵੇਲੇ ਕਿਸ ਪਾਸਿਓਂ ਆ ਰਹੇ ਹੋ ?" ਸ਼ਾਮ ਸਿੰਘ ਨੇ ਪੁੱਛਿਆ, "ਕੀ ਹਾਲੇ ਵੀ ਫ਼ਰੰਗੀਆਂ ਲਈ ਜਸੂਸੀ ਕਰ ਰਹੇ ਹੋ ?"
"ਨਹੀਂ, ਬਰਨ ਦੀ ਮੌਤ ਤੋਂ ਬਾਅਦ ਮੈਂ ਫਰੰਗੀਆਂ ਦੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਹੋਇਆ ਹੈ। ਪਰ ਕੁਝ ਜੁੰਮੇਵਾਰੀਆਂ ਤੋਂ ਪੂਰੀ ਤਰ੍ਹਾਂ ਮੁਕਤ ਵੀ ਨਹੀਂ ਹੋ ਸਕਿਆ।"
"ਹੁਣ ਕੀ?"
"ਹੁਣ ਇਹ ਕਿ ਫਰੰਗੀਆਂ ਦੇ ਅਫ਼ਗਾਨਿਸਤਾਨ 'ਚੋਂ ਭੱਜਣ ਦੇ ਦੌਰਾਨ ਇਕ ਫਰੰਗੀ ਅਫ਼ਸਰ ਦੀ ਬੀਵੀ ਕਾਬਲ 'ਚ ਗਾਇਬ ਹੋ ਗਈ ਸੀ, ਜਾਂ ਆਪ ਹੀ ਆਪਣੇ ਪਤੀ ਨੂੰ ਛੱਡ ਕੇ ਨੱਸ ਗਈ ਸੀ। ਹਾਲੇ ਵੀ ਅਫ਼ਗਾਨਿਸਤਾਨ 'ਚ ਮੇਰੇ ਦੋਸਤ ਅਤੇ ਖੈਰਖੁਆਹ ਬਥੇਰੇ ਹਨ। ਬਸ ਉਸ ਦਾ ਥੌਅ-ਪਤਾ ਲਾਉਣ ਗਿਆ ਸਾਂ ।"
"ਫੇਰ ਮਿਲ ਗਈ ?" ਜ਼ੀਨਤ ਨੇ ਪੁੱਛਿਆ।
"ਮਿਲੀ ਵੀ ਤੇ ਨਹੀਂ ਵੀ ਮਿਲੀ । ਉਹ 'ਕੂਚੀ' ਨਾਮ ਦੇ ਖਾਨਾ-ਬਦੋਸ਼ਾਂ ਨਾਲ ਰੂਸ ਵੱਲ ਭੱਜ ਗਈ।"
ਕੋਲ ਬੈਠੇ ਕੀਰਤ ਸਿੰਘ ਨੂੰ ਕੁਝ ਯਾਦ ਆਇਆ ਅਤੇ ਉਹ ਬੋਲਿਆ, "ਜੇ ਮੈਨੂੰ ਭੁਲੇਖਾ ਨਹੀਂ ਪੈਂਦਾ ਤਾਂ ਤੁਸੀਂ ਜਦ ਲਾਹੌਰ ਆਏ ਤਾਂ ਮੈਕਸਵੈਲ ਨਾਮ ਦੇ ਇਕ ਫਰੰਗੀ ਨੂੰ ਵੀ ਮਿਲੇ ਸੀ ?"
"ਹਾਂ, ਜ਼ਰੂਰ ਮਿਲਿਆ ਸੀ। ਬੜਾ ਵੱਖਰੇ ਕਿਸਮ ਦਾ ਆਦਮੀ ਹੈ । ਚਾਹੇ ਮੈਂ ਫਰੰਗੀਆਂ ਦੀ ਨੌਕਰੀ ਕਰਦਾ ਰਿਹਾ ਹਾਂ ਪਰ ਆਪਣੇ ਲੋਕਾਂ, ਆਪਣੀ ਜ਼ਮੀਨ ਨਾਲ ਕਦੀ ਗੱਦਾਰੀ ਨਹੀਂ ਕੀਤੀ। ਉਂਝ ਮੈਂ ਇਕ ਵਾਰੀ ਕਿਸੇ ਨੂੰ ਮਿਲ ਲਵਾਂ ਤਾਂ ਨਾ ਤੇ ਉਸ ਦਾ ਚਿਹਰਾ ਭੁੱਲਦਾ ਹਾਂ ਅਤੇ ਨਾ ਨਾਮ। ਤੁਹਾਡਾ ਨਾਮ ਕੀਰਤ ਸਿੰਘ ਹੀ ਹੈ ਨਾ ਅਤੇ ਤੁਸੀਂ ਮੈਕਸਵੈਲ ਦੇ ਦੋਸਤ ਹੋਇਆ ਕਰਦੇ ਸੀ। ਉਹ ਕਿੱਥੇ ਹੈ ਅੱਜਕਲ੍ਹ ?
"ਮੈਂ ਤੁਹਾਡੀ ਯਾਦਦਾਸ਼ਤ ਦੀ ਦਾਦ ਦੇਂਦਾ ਹਾਂ। ਉਹ ਮੈਕਸਵੈਲ ਵੀ ਇੱਥੇ ਨੇੜੇ ਤੇੜੇ ਹੀ ਹੈ, ਪਰ ਵਿਰੋਧੀ ਧਿਰ ਵਿੱਚ।"
"ਜੇ ਤਹਾਨੂੰ ਯਾਦ ਹੋਵੇ ਤਾਂ ਮੈਂ ਉਦੋਂ ਬਹੁਤ ਕੋਸ਼ਿਸ਼ ਕੀਤੀ ਸੀ ਮਹਾਰਾਜ ਰਣਜੀਤ ਸਿੰਘ ਨੂੰ ਮਿਲਣ ਦੀ।" ਮੋਹਨ ਲਾਲ ਬੋਲਿਆ। "ਪਰ ਡੋਗਰੇ ਵਜ਼ੀਰਾਂ ਦੀ ਮਰਜੀ ਬਿਨਾਂ ਤਾਂ ਉਸ ਨੂੰ ਕੁੱਤਾ, ਬਿੱਲੀ ਵੀ ਨਹੀਂ ਸਨ ਮਿਲ ਸਕਦੇ। ਫਰੰਗੀਆਂ ਦੁਆਰਾ ਜੋ ਪੰਜਾਬ 'ਚ ਅੱਜ ਹੋ ਰਿਹਾ ਹੈ, ਉਸ ਦੀਆਂ ਯੋਜਨਾਵਾਂ ਤਾਂ ਫਰੰਗੀਆਂ ਵਲੋਂ ਬਹੁਤ ਪਹਿਲਾਂ ਹੀ ਬਣ ਗਈਆਂ ਸਨ। ਅਸਲ 'ਚ ਮੈਂ ਮਹਾਰਾਜਾ ਨੂੰ ਮਿਲ ਕੇ ਇਸ ਬਾਰੇ ਚੇਤਾਵਨੀ ਦੇਣਾ ਚਾਹੁੰਦਾ ਸਾਂ।"
"ਇਹ ਤੇ ਸ਼ਾਇਦ ਨੌਂ ਦਸ ਵਰ੍ਹੇ ਪਹਿਲਾਂ ਦੀ ਗੱਲ ਹੈ", ਕੀਰਤ ਸਿੰਘ ਕਹਿਣ ਲੱਗਾ, “ਪਰ ਸੰਧੀ ਤਾਂ ਪਹਿਲਾਂ ਹੀ ਹੋ ਚੁੱਕੀ ਸੀ ਫਰੰਗੀਆਂ ਨਾਲ।”
"ਮੈਨੂੰ ਪੂਰਾ ਵਿਸ਼ਵਾਸ ਹੈ", ਮੋਹਨ ਲਾਲ ਕਹਿਣ ਲੱਗਾ, "ਜੇ ਮਹਾਰਾਜਾ ਸਮੇਂ ਸਿਰ ਮਰਾਠਿਆਂ, ਭਰਤਪੁਰ ਦੇ ਜੱਟਾਂ ਅਤੇ ਰੁਹੇਲਿਆਂ ਨਾਲ ਮਿਲ ਕੇ ਮੁਤਹਿੰਦਾ ਮੁਹਾਜ਼ ਬਣਾ ਲੈਂਦੇ ਤਾਂ ਇਨ੍ਹਾਂ ਸੰਯੁਕਤ ਤਾਕਤਾਂ ਸਾਹਮਣੇ ਫ਼ਰੰਗੀ ਖੜੇ ਨਹੀਂ ਸਨ ਹੋ ਸਕਦੇ।"
"ਇਤਿਹਾਸ 'ਚ ਐਸੇ ਮਹੱਤਵਪੂਰਨ ਪਲ ਵੀ ਆਉਂਦੇ ਹਨ ਜਦੋਂ ਬਹੁਤ ਹਿੰਮਤ ਅਤੇ ਦਾਨਸ਼ਵਰੀ ਦੀ ਲੋੜ ਹੁੰਦੀ ਹੈ ਅਤੇ ਫੌਰਨ ਫ਼ੈਸਲਾ ਲੈ ਲੈਣ ਦੀ । ਜੇ ਉਹ ਪਲ ਖੁੰਝ ਜਾਵੇ ਤਾਂ ਬੱਸ... !" ਸ਼ਾਮ ਸਿੰਘ ਨੇ ਆਖਿਆ। "ਪਰ ਇਹ ਕੁਝ ਤਾਂ ਅਸੀਂ ਇਸ ਵੇਲੇ ਇੱਥੇ ਬੈਠ ਕੇ ਕਹਿ ਰਹੇ ਹਾਂ। ਉਸ ਵੇਲੇ ਮਹਾਰਾਜ ਦੀ ਕੀ ਮਨੋਦਸ਼ਾ ਸੀ ? ਉਨ੍ਹਾਂ ਨੂੰ ਮਸ਼ਵਰਾ ਦੇਣ ਵਾਲੇ ਕੌਣ ਸਨ ਅਤੇ ਕਿਨ੍ਹਾਂ ਹਾਲਤਾਂ 'ਚ ਉਨ੍ਹਾਂ ਨੇ ਇਹ ਫੈਸਲਾ ਲਿਆ, ਅਸੀਂ ਕੀ ਕਹਿ ਸਕਦੇ ਹਾਂ ?"
"ਇਹ ਵੀ ਠੀਕ ਏ।" ਜੋ ਕੁਝ ਉਨ੍ਹਾਂ ਦੇ ਵਸ ਵਿੱਚ ਸੀ ਉਨ੍ਹਾਂ ਕੀਤਾ।" ਫੇਰ ਆਪਣੀ ਗੱਲ ਜਾਰੀ ਰੱਖਦਿਆਂ ਮੋਹਨ ਲਾਲ ਬੋਲਿਆ :
"ਇਹ ਹਿੰਦੋਸਤਾਨ ਦਾ ਸ਼ਾਇਦ ਪਹਿਲਾ ਬਾਦਸ਼ਾਹ ਸੀ, ਜਿਸ ਨੇ ਧਰਮ ਅਤੇ ਰਾਜਨੀਤੀ ਨੂੰ ਵੱਖਰਿਆਂ ਕੀਤਾ ਅਤੇ ਹਰ ਧਰਮ ਅਤੇ ਵਰਗ ਦੀ ਭਲਾਈ ਨੂੰ ਧਿਆਨ 'ਚ ਰੱਖਿਆ। ਰਣਜੀਤ ਸਿੰਘ ਦੇ ਇਨਸਾਫ਼ ਦੀਆਂ ਉਦਾਹਰਨਾਂ ਵੀ ਅਣਗਿਣਤ ਹਨ।"
ਸਾਰੇ ਹਿੰਦੋਸਤਾਨ 'ਚ ਐਨੇ ਰਾਜਾ, ਨਵਾਬ, ਸੁਲਤਾਨ ਹਨ", ਸ਼ਾਮ ਸਿੰਘ ਨੇ ਵੀ ਆਪਣੀ ਗੱਲ ਜੋੜਦਿਆਂ ਆਖਿਆ, "ਪਰ ਇਹ ਪਹਿਲੇ ਹਾਕਮ ਸਨ, ਜਿਨ੍ਹਾਂ ਫਰੰਗੀ ਫੌਜ ਦੇ ਢੰਗ ਨਾਲ ਆਪਣੀ ਫੌਜ ਜੀ ਬਣਤਰ ਕੀਤੀ। ਮਹਾਰਾਜਾ ਦੀ ਫ਼ੌਜ 'ਚ ਰਹਿ ਕੇ ਕਈ ਮਹਿੰਮਾਂ 'ਚ ਭਾਗ ਲੈਂਦਿਆਂ ਮੈਂ ਇਹ ਵੀ ਪ੍ਰਤੱਖ ਵੇਖਿਆ ਹੈ ਕਿ ਰਣਜੀਤ ਸਿੰਘ ਨਾ ਤੇ ਕਦੀ ਕਿਸੇ ਲੜਾਈ 'ਚ ਹਾਰਿਆ ਅਤੇ ਨਾ ਹੀ ਕਿਸੇ 'ਆਪਣੇ ਜਾਂ ਵਿਰੋਧੀ ਨੂੰ ਧੋਖਾ ਦੇਣ ਦਾ ਅਵਸਰ ਪਰਦਾਨ ਕੀਤਾ।"
"ਇਹ ਤੇ ਮੈਂ ਵੀ ਕਹਾਂਗਾ", ਮੋਹਨ ਲਾਲ ਕਹਿਣ ਲੱਗਾ, "ਜਿੰਨੇ ਚੰਗੇ ਇਹ ਨਾਜ਼ਿਮ, ਪ੍ਰਬੰਧਕ ਸਨ, ਉਨੇ ਹੀ ਚੰਗੇ ਫ਼ੌਜੀ ਸਿਪਾਹਸਾਲਾਰ । ਪਿਛਲੇ ਸੱਤ-ਅੱਠ ਸੌ ਵਰ੍ਹਿਆਂ ਵਿਚਕਾਰ ਸਾਡੀ ਧਰਤੀ ਦੇ ਸੈਂਕੜੇ ਬਾਦਸ਼ਾਹਾਂ, ਹੁਕਮਰਾਨਾਂ 'ਚੋਂ ਸਿਰਫ਼ ਮਹਾਰਾਜਾ ਰਣਜੀਤ ਸਿੰਘ ਹੀ ਸੀ, ਜਿਸ ਨੇ ਸਾਡੀ ਧਰਤੀ ਨੂੰ ਲੁੱਟਦੇ ਅਫ਼ਗਾਨਾਂ 'ਤੇ ਰੋਕ ਹੀ ਨਹੀਂ ਲਾਈ ਬਲਕਿ ਉਨ੍ਹਾਂ ਦੇ ਘਰ ਜਾ ਕੇ ਸਬਕ ਵੀ ਸਿਖਾਇਆ।"
"ਪਰ ਮਿਸਲਾਂ ਨੂੰ ...?" ਕੀਰਤ ਸਿੰਘ ਨੇ ਕਹਿਣਾ ਚਾਹਿਆ, "ਮਿਸਲਾਂ ਨਾਲ ਇਨ੍ਹਾਂ ਜੋ ਸਲੂਕ ਕੀਤਾ---?”
"ਇਹ, ਮੈਂ ਸੋਚਦਾ ਹਾਂ, ਇਨ੍ਹਾਂ ਦੀ ਲੋੜ ਵੀ ਸੀ ਅਤੇ ਮਜਬੂਰੀ ਵੀ ।" ਸ਼ਾਮ ਸਿੰਘ ਨੂੰ ਮਹਾਰਾਜੇ ਦੀ ਹਮਾਇਤ ਕਰਦਿਆਂ ਆਖਿਆ। "ਜੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੀ ਸਿਆਸਤ ਦੇ ਮੰਜ਼ਰ 'ਤੇ ਨਹੀਂ ਆਉਂਦਾ ਤਾਂ ਮੁਮਕਿਨ ਸੀ ਕਿ ਸਾਰੇ ਪੰਜਾਬ 'ਚ ਅਨੇਕਾਂ ਛੋਟੀਆਂ-ਛੋਟੀਆਂ ਸਿੱਖ ਰਿਆਸਤਾਂ ਬਣ ਜਾਂਦੀਆਂ, ਜਿਨ੍ਹਾਂ ਨੂੰ ਫ਼ਰੰਗੀ ਪਹਿਲੇ ਪੰਜ ਸੱਤ ਸਾਲਾਂ 'ਚ ਹੜਪ ਕਰ ਜਾਂਦੇ ।"
"ਜਾਂ ਆਪਸ 'ਚ ਲੜ ਕੇ ਆਪੇ ਹੀ ਖ਼ਤਮ ਹੋ ਜਾਂਦੇ ।" ਮੋਹਨ ਲਾਲ ਨੇ ਉਸ ਦੀ ਗੱਲ ਪੂਰੀ ਕਰਦਿਆਂ ਆਖਿਆ।
ਜਦ ਇਹ ਸਾਰੇ ਇਸ ਬਹਿਸ 'ਚ ਰੁਝੇ ਹੋਏ ਸਨ, ਜ਼ੀਨਤ ਨੇ ਰਸੋਈ 'ਚ ਜਾ ਕੇ ਸਾਰਿਆਂ ਲਈ ਖਾਣਾ ਬਣਾਉਣ ਦਾ ਆਦੇਸ਼ ਦੇ ਦਿੱਤਾ। ਜਦ ਹਨੇਰਾ ਪੈਣ ਤੋਂ ਬਾਅਦ ਦੀਵੇ ਜਗਿਆਂ ਕਾਫ਼ੀ ਦੇਰ ਹੋ ਗਈ ਤਾਂ ਉਸ ਨੇ ਆ ਕੇ ਆਖਿਆ:
“ਹੁਣ ਗੱਲਾਂ ਹੀ ਕਰਦੇ ਰਹੋਗੇ ਕਿ ਆਪਣੇ ਮਹਿਮਾਨ ਦੇ ਪੇਟ ਵੱਲ ਵੀ ਧਿਆਨ ਦੇਵੋਗੇ ?"
ਥਾਲੀਆਂ 'ਚ ਖਾਣਾ ਪਰੋਸ ਦਿੱਤਾ ਗਿਆ। ਚੌਂਕੀਆਂ 'ਤੇ ਬੈਠ ਕੇ ਖਾਣਾ ਖਾਂਦਿਆਂ ਸ਼ਾਮ ਸਿੰਘ ਨੇ ਪੁੱਛਿਆ :
"ਹੁਣ ਮੋਹਨ ਲਾਲ, ਇਨ੍ਹਾਂ ਫਰੰਗੀ ਅਫ਼ਸਰਾਂ, ਜਰਨੈਲਾਂ ਬਾਰੇ ਤੇਰੇ ਕੀ ਵਿਚਾਰ ਹਨ?" ਸ਼ਾਮ ਸਿੰਘ ਨੇ ਪੁੱਛਿਆ।
"ਸਿਵਾਏ ਜਾਨ ਲਾਰੈਂਸ, ਮਾਰਸ਼ਮੈਨ ਅਤੇ ਮੈਕਸਵੈਲ ਦੇ, ਹੋਰ ਕਿਸੇ ਨੂੰ ਪੰਜਾਬ ਨਾਲ ਕੋਈ ਹਮਦਰਦੀ ਨਹੀਂ। ਕਰਨਲ ਨੇਪੀਅਰ ਅਤੇ ਹਡਸਨ ਬਹੁਤ ਬਹਾਦਰ ਅਤੇ ਤਜਰਬੇਕਾਰ ਅਫ਼ਸਰ ਹਨ। ਇਨ੍ਹਾਂ ਦਾ ਸਿਪਾਹ-ਸਾਲਾਰ ਲਾਰਡ ਗਫ਼ ਡਰਪੋਕ ਅਤੇ ਘਟ ਸਿਆਣਾ ਹੈਥ ਅਤੇ ਇਨ੍ਹਾਂ ਦਾ ਨਵਾਂ ਆਇਆ ਗਵਰਨਰ ਲਾਰਡ ਡਲਹੌਜ਼ੀ ਸਭਤੋਂ ਜ਼ਿਆਦਾ ਘਟੀਆ ਅਤੇ ਖ਼ਤਰਨਾਕ ।"
ਤਿੰਨ ਦਿਨ ਆਰਾਮ ਕਰਨ ਤੋਂ ਬਾਅਦ ਜਦੋਂ ਮੇਹਨ ਲਾਲ ਜਾਣ ਲੱਗਾ ਤਾਂ ਸ਼ਾਮ ਸਿੰਘ ਨੇ ਪੁੱਛਿਆ:
"ਹੁਣ ਕੀ ਇਰਾਦਾ ਹੈ। ਫਰੰਗੀਆਂ ਦੀ ਮੁੜ ਨੌਕਰੀ ਜਾਂ... ?”
"ਨਹੀਂ, ਮੁੜ ਨੌਕਰੀ ਨਹੀਂ। ਚਾਹੇ ਅੰਗਰੇਜ਼ਾਂ ਨੇ ਜਾਤੀ ਤੌਰ 'ਤੇ ਮੈਨੂੰ ਬਹੁਤ ਇੱਜਤ ਮਾਣ ਬਖ਼ਸ਼ਿਆ ਪਰ ਆਪਣੇ ਆਪ ਨੂੰ ਖ਼ਤਰਿਆਂ 'ਚ ਪਾ ਕੇ ਅਤੇ ਪਸ਼ੌਰ ਤੋਂ ਈਰਾਨ ਤੱਕ ਦਾ ਸਫਰ ਕਰਦਿਆਂ ਜੋ ਕੰਮ ਮੈਂ ਕੀਤਾ, ਉਸ ਦਾ ਸਾਰਾ ਕਰੈਡਿਟ, ਮੇਰਾ ਮਤਲਬ ਹੈ ਸਾਰਾ ਸਿਹਰਾ ਅਲੈਗਜ਼ੈਂਡਰ ਬਰਨ ਦੇ ਸਿਰ। ਉਨ੍ਹਾਂ ਦੀਆਂ ਲਿਖਤਾਂ, ਰਿਕਾਰਡਾਂ 'ਚ ਮੈਂ ਸਿਰਫ਼ 'ਮੁੰਸ਼ੀ' ਮੋਹਨ ਲਾਲ।"
***
40
ਕੀਰਤ ਸਿੰਘ ਅਤੇ ਸ਼ਾਹ ਬਖ਼ਸ਼ ਰੋਜ ਦੀ ਤਰ੍ਹਾਂ ਕਿਲ੍ਹੇ ਦੀ ਕੰਧ 'ਤੇ ਬੈਠੇ ਇੱਧਰ-ਉੱਧਰ ਵੇਖ ਰਹੇ ਸਨ ਕਿ ਉਨ੍ਹਾਂ ਨੂੰ ਇਕ ਡੋਲੀ ਕਿਲ੍ਹੇ ਵੱਲ ਆਉਂਦੀ ਨਜ਼ਰ ਆਈ। ਡੋਲੀ ਨੂੰ ਦੋ ਕਹਾਰਾਂ ਨੇ ਚੁੱਕਿਆ ਹੋਇਆ ਅਤੇ ਪਠਾਣ ਦਿਸਦੇ ਦੋ ਅੰਗਰੱਖਿਅਕ ਡੋਲੀ ਦੇ ਨਾਲ-ਨਾਲ ਚੱਲ ਰਹੇ ਸਨ । ਡੋਲੀ ਕਿਲ੍ਹੇ ਦੇ ਵੱਡੇ ਦਰਵਾਜ਼ੇ ਸਾਹਮਣੇ ਆ ਕੇ ਰੁਕ ਗਈ। ਡੋਲੀ ਦਾ ਪਰਦਾ ਥੋੜ੍ਹਾ ਜਿਹਾ ਹਿੱਲਿਆ, ਕੁਝ ਖੁੱਲ੍ਹਿਆ ਅਤੇ ਉਨ੍ਹਾਂ ਨੂੰ ਲੱਗਿਆ ਜਿਵੇਂ ਡੋਲੀ 'ਚ ਬੈਠੇ ਕਿਸੇ ਨੇ ਦਰਵਾਜ਼ੇ 'ਤੇ ਖੜੇ ਪਹਿਰੇਦਾਰ ਨੂੰ ਕੁਝ ਆਖਿਆ ਹੈ।
ਕੁਝ ਦੇਰ ਬਾਅਦ ਪਹਿਰੇਦਾਰ ਉਨ੍ਹਾਂ ਕੋਲ ਨੱਸਾ-ਨੱਸਾ ਆਇਆ ਅਤੇ ਬੋਲਿਆ, "ਕੋਈ ਔਰਤ ਉੱਪਰ ਆ ਕੇ ਤੁਹਾਨੂੰ ਮਿਲਣਾ ਚਾਹੁੰਦੀ ਹੈ।"
"ਸਾਨੂੰ ਕਿ ਸਰਦਾਰ ਸ਼ਾਮ ਸਿੰਘ ਜੀ ਨੂੰ ?"
"ਸ਼ਾਮ ਸਿੰਘ ਜੀ ਨੂੰ ।"
"ਨਾਮ ਲਿਆ ਸੀ ਉਨ੍ਹਾਂ ਦਾ ?" ਕੀਰਤ ਸਿੰਘ ਨੇ ਪੁੱਛਿਆ।
"ਹਾਂ, ਨਾਮ ਲਿਆ ਸੀ।"
"ਉਨ੍ਹਾਂ ਨੂੰ ਸਤਿਕਾਰ ਸਹਿਤ ਉੱਪਰ ਲੈ ਆਓ, ਸ਼ਾਮ ਸਿੰਘ ਜੀ ਦੀ ਹਵੇਲੀ ਵਿੱਚ।"
ਕੀਰਤ ਸਿੰਘ ਅਤੇ ਸ਼ਾਹ ਬਖ਼ਸ਼ ਆਪਸ 'ਚ ਅਨੁਮਾਨ ਲਾਉਂਦਿਆਂ ਸ਼ਾਮ ਸਿੰਘ ਦੀ ਹਵੇਲੀ ਵੱਲ ਤੁਰ ਪਏ। ਕਿਉਂਕਿ ਆਉਣ ਵਾਲਾ ਮਹਿਮਾਨ ਕੋਈ ਔਰਤ ਸੀ, ਇਸ ਲਈ ਉਨ੍ਹਾਂ ਸ਼ਾਮ ਸਿੰਘ ਦੇ ਨਾਲ ਜੀਨਤ ਨੂੰ ਵੀ ਆਉਣ ਵਾਲੇ ਮਹਿਮਾਨ ਬਾਰੇ ਦੱਸ ਦਿੱਤਾ । ਕੀਰਤ ਸਿੰਘ ਅਤੇ ਸ਼ਾਹ ਬਖ਼ਸ਼ ਆਪਸ 'ਚ ਕਹਿ ਰਹੇ ਸਨ: ਹੋ ਸਕਦਾ ਹੈ ਕਿ ਇਹ ਜੀਨਤ ਦੀ ਕੋਈ ਰਿਸ਼ਤੇਦਾਰ ਹੋਵੇ।
ਕਹਾਰਾਂ ਨੇ ਆ ਕੇ ਡੋਲੀ ਨੂੰ ਸ਼ਾਮ ਸਿੰਘ ਦੇ ਬੂਹੇ ਅੱਗੇ ਰੱਖ ਦਿੱਤਾ। ਵਿੱਚੋਂ ਇਕ ਲੰਮੇ ਕੱਦ ਦੀ ਔਰਤ ਨਿਕਲੀ, ਜਿਸ ਨੇ ਆਪਣਾ ਚਿਹਰਾ ਆਪਣੇ ਕਾਲੇ ਰੰਗ ਦੇ
ਦੁਪੱਟੇ ਨਾਲ ਢਕਿਆ ਹੋਇਆ ਸੀ। ਸਿਰਫ ਮੋਟੀਆਂ-ਮੋਟੀਆਂ ਅੱਖਾਂ ਹੀ ਦਿਸ ਰਹੀਆਂ ਸਨ। ਉਸ ਦੇ ਹੱਥਾਂ ਤੋਂ ਪਤਾ ਲੱਗ ਰਿਹਾ ਸੀ ਕਿ ਉਹ ਇਕ ਬਹੁਤ ਗੋਰੀ ਚਿੱਟੀ ਔਰਤ ਹੈ।
ਜੀਨਤ ਨੇ ਉਤਸੁਕਤਾ ਭਰੀਆਂ ਨਜ਼ਰਾਂ ਨਾਲ ਉਸ ਵੱਲ ਤੱਕਿਆ ਅਤੇ ਉਸ ਦਾ ਹੱਥ ਫੜ ਕੇ ਅੰਦਰ ਲੈ ਗਈ। ਜੀਨਤ ਉਸ ਨੂੰ ਜਨਾਨ-ਖਾਨੇ 'ਚ ਲੈ ਕੇ ਜਾ ਰਹੀ ਜੀ ਕਿ ਉਹ ਰਸਤੇ 'ਚ ਬੈਠਕ 'ਚ ਹੀ ਰੁਕ ਗਈ ਅਤੇ ਬੋਲੀ :
"ਮੈਂ ਚਾਹੇ ਮੁਸਲਮਾਨ ਹਾਂ ਪਰ ਹੁਣ ਮੈਨੂੰ ਪਰਦੇ 'ਚ ਰਹਿਣ ਦੀ ਆਦਤ ਨਹੀਂ ਰਹੀ।“ ਕਹਿ ਕੇ ਉਸਨੇ ਸ਼ਾਮ ਸਿੰਘ, ਕੀਰਤ ਸਿੰਘ ਅਤੇ ਸ਼ਾਹ ਬਖਸ਼ ਵਲ ਤੱਕਿਆ। ਫੇਰ ਇਕ ਤਖ਼ਤਪੋਸ਼ ਵੱਲ ਵੇਖਦਿਆਂ ਬੋਲੀ, "ਕੀ ਮੈਂ ਇੱਥੇ ਬੈਠ ਸਕਦੀ ਹਾਂ।'' ਅਤੇ ਫੇਰ ਉਹ ਬਿਨਾਂ ਉਨ੍ਹਾਂ ਦੀ 'ਹਾਂ' ਦੀ ਉਡੀਕ ਕੀਤਿਆਂ ਤਖ਼ਤਪੋਸ਼ 'ਤੇ ਬੈਠ ਗਈ। ਉਨ੍ਹਾਂ ਨੂੰ ਆਪਣੇ ਵੱਲ ਉਤਸੁਕਤਾ ਭਰੀਆਂ ਅੱਖਾਂ ਨਾਲ ਤੱਕਦਿਆਂ ਵੇਖ ਕੇ ਉਹ ਬੋਲੀ:
"ਮੈਂ ਤੁਹਾਨੂੰ, ਉਤਸੁਕਤਾ 'ਚ ਬਹੁਤੀ ਦੇਰ ਨਹੀਂ ਰੱਖਣਾ ਚਾਹੁੰਦੀ। ਦਰਅਸਲ ਮੈਂ ਆਪਣੇ ਕਬੀਲੇ ਦੇ ਲੋਕਾਂ ਵੱਲ ਜਾ ਰਹੀ ਸੀ ਕਿ ਇਸ ਸ਼ਹਿਰ 'ਚ ਇਕ ਦੋ ਦਿਨ ਰੁਕਣ ਅਤੇ ਅਰਾਮ ਕਰਨ ਲਈ ਸ਼ਹਿਰ ਦੇ ਅੰਦਰ ਆ ਦਾਖ਼ਲ ਹੋਈ। ਜਦ ਪਤਾ ਲੱਗਾ ਕਿ ਇਸ ਸ਼ਹਿਰ ਦਾ ਨਾਮ ਸ਼ੁਜਾਹਬਾਦ ਹੈ ਅਤੇ ਇਸ ਕਿਲ੍ਹੇ ਦੇ ਕਿਲ੍ਹੇਦਾਰ ਦਾ ਨਾਂ ਸ਼ਾਮ ਸਿੰਘ ਤਾਂ ਮੈਂ ਕਿਲ੍ਹੇ 'ਚ ਆਉਣ ਦਾ ਹੌਸਲਾ ਕਰ ਲਿਆ।"
"ਸਾਰਾ ਰਸਤਾ ਇਕੱਲਿਆਂ ? ਸਾਰਾ ਪੰਜਾਬ ਇਸ ਵੇਲੇ ਧਾੜਵੀਆਂ ਨਾਲ ਭਰਿਆ ਹੋਇਆ ਹੈ।" ਸ਼ਾਮ ਸਿੰਘ ਨੇ ਉਸ ਵੱਲ ਤੱਕਦਿਆਂ ਆਖਿਆ।
"ਬਹੁਤ ਸਾਰਾ ਰਸਤਾ ਮੈਂ ਇਕ ਵੱਡੇ ਕਾਫਲੇ ਨਾਲ ਸਫਰ ਕਰਦਿਆਂ ਤੈਅ ਕੀਤਾ ਹੈ। ਬਸ ਕੱਲ੍ਹ ਹੀ, ਜਦੋਂ ਕਾਫ਼ਲਾ ਦੂਜੇ ਪਾਸੇ ਤੁਰਿਆ ਤਾਂ ਮੈਂ ਉਨ੍ਹਾਂ ਤੋਂ ਵੱਖਰੀ ਹੋ ਕੇ ਇਸ ਪਾਸੇ ਆ ਗਈ।"
ਸ਼ਾਮ ਸਿੰਘ ਨੇ ਵੇਖਿਆ ਕਿ ਇਹ ਅਠੱਤੀ ਚਾਲੀ ਵਰ੍ਹਿਆਂ ਦੀ ਇਕ ਬਹੁਤ ਖੂਬਸੂਰਤ ਔਰਤ ਸੀ। ਇਸ ਦਾ ਪਹਿਰਾਵਾ ਬਹੁਤ ਸਧਾਰਨ, ਸੁਫਿਆਨਾ ਪਰ ਗਰੀਬਾਂ ਵਾਲਾ ਵੀ ਨਹੀਂ ਸੀ। ਮੁੱਖ 'ਤੇ ਕੋਮਲਤਾ ਅਤੇ ਔਖਾਂ 'ਚ ਕਰੁਣਾ ਸੀ, ਜੋ ਕਿਸੇ ਮਨੁੱਖ ਨੂੰ ਬਹੁਤ ਸੁੱਖ-ਦੁੱਖ 'ਚੋਂ ਨਿਕਲਣ ਅਤੇ ਘਾਲਣਾ ਕਰਨ ਤੋਂ ਬਾਅਦ ਪ੍ਰਾਪਤ ਹੁੰਦੀ ਹੈ। "ਕੀ ਤੁਸੀਂ ਮੈਨੂੰ ਜਾਣਦੇ ਹੋ ?" ਸ਼ਾਮ ਸਿੰਘ ਨੇ ਪੁੱਛਿਆ।
"ਜਾਣਦੇ ਤੁਸੀਂ ਵੀ ਮੈਨੂੰ ਹੋਵੋਂਗੇ ਪਰ ਇਸ ਤਰ੍ਹਾਂ ਆਹਮੋ-ਸਾਹਮਣੇ ਬੈਠਣ ਜਾਂ ਗੱਲਾਂ ਕਰਨ ਦਾ ਮੌਕਾ ਇਸ ਤੋਂ ਪਹਿਲਾਂ ਕਦੇ ਨਹੀਂ ਮਿਲਿਆ ।"
"ਅੱਛਾ।" ਸ਼ਾਮ ਸਿੰਘ ਕੁਝ ਹੈਰਾਨ ਹੁੰਦਿਆਂ ਬੋਲਿਆ।
"ਕੀ ਜੀਨਤ ਨਾਮ ਦੀ ਔਰਤ ਹਾਲੇ ਵੀ ਤੁਹਾਡੇ ਕੋਲ ਹੈ ?" ਉਸ ਨੇ ਪੁੱਛਿਆ।
"ਹਾਂ, ਪਰ ਤੁਹਾਨੂੰ ਕਿਵੇਂ ਪਤਾ?"
"ਜਦੋਂ ਤੁਸੀਂ ਇਸ ਨੂੰ ਮਹਾਰਾਜਾ ਤੋਂ ਮੰਗ ਕੇ ਲੈ ਗਏ ਤਾਂ ਇਸ ਦੀ ਚਰਚਾ ਕਈ ਦਿਨਾਂ ਤੱਕ ਮਹਾਰਾਜੇ ਦੀ ਹਰਮ 'ਚ ਹੁੰਦੀ ਰਹੀ ਸੀ।"
ਸ਼ਾਮ ਸਿੰਘ ਦੀ ਉਤਸੁਕਤਾ ਵਧਦੀ ਜਾ ਰਹੀ ਸੀ। "ਪਰ ਤੁਸੀਂ ?"
"ਮੇਰਾ ਨਾਮ ਗੁਲਬਾਨੋ ਹੈ, ਮਹਾਰਾਜਾ ਰਣਜੀਤ ਸਿੰਘ ਦੀ ਬੇਗਮ ਗੁਲਬਾਨੋ।“
ਗੁਲਬਾਨੋ ਦਾ ਬਾਪ 'ਨਸੀਰੀ' ਕਬੀਲੇ ਦਾ ਸਰਦਾਰ ਸੀ ਜੋ ਕੋਹ-ਸੁਲੇਮਾਨ ਦੀਆਂ ਚਰਾਗਾਹਾਂ 'ਤੇ ਕਮਾਲ ਖ਼ਾਂ ਦੇ ਨਾਮ ਨਾਲ ਜਾਣਿਆ ਜਾਂਦਾ ਸੀ । ਉਸ ਦੀ ਮਾਂ ਕੌਣ ਸੀ ? ਉਸ ਨੂੰ ਆਪ ਨਹੀਂ ਸੀ ਪਤਾ। ਉਸ ਨੇ ਸੁਣਿਆ ਸੀ ਕਿ ਉਹ ਇਸ ਕਬੀਲੇ ਦੀ ਕਿਸੇ ਕਦੀਮੀ ਅਤੇ ਭੇਦ ਭਰੀ ਰਸਮ ਦੀ ਪੈਦਾਵਾਰ ਹੈ : ਕਬੀਲੇ ਦੇ ਲੋਕ ਕਿਸੇ ਖ਼ਾਸ ਦਿਨ ਕਿਸੇ ਖੂਫੀਆ ਗੁਫ਼ਾ ਵਿੱਚ ਜਾਂਦੇ ਅਤੇ ਸਾਰੇ ਚਰਾਗ ਬੁਝਾ, ਸਾਰੇ ਕੱਪੜੇ ਉਤਾਰ, ਤੀਵੀਆਂ ਨਾਲ ਨਾ ਬਿਆਨ ਕੀਤੀਆਂ ਜਾਣ ਵਾਲੀਆਂ ਹਰਕਤਾਂ ਕਰਦੇ। ਇਸ ਰਸਮ ਨੂੰ ਚਰਾਗ-ਗੁਲ ਵੀ ਕਿਹਾ ਜਾਂਦਾ ਸੀ। ਇਸੇ ਕਾਰਨ ਉਸ ਦਾ ਨਾਮ ਮਤਰੇਈਆਂ ਮਾਵਾਂ ਨੇ ਚਰਾਗ-ਗੁਲ ਰੱਖਿਆ ਜੋ ਬਾਅਦ ਵਿੱਚ ਗੁਲਬਾਨੋ ਅਤੇ ਫੇਰ ਗੁਲਬੈਗਮ ਬਣਿਆ।
ਗੁਲਬਾਨੋ ਆਪਣੇ ਬਾਪ ਕੋਲ ਕਿਵੇਂ ਪਹੁੰਚ ਗਈ ? ਇਸ ਬਾਰੇ ਕਿਹਾ ਜਾਂਦਾ ਸੀ ਕਿ ਇਕ ਦਿਨ ਇਕ ਸਿਆਹ-ਪੋਸ਼ ਔਰਤ ਆਈ ਅਤੇ ਇਕ ਛੋਟੀ ਜਿਹੀ ਬੱਚੀ ਨੂੰ ਕਮਾਲ ਖ਼ਾਂ ਦੇ ਸਾਹਮਣੇ ਰੱਖ ਕੇ ਚਲੀ ਗਈ। ਉਸ ਨੇ ਆਪਣੇ ਬਾਪ ਦੇ ਤੰਬੂਆਂ ਵਿੱਚ ਰਹਿੰਦਿਆਂ ਚਾਰ ਬੀਵੀਆਂ 'ਚੋਂ 'ਮਾਂ' ਕਰਕੇ ਕਿਸੇ ਨੂੰ ਨਹੀਂ ਸੀ ਜਾਣਿਆ। ਨਾ ਹੀ ਮਾਂ ਵਾਲਾ ਪਿਆਰ ਉਸ ਨੂੰ ਕਿਸੇ ਤੋਂ ਮਿਲਿਆ। ਉਸ ਨੂੰ ਚਰਾਂਦਾਂ ’ਤੇ ਗਾਉਂਦਿਆਂ ਵੇਖ ਕੇ ਉਸ ਦੀਆਂ ਮਾਵਾਂ ਮੂੰਹ ਬਣਾ ਕੇ ਕਹਿੰਦੀਆਂ ਜ਼ਰੂਰ ਕਿਸੇ ਕੰਜਰੀ ਦੀ ਕੁੱਖ 'ਚੋਂ ਪੈਦਾ ਹੋਈ ਹੋਵੇਗੀ। ਉਹ ਤੀਵੀਆਂ ਗੁਲਬਾਨੋ ਨੂੰ ਭਾਂਤ-ਭਾਂਤ ਦੇ ਤਰੀਕਿਆਂ ਨਾਲ ਤੁੱਖਣੇ ਦੇਂਦੀਆਂ ਅਤੇ ਸਾਰਾ ਦਿਨ ਉਸ ਤੋਂ ਕੰਮ ਕਰਾਉਂਦੀਆਂ ਰਹਿੰਦੀਆਂ।
ਇਨ੍ਹਾਂ ਸਾਰੀਆਂ ਸਥਿਤੀਆਂ ਅਤੇ ਵਾਤਾਵਰਨ ਦੇ ਬਾਵਜੂਦ ਉਸ ਦੀਆਂ ਮਾਵਾਂ ਉਸ ਦੇ ਮਨੋਬਲ ਨੂੰ ਨਹੀਂ ਤੋੜ ਸਕੀਆਂ। ਸੋਲਾਂ ਸਤਾਰਾਂ ਸਾਲ ਦੀ ਉੱਮਰ 'ਚ ਪਹੁੰਚਣ ਤੱਕ ਉਹ ਇਕ ਲੰਮੀ, ਸੁਡੋਲ ਅਤੇ ਨਿਪੁੰਨ ਘੋੜ ਸਵਾਰ ਹੋ ਗਈ ਸੀ।
ਭੇਡੂ ਅਤੇ ਘੋੜੇ ਪਾਲਣਾ ਤੇ ਜਾਂ ਫੇਰ ਲੁੱਟ ਮਾਰ ਕਰਨਾ ਦੋ ਹੀ ਪੇਸ਼ੇ ਚਲੇ ਆਏ ਸਨ. ਕਈ ਸੌ ਸਾਲ ਤੋਂ, ਇਸ ਕਬੀਲੇ ਦੇ। ਚਾਹੇ ਉਹ ਨਾਦਰਸ਼ਾਹ ਹੋਵੇ, ਚਾਹੇ ਅਹਿਮਦ ਸ਼ਾਹ ਅਬਦਾਲੀ ਅਤੇ ਚਾਹੇ ਤੈਮੂਰ ਲੰਗ, ਇਹ ਲੋਕ ਇਨ੍ਹਾਂ ਨਾਲ ਤੁਰ ਪੈਂਦੇ ਅਤੇ ਦਿੱਲੀ-ਪੰਜਾਬ 'ਚ ਲੁੱਟ ਮਾਰ ਕਰਕੇ ਆਪਣੇ ਖੇਮਿਆਂ 'ਚ ਪਰਤ ਆਉਂਦੇ। ਪਰ ਜਦ ਅਖੀਰਲੇ ਹਮਲਿਆਂ ਵੇਲੇ ਦਿੱਲੀ ਲੁੱਟ ਕੇ ਪਰਤ ਰਹੇ ਅਬਦਾਲੀ ਨੂੰ ਸਿੱਖਾਂ ਨੇ ਲੁੱਟਣਾ ਸ਼ੁਰੂ ਕਰ ਦਿੱਤਾ ਤਾਂ ਇਨ੍ਹਾਂ ਦੀ ਲੁੱਟ ਮਾਰ ਦਾ ਸਿਲਸਿਲਾ ਵੀ ਬੰਦ ਹੋ ਗਿਆ।
ਪੰਜਾਬ 'ਚ ਸਿੱਖਾਂ ਦਾ ਰਾਜ ਆ ਗਿਆ। ਫੇਰ ਇਹ ਲਾਹੌਰ ਸਰਕਾਰ ਨੂੰ ਲਗਾਨ ਦੇਂਦੇ, ਘੋੜੇ ਮੁਹੱਈਆ ਕਰਦੇ ਅਤੇ ਸਮੇਂ-ਸਮੇਂ ਫ਼ੌਜੀ ਸਹਾਇਤਾ ਦੇਣ ਦੇ ਵੀ ਪਾਬੰਦ ਸਨ।
ਇਕ ਦਿਨ ਲਾਹੌਰ ਸਰਕਾਰ ਦਾ ਪੈਗਾਮ ਆਇਆ ਕਿ ਸਿੱਖ ਫ਼ੌਜਾਂ ਯੂਸਫ਼ ਯਈ ਪਠਾਣਾਂ ਨੂੰ ਸਬਕ ਸਿਖਾਉਣ ਲਈ ਤੁਰ ਪਈਆਂ ਹਨ। ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਕਿ ਉਹ ਅਫ਼ਰੀਦੀ ਪਠਾਣਾਂ ਨੂੰ ਯੂਸਫ਼-ਯਈ ਪਠਾਣਾਂ ਨਾਲ ਮਿਲਣ ਤੋਂ
ਰੋਕਣ। ਇਸ ਹੁਕਮ ਅਨੁਸਾਰ ਕਮਾਲ ਖਾਂ ਨੇ ਅਫਰੀਦੀ ਪਠਾਣਾਂ 'ਤੇ ਅਚਾਨਕ ਹਮਲਾ ਕਰ ਦਿੱਤਾ। ਬਹੁਤ ਸਾਰੇ ਅਫਰੀਦੀ ਮਾਰੇ ਗਏ ਜਾਂ ਭੱਜ ਗਏ। ਅਫਰੀਦੀ ਸਰਦਾਰ ਦਾ ਪੁੱਤ੍ਰ ਮਾਰਿਆ ਗਿਆ ਅਤੇ ਉਸ ਦੀ ਬੇ-ਮਸਾਲ ਅਰਬੀ ਘੋੜੀ ਨੂੰ ਕਮਾਲ ਖ਼ਾਂ ਆਪਣੇ ਖੇਮਿਆਂ 'ਚ ਲੈ ਆਇਆ।
ਇਸ 'ਸਫੈਦ ਪਰੀ' ਨਾਮ ਦੀ ਮਸ਼ਹੂਰ ਘੋੜੀ ਨੂੰ ਹਾਸਲ ਕਰਕੇ ਕਮਾਲ ਖਾਂ ਬਹੁਤ ਖੁਸ਼ ਸੀ-ਕਿਸਮਤ ਦੇ ਉਸ ਹੇਰ ਫੇਰ ਤੋਂ ਬੇਖ਼ਬਰ, ਜਿਸ ਨੇ ਕਮਾਲ ਖਾਂ ਨੂੰ ਬਰਬਾਦ ਕਰਨਾ ਅਤੇ ਚਰਾਗ ਗੁਲ ਉਰਫ਼ ਗੁਲਬਾਨੋ ਨੂੰ ਲਾਹੌਰ ਪੁਚਾ ਦੇਣਾ ਸੀ।
ਇਹ ਘੋੜੀ ਕੀ ਸੀ, ਅਸਮਾਨ ਤੋਂ ਉੱਤਰੀ ਜਿਵੇਂ ਕੋਈ ਹੂਰ। ਚਿੱਟਾ ਦੁੱਧ ਰੰਗ, ਸੁਡੋਲ, ਉੱਚੀ ਕਾਠੀ, ਜਦੋਂ ਦੌੜਦੀ ਤਾਂ ਪੈਰ ਧਰਤੀ 'ਤੇ ਲੱਗਦੇ ਨਜ਼ਰ ਨਾ ਆਉਂਦੇ। ਉਸ ਦੀ ਗਰਦਨ ਦੇ ਰੇਸ਼ਮ ਜਿਹੇ ਵਾਲ ਸਮੁੰਦਰ ਦੀਆਂ ਲਹਿਰਾਂ ਵਾਂਗ ਹਵਾ 'ਚ ਲਹਿਰਾਉਣ ਲੱਗਦੇ ਅਤੇ ਸਿਰ ਇਸ ਤਰ੍ਹਾਂ ਨਾਲ ਉੱਪਰ ਚੁੱਕਿਆ ਹੁੰਦਾ ਜਿਵੇਂ ਉਸ ਨੂੰ ਆਪਣੇ ਹੁਸਨ 'ਤੇ ਬਹੁਤ ਫ਼ਖ਼ਰ ਹੋਵੇ।
ਇਕ ਦਿਨ ਜਦ ਗੁਲਬਾਨੋ ਇਕ ਝਰਨੇ ਕੱਢੇ ਕੱਪੜੇ ਧੋ ਰਹੀ ਸੀ ਤਾਂ ਉਸ ਨੇ ਕੁਝ ਸਿੱਖ ਸਿਪਾਹੀਆਂ ਨੂੰ ਆਪਣੇ ਖੇਮਿਆਂ ਵੱਲ ਆਉਂਦਿਆਂ ਤੱਕਿਆ। ਉਸ ਨੇ ਦੌੜ ਕੇ ਆਪਣੇ ਬਾਪ ਨੂੰ ਜਾ ਖ਼ਬਰ ਕੀਤੀ। ਕਮਾਲ ਖ਼ਾਂ ਸਮਝ ਗਿਆ ਕਿ ਜ਼ਰੂਰ ਮਹਾਰਾਜਾ ਰਣਜੀਤ ਸਿੰਘ ਨੂੰ 'ਸਫ਼ੈਦ ਪਰੀ' ਬਾਰੇ ਖ਼ਬਰ ਮਿਲ ਗਈ ਹੈ। ਉਸ ਨੇ ਉਸੇ ਵੇਲੇ ਆਪਣੇ ਪੁੱਤਰ ਨੂੰ ਬੁਲਾਇਆ ਅਤੇ ਸਫ਼ੈਦ ਪਰੀ ਨੂੰ ਉਸ ਨਾਲ ਕੋਹ-ਸੁਲੇਮਾਨ ਦੀਆਂ ਪਹਾੜੀਆਂ ਦੇ ਦੂਜੇ ਪਾਸੇ ਭੇਜ ਦਿੱਤਾ।
ਮਹਾਰਾਜੇ ਦੇ ਘੋੜਿਆਂ ਦਾ ਦਰੋਗਾ 'ਖ਼ੁਦਾ ਬਖ਼ਸ਼' ਜਦ ਉਨ੍ਹਾਂ ਦੇ ਖੇਮਿਆਂ 'ਚ ਪਹੁੰਚਿਆ ਤਾਂ ਕਮਾਲ ਖ਼ਾਂ ਨੇ ਬੜੇ ਤਪਾਕ ਨਾਲ ਉਨ੍ਹਾਂ ਦਾ ਖ਼ੈਰ-ਮਕਦਮ ਕੀਤਾ। ਸਾਰਿਆਂ ਨੂੰ ਇਕ ਵੱਡੇ ਤੰਬੂ 'ਚ ਬਿਠਾਇਆ ਅਤੇ ਉਨ੍ਹਾਂ ਲਈ ਦੋ ਦੁੰਬੇ ਕੱਟ ਕੇ ਪਕਾਏ ਗਏ।
"ਤੁਸੀਂ ਸਾਡੇ ਡੇਰੇ 'ਤੇ ਆਏ । ਸਾਨੂੰ ਖ਼ੁਸ਼ੀ ਅਤੇ ਇੱਜ਼ਤ ਬਖ਼ਸ਼ੀ ।" ਕਮਾਲ ਖ਼ਾਂ ਬੋਲਿਆ।
"ਮੈਨੂੰ ਵੀ ਬਹੁਤ ਖ਼ੁਸ਼ੀ ਹੈ,” ਖ਼ੁਦਾ ਬਖ਼ਸ਼ ਨੇ ਕਿਹਾ। "ਅਸੀਂ ਖ਼ੁਦਾ ਦੀ ਮਿਹਰ ਨਾਲ ਬੜੇ ਦਿਨਾਂ ਬਾਅਦ ਮਿਲੇ ਹਾਂ...।" ਇਸੇ ਤਰ੍ਹਾਂ ਦੀਆਂ ਰਸਮੀ ਗੱਲਾਂ ਬਾਤਾਂ ਤੋਂ ਬਾਅਦ ਖੁਦਾ ਬਖ਼ਸ਼ ਆਪਣੇ ਅਸਲੀ ਮੁੱਦੇ 'ਤੇ ਆਉਂਦਿਆਂ ਬੋਲਿਆ:
"ਦਰਅਸਲ ਗੱਲ ਇਹ ਹੈ ਕਿ ਜਿਨ੍ਹਾਂ ਅਫ਼ਰੀਦੀਆਂ 'ਤੇ ਹਮਲਾ ਕਰਕੇ ਤੁਸਾਂ ਹਰਾਇਆ, ਕੁਝ ਦਿਨ ਪਹਿਲਾਂ ਉਨ੍ਹਾਂ ਦਾ ਇਕ ਸਫ਼ਾਰਤਖ਼ਾਨਾ ਮਹਾਰਾਜੇ ਕੋਲ ਆਇਆ ਸੀ। ਉਨ੍ਹਾਂ ਦੇ ਸਰਦਾਰ ਸਮਦ ਖਾਂ ਨੇ ਆਖਿਆ ਕਿ ਉਸ ਨੂੰ ਆਪਣੇ ਪੁੱਤਰ ਦੇ ਲੜਾਈ 'ਚ ਹਲਾਕ ਹੋ ਜਾਣ ਦਾ ਅਫ਼ਸੋਸ ਤੇ ਹੈ ਹੀ ਪਰ ਜਿਸ ਘੋੜੀ 'ਤੇ ਉਹ ਸਵਾਰ ਸੀ ਉਸ ਨਾਯਾਬ ਘੋੜੀ 'ਸਫ਼ੈਦ ਪਰੀ' ਦੀ ਨਸਲ ਉਨ੍ਹਾਂ ਕੋਲ ਪੁਸ਼ਤਾਂ ਤੋਂ ਚਲੀ ਆ ਰਹੀ ਹੈ ਜਿਸ ਦਾ ਪਿਛੋਕੜ ਹਜ਼ਰਤ ਮੁਹੰਮਦ ਦੀ ਘੋੜੀ ਨਾਲ ਜਾ ਮਿਲਦਾ ਹੈ। ਸਮਦ ਖ਼ਾਂ ਨੇ ਇਹ ਵੀ ਆਖਿਆ ਕਿ ਜੇ ਸਰਕਾਰ ਉਸ ਦੀ ਉਹ ਘੋੜੀ ਵਾਪਸ ਕਰ ਦੇਣ ਤਾਂ ਉਸ ਦੇ
ਬਦਲੇ ਉਹ ਮਹਾਰਾਜ ਦੇ ਸਾਹਮਣੇ ਸੋਨੇ ਦੀਆਂ ਮੋਹਰਾਂ ਦਾ ਅੰਬਾਰ ਲਾ ਦੇਵੇਗਾ ।
ਫੇਰ ਖੁਦਾ ਬਖ਼ਸ਼ ਨੇ ਕਮਾਲ ਖਾਂ ਵੱਲ ਤੱਕਦਿਆਂ ਆਖਿਆ, “ਮੇਰੇ ਇੱਥੇ ਆਉਣ ਦਾ ਮਕਸਦ ਸਿਰਫ ਇੰਨਾ ਹੀ ਹੈ ਤਿ ਤੁਸੀਂ ਉਹ ਘੋੜੀ ਵਾਪਸ ਦੇ ਦੇਵੋ। ਸਮਦ ਖਾਂ ਦੇ ਮੂੰਹੋਂ ਉਸ ਘੋੜੀ ਦੀਆਂ ਇੰਨੀਆਂ ਸਿਫ਼ਤਾਂ ਸੁਣ ਕੇ ਸਰਕਾਰ ਦਾ ਦਿਲ ਉਸ ਘੋੜੀ ਤੇ ਆ ਗਿਆ ਹੈ।"
ਕਮਾਲ ਖ਼ਾਂ ਨੇ ਉਸ ਨੂੰ ਯਕੀਨ ਦਿਵਾਇਆ ਕਿ ਇਸ ਤਰ੍ਹਾਂ ਦੀ ਘੋੜੀ ਉਹ ਬਿਲਕਲ ਨਹੀਂ ਲੈ ਕੇ ਆਇਆ। ਚਾਹੇ ਤਾਂ ਉਹ ਉਨ੍ਹਾਂ ਦੀਆਂ ਚਰਾਂਦਾਂ ਵੇਖ ਸਕਦੇ ਹਨ। ਉਂਝ ਦਰੋਗਾ ਖ਼ੁਦਾ ਬਖ਼ਸ ਨੇ ਖੇਮਿਆਂ 'ਚ ਪਹੁੰਚਣ ਤੋਂ ਪਹਿਲਾਂ ਹੀ ਆਪਣੇ ਕੁਝ ਸਿੱਖ ਸਿਪਾਹੀ ਚਰਾਂਦਾਂ ਵੱਲ ਭੇਜ ਦਿੱਤੇ ਸਨ। ਉਨ੍ਹਾਂ ਵੀ ਆ ਕੇ ਦੱਸਿਆ ਕਿ ਉਨ੍ਹਾਂ ਉੱਥੇ ਕੋਈ ਸਫੈਦ ਰੰਗ ਦੀ ਘੋੜੀ ਨਹੀਂ ਵੇਖੀ। ਹੁਣ ਖ਼ੁਦਾ ਬਖ਼ਸ਼ ਬੋਲਿਆ:
'ਮਾਸ਼ਾ ਅੱਲਾ । ਇਹ ਇਕ ਬੜਾ ਸੰਜੀਦਾ ਮਸਲਾ ਹੈ । ਤੁਸੀਂ ਸਾਡੀਆਂ ਦਾਹੜੀਆ 'ਤੇ ਨਾ ਹੱਸੋ ਅਤੇ ਸਾਡਾ ਸਿਰ ਨੰਗਿਆਂ ਕਰਕੇ ਵਾਪਸ ਨਾ ਭੇਜੋ। ਮੈਂ ਸਰਕਾਰ ਨੂੰ ਜਾਕੇ ਕੀ ਮੂੰਹ ਵਿਖਾਵਾਂਗਾ?"
