ਜ਼ਫਰਨਾਮਹ
ਗੁਰੂ ਗੋਬਿੰਦ ਸਿੰਘ
ਉਲਥਾ ਤੇ ਸੰਪਾਦਨ ਭਾਈ ਵੀਰ ਸਿੰਘ
ਸ਼ਵਦ ਸੁਖ਼ਨਵਰ
ਸਾਲ 2017 ਗੁਰੂ ਗੋਬਿੰਦ ਸਿੰਘ ਜੀ ਜਨਮ ਸ਼ਤਾਬਦੀ ਦਾ 350ਵਾਂ ਵਰ੍ਹਾ ਹੈ। ਨਾਨਕ ਨਾਮ ਲੇਵਾ, ਸਿੱਖ ਸਮਾਜ ਇਸ ਸ਼ਤਾਬਦੀ ਨੂੰ ਇਕ ਨਵੇਂ ਜੋਸ਼ ਤੇ ਉਮਾਹ ਨਾਲ ਮਨਾ ਰਿਹਾ ਏ। ਗੁਰੂ ਗੋਬਿੰਦ ਸਿੰਘ ਜੀ ਦੇ ਅਕੀਦੇ ਅਤੇ ਉਨ੍ਹਾਂ ਲਾਸਾਨੀ ਯਾਦ 'ਚ ਮੜ੍ਹੇ ਮਨੁੱਖ ਕੁਝ ਖ਼ਾਸ ਰੂਹਾਨੀ ਤਰੰਗਾਂ ਮਹਿਸੂਸ ਕਰਦੇ ਹਨ। ਇਹ ਤਰੰਗਾਂ ਉਨ੍ਹਾਂ ਨੂੰ, ਉਨ੍ਹਾਂ ਪਲਾਂ ਕੋਲ ਲੈ ਜਾਂਦੀਆਂ ਹਨ, ਜਿਨ੍ਹਾਂ ਪਲਾਂ ਨੂੰ ਗੁਰੂ ਸਾਹਿਬ ਨੇ ਆਪਣੇ ਤਨ 'ਤੇ ਹੰਢਾਇਆ। 'ਜ਼ਫ਼ਰਨਾਮਹ' ਇਨ੍ਹਾਂ ਪਲਾਂ ਦੀ ਦਾਸਤਾਂ ਹੈ। ਇਨ੍ਹਾਂ ਦੇ ਲਫ਼ਜ਼ਾਂ ਦੀ ਲਰਜ਼ਿਸ਼ 'ਚ ਉਸ ਗੁਜ਼ਾਰਦਨ ਤੋਂ ਲੈ ਕੇ, ਕਿਸੇ ਯੋਧੇ ਦੀ ਕਮਾਨ 'ਚੋਂ ਨਿਕਲਣ ਵਾਲੇ ਤੀਰ ਦੀਆਂ ਧੁਨੀਆਂ ਨੂੰ ਸੁਣਿਆ-ਮਹਸੂਸਿਆ ਜਾ ਸਕਦਾ ਹੈ। ਗੁਰੂ ਸਾਹਿਬ ਦਾ ਸੁਖ਼ਨ ਹੈ "ਬਬੀਂ ਗਰਦਿਸ਼ ਬੇਵਫ਼ਾਏ ਜ਼ਮਾਂ। ਕਿ ਬਰ ਹਰ ਬਗੁਜ਼ਰਦ ਮਕੀਨੋ ਮਕਾਂ।" ਭਾਵ ਜ਼ਮਾਨੇ ਦੀ ਬੇਵਫ਼ਾਈ ਦੇ ਚੱਕਰ ਵੱਲ ਵੇਖੋ। ਜਿਥੇ ਵੀ ਇਹ ਚਲਦਾ ਹੈ ਉਥੇ ਬਚਦਾ ਕੁਝ ਵੀ ਨਹੀਂ। ਇਸ ਪੀੜ੍ਹ ਦਾ ਪ੍ਰਸੰਗ ਇਤਿਹਾਸਕ ਚੇਤਨਾ ਦੇ ਆਰ-ਪਾਰ ਫੈਲਿਆ ਹੋਇਆ ਹੈ। ਇਥੇ ਦਰਦ ਦੀ ਚੇਤਨਾ ਨਹੀਂ ਸਗੋਂ ਚੇਤਨਾ ਦਾ ਦਰਦ ਹੈ ਜੋ ਤਿੱਖੇ ਰੂਪ 'ਚ ਮਨੁੱਖੀ ਮਨ 'ਤੇ ਪੱਛ ਲਾਉਂਦਾ ਹੈ। ਜ਼ਫ਼ਰਨਾਮਹ 'ਚ ਗਿਲੇ ਵਰਗੀਆਂ ਕੁਝ ਗੱਲਾਂ ਮਾਨਸਿਕਤਾ ਨੂੰ ਸੁੰਨ ਕਰ ਦੇਣ ਵਾਲੀਆਂ ਹਨ। ਇਨ੍ਹਾਂ ਗੱਲਾਂ ਦੀ ਵਿਧੀ ਹਕੂਮਤ ਧਿਰ ਨੂੰ ਮੁਖ਼ਾਤਿਬ ਹੋ ਕੇ ਉਸ ਦੀ ਹਕੂਮੀਅਤ ਦੇ ਬਰਾਬਰ "ਸੱਚੇ ਪਾਤਸ਼ਾਹ ਦੇ ਹੁਕਮ ਨੂੰ ਸਥਾਪਤ ਕਰਦੀ ਹੈ। ਜਦੋਂ ਕੋਈ ਮਨੁੱਖ ਬਾਹਰੀ ਤਾਕਤਾਂ 'ਤੇ ਕਬਜ਼ਾ ਕਰਕੇ ਅਪਣੇ ਆਪ ਨੂੰ ਅਟੱਲ ਪਾਤਸ਼ਾਹ ਬਣ ਬੈਠਦਾ ਹੈ ਤਾਂ ਉਸ ਨੂੰ ਜ਼ਫ਼ਰਨਾਮਹ ਦੀਆਂ ਸਤਰ੍ਹਾਂ ਅਜਿਹੀ ਤਾਕਤ ਦਾ ਅਹਿਸਾਸ ਕਰਵਾਉਂਦੀਆਂ ਹਨ ਜਿਸ ਸਹਾਰੇ ਉਹ ਮਜ਼ਲੂਮਾਂ ਤੇ ਬੇਇਨਸਾਫ਼ੀ ਕਰਦਾ ਹੈ। ਇਸ ਦੇ ਦੂਸਰੇ ਬੰਨ੍ਹੇ ਬੇਕਸਿਆਂ, ਨਿਆਸਰਿਆਂ ਦਾ ਆਸਰਾ ਬਣ ਕੇ ਪੈਦਾ ਹੋਣ ਵਾਲੀ ਮਾਨਸਿਕ ਸ਼ਕਤੀ ਹਾਕਮ ਧਿਰ ਲਈ ਵੰਗਾਰ ਬਣ ਜਾਂਦੀ ਹੈ।
“ਤੁਰਾ ਤੁਰਕ ਤਾਜ਼ੀ ਬ ਮਕਰੋ ਰਿਆ। ਮਰਾ ਚਾਰਾਸਾਜ਼ੀ ਬ ਸਿਦਕੋ ਸਫ਼ਾ।” ਜਦੋਂ ਮਨੁੱਖ ਸ਼ਕਤੀ ਇੱਛਾ 'ਤੇ ਕਾਬਜ਼ ਹੋਣ ਲਈ ਹਰ ਹੀਲੇ-ਵਸੀਲੇ, ਮਕਰ ਤੇ ਫ਼ਰੇਬ ਕਰਦਾ ਹੈ ਤਾਂ ਦੂਜੇ ਬੰਨ੍ਹੇ ਨਿਮਾਣੀ-ਨਿਤਾਣੀ ਧਿਰ ਕੋਲ ਸਿਰਫ਼ ਸਿਦਕ ਤੋਂ ਸਿਵਾ ਹੋਰ ਕੋਈ ਵੱਡਾ ਸਹਾਰਾ ਨਹੀਂ ਹੁੰਦਾ।
ਜ਼ਫ਼ਰਨਾਮਹ ਦਾ ਇਹ ਪ੍ਰਸੰਗ ਦਸੰਬਰ 1938 ਨੂੰ ਭਾਈ ਵੀਰ ਸਿੰਘ ਨੇ ਖ਼ਾਲਸਾ ਸਮਾਚਾਰ 'ਚ ਪ੍ਰਕਾਸ਼ਿਆ ਸੀ। ਭਾਈ ਵੀਰ ਸਿੰਘ ਨੇ ਜ਼ਫ਼ਰਨਾਮਹ ਦੇ ਅਸਲੀ ਮੂਲ ਪਾਠ ਦੀ ਤਲਾਸ਼ ਕਰਦਿਆਂ ਹੋਰ ਮਿਲਦੇ-ਜੁਲਦੇ ਖਰੜਿਆਂ ਦੇ ਤੁਲਨਾਤਮਕ ਅਧਿਐਨ ਕੀਤਾ। ਉਨ੍ਹਾਂ ਸੰਕਲਨ, ਸੰਪਾਦਨ ਅਤੇ ਉਲਥਾ ਕਰਦਿਆਂ ਗੁਰੂ ਸਾਹਿਬ ਦੇ ਨਾਂ 'ਤੇ ਲਿਖੇ ਗਏ ਸ਼ੇਅਰਾਂ ਦਾ ਨਿਖੇੜ ਸਥਾਪਤ ਕੀਤਾ। ਭਾਈ ਸਾਹਿਬ ਜ਼ਫ਼ਰਨਾਮਹ 'ਚੋਂ ਇਤਿਹਾਸਕ ਗਵਾਹੀਆਂ ਸਥਾਪਤ ਕਰਦਿਆਂ ਉਨ੍ਹਾਂ ਭਰਮ-ਭੁਲੇਖਿਆਂ ਨੂੰ ਦੂਰ ਕੀਤਾ ਜਿਨ੍ਹਾਂ ਬਾਰੇ ਨਿਰਮੂਲ ਸ਼ੰਕੇ ਪ੍ਰਚੱਲਿਤ ਸਨ। ਇਹ ਸ਼ੰਕੇ ਕਿਹੜੇ ਸਨ....? ਗੁਰੂ ਸਾਹਿਬ ਨੇ ਜ਼ਫ਼ਰਨਾਮਹ ਕਦੋਂ ਤੇ ਕਿੱਥੇ ਲਿਖਿਆ...? ਜ਼ਫ਼ਰਨਾਮਹ ਨੂੰ ਔਰੰਗਜ਼ੇਬ ਤੱਕ ਪੁਜਦਾ ਕਿਸ ਨੇ ਕੀਤਾ? ਗੁਰੂ ਸਾਹਿਬ ਅਤੇ ਔਰੰਗਜ਼ੇਬ ਦੀਆਂ ਸਮਕਾਲੀ ਇਤਿਹਾਸਕ ਲਿਖਤਾਂ, ਇਨ੍ਹਾਂ ਸਾਰੀਆਂ ਕ੍ਰਮਵਾਰ ਘਟਨਾਵਾਂ ਸੰਬੰਧੀ ਕਿਹੋ- ਜਿਹੀਆਂ ਪਹੁੰਚ ਅਪਣਾਉਂਦੀਆਂ ਹਨ? ਭਾਈ ਸਾਹਿਬ ਦੀ ਇਹ ਤੱਥਾਤਮਕ ਵਿਧੀ ਸਟੋਰੀਆ ਡੈਮੋਗਰ, ਐਲਫਿਨਸਟੋਨ ਅਤੇ ਸੈਰੁਲ ਮੁਤਾਖ੍ਰੀਨ ਆਦਿ ਲਿਖਤਾਂ ਦੇ ਤੁਲਨਾਤਮਕ ਪ੍ਰਸੰਗ 'ਚੋਂ ਪ੍ਰਮਾਣਿਕ ਖੋਜ ਉਸਾਰਦੀ ਹੈ। ਫਾਰਸੀ- ਪੰਜਾਬੀ ਦੇ ਜ਼ੁਬਾਨਦਾਨਾਂ ਵੱਲੋਂ ਇਸ ਖ਼ਤ (ਜ਼ਫ਼ਰਨਾਮਹ) ਦਾ ਪੰਜਾਬੀ ਉਤਾਰਾ ਕਰਦਿਆਂ ਕਈ ਭਾਸ਼ਾਈ ਉਕਤਾਈਆਂ ਪੈਦਾ ਹੋ ਗਈਆਂ ਜਿਸ ਕਰਕੇ ਜ਼ਫ਼ਰਨਾਮਹ ਦੀਆਂ ਵੱਖ-ਵੱਖ ਪਾਠਾਂ 'ਚ ਉਚਾਰਣ ਅਤੇ ਕਈ ਸ਼ਬਦ ਭਿੰਨ- ਭਿੰਨ ਹਨ। ਭਾਈ ਵੀਰ ਸਿੰਘ ਨੇ ਉਲਥਾ ਅਤੇ ਸੰਪਾਦਨ ਕਰਦਿਆਂ ਇਨ੍ਹਾਂ ਸਾਰੀਆਂ ਉਕਤਾਈਆਂ ਅਤੇ ਸਵਾਲਾਂ ਵੱਲ ਵਿਸ਼ੇਸ਼ ਧਿਆਨ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਜਨਮ ਅਉਸਰ 'ਤੇ ਭਾਈ ਵੀਰ ਸਿੰਘ ਸਾਹਿਤ ਸਦਨ ਗੁਰੂ ਸਾਹਿਬ ਦੀ ਇਹ ਲਿਖਤ ਬੜੀ ਅਕੀਦਤ ਨਾਲ ਪੁਨਰ-ਪ੍ਰਕਾਸ਼ ਕਰ ਰਿਹਾ ਹੈ।
6 ਜੂਨ, 2017 ਭਾਈ ਵੀਰ ਸਿੰਘ ਸਾਹਿਤ ਸਦਨ ਨਵੀਂ ਦਿੱਲੀ
ਜ਼ਫਰਨਾਮਹ
ਛੇਵੇਂ ਸਤਿਗੁਰੂ ਜੀ ਇਕ ਵੇਰ ਆਪਣੀ ਸੈਨਾ ਲੈ ਕੇ ਮਾਲਵੇ ਜੰਗਲ ਦੇਸ਼ ਵਲ ਪਧਾਰੇ ਸਨ। ਪਿੱਛੇ ਤੁਰਕਾਨੀ ਫ਼ੌਜ ਮਗਰ ਗਈ ਸੀ ਤੇ ਉੱਥੇ ਘੋਰ ਯੁੱਧ ਹੋ ਕੇ ਸਤਿਗੁਰੂ ਜੀ ਦੀ ਫ਼ਤਹ ਹੋਈ ਸੀ। ਇਸ ਥਾਂ ਹੁਣ ਤਾਲ ਤੇ ਦਮਦਮਾ ਹੈ ਤੇ ਗੁਰੂ ਕੇ ਤੰਬੂ ਦੀ ਥਾਵੇਂ ਗੁਰਦੁਆਰਾ ਹੈ। ਨਾਉਂ ਗੁਰੂ ਸਰ ਹੈ, ਜ਼ਿਲਾ ਫੀਰੋਜ਼ਪੁਰ ਹੈ, ਪਿੰਡ ਮਹਿਰਾਜ ਹੈ। ਤਦੋਂ ਕਾਂਗੜ ਦੇ ਰਈਸ ਰਾਇ ਜੋਧ ਨੇ ਆਪਣੀ ਸੈਨਾ ਸਮੇਤ ਇਸ ਯੁੱਧ ਵਿਚ ਗੁਰੂ ਜੀ ਦੀ ਬਹੁਤ ਮਦਦ ਕੀਤੀ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਯੁੱਧ ਮਗਰੋਂ ਏਧਰ ਆਏ ਤਦੋਂ ਇਸ ਦੇ ਤ੍ਰੈ ਵੰਸ਼ਜ ਤਖਤ ਮਲ ਲਖ਼ਮੀਰ ਤੇ ਸਮੀਰ ਤ੍ਰੈ ਭਰਾ ਕਾਂਗੜ ਤੇ ਦੀਨੇ ਵਸਦੇ ਸਨ।
ਦੀਨਾ ਪਿੰਡ ਕਾਂਗੜ ਦੀ ਜ਼ਿਮੀਂ ਵਿਚੋਂ ਹੀ ਇਸ ਦੇ ਨੇੜੇ ਬਣਾਇਆ ਗਿਆ ਸੀ। ਤਿੰਨੇ ਭਰਾ ਇਨ੍ਹਾਂ ਦੋਹਾਂ ਪਿੰਡਾਂ ਵਿਚ ਵੱਸਦੇ ਸੇ। ਇਨ੍ਹਾਂ ਨੂੰ ਖਬਰ ਹੋਈ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਪਾਸੇ ਵਲ ਆ ਰਹੇ ਹਨ। ਤਿੰਨਾਂ ਭਰਾਵਾਂ ਨੂੰ ਆਪਣੀ ਸਿੱਖੀ-ਭਾਵਨਾ ਦਾ ਪਿਆਰ ਜਾਗਿਆ, ਪਿਛਲੇ ਸਮੇਂ ਯਾਦ ਆਏ ਤੇ ਕੁਛ ਭਾਈਚਾਰਾ ਕੱਠਾ ਕਰ ਕੇ ਆਦਰ ਨਾਲ ਲੈਣ ਵਾਸਤੇ ਅੱਗੇ ਆਏ ਤੇ 'ਮਧੇ' ਪਿੰਡ ਪਹੁੰਚ ਕੇ ਗੁਰੂ ਜੀ ਨੂੰ ਬਹੁਤ ਸਤਿਕਾਰ ਨਾਲ ਆਪਣੇ ਘਰ ਲੈ ਗਏ ਅਤੇ ਸਨਮਾਨ ਨਾਲ ਉਤਾਰਾ ਦਿੱਤਾ।'
_________________________
1. ਲਖਮੀਰ ਦੀਨੇ ਰਹਿੰਦਾ ਸੀ ਤੇ ਬਾਕੀ ਦੁਇ ਕਾਂਗੜ।
2. ਦਿਆਲਪੁਰਾ ਜਿਥੇ ਹੁਣ ਥਾਣਾ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਸ ਯਾਤ੍ਰਾ ਦੇ ਸਮੇਂ ਅਜੇ ਨਹੀਂ ਸੀ ਵਸਿਆ, ਤਦੋਂ ਇਹ ਥਾਂ ਕਾਂਗੜ ਵਿਚ ਹੀ ਸੀ।
ਦੂਰ ਨੇੜੇ ਖਬਰਾਂ ਧੁੰਮ ਗਈਆਂ ਤੇ ਸਿਖ ਸੰਗਤਾਂ ਦਰਸ਼ਨਾਂ ਲਈ ਆਉਣ ਲਗ ਪਈਆਂ। ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਅਨੰਦਪੁਰ ਦੀ ਵੈਰਾਨੀ ਦੇ ਹਾਲ ਤੇ ਸਾਰੇ ਸ਼ੋਕ ਕਰਦੇ ਪਰ ਗੁਰੂ ਜੀ ਧੀਰਜ ਦਿੰਦੇ ਤੇ ਵਾਹਿਗੁਰੂ ਜੀ ਦੇ ਪਿਆਰ ਤੇ ਸ਼ੁਕਰ ਦਾ ਉਪਦੇਸ਼ ਕਰਦੇ। ਸ੍ਰੀ ਗੁਰੂ ਜੀ ਨੇ ਹੁਣ ਫੇਰ ਇੱਥੇ ਹੀ ਸਿੱਖਾਂ ਦੀ ਹੋਰ ਫ਼ੌਜ ਬਨਾਉਣੀ ਆਰੰਭ ਦਿਤੀ। ਚੰਗੀ ਰੌਣਕ ਹੋ ਰਹੀ ਸੀ ਕਿ ਭਾਈ ਰੂਪੇ ਦੀ ਬੰਸ ਦੇ ਪਰਮ ਸਿੰਘ ਧਰਮ ਸਿੰਘ ਨਾਮੇ ਦੋ ਪ੍ਰੇਮੀ ਸਿੰਘ ਸਤਿਗੁਰ ਦਾ ਆਉਣਾ ਸੁਣ ਕੇ ਦਰਸ਼ਨਾਂ ਵਾਸਤੇ ਆਏ ਤੇ ਇਕ ਘੋੜਾ, ਪੁਸ਼ਾਕਾ ਤੇ ਮਾਇਆ ਭੇਟਾ ਆਣ ਧਰੀ। ਖਾਨਦਾਨੀ ਪ੍ਰੇਮ ਹੋਣ ਕਰ ਕੇ ਤੇ ਆਪ ਤਿਆਰ ਬਰਤਿਆਰ ਤੇ ਅੰਮ੍ਰਿਤਧਾਰੀ ਸਿੰਘ ਹੋਣ ਕਰ ਕੇ ਇਨ੍ਹਾਂ ਦੇ ਸਤਿਗੁਰਾਂ ਨਾਲ ਡਾਢੇ ਗੂੜ੍ਹੇ ਪ੍ਯਾਰ ਦੇ ਭਾਵ ਸੇ। ਇਨ੍ਹਾਂ ਨੇ ਸਤਿਗੁਰਾਂ ਪਾਸ ਆਪਣਾ ਵੈਰਾਗ ਬਹੁਤ ਕੀਤਾ ਪਰ ਅਹਿੱਲ ਦਾਤਾ ਜੀ ਨੇ ਜਗਤ ਅਨਿਸਥਿਰਤਾ ਦਾ ਉਪਦੇਸ਼ ਦੇ ਕੇ ਧੀਰਜ ਬੰਨ੍ਹਾਇਆ।
ਇਸ ਤਰ੍ਹਾਂ ਹੁਣ ਦੀਨੇ (ਕਾਂਗੜ) ਬਹੁਤ ਰੌਣਕ ਰਹਿਣ ਲਗ ਪਈ। ਸਿਆਣੇ ਭਰਾਵਾਂ ਨੇ ਇਹ ਪ੍ਰਬੰਧ ਕਰ ਰਖਿਆ ਸੀ ਕਿ ਜੋ ਕੋਈ ਮਿਲਣ ਆਵੇ ਬਾਹਰ ਉਤਾਰਾ ਦੇਣਾ, ਆਪਣੀ ਤਸੱਲੀ ਕਰ ਲੈਣੀ ਤਾਂ ਸਤਿਗੁਰਾਂ ਨੂੰ ਖ਼ਬਰ ਦੇਣੀ, ਫੇਰ ਆਗਿਆ ਪਾ ਕੇ ਉਸ ਨੂੰ ਦਰਸ਼ਨ ਵਾਸਤੇ ਉਸ ਘਰ ਲੈ ਆਉਣਾ ਜਿੱਥੇ ਕਿ ਸਤਿਗੁਰੂ ਜੀ ਦਾ ਡੇਰਾ ਕਰਵਾਇਆ ਹੋਇਆ ਸੀ। ਸੇਵਾ ਤਾਂ ਤ੍ਰੈਏ ਭਰਾ ਵਧ ਚੜ੍ਹ ਕੇ ਕਰਦੇ ਸਨ ਪਰ ਸਮੀਰ ਬਹੁਤ ਪ੍ਰੇਮ ਨਾਲ ਤੇ ਅਕਲ ਨਾਲ ਸੇਵਾ ਕਰ ਰਿਹਾ ਸੀ, ਉਸ ਦੀ ਸੇਵਾ ਪਰ ਆਪ ਰੀਝ ਰਹੇ ਸਨ ਕਿ ਇਕ ਦਿਨ ਪ੍ਰਸਿੱਧ ਸੰਤ ਗੁਦੜ ਸਿੰਘ ਜੀ ਦੇ ਪਿਤਾ ਦਿਆਲ ਦਾਸ ਜੀ (ਭਾਈ ਰੂਪੇ ਦੇ) ਇਕ ਸੁੰਦਰ ਪੁਸ਼ਾਕ ਲੈ ਕੇ
_______________________
1. ਇਕ ਤਿਖਾਣ ਦੇ ਘਰ ਉਤੇ ਸੁੰਦਰ ਚੁਬਾਰਾ ਸੀ, ਸਾਹਿਬਾਂ ਦੇ ਰਹਿਣੇ ਲਈ ਇਹ ਪਸੰਦ ਆਇਆ ਤੇ ਆਪ ਏਥੇ ਠਹਿਰੇ। (ਸੂਰਜ ਪ੍ਰਕਾਸ਼) ਤਿਖਾਣ ਦਾ ਨਾਉਂ ਦੇਸੂ ਸੀ ਤੇ ਚੁਬਾਰਾ ਇਕਲਵੰਜੇ ਸੀ। (ਗਿਆਨੀ ਨਾਹਰ ਸਿੰਘ ਜੀ)
2. ਇੱਥੇ ਹੁਣ ਗੁਰਦੁਆਰਾ ਹੈ, ਯਥਾ:- 'ਜਿਸ ਥਾਂ ਸਤਿਗੁਰਾਂ ਨੇ ਨਿਵਾਸ ਕੀਤਾ ਸੀ ਉਸ ਗੁਰਦੁਆਰੇ ਦਾ ਨਾਉਂ ਲੋਹਗੜ੍ਹ ਹੈ।' (ਭਾਈ ਕਾਨ੍ਹ ਸਿੰਘ ਜੀ)
ਹਾਜ਼ਰ ਹੋਏ ਤੇ ਇਹ ਪੁਸ਼ਾਕ ਤੇ ਮਾਇਆ ਭੇਟਾ ਧਰਕੇ ਨਮਸਕਾਰ ਕੀਤੀ। ਇਸ ਵੇਲੇ ਇਕ ਹੋਰ ਪ੍ਰੇਮੀ ਨੇ-ਜੋ ਤਿਖਾਣ ਕਰ ਕੇ ਲਿਖਿਆ ਹੈ-ਆ ਮੱਥਾ ਟੇਕਿਆ। ਦਿਆਲ ਦਾਸ ਨਾਲ ਵਾਰਤਾਲਾਪ ਕਰ ਰਹੇ ਸਨ ਕਿ ਸ੍ਰੀ ਗੁਰੂ ਜੀ ਨੇ ਸਮੀਰ ਵਲ ਤੱਕਿਆ ਤੇ ਕਿਹਾ-ਸਮੀਰ! ਇਹ ਪੁਸ਼ਾਕੀ ਤੂੰ ਪਹਿਨ ਲੈ ਤੇ ਘੋੜੇ ਤੇ ਚੜ੍ਹ ਬਹੁ ਤੇ 'ਸਤਿਨਾਮ' ਦਾ ਸਿਮਰਨ ਕਰਦੇ ਹੋਏ ਘੋੜਾ ਫੇਰ ਲੈ। ਜਿੱਥੋਂ ਤਕ ਤੂੰ ਘੋੜਾ ਇਉਂ ਫੇਰ ਲਏਂਗਾ ਤੇਰਾ ਰਾਜ ਪ੍ਰਤਾਪ ਹੋ ਜਾਏਗਾ ਪਰ ਇਸ ਦਾ ਮਾਮਾ ਸਰਵਰੀਆ ਸੀ, ਉਸ ਨੇ ਇਸਨੂੰ ਰੋਕਿਆ ਪਰ ਤਦ ਬੀ ਇਸਨੇ ਆਪਣੇ ਪਿੰਡ ਘੋੜਾ ਫੇਰ ਲਿਆ। ਇਸੀ ਤਰ੍ਹਾਂ ਸਮੀਰ ਇਕ ਵੇਰ ਗੁਰੂ ਕਾ ਥਾਲ ਲੈ ਗਿਆ ਤਾਂ ਮਾਮੇ ਨੇ ਝਟਕੇ ਤੇ ਤਰਕ ਕੀਤੀ ਤੇ ਉਹ ਭੋਜਨ ਤੇ ਅੰਨ ਧਰਤੀ ਵਿਚ ਦਬਵਾ ਦਿੱਤਾ, ਪਰ ਇਨ੍ਹਾਂ ਘਰੋਗੀ ਬੇਯਕੀਨੀਆਂ ਦੇ ਉਪਦੇਸ਼ ਮਿਲਦਿਆਂ ਬੀ ਸਮੀਰ ਦਾ ਪ੍ਰੇਮ ਵਧਦਾ ਗਿਆ ਤੇ ਇਕ ਦਿਨ ਜਦ ਗੁਰਾਂ ਨੇ ਕਿਹਾ: ਸਮੀਰ! ਕੁਛ ਮੰਗ, ਤਾਂ ਉਸ ਨੇ 'ਮੁਕਤੀ' ਦਾ ਦਾਨ ਮੰਗਿਆ। ਸਤਿਗੁਰੂ ਜੀ ਨੇ* ਪਰਮ ਪ੍ਰਸੰਨ ਹੋ ਕੇ ਇਹ ਵਰ ਦਾਨ ਦੇ ਦਿੱਤਾ ਇਸ ਵੇਲੇ ਉਹ ਸਿੱਖ ਤਿਖਾਣ ਬੀ ਪਾਸ ਬੈਠਾ ਸੀ, ਜੋ ਦਿਆਲ ਦਾਸ ਦੇ ਆਉਣ ਵਾਲੇ ਦਿਨ ਬੀ ਆਇਆ ਸੀ। ਸਮੀਰ ਨੂੰ ਭਉਜਲ ਫੇਰਾ ਕੱਟ ਜਾਣ ਦਾ ਵਰ ਦਾਨ ਮਿਲਦਾ ਸੁਣ ਕੇ ਉਸ ਨੇ ਬੀ ਇਹੋ ਯਾਚਨਾ ਕੀਤੀ ਤਾਂ ਬਚਨ ਹੋਇਆ ਕਿ ਤੇਰੀ ਬੀ ਸਦਗਤੀ ਹੋਵੇਗੀ ਤੇ ਤੇਰਾ ਅਰ ਸਮੀਰ ਦਾ ਚਲਾਣਾ ਇਕੋ ਦਿਨ ਹੋਵੇਗਾ।
2.
ਇਸ ਪ੍ਰਕਾਰ ਦੇ ਕੌਤਕ ਵਰਤ ਰਹੇ ਸਨ। ਸੰਗਤਾਂ ਆ ਜਾ ਰਹੀਆਂ ਸਨ। ਸਤਿਗੁਰੂ ਜੀ ਆਪਣੇ ਉਸੀ ਸੰਕਲਪ ਨੂੰ ਕਿ ਪਰਜਾ ਨੂੰ ਸੁਖੀ ਕਰਨਾ ਹੈ ਤੇ ਰਾਜ ਦੇ ਜ਼ੁਲਮ ਨੂੰ ਸਮਾਪਤ ਕਰਨਾ ਹੈ, ਮੁੜ ਫੌਜ ਭਰਤੀ ਕਰ ਰਹੇ ਤੇ 'ਜੰਗ ਵਿਧੀਆਂ' ਸਿਖਾਲ ਰਹੇ ਸਨ ਕਿ ਸਮੀਰ ਨੇ ਆ ਕੇ ਬਿਨੈ ਕੀਤੀ ਕਿ ਸਰਹਿੰਦ ਵਿਚ ਜੋ ਸੀਤਲਪੁਰੀ ਨਾਮੇ ਸੰਨਿਆਸੀ ਸਾਧੂ ਹੋਇਆ ਹੈ, ਜੋ ਭਲਾ ਤੇ ਕਰਨੀ ਵਾਲਾ ਸੀ, ਉਸਦਾ ਚੇਲਾ ਦਿਆਲਪੁਰੀ ਦਰਸ਼ਨਾਂ
_______________________
* ਸੂਰਜ ਪ੍ਰਕਾਸ਼ ਵਿਚ ਇਹ ਸਾਖੀਆਂ ਸਮੀਰ ਨਾਲ ਲਿਖੀਆਂ ਹਨ, ਪਰ ਗਿਆਨੀ ਨਾਹਰ ਸਿੰਘ ਜੀ ਲਖਮੀਰ ਨਾਲ ਹੋਈਆਂ ਲਿਖਦੇ ਹਨ।
ਵਾਸਤੇ ਆਇਆ ਹੈ। ਆਪ ਸੁਣ ਕੇ ਮੁਸਕ੍ਰਾਏ ਤੇ ਕਹਿਣ ਲਗੇ-ਲੈ ਆਓ। ਸਮੀਰ ਨੇ ਆਗ੍ਯਾ ਪਾ ਕੇ ਦਿਆਲਪੁਰੀ ਨੂੰ ਲੈ ਆਂਦਾ। ਇਸ ਨੇ ਆ ਕੇ ਦੰਡਵੰਤ ਪ੍ਰਣਾਮ ਕੀਤੀ ਤੇ ਇਕ ਸਤੋਤ੍ਰ ਗੁਰੂ ਜੀ ਦੀ ਮਹਿਮਾ ਦਾ ਗਾਂਵਿਆਂ। ਆਪ ਸੁਣਕੇ ਮੁਸਕ੍ਰਾਏ ਤੇ ਕਹਿਣ ਲਗੇ-ਦਿਆਲਪੁਰੀ! ਕਿਸ ਕਾਰਜ ਆਏ ਹੋ? ਤਦ ਉਸ ਨੇ ਕਿਹਾ-ਹੇ ਨਾਥ! ਆਪ ਕਲਜੁਗ ਦਾ ਭਾਰ ਹਰਨ ਆਏ ਹੋ, ਪਰਜਾ ਨੂੰ ਸੁਖੀ ਕਰਨ ਆਏ ਹੋ, ਆਪ ਜੀ ਦੇ ਸ਼ੀਰ ਖੋਰ ਸਾਹਿਬਜ਼ਾਦੇ ਸਰਹਿੰਦ ਵਿਚ ਨਿਰਦਯਤਾ ਨਾਲ ਮਾਰੇ ਗਏ ਹਨ, ਮੈਂ ਤੇ ਮੇਰੇ ਸੇਵਕ ਤ੍ਰਾਹ ਤ੍ਰਾਹ ਕਰਦੇ ਰਹੇ ਹਾਂ ਪਰ ਸਾਡੀ ਫ਼ਕੀਰਾਂ ਤੇ ਗ਼ਰੀਬਾਂ ਦੀ ਪੇਸ਼ ਜ਼ਾਲਮਾਂ ਦੇ ਅੱਗੇ ਕੁਛ ਜਾ ਨਹੀਂ ਸੀ ਸਕਦੀ, ਉਸ ਨਗਰੀ ਨੇ ਉਜੜਨਾ ਹੈ, ਆਪ ਮਿਹਰ ਕਰੋ ਜੋ ਮੈਂ ਤੇ ਮੇਰੇ ਬੱਚੇ ਰਹਿਣ। ਸ੍ਰੀ ਗੁਰੂ ਜੀ ਬੋਲੇ-ਅੱਛਾ, ਦਿਆਲ! ਜਾਹ ਆਪਣੇ ਵਸੇਬੇ ਤੋਂ ਸੰਖ ਬਜਾ, ਜਿੱਥੋਂ ਤਕ ਇਸਦੀ ਧੁਨਿ ਪੁੱਜੇਗੀ ਉਤਨਾ ਸਰਹਿੰਦ ਵਸਦਾ ਰਹੇਗਾ, ਤੂੰ ਤੇ ਤੇਰੇ ਬੱਚੇ ਰਹਿਣਗੇ। ਦਿਆਲਪੁਰੀ ਨੇ ਸੁਣ ਕੇ ਮੱਥਾ ਟੇਕਿਆ ਤੇ ਆਗ੍ਯਾ ਪਾ ਕੇ ਸਰਹਿੰਦ ਆ ਗਿਆ, ਅਰ ਕੋਠੇ ਚੜ੍ਹ ਕੇ ਸੰਖ ਬਜਾਇਆ, ਜਿਥੋਂ ਤੱਕ ਧੁਨਿ ਗਈ ਉਤਨਾ ਸਰਹਿੰਦ ਹੁਣ ਤਕ ਵੱਸਦਾ ਹੈ, ਬਾਕੀ ਉੱਜੜ ਕੇ ਸਮਾਪਤ ਹੋ ਚੁਕਾ ਹੈ।
3.
ਦੀਨੇ ਠਹਿਰਣ ਦੀਆਂ ਸੋਆਂ ਸਾਰੇ ਨਿਕਲ ਗਈਆਂ। ਸਰਹਿੰਦ ਦੇ ਨਵਾਬ ਨੂੰ ਪਤਾ ਸੀ ਕਿ ਚਮਕੌਰ ਯੁੱਧ ਵਿਚ ਜਿਸ ਨੂੰ ਗੁਰੂ ਸਮਝ ਕੇ ਤੇ ਮਾਰ ਕੇ ਠੰਢ ਪਈ ਸੀ, ਉਹ ਗੁਰੂ ਦਾ ਸਿੱਖ ਸੀ। ਗੁਰੂ ਜੀਉਂਦਾ ਨਿਕਲ ਗਿਆ ਹੈ, ਪਤਾ ਨਹੀਂ ਸੀ ਲਗਦਾ ਕਿ ਹੈ ਕਿੱਥੇ। ਹੁਣ ਖ਼ਬਰਾਂ ਆਈਆਂ ਕਿ ਓਹ ਕਾਂਗੜ ਦੇ ਪਰਗਨੇ ਦੀਨੇ ਪਿੰਡ ਵਿਚ ਹੈ ਤੇ ਆਪਣੇ ਸਿੱਖਾਂ ਵਿਚ ਸਲਾਮਤ ਬੈਠਾ ਹੈ। ਇਹ ਦੇਸ਼ ਪਾਣੀ ਦੀ ਕਮੀ ਤੇ ਜੰਗਲ ਜਿਹਾ ਹੋਣ ਕਰ ਕੇ ਤੁਰਕ ਹਾਕਮਾਂ ਲਈ ਹੱਲੇ ਕਰਨ ਲਈ ਜ਼ਰਾ ਕਠਨ ਹੁੰਦਾ ਸੀ। ਰਾਜ ਤਾਂ ਸੀ, ਪਰ ਚੌਧਰੀਆਂ ਨਾਲ ਬਣਾਈ ਰਖ ਕੇ ਨਿਰਬਾਹ ਕਰਨਾ ਜੰਗ ਤੋਂ ਚੰਗਾ ਜਾਣਦੇ ਸਨ। ਸੋ ਨਵਾਬ ਨੇ ਸਮੀਰ ਆਦਿਕ ਤ੍ਰੈਆਂ ਭਰਾਵਾਂ ਵਲ ਪਰਵਾਨਾ ਲਿਖਿਆ ਕਿ ਤੁਸਾਂ ਪਾਸ ਗੁਰੂ ਗੋਬਿੰਦ ਸਿੰਘ ਠਹਿਰ ਰਿਹਾ ਹੈ, ਉਸਨੂੰ ਛੇਤੀ ਮੇਰੇ ਪਾਸ ਪਹੁੰਚਾ ਦਿਓ, ਨਹੀਂ ਤਾਂ ਤੁਸਾਂ
ਨਾਲ ਸਾਡੀ ਖ਼ਫਗੀ ਹੋਵੇਗੀ। ਸਮੀਰ ਨੇ ਭਰਾਵਾਂ ਨਾਲ ਮਿਲਕੇ ਮਸਲਤ ਕੀਤੀ, ਉਤਰ ਦਿੱਤਾ ਤੇ ਫੇਰ ਗੁਰੂ ਜੀ ਨੂੰ ਖਬਰ ਦਿੱਤੀ। ਸਤਿਗੁਰਾਂ ਨੇ ਪੁੱਛਿਆ ਤੁਸਾਂ ਕੀਹ ਉੱਤਰ ਦਿੱਤਾ ਹੈ? ਉਨ੍ਹਾਂ ਨੇ ਕਿਹਾ ਪਾਤਸ਼ਾਹ ਅਸਾਂ ਉੱਤਰ ਘੱਲਿਆ ਹੈ ਕਿ ਸਾਡੇ ਪਾਸ ਸਾਡੇ ਗੁਰੂ ਜੀ ਮਹਾਰਾਜ ਠਹਿਰੇ ਹੋਏ ਹਨ, ਉਹ ਪਰਜਾ ਦੇ ਪਾਲਕ ਤੇ ਜਗਤ ਨੂੰ ਨਿਸਤਾਰਾ ਦੇਣ ਵਾਲੇ ਹਨ, ਅਸੀਂ ਆਪਣੇ ਵਡਿਆਂ ਦੀ ਬੇਅਦਬੀ ਨਹੀਂ ਕਰ ਸਕਦੇ। ਤੁਸੀਂ ਬੀ ਉਨ੍ਹਾਂ ਦਾ ਪਿੱਛਾ ਕਰਨਾ ਛੋੜ ਦਿਓ। ਪੀਰਾਂ ਫ਼ਕੀਰਾਂ, ਰਬ ਦੇ ਪਿਆਰਿਆਂ ਦੀ ਇੱਜ਼ਤ ਕਰਨੀ ਚਾਹੀਏ। ਹੇ ਪ੍ਰਭੂ! ਇਸ ਪ੍ਰਕਾਰ ਦਾ ਉੱਤਰ ਦਿੱਤਾ ਹੈ, ਨਾਲੇ ਇਕ ਆਦਮੀ ਆਪਣਾ ਚੋਰੀ ਘੱਲ ਦਿੱਤਾ ਹੈ ਜੋ ਸੂੰਹ ਰੱਖੇ। ਜੇ ਚੜ੍ਹਾਈ ਦੀ ਤਿਆਰੀ ਸਰਹਿੰਦ ਵਿਚ ਹੋਵੇ ਤਾਂ ਸਾਨੂੰ ਛੇਤੀ ਖਬਰ ਪੁਚਾ ਦੇਵੇ। ਆਪ ਜੰਗ ਪਿਆਂ ਤੇ ਟਾਕਰੇ ਦਾ ਬਾਨ੍ਹਣੂ ਬੰਨ੍ਹ ਰਹੇ ਹੋ, ਅਸੀਂ ਬੀ ਤਿਆਰ ਹਾਂ ਤੇ ਹੋਰ ਤਿਆਰੀ ਛੋਹ ਦਿੱਤੀ ਹੈ, ਆਇਆ ਤਾਂ ਦੋ ਹੱਥ ਸਾਡੇ ਬੀ ਵੇਖੇਗਾ। ਸ੍ਰੀ ਗੁਰੂ ਜੀ ਇਹ ਸਾਵਧਾਨਤਾ ਦੇਖ ਕੇ ਬਹੁਤ ਪ੍ਰਸੰਨ ਹੋਏ ਤੇ ਆਪਣੀ ਤਿਆਰੀ ਬੀ ਹੋਰ ਵਧਾ ਦਿੱਤੀ।
4.
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਨੇ ਹਿੰਦੀ ਪ੍ਰਜਾ ਨੂੰ, ਗੁਲਾਮੀ ਤੋਂ ਛੁਡਾਇਆ, ਉਪ੍ਰਲੇ ਵਾਕਿਆਤ ਤੋਂ ਪਹਿਲਾਂ ਅਨੰਦਪੁਰ ਆਪਣੀ ਆਤਮ ਤੇ ਬੀਰ ਰਸ ਉਪਜਾਊ ਰਾਜਧਾਨੀ ਵਿਚ ਸੇ, ਫੌਜਾਂ ਤਿਆਰ ਹੋ ਰਹੀਆਂ ਸਨ, ਬੀਰਾਂ ਦੇ ਸੰਘਟਨ ਹੋਰਹੇ ਸਨ, ਵਿਦਵਾਨਾਂ ਦੇ ਰੰਗ ਜੰਮ ਰਹੇ ਸਨ, ਕਵਿਤਾ ਦੀ ਗੁਲਜ਼ਾਰ ਖਿੜ ਰਹੀ ਸੀ, ਗ੍ਰੰਥ ਟੀਕਾ ਹੋ ਰਹੇ ਤੇ ਰਚੇ ਜਾ ਰਹੇ ਸਨ, ਸੰਗਤਾਂ ਦੇ ਉੱਧਾਰ ਹੋ ਰਹੇ ਸਨ, ਜਗਤ ਦੀ ਨੈੱਯਾ ਤਰਨ ਦੇ ਤਾਰੂ ਪੈਦਾ ਕੀਤੇ ਜਾ ਰਹੇ ਸਨ, ਉੱਚ ਆਚਰਨ ਤੇ ਸੁਚੇ ਜੀਵਨ ਦੇ ਸਬਕ ਸਿਖਾਏ ਜਾ ਰਹੇ ਸਨ। ਬਨਾਂ ਵਿਚ ਜਾ ਕੇ ਜੀਵਨ ਨੂੰ ਕੌੜਾ ਸਮਝ ਕੇ ਇਸ ਦੀ ਕੁੜੱਤਣ ਦਾ ਦਾਰੂ ਜੀਵਨ ਸਮਾਪਤੀ ਵਿਚ ਸਮਝਣ ਵਾਲਿਆਂ ਨੂੰ ਜੀਵਨ ਦਾ ਦੂਸਰਾ ਪੱਖ-ਜੀਵਨ ਉਮਾਹ-ਦਰਸਾ ਕੇ ਉਨ੍ਹਾਂ ਵਿਚ ਹੁਲਾਸ ਤੇ ਚੜ੍ਹਦੀਆਂ ਕਲਾਂ ਭਰੀਆਂ ਜਾ ਰਹੀਆਂ ਸਨ ਕਿ ਜਗਤ ਦੀ ਬਹੁਤੀ ਕੁੜਿੱਤਨ ਸੁੱਚੇ ਜੀਵਨ, ਪਵਿੱਤਰ ਆਚਰਨ ਨਾਲ ਘਟ ਜਾਂਦੀ ਹੈ ਤੇ ਬਹੁਤੀ ਕਰਤਾਰ ਦੀ ਯਾਦ ਤੇ ਪਿਆਰ ਨਾਲ ਲੱਗ ਕੇ ਮਿਟ ਜਾਂਦੀ ਹੈ, ਬਾਕੀ
ਸ਼ੇਸ਼ ਰਹਿ ਗਈ ਜੀਵਨ ਦੇ ਇਨ੍ਹਾਂ ਦੋਹਾਂ ਨਾਲ ਬਦਲ ਚੁਕੇ ਆਦਰਸ਼ ਤੇ ਟੁਰਨ ਨਾਲ ਸਫ਼ਾ ਹੋ ਜਾਂਦੀ ਹੈ, ਹੁਕਮ ਦੀ ਸੋਝੀ ਪੈ ਜਾਂਦੀ ਹੈ, ਆਤਮ ਖਿੜ ਜਾਂਦਾ ਹੈ, ਮਨ ਸਿਧਾਏ ਹੋਏ ਘੋੜੇ ਵਾਂਙੂ ਅਵੈੜਾ ਨਹੀਂ ਰਹਿੰਦਾ, ਮਰੀਅਲ ਟੱਟੂ ਬੀ ਨਹੀਂ ਬਣਦਾ, ਪੂਰਾ ਬਲਵਾਨ ਸਿੱਖਿਆ ਵਿਚ, ਹੁਲਾਰੇ ਵਿਚ, ਪਰ ਮੁਤਾਣਾ ਨਾ। ਹਾਇ! ਐਸੀ ਸਰੀਰਕ, ਵਿਦ੍ਯਕ, ਮਾਨਸਿਕ, ਅਧ੍ਯਾਤਮਿਕ ਤੇ ਆਤਮਿਕ ਉੱਨਤੀ ਦੀ ਰਾਜਧਾਨੀ ਕਿਉਂ ਉੱਜੜ ਗਈ? ਇਸ ਦੇ ਰਚਣਹਾਰ, ਉਭਾਰਨਹਾਰ, ਰੌਣਕਾਂ ਲਾਉਣਹਾਰ, ਰਸਿਕ ਬੈਰਾਗੀ, ਗ੍ਰਿਹਸਤ ਵਿਚ ਪਰ ਤਿਆਗੀ, ਭੀੜਾਂ ਵਿਚ ਪਰ ਉਚ ਆਚਰਨ ਦੇ ਸਿਖਿਆਦਾਤਾ, ਕਿਉਂ ਇਕ ਪਿੰਡ-ਜੰਗਲ ਦੇ ਪਿੰਡ-ਵਿਚ ਆ ਕੇ ਟਿਕ ਗਏ ਹਨ ਅਰ ਕਈ ਮਹੀਨੇ ਤੋਂ ਟਿਕ ਰਹੇ ਹਨ? ਇਹ ਹਨ ਪ੍ਰਸ਼ਨ ਜੋ ਪਾਠਕਾਂ ਦੇ ਜੀਉ ਵਿਚ ਸੁਤੇ ਉਪਜਦੇ ਹੋਣਗੇ, ਇਨ੍ਹਾਂ ਦਾ ਸੰਖੇਪ ਵੇਰਵਾ ਇਉਂ ਹੈ:-
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਆਪ, ਪਿਤਾ ਜੀ ਦੇ ਆਪਣਾ ਸਰੀਰ ਪਰਜਾ ਹਿਤ ਵਾਰ ਜਾਣ ਤੋਂ ਮਗਰੋਂ, ਜਦ ਗੱਦੀ ਤੇ ਬੈਠੇ ਤਦ ਛੋਟੀ ਉਮਰਾ ਸੀ ਪਰ ਬੁੱਧੀ, ਬਲ ਤੇ ਪ੍ਰਾਕ੍ਰਮ ਅਝੱਲਵਾਂ ਸੀ। ਇਸੇ ਉਮਰੇ ਇਕ ਪਾਸੇ ਉਪਦੇਸ਼ ਦੇਂਦੇ ਤੇ ਜੀਅਦਾਨ ਲਾਉਂਦੇ ਸਨ, ਦੂਜੇ ਪਾਸੇ ਪ੍ਰਜਾ ਭਾਰਹਰਨ ਤੇ ਦੇਸ਼ ਵਿਚ ਸੁਤੰਤਰਤਾ ਲਿਆਉਣ ਲਈ ਜੀਵਾਂ ਵਿਚ ਮਰਦਊ ਭਰ ਰਹੇ ਸਨ। ਅਜੇ ਆਪ ਦੀ ਵਰੇਸ ਸਤਾਰਾਂ ਕੁ ਬਰਸ ਦੀ ਬੀ ਨਹੀਂ ਸੀ, ਕਿ ਆਪ ਦੀ ਜੰਗੀ ਜੀਵਨ ਦੀਆਂ ਪੁੰਗਰ ਰਹੀਆਂ ਲਗਰਾਂ ਨੂੰ ਵੇਖ ਕੇ ਭੀਮ ਚੰਦ ਭੈ ਭੀਤ ਹੋਇਆ ਤੇ ਦਿੱਲੀਪਤ ਦੀ ਕੈਰੀ ਅੱਖ ਰੜਕ ਪਈ। ਅਜੇ ਵੀਹ ਵਰ੍ਹੇ ਦੀ ਵਰੇਸ ਨਹੀਂ ਸੀ ਕਿ ਭੰਗਾਣੀ ਦੇ ਜਮਨਾ ਕਿਨਾਰੇ ਦੇ ਮੈਦਾਨ ਵਿਚ ਟੇਹਰੀ ਗੜ੍ਹਵਾਲ ਦੇ ਰਾਜੇ ਫਤਹਚੰਦ ਤੇ ਬਿਲਾਸਪੁਰ ਆਦਿਕ ਦੇ ਕਈ ਰਾਜਿਆਂ ਦੀ ਸੰਮਿਲਤ ਫੌਜ ਨੇ ਆ ਹੱਲਾ ਕੀਤਾ ਜਿਸ ਵਿੱਚ ਆਪ ਨੇ ਫ਼ਤਹ ਪਾਈ। ਉਨ੍ਹਾਂ ਹੀ ਦਿਨਾਂ ਵਿਚ ਵਿਯਾ ਟੀ ਸਰਗਰਮੀ ਇਹ ਹੈ ਕਿ ਕ੍ਰਿਸ਼ਨਾ ਅਵਤਾਰ ਨਾਮੇ ਪੋਥੀ ਦੀ ਤਾਰੀਖ਼ ਉਸੇ ਸਮੇਂ ਦੀ ਹੈ। ਵਿਦਵਾਨਾਂ ਕਵੀਆਂ ਤੇ ਪੰਡਿਤਾਂ ਦਾ ਆਦਰ ਤੇ ਪ੍ਰਤਿਪਾਲਾ ਤਦੋਂ ਹੀ ਹੋ ਰਹੀ ਸੀ ਤੇ ਔਰੰਗਜ਼ੇਬ ਤੋਂ ਉਸ ਵੇਲੇ ਹੀ ਐਸੇ ਨਿਰਭੈ ਹੋ ਰਹੇ ਸਨ ਕਿ ਉਸ ਦੇ ਰਾਜ ਤੋਂ ਭੱਜੇ ਵਿਦਵਾਨਾਂ, ਕਵੀਆਂ ਤੇ ਗੁਣੀਆਂ ਨੇ ਇੱਥੇ
ਆ ਕੇ ਸ਼ਰਨ ਪ੍ਰਾਪਤ ਕੀਤੀ ਤੇ ਉਸਦੇ ਕੋਪ ਤੋਂ ਨੱਸੇ ਹੋਏ ਇੱਥੇ ਆ ਕੇ ਆਪ ਦੀ ਪਨਾਹ ਵਿਚ ਸੁਖੀ ਹੋਏ।
