4 ਨਵੰਬਰ, 2012 ਦੇ ਪੰਜਾਬੀ ਟ੍ਰਿਬਿਊਨ ਵਿੱਚ ਸ਼੍ਰੀ ਨਰਿੰਦਰ ਸਿੰਘ ਕਪੂਰ ਹੁਰਾਂ ਦਾ ਲੇਖ "ਯੁੱਗ ਕਿਵੇਂ ਬਦਲਦੇ ਹਨ ?" ਛਪਿਆ। ਇਸ ਲੇਖ ਵਿੱਚ ਉਹਨਾਂ ਨੇ ਮਨੁੱਖੀ ਸਮਾਜ ਕਿਵੇਂ ਬਦਲਦਾ ਹੈ, ਇਸਦੇ ਪੜਾਵਾਂ ਤੇ ਇਸ 'ਚ ਆਉਂਦੇ ਬਦਲਾਵਾਂ ਬਾਰੇ ਕਾਫ਼ੀ ਕੁਝ ਲਿਖਿਆ ਹੈ ਅਤੇ ਨਾਲ ਹੀ ਯੁੱਗਾਂ ਦੇ ਬਦਲਣ 'ਚ ਵਿਅਕਤੀ ਦੀ ਭੂਮਿਕਾ, ਪੱਛਮ ਤੇ ਪੂਰਬ ਖਾਸ ਤੌਰ 'ਤੇ ਭਾਰਤ ਦੇ ਇਤਿਹਾਸ 'ਤੇ ਕਈ ਟਿੱਪਣੀਆਂ ਵੀ ਕੀਤੀਆਂ ਹਨ। ਕਿਉਂਕਿ ਸ਼੍ਰੀ ਕਪੂਰ ਪੰਜਾਬ ਦੇ ਕਾਫ਼ੀ ਲਿਖਣ ਵਾਲੇ ਤੇ ਪੜ੍ਹੇ ਜਾਣ ਵਾਲੇ ਵਿਦਵਾਨ ਹਨ, ਉਹ ਯੂਨੀਵਰਸਿਟੀ ਪੱਧਰ 'ਤੇ ਪ੍ਰੋਫੈਸਰ ਦੇ ਅਹੁਦੇ 'ਤੇ ਰਹਿ ਕੇ ਅਧਿਆਪਨ ਦਾ ਕੰਮ ਕਰ ਚੁੱਕੇ ਹਨ ਅਤੇ ਸੰਭਵ ਹੈ ਕਿ ਉਹਨਾਂ ਦੇ ਵਿਚਾਰਾਂ ਨੂੰ ਪੜ੍ਹ ਕੇ ਬਹੁਤ ਸਾਰੇ ਆਮ ਲੋਕ ਤੇ ਪਾਠਕ ਧਾਰਨਾਵਾਂ ਬਣਾਉਂਦੇ ਹੋਣਗੇ, ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਉਹਨਾਂ ਦੇ ਵਿਚਾਰਾਂ ਦੀ ਪੜਚੋਲ ਕੀਤੀ ਜਾਵੇ।
ਕਪੂਰ ਹੁਰਾਂ ਦੇ ਮੁੱਖ ਤਰਕ ਅਨੁਸਾਰ "ਸਪੱਸ਼ਟ ਰੂਪ 'ਚ ਯੁੱਗ ਉਦੋਂ ਬਦਲਦਾ ਹੈ, ਜਦੋਂ ਮਨੁੱਖ ਊਰਜਾ ਦਾ ਨਵਾਂ ਵਿਆਪਕ ਸ੍ਰੋਤ ਲੱਭਦਾ ਹੈ । ਉਹਨਾਂ ਅਨੁਸਾਰ ਊਰਜਾ ਦੇ ਸ੍ਰੋਤ ਕਿਹੜੇ ਹਨ" - ਮਨੁੱਖ ਦਾ ਆਪਣਾ ਸਰੀਰਕ ਬਲ, ਫਿਰ ਪਸ਼ੂਆਂ ਦਾ ਬਲ, ਤੀਜਾ ਮਕਾਨਕੀ ਬਲ (ਇਹ ਤਿੰਨੇ ਬਲ ਮਨੁੱਖ ਵਰਤਣਾ ਸਿੱਖ ਚੁੱਕਾ ਹੈ) ਅਤੇ ਚੌਥਾ ਹੈ ਸੂਰਜੀ ਊਰਜਾ । ਸ਼੍ਰੀ ਕਪੂਰ ਇਹਨਾਂ ਊਰਜਾ ਦੇ ਸ੍ਰੋਤਾਂ ਦੇ ਅਧਾਰ 'ਤੇ ਮਨੁੱਖੀ ਇਤਿਹਾਸ ਦੇ ਵਿਕਾਸ ਨੂੰ ਤਿੰਨ ਯੁੱਗਾਂ 'ਚ ਵੰਡਦੇ ਹਨ- ਮਨੁੱਖ ਦੇ ਸਰੀਰਕ ਬਲ ਦੇ ਅਨੁਸਾਰੀ‘ਸ਼ਿਕਾਰ ਯੁੱਗ’, ਪਸ਼ੂ ਬਲ ਦੇ ਅਨੁਸਾਰੀ ‘ਖੇਤੀਯੁੱਗ' ਅਤੇ ਮਕਾਨਕੀ ਬਲ ਦੇ ਅਨੁਸਾਰੀ ‘ਉਦਯੋਗਿਕ ਯੁੱਗ'। ਪਰ ਪੂਰੇ ਲੇਖ 'ਚ ਉਹ ਇਹ ਨਹੀਂ ਦੱਸਦੇ ਕਿ ਸੂਰਜੀ ਊਰਜਾ ਦੇ ਅਨੁਸਾਰੀ ਅਗਲੇਰਾ ਯੁੱਗ ਕਿਹੜਾ ਹੋਵੇਗਾ ? ਇੱਕ ਹੋਰ ਵਾਧਾ ਉਹ ਇਹ ਕਰਦੇ ਹਨ - ਸ਼ਿਕਾਰਯੁੱਗ ਸ਼ਿਕਾਰ ਜਾਂ ਪਸ਼ੂ-ਕੇਂਦਰਿਤ ਸੀ, ਖੇਤੀਯੁੱਗ ਧਰਮ ਜਾਂ ਰੱਬ-ਕੇਂਦਰਿਤ ਸੀ, ਜਦੋਂਕਿ ਉਦਯੋਗਿਕ ਯੁੱਗ ਵਿਗਿਆਨ ਤੇ ਮਨੁੱਖ ਕੇਂਦਰਿਤ ਹੈ। ਇੱਥੇ ਉਹ ਇੱਕ ਵਾਰ ਫਿਰ ਇਹ ਨਹੀਂ ਦੱਸਦੇ ਕਿ ਸੂਰਜੀ ਊਰਜਾ ਵਾਲਾ ਯੁੱਗ ਕੀ( ?)-ਕੇਂਦਰਿਤ ਹੋਵੇਗਾ ? ਇਸ ਪੂਰੇ ਵਿਖਿਆਨ 'ਚ ਉਹ ਇਤਿਹਾਸਕ ਤੇ ਮਨੁੱਖੀ ਨਰ-ਵਿਗਿਆਨ ਸਬੰਧੀ ਤੱਥਾਂ ਦੀ ਕਿਵੇਂ ਅਹੀ-ਤਹੀ ਕਰਦੇ ਹਨ, ਇਸ ਉੱਤੇ ਵੀ ਅਸੀਂ ਅਲੱਗ ਤੋਂ ਨਿਗਾਹ ਪਾਵਾਂਗੇ । ਸ੍ਰੀ ਕਪੂਰ ਦੀ ਇਸ ਥੋਥੀ ਇਤਿਹਾਸਕ
ਵੰਡ ਨੂੰ ਸਮਝਣ ਲਈ ਸਾਨੂੰ ਮਨੁੱਖੀ ਵਿਕਾਸ ਦੇ ਇਤਿਹਾਸ ਬਾਰੇ ਕੁਝ ਵਿਸਥਾਰ 'ਚ ਆਪਣੀ ਗੱਲ ਕਰਨੀ ਪਵੇਗੀ।
ਮਨੁੱਖੀ ਵਿਕਾਸ ਨੂੰ ਆਮ ਤੌਰ 'ਤੇ ਇਤਿਹਾਸਿਕ ਕਾਲ ਅਤੇ ਪੂਰਵ-ਇਤਿਹਾਸਿਕ ਕਾਲ 'ਚ ਵੰਡਿਆ ਜਾਂਦਾ ਹੈ । ਇਤਿਹਾਸਿਕ ਕਾਲ ਦੌਰਾਨ ਮਨੁੱਖੀ ਸਮਾਜ ਨੇ ਪਿਛਲੇਰੇ ਕਬਾਇਲੀ ਸਮਾਜ ਜੋ ਆਪਣੇ ਪਤਨ ਦੇ ਰਾਹੇ ਪੈ ਚੁੱਕਿਆ ਸੀ, ਪ੍ਰਾਚੀਨ ਸਮਾਜ (ਜੋ ਮੁੱਖ ਤੌਰ 'ਤੇ ਗੁਲਾਮਦਾਰੀ ਅਧਾਰਤ ਸਮਾਜ ਸੀ), ਜਗੀਰਦਾਰੀ ਅਧਾਰਤ ਸਮਾਜ, ਸਰਮਾਏਦਾਰੀ ਦੌਰ ਅਤੇ ਸਮਾਜਵਾਦੀ ਪੜਾਅ ਤੱਕ ਦਾ ਸਫ਼ਰ ਤੈਅ ਕੀਤਾ ਹੈ। ਸੰਸਾਰ ਦੇ ਅਲੱਗ-ਅਲੱਗ ਹਿੱਸਿਆਂ 'ਚ ਇਹਨਾਂ ਪੜਾਵਾਂ ਦਾ ਸਮਾਂ, ਲੱਛਣ ਅਲੱਗ-ਅਲੱਗ ਰਹੇ ਹਨ ਅਤੇ ਵੱਖ- ਵੱਖ ਖਿੱਤਿਆਂ ਦੇ ਮਨੁੱਖੀ ਸਮਾਜ ਵੱਖ-ਵੱਖ ਸਮੇਂ 'ਤੇ ਇਹਨਾਂ ਪੜਾਵਾਂ 'ਚ ਦਾਖਲ ਹੋਏ ਤੇ ਗੁਜ਼ਰੇ । ਕਈਆਂ ਸਮਾਜਾਂ 'ਚ ਇਹਨਾਂ ਦੌਰਾਂ ਦਾ ਬੜੀ ਚੰਗੀ ਤਰ੍ਹਾਂ ਲਿਖਿਆ ਇਤਿਹਾਸ ਮਿਲਦਾ ਹੈ ਜਿਵੇਂ ਯੂਰਪ, ਚੀਨ ਆਦਿ ਜਦਕਿ ਕਈ ਸਮਾਜਾਂ 'ਚ ਲਿਖਤ ਸਮੱਗਰੀ ਉਨੀ ਵਿਸ਼ਾਲ ਤੇ ਸਟੀਕ ਤਰੀਕੇ ਨਾਲ ਨਹੀਂ ਮਿਲਦੀ ਜਿਵੇਂ ਕਿ ਭਾਰਤ। ਇਹ ਉਹ ਦੌਰ ਹੈ ਜਦੋਂ ਮਨੁੱਖ ਨੇ ਬਾਕਾਇਦਾ ਲਿਖਣਾ ਸ਼ੁਰੂ ਕਰ ਦਿੱਤਾ ਸੀ, ਇਸੇ ਲਈ ਇਸ ਸਮੇਂ ਨੂੰ ਲਿਖਤੀ ਇਤਿਹਾਸ ਦਾ ਕਾਲ ਵੀ ਕਹਿੰਦੇ ਹਨ। ਇਸ ਤਰ੍ਹਾਂ 4000 ਈ.