ਕਮਾਲ ਖਾਂ ਨੇ ਜਦ ਫੇਰ ਆਪਣੀ ਮਜਬੂਰੀ ਅਤੇ 'ਸਫੈਦ ਪਰੀ' ਦੇ ਓਥੇ ਨਾ ਹੋਣ ਸਾਰੇ ਗੱਲਾਂ ਕੀਤੀਆਂ ਤਾਂ ਖ਼ੁਦਾ ਬਖ਼ਸ਼ ਬੋਲਿਆ, "ਇਸ ਹਾਲਤ ਵਿੱਚ ਨਾ ਤੁਸੀਂ ਕੁਝ ਕਰ ਸਕਦੇ ਹੋ ਅਤੇ ਨਾ ਮੈਂ, ਅੱਗੇ ਖੁਦਾ ਜਾਣੇ ਜਾਂ ਲਾਹੌਰ ਸਰਕਾਰ।" ਉਸ ਦੇ ਬੋਲਾਂ ਵਿੱਚ ਨਾ-ਉਮੀਦੀ ਸੀ ਅਤੇ ਲੁਕੀ ਹੋਈ ਧਮਕੀ ਵੀ। ਖਾਣਾ-ਪੀਣਾ ਖ਼ਤਮ ਹੋਣ ਤੋਂ ਬਾਅਦ ਕਮਾਲ ਖ਼ਾਂ ਨੇ ਆਪਣੇ ਅੰਗਰਖੇ 'ਚੋਂ ਵੀਹ ਮੋਹਰਾਂ ਕੱਢ ਕੇ ਖ਼ੁਦਾ ਬਖ਼ਸ਼ ਦੇ ਸਾਹਮਣੇ ਰੱਖਦਿਆਂ ਕਿਹਾ, "ਮੇਰੇ ਪਾਸ ਇਕ ਵਧੀਆ ਸ਼ਿਕਾਰੀ ਕੁੱਤਾ ਹੈ ਅਤੇ ਹੀਰੇ ਜੜੀ ਇਕ ਖੁਰਾਸਾਨੀ ਤਲਵਾਰ। ਇਹ ਮੈਂ ਸਰਕਾਰ ਲਈ ਭੇਟ ਵਜੋਂ ਤੁਹਾਡੇ ਸਪੁਰਦ ਕਰਦਾ ਹਾਂ।"
"ਖ਼ੁਦਾ ਤੁਹਾਨੂੰ ਸਲਾਮਤ ਰੱਖੇ । ਪਰ ਇਹ ਕਾਫ਼ੀ ਨਹੀਂ," ਖ਼ੁਦਾ ਬਖ਼ਸ਼ ਬੋਲਿਆ, "ਸਰਕਾਰ ਨੂੰ ਇਸ ਨਾਲ ਤਸੱਲੀ ਨਹੀਂ ਹੋਵੇਗੀ। ਤੁਸੀਂ ਤਾਂ ਜਾਣਦੇ ਹੀ ਹੋ ਕਿ ਸਰਕਾਰ ਵਧੀਆ ਘੋੜਿਆਂ ਅਤੇ ਦਿਲਫਰੇਬ ਔਰਤਾਂ ਦੇ ਕਿੰਨੇ ਸ਼ੌਕੀਨ ਹਨ। 'ਸਫ਼ੈਦ ਪਰੀ' ਦੇ ਹਾਸਲ ਨਾ ਹੋਣ ਕਰਕੇ ਉਨ੍ਹਾਂ ਨੂੰ ਬਹੁਤ ਮਾਯੂਸੀ ਹੋਵੇਗੀ।
"ਬੇਸ਼ਕ, ਬੇਸ਼ਕ, ਤੁਹਾਡੀ ਗੱਲ ਸੁਣ ਕੇ ਮੈਨੂੰ ਇਕ ਫੁਰਨਾ ਫੁਰਿਆ ਹੈ। ਮੇਰੀ ਇਕ ਦੁਖ਼ਤਰ ਹੈ। ਮਹਾਰਾਜੇ ਦੀ ਮੋਰਾਂ ਤੋਂ ਵੀ ਵੱਧ ਖੂਬਸੂਰਤ । ਗਾਉਂਦੀ ਵੀ ਬਹੁਤ ਸੋਹਣਾ ਹੈ। ਉਸ ਨੂੰ ਵੇਖ ਕੇ ਸਰਕਾਰ ਸਭ ਕੁਝ ਭੁੱਲ ਜਾਣਗੇ।"
"ਆਫ਼ਰੀ, ਆਫ਼ਰੀ," ਖ਼ੁਦਾ ਬਖ਼ਸ਼ ਦੇ ਮੂੰਹੋਂ ਨਿਕਲਿਆ, "ਜੇ ਇਹ ਦੋਸ਼ੇਜਾ ਉਹੀ ਹੈ ਜਿਸ ਨੂੰ ਮੈਂ ਇਸ ਪਾਸੇ ਆਉਂਦਿਆਂ ਝਰਨੇ 'ਤੇ ਵੇਖਿਆ ਸੀ, ਤਾਂ ਮੈਨੂੰ ਯਕੀਨ ਹੈ ਕਿ ਸਰਕਾਰ ਤੋਂ ਮੇਰੀ ਜਾਨ ਬਖ਼ਸ਼ੀ ਹੋ ਜਾਵੇਗੀ।"
ਦਰਅਸਲ ਇਹ ਵੀ ਕਮਾਲ ਖ਼ਾਂ ਦੀਆਂ ਬੀਵੀਆਂ ਦੀ ਕਾਰਸਤਾਨੀ ਸੀ। ਉਹ ਗੁਲਬਾਨੋ ਨੂੰ ਕਿਸੇ ਨਾ ਕਿਸੇ ਤਰ੍ਹਾਂ ਇੱਥੋਂ ਕੱਢਣਾ ਚਾਹੁੰਦੀਆਂ ਸਨ। ਖ਼ੁਦਾ ਬਖ਼ਸ਼
ਸ਼ਿਕਾਰੀ ਕੁੱਤਾ ਅਤੇ ਤਲਵਾਰ ਤਾਂ ਲੈ ਗਿਆ ਪਰ ਗੁਲਬਾਨੋ ਨੂੰ ਉੱਥੇ ਹੀ ਛੱਡ ਗਿਆ। ਉਸ ਵੇਲੇ ਉਨ੍ਹਾਂ ਨੇ ਹੋਰ ਕਈ ਥਾਵਾਂ 'ਤੇ ਜਾਣਾ ਸੀ। ਕਮਾਲ ਖ਼ਾਂ ਨੇ ਯਕੀਨ ਦਿਵਾਇਆ ਕਿ ਇਸ ਹਾਲਤ ਵਿੱਚ ਉਹ ਆਪ ਗੁਲਬਾਨੋ ਨੂੰ ਲੈ ਕੇ ਲਾਹੌਰ ਸਰਕਾਰ ਕੋਲ ਹਾਜ਼ਰ ਹੋ ਜਾਵੇਗਾ।
ਖ਼ੁਦਾ ਬਖ਼ਸ਼ ਅਤੇ ਸਿੱਖ ਘੋੜ ਸਵਾਰਾਂ ਦੇ ਉਥੋਂ ਰਵਾਨਾ ਹੁੰਦਿਆਂ ਹੀ ਕਮਾਲ ਖਾਂ ਨੇ ਆਪਣੇ ਕਬੀਲੇ ਵਾਲਿਆਂ ਨੂੰ ਇਕੱਠਾ ਕਰਕੇ ਆਖਿਆ, "ਮੈਨੂੰ ਇਸ ਖੁਦਾ ਬਖ਼ਸ਼ 'ਤੇ ਬਿਲਕੁਲ ਯਕੀਨ ਨਹੀਂ। ਇਹ ਮਹਾਰਾਜਾ ਰਣਜੀਤ ਸਿੰਘ ਨੂੰ ਜਾ ਕੇ ਦੱਸੇਗਾ ਕਿ ਅਸਾਂ ਘੋੜੀ ਲੁਕਾ ਲਈ ਹੈ। ਸਰਕਾਰ ਨੂੰ ਪਤਾ ਲੱਗਦਿਆਂ ਹੀ ਉਹ ਆਪਣੀਆਂ ਸਿੱਖ ਫੌਜਾਂ ਇਸ ਪਾਸੇ ਭੇਜ ਦੇਣਗੇ। ਇਸ ਲਈ ਬਿਹਤਰ ਹੋਵੇਗਾ ਕਿ ਅਸੀਂ ਆਪਣੇ ਘੋੜਿਆ ਅਤੇ ਟੱਬਰਾਂ ਨੂੰ ਲੈ ਕੇ ਕਿਸੇ ਐਸੇ ਇਲਾਕੇ 'ਚ ਚਲੇ ਜਾਈਏ ਜਿੱਥੇ ਲਾਹੌਰ ਸਰਕਾਰ ਦਾ ਖਤਰਾ ਨਾ ਹੋਵੇ।"
"ਵੇਖੋ ਰੱਬ ਦਾ ਭਾਣਾ," ਇਕ ਬੁੱਢਾ ਬੋਲਿਆ, "ਕੁਝ ਵਰ੍ਹੇ ਪਹਿਲਾਂ ਜਿਨ੍ਹਾਂ ਨੂੰ ਅਸੀਂ ਲੁੱਟਦੇ ਸਾਂ ਅਤੇ ਜੋ ਸਾਡੇ ਨਾਮ ਤੋਂ ਥਰ-ਥਰ ਕੰਬਦੇ ਸਨ, ਅੱਜ ਉਹ ਸਿਰ 'ਤੇ ਪੱਗ ਬੰਨ੍ਹ ਅਤੇ ਦਾਹੜੀਆਂ ਰੱਖ ਕੇ ਸਾਡੇ ਲਈ ਹਊਆ ਬਣ ਗਏ ਹਨ.... ।"
"ਮੈਂ ਸੁਣਿਆ ਹੈ ਕਿ ਦੋ ਸੱਯਦ ਭਰਾ 'ਹਿੰਦੋਸਤਾਨ' ਤੋਂ ਭਾਰੀ ਫ਼ੌਜ ਲੈ ਕੇ 'ਘੋਲਯੱਈ ਕਬੀਲੇ ਵਾਲਿਆਂ' ਕੋਲ ਆਏ ਹੋਏ ਹਨ, ਇਨ੍ਹਾਂ ਸਿੱਖਾਂ ਦੀ ਹਕੂਮਤ ਖ਼ਤਮ ਕਰਕੇ ਮੁੜ ਇਸਲਾਮ ਦਾ ਝੰਡਾ ਪੰਜਾਬ 'ਚ ਝੁਲਾਉਣ ਦੇ ਮਕਸਦ ਨਾਲ ।" ਇਕ ਨੌਜਵਾਨ ਬੋਲਿਆ।
"ਤੂੰ ਬਿਲਕੁਲ ਦਰੁਸਤ ਆਖਿਆ। ਮੈਂ ਵੀ ਮਨਕੇੜੇ ਜਾਣ ਦੀ ਸੋਚ ਰਿਹਾ ਸਾਂ, ਹਾਫਜ਼ ਅਲੀ ਬੇਗ ਕੋਲ ।" ਕਮਾਲ ਖ਼ਾਂ ਨੇ ਉਨ੍ਹਾਂ ਸਾਰਿਆਂ ਵੱਲ ਤੱਕਦਿਆਂ ਆਖਿਆ।
ਉਸੇ ਵੇਲੇ ਕਿਤੇ ਲੁਕਾ ਕੇ ਰੱਖੀ ਹੋਈ 'ਸਫੈਦ ਪਰੀ' ਨੂੰ ਵੀ ਵਾਪਸ ਲਿਆਂਦਾ ਗਿਆ। ਉਨ੍ਹਾਂ ਆਪਣੇ ਤੰਬੂ ਉਖਾੜੇ, ਘੋੜਿਆਂ 'ਤੇ ਸਮਾਨ ਲੱਦਿਆ ਅਤੇ ਮਨਕੇੜੇ ਦੇ ਕਿਲ੍ਹੇ ਵੱਲ ਤੁਰ ਪਏ। ਇਨ੍ਹਾਂ ਦਾ ਨਸੀਰੀ ਕਬੀਲਾ 'ਘੋਲਯੱਈ ਕਬੀਲੇ ਦੀ ਹੀ ਸ਼ਾਖ ਸੀ ਜਿਨ੍ਹਾਂ ਦਾ ਅਟਕ ਦਰਿਆ ਅਤੇ ਕਾਬੁਲ ਵਿਚਕਾਰ ਇਕ ਅਜ਼ਾਦ ਇਲਾਕਾ ਸੀ। ਉਹ ਰਣਜੀਤ ਸਿੰਘ ਨੂੰ ਖਰਾਜ ਦੇ ਤੌਰ 'ਤੇ ਸਲਾਨਾ ਰਕਮ ਦੇਂਦੇ ਸਨ। ਇਸ ਦੇ ਇਲਾਵਾ ਲਾਹੌਰ ਸਰਕਾਰ ਦਾ ਉਨ੍ਹਾਂ ਦੇ ਇਲਾਕੇ 'ਚ ਕੋਈ ਦਖ਼ਲ ਨਹੀਂ ਸੀ।
ਹਾਫਜ਼ ਅਲੀ ਖਾਂ ਨੇ ਪਿਛਲੇ ਦੋ ਵਰ੍ਹਿਆਂ ਤੋਂ ਲਾਹੌਰ ਸਰਕਾਰ ਨੂੰ ਨਿਸਚਿਤ ਖਰਾਜ ਨਹੀਂ ਸੀ ਭੇਜਿਆ। ਜਦ ਰਣਜੀਤ ਸਿੰਘ ਨੂੰ ਪਤਾ ਲੱਗਾ ਕਿ ਉਹ ਹਿੰਦੋਸਤਾਨੀ' ਸੱਯਦਾਂ ਨਾਲ ਮਿਲ ਕੇ ਸਿੱਖ ਰਾਜ ਵਿਰੁੱਧ ਤਿਆਰੀਆਂ ਕਰ ਰਿਹਾ ਹੈ ਅਤੇ ਗੁਲਬਾਨੋ ਤੇ ਸਫ਼ੈਦ ਪਰੀ ਵੀ ਉਸ ਕੋਲ ਪਹੁੰਚ ਗਏ ਹਨ ਤਾਂ ਉਸ ਨੇ ਅੱਗੋਂ ਦੀ ਕਾਰਵਾਈ ਲਈ ਆਪਣੇ ਸਿੱਖ ਸਰਦਾਰਾਂ ਨਾਲ ਸਲਾਹ ਮਸ਼ਵਰਾ ਕੀਤਾ। ਸਿੱਖ ਸਰਦਾਰ ਰਣਜੀਤ ਸਿੰਘ ਦੇ ਮੋਰਾਂ ਨਾਲ ਇਸ਼ਕ, ਉਸ ਨਾਲ ਵਿਆਹ ਅਤੇ ਮੋਰਾਂ ਦੀਆਂ ਬੇਸ਼ਰਮੀ ਵਾਲੀਆਂ ਹਰਕਤਾਂ ਤੋਂ ਕਾਫ਼ੀ ਨਰਾਜ਼ ਸਨ। ਉਨ੍ਹਾਂ ਨੇ ਮੋਰਾਂ ਵੱਲੋਂ ਰਣਜੀਤ ਸਿੰਘ ਦਾ ਧਿਆਨ ਹਟਾਉਣ ਦਾ ਇਹ ਰਾਹ ਲੱਭਿਆ ਕਿ ਮਹਾਰਾਜੇ ਦਾ ਧਿਆਨ ਕਿਸੇ ਹੋਰ ਪਾਸੇ ਲਾਇਆ
ਜਾਏ। ਇਸ ਕਾਰਨ ਖੁਦਾ ਬਖਸ਼ ਅਤੇ ਸਿੱਖ ਸਰਦਾਰਾਂ ਨੇ ਗੁਲਬਾਨੋ ਦੇ ਹੁਸਨ ਦੀਆਂ ਤਾਰੀਫਾਂ ਦੇ ਪੁਲ ਬੰਨ੍ਹ ਦਿੱਤੇ। ਕਿਸੇ ਕਵੀਸ਼ਰ ਨੂੰ ਪੈਸੇ ਦੇ ਕੇ ਉਸ ਦੀ ਖੂਬਸੂਰਤੀ ਦੀਆ ਕਵਿਤਾਵਾਂ ਵੀ ਲਿਖਵਾ ਦਿੱਤੀਆਂ।
ਕੁਝ ਦਿਨਾਂ ਬਾਅਦ ਹੀ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਮਨਕੇੜੇ ਦੇ ਕਿਲ੍ਹੇ ਦੁਆਲੇ ਘੇਰਾ ਪਾ ਲਿਆ । ਹਾਫਜ਼ ਅਲੀ ਖਾਂ ਨੂੰ ਆਪਣੇ ਇਸ ਕਿਲ੍ਹੇ ਦੇ ਅਜਿੱਤ ਹੋਣ 'ਤੇ ਬੜਾ ਮਾਣ ਸੀ। ਪਰ ਰਣਜੀਤ ਸਿੰਘ ਦੀ ਜੰਗ ਨੀਤੀ ਅਤੇ ਸਿੱਖ ਫ਼ੌਜਾਂ ਦੀ ਬਹਾਦਰੀ ਸਾਹਮਣੇ ਉਸ ਦੀ ਇਕ ਨਾ ਚੱਲੀ ਅਤੇ ਉਹ ਰਾਜ਼ੀਨਾਮੇ ਲਈ ਤਿਆਰ ਹੋ ਗਿਆ। ਪਿਛਲੇ ਦੋ ਸਾਲ ਦਾ ਖਰਾਜ, ਭਾਰੀ ਜਰਮਾਨੇ ਦੀ ਰਕਮ ਦੇ ਨਾਲ-ਨਾਲ ਗੁਲਬਾਨੋ ਅਤੇ ਸਫੈਦ ਪਰੀ ਨੂੰ ਵੇਖ ਕੇ ਮਹਾਰਾਜੇ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ। ਤਿੰਨ ਚਾਰ ਦਿਨ ਬਾਅਦ ਉਹ ਦੋਹਾਂ ਨੂੰ ਨਾਲ ਲੈ ਕੇ ਲਾਹੌਰ ਵੱਲ ਪਰਤ ਪਿਆ।
ਮਨਕੇੜੇ ਤੋਂ ਲਾਹੌਰ ਪਹੁੰਚਣ ਤੋਂ ਕੁਝ ਦਿਨ ਪਹਿਲਾਂ ਗੁਲਬਾਨੋ ਆਪਣੇ ਇਕ ਤੰਬੂ 'ਚ ਸ਼ੀਸ਼ੇ ਸਾਹਮਣੇ ਖੜੀ ਕਦੀ ਆਪਣੇ ਚਿਹਰੇ ਵੱਲ ਵੇਖਦੀ ਅਤੇ ਕਦੀ ਆਉਣ ਵਾਲੇ ਦਿਨਾਂ ਬਾਰੇ ਸੋਚਣ ਲੱਗਦੀ। ਕੀ ਸੋਚ ਮੁਚ ਮੈਂ ਐਨੀ ਖੂਬਸੂਰਤ ਹਾਂ ਜਿੰਨਾ ਲੋਕ ਕਹਿੰਦੇ ਨੇ ? ਸੁਣਿਆ ਹੈ ਮਹਾਰਾਜੇ ਦੀਆਂ ਕਈ ਰਖੇਲਾਂ, ਕਈ ਬੇਗਮਾਂ ਹਨ। ਮੈਂ ਖਾਨਾਬਦੋਸ਼ ਅਤੇ ਉਹ ਰਾਜ ਮਹੱਲ ? ਉਸ ਨੇ ਮੋਰਾਂ ਬਾਰੇ ਵੀ ਸੁਣਿਆ ਹੋਇਆ ਸੀ। ਉਹ ਪਹਿਲਾਂ ਹੀ ਆਪਣੀਆਂ ਤਥਾਕਥਿਤ 'ਮਾਵਾਂ' ਹੱਥੋਂ ਇੰਨਾ ਕੁਝ ਝੱਲਦੀ ਰਹੀ ਜੀ ਅਤੇ ਹੁਣ ਇਹ ਮੋਰਾਂ ਵਰਗੀਆਂ ਸੌਂਕਣਾਂ? "ਐ ਪਰਵਰਦਗਾਰ । ਕੀ ਹੋਏਗਾ ਮੇਰਾ ?"
ਅਚਾਨਕ ਪਹਿਰੇਦਾਰ ਨੇ ਆ ਕੇ ਦੱਸਿਆ ਕਿ ਇਕ ਔਰਤ ਉਸ ਨੂੰ ਮਿਲਣ ਆ ਰਹੀ ਹੈ। ਤੰਬੂ ਦਾ ਪਰਦਾ ਚੁੱਕ ਕੇ ਜਦ ਉਹ ਔਰਤ ਅੰਦਰ ਦਾਖ਼ਲ ਹੋਈ ਤਾਂ ਗੁਲਬਾਨੋ ਨੇ ਵੇਖਿਆ, ਉਹ ਇਕ ਅੱਧਖੜ ਤੀਵੀਂ ਸੀ, ਖ਼ੂਬ ਰੋਹਬਦਾਰ, ਜਿਸ ਨੂੰ ਵੇਖ ਕੇ ਅਨੁਮਾਨ ਲਾਇਆ ਜਾ ਸਕਦਾ ਸੀ ਕਿ ਜਵਾਨੀ ਵੇਲੇ ਬਹੁਤ ਖੂਬਸੂਰਤ ਹੁੰਦੀ ਹੋਵੇਗੀ। ਉਸ ਨੇ ਅੰਦਰ ਆ ਕੇ ਗੁਲਬਾਨੋ ਵੱਲ ਗਹੁ ਨਾਲ ਤੱਕਿਆ, ਬੁੱਲ੍ਹ ਕੁਝ ਹਿੱਲੇ, ਪਰ ਕੁਝ ਬੋਲੀ ਨਹੀਂ।
"ਮੈਂ ਤੁਹਾਨੂੰ ਪਛਾਣਿਆ ਨਹੀਂ। ਪਹਿਰੇਦਾਰ ਕਹਿ ਰਿਹਾ ਸੀ ਤੁਸੀਂ ਮੇਰੇ ਕੋਈ ਰਿਸ਼ਤੇਦਾਰ ਹੋ।" ਗੁਲਬਾਨੋ ਉਸ ਵੱਲ ਗਹੁ ਨਾਲ ਵੇਖਦਿਆਂ ਅਤੇ ਪਛਾਣਨ ਦਾ ਯਤਨ ਕਰਦਿਆਂ ਬੋਲੀ।
"ਰਿਸ਼ਤੇ ਬਣਾਏ ਵੀ ਤੇ ਜਾ ਸਕਦੇ ਹਨ। ਮੈਂ ਤੁਹਾਡੀ ਕੋਈ ਰਿਸ਼ਤੇਦਾਰ ਨਹੀਂ ਪੁੱਤਰ। ਬੱਸ ਇਕ ਗੁਜ਼ਾਰਿਸ਼ ਲੈ ਕੇ ਆਈ ਹਾਂ ਤੁਹਾਡੇ ਕੋਲ।" ਫੇਰ ਉਹ ਔਰਤ ਗੁਲ ਬਾਨੋ ਦੇ ਬਹੁਤ ਨੇੜੇ ਆ ਕੇ ਕਹਿਣ ਲੱਗੀ, "ਤੁਹਾਡੇ ਰਿਸ਼ਤੇਦਾਰਾਂ ਨੇ ਤੁਹਾਨੂੰ ਕੀ ਦਿੱਤਾ ? ਮੈਂ ਥੋੜ੍ਹਾ ਬਹੁਤ ਜਾਣਦੀ ਹਾਂ-ਚਰਾਗਾਹਾਂ 'ਤੇ ਮਤਰੇਈਆਂ ਮਾਵਾਂ ਨਾਲ ਬਿਤਾਏ ਤੁਹਾਡੇ ਔਖੇ ਦਿਨਾਂ ਬਾਰੇ।''
"ਤੁਸੀਂ ਕੌਣ ਹੋ ? ਕਿਵੇਂ ਜਾਣਦੇ ਹੋ ਮੇਰੇ ਬਾਰੇ ?"
"ਮੇਰੀ ਗੱਲ ਪਹਿਲਾਂ ਪੂਰੀ ਤਰ੍ਹਾਂ ਸੁਣ ਲਵੋ। ਫੇਰ ਜੋ ਮਰਜ਼ੀ ਪੁੱਛ ਲੈਣਾ। ਹੁਣ ਤੁਹਾਡੇ ਦਿਨ ਫਿਰਦੇ ਨਜ਼ਰ ਆ ਰਹੇ ਹਨ। ਤੁਸੀਂ ਪੰਜਾਬ ਦੇ ਮਹਾਰਾਜ ਦੇ ਹਰਮ ਦੀ ਸ਼ਾਨ ਬਣੋਗੇ। ਤੁਹਾਨੂੰ ਕਿਸੇ ਇਤਬਾਰ ਲਾਇਕ ਬਾਂਦੀ ਦੀ ਜ਼ਰੂਰਤ ਵੀ ਪਵੇਗੀ ਜੋ ਤੁਹਾਡਾ ਹਰ ਤਰ੍ਹਾਂ ਦਾ ਖਿਆਲ ਰੱਖ ਸਕੇ। ਦੁੱਖ-ਸੁੱਖ ਵੇਲੇ ਤੁਹਾਨੂੰ ਸਹੀ ਮਸ਼ਵਰਾ ਦੇ ਸਕੇ। ਸ਼ਾਹੀ ਮਹੱਲਾਂ ਦੀ ਹਰਮ ਦੇ ਗਹਿਰੇ ਖੜਯੰਤਰਾਂ ਦਾ ਮੁਕਾਬਲਾ ਤੁਹਾਡੇ ਜਿਹੀ ਨਾਜ਼ਕ ਅਤੇ ਨਾ-ਤਜਰਬੇਕਾਰ ਔਰਤ ਕਿਵੇਂ ਕਰ ਸਕਦੀ ਹੈ ? ਫੇਰ ਉਸ ਔਰਤ ਨੇ ਸ਼ਾਹੀ ਮਹਿਲਾਂ ਦੇ ਹਾਲਾਤ ਅਤੇ ਖ਼ਤਰਿਆਂ ਬਾਰੇ ਸੰਖੇਪ 'ਚ ਦੱਸਣ ਤੋਂ ਬਾਅਦ ਆਖਿਆ :
"ਮੈਂ ਵੀ ਬਿਲਕੁਲ ਇਕੱਲੀ ਹਾਂ ਇਸ ਦੁਨੀਆ ਵਿੱਚ। ਤੁਹਾਡੇ ਨਾਲ ਮੇਰੀ ਉਮਰ ਦੇ ਆਖਰੀ ਵਰ੍ਹੇ ਚੈਨ ਨਾਲ ਬੀਤ ਜਾਣ ਮੇਰੇ ਲਈ ਇਹੀ ਬਹੁਤ ਹੈ। ਹੋਰ ਮੈਂ ਕੁਝ ਨਹੀਂ ਚਾਹੁੰਦੀ।"
ਗੁਲਬਾਨ ਕੁਝ ਦੇਰ ਸੋਚਦੀ ਰਹੀ। ਫੇਰ ਬੋਲੀ।
"ਠੀਕ ਏ। ਪਰ ਸਰਕਾਰ ਦੀ ਇਜਾਜ਼ਤ... ?"
"ਮੈਂ ਸੋਚ ਲਿਆ ਹੈ ਇਸ ਬਾਰੇ ਵੀ। ਤੁਸੀਂ ਮਹਾਰਾਜ ਨੂੰ ਕਹਿ ਦੇਣਾ ਕਿ 'ਇਹ ਮੇਰੀ ਮਾਸੀ ਹੈ। ਦਰਅਸਲ ਮੈਂ ਵੀ ਪਹਿਰੇਦਾਰਾਂ ਨੂੰ ਇਹੀ ਕਹਿ ਕੇ ਤੁਹਾਡੇ ਕੋਲ ਆਈ ਹਾਂ।"
"ਮਾਸੀ" ਸ਼ਬਦ ਸੁਣਦਿਆਂ ਹੀ ਗੁਲ ਬਾਨੋ ਨੇ ਉਸ ਔਰਤ ਵੱਲ ਗਹੁ ਨਾਲ ਤੱਕਿਆ। ਉਸ ਦੀਆਂ ਅੱਖਾਂ 'ਚ ਆਪਣੇ ਲਈ ਮਮਤਾ ਅਤੇ ਹਮਦਰਦੀ ਵੇਖ ਕੇ ਉਸ ਨੇ ਆਪਣੇ ਅੰਦਰ ਕੁਝ ਉਭਰਦਾ ਹੋਇਆ ਮਹਿਸੂਸ ਕੀਤਾ। ਮੁੜ ਆਈਨੇ ਸਾਹਮਣੇ ਖੜੇ ਹੋ ਕੇ ਇਕ ਵਾਰੀ ਆਪਣੇ ਨੈਣ-ਨਕਸ਼ਾਂ ਨੂੰ ਅਤੇ ਫੇਰ ਉਸ ਔਰਤ ਦੇ ਚਿਹਰੇ ਵੱਲ ਤੱਕਿਆ। ਨੱਕ, ਅੱਖਾਂ, ਬੁੱਲ੍ਹ ਸਭ ਕੁਝ ਇੰਨੇ ਮਿਲਦੇ ਜੁਲਦੇ ਸਨ। ਉਸ ਨੇ ਆਪਣਾ ਦਿਲ ਜ਼ੋਰ-ਜ਼ੋਰ ਨਾਲ ਧੜਕਦਾ ਮਹਿਸੂਸ ਕੀਤਾ। ਇਕ ਦੱਬੀ ਜਿਹੀ ਚਾਹਤ, ਕੁਝ ਘੁੱਟੇ ਹੋਏ ਬੋਲ ਉਸ ਦੀ ਜੀਭ 'ਤੇ ਆ ਕੇ ਨੱਚਣ ਲੱਗੇ :
"ਚਰਾਗ ਗੁਲ ।" ਉਸ ਦੇ ਮੂੰਹੋਂ ਨਿਕਲਿਆ।
ਅਗਲੇ ਹੀ ਪਲ ਉਹ ਉਸ ਔਰਤ ਦੀਆਂ ਬਾਹਵਾਂ ਵਿੱਚ ਸੀ। ਉਹ ਔਰਤ ਉਸ ਦੇ ਮੱਥੇ ਨੂੰ, ਗੱਲ੍ਹਾਂ ਨੂੰ ਚੁੰਮ ਰਹੀ ਸੀ ਅਤੇ ਗੁਲਬਾਨੋ ਦੀਆਂ ਅੱਖਾਂ 'ਚੋਂ ਹੰਝੂ ਛਲਕ ਰਹੇ ਸਨ। ਉਹ ਇਕ ਐਸੇ ਅਸੀਮ, ਅਣਜਾਣੇ ਸੁੱਖ ਦਾ ਅਨੁਭਵ ਕਰ ਰਹੀ ਸੀ ਜਿਸ ਤੋਂ ਹਾਲੇ ਤੱਕ ਉਹ ਵੰਚਿਤ ਰਹੀ ਸੀ।
***
ਇਸ ਔਰਤ, ਯਾਅਨੀ ਗੁਲਬਾਨੋ ਦੀ ਮਾਂ ਦਾ ਨਾਮ ਜ਼ੈਨਬ ਖ਼ਾਤੂਨ ਸੀ, ਕਿਸੇ ਖ਼ਾਸ ਖਾਨਾਬਦੋਸ਼ ਕਬੀਲੇ ਦੀ, ਜਿਸ ਦੇ ਪਰਿਵਾਰ ਦੀਆਂ ਧੀਆਂ 'ਚੋਂ ਘੱਟ ਤੋਂ ਘੱਟ ਇਕ ਨੂੰ ਧਨ ਕਮਾਉਣ ਦਾ ਸਾਧਨ ਬਣਾਇਆ ਜਾਂਦਾ ਸੀ । ਗੁਲਬਾਨੋ, ਜੋ ਮਹਾਰਾਜੇ ਦੀ ਹਰਮ 'ਚ ਆ ਕੇ ਗੁਲਬੇਗ਼ਮ ਬਣ ਚੁੱਕੀ ਸੀ, ਕਦੀ ਕਦੀ ਆਪਣੀ ਮਾਂ ਬਾਰੇ
ਸੋਚਦੀ: ਜੇ ਇਹ ਵੇਲੇ ਸਿਰ ਨਾ ਆਉਂਦੀ ਤਾਂ ਮੇਰਾ ਕੀ ਹੋਣਾ ਸੀ ? ਤਾਂ ਫੇਰ ਮੈਂ ਹਰਮ ਦੀਆਂ ਹੋਰ ਰਖੇਲਾਂ ਵਾਂਗ ਇਕ ਖੂੰਜੇ ਲੱਗ ਕੇ ਦਿਨ ਗੁਜਾਰਦੀ ਅਤੇ ਜਾਂ ਮੋਰਾਂ ਨੇ ਜਹਿਰ ਦੇਕੇ ਮਰਵਾ ਦੇਣਾ ਸੀ। ਉਹ ਮੋਰਾਂ ਤੋਂ ਵੱਧ ਖੂਬਸੂਰਤ ਸੀ ਜਾਂ ਨਹੀਂ, ਪਰ ਉਸ ਤੋਂ ਇਕ ਗਿੱਠ ਉੱਚੀ ਜਰੂਰ ਸੀ। ਇਕ ਨਿਪੰਨ ਘੋੜ ਸਵਾਰ ਤੇ ਸੀ ਹੀ।
ਗੁਲਬਾਨੋ ਨੇ ਆਪਣੇ ਲਾਹੌਰ 'ਚ ਆਉਣ ਦੇ ਕੁਝ ਦਿਨਾਂ ਅੰਦਰ ਹੀ ਸਾਰਿਆਂ ਦਾ ਮਨ ਜਿੱਤ ਲਿਆ, ਸਿਵਾਏ ਮੋਰਾਂ ਦੇ। ਗੁਲਬਾਨੋ ਦੀ ਮਾਂ ਨੇ ਉਸ ਦੇ ਮਨ 'ਚ ਚੰਗੀ ਤਰ੍ਹਾਂ ਭਰ ਦਿੱਤਾ ਸੀ ਕਿ ਜੇ ਹਸਦ ਦੀ ਭਾਵਨਾ ਉੱਤੇ ਕਾਬੂ ਪਾ ਲਿਆ ਜਾਵੇ ਅਤੇ ਬਹੁਤੀਆਂ ਉੱਚੀਆਂ ਖਾਹਿਸ਼ਾਂ ਨਾ ਰੱਖੀਆਂ ਜਾਣ ਤਾਂ ਸੁਖੀ ਰਹਿਣ ਦੀਆਂ ਸੰਭਾਵਨਾਵਾਂ ਜਿਆਦਾ ਵੱਧ ਜਾਂਦੀਆਂ ਨੇ । ਰਣਜੀਤ ਸਿੰਘ ਵੀ ਉਸ ਦੀ ਖੁਬਸੂਰਤੀ ਸੁਭਾਅ ਅਤੇ ਸਲੀਕੇ ਤੋਂ ਇੰਨਾ ਪ੍ਰਭਾਵਤ ਹੋਇਆ ਕਿ ਕੁਝ ਦਿਨਾਂ ਬਾਅਦ ਉਸ ਨਾਲ ਬਕਾਇਦਾ ਵਿਆਹ ਕਰਾ ਕੇ ਉਸ ਨੂੰ ਗੁਲਬਾਨੋ ਤੋਂ ਗੁਲ ਬੇਗਮ ਬਣਾ ਦਿੱਤਾ।
ਮੋਰਾਂ ਹਸਦ ਨਾਲ ਮਨ ਹੀ ਮਨ ਵਿਸ ਘੋਲਣ ਲੱਗੀ। ਜਦ ਜਹਿਰ ਦੇ ਕੇ ਮਰਵਾਉਣ 'ਚ ਸਫਲ ਨਾ ਹੋਈ ਤਾਂ ਮਹਾਰਾਜੇ ਦੇ ਕੰਨਾਂ 'ਚ ਉਸ ਵਿਰੁੱਧ ਜ਼ਹਿਰ ਭਰਨਾ ਸ਼ੁਰੂ ਕਰ ਦਿੱਤਾ। ਆਖਿਆ ਕਿ ਗੁਲਬੇਗਮ ਬਦਚਲਣ ਹੈ। ਬੇਵਫਾ ਅਤੇ ਧੋਖੇਬਾਜ ਹੈ।
"ਹਸਦ 'ਚ ਆ ਕੇ ਐਵੇਂ ਉਸ ਵਿਚਾਰੀ ਨੂੰ ਬਦਨਾਮ ਨਾ ਕਰ ।" ਮਹਾਰਾਜੇ ਨੇ ਕਿਹਾ।
"ਜੇ ਤੁਸੀਂ ਅੱਖਾਂ ਬੰਦ ਕਰੀ ਰੱਖੋ ਤਾਂ ਕੋਈ ਕੀ ਕਰ ਸਕਦਾ ਹੈ ? ਸਾਰੀ ਦੁਨੀਆ ਜਾਣਦੀ ਹੈ ਕਿ ਤੁਹਾਡੇ ਫ਼ਰੰਗੀ ਜਰਨੈਲ 'ਗਾਰਡਨਰ' ਨਾਲ ਉਸ ਦੀ ਆਸ਼ਨਾਈ ਹੈ। ਜੇ ਮੇਰੇ 'ਤੇ ਇਤਬਾਰ ਨਹੀਂ ਤਾਂ ਆਪ ਜਾ ਕੇ ਵੇਖ ਲੈਣਾ।"
ਮਹਾਰਾਜੇ ਨੇ ਆਪਣੇ ਭੇਤੀਆਂ ਨੂੰ ਆ ਕੇ ਹੁਕਮ ਦਿੱਤਾ ਕਿ ਗੁਲਬੇਗਮ ਦੇ ਘਰ ਦੁਆਲੇ ਚੌਵੀ ਘੰਟੇ ਨਜ਼ਰ ਰੱਖੀ ਜਾਏ। ਤੀਜੇ ਦਿਨ ਉਨ੍ਹਾਂ ਆ ਕੇ ਮੋਰਾਂ ਦੇ ਸ਼ੱਕ ਦੀ ਤਸਦੀਕ ਕਰਦਿਆਂ ਆਖਿਆ ਕਿ ਉਨ੍ਹਾਂ ਦੋ ਵਾਰੀ ਉਸ ਫਰੰਗੀ ਨੂੰ ਗੁਲਬਾਨੋ ਦੇ ਘਰ ਵੜਦਿਆਂ ਵੇਖਿਆ ਹੈ।
"ਦਿਨ ਵੇਲੇ ਜਾਂ ਰਾਤ ਵੇਲੇ ?" ਮਹਾਰਾਜੇ ਨੇ ਪੁੱਛਿਆ।
"ਜੀ ਇਕ ਵਾਰੀ ਦਿਨੇ ਅਤੇ ਦੂਜੀ ਵਾਰੀ ਰਾਤ ਵੇਲੇ।"
"ਠੀਕ ਏ", ਮਹਾਰਾਜਾ ਆਪਣੇ ਗੁੱਸੇ 'ਤੇ ਕਾਬੂ ਪਾਉਣ ਦਾ ਯਤਨ ਕਰਦਿਆਂ ਬੋਲਿਆ, "ਕਿਸੇ ਨੂੰ ਦੱਸਣਾ ਨਹੀਂ।"
***
ਰਣਜੀਤ ਸਿੰਘ ਨੂੰ ਬੜਾ ਮਾਣ ਸੀ ਆਪਣੇ ਫਰੰਗੀ ਜਰਨੈਲ ਗਾਰਡਨਰ ਉੱਤੇ। ਜੋ ਜਲਾਹ ਮਸ਼ਵਰਾ ਠੱਠਾ ਮਜ਼ਾਕ, ਰਣਜੀਤ ਸਿੰਘ ਆਪਣੇ ਸਿੱਖ ਸਰਦਾਰਾਂ ਨਾਲ ਨਹੀਂ ਸੀ ਕਰ ਸਕਦਾ, ਉਹ ਉਸ ਨਾਲ ਕਰ ਲੈਂਦਾ। ਰਣਜੀਤ ਸਿੰਘ ਨੇ ਗਾਰਡਨਰ ਨੂੰ ਬੁਲਾ ਕੇ ਆਖਿਆ:
"ਮੈਂ ਇਹ ਸਭ ਕੀ ਸੁਣ ਰਿਹਾ ਹਾਂ ?" ਉਸ ਦੇ ਬੋਲਾਂ 'ਚ ਦੁੱਖ ਸੀ, ਸ਼ਿਕਾਇਤ ਸੀ ਅਤੇ ਲੁਕਿਆ ਹੋਇਆ ਗੁੱਸਾ ਵੀ।
ਘਬਰਾਉਣ ਦੀ ਬਜਾਏ, ਗਾਰਡਨਰ ਹੱਸ ਪਿਆ।
“ਇਸ ਚ ਹੱਸਣ ਦੀ ਕੀ ਗੱਲ? ਕੀ ਇਹ ਸੱਚ ਨਹੀਂ ਕਿ ਤੂੰ ਚੋਰੀ ਚੋਰੀ ਗੁਲਬਾਨੋ ਦੇ ਮਹਿਲਾਂ 'ਚ ਜਾਨਾਂ ਏਂ?"
"ਚੋਰੀ-ਚੋਰੀ ਕਿਉਂ, ਮੈਂ ਤੇ ਖੁੱਲ੍ਹੇ-ਆਮ ਜਾਂਦਾ ਹਾਂ ।"
ਰਣਜੀਤ ਸਿੰਘ ਅੱਗਿਓਂ ਕੁਝ ਕਹਿਣ ਹੀ ਵਾਲਾ ਸੀ ਕਿ ਗਾਰਡਨਰ ਬੋਲਿਆ, "ਤਹਾਨੂੰ ਯਾਦ ਹੋਵੇਗਾ ਕਿ ਗੁਲਬਾਨੋ ਨਾਲ ਵਿਆਹ ਕਰਾਉਣ ਲਈ ਤੁਹਾਡੇ 'ਤੇ ਮੈਂ ਹੀ ਦਬਾਓ ਪਾਇਆ ਸੀ।"
"ਹਾਂ ਯਾਦ ਏ। ਪਰ ਇਸ ਵੇਲੇ ਇਸ ਦਾ ਜ਼ਿਕਰ ਕਿਉਂ?"
ਗਾਰਡਨਰ ਕੁਝ ਦੇਰ ਚੁੱਪ ਬੈਠਾ ਸਾਹਮਣੇ ਕੰਧ ਵੱਲ ਇੰਜ ਵੇਖਦਾ ਰਿਹਾ ਜਿਵੇਂ ਕੰਧ ਤੋਂ ਪਾਰ ਕਿਤੇ ਬਹੁਤ ਦੂਰ ਵੇਖ ਰਿਹਾ ਹੋਵੇ।
"ਤੁਸੀਂ ਤੇ ਜਾਣਦੇ ਹੀ ਹੋ ਕਿ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਮੈਂ ਪੰਦਰਾਂ ਵਰ੍ਹੇ ਅਫ਼ਗਾਨਿਸਤਾਨ 'ਚ ਘੁੰਮਦਾ ਫਿਰਦਾ ਰਿਹਾ ਸਾਂ, ਸਿਕੰਦਰ ਮਿਰਜ਼ਾ ਦੇ ਨਾਮ ਨਾਲ ।"
“ਹਾਂ।”
"ਇਕ ਵਾਰੀ ਡਾਕੂਆਂ ਹੱਥੋਂ ਜ਼ਖ਼ਮੀਂ ਹੋ ਕੇ ਮੈਂ ਇਕ ਖ਼ਾਨਾਬਦੋਸ਼ ਕਬੀਲੇ ਦੇ ਡੇਰੇ 'ਚ ਜਾ ਕੇ ਪਨਾਹ ਲਈ ਸੀ। ਉੱਥੇ ਜਿਸ ਔਰਤ ਨੇ ਮੇਰੀ 'ਹਰ ਤਰ੍ਹਾਂ’ ਨਾਲ ਟਹਿਲ ਸੇਵਾ ਕੀਤੀ, ਉਹ ਜੈਨਬ ਖਾਤੂਨ ਸੀ, ਗੁਲਬਾਨੋ ਦੀ ਮਾਂ ਜ਼ੈਨਬ ਖ਼ਾਤੂਨ। ਤੁਸੀਂ ਇਸ ਦੀਆਂ ਬਲੌਰੀ ਅੱਖਾਂ, ਗੋਰੇ ਰੰਗ ਅਤੇ ਨੈਣ ਨਕਸ਼ਾਂ ਵੱਲ ਧਿਆਨ ਨਾਲ ਵੇਖੋ। ਮੈਨੂੰ ਪੂਰਾ ਯਕੀਨ ਹੈ ਕਿ ਇਸ ਦੀਆਂ ਰਗਾਂ ਵਿੱਚ ਨਸੀਰੀ ਕਬੀਲੇ ਦੇ ਸਰਦਾਰ ਦਾ ਨਹੀਂ, ਮੇਰਾ ਲਹੂ ਦੌੜ ਰਿਹਾ ਹੈ...।"
***
ਦਿਨ, ਮਹੀਨੇ ਅਤੇ ਸਾਲ ਲੰਘਦੇ ਗਏ। ਰਣਜੀਤ ਸਿੰਘ ਦੇ ਰਾਜ ਦੇ ਪਸਾਰ ਦੇ ਨਾਲ-ਨਾਲ ਉਸ ਦੇ ਹਰਮ ਦੀਆਂ ਰਖੇਲਾਂ ਅਤੇ ਰਾਣੀਆਂ ਦੀ ਗਿਣਤੀ ਵੀ ਵਧਦੀ ਗਈ। ਗੁਲਬਾਨੋ ਦੇ ਘਰ 'ਚ ਮਹਾਰਾਜੇ ਦੀਆਂ ਬਿਤਾਈਆਂ ਰਾਤਾਂ ਦੀ ਗਿਣਤੀ ਘਟੀ, ਪਰ ਉਸ ਪ੍ਰਤੀ ਪ੍ਰੇਮ ਅਤੇ ਨੇੜਤਾ ਨਹੀਂ ਘਟੀ-ਬਲਕਿ ਗੁਲਬੇਗ਼ਮ ਦਾ ਪ੍ਰਭਾਵ ਉਸ ਉੱਤੇ ਵਧਦਾ ਗਿਆ । ਕੋਹ ਸੁਲੇਮਾਨ ਦੀਆਂ ਚਰਾਗਾਹਾਂ ਤੋਂ ਆਈ ਇਹ ਖ਼ਾਨਾਬਦੋਸ਼ ਔਰਤ, ਜਿਸ ਦਾ ਸ਼ੁਭ ਆਰੰਭ ਇਕ ਕਾਲੀ, ਨ੍ਹੇਰੀ ਗੁਫਾ 'ਚ ਹੋਇਆ, ਝਰਨਿਆਂ ਦੇ ਕੰਢੇ, ਹਰੀਆਂ ਢਲਾਣਾਂ ਉੱਤੇ ਗਾਉਂਦਿਆਂ ਤੇ ਘੋੜ ਸਵਾਰੀ ਕਰਦਿਆਂ ਵੱਡੀ ਹੋਈ, ਹੁਣ ਲਾਹੌਰ ਦੇ ਰਾਜ ਮਹੱਲ ਦੇ ਖੜਯੰਤਰਾਂ ਦਾ ਮੁਕਾਬਲਾ ਕਰਦਿਆਂ, ਰਾਜ ਦੀਆਂ ਗਤੀਵਿਧੀਆਂ ਨੂੰ ਧਿਆਨ ਨਾਲ ਵੇਖਦਿਆਂ, ਕਾਫ਼ੀ ਸੂਝਵਾਨ ਅਤੇ ਅਨੁਭਵੀ ਹੋ ਗਈ ਸੀ । ਪਰ ਹਾਲੇ ਵੀ ਉਸ ਨੂੰ ਚਰਾਂਦਾਂ ਅਤੇ ਪਰਬਤ ਦੀਆਂ ਢਲਾਣਾਂ 'ਤੇ ਬਿਤਾਏ ਦਿਨ ਨਹੀਂ ਸਨ ਭੁਲਦੇ। ਉਸ ਨੂੰ ਜਦੋਂ ਵੀ ਕੋਈ ਸੁਫ਼ਨਾ ਆਉਂਦਾ ਤਾਂ ਘੋੜੇ ਦੀ ਪਿੱਠ 'ਤੇ ਦੋਵੇਂ ਹੱਥ ਛੱਡ ਕੇ ਬੈਠਿਆਂ ਦੌੜਾਂ ਲਾਉਂਦਿਆਂ ਜਾਂ ਹਰੀ-ਹਰੀ ਘਾਹ 'ਤੇ ਨੰਗੇ ਪੈਰ ਨੱਸਦੇ ਗਾਉਂਦੇ ਫਿਰਨਾ ...।
ਗੁਲਬੇਗਮ ਜਦ ਇੱਥੇ ਆਈ ਤਾਂ ਬਸ ਇਕੋ ਵਿਚਾਰ ਸੀ ਉਸ ਦੇ ਮਨ ਵਿੱਚ- ਇਥੇ ਰਹਿ ਕੇ ਕੁਝ ਸੁਖਾਵੇਂ ਦਿਨ ਬਿਤਾਉਣ ਦਾ। ਰਣਜੀਤ ਸਿੰਘ ਵਿੱਚ ਵੀ ਉਸਨੂੰ ਕੋਈ ਆਕਰਸ਼ਣ ਜਾਂ ਖੂਬੀ ਨਜ਼ਰ ਨਹੀਂ ਸੀ ਆਈ। ਪਰ ਸਮੇਂ ਦੇ ਬੀਤਣ ਨਾਲ ਉਹ ਉਸਦੇ ਅੰਦਰ ਲੁਕੇ ਰਣਜੀਤ ਸਿੰਘ ਨੂੰ ਚੰਗੀ ਤਰ੍ਹਾਂ ਜਾਣਨ ਲੱਗੀ ਸੀ ਜਿਸਨੂੰ ਰਣਜੀਤ ਸਿੰਘ ਆਪ ਵੀ ਚੰਗੀ ਤਰ੍ਹਾਂ ਨਹੀਂ ਸੀ ਜਾਣ ਸਕਿਆ।
ਇਕ ਦਿਨ ਰਣਜੀਤ ਸਿੰਘ ਜਦੋਂ ਬਿਮਾਰ ਸੀ, ਉਸ ਨੂੰ ਆਪਣੇ ਕੋਲ ਬੁਲਾ ਕੇ ਬਹੁਤ ਉਦਾਸ ਆਵਾਜ਼ 'ਚ ਆਖਿਆ "ਮੈਨੂੰ ਲੱਗਦਾ ਹੈ ਕਿ ਮੈਂ ਹੋਰ ਬਹੁਤ ਦਿਨ ਨਹੀਂ ਜੀਵਾਂਗਾ। ਇਸ ਬਾਰੇ ਵੀ ਕੋਈ ਭਰਮ ਨਹੀਂ ਕਿ ਇਹ ਸਿੱਖ ਰਾਜ ਮੇਰੇ ਤੋਂ ਬਾਅਦ ਬਹੁਤ ਦਿਨ ਤੱਕ ਟਿਕਿਆ ਰਹੇਗਾ। ਤੂੰ ਹਾਲੇ ਤੰਦਰੁਸਤ ਏਂ, ਬਹੁਤ ਦਿਨ ਜਿਊਣਾ ਹੈ) ਮੇਰੇ ਬਾਅਦ ਤੇਰਾ... ?”
“ਮੇਰੇ ਬਾਰੇ ਤੁਹਾਨੂੰ ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ।" ਉਹ ਬੋਲੀ, “ਮੈਂ ਤੇ ਪੰਜਾਬ ਦੀ ਇਸ ਧਰਤੀ ਵਾਂਗ ਸਾਂ, ਜਿਸ ਦਾ ਕੋਈ ਵਾਲੀ ਵਾਰਸ ਨਹੀਂ ਸੀ। ਜਿਸਨੂੰ ਕੋਈ ਵੀ ਪੈਰਾਂ ਥੱਲੇ ਰੋਲ ਦੇਵੇ, ਜਿਸ ਨੂੰ ਤੁਸੀਂ ਅਪਣਾ ਕੇ ਚੁੱਲੇ 'ਚ ਬਲਣ ਵਾਲੀ ਲੱਕੜ ਤੋਂ ਚੰਦਨ, ਚਰਾਗ ਗੁਲ ਤੋਂ ਰੋਸ਼ਨ ਚਰਾਗ ਬਣਾ ਦਿੱਤਾ। ਸਾਰੇ ਜਹਾਨ ਦੀਆਂ ਖੁਸ਼ੀਆਂ ਬਖਸ਼ੀਆਂ। ਹੁਣ ਤੁਹਾਡੇ ਤੋਂ ਬਾਅਦ ਹੋਰ ਜੀ ਕੇ ਮੈਂ ਆਪਣੇ ਸੁਖਦ ਅਨੁਭਵਾਂ ਨੂੰ ਬੇ-ਜਾਇਕਾ ਨਹੀਂ ਕਰਨਾ ਚਾਹੁੰਦੀ। ਇਹੀ ਮੇਰੀ ਆਖਰੀ ਖੁਆਹਿਸ਼ ਹੈ....?” ਇਸ ਤੋਂ ਬਾਅਦ ਅਧਰੰਗ ਦੀ ਬੀਮਾਰੀ 'ਚ ਮੁਤਬਲਾ ਹੋਣ ਕਾਰਨ ਉਨ੍ਹਾਂ ਦਾ ਚਲਣਾ ਫਿਰਨਾ ਅਤੇ ਬੋਲਣਾ ਵੀ ਤਕਰੀਬਨ ਬੰਦ ਹੋ ਗਿਆ।
ਫੇਰ ਕੁਝ ਦਿਨਾਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਦਿਹਾਂਤ ਹੋ ਗਿਆ। ਦਾਹ ਸੰਸਕਾਰ ਸਮੇਂ ਕਾਂਗੜੇ ਦੀ ਗੱਦਣ ਰਾਣੀ ਕੁਝ ਹੋਰ ਰਾਣੀਆਂ-ਰਖੇਲਾਂ ਸਮੇਤ ਸੁਹਾਗਣਾਂ ਵਾਲੇ ਲਾਲ ਕੱਪੜੇ, ਲਾਲ ਚੂੜਾ ਪਾ ਕੇ ਮਹਾਰਾਜੇ ਨਾਲ ਸਤੀ ਹੋਣ ਲਈ ਚਿਤਾ ਉੱਤੇ ਜਾ ਬੈਠੀ। ਜਦ ਗੁਲ ਬੇਗਮ ਵੀ ਸਤੀ ਹੋਣ ਲਈ ਚਿਤਾ ਉੱਤੇ ਚੜ੍ਹੀ ਤਾਂ ਰਾਜਾ ਧਿਆਨ ਸਿੰਘ ਅਤੇ ਗਾਰਡਨਰ ਨੇ ਉਸ ਨੂੰ ਥੱਲੇ ਉਤਾਰਦਿਆਂ ਕਿਹਾ ਕਿ ਉਹ ਮੁਸਲਮਾਨ ਹੈ, ਇਸ ਲਈ ਉਸ ਨੂੰ ਸਤੀ ਹੋਣ ਦਾ ਹੱਕ ਨਹੀਂ।
***
41
ਜ਼ੀਨਤ ਵੀ ਬੜੀ ਦਿਲਚਸਪੀ ਨਾਲ ਗੁਲਬਾਨੋ ਦੀਆਂ ਗੱਲਾਂ ਸੁਣ ਰਹੀ ਸੀ। ਆਪਣੇ ਬਾਰੇ ਸੰਖੇਪ 'ਚ ਦੱਸਣ ਤੋਂ ਬਾਅਦ ਗੁਲਬਾਨੋ ਨੇ ਜ਼ੀਨਤ ਵੱਲ ਮੁਸਕਰਾਉਂਦਿਆਂ ਤੱਕਿਆ ਅਤੇ ਬੋਲੀ:
"ਤਾਂ ਇਹ ਜ਼ੀਨਤ ਖ਼ਾਤੂਨ ਹੈ ?"
ਜ਼ੀਨਤ ਨੇ ਹਾਂ 'ਚ ਸਿਰ ਹਲਾ ਦਿੱਤਾ।
ਹੁਣ ਤੱਕ ਨੌਕਰਾਂ ਨੇ ਉਸ ਦੇ ਸਾਹਮਣੇ ਸ਼ਰਬਤ ਦਾ ਭਰਿਆ ਪਿੱਤਲ ਦਾ ਗਲਾਸ
ਅਤੇ ਮੇਵੇ ਬਦਾਮ ਰੱਖ ਦਿੱਤੇ ਸਨ। ਉਹ ਕੁਝ ਮੇਵੇ ਮੂੰਹ ਚ ਪਾਉਂਦਿਆਂ ਤੇ ਫੇਰ ਸ਼ਰਬਤ ਦਾ ਘੁੱਟ ਭਰਦਿਆਂ ਇੱਧਰ-ਉੱਧਰ ਵੇਖ ਕੇ ਬੋਲੀ:
"ਉਹ ਨਜ਼ਰ ਨਹੀਂ ਆ ਰਹੀ ਜਿਸ ਦੀ ਚਰਚਾ ਲਾਹੌਰ ਤੋਂ ਲੈ ਕੇ ਇੱਥੋਂ ਤੱਕ ਸੁਣਦੀ ਆਈ ਹਾਂ।“
“ਕਿਸਦੀ ਗੱਲ ਕਰ ਰਹੇ ਹੋ?” ਜੀਨਤ ਨੇ ਪੁੱਛਿਆ।
'ਉਹੀ, ਜਿਸ ਨੂੰ ਮਹਾਰਾਜਾ ਦੀ ਧੀ ਜਾਂ ਪੋਤਰੀ ਕਿਹਾ ਜਾਂਦਾ ਹੈ।“
ਰੂਪ ਬੂਹੇ ਦੇ ਪਿੱਛੇ ਖੜੀ ਸੁਣ ਰਹੀ ਸੀ। ਜੀਨਤ ਨੇ ਬੂਹੇ ਵੱਲ ਤੱਕਿਆ ਅਤੇ ਇਸ਼ਾਰੇ ਨਾਲ ਉਸ ਨੂੰ ਅੰਦਰ ਬੁਲਾ ਲਿਆ ।
“ਵਾਹ ! ਮੈਂ ਜਦੋਂ ਇਸ ਜਿੱਡੀ ਸੀ ਤਾਂ ਮਹਾਰਾਜੇ ਦੇ ਮਹੱਲਾਂ 'ਚ ਪੁਚਾ ਦਿੱਤੀ ਗਈ ਸੀ।“
"ਜੇ ਗੁਸਤਾਖ਼ੀ ਮੁਆਫ਼ ਹੋਵੇ", ਸ਼ਾਹ ਬਖ਼ਸ਼ ਨੇ ਪੁੱਛਿਆ, "ਮਹਾਰਾਜਾ ਦੇ ਚਲਾਣਾ ਕਰਨ ਤੋਂ ਬਾਅਦ ਤੁਸੀਂ ਕਿੱਧਰ ਗਾਇਬ ਹੋ ਗਏ ਸੀ?”
"ਉਸ ਤੋਂ ਬਾਅਦ ? ਉਸ ਤੋਂ ਬਾਅਦ ਮੈਂ ਮਹਾਰਾਜੇ ਦੀ ਇਕ ਲੱਦਾਖੀ ਰਾਣੀ ਨਾਲ ਲੱਦਾਖ ਚਲੀ ਗਈ ਸਾਂ। ਬਹੁਤ ਸਕੂਨ ਹਾਸਲ ਹੋਇਆ ਉੱਥੇ ਮੈਨੂੰ। ਇਹ ਮਹਾਤਮਾ ਬੁੱਧ ਨੂੰ ਮੰਨਣ ਵਾਲੇ ਇਹ ਲੋਕ ਕਿੰਨੇ ਅਮਨਪਸੰਦ ਹੁੰਦੇ ਹਨ!”
“ਹੁਲਾਇਸੀ” ਨਾਮ ਸੀ ਨਾ ਉਸ ਦਾ ?" ਸ਼ਾਹ ਬਖ਼ਸ਼ ਬੋਲਿਆ।
"ਹਾਂ, ਇਹੀ ਨਾਮ ਸੀ ਅਤੇ ਵੇਖੋ ਹੈਰਾਨੀ ਦੀ ਗੱਲ ਕਿ ਜਿਸ ਬੌਧ-ਮੰਦਰ ਕੋਲ ਜਿਸ ਨੂੰ ਉਹ ਲੋਕ ਗੋਂਫਾ ਕਹਿੰਦੇ ਹਨ, ਮੈਂ ਰਹਿੰਦੀ ਸੀ, ਉਸ ਤੋਂ ਜ਼ਰਾ ਕੁ ਦੂਰ ਇਕ ਵਾਦੀ ਵਿੱਚ ਇਨ੍ਹਾਂ ਲੱਦਾਖੀਆਂ ਤੋਂ ਵੱਖਰੇ ਕਿਸਮ ਦੇ ਕਬੀਲੇ ਦੇ ਲੋਕ ਰਹਿੰਦੇ ਸਨ। ਬੋਲੀ ਤੋਂ ਵੀ ਸ਼ਕਲ ਸੂਰਤ ਤੋਂ ਅਤੇ ਰਸਮਾਂ ਰਵਾਜਾਂ ਤੋਂ ਵੀ ਵੱਖਰੇ। ਮਜ਼ੇ ਦੀ ਗੱਲ ਇਹ ਕਿ ਉਨ੍ਹਾਂ ਦੀ ਬੋਲੀ ਦੇ ਅੱਧੇ ਤੋਂ ਵੱਧ ਲਫਜ਼ ਮੇਰੇ ਕਬੀਲੇ ਦੀ ਬੋਲੀ ਨਾਲ ਮਿਲਦੇ ਜੁਲਦੇ ਸਨ।
"ਤੁਸੀਂ ਕਿਸ ਕਬੀਲੇ ਦੇ ਹੋ?” ਸ਼ਾਮ ਸਿੰਘ ਨੇ ਪੁੱਛਿਆ।
"ਕਾਲੇ ਕੱਪੜੇ ਪਾਉਣ ਕਰਕੇ ਮੇਰੇ ਕਬੀਲੇ ਨੂੰ ਲੋਕ ਸਿਆਹ-ਪੋਸ਼ ਕਰਕੇ ਜਾਣਦੇ ਹਨ। ਪਰ ਅਸੀਂ ਅਫਗਾਨਿਸਤਾਨ ਦੇ 'ਦਰਦ" ਕਬੀਲੇ ਦੀ ਸ਼ਾਖ਼ ਹਾਂ, ਜਿਨ੍ਹਾਂ ਨੂੰ ਇਹ ਪਠਾਣ 'ਕਾਫ਼ਿਰ ਕਹਿ ਕੇ ਬੁਲਾਉਂਦੇ ਹਨ। ਉਹ ਮੁਸਲਮਾਨ ਨਹੀਂ ਅਤੇ ਕਿਸੇ ਬਹੁਤ ਕਦੀਮ ਜਾਤੀ 'ਚੋਂ ਹਨ-ਚਾਹੇ ਹੁਣ ਬਹੁਤਿਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾ ਰਿਹਾ ਹੈ। ਸਾਡੇ ਕਬੀਲੇ ਨੇ ਵੀ ਦੋ ਕੁ ਪੁਸ਼ਤਾਂ ਪਹਿਲਾਂ ਇਸਲਾਮ ਕਬੂਲ ਕਰ ਲਿਆ ਸੀ। ਹਾਂ, ਤੇ ਮੈਨੂੰ ਲੱਗਦਾ ਹੈ ਕਿ ਲਦਾਖ਼ ’ਚ ਰਹਿਣ ਵਾਲੇ ਉਹ ਦਰੋਕਪਾ’ ਲੋਕ ਵੀ ਉਸੇ ਕਦੀਮ ਕਬੀਲੇ ਤੋਂ ਹਨ ਜੋ ਕਿਸੇ ਹਾਲਾਤ ਦੇ ਅਧੀਨ ਅਫ਼ਗਾਨਿਸਤਾਨ 'ਚ ਰਹਿ ਰਹੇ 'ਦਰਦਾਂ' ਤੋਂ ਵਿਛੜ ਕੇ ਲੱਦਾਖ਼ ਜਾ ਵੱਸੇ।"
"ਕਈ ਕੌਮਾਂ ਦੀ ਦਾਸਤਾਨ ਵੀ ਔਰਤਾਂ ਵਾਂਗ ਹੁੰਦੀ ਹੈ।" ਜੀਨਤ ਕਹਿ ਉੱਠੀ, "ਕਿੱਥੇ ਪੈਦਾ ਹੁੰਦੀਆਂ ਅਤੇ ਤਕਦੀਰ ਉਨ੍ਹਾਂ ਨੂੰ ਕਿੱਥੇ ਦੀ ਕਿੱਥੇ ਪੁਚਾ ਦਿੰਦੀ ਹੈ?
ਰੂਪ ਜਦੋਂ ਦੀ ਇਸ ਕਮਰੇ ਚ ਆਈ, ਗੁਲਬਾਨੋ ਉਸ ਵੱਲ ਵੇਖੀ ਜਾ ਰਹੀ ਸੀ।
ਉਹ ਬੋਲੀ, "ਵਾਹ! ਕਿੰਨੀ ਖੂਬਸੂਰਤ ਹੈ ਇਹ ਕੁੜੀ। ਜ਼ਰੂਰ ਸ਼ਹਿਜ਼ਾਦੀ ਹੀ ਹੋਵੇਗੀ। ਪਰ... ਪਰ ਧੀਆਂ ਨੂੰ ਜੰਮਦਿਆਂ ਹੀ ਮਾਰ ਦੇਣ 'ਚ ਮੈਨੂੰ ਨਾ ਤੇ ਕੋਈ ਸਿਆਣਪ ਨਜਰ ਆਉਂਦੀ ਹੈ, ਨਾ ਕੋਈ ਅਜ਼ਮਤ ਅਤੇ ਨਾ ਕੋਈ ਵਡਿਆਈ । ਲੱਦਾਖ਼ ਦੀ ਸਭ ਤੋਂ ਕਾਬਲ ਹਾਕਮ ਇਕ ਔਰਤ ਹੀ ਸੀ।"
“ਤੁਸੀਂ ਠੀਕ ਕਹਿ ਰਹੇ ਹੋ।“ ਸ਼ਾਮ ਸਿੰਘ ਬੋਲਿਆ। “ਮੈਨੂੰ ਲਗਦਾ ਹੈ ਕਿ ਇਹ ਰਿਵਾਜ ਵੀ ਸਾਡੇ ਲੋਕਾਂ ਨੇ ਰਾਜਪੂਤਾਂ ਨੂੰ ਵੇਖ ਕੇ ਅਪਣਾਇਆ ਹੈ।“
"ਕਿਸੇ ਨੂੰ ਵੀ ਵੇਖ ਕੇ ਆਪਣਾਇਆ ਹੋਵੇ। ਪਰ ਇਸ ਤੋਂ ਅਕਲ ਦੀ ਕਮੀ ਦਾ ਸਬੂਤ ਜਰੂਰ ਮਿਲਦਾ ਹੈ। ਤੁਸੀਂ ਆਪ ਹੀ ਸੋਚੋ ਕਿ ਜੇ ਮਹਾਰਾਜਾ ਦੇ ਨਾਨਾ ਆਪਣੇ ਧੀ ਨੂੰ ਜੰਮਦਿਆਂ ਹੀ ਮਾਰ ਦੇਂਦੇ ਤਾਂ ਇਹ ਮਹਾਰਾਜਾ ਰਣਜੀਤ ਸਿੰਘ ਕਿੱਥੋਂ ਪੈਦਾ ਹੁੰਦੇ।" ਜ਼ੀਨਤ ਆਪਣੀ ਰਾਇ ਜ਼ਾਹਰ ਕਰਦਿਆਂ ਬੋਲੀ।
ਪਰ ਇਸ ਨੂੰ ਮੈਂ ਅਕਲ ਦੀ ਘਾਟ ਦੀ ਥਾਵੇਂ ਭਰਮ ਕਹਿਣਾ ਜਿਆਦਾ ਠੀਕ ਸਮਝਾਂਗੀ।" ਗੁਲਬਾਨੋ ਕਹਿਣ ਲੱਗੀ।" ਭਰਮ ਅਤੇ ਝੂਠੇ ਅਭਿਮਾਨ। ਬੌਧ ਧਰਮ ਨੇ ਇਸ ਤਰ੍ਹਾਂ ਦੇ ਬਹੁਤ ਸਾਰੇ ਭਰਮਾਂ ਤੋਂ ਨਿਜਾਤ ਹਾਸਲ ਕਰ ਲਈ ਹੋਈ ਹੈ।"
“ਲੱਗਦਾ ਹੈ ਕਿ ਤੁਸੀਂ ਬੌਧ ਧਰਮ ਤੋਂ ਕਾਫ਼ੀ ਪ੍ਰਭਾਵਿਤ ਹੋ।"
“ਤੁਸਾਂ ਠੀਕ ਹੀ ਸਮਝਿਆ, "ਪਰ ਜੇ ਵੇਖਿਆ ਜਾਵੇ ਤਾਂ ਸਾਰੇ ਧਰਮਾਂ ਦਾ ਮੂਲ ਇਕੋ ਹੈ। ਗੁਲਬਾਨੋ ਕਹਿ ਰਹੀ ਸੀ, "ਫਰਕ ਇਹ ਹੈ ਕਿ ਬੌਧ ਧਰਮ ਨੇ ਕੁਝ ਅਸੂਲਾਂ ਨੂੰ ਜ਼ਿਆਦਾ ਤਰਜੀਹ ਦਿੰਦਿਆਂ ਉਸ ਨੂੰ ਆਪਣੇ ਰੋਜ਼ ਮਰ੍ਹਾ ਦੇ ਜੀਵਨ ਦਾ ਅੰਗ ਬਣਾਇਆ, ਬਾਕੀਆਂ ਨੇ ਇਨ੍ਹਾਂ ਮੂਲ ਗੁਣਾਂ ਵੱਲ ਧਿਆਨ ਹੀ ਨਹੀਂ ਦਿੱਤਾ। ਜਾਂ ਪੜ੍ਹ ਸੁਣ ਕੇ ਵਿਸਾਰ ਦੇਂਦੇ ਹਨ। ਜਿਵੇਂ ਪੱਥਰ ਦੇ ਉੱਤੇ ਪਾਣੀ ਦਾ ਛੜਕਾਓ।"
"ਮੈਂ ਇਨ੍ਹਾਂ ਦੀਆਂ ਗੱਲਾਂ ਨੂੰ ਨਾ ਤੇ ਬੌਧ ਧਰਮ ਦੀਆਂ ਜਾਂ ਕਿਸੇ ਹੋਰ ਦੀਆਂ ਧਾਰਨਾਵਾਂ ਸਮਝਦਾ ਹਾਂ।" ਕੀਰਤ ਸਿੰਘ ਕਹਿਣ ਲੱਗਾ, "ਇਹ ਤੇ ਜੀਵਨ ਦੀਆਂ ਸੱਚਾਈਆਂ ਹਨ। ਜੋ ਸੰਸਾਰ 'ਚ ਹੈ, ਉਸ ਨੂੰ ਤਾਂ ਆਦਮੀ ਨੇ ਭੋਗਣਾ ਹੀ ਹੈ ਅਤੇ ਆਪਣੇ ਜੀਵਨ ਦੀਆਂ ਮੂਲ ਜ਼ਰੂਰਤਾਂ ਨੂੰ ਵੀ ਪੂਰਾ ਕਰਨਾ ਹੈ। ਪਰ ਜੇ ਮਨੁੱਖ ਆਪਣੀ ਵਿਲਾਸਤਾ ਅਤੇ ਅਕਾਂਖਿਆਵਾਂ ਦਾ ਗੁਲਾਮ ਬਣ ਕੇ ਰਹਿ ਜਾਏ, ਇਹ ਵੀ ਠੀਕ ਨਹੀਂ।“
"ਚੱਲੋ ਮੈਨੂੰ ਕੋਈ ਤੇ ਦਿਸਿਆ ਜੋ ਮੇਰੇ ਨਾਲ ਸਹਿਮਤ ਹੈ।" ਗੁਲਬਾਨੋ ਕੀਰਤ ਸਿੰਘ ਵੱਲ ਤੱਕਦਿਆਂ ਕਹਿ ਉੱਠੀ।
ਸੁਣ ਕੇ ਸ਼ਾਮ ਸਿੰਘ ਕੁਝ ਮੁਸਕਰਾਉਂਦਿਆਂ ਬੋਲਿਆ, "ਮੈਂ ਤੇ ਸੋਚ ਰਿਹਾ ਸੀ ਕਿ ਜੀਨਤ ਨੂੰ ਕਹਾਂਗਾ ਕਿ ਇਨ੍ਹਾਂ ਲਈ ਮਹਾਂ-ਪ੍ਰਸ਼ਾਦ ਬਣਾਇਆ ਜਾਏ, ਐਡਾ ਲੰਮਾਂ ਸਫਰ ਕਰਕੇ ਆਏ ਹਨ। ਪਰ ਹੁਣ ਮੈਨੂੰ ਲੱਗਦਾ ਹੈ ਕਿ ਇਹ ਤਾਂ ਪੂਰੀ ਤਰ੍ਹਾਂ ਬੋਧੀ ਹੋ ਗਏ ਹਨ।“
ਗੁਲਬਾਨੋ ਦੇ ਬੁੱਲ੍ਹਾਂ 'ਤੇ ਵੀ ਇਕ ਅਰਥਪੂਰਨ ਮੁਸਕਾਨ ਖਿੰਡ ਗਈ । ਉਹ ਬੋਲੀ, "ਇੱਥੋਂ ਹੀ ਤੇ ਜਾਇਜ਼ ਨਾਜਾਇਜ਼ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ। ਯਾਅਨੀ ਕਿਸੇ ਨੂੰ ਉਸ ਦੇ ਜਿਊਣ ਦੇ ਅਧਿਕਾਰ ਤੋਂ ਵੰਚਿਤ ਕਰ ਦੇਣਾ; ਆਪਣੇ ਸੁਖ, ਆਪਣੀਆਂ
ਸੁਵਿਧਾਵਾਂ ਲਈ, ਚਾਹੇ ਉਹ ਜਾਨਵਰ ਹੋਵੇ ਚਾਹੇ ਗਰੀਬ ਕਿਸਾਨ ਜਾਂ ਗੁਲਾਮ। ਇਸੇ ਲਈ ਦੁਨੀਆਂ 'ਚ ਦੁੱਖ ਹੀ ਦੁੱਖ ਹੈ। ਆਦਮੀ ਅਤੇ ਧਰਮ ਦਾ ਫਰਜ਼ ਹੈ ਇਨ੍ਹਾਂ ਦੁੱਖਾਂ ਨੂੰ ਦੂਰ ਕਰਨਾ, ਪਰ ਮਨੁੱਖ ਤਾਂ ਇਨ੍ਹਾਂ ਦੁੱਖਾਂ ਨੂੰ ਵਧਾਉਂਦਾ ਚੱਲਿਆ ਜਾਂਦਾ ਹੈ, ਦੂਜਿਆਂ ਲਈ ਵੀ ਅਜੇ ਆਪਣੇ ਲਈ ਵੀ।"
ਉਸ ਨੂੰ ਲੱਗਿਆ ਜਿਵੇਂ ਉਹ ਕੁਝ ਬਹੁਤਾ ਹੀ ਬੋਲ ਗਈ ਹੈ, ਜੋ ਇਸ ਸਮੇਂ ਅਤੇ ਲੜਾਈਆਂ ਦੇ ਇਸ ਮਾਹੌਲ 'ਚ ਸ਼ਾਇਦ ਠੀਕ ਨਾ ਢੁੱਕੇ। ਫੇਰ ਗੱਲ ਨੂੰ ਬਦਲਦਿਆਂ ਅਤੇ ਰੂਪ ਵੱਲ ਤੱਕਦਿਆਂ ਅਤੇ ਉਸ ਨੂੰ ਸੰਬੋਧਿਤ ਹੁੰਦਿਆਂ ਆਖਿਆ, "ਆ ਪੁੱਤਰ, ਮੇਰੇ ਕੋਲ ਆ ਕੇ ਬੈਠ।"
ਰੂਪ ਉੱਠ ਕੇ ਉਸ ਕੋਲ ਬੈਠ ਗਈ। ਗੁਲਬਾਨੋ ਨੇ ਉਸ ਦੇ ਲੱਕ ਦੁਆਲੇ ਬਾਂਹ ਵੱਲ ਕੇ ਆਪਣੇ ਨਾਲ ਲਾ ਲਿਆ। ਫੇਰ ਆਖਿਆ:
"ਕਿਸ ਤਰ੍ਹਾਂ ਲੱਗ ਰਿਹਾ ਹੈ ਬੇਟੀ ਤੈਨੂੰ ਇੱਥੇ ? ਕੀ ਤੈਨੂੰ ਇਸ ਤਰ੍ਹਾਂ ਦਾ ਕੁਝ ਯਾਦ ਹੈ ਆਪਣੇ ਬਚਪਨ ਦਾ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕੇ ਕਿ ਤੂੰ ਕਿਸ ਦੀ ਧੀ ਏਂ ?"
"ਨਹੀਂ, ਮੈਨੂੰ ਐਸਾ ਕੁਝ ਵੀ ਯਾਦ ਨਹੀਂ। ਜਿਸ ਤੀਵੀਂ ਨੇ ਮੈਨੂੰ ਪਾਲਿਆ, ਉਸ ਤੋਂ ਮੈਨੂੰ ਪਿਆਰ ਜ਼ਰੂਰ ਮਿਲਿਆ, ਪਰ ਅਸਲੀ ਮਾਂ ਦਾ ਪਿਆਰ ਕੀ ਹੁੰਦਾ ਹੈ ਮੈਂ ਅਨਜਾਣ ਹੀ ਹਾਂ। ਮੈਂ ਆਪਣੀ ਅਸਲੀ ਮਾਂ ਨੂੰ ਜਾਣਿਆ ਤਾਂ ਉਸ ਦੇ ਅਭਾਵ ਤੋਂ ਹੀ ਜਾਣਿਆ।" ਕਹਿੰਦਿਆਂ ਉਸ ਦੀਆਂ ਅੱਖਾਂ ਭਰ ਆਈਆਂ ਅਤੇ ਬੋਲ ਕੰਬਣ ਲੱਗੇ। ਫੇਰ ਬੋਲੀ, "ਅਲਬੱਤਾ ਜਦੋਂ ਮੈਂ ਬਹੁਤ ਛੋਟੀ ਸੀ ਤਾਂ ਇਕ ਤੀਵੀਂ ਜ਼ਰੂਰ ਆਈ ਸੀ। ਸਾਡੇ ਘਰ ਇਕ ਦੋ ਵਾਰੀ। ਉਹ ਮੈਨੂੰ ਆਪਣੇ ਕੁੱਛੜ ਬਿਠਾ ਕੇ ਪਿਆਰ ਕਰਦੀ ਤੇ ਖੇਡਣ ਪਹਿਨਣ ਦੀਆਂ ਕੁਝ ਵਸਤੂਆਂ ਦੇ ਜਾਂਦੀ ਰਹੀ ਸੀ ।"
"ਤੈਨੂੰ ਯਾਦ ਨਹੀਂ ਕਿ ਉਹ ਵੇਖਣ ’ਚ ਕਿਸ ਤਰ੍ਹਾਂ ਦੀ ਸੀ ?"
"ਨਹੀਂ, ਉਸ ਦਾ ਚਿਹਰਾ ਹਮੇਸ਼ਾ ਦੁਪੱਟੇ ਨਾਲ ਢਕਿਆ ਰਹਿੰਦਾ ਸੀ।"
"ਉਹ ਕੌਣ ਹੋ ਸਕਦੀ ਹੈ ?" ਗੁਲਬਾਨੋ ਨੇ ਸ਼ਾਮ ਸਿੰਘ ਵੱਲ ਤੱਕਦਿਆਂ ਪੁੱਛਿਆ।
"ਜੇ ਇਹ ਮਹਾਰਾਜੇ ਦੀ ਉਹ ਰੂਪ ਪੋਤਰੀ ਹੈ ਤਾਂ ਖੜਕ ਸਿੰਘ ਜਾਂ ਸ਼ੇਰ ਸਿੰਘ ਦੀ ਕੋਈ ਰਾਣੀ ਜਾਂ ਰਖੇਲ ਦੀ ਕੁੱਖੋਂ ।"
"ਜੇ ਧੀ ਹੋਵੇ ਤਾਂ ?" ਕੀਰਤ ਸਿੰਘ ਨੇ ਆਖਿਆ।
"ਇਸ ਦਾ ਅਨੁਮਾਨ ਲਾਉਣਾ ਅਸੰਭਵ। ਅੱਠ ਰਾਣੀਆਂ ਸਨ ਮਹਾਰਾਜ ਦੀਆਂ।" ਗੁਲਬਾਨੋ ਨੇ ਕਿਹਾ।
"ਆਓ ਬੇਗ਼ਮ ਸਾਹਿਬਾ", ਜੀਨਤ ਗੁਲਬਾਨੋ ਕੋਲ ਆ ਕੇ ਅਤੇ ਉਸ ਨੂੰ ਉਠਾਉਂਦਿਆਂ ਬੋਲੀ, "ਇਨ੍ਹਾਂ ਮਰਦਾਂ ਦੀ ਬਹਿਸ ਤਾਂ ਕਦੇ ਖ਼ਤਮ ਨਹੀਂ ਹੋਣੀ। ਬਹਿਸ ਤੇ ਲੜਾਈਆਂ ਦੋ ਹੀ ਕੰਮ ਰਹਿ ਗਏ ਹਨ ਇਨ੍ਹਾਂ ਨੂੰ।" ਫੇਰ ਰੂਪ ਵੱਲ ਤੱਕਦਿਆਂ ਆਖਿਆ, "ਆਓ ਰੂਪ, ਇਨ੍ਹਾਂ ਨੂੰ ਮਹਿਮਾਨ ਖਾਨੇ 'ਚ ਪੁਚਾ ਦੇਈਏ, ਕੁਝ ਅਰਾਮ ਕਰ ਲੈਣ। ਬਹੁਤ ਥੱਕੇ ਹੋਏ ਹੋਣਗੇ।"
"ਨਹੀਂ, ਮੈਨੂੰ ਮਹਿਮਾਨ ਖਾਨੇ 'ਚ ਇਕੱਲਿਆਂ ਰਹਿਣ ਦੀ ਸਜ਼ਾ ਨਾ ਦੇਵੋ। ਜੇ ਰੂਪ
ਨੂੰ ਇਤਰਾਜ਼ ਨਾ ਹੋਵੇ ਤਾਂ ਮੈਂ ਇਸੇ ਦੇ ਕਮਰੇ 'ਚ ਆਪਣੇ ਆਪ ਨੂੰ ਜਿਆਦਾ ਸੁਖੀ ਮਹਿਸੂਸ ਕਰਾਂਗੀ।"
ਕੁਝ ਦਿਨ ਸ਼ੁਜਾਹਬਾਦ 'ਚ ਰਹਿਣ ਅਤੇ ਉਥੋਂ ਤੋਂ ਚੱਲਣ ਤੋਂ ਪਹਿਲਾਂ ਗੁਲਬਾਨੋ ਨੇ ਆਖਿਆ, "ਮੇਰਾ ਦਿਲ ਤੇ ਨਹੀਂ ਕਰਦਾ ਇੱਥੋਂ ਜਾਣ 'ਤੇ, ਪਰ ਜਾਣਾ ਤੇ ਹੈ ਹੀ।“
"ਤੁਸੀਂ ਇੱਥੇ ਹੀ ਕਿਉਂ ਨਹੀਂ ਰਹਿ ਪੈਂਦੇ ?" ਜ਼ੀਨਤ ਨੇ ਆਖਿਆ,"ਰੂਪ ਨੂੰ ਤੇ ਤੁਹਾਡੇ ਨਾਲ ਬਹੁਤ ਮੋਹ ਹੋ ਗਿਆ ਲੱਗਦਾ ਹੈ।"
"ਰਹਿ ਪੈਂਦੀ। ਪਰ ਐਡੀ ਦੂਰੋਂ, ਲੱਦਾਖ ਤੋਂ ਚੱਲ ਕੇ ਆਈ ਹਾਂ। ਬਸ ਬੈਠਿਆਂ ਬੈਠਿਆਂ ਮਨ 'ਚ ਆਇਆ ਕਿ ਮਨੁੱਖ ਦੀ ਜਿੰਦਗੀ ਦਾ ਕੀ ਭਰੋਸਾ। ਮਰਨ ਤੋਂ ਪਹਿਲਾਂ, ਆਪਣੀ ਜਨਮ ਭੂਮੀ ਨੂੰ ਵੇਖਣ ਦਾ ਮਨ ਕਰ ਆਇਆ।"
"ਤੁਹਾਨੂੰ ਡਰ ਨਹੀਂ ਲੱਗਦਾ ਇੰਜ ਇਕੱਲਿਆਂ ਸਫ਼ਰ ਕਰਦਿਆਂ?”
"ਡਰ। ਬੌਧ ਭਿੱਖੂਆਂ ਵਿਚਕਾਰ ਰਹਿੰਦਿਆਂ ਮੌਤ ਦਾ ਡਰ ਜਿਵੇਂ ਖ਼ਤਮ ਹੀ ਹੋ ਗਿਆ ਹੈ। ਉਂਜ ਕਿਸੇ ਇਸ ਤਰ੍ਹਾਂ ਦੀ ਬਿਪਤਾ ਦੀ ਘੜੀ ਲਈ ਮੈਂ ਆਪਣੀ ਅੰਗੂਠੀ 'ਚ ਥੋੜ੍ਹਾ ਕੁਣ ਰੱਖਿਆ ਹੋਇਆ ਹੈ। ਬਸ ਇਕ ਚੁੱਟਕੀ ਅਤੇ ਮੁਕਤੀ ।" ਉਹ ਹੱਸਦਿਆਂ ਹੋਇਆਂ ਅਤੇ ਉਂਗਲੀ 'ਚ ਪਾਈ ਇਕ ਵੱਡੇ ਆਕਾਰ ਦੀ ਮੁੰਦਰੀ ਵਿਖਾਉਂਦਿਆਂ ਬੋਲੀ, "ਬਹੁਤ ਕੁਝ ਵੇਖ ਲਿਆ-ਚੰਗਾ ਮੰਦਾ ਸੁੱਖ, ਦੁੱਖ। ਹੁਣ ਇਸ ਜਿਸਮ ਨਾਲ ਬਹੁਤਾ ਮੋਹ ਵੀ ਨਹੀਂ ਰਿਹਾ।"
"ਇਕ ਗੱਲ ਜਾਨਣਾ ਚਾਹੁੰਦਾ ਹਾਂ ਕਈ ਦਿਨਾਂ ਤੋਂ।" ਸ਼ਾਮ ਸਿੰਘ ਬੋਲਿਆ।
"ਕਿਹੜੀ ਗੱਲ ?"
"ਜਦ ਮਹਾਰਾਜ ਆਖ਼ਰੀ ਦਮਾਂ 'ਤੇ ਸਨ, ਕੀ ਤੁਸੀਂ ਉਸ ਵੇਲੇ ਉਨ੍ਹਾਂ ਦੇ ਕੋਲ ਹੀ ਸੀ?"
"ਹਾਂ, ਇਹ ਮੇਰੀ ਖ਼ੁਸ਼ਨਸੀਬੀ ਹੈ ਕਿ ਉਨ੍ਹਾਂ ਦੀਆਂ ਆਖ਼ਰੀ ਘੜੀਆਂ 'ਚ ਮੈਨੂੰ ਉਨ੍ਹਾਂ ਦੀ ਖ਼ਿਦਮਤ ਕਰਨ ਦਾ ਮੌਕਾ ਮਿਲਿਆ। ਇਹ ਵੀ ਦੱਸ ਦੇਵਾਂ ਕਿ ਅਧਰੰਗ ਕਾਰਨ ਉਨ੍ਹਾਂ ਦੀ ਆਵਾਜ਼ ਬੰਦ ਹੋਣ ਤੋਂ ਪਹਿਲਾਂ ਉਹ ਆਪਣੀਆਂ ਗਲਤੀਆਂ ਅਤੇ ਫਰੰਗੀਆਂ ਦੀਆਂ ਫਰੇਬਕਾਰੀਆਂ 'ਤੇ ਪਛਤਾਉਂਦੇ ਅਤੇ ਦੁਖੀ ਹੁੰਦੇ ਰਹੇ। ਅਫ਼ਗ਼ਾਨਿਸਤਾਨ 'ਤੇ ਹਮਲਾ ਕਰਨ ਤੋਂ ਪਹਿਲਾਂ ਫਰੰਗੀ ਲਾਟ ਨੇ, ਜਦੋਂ ਕਿ ਉਹ ਬਹੁਤ ਬਿਮਾਰ ਅਤੇ ਤਕਲੀਫ਼ ਵਿੱਚ ਸਨ, ਉਨ੍ਹਾਂ ਕੋਲ ਆ ਕੇ ਬਹੁਤ ਅਬਾ-ਤਬਾ ਬਕਿਆ ਅਤੇ ਉਨ੍ਹਾਂ ਦੀਆਂ ਫਰੰਗੀ ਫ਼ੌਜਾਂ ਨਾਲ ਸਿੱਖਾਂ ਦੀ ਫ਼ੌਜ ਨੂੰ ਵੀ ਅਫ਼ਗਾਨਿਸਤਾਨ ਭੇਜਣ ਲਈ ਕਿਹਾ। ਪਰ ਹੁਣ ਤੱਕ ਮਹਾਰਾਜ ਫਰੰਗੀਆਂ ਦੀਆਂ ਚਾਲਾਂ ਨੂੰ ਚੰਗੀ ਤਰ੍ਹਾਂ ਸਮਝਣ ਲੱਗ ਪਏ ਸਨ। ਉਹ ਉਸ ਅਹਿਦਨਾਮੇ 'ਤੇ ਆਪਣੇ ਦਸਖ਼ਤ ਕਰਨ ਤੋਂ ਇਨਕਾਰ ਕਰਦੇ ਰਹੇ।"
"ਅਤੇ ਇਨ੍ਹਾਂ ਡੋਗਰਿਆਂ, ਪੂਰਬੀਆਂ ਬਾਰੇ ?"