ਆਪ ਦਾ ਉੱਦਮ ਇਹ ਸੀ ਕਿ ਜੀਵ ਆਪਣੇ ਸੋਮੇ ਨਾਲ ਸਦਾ ਅੰਦਰੋਂ ਲੱਗਾ ਰਹੇ ਤਾਂ ਜੋ ਉਸ ਵਿਚ ਰੂਹਾਨੀ ਤਾਜ਼ਗੀ ਦੀ ਸੋਤ ਸਦਾ ਆਉਂਦੀ ਤੇ ਉਸ ਨੂੰ ਤਰੋਤਾਜ਼ਾ, ਸਵੱਛ ਤੇ ਨਿਰਮਲ ਉਮਾਹ ਵਿਚ ਰੱਖੇ। ਆਪ ਦਾ ਦੂਸਰਾ ਉੱਦਮ ਇਹ ਸੀ ਕਿ ਸੰਸਕ੍ਰਿਤ, ਫ਼ਾਰਸੀ ਦੇ ਡੱਬਿਆਂ ਵਿਚ ਪਈ ਵਿਦਿਆ, ਦੇਸ ਭਾਸ਼ਾ ਵਿਚ ਆ ਕੇ ਆਮ ਪ੍ਰਵਿਰਤ ਹੋਵੇ, ਜਿਸ ਲਈ ਕੁਛ ਸਿੰਘ ਕਾਂਸ਼ੀ ਘੱਲੇ ਜੋ ਵਿਦ੍ਯਾ ਪਾਉਣ ਤੇ ਕਈ ਵਿਦਵਾਨ ਪਾਸ ਬੁਲਾਏ ਤੇ ਕਈ ਸ਼ਰਨਾਗਤ ਪਾਸ ਰੱਖ ਲਏ। ਇਸ ਹੱਦ ਤਕ ਵਿਦ੍ਯਾ ਪ੍ਰਚਾਰ ਦਾ ਸ਼ੋਂਕ ਸੀ ਕਿ ਇਕ ਕਵੀ ਆਪਣੇ ਇਕ ਸੰਸਕ੍ਰਿਤ ਪੁਸਤਕ ਦੇ ਦੀਬਾਚੇ ਵਿਚ ਲਿਖਦਾ ਹੈ ਕਿ ਇਸ ਅਨੁਵਾਦ ਕਰਨੇ ਦਾ ਇਨਾਮ ਮੈਨੂੰ ਕਲਗੀਧਰ ਜੀ ਨੇ ਸੱਠ ਹਜ਼ਾਰ ਰੁਪਯਾ ਦਿੱਤਾ ਹੈ। ਤੀਸਰੀ ਗੱਲ ਇਹ ਸੀ ਕਿ ਆਪ ਆਤਮ ਜੀਵਨ, ਵਿਦਵਾਨ ਜੀਵਨ ਦੇ ਨਾਲ ਉੱਚ ਆਚਰਨ ਵਾਲੇ ਜੀਵਨ ਦਾ ਪ੍ਰਚਾਰ ਕਰ ਰਹੇ ਸੇ। ਆਪ ਨੇ ਇਸ ਗਲ ਦੇ ਪ੍ਰਚਾਰ ਵਿਚ ਆਪਣੇ ਘਰ ਦੇ ਮਸੰਦਾਂ ਨੂੰ ਮੰਦ ਆਚਰਣੀ ਦੇਖ ਕੇ ਤਿਆਗ ਦਿਤਾ। ਐਸਾ ਕਰਨਾ ਕੋਈ ਆਸਾਨ ਗਲ ਨਹੀਂ ਸੀ, ਬੜੀ ਭਾਰੀ ਕੁਰਬਾਨੀ ਸੀ ਅਰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਸੀ, ਪਰ ਆਪ ਨੇ ਸਾਰਾ ਕੁਛ ਝੱਲ ਕੇ ਵੀ ਉੱਚ ਆਚਰਣ ਦੀ ਕਦਰ ਨੂੰ ਜਗਤ ਵਿਚ ਰਹਨੁਮਾਈ ਦਾ ਚਾਨਣ ਮੁਨਾਰਾ ਬਨਾ ਦਿੱਤਾ। ਜਦੋਂ ਆਚਰਨ ਉੱਚਾ ਸੁੱਚਾ ਹੋ ਜਾਵੇ ਜੀਵਨ ਦਾ ਆਦਰਸ਼ ਸਾਈਂ ਦੀ ਹਜ਼ੂਰੀ ਦੀ ਪ੍ਰਤੀਤੀ ਵਿਚ ਰਹਿਣ ਵਾਲੇ ਹੋ ਕੇ ਮੌਤ ਦੇ ਭੈ ਤੋਂ ਫ਼ਤਹ ਪਾ ਲਵੇ ਤੇ ਥੋੜ੍ਹੀ ਬਹੁਤ ਵਿਦਿਆ ਦੇ ਦੀਪ ਨਾਲ ਰੌਸ਼ਨ ਹੋ ਜਾਵੇ ਤਾਂ ਬੀਰ ਰਸ ਫੇਰ ਬੀਰ ਰਸੀ ਚਮਤਕਾਰ ਦੱਸਦਾ ਹੈ; ਨਹੀਂ ਤਾਂ ਬੀਰ ਰਸ ਕ੍ਰੋਧ ਦੀ ਸ਼ਕਲ ਲੈ ਕੇ ਸਾਰੇ ਉੱਚ ਆਦਰਸ਼ਾਂ ਨੂੰ ਛੱਡਕੇ ਗਿਰਾਉ ਵਲ ਚਲਿਆ ਜਾਂਦਾ ਹੈ ਤੇ ਜਗਤ ਲਈ ਦੁੱਖਾਂ ਦਾ ਕੋਟੜਾ ਤੇ ਗੁਲਾਮੀਆਂ ਦਾ ਜ਼ੰਜੀਰ ਬਣ ਜਾਂਦਾ ਹੈ। ਆਪ ਨੇ ਇਨ੍ਹਾਂ ਨੀਹਾਂ ਤੇ ਬੀਰ ਰਸ ਦਾ ਚੌਥਾ ਉਦਮ ਚਾਇਆ ਤੇ ਇਸ ਸਾਹਸਹੀਨ ਦੁਬੇਲ ਤੇ ਗੁਲਾਮ ਹੋ ਰਹੀ ਹਿੰਦੀ ਪਰਜਾ ਵਿਚ ਸਾਹਸ ਤੇ ਬਲ ਭਰ ਦਿੱਤਾ। ਜੋ ਲੋਕ
ਆਪ ਨੂੰ ਹੀਣੇ, ਨਿਰਬਲ ਤੇ ਗੁਲਾਮੀ ਲਈ ਸਾਜੇ ਗਏ ਸਮਝਦੇ ਸਨ, ਜੋ ਤੁਰਕ ਤੇ ਪਠਾਣ ਨਾਮ ਤੋਂ ਕੰਬਦੇ ਸਨ, ਜਿਨ੍ਹਾਂ ਦੇ ਰਾਜੇ ਕਹਿੰਦੇ ਸਨ ਕਿ ਅਸੀਂ ਸਾਗ ਪਾਤ ਖਾਣ ਵਾਲੇ, ਓਹ ਦੁੰਬੇ ਖਾਣ ਵਾਲੇ, ਉਨ੍ਹਾਂ ਦਾ ਟਾਕਰਾ ਕੀਕੂੰ ਹੋ ਸਕੇ, ਉਨ੍ਹਾਂ ਦੀ ਪਰਜਾ ਦੇ ਦਿਲਾਂ ਤੋਂ ਇਹ ਭੈ ਤੇ ਦਬੇਲਪੁਣਾ ਉਡਾ ਦਿਤਾ, ਉਨ੍ਹਾਂ ਦੀ ਸ਼ੰਕਾ ਦੂਰ ਕੀਤੀ, ਉਨ੍ਹਾਂ ਤੋਂ, ਜੋ ਆਪ ਨੂੰ ਚਿੜੀਆਂ ਸਮਝ ਰਹੇ ਸੇ, ਬਾਜਾਂ ਦੇ ਖੰਭ ਤੁੜਾ ਕੇ ਦਿਖਾ ਦਿੱਤੇ। ਓਹ ਜੋ ਆਪ ਨੂੰ ਬੁਜ਼ ਸਮਝਦੇ ਸੋ ਆਪ ਨੂੰ ਸ਼ੇਰ ਸਮਝ ਕੇ ਸਦੀਆਂ ਤੋਂ ਸ਼ਾਰਦੂਲ ਬਣ ਰਿਹਾ ਤੋਂ ਨਿਰਭੈ ਹੋ ਕੇ ਉਨ੍ਹਾਂ ਤੇ ਜਾ ਪਏ। ਇਹ ਆਤਮ ਘੁੰਡ ਚੁੱਕ ਦੇਣਾ, ਇਹ ਮਰ ਰਹੇ ਮਨ ਨੂੰ ਜਿਵਾ ਦੇਣਾ ਤੇ ਇਹ ਨਿਰਭੈਤਾ ਭਰ ਦੇਣੀ ਉਸ ਸੂਰੇ ਗੁਰੂ ਦਾ ਇਕ ਕਰਾਮਾਤੀ ਕੰਮ ਸੀ। ਇਸ ਸਾਰੇ ਪ੍ਰੀਵਰਤਨ ਲਿਆਉਣ ਵਿਚ ਆਪ ਨੇ ਝੂਠ ਤੋਂ ਕਿ ਗਿਰਾਵਟ ਵਾਲੀਆਂ ਕੁਚਲ ਬੰਦੀਆਂ ਤੋਂ ਕਦੇ ਕੰਮ ਨਹੀਂ ਲਿਆ। ਆਪ ਨੇ ਆਪਣੀ ਰਾਜਨੀਤੀ ਦੀ ਨੀਂਹ ਉੱਚੇ ਆਚਰਨ ਤੇ ਧਰੀ ਸੀ। ਧਰਮ ਤੇ ਗ੍ਰਿਹਸਤ ਦੇ ਹਰ ਪਹਿਲੂ ਦਾ ਜੀਵਨ -ਜਿਸ ਵਿਚ ਬੀਰ ਰਸੀ ਜੀਵਨ ਸ਼ਾਮਲ ਸੀ- ਆਪ ਨੇ ਹੀ ਇਕੱਠਾ ਕਰ ਦਿਖਾਇਆ ਸੀ।
ਜਦ ਆਪ ਇਹ ਉੱਚਾ ਤੇ ਸੁੱਚਾ ਕੰਮ ਕਰ ਰਹੇ ਸੇ, ਆਪ ਦੀ ਨਿਗਾਹ ਇਕ ਤਾਕਤ ਪੈਦਾ ਕਰ ਦੇਣ ਦੀ ਸੀ ਕਿ ਜੋ ਸ੍ਵੈ ਸਤਿਕਾਰ ਵਾਲੀ, ਸ੍ਵੈ ਬਲਕਾਰ ਵਾਲੀ, ਸ੍ਵੈ ਆਸ਼ਯ ਅਵਲੰਬ ਵਾਲੀ ਤੇ ਸ੍ਵੈ ਰਾਜ ਵਾਲੀ ਹੋਵੇ। ਆਪ ਨੇ ਅਪਣੇ ਲਈ ਇਕ ਇੰਚ ਜ਼ਿਮੀਂ ਬਲ ਨਾਲ ਨਹੀਂ ਖੋਹੀ। ਭੀਮਚੰਦ ਦੀ ਇਕ ਸ਼ਕਾਇਤ ਦੇ ਜਵਾਬ ਵਿਚ ਆਪ ਨੇ ਕਹਾ ਘੱਲਿਆ ਸੀ ਕਿ ਮੈਂ ਅਪਣੀ ਜ਼ਰ ਖ਼ਰੀਦ ਜ਼ਮੀਨ ਤੋਂ ਬਾਹਰ ਇਕ ਤਸੂ ਜ਼ਮੀਨ ਕਿਸੇ ਦੀ ਅਪਣੇ ਕਬਜ਼ੇ ਵਿਚ ਨਹੀਂ ਕੀਤੀ। ਤਾਕਤ ਜੋ ਮੈਂ ਬਣਾ ਰਿਹਾ ਹਾਂ ਦੇਸ ਦੇ ਭਲੇ ਲਈ ਹੈ। ਆਓ, ਸ਼ਾਮਲ ਹੋਵੋ, ਨਹੀਂ ਤਾਂ ਮੈਂ ਨੀਵਿਆਂ ਵਿਚ ਬਲ ਭਰਕੇ ਅਪਣਾ ਆਦਰਸ਼ ਪੂਰਾ ਕਰਨਾ ਹੈ ਪਰ ਰਾਜੇ ਸਮਝਦੇ ਸਨ ਕਿ ਸਾਡਾ ਮਤਾਂ ਰਾਜ ਖੋਹ ਲਵੇ, ਚੁਗੱਤਾ ਸਮਝਦਾ ਸੀ ਕਿ ਇਹ ਤਾਕਤ ਕਿਤੇ ਸਾਡਾ ਰਾਜ ਨਾ ਸਮਾਪਤ ਕਰ ਦੇਵੇ, ਸੋ ਗੁਰੂ ਜੀ ਦੇ ਆਦਰਸ਼ ਸਿਰੇ ਚਾੜ੍ਹਨ ਦੇ ਰਸਤੇ ਦੀ ਰੋਕ ਬਣੇ। ਕਈ ਵਾਰ ਟਾਕਰੇ ਹੋਏ ਪਰ
ਗੁਰੂ ਜੀ ਸਦਾ ਕਾਮਯਾਬ ਹੋਏ ਯਾ ਉਨ੍ਹਾਂ ਦੇ ਬਲ ਤੋਂ ਸਫਾ ਬਚ ਜਾਂਦੇ ਰਹੇ, ਕਦੇ ਵਾਲ ਵਿੰਗਾ ਨਹੀਂ ਹੋਇਆ। ਦੇਸ਼ ਹੈਰਾਨ ਸੀ ਕਿ ਕੀਕੂ ਤੁਰਕ ਪਠਾਣਾਂ ਦੇ ਟਾਕਰੇ ਦੀ ਇਹ ਉਤਰੀ ਹਿੰਦ ਦੀ ਪਰਜਾ ਹੋ ਗਈ ਹੈ। ਅੰਤ ਜਦ ਡਿੱਠਾ ਗਿਆ ਕਿ ਗੁਰੂ ਜੀ ਦੀ ਤਾਕਤ ਬਲ ਬਹੁਤ ਪਕੜ ਗਈ ਹੈ ਤੇ ਸੂਬਾ ਸਰਹਿੰਦ ਦੀ ਫੌਜ ਬੀ ਕਾਮਯਾਬ ਨਹੀਂ ਹੋਈ ਤਾਂ ਫੇਰ ਜਾਪਦਾ ਹੈ ਕਿ ਔਰੰਗਜ਼ੇਬ ਨੂੰ ਜੋ ਦੱਖਣ ਦੇ ਜੰਗਾਂ ਵਿਚ ਰੁੱਝ ਰਿਹਾ ਸੀ ਤੌਖ਼ਲਾ ਹੋ ਗਿਆ ਕਿ ਕਿਤੇ ਪੰਜਾਬ ਵਿਚ ਦੱਖਣ ਵਾਲਾ ਹਾਲ ਨਾ ਹੋ ਜਾਵੇ। ਤਦੋਂ ਉਸਦੇ ਹੁਕਮ ਹੇਠ ਬਾਈਧਾਰ ਰਾਜਿਆਂ ਦੀ ਸੈਨਾ, ਸਰਹਿੰਦ ਦੇ ਸੂਬੇ ਦੀ ਸੈਨਾ ਸਮੇਤ ਨਵਾਬ ਦੇ, ਅਨੰਦ ਪੁਰ ਤੇ ਟੁੱਟ ਪਈ। ਲਾਹੌਰ ਦਾ ਫੌਜਦਾਰ ਬੀ ਨਾਲ ਆ ਜੁੜਿਆ ਤੇ ਦਿੱਲੀ ਤੋਂ ਬੀ ਕੁਮਕ ਆ ਗਈ। ਇਤਨੇ ਭਾਰੇ ਘਮਸਾਣ ਦੇ ਟਾਕਰੇ ਤੇ ਆਪ ਅਹਿੱਲ ਜੁਟੇ ਰਹੇ। ਚਾਰ ਪੰਜ ਕਿਲ੍ਹੇ ਸਤਿਗੁਰ ਨੇ ਬਣਾਏ ਹੋਏ ਸਨ, ਤੋਪਾਂ ਬੀ ਢਾਲੀਆਂ ਸਨ ਤੇ ਹੋਰ ਸਮਾਨ ਬੀ ਕੀਤੇ ਹੋਏ ਸਨ, ਫੌਜਾਂ ਬੀ ਅੱਠ ਦਸ ਹਜ਼ਾਰ ਦੇ ਕਰੀਬ ਤਿਆਰ ਸਨ। ਘੋਰ ਸੰਗ੍ਰਾਮ ਹੁੰਦੇ ਰਹੇ ਪਰ ਤੁਰਕ ਕਾਮਯਾਬ ਨਾ ਹੋਏ। ਅਖੀਰ ਉਨ੍ਹਾਂ ਨੇ ਵਿਚਾਰਿਆ ਕਿ ਸਾਡੇ ਹੱਲੇ ਤੇ ਸਿੰਘਾਂ ਦੇ ਮੁਕਾਬਲੇ ਸਾਡਾ ਬਹੁਤ ਨੁਕਸਾਨ ਕਰ ਰਹੇ ਹਨ, ਇਨ੍ਹਾਂ ਨਾਲ ਜੰਗ ਕਰਨ ਦੀ ਵਿਉਂਤ ਨੂੰ ਬਦਲੋ ਤੇ ਘੇਰਾ ਪਾ ਕੇ ਦੂਰ ਦੂਰ ਡੇਰੇ ਪਾ ਲਓ, ਆ ਪੈਣ ਤਾਂ ਲੜੋ, ਨਹੀਂ ਤਾਂ ਸਮਾਂ ਲੰਘਣ ਦਿਓ, ਜਦੋਂ ਰਸਤ ਪਾਣੀ ਮੁੱਕੇਗਾ ਤਦੋਂ ਆਪੇ ਹਾਰ ਮੰਨਣਗੇ। ਇਸ ਤਰ੍ਹਾਂ ਸ਼ੁਰੂ ਜੰਗ ਤੋਂ ਲੈ ਕੇ ਸਤ ਅੱਠ ਮਹੀਨੇ ਲੰਘ ਗਏ, ਅੰਦਰੋਂ ਘਾਹ ਪੱਠੇ ਰਸਤਾਂ ਮੁੱਕ ਗਈਆਂ, ਫੇਰ ਬੀ ਸਿੰਘਾਂ ਦੇ ਦਸਤੇ ਅਚਾਨਕ ਕਿਸੇ ਪਾਸਿਓਂ ਹੱਲਾ ਕਰਕੇ ਪੈਂਦੇ ਤੇ ਰਸਤਾਂ ਲੈ ਜਾਂਦੇ। ਪਰ ਆਖ਼ਰ ਕਦ ਤਕ? ਭੁੱਖਾਂ ਤੇ ਫਾਕੇ ਕੜਾਕੇ ਆ ਹੀ ਗਏ, ਫਿਰ ਬੀ ਸਿੰਘ ਹਾਰੇ ਨਾ ਤੇ ਈਨ ਨਾ ਮੰਨੀ। ਲੜਾਕੇ ਭੁਜੰਗੀ ਤਾਂ ਦੁੱਖ ਝੱਲ ਰਹੇ ਸੇ, ਪਰ ਸ਼ਹਿਰਵਾਸੀ ਭੁੱਖ ਦੇ ਦੁੱਖ ਅੱਗੇ ਹਾਰ ਰਹੇ ਸੇ, ਉੱਪਰੋਂ ਬਰਸਾਤ ਦੁੱਖ ਦੇ ਰਹੀ ਸੀ, ਇਹ ਬੀ ਲੰਘੀ। ਬਾਹਰ ਸੂਬਿਆਂ ਤੇ ਰਾਜਿਆਂ ਦਾ ਬੀ ਬੁਰਾ ਹਾਲ ਸੀ। ਇਤਨੇ ਲਸ਼ਕਰ ਨੂੰ ਲੈ ਕੇ ਬੈਠੇ ਰਹਿਣਾ, ਲੱਖਾਂ ਦੇ ਖਰਚ ਮੰਗਦਾ ਹੈ। ਫੇਰ ਨਮੋਸ਼ੀ ਕਿ ਇਤਨੇ ਵਡੇ ਵਡੇ ਸੂਬੇ ਤੇ ਫੌਜਦਾਰ ਕੱਠੇ ਹੋ ਰਹੇ ਹਨ ਤੇ ਰਾਜੇ ਜ਼ੋਰ ਲਾ ਰਹੇ ਹਨ, ਇਕ ਫਕੀਰ ਤੇ ਫਤਹ
ਨਹੀਂ ਪਾ ਸਕੇ, ਫਿਰ ਇੰਨੀ ਫੌਜ ਜਿੱਥੇ ਘੇਰਾ ਘੱਤ ਬਹੇ ਤੇ ਅਰੋਗਤਾ ਦੇ ਨਿਯਮਾਂ ਦਾ ਪੂਰਾ ਪਤਾ ਨਾ ਹੋਵੇ ਓਥੇ ਬੀਮਾਰੀਆਂ ਦਾ ਫੁਟ ਪੈਣਾ ਮਾਮੂਲੀ ਗੱਲ ਹੈ। ਸਭ ਤੋਂ ਵਡੀ ਗੱਲ ਫੌਜੀ ਸਿਪਾਹੀਆਂ ਵਿਚ ਬੇਦਿਲੀ ਹੁੰਦੀ ਹੈ, ਜੋ ਬਰਸਾਤ, ਬੀਮਾਰੀ ਤੇ ਨਾਕਾਮਯਾਬੀ ਕਰ ਕੇ ਦਿਨੋ ਦਿਨ ਵਧ ਰਹੀ ਸੀ। ਇਨ੍ਹਾਂ ਤੇ ਹੋਰ ਕਈ ਕਾਰਨਾਂ ਕਰਕੇ ਘੇਰਾ ਪਾਉਣ ਵਾਲੇ ਬੀ ਜੰਗ ਦੀ ਸਮਾਪਤੀ ਲੋੜਦੇ ਸਨ। ਰਾਜੇ ਸਭ ਤੋਂ ਵਧੀਕ ਤੰਗ ਸਨ, ਉਨ੍ਹਾਂ ਦਾ ਦੇਸ਼ ਹੋਣ ਕਰਕੇ ਸਰਹਿੰਦ ਲਾਹੌਰ ਤੇ ਦਿੱਲੀ ਦੇ ਸੈਨਾਪਤ ਘਾਹ ਪੱਠੇ, ਦਾਣੇ, ਰਸਦਾਂ, ਦੁੱਧ, ਘਿਉ, ਹਰ ਸ਼ੈ ਲਈ ਜ਼ੋਰ ਪਾਉਂਦੇ, ਪਰਜਾ ਤੋਂ ਕਦੇ ਮੁੱਲ ਦੇ, ਕਦੇ ਜਬਰੀ ਖੋਹ ਖਸ ਲੈਂਦੇ ਸਨ। ਦੂਰ ਦੂਰ ਤਕ ਦੇਸ਼ ਵੈਰਾਨ ਹੋ ਰਿਹਾ ਸੀ ਤੇ ਵੈਰਾਨੀ ਵਧਦੀ ਜਾਂਦੀ ਸੀ, ਖਜ਼ਾਨੇ ਖਾਲੀ ਹੋ ਰਹੇ ਸੇ ਤੇ ਅਗੋਂ ਮਾਮਲੇ ਉਘਰਨ ਦੀ ਥਾਂ ਖਰਚਾਂ ਵੱਲ ਜ਼ੋਰ ਸੀ। ਰਾਜਾ ਬਿਲਾਸਪੁਰੀਆ ਜ਼ਖਮੀ ਹੋ ਗਿਆ ਸੀ ਤੇ ਇਕ ਦੋ ਰਾਜੇ ਹੋਰ ਬੀ ਇਸੇ ਹਾਲ ਸੇ, ਸ਼ਾਹੀ ਸੈਨਾ ਦੇ ਬੀ ਕਈ ਸਰਦਾਰ ਜ਼ਖਮੀ ਹੋ ਚੁਕੇ ਤੇ ਮਰੇ ਸੇ, ਔਰੰਗਜ਼ੇਬ ਦੱਖਣ ਵਿਚ ਚਵੀ ਪੰਝੀ ਵਰ੍ਹੇ ਤੋਂ ਲੜਦਾ ਹੁਣ ਹਟ ਰਿਹਾ ਸੀ, ਫੌਜਾਂ ਥੱਕ ਟੁੱਟ ਚੁੱਕੀਆਂ ਸਨ ਤੇ ਖ਼ਜ਼ਾਨੇ ਉਸ ਲੰਮੇ ਜੰਗ ਦੇ ਖ਼ਾਲੀ ਹੋ ਚੁਕੇ ਸਨ। ਇਹ ਬੀ ਚਾਹੁੰਦਾ ਸੀ ਕਿ ਇਹ ਉੱਤਰੀ ਹਿੰਦ ਦਾ ਜੰਗ ਬੀ ਕਿਵੇਂ ਮੁੱਕੇ। ਇਸ ਸਮੇਂ ਦੇ ਲਗ ਪਗ ਹੀ ਮਰਹੱਟਿਆਂ ਤੋਂ ਅੱਕੇ ਥੱਕੇ ਔਰੰਗਜ਼ੇਬ ਨੇ ਸਤਾਰੇ ਤੋਂ ਅਹਿਮਦ ਨਗਰ ਨੂੰ ਵਾਗ ਮੋੜੀ। ਸੋ ਸੁਲਹ ਵਾਸਤੇ ਬਾਹਰਲੇ ਬਹੁਤ ਕਾਹਲੇ ਸੇ, ਉਨ੍ਹਾਂ ਵਲੋਂ ਹੀ ਗੱਲਬਾਤ ਛਿੜੀ ਤੇ ਇਹ ਸ਼ਰਤ ਕੇਵਲ ਮੰਗੀ ਗਈ ਕਿ ਤੁਸੀਂ ਜੇ ਅਨੰਦ ਪੁਰ ਛੋੜ ਕੇ ਆਪੇ ਕਿਸੇ ਹੋਰਸ ਇਲਾਕੇ ਚਲੇ ਜਾਓ ਤਾਂ ਅਸੀਂ ਘੇਰਾ ਚੱਕ ਲਵਾਂਗੇ ਤੇ ਆਪ ਨੂੰ ਕੁਛ ਨਹੀਂ ਕਹਾਂਗੇ, ਜਿੱਥੇ ਆਪ ਦਾ ਚਿੱਤ ਕਰੇ ਜਾ ਰਹੀਓ।