ਪੂ. ਦੇ ਨੇੜ-ਤੇੜ ਤੋਂ ਬਾਅਦ ਇਤਿਹਾਸਕ ਕਾਲ ਦੀ ਸ਼ੁਰੂਆਤ ਮੰਨੀ ਜਾ ਸਕਦੀ ਹੈ। ਪੂਰਵ-ਇਤਿਹਾਸਕ ਕਾਲ ਮਨੁੱਖੀ ਵਿਕਾਸ ਦਾ ਉਹ ਸਮਾਂ ਹੈ ਜਦੋਂ ਅਜੇ ਮਨੁੱਖ ਨੇ ਲਿਖਣਾ ਨਹੀਂ ਸਿੱਖਿਆ ਸੀ, ਅਤੇ ਇਸ ਦੌਰ ਦੇ ਲਿਖਤੀ ਸਬੂਤ ਨਹੀਂ ਮਿਲਦੇ। ਇਸ ਕਾਲ ਵਿੱਚ ਮਨੁੱਖੀ ਸਮਾਜ ਕਬਾਇਲੀ ਸਮਾਜ ਸੀ ਜਿਸ ਵਿੱਚ ਕਬੀਲੇ ਦੁਆਰਾ ਸ਼ਿਕਾਰ ਦੁਆਰਾ ਹਾਸਲ ਕੀਤਾ ਗਿਆ ਮਾਸ ਤੇ ਇਕੱਠਾ ਕੀਤਾ ਗਿਆ ਅਨਾਜ ਤੇ ਹੋਰ ਜ਼ਰੂਰੀ ਚੀਜ਼ਾਂ ਸਾਂਝੀ ਮਲਕੀਅਤ ਹੁੰਦੇ ਸਨ, ਭਾਵ ਇਹ ਯੁੱਗ ਆਦਿ-ਕਮਿਊਨ ਦਾ ਯੁੱਗ ਸੀ । ਇਹ ਕਾਲ 4000 ਈ.ਪੂ. ਤੋਂ ਪਹਿਲਾਂ ਕਈ ਲੱਖ ਸਾਲ ਤੱਕ ਪਿਛਾਂਹ ਤੱਕ ਜਾਂਦਾ ਹੈ ਅਤੇ ਇਹ ਕਾਲ ਅੱਗੋਂ ਕਈ ਦੌਰਾਂ 'ਚ ਵੰਡਿਆ ਜਾ ਸਕਦਾ ਹੈ ਜਿਵੇਂ ਮੁੱਢਲਾ ਪੱਥਰ ਯੁੱਗ, ਮੱਧ ਪੱਥਰ ਯੁੱਗ ਅਤੇ ਨਵ-ਪੱਥਰ ਯੁੱਗ। ਇਹਨਾਂ ਭਿੰਨ-ਭਿੰਨ ਦੌਰਾਂ 'ਚ ਮਨੁੱਖੀ ਸਮਾਜ 'ਚ ਕਈ ਸਿਫ਼ਤੀ ਤਬਦੀਲੀਆਂ ਆਈਆਂ ਅਤੇ ਮਨੁੱਖੀ ਸਮਾਜ ਅੱਜ ਦੇ ਪੜਾਅ 'ਤੇ ਪਹੁੰਚਿਆ।
ਮਨੁੱਖ ਦਾ ਪਸ਼ੂ ਜਗਤ ਤੋਂ ਨਿਖੇੜਾ ਉਸ ਸਮੇਂ ਸ਼ੁਰੂ ਹੋਇਆ (ਅਤੇ ਇਸਦੇ ਨਾਲ ਹੀ ਮਨੁੱਖ ਦੇ ਵਿਕਾਸ ਦੇ ਪੂਰਵ-ਇਤਿਹਾਸਕ ਕਾਲ ਜਾਂ ਮੁੱਢ ਕਦੀਮੀ ਸਮਾਜ ਦੀ ਬੁਨਿਆਦ ਟਿਕੀ) ਜਦੋਂ ਮਨੁੱਖ ਦੇ ਪੂਰਵਜ ਨਰ-ਬਾਂਦਰਾਂ ਦੀ ਇੱਕ ਸ਼ਾਖਾ ਨੇ ਸੰਦਾਂ ਦੀ ਵਰਤੋਂ ਕਰਦੇ ਹੋਏ ਖੁਦ ਨੂੰ ਕੁਦਰਤ ਦੀ ਕੈਦ ਤੋਂ ਅਜ਼ਾਦ ਕਰਵਾਉਣ ਦੀ ਜੱਦੋਜਹਿਦ ਸ਼ੁਰੂ ਕੀਤੀ। ਕਿਹਾ ਜਾ ਸਕਦਾ ਹੈ ਕਿ ਦੂਸਰੇ ਬਹੁਤ ਸਾਰੇ ਜੰਤੂ ਵੀ ਕੁਦਰਤ ਖਿਲਾਫ਼ ਸੰਘਰਸ਼ ਕਰਦੇ ਹਨ, ਆਪਣੇ
