ਯੁੱਗ ਕਿਵੇਂ ਬਦਲਦੇ ਹਨ?
ਡਾ. ਅੰਮ੍ਰਿਤ
ਨਰਿੰਦਰ ਸਿੰਘ ਕਪੂਰ ਦੇ ਅਗਿਆਨ ਪ੍ਰਦਰਸ਼ਨ 'ਤੇ ਟਿੱਪਣੀ
4 ਨਵੰਬਰ, 2012 ਦੇ ਪੰਜਾਬੀ ਟ੍ਰਿਬਿਊਨ ਵਿੱਚ ਸ਼੍ਰੀ ਨਰਿੰਦਰ ਸਿੰਘ ਕਪੂਰ ਹੁਰਾਂ ਦਾ ਲੇਖ "ਯੁੱਗ ਕਿਵੇਂ ਬਦਲਦੇ ਹਨ ?" ਛਪਿਆ। ਇਸ ਲੇਖ ਵਿੱਚ ਉਹਨਾਂ ਨੇ ਮਨੁੱਖੀ ਸਮਾਜ ਕਿਵੇਂ ਬਦਲਦਾ ਹੈ, ਇਸਦੇ ਪੜਾਵਾਂ ਤੇ ਇਸ 'ਚ ਆਉਂਦੇ ਬਦਲਾਵਾਂ ਬਾਰੇ ਕਾਫ਼ੀ ਕੁਝ ਲਿਖਿਆ ਹੈ ਅਤੇ ਨਾਲ ਹੀ ਯੁੱਗਾਂ ਦੇ ਬਦਲਣ 'ਚ ਵਿਅਕਤੀ ਦੀ ਭੂਮਿਕਾ, ਪੱਛਮ ਤੇ ਪੂਰਬ ਖਾਸ ਤੌਰ 'ਤੇ ਭਾਰਤ ਦੇ ਇਤਿਹਾਸ 'ਤੇ ਕਈ ਟਿੱਪਣੀਆਂ ਵੀ ਕੀਤੀਆਂ ਹਨ। ਕਿਉਂਕਿ ਸ਼੍ਰੀ ਕਪੂਰ ਪੰਜਾਬ ਦੇ ਕਾਫ਼ੀ ਲਿਖਣ ਵਾਲੇ ਤੇ ਪੜ੍ਹੇ ਜਾਣ ਵਾਲੇ ਵਿਦਵਾਨ ਹਨ, ਉਹ ਯੂਨੀਵਰਸਿਟੀ ਪੱਧਰ 'ਤੇ ਪ੍ਰੋਫੈਸਰ ਦੇ ਅਹੁਦੇ 'ਤੇ ਰਹਿ ਕੇ ਅਧਿਆਪਨ ਦਾ ਕੰਮ ਕਰ ਚੁੱਕੇ ਹਨ ਅਤੇ ਸੰਭਵ ਹੈ ਕਿ ਉਹਨਾਂ ਦੇ ਵਿਚਾਰਾਂ ਨੂੰ ਪੜ੍ਹ ਕੇ ਬਹੁਤ ਸਾਰੇ ਆਮ ਲੋਕ ਤੇ ਪਾਠਕ ਧਾਰਨਾਵਾਂ ਬਣਾਉਂਦੇ ਹੋਣਗੇ, ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਉਹਨਾਂ ਦੇ ਵਿਚਾਰਾਂ ਦੀ ਪੜਚੋਲ ਕੀਤੀ ਜਾਵੇ।
ਕਪੂਰ ਹੁਰਾਂ ਦੇ ਮੁੱਖ ਤਰਕ ਅਨੁਸਾਰ "ਸਪੱਸ਼ਟ ਰੂਪ 'ਚ ਯੁੱਗ ਉਦੋਂ ਬਦਲਦਾ ਹੈ, ਜਦੋਂ ਮਨੁੱਖ ਊਰਜਾ ਦਾ ਨਵਾਂ ਵਿਆਪਕ ਸ੍ਰੋਤ ਲੱਭਦਾ ਹੈ । ਉਹਨਾਂ ਅਨੁਸਾਰ ਊਰਜਾ ਦੇ ਸ੍ਰੋਤ ਕਿਹੜੇ ਹਨ" - ਮਨੁੱਖ ਦਾ ਆਪਣਾ ਸਰੀਰਕ ਬਲ, ਫਿਰ ਪਸ਼ੂਆਂ ਦਾ ਬਲ, ਤੀਜਾ ਮਕਾਨਕੀ ਬਲ (ਇਹ ਤਿੰਨੇ ਬਲ ਮਨੁੱਖ ਵਰਤਣਾ ਸਿੱਖ ਚੁੱਕਾ ਹੈ) ਅਤੇ ਚੌਥਾ ਹੈ ਸੂਰਜੀ ਊਰਜਾ । ਸ਼੍ਰੀ ਕਪੂਰ ਇਹਨਾਂ ਊਰਜਾ ਦੇ ਸ੍ਰੋਤਾਂ ਦੇ ਅਧਾਰ 'ਤੇ ਮਨੁੱਖੀ ਇਤਿਹਾਸ ਦੇ ਵਿਕਾਸ ਨੂੰ ਤਿੰਨ ਯੁੱਗਾਂ 'ਚ ਵੰਡਦੇ ਹਨ- ਮਨੁੱਖ ਦੇ ਸਰੀਰਕ ਬਲ ਦੇ ਅਨੁਸਾਰੀ‘ਸ਼ਿਕਾਰ ਯੁੱਗ’, ਪਸ਼ੂ ਬਲ ਦੇ ਅਨੁਸਾਰੀ ‘ਖੇਤੀਯੁੱਗ' ਅਤੇ ਮਕਾਨਕੀ ਬਲ ਦੇ ਅਨੁਸਾਰੀ ‘ਉਦਯੋਗਿਕ ਯੁੱਗ'। ਪਰ ਪੂਰੇ ਲੇਖ 'ਚ ਉਹ ਇਹ ਨਹੀਂ ਦੱਸਦੇ ਕਿ ਸੂਰਜੀ ਊਰਜਾ ਦੇ ਅਨੁਸਾਰੀ ਅਗਲੇਰਾ ਯੁੱਗ ਕਿਹੜਾ ਹੋਵੇਗਾ ? ਇੱਕ ਹੋਰ ਵਾਧਾ ਉਹ ਇਹ ਕਰਦੇ ਹਨ - ਸ਼ਿਕਾਰਯੁੱਗ ਸ਼ਿਕਾਰ ਜਾਂ ਪਸ਼ੂ-ਕੇਂਦਰਿਤ ਸੀ, ਖੇਤੀਯੁੱਗ ਧਰਮ ਜਾਂ ਰੱਬ-ਕੇਂਦਰਿਤ ਸੀ, ਜਦੋਂਕਿ ਉਦਯੋਗਿਕ ਯੁੱਗ ਵਿਗਿਆਨ ਤੇ ਮਨੁੱਖ ਕੇਂਦਰਿਤ ਹੈ। ਇੱਥੇ ਉਹ ਇੱਕ ਵਾਰ ਫਿਰ ਇਹ ਨਹੀਂ ਦੱਸਦੇ ਕਿ ਸੂਰਜੀ ਊਰਜਾ ਵਾਲਾ ਯੁੱਗ ਕੀ( ?)-ਕੇਂਦਰਿਤ ਹੋਵੇਗਾ ? ਇਸ ਪੂਰੇ ਵਿਖਿਆਨ 'ਚ ਉਹ ਇਤਿਹਾਸਕ ਤੇ ਮਨੁੱਖੀ ਨਰ-ਵਿਗਿਆਨ ਸਬੰਧੀ ਤੱਥਾਂ ਦੀ ਕਿਵੇਂ ਅਹੀ-ਤਹੀ ਕਰਦੇ ਹਨ, ਇਸ ਉੱਤੇ ਵੀ ਅਸੀਂ ਅਲੱਗ ਤੋਂ ਨਿਗਾਹ ਪਾਵਾਂਗੇ । ਸ੍ਰੀ ਕਪੂਰ ਦੀ ਇਸ ਥੋਥੀ ਇਤਿਹਾਸਕ
ਵੰਡ ਨੂੰ ਸਮਝਣ ਲਈ ਸਾਨੂੰ ਮਨੁੱਖੀ ਵਿਕਾਸ ਦੇ ਇਤਿਹਾਸ ਬਾਰੇ ਕੁਝ ਵਿਸਥਾਰ 'ਚ ਆਪਣੀ ਗੱਲ ਕਰਨੀ ਪਵੇਗੀ।