"ਇਨ੍ਹਾਂ ਡੋਗਰਿਆਂ ਬਾਰੇ ਤਾਂ ਉਨ੍ਹਾਂ ਨੂੰ ਆਪਣੀ ਮੌਤ ਤੋਂ ਕਈ ਵਰ੍ਹੇ ਪਹਿਲਾਂ ਹੀ
ਪਤਾ ਲੱਗ ਗਿਆ ਸੀ। ਉਨ੍ਹਾਂ ਦੇ ਲਫ਼ਜ਼ ਹਾਲੇ ਤੱਕ ਵੀ ਮੈਨੂੰ ਯਾਦ ਹਨ। ਉਨਾਂ ਕਿਹਾ ਸੀ: ਇਨ੍ਹਾਂ ਡੋਗਰਿਆਂ ਨੇ ਮੈਨੂੰ ਸਹੀ ਅਤੇ ਵਫ਼ਾਦਾਰ ਸਰਦਾਰਾਂ ਤੋਂ ਐਨਾ ਦੂਰ ਕਰ ਦਿੱਤਾ ਹੈ ਅਤੇ ਇਨ੍ਹਾਂ ਵਿਚਕਾਰ ਮੈਂ ਇਸ ਤਰਾਂ ਘਿਰ ਗਿਆ ਹਾਂ ਕਿ ਇਸ 'ਚੋਂ ਨਿਕਲ ਪਾਉਣਾ ਨਾਮੁਮਕਿਨ ਹੋ ਗਿਆ ਹੈ ।"
"ਪਰ ਅਸਾਂ ਤੇ ਸੁਣਿਆ ਹੈ ਕਿ ਉਨ੍ਹਾਂ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਹੀ ਸਾਰੇ ਸਰਦਾਰਾਂ ਤੇ ਵਜੀਰਾਂ ਨੂੰ ਬੁਲਾ ਕੇ ਧਿਆਨ ਸਿੰਘ ਨੂੰ ਆਪਣਾ ਵਜ਼ੀਰ-ਏ-ਆਜ਼ਮ ਅਤੇ ਨਾਲ ਹੀ ਖੜਕ ਸਿੰਘ ਦਾ ਵੀ ਸਰਪਸਤ ਬਣਾ ਦਿੱਤਾ ਸੀ।"
'ਅਸਲੀਅਤ ਇਹ ਹੈ ਸਿੰਘ ਜੀ" ਗੁਲਬਾਨੋ ਬੋਲੀ, "ਕਿ ਸਰਕਾਰ ਦੇ ਤਾਂ ਬੁੱਲ੍ਹ ਹੀ ਹਿੱਲਦੇ ਲੋਕਾਂ ਨੇ ਵੇਖੇ। ਧਿਆਨ ਸਿੰਘ ਉਨ੍ਹਾਂ ਦੇ ਬੁੱਲਾਂ ਕੋਲ ਆਪਣਾ ਕੰਨ ਲੈ ਕੇ ਜਾਂਦਾ ਅਤੇ ਸਰਦਾਰਾਂ ਦੇ ਪੱਛਣ 'ਤੇ ਕਿ ਉਨ੍ਹਾਂ ਕੀ ਆਖਿਆ, ਜੋ ਕੁਝ ਉਸ ਨੂੰ ਆਪ ਠੀਕ ਲੱਗਦਾ, ਬੋਲ ਦੇਂਦਾ ਰਿਹਾ। ਫੇਰ ਕੁੱਝ ਦੇਰ ਰੁਕਣ ਤੋਂ ਬਾਅਦ ਲੰਮਾ ਜਿਹਾ ਸਾਹ ਖਿੱਚਿਆ ਅਤੇ ਬੋਲੀ, "ਹੋਰ ਵੀ ਬਹੁਤ ਕੁਝ ਹੈ ਸ਼ਾਮ ਸਿੰਘ ਜੀ, ਹੋਰ ਵੀ ਬਹੁਤ ਕੁਝ ਜਿਸ ਤੋਂ ਆਉਣ ਵਾਲੀਆਂ ਨਸਲਾਂ ਅਨਜਾਣ ਹੀ ਰਹਿ ਜਾਣਗੀਆਂ।"
"ਹਾਂ ਬੇਗਮ ਸਾਹਿਬਾ, ਇਹੀ ਕੁਝ ਹੁੰਦਾ ਆਇਆ ਹੈ ਅਤੇ ਇਹੀ ਕੁਝ ਹੁੰਦਾ ਰਹੇਗਾ।" ਸ਼ਾਮ ਸਿੰਘ ਕਹਿ ਉੱਠਿਆ।" ਕੁਝ ਲੋਕ ਉਨ੍ਹਾਂ ਨੂੰ ਭੰਡਦੇ, ਉਨ੍ਹਾਂ ਦੀ ਆਲੋਚਨਾ ਕਰਦੇ ਰਹਿਣਗੇ ਅਤੇ ਕੁਝ ਉਨ੍ਹਾਂ ਨੂੰ ਆਪਣਾ ਮਹਾਂਨਾਇਕ, ਯੁੱਗਪੁਰਸ਼ ਮੰਨਦੇ ਰਹਿਣਗੇ। ਪਰ ਅਸਲੀਅਤ ਇਨ੍ਹਾਂ ਦੋਹਾਂ ਦੇ ਵਿਚਕਾਰ ਹੀ ਲੁਕੀ ਰਹੇਗੀ...।"
ਫੇਰ ਕੁਝ ਪਲ ਰੁਕਣ ਤੋਂ ਬਾਅਦ ਬੋਲਿਆ, "ਇਕ ਹੋਰ ਗੱਲ ਮਹਾਰਾਜਾ ਰਣਜੀਤ ਸਿੰਘ ਦੇ ਹੱਕ 'ਚ ਕਹੀ ਜਾ ਸਕਦੀ ਹੈ ਕਿ ਉਨ੍ਹਾਂ ਨੇ ਪਿਛਲੇ ਕਈ ਸੌ ਵਰ੍ਹਿਆਂ ਤੋਂ ਚੱਲਦੇ ਆ ਰਹੇ ਮਜ਼ਹਬੀ ਪੱਖਪਾਤ ਦੀ ਥਾਵੇਂ ਨਿਰਪੇਖ ਇਨਸਾਫ਼ ਦੀ ਸ਼ੁਰੂਆਤ ਕੀਤੀ। ਇਸ ਸੰਦਰਭ 'ਚ ਰਣਜੀਤ ਸਿੰਘ ਛੋਟੇ ਬਾਦਸ਼ਾਹ ਹੁੰਦਿਆ ਹੋਇਆਂ ਵੀ ਅਕਬਰ ਵਰਗੇ ਮੁਗਲ ਬਾਦਸ਼ਾਹਾਂ ਤੋਂ ਉੱਚੇ ਸਨ।
ਰੂਪ, ਜ਼ੀਨਤ ਅਤੇ ਹੋਰ ਸਾਰੇ ਗੁਲਬਾਨੋ ਨੂੰ ਵਿਦਾ ਕਰਨ ਲਈ ਕਿਲ੍ਹੇ ਦੇ ਮੁੱਖ ਦਵਾਰ ਤੱਕ ਆਏ। ਗੁਲਬਾਨੋ ਨੇ ਆਪਣੀ ਡੋਲੀ ਇੱਥੇ ਹੀ ਰਹਿਣ ਦਿੱਤੀ ਅਤੇ ਸ਼ਾਮ ਸਿੰਘ ਦੁਆਰਾ ਦਿੱਤੇ ਹੋਏ ਘੋੜੇ 'ਤੇ ਬੈਠ ਗਈ। ਸ਼ਾਮ ਸਿੰਘ ਨੇ ਉਸ ਨਾਲ ਛੇ ਪਠਾਣ ਅੰਗ-ਰੱਖਿਅਕ ਵੀ ਤੋਰ ਦਿੱਤੇ। ਘੋੜੇ 'ਤੇ ਬੈਠਣ ਤੋਂ ਪਹਿਲਾਂ ਗੁਲਬਾਨੋ ਦੇ ਬੁੱਲ੍ਹ ਕੁਝ ਕਹਿਣ ਲਈ ਹਿੱਲੇ, ਫੇਰ ਉਸ ਨੇ ਜੀਨਤ ਨੂੰ ਅਤੇ ਰੂਪ ਨੂੰ ਆਪਣੀਆਂ ਬਾਹਵਾਂ 'ਚ ਘੁੱਟ ਕੇ ਪਿਆਰ ਕੀਤਾ ਅਤੇ ਘੋੜੇ 'ਤੇ ਬੈਠ ਗਈ।
ਸਾਰੇ ਜਣੇ ਕਿਲ੍ਹੇ ਦੀ ਕੰਧ 'ਤੇ ਆ ਕੇ ਗੁਲਬਾਨੋ ਨੂੰ ਕੋਹ ਸੁਲੇਮਾਨ ਦੀਆ ਪਹਾੜੀਆਂ ਵੱਲ ਜਾਂਦੀ ਅਤੇ ਹੌਲੀ-ਹੌਲੀ ਉਨ੍ਹਾਂ ਪਹਾੜੀਆਂ 'ਚ ਗੁੰਮ ਹੁੰਦੀ ਵੇਖਦੇ ਰਹੇ।
***
42
ਜੀਵਨ 'ਚ ਕਦੇ-ਕਦੇ ਐਸੇ ਪਲ ਵੀ ਆਉਂਦੇ ਹਨ ਜਦ ਮਨ 'ਚ ਪਈਆਂ ਗੁੰਝਲਾਂ ਆਪਣੇ ਆਪ ਸੁਲਝਨ ਲੱਗਦੀਆਂ ਅਤੇ ਅਵਚੇਤਨ 'ਚੋਂ ਕੁਝ ਆਵਾਜਾਂ ਉਭਰਨ ਲੱਗ ਪੈਂਦੀਆਂ ਹਨ, ਜਦੋਂ ਵਿਵੇਕ, ਵਿਚਾਰ ਸੌਂ ਜਾਂਦੇ ਅਤੇ ਕੋਈ ਹੋਰ ਹੀ ਸ਼ਕਤੀ ਜਾਗ੍ਰਤ ਹੋ ਉੱਠਦੀ ਹੈ, ਮਨ ਦੀ ਇਕ ਐਸੀ ਸੂਖ਼ਮ ਅਵਸਥਾ ਜਦੋਂ ਕਈ ਰਹੱਸ ਖੁੱਲ੍ਹਣ ਲੱਗਦੇ ਹਨ।
ਇਹ ਇਕ ਐਸੀ ਹੀ ਰਾਤ ਸੀ। ਰੂਪ ਆਪਣੇ ਕਮਰੇ 'ਚ ਲੰਮੀ ਪਈ ਸੀ, ਅੱਧੀ ਸੁੱਤੀ ਅੱਧੀ ਜਾਗੀ ਜਿਹੀ। ਬਾਹਰੋਂ ਰਾਤ ਦੀ ਰਾਣੀ ਦੇ ਫੁੱਲਾਂ ਦੀ ਖੁਸ਼ਬੋ ਆ ਰਹੀ ਸੀ ਅਤੇ ਆਕਾਸ਼ 'ਚ ਪੂਰਨਮਾਸ਼ੀ ਦਾ ਚੰਨ ਚਮਕ ਰਿਹਾ ਸੀ। ਇਸ ਅਰਧ-ਸੁਫਨ ਅਵਸਥਾ 'ਚ ਰੂਪ ਨੂੰ ਲੱਗਿਆ ਜਿਵੇਂ ਇਕ ਔਰਤ ਬੂਹਾ ਖੋਲ੍ਹ ਕੇ ਹੌਲੀ-ਹੌਲੀ ਪੈਰ ਚੁੱਕੀ ਉਸ ਵੱਲ ਵੱਧ ਰਹੀ ਹੈ। ਔਰਤ ਨੇ ਗੇਰੂਆ ਕੱਪੜੇ ਪਾਏ ਹੋਏ ਹਨ, ਬੌਧ ਭਿਖਣੀਆਂ ਵਾਲੇ। ਉਸ ਦੀਆਂ ਅੱਖਾਂ 'ਚ ਮਮਤਾ ਹੈ ਅਤੇ ਬੁੱਲ੍ਹਾਂ 'ਤੇ ਭੇਦ ਭਰੀ ਮੁਸਕਾਨ ਫੇਰ ਉਹ ਰੂਪ ਦੇ ਕੋਲ ਆ ਕੇ ਪਲੰਘ ਦੀ ਬਾਹੀ 'ਤੇ ਬੈਠ ਜਾਂਦੀ ਹੈ ਅਤੇ ਉਸ ਦੇ ਸਿਰ 'ਤੇ ਹੱਥ ਫੇਰਦਿਆਂ ਹੌਲੀ ਆਵਾਜ਼ 'ਚ ਬੋਲਣ ਲੱਗਦੀ, "ਮੇਰੀ ਬੇਟੀ, ਮੇਰੀ ਸੋਹਣੀ ਰੂਪ.... ਮੈਨੂੰ ਮੁਆਫ ਕਰ ਦੇਣਾ....।"
ਰੂਪ ਉੱਠ ਕੇ ਬੈਠ ਗਈ ਅਤੇ ਬੌਂਦਲੀਆਂ ਅੱਖਾਂ ਨਾਲ ਇੱਧਰ-ਉੱਧਰ ਵੇਖਣ ਲੱਗੀ। ਉੱਥੇ ਕੋਈ ਨਹੀਂ ਸੀ, ਪਰ ਫੇਰ ਵੀ ਕਿਸੇ ਦੀ ਉਪਸਥਿਤੀ ਨੂੰ ਉਹ ਮਹਿਸੂਸ ਕਰ ਰਹੀ ਸੀ। ਫੇਰ ਇਕ ਚਮਤਕਾਰ ਵਾਂਗ ਉਸ ਨੂੰ ਸਭ ਕੁਝ ਸਾਫ਼ ਹੋ ਗਿਆ। ਤਾਂ ਉਹ ਗੁਲਬਾਨੋ ਮੇਰੀ ਮਾਂ ਸੀ...। ਅਤੇ ਫੇਰ ਉਸ ਦੇ ਧੁਰ ਅੰਦਰੋਂ ਇਕ ਹੂਕ, ਇਕ ਮੂਕ ਚੀਕ ਉਭਰੀ: ਮਾਂ...। ਓ ਮੇਰੀ ਮਾਂ....."
43
ਮੁਲਤਾਨ ਤੋਂ ਦੀਵਾਨ ਮੂਲ ਰਾਜ ਦਾ ਆਇਆ ਖ਼ਤ ਪੜ੍ਹ ਕੇ ਸ਼ਾਮ ਸਿੰਘ ਕੁਝ ਸੋਚਾਂ ਵਿਚ ਪੈ ਗਿਆ। ਨਾਲ ਹੀ ਉਸ ਦੇ ਬੁੱਲ੍ਹਾਂ 'ਤੇ ਹਲਕੀ ਜਿਹੀ ਮੁਸਕਾਨ ਖਿੰਡਰ ਗਈ।
"ਕੀ ਸੰਦੇਸ਼ ਆਇਆ।" ਕੋਲ ਬੈਠੇ ਕੀਰਤ ਸਿੰਘ ਨੇ ਪੁੱਛਿਆ।
"ਸ਼ਾਹ ਬਖ਼ਸ਼ ਹੁਰਾਂ ਨੂੰ ਬੁਲਾ ਕੇ ਲਿਆਓ।" ਸ਼ਾਮ ਸਿੰਘ ਨੇ ਕੋਲ ਖੜੇ ਇਕ ਖ਼ਿਦਮਤਗਾਰ ਨੂੰ ਕਿਹਾ। ਫੇਰ ਕੀਰਤ ਸਿੰਘ ਨੂੰ ਸੰਬੋਧਿਤ ਹੁੰਦਿਆਂ ਬੋਲਿਆ, "ਕੁਝ ਦਿਨ ਪਹਿਲਾਂ ਮੂਲ ਰਾਜ ਨੇ ਫਰੰਗੀਆਂ ਵਿਰੁੱਧ ਮੁਹਿੰਮ 'ਚ ਸਹਾਇਤਾ ਲਈ ਕਾਬੁਲ ਦੇ ਅਮੀਰ ਦੋਸਤ ਮੁਹੰਮਦ ਕੋਲ ਆਪਣਾ ਸੁਨੇਹਾ ਭੇਜਿਆ ਸੀ। ਉਸ ਨੇ ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਆਪਣੇ ਪੁੱਤਰ ਮੁਹੰਮਦ ਅਕਬਰ ਖ਼ਾਂ ਨੂੰ ਭੇਜਿਆ ਹੈ।
"ਕਿੱਥੇ ਹੈ ਉਹ ਇਸ ਵੇਲੇ ?" ਕੀਰਤ ਸਿੰਘ ਨੇ ਪੁੱਛਿਆ।
"ਦਿਰਗੀ ਗਿਲਜ਼ੱਈ ਦੇ ਸਥਾਨ 'ਤੇ।"
"ਹੂੰ । ਬਹਤੀ ਦੂਰ ਨਹੀਂ ਇੱਥੋਂ। ਪਰ--ਪਰ ਉਹ ਕਿਉਂ ਮਦਦ ਕਰੇਗਾ ਸਾਡੀ ? ਉਹ ਤੇ ਸਿੱਖਾਂ ਨੂੰ ਆਪਣਾ ਸਭ ਤੋਂ ਵੱਡਾ ਦੁਸ਼ਮਣ ਸਮਝਦਾ ਹੈ। ਕੁਝ ਵਰ੍ਹੇ ਪਹਿਲਾਂ ਹੀ ਹਰੀ ਸਿੰਘ ਨਲੂਏ ਨੇ ਇਸ ਨੂੰ ਇਕ ਲੜਾਈ 'ਚ ਜ਼ਬਰਦਸਤ ਹਾਰ ਦਿੱਤੀ ਸੀ।"
"ਇਹ ਤੇ ਠੀਕ ਏ ਪਰ ਇਸੇ ਅਕਬਰ ਖ਼ਾਂ ਨੇ ਇਕ ਫਰੰਗੀ ਜਰਨੈਲ ਦਾ ਸਿਰ ਵੱਢ ਕੇ ਕਾਬੁਲ ਦੇ ਬਾਜ਼ਾਰ 'ਚ ਲਟਕਾਇਆ ਸੀ ।" ਸ਼ਾਮ ਸਿੰਘ ਨੇ ਆਖਿਆ, "ਕੱਲ੍ਹ ਦੇ ਦੋਸਤ, ਅੱਜ ਦੇ ਦੁਸ਼ਮਣ ਅਤੇ ਰਾਜਨੀਤੀ 'ਚ ਅੱਜ ਦੇ ਦੋਸਤ ਕੱਲ੍ਹ ਦੇ ਦੁਸ਼ਮਣ ਬਣ ਜਾਂਦੇ ਹਨ। ਤੁਹਾਨੂੰ ਸ਼ਾਇਦ ਪਤਾ ਹੀ ਹੋਵੇ ਜਦ ਫਰੰਗੀਆਂ ਨੇ ਕੁਝ ਵਰ੍ਹੇ ਪਹਿਲਾਂ ਕਾਬੁਲ 'ਤੇ ਜਾ ਕਬਜ਼ਾ ਕੀਤਾ ਤਾਂ ਇਸੇ ਅਕਬਰ ਖ਼ਾਂ ਨੇ ਉਨ੍ਹਾਂ ਵਿਰੁੱਧ ਬਗਾਵਤ ਦਾ ਝੰਡਾ ਝੁਲਾਇਆ ਸੀ ।"
"ਹੂੰ । ਉਨ੍ਹਾਂ ਦੇ ਕਿਸੇ ਜਨਰਲ ਦਾ ਕਾਤਲ!" ਕੀਰਤ ਸਿੰਘ ਜਿਵੇਂ ਆਪਣੇ ਆਪ ਨੂੰ ਕਹਿ ਰਿਹਾ ਸੀ।
ਸ਼ਾਮ ਸਿੰਘ ਕੀਰਤ ਸਿੰਘ ਦੇ ਮੋਢੇ 'ਤੇ ਹੱਥ ਮਾਰਦਿਆਂ ਬੋਲਿਆ, "ਇਹ ਫਰੰਗੀ ਉਸੇ ਤਰ੍ਹਾਂ ਉਸ ਅਕਬਰ ਖ਼ਾਂ ਦੀ ਜਾਨ ਦੇ ਪਿਆਸੇ ਹਨ ਜਿਵੇਂ ਤੁਹਾਡੇ ।"
"ਹੂੰ ! ਤੇ ਹੁਣ ?"
ਓਨੀ ਦੇਰ 'ਚ ਸ਼ਾਹ ਬਖ਼ਸ਼ ਵੀ ਆ ਪਹੁੰਚਿਆ। ਸ਼ਾਮ ਸਿੰਘ ਨੇ ਉਸ ਨੂੰ ਵੀ ਸਾਰੇ ਹਾਲਾਤ ਦੇ ਬਾਰੇ ਜਾਣਕਾਰੀ ਦੇਣ ਤੋਂ ਬਾਅਦ ਆਖਿਆ, "ਤੁਸੀ, ਸ਼ਾਹ ਬਖ਼ਸ਼ ਜੀ, ਤਿਆਰ ਹੋ ਜਾਵੋ। ਤੁਸਾਂ ਉਸ ਨੂੰ ਮਿਲਣ ਜਾਣਾ ਹੈ।"
"ਮੇਰੀ ਤੇ ਆਪ ਹੀ ਬਹੁਤ ਦਿਨਾਂ ਦੀ ਖਾਹਿਸ਼ ਸੀ ਉਸ ਨੂੰ ਮਿਲਣ ਦੀ।"
"ਮੈਂ ਵੀ ਮਿਲਣਾ ਚਾਹਵਾਂਗਾ ਉਸ ਨੂੰ।" ਕੀਰਤ ਸਿੰਘ ਨੇ ਆਖਿਆ।
"ਇਸ ਵੇਲੇ ਇਨ੍ਹਾਂ ਅਤੇ ਤੁਹਾਡੇ ਵਿੱਚੋਂ ਇਕ ਦਾ ਇਸ ਕਿਲ੍ਹੇ 'ਚ ਮੌਜੂਦ ਰਹਿਣਾ ਜ਼ਰੂਰੀ ਹੈ।" ਸ਼ਾਮ ਸਿੰਘ ਨੇ ਆਪਣਾ ਫੈਸਲਾ ਸੁਣਾਉਂਦਿਆਂ ਕਿਹਾ।
ਅਗਲੇ ਦਿਨ ਹੀ ਆਪਣੇ ਨਾਲ ਸੌ ਅੰਗ-ਰੱਖਿਅਕਾਂ ਦਾ ਦਸਤਾ ਅਤੇ ਸ਼ਾਹ ਬਖ਼ਸ਼ ਨੂੰ ਨਾਲ ਲੈ ਕੇ ਸ਼ਾਮ ਸਿੰਘ 'ਦਿਰਗੀ ਗਿਲਜ਼ਈ" ਵੱਲ ਤੁਰ ਪਿਆ। ਉਂਜ ਐਡੇ ਵੱਡੇ ਫ਼ੌਜੀ ਦਸਤੇ ਦੀ ਬਹੁਤੀ ਲੋੜ ਨਹੀਂ ਸੀ ਕਿਉਂਕਿ ਪਠਾਣਾਂ ਦੇ ਇਲਾਕੇ 'ਚ ਪਿੰਡਾਂ-ਬਸਤੀਆਂ 'ਚ ਅਕਬਰ ਖਾਂ ਨੇ ਇਸ ਬਾਰੇ ਆਪਣੇ ਸੁਨੇਹੇ ਭੇਜ ਦਿੱਤੇ ਹੋਏ ਸਨ। ਰਸਤੇ 'ਚ ਸਭ ਥਾਵੇਂ ਉਨ੍ਹਾਂ ਦੀ ਚੰਗੀ ਆਉ-ਭਗਤ ਹੁੰਦੀ ਰਹੀ । ਤੀਜੇ ਦਿਨ ਕੁਝ ਦੇਰ ਇਕ ਨਦੀ ਕੰਢੇ ਤੁਰਦੇ ਰਹਿਣ ਅਤੇ ਇਕ ਖ਼ੁਸ਼ਕ ਪਹਾੜੀ ਪਾਰ ਕਰਨ ਤੋਂ ਬਾਅਦ ਉਹ ਇਕ ਬਾਉਲੀ ਕੋਲ ਜਾ ਰੁਕੇ ਜਿੱਥੇ ਕਿਸੇ ਮੁਸਲਮਾਨ ਦਰਵੇਸ਼ ਦੀ ਦਰਗਾਹ ਸੀ। ਇੱਥੇ ਅਕਬਰ ਖਾਂ ਦੇ ਸਿਪਾਹੀ ਸ਼ਾਮ ਸਿੰਘ ਦੀ ਉਡੀਕ ਕਰ ਰਹੇ ਸਨ।
ਆਪਣੇ ਅੰਗ-ਰੱਖਿਅਕ ਦਸਤੇ ਨੂੰ ਉੱਥੇ ਹੀ ਛੱਡ ਕੇ ਸ਼ਾਮ ਸਿੰਘ ਅਤੇ ਸ਼ਾਹ ਬਖ਼ਸ਼ ਕਿਲ੍ਹੇ ਦਾ ਦਰਵਾਜ਼ਾ ਲੰਘ ਕੇ ਕਿਲ੍ਹੇ ਅੰਦਰ ਜਾ ਵੜੇ। ਕਿਲ੍ਹੇ ਦੇ ਅੰਦਰ ਕਮਰਿਆਂ ਦੀਆਂ ਕੰਧਾਂ ਪੱਥਰ ਨਾਲ ਚਿਣੀਆਂ ਹੋਈਆਂ, ਸ਼ਾਨ-ਓ-ਸ਼ੌਕਤ ਵਾਲੀ ਕੋਈ ਚੀਜ
ਨਹੀਂ ਸੀ। ਕੁਝ ਕੰਧਾਂ ਢੱਠੀਆਂ ਹੋਈਆਂ, ਜਾਂ ਤਾਜ਼ਾ-ਤਾਜਾ ਮੁਰੰਮਤ ਕੀਤੀਆਂ ਹੋਈਆਂ। ਕੁਝ ਵਰ੍ਹੇ ਪਹਿਲਾਂ ਹੀ ਇਸ ਕਿਲ੍ਹੇ ਦੇ ਕਬਜ਼ੇ ਲਈ ਰਣਜੀਤ ਸਿੰਘ ਦੀਆਂ ਸਿੱਖ ਫ਼ੌਜਾਂ ਅਤੇ ਪਠਾਣਾਂ ਵਿਚਕਾਰ ਲੜਾਈ ਹੋਈ ਸੀ। ਉਸ ਖਾਲਸਾਈ ਫ਼ੌਜ ਦਾ ਕਮਾਂਡਰ ਸ਼ਾਮ ਸਿੰਘ ਦਾ ਬਾਪ ਹੀ ਸੀ।
ਕਿਲ੍ਹੇ ਦੇ ਮਹਿਮਾਨ ਖ਼ਾਨੇ 'ਚ ਪਹੁੰਚਦਿਆਂ ਹੀ ਅਕਬਰ ਖਾਂ ਨੇ ਅੱਗੇ ਵੱਧ ਕੇ ਉਨ੍ਹਾਂ ਦਾ ਸੁਆਗਤ ਕੀਤਾ। ਉਹ ਪੈਂਤੀ ਚਾਲੀ ਸਾਲ ਦਾ ਇਕਹਿਰੇ ਜਿਸਮ ਦਾ ਜਵਾਨ ਸੀ ਜਿਸ ਦੀਆਂ ਅੱਖਾਂ ਚ ਗਜ਼ਬ ਦੀ ਚਮਕ ਅਤੇ ਚਾਲ 'ਤੇ ਚੀਤੇ ਵਰਗੇ ਫੁਰਤੀ ਸੀ। ਉਸ ਦੇ ਸੱਜੇ ਪਾਸੇ ਚਿੱਟੀ ਅਤੇ ਲੰਮੀ ਦਾਹੜੀ ਵਾਲਾ ਬਜੁਰਗ ਆਦਮੀ ਲੰਮਾ ਜਿਹਾ ਚੋਗਾ ਪਾਈ ਖੜਾ ਸੀ। ਦੋਹਾਂ ਦੇ ਸਿਰ ਦੁਆਲੇ ਪੱਗਾਂ ਲਪੇਟੀਆਂ ਹੋਈਆ ਸਨ। ਅਕਬਰ ਖਾਂ ਨੇ ਉਸ ਦੀ ਜਾਣ ਪਛਾਣ ਇਨਾਅਤ ਖਾਂ ਕਰਕੇ ਕਰਾਈ ਜੋ ਉਸ ਦਾ ਸੁਲਾਹਕਾਰ ਜਾਂ ਵਜ਼ੀਰ ਲਗਦਾ ਸੀ।
“ਸਲਾਮ ਵਾ ਲੈਕਮ ਸਰਦਾਰ ਸ਼ਾਮ ਸਿੰਘ ਜੀ, ਦਿਰਗੀ ਗਿਲਜਈ ਦਾ ਇਹ ਕਿਲ੍ਹਾ ਤੁਹਾਡਾ ਖੈਰ ਮੁਕੱਦਮ ਕਰਦਾ ਹੈ। ਉਸ ਦੇ ਬੋਲਾਂ 'ਚ ਉਤਸ਼ਾਹ ਦੇ ਨਾਲ-ਨਾਲ ਹਲਕਾ ਜਿਹਾ ਵਿਅੰਗ ਵੀ ਸੀ। ਸਿੱਖ ਫ਼ੌਜਾਂ ਦੁਆਰਾ ਜਿੱਤੇ ਹੋਏ ਇਸ ਕਿਲ੍ਹੇ ’ਤੇ ਕੁਝ ਕ ਮਹੀਨੇ ਪਹਿਲਾਂ ਹੀ ਮੁੜ ਅਕਬਰ ਖਾਂ ਨੇ ਆਪਣਾ ਅਧਿਕਾਰ ਜਮਾ ਲਿਆ ਸੀ। ਫੇਰ ਸ਼ਾਮ ਸਿੰਘ ਦੇ ਨਾਲ ਪਠਾਣੀ ਕੱਪੜੇ ਪਾਈ ਖੜੇ ਸ਼ਾਹ ਬਖਸ਼ ਵੱਲ ਸਵਾਲੀਆ ਨਜ਼ਰਾਂ ਨਾਲ ਤੱਕਣ ਲੱਗਾ।
"ਇਹ ਸਾਡੇ ਪੰਜਾਬ ਦੇ ਮਸ਼ਹੂਰ ਸ਼ਾਇਰ ਸ਼ਾਹ ਮੁਹੰਮਦ ਦੇ ਫਰਜੰਦ ਸ਼ਾਹ ਬਖ਼ਸ਼ ਜੀ ਹਨ।" ਸ਼ਾਮ ਸਿੰਘ ਨੇ ਸ਼ਾਹ ਬਖ਼ਸ਼ ਦੀ ਜਾਣ ਪਛਾਣ ਕਰਾਉਂਦਿਆਂ ਕਿਹਾ, 'ਕੁਝ ਦਿਨ ਪਹਿਲਾਂ ਤੱਕ ਇਹ ਮਹਾਰਾਜਾ ਰਣਜੀਤ ਸਿੰਘ ਦੇ ਤੋਪਖ਼ਾਨੇ 'ਚ ਰਸਾਲਦਾਰ ਹੋਇਆ ਕਰਦੇ ਸਨ।"
"ਆਓ ਸ਼ਾਹ ਬਖਸ਼ ਜੀ, ਤੁਹਾਨੂੰ ਮਿਲ ਕੇ ਖ਼ੁਸ਼ੀ ਹੋਈ। ਮੈਂ... ਮੈਂ ਸੋਚ ਰਿਹਾ ਸੀ ਕਿ ਤੁਸੀਂ ਉਸ ਸ਼ਖ਼ਸ ਨੂੰ ਵੀ ਨਾਲ ਲੈ ਕੇ ਆਵੋਗੇ ਜਿਸ ਨੇ ਕਿਸੇ ਲੜਾਈ 'ਚ...। "
"ਜਿਸ ਨੇ ਮੁਕਦੀ ਦੀ ਲੜਾਈ 'ਚ ਕਿਸੇ ਫਰੰਗੀ ਜਰਨੈਲ ਨੂੰ ਮਾਰਿਆ ਸੀ। ਸ਼ਾਮ ਸਿੰਘ ਨੇ ਉਸ ਦੀ ਗੱਲ ਪੂਰੀ ਕਰਦਿਆਂ ਕਿਹਾ।
"ਗੁਸਤਾਖੀ ਮੁਆਫ ਕਰਨਾ,"ਅਕਬਰ ਖ਼ਾਂ ਕੁਝ ਦੇਰ ਮੁਸਕਰਾਉਂਦੇ ਰਹਿਣ ਤੋਂ ਬਾਅਦ ਬੋਲਿਆ, "ਮੈਨੂੰ ਸਮਝ ਨਹੀਂ ਆਉਂਦੀ ਕਿ ਸੱਤ ਸਮੁੰਦਰ ਪਾਰ ਤੋਂ ਆਈ ਇੱਕ ਛੋਟੀ ਜਿਹੀ ਕੌਮ ਸਾਡੇ ਹਿੰਦੋਸਤਾਨ ਉੱਤੇ ਕਿਵੇਂ ਰਾਜ ਕਰਨ ਲੱਗ ਪਈ ? ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਕਿ ਉਸ ਸਿੱਖ ਕੌਮ ਉੱਤੇ ਵੀ ਜਿਸ ਨੇ ਮਰਦਾਨ ਦੀ ਲੜਾਈ 'ਚ ਸਾਡੀ, 'ਤੌਬਾ' ਕਰਾ ਦਿੱਤੀ ਸੀ।"
"ਇਹ ਬਹੁਤ ਪੇਚੀਦਾ ਸਵਾਲ ਹੈ ਖਾਂ ਸਾਹਿਬ ।" ਸ਼ਾਮ ਸਿੰਘ ਬੋਲਿਆ, "ਤੁਹਾਡੀ ਕੌਮ ਇਕ ਹੈ ਅਤੇ ਸਾਡੇ ਮੁਲਕ 'ਚ ਅਨੇਕਾਂ ਕੌਮਾਂ ਵੱਖਰੀਆਂ-ਵੱਖਰੀਆਂ ਰਿਆਸਤਾਂ ਵੱਖਰੀਆਂ ਵੱਖਰੀਆਂ ਬੋਲੀਆਂ..।"
"ਨਹੀਂ ਸਰਦਾਰ ਸਾਹਿਬ, ਸਿਰਫ ਇਹੀ ਵਜ੍ਹਾ ਨਹੀਂ।" ਅਕਬਰ ਖ਼ਾਂ ਨੇ ਅੱਗਿਓਂ
ਆਖਿਆ, "ਸਾਡੇ ਵਿੱਚ ਵੀ ਵੱਖਰੇ-ਵੱਖਰੇ ਕਬੀਲੇ, ਕਬੀਲਿਆਂ ਦੀਆਂ ਆਪਸੀ ਅਤੇ ਸਦੀਆਂ ਤੋਂ ਚਲਦੀਆਂ ਆ ਰਹੀਆਂ ਦੁਸ਼ਮਣੀਆਂ। ਪਰ ਫੇਰ ਵੀ ਅਸਾਂ ਕਿਸੇ ਬਾਹਰਲੇ ਨੂੰ ਆਪਣਾ ਹਾਕਮ ਕਬੂਲ ਨਹੀਂ ਕੀਤਾ ਅਤੇ ਅਤੇ ਨਾ ਹੀ ਕਦੇ ਕਰਾਂਗੇ।"
"ਮੈਨੂੰ ਲਗਦਾ ਹੈ", ਸ਼ਾਮ ਸਿੰਘ ਆਪਣੇ ਮਸਤਕ 'ਤੇ ਜ਼ੋਰ ਪਾਉਂਦਿਆਂ ਬੋਲਿਆ, ਤੁਹਾਡੇ ਲੋਕਾਂ ਨੇ ਕਦੇ ਗੁਲਾਮੀ ਨਹੀਂ ਵੇਖੀ। ਸਾਡੇ ਲੋਕਾਂ 'ਤੇ ਚਾਹੇ ਆਪਣੇ ਰਾਜਿਆਂ ਦਾ ਰਾਜ ਸੀ ਚਾਹੇ ਗੈਰਾਂ ਦਾ, ਜਹਿਨੀ ਸਤਹ 'ਤੇ ਸਾਡੇ ਆਮ ਲੋਕ ਗੁਲਾਮੀ ਵਾਲਾ ਜੀਵਨ ਹੀ ਬਤੀਤ ਕਰਦੇ ਰਹੇ ਹਨ।"
"ਮੈਂ ਤੁਹਾਡੇ ਨਾਲ ਮੁਤਫਿਕ ਹੁੰਦਿਆਂ ਇਹੀ ਕਹਾਂਗਾ", ਅਕਬਰ ਖ਼ਾਂ ਬੋਲਿਆ, "ਤੁਹਾਡੇ ਮੁਲਕ ਦੇ ਆਮ ਆਦਮੀ ਦਾ ਹਾਕਮ ਜਮਾਤ ਨਾਲ ਜੋ ਰਿਸ਼ਤਾ ਰਿਹਾ ਉਹ ਆਕਾ (ਮਾਲਕ) ਅਤੇ ਗੁਲਾਮ ਵਾਲਾ ਹੀ ਰਿਹਾ । ਖ਼ਾਸ ਕਰਕੇ ਉਨ੍ਹਾਂ ਲੋਕਾਂ ਨਾਲ ਜੋ ਨੀਵੇਂ ਤਬਕੇ ਦੇ, ਹੱਥੀਂ ਕੰਮ ਕਰਨ ਵਾਲੇ ਸਨ। ਮਾਲਕ ਬਦਲ ਜਾਣ ਨਾਲ ਨਾ ਤੇ ਉਨ੍ਹਾਂ ਨੂੰ ਜਿਹਨੀ ਤੌਰ 'ਤੇ ਕੋਈ ਫ਼ਰਕ ਪੈਂਦਾ ਹੈ ਅਤੇ ਨਾ ਹੀ ਜਿਸਮਾਨੀ ਤੌਰ 'ਤੇ। ਮਾਲਕ ਜਮਾਤ ਦਾ ਸਰੋਕਾਰ ਤਾਂ ਸਿਰਫ਼ ਸਹੂਲਤਾਂ ਅਤੇ ਅਹੁਦਿਆਂ ਨਾਲ ਰਿਹਾ ਹੈ, ਚਾਹੇ ਇਹ ਕੁਝ ਆਪਣੀ ਕੌਮ ਦੇ ਹੁਕਮਰਾਨਾਂ ਤੋਂ ਹਾਸਲ ਹੋਣ ਚਾਹੇ ਗ਼ੈਰਾਂ ਤੋਂ।"
"ਇਹ ਬਹੁਤ ਹਦ ਤੱਕ ਦਰੁਸਤ ਹੈ," ਇਨਾਅਤ ਖ਼ਾਂ ਨੇ ਆਖਿਆ। "ਪਰ ਬੁਨਿਆਦੀ ਤੌਰ 'ਤੇ ਆਦਮੀ ਦਾ ਤੁਅੱਲਕ ਨਾ ਉਸ ਨੂੰ ਹਾਸਲ ਹੋਣ ਵਾਲੀਆਂ ਸਹੂਲਤਾਂ ਨਾਲ ਹੁੰਦਾ ਹੈ, ਅਤੇ ਨਾ ਹੋਸ਼ਿਆਰੀ ਜਾਂ ਅਕਲ ਨਾਲ ।"
"ਤਾਂ ਫੇਰ ਹੋਰ ਕਿਸ ਨਾਲ ?" ਸ਼ਾਹ ਬਖ਼ਸ਼ ਨੇ ਆਪਣੀ ਛੋਟੀ ਜਿਹੀ ਦਾਹੜੀ 'ਤੇ ਹੱਥ ਫੇਰਦਿਆਂ ਪੁੱਛਿਆ।
"ਇਸਦਾ ਤੁਅੱਲਕ ਹੈ ਉਸ ਦੇ ਨੰਗ-ਉ-ਨਮੂਸ, ਅਜ਼ਮਤ ਅਤੇ ਵੱਕਾਰ ਨਾਲ। ਉਸ ਦੁਆਰਾ ਗਲਤ ਅਤੇ ਸਹੀ 'ਚ ਪਛਾਣ ਕਰਨ ਦੀ ਸਲਾਹੀਅਤ ਨਾਲ। ਤੁਸੀਂ ਖ਼ੁਦਗਰਜ਼ੀ ਅਤੇ ਖ਼ੁਦਦਾਰੀ ਵਿੱਚਕਾਰ ਦਾ ਫਰਕ ਤਾਂ ਸਮਝਦੇ ਹੀ ਹੋਵੇਗੇ ?"
"ਜੇ ਨਾ ਸਮਝਦੇ ਹੁੰਦੇ ਤਾਂ ਅਸੀਂ ਵੀ ਲਾਹੌਰ ਦੇ ਸਰਦਾਰਾਂ ਵਾਂਗ ਫਰੰਗੀਆਂ ਅੱਗੇ ਗੋਡੇ ਟੇਕ ਦਿੱਤੇ ਹੁੰਦੇ।" ਸ਼ਾਮ ਸਿੰਘ ਬੋਲਿਆ।
"ਮੇਰੇ ਸਵਾਲ ਦਾ ਜਵਾਬ ਮੈਨੂੰ ਹਾਲੇ ਤੱਕ ਨਹੀਂ ਮਿਲਿਆ।" ਅਕਬਰ ਖ਼ਾਂ ਨੇ ਸ਼ਾਮ ਸਿੰਘ ਵੱਲ ਤੱਕਦਿਆਂ ਕਿਹਾ।
"ਜਿੱਥੋਂ ਤੱਕ ਮੈਂ ਸਮਝਦਾ ਹਾਂ।" ਸ਼ਾਹ ਬਖ਼ਸ਼ ਕਹਿਣ ਲੱਗਾ, "ਇਹ ਫਰੰਗੀ ਲੋਕ ਆਪਣੇ ਕੌਮੀ ਫਰਜ਼ ਦੇ ਨਿਭਾਉਣ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਸਮਝਦੇ ਹਨ ਜੋ ਇਨ੍ਹਾਂ ਦੇ ਕੌਮੀ ਰਹਿਨੁਮਾਵਾਂ ਨੇ ਇਨ੍ਹਾਂ ਦੇ ਜਿਹਨਾਂ 'ਚ ਕੁੱਟ-ਕੁੱਟ ਕੇ ਭਰ ਦਿੱਤਾ ਹੋਇਆ ਹੈ।"
"ਕਿਸ ਤਰ੍ਹਾਂ ਦਾ ਫ਼ਰਜ਼ ?" ਅਕਬਰ ਖ਼ਾਂ ਨੇ ਪੁੱਛਿਆ।
"ਆਪਣੀ ਕੌਮ ਦੀ ਖ਼ਾਤਰ ਆਪਣੇ ਨਿਜੀ ਮੁਫ਼ਾਦ ਨੂੰ ਕੁਰਬਾਨ ਕਰ ਦੇਣਾ; ਇੱਥੋਂ ਤੱਕ ਕਿ ਆਪਣੀ ਜ਼ਿੰਦਗੀ ਨੂੰ ਵੀ ਅਤੇ ਜਿਸ ਨੇ ਇਨ੍ਹਾਂ ਦੇ ਜਿਹਨ 'ਚ ਜਨੂੰਨ ਦੀ ਸ਼ਕਲ ਅਖਤਿਆਰ ਕਰ ਲਈ ਹੋਈ ਹੈ।" ਸ਼ਾਹ ਬਖ਼ਸ਼ ਬੋਲਿਆ।
ਮੇਰੀ ਸਾਫਗੋਈ ਨੂੰ ਮੁਆਫ਼ ਕਰਨਾ ਖਾਂ ਸਾਹਿਬ", ਸ਼ਾਮ ਸਿੰਘ ਨੇ ਪਹਿਲਾਂ ਸ਼ਾਹ ਬਖਸ਼ ਅਤੇ ਫੇਰ ਇਨਾਅਤ ਖਾਂ ਵੱਲ ਤੱਕਦਿਆਂ ਆਖਿਆ, "ਇਹ ਜਨੂੰਨ ਵੀ ਕਈ ਸ਼ਕਲਾਂ ਅਖਤਿਆਰ ਕਰਕੇ ਹਰ ਕਿਸੇ ਤਬਕੇ ਦੇ ਦਿਲਾਂ 'ਚ ਬੈਠਾ ਹੋਇਆ ਹੈ; ਫਰੰਗੀਆਂ ਦੀ ਕੌਮੀ ਜਨੂੰਨ, ਇਸਲਾਮ 'ਚ ਮਜਹਬੀ ਜਨੂੰਨ, ਰਾਜਪੂਤਾਂ 'ਚ ਆਪਣੀ ਨਿੱਜੀ ਬਹਾਦਰੀ ਵਿਖਾਉਣ ਦਾ ਜਨੂੰਨ....। ਤਾਂ ਫੇਰ ਸੱਚ ਕੀ ਹੈ?”
“ਝੂਠ ਅਤੇ ਸੱਚ, ਹਕੀਕੀ ਅਤੇ ਗੈਰ-ਹਕੀਕੀ 'ਚ ਬਹੁਤਾ ਫਰਕ ਨਹੀਂ। ਇਹ ਵੀ ਜਰੂਰੀ ਨਹੀਂ ਕਿ ਕੋਈ ਚੀਜ਼ ਸੱਚ ਜਾਂ ਝੂਠ ਹੀ ਹੋਵੇ। ਉਹ ਸੱਚ ਅਤੇ ਝੂਠ ਦੋਵੇਂ ਹੀ ਹੋ ਸਕਦਾ ਹੈ।" ਇਨਾਅਤ ਖਾਂ ਕਹਿ ਰਿਹਾ ਸੀ।
"ਇਹ ਤਾਂ ਤੁਸੀ ਬੁਝਾਰਤਾਂ ਪਾ ਰਹੇ ਹੋ ਖਾਂ ਸਾਹਿਬ।" ਸ਼ਾਹ ਬਖਸ਼ ਨੇ ਮੁਸਕਰਾਉਂਦਿਆਂ ਆਖਿਆ।
ਇਹ ਸਾਰੀ ਕਾਇਨਾਤ, ਸਾਰੀ ਦੁਨੀਆ, ਇਨਸਾਨ ਦਾ ਜਿਉਣਾ-ਮਰਨਾ, ਸਭ ਕੁਝ ਇਕ ਬੁਝਾਰਤ, ਇਕ ਰਾਜ ਹੀ ਤੇ ਹੈ ਸ਼ਾਹ ਸਾਹਿਬ । ਪਰ ਜੋ ਮੈਂ ਸਮਝਿਆ ਉਹ ਇਹ ਕਿ ਝੂਠ ਨੂੰ ਸੱਚ ਸਮਝਦੇ ਰਹਿਣ ਤੋਂ ਵੱਡਾ ਗੁਨਾਹ ਹੋਰ ਕੋਈ ਨਹੀਂ । ਸੱਚ ਨੂੰ ਝੂਠ ਸਮਝਣ ਤੋਂ ਵੱਡੀ ਹਮਾਕਤ ਹੋਰ ਕੋਈ ਨਹੀਂ।"
ਇਸ ਤੋਂ ਅੱਗੇ ਕਿਸੇ ਨੂੰ ਕੁਝ ਨਹੀਂ ਸੱਝਿਆ ਕਿ ਉਹ ਕੀ ਆਖੇ । ਜੇ ਸੁੱਝਿਆ ਤਾਂ ਚੁੱਪ ਹੀ ਰਿਹਾ। ਇਸ ਦੇ ਇਲਾਵਾ ਸ਼ਾਹ ਬਖ਼ਸ਼ ਅਤੇ ਸ਼ਾਮ ਸਿੰਘ ਨੂੰ ਬਹੁਤ ਭੁੱਖ ਲੱਗੀ ਹੋਈ ਸੀ। ਥੱਕੇ ਵੀ ਹੋਏ ਸਨ।
ਕੁਝ ਦੇਰ ਅਰਾਮ ਕਰਨ ਅਤੇ ਖਾਣ-ਪੀਣ ਤੋਂ ਬਾਅਦ ਉਨ੍ਹਾਂ ਵਿਚਕਾਰ ਫਰੰਗੀਆਂ ਵਿਰੁੱਧ ਆਪਸੀ ਸਮਝੌਤੇ ਦੀ ਗੱਲ-ਬਾਤ ਸ਼ੁਰੂ ਹੋਈ ਜਿਸ ਦਾ ਸਾਰ ਕੁਝ ਇਸ ਤਰ੍ਹਾਂ ਸੀ-
"ਇਸ ਵੇਲੇ ਫਰੰਗੀ ਸਿਰਫ਼ ਸਿੱਖਾਂ ਅਤੇ ਪਠਾਣਾਂ ਦੇ ਦੁਸ਼ਮਣ ਹੀ ਨਹੀਂ ਬਲਕਿ ਸਾਰੇ ਹਿੰਦੋਸਤਾਨ ਅਤੇ ਅਫ਼ਗਾਨਿਸਤਾਨ ਦੇ ਦੁਸ਼ਮਣ ਹਨ। ਫਰੰਗੀਆਂ ਵਿਰੁੱਧ ਜੱਦੋ-ਜਹਿਦ ਦੀ ਕਾਮਯਾਬੀ ਤੋਂ ਬਾਅਦ ਸਿੱਖਾਂ ਦੁਆਰਾ ਅਕਬਰ ਖ਼ਾਂ ਦੇ ਇਲਾਕੇ ਵਾਪਸ ਕਰ ਦਿੱਤੇ ਜਾਣਗੇ। ਆਪਸੀ ਰਜ਼ਾਮੰਦੀ ਨਾਲ ਸਿੱਖ ਰਾਜ ਅਤੇ ਅਫ਼ਗਾਨਿਸਤਾਨ ਦੀ ਹਕੂਮਤ ਦੇ ਦਰਮਿਆਨ ਇਕ ਹੱਦ ਮੁਕੱਰਰ ਕਰ ਦਿੱਤੀ ਜਾਵੇਗੀ। ਪਹਿਲੀ ਸੂਰਤ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਅਕਬਰ ਖ਼ਾਂ ਆਪਣੇ ਪੰਜ ਛੇ ਹਜ਼ਾਰ ਅਫ਼ਗਾਨਾਂ ਨੂੰ ਲੈ ਕੇ ਮੂਲ ਰਾਜ ਦੀ ਮਦਦ ਲਈ ਮੁਲਤਾਨ ਪਹੁੰਚ ਜਾਵੇਗਾ।"
"ਕੀ ਅਸੀਂ ਤੁਹਾਡੇ ਉੱਤੇ ਪੂਰਾ ਯਕੀਨ ਕਰ ਸਕਦੇ ਹਾਂ ?" ਅਕਬਰ ਖ਼ਾਂ ਤੋਂ ਵਿਦਾ ਲੈਂਦਿਆਂ ਸ਼ਾਮ ਸਿੰਘ ਨੇ ਆਖਿਆ।
"ਉਂਝ ਮੈਂ ਵੀ ਇਹ ਸਵਾਲ ਤੁਹਾਨੂੰ ਕਰ ਸਕਦਾ ਹਾਂ," ਅਕਬਰ ਖ਼ਾਂ ਕੁਝ ਹੱਸਦਿਆ ਬੋਲਿਆ, "ਆਪਣੇ ਵੱਲੋਂ ਮੈਂ ਇਹੀ ਕਹਾਂਗਾ ਕਿ ਸਿਰਫ਼ ਇਹੀ ਨਹੀਂ ਕਿ ਫਰੰਗੀ ਸਾਡਾ ਸਾਂਝਾ ਦੁਸ਼ਮਣ ਹੈ; ਬਲਕਿ ਇਹ ਵੀ ਸਮਝਦਾ ਹਾਂ ਕਿ ਤੁਹਾਡੀ ਕੌਮ ਮੁੜ ਕਦੀ ਵੀ ਉਹ ਤਾਕਤ ਅਤੇ ਅਜ਼ਮਤ ਹਾਸਲ ਨਹੀਂ ਕਰ ਸਕਦੀ, ਜਿਸ ਨੂੰ ਤੁਸੀਂ ਪਿੱਛੇ ਛੱਡ ਆਏ ਹੋ। ਇਸ ਲਈ ਹੁਣ ਸਾਨੂੰ ਤੁਹਾਡੇ ਤੋਂ ਕੋਈ ਡਰ ਨਹੀਂ। ਦੂਸਰੀ ਹਕੀਕਤ ਇਹ ਕਿ ਜਿਸ ਵੇਲੇ ਫਰੰਗੀ ਵਰਗਾ ਹੁਸ਼ਿਆਰ ਅਤੇ ਚਾਲਬਾਜ ਦੁਸ਼ਮਣ ਸਿਰ 'ਤੇ ਬੈਠਾ ਹੋਵੇ
ਤਾਂ ਸਾਡੀਆਂ ਦੋਹਾਂ ਕੌਮਾਂ ਦਾ ਮਿਲ ਕੇ ਰਹਿਣ 'ਚ ਹੀ ਮੁਫਾਦ ਹੈ।"
ਤਾਂ ਵਾਪਸ ਜਾਂਦਿਆਂ ਸ਼ਾਹ ਬਖਸ਼ ਨੇ ਸ਼ਾਮ ਸਿੰਘ ਤੋਂ ਪੁੱਛਿਆ, “ਇਸ ਅਕਬਰ ਖਾਂ ਉੱਤੇ ਅਸੀਂ ਕਿੰਨਾ ਕੁ ਇਤਬਾਰ ਕਰ ਸਕਦੇ ਹਾਂ ? ਮੈਂ ਸੁਣਿਆ ਹੈ ਕਿ ਫਰੰਗੀਆਂ ਦੀ ਕਾਬਲ ਤੋਂ ਵਾਪਸੀ ਵੇਲੇ ਇਸ ਨੇ ਫਰੰਗੀਆਂ ਨਾਲ ਕੀਤੇ ਆਪਣੇ ਵਾਅਦਿਆਂ ਨੂੰ ਨਹੀਂ ਨਿਭਾਇਆ ਅਤੇ ਆਪਣੇ ਯੂਸਫ ਯਈ ਅਤੇ ਗਿਲਜ਼ਈ ਅਫਗਾਨਾਂ ਨੂੰ ਫਰਗੀਆਂ ਨੂੰ ਮਾਰ ਮੁਕਾਉਣ ਦੀ ਪੂਰੀ ਛੁੱਟੀ ਦੇ ਦਿੱਤੀ ਸੀ ।'
"ਇਹ ਤੇ ਮੈਂ ਵੀ ਸੁਣਿਆ ਹੈ।" ਸ਼ਾਮ ਸਿੰਘ ਬੋਲਿਆ, "ਮੁਮਕਿਨ ਹੈ ਕਿ ਕਬਾਇਲੀ ਇਸ ਦੇ ਵੱਸ ਤੋਂ ਬਾਹਰ ਹੋ ਗਏ ਹੋਣ। ਨਾਲ ਇਹ ਵੀ ਸਣਿਆ ਹੈ ਕਿ ਇਸ ਨੇ ਆਪ ਵਿੱਚ ਪੈ ਕੇ ਫਰੰਗੀਆਂ ਦੀਆਂ ਸਾਰੀਆਂ ਔਰਤਾਂ ਤੇ ਬੱਚਿਆਂ ਨੂੰ ਆਪਣੀ ਹਿਫਾਜ਼ਤ ਚ ਲਿਆ ਅਤੇ ਬਾਅਦ 'ਚ ਸਹੀ ਸਲਾਮਤ ਉਨਾਂ ਦੇ ਘਰੋ ਘਰੀ ਪਚਾ ਦਿੱਤਾ ਸੀ।'
***
43
ਇਹ ਤਾਂ ਨਿਸ਼ਚਿਤ ਹੀ ਸੀ ਕਿ ਮੁਲਤਾਨ ਦੇ ਭਵਿੱਖ ਦਾ ਫੈਸਲਾ ਹੁਣ ਯੁੱਧ-ਖੇਤਰ ਨੇ ਹੀ ਕਰਨਾ ਸੀ। ਪਰ ਭਿੜਨ ਦੀ ਹਿੰਮਤ ਨਾ ਤੇ ਫਰੰਗੀ ਜਰਨੈਲ ਹਿਊਜ ਗਫ ਕਰ ਰਿਹਾ ਸੀ ਅਤੇ ਨਾ ਹੀ ਮੁਲਤਾਨ ਦਾ ਸੂਬੇਦਾਰ ਮੂਲ ਰਾਜ। ਹਿਊਜ ਗਫ਼ ਨੂੰ ਲੱਗਦਾ ਸੀ ਕਿ ਇਸ ਵੇਲੇ ਉਸ ਦੀ ਫ਼ੌਜੀ ਤਾਕਤ ਮੁਲਤਾਨ ਦੇ ਕਿਲ੍ਹੇ 'ਤੇ ਹਮਲਾ ਕਰਨ ਅਤੇ ਜਿੱਤਣ ਦੇ ਲਈ ਕਾਫ਼ੀ ਨਹੀਂ। ਉਹ ਬਹਾਵਲਪੁਰ ਅਤੇ ਹੋਰ ਥਾਵਾਂ ਤੋਂ ਮਦਦ ਅਤੇ ਤੋਪਾਂ ਪਹੁੰਚਣ ਦੀ ਉਡੀਕ ਕਰ ਰਿਹਾ ਸੀ। ਨਾਲ ਹੀ ਉਸ ਨੇ ਆਪਣੇ ਸੂਹੀਏ ਮੁਲਤਾਨ ਦੇ ਕਿਲ੍ਹੇ ਅੰਦਰ ਭੇਜੇ ਹੋਏ ਸਨ ਜਿਨ੍ਹਾਂ ਦਾ ਕੰਮ ਮੂਲ ਰਾਜ ਦੀ ਸਹਾਇਤਾ ਲਈ ਆਏ ਕਬਾਇਲੀ ਪਠਾਣਾਂ ਨੂੰ ਮੂਲ ਰਾਜ ਤੋਂ ਤੋੜਨਾ ਸੀ।
ਦੂਜੇ ਪਾਸੇ ਮੁਲਤਾਨ ਦੇ ਕਿਲ੍ਹੇ 'ਚ ਬੈਠਾ ਮੂਲ ਰਾਜ ਵੀ ਜੱਕੋਤੱਕੀ 'ਚ ਸੀ। ਉਸ ਦੇ ਫੌਜੀ ਸਰਦਾਰ ਤੇ ਪਠਾਣ ਕਹਿ ਰਹੇ ਸਨ ਕਿ ਇਹੀ ਮੌਕਾ ਹੈ ਕਿ ਕਿਲ੍ਹੇ ਦੇ ਬਾਹਰ ਨਿਕਲ ਕੇ ਫਰੰਗੀਆਂ 'ਤੇ ਹਮਲਾ ਕਰ ਦਿੱਤਾ ਜਾਵੇ ਪਰ ਉਹ ਟਾਲਦਾ ਜਾ ਰਿਹਾ ਸੀ । "ਇਸ ਦੁਚਿੱਤੀ ਅਤੇ ਲਮਕਾਅ ਦਾ ਵਾਤਾਵਰਨ ਕਿਲ੍ਹੇ 'ਚ ਬੈਠੀਆਂ ਫੌਜਾਂ ਦੀ ਮਨੋਅਵਸਥਾ ਲਈ ਉਚਿਤ ਨਹੀਂ ਹੈ।" ਇਕ ਅੱਧਖੜ ਆਯੂ ਵਾਲਾ ਪਠਾਣ ਸਰਦਾਰ ਮੂਲ ਰਾਜ ਦੀ ਮਾਂ ਕੋਲ ਆ ਕੇ ਬੋਲਿਆ, "ਮੇਰੇ ਪਠਾਣ ਭਰਾ ਫਰੰਗੀਆਂ ਨਾਲ ਦੋ ਹੱਥ ਕਰਨ ਲਈ ਬੇਤਾਬ ਹੋ ਰਹੇ ਹਨ। ਤੁਸੀਂ ਜਾਣਦੇ ਹੋ ਕਿ ਸਾਡੇ ਵੱਖ-ਵੱਖ ਕਬੀਲਿਆਂ ਦੇ ਵੱਖਰੇ-ਵੱਖਰੇ ਸਰਦਾਰ ਇਸ ਕਿਲ੍ਹੇ 'ਚ ਜਮ੍ਹਾਂ ਹਨ। ਕਿਸ ਕਬੀਲੇ ਦੇ ਸਿਪਾਹੀ ਲਾਲਚ ਚ ਆ ਕੇ ਫਰੰਗੀਆਂ ਨਾਲ ਜਾ ਮਿਲਣ ? ਕਿਹਾ ਨਹੀਂ ਜਾ ਸਕਦਾ।"
"ਰਸਦ ਪਾਣੀ ਮੁੱਕਦਾ ਜਾ ਰਿਹਾ ਹੈ। ਗਰਮੀ ਵੀ ਵਧਦੀ ਜਾ ਰਹੀ ਹੈ।" ਇਕ ਸਿੱਖ ਸਰਦਾਰ ਨੇ ਵੀ ਆ ਕੇ ਕਿਹਾ, "ਅਸੀਂ ਤਾਂ ਬਹੁਤ ਕਹਿ ਚੁੱਕੇ, ਹੁਣ ਤੁਸੀਂ ਵੀ ਜਾ ਕੇ ਸਮਝਾਓ ਉਨ੍ਹਾਂ ਨੂੰ। ਇਸ ਵੇਲੇ ਫ਼ਰੰਗੀ ਦੀ ਤਾਕਤ ਵੀ ਬਹੁਤ ਘੱਟ ਹੈ। ਇਹੀ ਮੌਕਾ
ਹੈ ਬਾਹਰ ਨਿਕਲ ਕੇ ਉਨ੍ਹਾਂ ਉੱਤੇ ਭਰਪੂਰ ਹਮਲਾ ਕਰਨ ਦਾ...। "
ਮੂਲ ਰਾਜ ਆਪਣੇ ਕਮਰੇ 'ਚ ਬੈਠਾ ਇਕ ਨਵੀਂ ਆਈ ਹੱਥ ਲਿਖਤ ਕਿਤਾਬ ਪੜ੍ਹ ਰਿਹਾ ਸੀ ਅਤੇ ਕੋਲ ਖੜਾ ਖਿਦਮਤਗਾਰ ਪੱਖਾ ਝੱਲ ਰਿਹਾ ਸੀ। ਉਸ ਦੀ ਮਾਂ ਨੇ ਅੰਦਰ ਆ ਕੇ ਖਿਦਮਤਗਾਰ ਨੂੰ ਬਾਹਰ ਚਲੇ ਜਾਣ ਦਾ ਇਸ਼ਾਰਾ ਕੀਤਾ ਅਤੇ ਬੋਲੀ-
ਇਹ ਵਕਤ ਕਿਤਾਬਾਂ ਪੜ੍ਹਨ ਦਾ ਨਹੀਂ ਪੁੱਤਰ, ਤਲਵਾਰ ਫੜਨ ਦਾ ਹੈ...। ਵਿਹਲਾ ਬੈਠਾ ਸਿਪਾਹੀ ਸੁਸਤ ਅਤੇ ਮਿਆਨ 'ਚ ਪਈ-ਪਈ ਤਲਵਾਰ ਨੇ ਜੰਗ ਲੱਗ ਜਾਂਦਾ ਹੈ ।" ਪਰ ਮੂਲ ਰਾਜ ਚੁੱਪ ਸੀ। ਮਾਂ ਬੋਲਦੀ ਗਈ:"ਠੀਕ ਏ... ਮੈਂ ਸੁਜਾਹਬਾਦ ਤੋਂ ਸ਼ਾਮ ਸਿੰਘ ਨੂੰ ਆਉਣ ਦਾ ਸੱਦਾ ਭੇਜਦੀ ਹਾਂ ਅਤੇ ਨਾਲ ਹੀ ਰੂਪ ਕੌਰ ਨੂੰ....। ਲੱਗਦਾ ਏ ਕਿ ਮਰਦਾਂ ਦੇ ਹੱਥਾਂ ਨੇ ਹੁਣ ਫਰੰਗੀਆਂ ਦਾ ਸੁਆਗਤ ਕਰਨ ਲਈ ਫੁੱਲਾਂ ਦੇ ਹਾਰ ਚੁੱਕਣੇ ਹਨ ਅਤੇ ਤਲਵਾਰ ਫੜਨ ਦਾ ਕੰਮ ਹੁਣ ਔਰਤਾਂ ਦਾ ਰਹਿ ਗਿਆ ਹੈ...।“
ਮੂਲ ਰਾਜ ਨੂੰ ਮਾਓ ਜਵਾਬ ਕੀਤਾ, ਤੈਨੂੰ ਦੇਈਂ ਸਰਾਪ ਮਰ ਜਾਵਸਾਂ ਮੈਂ
ਇਕ ਮਾਰ ਮਰ ਤੂੰ ਇਕੇ ਨਿਕਲ ਏਥੋਂ, ਬੀੜਾ ਜੰਗ ਦਾ ਆਪ ਉਠਾਵਸਾਂ ਮੈਂ
ਸ਼ੁਜਾਹਬਾਦ ਵੱਲ ਲਿਖ ਕੇ ਟੋਰਸਾਂ ਮੈਂ, ਸ਼ਾਮ ਸਿੰਘ ਨੇ ਬੇਗ ਸਦਾਵਸਾਂ ਮੈਂ
'ਹਾਕਮ ਚੰਦ' ਇਨਾਮ ਮੈਂ ਦੇਵਸਾਂ ਗੀ, ਫੌਜ ਵਿੱਚ ਮੈਦਾਨ ਲੜਾਵਸਾਂ ਮੈਂ।
***
44
ਸ਼ਾਮ ਸਿੰਘ ਦੇ ਦੋਵੇਂ ਪੁੱਤਰ ਬੂਹੇ ਦੀਆਂ ਦਹਿਲੀਜ਼ਾਂ 'ਚ ਸਹਿਮੇ ਸਹਿਮੇ ਖੜੇ ਆਪਣੇ ਬਾਪ ਨੂੰ ਤਿਆਰ ਹੁੰਦਿਆਂ ਵੇਖ ਰਹੇ ਸਨ। ਸ਼ੁਜਾਹਬਾਦ ਦੇ ਕਿਲ੍ਹੇ ਦੀਆਂ ਮਜ਼ਬੂਤ ਕੰਧਾਂ ਅਤੇ ਸ਼ਾਮ ਸਿੰਘ ਦੀ ਮੌਜੂਦਗੀ 'ਚ ਜ਼ੀਨਤ ਆਪਣੇ ਆਪ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਸਮਝਦੀ ਸੀ। ਹੁਣ ਸ਼ਾਮ ਸਿੰਘ ਦੇ ਮੁਲਤਾਨ ਵੱਲ ਚਾਲੇ ਪਾਉਣ ਦੇ ਵਿਚਾਰ ਨਾਲ ਘਬਰਾ ਗਈ।
"ਕੀ ਤੁਹਾਡਾ ਮੁਲਤਾਨ ਜਾਣਾ ਐਨਾ ਹੀ ਜ਼ਰੂਰੀ ਹੈ?" ਇਹ ਜਾਣਦਿਆ ਹੋਇਆਂ ਵੀ ਕਿ ਇਹ ਸਵਾਲ ਪੁੱਛਣਾ ਹੀ ਵਿਅਰਥ ਹੈ, ਉਸ ਨੇ ਪੁੱਛਿਆ।
"ਇਹ ਲੜਾਈ ਪੰਜਾਬੀਆਂ ਅਤੇ ਫਰੰਗੀਆਂ ਦੀ ਆਖ਼ਰੀ ਲੜਾਈ ਹੋਵੇਗੀ ਅਤੇ ਇਸੇ ਉੱਤੇ ਪੰਜਾਬ ਦਾ ਭਵਿੱਖ ਨਿਰਭਰ ਕਰਦਾ ਹੈ। ਇਸ ਹਾਲਤ 'ਚ ਮੈਂ ਕਿਵੇਂ ਮੂਲ ਰਾਜ ਦੀ ਹੁਕਮ ਅਦੂਲੀ ਕਰ ਸਕਦਾ ਹਾਂ।"
"ਤੁਸੀਂ ਕਦੀ ਸਾਡੇ ਬਾਰੇ ਵੀ ਸੋਚਿਆ ਹੈ ਕਿ ਤੁਹਾਡੇ ਪਿੱਛੋਂ ਸਾਡਾ ਕੀ ਬਣੇਗਾ ?"
"ਮੈਂ ਸ਼ਾਹ ਬਖ਼ਸ਼ ਅਤੇ ਦੋ ਹਜ਼ਾਰ ਸਿਪਾਹੀਆਂ ਨੂੰ ਇਸ ਕਿਲ੍ਹੇ ਦੀ ਰਾਖੀ ਲਈ ਛੱਡ ਕੇ ਜਾ ਰਿਹਾ ਹਾਂ।"
ਜ਼ੀਨਤ ਸਮਝਦੀ ਸੀ ਇਸ ਦੇ ਅੱਗੇ ਕੁਝ ਹੋਰ ਪੁੱਛਣ ਦਾ ਕੋਈ ਫਾਇਦਾ ਨਹੀਂ। ਸ਼ਾਮ ਸਿੰਘ ਦੇ ਚਲੇ ਜਾਣ ਦੀ ਕਲਪਨਾ ਨਾਲ ਉਸ ਦੀਆਂ ਅੱਖਾਂ 'ਚ ਅੱਥਰੂ ਤੈਰਨ
ਲੱਗੇ ਅਤੇ ਉਹ ਆਪਣੇ ਛੋਟੇ ਪੁੱਤਰ ਧਰਮ ਸਿੰਘ ਦੇ ਲੱਕ ਦੁਆਲੇ ਬਾਂਹ ਵਲ ਕੇ ਸ਼ਾਮ ਸਿੰਘ ਨੂੰ ਤਿਆਰ ਹੁੰਦਿਆਂ ਵੇਖਦੀ ਰਹੀ। ਸ਼ਾਮ ਸਿੰਘ ਦੇ ਬਾਹਰ ਨਿਕਲ ਜਾਣ ਤੋਂ ਬਾਅਦ ਕੀਰਤ ਸਿੰਘ ਜੀਨਤ ਤੋਂ ਵਿਦਾ ਲੈਣ ਆਇਆ ਤਾਂ ਜੀਨਤ ਨੇ ਉਸ ਵੱਲ ਤੱਕਦਿਆਂ ਆਖਿਆ, "ਮੈਂ ਇਨ੍ਹਾਂ ਦੀ ਰੱਖਿਆ ਦੀ ਜ਼ਿੰਮੇਵਾਰੀ ਤੁਹਾਨੂੰ ਸੌਂਪਦੀ ਹਾਂ।"
"ਮੇਰੇ ਬਾਰੇ ਉਨ੍ਹਾਂ ਆਪਣਾ ਇਰਾਦਾ ਥੋੜਾ ਜਿਹਾ ਬਦਲ ਲਿਆ ਹੈ।" ਕੀਰਤ ਸਿੰਘ ਬੋਲਿਆ, "ਸੂਰਜ ਕੁੰਡ ਦੇ ਕਿਲ੍ਹੇ ਤੋਂ ਮੈਂ ਵਾਪਸ ਮੁੜ ਆਵਾਂਗਾ, ਕਿਲ੍ਹੇ ਦੀ ਰੱਖਿਆ ਲਈ ।" ਸੁਣ ਕੇ ਜੀਨਤ ਨੂੰ ਖੁਸ਼ੀ ਹੋਈ। ਪਰ ਨਾਲ ਹੀ ਸ਼ਾਮ ਸਿੰਘ ਬਾਰੇ ਚਿੰਤਾ ਵੱਧ ਗਈ।
ਕਿਲ੍ਹੇ ਦਾ ਮਜ਼ਬੂਤ ਦਰਵਾਜ਼ਾ ਚੀਂ-ਚੀਂ ਕਰਦਿਆਂ ਖੁੱਲਿਆ ਅਤੇ ਚਾਰ-ਚਾਰ ਦੀ ਕਤਾਰ ਵਿੱਚ ਪੰਜ ਹਜ਼ਾਰ ਸਿਪਾਹੀਆਂ ਨੂੰ ਬਾਹਰ ਨਿਕਲਦਿਆਂ ਕਾਫ਼ੀ ਦੇਰ ਲੱਗ ਗਈ। ਸਾਰੀ ਫ਼ੌਜ ਦੀ ਅਗਵਾਈ ਸ਼ਾਮ ਸਿੰਘ ਅਤੇ ਕੀਰਤ ਸਿੰਘ ਕਰ ਰਹੇ ਸਨ। ਇਨ੍ਹਾਂ ਦੇ ਨਾਲ ਰੂਪ ਕੌਰ ਵੀ ਸੀ ਜਿਸਨੇ ਸਿੱਖ ਸਿਪਾਹੀਆਂ ਵਾਂਗ ਪਿੱਠ ਤੇ ਢਾਲ, ਛਾਤੀ 'ਤੇ ਪਿੱਤਲ ਦਾ ਜੇਰ-ਏ-ਬਖ਼ਤਰ ਬੰਨਿਆ ਹੋਇਆ, ਸਿਰ 'ਤੇ ਕੇਸਰੀ ਰੰਗ ਦੀ ਦਸਤਾਰ ਸਜਾਈ ਹੋਈ।
ਕੀਰਤ ਸਿੰਘ ਮਨ ਹੀ ਮਨ-ਦੁਹਰਾਉਂਦਾ ਜਾ ਰਿਹਾ ਸੀ :
ਦੇਹਿ ਸਿਵਾ ਬਰੁ ਮੋਹਿ ਇਹੈ, ਸੁਭ ਕਰਮਨ ਤੇ ਕਬਹੂੰ ਨ ਟਰੋਂ ॥
ਨਾ ਡਰੋਂ ਅਰਿ ਸੋ ਜਬ ਜਾਇ ਲਰੋ, ਨਿਸਚੈ ਕਰਿ ਅਪਣੀ ਜੀਤ ਕਰੋਂ॥
ਅੱਜ ਤੋਂ ਪਹਿਲਾਂ ਰੂਪ ਕੌਰ ਨੂੰ ਆਪਣਾ ਸ਼ਹਿਜ਼ਾਦੀ ਹੋਣਾ ਨਾਟਕ ਹੀ ਲੱਗਦਾ ਰਿਹਾ ਸੀ। ਪਰ ਹੁਣ ਇਸ ਅਨੁਭਵ ਅਤੇ ਸੋਝੀ ਤੋਂ ਬਾਅਦ ਕਿ ਉਹ ਸੱਚਮੁਚ ਹੀ ਮਹਾਰਾਜਾ ਰਣਜੀਤ ਸਿੰਘ ਦੀ ਧੀ ਹੈ, ਉਸ ਦੀ ਸੋਚ ਅਤੇ ਮਾਨਸਿਕਤਾ 'ਚ ਸੁਤੇ ਸਿੱਧ ਹੀ ਤਬਦੀਲੀ ਆਉਣ ਲੱਗੀ ਅਤੇ ਹੁਣ ਘੋੜਿਆਂ ਦੇ ਖੁਰਾਂ ਦੀ ਧਮਕ, ਸਿਪਾਹੀਆਂ ਦੀਆਂ ਅੱਖਾਂ 'ਚ ਝਲਕਦਾ ਜੋਸ਼, ਸਮੂਹਿਕ ਵਾਤਾਵਰਨ ਰੂਪ ਕੌਰ ਨੂੰ ਵੀ ਪ੍ਰਭਾਵਿਤ ਕਰ ਰਿਹਾ ਸੀ। ਸਿੰਘ ਸਿਪਾਹੀਆਂ ਨੂੰ ਆਪਣੇ ਵੱਲ ਸ਼ਰਧਾ ਅਤੇ ਸਨਮਾਨ ਦੀਆਂ ਨਜ਼ਰਾਂ ਨਾਲ ਤੱਕਦਿਆਂ ਵੇਖ ਕੇ ਉਸ ਨੂੰ ਆਪਣੇ ਆਪ 'ਚ ਪੂਰਾ ਵਿਸ਼ਵਾਸ ਹੋ ਗਿਆ ਕਿ ਉਹ ਸੱਚਮੁਚ ਹੀ ਸ਼ਹਿਜਾਦੀ ਹੈ, ਅਤੇ ਜਿਵੇਂ ਇਸ ਭਾਵੀ ਯੁੱਧ ਦੀ ਜਿੱਤ ਜਾਂ ਹਾਰ ਉਸ ਉੱਤੇ ਨਿਰਭਰ ਕਰਦੀ ਹੋਵੇ।
***
45
ਸੂਰਜ ਕੁੰਡ ਦੇ ਕਿਲ੍ਹੇ ਤੱਕ ਪਹੁੰਚਣ ਤੋਂ ਕਾਫ਼ੀ ਦੇਰ ਪਹਿਲਾਂ ਹੀ ਫਰੰਗੀਆਂ ਦੀ ਫੌਜ ਨੂੰ ਸ਼ਾਮ ਪੈ ਗਈ। ਲਾਹੌਰ ਤੋਂ ਤੁਰਨ ਲੱਗਿਆਂ ਜਨਰਲ ਗਫ ਨੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਸੀ ਕਿ ਮੁਲਤਾਨ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਨੇ ਹਰ ਹਾਲਤ 'ਚ ਸੂਰਜ ਕੁੰਡ ਦੇ ਕਿਲ੍ਹੇ 'ਤੇ ਕਬਜ਼ਾ ਕਰਨਾ ਹੈ। ਇਹ ਕਿਲ੍ਹਾ ਸੁਜਾਹਬਾਦ ਅਤੇ ਮੁਲਤਾਨ
ਵਿਚਕਾਰ ਸੀ। ਸਿੰਧ, ਬਹਾਵਲਪੁਰ ਤੋਂ ਮੁਲਤਾਨ ਜਾਣ ਵਾਲਾ ਰਸਤਾ ਵੀ, ਜਿਸ ਪਾਸਿਓਂ ਫਰੰਗੀਆਂ ਨੂੰ ਸਹਾਇਤਾ ਪਹੁੰਚਣੀ ਸੀ, ਇੱਥੋਂ ਹੋ ਕੇ ਲੰਘਦਾ ਸੀ ।
ਫਰੰਗੀ ਅਫਸਰਾਂ ਅਤੇ ਸਿਪਾਹੀਆਂ ਲਈ ਤੰਬੂ ਲੱਗ ਗਏ। ਪੂਰਬੀਏ ਤੇ ਸਿੱਖ ਸਿਪਾਹੀ, ਜਿਨ੍ਹਾਂ ਨੂੰ ਅੰਗਰੇਜ਼ਾਂ ਦੇ ਕਠਪੁਤਲੀ ਸਰਦਾਰਾਂ ਨੇ ਲਾਹੌਰ ਤੋਂ ਉਨ੍ਹਾਂ ਨਾਲ ਭੇਜਿਆ ਸੀ, ਭੁੰਜੇ ਖੇਸੀਆਂ ਵਿਛਾ ਕੇ ਇੱਧਰ ਉੱਧਰ ਲੰਮੇ ਪੈ ਗਏ। ਪਿੱਠ ਉੱਤੇ ਭਾਰ ਚੁੱਕ-ਚੁੱਕ ਕੇ ਸਵੇਰ ਤੋਂ ਸ਼ਾਮ ਤੱਕ ਤੁਰਦਿਆਂ ਸਾਰੇ ਥੱਕੇ ਹਾਰੇ ਹੋਏ ਅਤੇ ਕੁਝ ਸਿਪਾਹੀ ਆਪਣੀਆਂ ਲੱਤਾਂ 'ਤੇ ਮਾਲਸ਼ਾ ਕਰਦੇ ਦਿਸ ਰਹੇ ਸਨ। ਬਹੁਤਿਆਂ ਨੇ ਹਾੜ ਮਹੀਨੇ ਦੀ ਗਰਮੀ ਕਾਰਨ ਆਪਣੀਆਂ ਕਮੀਜ਼ਾਂ ਲਾਹੀਆਂ ਹੋਈਆਂ ਅਤੇ ਕਮੀਜ਼ਾਂ ਨੂੰ ਪੱਖੀ ਵਾਂਗ ਝੁੱਲ ਰਹੇ ਸਨ। ਛੇ ਸੱਤ ਭਈਏ, ਚਾਰ ਸਿੱਖ ਸਿਪਾਹੀ ਅਤੇ ਦੋ ਗੋਰੇ ਵੀ ਰਸਤੇ ਤੇ ਗਰਮੀ ਤੇ ਥਕਾਵਟ ਕਾਰਨ ਮਰ ਗਏ ਸਨ। ਅੰਗਰੇਜ਼ ਅਫ਼ਸਰਾਂ ਦੀਆਂ ਲੱਤਾਂ ਵੀ ਘੋੜਿਆਂ 'ਤੇ ਬੈਠਿਆਂ-ਬੈਠਿਆਂ ਆਕੜ ਗਈਆਂ ਸਨ। ਉਹ ਆਪਣੀਆਂ ਆਕੜੀਆਂ ਲੱਤਾਂ ਨੂੰ ਅਰਾਮ ਦੇਣ ਲਈ ਇੱਧਰ-ਉੱਧਰ ਸੈਰ ਕਰ ਰਹੇ ਸਨ।
"ਅੱਜ ਸਾਨੂੰ ਸੂਰਜ ਕੁੰਡ ਦੇ ਕਿਲ੍ਹੇ ਕੋਲ ਪਹੁੰਚ ਕੇ ਮੋਰਚੇ ਸਾਂਭ ਲੈਣੇ ਚਾਹੀਦੇ ਸਨ ਤਾਂ ਕਿ ਸਵੇਰ ਹੁੰਦਿਆਂ ਹੀ ਕਿਲ੍ਹੇ 'ਤੇ ਹਮਲਾ ਕਰਕੇ ਆਪਣੇ ਕਬਜ਼ੇ 'ਚ ਲੈ ਲੈਂਦੇ । ਪਰ ਇਸ ਕੜਾਕੇ ਦੀ ਗਰਮੀ 'ਚ ਤੁਰਦੇ ਰਹਿਣਾ ਵੀ ਇਕ ਸਜ਼ਾ ਵਾਂਗ ਹੈ। ਅੱਜ ਜੇ ਬੱਦਲਵਾਈ ਹੋ ਜਾਏ ਤਾਂ ਸੁੱਖ ਦਾ ਸਾਹ ਆਵੇ ।" ਜਨਰਲ ਐਡਵਰਡ ਨੇ ਆਖਿਆ। “ਪਿਛਲੀ ਨਦੀ ਪਾਰ ਕਰਦਿਆਂ ਪੂਰਾ ਦਿਨ ਜ਼ਾਇਆ ਹੋ ਗਿਆ।"
"ਜੇ ਸ਼ੁਜਾਹਬਾਦ ਦਾ ਕਿਲ੍ਹੇਦਾਰ ਉੱਥੇ ਪਹਿਲਾਂ ਪਹੁੰਚ ਗਿਆ ਤਾਂ ਸਭ ਕੁਝ ਗੜਬੜ ਹੋ ਜਾਵੇਗਾ।" ਮੇਜਰ ਵਿਲੀਅਮ ਬੋਲਿਆ, "ਕਰਨਲ ਨੇਪੀਅਰ ਦਾ ਸੁਜਾਹਬਾਦ ਦਾ ਘੇਰਾ ਛੱਡ ਕੇ ਮੁਲਤਾਨ ਵੱਲ ਚਲੇ ਜਾਣਾ ਉਸ ਦੀ ਗਲਤੀ ਸੀ । ਇਸ ਤੋਂ ਪਹਿਲਾਂ ਇੰਜ ਕਦੀ ਨਹੀਂ ਹੋਇਆ ਕਿ ਅਸੀਂ ਇਸ ਤਰ੍ਹਾਂ ਕੋਈ ਕਿਲ੍ਹਾ ਫ਼ਤਿਹ ਕਰਨ ਚ ਨਾਕਾਮ ਰਹੇ ਹੋਈਏ।"
"ਪਰ ਇਸ ਨਾਕਾਮੀ ਦਾ ਇਕ ਵੱਡਾ ਕਾਰਨ ਇਹ ਕਿ ਉਸ ਕਿਲ੍ਹੇ 'ਚ ਸਾਨੂੰ ਕੋਈ ਐਸਾ ਗ਼ੱਦਾਰ ਨਹੀਂ ਮਿਲਿਆ ਜੋ ਸਾਡੀ ਮਦਦ 'ਦੂਸਰੇ ਤਰੀਕੇ' ਨਾਲ ਕਰ ਸਕਦਾ ਹੋਵੇ ਇਹੀ ਸ਼ੁਕਰ ਕਰੋ ਕਿ ਸਿੱਖਾਂ ਨਾਲ ਪਹਿਲੀਆਂ ਲੜਾਈਆਂ 'ਚ ਸਾਨੂੰ ਇਸ ਤਰ੍ਹਾਂ ਦੇ ਗੱਦਾਰ ਕਾਫ਼ੀ ਗਿਣਤੀ 'ਚ ਮਿਲ ਗਏ ਸਨ, ਨਹੀਂ ਤੇ... ।" ਮੇਜਰ ਮੈਕਸਵੈਲ ਨੇ ਆਖਿਆ।
"ਇਹ ਵੀ ਸ਼ੁਕਰ ਕਰੋ ਕਿ ਇਨ੍ਹਾਂ ਲੜਾਈਆਂ ਤੋਂ ਪਹਿਲਾਂ ਅਸਾਂ ਬਾਕੀ ਦੇ ਸਾਰੇ ਹਿੰਦੋਸਤਾਨ ਨੂੰ ਆਪਣੇ ਕਬਜ਼ੇ 'ਚ ਕਰ ਲਿਆ ਹੋਇਆ ਸੀ। ਜੇ ਅੱਜ ਤੋਂ ਤੀਹ ਚਾਲੀ ਵਰ੍ਹੇ ਪਹਿਲਾਂ ਸਾਡਾ ਟਾਕਰਾ ਇਸ ਤਰ੍ਹਾਂ ਦੇ ਇਕ ਦੋ ਦੁਸ਼ਮਣਾਂ ਨਾਲ ਹੋ ਜਾਂਦਾ ਤਾਂ ਹੁਣ ਤੱਕ ਅਸੀਂ ਆਪਣੇ ਜਹਾਜਾਂ 'ਚ ਚੜ੍ਹ ਕੇ ਵਾਪਸ ਇੰਗਲੈਂਡ ਪਹੁੰਚ ਗਏ ਹੁੰਦੇ।" ਜਨਰਲ ਐਡਵਰਡ ਬੋਲਿਆ।
"ਸਾਡੇ ਲਈ ਸਭ ਤੋਂ ਵੱਡੀ ਖ਼ਤਰੇ ਦੀ ਘੜੀ ਉਦੋਂ ਸੀ ਜਦ ਮਰਾਠਿਆਂ ਅਤੇ
ਰੁਹੇਲਿਆਂ ਨੇ ਆਪਣੇ ਸਫ਼ੀਰ ਲਾਹੌਰ ਭੇਜੇ ਸਨ।" ਵਿਲੀਅਮ ਕਹਿਣ ਲੱਗਾ, "ਉਦੋਂ ਜੇ ਮਹਾਰਾਜਾ ਰਣਜੀਤ ਸਿੰਘ ਉਨਾਂ ਨਾਲ ਮਿਲ ਜਾਂਦੇ ਤਾਂ ਮੁਮਕਿਨ ਸੀ ਕਿ ਸਾਡੇ 'ਚੋਂ ਕੋਈ ਵਾਪਸ ਇੰਗਲੈਂਡ ਵੀ ਨਾ ਪਹੁੰਚ ਪਾਉਂਦਾ।"
"ਇਸ ਵੇਲੇ ਸਾਨੂੰ ਖ਼ਤਰਾ ਮੀਂਹ ਦਾ ਹੈ।" ਮੈਕਸਵੈਲ ਬੋਲਿਆ, "ਜੇ ਬਾਰਸ਼ ਆ ਗਈ, ਜਿਵੇਂ ਤਿੰਨ ਦਿਨ ਪਹਿਲਾਂ ਆ ਗਈ ਸੀ ਤਾਂ ਕਾਫ਼ੀ ਦਿੱਕਤ ਹੋ ਜਾਵੇਗੀ ਅਤੇ ਭਾਰੀਆਂ ਤੋਪਾਂ ਨੂੰ ਖਿੱਚਦਿਆਂ-ਖਿੱਚਦਿਆਂ ਪੂਰਾ ਦਿਨ ਲੱਗ ਜਾਵੇਗਾ।"
"ਸਾਡੀ ਇਸ ਫੌਜ ਵਿੱਚ ਸਿੱਖ ਸਿਪਾਹੀ ਕਿੰਨੇ ਕੁ ਹਨ ?" ਜਨਰਲ ਐਡਵਰਡ ਨੇ ਪੁੱਛਿਆ।
"ਤਕਰੀਬਨ ਨੌਂ ਸੌ।" ਡੈਵਿਡ ਬਰਾਉਨ ਨੇ ਜਵਾਬ ਦਿੱਤਾ।
"ਕੀ ਇਹ ਸਿੱਖ ਸਿਪਾਹੀ ਪੂਰੇ ਦਿਲੋ-ਜਾਨ ਅਤੇ ਬਹਾਦਰੀ ਨਾਲ ਆਪਣੇ ਹਮ-ਮਜ਼ਹਬ ਭਰਾਵਾਂ ਨਾਲ ਲੜਨਗੇ ?" ਐਡਵਰਡ ਨੇ ਮੈਕਸਵੈਲ ਵੱਲ ਤੱਕਦਿਆਂ ਪੁੱਛਿਆ, "ਤੁਸੀਂ ਤੇ ਪੰਜਾਬ 'ਚ ਬਹੁਤ ਚਿਰਾਂ ਤੋਂ ਰਹਿ ਰਹੇ ਹੋ?"
"ਇਸ ਬਾਰੇ ਪੂਰੇ ਯਕੀਨ ਨਾਲ ਮੈਂ ਕੁਝ ਨਹੀਂ ਕਹਿ ਸਕਦਾ। ਪਰ ਜੋ ਮੈਂ ਵੇਖਿਆ ਹੈ ਅਤੇ ਤੁਸਾਂ ਵੀ ਨੋਟਿਸ ਕੀਤਾ ਹੋਵੇਗਾ ਕਿ ਇਹ ਨਵੇਂ ਰੰਗਰੂਟ, ਚਾਹੇ ਪੂਰਬੀਏ ਹੋਣ, ਚਾਹੇ ਸਿੱਖ ਹੋਣ, ਚਾਹੇ ਪਠਾਣ ਇਹ ਸਾਰੇ ਹੁਕਮ ਦੀ ਪਾਲਣਾ ਕਰਨ 'ਚ ਬੜੇ ਬੇਸ਼ਰਮ ਹੁੰਦੇ ਹਨ ਅਤੇ ਆਪਣੇ ਹੀ ਮੁਲਕ, ਮਜ਼ਹਬ ਦੇ ਲੋਕਾਂ ਵਿਰੁੱਧ ਐਨੀ ਨਿਡਰਤਾ ਨਾਲ ਲੜਦੇ ਹਨ ਜਿੰਨਾ ਕਿ ਆਪਣੇ ਅਸਲੀ ਦੁਸ਼ਮਣਾਂ ਦੇ ਖ਼ਿਲਾਫ਼ ਵੀ ਨਹੀਂ ਲੜਦੇ।" ਮੈਕਸਵੈਲ ਬੋਲਿਆ।
"ਇਸ ਦੀ ਇਕ ਹੋਰ ਵਜ੍ਹਾ ਇਹ ਵੀ ਹੋ ਸਕਦੀ ਹੈ", ਵਿਲੀਅਮ ਕਹਿਣ ਲੱਗਾ, "ਕਿ ਲੜਾਈ ਦਾ ਮਾਹੌਲ ਉਸ ਦੀ ਆਪਣੀ ਸ਼ਖ਼ਸੀਅਤ ਨੂੰ ਪੂਰੀ ਤਰ੍ਹਾਂ ਮਿਟਾ ਕੇ ਆਪਣੇ ਆਕਾ ਦੀ ਸ਼ਖ਼ਸੀਅਤ ਜਾਂ ਇਕ ਹਜੂਮ ਦੀ ਸ਼ਖ਼ਸੀਅਤ 'ਚ ਬਦਲ ਦੇਂਦਾ ਹੈ। ਪਰੇਡ ਅਤੇ ਡਰਿਲ ਉਸ ਨੂੰ ਇਕ ਵੱਡੀ ਮਸ਼ੀਨ ਦਾ ਇਕ ਕਲ ਪੁਰਜ਼ਾ ਮਾਤਰ ਬਣਾ ਛੱਡਦੀ ਹੈ।"
"ਕੀ ਅਸੀਂ ਵੀ ਇਸ ਵਿੱਚ ਸ਼ਾਮਲ ਨਹੀਂ।" ਮੈਕਸਵੈਲ ਕਹਿ ਉੱਠਿਆ, "ਕੀ ਅਸੀਂ ਆਪ ਕਦੀ ਸੋਚਿਆ ਹੈ ਕਿ ਅਸੀਂ ਆਪਣੇ ਦੇਸ਼ ਤੋਂ ਹਜ਼ਾਰਾਂ ਕੋਹ ਦੂਰ ਇਹ ਮਰਨ-ਮਾਰਨ ਦੀ ਖੇਡ ਕਿਉਂ ਖੇਡ ਰਹੇ ਹਾਂ ? ਕੀ ਅਸੀਂ ਕਦੀ ਮਹਿਸੂਸ ਕੀਤਾ ਹੈ ਕਿ ਉੱਪਰ ਬੈਠਾ ਹੁਕਮਰਾਨ ਅਤੇ ਵਿਉਪਾਰੀ ਤਬਕਾ ਸਾਡੀਆਂ ਦੇਸ਼ ਭਗਤੀ ਵਾਲੀਆਂ ਭਾਵਨਾਵਾਂ ਨੂੰ ਆਪਣੇ ਮਤਲਬ ਲਈ ਵਰਤ ਰਿਹਾ ਹੈ ? ਇਸ ਦੇ... ਇਸ ਦੇ ਪਿੱਛੇ ਇਕ ਹੋਰ ਮਕਸਦ ਵੀ ਹੈ ਸਾਡੇ ਉਪਰਲੇ ਤਬਕੇ ਦਾ। ਉਹ ਸਾਡੇ ਇੰਗਲੈਂਡ ਦੇ ਚੋਰ ਉਚੱਕਿਆਂ ਅਤੇ ਬਦਮਾਸ਼ ਕਿਸਮ ਦੇ ਲੋਕਾਂ ਤੋਂ ਆਪਣੇ ਆਪ ਨੂੰ ਬਚਾਏ ਰੱਖਣ ਲਈ ਫ਼ੌਜ 'ਚ ਭਰਤੀ ਕਰਕੇ ਦੂਸਰੇ ਮੁਲਕਾਂ 'ਚ ਲੜਨ ਲਈ ਭੇਜਦੇ ਰਹਿੰਦੇ ਹਨ। ਜੇ ਤੁਹਾਨੂੰ ਪਤਾ ਨਾ ਹੋਵੇ ਤਾਂ ਅੱਜ ਤੋਂ ਸੱਤ ਸੌ ਸਾਲ ਪਹਿਲਾਂ ਵੀ ਇਸ ਤਰ੍ਹਾਂ ਦੇ ਅਨਸਰਾਂ ਨੂੰ ਕਰੂਸੇਡਰ-ਲੜਾਈਆਂ ਦੌਰਾਨ ਇਸਲਾਮੀ ਮੁਲਕਾਂ 'ਚ ਭੇਜਿਆ ਜਾਂਦਾ ਰਿਹਾ ਸੀ।"
“ਤੁਹਾਡੇ ਇਸ ਕਥਨ ਚ ਮੈਨੂੰ ਕਾਫੀ ਸੱਚਾਈ ਦਿਸਦੀ ਹੈ।“ ਜਨਰਲ ਐਡਵਰਡ ਕਹਿਣ ਲੱਗਾ,"ਪਰ ਇਕ ਦੂਜਾ ਸੱਚ ਇਹ ਹੈ ਕਿ ਕਿਸੇ ਪਿੰਡ ਦੇ ਉਸ ਗਰੀਬ ਆਦਮੀ ਨੂੰ, ਜੋ ਆਪਣਾ ਅਤੇ ਆਪਣੇ ਬਾਲ ਬੱਚਿਆਂ ਦਾ ਪੇਟ ਭਰਨ ਲਈ ਹਾਲਾਤ ਨਾਲ ਹਰ ਰੋਜ਼ ਜੂਝਦਾ ਰਹਿੰਦਾ ਹੈ, ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ ਅਤੇ ਨਾ ਹੀ ਉਸ ਨੂੰ ਸੋਚਣ ਦੀ ਲੋੜ ਹੁੰਦੀ ਹੈ ਕਿ ਉਹ ਕਿਉਂ ਅਤੇ ਕਿਸ ਲਈ ਲੜ ਰਿਹਾ ਹੈ।""
"ਅਤੇ ਹਿੰਦੋਸਤਾਨ ਜਾਂ ਪੰਜਾਬ ਦਾ ਉਪਰਲਾ ਤਬਕਾ ?" ਵਿਲੀਅਮ ਨੇ ਪੁੱਛਿਆ।
"ਮੈਂ ਦੱਸਦਾ ਹਾਂ ?" ਇਸ ਤੋਂ ਪਹਿਲਾਂ ਕਿ ਜਨਰਲ ਐਡਵਰਡ ਕੁਝ ਕਹਿੰਦਾ ਮੈਕਸਵੈਲ ਬੋਲ ਉੱਠਿਆ। ਜਿਨ੍ਹਾਂ ਨੂੰ ਆਰਾਮ ਦੀ ਜ਼ਿੰਦਗੀ ਅਤੇ ਐਸ਼-ਪ੍ਰਸਤੀ ਦੀ ਆਦਤ ਪੈ ਜਾਵੇ, ਅਤੇ ਹਕੂਮਤ ਨਾਲ ਜੁੜੇ ਹੋਏ ਲੋਕ ਬਹੁਤ ਕਰਕੇ ਇਸ ਤਰ੍ਹਾਂ ਦੇ ਹੀ ਹੁੰਦੇ ਹਨ, ਉਹ ਹਾਸਲ ਕੀਤੀ ਦੌਲਤ ਅਤੇ ਰੁਤਬਿਆਂ ਨੂੰ ਅਸਾਨੀ ਨਾਲ ਨਹੀਂ ਛੱਡਦੇ। ਉਹ ਪਹਿਲਾਂ ਤਾਂ ਦੁਸ਼ਮਣ ਦੀ ਜਬਰਦਸਤ ਮੁਖ਼ਾਲਵਤ ਕਰਦੇ ਹਨ ਪਰ ਜਦ ਆਪਣੇ ਦੁਸ਼ਮਣ ਨੂੰ ਭਾਰਾ ਹੁੰਦਾ ਵੇਖਦੇ ਹਨ ਤਾਂ ਉਨ੍ਹਾਂ ਦੇ ਸਭ ਤੋਂ ਪੱਕੇ ਅਤੇ ਪੁਰਜੋਸ਼ ਹਮਾਇਤੀ ਬਣ ਜਾਂਦੇ ਹਨ। ਦੁਸ਼ਮਣ ਦਾ ਹਾਕਮ ਤਬਕਾ ਵੀ ਇਸ ਅਸਲੀਅਤ ਨੂੰ ਪੂਰੀ ਤਰ੍ਹਾਂ ਸਮਝਦਾ ਹੈ ਕਿ ਉਨ੍ਹਾਂ ਨੂੰ ਅਹੁਦੇ ਅਤੇ ਕੁਝ ਜਿੰਮੇਵਾਰੀਆਂ ਬਖਸ਼ ਕੇ ਉਨ੍ਹਾਂ ਦੀ ਵਫ਼ਾਦਾਰੀ ਹਾਸਲ ਕੀਤੀ ਜਾ ਸਕਦੀ ਹੈ।"
"ਤੁਹਾਡਾ ਮਤਲਬ ਹੈ ਕਿ ਚਾਹੇ ਉਹ ਥੱਲੇ ਦਾ ਤਬਕਾ ਹੋਵੇ ਚਾਹੇ ਉਪਰ ਦਾ। ਬਰਾਉਨ ਬੋਲਿਆ। "ਫ਼ਤਿਹ ਹਾਸਲ ਕਰਨ ਵਾਲੇ ਨੂੰ ਇਨ੍ਹਾਂ ਦੀ ਹਮਾਇਤ ਹਾਸਲ ਹੋਵੇਗੀ ਹੀ।"
"ਸੱਚ ਇਹ ਹੈ ਮੇਜਰ ਵਿਲੀਅਮ", ਮੈਕਸਵੈਲ ਨੇ ਆਖਿਆ, "ਚਾਹੇ ਉਹ ਪੂਰਬ ਦਾ ਰਹਿਣ ਵਾਲਾ ਹੋਵੇ ਚਾਹੇ ਪੱਛਮ ਦਾ, ਚਾਹੇ ਗੋਰਾ ਚਾਹੇ ਕਾਲਾ, ਬੁਨਿਆਦੀ ਤੌਰ 'ਤੇ ਹਰ ਆਦਮੀ ਖ਼ੁਦਗਰਜ਼ ਹੁੰਦਾ ਹੈ। ਅਤੇ ਹਰ ਹਾਕਮ ਤਬਕਾ ਆਮ ਆਦਮੀ ਦੀ ਇਸ ਕਮਜ਼ੋਰੀ ਤੋਂ ਫ਼ਾਇਦਾ ਉਠਾਉਂਦਾ ਆਇਆ ਤੇ ਉਠਾਉਂਦਾ ਰਹੇਗਾ। ਹਾਂ ਕਿਸੇ ਹਕੂਮਤ ਨੂੰ ਡਰ ਹੈ ਤਾਂ ਵਿਚਕਾਰਲੇ ਤਬਕੇ ਤੋਂ ਜੋ ਉੱਪਰ ਵੀ ਵੇਖਦਾ ਹੈ ਤੇ ਥੱਲੇ ਵੱਲ ਵੀ, ਅਤੇ ਕਦੇ-ਕਦੇ ਸੋਚਣ ਵੀ ਲਗਦਾ ਹੈ...।"
***
46
ਤੀਸਰੇ ਦਿਨ ਸੁਜਾਹਬਾਦ ਤੋਂ ਚੱਲੇ ਸਿਪਾਹੀਆਂ ਨੂੰ ਸੂਰਜ ਕੁੰਡ ਵਾਲੇ ਕਿਲ੍ਹੇ ਦੀਆਂ ਉੱਚੀਆਂ ਮੀਨਾਰਾਂ ਦਿਸਣ ਲੱਗੀਆਂ। ਇਸ ਕਿਲ੍ਹੇ ਵਿੱਚ, ਉਨ੍ਹਾਂ ਦੀ ਸੂਚਨਾ ਅਨੁਸਾਰ, ਦੋ ਹਜ਼ਾਰ ਸਿਪਾਹੀ ਸਨ ਅਤੇ ਪੰਜ ਸੱਤ ਤੋਪਾਂ। ਇਸ ਕਿਲ੍ਹੇ ਦੇ ਕਿਲ੍ਹੇਦਾਰ ਨੂੰ ਵੀ ਇਨ੍ਹਾਂ ਦੇ ਆਉਣ ਦੀ ਸੂਚਨਾ ਮਿਲ ਚੁੱਕੀ ਸੀ । ਇਹ ਸਿਪਾਹੀ ਅੱਜ ਦੀ ਰਾਤ ਇਸ ਕਿਲ੍ਹੇ 'ਚ ਅਰਾਮ ਨਾਲ ਸੌਣ ਅਤੇ ਮਜੇ ਨਾਲ ਖਾਣਾ ਖਾਣ ਦੀ ਕਲਪਨਾ ਕਰ ਰਹੇ ਸਨ।
"ਸਿੰਘ ਸਾਹਿਬ ।" ਕੀਰਤ ਸਿੰਘ ਨੇ ਆਪਣੀ ਦੂਰਬੀਨ ਨਾਲ ਕਿਤੇ ਦੂਰ ਵੇਖਣ
ਤੋਂ ਬਾਅਦ ਦੂਰਬੀਨ ਸ਼ਾਮ ਸਿੰਘ ਦੇ ਹੱਥ 'ਚ ਫੜਾਉਂਦਿਆਂ ਕਿਹਾ, "ਉਸ ਪਾਸੇ ਵੇਖੋ, ਉਸ ਪਾਸੇ?”