ਰਾਜੇ ਨਵਾਬ ਤੇ ਫੌਜਦਾਰ ਸੋਚਦੇ ਸੇ ਕਿ ਜੇ ਇਹ ਅਨੰਦ ਪੁਰ ਤੋਂ ਜਾਣਾ ਮੰਨ ਲੈਣ ਤਾਂ ਜੰਗ ਮੁਕੇ ਤੇ ਬਾਹਰ ਕਹਿਣ ਜੋਗੇ ਹੋ ਜਾਵਾਂਗੇ ਕਿ ਅਸਾਂ ਅਨੰਦ ਪੁਰ ਖਾਲੀ ਕਰਾ ਲਿਆ ਹੈ, ਜਿੱਤ ਸਾਡੀ ਹੋਈ ਹੈ। ਦੂਸਰੇ ਉਨ੍ਹਾਂ ਦੀ ਨੀਤੀ ਕਿਸੇ ਪੱਕੇ ਇਖ਼ਲਾਕੀ ਅਸੂਲਾਂ ਤੇ ਬੱਝੀ ਹੋਈ ਨਹੀਂ ਸੀ। ਜਦੋਂ ਕਿਲ੍ਹੇ ਤੋਂ ਬਾਹਰ ਨਿਕਲੇ ਤਦੋਂ ਜੇ ਟਿੱਡੀ ਦਲ ਸੈਨਾ ਉਸ ਥੋੜੀ ਸੈਨਾ ਨੂੰ ਘੇਰ ਲਵੇ ਜੋ ਗੁਰੂ ਜੀ ਦੇ ਨਾਲ ਸੀ ਤਾਂ ਉਹ ਸਮਾਪਤੀ
ਹੀ ਕਰ ਸਕਦੇ ਸਨ। ਗੁਰੂ ਜੀ ਇਨ੍ਹਾਂ ਚਾਲਾਂ ਨੂੰ ਸਮਝਦੇ ਸੇ, ਉਹ ਇਸ ਕਰਕੇ ਭੁੱਖ ਦੇ ਦੁੱਖ ਝੱਲ ਝੱਲ ਕੇ ਬੀ ਇਸ ਯਤਨ ਵਿਚ ਸੇ ਕਿ ਇਨ੍ਹਾਂ ਦੀ ਪਾਪਨੀਤੀ ਦੇ ਸ਼ਿਕਾਰ ਨਹੀਂ ਬਣਨਾ, ਪਰੰਤੂ ਸ਼ਹਿਰ ਵਾਸੀ ਸੁਲਹ ਲਈ ਤੰਗ ਕਰ ਰਹੇ ਸੇ। ਉਧਰ ਆਪਣੇ ਲਸ਼ਕਰ ਵਿਚ ਵੀ ਸੁਲਹ ਲਈ ਜ਼ੋਰ ਪੈਣ ਲੱਗ ਪਿਆ। ਆਖ਼ਰ ਗੁਰੂ ਜੀ ਨੇ ਇਕ ਦਿਨ ਆਪਣੇ ਜੁਆਨਾਂ ਤੇ ਸ਼ਹਿਰੀਆਂ ਨੂੰ ਨਮੂਨਾ ਦੱਸਣ ਲਈ ਇਹ ਕਿਹਾ ਕਿ ਪਹਿਲਾਂ ਸਾਡੇ ਸਾਮਾਨ ਨੂੰ ਲੰਘ ਜਾਣ ਦਿਓ, ਫੇਰ ਸੁਲਹ ਦੀ ਗਲ ਬਾਤ ਪੱਕੀ ਕਰਨ ਪਰ ਵਿਚਾਰ ਕਰਾਂਗੇ, ਪਰ ਜਦੋਂ ਇਕ ਰਾਤ ਖੱਚਰਾਂ ਤੇ ਖੋਤਿਆਂ ਪੁਰ ਕੁਛ ਲੱਦ ਕੇ ਘਲਿਆ ਤਾਂ ਥੋੜੀ ਦੂਰ ਨਿਕਲ ਜਾਣ ਪਰ ਹੀ ਸਾਰੇ ਕੌਲ ਕਰਾਰ ਤੋੜ ਕੇ ਤੁਰਕ ਆ ਪਏ ਤੇ ਸਭ ਕੁਛ ਲੁੱਟ ਲਿਆ। ਦਿਨੇ ਲੱਗੇ ਰਾਜੇ ਤੇ ਜ਼ਿੰਮੇਵਾਰਾਂ ਦੇ ਆਦਮੀ ਸਫਾਈਆਂ ਕਰਨ ਕਿ ਸਿਪਾਹੀਆਂ ਤੋਂ ਗਲਤੀ ਹੋ ਗਈ, ਹੁਣ ਐਸਾ ਨਹੀਂ ਹੋਵੇਗਾ ਪਰ ਗੁਰੂ ਜੀ ਨੇ ਯਕੀਨ ਨਾ ਕੀਤਾ। ਬਾਹਰ ਵਾਲਿਆਂ ਨੇ ਹੁਣ ਇਹ ਸੋਚਿਆ ਕਿ ਜੇ ਪਾਤਸ਼ਾਹ ਵਲੋਂ ਫੁਰਮਾਨ ਸ਼ਾਹੀ ਇਸ ਕੌਲ ਇਕਰਾਰ ਦਾ ਆ ਜਾਵੇ ਤਾਂ ਗੁਰੂ ਜੀ ਸ਼ਾਇਦ ਅਮੈਨਾ ਕਰ ਲੈਣਗੇ, ਸੋ ਉਹ ਬੀ ਮੰਗਵਾਇਆ ਗਿਆ। ਗੁਰੂ ਜੀ ਅਜੇ ਬੀ ਨਹੀਂ ਪਤੀਜਦੇ ਸੇ ਤੇ ਆਪਣੇ ਸਾਥੀਆਂ ਨੂੰ ਕਹਿੰਦੇ ਸੇ ਕਿ ਥੋੜ੍ਹੇ ਦਿਨ ਹੋਰ ਜੀਰਾਂਦ ਕਰੋ ਪਰ ਹੁਣ ਜੀਰਾਂਦ ਨਹੀਂ ਸੀ ਹੋ ਸਕਦੀ। ਇਕ ਹਿੱਸਾ ਸੈਨਾ ਦਾ ਤਾਂ ਅਖ਼ੀਰ ਤਕ ਗੁਰੂ ਜੀ ਦੇ ਨਾਲ ਨਿਭਣ ਨੂੰ ਤੁਲਿਆ ਖੜਾ ਸੀ ਪਰ ਇਕ ਹਿੱਸਾ ਸੈਨਾ ਦਾ ਬੀ ਸੁਲਹ ਤੇ ਜ਼ੋਰ ਦੇ ਰਿਹਾ ਸੀ। ਸ਼ਾਹੀ ਫੁਰਮਾਨ ਬੜੀ ਤਸੱਲੀ ਵਾਲਾ ਸੀ, ਇਸ ਕਰਕੇ ਸੁਲਹ ਦੇ ਚਾਹਵਾਨ ਖਾਲਸੇ ਤੇ ਮਾਤਾ ਜੀ ਤੇ ਹੋਰਨਾਂ ਨੇ ਬਹੁਤ ਜ਼ੋਰ ਪਾਇਆ। ਦੱਖਣ ਤੋਂ ਜੋ ਕਾਜ਼ੀ ਪਾਤਸ਼ਾਹੀ ਫੁਰਮਾਨ ਲੈ ਕੇ ਆਇਆ, ਉਹ ਆਪ ਗੁਰੂ ਜੀ ਨੂੰ ਮਿਲਿਆ ਤੇ ਉਸ ਨੇ ਆਪ ਬੀ ਕਸਮਾਂ ਖਾ ਕੇ, ਕੁਰਾਨ ਜਾਮਨ ਦੇ ਕੇ ਤਸੱਲੀ ਕਰਾਉਣ ਦਾ ਜਤਨ ਕੀਤਾ ਕਿ ਆਪ ਜਿੱਧਰ ਜੀ ਚਾਹੇ ਸੁਖ ਨਾਲ ਚਲੇ ਜਾਓ, ਆਪ ਨੂੰ ਕੋਈ ਨਹੀਂ ਛੇੜੇਗਾ ਅਤੇ ਜਿੱਥੇ ਚਿਤ ਕਰੇ ਰਹੋ ਕੋਈ ਸੂਬਾ ਕਿ ਸਿਪਾਹੀ ਆਪ ਦੀ ਵਾਉ ਵਲ ਨਹੀਂ ਤੱਕੇਗਾ। ਉਧਰ ਰਾਜਿਆਂ ਦੇ ਦੂਤ ਨੇ ਆਟੇ ਦੀ ਗਊ ਬਣਾ ਕੇ ਲਿਆ ਧਰੀ ਤੇ ਸੌਹਾਂ ਸੁਰੀਦਾਂ ਖਾਧੀਆਂ। ਇਸ ਤਰ੍ਹਾਂ ਦੇ ਪੂਰੀ ਤਰ੍ਹਾਂ ਦੇ ਤੇ ਪੱਕੀ ਤਰ੍ਹਾਂ ਦੇ ਇਕਰਾਰਾਂ ਦੇ ਬਾਦ
ਸੁਲਹਨਾਮਾ ਲਿਖਿਆ ਗਿਆ ਤੇ ਪਾਤਸ਼ਾਹੀ ਸੁਰੀਦਾਂ ਵਾਲਾ ਅਹਿਦਨਾਮਾ ਤੇ ਉਸ ਵੇਲੇ ਦਾ ਅਹਿਦਪਤ ਗੁਰੂ ਜੀ ਨੇ ਸੰਮ੍ਹਾਲ ਲਿਆ।*
6.
ਹੁਣ ਰੁਤ ਅਤਿ ਸਰਦੀ ਦੀ ਸੀ, ਪੋਹ ਦਾ ਪਹਿਲਾ ਸਾਤਾ ਲੰਘ ਚੁੱਕਾ ਸੀ। ਪਾਲਾ ਇਸ ਇਲਾਕੇ ਵਿਚ ਜ਼ੋਰਾਂ ਤੇ ਸੀ ਕਿ ਇਕ ਰਾਤ ਗੁਰੂ ਜੀ ਸੈਨਾ ਸਣੇ ਕਿਲੇ ਤੋਂ ਨਿਕਲ ਟੁਰੇ। ਆਪ ਕੁਛ ਦੂਰ ਨਿਕਲ ਗਏ ਸਨ ਕਿ ਉਤਾਵਲੀ ਪਾਤਸ਼ਾਹੀ ਸੈਨਾ ਨੇ ਅਨੰਦ ਪੁਰ ਤੇ ਕਬਜ਼ਾ ਕਰਨ ਲਈ ਜਾ ਮਾਰਾ ਬਕਾਰਾ ਕੀਤਾ। ਇਸੇ ਹੰਗਾਮੇ ਵਿਚ ਕੁਛ ਸੈਨਾ ਗੁਰੂ ਜੀ ਦੇ ਮਗਰ ਬੀ ਟੋਰੀ ਗਈ, ਜਿਸ ਨੇ ਜਾ ਸਰਸਾ ਨਾਲੇ ਪਾਸ ਆਪ ਉਤੇ ਹੱਲਾ ਕੀਤਾ। ਨਦੀ ਚੜ੍ਹ ਰਹੀ ਸੀ, ਗੁਰੂ ਸਾਹਿਬ ਤਾਂ ਨਿਕਲ ਗਏ ਸੇ ਪਰ ਵਹੀਰ ਤੇ ਹੋਰ ਲੋਕ ਰੁਕ ਰਹੇ ਸੇ। ਸਾਹਿਬਜ਼ਾਦੇ ਅਜੀਤ ਸਿੰਘ ਜੀ ਵਹੀਰ ਦੇ ਮਗਰ ਸੈਨਾ ਲੈ ਕੇ ਆ ਰਹੇ ਸੇ। ਹੁਣ ਵਹੀਰ ਵਿਚ ਹਫਲਾ-ਤਫਲੀ ਪੈ ਗਈ। ਕਈ ਸਿੰਘ ਤਾਂ ਨਦੀ ਪਾਰ ਕਰਨ ਦੀ ਉਤਾਵਲ ਤੇ ਕਾਹਲੀ ਵਿਚ ਨਦੀ ਦੀ ਭੇਟ ਹੋਏ, ਕੁਛ ਲੰਘ ਗਏ, ਕੁਛ ਹੋਰ ਪਾਸੇ ਵੱਲ ਨਿਕਲ ਟੁਰੇ। ਛੋਟੇ ਸਾਹਿਬਜ਼ਾਦੇ ਤੇ ਮਾਈਆਂ ਕਠਨਤਾ ਨਾਲ ਪਾਰ ਹੋਏ। ਸਾਹਿਬਾਂ ਨੂੰ ਪਤਾ ਲੱਗਾ ਤਾਂ ਆਪ ਨੇ ਉਦੇ ਸਿੰਘ ਰਾਠ ਨੂੰ ਘੱਲਿਆ ਜਿਸ ਨੇ ਪਿਛੇ ਅੱਪੜ ਕੇ ਅਜੀਤ ਸਿੰਘ ਆਦਿਕਾਂ ਨੂੰ ਸਾਹਿਬਾਂ ਵੱਲ ਟੋਰਿਆ ਤੇ ਆਪ ਅਹਿਦਸ਼ਿਕਨ ਤੁਰਕਾਂ ਨਾਲ ਮੱਥਾ ਲਾ ਖੜੋਤਾ ਤੇ ਉੱਥੇ ਹੀ ਅਹਿਦਸ਼ਿਕਨਾਂ ਦੀ ਰੋਕ ਕਰਦਾ ਸਾਥੀਆਂ ਸਣੇ ਸ਼ਹੀਦ ਹੋ ਗਿਆ। ਗੁਰੂ ਸਾਹਿਬ ਤੇ ਵਡੇ ਸਾਹਿਬਜ਼ਾਦੇ ਕੁਛ ਸਿੰਘਾਂ ਸਣੇ ਦੂਰ ਨਿਕਲ ਗਏ। ਵਡੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਇਕ ਘਰ ਦੇ ਨੌਕਰ ਗੰਗੂ ਨਾਲ ਕਿਸੇ ਹੋਰ ਪਾਸੇ ਨਿਕਲ ਗਏ ਤੇ ਮਾਤਾ ਸੁੰਦਰੀ ਜੀ ਰੋਪੜ ਇਕ ਸਿੰਘ ਦੇ ਘਰ ਲੁਕ ਕੇ ਬਚੇ।
ਇਥੇ ਉਨ੍ਹਾਂ ਪਠਾਣ ਸਰਦਾਰਾਂ ਨੇ, ਜੋ ਗੁਰੂ ਜੀ ਤੋਂ ਵਰੋਸਾਏ ਜਾਂਦੇ ਹੁੰਦੇ ਸੇ, ਸਿੰਘਾਂ ਨੇ ਬਹੁਤ ਤੰਗ ਕੀਤਾ ਗੁਰੂ ਜੀ ਇਨ੍ਹਾਂ ਸਾਰੇ ਕਸ਼ਟਾਂ
________________________
* ਜ਼ਫਰ ਨਾਮੇ ਵਿਚ ਜ਼ਿਕਰ ਆਵੇਗਾ ਕਿ ਪਾਤਸ਼ਾਹੀ ਇਕਰਾਰ ਨਾਮਾ ਗੁਰੂ ਜੀ ਦੇ ਪਾਸ ਮਾਲਵੇ ਵਿਚ ਬੀ ਹੈਗਾ ਸੀ।
ਦੇ ਵਿਚਦੀ ਲੰਘਦੇ, ਚਾਲੀ ਕੁ ਸਿੰਘਾਂ ਸਣੇ ਮੁਸ਼ਕਲ ਨਾਲ ਚਮਕੌਰ ਪਹੁੰਚੇ। ਇੱਥੇ ਇਕ ਨਿੱਕੀ ਜਿਹੀ ਗੜ੍ਹੀ ਵਿਚ ਜਾ ਡੇਰਾ ਲਾਇਆ ਤੇ ਆ ਰਹੀ ਪਾਤਸ਼ਾਹੀ ਸੈਨਾ ਦੇ ਟਾਕਰੇ ਦਾ ਪ੍ਰਬੰਧ ਕੀਤਾ। ਪਾਤਸ਼ਾਹੀ ਸੈਨਾ ਅਰੁਕ ਆ ਰਹੀ ਸੀ, ਅਹਿਦ ਪੈਮਾਨ ਤੋੜ ਕੇ ਬੇਸ਼ਰਮ ਆ ਰਹੀ ਸੀ, ਲਿਖਿਆ ਹੈ ਕਿ ਹੋਰ ਕੁਮਕੀ ਸੈਨਾ ਬੀ ਇਨ੍ਹਾਂ ਨੂੰ ਆ ਮਿਲੀ। ਇਨ੍ਹਾਂ ਨੇ ਚਮਕੌਰ ਦੇ ਬਾਹਰ ਮੁਹਾਸਰਾ ਕਰ ਲਿਆ, ਫਿਰ ਬੀ ਕੌਲ ਦੇ ਪੱਕੇ ਗੁਰੂ ਜੀ ਨੇ ਅੰਦਰੋਂ ਗੋਲੀ ਨਹੀਂ ਚਲਾਈ। ਬਾਹਰੋਂ ਗੜ੍ਹੀ ਤੇ ਇਕ ਦਸਤਾ ਹਮਲਾ ਕਰਨ ਆਇਆ ਤੇ ਜਦੋਂ ਉਹ ਤੀਰ ਗੋਲੀਆਂ ਵਰਸਾਉਂਦਾ ਅਗੇ ਵਧ ਕੇ ਆ ਰਿਹਾ ਸੀ, ਤਦ ਆਪ ਨੇ ਕਿਹਾ ਕਿ ਤੱਕੋ ਇਨ੍ਹਾਂ ਵੱਲੋਂ ਸਭ ਤਰ੍ਹਾਂ ਨਾਲ ਅਹਿਦ ਸ਼ਿਕਨੀ ਹੋ ਚੁਕੀ ਹੈ, ਸਰਸੇ ਤੋਂ ਲੈ ਕੇ ਹੁਣ ਤਕ ਇਹ ਲੋਕ ਇਕਰਾਰ ਤੋੜ ਕੇ ਹਮਲੇ ਕਰ ਰਹੇ ਹਨ ਹੁਣ ਸਾਡਾ ਮੁਕਾਬਲਾ ਕਰਨਾ ਹੱਕ ਹੈ ਤੇ ਹਲਾਲ ਹੈ।* ਚਮਕੌਰ ਦੀ ਗੜ੍ਹੀ ਜੋ ਪਿੰਡ ਦੇ ਘੇਰੇ ਦੀ ਮਾਨੋ ਘਿਰ ਵਿਚ ਸੀ। ਸ਼ਾਹੀ ਸੈਨਾ ਦੇ ਫੌਜੀ ਦਸਤੇ ਹਮਲਾ ਕਰ ਕੇ ਆਉਂਦੇ, ਇਧਰੋਂ ਉਪਰੋਂ ਤੀਰਾਂ ਦੀ ਬੁਛਾੜ ਤੇ ਗੋਲੀਆਂ ਦਾ ਵਰੋਸਾਉ ਹੁੰਦਾ ਤੇ ਦਰਵਾਜ਼ੇ ਤੋਂ ਨਿਕਲ ਕੇ ਪੰਜ ਸੱਤ ਦਾ ਦਸਤਾ ਦਰਵਾਜ਼ੇ ਤਕ ਅੱਪੜ ਪੈਣ ਵਾਲਿਆਂ ਨਾਲ ਯੁੱਧ ਕਰ ਕੇ ਮਾਰਦਾ ਮਾਰਦਾ ਸ਼ਹੀਦ ਹੋ ਜਾਂਦਾ। ਇਸ ਜੰਗ ਅਕਲਮੰਦੀ ਤੇ ਇਸ ਸੂਰਬੀਰਤਾ ਨਾਲ ਇਹ ਮੁਕਾਬਲਾ ਕੀਤਾ ਗਿਆ ਕਿ ਚਾਲੀ ਸਿੰਘਾਂ ਨੇ ਸਾਰਾ ਦਿਨ ਇਤਨੀ ਬੜੀ ਸੈਨਾ ਨੂੰ ਗੜ੍ਹੀ ਦੇ ਨੇੜੇ ਨਾ ਢੁੱਕਣ ਦਿੱਤਾ ਤੇ ਰਾਤ ਪੈ ਗਈ। ਹੁਣ ਤਕ ਲਗ ਪਗ ਸਾਰੇ ਸਿੰਘ ਤੇ ਦੁਇ ਸਾਹਿਬਜ਼ਾਦੇ ਸ਼ਹੀਦ ਹੋ ਚੁਕੇ ਸੇ। ਪੰਜ ਸਤ ਖਾਲਸੇ ਤੇ ਗੁਰੂ ਜੀ ਗੜ੍ਹੀ ਵਿਚ ਸੇ। ਉਧਰ ਸੈਨਾ ਦਾ ਬਹੁਤ ਨੁਕਸਾਨ ਹੋਇਆ ਸੀ, ਸਿਪਾਹੀ ਤੇ ਛੋਟੇ ਅਹੁਦੇਦਾਰ ਤਾਂ ਬਹੁਤ ਮੋਏ ਸੇ, ਪਰ ਮਲੇਰ ਕੋਟਲੇ ਦਾ ਨਾਹਰ ਖਾਂ ਤੇ ਪੰਜ ਛੇ ਨਾਮੀ ਨਾਮੀ ਸਰਦਾਰ ਮਰ ਚੁਕੇ ਸੇ, ਸੋ ਉਧਰ ਬੀ ਉਨ੍ਹਾਂ ਦਾ ਸ਼ੋਕ ਤੇ ਦੁੱਖ ਰੰਜ ਹੋ ਰਿਹਾ ਸੀ।
__________________________
* ਜ਼ਫਰਨਾਮੇ ਵਿਚ ਆਪ ਨੇ ਇਸੇ ਮੌਕੇ ਲਈ ਫੁਰਮਾਇਆ ਹੈ ਕਿ ਜਦੋਂ ਸਾਰੀਆਂ ਕੋਸ਼ਸ਼ਾਂ ਮੁੱਕ ਜਾਣ ਤਾਂ ਤਲਵਾਰ ਪਕੜਨੀ ਰਵਾਂ ਹੈ।
ਸਿੰਘਾਂ ਨੇ ਹੁਣ ਗੁਰਮਤਾ ਸੋਧਿਆ ਤੇ ਗੁਰੂ ਜੀ ਨੂੰ ਮਜਬੂਰ ਕੀਤਾ ਕਿ ਆਪ ਇਸ ਘੇਰੇ ਵਿਚੋ ਨਿਕਲ ਜਾਓ। ਸੋ ਚਾਰ ਪੰਜ ਸਿੰਘ ਤਾਂ ਕਿਲ੍ਹੇ ਵਿਚ ਰਹਿ ਗਏ, ਜਿਨ੍ਹਾਂ ਵਿਚੋਂ ਇਕ ਨੇ ਸ੍ਰੀ ਗੁਰੂ ਜੀ ਦੀ ਜਿਗ੍ਹਾ ਕਲਗੀ ਲਾ ਲਈ ਜੋ ਦੂਏ ਦਿਨ ਜਦ ਤੁਰਕ ਮੈਨੂੰ ਮਾਰ ਲੈਣਗੇ ਤਾਂ ਸਮਝਣਗੇ ਕਿ ਕਾਰਜ ਫਤਹਿ ਹੋ ਗਿਆ ਹੈ। ਸੋ ਗੜ੍ਹੀ ਵਿਚ ਰਹੇ ਸਿੰਘ ਸਾਰੀ ਰਾਤ ਗੜ੍ਹੀ ਵਿਚੋਂ ਤੀਰ ਬਰਸਾਂਦੇ ਰਹੇ ਤੇ ਢੋਲ ਢਮੱਕਾ ਹੁੰਦਾ ਰਿਹਾ। ਗੁਰੂ ਜੀ ਤੇ ਦੋ ਸਿੰਘ ਗੜ੍ਹੀ ਦੇ ਪਿਛਲੇ ਰਸਤਿਓਂ ਨਿਕਲ ਕੇ ਤੇ ਸੈਨਾ ਵਿਚ ਤਾੜੀ ਮਾਰ ਰੌਲਾ ਪਾ ਕੇ ਕਿ ਗੁਰੂ ਜੀ ਨਿਕਲ ਗਏ ਜੇ, ਇਕ ਪਾਸੇ ਨੂੰ ਨਿਕਲ ਗਏ। ਪਿੱਛੇ ਸ਼ਾਹੀ ਸੈਨਾਂ ਵਿਚ ਘਮਸਾਨ ਹੋ ਪਿਆ ਤੇ ਆਪੋ ਵਿਚ ਹੀ ਟਾਕਰੇ ਹੁੰਦੇ ਰਹੇ। ਇੱਥੋਂ ਨਿਕਲ ਕੇ ਪੈਦਲ, ਨੰਗੀ ਪੈਰਾਂ ਚਲਦੇ ਚਲਦੇ ਗੁਰੂ ਜੀ ਮਾਛੀਵਾੜੇ ਪੁੱਜੇ ਤੇ ਉੱਥੋਂ ਕਈ ਯਤਨਾਂ ਨਾਲ ਸ਼ਾਹੀ ਇਲਾਕਾ ਲੰਘ ਕੇ ਰਾਇ ਕੱਲੇ ਪਾਸ ਅੱਪੜੇ ਜੋ ਉਸ ਸਮੇਂ ਜਗਰਾਵਾਂ ਆਦਿ ਇਲਾਕੇ ਦਾ ਮਾਲਕ ਸੀ। ਇਸ ਨੇ ਬੜੀ ਖਾਤਰ ਤੇ ਪਿਆਰ ਕੀਤਾ। ਇਥੇ ਹੀ ਛੋਟੇ ਸਾਹਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਆਈ ਸੀ ਤੇ ਇੱਥੋਂ ਟੁਰ ਕੇ ਆਪ ਕਾਂਗੜ ਦੇ ਪਰਗਨੇ ਦੀਨੇ ਅੱਪੜੇ ਸੇ, ਜਿੱਥੋਂ ਦਾ ਕਿ ਹਾਲ ਪਿੱਛੇ ਦੇ ਆਏ ਹਾਂ।