ਮਨੁੱਖੀ ਵਿਕਾਸ ਨੂੰ ਆਮ ਤੌਰ 'ਤੇ ਇਤਿਹਾਸਿਕ ਕਾਲ ਅਤੇ ਪੂਰਵ-ਇਤਿਹਾਸਿਕ ਕਾਲ 'ਚ ਵੰਡਿਆ ਜਾਂਦਾ ਹੈ । ਇਤਿਹਾਸਿਕ ਕਾਲ ਦੌਰਾਨ ਮਨੁੱਖੀ ਸਮਾਜ ਨੇ ਪਿਛਲੇਰੇ ਕਬਾਇਲੀ ਸਮਾਜ ਜੋ ਆਪਣੇ ਪਤਨ ਦੇ ਰਾਹੇ ਪੈ ਚੁੱਕਿਆ ਸੀ, ਪ੍ਰਾਚੀਨ ਸਮਾਜ (ਜੋ ਮੁੱਖ ਤੌਰ 'ਤੇ ਗੁਲਾਮਦਾਰੀ ਅਧਾਰਤ ਸਮਾਜ ਸੀ), ਜਗੀਰਦਾਰੀ ਅਧਾਰਤ ਸਮਾਜ, ਸਰਮਾਏਦਾਰੀ ਦੌਰ ਅਤੇ ਸਮਾਜਵਾਦੀ ਪੜਾਅ ਤੱਕ ਦਾ ਸਫ਼ਰ ਤੈਅ ਕੀਤਾ ਹੈ। ਸੰਸਾਰ ਦੇ ਅਲੱਗ-ਅਲੱਗ ਹਿੱਸਿਆਂ 'ਚ ਇਹਨਾਂ ਪੜਾਵਾਂ ਦਾ ਸਮਾਂ, ਲੱਛਣ ਅਲੱਗ-ਅਲੱਗ ਰਹੇ ਹਨ ਅਤੇ ਵੱਖ- ਵੱਖ ਖਿੱਤਿਆਂ ਦੇ ਮਨੁੱਖੀ ਸਮਾਜ ਵੱਖ-ਵੱਖ ਸਮੇਂ 'ਤੇ ਇਹਨਾਂ ਪੜਾਵਾਂ 'ਚ ਦਾਖਲ ਹੋਏ ਤੇ ਗੁਜ਼ਰੇ । ਕਈਆਂ ਸਮਾਜਾਂ 'ਚ ਇਹਨਾਂ ਦੌਰਾਂ ਦਾ ਬੜੀ ਚੰਗੀ ਤਰ੍ਹਾਂ ਲਿਖਿਆ ਇਤਿਹਾਸ ਮਿਲਦਾ ਹੈ ਜਿਵੇਂ ਯੂਰਪ, ਚੀਨ ਆਦਿ ਜਦਕਿ ਕਈ ਸਮਾਜਾਂ 'ਚ ਲਿਖਤ ਸਮੱਗਰੀ ਉਨੀ ਵਿਸ਼ਾਲ ਤੇ ਸਟੀਕ ਤਰੀਕੇ ਨਾਲ ਨਹੀਂ ਮਿਲਦੀ ਜਿਵੇਂ ਕਿ ਭਾਰਤ। ਇਹ ਉਹ ਦੌਰ ਹੈ ਜਦੋਂ ਮਨੁੱਖ ਨੇ ਬਾਕਾਇਦਾ ਲਿਖਣਾ ਸ਼ੁਰੂ ਕਰ ਦਿੱਤਾ ਸੀ, ਇਸੇ ਲਈ ਇਸ ਸਮੇਂ ਨੂੰ ਲਿਖਤੀ ਇਤਿਹਾਸ ਦਾ ਕਾਲ ਵੀ ਕਹਿੰਦੇ ਹਨ। ਇਸ ਤਰ੍ਹਾਂ 4000 ਈ.