ਸ਼ਾਮ ਸਿੰਘ ਨੇ ਉਸ ਦੇ ਹੱਥੋਂ ਦੂਰਬੀਨ ਫੜੀ ਅਤੇ ਅੱਖਾਂ ਨਾਲ ਲਾ ਕੇ ਵੇਖਣ ਲੱਗਾ। ਤਕਰੀਬਨ ਇਕ ਕੋਹ ਦੀ ਦੂਰੀ ਤੇ ਇਕ ਛੋਟੇ ਜਿਹੇ ਨਾਲੇ ਨੂੰ ਪਾਰ ਕਰਕੇ ਫਰੰਗੀਆਂ ਦੀ ਇਕ ਵੱਡੀ ਫੌਜ ਚਾਰ-ਚਾਰ ਛੇ-ਛੇ ਦੀਆਂ ਕਤਾਰਾਂ ਬਣਾਈ ਸੂਰਜ ਕੁੰਡ ਦੇ ਕਿਲ੍ਹੇ ਵੱਲ ਹੀ ਵੱਧ ਰਹੀ ਸੀ। ਘੋੜਿਆਂ ਉੱਤੇ ਬੈਠੇ ਫਰੰਗੀ ਅਫਸਰਾਂ ਦੀਆਂ ਟੋਪੀਆਂ ਚ ਰੰਗ ਬਰੰਗੇ ਪੰਖ ਲਹਿਰਾਉਂਦੇ ਦਿਸ ਰਹੇ ਸਨ।
***
47
ਖ਼ਾਲਸਾ ਫ਼ੌਜ ਨੂੰ ਸਾਹਮਣੇ ਰਸਤਾ ਰੋਕੀ ਖੜਾ ਵੇਖ ਕੇ ਜਨਰਲ ਐਡਵਰਡ ਨੇ ਅੱਖਾਂ ਨਾਲ ਦੂਰਬੀਨ ਲਾਈ ਅਤੇ ਕੋਲ ਖੜੇ ਮੇਜਰ ਮੈਕਸਵੇਲ ਨੂੰ ਬੋਲਿਆ, ਮੈਨੂੰ ਇਹ ਸੁਜਾਹਬਾਦ ਤੋਂ ਆਈ ਫੌਜ ਲੱਗਦੀ ਹੈ। ਲੱਗਦਾ ਹੈ ਕਿ ਉਨ੍ਹਾਂ ਵੀ ਸਾਨੂੰ ਵੇਖ ਲਿਆ ਹੈ ਅਤੇ ਸਾਡੇ ਨਾਲ ਟੱਕਰ ਲੈਣ ਦੀ ਤਿਆਰੀ ਕਰ ਰਹੇ ਹਨ। ਤੋਪਾਂ ਨੂੰ ਅੱਗੇ ਕਰਕੇ ਖੜਾ ਕਰੋ ਅਤੇ ਪੈਦਲ ਫ਼ੌਜ ਨੂੰ 'ਸਕੂਏਅਰ' ਬਣਾਉਣ ਦਾ ਹੁਕਮ ਦੇਵੋ।"
ਮੈਕਸਵੈਲ ਨੇ ਵੀ ਐਡਵਰਡ ਹੱਥੋਂ ਦੂਰਬੀਨ ਲੈ ਕੇ ਵੇਖਿਆ, ਵਿਚਕਾਰ ਦੀ ਵਿੱਥ ਦਾ ਅੰਦਾਜ਼ਾ ਲਾਇਆ ਅਤੇ ਬੋਲਿਆ, "ਉਹ ਅੱਗੇ ਵਧਣ ਦੀ ਤਿਆਰੀ ਕਰ ਰਹੇ ਹਨ। ਸਾਡੇ ਪਾਸ ਹੁਣ ਸਕੁਏਅਰ ਬਣਾਉਣ ਦਾ ਸਮਾਂ ਨਹੀਂ ਰਿਹਾ। ਹਾਲੇ ਤੇ ਪਿਛਲੀਆਂ ਕਤਾਰਾਂ ਵੀ ਇਕ ਥਾਵੇਂ ਇਕੱਠੀਆਂ ਨਹੀਂ ਹੋਈਆਂ।"
ਦੂਜੇ ਪਾਸੇ ਕੀਰਤ ਸਿੰਘ ਨੇ ਵੀ ਦੂਰਬੀਨ ਲਾ ਕੇ ਫਰੰਗੀ ਫ਼ੌਜ ਵੱਲ ਤੱਕਿਆ ਅਤੇ ਸ਼ਾਮ ਸਿੰਘ ਨੂੰ ਆਖਿਆ:
"ਅਸੀਂ ਇਹ ਲਾਲ-ਕੁੜਤੀ ਫ਼ੌਜ ਨੂੰ ਨਾ ਤਾਂ ਚੌਕੋਰ ਮੁਰੱਬਾ ਬਣਾ ਕੇ ਮੋਰਚਾਬੰਦੀ ਕਰਨ ਦਾ ਸਮਾਂ ਦੇਣਾ ਹੈ ਅਤੇ ਨਾ ਹੀ ਤੋਪਾਂ ਗੱਡਣ ਦਾ ।"
ਖਾਲਸਾਈ ਫ਼ੌਜ ਦੇ ਹਿੱਤ 'ਚ ਇਹ ਵੀ ਕਿ ਸ਼ਾਮ ਸਿੰਘ ਫਰੰਗੀਆਂ ਦੇ ਸੂਹੀਆਂ ਨੂੰ ਫੜਨ 'ਚ ਸਫਲ ਹੋ ਗਿਆ ਸੀ ਅਤੇ ਆਪਣੇ ਭੇਜੇ ਹੋਏ ਘੋੜ-ਸਵਾਰਾਂ ਦੁਆਰਾ ਉਸ ਨੂੰ ਫਰੰਗੀ ਦੀ ਇਸ ਫ਼ੌਜ ਦੇ ਸੂਰਜ ਕੁੰਡ ਦੇ ਕਿਲ੍ਹੇ ਵੱਲ ਵਧਣ ਦੀ ਖ਼ਬਰ ਵੀ ਮਿਲ ਚੁੱਕੀ ਸੀ।
“ਹਾਂ, ਇਹ ਠੀਕ ਰਹੇਗਾ ।" ਸ਼ਾਮ ਸਿੰਘ ਨੇ ਆਖਿਆ।
"ਫੇਰ ਸ਼ਾਮ ਸਿੰਘ ਨੇ ਖ਼ਾਲਸਾਈ ਝੰਡਾ ਚੁੱਕੀ ਆ ਰਹੇ ਘੋੜ-ਸਵਾਰ ਅਤੇ ਨਗਾੜੇ ਵਾਲੇ ਨੂੰ ਇਸ਼ਾਰਾ ਕੀਤਾ। ਨਗਾੜੇ 'ਤੇ ਚੋਟ ਪਈ ਅਤੇ ਨਾਲ ਹੀ ਸ਼ਾਮ ਸਿੰਘ ਨੇ ਆਪਣੀ ਤਲਵਾਰ ਮਿਆਨ 'ਚੋਂ ਕੱਢੀ ਅਤੇ ਕੜਕਵੀਂ ਆਵਾਜ਼ 'ਚ ਜੈਕਾਰਾ ਮਾਰਿਆ ।
“ਬੋਲੇ ਸੋ ਨਿਹਾਲ....।”
ਦੂਜੇ ਹੀ ਪਲ 'ਸਤ ਸ੍ਰੀ ਅਕਾਲ' ਦਾ ਜੈਕਾਰਾ ਛੱਡਦਿਆਂ ਦੋ ਹਜ਼ਾਰ ਘੋੜ-
ਸਵਾਰ ਤੇਜ਼ ਰਫ਼ਤਾਰ ਨਾਲ ਦੌੜਦਿਆਂ ਫਰੰਗੀਆਂ ਵੱਲ ਵਧਣ ਲੱਗੇ। ਫਰੰਗੀ ਜਰਨੈਲ ਨੇ ਵੀ ਬਿਗਲ ਵਜਾਉਣ ਦਾ ਹੁਕਮ ਦਿੱਤਾ ਅਤੇ ਫਰੰਗੀ ਫ਼ੌਜ ਦੇ ਤਕਰੀਬਨ ਐਨੇ ਹੀ ਘੋੜ-ਸਵਾਰ ਖਾਲਸਾ ਫੌਜ ਦਾ ਮੁਕਾਬਲਾ ਕਰਨ ਲਈ ਦੌੜ ਪਏ। ਚਾਰ ਹਜ਼ਾਰ ਘੋੜਿਆਂ ਦੇ ਖੁਰਾਂ ਦੇ ਧਰਤੀ 'ਤੇ ਪੈਣ ਦੀ ਧਮਕ ਨਾਲ ਸਾਰਾ ਵਾਯੂਮੰਡਲ ਗੂੰਜ ਉੱਠਿਆ। ਰੁੱਖਾਂ 'ਤੇ ਬੈਠੇ ਪੰਛੀ ਫੜ ਫੜਾ ਕੇ ਅਕਾਸ਼ 'ਚ ਉਡਦਿਆਂ ਇਹ ਨਜ਼ਾਰਾ ਵੇਖਣ ਲੱਗੇ । ਸੱਪ ਅਤੇ ਚੂਹੇ ਆਪਣੀਆਂ ਖੁੱਡਾਂ 'ਚ ਜਾ ਵੜੇ। ਇਸ ਦੇ ਨਾਲ ਹੀ ਫਰੰਗੀਆਂ ਦੀਆਂ ਤੋਪਾਂ ਨੇ ਗੋਲੇ ਵਰ੍ਹਾਉਣੇ ਸ਼ੁਰੂ ਕਰ ਦਿੱਤੇ । ਗੋਲਾ ਕਦੀ ਧਰਤੀ 'ਤੇ ਡਿੱਗ ਕੇ ਮਿੱਟੀ ਦੇ ਬੱਦਲ ਉਡਾਉਣ ਲੱਗਦਾ, ਕਦੇ ਸਿੰਘਾਂ 'ਤੇ ਆ ਡਿੱਗਦਾ ਅਤੇ ਦੋ ਤਿੰਨ ਘੋੜ-ਸਵਾਰ ਘੋੜੇ ਸਮੇਤ ਧਰਤੀ 'ਤੇ ਜਾ ਡਿੱਗਦੇ। ਸਿੰਘਾਂ ਨੇ ਵੀ ਆਪਣੀਆਂ ਤੋਪਾਂ ਦੁਆਰਾ ਫਰੰਗੀਆਂ ਉੱਤੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ।
ਜਦੋਂ ਅੱਗੇ ਵਧਦੀ ਖਾਲਸਾਈ ਘੋੜ ਸਵਾਰ ਫਰੰਗੀਆਂ ਦੇ ਘੋੜ ਸਵਾਰਾਂ ਤੋਂ ਤਕਰੀਬਨ ਤਿੰਨ ਸੌ ਗਜ਼ ਦੀ ਦੂਰੀ 'ਤੇ ਰਹਿ ਗਏ ਤਾਂ ਕੀਰਤ ਸਿੰਘ ਨੇ ਆਪਣੇ ਕਮਰਕੱਸੇ 'ਚ ਇਕ ਛੋਟੇ ਅਕਾਰ ਦਾ ਝੰਡਾ ਗੱਡਿਆ ਅਤੇ ਹਵਾ 'ਚ ਲਹਿਰਾ ਦਿੱਤਾ। ਇਹ ਉਸ ਦੇ ਚੁਣੇ ਹੋਏ ਪੰਜ ਸੌ ਜਾਂਬਾਜ ਘੋੜ-ਸਵਾਰਾਂ ਲਈ ਇਕ ਖਾਸ ਸੰਕੇਤ ਸੀ। ਇਹ ਘੋੜ-ਸਵਾਰ ਬੜੀ ਫੁਰਤੀ ਨਾਲ ਦੋ ਹਿੱਸਿਆਂ 'ਚ ਵੰਡੇ ਗਏ ਅਤੇ ਫਰੰਗੀ ਘੋੜ ਸਵਾਰਾਂ ਦੇ ਸੱਜੇ ਖੱਬੇ ਵੱਲ ਵਧਦਿਆਂ ਇਕ ਅਰਧ ਗੋਲ ਦਾਇਰਾ ਬਣਾ ਲਿਆ। ਦੋਹਾਂ ਧਿਰਾਂ ਦੇ ਆਪਸ 'ਚ ਟਕਰਾਉਂਦਿਆਂ ਹੀ ਇਹ ਦਾਈ-ਢਾਈ ਸੌ ਘੋੜ-ਸਵਾਰਾਂ ਨੇ ਫਰੰਗੀ ਘੋੜ-ਸਵਾਰਾਂ 'ਤੇ ਸੱਜਿਓਂ-ਖੱਬਿਓਂ ਹਮਲਾ ਕਰ ਦਿੱਤਾ।
ਆਪਣੇ ਘੋੜੇ 'ਤੇ ਬੈਠੀ ਦੂਰ ਖੜੀ ਰੂਪ ਕੌਰ ਇਹ ਸਭ ਕੁਝ ਹੈਰਾਨੀ ਅਤੇ ਭੈਅਭੀਤ ਨਜ਼ਰਾਂ ਨਾਲ ਦੋਹਾਂ ਧਿਰਾਂ ਨੂੰ ਮਸਤ ਹਾਥੀਆਂ ਵਾਂਗ ਆਪਸ 'ਚ ਟਕਰਾਉਂਦਿਆਂ ਵੇਖਣ ਲੱਗੀ। ਇਕ ਦੂਜੇ ਦੀਆਂ ਤਲਵਾਰਾਂ ਦੇ ਵਾਰ ਨਾਲ ਦੋਹਾਂ ਪਾਸਿਆਂ ਦੇ ਸਿਪਾਹੀ ਚਾਰ-ਚਾਰ ਛੇ ਛੇ ਕਰਕੇ ਡਿੱਗਣ ਲੱਗੇ। ਥੋੜ੍ਹੀ ਦੇਰ ਬਾਅਦ ਦੋਵੇਂ ਪਾਸੇ ਦੀਆਂ ਪਿਆਦਾ ਫ਼ੌਜੀ ਟੁਕੜੀਆਂ ਵੀ ਆਪਣੀਆਂ ਸੰਗੀਨਾਂ ਤਾਣਦੇ ਹੋਈਆਂ ਅਤੇ ਤਲਵਾਰਾਂ ਲਹਿਰਾਉਂਦੀਆਂ ਹੋਈਆਂ ਅੱਗੇ ਵਧੀਆਂ।
ਕੀਰਤ ਸਿੰਘ ਨੇ ਇਕ ਫ਼ਰੰਗੀ ਘੋੜ-ਸਵਾਰ ਨੂੰ ਯੂਨੀਅਨ ਜੈਕ ਵਾਲਾ ਝੰਡਾ ਚੁੱਕੀ ਵੇਖਿਆ ਤਾਂ ਉਸ ਨੇ ਦੁਰਜਨ ਸਿੰਘ ਨੂੰ ਇਸ਼ਾਰਾ ਕੀਤਾ। ਉਨ੍ਹਾਂ ਦੋਹਾਂ ਨੇ ਆਪਣੇ ਘੋੜੇ ਉਸ ਵੱਲ ਦੁੜਾਏ ਅਤੇ ਦੁਰਜਨ ਸਿੰਘ ਨੇ ਆਪਣੀ ਤਲਵਾਰ ਦੇ ਇਕ ਭਰਪੂਰ ਵਾਰ ਨਾਲ ਫਰੰਗੀ ਦਾ ਸਿਰ ਉੱਡਾ ਦਿੱਤਾ। ਦੁਰਜਨ ਯੂਨੀਅਨ ਜੈਕ ਆਪਣੇ ਕਬਜੇ 'ਚ ਕਰਕੇ ਦੌੜ ਪਿਆ। ਇਹ ਵੇਖ ਕੇ ਫਰੰਗੀ ਪਲਟਨ ਦੇ ਮੇਜਰ ਵਿਲੀਅਮ ਨੇ ਆਪਣੇ ਘੋੜੇ ਨੂੰ ਅੱਡੀ ਲਾਈ ਅਤੇ ਤਲਵਾਰ ਲਹਿਰਾਉਂਦਾ, ਕਚੀਚੀਆਂ ਵੱਟਦਾ ਦੁਰਜਨ ਸਿੰਘ ਵੱਲ ਵਧਿਆ। ਦੁਰਜਨ ਸਿੰਘ ਨੇ ਯੂਨੀਅਨ ਜੈਕ ਆਪਣੇ ਕਿਸੇ ਸਿੱਖ ਘੋੜ ਸਵਾਰ ਦੇ ਹੱਥ ਫੜਾਇਆ ਅਤੇ ਮੇਜਰ ਵਿਲੀਅਮ ਦਾ ਰਸਤਾ ਰੋਕ ਕੇ ਖੜਾ ਹੋ ਗਿਆ। ਵਿਲੀਅਮ ਨੇ ਆਪਣੀ ਤਲਵਾਰ ਨਾਲ ਦੁਰਜਨ ਸਿੰਘ 'ਤੇ ਵਾਰ ਕੀਤਾ। ਦੁਰਜਨ ਨੇ
ਉਸ ਦਾ ਵਾਰ ਆਪਣੀ ਤਲਵਾਰ ਨਾਲ ਰੋਕਦਿਆਂ ਉਸ ਦੀ ਤਲਵਾਰ ਨੂੰ ਪਰ੍ਹੇ ਕੀਤਾ ਅਤੇ ਫੇਰ ਦੂਜੇ ਵਾਰ ਨਾਲ ਫਰੰਗੀ ਮੇਜਰ ਨੂੰ ਮੋਢੇ ਤੋਂ ਲੈ ਕੇ ਵੱਖੀ ਤੱਕ ਕੱਟ ਸੁੱਟਿਆ।
ਇਸ ਦੇ ਨਾਲ ਹੀ ਪਿਆਦਾ ਫੌਜ ਵੀ ਆਪਸ ਚ ਟਕਰਾ ਗਈ।
***
48
ਇਕ ਉੱਚੇ ਟਿੱਲੇ 'ਤੇ ਆਪਣੇ ਘੋੜੇ ਦੀ ਪਿੱਠ 'ਤੇ ਬੈਠਾ ਜਨਰਲ ਐਡਵਰਡ ਆਪਣੀ ਦੂਰਬੀਨ ਨਾਲ ਲੜਾਈ ਦਾ ਦ੍ਰਿਸ਼ ਵੇਖ ਰਿਹਾ ਸੀ। ਨਾਲ ਨਾਲ ਆਪਣੇ ਦੁਆਲੇ ਖੜੇ ਫਰੰਗੀ ਅਫ਼ਸਰਾਂ ਨੂੰ ਕੁਝ ਹਦਾਇਤਾਂ ਦੇ ਕੇ ਭੇਜਦਾ ਜਾ ਰਿਹਾ ਸੀ । ਇਹ ਆਪਣੇ ਦਸਤੇ ਨਾਲ ਕੁਝ ਮਹੀਨੇ ਪਹਿਲਾਂ ਹੀ ਦੇਵਲਾਲੀ ਦੀ ਫਰੰਗੀ ਛਾਉਣੀ ਤੋਂ ਆਇਆ ਸੀ। ਮਰਹੱਟਿਆਂ, ਮਦਰਾਸੀਆਂ ਦੇ ਵਿਰੁੱਧ ਕੁਝ ਲੜਾਈਆਂ 'ਚ ਹਿੱਸਾ ਵੀ ਲਿਆ ਸੀ । ਸਿੱਖਾਂ ਨਾਲ ਲੜਨ ਦਾ ਇਹ ਉਸ ਦਾ ਪਹਿਲਾ ਅਵਸਰ ਸੀ ਅਤੇ ਆਪਣੀ ਜਿੱਤ ਬਾਰੇ ਉਸਨੂੰ ਪੂਰਾ ਯਕੀਨ ਸੀ । ਹੁਣ ਜਦ ਉਸ ਨੇ ਆਪਣੇ ਫਰੰਗੀ ਅਤੇ ਪੂਰਬੀਏ ਸਿਪਾਹੀਆਂ ਦੀਆਂ ਲਾਸ਼ਾਂ ਨੂੰ ਮੈਦਾਨ-ਏ-ਜੰਗ 'ਚ ਖਿਲਰਿਆਂ ਵੇਖਿਆ ਤਾਂ ਅੰਦਰੋਂ ਅੰਦਰ ਘਬਰਾ ਉੱਠਿਆ।
ਫੇਰ ਆਪਣੀ ਦੂਰਬੀਨ ਲਾ ਕੇ ਤੱਕਦਿਆਂ ਉਸ ਦੀ ਨਜ਼ਰ ਪੰਦਰਾਂ ਵੀਹ ਸਿੱਖ ਸਿਪਾਹੀਆਂ ਵਿਚਕਾਰ ਘਿਰੀ ਰੂਪ ਕੌਰ 'ਤੇ ਪਈ। ਉਸ ਨੇ ਆਪਣੇ ਕੋਲ ਖੜੇ ਇਕ ਫਰੰਗੀ ਸਿਪਾਹੀ ਨੂੰ ਦੂਰਬੀਨ ਫੜਾਉਂਦਿਆ ਆਖਿਆ :
"ਵੇਖ ਜ਼ਰਾ, ਔਹ ਦੂਰ ਖੜੀ ਔਰਤ ਹੈ ਜਾਂ ਆਦਮੀ ?"
ਉਸ ਨੇ ਦੂਰਬੀਨ ਲਾ ਕੇ ਵੇਖਿਆ ਤੇ ਬੋਲਿਆ, "ਮੈਨੂੰ ਤੇ ਔਰਤ ਹੀ ਲੱਗਦੀ ਹੈ।"
"ਇਹ ਕਿਤੇ ਉਹੀ ਤੇ ਨਹੀਂ ਜਿਸ ਦੇ ਬਾਰੇ ਸਾਡੇ ਕਮਾਂਡਰ ਸਾਹਿਬ ਨੇ ਦੱਸਿਆ ਸੀ ?"
"ਹੌਰ ਕੌਣ ਹੋ ਸਕਦੀ ਹੈ।"
ਦੂਰਬੀਨ ਨਾਲ ਰੂਪ ਵੱਲ ਵੇਖਣ ਤੋਂ ਬਾਅਦ ਜਨਰਲ ਐਡਵਰਡ ਨੇ ਮੇਜਰ ਸਮਿੱਥ ਨੂੰ ਆਦੇਸ਼ ਦਿੱਤਾ ਕਿ "ਉਹ ਅੰਗਰੇਜ਼ ਅਤੇ ਪਠਾਣ ਸਿਪਾਹੀਆ ਦਾ ਖ਼ਾਸ ਦਸਤਾ ਲੈ ਕੇ ਜਾਵੇ ਅਤੇ ਉਸ ਔਰਤ ਨੂੰ ਆਪਣੇ ਕਬਜ਼ੇ ’ਚ ਕਰ ਲਵੇ : ਯਾਦ ਰੱਖਣਾ ਜਿਉਂਦਿਆਂ ਹੀ....।"
ਮੇਜਰ ਸਮਿੱਥ ਆਪਣਾ ਖਾਸ ਦਸਤਾ ਲੈ ਕੇ ਅਤੇ ਵਲਾ ਪਾ ਕੇ ਰੂਪ ਵੱਲ ਦੌੜ ਪਿਆ। ਕੀਰਤ ਸਿੰਘ ਦੀ ਨਜ਼ਰ ਵੀ ਉਨ੍ਹਾਂ 'ਤੇ ਪਈ ਅਤੇ ਉਹ ਵੀ ਸਭ ਕੁਝ ਸਮਝ ਗਿਆ। ਉਸ ਨੇ ਦੁਰਜਨ ਸਿੰਘ ਨੂੰ ਇਸ਼ਾਰਾ ਕੀਤਾ ਅਤੇ ਉਹ ਦੋਵੇਂ ਵੀ ਆਪਣਾ ਖ਼ਾਸ ਦਸਤਾ ਲੈ ਕੇ ਰੂਪ ਵੱਲ ਦੌੜ ਪਏ। ਕੁਝ ਪਲਾਂ ਬਾਅਦ ਹੀ ਰੂਪ ਦੁਆਲੇ ਘਮਾਸਾਨ ਯੁੱਧ ਸ਼ੁਰੂ ਹੋ ਗਿਆ ਅਤੇ ਦੋਵੇਂ ਪਾਸਿਆਂ ਦੇ ਸਿਪਾਹੀ ਆਪਣੇ ਵਿਰੋਧੀਆਂ ਦੇ ਵਾਰ ਖਾ ਖਾ ਕੇ ਭੁੰਜੇ ਡਿੱਗਣ ਲੱਗੇ।
'ਕੀ ਇਹ ਸਭ ਕੁਝ, ਇਹ ਮੌਤ ਦੀ ਖੇਡ ਮੇਰੇ ਲਈ ਹੋ ਰਹੀ ਹੈ!" ਰੂਪ ਕੌਰ ਫਰੰਗੀਆਂ ਅਤੇ ਸਿੰਘਾਂ ਦੀਆਂ ਤਲਵਾਰਾਂ ਦੇ ਟਕਰਾ ਵਿਚਕਾਰ ਖੜ੍ਹੀ ਇਹ ਸਭ ਕੁਝ ਵੇਖਦਿਆਂ ਸੋਚ ਰਹੀ ਸੀ। ਉਸੇ ਵੇਲੇ ਮੇਜਰ ਸਮਿਥ ਰੂਪ ਕੌਰ ਦਾ ਬਚਾਓ ਕਰ ਰਹੇ ਦੋ ਸਿੱਖਾਂ 'ਤੇ ਵਾਰ ਕਰਦਿਆਂ ਉਸ ਵੱਲ ਵਧਿਆ। ਫਰੰਗੀ ਨੂੰ ਆਪਣੇ ਇੰਨੇ ਨੇੜੇ ਵੇਖ ਕੇ ਰੂਪ ਵੀ ਜਿਵੇਂ ਆਪਣੀਆਂ ਸੋਚਾਂ ਵਿੱਚੋਂ ਬਾਹਰ ਨਿਕਲੀ ਅਤੇ ਕਿਸੇ ਇਸੇ ਤਰ੍ਹਾਂ ਦੇ ਅਵਸਰ 'ਤੇ ਵਰਤਣ ਲਈ ਕੀਰਤ ਸਿੰਘ ਦੀ ਦਿੱਤੀ ਪਿਸਤੌਲ ਕਮਰਬੰਦ 'ਚੋਂ ਕੱਢੀ ਅਤੇ ਫ਼ਾਇਰ ਕਰ ਦਿੱਤਾ। ਮੇਜਰ ਸਮਿਥ 'ਹਾਏ' ਕਰਦਿਆਂ ਘੋੜੇ ਤੋਂ ਡਿੱਗਣ ਵਾਲਾ ਹੀ ਸੀ ਕਿ ਦੂਸਰੇ ਫਰੰਗੀ ਨੇ ਛੇਤੀ ਦੇਣੀ ਪਹੁੰਚ ਕੇ ਘੋੜੇ ਤੋਂ ਡਿੱਗਣ ਤੋਂ ਬਚਾ ਲਿਆ। ਉਸੇ ਵੇਲੇ ਦੂਜੇ ਪਾਸਿਓਂ ਕੀਰਤ ਸਿੰਘ ਆ ਪਹੁੰਚਿਆ ਅਤੇ ਮੇਜਰ ਸਮਿਥ ਨੂੰ ਸੰਭਾਲ ਰਹੇ ਫ਼ਰੰਗੀ ਦਾ ਸਫ਼ਾਇਆ ਕਰ ਦਿੱਤਾ।
ਫਰੰਗੀਆਂ ਦੀ ਇਸ ਘੋੜ-ਸਵਾਰ ਟੁਕੜੀ 'ਚ 50 ਸਿਪਾਹੀ ਆਏ ਸਨ, ਤਕਰੀਬਨ 30 ਫਰੰਗੀ ਅਤੇ 20 ਕੁ ਪਠਾਣ। ਤੀਹਾਂ 'ਚੋਂ ਵੀਹ ਦੇ ਕਰੀਬ ਫਰੰਗੀ ਅਤੇ ਦਸ ਬਾਰਾਂ ਪਠਾਣਾਂ ਦੇ ਮੁਰਦਾ ਜਿਸਮ ਰੂਪ ਕੌਰ ਦੁਆਲੇ ਪਏ ਸਨ। ਆਪਣੇ ਅਫ਼ਸਰਾਂ ਅਤੇ ਸਿਪਾਹੀਆਂ ਦੀ ਇਹ ਦਸ਼ਾ ਵੇਖ ਕੇ ਬਚੇ ਹੋਏ ਫਰੰਗੀਆਂ ਨੇ ਆਪਣਿਆਂ ਘੋੜਿਆਂ ਦੀਆਂ ਵਾਗਾਂ ਮੋੜੀਆਂ ਅਤੇ ਨੱਸ ਪਏ। ਸਿੰਘਾਂ ਵਿਚੋਂ ਕੇਵਲ ਪੰਜ ਛੇ ਹੀ ਮਰੇ ਜਾਂ ਜ਼ਖ਼ਮੀ ਹੋਏ। ਕੀਰਤ ਸਿੰਘ ਦੇ ਮੋਢੇ, ਬਾਹਾਂ ਅਤੇ ਮੱਥੇ ਤੋਂ ਲਹੂ ਦੀਆਂ ਤਤੀਰੀਆਂ ਵਗ ਰਹੀਆਂ ਸਨ। ਫਰੰਗੀਆਂ ਨੂੰ ਭੱਜਦਿਆਂ ਵੇਖ ਕੇ ਉਸ ਦੇ ਬੁੱਲਾਂ 'ਤੇ ਮੁਸਕਾਨ ਪੱਸਰੀ ਹੋਈ ਸੀ।
ਐਨੀ ਦੇਰ 'ਚ ਸੂਰਜ ਕੁੰਡ ਦੀ ਗੜ੍ਹੀ 'ਚ ਬੈਠੇ ਸਿੰਘ ਵੀ ਆ ਪਹੁੰਚੇ ਅਤੇ ਉਨ੍ਹਾਂ ਫਰੰਗੀ ਫ਼ੌਜਾਂ ਨੂੰ ਸੱਜਿਓਂ ਖੱਬਿਓਂ ਆ ਘੇਰਿਆ। ਸਿੰਘਾਂ ਦਾ ਪਾਸਾ ਭਾਰੀ ਵੇਖ ਕੇ ਅਤੇ ਇਹ ਵੇਖ ਕੇ ਕਿ ਉਸ ਦੇ ਬਹੁਤ ਸਾਰੇ ਫਰੰਗੀ ਅਫ਼ਸਰ ਮਾਰੇ ਜਾ ਚੁੱਕੇ ਹਨ ਜਨਰਲ ਐਡਵਰਡ ਨੇ ਆਪਣੀ ਫ਼ੌਜ ਨੂੰ ਪਿੱਛੇ ਹਟਣ ਦਾ ਬਿਗਲ ਵਜਾ ਦਿੱਤਾ।
ਕੀਰਤ ਸਿੰਘ ਨੂੰ ਮੁਦਕੀ ਦੀ ਲੜਾਈ ਯਾਦ ਆ ਗਈ ਜਦੋਂ ਫਰੰਗੀਆਂ ਨੇ ਸਿੰਘਾਂ ਨੂੰ ਪਿੱਛੇ ਹਟਦਿਆਂ ਨੂੰ ਮਾਰਿਆ ਸੀ । ਉਸ ਦੇ ਦਿਲ 'ਚ ਬਦਲੇ ਦੀ ਅੱਗ ਭੜਕ ਉੱਠੀ ਅਤੇ ਆਪਣੇ ਸਿੰਘਾਂ ਨੂੰ ਇਸ਼ਾਰਾ ਕਰਦਿਆਂ ਕਿਹਾ ਕਿ ਉਨ੍ਹਾਂ 'ਚੋਂ ਇੱਕ ਵੀ ਬਚ ਕੇ ਨਹੀਂ ਜਾਣਾ ਚਾਹੀਦਾ।
ਇਸੇ ਤਰ੍ਹਾਂ ਹੀ ਹੋਇਆ। ਫਰੰਗੀਆਂ ਦੀ ਇਸ ਪਲਟਨ ਦੇ ਸੱਤ ਹਜ਼ਾਰ ਫ਼ੌਜੀਆਂ 'ਚੋਂ ਕੇਵਲ 500 ਸਿਪਾਹੀ ਹੀ ਬਚ ਨਿਕਲਣ ਅਤੇ ਮੁਲਤਾਨ ਪਹੁੰਚਣ 'ਚ ਸਫਲ ਹੋ ਸਕੇ। ਉੱਥੇ ਪਹੁੰਚ ਕੇ ਫ਼ਰੰਗੀ ਅਫ਼ਸਰ ਜਨਰਲ ਐਡਵਰਡ ਨੇ ਜਨਰਲ ਹਿਊਜ ਗਫ ਨੂੰ ਰਿਪੋਰਟ ਦੇਂਦਿਆਂ ਆਖਿਆ ਕਿ ਜਦ ਉਹ ਸੂਰਜ ਕੁੰਡ ਦੀ ਨਦੀ ਪਾਰ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਸ਼ਾਮ ਸਿੰਘ ਤੇ ਕੀਰਤ ਸਿੰਘ ਦੀ 'ਪੰਦਰਾਂ ਹਜ਼ਾਰ ਫ਼ੌਜ ਨੇ ਆ ਘੇਰਿਆ। ਅਸਾਂ ਬੜੀ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਦੁਸ਼ਮਣਾਂ ਦੀ ਅੱਧੀ ਤੋਂ ਵੱਧ ਫ਼ੌਜ ਦਾ ਸਫ਼ਾਇਆ ਕਰ ਦਿੱਤਾ ਪਰ ਇਸ ਘਮਾਸਾਨ ਯੁੱਧ 'ਚ ਸਾਡੇ ਬਹੁਤ ਸਾਰੇ ਵਫ਼ਾਦਾਰ
ਸਿਪਾਹੀ ਅਤੇ ਕੁਝ ਅਫ਼ਸਰ ਬੜੀ ਬਹਾਦਰੀ ਨਾਲ ਲੜਦਿਆਂ ਆਪਣੇ ਵਤਨ ਲਈ ਕੁਰਬਾਨ ਹੋ ਗਏ....।"
***
49
ਮੈਦਾਨ-ਏ-ਜੰਗ 'ਚ ਜ਼ਖ਼ਮੀ ਹੋ ਗਏ ਸਿੰਘਾਂ ਨੂੰ ਚੁੱਕ ਕੇ ਗੜ੍ਹੀ 'ਚ ਲਿਆਉਣ ਤੋਂ ਬਾਅਦ ਉਨ੍ਹਾਂ ਦੀ ਮੱਲ੍ਹਮ ਪੱਟੀ ਸ਼ੁਰੂ ਹੋ ਗਈ। ਸਾਰੇ ਇੰਨੇ ਥੱਕ ਚੁੱਕੇ ਸੀ ਕਿ ਮ੍ਰਿਤਕ ਦੇਹਾਂ ਦੇ ਦਾਹ ਸੰਸਕਾਰ ਨੂੰ ਅਗਲੇ ਦਿਨ 'ਤੇ ਟਾਲ ਦਿੱਤਾ ਗਿਆ।
ਕੀਰਤ ਸਿੰਘ ਨਾ ਨ੍ਹਾਤਾ ਨਾ ਕੱਪੜੇ ਬਦਲੇ। ਆਪਣੇ ਜ਼ਖ਼ਮਾਂ 'ਤੇ ਪੱਟੀ ਬੰਨ੍ਹਣ ਤੋਂ ਬਾਅਦ ਉਹ ਗੜ੍ਹੀ ਦੀ ਕੰਧ ਉੱਤੇ ਆ ਬੈਠਿਆ ਤੇ ਗੜ੍ਹੀ ਤੋਂ ਕੁਝ ਦੂਰ ਖਿਲਰੀਆਂ ਮ੍ਰਿਤਕ ਦੇਹਾਂ ਵੱਲ ਤੱਕਣ ਲੱਗਾ। ਉਸ ਨੇ ਵੇਖਿਆ ਕਿ ਘੁਸਮੁਸਾ ਹੋਣ ਤੋਂ ਪਹਿਲਾਂ ਸੱਤ ਅੱਠ ਆਦਮੀ, ਜੋ ਆਪਣੀ ਚਾਲ ਤੋਂ ਬੱਚੇ ਜਿਹੇ ਹੀ ਲੱਗਦੇ ਸਨ, ਰੁੱਖਾਂ ਦੇ ਪਿੱਛੋਂ ਨਿਕਲੇ ਅਤੇ ਦੂਰ-ਦੂਰ ਤੱਕ ਖਿਲਰੀਆਂ ਫਰੰਗੀ ਅਤੇ ਸਿੰਘ ਸਿਪਾਹੀਆਂ ਦੀਆਂ ਮ੍ਰਿਤਕ ਦੇਹਾਂ ਵਿਚਕਾਰ ਆ ਗਏ। ਕੁਝ ਦਿਨ ਪਹਿਲਾਂ ਹੀ ਸ਼ਾਹ ਬਖ਼ਸ਼ ਨੇ ਉਸ ਨੂੰ ਮ੍ਰਿਤਕ ਦੇਹਾਂ 'ਚ ਫਿਰਦੀ ਇਕ ਕੁੜੀ ਬਾਰੇ ਦੱਸਿਆ ਸੀ। ਕੀਰਤ ਸਿੰਘ ਨੇ ਆਪਣੇ ਝੋਲੇ 'ਚੋਂ ਦੂਰਬੀਨ ਕੱਢੀ ਅਤੇ ਉਨ੍ਹਾਂ ਵੱਲ ਵੇਖਣ ਲੱਗਾ। ਉਹ ਸਾਰੇ ਬੜੇ ਤਰੀਕੇ ਨਾਲ ਮ੍ਰਿਤਕਾਂ ਦੀਆਂ ਜੇਬਾਂ ਫਰੋਲਦੇ, ਮੁੰਦਰੀਆਂ ਅਤੇ ਕੀਮਤੀ ਚੀਜ਼ਾਂ ਆਪਣੇ ਝੋਲਿਆਂ 'ਚ ਪਾਉਂਦੇ ਜਾ ਰਹੇ ਸਨ। ਇਹ ਸਾਰੇ ਤੇਰਾਂ ਤੋਂ ਲੈ ਕੇ ਪੰਦਰਾਂ ਸੋਲਾਂ ਵਰ੍ਹਿਆਂ ਦੇ ਮੁੰਡੇ ਸਨ ਸਿਵਾਏ ਇਕ ਦੇ।
"ਕਿੰਨੀ ਕਰੂੜ ਹੋਵੇਗੀ ਇਹ ਕੁੜੀ, ਅਤੇ ਇਸ ਦੇ ਨਾਲ ਵਾਲੇ ਇਹ ਮੁੰਡੇ " ਕੀਰਤ ਸਿੰਘ ਨੇ ਮਨ ਹੀ ਮਨ ਆਖਿਆ: ਜੋ ਬੇਪਰਵਾਹੀ ਨਾਲ ਲਾਸ਼ਾਂ ਵਿਚਕਾਰ ਇੰਜ ਫਿਰ ਰਹੇ ਹਨ ਜਿਵੇਂ ਬੇਰੀਆਂ ਦੀਆਂ ਝਾੜੀਆਂ ਤੋਂ ਬੇਰ ਤੋੜ ਰਹੇ ਹੋਣ... ਪਰ... ਪਰ ਅਸੀਂ ਕੀ ਹਾਂ ?" ਕੀਰਤ ਸਿੰਘ ਸੋਚਣ ਲੱਗਾ, "ਇਹ ਤੇ ਉਨ੍ਹਾਂ 'ਚ ਫਿਰ ਰਹੇ ਹਨ ਜਿਨ੍ਹਾਂ ਨੂੰ ਅਸੀਂ ਜਿਊਂਦਿਆਂ ਜਾਗਦਿਆਂ ਨੂੰ ਮੁਰਦਿਆਂ 'ਚ ਤਬਦੀਲ ਕੀਤਾ ਹੈ। ਫੇਰ ਉਸ ਵੇਖਿਆ ਕਿ ਇਕ ਸਿਪਾਹੀ ਕੁਝ ਹਿੱਲਿਆ ਜੁੱਲਿਆ । ਕੁੜੀ ਉਸ ਕੋਲ ਆਈ ਅਤੇ ਆਪਣੇ ਮੋਢੇ ਨਾਲ ਟੰਗੀ ਚਮੜੇ ਦੀ ਮਸ਼ਕ 'ਚੋਂ ਉਸ ਨੂੰ ਪਾਣੀ ਪਿਲਾਉਣ ਲੱਗੀ । ਕੁਝ ਦੇਰ ਬਾਅਦ ਕੁੜੀ ਨੇ ਉਸ ਨੂੰ ਸਹਾਰਾ ਦੇ ਕੇ ਖੜਾ ਕਰ ਦਿੱਤਾ, ਅਤੇ ਗੜ੍ਹੀ ਵੱਲ ਇਸ਼ਾਰਾ ਕੀਤਾ। ਸਿੰਘ ਸਿਪਾਹੀ ਲੰਗੜਾਉਂਦਿਆਂ-ਲੰਗੜਾਉਂਦਿਆਂ ਗੜ੍ਹੀ ਵੱਲ ਤੁਰਨ ਲੱਗਾ। ਇਸੇ ਤਰ੍ਹਾਂ ਉਸ ਕੁੜੀ ਨੇ ਇਕ ਫ਼ਰੰਗੀ ਸਿਪਾਹੀ ਨਾਲ ਕੀਤਾ। ਪਾਣੀ ਪੀ ਕੇ ਫਰੰਗੀ ਸਿਪਾਹੀ ਕੁਝ ਦੇਰ ਗੋਡਿਆਂ ਭਾਰ ਬੈਠਾ ਰਿਹਾ। ਫੇਰ ਕੁੜੀ ਦੇ ਮੋਢੇ ਦਾ ਸਹਾਰਾ ਲੈ ਕੇ ਵਿਪਰੀਤ ਦਿਸ਼ਾ ਵੱਲ ਡਿੱਗਦਾ ਢਹਿੰਦਾ ਤੁਰ ਪਿਆ।
ਕੁਝ ਦੇਰ ਬਾਅਦ ਹਨੇਰਾ ਪੈਣ 'ਤੇ ਕੀਰਤ ਸਿੰਘ ਨੂੰ ਇਹ ਸਭ ਕੁਝ ਦਿਸਣਾ ਬੰਦ ਹੋ ਗਿਆ।
***
50
ਸੂਰਜ ਕੁੰਡ ਦੇ ਕਿਲ੍ਹੇ 'ਚ ਤਿੰਨ ਚਾਰ ਦਿਨ ਰੁਕੇ ਰਹਿਣ ਤੋਂ ਬਾਅਦ ਕੀਰਤ ਸਿੰਘ ਵਾਪਸ ਸ਼ੁਜਾਹਬਾਦ ਅਤੇ ਸ਼ਾਮ ਸਿੰਘ ਮੁਲਤਾਨ ਜਾਣ ਦੀਆਂ ਤਿਆਰੀਆਂ ਕਰਨ ਲੱਗੇ। ਰੂਪ ਕੌਰ ਨੇ ਸ਼ਾਮ ਸਿੰਘ ਨਾਲ ਮੁਲਤਾਨ ਜਾਣਾ ਸੀ। ਰੂਪ ਕੌਰ, ਯਾਅਨੀ ਮਹਾਰਾਜਾ ਰਣਜੀਤ ਸਿੰਘ ਦੀ ਤਥਾ ਕਥਿਤ ਪੱਤਰੀ ਜਾਂ ਪੋਤੀ ਦੇ ਇਸ ਜੰਗ 'ਚ ਸ਼ਾਮਲ ਹੋਣ ਦੀ ਖ਼ਬਰ ਮੁਲਤਾਨ ਅਤੇ ਇਸ ਦੇ ਆਲੇ ਦੁਆਲੇ ਫੈਲ ਚੁੱਕੀ ਸੀ। ਬਹੁਤ ਸਾਰੇ ਇੱਧਰ-ਉੱਧਰ ਫਿਰਦੇ ਅਤੇ ਲਾਹੌਰ ਤੋਂ ਫਰੰਗੀਆਂ ਨਾਲ ਆਏ ਸਿੱਖਾਂ ਦੇ ਕਈ ਫੌਜੀ ਦਸਤੇ ਰੂਪ ਕੌਰ ਕਾਰਨ ਮੁਲਤਾਨ ਦੇ ਕਿਲ੍ਹੇ 'ਚ ਜਮ੍ਹਾਂ ਹੁੰਦੇ ਜਾ ਰਹੇ ਸਨ।
ਇਸ ਵਿਸ਼ਵਾਸ ਨਾਲ ਕਿ ਉਹ ਗੁਲਬਾਨੋ ਦੀ ਕੁੱਖੋਂ ਜਨਮੀ ਮਹਾਰਾਜਾ ਰਣਜੀਤ ਸਿੰਘ ਦੀ ਧੀ ਹੈ, ਰੂਪ ਦੇ ਸੰਪੂਰਨ ਵਿਓਹਾਰ 'ਚ ਇਕ ਸੂਖਮ ਜਿਹਾ ਪਰਿਵਰਤਨ ਆ ਗਿਆ ਸੀ। ਚਾਹੇ ਉਸ ਦੇ ਮਨ ਵਿੱਚ ਕੀਰਤ ਸਿੰਘ ਤੋਂ ਵਿਛੜਨ ਦਾ ਦੁੱਖ ਜ਼ਰੂਰ ਸੀ ਪਰ ਹੁਣ ਉਹ ਆਪਣੇ ਆਪ ਨੂੰ ਇਕ ਸ਼ਤਰੰਜ ਦਾ ਮੋਹਰਾ ਜਾਂ ਕੋਈ ਵੱਖਰੀ ਤੇ ਬਾਹਰ ਦੀ ਔਰਤ ਦੀ ਬਜਾਏ ਸਿੱਖ ਰਾਜ ਦਾ ਮਹੱਤਵਪੂਰਨ ਅੰਗ ਸਮਝਣ ਲੱਗ ਪਈ ਸੀ। ਉਸ ਦੇ ਬੋਲਾਂ 'ਚ ਹੁਣ ਦ੍ਰਿੜ੍ਹਤਾ ਸੀ ਅਤੇ ਚਾਲ 'ਚ ਸ਼ਹਿਜ਼ਾਦੀਆਂ ਵਰਗਾ ਸਵੈ-ਵਿਸ਼ਵਾਸ।
ਇਕ ਵਾਰੀ ਉਸ ਨੂੰ ਆਪਣੀ ਮਾਂ ਗੁਲਬਾਨੋ ਉੱਤੇ ਗੁੱਸਾ ਆਇਆ, ਜਿਸ ਨੇ ਉਸ ਨੂੰ ਮਾਂ ਦੇ ਪਿਆਰ ਤੋਂ ਵਾਂਝਿਆਂ ਕਰਕੇ ਕਿਸੇ ਪਰਾਏ ਦੇ ਘਰ ਸੁੱਟ ਦਿੱਤਾ। ਪਰ ਫੇਰ ਸੋਚਿਆ ; ਜੋ ਹੋਇਆ ਠੀਕ ਹੀ ਹੋਇਆ। ਕੀ ਪਤਾ ਇਨ੍ਹਾਂ ਰਾਜਿਆਂ, ਸਰਦਾਰਾਂ ਦੀਆਂ ਕਿੰਨੀਆਂ ਹੋਰ ਧੀਆਂ ਜੰਮਦੀਆਂ ਹੀ ਮਾਰ ਦਿੱਤੀਆਂ ਗਈਆਂ ਹੋਣਗੀਆਂ ? ਜੇ ਮੈਂ 'ਪੁੱਤਰ' ਹੁੰਦੀ ਤਾਂ ਵੀ ਹੁਣ ਤੱਕ ਬਾਕੀ ਦੇ ਸ਼ਹਿਜ਼ਾਦਿਆਂ ਵਾਂਗ ਕਿਸੇ ਮਹੱਤਵਕਾਂਖੀ ਦੀ ਤਲਵਾਰ ਦੀ ਪਿਆਸ ਬੁਝਾ ਚੁੱਕੀ ਹੁੰਦੀ। ਹੁਣ ਮੇਰੇ ਪਾਸ ਇਕ ਜੀਵਨ ਹੈ ਜਿਊਣ ਲਈ ਅਤੇ ਇਕ ਮੰਤਵ ਵੀ : ਕਿ ਉਹ ਸੱਚਮੁਚ ਇਸ ਬਾਵੀ ਲੜਾਈ 'ਚ ਕੋਈ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ ?
