ਆਪ ਨੂੰ ਕੁਦਰਤੀ ਆਫਤਾਂ ਤੋਂ ਬਚਾਉਣ ਦਾ ਪ੍ਰਬੰਧ ਕਰਦੇ ਹਨ ਅਤੇ ਬਿਜੜੇ ਤੇ ਸਿਉਂਕ ਜਿਹੇ ਜੰਤੂ ਤਾਂ ਸ਼ਾਨਦਾਰ ਘਰ ਵੀ ਬਣਾਉਂਦੇ ਹਨ। ਪਰ ਬਾਕੀ ਸਾਰੇ ਜੰਤੂ ਆਪਣੇ ਕੰਮ ਉਹਨਾਂ ਸੰਦਾਂ ਨਾਲ ਕਰਦੇ ਹਨ ਜਿਹੜੇ ਉਹਨਾਂ ਦੇ ਸਰੀਰ ਦਾ ਹਿੱਸਾ ਹੀ ਹੁੰਦੇ ਹਨ, ਜਿਵੇਂ ਚੁੰਝ ਨਾਲ ਕਠਫੋੜਾ ਰੁੱਖ ਦੀ ਲੱਕੜ ਨੂੰ ਵੀ ਖੋਦ ਲੈਂਦਾ ਹੈ, ਚੂਹੇ, ਕੀੜੀਆਂ ਆਦਿ ਆਪਣੀਆਂ ਟੰਗਾਂ ਨਾਲ ਲੰਮੀਆਂ ਖੁੱਡਾਂ ਬਣਾ ਲੈਂਦੇ ਹਨ, ਜਦੋਂਕਿ ਮਨੁੱਖ ਆਪਣੇ ਸੰਦ ਕੁਦਰਤ ਤੋਂ ਹਾਸਲ ਕੱਚੇ ਮਾਲ ਜਿਵੇਂ ਪੱਥਰ, ਟਾਹਣੀਆਂ ਨੂੰ ਆਪਣੀ ਮਰਜ਼ੀ ਅਨੁਸਾਰ ਘੜ ਕੇ ਬਣਾਉਂਦਾ ਸੀ ਅਤੇ ਉਹ ਇਹਨਾਂ 'ਚ ਲਗਾਤਾਰ ਵਿਕਾਸ ਕਰਦਾ ਜਾ ਰਿਹਾ ਸੀ । ਇਸੇ ਕਰਕੇ ਮਨੁੱਖ ਬਾਕੀ ਜੰਤੂਆਂ ਨਾਲੋਂ ਵਿਕਾਸ ਵਿੱਚ ਅੱਗੇ ਨਿੱਕਲ ਗਿਆ ਕਿਉਂਕਿ ਉਸ ਦੀ ਹਰ ਪੀੜ੍ਹੀ ਪਿਛਲੀ ਪੀੜ੍ਹੀ ਦੁਆਰਾ ਹਾਸਲ ਕੀਤੇ ਵਿਕਾਸ ਦੇ ਪੱਧਰ 'ਚ ਹੋਰ ਵਾਧਾ ਕਰਦੀ ਜਾਂਦੀ ਹੈ। ਇਸ ਤਰ੍ਹਾਂ ਸੰਦਾਂ ਦੀ ਵਰਤੋਂ ਉਹ ਨਿਖੇੜ ਬਿੰਦੂ ਹੈ ਜਿਹੜਾ ਮਨੁੱਖ ਦੇ ਵਿਕਾਸ ਦਾ ਮੁੱਢਲਾ ਬਿੰਦੂ ਕਿਹਾ ਜਾ ਸਕਦਾ ਹੈ। ਸ਼ੁਰੂਆਤ ਵਿੱਚ ਇਹ ਸੰਦ ਅਨਘੜ ਪੱਥਰ ਤੇ ਟਾਹਣੀਆਂ ਹੀ ਸਨ ਪਰ ਇਹਨਾਂ ਦੀ ਵਰਤੋਂ ਮਨੁੱਖ ਦਾ ਕੁਦਰਤ ਖਿਲਾਫ਼ ਆਪਣੇ ਸੰਘਰਸ਼ 'ਚ ਇੱਕ ਵੱਡਾ ਕਦਮ ਸੀ। ਮਨੁੱਖ ਦੇ ਪੂਰਵਜਾਂ ਨੇ ਵਿਕਾਸ ਦੇ ਕਦਮ ਅੱਗੇ ਵਧਾਉਣੇ ਜ਼ਾਰੀ ਰੱਖਦੇ ਹੋਏ ਪੱਥਰਾਂ ਨੂੰ ਆਪਸ ਵਿੱਚ ਟਕਰਾ ਕੇ ਅਨਘੜ ਚਾਕੂ, ਕੁਹਾੜੇ ਆਦਿ ਬਣਾਏ ਅਤੇ ਫਿਰ ਇਹਨਾਂ ਦੀ ਧਾਰ ਨੂੰ ਤਿੱਖਾ ਕਰਨਾ ਸਿੱਖਿਆ। ਇਹਨਾਂ ਹੀ ਤਿੱਖੇ ਕੀਤੇ ਪੱਥਰਾਂ ਨੂੰ ਮਨੁੱਖ ਨੇ ਲੱਕੜੀ ਦੇ ਸੋਟੇ ਨਾਲ ਬੰਨ੍ਹ ਕੇ ਸ਼ੁਰੂਆਤੀ ਕੁਹਾੜੇ, ਨੇਜ਼ੇ ਤੇ ਫਿਰ ਤੀਰ ਬਣਾਏ, ਕੁਦਾਲੀਆਂ ਤੇ ਸੱਬਲਾਂ ਬਣਾਈਆਂ। ਬਾਅਦ ਵਿੱਚ ਆ ਕੇ ਮਨੁੱਖ ਨੇ ਜਾਨਵਰਾਂ ਦੀਆਂ ਹੱਡੀਆਂ ਨੂੰ ਵੀ ਸੰਦ ਬਣਾਉਣ ਲਈ ਵਰਤਣਾ ਸ਼ੁਰੂ ਕਰ ਦਿੱਤਾ। ਹੱਡੀਆਂ ਤੋਂ ਉਸਨੇ ਸੂਈਆਂ, ਦਾਤੀਆਂ, ਤੀਰਾਂ ਦੀਆਂ ਨੋਕਾਂ ਆਦਿ ਬਣਾਈਆਂ । ਮੁੱਢਲੇ ਪੱਥਰ ਯੁੱਗ ਦੌਰਾਨ ਹੀ ਮਨੁੱਖ ਨੇ ਲੱਗਭੱਗ 4 ਲੱਖ ਸਾਲ ਪਹਿਲਾਂ (ਕੁਝ ਵਿਗਿਆਨੀ ਇਹ ਸਮਾਂ 14 ਲੱਖ ਸਾਲ ਪਹਿਲਾਂ ਤੱਕ ਦਾ ਮੰਨਦੇ ਹਨ, ਜਿਸ ਬਾਰੇ ਹਾਲੇ ਇੱਕ ਆਮ ਰਾਇ ਨਹੀਂ ਬਣੀ ਹੈ) ਅੱਗ ਨੂੰ ਵਰਤਣਾ ਸਿੱਖ ਲਿਆ, ਉਹ ਕੁਦਰਤ 'ਚ ਲੱਗੀ ਅੱਗ ਤੋਂ ਆਪਣੇ ਨਿਵਾਸ ਵਿੱਚ ਅੱਗ ਦੀ ਧੂਣੀ ਜਲਾ ਲੈਂਦਾ ਤੇ ਫਿਰ ਜਿੰਨੀ ਦੇਰ ਤੱਕ ਉਹ ਉੱਥੇ ਰਹਿੰਦਾ ਉਹ ਇਸ ਧੂਣੀ ਨੂੰ ਲਗਾਤਾਰ ਜਲਾ ਕੇ ਰੱਖਦਾ ਕਿਉਂਕਿ ਅਜੇ ਮਨੁੱਖ ਖੁਦ ਅੱਗ ਜਲਾਉਣਾ ਨਹੀਂ ਸਿੱਖਿਆ ਸੀ। (ਸਾਡੇ ਮੰਦਿਰਾਂ 'ਚ ਅੱਗ ਦੀ ਜੋਤੀ ਲਗਾਤਾਰ ਜਲਾਉਣ ਦੀ ਧਾਰਨਾ ਸੰਭਵ ਹੈ ਇਸੇ ਦੌਰ ਦੀ ਉਪਜ ਹੈ ਕਿਉਂਕਿ ਅੱਗ ਨੇ ਮਨੁੱਖ ਦੇ ਜੀਵਨ 'ਚ ਅਹਿਮ ਭੂਮਿਕਾ ਬਣਾ ਲਈ ਸੀ ਪਰ ਅੱਗ ਜਲਾਉਣੀ ਨਾ ਸਿੱਖੀ ਹੋਣ ਕਰਕੇ ਅੱਗ ਦੀ ਧੂਣੀ ਲਗਾਤਾਰ ਜਲਾ ਕੇ ਰੱਖਣੀ ਉਸ ਲਈ ਬਹੁਤ ਅਹਿਮੀਅਤ ਵਾਲੀ ਗੱਲ ਸੀ, ਅੱਜ ਦੇ ਸਮੇਂ 'ਚ ਮਨੁੱਖਾਂ ਦੇ ਪੱਥਰ-ਯੁੱਗ ਦੇ ਪੂਰਵਜਾਂ ਦੀ ਇਹ ਜ਼ਰੂਰਤ ਇੱਕ ਧਾਰਮਿਕ ਕਰਮ-ਕਾਂਡ ਦੇ ਤੌਰ 'ਤੇ ਬਚੀ ਰਹਿ ਗਈ ਹੈ) । ਮਨੁੱਖ ਸ਼ਿਕਾਰ
ਕਰਦਾ, ਆਲੇ-ਦੁਆਲੇ 'ਚੋਂ ਫਲ ਆਦਿ ਇਕੱਠੇ ਕਰਦਾ, ਪੌਦਿਆਂ ਦੀਆਂ ਜੜ੍ਹਾਂ ਖੋਦਕੇ ਖਾਂਦਾ ਅਤੇ ਇੱਕ ਦੌਰ 'ਚ ਆਕੇ ਮੱਛੀਆਂ ਵੀ ਫੜਨ ਲੱਗਾ। ਅੱਗ ਨੂੰ ਕਾਬੂ ਕਰਨ ਨਾਲ ਮਨੁੱਖ ਪੱਕਿਆ ਮਾਸ ਖਾਣ ਲੱਗਾ ਜਿਸ ਨਾਲ ਉਸ ਦੀਆਂ ਆਂਦਰਾਂ ਦਾ ਅਕਾਰ ਘਟਣ ਲੱਗਾ ਕਿਉਂਕਿ ਪੱਕਿਆ ਮਾਸ ਪਚਾਉਣਾ ਸੌਖਾ ਸੀ, ਮਨੁੱਖ ਪੌਦਿਆਂ ਦੇ ਉਹ ਹਿੱਸੇ ਜਿਵੇਂ ਫਲੀਆਂ ਆਦਿ ਵੀ ਖਾਣ ਲੱਗਾ ਜੋ ਪਹਿਲਾਂ ਕੱਚੇ ਰੂਪ 'ਚ ਪਚਦੇ ਨਹੀਂ ਸਨ । ਪੱਕੇ ਹੋਏ ਭੋਜਨ ਨੇ ਉਹ ਖੁਰਾਕੀ ਤੱਤ ਮਨੁੱਖੀ ਸਰੀਰ ਨੂੰ ਉਪਲਬਧ ਕਰਵਾਏ ਜਿਸ ਨਾਲ ਮਨੁੱਖੀ ਦਿਮਾਗ ਦਾ ਤੇਜ਼ ਵਿਕਾਸ ਸੰਭਵ ਹੋਇਆ ਜਿਸ ਲਈ ਜ਼ੋਰਦਾਰ ਉਤੇਜਕ ਮਨੁੱਖ ਦੇ ਦੋ ਟੰਗਾਂ 'ਤੇ ਚੱਲ ਸਕਣ ਦੀ ਯੋਗਤਾ ਤੇ ਹੱਥਾਂ ਦੀ ਵਰਤੋਂ 'ਚ ਪਿਆ ਸੀ । ਵਿਕਸਤ ਹੁੰਦੇ ਦਿਮਾਗ ਨੇ ਮੋੜਵੇਂ ਰੂਪ 'ਚ ਹੱਥਾਂ ਦੀ ਵਰਤੋਂ ਨੂੰ ਹੋਰ ਮੁਹਾਰਤ ਦਿੱਤੀ। ਸ਼ਿਕਾਰ ਕਰਨ ਤੇ ਸੰਦਾਂ ਨੂੰ ਬਣਾਉਣ ਦੌਰਾਨ ਮਨੁੱਖਾਂ ਨੂੰ ਇੱਕ ਦੂਜੇ ਨੂੰ ਸੰਦੇਸ਼ ਦੇਣ ਦੀ ਜ਼ਰੂਰਤ ਮਹਿਸੂਸ ਹੋਈ, ਜਿਵੇਂ ਸ਼ਿਕਾਰ 'ਤੇ ਨਿਕਲੇ ਗਰੁੱਪ ਦਾ ਇੱਕ ਮੈਂਬਰ ਜਦੋਂ ਕਿਸੇ ਜਾਨਵਰ ਦਾ ਪੈਰ-ਚਿੰਨ੍ਹ ਦੇਖਦਾ ਜਾਂ ਅਵਾਜ਼ ਸੁਣਦਾ ਤਾਂ ਉਸਨੇ ਇਸ ਬਾਰੇ ਝੱਟ-ਪਟ ਆਪਣੇ ਸਾਥੀਆਂ ਨੂੰ ਦੱਸਣਾ ਹੁੰਦਾ ਸੀ। ਪੈਰ-ਚਿੰਨ੍ਹ ਜਾਂ ਅਵਾਜ਼ ਉਸ ਲਈ ਸ਼ਿਕਾਰ ਦੇ ਨੇੜੇ ਹੀ ਹੋਣ ਦਾ ਸੰਕੇਤ ਸੀ। ਉਸਨੇ ਇਹ ਸੰਕੇਤ ਨੂੰ ਦੂਜਿਆਂ ਤੱਕ ਪਹੁੰਚਾਉਣ ਲਈ ਸੰਕੇਤ ਦਾ ਇੰਤਜ਼ਾਮ ਕਰਨਾ ਸੀ। ਸ਼ੁਰੂ ਵਿੱਚ ਇਹ ਸੰਕੇਤ ਹੱਥਾਂ ਦੀਆਂ ਹਰਕਤਾਂ ਤੇ ਚੇਹਰੇ ਦੇ ਹਾਵ-ਭਾਵ ਸਨ। ਇਸ ਤਰ੍ਹਾਂ ਮਨੁੱਖ ਨੇ "ਸੰਕੇਤ ਦੇ ਸੰਕੇਤ" (ਰੂਸੀ ਵਿਗਿਆਨੀ ਇਵਾਨ ਪਾਵਲੋਵ ਦੇ ਸ਼ਬਦਾਂ 'ਚ ਜਿਹਨਾਂ ਨੇ ਭਾਸ਼ਾ ਨੂੰ "ਸੰਕੇਤ ਦਾ ਸੰਕੇਤ" ਕਿਹਾ ਸੀ) ਦੀ ਲੱਭਤ ਕਰ ਲਈ । ਪਰ ਇਹਦੀ ਸੀਮਤਾਈ ਸੀ ਕਿਉਂਕਿ ਇਹ ਸੰਕੇਤ ਹਨੇਰੇ ਵਿੱਚ ਕੰਮ ਨਹੀਂ ਕਰਦੇ ਸਨ, ਨਤੀਜਾ ਮਨੁੱਖ ਦਾ ਆਵਾਜ਼ਾਂ ਕੱਢ ਕੇ ਸੰਕੇਤ ਦੇਣਾ ਤੇ ਕੰਠ ਦਾ ਵਿਕਾਸ। ਕੰਠ ਦੇ ਵਿਕਾਸ ਦੌਰਾਨ ਹੀ ਮਨੁੱਖ ਦੇ ਗਲੇ 'ਚ ਇੱਕ ਹੱਡੀ ਪ੍ਰਗਟ ਹੋ ਗਈ ਜਿਸ ਨੇ ਕੰਠ ਨੂੰ ਜੀਭ ਨਾਲ ਜੋੜ ਦਿੱਤਾ। ਇਹ ਅਵਾਜ਼ਾਂ ਬਾਅਦ 'ਚ ਕੰਠ 'ਚੋਂ ਨਿਕਲਦੀ ਹਵਾ ਦੀ ਹਰਕਤ ਤੇ ਜੀਭ ਦੀਆਂ ਹਰਕਤਾਂ ਨਾਲ ਮਿਲ ਕੇ ਧੁਨੀਆਂ ਬਣੀਆਂ ਤੇ ਧੁਨੀਆਂ ਨੇ ਸ਼ਬਦਾਂ ਦਾ, ਬੋਲੀ ਦਾ ਰੂਪ ਲੈ ਲਿਆ। "ਸੰਕੇਤ ਦੇ ਸੰਕੇਤ" ਦੇ ਵਿਕਾਸ ਪੜਾਵਾਂ ਨੇ ਮਨੁੱਖੀ ਦਿਮਾਗ ਨੂੰ ਹੋਰ ਵਿਕਸਤ ਕੀਤਾ ਅਤੇ ਉਸ ਦੀ ਸੋਚਣ, ਅਗਾਊਂ ਯੋਜਨਾ ਬਣਾ ਕੇ ਕੰਮ ਕਰਨ ਦੀ ਯੋਗਤਾ ਚੋਖੀ ਹੱਦ ਤੱਕ ਵਿਕਸਤ ਹੋ ਗਈ। ਇਸ ਪੂਰੇ ਸਮੇਂ ਦੌਰਾਨ ਮਨੁੱਖ ਦੀ ਇੱਕ ਨਹੀਂ ਸਗੋਂ ਕਈ ਨਸਲਾਂ ਧਰਤੀ 'ਤੇ ਵਿਚਰ ਰਹੀਆਂ ਸਨ ਅਤੇ ਆਧੁਨਿਕ ਮਨੁੱਖ ਦੇ ਵਡੇਰੇ ਦੋ ਕੁ ਲੱਖ ਸਾਲ ਪਹਿਲਾਂ ਧਰਤੀ 'ਤੇ ਵਿਚਰਨੇ ਸ਼ੁਰੂ ਹੋਏ ਜਿਹਨਾਂ ਨੇ ਅੱਗੇ ਚੱਲ ਕੇ ਅੱਜ ਦੇ ਮਨੁੱਖ ਦਾ ਰੂਪ ਲਿਆ ਅਤੇ ਬਾਕੀ ਦੀਆਂ ਨਸਲਾਂ ਨਵ-ਪੱਥਰ ਯੁੱਗ ਆਉਂਦੇ-ਆਉਂਦੇ ਖਤਮ ਹੋ ਗਈਆਂ।
