"ਇਹ ਉਸੇ ਤਰ੍ਹਾਂ ਹੈ ਜਿਵੇਂ ਕਿੱਸਿਆਂ ਕਹਾਣੀਆਂ 'ਚ ਹੋਇਆ ਕਰਦਾ ਹੈ। ਕੁੜੀ ਦਾ ਜਨਮ ਹੁੰਦਿਆਂ ਹੀ ਮਾਂ ਨੇ ਕਿਸੇ ਭਰੋਸੇਮੰਦ ਆਦਮੀ ਜਾਂ ਔਰਤ ਦੇ ਜ਼ਰੀਏ ਇਸ ਨੂੰ ਕਿਸੇ 'ਮਹਿਫ਼ੂਜ਼ ਜਗ੍ਹਾ' ਪੁਚਾ ਦਿੱਤਾ; ਅਤੇ ਜਿੱਥੇ ਇਸ ਦੀ ਪਰਵਰਿਸ਼ ਹੁੰਦੀ ਰਹੀ।"
ਕੀਰਤ ਸਿੰਘ ਨੇ ਕੁੜੀ ਵੱਲ ਗੌਹ ਨਾਲ ਵੇਖਿਆ। ਦਰਮਿਆਨਾ ਕੱਦ, ਥੋੜ੍ਹਾ ਭਰਿਆ ਹੋਇਆ ਜੁੱਸਾ, ਸਿਰ ਦੇ ਵਾਲ ਕੁਝ ਭੂਰੇ, ਚਿਹਰਾ ਕੁਝ ਚੌੜਾ, ਅੱਖਾਂ ਮੋਟੀਆਂ-ਮੋਟੀਆਂ, ਪਰ ਭਰਵੱਟੇ ਕੁੜੀਆਂ ਵਾਂਗ ਪਤਲੇ ਹੋਣ ਦੀ ਬਜਾਏ ਕੁਝ ਭਾਰੇ, ਲੰਮੀ ਗਰਦਨ ਅਤੇ ਕੰਨਾਂ 'ਚ ਸੋਨੇ ਦੀਆਂ ਗੋਲ-ਗੋਲ ਮੁੰਦਰਾਂ।
"ਅਤੇ ਇਸ ਦਾ ਬਾਪ? ਸ਼ੇਰ ਸਿੰਘ, ਖੜਕ ਸਿੰਘ ਜਾਂ... ?"
"ਸੱਚ ਪੁੱਛੋ ਤਾਂ ਇਸ ਦੇ ਬਾਰੇ ਮੈਨੂੰ ਵੀ ਕੁਝ ਨਹੀਂ ਪਤਾ। ਮੁਮਕਿਨ ਹੈ ਕਿ ਇਸ ਦੀ ਪਾਲਣ ਵਾਲੀ ਨੂੰ ਵੀ ਪੂਰੀ ਤਰ੍ਹਾਂ ਪਤਾ ਨਾ ਹੋਵੇ। ਸੋਨੇ ਦੀਆਂ ਮੋਹਰਾਂ 'ਚ ਬੜੀ ਤਾਕਤ ਹੈ।"
"ਤੇ ਫੇਰ ਇਸ ਨੂੰ ਹੁਣ ਡਰ ਕਾਹਦਾ ?"
"ਸੋਨੇ ਦੀਆਂ ਮੋਹਰਾਂ ਜੇ ਚੁੱਪ ਕਰਾ ਸਕਦੀਆਂ ਹਨ ਤਾਂ ਜ਼ਬਾਨ ਖੁਲ੍ਹਵਾ ਵੀ ਸਕਦੀਆਂ ਹਨ। ਜੇ ਪਾਲਣਾ ਵਾਲੀ ਨੂੰ ਨਾ ਵੀ ਪਤਾ ਹੋਵੇ ਤਾਂ ਕੋਈ ਦਾਈ, ਕੋਈ ਕਨੀਜ...?"
"ਹੂੰ ।" ਕੀਰਤ ਸਿੰਘ ਆਪਣੇ ਨੱਕ ਨੂੰ ਖੁਰਚਦਿਆਂ ਅਤੇ ਸਮੱਸਿਆ ਦੀ ਨਾਜ਼ੁਕਤਾ ਬਾਰੇ ਸੋਚਦਿਆਂ ਬੋਲਿਆ, “ਪਰ ਇਸ ਵਿਚਾਰੀ ਤੋਂ ਕਿਸੇ ਨੂੰ ਕੀ ਡਰ ?"