ਦੀਨੇ ਰਹਿ ਕੇ ਆਪ ਨੇ ਫੇਰ ਸੈਨਾ ਜੋੜ ਲਈ, ਕਿਉਂਕਿ ਆਪ ਨੂੰ ਪਤਾ ਸੀ ਕਿ ਜਿਨ੍ਹਾਂ ਨੇ ਕੀਤੇ ਕੌਲ ਤੇ ਖਾਧੀਆਂ ਸੁਰੀਦਾਂ ਦੇ ਸਿਰ ਮਿੱਟੀ ਪਾਈ ਹੈ ਤੇ ਕੁਰਾਨ ਗਊ ਜ਼ਾਮਨ ਦੇ ਕੇ ਅਹਿਦ ਤੋੜੇ ਹਨ, ਉਨ੍ਹਾਂ ਨੇ ਅਰਾਮ ਨਹੀਂ ਕਰਨ ਦੇਣਾ। ਹੋਰ ਸੂਬੇ ਤਾਂ ਆਪੋ ਆਪਣੇ ਪਾਸੇ ਚਲੇ ਗਏ ਹਨ, ਮਾਲਵਾ ਸਰਹਿੰਦ ਦੀ ਸੂਬੇਦਾਰੀ ਦੇ ਨਾਲ ਹੈ, ਸੋ ਸਰਹਿੰਦੀ ਨੇ ਹਮਲਾ ਕਰਨਾ ਹੈ। ਜਦੋਂ ਨਾਲ ਇਹ ਸੋਚਿਆ ਕਿ ਇਸ ਨੇ ਸਾਡੇ ਬੱਚੇ ਮਾਰਨੋ ਭੀ ਸੰਗ ਨਹੀਂ ਕੀਤੀ ਤਾਂ ਸਾਡਾ ਖਹਿੜਾ ਕਦ ਛਡਦਾ ਹੈ, ਇਸ ਲਈ ਇਕ ਪਾਸੇ ਤਾਂ ਆ ਪਏ ਜੰਗ ਦੇ ਮੁਕਾਬਲੇ ਲਈ ਜੰਗੀ ਸਾਮਾਨ ਜੋੜਨੇ ਅਰੰਭ ਦਿਤੇ ਅਰ ਦੂਜੇ ਪਾਸੇ ਇੱਥੇ ਬੈਠ ਕੇ ਔਰੰਗਜ਼ੇਬ ਵੱਲ ਇਕ ਖਤ ਲਿਖਿਆ ਜੋ ਫਾਰਸੀ ਕਵਿਤਾ ਵਿਚ ਹੈ। ਇਹ ਖਤ ਉਸਨੂੰ ਦੱਖਣ ਦੇਸ ਵਿਚ ਘੱਲਿਆ, ਜਿੱਥੇ ਕਿ ਉਹ ਜੰਗਾਂ ਯੁੱਧਾਂ ਲਈ ਮੁੱਦਤਾਂ ਤੋਂ ਗਿਆ A fਗਿ ਹੀ ਅਧਸ ਗਮੀ ਦਾ ਤਾਂ ਪੱਕਾ ਪਤਾ ਅਜੇ ਨਹੀਂ
ਪਿਆ, ਪਰ ਜੋ ਉਤਾਰੇ ਗੁਰਮੁਖੀ ਅੱਖਰਾਂ ਵਿਚ ਮਿਲਦੇ ਹਨ, ਉਨ੍ਹਾਂ ਵਿਚ ਜ਼ੁਬਾਨ ਫਾਰਸੀ ਹੋਣ ਕਰਕੇ ਬਹੁਤ ਭੁੱਲਾਂ ਪੈ ਗਈਆਂ ਹਨ।
ਉਸ ਪੱਤ੍ਰ ਦਾ ਨਾਮ ਆਪ ਨੇ ਜ਼ਫਰਨਾਮਹ ਧਰਿਆ, ਜਿਸ ਦਾ ਅਰਥ ਹੈ ਬਿਜੈ ਦਾ ਪਤ੍ਰ। ਦੇਖੋ ਚੜ੍ਹਦੀਆਂ ਕਲਾਂ ਦੇ ਸਾਈਂ ਦਾ ਇਖ਼ਲਾਕੀ ਆਦਰਸ਼ ! ਜ਼ਫਰਨਾਮਹ ਇਸ ਦਾ ਨਾਉਂ ਇਸ ਕਰਕੇ ਧਰਿਆ ਕਿ ਗੁਰੂ ਸਾਹਿਬ ਜੀ ਇਸ ਵਿਚ ਆਪਣੀ ਫਤਹਿ ਦੱਸ ਰਹੇ ਹਨ ਤੇ ਇਸ ਵਿਚ ਇਹ ਨੇਮ ਦੱਸ ਰਹੇ ਹਨ ਕਿ ਇਖ਼ਲਾਕੀ ਹਾਰ, ਅਸਲੀ ਹਾਰ ਹੈ ਤੇ ਇਸ ਹਾਰ ਨਾਲ ਅੰਤ ਸਰੀਰਕ ਹਾਰ ਹੋ ਜਾਂਦੀ ਹੈ। ਔਰੰਗਜ਼ੇਬ ਦੀ ਹਾਰ ਹੋਈ ਹੈ, ਜਿਸ ਨੇ ਤੇ ਜਿਸ ਦੇ ਜ਼ਿੰਮੇਵਾਰ ਅਹੁਦੇਦਾਰਾਂ ਨੇ ਇਖ਼ਲਾਕ ਦਾ ਖੂਨ ਕੀਤਾ ਹੈ; ਸੌਂਹਾਂ ਖਾ ਕੇ ਤੋੜੀਆਂ ਤੇ ਆਪਣੇ ਆਚਰਨ ਨੂੰ ਗਿਰਾਇਆ ਹੈ। ਉਸ ਵੇਲੇ ਜਗਤ ਨੂੰ ਦਿੱਸਦਾ ਹੋਊ ਕਿ ਖਾਲਸੇ ਜੀ ਦੀ ਹਾਰ ਹੋਈ ਹੈ ਪਰ ਨਹੀਂ, ਔਰੰਗਜ਼ੇਬ ਦੀ ਉਹ ਹਾਰ ਸੀ ਤੇ ਖਾਲਸੇ ਜੀ ਦੀ ਜਿੱਤ ਸੀ। ਹਾਰ ਜਿੱਤ ਦੇ ਉਸੇ ਵੇਲੇ ਅੰਗੂਰ ਫੁਟੇ ਸੇ, ਵਿਚ ਗੱਲ ਕੁਛ ਸਮੇਂ ਦੀ ਸੀ, ਸਮਾਂ ਪਾ ਕੇ ਓਹ ਹਾਰ ਜਿੱਤ ਫਲ ਦੀ ਸੂਰਤ ਵਿਚ ਮੂਰਤੀਮਾਨ ਹੋ ਗਈ, ਤੁਰਕ ਰਾਜ ਸਮਾਪਤ ਹੋ ਗਿਆ ਤੇ ਖਾਲਸੇ ਦਾ ਰਾਜ ਪੰਜਾਬ ਵਿਚ ਕਾਮਯਾਬ ਹੋ ਗਿਆ। ਕਈ ਵਾਰੀ ਹਾਰ ਜਿੱਤ ਨੂੰ ਸਮਝਣਾ ਮੁਸ਼ਕਲ ਹੋ ਜਾਂਦਾ ਹੈ ਪਰ ਜਦੋਂ ਇਖ਼ਲਾਕੀ ਮੁੱਲ ਪਾਇਆ ਜਾਏ ਤਾਂ ਠੀਕ ਠੀਕ ਪਤਾ ਲਗਦਾ ਹੈ। ਬੇਸ਼ਕ ਝੂਠ, ਵੇਬ, ਦਗੇ, ਚਾਲਾਂ, ਕਾਮਯਾਬ ਹੁੰਦੇ ਹਨ ਪਰ ਅੰਤ ਸਤ ਦੀ ਜੈ ਹੁੰਦੀ ਹੈ। ਸਤਿ ਦੀ ਜੇ ਕਿਤੇ ਹਾਰ ਹੋਵੇ ਤਾਂ ਅਸੱਤ ਦੀ ਜੈ ਤੋਂ ਉਹ ਕੀਮਤੀ ਹੁੰਦੀ ਹੈ। ਫਰਕ ਕੀਮਤ ਪਾਉਣ ਵਾਲਿਆਂ ਮੰਡਲਾਂ ਦਾ ਹੁੰਦਾ ਹੈ; ਸੋ ਇਹ ਖਤ ਬਿਜੈ ਦਾ ਸੀ, ਇਸ ਦੀ ਧੁਨਿ ਬਿਜੈ ਦੀ ਹੈ, ਇਸਦਾ ਲੇਖਕ ਬਿਜੈ ਵਿਚ ਹੈ ਤੇ ਆਪਣੇ ਇਰਾਦੇ ਤੋਂ ਪਿੱਛੇ ਨਹੀਂ ਹਟ ਰਿਹਾ।
ਉਹ ਖਤ ਜੋ ਦੀਨੇ ਬੈਠ ਕੇ ਗੁਰੂ ਜੀ ਨੇ ਲਿਖਿਆ ਉਸ ਵੇਲੇ ਦਾ ਇਕ ਸ੍ਵੈ-ਲਿਖਤ ਇਤਿਹਾਸ ਹੈ ਤੇ ਸਭ ਤੋਂ ਵਧੀਕ ਮੁਸਤਨਿਦ (ਪੱਕਾ) ਹੈ, ਫਿਰ ਉਸਦੀ ਮੁਤਾਲ੍ਹਾ ਇਕ ਰਸਦਾਇਕ ਤੇ ਜਾਨ ਭਰਨਹਾਰੀ ਤਾਕਤ ਹੈ ਪਰ ਹੈ ਓਹ ਫ਼ਾਰਸੀ ਵਿਚ, ਇਸ ਕਰਕੇ ਉਸ ਦਾ ਟੀਕਾ ਇੱਥੇ ਦੇ ਦਿੰਦੇ ਹਾਂ:-
ਜ਼ਫਰਨਾਮਹ
(ਮੰਗਲਾ ਚਰਨ-ਵਾਹਿਗੁਰੂ ਜੀ ਦੀ ਉਸਤਤਿ)
1.ਕਮਾਲੇ ਕਰਾਮਾਤ ਕਾਯਮ ਕਰੀਮ॥
ਰਜ਼ਾ ਬਖ਼ਸ਼ੁ ਰਾਜਕ ਰਹਾਕੋ ਰਹੀਮ॥
(ਧੰਨ ਹੈ ਅਕਾਲ ਪੁਰਖ ਜੋ) ਸਦਾ ਥਿਰ ਹੈ, ਕ੍ਰਿਪਾਲੂ ਹੈ ਤੇ ਜਿਸ ਦੀਆਂ ਬਖਸ਼ਸ਼ਾਂ ਕਮਾਲ ਦੀਆਂ ਹਨ। ਪ੍ਰਸੰਨਤਾ ਦਾ ਦਾਤਾ ਹੈ, ਰਿਜ਼ਕ ਦੇ ਦੇਣ ਵਾਲਾ ਹੈ, ਖਲਾਸੀ ਦਾਤਾ ਹੈ ਤੇ ਰਹਿਮ ਕਰਨੇ ਵਾਲਾ ਹੈ।
2. ਅਮਾਂ ਬਖ਼ਸ਼ੁ ਬਖ਼ਸ਼ਿਦਹ ਓ ਦਸਤਗੀਰ॥
ਰਜ਼ਾ ਬਖ਼ਸ਼ੁ ਰੋਜ਼ੀ ਦਿਹੋ ਦਿਲਪਜ਼ੀਰ॥
ਪਨਾਹ ਦੇਣ ਵਾਲਾ (ਸ਼ਰਨ ਪਾਲ) ਹੈ, ਬਖਸ਼ਸ਼ਾਂ ਕਰਨ ਵਾਲਾ ਤੇ (ਨਿਆਸਰਿਆਂ ਦੀ) ਬਾਂਹ ਫੜਨੇ ਵਾਲਾ ਹੈ; ਖੁਸ਼ੀ ਦੇਣ ਵਾਲਾ, ਰੋਜ਼ੀ ਦੇਣ ਵਾਲਾ ਤੇ ਮਨ ਨੂੰ ਪਿਆਰਾ ਲਗਣ ਵਾਲਾ ਹੈ।
3. ਸ਼ਹਿਨਸ਼ਾਹਿ ਖੂਬੀ ਦਿਹੋ ਰਹਨਮੂੰ॥
ਕਿ ਬੇਗੁਨੁ ਬੇਚੂਨ ਚੂੰ ਬੇਨਮੂੰ॥
(ਉਹ) ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਨੇਕੀ ਦਾ ਦਾਤਾ ਹੈ ਤੇ (ਨੇਕੀ ਦਾ)
________________________
1. ਇਹ ਸਿਰਲੇਖ ਤੇ ਵਿਚ ਵਿਚ ਸੂਚਨਾ ਬ੍ਰੀਕ ਟੈਪ ਵਿਚ ਭਾਵ ਸੁਗਮ ਕਰਨ ਲਈ ਦਿੱਤੀਆਂ ਹਨ, ਇਹ ਫ਼ਾਰਸੀ ਮੂਲ ਵਿਚ ਨਹੀਂ ਹਨ।
2. ਪਾਠਾਂਤ੍ਰ-ਰਿਹਾਕੁਨ।
3. (ਅ) ਜਿਸ ਦੀਆਂ ਕਰਾਮਾਤਾਂ ਕਮਾਲ ਦੀਆਂ ਹਨ।
4. ਪਾਠਾਂਤ੍ਰ-ਖਤਾ ਬਖਸ਼।
5. ਨਮੂੰ-ਨਮੂਨਾ, ਭਾਵ ਸ਼ਕਲ, ਸ਼ਬੀਹਾ, ਨੁਹਾਰ।
ਰਸਤਾ ਦੱਸਣ ਵਾਲਾ ਹੈ। (ਐਸੇ ਗੁਣਾਂ ਵਾਲਾ ਹੋ ਕੇ ਫੇਰ ਉਹ) ਅਰੰਗ ਹੈ, ਅਰੂਪ ਹੈ ਤੇ ਬੇਨਮੂਨਾ ਹੈ।
4. ਨ ਸਾਜ਼ੋ ਨ ਬਾਜ਼ੋ ਨ ਭਉਜੋ ਨ ਫਰਸ਼॥
ਖ਼ੁਦਾਵੰਦ ਬਖਸ਼ਿੰਦਹ ਏ ਐਸ਼ ਅਰਸ਼॥
(ਫਿਰ ਉਹ ਐਸਾ ਹੈ ਕਿ ਜਿਸਦੇ ਪਾਸ ਨਾ ਤਾਂ ਸ਼ਾਹੀ ਦਾ) ਸਾਮਾਨ ਹੋਵੇ ਨਾ ਬਾਜ਼ ਹੋਣ, ਨਾ ਫ਼ੌਜ ਹੋਵੇ, ਨਾ ਆਰਾਮ ਦੇ ਸਾਮਾਨ ਹੋਣ (ਉਸ ਨੂੰ ਉਹ) ਅਰਸ਼ੀ ਸੁਖ ਬਖਸ਼ਣੇ ਵਾਲਾ ਹੈ।
5. ਜਹਾਂ ਪਾਕ ਜ਼ਬਰਸਤ ਜ਼ਾਹਿਰ ਜ਼ਹੂਰ॥
ਅਤਾ ਮੈ ਦਿਹਦ ਹਮਚੁ ਹਾਜ਼ਰ ਹਜ਼ੂਰ॥
ਜਹਾਨ ਤੋਂ ਅਤ੍ਰਿਕਤ ਹੈ, ਇਸ ਤੋਂ ਪਰੇ ਤੇ ਉੱਪਰ ਹੈ, (ਫਿਰ ਉਸਦਾ) ਪ੍ਰਕਾਸ਼ ਪ੍ਰਕਾਸ਼ਮਾਨ ਹੈ, (ਜਹਾਨ ਤੋਂ ਅਤ੍ਰਿਕਤ ਤੇ ਪਰੇ ਹੋਕੇ ਫਿਰ ਮਲੂਮ ਕੀਕੂੰ ਹੁੰਦਾ ਹੈ? ਉੱਤਰ) ਉਸ ਦੀਆਂ ਬਖਸ਼ਸ਼ਾਂ ਤੋਂ (ਉਹ ਮਾਲੂਮ ਹੋ ਜਾਂਦਾ ਹੈ, ਹਾਂ ਉਹ) ਹਾਜ਼ਰਾ ਹਜ਼ੂਰ ਹੈ (ਭਾਵ ਸਾਮਰਤੱਖ ਹੈ)।
6. ਅਤਾ ਬਖ਼ਸ਼ਦੋ ਪਾਕ ਪਰਵਰਦਗਾਰ॥
ਰਹੀਮਸਤੁ ਰੋਜ਼ੀ ਦਿਹੋ ਹਰ ਦਿਯਾਰ॥
(ਹਾਂ ਪਾਕ=) ਅਤ੍ਰਿਕਤ ਹੈ (ਜਗਤ ਤੋਂ, ਪਰ ਫੇਰ ਜਗਤ ਦਾ) ਪਾਲਣਹਾਰ ਹੈ, ਦਿਆਲੂ ਹੈ, ਰਹਿਮ ਕਰਨੇ ਵਾਲਾ ਹੈ, ਹਰੇਕ ਵਲਾਯਤ ਦਾ ਰੋਜ਼ੀ ਦਾਤਾ ਹੈ।
7. ਕਿ ਸਾਹਿਬ ਦਿਯਾਰਸਤੁ ਆਜ਼ਮ ਅਜ਼ੀਮ॥
ਕਿ ਹੁਸਨਲ ਜਮਾਲਸਤੁ ਰਾਜਕ ਰਹੀਮ॥
ਕਿਉਂਕਿ (ਸਭ) ਵਲਾਯਤਾਂ ਦਾ ਮਾਲਕ (ਉਹੀ ਆਪ) ਹੈ (ਤੇ ਸਭ) ਵਡਿਆਂ ਤੋਂ ਵਡਾ ਹੈ, (ਐਡਾ ਵਡਾ ਹੋ ਕੇ ਨਿਰੇ ਜਲਾਲ ਤੇਜ ਵਾਲਾ ਨਹੀਂ, ਸਗੋਂ ਉਹ) ਜਮਾਲ (= ਮਿੱਠੀ ਸੁੰਦਰਤਾ ਵਿਚ ਬੀ ਅਤਿ) ਸੁੰਦਰਤਾ ਵਾਲਾ ਹੈ। (ਤੇ ਰੋਜ਼ੀ ਦੇਣ ਵਿਚ) ਰਾਜਿਕ (ਰਿਜ਼ਕ ਦੇਣ ਵਾਲਾ ਹੈ ਤੇ ਔਗੁਣ ਗਿਣਨ ਵਿਚ) ਰਹਿਮ ਕਰਨੇ ਵਾਲਾ ਹੈ।
_______________________
* ਫਰਸ਼-ਸੌਣ ਬੈਠਣ ਦੇ ਵਿਛੋਣੇ ਕਾਲੀਨ ਆਦਿਕ, ਭਾਵ ਆਰਾਮ ਦੇ ਸਾਮਾਨ।
8. ਕਿ ਸਾਹਿਬ ਸ਼ਊਰਸਤੁ ਆਜਿਜ਼ ਨਿਵਾਜ਼॥
ਗ਼ਰੀਬੁਲ ਪਰਸਤੋ ਗ਼ਨੀਮੁਲ ਗੁਦਾਜ਼॥
(ਰਾਜਿਕ ਤੇ ਰਹੀਮ ਹੋਣ ਵਿਚ ਉਹ) ਸ਼ਊਰ (ਵਿਵੇਕ ਵਾਲੀ ਬੁੱਧੀ) ਦਾ ਮਾਲਕ ਹੈ। ਦੀਨਾ ਦਾ ਰਖ੍ਯਕ ਹੈ, ਗ਼ਰੀਬਾਂ ਨੂੰ ਨਿਵਾਜਣ ਵਾਲਾ ਅਤੇ ਵੈਰੀਆਂ ਦੁਸ਼ਟਾਂ ਨੂੰ ਦਮਨ ਕਰਨ ਵਾਲਾ ਹੈ।
9. ਸ਼ਰੀਅਤ ਪਰਸਤੋ ਫ਼ਜ਼ੀਲਤ ਮਆਬ॥
ਹਕੀਕਤ ਸ਼ਨਾਸੋ ਨਬੀ ਉਲ ਕਿਤਾਬ॥
(ਉਹ ਰੱਬ) ਸ਼ਰੀਅਤ ਪਰਸਤ ਹੈ (ਪਰ ਤੁਸਾਂ ਵਾਂਙੂ ਕਿਸੇ ਨੀਵੇਂ ਭਾਵਾਂ ਨਾਲ ਨਹੀਂ, ਉਹ) ਬਜ਼ੁਰਗੀ ਦਾ ਘਰ ਹੈ, (ਉਸ ਬਜ਼ੁਰਗੀ ਦੇ ਘਰ ਵਿਚ ਬੈਠਾ ਉਹ ਸ਼ਰਅ ਪਰਸਤੀ ਕਰਦਾ ਹੈ, ਫਿਰ ਉਹ) ਹਕੀਕਤ ਦਾ ਬੀ ਜਾਣੂ ਹੈ (ਜਿਸ ਨੂੰ ਤੁਸੀਂ ਨਜ਼ਰ ਅੰਦਾਜ਼ ਕਰਦੇ ਹੋ, ਤੁਸੀਂ ਨਬੀ ਤੇ ਕਿਤਾਬ ਕਹਿ ਕੇ ਤਅੱਸਬ ਵਿਚ ਹੋ, ਪਰ) ਨਬੀ ਉਹ ਆਪ ਹੈ ਤੇ (ਆਪਣੀ ਅਗੰਮੀ) ਕਿਤਾਬ ਵਾਲਾ (ਉਹ ਆਪ) ਹੈ।
10. ਕਿ ਦਾਨਸ਼ ਪਯੋਹਸਤੁ ਸਾਹਿਬ ਸ਼ਊਰ॥
ਹਕੀਕਤ ਸ਼ਨਾਸਸਤੋ ਜ਼ਾਹਿਰ ਜ਼ਹੂਰ॥
ਉਹੀ ਦਾਨਾਈ ਦੀ ਕਦਰ ਪਾਉਣ ਵਾਲਾ ਹੈ (ਕਿਉਂਕਿ ਉਹ ਆਪ) ਵਿਵੇਕ ਦਾ ਮਾਲਿਕ ਹੈ। ਹਕੀਕਤ ਨੂੰ ਪਛਾਣਨ ਵਾਲਾ ਹੈ ਤੇ ਉਸ ਦਾ ਪ੍ਰਕਾਸ਼ (ਸਾਰੇ) ਪ੍ਰਕਾਸ਼ਮਾਨ ਹੈ।