ਆਪ ਨੂੰ ਕੁਦਰਤੀ ਆਫਤਾਂ ਤੋਂ ਬਚਾਉਣ ਦਾ ਪ੍ਰਬੰਧ ਕਰਦੇ ਹਨ ਅਤੇ ਬਿਜੜੇ ਤੇ ਸਿਉਂਕ ਜਿਹੇ ਜੰਤੂ ਤਾਂ ਸ਼ਾਨਦਾਰ ਘਰ ਵੀ ਬਣਾਉਂਦੇ ਹਨ। ਪਰ ਬਾਕੀ ਸਾਰੇ ਜੰਤੂ ਆਪਣੇ ਕੰਮ ਉਹਨਾਂ ਸੰਦਾਂ ਨਾਲ ਕਰਦੇ ਹਨ ਜਿਹੜੇ ਉਹਨਾਂ ਦੇ ਸਰੀਰ ਦਾ ਹਿੱਸਾ ਹੀ ਹੁੰਦੇ ਹਨ, ਜਿਵੇਂ ਚੁੰਝ ਨਾਲ ਕਠਫੋੜਾ ਰੁੱਖ ਦੀ ਲੱਕੜ ਨੂੰ ਵੀ ਖੋਦ ਲੈਂਦਾ ਹੈ, ਚੂਹੇ, ਕੀੜੀਆਂ ਆਦਿ ਆਪਣੀਆਂ ਟੰਗਾਂ ਨਾਲ ਲੰਮੀਆਂ ਖੁੱਡਾਂ ਬਣਾ ਲੈਂਦੇ ਹਨ, ਜਦੋਂਕਿ ਮਨੁੱਖ ਆਪਣੇ ਸੰਦ ਕੁਦਰਤ ਤੋਂ ਹਾਸਲ ਕੱਚੇ ਮਾਲ ਜਿਵੇਂ ਪੱਥਰ, ਟਾਹਣੀਆਂ ਨੂੰ ਆਪਣੀ ਮਰਜ਼ੀ ਅਨੁਸਾਰ ਘੜ ਕੇ ਬਣਾਉਂਦਾ ਸੀ ਅਤੇ ਉਹ ਇਹਨਾਂ 'ਚ ਲਗਾਤਾਰ ਵਿਕਾਸ ਕਰਦਾ ਜਾ ਰਿਹਾ ਸੀ । ਇਸੇ ਕਰਕੇ ਮਨੁੱਖ ਬਾਕੀ ਜੰਤੂਆਂ ਨਾਲੋਂ ਵਿਕਾਸ ਵਿੱਚ ਅੱਗੇ ਨਿੱਕਲ ਗਿਆ ਕਿਉਂਕਿ ਉਸ ਦੀ ਹਰ ਪੀੜ੍ਹੀ ਪਿਛਲੀ ਪੀੜ੍ਹੀ ਦੁਆਰਾ ਹਾਸਲ ਕੀਤੇ ਵਿਕਾਸ ਦੇ ਪੱਧਰ 'ਚ ਹੋਰ ਵਾਧਾ ਕਰਦੀ ਜਾਂਦੀ ਹੈ। ਇਸ ਤਰ੍ਹਾਂ ਸੰਦਾਂ ਦੀ ਵਰਤੋਂ ਉਹ ਨਿਖੇੜ ਬਿੰਦੂ ਹੈ ਜਿਹੜਾ ਮਨੁੱਖ ਦੇ ਵਿਕਾਸ ਦਾ ਮੁੱਢਲਾ ਬਿੰਦੂ ਕਿਹਾ ਜਾ ਸਕਦਾ ਹੈ। ਸ਼ੁਰੂਆਤ ਵਿੱਚ ਇਹ ਸੰਦ ਅਨਘੜ ਪੱਥਰ ਤੇ ਟਾਹਣੀਆਂ ਹੀ ਸਨ ਪਰ ਇਹਨਾਂ ਦੀ ਵਰਤੋਂ ਮਨੁੱਖ ਦਾ ਕੁਦਰਤ ਖਿਲਾਫ਼ ਆਪਣੇ ਸੰਘਰਸ਼ 'ਚ ਇੱਕ ਵੱਡਾ ਕਦਮ ਸੀ। ਮਨੁੱਖ ਦੇ ਪੂਰਵਜਾਂ ਨੇ ਵਿਕਾਸ ਦੇ ਕਦਮ ਅੱਗੇ ਵਧਾਉਣੇ ਜ਼ਾਰੀ ਰੱਖਦੇ ਹੋਏ ਪੱਥਰਾਂ ਨੂੰ ਆਪਸ ਵਿੱਚ ਟਕਰਾ ਕੇ ਅਨਘੜ ਚਾਕੂ, ਕੁਹਾੜੇ ਆਦਿ ਬਣਾਏ ਅਤੇ ਫਿਰ ਇਹਨਾਂ ਦੀ ਧਾਰ ਨੂੰ ਤਿੱਖਾ ਕਰਨਾ ਸਿੱਖਿਆ। ਇਹਨਾਂ ਹੀ ਤਿੱਖੇ ਕੀਤੇ ਪੱਥਰਾਂ ਨੂੰ ਮਨੁੱਖ ਨੇ ਲੱਕੜੀ ਦੇ ਸੋਟੇ ਨਾਲ ਬੰਨ੍ਹ ਕੇ ਸ਼ੁਰੂਆਤੀ ਕੁਹਾੜੇ, ਨੇਜ਼ੇ ਤੇ ਫਿਰ ਤੀਰ ਬਣਾਏ, ਕੁਦਾਲੀਆਂ ਤੇ ਸੱਬਲਾਂ ਬਣਾਈਆਂ। ਬਾਅਦ ਵਿੱਚ ਆ ਕੇ ਮਨੁੱਖ ਨੇ ਜਾਨਵਰਾਂ ਦੀਆਂ ਹੱਡੀਆਂ ਨੂੰ ਵੀ ਸੰਦ ਬਣਾਉਣ ਲਈ ਵਰਤਣਾ ਸ਼ੁਰੂ ਕਰ ਦਿੱਤਾ। ਹੱਡੀਆਂ ਤੋਂ ਉਸਨੇ ਸੂਈਆਂ, ਦਾਤੀਆਂ, ਤੀਰਾਂ ਦੀਆਂ ਨੋਕਾਂ ਆਦਿ ਬਣਾਈਆਂ । ਮੁੱਢਲੇ ਪੱਥਰ ਯੁੱਗ ਦੌਰਾਨ ਹੀ ਮਨੁੱਖ ਨੇ ਲੱਗਭੱਗ 4 ਲੱਖ ਸਾਲ ਪਹਿਲਾਂ (ਕੁਝ ਵਿਗਿਆਨੀ ਇਹ ਸਮਾਂ 14 ਲੱਖ ਸਾਲ ਪਹਿਲਾਂ ਤੱਕ ਦਾ ਮੰਨਦੇ ਹਨ, ਜਿਸ ਬਾਰੇ ਹਾਲੇ ਇੱਕ ਆਮ ਰਾਇ ਨਹੀਂ ਬਣੀ ਹੈ) ਅੱਗ ਨੂੰ ਵਰਤਣਾ ਸਿੱਖ ਲਿਆ, ਉਹ ਕੁਦਰਤ 'ਚ ਲੱਗੀ ਅੱਗ ਤੋਂ ਆਪਣੇ ਨਿਵਾਸ ਵਿੱਚ ਅੱਗ ਦੀ ਧੂਣੀ ਜਲਾ ਲੈਂਦਾ ਤੇ ਫਿਰ ਜਿੰਨੀ ਦੇਰ ਤੱਕ ਉਹ ਉੱਥੇ ਰਹਿੰਦਾ ਉਹ ਇਸ ਧੂਣੀ ਨੂੰ ਲਗਾਤਾਰ ਜਲਾ ਕੇ ਰੱਖਦਾ ਕਿਉਂਕਿ ਅਜੇ ਮਨੁੱਖ ਖੁਦ ਅੱਗ ਜਲਾਉਣਾ ਨਹੀਂ ਸਿੱਖਿਆ ਸੀ। (ਸਾਡੇ ਮੰਦਿਰਾਂ 'ਚ ਅੱਗ ਦੀ ਜੋਤੀ ਲਗਾਤਾਰ ਜਲਾਉਣ ਦੀ ਧਾਰਨਾ ਸੰਭਵ ਹੈ ਇਸੇ ਦੌਰ ਦੀ ਉਪਜ ਹੈ ਕਿਉਂਕਿ ਅੱਗ ਨੇ ਮਨੁੱਖ ਦੇ ਜੀਵਨ 'ਚ ਅਹਿਮ ਭੂਮਿਕਾ ਬਣਾ ਲਈ ਸੀ ਪਰ ਅੱਗ ਜਲਾਉਣੀ ਨਾ ਸਿੱਖੀ ਹੋਣ ਕਰਕੇ ਅੱਗ ਦੀ ਧੂਣੀ ਲਗਾਤਾਰ ਜਲਾ ਕੇ ਰੱਖਣੀ ਉਸ ਲਈ ਬਹੁਤ ਅਹਿਮੀਅਤ ਵਾਲੀ ਗੱਲ ਸੀ, ਅੱਜ ਦੇ ਸਮੇਂ 'ਚ ਮਨੁੱਖਾਂ ਦੇ ਪੱਥਰ-ਯੁੱਗ ਦੇ ਪੂਰਵਜਾਂ ਦੀ ਇਹ ਜ਼ਰੂਰਤ ਇੱਕ ਧਾਰਮਿਕ ਕਰਮ-ਕਾਂਡ ਦੇ ਤੌਰ 'ਤੇ ਬਚੀ ਰਹਿ ਗਈ ਹੈ) । ਮਨੁੱਖ ਸ਼ਿਕਾਰ
ਕਰਦਾ, ਆਲੇ-ਦੁਆਲੇ 'ਚੋਂ ਫਲ ਆਦਿ ਇਕੱਠੇ ਕਰਦਾ, ਪੌਦਿਆਂ ਦੀਆਂ ਜੜ੍ਹਾਂ ਖੋਦਕੇ ਖਾਂਦਾ ਅਤੇ ਇੱਕ ਦੌਰ 'ਚ ਆਕੇ ਮੱਛੀਆਂ ਵੀ ਫੜਨ ਲੱਗਾ। ਅੱਗ ਨੂੰ ਕਾਬੂ ਕਰਨ ਨਾਲ ਮਨੁੱਖ ਪੱਕਿਆ ਮਾਸ ਖਾਣ ਲੱਗਾ ਜਿਸ ਨਾਲ ਉਸ ਦੀਆਂ ਆਂਦਰਾਂ ਦਾ ਅਕਾਰ ਘਟਣ ਲੱਗਾ ਕਿਉਂਕਿ ਪੱਕਿਆ ਮਾਸ ਪਚਾਉਣਾ ਸੌਖਾ ਸੀ, ਮਨੁੱਖ ਪੌਦਿਆਂ ਦੇ ਉਹ ਹਿੱਸੇ ਜਿਵੇਂ ਫਲੀਆਂ ਆਦਿ ਵੀ ਖਾਣ ਲੱਗਾ ਜੋ ਪਹਿਲਾਂ ਕੱਚੇ ਰੂਪ 'ਚ ਪਚਦੇ ਨਹੀਂ ਸਨ । ਪੱਕੇ ਹੋਏ ਭੋਜਨ ਨੇ ਉਹ ਖੁਰਾਕੀ ਤੱਤ ਮਨੁੱਖੀ ਸਰੀਰ ਨੂੰ ਉਪਲਬਧ ਕਰਵਾਏ ਜਿਸ ਨਾਲ ਮਨੁੱਖੀ ਦਿਮਾਗ ਦਾ ਤੇਜ਼ ਵਿਕਾਸ ਸੰਭਵ ਹੋਇਆ ਜਿਸ ਲਈ ਜ਼ੋਰਦਾਰ ਉਤੇਜਕ ਮਨੁੱਖ ਦੇ ਦੋ ਟੰਗਾਂ 'ਤੇ ਚੱਲ ਸਕਣ ਦੀ ਯੋਗਤਾ ਤੇ ਹੱਥਾਂ ਦੀ ਵਰਤੋਂ 'ਚ ਪਿਆ ਸੀ । ਵਿਕਸਤ ਹੁੰਦੇ ਦਿਮਾਗ ਨੇ ਮੋੜਵੇਂ ਰੂਪ 'ਚ ਹੱਥਾਂ ਦੀ ਵਰਤੋਂ ਨੂੰ ਹੋਰ ਮੁਹਾਰਤ ਦਿੱਤੀ। ਸ਼ਿਕਾਰ ਕਰਨ ਤੇ ਸੰਦਾਂ ਨੂੰ ਬਣਾਉਣ ਦੌਰਾਨ ਮਨੁੱਖਾਂ ਨੂੰ ਇੱਕ ਦੂਜੇ ਨੂੰ ਸੰਦੇਸ਼ ਦੇਣ ਦੀ ਜ਼ਰੂਰਤ ਮਹਿਸੂਸ ਹੋਈ, ਜਿਵੇਂ ਸ਼ਿਕਾਰ 'ਤੇ ਨਿਕਲੇ ਗਰੁੱਪ ਦਾ ਇੱਕ ਮੈਂਬਰ ਜਦੋਂ ਕਿਸੇ ਜਾਨਵਰ ਦਾ ਪੈਰ-ਚਿੰਨ੍ਹ ਦੇਖਦਾ ਜਾਂ ਅਵਾਜ਼ ਸੁਣਦਾ ਤਾਂ ਉਸਨੇ ਇਸ ਬਾਰੇ ਝੱਟ-ਪਟ ਆਪਣੇ ਸਾਥੀਆਂ ਨੂੰ ਦੱਸਣਾ ਹੁੰਦਾ ਸੀ। ਪੈਰ-ਚਿੰਨ੍ਹ ਜਾਂ ਅਵਾਜ਼ ਉਸ ਲਈ ਸ਼ਿਕਾਰ ਦੇ ਨੇੜੇ ਹੀ ਹੋਣ ਦਾ ਸੰਕੇਤ ਸੀ। ਉਸਨੇ ਇਹ ਸੰਕੇਤ ਨੂੰ ਦੂਜਿਆਂ ਤੱਕ ਪਹੁੰਚਾਉਣ ਲਈ ਸੰਕੇਤ ਦਾ ਇੰਤਜ਼ਾਮ ਕਰਨਾ ਸੀ। ਸ਼ੁਰੂ ਵਿੱਚ ਇਹ ਸੰਕੇਤ ਹੱਥਾਂ ਦੀਆਂ ਹਰਕਤਾਂ ਤੇ ਚੇਹਰੇ ਦੇ ਹਾਵ-ਭਾਵ ਸਨ। ਇਸ ਤਰ੍ਹਾਂ ਮਨੁੱਖ ਨੇ "ਸੰਕੇਤ ਦੇ ਸੰਕੇਤ" (ਰੂਸੀ ਵਿਗਿਆਨੀ ਇਵਾਨ ਪਾਵਲੋਵ ਦੇ ਸ਼ਬਦਾਂ 'ਚ ਜਿਹਨਾਂ ਨੇ ਭਾਸ਼ਾ ਨੂੰ "ਸੰਕੇਤ ਦਾ ਸੰਕੇਤ" ਕਿਹਾ ਸੀ) ਦੀ ਲੱਭਤ ਕਰ ਲਈ । ਪਰ ਇਹਦੀ ਸੀਮਤਾਈ ਸੀ ਕਿਉਂਕਿ ਇਹ ਸੰਕੇਤ ਹਨੇਰੇ ਵਿੱਚ ਕੰਮ ਨਹੀਂ ਕਰਦੇ ਸਨ, ਨਤੀਜਾ ਮਨੁੱਖ ਦਾ ਆਵਾਜ਼ਾਂ ਕੱਢ ਕੇ ਸੰਕੇਤ ਦੇਣਾ ਤੇ ਕੰਠ ਦਾ ਵਿਕਾਸ। ਕੰਠ ਦੇ ਵਿਕਾਸ ਦੌਰਾਨ ਹੀ ਮਨੁੱਖ ਦੇ ਗਲੇ 'ਚ ਇੱਕ ਹੱਡੀ ਪ੍ਰਗਟ ਹੋ ਗਈ ਜਿਸ ਨੇ ਕੰਠ ਨੂੰ ਜੀਭ ਨਾਲ ਜੋੜ ਦਿੱਤਾ। ਇਹ ਅਵਾਜ਼ਾਂ ਬਾਅਦ 'ਚ ਕੰਠ 'ਚੋਂ ਨਿਕਲਦੀ ਹਵਾ ਦੀ ਹਰਕਤ ਤੇ ਜੀਭ ਦੀਆਂ ਹਰਕਤਾਂ ਨਾਲ ਮਿਲ ਕੇ ਧੁਨੀਆਂ ਬਣੀਆਂ ਤੇ ਧੁਨੀਆਂ ਨੇ ਸ਼ਬਦਾਂ ਦਾ, ਬੋਲੀ ਦਾ ਰੂਪ ਲੈ ਲਿਆ। "ਸੰਕੇਤ ਦੇ ਸੰਕੇਤ" ਦੇ ਵਿਕਾਸ ਪੜਾਵਾਂ ਨੇ ਮਨੁੱਖੀ ਦਿਮਾਗ ਨੂੰ ਹੋਰ ਵਿਕਸਤ ਕੀਤਾ ਅਤੇ ਉਸ ਦੀ ਸੋਚਣ, ਅਗਾਊਂ ਯੋਜਨਾ ਬਣਾ ਕੇ ਕੰਮ ਕਰਨ ਦੀ ਯੋਗਤਾ ਚੋਖੀ ਹੱਦ ਤੱਕ ਵਿਕਸਤ ਹੋ ਗਈ। ਇਸ ਪੂਰੇ ਸਮੇਂ ਦੌਰਾਨ ਮਨੁੱਖ ਦੀ ਇੱਕ ਨਹੀਂ ਸਗੋਂ ਕਈ ਨਸਲਾਂ ਧਰਤੀ 'ਤੇ ਵਿਚਰ ਰਹੀਆਂ ਸਨ ਅਤੇ ਆਧੁਨਿਕ ਮਨੁੱਖ ਦੇ ਵਡੇਰੇ ਦੋ ਕੁ ਲੱਖ ਸਾਲ ਪਹਿਲਾਂ ਧਰਤੀ 'ਤੇ ਵਿਚਰਨੇ ਸ਼ੁਰੂ ਹੋਏ ਜਿਹਨਾਂ ਨੇ ਅੱਗੇ ਚੱਲ ਕੇ ਅੱਜ ਦੇ ਮਨੁੱਖ ਦਾ ਰੂਪ ਲਿਆ ਅਤੇ ਬਾਕੀ ਦੀਆਂ ਨਸਲਾਂ ਨਵ-ਪੱਥਰ ਯੁੱਗ ਆਉਂਦੇ-ਆਉਂਦੇ ਖਤਮ ਹੋ ਗਈਆਂ।
ਸ਼ਿਕਾਰ ਕਰਨਾ, ਖੁਰਾਕ ਇਕੱਠੀ ਕਰਨੀ ਤੇ ਸੰਦ ਬਣਾਉਣੇ, ਇਹ ਸਾਰਾ ਕੁਝ ਸਮੂਹਿਕ
ਹੁੰਦਾ ਸੀ ਅਤੇ ਉਸ ਸਮੇਂ ਇਹ ਸਮੂਹਿਕ ਹੀ ਹੋ ਸਕਦਾ ਸੀ ਕਿਉਂਕਿ ਉਸ ਸਮੇਂ ਮਨੁੱਖ ਇੰਨਾ ਤਾਕਤਵਰ ਨਹੀਂ ਸੀ ਕਿ ਉਹ ਸਮੂਹ ਤੋਂ ਬਿਨਾਂ ਜਾਨਵਰਾਂ ਦਾ ਸ਼ਿਕਾਰ ਕਰ ਸਕਦਾ ਤੇ ਕੁਦਰਤ ਦਾ ਟਾਕਰਾ ਕਰ ਸਕਦਾ। ਦੂਜਾ ਤੇ ਅਹਿਮ ਕਾਰਨ ਇਹ ਸੀ ਕਿ ਉਸ ਸਮੇਂ ਜੇ ਸਮੂਹ ਦੇ ਕੁਝ ਮੈਂਬਰ ਖੁਰਾਕ ਦਾ ਇੰਤਜ਼ਾਮ ਕਰਨ 'ਚ ਹਿੱਸਾ ਨਾ ਪਾਉਣ ਤੋਂ ਇਨਕਾਰ ਕਰ ਦਿੰਦੇ ਤਾਂ ਖੁਰਾਕ ਦੀ ਕਮੀ ਹੋ ਜਾਣੀ ਸੀ ਤੇ ਨਤੀਜੇ ਵਜੋਂ ਭੁੱਖਮਰੀ ਤੇ ਸਮੂਹ ਦਾ ਸਫਾਇਆ। ਇਸ ਲਈ ਸਮੂਹ ਦੇ ਤੌਰ 'ਤੇ ਅਤੇ ਸਾਰੇ ਸਮੂਹ ਦੇ ਕੰਮ ਕਰਨ ਦੀ ਸ਼ਰਤ 'ਤੇ ਹੀ ਇਸ ਦੌਰ ਦਾ ਮਨੁੱਖੀ (ਸਮਾਜ) ਜਿਉਂਦਾ ਰਹਿ ਸਕਦਾ ਸੀ। ਸਮੂਹ ਦੇ ਨੌਜਵਾਨ ਮਰਦ ਮੈਂਬਰ ਸ਼ਿਕਾਰ ਕਰਨ ਜਾਂਦੇ, ਬਜ਼ੁਰਗ ਮਰਦ ਸੰਦ ਬਣਾਉਂਦੇ, ਔਰਤਾਂ ਤੇ ਬੱਚੇ ਆਲੇ-ਦੁਆਲੇ 'ਚੋਂ ਖੁਰਾਕੀ ਪਦਾਰਥ ਇਕੱਠੇ ਕਰਦੇ, ਔਰਤਾਂ ਖੱਲਾਂ ਦੇ ਬਸਤਰ ਬਣਾਉਣ ਲੱਗੀਆਂ। ਸਾਰਾ ਕੁਝ ਸਭ ਦਾ ਸਾਂਝਾ ਸੀ, "ਮੇਰਾ" ਤੇ "ਤੇਰਾ" ਅਜੇ ਪੈਦਾ ਨਹੀਂ ਹੋਏ ਸਨ। ਮਨੁੱਖ ਦੇ ਰਸਮ-ਰਿਵਾਜ ਤੇ ਵਿਸ਼ਵਾਸ ਸਮੇਂ ਦੇ ਅਨੁਸਾਰੀ ਸਨ, ਮਨੁੱਖ ਜਿਹੜੇ ਜਾਨਵਰਾਂ ਦਾ ਸ਼ਿਕਾਰ ਕਰਕੇ ਭੋਜਨ ਹਾਸਲ ਕਰਦਾ ਉਹ ਜਾਨਵਰ ਮਨੁੱਖ ਲਈ ਪੂਜਣ-ਯੋਗ ਸਨ ਕਿਉਂਕਿ ਮਨੁੱਖ ਸਮਝਦਾ ਸੀ ਕਿ ਜੇ ਇਹਨਾਂ ਜਾਨਵਰਾਂ ਨੇ ਖੁਦ ਨੂੰ ਸ਼ਿਕਾਰ ਦੇ ਤੌਰ 'ਤੇ ਪੇਸ਼ ਨਾ ਕੀਤਾ ਹੁੰਦਾ ਤਾਂ ਮਨੁੱਖ ਨੇ ਭੁੱਖਿਆਂ ਮਰ ਜਾਣਾ ਸੀ। ਕੋਈ ਮਨੁੱਖੀ ਸਮੂਹ ਜਿਹੜੇ ਜਾਨਵਰ ਦਾ ਮੁੱਖ ਤੌਰ 'ਤੇ ਸ਼ਿਕਾਰ ਕਰਦਾ ਉਹੀ ਉਸਦਾ ਦੇਵਤਾ ਤੇ ਸਮੂਹ ਦਾ ਚਿੰਨ੍ਹ ਬਣ ਜਾਂਦਾ ਜਿਸਨੂੰ 'ਟੋਟਮ' ਕਿਹਾ ਜਾਂਦਾ ਹੈ। ਸ਼ਿਕਾਰ ਕਰਨ, ਖੁਰਾਕ ਇਕੱਠੀ ਕਰਨ ਤੇ ਸੰਦ ਬਣਾਉਣ ਦੀਆਂ ਮਨੁੱਖੀ ਹਰਕਤਾਂ ਨੂੰ ਨਾਚਾਂ ਦੇ ਰੂਪ 'ਚ ਪੁਨਰ-ਪ੍ਰਸਤੁਤ ਕੀਤਾ ਜਾਂਦਾ ਜਿਸ ਨਾਲ ਨਵੀਂ ਪੀੜ੍ਹੀ ਦੇ ਲੋਕਾਂ ਨੂੰ ਸਿੱਖਿਆ ਵੀ ਮਿਲਦੀ ਤੇ ਮਨੁੱਖ ਦੇਵਤੇ ਦਾ ਸ਼ੁਕਰੀਆ ਵੀ ਅਦਾ ਕਰਦਾ। ਇਹਨਾਂ ਨਾਚਾਂ ਨੂੰ ਸ਼ਿਕਾਰ 'ਤੇ ਜਾਣ ਤੋਂ ਪਹਿਲਾਂ ਤੇ ਸ਼ਿਕਾਰ ਦੇ ਸਫ਼ਲ ਰਹਿਣ ਤੋਂ ਬਾਅਦ ਕੀਤਾ ਜਾਂਦਾ। ਸਮੂਹ ਦਾ ਮੋਹਰੀ ਵਿਅਕਤੀ ਧੂਆਂ ਜਾਂ ਕਿਸੇ ਹੋਰ ਤਰੀਕੇ ਨਾਲ ਨਾਚ ਦੀ ਅਗਵਾਈ ਕਰਦਾ। ਜੇ ਮਨੁੱਖੀ ਸਮੂਹ ਜਾਂ ਕਬੀਲੇ ਨੂੰ ਕਿਸੇ ਦੂਸਰੇ ਸਮੂਹ ਜਾਂ ਕਬੀਲੇ ਨਾਲ ਲੜਨਾ ਪੈਂਦਾ ਤਾਂ ਉਹ ਆਪਣਾ ਇੱਕ ਸਰਦਾਰ ਚੁਣ ਲੈਂਦਾ ਜਿਹੜਾ ਓਨਾ ਚਿਰ ਹੀ ਸਰਦਾਰ ਰਹਿੰਦਾ ਜਿੰਨਾ ਚਿਰ ਲੜਾਈ ਹੁੰਦੀ, ਬਾਅਦ ਵਿੱਚ ਉਹ ਵੀ ਕਬੀਲੇ ਦੇ ਬਾਕੀ ਮੈਂਬਰਾਂ ਵਾਂਗ ਕੰਮ ਕਰਦਾ । ਲੜਾਈ 'ਚ ਜੇਤੂ ਕਬੀਲਾ ਜਾਂ ਤਾਂ ਦੂਜੇ ਕਬੀਲੇ ਦੇ ਸਾਰੇ ਆਦਮੀਆਂ ਨੂੰ ਮਾਰ ਦਿੰਦਾ ਜਾਂ ਫਿਰ ਉਹਨਾਂ ਨੂੰ ਆਪਣੇ ਵਿੱਚ ਸ਼ਾਮਿਲ ਕਰ ਲੈਂਦਾ ਤੇ ਇਹਨਾਂ ਨਵੇਂ ਮੈਂਬਰਾਂ ਨੂੰ ਵੀ ਉਵੇਂ ਹੀ ਕੰਮ ਕਰਨਾ ਪੈਂਦਾ ਤੇ ਉਹਨਾਂ ਨੂੰ ਬਰਾਬਰ ਦਾ ਹਿੱਸਾ ਮਿਲਦਾ। ਇਸ ਤਰ੍ਹਾਂ ਅਜੇ ਤੱਕ ਕਬੀਲੇ ਦੇ ਸਰਦਾਰ ਅਤੇ ਨਾਚਾਂ-ਰਸਮਾਂ ਦੌਰਾਨ ਅਗਵਾਈ ਕਰਨ ਵਾਲੇ ਮੈਂਬਰਾਂ ਨੂੰ ਵਿਸ਼ੇਸ਼-ਅਧਿਕਾਰ ਪ੍ਰਾਪਤ ਰੁਤਬਾ ਹਾਸਲ ਨਹੀਂ ਸੀ ਹੋਇਆ। ਕਬੀਲੇ 'ਚ ਕਿਉਂਕਿ ਜ਼ਿਆਦਾ ਕੰਮ ਔਰਤਾਂ ਨੂੰ ਕਰਨਾ ਪੈਂਦਾ, ਇਸ ਲਈ ਕਬੀਲੇ ’ਚ ਉਹਨਾਂ ਦੀ ਹੀ ਚਲਦੀ ਸੀ, ਮਨੁੱਖੀ