"ਡਰ ?" ਸ਼ਾਹ ਬਖ਼ਸ਼ ਬੋਲਿਆ, "ਕੀ ਤੁਸੀਂ ਸੁਣਿਆ ਨਹੀਂ ਕਿ ਮਰਹੂਮ ਮਹਾਰਾਜਾ ਸ਼ੇਰ ਸਿੰਘ ਨੇ ਨੌਨਿਹਾਲ ਸਿੰਘ ਦੀ ਵਿਧਵਾ ਅਤੇ ਹਾਮਲਾ ਬੀਵੀ ਨਾਲ ਜਬਰ ਜਿਨਾਹ ਕਰਕੇ ਮਾਰ ਸੁੱਟਿਆ, ਤਾਂ ਕਿ ਉਸ ਦੀ ਭਾਵੀ ਔਲਾਦ ਅਤੇ ਤਖ਼ਤ ਦੇ ਹੱਕਦਾਰ ਦਾ ਖ਼ਾਤਮਾ ਹੋ ਜਾਵੇ।"
"ਹਾਂ, ਮੈਂ ਸੁਣਿਆ ਤੇ ਜ਼ਰੂਰ ਸੀ, ਪਰ ਵਿਸ਼ਵਾਸ ਨਹੀਂ ਸੀ ਆਇਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਐਸੀਆਂ ਕੋਝੀਆਂ ਹਰਕਤਾਂ ਕਰ ਸਕਦਾ ਹੈ।" ਕੀਰਤ ਸਿੰਘ ਅਫ਼ਸੋਸ ਜ਼ਾਹਰ ਕਰਦਿਆਂ ਅਤੇ ਸਿਰ ਹਿਲਾਉਂਦਿਆਂ ਬੋਲਿਆ। "ਚੱਲੋ ਛੱਡੋ ਸ਼ਾਹ ਜੀ ਇਨ੍ਹਾਂ ਗੱਲਾਂ ਨੂੰ । ਸੁਣ ਕੇ ਮਨ ਖ਼ਰਾਬ ਹੁੰਦਾ ਹੈ।"
"ਮਨ ਚਾਹੇ ਖ਼ਰਾਬ ਹੁੰਦਾ ਹੈ। ਪਰ ਹਕੀਕਤ ਅਤੇ ਸੱਚ ਨੂੰ ਅੱਖੋਂ ਓਹਲੇ ਕਰਦੇ ਰਹਿਣਾ ਵੀ ਤਾਂ ਕੋਈ ਸਿਆਣਪ ਨਹੀਂ।"
"ਤਾਂ ਫੇਰ ਤੁਹਾਡੇ ਵਾਲਦ ਸਾਹਿਬ ਨੇ ਇਸ ਬਾਰੇ ਵੀ ਲਿਖਿਆ ਹੋਵੇਗਾ, ਆਪਣੇ ਜੰਗਨਾਮੇ ਵਿੱਚ ?"
"ਇਸ ਬਾਰੇ ਤਾਂ ਨਹੀਂ, ਪਰ ਮਹਾਰਾਜਾ ਖੜਕ ਸਿੰਘ ਦੀ ਵਿਧਵਾ ਰਾਣੀ ਚੰਦ ਕੌਰ ਬਾਰੇ ਜ਼ਰੂਰ ਲਿਖਿਆ ਹੈ। ਉਸ ਨੂੰ ਵੀ ਸ਼ੇਰ ਸਿੰਘ ਨੇ ਮਰਵਾ ਦਿੱਤਾ ਸੀ।" ਸ਼ਾਹ ਬਖ਼ਸ਼ ਬੋਲਿਆ।
"ਉਸ ਨੂੰ ਵੀ ?" ਕੀਰਤ ਸਿੰਘ ਦੇ ਮੂੰਹੋਂ ਨਿਕਲਿਆ। "ਜੇ ਜ਼ਬਾਨੀ ਯਾਦ ਹੋਵੇ ਤਾਂ ਸੁਣਾਓ।"
"ਉਂਝ ਇਸ ਵੇਲੇ ਇਹ ਕੁਝ ਸੁਣਾਉਣ ਵਾਲਾ ਅਵਸਰ ਨਹੀਂ। ਪਰ ਜੇ ਕਹਿੰਦੇ ਹੋ ਤਾਂ ਸੁਣਾਉਂਦਾ ਹਾਂ :
'ਸ਼ੇਰ ਸਿੰਘ ਨੇ ਗੱਦੀ 'ਤੇ ਬੈਠ ਕੇ ਜੀ
ਰਾਣੀ ਕੈਦ ਕਰਕੇ ਕਿਲ੍ਹੇ ਵਿੱਚ ਪਾਈ
ਘਰ ਬੈਠਿਆਂ ਰੱਬ ਨੇ ਰਾਜ ਦਿੱਤਾ
ਦੇਖੋ ਮੱਲ ਬੈਠਾ ਸਾਰੀ ਪਾਤਸ਼ਾਹੀ
ਬਰਸ ਹੋਇਆ ਜਾਂ ਉਸ ਨੂੰ ਕੈਦ ਅੰਦਰ
ਰਾਣੀ ਦਿਲ ਦੇ ਵਿਚ ਜੋ ਜਿੱਚ ਆਈ
ਸ਼ਾਹ ਮੁਹੰਮਦਾ ਮਾਰ ਕੇ ਚੰਦ ਕੌਰਾਂ
ਸ਼ੇਰ ਸਿੰਘ ਨੇ ਗਲੋਂ ਬਲਾ ਲਾਹੀ'
"ਓਹ ! ਤਖ਼ਤ ਅਤੇ ਤਾਜ ਦੀ ਕਸ਼ਿਸ਼ ਆਦਮੀ ਨੂੰ ਕੀ ਦਾ ਕੀ ਬਣਾ ਦਿੰਦੀ ਹੈ।" ਕੀਰਤ ਸਿੰਘ ਜਿਵੇਂ ਆਪਣੇ ਆਪ ਨੂੰ ਕਹਿ ਰਿਹਾ ਸੀ।
"ਪਰ ਵੇਖੋ ਸਿੰਘ ਜੀ ਜੇ ਉਸ ਨੂੰ ਮਾਰਿਆ ਵੀ ਗਿਆ ਤਾਂ ਕਿਸ ਬੇਰਹਿਮੀ ਨਾਲ। ਉਸ ਦੀਆਂ ਨਿੱਜੀ ਦਾਸੀਆਂ ਨੂੰ ਸੋਨੇ ਦੀਆਂ ਮੋਹਰਾਂ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਆਪਣੇ ਵੱਲ ਕੀਤਾ ਅਤੇ ਦਾਸੀਆਂ ਨੇ ਸਿਲ-ਵੱਟੇ ਨਾਲ ਰਾਣੀ ਚੰਦ ਕੌਰ ਦਾ ਸਿਰ ਪਾੜ ਦਿੱਤਾ।"
"ਓਹ । ਇਹ ਨਹੀਂ ਸੀ ਮੈਨੂੰ ਪਤਾ।" ਕੀਰਤ ਸਿੰਘ ਦੁੱਖ ਨਾਲ ਸਿਰ ਹਿਲਾਉਂਦਿਆਂ ਬੋਲਿਆ।
"ਹੁਣ ਜੋ ਮੈਂ ਕਹਿਣਾ ਚਾਹੁੰਦਾ ਹਾਂ, ਅਤੇ ਜਿਸ ਦਾ ਖ਼ਤਰਾ ਵੀ ਹੈ, ਕਿ ਜੇ ਰਾਣੀ ਜਿੰਦ ਕੌਰ ਨੂੰ ਦਲੀਪ ਸਿੰਘ ਦੇ ਇਲਾਵਾ ਮਹਾਰਾਜੇ ਦੇ ਕਿਸੇ ਪੁੱਤਰ ਦੀ ਸੰਤਾਨ ਦਾ ਹੋਣਾ ਆਪਣੇ ਲਈ ਖ਼ਤਰਾ ਦਿਸਣ ਲੱਗੇ ਤਾਂ ਕੋਈ ਹੈਰਾਨੀ ਦੀ ਗੱਲ ਨਹੀਂ।"
"ਪਰ ਇਹ ਐਵੇਂ ਅਫ਼ਵਾਹ ਵੀ ਤੇ ਹੋ ਸਕਦੀ ਹੈ।" ਕੀਰਤ ਸਿੰਘ ਬੋਲਿਆ।
"ਅਫ਼ਵਾਹ ਜਾਂ ਸੱਚ । ਪਰ ਇਸ ਦੀ ਜਾਨ ਨੂੰ ਤਾਂ ਖ਼ਤਰਾ ਹੋ ਹੀ ਗਿਆ ।"
"ਹੂੰ। ਪਰ ਇਸ ਨੂੰ ਪੁਚਾਉਣਾ ਕਿੱਥੇ ਹੈ ?"
"ਰਸਤੇ 'ਚ ਇਕ ਪਿੰਡ ਵਿੱਚ ਛੱਡ ਦੇਣਾ ਹੈ। ਉੱਥੇ ਇਸ ਨੂੰ ਪਾਲਣ ਵਾਲੇ ਦੇ ਕੋਈ ਰਿਸ਼ਤੇਦਾਰ ਰਹਿੰਦੇ ਨੇ ।"
ਕੀਰਤ ਸਿੰਘ ਕੁਝ ਦੇਰ ਖੜਾ ਸੋਚਦਾ ਰਿਹਾ, ਫੇਰ ਬੋਲਿਆ:
"ਇੱਥੋਂ ਕਿੰਨੀ ਕੁ ਦੂਰ ?"
"ਕਾਫ਼ੀ ਦੂਰ, ਸ਼ੁਜਾਹਬਾਦ ਤੋਂ ਕੁਝ ਪਹਿਲਾਂ ।"
"ਤਾਂ ਤੇ ਕਾਫ਼ੀ ਦਿਨ ਲੱਗ ਜਾਣਗੇ ਉੱਥੇ ਪਹੁੰਚਦਿਆਂ ।" ਕੀਰਤ ਸਿੰਘ ਬੋਲਿਆ।
ਇਹ ਕਹਿ ਕੇ ਕੀਰਤ ਸਿੰਘ ਨੇ ਸ਼ਾਹ ਬਖ਼ਸ਼ ਸਾਹਮਣੇ ਇਹ ਸਮੱਸਿਆ ਰੱਖੀ ਕਿ 'ਇਸ' ਦੇ ਕੁੜੀ ਹੋਣ ਦੇ ਭੇਦ ਨੂੰ ਇਸ ਯਾਤਰਾ ਦੌਰਾਨ ਆਪਣੇ ਆਦਮੀਆਂ ਤੋਂ ਲੁਕਾਈ ਰੱਖਣਾ ਅਸੰਭਵ ਹੈ। ਕੁਝ ਦੇਰ ਵਿਚਾਰ-ਵਟਾਂਦਰਾ ਕਰਦੇ ਰਹਿਣ ਤੋਂ ਬਾਅਦ
ਕੀਰਤ ਸਿੰਘ ਨੇ ਆਪਣੇ ਸਿਪਾਹੀਆਂ ਸਾਹਮਣੇ ਅੱਧਾ ਕੁ ਸੱਚ ਦੱਸ ਦਿੱਤਾ ਕਿ ਇਹ ਮੁੰਡਾ ਨਹੀਂ, ਕੁੜੀ ਹੈ। ਇਸ ਦੀ ਜਾਨ ਨੂੰ ਖ਼ਤਰਾ ਹੈ ਤੇ ਕਿਸੇ ਸੁਰੱਖਿਅਤ ਸਥਾਨ 'ਤੇ ਪੁਚਾਉਣਾ ਹੈ। ਇਹ ਕੌਣ ਹੈ ? ਇਸ ਬਾਰੇ ਚੁੱਪ ਹੀ ਰਹੇ। ਸੁਣ ਕੇ ਸਾਰੇ ਸਿੱਖ ਘੋੜ ਚੜ੍ਹੇ ਉਸ ਵੱਲ ਹੈਰਾਨੀ ਅਤੇ ਉਤਸਕ ਨਜ਼ਰਾਂ ਨਾਲ ਤੱਕਣ ਲੱਗੇ। ਇਸ ਤੋਂ ਪਹਿਲਾਂ ਦਲੇਰ ਸਿੰਘ ਆਪਣੇ ਹਾਣ ਦੀ ਕਿਸੇ ਕੁੜੀ ਦੇ ਸੰਪਰਕ ਵਿੱਚ ਨਹੀਂ ਸੀ ਆਇਆ। ਇਸ ਵਿਚਾਰ ਨਾਲ ਕਿ ਕੁਝ ਦਿਨ ਤੱਕ ਉਹ ਇਸ ਕੁੜੀ ਨਾਲ ਰਹੇਗਾ, ਉਹ ਮਨ ਹੀ ਮਨ ਖੁਸ਼ ਹੋ ਰਿਹਾ ਸੀ।
"ਹੁਣ ਚੰਗਾ ਹੋਵੇ ਜੇ ਤੁਸੀਂ ਇਸ ਦੇ ਸਿਰ 'ਤੇ ਸਿੱਖਾਂ ਵਰਗੀ ਪੱਗ ਬੰਨ੍ਹ ਦੇਵੋ।" ਸ਼ਾਹ ਬਖ਼ਸ਼ ਆਪਣੇ ਝੋਲੇ 'ਚੋਂ ਇਕ ਪੱਗ ਅਤੇ ਖੰਡਾ ਕੱਢਦੇ ਹੋਏ ਬੋਲਿਆ।
ਕੀਰਤ ਸਿੰਘ ਨੇ ਰੂਪ ਦੇ ਸਿਰ ਤੋਂ ਕੁੱਲੇ ਦੁਆਲੇ ਵਲੀ ਹੋਈ ਪਠਾਣਾਂ ਵਾਲੀ ਪੱਗ ਉਤਾਰ ਕੇ ਸਿੱਖਾਂ ਵਰਗੀ ਪੱਗ ਬੰਨ੍ਹ ਦਿੱਤੀ। ਫੇਰ ਖੂਹ ਤੋਂ ਘੋੜਿਆਂ ਨੂੰ ਪਾਣੀ ਪਿਆ ਕੇ ਜਦ ਕੀਰਤ ਸਿੰਘ ਦਾ ਦਸਤਾ ਤੁਰਨ ਲੱਗਾ ਤਾਂ ਉਸ ਨੇ ਸ਼ਾਹ ਬਖ਼ਸ਼ ਤੋਂ ਪੁੱਛਿਆ:
“ਹੁਣ ਤੁਸੀਂ ਵਾਪਸ ਜਾਓਗੇ ਕਿ ਰੂਪ ਕੌਰ ਨਾਲ ?"
"ਮੈਂ ਰੂਪ ਨੂੰ ਉਸ ਪਿੰਡ 'ਚ ਛੱਡਣ ਤੱਕ ਤੁਹਾਡੇ ਨਾਲ ਹੀ ਜਾਵਾਂਗਾ।"
"ਚੱਲੋ ਇਹ ਵੀ ਵਧੀਆ। ਤੁਹਾਡੇ ਕੋਲੋਂ ਤੁਹਾਡੇ ਵਾਲਦ ਦਾ ਲਿਖਿਆ ਜੰਗਨਾਮਾ ਸੁਣਾਂਗਾ। ਉਂਝ ਤੁਹਾਨੂੰ ਸ਼ਾਇਦ ਪਤਾ ਹੀ ਹੋਵੇਗਾ ਕਿ ਇਹ ਜੰਗਨਾਮਾ ਖ਼ਾਲਸਾ ਫ਼ੌਜ ਅਤੇ ਆਮ ਲੋਕਾਂ 'ਚ ਕਾਫ਼ੀ ਮਸ਼ਹੂਰ ਅਤੇ ਮਕਬੂਲ ਹੋ ਗਿਆ ਹੈ, ਇਕ ਦੂਜੇ ਤੋਂ ਸੁਣਦਿਆਂ ਸੁਣਾਉਂਦਿਆਂ। ਜਿਨ੍ਹਾਂ ਨੂੰ ਇਕ ਦੋ ਬੰਦ ਹੀ ਯਾਦ ਹਨ ਉਹ ਇਸ 'ਚ ਆਪਣੇ ਵੱਲੋਂ ਕਈ ਕੁਝ ਜੋੜ ਦੇਂਦੇ ਹਨ। ਮੈਨੂੰ ਵੀ ਕੁਝ ਬੰਦ ਜ਼ਬਾਨੀ ਯਾਦ ਹਨ। ਉਹ ਸੱਚਮੁਚ ਤੁਹਾਡੇ ਵਾਲਦ ਸ਼ਾਹ ਮੁਹੰਮਦ ਹੁਰਾਂ ਦੇ ਲਿਖੇ ਹੋਏ ਹਨ ਇਸ ਬਾਰੇ ਕੁਝ ਨਹੀਂ ਕਹਿ ਸਕਦਾ।"