ਪੂ. ਦੇ ਨੇੜ-ਤੇੜ ਤੋਂ ਬਾਅਦ ਇਤਿਹਾਸਕ ਕਾਲ ਦੀ ਸ਼ੁਰੂਆਤ ਮੰਨੀ ਜਾ ਸਕਦੀ ਹੈ। ਪੂਰਵ-ਇਤਿਹਾਸਕ ਕਾਲ ਮਨੁੱਖੀ ਵਿਕਾਸ ਦਾ ਉਹ ਸਮਾਂ ਹੈ ਜਦੋਂ ਅਜੇ ਮਨੁੱਖ ਨੇ ਲਿਖਣਾ ਨਹੀਂ ਸਿੱਖਿਆ ਸੀ, ਅਤੇ ਇਸ ਦੌਰ ਦੇ ਲਿਖਤੀ ਸਬੂਤ ਨਹੀਂ ਮਿਲਦੇ। ਇਸ ਕਾਲ ਵਿੱਚ ਮਨੁੱਖੀ ਸਮਾਜ ਕਬਾਇਲੀ ਸਮਾਜ ਸੀ ਜਿਸ ਵਿੱਚ ਕਬੀਲੇ ਦੁਆਰਾ ਸ਼ਿਕਾਰ ਦੁਆਰਾ ਹਾਸਲ ਕੀਤਾ ਗਿਆ ਮਾਸ ਤੇ ਇਕੱਠਾ ਕੀਤਾ ਗਿਆ ਅਨਾਜ ਤੇ ਹੋਰ ਜ਼ਰੂਰੀ ਚੀਜ਼ਾਂ ਸਾਂਝੀ ਮਲਕੀਅਤ ਹੁੰਦੇ ਸਨ, ਭਾਵ ਇਹ ਯੁੱਗ ਆਦਿ-ਕਮਿਊਨ ਦਾ ਯੁੱਗ ਸੀ । ਇਹ ਕਾਲ 4000 ਈ.ਪੂ. ਤੋਂ ਪਹਿਲਾਂ ਕਈ ਲੱਖ ਸਾਲ ਤੱਕ ਪਿਛਾਂਹ ਤੱਕ ਜਾਂਦਾ ਹੈ ਅਤੇ ਇਹ ਕਾਲ ਅੱਗੋਂ ਕਈ ਦੌਰਾਂ 'ਚ ਵੰਡਿਆ ਜਾ ਸਕਦਾ ਹੈ ਜਿਵੇਂ ਮੁੱਢਲਾ ਪੱਥਰ ਯੁੱਗ, ਮੱਧ ਪੱਥਰ ਯੁੱਗ ਅਤੇ ਨਵ-ਪੱਥਰ ਯੁੱਗ। ਇਹਨਾਂ ਭਿੰਨ-ਭਿੰਨ ਦੌਰਾਂ 'ਚ ਮਨੁੱਖੀ ਸਮਾਜ 'ਚ ਕਈ ਸਿਫ਼ਤੀ ਤਬਦੀਲੀਆਂ ਆਈਆਂ ਅਤੇ ਮਨੁੱਖੀ ਸਮਾਜ ਅੱਜ ਦੇ ਪੜਾਅ 'ਤੇ ਪਹੁੰਚਿਆ।
ਮਨੁੱਖ ਦਾ ਪਸ਼ੂ ਜਗਤ ਤੋਂ ਨਿਖੇੜਾ ਉਸ ਸਮੇਂ ਸ਼ੁਰੂ ਹੋਇਆ (ਅਤੇ ਇਸਦੇ ਨਾਲ ਹੀ ਮਨੁੱਖ ਦੇ ਵਿਕਾਸ ਦੇ ਪੂਰਵ-ਇਤਿਹਾਸਕ ਕਾਲ ਜਾਂ ਮੁੱਢ ਕਦੀਮੀ ਸਮਾਜ ਦੀ ਬੁਨਿਆਦ ਟਿਕੀ) ਜਦੋਂ ਮਨੁੱਖ ਦੇ ਪੂਰਵਜ ਨਰ-ਬਾਂਦਰਾਂ ਦੀ ਇੱਕ ਸ਼ਾਖਾ ਨੇ ਸੰਦਾਂ ਦੀ ਵਰਤੋਂ ਕਰਦੇ ਹੋਏ ਖੁਦ ਨੂੰ ਕੁਦਰਤ ਦੀ ਕੈਦ ਤੋਂ ਅਜ਼ਾਦ ਕਰਵਾਉਣ ਦੀ ਜੱਦੋਜਹਿਦ ਸ਼ੁਰੂ ਕੀਤੀ। ਕਿਹਾ ਜਾ ਸਕਦਾ ਹੈ ਕਿ ਦੂਸਰੇ ਬਹੁਤ ਸਾਰੇ ਜੰਤੂ ਵੀ ਕੁਦਰਤ ਖਿਲਾਫ਼ ਸੰਘਰਸ਼ ਕਰਦੇ ਹਨ, ਆਪਣੇ