ਕੀਰਤ ਸਿੰਘ ਪ੍ਰਤੀ ਉਸ ਦੇ ਵਿਵਹਾਰ 'ਚ ਕੁਝ ਬਹੁਤ ਅੰਤਰ ਨਹੀਂ ਆਇਆ, ਸਿਵਾਏ ਇਸ ਦੇ ਕਿ ਪਹਿਲਾਂ ਦੀ ਹਲਕੀ ਜਿਹੀ ਹੀਣ ਭਾਵਨਾ ਦੀ ਥਾਵੇਂ ਹੁਣ ਸਵੈ-ਵਿਸ਼ਵਾਸ ਦੇ ਨਾਲ-ਨਾਲ ਥੋੜ੍ਹਾ ਜਿਹਾ ਸਵੈ-ਅਭਿਮਾਨ ਵੀ ਆ ਗਿਆ ਸੀ। ਉਹ ਮਨੋ ਚਾਹੁੰਦੀ ਸੀ ਕਿ ਕੀਰਤ ਸਿੰਘ ਵਾਪਸ ਸ਼ੁਜਾਹਬਾਦ ਜਾਣ ਦੀ ਬਜਾਏ ਉਨ੍ਹਾਂ ਨਾਲ ਮੁਲਤਾਨ ਚੱਲੇ। ਜਿਸ ਵੇਲੇ ਕੀਰਤ ਸਿੰਘ ਸੁਜਾਹਬਾਦ ਵਾਪਸ ਜਾਣ ਦੀ ਤਿਆਰੀ ਕਰ ਰਿਹਾ ਸੀ ਤਾਂ ਉਹ ਸ਼ਾਮ ਸਿੰਘ ਨੂੰ ਸੰਬੋਧਿਤ ਹੁੰਦਿਆਂ ਬੋਲੀ :
"ਕੀ ਕੀਰਤ ਸਿੰਘ ਦਾ ਸ਼ੁਜਾਹਬਾਦ ਦੀ ਬਜਾਏ ਮੁਲਤਾਨ ਜਾਣਾ ਜ਼ਿਆਦਾ ਬਿਹਤਰ ਨਹੀਂ ਹੋਵੇਗਾ ?" ਹੁਣ ਉਹ ਇਨ੍ਹਾਂ ਦੀਆਂ ਬਹਿਸਾਂ 'ਚ ਹਿੱਸਾ ਵੀ ਲੈਣ ਲੱਗੀ ਸੀ।
"ਮੁਲਤਾਨ ਵਿੱਚ ਤਾਂ ਹੋਰ ਵੀ ਵੱਡੇ-ਵੱਡੇ ਸਰਦਾਰ ਹੋਣਗੇ, ਮੂਲ ਰਾਜ ਆਪ ਹੋਵੇਗਾ ਪਰ ਸ਼ੁਜਾਹਬਾਦ ਦੀ ਹਿਫਾਜ਼ਤ ਲਈ ਇਸ ਦਾ ਉੱਥੇ ਜਾਣਾ ਜ਼ਰੂਰੀ ਹੈ।"
ਫੇਰ ਸ਼ਾਮ ਸਿੰਘ ਨੇ ਦੋਹਾਂ ਵੱਲ ਹਮਦਰਦੀ ਭਰੀਆਂ ਅੱਖਾਂ ਨਾਲ ਤੱਕਿਆ ਅਤੇ ਦੋਹਾਂ ਨੂੰ ਇਸ ਜੁਦਾਈ ਦੇ ਸਮੇਂ ਆਪਸ 'ਚ ਗੱਲਾਂ ਕਰਨ ਦਾ ਅਵਸਰ ਦੇਣ ਦੀ ਖਾਤਰ ਕੁਝ ਬਹਾਨਾ ਲਾ ਕੇ ਕਮਰੇ 'ਚੋਂ ਬਾਹਰ ਨਿਕਲ ਗਿਆ।
ਹੁਣ ਰੂਪ ਅਤੇ ਕੀਰਤ ਕਮਰੇ ਵਿੱਚ ਇਕੱਠੇ ਸਨ। ਇਸ ਵਿਛੜਣ ਦੇ ਸਮੇਂ ਰੂਪ ਵਲੋਂ ਕਿਸੇ ਭਾਵੁਕਤਾ ਭਰੇ ਪ੍ਰਤੀਕਰਮ ਬਾਰੇ ਸੋਚਦਿਆਂ ਕੀਰਤ ਆਪਣੇ ਆਪ ਨੂੰ ਉਸ ਲਈ ਤਿਆਰ ਕਰ ਰਿਹਾ ਸੀ। ਪਰ ਰੂਪ ਨਾ ਤੇ ਉਸ ਦੇ ਮੋਢੇ 'ਤੇ ਸਿਰ ਰੱਖ ਕੇ ਰੋਈ ਅਤੇ ਨਾ ਹੀ ਉਸ ਨੂੰ ਬਾਹਵਾਂ 'ਚ ਘੱਟਿਆ। ਚਾਹੁੰਦਿਆਂ ਹੋਇਆਂ ਵੀ ਕੁਝ ਸੀ, ਜੋ ਰੂਪ ਨੂੰ ਰੋਕ ਰਿਹਾ ਸੀ। ਸ਼ਾਇਦ ਇਹ ਕਿ ਉਹ ਇਕ ਸਧਾਰਨ ਜਿਹੀ ਕੁੜੀ ਨਹੀਂ, ਮਹਾਰਾਜਾ ਰਣਜੀਤ ਸਿੰਘ ਦੀ ਧੀ ਹੈ, ਇਕ ਸ਼ਹਿਜ਼ਾਦੀ ਹੈ। ਪਰ ਫੇਰ ਵੀ ਉਸ ਅੰਦਰ ਕੁਝ ਸੀ ਜੋ ਰੂਪ ਦੇ ਆਪਣੇ ਵਸ ਵਿੱਚ ਨਹੀਂ ਸੀ । ਉਹ ਦੋ ਕੁ ਕਦਮ ਅੱਗੇ ਵਧੀ ਅਤੇ ਕੀਰਤ ਦੇ ਦੋਵੇਂ ਹੱਥ ਆਪਣੇ ਹੱਥਾਂ 'ਚ ਘੁੱਟਦਿਆਂ ਬੋਲੀ :
"ਲੱਗਦਾ ਹੈ ਕਿ ਸਾਡਾ ਇਹ ਮੇਲ ਆਖ਼ਰੀ ਹੋਵੇਗਾ।"
ਕੀਰਤ ਸਿੰਘ ਨੇ ਵੀ ਉਸ ਦੇ ਵਤੀਰੇ 'ਚ ਸੂਖਮ ਜਿਹੀ ਤਬਦੀਲੀ ਨੂੰ ਅਨੁਭਵ ਕੀਤਾ ਪਰ ਕੁਝ ਸਮਝ ਨਾ ਆਇਆ। ਨਾਲ ਹੀ ਉਸ ਨੂੰ ਇਹ ਤਸੱਲੀ ਸੀ ਕਿ ਉਸ ਨੂੰ ਕਿਸੇ ਭਾਵੁਕਤਾ ਵਾਲੀ ਸਥਿਤੀ ਦਾ ਸਾਹਮਣਾ ਨਹੀਂ ਕਰਨਾ ਪਿਆ।
ਅਗਲੀ ਸਵੇਰ ਕੀਰਤ ਸਿੰਘ ਅਤੇ ਦੁਰਜਨ ਸਿੰਘ ਸ਼ੁਜਾਹਬਾਦ ਵਲ ਅਤੇ ਸ਼ਾਮ ਸਿੰਘ ਤੇ ਰੂਪ ਕੌਰ ਮੁਲਤਾਨ ਵੱਲ ਤੁਰ ਪਏ।
***
51
ਸ਼ਾਮ ਸਿੰਘ ਅਤੇ ਰੂਪ ਕੌਰ ਦੇ ਮੁਲਤਾਨ ਪਹੁੰਚਣ 'ਤੇ ਦੀਵਾਨ ਮੂਲ ਰਾਜ ਨੇ ਬੜੇ ਆਦਰ ਸਹਿਤ ਉਨ੍ਹਾਂ ਦਾ ਸੁਆਗਤ ਕੀਤਾ। ਰੂਪ ਨੂੰ ਮਹਾਰਾਜੇ ਦੀ ਪੋਤਰੀ ਮੰਨਦਿਆਂ ਪੂਰਾ ਸਤਿਕਾਰ ਦਿੱਤਾ ਅਤੇ ਆਪਣੇ ਮਹੱਲਾਂ 'ਚ ਠਹਿਰਾਇਆ । ਰੂਪ ਕੌਰ ਦੇ ਕਿਲ੍ਹੇ 'ਚ ਪਹੁੰਚਣ ਬਾਰੇ ਸੁਣ ਕੇ ਲਾਹੌਰ ਤੋਂ ਫਰੰਗੀਆਂ ਨਾਲ ਆਏ ਕੁਝ ਸਿੱਖ ਦਸਤੇ ਮੂਲ ਰਾਜ ਨਾਲ ਆਣ ਮਿਲੇ। ਅਕਬਰ ਖਾਂ ਵੀ ਆਪਣੇ ਵਾਅਦੇ ਮੁਤਾਬਕ ਆਪਣੇ ਦੋ ਪੁੱਤਰਾਂ ਅਤੇ ਪੰਜ ਹਜ਼ਾਰ ਅਫ਼ਗਾਨਾਂ ਨਾਲ ਪਹੁੰਚ ਗਿਆ। ਕਿਲ੍ਹੇ ਦੇ ਅੰਦਰ ਦਾ ਸਾਰਾ ਵਾਤਾਵਰਨ ਜੋਸ਼ ਅਤੇ ਮਰ ਮਿਟਣ ਦੇ ਜਜ਼ਬੇ ਨਾਲ ਭਰਿਆ ਹੋਇਆ ਸੀ। ਫਰੰਗੀਆਂ ਵਲੋਂ ਮੁਲਤਾਨ ਦੇ ਕਿਲ੍ਹੇ ਉੱਤੇ ਦੋ ਤਿੰਨ ਹਮਲੇ ਹੋਏ। ਪਰ ਹਰ ਹਮਲੇ ਨੂੰ ਪਸਤ ਕਰ ਦਿੱਤਾ ਗਿਆ।
ਹਾਰ ਖਾਣ ਤੋਂ ਬਾਅਦ ਲਾਰਡ ਗਫ਼ ਆਪਣੀ ਫ਼ੌਜ ਨੂੰ ਪਿੱਛੇ ਹਟਾ ਕੇ ਕਿਲ੍ਹੇ ਤੋਂ ਦਸ ਕੋਹ ਦੂਰ ਜਾ ਕੇ ਬੈਠ ਗਿਆ ਅਤੇ ਦਿੱਲੀ, ਬੰਬਈ, ਸਿੰਧ ਤੇ ਬਹਾਵਲਪੁਰ ਵਲੋਂ
ਆ ਰਹੀਆਂ ਫੌਜਾਂ ਦੀ ਉਡੀਕ ਕਰਨ ਲੱਗਾ । ਆਖ਼ਰ ਜਦ ਇਹ ਸਾਰੀਆਂ ਫ਼ੌਜਾਂ ਆ ਪਹੁੰਚੀਆਂ, ਫਰੰਗੀਆਂ ਦੀ ਫੌਜ ਦੀ ਗਿਣਤੀ ਮੂਲ ਰਾਜ ਦੇ ਸਿਪਾਹੀਆਂ ਤੋਂ ਤਿੰਨ ਗੁਣਾ ਹੋ ਗਈ ਅਤੇ ਬੰਬਈ ਤੋਂ ਭੇਜੀਆਂ ਨਵੀਆਂ ਅਤੇ ਭਾਰੀ ਤੋਪਾਂ ਵੀ ਪਹੁੰਚ ਗਈਆਂ ਤਾਂ ਫਰੰਗੀਆਂ ਨੇ ਮੁਲਤਾਨ 'ਤੇ ਭਰਪੂਰ ਹਮਲਾ ਕਰ ਦਿੱਤਾ। ਕਈ ਦਿਨ ਤੱਕ ਗੋਲਾਬਾਰੀ ਹੁੰਦੀ ਰਹੀ। ਇਸ ਵਿਚਕਾਰ ਕੁਝ ਪਠਾਣ ਦਸਤੇ ਮੂਲ ਰਾਜ ਦਾ ਸਾਥ ਛੱਡ ਕੇ ਫਰੰਗੀਆਂ ਨਾਲ ਜਾ ਮਿਲੇ ਪਰ ਅਕਬਰ ਖਾਂ ਨੇ ਸਾਥ ਨਹੀਂ ਛੱਡਿਆ । ਅਕਬਰ ਖਾਂ ਦਾ ਬਾਈ ਤੇਈ ਵਰ੍ਹਿਆਂ ਦਾ ਜਵਾਨ ਪੁੱਤਰ ਬੜੀ ਬਹਾਦਰੀ ਨਾਲ ਲੜਦਿਆਂ ਆਪਣੇ ਦੋ ਹਜ਼ਾਰ ਅਫ਼ਗਾਨਾਂ ਸਮੇਤ ਮਾਰਿਆ ਗਿਆ। ਤੋਪਾਂ ਨੇ ਮੁਲਤਾਨ ਦੇ ਕਿਲ੍ਹੇ 'ਚ ਦਰਾੜ ਪਾ ਦਿੱਤੀ। ਕਈ ਦਿਨ ਦੇ ਘਮਾਸਾਨ ਯੁੱਧ ਤੋਂ ਬਾਅਦ ਫਰੰਗੀ ਮੁਲਤਾਨ ਦੇ ਕਿਲ੍ਹੇ ਨੂੰ ਸਰ ਕਰਨ 'ਚ ਸਫਲ ਹੋ ਗਏ। ਮੂਲ ਰਾਜ ਨੂੰ ਬੰਦੀ ਬਣਾ ਲਿਆ ਗਿਆ।
***
52
ਮੁਲਤਾਨ ਦੀ ਹਾਰ ਦੀ ਖ਼ਬਰ ਸ਼ੁਜਾਹਬਾਦ 'ਚ ਬੈਠੇ ਕੀਰਤ ਸਿੰਘ ਨੂੰ ਮਿਲ ਚੁੱਕੀ ਸੀ ਅਤੇ ਨਾਲ ਹੀ ਸ਼ਾਮ ਸਿੰਘ ਦੇ ਉਸ ਲੜਾਈ 'ਚ ਸ਼ਹੀਦ ਹੋ ਜਾਣ ਦੀ ਵੀ । ਪਰ ਰੂਪ ਕੌਰ ਬਾਰੇ ਹਾਲੇ ਤੱਕ ਕੁਝ ਨਹੀਂ ਸੀ ਪਤਾ ਲੱਗਾ। ਕੁਝ ਦਿਨ ਬਾਅਦ ਜ਼ਖਮੀ ਹੋਇਆ ਦੁਰਜਨ ਸਿੰਘ ਆਪਣੇ ਬਚੇ ਹੋਏ ਕੁਝ ਸਿੰਘਾਂ ਨਾਲ ਸ਼ੁਜਾਹਬਾਦ ਆ ਪਹੁੰਚਿਆ। ਮੁਲਤਾਨ ਦੀ ਲੜਾਈ ਬਾਰੇ ਵਿਸਥਾਰ ਨਾਲ ਜਾਨਣ ਤੋਂ ਬਾਅਦ ਕੀਰਤ ਨੇ ਪੁੱਛਿਆ :
"ਅਤੇ ਰੂਪ ਕੌਰ ?"
ਸੂਰਜ ਕੁੰਡ ਦੇ ਕਿਲ੍ਹੇ ਤੋਂ ਉਨ੍ਹਾਂ ਦੇ ਮੁਲਤਾਨ ਵੱਲ ਕੂਚ ਕਰਨ ਲੱਗਿਆਂ ਕੀਰਤ ਸਿੰਘ ਨੇ ਦੁਰਜਨ ਸਿੰਘ ਅਤੇ ਚਾਰ ਹੋਰ ਸਿੰਘਾਂ ਨੂੰ ਰੂਪ ਕੌਰ ਦੀ ਰੱਖਿਆ ਦੀ ਜ਼ੁੰਮੇਵਾਰੀ ਸੌਂਪੀ ਸੀ।
"ਉਸ ਨੂੰ ਮੁਲਤਾਨ ਦੇ ਕਿਲ੍ਹੇ 'ਚ ਆਇਆ ਵੇਖ ਕੇ ਸਿੰਘਾਂ ਦੇ ਦਿਲਾਂ 'ਚ ਨਵਾਂ ਜੋਸ਼ ਭਰ ਆਇਆ ।" ਦੁਰਜਨ ਸਿੰਘ ਸੁਣਾਉਣ ਲੱਗਾ, "ਉਹ ਹਰ ਰੋਜ਼ ਦੀਵਾਨ ਮੂਲ ਰਾਜ ਨਾਲ ਕਿਲ੍ਹੇ ਦਾ ਚੱਕਰ ਲਾਉਂਦੀ ਅਤੇ ਸਿਪਾਹੀਆਂ ਦਾ ਉਤਸ਼ਾਹ ਵਧਾਉਂਦੀ। ਮੈਨੂੰ ਲੱਗਦਾ ਹੈ ਕਿ ਤਦ ਤੱਕ ਰੂਪ ਕੌਰ ਨੂੰ ਆਪ ਵੀ ਪੂਰਾ ਯਕੀਨ ਹੋ ਗਿਆ ਸੀ ਕਿ ਉਹ ਸੱਚਮੁਚ ਹੀ ਮਹਾਰਾਜਾ ਰਣਜੀਤ ਸਿੰਘ ਦੀ ਧੀ ਜਾਂ ਪੋਤਰੀ ਹੈ। ਜੇ ਸੱਚ ਪੁੱਛੋ ਤਾਂ ਉਸ ਦੇ ਵਿਅਕਤੀਤਵ ਅਤੇ ਵਿਹਾਰ 'ਚ ਇਹ ਪਰਿਵਰਤਨ ਮੈਂ ਸ਼ੁਜਾਹਬਾਦ ਤੋਂ ਚੱਲਣ ਵੇਲੇ ਤੋਂ ਹੀ ਵੇਖਦਾ ਆ ਰਿਹਾ ਸਾਂ।"
ਦੁਰਜਨ ਸਿੰਘ ਆਪਣੀ ਗੱਲ ਨੂੰ ਜਾਰੀ ਰੱਖਦਿਆਂ ਬੋਲਿਆ, "ਤੁਸੀਂ ਸ਼ਾਇਦ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਹੋਰ ਕਿਸੇ ਨੇ। ਕੁਝ ਦਿਨ ਪਹਿਲਾਂ ਕਿਲ੍ਹੇ 'ਚ ਆਈ ਗੁਲਬਾਨੋ ਬੇਗਮ ਨਾਲ ਕੀ ਰੂਪ ਕੌਰ ਦੀ ਸ਼ਕਲ ਕੁਝ-ਕੁਝ ਮਿਲਦੀ ਨਹੀਂ ਸੀ ? ਉਹੀ ਚੌੜਾ ਚਿਹਰਾ, ਉਹੀ ਭਾਰੇ ਭਰਵੱਟੇ...?"
"ਹੂੰ ।" ਕੀਰਤ ਸਿੰਘ ਦੇ ਮੂੰਹੋਂ ਨਿਕਲਿਆ। ਉਹ ਰੂਪ ਕੌਰ ਦੇ ਸੂਰਜ ਕੁੰਡ ਤੋਂ ਤੁਰਨ ਲੱਗੇ ਦੇ ਕੁਝ ਬਦਲੇ ਹੋਏ ਆਪਣੇ ਪ੍ਰਤੀ ਵਿਹਾਰ ਬਾਰੇ ਵੀ ਸੋਚ ਰਿਹਾ ਸੀ।
"ਅਤੇ ਜਦ ਮੂਲ ਰਾਜ ਨੇ ਆਪਣੇ ਸਿਪਾਹੀਆਂ ਨੂੰ ਕਿਲ੍ਹੇ ਦਾ ਬੂਹਾ ਖੋਲ੍ਹ ਕੇ ਫਰੰਗੀਆਂ ਨਾਲ ਸਿੱਧਾ ਜਾ ਟਕਰਾਉਣ ਦਾ ਹੁਕਮ ਦਿੱਤਾ ਤਾਂ ਸਾਡੇ ਰੋਕਦਿਆਂ-ਰੋਕਦਿਆਂ ਵੀ ਰੂਪ ਕੋਰ ਆਪਣੇ ਘੋੜੇ 'ਤੇ ਚੜ੍ਹ ਕੇ ਕਿਸੇ ਵੀਰਾਂਗਣਾਂ ਵਾਂਗ ਆਪਣੇ ਸਿੰਘਾਂ ਨੂੰ ਲਲਕਾਰਦੀ ਹੱਥ 'ਚ ਤਲਵਾਰ ਫੜੀ ਬਾਹਰ ਨਿਕਲ ਗਈ।" ਦੁਰਜਨ ਸਿੰਘ ਸੁਣਾ ਰਿਹਾ ਸੀ, "ਸਾਰਾ ਦਿਨ ਲੜਾਈ ਜਾਰੀ ਰਹੀ। ਅਸੀਂ ਪੰਜੇ ਉਸ ਦੁਆਲੇ ਘੇਰਾ ਪਾਈ ਉਸ ਦਾ ਬਚਾਓ ਕਰਦੇ ਰਹੇ। ਅਸੀਂ ਹੀ ਨਹੀਂ, ਮੇਰੇ ਨਾਲ ਦੇ ਚਾਰ ਸਿੰਘਾਂ ਦੇ ਇਲਾਵਾ ਹੋਰ ਵੀ ਕਈ ਸਿੰਘ ਉਸ ਦਾ ਬਚਾਓ ਕਰਦਿਆਂ ਸ਼ਹੀਦ ਹੋ ਗਏ। ਰੂਪ ਕੌਰ ਨੇ ਆਪ ਵੀ ਇਕ ਗੋਰਿਆਂ ਨੂੰ ਗੋਲੀ ਮਾਰ ਕੇ ਮਾਰਿਆ ਅਤੇ ਦੋ ਨੂੰ ਆਪਣੀ ਤਲਵਾਰ ਦੇ ਵਾਰ ਨਾਲ। ਉਸੇ ਵਿਚਕਾਰ ਮੌਕਾ ਮਿਲਣ 'ਤੇ ਬਹੁਤ ਸਾਰੇ ਫਰੰਗੀਆਂ ਨੇ ਉਸ ਉੱਤੇ ਹਮਲਾ ਕਰ ਦਿੱਤਾ। ਇਸੇ ਹਫੜਾ-ਦਫੜੀ 'ਚ ਉਹ ਮੇਰੇ ਤੋਂ ਦੂਰ ਚਲੀ ਗਈ ਪਰ ਫੇਰ ਵੀ ਮੇਰੀ ਨਜ਼ਰ ਉਸ 'ਤੇ ਰਹੀ। ਫੇਰ ਉਸ ਦੇ ਜਿਸਮ 'ਤੇ ਗੋਲੀ ਆ ਲੱਗੀ ਅਤੇ ਉਹ ਹਾਏ ਦੀ ਆਵਾਜ਼ ਕਰਦਿਆਂ ਘੋੜੇ ਤੋਂ ਡਿੱਗ ਪਈ। ਮੈਂ ਵੀ ਤਦ ਤੱਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਚੁੱਕਿਆ ਅਤੇ ਉਸ ਘਮਾਸਾਨ ਯੁੱਧ ਵਿਚਕਾਰ ਉਸ ਤੋਂ ਕਾਫ਼ੀ ਦੂਰ ਹੋ ਗਿਆ ਸੀ।"
"ਅਤੇ ਫੇਰ ?"
"ਹਨੇਰਾ ਪੈਣ ਤੋਂ ਕੁਝ ਦੇਰ ਪਹਿਲਾਂ ਹੀ ਮੂਲ ਰਾਜ ਨੇ ਆਪਣੀ ਹਾਰ ਸਵੀਕਾਰ ਕਰ ਲਈ ਅਤੇ ਯੁੱਧ-ਬੰਦੀ ਦਾ ਸੁਨੇਹਾ ਫਰੰਗੀਆਂ ਕੋਲ ਭੇਜ ਦਿੱਤਾ। ਅਗਲੀ ਸਵੇਰ ਜਦ ਦੋਵੇਂ ਧਿਰਾਂ ਆਪਣੇ ਜ਼ਖ਼ਮੀਆਂ ਅਤੇ ਸ਼ਹੀਦ ਹੋ ਚੁੱਕੇ ਸਿਪਾਹੀਆਂ ਦੀਆਂ ਦੇਹਾਂ ਨੂੰ ਚੁੱਕ ਰਹੇ ਸਨ ਤਾਂ ਸਰਦਾਰ ਸ਼ਾਮ ਸਿੰਘ ਦੀ ਮ੍ਰਿਤਕ ਦੇਹ ਤਾਂ ਮਿਲ ਗਈ ਪਰ ਰੂਪ ਕੌਰ ਦੀ ਦੇਹ ਕਿਤੇ ਨਹੀਂ ਮਿਲੀ ।"
"ਹੋ ਸਕਦਾ ਹੈ ਕਿ ਜ਼ਖ਼ਮੀ ਪਈ ਜਾਂ ਮਰ ਚੁੱਕੀ ਰੂਪ ਕੌਰ ਦੀ ਦੇਹ ਫਰੰਗੀਆਂ ਦੇ ਹੱਥ ਆ ਗਈ ਹੋਵੇ ?" ਕੀਰਤ ਸਿੰਘ ਨੇ ਆਪਣੀ ਸ਼ੰਕਾ ਜ਼ਾਹਰ ਕਰਦਿਆਂ ਆਖਿਆ।
"ਨਹੀਂ। ਸੁਲ੍ਹਾ ਹੋ ਜਾਣ ਤੋਂ ਬਾਅਦ ਅਸਾਂ ਸਿੱਧੇ ਤੌਰ 'ਤੇ ਉਸ ਬਾਰੇ ਫਰੰਗੀਆਂ ਤੋਂ ਪੁੱਛਗਿੱਛ ਕੀਤੀ ਅਤੇ ਆਪਣੇ ਗੁਪਤਚਰਾਂ ਦੁਆਰਾ ਵੀ ਪਤਾ ਲਾਉਣ ਦਾ ਯਤਨ ਕੀਤਾ। ਪਰ... ਪਰ.....।“
"ਤੁਹਾਡਾ ਮਤਲਬ ਏ ਕਿ ਉਹ ਜਾਂ ਉਸ ਦੀ ਦੇਹ ਹਵਾ ਵਿੱਚ ਗਾਇਬ ਹੋ ਗਈ ?"
"ਕੁਝ ਵੀ ਨਹੀਂ ਕਿਹਾ ਜਾ ਸਕਦਾ ਇਸ ਬਾਰੇ, ਕੁਝ ਵੀ ਨਹੀਂ ਕਿਹਾ ਜਾ ਸਕਦਾ।"
***
53
ਮੁਲਤਾਨ ਲੜਾਈ ਖ਼ਤਮ ਹੁੰਦਿਆਂ ਦੀ ਘੁਸਮੁਸਾ ਹੋ ਗਿਆ। ਕੁਝ ਅਵਾਰਾ ਕੁੱਤੇ ਗਿੱਦੜ ਅਤੇ ਗਿਰਝਾਂ ਮੁਰਦਿਆਂ ਦਾ ਮਾਸ ਖਾਣ ਲਈ ਖਿੱਲਰੀਆਂ ਹੋਈਆਂ ਲਾਸ਼ਾਂ ਚ ਆਣ ਵੜੇ। ਪਹਿਲਾਂ ਤਾਂ ਕਿਸੇ ਇਕ ਲਾਸ਼ ਨੂੰ ਖਾਣ ਲਈ ਤਿੰਨ ਚਾਰ ਕੁੱਤੇ ਆਪਸ 'ਚ ਲੜਨ ਲੱਗੇ ਪਰ ਜਦ ਉਨ੍ਹਾਂ ਵੇਖਿਆ ਕਿ ਇੱਥੇ ਤੇ ਅਣਗਿਣਤ ਲਾਸ਼ਾਂ ਹਨ ਤਾਂ ਉਨ੍ਹਾਂ ਨੇ ਆਪਸ ਚ ਲੜਨਾ ਬੰਦ ਕਰ ਦਿੱਤਾ ਅਤੇ ਆਪਣੀ-ਆਪਣੀ ਦਾਅਵਤ ਦਾ ਆਨੰਦ ਮਾਣਨ ਲੱਗੇ।
ਇਨ੍ਹਾਂ ਲਾਸ਼ਾਂ ਦੇ ਮੈਦਾਨ ਤੋਂ ਕੁਝ ਦੂਰ ਅੱਠ ਦਸ ਮੁੰਡੇ ਕੁੜੀਆਂ ਮੁਰਦਿਆਂ ਅਤੇ ਜਖਮੀਆਂ ਦੀਆਂ ਜੇਬਾਂ ਫਰੋਲਦੇ, ਚਾਂਦੀ, ਸੋਨੇ ਦੇ ਕੈਂਠੇ, ਮੁੰਦਰੀਆਂ ਉਤਾਰਦੇ ਫਿਰ ਰਹੇ ਸਨ। ਇਹ ਉਹੀ ਸਨ, ਜਿਨ੍ਹਾਂ ਨੂੰ ਕੀਰਤ ਸਿੰਘ ਨੇ ਸੂਰਜ ਕੁੰਡ ਅਤੇ ਸ਼ਾਹ ਬਖਸ਼ ਤੇ ਸ਼ੁਜਾਹਬਾਦ ਦੀਆਂ ਲੜਾਈਆਂ ਤੋਂ ਬਾਅਦ ਵੇਖਿਆ ਸੀ।
ਅਚਾਨਕ ਇਕ ਜ਼ਖਮੀ ਜਾਂ ਮ੍ਰਿਤਕ ਦੇਹ ਨੂੰ ਵੇਖ ਕੇ ਇਕ ਮੁੰਡਾ ਬੋਲਿਆ:
"ਕੁੜੀ, ਸੁਰਮੀ ਕੁੜੀ।"
"ਕੁੜੀ ਕੀ ?"
"ਮਰਦ ਸਿਪਾਹੀਆਂ ਦੀਆਂ ਦੇਹਾਂ 'ਚ ਇਕ ਕੁੜੀ ਦੀ ਦੇਹ ।"
ਸੁਰਮੀ ਮ੍ਰਿਤਕ ਦੇਹਾਂ 'ਤੇ ਪੈਰ ਧਰਦੀ, ਛਾਲਾਂ ਮਾਰਦੀ ਦੂਜੇ ਹੀ ਪਲ 'ਉਸ ਦੇਹ ਕੋਲ ਆ ਪਹੁੰਚੀ। ਸਰੀਰ ਨੂੰ ਹੱਥ ਲਾ ਕੇ ਵੇਖਿਆ, ਮੱਥਾ ਗਰਮ ਨਬਜ਼ ਵੀ ਚੱਲ ਰਹੀ ਸੀ। ਮੋਢੇ 'ਚੋਂ ਲਹੂ ਵਗ ਕੇ ਕੱਪੜਿਆਂ 'ਤੇ ਲਹੂ ਦੀ ਪਾਪੜੀ ਜਮ ਗਈ ਹੋਈ ਸੀ। ਕੁੜੀ ਨੇ ਆਪਣੀ ਚਮੜੇ ਦੀ ਛੋਟੀ ਜਿਹੀ ਮਸ਼ਕ 'ਚੋਂ ਪਾਣੀ ਕੱਢ ਕੇ ਉਸ ਉੱਤੇ ਪਾਣੀ ਦੇ ਛਿੱਟੇ ਮਾਰੇ, ਬੁੱਲ੍ਹ ਖੋਲ੍ਹ ਕੇ ਪਾਣੀ ਪਿਲਾਇਆ ਅਤੇ ਹਿਲਾਇਆ ਜੁਲਾਇਆ।
ਥੋੜ੍ਹੀ ਦੇਰ ਬਾਅਦ ਬੇਸੁਧ ਪਈ ਕੁੜੀ ਦੇ ਬੁੱਲ੍ਹ ਹਿੱਲੇ, ਅੱਖਾਂ ਖੁੱਲ੍ਹੀਆਂ ਅਤੇ ਇਕ ਖਿੱਲਰੇ ਹੋਏ ਵਾਲਾਂ ਵਾਲੀ ਅਜੀਬ ਜਿਹੀ ਕੁੜੀ ਨੂੰ ਆਪਣੇ ਸਾਹਮਣੇ ਵੇਖ ਕੇ ਉੱਠ ਕੇ ਬੈਠਣ ਦਾ ਯਤਨ ਕਰਨ ਲੱਗੀ। ਸੁਰਮੀ ਨੇ ਆਪਣੀ ਬਾਂਹ ਦਾ ਸਹਾਰਾ ਦੇ ਕੇ ਉਸ ਨੂੰ ਬਿਠਾਇਆ। ਆਪਣੇ ਦੁਆਲੇ ਲਾਸ਼ਾਂ ਹੀ ਲਾਸ਼ਾਂ ਵੇਖ ਕੇ ਰੂਪ ਕੌਰ ਦੇ ਮੂੰਹੋਂ ਇਕ ਹਲਕੀ ਜਿਹੀ ਚੀਕ ਨਿਕਲ ਗਈ। ਫੇਰ ਉਸ ਨੇ ਆਪਣੀਆਂ ਲੱਤਾਂ ਅਤੇ ਹੱਥਾਂ ਨੂੰ ਹਿਲਾਇਆ ਅਤੇ ਉਸ ਨੇ ਮਨ ਹੀ ਮਨ ਆਖਿਆ : "ਕੀ ਮੈਂ ਸੱਚਮੁਚ ਜਿਊਂਦੀ ਹਾਂ...?”
ਸੁਰਮੀ ਨੇ ਰੂਪ ਦੇ ਮੋਢੇ ਦੇ ਜ਼ਖ਼ਮ ਨੂੰ ਚੰਗੀ ਤਰ੍ਹਾਂ ਵੇਖਿਆ ਅਤੇ ਬੋਲੀ, "ਸ਼ੁਕਰ ਏ, ਜ਼ਖ਼ਮ ਡੂੰਘੇ ਬੇਸ਼ਕ ਹਨ ਪਰ ਘਾਤਕ ਨਹੀਂ। ਗੋਲੀ ਮੋਢੇ ਕੋਲੋਂ ਪਾਰ ਹੋ ਗਈ ਲੱਗਦੀ ਹੈ। ਪਰ ਤੂੰ ਇੱਥੇ ਕਿਵੇਂ ?"
ਰੂਪ ਚੁੱਪ ਰਹੀ। ਸੁਰਮੀ ਨੇ ਸਮਝਿਆ ਪੀੜ ਅਤੇ ਕਮਜ਼ੋਰੀ ਕਾਰਨ ਸ਼ਾਇਦ ਬੋਲਣਾ ਮੁਸ਼ਕਲ ਹੋ ਰਿਹਾ ਹੈ।
"ਤੂੰ ਉੱਠ ਕੇ ਚੱਲ ਸਕੇਂਗੀ?"
"ਕਿੱਥੇ?"
"ਸਾਡੇ ਨਾਲ।"
'ਤੇ ਲੜਾਈ ?" ਰੂਪ ਮੁਲਤਾਨ ਦੇ ਕਿਲ੍ਹੇ ਦੀਆਂ ਖ਼ਾਮੋਸ਼ ਕੰਧਾਂ ਵੱਲ ਤੱਕਦਿਆਂ ਬੋਲੀ।
"ਲੜਾਈ ਖ਼ਤਮ ਹੋ ਗਈ।"
"ਕੌਣ ਜਿੱਤਿਆ ? ਕੌਣ ਹਾਰਿਆ?"
"ਸਾਨੂੰ ਇਸ ਨਾਲ ਕੋਈ ਮਤਲਬ ਨਹੀਂ।"
"ਮੈਨੂੰ ਤੇ ਹੈ।"
"ਲੱਗਦਾ ਏ ਫਰੰਗੀ ਜਿੱਤ ਗਏ।"
ਸੁਣ ਕੇ ਰੂਪ ਸੋਚਣ ਦਾ ਯਤਨ ਕਰਨ ਲੱਗੀ। ਕਿੱਥੇ ਜਾਵੇ ? ਇਕ ਪਾਸੇ ਮੁਲਤਾਨ 'ਤੇ ਫਰੰਗੀਆਂ ਦਾ ਕਬਜ਼ਾ-ਦੂਜੇ ਪਾਸੇ ਫਰੰਗੀਆਂ ਦੀ ਛਾਉਣੀ ?
ਤੇ ਫੇਰ ਉਹ ਸੁਰਮੀ ਦਾ ਸਹਾਰਾ ਲੈ ਕੇ ਉੱਠ ਖੜੀ ਹੋਈ। ਸੁਰਮੀ ਨੇ ਆਪਣੇ ਦੋ ਮੁੰਡਿਆਂ ਨੂੰ 'ਵਾਜ਼ ਮਾਰ ਕੇ ਆਖਿਆ, "ਇਸ ਨੂੰ ਇਸ ਮੁਰਦਾ-ਮੈਦਾਨ ਤੋਂ ਬਾਹਰ ਲੈ ਜਾਓ ਅਤੇ ਕੱਪੜਾ ਵਿਛਾ ਕੇ ਲੰਮਾ ਪਾ ਦਿਓ। ਅਸੀਂ ਆਪਣਾ ਕੰਮ ਖ਼ਤਮ ਕਰਕੇ ਚੱਲਾਂਗੇ।“
ਕੁਝ ਦੇਰ ਬਾਅਦ ਉਨ੍ਹਾਂ ਆਪਣੇ ਭਾਰੀ ਅਤੇ ਭਰ ਚੁੱਕੇ ਝੋਲੇ ਦੋ ਖੋਤਿਆਂ ਉੱਤੇ ਲੱਦੇ। ਇਕ ਉੱਤੇ ਰੂਪ ਨੂੰ ਬਿਠਾ ਦਿੱਤਾ। ਖੋਤੇ ਦੀ ਪਿੱਠ 'ਤੇ ਰੂਪ ਦੇ ਪਿੱਛੇ ਉਸ ਨੂੰ ਫੜ ਕੇ ਸੁਰਮੀ ਆਪ ਬੈਠ ਗਈ।
ਕੁਝ ਦੇਰ ਬਾਅਦ ਇਹ ਅਜੀਬ ਜਿਹਾ ਕਾਫਲਾ ਹਨੇਰੇ 'ਚ ਗੁੰਮ ਹੋ ਗਿਆ।
***
54
ਮੁਲਤਾਨ ਦੀ ਲੜਾਈ ਖ਼ਤਮ ਹੋਇਆਂ ਦਸ ਪੰਦਰਾਂ ਦਿਨ ਬੀਤ ਗਏ। ਮੁਲਤਾਨ ਵਲੋਂ ਇਕ ਸਿੱਖ ਘੋੜ-ਸਵਾਰ ਦੌੜਦਿਆਂ ਆਇਆ ਅਤੇ ਸ਼ੁਜਾਹਬਾਦ ਦੇ ਕਿਲ੍ਹੇ 'ਚ ਆ ਕੇ ਕੀਰਤ ਸਿੰਘ ਨੂੰ ਆਖਿਆ :
"ਫਰੰਗੀਆਂ ਦੀ ਇਕ ਭਾਰੀ ਫ਼ੌਜ ਸ਼ੁਜਾਹਬਾਦ ਵੱਲ ਆ ਰਹੀ ਹੈ।"
"ਫ਼ੌਜ ਦੀ ਗਿਣਤੀ ਕਿੰਨੀ ਕੁ ਹੈ ?"
"ਪੰਜ ਸੱਤ ਹਜ਼ਾਰ ।"
"ਅਤੇ ਤੋਪਾਂ ?"
"ਛੇ ਭਾਰੀ ਅਤੇ ਬਾਰਾਂ ਹਲਕੀਆਂ।"
"ਉਨ੍ਹਾਂ ਦਾ ਜਰਨੈਲ ?"
"ਨੇਪੀਅਰ ਨਾਂ ਸੁਣੀਂਦਾ ਹੈ।"
"ਇਸ ਫ਼ੌਜ ਦਾ ਮਕਸਦ ?"
"ਸ਼ੁਜਾਹਬਾਦ ਨੂੰ ਆਪਣੇ ਅਧਿਕਾਰ 'ਚ ਲੈਣ ਤੋਂ ਬਾਅਦ ਬੰਨੂ ਵੱਲ ਜਾਣ ਦਾ।"
"ਇਹ ਤੇ ਕੋਈ ਰਸਤਾ ਨਹੀਂ ਬੰਨੂ ਜਾਣ ਦਾ ?"
"ਫਰੰਗੀਆਂ ਨੂੰ ਖ਼ਬਰ ਮਿਲ ਚੁੱਕੀ ਹੈ ਕਿ ਐਂਡਰਸਨ, ਐਗਨਿਊ ਅਤੇ ਉਨ੍ਹਾਂ ਦੇ ਕਮਾਂਡਰ ਜਨਰਲ ਸੇਲਜ ਦੇ ਕਾਤਲ ਇਸ ਕਿਲ੍ਹੇ 'ਚ ਬੈਠੇ ਹੋਏ ਹਨ। ਚਾਹੇ ਉਹਨਾਂ ਨੂੰ ਸ਼ਾਮ ਸਿੰਘ ਜੀ ਦੇ ਪੁੱਤਰਾਂ ਦੇ ਵੀ ਇੱਥੇ ਹੋਣ ਦਾ ਪਤਾ ਹੈ ਪਰ ਇਹਨਾਂ ਬਾਰੇ ਹੁਣ ਉਨ੍ਹਾਂ ਨੂੰ ਕੋਈ ਚਿੰਤਾ ਨਹੀਂ ਰਹੀ।"
"ਸ਼ਾਹਿਜ਼ਾਦੀ ਰੂਪ ਕੌਰ ਦਾ ਕੁਝ ਪਤਾ ਲੱਗਾ ?"
"ਨਹੀਂ ਸਿੰਘ ਸਾਹਿਬ, ਅਸਾਂ ਹਰ ਪਾਸਿਓਂ ਪੁੱਛ ਪੜਤਾਲ ਕਰ ਲਈ ਹੈ । ਨਾ ਉਹ ਮੁਰਦਿਆਂ 'ਚ ਮਿਲੀ, ਨਾ ਫਰੰਗੀਆਂ ਦੀ ਕੈਦ 'ਚ ਅਤੇ ਨਾ ਹੀ ਕਿਤੇ ਮੁਲਤਾਨ 'ਚ। ਫਰੰਗੀ ਤਾਂ ਆਪ ਹੀ ਉਸ ਨੂੰ ਲੱਭਦੇ ਫਿਰ ਰਹੇ ਹਨ। ਉਹ ਸ਼ਾਇਦ ਉਸ ਦੇ ਸ਼ੁਜਾਹਬਾਦ 'ਚ ਹੋਣ ਦਾ ਅਨੁਮਾਨ ਲਾ ਰਹੇ ਹਨ।"
ਕੀਰਤ ਸਿੰਘ ਕੁਝ ਦੇਰ ਸੋਚਾਂ ਵਿੱਚ ਬੈਠਾ ਰਿਹਾ। ਫੇਰ ਸਿਰ ਹਲਾਉਂਦਿਆਂ ਬੋਲਿਆ, "ਹੂੰ, ਮਾਮਲਾ ਕਾਫ਼ੀ ਪੇਚੀਦਾ ਤੇ ਨਾਜ਼ੁਕ ਹੈ।"
ਕੀਰਤ ਸਿੰਘ ਨੇ ਦੁਰਜਨ ਸਿੰਘ ਅਤੇ ਸ਼ਾਹ ਬਖ਼ਸ਼ ਨੂੰ ਬੁਲਾ ਕੇ ਸਾਰੀ ਸਥਿਤੀ ਉਨ੍ਹਾਂ ਸਾਹਮਣੇ ਰੱਖ ਦਿੱਤੀ। ਕੁਝ ਦੇਰ ਸੋਚ ਵਿਚਾਰ ਕਰਨ ਦੇ ਬਾਅਦ ਸ਼ਾਹ ਬਖ਼ਸ਼ ਆਲੇ-ਦੁਆਲੇ ਦੇ ਪਠਾਣ ਕਬੀਲਿਆਂ ਤੋਂ ਸਹਾਇਤਾ ਪ੍ਰਾਪਤ ਕਰਨ ਲਈ ਤੁਰ ਪਿਆ ਪਰ ਅਗਲੇ ਹੀ ਦਿਨ ਉਹ ਖਾਲੀ ਹੱਥ ਅਤੇ ਨਿਰਾਸ਼ ਵਾਪਸ ਪਰਤ ਆਇਆ।
"ਕੀ ਹੋਇਆ ?" ਕੀਰਤ ਸਿੰਘ ਨੇ ਪੁੱਛਿਆ।
"ਉਹੀ ਗੱਲ ਹੋਈ ਸਿੰਘ ਸਾਹਿਬ, ਜੋ ਇਸ ਤਰ੍ਹਾਂ ਦੇ ਹਾਲਾਤ 'ਚ ਹੁੰਦੀ ਹੈ। ਫਰੰਗੀਆਂ ਦਾ ਪੱਲਾ ਭਾਰੀ ਵੇਖ ਕੇ ਉਹ ਮਮਾਦੀ ਕਬੀਲਾ ਜੋ ਹੁਣ ਤੱਕ ਸਾਡੇ ਵੱਲ ਸੀ, ਸਾਡੇ ਤੋਂ ਮੂੰਹ ਮੋੜ ਗਿਆ। ਖੋਸਾ ਕਬੀਲੇ ਦੇ ਫੈਰੋਜ਼ ਖਾਂ ਅਤੇ ਗੁਲਾਮ ਮੁਸਤਫ਼ਾ ਖਾਂ ਤਾਂ ਮੁਲਤਾਨ ਦੀ ਲੜਾਈ ਵੇਲੇ ਹੀ ਫ਼ਰੰਗੀਆਂ ਨਾਲ ਮਿਲ ਗਏ ਸਨ।"
ਕੁਝ ਦੇਰ ਉਹ ਤਿੰਨੇ ਚੁੱਪ ਬੈਠੇ ਕਦੀ ਆਕਾਸ਼ ਵੱਲ, ਕਦੀ ਇਕ ਦੂਜੇ ਵੱਲ ਵੇਖਦੇ ਰਹੇ। ਫੇਰ ਕੁਝ ਫ਼ੈਸਲਾ ਲੈਣ ਤੋਂ ਬਾਅਦ ਉੱਠੇ ਅਤੇ ਜ਼ੀਨਤ ਕੋਲ ਜਾ ਪਹੁੰਚੇ।
ਜ਼ੀਨਤ ਨੂੰ ਸਾਰੇ ਹਾਲਾਤ ਬਾਰੇ ਦੱਸਦਿਆਂ ਕੀਰਤ ਸਿੰਘ ਨੇ ਆਖਿਆ, "ਹੁਣ ਸਾਨੂੰ ਇਹ ਕਿਲ੍ਹਾ ਛੱਡ ਕੇ ਨੱਸਣਾ ਪਵੇਗਾ। ਤਿਆਰ ਹੋ ਜਾਵੇ ਅਤੇ ਦਲੇਰ ਸਿੰਘ ਤੇ ਧਰਮ ਸਿੰਘ ਨੂੰ ਵੀ ਤਿਆਰ ਕਰ ਲਵੋ।"
"ਕਿਉਂ ?" ਇਹ ਕਿਲ੍ਹਾ ਐਨਾ ਮਹਿਫੂਜ਼ ਹੈ। ਫਰੰਗੀ ਆਪਣੇ ਜ਼ਬਰਦਸਤ ਹਮਲਿਆਂ ਦੇ ਬਾਵਜੂਦ ਇਸ ਨੂੰ ਫ਼ਤਿਹ ਨਹੀਂ ਕਰ ਸਕੇ। ਨਾਲੇ ਜੇ ਸ਼ਾਮ ਸਿੰਘ ਜੀ ਵਾਪਸ ਆਏ ਤਾਂ ਕੀ ਹੋਵੇਗਾ ?"
ਕੀਰਤ ਸਿੰਘ ਨੇ ਜ਼ੀਨਤ ਨੂੰ ਸ਼ਾਮ ਸਿੰਘ ਦੇ ਮੁਲਤਾਨ ਦੀ ਲੜਾਈ 'ਚ ਸ਼ਹੀਦ ਹੋ
ਜਾਣ ਬਾਰੇ ਨਹੀਂ ਸੀ ਦੱਸਿਆ। ਇਹੀ ਦੱਸਿਆ ਸੀ ਕਿ ਜ਼ਖ਼ਮੀ ਹੋ ਕੇ ਕਿਤੇ ਲਾਪਤਾ ਹੋ ਗਏ ਹਨ। ਉਹ ਵਿਚਾਰੀ ਇਹੀ ਸਮਝ ਕੇ ਅਤੇ ਇਸੇ ਉਡੀਕ 'ਚ ਦਿਨ ਬਿਤਾ ਰਹੀ ਸੀ ਕਿ ਇਕ ਨਾ ਇਕ ਦਿਨ ਉਹ ਵਾਪਸ ਆ ਜਾਣਗੇ ਅਤੇ ਸਭ ਕੁਝ ਪਹਿਲਾਂ ਵਾਂਗ ਚੱਲਦਾ ਰਹੇਗਾ। ਉਸ ਨੂੰ ਭਲਾ ਕੀ ਪਤਾ ਕਿ ਉਸ ਦੇ ਹੀ ਨਹੀਂ ਬਲਕਿ ਪੰਜਾਬ ਦੇ ਹੀ ਪਹਿਲਾਂ ਵਾਲੇ ਦਿਨ ਬੀਤ ਚੁੱਕੇ ਹਨ। ਨਾ ਹੁਣ ਸ਼ੁਜਾਹਬਾਦ ਦਾ ਕਿਲ੍ਹੇਦਾਰ ਸ਼ਾਮ ਸਿੰਘ ਵਾਪਸ ਪਰਤ ਕੇ ਆਵੇਗਾ ਅਤੇ ਨਾ ਹੀ ਪੰਜਾਬ ਦੇ ਉਹ ਦਿਨ।
ਕੀਰਤ ਸਿੰਘ ਆਪਣੇ ਸਾਰੇ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਬੋਲਿਆ:
"ਇਸ ਫਰੰਗੀ ਫ਼ੌਜ ਦਾ ਨੇਪੀਅਰ ਨਾਮ ਦਾ ਜਰਨੈਲ ਬਹੁਤ ਤਜਰਬੇਕਾਰ ਅਤੇ ਸੂਝਵਾਨ ਆਦਮੀ ਹੈ। ਉਹ ਕੋਈ ਨਾ ਕੋਈ ਤਰੀਕਾ ਲੱਭ ਲਵੇਗਾ ਇਸ ਕਿਲ੍ਹੇ ਨੂੰ ਫਤਿਹ ਕਰਨ ਦਾ। ਹੁਣ ਉਨ੍ਹਾਂ ਕੋਲ ਤੋਪਾਂ ਵੀ ਦੂਰ ਮਾਰ ਕਰਨ ਵਾਲੀਆਂ ਹਨ।"
"ਮੈਂ ਤੁਹਾਡੇ ਮੂੰਹੋਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਕੁਝ ਹੈਰਾਨ ਹੋ ਰਿਹਾ ਹਾਂ।" ਸ਼ਾਹ ਬਖ਼ਸ਼ ਨੇ ਆਖਿਆ।
'ਯਾਅਨੀ ਬੁਜ਼ਦਿਲਾਂ ਵਾਲੀਆਂ ? ਹੈਰਾਨ ਮੈਂ ਆਪ ਵੀ ਹੋ ਰਿਹਾ ਹਾਂ ਸ਼ਾਹ ਸਾਹਿਬ ਆਪਣੇ ਇਸ ਤਰ੍ਹਾਂ ਸੋਚਣ 'ਤੇ।" ਕੀਰਤ ਸਿੰਘ ਕਹਿਣ ਲੱਗਾ। "ਮੈਂ ਸੋਚਦਾ ਹਾਂ ਕਿ ਮੈਨੂੰ ਕੋਈ ਹੱਕ ਨਹੀਂ ਕਿ ਮੈਂ ਆਪਣੀ ਬਹਾਦਰੀ ਦੇ ਅਭਿਮਾਨ ਨੂੰ ਕਾਇਮ ਰੱਖਣ ਲਈ ਇਨ੍ਹਾਂ ਦੋ ਹਜ਼ਾਰ ਸਿਪਾਹੀਆਂ ਅਤੇ ਸ਼ਾਮ ਸਿੰਘ ਦੇ ਇਸ ਪਰਿਵਾਰ ਦੀਆਂ ਜ਼ਿੰਦਗੀਆਂ ਨੂੰ ਖ਼ਤਰੇ ਵਿੱਚ ਪਾਵਾਂ।"
"ਜੇ ਕਿਲ੍ਹਿਆਂ ਦੇ ਕਿਲ੍ਹੇਦਾਰ ਅਤੇ ਫ਼ੌਜਾਂ ਦੇ ਜਰਨੈਲ ਇਸ ਤਰ੍ਹਾਂ ਸੋਚਣ ਲੱਗ ਪੈਣ ਤਾਂ ਤੇ ਬਿਨਾਂ ਲੜੇ ਹੀ ਹਾਰ ਮੰਨ ਲੈਣ।" ਸ਼ਾਹ ਬਖ਼ਸ਼ ਨੇ ਕਿਹਾ।
"ਇਹ ਵੀ ਤਾਂ ਸੰਭਵ ਹੈ ਕਿ ਫੇਰ ਲੜਾਈਆਂ ਹੋਣ ਹੀ ਨਾ।"
"ਇਹ ਤੇ ਕੋਈ ਸਿਪਾਹੀ ਵਾਲੀ ਗੱਲ ਨਾ ਹੋਈ ।" ਸ਼ਾਹ ਬਖ਼ਸ਼ ਉਸ ਦੇ ਸੋਚਣ ਦੇ ਰੁਖ਼ ਨੂੰ ਸਮਝਣ ਦਾ ਯਤਨ ਕਰਦਿਆਂ ਬੋਲਿਆ।
"ਮੈਂ ਇਕ ਸਿਪਾਹੀ ਦੇ ਇਲਾਵਾ ਕੁਝ ਹੋਰ ਵੀ ਹਾਂ।"
"ਹੋਰ ਕੀ?"