11. ਸ਼ਨਾਸਿੰਦਹ ਏ ਇਲਮਿ ਆਲਮ ਖ਼ੁਦਾਇ॥
ਕੁਸ਼ਾਇੰਦਏ ਕਾਰਿ ਆਲਮ ਕਸਾਇ॥
(ਹਾਂ ਉਹ) ਖ਼ੁਦਾ ਜਹਾਨ ਦੀ (ਸਾਰੀ ਗੁਪਤ ਪ੍ਰਗਟ) ਵਾਕਫ਼ੀਅਤ ਨੂੰ ਜਾਣਨੇ ਵਾਲਾ ਹੈ, ਦੁਨੀਆਂ ਦੇ (ਮੁਸ਼ਕਲ) ਕੰਮਾਂ (ਮਾਮਲਿਆਂ) ਨੂੰ ਖੁਹਲਣੇ ਵਾਲਾ ਹੈ (ਤੇ ਵਿਗੜਿਆਂ ਨੂੰ) ਸੰਵਾਰਣ ਵਾਲਾ ਹੈ।
________________________
1. ਧਰਮ ਬਿਵਸਥਾ। ਸ਼ਰਅ=ਸਿੱਧਾ ਰਾਹ।
2. ਅੱਖਰੀ ਅਰਥ ਹਨ ਖ਼ਬਰਾਂ ਦੇਣ ਵਾਲਾ।
3. ਪਯੋਹ-ਢੂੰਡਣ ਵਾਲਾ, ਲੱਭ ਲੈਣ ਵਾਲਾ, ਭਾਵ ਹੈ ਕਦਰ ਪਾਉਣ ਵਾਲਾ।
4. ਕਸ਼ੂਦਨ ਤੋਂ ਕੁਸ਼ਾਇੰਦਹ-ਖੁਹਲਣੇ ਵਾਲਾ, ਕਸ਼ੀਦਨ ਤੋਂ ਕਸ਼ਾਇ-ਤਰਤੀਬ ਦੇਣ ਵਾਲਾ, ਸੰਵਾਰਨ ਵਾਲਾ।
12. ਗੁਜ਼ਾਰਿੰਦਏ ਕਾਰਿ ਆਲਮ ਕਬੀਰ॥
ਸ਼ਨਾਸਿੰਦਹਏ ਇਲਮਿ ਆਲਮ ਅਮੀਰ॥
ਸਭ ਤੋਂ ਵਡਾ ਕੰਮ ਹੈ ਸੰਸਾਰ ਦਾ ਪ੍ਰਬੰਧ ਕਿਸੇ ਤਰਤੀਬ, ਕ੍ਰਮ ਤੇ ਵਿਉਂਤ ਵਿਚ ਸੋ ਸਾਈਂ) ਸੰਸਾਰ ਦੇ (ਇਸ ਵਡੇ ਕੰਮ ਨੂੰ (ਆਪਣੀ) ਵਿਉਂਤ ਵਿਚ ਚਲਾ ਰਿਹਾ ਹੈ। (ਕਿਉਂਕਿ ਜਹਾਨ ਦਾ) ਗਿਆਨ (ਉਸ ਨੂੰ ਹੈ, ਸਭ ਕਿਸੇ ਦਾ ਉਹ) ਪਛਾਣਨ ਵਾਲਾ ਹੈ (ਤੇ ਸਭ ਤੇ) ਹੁਕਮ ਕਰਨੇ ਵਾਲਾ ਹੈ।
{ਦਾਸਤਾਨ}
ਭਾਵ ਹਾਲ ਦਾ ਬਿਆਨ ਚਲਿਆ
13. ਮਰਾ ਐਤਬਾਰੇ ਬਰੀਂ ਕਸਮ ਨੇਸਤ॥
ਕਿ ਏਜ਼ਦ ਗਵਾਹਸਤੁ ਯਜ਼ਦਾਂ ਯਕੇਸਤ॥
ਮੈਨੂੰ ਇਸ ਕਸਮ ਉਤੇ (ਜੋ ਤੂੰ ਖਾਧੀ ਸੀ)ਇਤਬਾਰ ਨਹੀਂ ਜੋ ਤੂੰ ਇਹ ਲਿਖਕੇ ਖਾਧੀ ਸੀ ਕਿ) ਇਕ ਹੈ ਖੁਦਾ ਤੇ ਉਹ ਖ਼ੁਦਾ ਗਵਾਹ ਹੈ।
14. ਨ ਕੁਤਰਹ ਮਰਾ ਐਤਬਾਰੇ ਬਰੋਸਤ॥
ਕਿ ਬਖਸ਼ੀ ਵ ਦੀਵਾਨ ਹਮਹ ਕਿਜ਼ਬਗੋਸਤ॥
ਫੂਹੀ ਜਿੰਨਾ ਮੈਨੂੰ ਇਤਬਾਰ ਉਸ (ਕਸਮ) ਉਤੇ ਨਹੀਂ (ਕਿ ਜੋ ਆਪ ਦੇ ਸਰਦਾਰਾਂ ਨੇ ਮੇਰੇ ਪਾਸ ਚੁੱਕੀ ਸੀ), ਕਿਉਂਕਿ (ਆਪ ਦਾ) ਬਖਸ਼ੀ' ਤੇ ਦੀਵਾਨ (ਹਰ ਕੋਈ) ਝੂਠ ਬੋਲਣੇ ਵਾਲਾ ਹੈ।
__________________________
1. ਗੁਜ਼ਾਰਦਨ, ਗੁਜ਼ਾਰੀਦਨ-ਅਦਾ ਕਰਨਾ, ਚਲਾਉਣਾ, ਚਿਤ੍ਰਕਾਰ ਦਾ ਚਿਤ੍ਰ ਦਾ ਖ਼ਾਕਾ ਵਾਹੁਣਾ। ਇਸ ਤੋਂ ਭਾਵ ਹੈ ਸੰਸਾਰ ਨੂੰ ਵਿਉਂਤਣਾ ਤੇ ਇਸ ਦੀ ਵਿਉਂਤ ਤੇ ਅਵੈਵਾਂ ਨੂੰ ਤਰਤੀਬ ਸਿਰ ਰੱਖ ਕੇ ਸਾਰੇ ਨੂੰ ਟੋਰਨਾ।
2. ਆਮੀਰ, ਅਮੀਰ=ਅਮਰ ਕਰਨੇ ਵਾਲਾ ਹੁਕਮ ਕਰਨੇ ਵਾਲਾ।
3. 'ਈ' ਤੋਂ ਮੁਰਾਦ ਔਰੰਗਜ਼ੇਬ ਦੀ ਸਹੁੰ ਦੀ ਹੈ ਇਹ ਗੱਲ ਅੰਕ 45, 46 ਤੋਂ ਸਾਫ਼ ਹੋ ਜਾਂਦੀ ਹੈ।
4. ਬਖਸ਼ੀ ਉਸ ਸਮੇਂ ਦੇ ਫੌਜੀ ਜਰਨੈਲ ਨੂੰ ਕਹਿੰਦੇ ਹੁੰਦੇ ਸਨ।
15. ਕਸੇ ਕਉਲ ਕੁਰਆਂ ਕੁਨੱਦ ਐਤਬਾਰ॥
ਹਮਾ ਰੋਜ਼ ਆਖ਼ਰ ਸਵੱਦ ਮਰਦ ਖਾਰ॥
(ਤੇਰੇ ਸਰਦਾਰਾਂ ਦੀਆਂ ਤੇ ਤੇਰੀਆਂ ਸੁਵਾਂ ਦਾ ਇਹ ਹਾਲ ਹੋ ਰਿਹਾ ਹੈ ਕਿ) ਜੋ ਕੋਈ ਕੁਰਾਨ (ਵਿਚ ਦੇਕੇ ਕੀਤੇ ਤੁਸਾਡੇ) ਕੌਲ ਉਤੇ ਇਤਬਾਰ ਕਰ ਲੈਂਦਾ ਹੈ ਉਹ ਮਰਦ ਉਸੇ ਦਿਨ ਯਾ ਅੰਤ ਨੂੰ ਖ਼ੁਆਰ ਹੀ ਹੁੰਦਾ ਹੈ। (ਭਾਵ-ਕਿ ਨਾ ਕੇਵਲ ਮੈਨੂੰ ਹੀ ਤੁਸਾਡੀ ਸਹੁੰ ਤੇ ਭਰੋਸਾ ਨਹੀਂ ਹੈ, ਬਲਕਿ ਤਜਰਬੇ ਨੇ ਕਿਸੇ ਦੇ ਦਿਲ ਵਿਚ ਬੀ ਭਰੋਸਾ ਨਹੀਂ ਰਹਿਣ ਦਿਤਾ)।
16. ਹੁਮਾ ਰਾ ਕਸੇ ਸਾਯਹ ਆਯਦ ਬਜੇਰ॥
ਬਰੋ ਦਸਤ ਦਾਰਦ ਨ ਜ਼ਾਰੀ ਦਲੇਰ॥
(ਪਰ ਜਾਣ ਲੈ ਕਿ ਜੇ) ਹੁਮਾ ਦੇ ਸਾਏ ਦੇ ਹੇਠ ਕੋਈ ਆ ਜਾਵੇ ਉਸ ਉਤੇ ਕਾਉਂ ਕਾਬੂ ਨਹੀਂ ਪਾ ਸਕਦਾ, (ਚਾਹੋ ਉਹ ਕਾਉਂ ਕਿੰਨਾ) ਦਲੇਰ (ਹੋਵੇ)।
(ਭਾਵ- ਅਸੀਂ ਵਾਹਿਗੁਰੂ ਦੀ ਛਾਂ ਹੇਠ ਸਾਂ, ਸ਼ੇਅਰ 43 ਵਿਚ ਦੱਸਦੇ ਹਨ ਕਿ ਜੋ ਸਹੁੰ ਦਾ ਇਤਬਾਰ ਕਰ ਲਵੇ ਖ਼ੁਦਾ ਉਸ ਦਾ ਰਾਹਨੁਮਾ ਹੋ ਜਾਂਦਾ ਹੈ। ਤੇਰੇ ਦਲੇਰ ਫੌਜੀ ਸਰਦਾਰ ਜੋ ਝੂਠੇ ਹੋਣ ਕਰ ਕੇ ਕਾਂ ਵਾਂਙੂ ਬਿਰਥਾ ਪ੍ਰਲਾਪੀ ਸਨ, ਸਾਡੇ ਤੇ ਕਾਬੂ ਨਾ ਪਾ ਸਕੇ ਤੇ ਅਸੀਂ ਜੀਉਂਦੇ ਨਿਕਲ ਆਏ।)
17. ਕਸੇ ਪੁਸ਼ਤ ਉਫ਼ਤਦ ਪਸੇ ਸ਼ੇਰਿ ਨਰ॥
ਨ ਗੀਰਦ ਬੁਜ਼ੋ ਮੇਸ਼ੋ ਆਹੂ ਗੁਜ਼ਰ॥
ਜੇ ਕੋਈ ਸ਼ੇਰ ਨਰ ਦੀ ਪਿੱਠ ਪਿੱਛੇ ਆ ਜਾਵੇ, ਬੱਕਰੀ, ਭੇਡ ਤੇ ਹਰਨ ਨੇ (ਉਸਨੂੰ) ਫੜਨਾ (ਤਾਂ) ਕੀਹ, (ਓਹ) ਉਸ ਰਾਹੋਂ ਬੀ ਨਹੀਂ ਲੰਘ ਸਕਦੇ। '
18. ਕਸਮ ਮੁਸਹਫੇ ਖ਼ੁਦਅਹ ਗਰ ਈਂ ਖੁਰਮ॥
ਨ ਫਉਜੇ ਅਜ਼ੀਜ਼ੇ ਰਾ ਸੁਮ ਅਫ਼ਗਨਮ॥
ਇਸ 'ਕੁਰਾਨ ਦੀ ਸਹੁੰ' ਦਾ ਫਰੇਬ (ਜੇ) ਮੈਂ ਖਾਵਾਂ ਨਾ (ਤਾਂ ਆਪਣੀ) ਪਿਆਰੀ ਫੌਜ ਨੂੰ ਲੰਗੜਿਆਂ ਕਰ ਲਵਾਂ ਨਾ।'
________________________
{ਜੰਗ ਚਮਕੌਰ}
ਅਨੰਦਪੁਰ ਵਿਚ ਸਹੁੰ ਖਾਣ ਤੇ ਫੇਰ ਸਹੁੰ ਤੋੜ ਕੇ ਆ ਪੈਣ ਦਾ ਤੁਰਕ ਦਲ ਦਾ ਹਾਲ ਕਹਿ ਕੇ ਹੁਣ ਚਮਕੌਰ ਯੁੱਧ ਦਾ ਹਾਲ ਵਰਣਨ ਕਰਦੇ ਹਨ ਕਿ ਜਦ ਅਸੀਂ ਚਮਕੌਰ ਦੀ ਗੜ੍ਹੀ ਵਿਚ ਆ ਟਿਕੇ ਤਾਂ ਸਹੁੰ ਖਾਣ ਵਾਲਿਆਂ ਨੇ ਕੀ ਕੁਛ ਕੀਤਾ:-
19. ਗੁਰਿਸਨਹ ਚਿ ਕਾਰੇ ਕੁਨਦ ਚਿਹਲ ਨਰ॥
ਕਿ ਦਹ ਲਕ ਬਰਾਯਦ ਬਰੋ ਬੇਖ਼ਬਰ॥
(ਵੀਚਾਰ ਕਰੋ) ਚਾਲੀ ਆਦਮੀ ਭੁੱਖੇ ਭਾਣੇ ਕੀ ਕਰਨ ਜਦ ਦਸ ਲੱਖ* ਉਨ੍ਹਾਂ ਦੇ ਉਤੇ ਅਚਾਨਕ ਆ ਪੈਣ।
____________________
* ਦਹ ਲਖ, ਦੇਖੋ ਸ਼ਿਅਰ-41। ਔਰੰਗਜ਼ੇਬ ਦੀ ਫੌਜ ਦੀ ਬਹੁਤਾਤ ਦਾ ਭੇਦ ਐਲਫ਼ਿਨਸਟੋਨ ਨੇ ਸਫਾ 530 ਤੇ ਦਿੱਤਾ ਹੈ ਕਿ ਅਫ਼ਸਰ ਜਿੰਨੇ ਸਿਪਾਹੀ ਆਪਣੇ ਪਾਸ ਰੱਖੇ ਹੋਏ ਦੱਸਦੇ ਉਸ ਤੋਂ ਅੱਧੇ ਆਪਣੇ ਪਾਸ ਰੱਖਦੇ ਸੇ ਤੇ ਘਰ ਦੇ ਨੌਕਰਾਂ ਤੇ ਹੋਰ ਗ਼ੁਲਾਮਾਂ ਛੇੜੂਆਂ ਨੂੰ ਵਿਚ ਲਿਖ ਛਡਦੇ ਸੇ ਤੇ ਐਉਂ ਤਾਦਾਦ ਵਧਾ ਵਧਾ ਕੇ ਦੱਸਦੇ ਸੇ। ਉਂਞ ਪਤੇ ਚਲਦੇ ਹਨ ਕਿ ਰਾਜਿਆਂ ਦੀ ਫੌਜ, ਲਾਹੌਰ ਦੀ ਫੌਜ, ਸਰਹਿੰਦ ਦੀ ਫੌਜ ਤੋਂ ਵਖਰੇ ਪਹਾੜੀ ਛੇੜਾ ਦੇ ਗੁਜਰ-ਆਦਿ ਲੜਾਕੇ ਪੇਂਡੂਆ ਜੁੜੇ ਸੇ ਤੇ ਆਮ ਮੁਲਖਈਆ ਟੁਟ ਪਿਆ ਸੀ ਕਿ ਗੁਰੂ ਕੇ ਖਜ਼ਾਨੇ ਦੀ ਲੁਟ ਹੱਥ ਆਵੇਗੀ। ਤੇਰਾਂ ਚੌਦਾਂ ਮੀਲਾਂ ਤਕ ਇਸ ਸਰਕਾਰੀ ਤੇ ਗੈਰ ਸਰਕਾਰੀ ਮੁਲਖਈਏ ਦੇ ਲੋਕ ਫੇਲੇ ਹੋਏ ਸਨ।
2. ਗੁਰਮੁਖੀ ਲਿਖਾਰੀਆਂ ਨੇ 'ਖ਼ੁਦੀਅਹ' ਨੂੰ ਖ਼ੁਫ਼ੀਆ ਬਣਾ ਦਿੱਤਾ ਹੈ ਤੇ 'ਅਜ਼ੀਜ਼ੇ ਰਾ' ਨੂੰ 'ਅਜ਼ੀ ਜ਼ੇਰ' ਕਰ ਦਿੱਤਾ ਹੈ। 'ਖ਼ਦਅ ਨਾਮ ਹੈ ਫ਼ਰੇਬ ਕਰਨ ਦਾ। ਖ਼ਦੀਅਤ ਹੈ= ਫ਼ਰੇਬ। ਮੁਸਹਫ ਦਾ ਅਰਥ ਹੈ ਸਹੀਫੇ ਯਾ ਰਸਾਲਿਆਂ ਦੇ ਕੱਠ ਤੋਂ ਬਣੀ ਪੁਸਤਕ- ਕੁਰਾਨ। ਮੁਹਾਵਰਾ ਹੈ, ਸੁਮ ਅਫਰੀਦਨ, = ਆਜਜ਼, ਅਪਾਹਜ, ਲੰਗੜੇ ਹੋਣਾ। ਦੂਸਰੇ ਮਿਸਰੇ ਦਾ 'ਨ' ਦੇਹੁਰੀ ਦੀਪਕ ਹੈ। ਭਾਵ ਇਹ ਹੈ ਕਿ ਤੁਸਾਡੀ ਫੌਜ ਨੇ ਸਹੁੰ ਤੋੜ ਕੇ ਹਮਲਾ ਕੀਤਾ, ਮੇਰੀ ਫੌਜ ਸ਼ਾਂਤੀ ਨਾਲ ਆ ਰਹੀ ਸੀ, ਹੱਲੇ ਕਰਨ ਦੀ ਉਸ ਨੂੰ ਆਗਿਆ ਨਹੀਂ ਸੀ, ਮੈਂ ਆਪਣੇ ਅਹਿਦ ਤੇ ਪੱਕਾ ਸਾਂ-ਐਉਂ ਉਹ ਮਾਨੋਂ ਜੰਗ ਕਰਨੋਂ ਲੰਗੜੀ ਸੀ। ਭਾਵ ਰੁਕੀ ਹੋਈ ਸੀ।
20. ਕਿ ਪੈਮਾਂ ਸ਼ਿਕਨ ਬੇਦਰੰਗ ਆਮਦੰਦ॥
ਮਯੇ ਤੇਗੁ ਤੀਰੋ ਤੁਫ਼ੰਗ ਆਮਦੰਦ॥
ਬਿਨਾ ਕੋਈ ਢਿੱਲ ਲਾਏ ਦੇ (ਉਹ ਸਾਰੇ ਕੀਤੇ ਹੋਏ) ਅਹਿਦ ਨੂੰ ਤੋੜਨ ਵਾਲੇ (ਚਮਕੌਰ) ਆ ਗਏ, ਤਲਵਾਰਾਂ ਤੀਰਾਂ ਬੰਦੂਕਾਂ ਸਮੇਤ ਆ ਗਏ (ਭਾਵ ਵਾਰ ਕਰਨ ਲਗ ਪਏ)।
ਗੁਰੂ ਸਾਹਿਬ ਦੱਸ ਰਹੇ ਹਨ ਕਿ ਅਨੰਦਪੁਰੋਂ ਸਾਡੇ ਨਿਕਲਣ ਦੇ ਬਾਦ ਸਹੁੰ ਤੋੜ ਕੇ ਤੇਰੇ ਲਸ਼ਕਰੀ ਤੇ ਸਰਦਾਰ ਸਾਡੇ ਤੇ ਆ ਪਏ। ਜਦ ਅਸੀਂ ਚਮਕੌਰ ਆ ਟਿਕੇ ਤਾਂ ਏਥੇ ਬੀ ਮਗਰ ਆਏ ਤੇ ਮੈਦਾਨ ਵਿਚ ਉਤਰ ਪਏ, ਦੋਹੀਂ ਥਾਈਂ ਉਨ੍ਹਾਂ ਨੇ ਅਹਿਦ ਸ਼ਿਕਨੀ ਕੀਤੀ। ਅੱਗੇ ਦੱਸਦੇ ਹਨ ਕਿ ਫੇਰ ਮਜਬੂਰਨ ਮੈਨੂੰ ਬੀ ਉਨ੍ਹਾਂ ਦੇ ਵਾਰ ਦਾ ਮੁਕਾਬਲਾ ਕਰਨਾ ਪਿਆ:-
21. ਬਾ ਲਾਚਾਰਗੀ ਦਰਮਿਯਾਂ ਆਮਦਮ॥
ਬਤਦਬੀਰ ਤੀਰੋ ਤੁਫ਼ੰਗ ਆਮਦਮ॥
ਮਜਬੂਰ ਹੋ ਕੇ ਮੈਨੂੰ ਬੀ (ਜੰਗ) ਵਿਚ ਆਉਣਾ ਪਿਆ। ਮੈਂ ਬੀ ਤੀਰਾਂ ਤੇ ਬੰਦੂਕਾਂ ਦੇ ਪ੍ਰਬੰਧ ਨਾਲ ਆਇਆ (ਭਾਵ ਮੈਂ ਭੀ ਅੱਗੋਂ ਤੀਰਾਂ ਤੁਰੰਗਾਂ ਨਾਲ ਜੁਵਾਬ ਦਿੱਤਾ)'
22. ਚੁ ਕਾਰ ਅਜ਼ ਹਮਹ ਹੀਲਤੇ ਦਰਗੁਜ਼ਸ਼ਤ॥
ਹਲਾਲਸਤ ਬੁਰਦਨ ਬਸ਼ਮਸ਼ੀਰੇ ਦਸਤ॥
ਜਦੋਂ (ਨੀਤੀ ਦੇ) ਸਾਰੇ (ਹੋਰ) ਚਾਰਿਆਂ ਤੋਂ ਗਲ ਲੰਘ ਟੁਰੇ ਤਾਂ ਤਲਵਾਰ ਤੇ ਹੱਥ ਧਰਨਾ (ਭਾਵ ਲੜਨਾ) ਰਵਾਂ ਹੈ।
23. ਚਿ ਕੁਸਮੇ ਕੁਰਾਂ ਮਨ ਕੁਨਮ ਐਤਬਾਰ॥
ਵਗਰਨਹ ਤੂ ਗੋਈ ਮਨਈਂ ਰਹ ਚਿਹਕਾਰ॥
(ਹੁਣ ਜਦ ਉਨ੍ਹਾਂ ਨੇ ਮੇਰੇ ਤੇ ਤੀਰ ਤੁਫ਼ੰਗ ਦੇ ਵਾਰ ਸ਼ੁਰੂ ਕਰ ਦਿੱਤੇ) ਤੂੰ ਹੀ ਦੱਸ ਕਿ ਕੁਰਾਨ ਦੀ ਕਸਮ ਦਾ ਮੈਂ ਕੀ ਇਤਬਾਰ ਕਰਾਂ? (ਸੋ
______________________
1.ਜਾਪਦਾ ਹੈ ਕਿ ਇਹ ਸਰਹਿੰਦ ਤੋਂ ਗਈ ਰਪੋਰਟ ਦੇ ਆਧਾਰ ਤੇ ਪਾਤਸ਼ਾਹ ਵਲੋਂ ਹੋਈ ਪੁੱਛ ਦਾ ਉੱਤਰ ਹੈ।
ਮੈਂ ਬੀ ਵਾਰ ਰੋਕਣ ਦੀ ਤਦਬੀਰ ਕੀਤੀ) ਨਹੀਂ ਤਾਂ ਮੈਨੂੰ ਇਸ ਰਸਤੇ ਪੈਣ ਦੀ ਕੋਈ ਲੋੜ ਨਹੀਂ ਸੀ। (ਭਾਵ-ਜੇ ਉਹ ਪਹਿਲੋਂ ਅਹਿਦ ਤੋੜਕੇ ਵਾਰ ਨਾ ਕਰਦੇ ਤਾਂ ਮੈਨੂੰ ਲੜਨ ਦੀ ਕੀਹ ਲੋੜ ਪਈ ਸੀ ?)'