ਸ਼ਿਕਾਰ ਕਰਨਾ, ਖੁਰਾਕ ਇਕੱਠੀ ਕਰਨੀ ਤੇ ਸੰਦ ਬਣਾਉਣੇ, ਇਹ ਸਾਰਾ ਕੁਝ ਸਮੂਹਿਕ
ਹੁੰਦਾ ਸੀ ਅਤੇ ਉਸ ਸਮੇਂ ਇਹ ਸਮੂਹਿਕ ਹੀ ਹੋ ਸਕਦਾ ਸੀ ਕਿਉਂਕਿ ਉਸ ਸਮੇਂ ਮਨੁੱਖ ਇੰਨਾ ਤਾਕਤਵਰ ਨਹੀਂ ਸੀ ਕਿ ਉਹ ਸਮੂਹ ਤੋਂ ਬਿਨਾਂ ਜਾਨਵਰਾਂ ਦਾ ਸ਼ਿਕਾਰ ਕਰ ਸਕਦਾ ਤੇ ਕੁਦਰਤ ਦਾ ਟਾਕਰਾ ਕਰ ਸਕਦਾ। ਦੂਜਾ ਤੇ ਅਹਿਮ ਕਾਰਨ ਇਹ ਸੀ ਕਿ ਉਸ ਸਮੇਂ ਜੇ ਸਮੂਹ ਦੇ ਕੁਝ ਮੈਂਬਰ ਖੁਰਾਕ ਦਾ ਇੰਤਜ਼ਾਮ ਕਰਨ 'ਚ ਹਿੱਸਾ ਨਾ ਪਾਉਣ ਤੋਂ ਇਨਕਾਰ ਕਰ ਦਿੰਦੇ ਤਾਂ ਖੁਰਾਕ ਦੀ ਕਮੀ ਹੋ ਜਾਣੀ ਸੀ ਤੇ ਨਤੀਜੇ ਵਜੋਂ ਭੁੱਖਮਰੀ ਤੇ ਸਮੂਹ ਦਾ ਸਫਾਇਆ। ਇਸ ਲਈ ਸਮੂਹ ਦੇ ਤੌਰ 'ਤੇ ਅਤੇ ਸਾਰੇ ਸਮੂਹ ਦੇ ਕੰਮ ਕਰਨ ਦੀ ਸ਼ਰਤ 'ਤੇ ਹੀ ਇਸ ਦੌਰ ਦਾ ਮਨੁੱਖੀ (ਸਮਾਜ) ਜਿਉਂਦਾ ਰਹਿ ਸਕਦਾ ਸੀ। ਸਮੂਹ ਦੇ ਨੌਜਵਾਨ ਮਰਦ ਮੈਂਬਰ ਸ਼ਿਕਾਰ ਕਰਨ ਜਾਂਦੇ, ਬਜ਼ੁਰਗ ਮਰਦ ਸੰਦ ਬਣਾਉਂਦੇ, ਔਰਤਾਂ ਤੇ ਬੱਚੇ ਆਲੇ-ਦੁਆਲੇ 'ਚੋਂ ਖੁਰਾਕੀ ਪਦਾਰਥ ਇਕੱਠੇ ਕਰਦੇ, ਔਰਤਾਂ ਖੱਲਾਂ ਦੇ ਬਸਤਰ ਬਣਾਉਣ ਲੱਗੀਆਂ। ਸਾਰਾ ਕੁਝ ਸਭ ਦਾ ਸਾਂਝਾ ਸੀ, "ਮੇਰਾ" ਤੇ "ਤੇਰਾ" ਅਜੇ ਪੈਦਾ ਨਹੀਂ ਹੋਏ ਸਨ। ਮਨੁੱਖ ਦੇ ਰਸਮ-ਰਿਵਾਜ ਤੇ ਵਿਸ਼ਵਾਸ ਸਮੇਂ ਦੇ ਅਨੁਸਾਰੀ ਸਨ, ਮਨੁੱਖ ਜਿਹੜੇ ਜਾਨਵਰਾਂ ਦਾ ਸ਼ਿਕਾਰ ਕਰਕੇ ਭੋਜਨ ਹਾਸਲ ਕਰਦਾ ਉਹ ਜਾਨਵਰ ਮਨੁੱਖ ਲਈ ਪੂਜਣ-ਯੋਗ ਸਨ ਕਿਉਂਕਿ ਮਨੁੱਖ ਸਮਝਦਾ ਸੀ ਕਿ ਜੇ ਇਹਨਾਂ ਜਾਨਵਰਾਂ ਨੇ ਖੁਦ ਨੂੰ ਸ਼ਿਕਾਰ ਦੇ ਤੌਰ 'ਤੇ ਪੇਸ਼ ਨਾ ਕੀਤਾ ਹੁੰਦਾ ਤਾਂ ਮਨੁੱਖ ਨੇ ਭੁੱਖਿਆਂ ਮਰ ਜਾਣਾ ਸੀ। ਕੋਈ ਮਨੁੱਖੀ ਸਮੂਹ ਜਿਹੜੇ ਜਾਨਵਰ ਦਾ ਮੁੱਖ ਤੌਰ 'ਤੇ ਸ਼ਿਕਾਰ ਕਰਦਾ ਉਹੀ ਉਸਦਾ ਦੇਵਤਾ ਤੇ ਸਮੂਹ ਦਾ ਚਿੰਨ੍ਹ ਬਣ ਜਾਂਦਾ ਜਿਸਨੂੰ 'ਟੋਟਮ' ਕਿਹਾ ਜਾਂਦਾ ਹੈ। ਸ਼ਿਕਾਰ ਕਰਨ, ਖੁਰਾਕ ਇਕੱਠੀ ਕਰਨ ਤੇ ਸੰਦ ਬਣਾਉਣ ਦੀਆਂ ਮਨੁੱਖੀ ਹਰਕਤਾਂ ਨੂੰ ਨਾਚਾਂ ਦੇ ਰੂਪ 'ਚ ਪੁਨਰ-ਪ੍ਰਸਤੁਤ ਕੀਤਾ ਜਾਂਦਾ ਜਿਸ ਨਾਲ ਨਵੀਂ ਪੀੜ੍ਹੀ ਦੇ ਲੋਕਾਂ ਨੂੰ ਸਿੱਖਿਆ ਵੀ ਮਿਲਦੀ ਤੇ ਮਨੁੱਖ ਦੇਵਤੇ ਦਾ ਸ਼ੁਕਰੀਆ ਵੀ ਅਦਾ ਕਰਦਾ। ਇਹਨਾਂ ਨਾਚਾਂ ਨੂੰ ਸ਼ਿਕਾਰ 'ਤੇ ਜਾਣ ਤੋਂ ਪਹਿਲਾਂ ਤੇ ਸ਼ਿਕਾਰ ਦੇ ਸਫ਼ਲ ਰਹਿਣ ਤੋਂ ਬਾਅਦ ਕੀਤਾ ਜਾਂਦਾ। ਸਮੂਹ ਦਾ ਮੋਹਰੀ ਵਿਅਕਤੀ ਧੂਆਂ ਜਾਂ ਕਿਸੇ ਹੋਰ ਤਰੀਕੇ ਨਾਲ ਨਾਚ ਦੀ ਅਗਵਾਈ ਕਰਦਾ। ਜੇ ਮਨੁੱਖੀ ਸਮੂਹ ਜਾਂ ਕਬੀਲੇ ਨੂੰ ਕਿਸੇ ਦੂਸਰੇ ਸਮੂਹ ਜਾਂ ਕਬੀਲੇ ਨਾਲ ਲੜਨਾ ਪੈਂਦਾ ਤਾਂ ਉਹ ਆਪਣਾ ਇੱਕ ਸਰਦਾਰ ਚੁਣ ਲੈਂਦਾ ਜਿਹੜਾ ਓਨਾ ਚਿਰ ਹੀ ਸਰਦਾਰ ਰਹਿੰਦਾ ਜਿੰਨਾ ਚਿਰ ਲੜਾਈ ਹੁੰਦੀ, ਬਾਅਦ ਵਿੱਚ ਉਹ ਵੀ ਕਬੀਲੇ ਦੇ ਬਾਕੀ ਮੈਂਬਰਾਂ ਵਾਂਗ ਕੰਮ ਕਰਦਾ । ਲੜਾਈ 'ਚ ਜੇਤੂ ਕਬੀਲਾ ਜਾਂ ਤਾਂ ਦੂਜੇ ਕਬੀਲੇ ਦੇ ਸਾਰੇ ਆਦਮੀਆਂ ਨੂੰ ਮਾਰ ਦਿੰਦਾ ਜਾਂ ਫਿਰ ਉਹਨਾਂ ਨੂੰ ਆਪਣੇ ਵਿੱਚ ਸ਼ਾਮਿਲ ਕਰ ਲੈਂਦਾ ਤੇ ਇਹਨਾਂ ਨਵੇਂ ਮੈਂਬਰਾਂ ਨੂੰ ਵੀ ਉਵੇਂ ਹੀ ਕੰਮ ਕਰਨਾ ਪੈਂਦਾ ਤੇ ਉਹਨਾਂ ਨੂੰ ਬਰਾਬਰ ਦਾ ਹਿੱਸਾ ਮਿਲਦਾ। ਇਸ ਤਰ੍ਹਾਂ ਅਜੇ ਤੱਕ ਕਬੀਲੇ ਦੇ ਸਰਦਾਰ ਅਤੇ ਨਾਚਾਂ-ਰਸਮਾਂ ਦੌਰਾਨ ਅਗਵਾਈ ਕਰਨ ਵਾਲੇ ਮੈਂਬਰਾਂ ਨੂੰ ਵਿਸ਼ੇਸ਼-ਅਧਿਕਾਰ ਪ੍ਰਾਪਤ ਰੁਤਬਾ ਹਾਸਲ ਨਹੀਂ ਸੀ ਹੋਇਆ। ਕਬੀਲੇ 'ਚ ਕਿਉਂਕਿ ਜ਼ਿਆਦਾ ਕੰਮ ਔਰਤਾਂ ਨੂੰ ਕਰਨਾ ਪੈਂਦਾ, ਇਸ ਲਈ ਕਬੀਲੇ ’ਚ ਉਹਨਾਂ ਦੀ ਹੀ ਚਲਦੀ ਸੀ, ਮਨੁੱਖੀ
ਕਬੀਲੇ ਅਜੇ ਮਾਤਾ-ਪ੍ਰਧਾਨ ਸਨ। ਇਸ ਸਾਰੇ ਸਮੇਂ ਦੌਰਾਨ ਮਨੁੱਖ ਮੁੱਢਲੇ ਪੱਥਰ-ਯੁੱਗ ਤੇ ਮੱਧ ਪੱਥਰ-ਯੁੱਗ ਵਿੱਚ ਹੀ ਵਿਚਰ ਰਿਹਾ ਸੀ। ਵਿਕਾਸ ਦੇ ਪੜਾਵਾਂ 'ਤੇ ਅੱਗੇ ਵਧਦਾ ਹੋਇਆ ਮਨੁੱਖ ਲਗਭਗ 10,000 ਸਾਲ ਪਹਿਲਾਂ ਉਸ ਪੜਾਅ ’ਤੇ ਆ ਪਹੁੰਚਦਾ ਹੈ ਜਿਸਨੂੰ ਸੰਸਾਰ ਪ੍ਰਸਿੱਧ ਪੁਰਾਤੱਤਵ ਵਿਗਿਆਨੀ ਵੀ ਗੌਰਡਨ ਚਾਈਲਡ ਨੇ "ਨੀਊਲਿਥਿਕ ਰੈਵੋਲੂਸ਼ਨ" (ਨਵ-ਪੱਥਰਯੁਗੀ ਇਨਕਲਾਬ) ਕਿਹਾ।