"ਹੁਣ ਗੱਲ ਤੁਰੀ ਤਾਂ ਮੈਂ ਇਹ ਵੀ ਦੱਸ ਦੇਵਾਂ" ਸ਼ਾਹ ਬਖ਼ਸ਼ ਕਹਿਣ ਲੱਗਾ, "ਫਰੰਗੀਆਂ ਅਤੇ ਰਾਣੀ ਜਿੰਦਾਂ ਨੂੰ ਵੀ ਇਸ ਜੰਗਨਾਮੇ ਦੇ ਲਿਖੇ ਜਾਣ ਬਾਰੇ ਸੂਹ ਮਿਲ ਗਈ ਹੋਈ ਹੈ। ਕੋਈ ਵੀ ਹੁਕਮਰਾਨ ਇਹ ਨਹੀਂ ਚਾਹਵੇਗਾ ਕਿ ਉਨ੍ਹਾਂ ਬਾਰੇ ਕੋਈ ਸੱਚੋ ਸੱਚ ਲਿਖੇ। ਅਤੇ ਹੁਣ ਮੇਰੇ ਵਾਲਦ ਸਾਹਿਬ ਨੇ ਉਸ ਜੰਗਨਾਮੇ ਦੀ ਇਕ ਨਕਲ ਮੇਰੇ ਸਪੁਰਦ ਕੀਤੀ ਹੈ ਤਾਂ ਕਿ ਮੈਂ ਇਸ ਨੂੰ ਕਿਸੇ ਮਹਿਫ਼ੂਜ਼ ਮੁਕਾਮ 'ਤੇ ਪੁਚਾ ਦੇਵਾਂ।"
"ਸਭ ਕੋਈ ਮਹਿਫ਼ੂਜ਼ ਸਥਾਨ 'ਤੇ ਪਹੁੰਚਣਾ ਚਾਹੁੰਦਾ ਹੈ ।" ਕੀਰਤ ਸਿੰਘ ਬੋਲਿਆ।
"ਲਾਹੌਰ 'ਚ ਹੁਣ ਕੌਣ ਮਹਿਫ਼ੂਜ਼ ਹੈ ਸਰਦਾਰ ਸਾਹਿਬ। ਅੱਜ ਜਿਸ ਨੂੰ ਹਾਥੀ ਉੱਤੇ ਸਵਾਰ ਅਤੇ ਪੱਗ 'ਤੇ ਕਲਗੀ ਲਾਈ ਵੇਖਦੇ ਹਾਂ, ਦੂਜੇ ਦਿਨ ਉਸ ਦੀ ਪੱਗ ਅਤੇ ਲਾਸ਼ ਮਿੱਟੀ 'ਚ ਰੁਲਦੀ ਦਿਸਦੀ ਹੈ।"
"ਸੱਚ ਕਿਹਾ ਸ਼ਾਹ ਜੀ, ਸੱਚ ਕਿਹਾ।" ਕੀਰਤ ਸਿੰਘ ਦੁੱਖ ਨਾਲ ਸਿਰ ਹਿਲਾਉਂਦਿਆਂ ਬੋਲਿਆ, "ਵੇਖਦੇ ਹੀ ਵੇਖਦੇ ਮਹਾਰਾਜਾ ਖੜਕ ਸਿੰਘ, ਕੁੰਵਰ ਨੌਨਿਹਾਲ ਸਿੰਘ, ਡੋਗਰੇ ਵਜ਼ੀਰ, ਸੰਧਾਵਾਲੀਏ ਖ਼ਤਮ ਹੋ ਗਏ। ਤੇ... ਤੇ ਹੁਣ ਕਵਿਤਾ-ਕਿੱਸਿਆਂ ਤੋਂ ਵੀ ਸਰਕਾਰਾਂ ਨੂੰ ਖ਼ਤਰਾ ਦਿਸਣ ਲੱਗਾ ।"
"ਤਲਵਾਰ ਦੀ ਮਾਰ ਇਕ ਵਾਰ, ਪਰ ਹਰਫ਼ ਦੀ ਮਾਰ ਸਦੀਆਂ ਤੱਕ।" ਸ਼ਾਹ ਬਖ਼ਸ਼ ਨੇ ਆਖਿਆ।
***
3
ਸ਼ਾਹ ਬਖ਼ਸ਼ ਨੇ ਆਪਣੇ ਮੁਸਲਮਾਨ ਅੰਗ-ਰੱਖਿਅਕਾਂ ਨੂੰ ਵਾਪਸ ਭੇਜ ਦਿੱਤਾ। ਅੱਗੇ ਤੁਰਨ ਲੱਗਿਆਂ ਕੀਰਤ ਸਿੰਘ ਨੇ ਸਾਰਿਆਂ ਨੂੰ ਕਈ ਹਦਾਇਤਾਂ ਦੇਣ ਦੇ ਨਾਲ ਇਹ ਵੀ ਹਦਾਇਤ ਦਿੱਤੀ ਕਿ ਰੂਪ ਕੌਰ ਨੂੰ ਸਾਰੇ ਰੂਪ ਸਿੰਘ ਜਾਂ ਸਿਰਫ਼ ਰੂਪਾ ਕਹਿ ਕੇ ਸੰਬੋਧਨ ਕਰਨਗੇ।
ਉਨ੍ਹਾਂ ਦੇ ਘੋੜੇ ਚਾਹੇ ਤੇਜ਼ ਦੌੜਦੇ, ਚਾਹੇ ਹੌਲੀ ਚੱਲਦੇ, ਉਹ ਆਪਣੇ ਖੁਰਾਂ ਨਾਲ ਧੂੜ ਦੇ ਬੱਦਲ ਉਡਾਉਂਦੇ ਜਾਂਦੇ, ਬੜੀ ਬਰੀਕ ਅਤੇ ਹਰ ਥਾਵੇਂ ਪਹੁੰਚ ਜਾਣ ਵਾਲੀ ਧੂੜ। ਸੂਰਜ ਚੜ੍ਹਿਆ ਚਾਹੇ ਹਾਲੇ ਇਕ ਘੜੀ ਹੀ ਕੀਤੀ ਸੀ ਪਰ ਹਵਾ 'ਚ ਸ਼ੀਤਲਤਾ ਸੀ। ਸੂਰਜ ਚੜ੍ਹਨ ਦੀ ਦਿਸ਼ਾ ਵੱਲ ਜਾਣ ਕਰਕੇ ਧੁੱਪ ਉਨ੍ਹਾਂ ਦੀਆਂ ਅੱਖਾਂ 'ਚ ਪੈ ਰਹੀ ਸੀ। ਧੂੜ ਅਤੇ ਧੁੱਪ ਤੋਂ ਬਚਣ ਲਈ ਸਾਰਿਆਂ ਨੇ ਆਪਣੀਆਂ ਪੱਗਾਂ ਦੇ ਲੜਾਂ ਨਾਲ ਆਪਣੇ ਚਿਹਰੇ ਪੂਰੀ ਤਰ੍ਹਾਂ ਢਕ ਲਏ ਹੋਏ ਸਨ। ਇਕ ਕਾਫ਼ਲੇ ਦੇ ਗੱਡੇ ਆਪਣੀ ਹੌਲੀ ਚਾਲ ਚੱਲਦਿਆਂ ਵਿਪਰੀਤ ਦਿਸ਼ਾ ਤੋਂ ਆ ਰਹੇ ਸਨ। ਗੱਡਿਆਂ ਨੂੰ ਹਿੱਕਣ ਵਾਲਿਆਂ 'ਚ ਕੁਝ ਸੁੱਤੇ ਜਿਹੇ, ਕੁਝ ਹੁੱਕਾ ਪੀਂਦੇ ਦਿਸ ਰਹੇ ਸਨ। ਉਨ੍ਹਾਂ ਦੇ ਪਿੱਛੇ ਇਸ ਕਾਫ਼ਲੇ ਦੇ ਅੰਗ-ਰੱਖਿਅਕ ਘੋੜ-ਸਵਾਰਾਂ ਦਾ ਇਕ ਦਸਤਾ ਵੀ ਚੱਲਦਾ ਆ ਰਿਹਾ ਸੀ। ਜਦ ਵੀ ਕੋਈ ਕਾਫਲਾ ਜਾਂ ਗੱਡਾ ਰਸਤੇ 'ਚ ਮਿਲਦਾ ਤਾਂ ਉਨ੍ਹਾਂ ਨੂੰ ਆਪਣੇ ਘੋੜੇ ਰਸਤੇ ਤੋਂ ਇਕ ਪਾਸੇ ਕਰਨੇ ਪੈਂਦੇ। ਉਂਝ ਇਹ ਸੜਕ ਨਾਮ ਦੀ ਹੀ ਸੀ। ਬਸ ਗੱਡਿਆਂ ਅਤੇ ਘੋੜਿਆਂ ਦੇ ਆਉਣ ਜਾਣ ਨਾਲ ਬਣੀ ਸੁੱਕੇ ਖੇਤਾਂ, ਮੈਦਾਨਾਂ 'ਚੋਂ ਲੰਘਦਾ ਹੋਇਆ ਇਕ ਚੌੜਾ ਜਿਹਾ ਰਸਤਾ। ਬਲਦਾਂ ਦੇ ਗਲਾਂ 'ਚ ਪਾਈਆਂ ਟੱਲੀਆਂ ਦੀ ਟਨ-ਟਨ ਵਾਤਾਵਰਨ ਦੀ ਨੀਰਸਤਾ ਨੂੰ ਤੋੜਦੀ ਜਾਪ ਰਹੀ ਸੀ। ਕਿਸੇ ਪਿੰਡ ਦੇ ਬਾਹਰੋਂ ਲੰਘਦੇ ਤਾਂ ਤੀਵੀਆਂ ਸਿਰ 'ਤੇ ਘੜੇ ਚੁੱਕੀ ਕਿਸੇ ਮਿੱਠੇ ਪਾਣੀ ਦੇ ਖੂਹ ਤੋਂ ਪਾਣੀ ਭਰਨ ਜਾਂਦੀਆਂ ਜਾਂ ਲਿਆਉਂਦੀਆਂ ਦਿਸਦੀਆਂ। ਅੱਧ ਨੰਗੇ ਬੱਚੇ ਆਪਣੇ ਹਨੇਰੇ ਭਵਿੱਖ ਤੋਂ ਬੇਖ਼ਬਰ ਦੌੜਦੇ ਖੇਡਦੇ ਨਜ਼ਰ ਆ ਰਹੇ ਸਨ।
ਦੋ ਤਿੰਨ ਘੰਟੇ ਘੋੜੇ ਦੁੜਾਉਂਦੇ ਰਹਿਣ ਤੋਂ ਬਾਅਦ ਘੋੜਿਆਂ ਨੂੰ ਸਾਹ ਦਵਾਉਣ ਦੀ ਖ਼ਾਤਰ ਉਨ੍ਹਾਂ ਦੀ ਰਫ਼ਤਾਰ ਹੌਲੀ ਕਰ ਲਈ। ਰਸਤੇ 'ਚ ਦਲੇਰ ਸਿੰਘ ਕਿਸੇ ਵੇਲੇ ਰੂਪ ਕੌਰ ਵੱਲ ਤੱਕਦਿਆਂ ਉਸ ਦੇ ਘੋੜੇ ਦੇ ਨਾਲ-ਨਾਲ ਘੋੜਾ ਦੁੜਾਉਣ ਲੱਗਦਾ। ਇਸ ਖੂਬਸੂਰਤ ਕੁੜੀ ਦੇ ਨਾਲ ਹੋਣ ਕਾਰਨ ਦਲੇਰ ਸਿੰਘ ਆਪਣੇ ਇਸ ਸਫਰ ਦੇ ਖ਼ਤਰਿਆਂ ਬਾਰੇ ਬਿਲਕੁਲ ਹੀ ਭੁੱਲ ਗਿਆ ਅਤੇ ਉਸ ਨੂੰ ਰੂਪ ਦਾ ਸਾਥ ਬਹੁਤ ਚੰਗਾ ਅਤੇ ਸੁਖਦਾਈ ਮਹਿਸੂਸ ਹੋਣ ਲੱਗਾ। ਰੂਪ ਕੌਰ ਹੁਣ 'ਰੂਪ ਸਿੰਘ ਦੇ ਰੂਪ ਵਿੱਚ ਹੋਰ ਵੀ ਆਕਰਸ਼ਕ ਲੱਗ ਰਹੀ ਸੀ। ਜਦ ਉਹ ਇਕ ਪਿੰਡ ਦੇ ਬਾਹਰ ਘੋੜਿਆਂ ਨੂੰ ਪਾਣੀ
ਪਿਲਾਉਣ ਲਈ ਰੁਕੇ ਤਾਂ ਦਲੇਰ ਸਿੰਘ ਝੱਟ ਆਪਣੇ ਘੋੜੇ ਤੋਂ ਛਾਲ ਮਾਰ ਕੇ ਰੂਪ ਨੂੰ ਘੋੜੇ ਤੋਂ ਉਤਾਰਨ ਲਈ ਉਸ ਕੋਲ ਜਾ ਪਹੁੰਚਿਆ। ਰੂਪ ਨੇ ਵੀ ਮੁਸਕਰਾ ਕੇ ਉਸ ਵੱਲ ਤੱਕਿਆ ਅਤੇ ਉਸ ਦੇ ਹੱਥ ਦਾ ਸਹਾਰਾ ਲੈ ਕੇ ਥੱਲੇ ਉੱਤਰ ਗਈ। ਪਰ ਅੰਦਰੋਂ ਉਸ ਦਾ ਧਿਆਨ ਕੀਰਤ ਸਿੰਘ ਵੱਲ ਸੀ। ਤਿੰਨ ਘੰਟੇ ਦੀ ਇਸ ਘੋੜ-ਸਵਾਰੀ ਕਾਰਨ ਉਸ ਦੀਆਂ ਲੱਤਾਂ ਆਕੜੀਆਂ ਹੋਈਆਂ ਸਨ ਅਤੇ ਉਸ ਨੂੰ ਧਰਤੀ 'ਤੇ ਪੈਰ ਰੱਖ ਕੇ ਆਪਣਾ ਸੰਤੁਲਨ ਕਾਇਮ ਰੱਖਣਾ ਮੁਸ਼ਕਿਲ ਹੋਣ ਲੱਗਾ। ਦਲੇਰ ਸਿੰਘ ਨੇ ਉਸ ਦੇ ਲੱਕ ਦੁਆਲੇ ਬਾਂਹ ਵਲ ਕੇ ਉਸ ਨੂੰ ਸਹਾਰਾ ਦਿੱਤਾ।
"ਸਾਵਧਾਨ ਦਲੇਰ ਸਿੰਘ ਸਾਵਧਾਨ।" ਕੀਰਤ ਸਿੰਘ ਮਨ ਹੀ ਮਨ ਕਹਿ ਉੱਠਿਆ, "ਇਹ ਸ਼ਾਹੀ ਖ਼ਾਨਦਾਨ ਦੀ ਔਰਤ ਹੈ।" ਫੇਰ ਉਸ ਨੇ ਦੂਜਿਆਂ ਵੱਲ ਤੱਕਦਿਆਂ ਆਖਿਆ:
"ਸਾਨੂੰ ਬਹੁਤ ਸਾਵਧਾਨ ਹੋ ਕੇ ਚੱਲਣਾ ਪਵੇਗਾ ਸ਼ਾਹ ਸਾਹਿਬ । ਸਾਰੇ ਪੰਜਾਬ 'ਚ ਨੌਕਰੀਓਂ ਬਰਖ਼ਾਸਤ ਕੀਤੇ ਵਿਹਲੇ ਸਿਪਾਹੀ ਜੁੰਡਲੀਆਂ ਬਣਾ ਕੇ ਇੱਧਰ-ਉੱਧਰ ਘੁੰਮ ਰਹੇ ਨੇ । ਤੁਸੀਂ ਰਸਤੇ 'ਚ ਵੇਖਿਆ ਹੀ ਹੋਵੇਗਾ।"