24. ਨ ਦਾਨਮ ਕਿ ਈਂ ਮਰਦ ਰੋਬਾਹ ਪੇਚ॥
ਦਿਗਰ ਹਰਗਿਜ਼ੀ ਰਾਹ ਨਿਆਰਦ ਬਹੇਚ॥
ਮੈਨੂੰ ਕੀਹ ਪਤਾ ਸੀ ਕਿ ਇਹ ਆਦਮੀ ਲੂਮੜੀ ਵਾਂਙੂ ਪੇਚਾਂ ਵਾਲਾ ਹੈ (ਫਰੇਬੀ ਹੈ ਤੇ ਪੇਚ ਬਿਨਾ) ਦੂਸਰੀ ਹੋਰ ਕਿਸੇ ਗੱਲ ਦੀ ਇਸ ਰਸਤੇ ਪਰਵਾਹ ਨਹੀਂ ਕਰਦਾ। (ਭਾਵ-ਆਪਣੇ ਇੰਦੀਏ ਨੂੰ ਬਿਨਾ ਧਰਮ ਤੇ ਆਚਰਨ ਦੀ ਪਰਵਾਹ ਕੀਤੇ ਦੇ ਸਿਰੇ ਚਾੜ੍ਹਨਾ ਹੀ ਨੀਤੀ ਦੇ ਰਸਤੇ ਵਿਚ ਠੀਕ ਜਾਣਦਾ ਹੈ)।”
25. ਹਰਾਂਕਸ ਕਿ ਕਉਲੇ ਕੁਰਾਂ ਆਯਦਸ਼॥
ਨਜ਼ੋ ਬਸਤਨੋ ਕੁਸ਼ਤਨੋ ਬਾਯਦਸ਼॥
ਹਰ ਉਹ ਸ਼ਖਸ ਕਿ ਜਿਸਨੂੰ ਕੁਰਾਨ ਦੇ ਕੌਲ ਉਤੇ (ਯਕੀਨ ਆ ਜਾਵੇ), ਉਸ ਨੂੰ ਇਸ ਤੋਂ (ਭਾਵ ਸਹੁੰ ਤੇ ਇਤਬਾਰ ਕਰ ਲੈਣ ਦੇ ਕਾਰਨ ਕਰਕੇ) ਨਾ ਕੈਦ ਕਰਨਾ ਬਣਦਾ ਹੈ ਤੇ ਨਾ ਕਤਲ ਕਰਨਾ ਬਣਦਾ ਹੈ (ਪਰ ਓਹ ਸੌਹਾਂ ਤੋੜ ਕੇ ਸਾਨੂੰ ਫੜਨ ਯਾ ਮਾਰਨ ਆ ਪਏ ਅਤੇ)
26. ਬਰੰਗੇ ਮਗਸ ਸਾਹ ਪੋਸ਼ ਆਮਦੰਦ॥
ਬਯਕਬਾਰਗੀ ਦਰ ਖ਼ਰੋਸ਼ ਆਮਦੰਦ॥
ਮੱਖੀਆਂ ਵਾਂਙੂ (ਓਹ) ਕਾਲੇ ਲਿਬਾਸਾਂ ਵਿਚ ਆ ਪਏ ਤੇ ਇਕੋ ਵਾਰੀ ਹੀ ਰੌਲ਼ਾ ਗੋਲਾ ਮਚਾਉਣ ਲਗ ਪਏ। (ਭਾਵ-ਨਾਅਰੇ ਮਾਰਦਿਆਂ ਨੇ ਹੱਲਾ ਕਰ ਦਿੱਤਾ, ਪਰ ਆ ਕੇ ਫ਼ਸੀਲ ਦੀ ਕੰਧ ਦੀ ਓਟ ਲੈ ਲਈਓ ਨੇ)।
______________________
1. ਭਾਵ ਇਹ ਬੀ ਲੈਂਦੇ ਹਨ ਕਿ ਮੈਨੂੰ ਅਨੰਦ ਪੁਰ ਛੱਡ ਕੇ ਚਮਕੌਰ ਦੀ ਗੜ੍ਹੀ ਵਿਚ ਆਉਣ ਦੀ ਕੀਹ ਲੋੜ ਪਈ ਸੀ।
2. 'ਦਿਗਰ' ਦੀ ਥਾਂ ਪਦ 'ਵਗਰ' ਸਮਝ ਕੇ ਇਹ ਭਾਵ ਬੀ ਲੈਂਦੇ ਹਨ ਕਿ ਨਹੀਂ ਤਾਂ ਕੋਈ ਹੋਰ ਸ਼ੈ ਮੈਨੂੰ ਇਸ ਰਸਤੇ (ਚਮਕੌਰ) ਵਲ ਨਾਂ ਲਿਆਉਂਦੀ।
27. ਹਰਾਂਕਸ ਜ਼ਿ ਦੀਵਾਰ ਆਮਦ ਬਿਰੂੰ॥
ਬਖ਼ੁਰਦਨ ਯਕੇ ਤੀਰ ਸ਼ੁਦ ਗ਼ਰਕਿ ਖੂੰ॥
ਪਰ ਜੋ ਕੋਈ ਕਿ (ਉਸ) ਕੰਧ ਤੋਂ ਬਾਹਰ ਆਇਆ (ਸਾਡੀ ਵਲੋਂ) ਇਕੋ ਤੀਰ ਖਾ ਕੇ ਲਹੂ ਵਿਚ ਡੁਬ ਗਿਆ।
28. ਕਿ ਬੇਰੂੰ ਨਿਯਾਮਦ ਕਸੇ ਜਾਂ ਦਿਵਾਰ॥
ਨਾ ਖ਼ੁਰਦੰਦ ਤੀਰੋ ਨ ਗਸ਼ਤੰਦ ਝਾਰ॥
ਉਸ ਕੰਧ ਤੋਂ ਜੇੜ੍ਹੇ ਕੋਈ ਬਾਹਰ ਨਹੀਂ ਆਏ ਉਨ੍ਹਾਂ ਨਾ ਤੀਰ ਖਾਧੇ ਨਾ ਖੁਆਰ ਹੋਏ।'
29. ਚ ਦੀਦਮ ਕਿ ਨਾਹਰ ਬਿਆਮਦ ਬਜੰਗ॥
ਚਸ਼ੀਦਹ ਯਕੇ ਤੀਰ ਤਨ ਬੇਦਰੰਗ॥
(ਇਹ ਦੇਖ ਕੇ ਕਿ ਘੇਰਾ ਪਾਉਣ ਵਾਲਿਆਂ ਦੀ ਹਾਰ ਹੋ ਰਹੀ ਹੈ, ਸਾਥੀ ਨਾਲ ਲੈ ਕੇ ਨਾਹਰ ਖਾਂ ਅਗੇ ਵਧਿਆ) ਜਦ ਮੈਂ ਡਿੱਠਾ ਕਿ ਨਾਹਰ ਜੰਗ ਲਈ ਆ ਗਿਆ ਤਾਂ ਝਟ ਪਟ ਉਸ ਨੇ ਬੀ (ਸਾਡੇ) ਇਕ ਤੀਰ (ਦਾ ਸੁਆਦ ਆਪਣੇ) ਤਨ ਵਿਚ ਚੱਖਿਆ। (ਭਾਵ ਅਸਾਂ ਝੱਟ ਤੀਰ ਮਾਰਿਆ ਤੇ ਉਸਦਾ ਕੰਮ ਪਾਰ ਹੋ ਗਿਆ।)
30. ਹਮਾਖ਼ਰ ਗੁਰੇਜ਼ੰਦ ਬਜਾਏ ਮੁਸਾਫ॥
ਬਸੇ ਖ਼ਾਨਾਂ ਖ਼ੁਰਦੰਦ ਬੇਰੂੰ ਗ਼ਜ਼ਾਫ॥
(ਉਹ) ਬਹੁਤੇ ਪਠਾਣ (ਜੋ ਉਸਦੇ ਨਾਲ ਆਏ ਸਨ ਤੇ ਜੋ) ਬਾਹਰ ਬਹੁਤ ਫੜਾਂ (ਖਾਂਦੇ=) ਮਾਰਦੇ ਸਨ, ਆਖਰ ਲੜਾਈ ਦੀ ਥਾਂ ਤੋਂ ਨੱਸ ਗਏ।
31. ਕਿ ਅਫ਼ਗ਼ਾਨ ਦੀਗਰ ਬਿਆਮਦ ਬਜੰਗ॥
ਚੁ ਸੈਲੇ ਰਵਾਂ ਹਮਚੁ ਤੀਰੋ ਤੁਫੰਗ॥
ਕਿ (ਇੰਨੇ ਨੂੰ ਇਕ) ਹੋਰ ਪਠਾਣ ਜੰਗ ਵਿਚ ਆਇਆ, ਮਾਨੋਂ ਇਕ ਹੜ੍ਹ
________________________
1. ਇਸ ਵਿਚ ਬੀ ਇਹੋ ਭਾਵ ਹੈ ਕਿ ਜੋ ਅਗੇ ਵਧਕੇ ਹਮਲਾ ਕਰਨ ਆਇਆ ਉਸੇ ਤੇ ਅਸਾਂ ਤੀਰ ਚਲਾਇਆ, ਜੋ ਸ੍ਵੈ ਰਖ੍ਯਾ ਦਾ ਹੱਕ ਹਰੇਕ ਨੂੰ ਪ੍ਰਾਪਤ ਹੈ।
2. ਇਥੇ ਬੀ ਹਮਲੇ ਕਰਨ ਦੀ ਪਹਿਲ ਨਾਹਰ ਵਲੋਂ ਦੱਸੀ ਹੈ।
3. ਪਾਠਾਂਤ੍ਰ-ਸੈਲੇ ਦਵਾਂ।
ਚਲਾ ਆ ਰਿਹਾ ਹੈ ਯਾ ਤੀਰ ਆ ਰਿਹਾ ਹੈ ਕਿ ਬੰਦੂਕ (ਦੀ ਗੋਲੀ) ਆ ਰਹੀ ਹੈ।'
32. ਬਸੇ ਹਮਲਹ ਕਰਦੰਦ ਬਮਰਦਾਨਗੀ ॥
ਹਮ ਅਜ਼ ਹੋਸ਼ਗੀ ਹਮ ਜ਼ਿ ਦੀਵਾਨਗੀ॥
(ਉਸ ਨੇ ਤੇ ਉਸਦੇ ਸਾਥੀਆਂ ਨੇ) ਬਹਾਦਰੀ ਨਾਲ ਬਹੁਤੇ ਹੱਲੇ ਕੀਤੇ, ਅਕਲਮੰਦੀ ਨਾਲ ਬੀ (ਤੇ) ਸ਼ੁਦਾਈ (ਦੇ ਜੋਸ਼) ਵਾਂਙੂ ਬੀ।
33. ਬਸੇ ਹਮਲਹ ਕਰਦਹ ਬਸੇ ਜ਼ਖਮ ਖੁਰਦ॥
ਦੁ ਕਸ ਰਾ ਬਜਾਂ ਕੁਸ਼ਤੁ ਜਾਂ ਹਮ ਸਪੁਰਦ॥
(ਇਨ੍ਹਾਂ ਨੇ) ਬੜੇ ਹੱਲੇ ਕੀਤੇ ਤੇ ਬੜੇ ਜ਼ਖਮ ਖਾਧੇ, ਦੋ (ਸਾਡੇ) ਆਦਮੀਆਂ ਨੂੰ ਜਾਨ ਤੋਂ ਮਾਰਿਆ ਤੇ ਆਪ ਬੀ ਜਾਨ ਦੇ ਗਿਆ।
34. ਕਿ ਆਂ ਖ੍ਵਾਜਹ ਮਰਦੂਦ ਸਾਯਹ ਦਿਵਾਰ॥
ਬਮੈਦਾਂ ਨਿਆਮਦ ਬਮਰਦਾਨਹ ਵਾਰ॥
ਪਰ ਉਹ ਰੱਦਿਆ ਹੋਇਆ (ਬੇਇਜ਼ਤ, ਬੇ-ਗ਼ੈਰਤ) ਖਾਜਾ ਕੰਧ ਦੇ ਓਹਲੇ (ਹੀ ਰਿਹਾ), ਮਰਦਾਂ ਵਾਂਙੂ (ਇਕ ਵਾਰ ਬੀ) ਮੈਦਾਨ ਵਿਚ ਨਾ ਆਇਆ।'
35. ਦਰੇਗਾ! ਅਗਰ ਰੂਏ ਓ ਦੀਦਮੇ॥
ਬਯਕ ਤੀਰ ਲਾਚਾਰ ਬਖ਼ਸ਼ੀਦਮੇ॥
ਅਫਸੋਸ ਕਿ ਜੇ ਕਦੇ ਮੈਂ ਉਸਦਾ ਮੂੰਹ ਵੇਖ ਲੈਂਦਾ ਤਾਂ ਇਕ ਤੀਰ ਜ਼ਰੂਰ ਉਸਨੂੰ ਬੀ ਮੈਂ ਬਖਸ਼ਦਾ।
________________________
1. ਸੈਲੇ ਰਵਾਂ ਤੋਂ ਮਤਲਬ ਉਸਦੇ ਸਾਥੀਆਂ ਦੀ ਬਹੁਤਾਤ ਤੋਂ ਹੈ ਤੇ ਤੀਰ ਗੋਲੀ ਵਾਂਗ ਆਉਣ ਤੋਂ ਉਨ੍ਹਾਂ ਦੀ ਰਫਤਾਰ ਦੀ ਤੇਜ਼ੀ ਮੁਰਾਦ ਹੈ।
2. ਸੈਨਾਪਤ ਵਲ ਇਸ਼ਾਰਾ ਹੈ।
3. ਅੱਖਰੀ ਅਰਥ-ਇਕ ਲਾਚਾਰ ਤੀਰ ਨਾਲ ਮੈਂ ਉਸ ਨੂੰ ਬਖਸ਼ ਦੇਂਦਾ। ਸ਼ਾਯਦ ਇਹੋ ਅਰਥ ਠੀਕ ਹੈ ਤੇ ਭਾਵ ਹੈ ਕਿ ਮੈਂ ਇਕ ਤੀਰ ਮਾਰ ਕੇ ਉਸਦੇ ਬੇਈਮਾਨ ਹੋ ਜਾਣ ਦਾ ਗੁਨਾਹ ਉਸ ਨੂੰ ਬਖਸ਼ ਦੇਂਦਾ ਹੈ (ਲਾਚਾਰ=ਜ਼ਰੂਰ। ਯਾ ਐਸਾ ਕਿ ਜਿਸਦਾ ਦਾਰੂ ਨਾ ਹੋ ਸਕੇ)।
36. ਹਮਾਖ਼ਰ ਬਸੇ ਜ਼ਖਮ ਤੀਰੋ ਤੁਫੰਗ॥
ਦੁਸੂਏ ਬਸੇ ਕੁਸ਼ਤਹ ਸ਼ੁਦ ਬੇਦਰੰਗ॥
ਆਖ਼ਰਕਾਰ ਦੁਹਾਂ ਪਾਸਿਆਂ ਤੋਂ ਬਹੁਤੇ ਤੀਰਾਂ ਤੇ ਗੋਲੀਆਂ ਦੇ ਜ਼ਖਮਾਂ ਨਾਲ ਬਹੁਤੇ ਆਦਮੀ ਛੇਤੀ ਛੇਤੀ ਮਾਰੇ ਗਏ।
37. ਬਸੇ ਬਾਰ ਬਾਰੀਦ ਤੀਰੋ ਤੁਛੰਗ॥
ਜ਼ਿਮੀ ਗਸ਼ਤ ਹਮਚੂੰ ਗੁਲੇ ਲਾਲਹ ਰੰਗ॥
ਤੀਰਾਂ ਤੇ ਬੰਦੂਕੀ ਗੋਲੀਆਂ ਦੀ ਵਰਖਾ ਬਹੁਤ ਹੋਈ (ਇੰਨੀ ਕਿ ਉਨ੍ਹਾਂ ਨਾਲ ਮਰ ਗਿਆਂ ਦੀ ਰੱਤ ਨਾਲ) ਜ਼ਿਮੀਂ ਲਾਲੇ ਦੇ ਫੁੱਲ' ਵਾਂਙੂ (ਲਾਲ) ਰੰਗ ਦੀ ਹੋ ਗਈ।
38. ਸਰੋ ਪਾਇ ਅੰਬੋਹ ਚੰਦਾਂ ਸ਼ੁਦਹ॥
ਕਿ ਮੈਦਾਂ ਪੁਰ ਅਜ਼ ਗੋਇ ਚੋਗਾਂ ਸ਼ੁਦਹ॥
ਸਿਰਾਂ ਤੇ ਪੈਰਾਂ ਦਾ ਢੇਰ ਐਤਨਾ ਕੱਠਾ ਹੋ ਗਿਆ ਕਿ ਮਾਨੋਂ ਉਹ ਮੈਦਾਨ ਖਿੱਧੂਆਂ ਤੇ ਖੂੰਡੀਆਂ ਨਾਲ ਭਰ ਗਿਆ ਹੈ। (ਸਿਰ=ਖਿਧੂ। ਪੈਰ ਲੱਤਾਂ = ਖੂੰਡੀ) ।
39. ਤਰੰਕਾਰ ਤੀਰੋ ਤਰੰਕੇ ਕਮਾਂ॥
ਬਰਾਮਦ ਯਕੇ ਹਾਇ ਹੂ ਅਜ਼ ਜਹਾਂ॥
ਕਮਾਨਾਂ (ਦੇ ਖਿੱਚੀਣ ਦੀ) ਅਵਾਜ਼, ਤੀਰਾਂ (ਦੇ ਚੱਲਣ) ਤੇ ਵੱਜਣ ਦੀ, (ਬੰਦੂਕਾਂ ਦੇ ਭਰਨ ਤੇ ਸਰ ਹੋਣ ਦੀ ਸੜਕ ਤੜਕ ਦੀ ਅਵਾਜ਼ ਨਾਲ) ਜਹਾਨ ਤੋਂ ਇਕ ਹਾਹਾਕਾਰ ਨਿਕਲੀ।
________________________
1. ਲਾਲ ਰੰਗ ਦਾ ਇਕ ਫੁਲ, ਕਈ ਇਸ ਨੂੰ ਲਾਲ ਪੋਸਤ ਦਾ ਫੁੱਲ ਸਮਝਦੇ ਹਨ।
2. ਤਰੰਕਾਰ ਲਿਖਾਰੀ ਦੀ ਉਕਾਈ ਹੈ, ਫਾਰਸੀ ਪਦ ਹੈ ਤਰੰਗ, ਉਸ ਤੋਂ ਤਰੰਗਾਰ, ਤਰੰਗ ਦੇ ਅਰਥ ਹਨ:-ਉਹ ਆਵਾਜ਼ ਜੋ ਤੀਰ ਛੁੱਟਣ ਵੇਲੇ ਕਮਾਨ ਤੋਂ, ਤੀਰ ਤਰਵਾਰ ਗੁਰਜ ਦੇ ਲੱਗਣ ਵੇਲੇ ਯਾ ਤਲਵਾਰ ਦੇ ਟੁੱਟਣ ਵੇਲੇ ਹੋਵੇ। 'ਤਰੰਗਾਰ ਪਦ ਵਿਚ ਸਾਰੀਆਂ ਅਵਾਜ਼ਾਂ ਤੋਂ ਮੁਰਾਦ ਲਈ ਗਈ ਸਹੀ ਹੁੰਦੀ ਹੈ।
40. ਦਿਗਰ ਸ਼ੋਰਸ਼ੇ ਕੈਬਰੇ ਕੀਨਹ ਕੋਸ਼॥
ਜ਼ਿ ਮਰਦਾਨਹ ਮਰਦਾਂ ਬਿਰੂੰ ਰਫ਼ਤ ਹੋਸ਼॥
ਫਿਰ ਮਾਰੂ ਤੀਰਾਂ ਦੀ ਸ਼ੋਰਸ਼ (ਤੜਥੱਲ) ਨੇ (ਉਹ ਊਧਮ ਮਚਾਇਆ ਕਿ) ਬਹਾਦਰਾਂ ਤੋਂ ਬਹਾਦਰਾਂ ਦੇ ਹੋਸ਼ ਗੁੰਮ ਹੋ ਗਏ।'
41. ਹਮਾਖ਼ਰ ਚਿ ਮਰਦੀ ਕੁਨਦ ਕਾਰਜ਼ਾਰ॥
ਕਿ ਬਰ ਚਿਹਲ ਤਨ ਆਯਦਸ਼ ਬੇਸ਼ੁਮਾਰ॥
(ਸੋਚ) ਕਿ ਆਖ਼ਰ ਲੜਾਈ ਵਿਚ (ਬਹਾਦਰਾਂ ਦੀ ਇਕੱਲੀ) ਮਰਦਾਨਗੀ ਕੀ ਕਰੇ ਜਦੋਂ ਚਾਲੀ ਮਰਦਾਂ ਉਤੇ ਬੇਸ਼ੁਮਾਰ' (ਸੈਨਾ) ਆ ਪਵੇ।
{ਚਮਕੌਰ ਤੋਂ ਨਿਕਲਣਾ}
42. ਚਰਾਗੇ ਜਹਾਂ ਚੂੰ ਸ਼ੁਦਹ ਬੁਰਹ ਪੋਸ਼॥
ਸ਼ਹੇ ਸ਼ਬ ਬਰਾਮਦ ਹਮਹ ਜਲਵਹ ਜੋਸ਼॥
ਜਗਤ ਦਾ ਦੀਵਾ' ਜਦ ਘੁੰਡ ਕੱਢ ਬੈਠਾ (ਤੇ) ਰਾਤ ਦਾ ਸ਼ਾਹ' ਪੂਰੇ ਜੋਸ਼ ਵਾਲੇ ਜਲਵੇ (ਨਾਲ) ਬਾਹਰ ਆਇਆ। (ਭਾਵ-ਸੂਰਜ ਡੁਬ ਗਿਆ, ਰਾਤ ਪੈ ਗਈ ਤੇ ਚੰਦ ਚੜ੍ਹ ਪਿਆ)।
43. ਹਰਾਂਕਸ ਕਿ ਕਉਲੇ ਕੁਰਾਂ ਆਯਦਸ਼॥
ਕਿ ਯਜ਼ਦਾਂ ਬਰੋ ਰਹਨੁਮਾ ਆਯਦਸ਼॥
ਹਰ ਉਸ ਕਿਸੇ ਉਤੇ ਕਿ ਜਿਸ ਨੂੰ (ਦੂਸਰੇ ਦੇ) ਕੁਰਾਨ ਨਾਲ (ਦਿੱਤੇ) ਕੌਲ ਪਰ (ਭਰੋਸਾ) ਆ ਜਾਵੇ (ਕੌਲ ਦੇਣ ਵਾਲਾ ਚਾਹੋ ਦਗਾ ਕਰੇ, ਪਰ
______________________
1. ਭਾਵ ਹੈ ਕਿ ਸਾਡੇ ਤੀਰ ਅਚੁੱਕ ਨਿਸ਼ਾਨੇ ਬੈਠਦੇ ਸਨ ਤੇ ਐਵੇਂ ਲੱਗ ਕੇ ਨਹੀਂ ਢੈ ਪੈਂਦੇ ਸਨ, ਜਿਸ ਨੂੰ ਲੱਗਦੇ ਉਸਨੂੰ ਘਾਇਲ ਕੀਤੇ ਬਿਨਾਂ ਨਹੀਂ ਸਨ ਛੱਡਦੇ। ਇਸ ਕਰਕੇ ਤੁਸਾਡੇ ਦਲ ਵਿਚ ਸਭ ਦੇ ਛੱਕੇ ਛੁੱਟ ਰਹੇ ਸਨ।
2. ਪਾਠਾਂਤ੍ਰ ਭੇਦ ਹੈ, ‘ਕੁਨਦ ਕਾਰਜ਼ਾਰ' ਤੇ 'ਕੁਨਦ ਵਕਤ ਕਾਰ ਪਹਿਲਾ ਪਾਠ ਸ਼ੁੱਧ ਹੈ।
3. ਇਥੇ ਮਾਨੋਂ ਪਿੱਛੋਂ ਆਏ 'ਦਹ-ਲਕ' ਪਾਠ ਦਾ ਟੀਕਾ ਆਪ ਕਰ ਦਿੱਤਾ ਹੈ- ਬੇਸ਼ੁਮਾਰ।
4. ਪਾ: ਬਹਮ।
5. ਪਾ:-ਚਾਰਗੇ ਜਹਾਨੇ।
6. ਪਾ:-ਸ਼ਬੇ ਸ਼ਾਹ।
ਜਾਣ) ਕਿ ਰੱਬ ਉਸ ਦੇ (ਸਿਰ) ਉਤੇ (ਹੁੰਦਾ ਹੈ ਤੇ ਉਸ ਦਾ) ਰਹਿਬਰ ਹੋ ਜਾਂਦਾ ਹੈ।
44. ਨ ਪੇਚੀਦ ਮੂਏ ਨ ਰੰਜੀਦ ਤਨ॥
ਕਿ ਬੇਰੂੰ ਖ਼ੁਦਾ ਆਵੁਰਦ ਦੁਸ਼ਮਨ ਸ਼ਿਕਨ॥