ਨਵ-ਪੱਥਰਯੁਗੀ ਇਨਕਲਾਬ ਦੇ ਪੜਾਅ 'ਤੇ ਆਕੇ ਜਿਸਨੂੰ ਨਵ-ਪੱਥਰਯੁਗੀ ਖੇਤੀ ਇਨਕਲਾਬ ਵੀ ਕਿਹਾ ਜਾਂਦਾ ਹੈ, ਮਨੁੱਖ ਨੇ ਜਾਨਵਰਾਂ ਤੇ ਪੌਦਿਆਂ ਨੂੰ ਪਾਲਤੂ ਬਣਾਉਣਾ ਸ਼ੁਰੂ ਕੀਤਾ। ਅਜਿਹਾ ਨਹੀਂ ਕਿ ਮਨੁੱਖ ਕੋਲ ਪਹਿਲਾਂ ਕੋਈ ਪਾਲਤੂ ਜਾਨਵਰ ਨਹੀਂ ਸੀ, ਕੁੱਤੇ ਨੂੰ ਉਹ ਕਾਫ਼ੀ ਦੇਰ ਪਹਿਲਾਂ ਹੀ ਆਪਣਾ ਸਾਥੀ ਬਣਾ ਚੁੱਕਾ ਸੀ। ਪਰ ਇਸਤੋਂ ਪਹਿਲਾਂ ਮਨੁੱਖ ਨੇ ਕਦੇ ਵੀ ਮਾਸ ਤੇ ਹੋਰ ਖੁਰਾਕੀ ਪਦਾਰਥ ਹਾਸਲ ਕਰਨ ਲਈ ਜਾਨਵਰਾਂ ਨੂੰ ਪਾਲਤੂ ਬਣਾ ਕੇ ਇੱਕ ਥਾਂ ਟਿਕ ਕੇ ਰਹਿਣਾ ਸ਼ੁਰੂ ਨਹੀਂ ਕੀਤਾ ਸੀ । ਉਸਨੇ ਭੇਡ, ਬੱਕਰੀ, ਘੋੜੇ ਤੇ ਹੋਰ ਜਾਨਵਰਾਂ ਨੂੰ ਪਾਲਤੂ ਬਣਾਇਆ। ਨਾਲ ਹੀ, ਉਸਨੇ ਬਹੁਤ ਸਾਰੇ ਜੰਗਲੀ ਅਨਾਜ ਤੇ ਹੋਰ ਖੁਰਾਕੀ ਪੌਦਿਆਂ ਨੂੰ ਆਪ ਉਗਾਉਣਾ ਸ਼ੁਰੂ ਕੀਤਾ। ਸਭ ਤੋਂ ਪਹਿਲੀ ਖੇਤੀ 9,000 ਈ.ਪੂ. ਵਿੱਚ ਮਿਸਰ ਤੇ ਪੱਛਮੀ ਏਸ਼ੀਆ ਦੇ ਇਲਾਕਿਆਂ 'ਚ ਸ਼ੁਰੂ ਹੋਈ ਮੰਨੀ ਜਾਂਦੀ ਹੈ। ਲਗਭਗ ਇਸੇ ਹੀ ਸਮੇਂ (8,000 ਈ.ਪੂ.) ਚੀਨ ਅਤੇ ਭਾਰਤ ਵਿੱਚ ਵੀ ਖੇਤੀ ਦੀ ਸ਼ੁਰੂਆਤ ਹੋ ਚੁੱਕੀ ਸੀ । ਇਸ ਤੋਂ ਬਾਅਦ ਖੇਤੀ ਯੂਰਪ ਦੇ ਇਲਾਕੇ 'ਚ ਫੈਲ ਗਈ । ਫਸਲਾਂ ਦੀ ਬਿਜਾਈ ਪੱਥਰ ਦੀਆਂ ਬਣੀਆਂ ਲੰਮੀਆਂ ਸੱਬਲਾਂ ਜਾਂ ਕੁਦਾਲੀਆਂ ਨਾਲ ਹੁੰਦੀ ਅਤੇ ਬਿਜਾਈ ਤੇ ਗਹਾਈ ਦਾ ਕੰਮ ਔਰਤਾਂ ਹੀ ਕਰਦੀਆਂ । ਪੱਥਰ ਦੇ ਸੰਦਾਂ ਨਾਲ ਜ਼ਮੀਨ ਦੀ ਵਹਾਈ ਬਹੁਤੀ ਡੂੰਘੀ ਨਹੀਂ ਸੀ ਹੁੰਦੀ ਅਤੇ ਉਪਜਾਊ ਸ਼ਕਤੀ ਵੀ ਜਲਦੀ ਹੀ ਖਤਮ ਹੋ ਜਾਂਦੀ । ਕਬੀਲਾ ਨਵੀਂ ਜ਼ਮੀਨ ਸਾਫ਼ ਕਰਦਾ ਤੇ ਉੱਥੇ ਖੇਤੀ ਸ਼ੁਰੂ ਕਰ ਦਿੰਦਾ। ਖੇਤੀ ਸ਼ੁਰੂ ਹੋਣ ਦਾ ਮਤਲਬ ਇਹ ਨਹੀਂ ਸੀ ਕਿ ਹੁਣ ਮਨੁੱਖ ਨੇ ਪਸ਼ੂਆਂ ਨੂੰ ਖੇਤੀ ਦੇ ਕੰਮਾਂ 'ਚ ਵਰਤਣਾ ਸ਼ੁਰੂ ਕਰ ਦਿੱਤਾ ਸੀ, ਖੇਤੀ ਮਨੁੱਖ ਆਪਣੀ ਮਿਹਨਤ ਨਾਲ ਹੀ ਕਰਦਾ ਸੀ । ਪਸ਼ੂ-ਪਾਲਣ ਦਾ ਉਦੇਸ਼ ਮਾਸ, ਦੁੱਧ ਤੇ ਖੱਲਾਂ ਹਾਸਲ ਕਰਨਾ ਸੀ। ਇੱਥੋਂ ਤੱਕ ਘੋੜੇ ਨੂੰ ਬੜੀ ਦੇਰ ਤੱਕ ਦੁੱਧ ਤੇ ਮਾਸ ਲਈ ਪਾਲਿਆ ਜਾਂਦਾ ਰਿਹਾ। ਇਸ ਸਾਰੇ ਸਮੇਂ ਦੌਰਾਨ ਕਬੀਲੇ ਦੇ ਅੰਦਰ ਵੀ ਅਤੇ ਕਬੀਲਿਆਂ ਦੇ ਵਿਚਕਾਰ ਵੀ ਵੱਡੀਆਂ ਕਿਰਤ ਵੰਡਾਂ ਸਾਹਮਣੇ ਆਈਆਂ । ਕਈ ਕਬੀਲੇ ਮੁੱਖ ਤੌਰ 'ਤੇ ਪਸ਼ੂ-ਪਾਲਕ ਬਣ ਗਏ ਅਤੇ ਕਈ ਮੁੱਖ ਤੌਰ 'ਤੇ ਖੇਤੀ ਕਰਨ ਵਾਲੇ, ਜਦਕਿ ਕਈ ਕਬੀਲੇ ਦੋਵੇਂ ਕੰਮ ਹੀ ਕਰਦੇ। ਇਸ ਕਿਰਤ ਵੰਡ ਨਾਲ ਕਬੀਲਿਆਂ ਵਿਚਕਾਰ ਚੀਜ਼ਾਂ ਦੇ ਵਟਾਂਦਰੇ ਦਾ ਅਧਾਰ ਤਿਆਰ ਹੋਇਆ ਅਤੇ ਕਬੀਲਿਆਂ 'ਚ ਧਨ ਦਾ ਸੰਕਲਪ ਪੈਦਾ ਹੋਇਆ। ਜਿਹੜੇ ਕਬੀਲੇ ਕੋਲ ਜ਼ਿਆਦਾ ਪਸ਼ੂ ਹੁੰਦੇ ਉਹ ਅਮੀਰ ਹੁੰਦਾ ਤੇ ਜਿਹੜੇ ਕੋਲ ਘੱਟ ਉਹ ਗਰੀਬ ਹੁੰਦਾ, ਇਸੇ
ਤਰ੍ਹਾਂ ਜਿਸ ਕਬੀਲੇ ਕੋਲ ਜ਼ਿਆਦਾ ਅਨਾਜ ਦੇ ਭੰਡਾਰ ਹੁੰਦੇ ਉਹ ਅਮੀਰ ਹੁੰਦਾ ਤੇ ਦੂਜਾ ਗਰੀਬ । ਕਬੀਲੇ ਦੇ ਅੰਦਰ ਵੀ ਕਿਰਤ ਵੰਡ ਦਾ ਅਧਾਰ ਤਿਆਰ ਹੋ ਚੁੱਕਾ ਸੀ । ਪਸ਼ੂ-ਪਾਲਣ ਦੇ ਨਾਲ-ਨਾਲ ਮਰਦ ਹੁਣ ਖੇਤਾਂ ਦੇ ਕੰਮ 'ਚ ਹਿੱਸਾ ਲੈਣ ਲੱਗੇ ਸਨ ਅਤੇ ਜਿਵੇਂ ਜਿਵੇਂ ਖੇਤੀ 'ਚ ਬਲ ਦੀ ਜ਼ਰੂਰਤ ਵਧਦੀ ਗਈ ਖੇਤੀ ਵਿੱਚ ਔਰਤਾਂ ਦਾ ਦਾਇਰਾ ਸੀਮਤ ਹੁੰਦਾ ਗਿਆ ਤੇ ਮਰਦਾਂ ਦੀ ਭੂਮਿਕਾ ਵਧਦੀ ਗਈ । ਨਤੀਜੇ ਵਜੋਂ ਔਰਤਾਂ ਕਬੀਲੇ 'ਚ ਆਪਣੀ ਪ੍ਰਧਾਨ ਪੋਜ਼ੀਸ਼ਨ ਨੂੰ ਗੁਆਉਂਦੀਆਂ ਚਲੀਆਂ ਗਈਆਂ ਤੇ ਕਬੀਲੇ ਪਿਤਾ-ਪ੍ਰਧਾਨ ਹੋਣ ਲੱਗੇ। ਕਬੀਲੇ ਲਈ ਜ਼ਰੂਰੀ ਸੈਦ ਬਣਾਉਣ ਲਈ ਕਾਰੀਗਰਾਂ ਦਾ ਇੱਕ ਟੋਲਾ ਹੋਂਦ 'ਚ ਆ ਗਿਆ ਸੀ ਜਿਹੜਾ ਸਮੇਂ ਨਾਲ ਨਾ ਸਿਰਫ਼ ਆਪਣੇ ਕਬੀਲੇ ਲਈ ਚੀਜ਼ਾਂ ਬਣਾਉਂਦਾ, ਸਗੋਂ ਹੋਰਨਾਂ ਕਬੀਲਿਆਂ ਨਾਲ ਵੀ ਵਟਾਂਦਰਾ ਕਰਨ ਲਈ ਸੰਦ ਆਦਿ ਬਣਾਉਣ ਲੱਗਾ। ਦੂਜੇ ਪਾਸੇ, ਕਿਉਂਕਿ ਕਬੀਲੇ ਕੋਲ ਹਰ ਸਮੇਂ ਪਸ਼ੂਆਂ ਦਾ ਇੱਕ ਵੱਡਾ ਇੱਜੜ ਤੇ ਅਨਾਜ ਦੇ ਭੰਡਾਰ ਮੌਜੂਦ ਰਹਿੰਦੇ ਸਨ, ਇਹਨਾਂ ਦੀ ਰਖਵਾਲੀ ਲਈ ਇੱਕ ਤਿਆਰ-ਬਰ-ਤਿਆਰ ਲੜਾਕੂ ਦਸਤਾ ਰੱਖਣਾ ਜ਼ਰੂਰੀ ਹੁੰਦਾ ਗਿਆ। ਕਬੀਲੇ ਦਾ ਸਰਦਾਰ ਇਸ ਲੜਾਕੂ ਦਸਤੇ ਦਾ ਵੀ ਮੁਖੀ ਹੁੰਦਾ ਅਤੇ ਉਸਨੂੰ ਸਮੇਤ ਲੜਾਕੂ ਦਸਤੇ ਦੇ ਆਦਮੀਆਂ ਦੇ ਖੇਤੀ, ਪਸ਼ੂ-ਪਾਲਣ ਤੇ ਹੋਰ ਕੰਮਾਂ ਤੋਂ ਛੋਟ ਮਿਲਣ ਲੱਗੀ। ਨਾਚਾਂ-ਰਸਮਾਂ 'ਚ ਜਾਦੂਗਰ-ਨੁਮਾ ਭੂਮਿਕਾ ਅਦਾ ਕਰਨ ਵਾਲਾ ਮੋਹਰੀ ਵਿਅਕਤੀ ਹੁਣ ਅਜਿਹਾ ਖਾਸ ਆਦਮੀ ਬਣਨ ਵੱਲ ਵਧਣ ਲੱਗਾ ਜਿਹੜਾ ਕਬੀਲੇ ਦੀਆਂ ਪੈਦਾਵਾਰੀ ਸਰਗਰਮੀਆਂ ਦੀ ਸਫ਼ਲਤਾ ਲਈ ਅਤੇ ਕਬੀਲੇ ਨੂੰ ਦੁਸ਼ਮਨਾਂ ਤੋਂ ਬਚਾਉਣ ਲਈ ਦੇਵਤਿਆਂ ਅੱਗੇ ਸਮੂਹ ਕਬੀਲੇ ਵੱਲੋਂ ਨੁਮਾਇੰਦਾ ਬਣ ਗਿਆ ਤੇ ਉਹ ਖੇਤੀ ਲਈ ਜ਼ਰੂਰੀ ਜਾਣਕਾਰੀਆਂ ਜਿਵੇਂ ਮੌਸਮਾਂ ਦੀ ਜਾਣਕਾਰੀ ਆਦਿ ਵੀ ਰੱਖਣ ਲੱਗਾ ਜਿਸਨੂੰ ਉਹ ਦੇਵਤਿਆਂ ਦੀ ਬਖਸ਼ਿਸ਼ ਬਣਾ ਕੇ ਇੱਕ ਰਹੱਸ ਦੇ ਤੌਰ 'ਤੇ ਪੇਸ਼ ਕਰਦਾ। ਇਸ ਤਰ੍ਹਾਂ ਕਬੀਲੇ 'ਚ ਦਿਮਾਗੀ ਕੰਮ ਤੇ ਸਰੀਰਕ ਕੰਮ ਦੀ ਕਿਰਤ ਵੰਡ ਦੀ ਵੀ ਬੁਨਿਆਦ ਰੱਖੀ ਜਾ ਚੁੱਕੀ ਸੀ । ਕਬੀਲੇ ਦੇ ਸਰਦਾਰ ਕੋਲ ਦੂਜੇ ਕਬੀਲੇ ਨਾਲ ਹੁੰਦੀਆਂ ਲੜਾਈਆਂ ਦੌਰਾਨ ਹਾਸਲ ਹੁੰਦੇ ਲੁੱਟ ਦੇ ਮਾਲ 'ਚੋਂ ਆਪਣੀ ਪੋਜ਼ੀਸ਼ਨ ਕਾਰਨ ਜ਼ਿਆਦਾ ਹਿੱਸਾ ਹੜੱਪ ਸਕਣ ਦੇ ਮੌਕੇ ਪੈਦਾ ਹੋਣ ਲੱਗੇ। ਇਸ ਦੌਰਾਨ ਖੇਤੀਯੋਗ ਭੂਮੀ ਦੇ ਟੁਕੜੇ ਅਲੱਗ-ਅਲੱਗ ਮੈਂਬਰਾਂ ਨੂੰ ਖੇਤੀ ਕਰਨ ਲਈ ਦਿੱਤੇ ਜਾਣ ਦਾ ਰਿਵਾਜ ਵੀ ਸ਼ੁਰੂ ਹੋ ਗਿਆ ਅਤੇ ਨਿੱਜੀ ਜਾਇਦਾਦ ਦਾ ਸੰਕਲਪ ਹੋਂਦ ਵਿੱਚ ਆਇਆ । ਕਬੀਲੇ ਦਾ ਸਰਦਾਰ ਦੂਜੇ ਕਬੀਲੇ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਆਪਣੇ ਖੇਤਾਂ 'ਚ ਕੰਮ 'ਤੇ ਲਾਉਣ ਲੱਗਾ ਤੇ ਦੂਜੇ ਕਬੀਲੇ ਦੀ ਜ਼ਮੀਨ 'ਚੋਂ ਵੀ ਵੱਡਾ ਹਿੱਸਾ ਰੱਖਣ ਲੱਗਾ। ਇਸ ਤਰ੍ਹਾਂ ਉਹ ਕਬੀਲੇ 'ਚ ਅਮੀਰ ਆਦਮੀ ਦੀ ਹੈਸੀਅਤ 'ਚ ਆਣ ਲੱਗਾ। ਉਸਦੇ ਨੇੜੇ ਦੇ ਆਦਮੀ ਉਸ ਵਾਂਗ ਹੀ ਅਮੀਰ ਹੋਣ ਲੱਗੇ। ਪਰ ਅਜੇ ਵੀ ਕਬਾਇਲੀ ਸਮਾਜ ਦਾ ਪੂਰੀ ਤਰ੍ਹਾਂ ਖਾਤਮਾ ਨਹੀਂ ਸੀ ਹੋਇਆ।