"ਇਹ ਤੇ ਮੈਂ ਖ਼ੁਦ ਵੀ ਨਹੀਂ ਜਾਣਦਾ।"
ਕੁਝ ਦੇਰ ਤੱਕ ਕਮਰੇ 'ਚ ਚੁੱਪ ਵਰਤੀ ਰਹੀ। ਉਸ ਵੇਲੇ ਤਕ ਦਲੇਰ ਸਿੰਘ ਵੀ ਆਪਣੇ ਛੋਟੇ ਭਰਾ ਧਰਮ ਸਿੰਘ ਨੂੰ ਨਾਲ ਲੈ ਕੇ ਆ ਖੜਾ ਹੋਇਆ ਸੀ। ਕੀਰਤ ਸਿੰਘ ਬੋਲਿਆ :
“ਸਾਰੀ ਸਥਿਤੀ ਨੂੰ ਤੁਸੀਂ ਸਮਝ ਹੀ ਸਕਦੇ ਹੋ। ਸਾਡੇ ਸਿਪਾਹੀਆਂ ਦੀ ਗਿਣਤੀ ਵੀ ਫ਼ਰੰਗੀ ਫ਼ੌਜ ਦੇ ਮੁਕਾਬਲੇ ਬਹੁਤ ਘੱਟ ਹੈ। ਇਹ ਵੀ ਯਕੀਨੀ ਹੈ ਕਿ ਕਿਲ੍ਹੇ ਅੰਦਰ ਬੈਠੇ ਹੋਏ ਸਾਡੇ ਸਿਪਾਹੀਆਂ 'ਚ ਕੁਝ ਫ਼ਰੰਗੀਆਂ ਦੇ ਜਸੂਸ, ਗ਼ੱਦਾਰ ਵੀ ਹੋਣਗੇ। ਤੁਸੀਂ ਸਾਰੇ ਜਾਣਦੇ ਹੋ ਕਿ ਇਸੇ ਤਰ੍ਹਾਂ ਦੇ ਇਕ ਗ਼ੱਦਾਰ ਨੇ ਇਕ ਵਾਰੀ ਸ਼ਾਮ ਸਿੰਘ ਹੁਰਾਂ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਹੁਣ ਸਾਡੇ ਉੱਤੇ ਹੋਰਾਂ ਦੇ ਇਲਾਵਾ ਸ਼ਾਮ ਸਿੰਘ ਦੇ ਇਨ੍ਹਾਂ ਦੋਹਾਂ ਪੁੱਤਰਾਂ ਦੀ ਸੁਰੱਖਿਆ ਦੀ ਜ਼ੁੰਮੇਵਾਰੀ ਵੀ ਹੈ।"
"ਨਹੀਂ ਮੈਂ ਨਹੀਂ ਜਾਵਾਂਗੀ। ਆਖਰ ਜੇ ਜਾਵਾਂਗੀ ਤਾਂ ਕਿੱਥੇ ਜਾਵਾਂਗੀ ਨੱਸ ਕੇ ?" ਜੀਨਤ ਨੇ ਆਖਿਆ।
ਕੀਰਤ ਸਿੰਘ ਸਮਝ ਰਿਹਾ ਸੀ ਕਿ ਆਪਣਾ ਇਰਾਦਾ ਨਾ ਛੱਡਣ ਦੀ ਇਸ ਦੀ ਇਹ ਆਖ਼ਰੀ ਕੋਸ਼ਿਸ਼ ਹੈ। “ਉਹ ਵੀ ਸੋਚ ਲਵਾਂਗੇ।" ਕੀਰਤ ਸਿੰਘ ਨੇ ਕਿਹਾ। ਜ਼ੀਨਤ ਫੇਰ ਵੀ ਨਹੀਂ ਮੰਨੀ। ਪਰ ਜਦ ਉਸ ਨੇ ਦੂਜੇ ਦਿਨ ਵੇਖਿਆ ਕਿ ਉਨ੍ਹਾਂ ਦੀ ਦੋ ਹਜ਼ਾਰ ਦੀ ਫ਼ੌਜ 'ਚੋਂ ਇਕ ਚੌਥਾਈ ਰਾਤ ਵੇਲੇ ਚੁੱਪਚਾਪ ਖਿਸਕ ਗਏ ਹਨ ਅਤੇ ਬਾਕੀਆਂ ਦੇ ਵੀ ਇਸੇ ਤਰ੍ਹਾਂ ਖਿਸਕ ਜਾਣ ਦਾ ਅੰਦੇਸ਼ਾ ਹੈ ਤਾਂ ਉਹ ਮੰਨ ਗਈ। ਫਰੰਗੀ ਫ਼ੌਜ ਦਾ ਅਗਲਾ ਹਿੱਸਾ ਵੀ ਦਿਸਹੱਦੇ 'ਤੇ ਨਜ਼ਰ ਆਉਣ ਲੱਗਾ। ਕੀਰਤ ਸਿੰਘ ਨੇ ਬਾਕੀ ਦੇ ਸਿਪਾਹੀਆਂ ਨੂੰ ਬੁਲਾ ਕੇ ਉਨ੍ਹਾਂ ਨੂੰ ਕਿਲ੍ਹਾ ਛੱਡ ਕੇ ਚਲੇ ਜਾਣ ਦੀ ਇਜਾਜ਼ਤ ਦੇ ਦਿੱਤੀ। ਕਿਲ੍ਹਾ ਖ਼ਾਲੀ ਹੋਣ ਤੋਂ ਦੋ ਕੁ ਘੰਟਿਆਂ ਬਾਅਦ ਉਹ ਵੀ ਚੋਰ ਦਰਵਾਜਿਓਂ ਹੋ ਕੇ ਕਿਲ੍ਹੇ ਦੇ ਬਾਹਰ ਨਿਕਲ ਗਏ। ਕੀਰਤ ਸਿੰਘ ਦੇ ਇਸ ਜੱਥੇ 'ਚ ਸ਼ਾਹ ਬਖ਼ਸ਼ ਅਤੇ ਜੀਨਤ ਦੇ ਪਰਿਵਾਰ ਦੇ ਇਲਾਵਾ ਦੁਰਜਨ ਸਿੰਘ ਵੀ ਸੀ। ਨੌਂ ਦਸ ਵਰ੍ਹੇ ਦੇ ਧਰਮ ਸਿੰਘ ਨੂੰ ਸ਼ਾਹ ਬਖ਼ਸ਼ ਨੇ ਇਕ ਕੱਪੜੇ ਨਾਲ ਆਪਣੀ ਪਿੱਠ ਨਾਲ ਬੰਨਿਆ ਹੋਇਆ ਸੀ। ਉਹ ਪੌਹ ਫੱਟਣ ਤੋਂ ਪਹਿਲਾਂ ਹੀ ਤੁਰ ਪਏ ਅਤੇ ਚਾਨਣਾ ਹੋਣ ਤੱਕ ਕਿਲ੍ਹੇ ਤੋਂ ਕਾਫੀ ਦੂਰ ਨਿਕਲ ਗਏ।
ਦੁਪਹਿਰ ਹੋਣ ਤੋਂ ਕੁਝ ਦੇਰ ਬਾਅਦ ਕੀਰਤ ਸਿੰਘ ਨੇ ਜਦ ਆਪਣੇ ਖੱਬੇ ਪਾਸਿਓ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਸੁਣੀ ਤਾਂ ਉਹ ਸਮਝ ਗਿਆ ਕਿ ਫਰੰਗੀਆਂ ਨੂੰ ਵੀ ਉਨ੍ਹਾਂ ਦੇ ਭੱਜ ਨਿਕਲਣ ਦੀ ਸੂਹ ਮਿਲ ਚੁੱਕੀ ਹੈ। ਉਸ ਵੇਲੇ ਇਨ੍ਹਾਂ ਨੇ ਆਪਣੇ ਘੋੜੇ ਸੱਜੇ ਪਾਸੇ ਦਿਸ ਰਹੇ ਜੰਗਲ ਵੱਲ ਮੋੜ ਦਿੱਤੇ ਅਤੇ ਰੁੱਖਾਂ ਦੀਆਂ ਟਹਿਣੀਆਂ ਨਾਲ ਖਹਿੰਦੇ, ਦਲਦਲ ਦੀ ਗਿੱਲੀ ਮਿੱਟੀ ਉਡਾਉਂਦੇ ਹਵਾ ਦੀ ਰਫ਼ਤਾਰ ਨਾਲ ਦੌੜ ਪਏ।
ਕੁਝ ਦੇਰ ਬਾਅਦ ਕੀਰਤ ਸਿੰਘ ਨੇ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਸੁਣ ਕੇ ਅਤੇ ਗਰਦਨ ਪਿੱਛੇ ਘੁਮਾ ਕੇ ਵੇਖਿਆ ਕਿ ਪੰਜ ਸੱਤ ਫਰੰਗੀ ਘੋੜ ਸਵਾਰ ਆਪਣੇ ਉੱਚੇ-ਉੱਚੇ ਘੋੜਿਆਂ 'ਤੇ ਬੈਠੇ ਬੜੀ ਤੇਜ਼ੀ ਨਾਲ ਉਨ੍ਹਾਂ ਵੱਲ ਦੌੜਦੇ ਆ ਰਹੇ ਹਨ। ਕੀਰਤ ਸਿੰਘ ਨੇ ਇਹ ਵੀ ਅਨੁਮਾਨ ਲਾ ਲਿਆ ਕਿ ਆਪਣੀ ਵੱਡੀ ਫ਼ੌਜੀ ਟੁਕੜੀ ਨੂੰ ਇਨ੍ਹਾਂ ਨੇ ਜੰਗਲ 'ਚ ਵੜਨ ਤੋਂ ਪਹਿਲਾਂ ਦੋ ਤਿੰਨ ਹਿੱਸਿਆਂ 'ਚ ਵੰਡ ਲਿਆ ਹੋਵੇਗਾ। ਇਹ ਕੀਰਤ ਸਿੰਘ ਲਈ ਇਕ ਚੰਗਾ ਸੰਕੇਤ ਸੀ । ਜਿਸ ਵੇਲੇ ਉਹ ਘੋੜ-ਸਵਾਰ ਉਨ੍ਹਾਂ ਦੇ ਕਾਫ਼ੀ ਨੇੜੇ ਪਹੁੰਚ ਗਏ ਤਾਂ ਆਪਣੀਆਂ ਪਸਤੌਲਾਂ ਨਾਲ ਗੋਲੀਆਂ ਚਲਾਉਣ ਲੱਗੇ। ਕੀਰਤ ਸਿੰਘ ਅਤੇ ਦੁਰਜਨ ਸਿੰਘ ਵੀ ਗਰਦਨ ਘੁਮਾ ਕੇ ਗੋਲੀਆਂ ਦਾ ਜਵਾਬ ਗੋਲੀਆਂ ਨਾਲ ਦੇਣ ਲੱਗੇ। ਧਰਮ ਸਿੰਘ ਦੇ ਪਿੱਠ 'ਤੇ ਬੰਨ੍ਹੇ ਹੋਣ ਕਾਰਨ ਸ਼ਾਹ ਬਖ਼ਸ ਗਰਦਨ ਮੋੜ ਕੇ ਗੋਲੀਆਂ ਚਲਾਉਣ ਦੀ ਸਮਰੱਥਾ 'ਚ ਨਹੀਂ ਸੀ।
ਦਲੇਰ ਸਿੰਘ ਨੇ ਹਾਲੇ ਤਕ ਕਦੀ ਕਿਸੇ ਲੜਾਈ 'ਚ ਹਿੱਸਾ ਨਹੀਂ ਸੀ ਲਿਆ। ਇਸ ਖ਼ਤਰਿਆਂ ਭਰੇ ਵਾਤਾਵਰਨ 'ਚ ਉਸ ਦੀਆਂ ਨਸਾਂ 'ਚ ਲਹੂ ਦੀ ਗਰਮੀ ਦਾ ਸੰਚਾਰ ਹੋਣ ਲੱਗਾ; ਜੋਸ਼ ਉੱਠਿਆ ਅਤੇ ਉਸ ਨੇ ਵੀ ਪਸਤੌਲ ਕੱਢ ਕੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਇਸੇ ਦੌਰਾਨ ਇਕ ਗੋਲੀ ਦਲੇਰ ਸਿੰਘ ਦੀ ਬਾਂਹ 'ਚ ਅਤੇ ਦੂਜੀ ਪੱਟ
'ਚ ਆਣ ਲੱਗੀ ਅਤੇ ਲਹੂ ਨਾਲ ਉਸ ਦੇ ਕੱਪੜੇ ਲਾਲ ਹੋ ਗਏ।
ਕੀਰਤ ਸਿੰਘ ਨੇ ਛੇਤੀ ਨਾਲ ਸ਼ਾਹ ਬਖ਼ਸ਼ ਨੂੰ ਕਿਹਾ, "ਤੁਸੀਂ ਜੀਨਤ ਅਤੇ ਦਲੇਰ ਨੂੰ ਲੈ ਕੇ ਸੱਜੇ ਪਾਸੇ ਨਿਕਲ ਜਾਓ। ਮੈਂ ਅਤੇ ਦੁਰਜਨ ਇਨ੍ਹਾਂ ਫਰੰਗੀਆਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਾਂ।"
ਉਨ੍ਹਾਂ ਦੇ ਸੱਜੇ ਪਾਸੇ ਦੌੜ ਜਾਣ ਤੋਂ ਬਾਅਦ ਕੀਰਤ ਸਿੰਘ ਅਤੇ ਦੁਰਜਨ ਸਿੰਘ ਆਪਣੇ ਘੋੜੇ ਰੋਕ ਕੇ ਰੁੱਖਾਂ ਓਹਲੇ ਖੜੇ ਹੋ ਗਏ। ਜਿਉਂ ਹੀ ਦੋ ਫਰੰਗੀ ਸਵਾਰ ਉਨ੍ਹਾਂ ਦੀ ਫਾਇਰ ਦੀ ਮਾਰ ਦੀ ਦੂਰੀ 'ਚ ਆਏ, ਉਨ੍ਹਾਂ ਆਪਣੀਆਂ ਪਸਤੋਲਾਂ ਦੇ ਘੋੜੇ ਦਬਾ ਦਿੱਤੇ। ਇਕ ਗੋਰਾ ਗੋਲੀ ਖਾ ਕੇ ਉੱਥੇ ਹੀ ਡਿੱਗ ਪਿਆ ਦੂਜੇ ਦੇ ਘੋੜੇ ਦੀ ਗਰਦਨ 'ਚ ਗੋਲੀ ਲੱਗੀ ਅਤੇ ਘੋੜਾ ਡਿੱਗ ਪਿਆ। ਓਨੀ ਦੇਰ 'ਚ ਪਿੱਛੇ ਆ ਰਹੇ ਚਾਰ ਪੰਜ ਘੋੜ-ਸਵਾਰ ਵੀ ਉਨ੍ਹਾਂ ਤੱਕ ਆ ਪਹੁੰਚੇ। ਮੌਕੇ ਦਾ ਜਾਇਜਾ ਲੈਂਦਿਆਂ ਕੀਰਤ ਸਿੰਘ ਨੇ ਦੁਰਜਨ ਸਿੰਘ ਨੂੰ ਸੰਕੇਤ ਕੀਤਾ ਅਤੇ ਦੋਹਾਂ ਨੇ ਆਪਣੀਆਂ ਤਲਵਾਰਾਂ ਕੱਢਦਿਆ ਰੁੱਖਾਂ ਪਿੱਛੋਂ ਨਿਕਲ ਕੇ ਐਨੀ ਤੇਜ਼ੀ ਨਾਲ ਉਨ੍ਹਾਂ ਉੱਤੇ ਹਮਲਾ ਕੀਤਾ ਕਿ ਉਨ੍ਹਾਂ ਨੂੰ ਘਬਰਾਹਟ 'ਚ ਪਾ ਦਿੱਤਾ। ਉਹ ਆਪਣੇ ਬਚਾਓ ਲਈ ਥੋੜ੍ਹਾ ਜਿਹਾ ਪਿੱਛੇ ਹਟੇ। ਉਨ੍ਹਾਂ ਉੱਤੇ ਦੋ ਚਾਰ ਵਾਰ ਕਰਨ ਤੋਂ ਬਾਅਦ ਕੀਰਤ, ਦੁਰਜਨ ਜ਼ੀਨਤ ਅਤੇ ਸ਼ਾਹ ਬਖ਼ਸ਼ ਤੋਂ ਵਿਪਰੀਤ ਦਿਸ਼ਾ ਵੱਲ ਦੌੜ ਪਏ। ਇਕ ਫ਼ਰੰਗੀ ਘੋੜ-ਸਵਾਰ ਨੇ ਦੌੜ ਰਹੇ ਕੀਰਤ ਸਿੰਘ 'ਤੇ ਆਪਣੀ ਪਸਤੌਲ ਨਾਲ ਫਾਇਰ ਕਰ ਦਿੱਤਾ । ਗੋਲੀ ਆ ਕੇ ਕੀਰਤ ਦੇ ਮੋਢੇ 'ਚ ਧਸ ਗਈ। ਪਰ ਉਹ ਰੁਕਿਆ ਨਹੀਂ। ਦੌੜਦਾ ਹੀ ਗਿਆ। ਫਰੰਗੀ ਘੋੜ-ਸਵਾਰ ਇਸ ਵਾਸਤਵਿਕਤਾ ਤੋਂ ਅਣਜਾਨ ਹੀ ਰਿਹਾ ਕਿ ਕੀਰਤ ਸਿੰਘ ਜ਼ਖ਼ਮੀ ਹੋ ਗਿਆ ਹੈ। ਫਰੰਗੀ ਘੋੜ-ਸਵਾਰਾਂ ਨੇ ਉਨ੍ਹਾਂ ਦਾ ਪਿੱਛਾ ਕਰਨਾ ਆਪਣੇ ਲਈ ਖ਼ਤਰਨਾਕ ਸਮਝਿਆ। ਅਤੇ ਆਪਣੇ ਡਿੱਗੇ ਹੋਏ ਫੱਟੜ ਸਿਪਾਹੀਆਂ ਨੂੰ ਸੰਭਾਲਣ 'ਚ ਰੁੱਝ ਗਏ।
ਇਸ ਤੋਂ ਬਾਅਦ ਕੀਰਤ ਸਿੰਘ ਨੂੰ ਸ਼ਾਹ ਬਖ਼ਸ਼ ਅਤੇ ਜ਼ੀਨਤ ਆਦਿ ਬਾਰੇ ਕੁਝ ਪਤਾ ਨਾ ਲੱਗਾ ਕਿ ਉਹ ਕਿੱਧਰ ਚਲੇ ਗਏ। ਤੁਰਨ ਤੋਂ ਪਹਿਲਾਂ ਸ਼ਾਹ ਬਖ਼ਸ਼ ਨੇ ਇੰਨਾ ਜ਼ਰੂਰ ਕਿਹਾ ਸੀ ਕਿ ਉਹ ਸਾਰੇ ਇੱਥੋਂ ਨੱਸ ਕੇ ਵਜ਼ੀਰਸਤਾਨ (ਪੰਜਾਬ ਅਤੇ ਅਫ਼ਗਾਨਿਸਤਾਨ ਦੇ ਵਿਚਕਾਰਲਾ ਖੇਤਰ) ਵੱਲ ਚਲੇ ਜਾਣਗੇ, ਜਿੱਥੇ ਉਸ ਦੇ ਕੁਝ ਵਾਕਫ਼ਕਾਰ ਦੋਸਤ ਅਤੇ ਰਿਸ਼ਤੇਦਾਰ ਰਹਿੰਦੇ ਹਨ।
***
55
ਪੰਦਰਾਂ ਵੀਹ ਦਿਨ ਬਾਅਦ ਸੁੰਦਰਾਂ ਨੇ ਕੀਰਤ ਸਿੰਘ ਦੇ ਮੋਢੇ 'ਤੇ ਬੰਨ੍ਹੀ ਪੱਟੀ ਨੂੰ ਹੌਲੀ-ਹੌਲੀ ਖੋਲ੍ਹਿਆ, ਹਲਦੀ ਪਾ ਕੇ ਬਣਾਈ ਗਈ ਸੁੱਕ ਚੁੱਕੀ ਪੁਲਟਸ ਨੂੰ ਰੂੰ ਨਾਲ ਸਾਫ਼ ਕੀਤਾ ਅਤੇ ਜ਼ਖ਼ਮ ਦੇ ਗੋਲ ਜਿਹੇ ਨਿਸ਼ਾਨ 'ਤੇ ਪੋਲਾ ਜਿਹਾ ਹੱਥ ਫੇਰਦਿਆਂ ਬੋਲੀ, "ਹੁਣ ਤੇ ਜਖ਼ਮ ਪੂਰੀ ਤਰ੍ਹਾਂ ਭਰ ਗਿਆ ਲੱਗਦਾ ਹੈ।"
"ਹਾਂ ਸੁੰਦਰਾਂ ।" ਕੀਰਤ ਉਸ ਦੀਆਂ ਗੱਲ੍ਹਾਂ 'ਤੇ ਪਿਆਰ ਨਾਲ ਹੱਥ ਫੇਰਦਿਆਂ
ਬੋਲਿਆ, “ਮੈਂ ਤੇਰਾ ਅਹਿਸਾਨਮੰਦ ਹਾਂ। ਪਹਿਲਾਂ ਵੀ ਤੂੰ ਹੀ ਬਚਾਇਆ ਸੀ ਮੈਨੂੰ। ਪਰ... ਪਰ ਮੇਰੀ ਰੂਹ ਤੇ ਪਏ ਜਖਮ ਪਤਾ ਨਹੀਂ ਕਦੋਂ ਭਰਨਗੇ? "
"ਸਭ ਕੁਝ ਤਾਂ ਆਦਮੀ ਦੇ ਵੱਸ 'ਚ ਨਹੀਂ ਹੁੰਦਾ। ਮੈਂ ਤਾਂ ਸਿਰਫ ਇਹੀ ਕਹਿ ਸਕਦੀ ਹਾਂ ਕਿ ਤੁਸਾਂ ਬਹੁਤ ਕੁਝ ਕਰ ਲਿਆ। ਹੁਣ ਤੁਸੀਂ ਕੁਝ ਸੁਖ-ਆਰਾਮ ਦੇ ਹੱਕਦਾਰ ਹੋ।" ਇਹ ਬੋਲਦਿਆਂ ਸੁੰਦਰਾਂ ਦੇ ਬੁੱਲਾਂ 'ਤੇ ਤਸੱਲੀ ਭਰੀ ਮੁਸਕਾਨ ਖਿੰਡਰ ਗਈ।
ਕੀਰਤ ਸਿੰਘ ਜਿਵੇਂ ਉਸ ਦੇ ਮਨ ਦੀ ਗੱਲ ਸਮਝ ਗਿਆ ਹੋਵੇ, ਉਹ ਬੋਲਿਆ, "ਮੈਂ ਜਦੋਂ ਵੀ ਆਇਆ ਤੇਰੇ ਪਾਸ, ਜ਼ਖ਼ਮੀ ਹੋ ਕੇ ਹੀ ਆਇਆ ਹਾਂ।"
"ਕੀ ਪਤਾ ਮੇਰਾ ਜਨਮ ਤੁਹਾਡੀ ਸੇਵਾ ਕਰਨ ਲਈ ਹੀ ਹੋਇਆ ਹੋਵੇ।"
ਕੀਰਤ ਸਿੰਘ ਨੇ ਲੰਮਾ ਜਿਹਾ ਸਾਹ ਲਿਆ ਅਤੇ ਸੁੰਦਰਾਂ ਦੇ ਪੱਟਾਂ 'ਤੇ ਸਿਰ ਰੱਖ ਕੇ ਲੰਮਾ ਪੈ ਗਿਆ। ਫੇਰ ਉਸ ਨੂੰ ਛੇਤੀ ਹੀ ਨੀਂਦ ਆ ਗਈ।
ਨੀਂਦ ਵੀ ਕੁਦਰਤ ਨੇ ਆਦਮੀ ਲਈ ਕਿਆ ਨਿਆਮਤ ਬਣਾਈ ਹੈ। ਜੋ ਸੁਖ ਅਤੇ ਆਰਾਮ ਨੀਂਦ ਚ, ਉਹ ਕਿਸੇ ਹੋਰ ਸ਼ੈਅ ਚ ਨਹੀਂ। ਇਹ ਸੌਗਾਤ ਪ੍ਰਕਿਰਤੀ ਵਲੋਂ ਹਰ ਕਿਸੇ ਨੂੰ ਮੁਫ਼ਤ ਚ ਮਿਲੀ ਹੋਈ ਹੈ। ਇਸ ਲਈ ਆਦਮੀ ਇਸ ਦੀ ਉਦੋਂ ਤਕ ਕਦਰ ਨਹੀਂ ਕਰਦਾ, ਜਦ ਤੱਕ ਇਸ ਤੋਂ ਵਾਂਝਿਆਂ ਨਾ ਹੋ ਜਾਵੇ।
***
56
1857 ਦੇ ਦਿਨ। (ਦਸ ਗਿਆਰਾਂ ਸਾਲਾਂ ਬਾਅਦ)
ਜਮਰੂਦ ਦੇ ਕਿਲ੍ਹੇ ਤੋਂ ਕੁਝ ਦੂਰ ਕਿਸੇ ਸੂਫ਼ੀ ਫ਼ਕੀਰ ਦੀ ਮਜ਼ਾਰ 'ਤੇ ਬਹੁਤ ਵੱਡਾ ਮੇਲਾ ਲੱਗਿਆ ਹੋਇਆ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਹਿੰਦੂ, ਸਿੱਖ ਅਤੇ ਮੁਸਲਮਾਨ-ਆਦਮੀ, ਤੀਵੀਆਂ, ਰੰਗ ਬਰੰਗੇ ਕੱਪੜੇ ਪਾਈ, ਭਾਂਤ-ਭਾਂਤ ਦੀਆਂ ਬੋਲੀਆਂ ਬੋਲਦੇ ਮਜ਼ਾਰ 'ਤੇ ਮੱਥਾ ਟੇਕਣ ਅਤੇ ਮੰਨਤਾਂ ਮੰਨਣ ਆਏ ਹੋਏ ਹਨ। ਮੇਲੇ ਦਾ ਮਾਹੌਲ ਕਿਤੇ ਮਦਾਰੀ ਕਲੰਦਰ, ਕਿਤੇ ਜਲੇਬੀਆਂ ਅਤੇ ਕਬਾਬ ਦੀਆਂ ਟਿੱਕੀਆਂ ਦੀ ਖੁਸ਼ਬੋ, ਕਿਤੇ ਬੰਦੂਕ ਦੀ ਨਿਸ਼ਾਨੇਬਾਜ਼ੀ ਅਤੇ ਕਿਤੇ ਆਪਣੀ ਤਲਵਾਰ ਦੇ ਕਰਤੱਬ ਵਿਖਾਉਂਦਿਆਂ ਪਠਾਣ ਅਤੇ ਸਿੱਖ ਜਵਾਨ।
ਇਸ ਮੇਲੇ ਦਾ ਲਾਭ ਉਠਾਉਂਦਿਆਂ ਫਰੰਗੀਆਂ ਨੇ ਮੇਲੇ ਦੇ ਇਕ ਪਾਸੇ ਆਪਣੀ ਛੋਟੀ ਜਿਹੀ ਛਾਉਣੀ ਪਾਈ ਹੋਈ ਹੈ-ਚਿੱਟੇ ਤੰਬੂਆਂ ਦੀ ਇਕ ਛੋਟੀ ਜਿਹੀ ਬਸਤੀ। ਲਾਹੌਰ ਤੋਂ ਆਏ ਦੋ ਫਰੰਗੀ ਅਫ਼ਸਰ, ਹਡਸਨ ਅਤੇ ਲਾਰੈਂਸ ਆਪਣੀ ਫ਼ੌਜ ਲਈ ਨਵੀਂ ਭਰਤੀ ਕਰਨ ਆਏ ਹੋਏ ਹਨ।
ਕੀਰਤ ਸਿੰਘ ਆਮ ਕਰਕੇ ਇਸ ਤਰ੍ਹਾਂ ਦੇ ਮੇਲਿਆਂ, ਇਕੱਠਾਂ 'ਚ ਚਲਾ ਜਾਇਆ ਕਰਦਾ ਸੀ, ਇਸ ਆਸ ਨਾਲ ਕਿ ਕਿਤੇ ਸ਼ਾਹ ਬਖਸ਼ ਅਤੇ ਜੀਨਤ ਵਖਾਈ ਦੇ ਜਾਣ, ਪਰ ਹਾਲੇ ਤੱਕ ਉਸ ਨੂੰ ਉਨ੍ਹਾਂ ਦਾ ਕੋਈ ਥਹੁ ਪਤਾ ਨਹੀਂ ਸੀ ਲੱਗਾ। ਉਹ ਕੁਝ
ਸੋਚਦਿਆਂ ਫਰੰਗੀਆਂ ਦੇ ਕੈਂਪ ਵੱਲ ਤੁਰ ਪਿਆ, ਜਿੱਥੇ ਕੁਝ ਸਿੱਖ ਅਤੇ ਪਠਾਣ ਆਪਣੇ-ਆਪਣੇ ਹਥਿਆਰ ਫੜੀ ਵੱਖਰੀਆਂ-ਵੱਖਰੀਆਂ ਕਤਾਰਾਂ 'ਚ ਭਰਤੀ ਹੋਣ ਲਈ ਖੜੇ ਸਨ। ਸਿੱਖਾਂ ਵਾਲੀ ਕਤਾਰ 'ਚ ਜਾ ਕੇ ਕੀਰਤ ਸਿੰਘ ਉਨ੍ਹਾਂ ਵੱਲ ਗੌਹ ਨਾਲ ਵੇਖਦਿਆਂ ਕਿਸੇ ਵਾਕਫ ਨੂੰ ਪਛਾਣਨ ਦਾ ਯਤਨ ਕਰਨ ਲੱਗਾ।
"ਸੁਣਾ ਬਈ ਮੱਖਣ ਸਿਆਂ", ਉਹ ਇਕ ਜਣੇ ਨੂੰ ਪਛਾਣਦਿਆਂ ਬੋਲਿਆ, "ਇਹ ਭਰਤੀ ਕਾਹਦੇ ਲਈ ਹੋ ਰਹੀ ਹੈ ?"
"ਤੁਹਾਨੂੰ ਨਹੀਂ ਪਤਾ ? ਜਮੁਨਾ ਪਾਰ ਪੂਰਬੀਆਂ ਅਤੇ ਦਿੱਲੀ ਵਾਲਿਆਂ ਨੇ ਫਰੰਗੀਆਂ ਵਿਰੁੱਧ ਬਗਾਵਤ ਕਰ ਦਿੱਤੀ ਹੈ । ਕਈ ਸੌ ਫਰੰਗੀ ਕਤਲ ਕਰ ਦਿੱਤੇ ਗਏ ਹਨ। ਇਹ ਭਰਤੀ ਉਨ੍ਹਾਂ ਬਾਗੀਆਂ ਦਾ ਮੁਕਾਬਲਾ ਕਰਨ ਅਤੇ ਉਨਾਂ ਤੋਂ ਦਿੱਲੀ ਖਾਲੀ ਕਰਵਾਉਣ ਲਈ ਹੋ ਰਹੀ ਹੈ।"
"ਤੁਸੀਂ ਵੀ ਕੀਰਤ ਸਿੰਘ ਜੀ, ਕਤਾਰ 'ਚ ਖੜੇ ਹੋ ਜਾਓ। ਇਹ ਫਰੰਗੀ ਲੋਕ ਬਹਾਦਰਾਂ ਦੀ ਬਹੁਤ ਕਦਰ ਕਰਦੇ ਹਨ : ਖ਼ਾਸ ਕਰਕੇ ਇਹ ਹਡਸਨ ਅਤੇ ਲਾਰੈਂਸ ਸਾਹਿਬ। ਭਰਤੀ ਹੁੰਦਿਆਂ ਹੀ ਜਮਾਂਦਾਰੀ ਮਿਲ ਜਾਵੇਗੀ।" ਮੱਖਣ ਸਿੰਘ ਦੇ ਨਾਲ ਖੜਾ ਬਲਕਾਰ ਸਿੰਘ ਕਹਿਣ ਲੱਗਾ।
ਸੁਣ ਕੇ ਕੀਰਤ ਸਿੰਘ ਨੂੰ ਰੋਹ ਚੜ੍ਹ ਆਇਆ। ਉਹ ਬੋਲਿਆ, “ਓਏ ਤੁਹਾਨੂੰ ਕੁਝ ਸ਼ਰਮ ਨਹੀਂ ਆਉਂਦੀ, ਆਪਣੇ ਵੈਰੀਆਂ ਦੀ ਫ਼ੌਜ 'ਚ ਭਰਤੀ ਹੁੰਦਿਆਂ ? ਜਿਨ੍ਹਾਂ ਨੇ ਸਾਡੇ ਪੰਜਾਬ ਨੂੰ ਗੁਲਾਮ ਬਣਾਇਆ। ਜਿਨ੍ਹਾਂ ਦੇ ਵਿਰੁੱਧ ਐਨੀਆਂ ਲੜਾਈਆਂ ਲੜੀਆਂ ਅਤੇ ਕੁਰਬਾਨੀਆਂ ਦਿੱਤੀਆਂ। ਜਾਓ, ਆਪਣੇ ਘਰਾਂ ਨੂੰ ਜਾਓ। ਹੋਰ ਕੁਝ ਨਹੀਂ ਤਾਂ ਰੁੱਖੀ ਮਿੱਸੀ ਅਤੇ ਆਪਣੀਆਂ ਤੀਵੀਆਂ ਦੇ ਹੱਥਾਂ ਦੀਆਂ ਬਣੀਆਂ ਰੋਟੀਆਂ ਖਾਓ। ਤੁਸੀਂ ਆਪਣੀਆਂ ਬੇਰੀਆਂ ਇਸ ਕਰਕੇ ਨਹੀਂ ਸੀ ਉਗਾਈਆਂ ਕਿ ਉਨ੍ਹਾਂ ਦੇ ਬੇਰ ਕੋਈ ਹੋਰ ਖਾਵੇ। ਇਸ ਲਈ ਕਿਸੇ ਸੋਹਣੀ ਨਾਰ ਨਾਲ ਕੁੜਮਾਈ ਨਹੀਂ ਕੀਤੀ ਕਿ ਉਸ ਦੀ ਸੇਜ ਦਾ ਸੁੱਖ ਕੋਈ ਹੋਰ ਮਾਣੇ...।"
"ਅਸੀਂ ਤੇ ਸਿਪਾਹੀ ਹਾਂ ਕੀਰਤ ਸਿੰਘ ਜੀ। ਸਿਪਾਹੀ ਦਾ ਕੰਮ ਇਹ ਸੋਚਣਾ ਨਹੀਂ ਕਿ ਕੌਣ ਕਿਸ ਦੇ ਨਾਲ ਅਤੇ ਕਿਉਂ ਲੜ ਰਿਹਾ ਹੈ।" ਬਲਕਾਰ ਸਿੰਘ ਨੇ ਆਖਿਆ।
"ਤੁਸੀਂ ਸਿਰਫ਼ ਸਿਪਾਹੀ ਹੀ ਨਹੀਂ, ਮਨੁੱਖ ਵੀ ਹੋ। ਗੁਰੂ ਸਾਹਿਬ ਨੇ ਖ਼ਾਲਸਾ ਇਸ ਲਈ ਨਹੀਂ ਸੀ ਸਾਜਿਆ ਕਿ ਜ਼ੁਲਮ ਦੀ ਹਮਾਇਤ 'ਚ ਤਲਵਾਰ ਚੁੱਕੇ।" ਕੀਰਤ ਸਿੰਘ ਰੋਹ ਨਾਲ ਬੋਲ ਉੱਠਿਆ, "ਆਪਣੀ ਕੌਮ ਨੂੰ ਗੁਲਾਮ ਬਣਾਉਣ ਵਾਲਿਆਂ ਲਈ ਅਤੇ ਆਪਣੇ ਹੀ ਹਮਵਤਨਾਂ ਵਿਰੁੱਧ ਹਥਿਆਰ ਚੁੱਕਣ ਤੋਂ ਘਟੀਆ ਹੋਰ ਕੋਈ ਕੰਮ ਨਹੀਂ ਹੋ ਸਕਦਾ। ਇਸ ਤਰ੍ਹਾਂ ਕਰਕੇ ਤੁਸੀਂ ਆਪਣੀਆ ਬਾਹਵਾਂ ਦੀ ਤਾਕਤ ਹੀ ਨਹੀਂ ਬਲਕਿ ਆਪਣੀ ਸੁਤੰਤਰਤਾ ਸਵੈ-ਇੱਛਾ ਅਤੇ ਜ਼ਮੀਰ ਨੂੰ ਸਸਤੇ ਭਾਅ 'ਤੇ ਵੇਚ ਰਹੇ ਹੋ, ਉਹ ਵੀ ਇਕ ਨਿਆਂਹੀਣ ਉਦੇਸ਼ ਖ਼ਾਤਰ।"
"ਐਸੀ ਗੱਲ ਨਹੀਂ ਕਿ ਅਸੀਂ ਕੁਝ ਨਹੀਂ ਸਮਝਦੇ।" ਮੱਖਣ ਸਿੰਘ ਆਪਣੀ ਸਫ਼ਾਈ ਪੇਸ਼ ਕਰਦਿਆਂ ਕਹਿਣ ਲੱਗਾ, "ਤੁਸੀਂ ਆਪ ਵੀ ਸੋਚੋ ਕਿ ਇਨ੍ਹਾਂ ਪੂਰਬੀਆਂ
ਦੀ ਸਹਾਇਤਾ ਨਾਲ ਹੀ ਫਰੰਗੀ ਸਾਡੇ 'ਤੇ ਫਤਹਿ ਹਾਸਲ ਕਰਨ 'ਚ ਸਫਲ ਹੋਏ ਸਨ। ਅਤੇ ਉਹ ਦਿੱਲੀ ਦੇ ਮੁਗਲ ਬਾਦਸ਼ਾਹ ? ਜੋ ਸਦੀਆਂ ਤੋਂ ਸਾਡੇ ਉੱਤੇ ਜ਼ੁਲਮ ਕਰਦੇ ਆਏ ਹਨ...?"
"ਇਹ ਤੇ ਤੇਰਾ ਬਹਾਨਾ ਹੈ ਮੱਖਣ ਸਿਆਂ। ਮੁਗ਼ਲ ਬਾਦਸ਼ਾਹਤ ਤੇ ਕਦੇ ਦੀ ਖ਼ਤਮ ਹੋ ਗਈ। ਹੁਣ ਇਹ ਦਿੱਲੀ ਵਾਲੇ ਅਤੇ ਜਮੁਨਾ ਪਾਰ ਵਾਲੇ ਆਪਣੇ ਮੁਲਕ ਨੂੰ ਇਨ੍ਹਾਂ ਫਰੰਗੀਆਂ ਤੋਂ ਆਜ਼ਾਦ ਕਰਾਉਣ ਲਈ ਲੜ ਰਹੇ ਹਨ। ਜੇ ਤੁਸੀਂ ਲੜਨਾ ਹੀ ਹੈ ਤਾਂ ਉਨ੍ਹਾਂ ਨਾਲ ਮਿਲ ਕੇ ਇਨਾਂ ਫ਼ਰੰਗੀਆਂ ਵਿਰੁੱਧ ਲੜੋ।" ਕੀਰਤ ਸਿੰਘ ਉਨ੍ਹਾਂ ਨੂੰ ਵੰਗਾਰਦਿਆਂ ਹੋਇਆਂ ਬੋਲਿਆ। ਸੁਣ ਕੇ ਸਾਰਿਆਂ ਦੇ ਸਿਰ ਝੁਕ ਗਏ।
"ਸ਼ਰਮ ਕਰੋ ਸਿੰਘੋ ਕੁਝ ਸ਼ਰਮ ਕਰੋ। ਕਿੱਥੇ ਗਈ ਤੁਹਾਡੀ ਖ਼ਾਲਸੇ ਵਾਲੀ ਅਣਖ।“
"ਅਣਖ ਦੀ ਗੱਲ ਕਰਨੀ ਤਾਂ ਪਹਿਲਾਂ ਇਨ੍ਹਾਂ ਪਟਿਆਲੇ, ਨਾਭੇ ਅਤੇ ਫਰੀਦਕੋਟ ਦੇ ਰਾਜਿਆਂ ਨਾਲ ਜਾ ਕੇ ਕਰੋ ਜੋ ਆਪਣੀਆਂ ਸਾਰੀਆਂ ਫ਼ੌਜਾਂ ਲੈ ਕੇ ਫਰੰਗੀ ਦੀ ਸਹਾਇਤਾ ਲਈ ਦਿੱਲੀ ਵੱਲ ਤੁਰ ਪਏ ਹਨ।" ਵਿੱਚੋਂ ਇਕ ਸਿੰਘ ਬੋਲਿਆ।
"ਇਨਾਂ ਕੋਲ ਧਨ ਦੋਲਤ ਹੈ। ਮਹੱਲ-ਮਾੜੀਆਂ ਹਨ, ਬਹੁਤ ਕੁਝ ਹੇ, ਜਿਨਾਂ ਨੂੰ ਬਚਾਈ ਰੱਖਣ ਦੀ ਚਿੰਤਾ ਹੈ ਇਨਾਂ ਨੂੰ। ਤੁਹਾਡੇ ਸਾਡੇ ਗ਼ਰੀਬਾਂ ਕੋਲ ਤਾਂ ਕੇਵਲ ਇਹ ਅਣਖ ਹੀ ਹੁੰਦੀ ਹੈ।" ਕੀਰਤ ਸਿੰਘ ਨੇ ਅੱਗਿਓਂ ਆਖਿਆ।
"ਤੁਸੀਂ ਕਿਹੜੇ ਵੇਲੇ ਦੀਆਂ ਗੱਲਾਂ ਕਰਦੇ ਹੋ ਸਿੰਘ ਜੀ" ਇਕ ਅਧਖੜ ਸਿੰਘ ਕੁਝ ਦੁਖੀ ਆਵਾਜ਼ 'ਚ ਬੋਲਿਆ, "ਜੋ ਯੁੱਗ ਗੁਰੂ ਗੋਬਿੰਦ ਸਿੰਘ ਅਤੇ ਬੰਦਾ ਸਿੰਘ ਬਹਾਦਰ ਨਾਲ ਸ਼ੁਰੂ ਹੋਇਆ ਸੀ, ਉਸ ਦਾ ਅੰਤ ਹੋ ਚੁੱਕਾ ਹੈ। ਉਹ ਦਿਨ ਬੀਤ ਗਏ ਹਨ।"
ਕੀਰਤ ਸਿੰਘ ਦੀਆਂ ਗੱਲਾਂ ਦਾ ਅਸਰ ਕੁਝ ਜਵਾਨਾਂ 'ਤੇ ਹੋਇਆ ਅਤੇ ਉਹ ਭਰਤੀ ਵਾਲੀ ਕਤਾਰ 'ਚੋਂ ਨਿਕਲ ਕੇ ਕੀਰਤ ਸਿੰਘ ਦੇ ਦੁਆਲੇ ਇਕੱਠੇ ਹੁੰਦਿਆਂ ਉਸ ਦੀਆਂ ਗੱਲਾਂ ਸੁਣਨ ਲੱਗੇ।
"ਵੇਖੋ, ਧਿਆਨ ਨਾਲ ਵੇਖੋ। ਇਹ ਦਿੱਲੀ ਦੇ ਬਾਗੀ ਉਹੀ ਕੁਝ ਕਰ ਰਹੇ ਹਨ ਜੋ ਸਾਡੇ ਗੁਰੂ ਗੋਬਿੰਦ ਸਿੰਘ ਨੇ ਕੀਤਾ । ਬੰਦਾ ਬਹਾਦਰ ਨੇ ਕੀਤਾ। ਅੰਤਰ ਕੇਵਲ ਏਨਾ ਕਿ ਹੁਣ ਮੁਗ਼ਲਾਂ ਦੀ ਥਾਂ ਇਹ ਫ਼ਰੰਗੀ ਆ ਗਏ ਹਨ।... ਆਪਣੇ ਅਸਲੀ ਦੁਸ਼ਮਣ ਨੂੰ ਪਛਾਣੋ ਸਿੰਘੋ, ਅਸਲੀ ਦੁਸ਼ਮਣ ਨੂੰ... ।"
ਕੀਰਤ ਸਿੰਘ ਨੂੰ ਐਨੀ ਨਿਰਾਸ਼ਾ ਅਤੇ ਦੁੱਖ ਉਨ੍ਹਾਂ ਪਿਛਲੀਆਂ ਲੜਾਈਆਂ ਦੇ ਹਾਰ ਜਾਣ ਦਾ ਨਹੀਂ ਸੀ ਹੋਇਆ ਜਿੰਨਾ ਸਿੰਘਾਂ ਅਤੇ ਪਠਾਣਾਂ ਨੂੰ ਇਸ ਕਤਾਰ 'ਚ ਖੜਾ ਵੇਖ ਕੇ। 'ਲੜਾਈ 'ਚ ਤਾਂ ਦੋਹਾਂ ਧਿਰਾਂ 'ਚੋਂ ਕਿਸੇ ਦੀ ਜਿੱਤ ਅਤੇ ਕਿਸੇ ਦੀ ਹਾਰ ਹੁੰਦੀ ਹੀ ਹੈ। ਕਦੀ-ਕਦੀ ਮਜਬੂਰਨ ਹਥਿਆਰ ਵੀ ਸੁੱਟਣੇ ਪੈ ਜਾਂਦੇ ਹਨ। ਪਰ ਇਸ ਤਰ੍ਹਾਂ ਦਿਲ ਅਤੇ ਹੌਂਸਲਾ ਹਾਰ ਜਾਣਾ ।' ਇਹ ਸੋਚਦਿਆਂ ਕੀਰਤ ਸਿੰਘ ਦਾ ਮਨ ਬਹੁਤ ਖ਼ਰਾਬ ਹੋਇਆ ਅਤੇ ਨਿਰਾਸ਼ਾ ਵਿੱਚ ਸਿਰ ਹਿਲਾਉਂਦਿਆਂ ਆਪਣੇ ਆਪ 'ਚ ਬੁੜਬੜਾਉਂਦਿਆਂ ਇਕ ਪਾਸੇ ਤੁਰ ਪਿਆ :
"ਇਸ ਕੌਮ ਦਾ ਕੁਝ ਨਹੀਂ ਹੋ ਸਕਦਾ। ਹੁਣ ਕੁਝ ਨਹੀਂ ਹੋ ਸਕਦਾ। ਕੀ ਉਹ ਯੁੱਗ ਹੁਣ ਸੱਚਮੁਚ ਖ਼ਤਮ ਹੋ ਗਿਆ ? ਹੁਣ ਕਿਹੜੀ ਵਾਰ, ਕਿਹੜਾ ਜੰਗਨਾਮਾ ਲਿਖੇਗਾ ਸ਼ਾਹ ਮੁਹੰਮਦ ? ਜੇ ਉਹ ਇਸ ਵੇਲੇ ਇਨ੍ਹਾਂ ਸਿੰਘਾਂ ਨੂੰ ਵੇਖਦਾ, ਜਿਨ੍ਹਾਂ ਨੇ ਇਨ੍ਹਾਂ ਫਰੰਗੀਆਂ ਦੇ ਲਹੂ ਨਿੰਬੂ ਵਾਂਗ ਨਚੋੜ ਦਿੱਤੇ ਸਨ ਤਾਂ ਕੀ ਗਜ਼ਰਨੀ ਸੀ ਉਸ ਦੇ ਦਿਲ ਉੱਤੇ...।"
"ਪਤਾ ਨਹੀਂ ਉਹ ਇਸ ਵੇਲੇ ਕਿੱਥੇ ਹੋਣਗੇ ? ਕਿਵੇਂ ਹੋਣਗੇ ?" ਉਹ ਸ਼ਾਹ ਬਖ਼ਸ਼, ਜ਼ੀਨਤ ਅਤੇ ਉਸ ਦੇ ਪਰਿਵਾਰ ਬਾਰੇ ਸੋਚਣ ਲੱਗਾ।
ਸੰਜੋਗ ਦੀ ਗੱਲ ਕਿ ਕੀਰਤ ਸਿੰਘ ਤੋਂ ਕੁਝ ਦੂਰ ਸ਼ਾਹ ਬਖ਼ਸ਼ ਖੜਾ ਜ਼ੀਨਤ ਨੂੰ ਅਤੇ ਪੰਦਰਾਂ ਸੋਲਾਂ ਵਰ੍ਹਿਆਂ ਦੇ ਧਰਮ ਸਿੰਘ ਨੂੰ ਕੀਰਤ ਸਿੰਘ ਵੱਲ ਇਸ਼ਾਰਾ ਕਰਦਿਆਂ ਕਹਿ ਰਿਹਾ ਸੀ :
"ਔਹ ਵੇਖ ਜ਼ੀਨਤ ਔਹ ਕੀਰਤ ਸਿੰਘ।"
ਉਸੇ ਵੇਲੇ ਫ਼ਰੰਗੀਆਂ ਦਾ ਇਕ ਜਸੂਸ ਹਡਸਨ ਕੋਲ ਆਇਆ ਅਤੇ ਕੀਰਤ ਸਿੰਘ ਵੱਲ ਇਸ਼ਾਰਾ ਕਰਦਿਆਂ ਬੋਲਿਆ, "ਔਹ ਆਦਮੀ ਲੋਕਾਂ ਨੂੰ ਭਰਤੀ ਹੋਣ ਦੇ ਵਿਰੁੱਧ ਭੜਕਾ ਰਿਹਾ ਹੈ। ਮੈਨੂੰ ਇਹ ਬਹੁਤ ਖ਼ਤਰਨਾਕ ਆਦਮੀ ਲੱਗਦਾ ਹੈ।"
"ਅੱਛਾ।" ਹਡਸਨ ਕੀਰਤ ਸਿੰਘ ਵੱਲ ਕੌੜੀਆਂ ਨਜ਼ਰਾਂ ਨਾਲ ਤੱਕਦਿਆਂ ਬੋਲਿਆ, "ਜਵਾਲਾ ਸਿੰਘ ਅਤੇ ਸੁਲੇਮਾਨ ਖ਼ਾਂ ਨੂੰ ਬੁਲਾਓ।"
ਜਵਾਲਾ ਸਿੰਘ ਅਤੇ ਸੁਲੇਮਾਨ ਖ਼ਾਂ ਦੇ ਆਉਣ 'ਤੇ ਹਡਸਨ ਨੇ ਉਨ੍ਹਾਂ ਨੂੰ ਹਦਾਇਤ ਦਿੱਤੀ ਕਿ ਇਸ ਆਦਮੀ ਦਾ ਪਿੱਛਾ ਕਰਨ ਅਤੇ ਮੌਕਾ ਮਿਲਣ 'ਤੇ ਇਸ ਆਦਮੀ ਨੂੰ ਫੜ ਕੇ ਉਸ ਦੇ ਕੈਂਪ ਵਿੱਚ ਲੈ ਆਉਣ।
ਕੋਲ ਬੈਠੇ ਜਾਨ ਲਾਰੈਂਸ ਨੇ ਵੀ ਇਹ ਕੁਝ ਸੁਣਿਆ ਅਤੇ ਨਾਲ ਹੀ ਕੀਰਤ ਸਿੰਘ ਵਲ ਗੌਹ ਨਾਲ ਤੱਕਿਆ। ਫੇਰ ਹਡਸਨ ਨੂੰ ਸੰਬੋਧਿਤ ਹੁੰਦਿਆਂ ਬੋਲਿਆ, "ਨਹੀਂ, ਮਿਸਟਰ ਹਡਸਨ ਇਸ ਨੂੰ ਆਪਣਾ ਕੰਮ ਕਰਨ ਦਿਓ ਅਤੇ ਅਸੀਂ ਆਪਣਾ ਕੰਮ ਕਰੀ ਚਲੀਏ ।"
"ਆਪਣਾ ਕੰਮ ; ਯਾਅਨੀ ਆਪਣੀ ਹਕੂਮਤ ਦੇ ਦੁਸ਼ਮਣ ਨੂੰ ਆਪਣੇ ਖ਼ਿਲਾਫ਼ ਕੰਮ ਕਰਦੇ ਰਹਿਣ ਲਈ ਖੁੱਲ੍ਹਾ ਛੱਡ ਦੇਈਏ ?"
ਲਾਰੈਂਸ ਇਕ ਦੋ ਪਲ ਚੁੱਪ ਰਿਹਾ। ਉਹ ਆਪ ਆਇਰਲੈਂਡ ਦਾ ਸ਼ਹਿਰੀ ਸੀ ਜਿਸ ਉੱਤੇ ਕਈ ਵਰ੍ਹਿਆਂ ਤੋਂ ਅੰਗਰੇਜ਼ ਹਕੂਮਤ ਨੇ ਜ਼ਬਦਸਤੀ ਕਬਜ਼ਾ ਕੀਤਾ ਹੋਇਆ ਸੀ। ਉਸ ਦੇ ਆਪਣੇ ਦਾਦਾ-ਪੜਦਾਦਾ ਆਇਰਲੈਂਡ ਨੂੰ ਆਜ਼ਾਦ ਕਰਾਉਣ ਲਈ ਅੰਗਰੇਜ਼ਾਂ ਵਿਰੁੱਧ ਲੜਦੇ ਆਏ ਸਨ ਅਤੇ ਇਹ ਲੜਾਈ ਹਾਲੇ ਵੀ ਜਾਰੀ ਸੀ। ਉਸ ਦੇ ਆਪਣੇ ਚਾਚੇ ਨੇ ਤਾਂ ਅੰਗਰੇਜ਼ਾਂ ਨੂੰ ਛੱਡ ਕੇ ਮਹਾਰਾਜਾ ਰਣਜੀਤ ਸਿੰਘ ਕੋਲ ਜਾ ਨੌਕਰੀ ਕੀਤੀ ਸੀ। ਕਦੀ-ਕਦੀ ਉਸ ਦੀ ਆਪਣੀ ਜ਼ਮੀਰ ਦੀ ਆਵਾਜ਼ ਉਸ ਨੂੰ ਇਸ ਬਾਰੇ ਪੁੱਛਦੀ ਪਰ ਉਸ ਦਾ ਆਪਣਾ ਸੁਆਰਥ ਉਸ ਉੱਤੇ ਭਾਰੂ ਹੋ ਜਾਂਦਾ।