"ਹਾਂ, ਮੈਂ ਵੇਖ ਰਿਹਾ ਹਾਂ ਸਿੰਘ ਜੀ। ਐਨੇ ਵਰ੍ਹੇ ਸਿਪਾਹੀਗਿਰੀ ਕਰਨ ਤੋਂ ਬਾਅਦ ਤਲਵਾਰ ਦੀ ਥਾਵੇਂ ਹਲ ਨੂੰ ਏਨੀ ਅਸਾਨੀ ਨਾਲ ਨਹੀਂ ਫੜਿਆ ਜਾ ਸਕਦਾ। ਹੁਣ ਧਾੜਵੀ ਬਣ ਕੇ ਲੁੱਟ ਮਾਰ ਕਰਦੇ ਘੁੰਮ ਫਿਰ ਰਹੇ ਹਨ। ਕੋਈ ਇਕੱਲਾ ਦੁਕੱਲਾ ਮੁਸਾਫ਼ਿਰ ਇਨ੍ਹਾਂ ਤੋਂ ਮਹਿਫ਼ੂਜ਼ ਨਹੀਂ।"
ਪਾਣੀ ਪੀਣ ਅਤੇ ਘੋੜਿਆਂ ਨੂੰ ਸਾਹ ਦਿਵਾਉਣ ਤੋਂ ਬਾਅਦ ਉਹ ਫੇਰ ਤੁਰ ਪਏ। ਪੰਦਰਾਂ ਕੁ ਮੀਲ ਧੂੜ ਦੇ ਬੱਦਲ ਉਡਾਉਣ ਤੋਂ ਬਾਅਦ ਉਨ੍ਹਾਂ ਨੇ ਵੇਖਿਆ ਕਿ ਕਾਫੀ ਸਾਰੇ ਫ਼ੌਜੀ ਸਿਪਾਹੀ ਇਕ ਵਿਸ਼ਾਲ ਬੋਹੜ ਥੱਲੇ ਬੈਠੇ ਪੱਥਰਾਂ ਦੇ ਚੁੱਲ੍ਹੇ ਬਣਾ ਕੇ ਕੁਝ ਰਿੰਨ ਪਕਾ ਰਹੇ ਸਨ।
"ਚੰਗਾ ਹੋਵੇ ਜੇ ਅਸੀਂ ਇਨ੍ਹਾਂ ਕੋਲ ਕੁਝ ਪਲ ਰੁਕ ਕੇ ਇਨ੍ਹਾਂ ਨਾਲ ਦੋ ਚਾਰ ਗੱਲਾਂ ਕਰ ਲਈਏ। ਵਰਨਾ ਬਹੁਤ ਅਸੁਭਾਵਿਕ ਲੱਗੇਗਾ।" ਕੀਰਤ ਸਿੰਘ ਨੇ ਸੁਝਾਅ ਦਿੱਤਾ।
ਸ਼ਾਹ ਮੁਹੰਮਦ ਬਖ਼ਸ਼ ਨੇ 'ਹਾਂ' 'ਚ ਸਿਰ ਹਿਲਾ ਦਿੱਤਾ। ਕੀਰਤ ਸਿੰਘ ਦੇ ਇਸ਼ਾਰੇ ਨਾਲ ਰੂਪ ਅਤੇ ਦਲੇਰ ਸਿੰਘ ਨੇ ਆਪਣੀਆਂ ਪੱਗਾਂ ਦੇ ਲੜ ਆਪਣੇ ਚਿਹਰਿਆਂ ਦੁਆਲੇ ਵਲ ਕੇ ਆਪਣੇ ਮੂੰਹ ਢਕ ਲਏ।
ਉਨ੍ਹਾਂ ਆਪਣੇ ਘੋੜਿਆਂ ਦੀ ਲਗਾਮ ਖਿੱਚੀ ਅਤੇ ਘੋੜਿਆਂ 'ਤੇ ਬੈਠਿਆਂ ਬੈਠਿਆਂ 'ਵਾਹਿਗੁਰੂ ਜੀ ਕਾ ਖ਼ਾਲਸਾ' ਆਖਿਆ। ਅੱਗਿਓਂ'' ਵਾਹਿਗੁਰੂ ਜੀ ਕੀ ਫਤਿਹ ਆਖਦਿਆਂ ਉਨ੍ਹਾਂ 'ਚੋਂ ਇਕ ਸਿੰਘ ਬੋਲਿਆ:
"ਆਓ, ਸਾਡੇ ਨਾਲ ਬੈਠ ਕੇ ਪ੍ਰਸ਼ਾਦਾ ਛੱਕਦੇ ਜਾਓ।"
"ਨਹੀਂ, ਅਸੀਂ ਲਾਹੌਰ ਤੋਂ ਖੂਬ ਢਿੱਡ ਭਰ ਕੇ ਤੁਰੇ ਸਾਂ।"
"ਓਹ । ਤਾਂ ਤੁਸੀਂ ਲਾਹੌਰ ਤੋਂ ਆ ਰਹੇ ਹੋ। ਕੀ ਹੈ ਉੱਥੋਂ ਦੀ ਤਾਜਾ ਖ਼ਬਰ ?”
"ਕੁਝ ਖ਼ਾਸ ਨਹੀਂ। ਸਭ ਕੁਝ ਸ਼ਮਸ਼ਾਨ ਵਾਂਗ ਚੁੱਪ। ਲੋਕਾਂ ਦਾ ਕਹਿਣਾ ਹੈ ਕਿ ਫਰੰਗੀ ਇੱਥੋਂ ਛੇਤੀ ਹੀ ਚਲੇ ਜਾਣਗੇ ।" ਕੀਰਤ ਸਿੰਘ ਨੇ ਉੱਤਰ ਦੇਂਦਿਆਂ ਆਖਿਆ।