ਸੋ (ਦੇਖ ਲੈ ਕਿ ਉਹ) ਦੁਸ਼ਮਨਾਂ ਨੂੰ ਤੋੜ ਦੇਣ ਵਾਲਾ (ਰੱਬ ਸਾਨੂੰ ਉਸ ਰਾਤ ਦੁਸ਼ਮਨ ਦੇ ਘੇਰੇ ਵਿਚੋਂ) ਆਪ ਬਾਹਰ ਲੈ ਆਇਆ (ਇਸ ਖੂਬੀ ਨਾਲ ਕਿ) ਨਾ ਤਾਂ (ਸਾਡੇ) ਸਰੀਰ ਨੂੰ ਕੋਈ ਨੁਕਸਾਨ ਪੁੱਜਾ ਤੇ ਨਾ ਵਾਲ (ਤਕ) ਹੀ ਵਿੰਗਾ ਹੋਇਆ।
45. ਨ ਦਾਨਮ ਕਿ ਈਂ ਮਰਦ ਪੈਮਾਂ ਸ਼ਿਕਨ॥
ਕਿ ਦਉਲਤ ਪਰਸਤ ਸਤ ਈਮਾਂ ਫ਼ਿਗਨ॥
ਪਤਾ ਨਹੀਂ ਕਿ (ਕਿਉਂ) ਇਹ ਮਰਦ ਜੋ ਅਹਿਦ ਕਰਕੇ ਤੋੜਨ ਵਾਲਾ ਹੈ (ਇੰਨਾਂ) ਦੌਲਤ ਦੀ ਪੂਜਾ ਕਰਨੇ ਵਾਲਾ ਹੈ (ਕਿ ਦੌਲਤ ਬਦਲੇ) ਦੀਨ ਨੂੰ ਬੀ ਪਰੇ ਸੱਟਣੇ ਵਾਲਾ ਹੈ।
46. ਨ ਈਮਾਂ ਪਰਸਤੀ ਨ ਅਉਜਾਇ ਦੀਂ॥
ਨ ਸਾਹਿਬ ਸ਼ਨਾਸੀ ਨ ਮਹਮਦ ਯਕੀਂ॥
(ਸੱਚ ਹੈ ਕਿ) ਤੂੰ ਨਾ ਤਾਂ ਦੀਨ ਦੀ ਪੂਜਾ ਕਰਨੇ ਵਾਲਾ ਹੈਂ, ਨਾ ਤੇਰੇ (ਏਹ) ਤਰੀਕੇ ਦੀਨ ਦੇ ਹਨ, ਨਾ ਤੂੰ ਮਾਲਕ (ਵਾਹਿਗੁਰੂ) ਨੂੰ ਪਛਾਣਦਾ ਹੈਂ, ਨਾਂ ਤੈਨੂੰ ਮੁਹੰਮਦ ਤੇ ਭਰੋਸਾ ਹੈ।'
__________________
1. ਮਰਦ ਤੋਂ ਮੁਰਾਦ ਔਰੰਗਜ਼ੇਬ ਹੈ ਜੋ ਦੁਨੀਆਂ ਵਿਚ ਇੱਡਾ ਵਡਾ ਹੋਕੇ ਫੇਰ ਅਹਦ ਤੋੜਦਾ ਹੈ।
2. ਔਜ਼ਾਦਿ, ਜਮਾਂ ਹੈ ਵਜ਼ਆ ਦੀ=ਤਰੀਕੇ।
3. 'ਨ ਮਹਮਦ ਯਕੀਂ' ਦੀ ਥਾਵੇਂ 'ਮੁਹੰਮਦ ਯਕੀਂ ਸ਼ੁੱਧ ਪਾਠ ਹੋਣਾ ਹੈ। ਪਹਿਲਾ 'ਨ' ਦੇਹੁਰੀ ਦੀਪਕ ਹੈ।
47. ਹਰਾਂਕਸ ਕਿ ਈਮਾਂ ਪਰਸਤੀ ਕੁਨਦ॥
ਨ ਪੈਮਾਂ ਖ਼ੁਦਸ਼ ਪੇਸ਼ੋ ਪਸਤੀ ਕੁਨਦ॥
(ਕਿਉਂਕਿ) ਹਰ ਕੋਈ ਜੋ (ਆਪਣੇ) ਈਮਾਨ ਦੀ ਪਾਲਣਾ ਕਰਦਾ ਹੈ, ਉਹ ਆਪਣੇ (ਕੀਤੇ) ਇਕਰਾਰ ਤੋਂ ਟਲਦਾ ਨਹੀਂ।'
48. ਕਿ ਈਂ ਮਰਦ ਰਾ ਜੱਰਹ ਐਤਬਾਰ ਨੇਸਤ॥
ਚਿ ਕਸਮੇ ਕੁਰਾਨਸਤ ਯਜ਼ਦਾਂ ਯਕੇਸਤ॥
ਪਰ ਇਸ ਮਰਦ ਨੂੰ ਜ਼ਰਾ ਜਿੰਨਾ ਇਤਬਾਰ ਨਹੀਂ ਹੈ (ਇਸ ਗੱਲ ਉਤੇ ਕਿ) ਕੁਰਾਨ ਦੀ ਸਹੁੰ ਕੀ (ਸ਼ੈ) ਹੁੰਦੀ ਹੈ (ਤੇ ਨਾ ਇਸ ਨੂੰ ਇਤਬਾਰ ਹੈ ਕਿ) ਰੱਬ ਇਕ ਹੈ (ਭਾਵ ਕਿ ਜਿਸਦੀ ਉਹ ਸਹੁੰ ਖਾ ਰਿਹਾ ਹੈ ਤੇ ਜਿਸ ਪਾਸ ਹਿਸਾਬ ਹੋਣਾ ਹੈ ਸਹੁੰਆਂ ਖਾਧੀਆਂ ਦਾ, ਉਹ ਸਾਰਿਆਂ ਦਾ ਰੱਬ ਇਕੋ ਹੈ)।
49. ਚੁ ਕਸਮੇ.ਕੁਰਾਂ ਸਦ ਕੁਨਦ ਇਖ਼ਤੀਆਰ॥
ਮਰਾ ਕਤਰਹ ਨਯਾਯਦ ਅਜੋ ਐਤਬਾਰ॥
(ਹੁਣ) ਜੇ (ਉਹ) ਕੁਰਾਨ ਦੀਆਂ ਸੌ ਕਸਮਾਂ ਪਿਆ ਚਾਵੇ ਮੈਨੂੰ ਉਸ ਤੇ ਫੂਹੀ ਜਿੰਨਾ ਇਤਬਾਰ ਨਹੀਂ ਆ ਸਕਦਾ, ਇਸ (ਉਪਰ ਦੱਸੇ) ਕਾਰਨ ਕਰਕੇ।
_________________________
1. ਪਸੋ ਪੇਸ਼ ਕਰਨਾ= ਨੁਕਤੇ ਤੇ ਨਾ ਟਿਕੇ ਰਹਿਣਾ। ਮੁਹਾਵਰੇ ਵਿਚ ਹੈ ਟਾਲਣਾ, ਪੂਰਾ ਨਾ ਕਰਨਾ।
2. ਅਜ਼ੋ ਦਾ ਇਸ਼ਾਰਾ ਪਿਛਲੇ ਸ਼ਿਅਰ ਵਿਚ ਦੱਸੇ ਕਾਰਨ ਵੱਲ ਹੈ। ਸਹੁੰ ਖਾਣ ਵਾਲੇ ਨੂੰ ਖ਼ੁਦ ਕਰਾਨ ਦੀ ਸਹੁੰ ਤੇ ਇਤਬਾਰ ਨਹੀਂ ਤੇ ਨਾ ਰੱਬ ਦੀ ਏਕਤਾਈ ਉਤੇ। ਆਖਦੇ ਹਨ ਕਿ ਔਰੰਗਜ਼ੇਬ ਨੇ ਆਪ ਨੂੰ ਸੱਦ ਘੱਲਿਆ ਸੀ, ਜਦੋਂ ਸਹੁੰ ਖਾਧੀ ਸੀ ਕਿ ਜੰਗ ਛੱਡ ਕੇ ਮੇਰੇ ਪਾਸ ਆਓ। ਉਸ ਬਾਬਤ ਕਹਿ ਰਹੇ ਹਨ ਕਿ ਹੁਣ ਤੇਰੇ ਤੇ ਇਤਬਾਰ ਨਹੀਂ ਰਿਹਾ ਸੋ ਮੈਂ ਨਹੀਂ ਆ ਰਿਹਾ। ਪਰ ਤੂੰ ਆਪ ਦਗੇਬਾਜ਼ ਹੈਂ ਤੈਨੂੰ ਦੂਸਰੇ ਤੇ ਬੀ ਭਰੋਸਾ ਨਹੀਂ ਕਿਉਂਕਿ ਤੈਨੂੰ ਕਿਸੇ ਤੇ ਇਤਬਾਰ ਨਹੀਂ ਇਸ ਕਰਕੇ ਤੂੰ ਬੀ ਨਹੀਂ ਆਇਆ। ਜਾਪਦਾ ਹੈ ਕਿ ਕਾਜ਼ੀ ਨੇ ਪਾਤਸ਼ਾਹ ਦੇ ਆਪ ਆਉਣ ਬਾਬਤ ਗੁਰੂ ਜੀ ਨੂੰ ਸੱਚ ਯਾ ਖੁਸ਼ ਕਰਨੇ ਲਈ ਕਿਹਾ ਸੀ। ਅਗੇ ਸ਼ੇਅਰ 56 ਤੱਕ ਇਹੋ ਗੱਲ ਖੁੱਲ੍ਹਦੀ ਹੈ।
50. ਅਗਰਚਿਹ ਤੁਰਾ ਇਅਤਬਾਰ ਆਮਦੇ॥
ਕਮਰ ਬਸਤਹਏ ਪੇਸ਼ਵਾ ਆਮਦੇ॥
ਜੇ ਤੈਨੂੰ (ਆਪਣੀ ਸਹੁੰ ਉਤੇ) ਇਤਬਾਰ ਹੁੰਦਾ ਤਾਂ ਤੂੰ (ਆਪਣੇ ਕੀਤੇ ਇਕਰਾਰ ਉਤੇ) ਲੱਕ ਬੰਨ੍ਹ ਕੇ ਸਾਡੇ ਸਾਹਮਣੇ ਆ ਜਾਂਦਾ।
51. ਕਿ ਫ਼ਰਜ਼ਸਤ ਬਰਸਰ ਤੁਰਾ ਈਂ ਸਖੁਨ॥
ਕਿ ਕਉਲੇ ਖੁਦਾ ਅਸਤੁ ਕਸਮ ਅਸਤ ਮਨ॥
(ਹੁਣ) ਤੇਰੇ ਸਿਰ ਉਤੇ ਇਸ ਸੁਖ਼ਨ (ਦੀ ਪਾਲਣਾ ਕਰਨਾ) ਫਰਜ਼ ਹੈ ਕਿਉਂਕਿ ਤੁਸਾਂ ਕੌਲ ਕੀਤਾ ਹੈ ਮੇਰੇ ਨਾਲ ਤੇ ਕਸਮ ਖਾਧੀ ਹੈ ਖ਼ੁਦਾ ਦੀ (ਉਸ ਕੌਲ ਦੇ ਪੂਰਾ ਕਰਨ ਲਈ)।
52. ਅਗਰ ਹਜ਼ਰਤੇ ਖ਼ੁਦ ਸਿਤਾਦਹ ਸ਼ਵਦ॥
ਬਜਾਂਨੋ ਦਿਲੇ ਕਾਰ ਵਾਜ਼ਹ ਸਵਦ॥
(ਕਿਉਂਕਿ) ਜੇ ਤੂੰ (ਇੱਥੇ) ਆਪ ਆ ਮੌਜੂਦ ਹੋਵੇਂ (ਤਾਂ ਮੇਰੀ ਵਲੋਂ) ਦਿਲੋਂ ਜਾਨੋਂ ਸਾਰਾ (ਹੋ ਚੁਕਾ) ਕੰਮ (ਤੇਰੇ ਤੇ) ਵਾਜ਼ਿਆ ਹੋ ਜਾਵੇ।'
53. ਸ਼ੁਮਾ ਰਾ ਚੁ ਫਰਜ਼ ਅਸਤ ਕਾਰੇ ਕੁਨੀ॥
ਬਮੂਜਬ ਨਵਿਸ਼ਤਹ ਸ਼ੁਮਾਰੇ ਕੁਨੀ॥
ਤੁਹਾਡਾ ਫਰਜ਼ ਹੈ ਕਿ (ਚੁ =) ਜਦ ਕੋਈ ਕੰਮ ਕਰੋ(ਤਾਂ ਆਪਣੇ) ਲਿਖੇ ਦੇ ਅਨੁਸਾਰ ਵੀਚਾਰ (ਬੀ) ਕਰੋ।”
54. ਨਵਿਸ਼ਤਹ ਰਸੀਦੋ ਬਿਗੁਫ਼ਤਹ ਜ਼ੁਬਾਂ॥
ਬਬਾਯਦ ਕਿ ਕਾਰ ਈਂ ਬਰਾਹਤ ਰਸਾਂ॥
(ਤੇਰਾ) ਜ਼ੁਬਾਨੀਂ ਆਖਿਆ (ਤੇ) ਲਿਖਿਆ (ਸੰਦੇਸਾ) ਪਹੁੰਚ ਗਿਆ ਸੀ (ਹੁਣ ਤੈਨੂੰ) ਬਣਦਾ ਹੈ (ਕਿ ਉਸ ਲਿਖੇ ਤੇ ਆਖੇ ਮੂਜਬ) ਇਸ ਕੰਮ ਨੂੰ ਕਿਸੇ ਸੁਖ ਵਿਚ ਪੁਚਾਵੇਂ।
_______________________
1. ਕਈ ਸਿਆਣਿਆਂ ਨੇ ਇਸਦਾ ਭਾਵ ਇਹ ਬੀ ਕੱਢਿਆ ਹੈ ਕਿ ਜੇ ਤੁਹਾਡਾ ਹਜ਼ਰਤ (ਮੁਹੰਮਦ) ਆ ਮੌਜੂਦ ਹੋਵੇ ਤਾਂ ਉਸ ਉਤੇ ਸਾਰੀ ਗੱਲ ਖੁੱਲ੍ਹ ਜਾਵੇ ਤਾਂ ਤੇਰੀ ਝੂਠੀ ਸਹੁੰ ਦਾ ਮੁੱਲ ਪਵੇ।
2. ਸ਼ੁਮਾਰੇ ਕੁਨੀ = ਵੀਚਾਰ ਕਰੋ। ਭਾਵ ਪੜਤਾਲ ਕਰੋ ਕਿ ਲਿਖ ਕੇ ਦਿੱਤੇ ਅਹਿਦ ਮੂਜਬ ਕੰਮ ਹੋਯਾ ਹੈ ਕਿ ਉਲਟ।
55. ਹਮੂੰ ਮਰਦ ਬਾਯਦ ਸਵਦ ਸੁਖ਼ਨਵਰ॥
ਨ ਸ਼ਿਕਮੇਂ ਦਿਗਰ ਦਰ ਦਹਾਨੇ ਦਿਗਰ॥
ਹਰੇਕ ਆਦਮੀ ਨੂੰ ਚਾਹੀਦਾ ਹੈ (ਕਿ ਆਪਣੇ ਇਕਰਾਰਾਂ ਦੇ ਪੂਰਾ ਕਰਨੇ ਵਾਲਾ ਹੋਵੇ, (ਇਹ ਜੋਗ ਨਹੀਂ ਕਿ) ਦਿਲ ਵਿਚ* ਕੁਛ ਹੋਰ ਹੋਵੇ ਤੇ ਮੂੰਹ ਵਿਚ ਕੁਛ ਹੋਰ ਹੋਵੇ।
56. ਕਿ ਕਾਜ਼ੀ ਮਰਾ ਗੁਫ਼ਤਹ ਬੇਰੂੰ ਨਿਯਮ॥
ਅਗਰ ਰਾਸਤੀ ਖ਼ੁਦ ਬਿਯਾਰੀ ਕਦਮ॥
(ਤੂੰ ਇਹ ਲਿਖਿਆ ਸੀ ਕਿ) ਮੈਂ ਕਾਜ਼ੀ ਦੇ ਕਹੇ ਤੋਂ ਬਾਹਰ ਨਹੀਂ ਹਾਂ। (ਭਾਵ ਜੋ ਕਾਜ਼ੀ ਅਹਿਦ ਕਰੇਗਾ ਉਹ ਤੈਨੂੰ ਪਰਵਾਨ ਹੋਵੇਗਾ) ਜੇ ਤੂੰ ਸੱਚਾ ਹੈਂ(ਤਾਂ ਹੁਣ ਬਣਦਾ ਹੈ ਕਿ ਤੂੰ) ਏਥੇ ਆਪਣੇ ਕਦਮ ਲਿਆਵੇਂ (ਭਾਵ ਆਪ ਏਥੇ ਆਵੇਂ) ।
ਇਸ ਤੋਂ ਜਾਪਦਾ ਹੈ ਕਿ ਜਦੋਂ ਕਾਜ਼ੀ ਨੇ ਗੁਰੂ ਜੀ ਪਾਸ ਜਾ ਕੇ ਪਾਤਸ਼ਾਹ ਦਾ ਨਵਿਸ਼ਤਹ ਦਿਤਾ ਤਾਂ ਜ਼ੁਬਾਨੀ ਸੁਨੇਹੇ ਬੀ ਦਿਤੇ। ਉਸ ਵੇਲੇ ਇਹ ਬੀ ਕਿਹਾ ਕਿ ਪਾਤਸ਼ਾਹ ਤੁਹਾਡੀ ਬਜ਼ੁਰਗੀ ਦਾ ਕਾਯਲ ਹੈ ਤੇ ਤੁਹਾਥੋਂ ਨਾਬਰ ਨਹੀਂ, ਹੁਣ ਜੰਗ ਵਿਚ ਰੁੱਝਾ ਹੈ ਪਰ ਥੋੜੇ ਚਿਰ ਨੂੰ ਵਿਹਲਾ ਹੋ ਕੇ ਉਹ ਆਪ ਆਕੇ ਨ੍ਯਾਜ਼ ਹਾਸਲ ਕਰੇਗਾ, ਜੀਕੂੰ ਅਕਬਰ ਗੁਰਾਂ ਨੂੰ ਮਿਲਿਆ ਸੀ। ਕਿਸੇ ਇਸ ਪ੍ਰਕਾਰ ਦੇ ਇਕਰਾਰ ਵਲ, ਜੋ ਕਾਜ਼ੀ ਨੇ ਕੀਤਾ ਸੀ, ਗੁਰੂ ਜੀ ਔਰੰਗਜ਼ੇਬ ਦੀ ਤਵੱਜੋ ਦਿਵਾ ਰਹੇ ਹਨ ਕਿ ਤੂੰ ਏਥੇ ਆ। ਤੇ ਅਗਲੇ ਸ਼ਿਅਰ ਵਿਚ ਕਹਿਣਗੇ ਕਿ ਜੋ ਲਿਖੀ ਹੋਈ ਕਸਮ ਤੇਰੀ ਹੈ, ਉਹ ਜੇ ਚਾਹੇਂ ਤਾਂ ਮੈਂ ਤੇਰੇ ਪਾਸ ਪੁਚਾ ਦਿਆਂ, ਗੋਯਾ ਉਸ ਵੇਲੇ ਤਕ ਉਹ ਅਹਿਦਨਾਮਾ ਗੁਰੂ ਜੀ ਦੇ ਪਾਸ ਹੈਗਾ ਸੀ। ਪਹਿਲੇ ਸ਼ਿਅਰ ਵਿਚ ਕਾਜ਼ੀ ਦਾ ਨਾਮ ਲਿਆ ਹੈ ਕਿ ਜ਼ੁਬਾਨੀ ਹੋਈ ਗੱਲ ਬਾਤ ਉਸ ਤੋਂ ਪੁਛ ਲਵੋ, ਇਸ ਤੋਂ ਪਹਿਲੇ ਸ਼ਿਅਰ 50-52 ਵਿਚ ਕਹਿ ਆਏ ਹਨ ਕਿ ਜੇ ਤੂੰ ਮੇਰੇ ਸਾਹਮਣੇ ਖੜਾ (ਮੌਜੂਦ) ਹੋਵੇਂ ਤਾਂ.....
________________________
* ਢਿੱਡ ਵਿਚ ਕੁਛ ਹੋਰ ਹੋਣੇ ਦਾ ਭਾਵ ਹੈ ਦਿਲ ਵਿਚ ਕੁਛ ਹੋਰ ਹੋਵੇ।
57. ਤੁਰਾ ਗਰ ਬਬਾਯਦ ਓ ਕਉਲੇ ਕੁਰਾਂ॥
ਬਨਿਜ਼ਦੇ ਸ਼ੁਮਾ ਰਾ ਰਸਾਨਮ ਹੇਮਾਂ॥
ਜੇਕਰ ਤੈਨੂੰ ਲੋੜ ਹੋਵੇ ਉਸ ਕੁਰਾਨ ਦੇ ਕੌਲ ਦੀ ਤਾਂ ਓਹ' ਮੈਂ ਤੁਸਾਂ ਦੇ ਪਾਸ ਪਹੁੰਚਾ ਦੇਂਦਾ ਹਾਂ। ਕੌਲੇ ਕੁਰਾਂ ਦਾ ਇਹ ਭਾਵ ਬੀ ਹੋ ਸਕਦਾ ਹੈ, ਕੌਲ ਵਾਲਾ ਕੁਰਾਨ ਜਿਸ ਕੁਰਾਨ ਪਰ ਕੌਲ ਲਿਖ ਕੇ ਕਾਜ਼ੀ ਗੁਰੂ ਜੀ ਪਾਸ ਲੈ ਗਿਆ ਸੀ? ਦੂਜੇ ਕੁਰਾਂ ਦੀ ਕਸਮ ਨਾਲ ਜੋ ਇਕਰਾਰ ਨਾਮਾ ਲਿਖਿਆ ਗਿਆ ਸੀ।
58. ਕਿ ਤਸ਼ਰੀਫ ਦਰ ਕਸਬਹ 'ਕਾਂਗੜ ਕੁਨਦ॥
ਵਜ਼ਾਂ ਪਸ ਮੁਲਾਕਾਤ ਬਾਹਮ ਸਵਦ॥
(ਸੋ ਕਾਜ਼ੀ ਦੇ ਕਹੇ ਮੂਜਬ ਜੇ ਔਰੰਗਜ਼ੇਬ) ਕਾਂਗੜ ਕਸਬੇ ਵਿਚ ਤਸ਼ਰੀਫ਼ (ਆਵਰੀ) ਕਰੇ, ਇਸ ਤੋਂ ਉਪਰੰਤ ਆਪੋ ਵਿਚ ਮੁਲਾਕਾਤ ਹੋ ਜਾਵੇ।
59. ਨ ਜ਼ੱਰਹ ਦਰੀਂ ਰਾਹਿ ਖ਼ਤਰਹ ਤੁਰਾਸਤ॥
ਹਮਹ ਕੌਮ ਬੈਰਾੜ ਹੁਕਮੇ ਮਰਾਸਤ॥
ਇਸ ਰਸਤੇ ਵਿਚ ਤੁਸਾਂ ਲਈ ਜ਼ਰਾ ਭਰ ਬੀ ਖ਼ਤਰਾ ਨਹੀਂ ਹੈ (ਕਿਉਂਕਿ ਇਹ ਬੈਰਾੜਾਂ ਦਾ ਦੇਸ਼ ਹੈ ਤੇ) ਸਾਰੀ ਬੈਰਾੜਾਂ ਦੀ ਕੌਮ ਮੇਰੇ ਹੁਕਮ ਵਿਚ ਹੈ।
60. ਬਿਆ ਤਾ ਬਮਨ ਖ਼ੁਦ ਜ਼ੁਬਾਨੀ ਕੁਨੇਮ॥
ਬਰੂਏ ਸ਼ੁਮਾ ਮਿਹਰਬਾਨੀ ਕੁਨੇਮ॥
(ਤੂੰ) ਆਪ ਆ ਮੇਰੇ ਪਾਸ ਤਾਂ ਜ਼ੁਬਾਨੀ (ਗੱਲ ਬਾਤ) ਕਰੀਏ, ਫੇਰ ਤੁਸਾਡੇ
_______________________
1. ਫਾਰਸੀ ਤੋਂ ਅੰਞਾਣ ਲਿਖਾਰੀਆਂ ਨੇ ਫਾਰਸੀ ਦੇ 'ਓ' ਦੀ ਥਾਵੇਂ ਏਥੇ 'ਬ' ਕਰ ਦਿੱਤਾ ਹੈ।
2. ਕਈ ਵੇਰ ਕੀਤੇ ਇਕਰਾਰ ਕੁਰਾਨ ਦੇ ਖ਼ਾਲੀ ਸਫ਼ੇ ਤੇ ਲਿਖ ਕੇ ਜ਼ਾਮਨੀ ਦਿਤੀ ਜਾਂਦੀ ਸੀ। ਐਸਾ ਇਕ ਕੁਰਾਨ ਮਹਾਰਾਜਾ ਰਣਜੀਤ ਸਿੰਘ ਨਾਲ ਹੋਏ ਕਾਬਲੀਆਂ ਵਲੋਂ ਕਿਸੇ ਅਹਿਦਨਾਮੇ ਵਾਲਾ ਕਿਸੇ ਸਜਣ ਪਾਸ ਸੁਣੀਂਦਾ ਹੈ।
3. ਉਹ ਕੀਤਾ ਇਕਰਾਰ ਅਜੇ ਗੁਰੂ ਜੀ ਪਾਸ ਹੈ ਤੇ ਪਾਤਸ਼ਾਹ ਨੂੰ ਦੱਸਣ ਲਈ ਯਾਰ ਹਨ। ਇਸ ਤੋਂ ਪਤਾ ਚਲਦਾ ਹੈ ਕਿ ਇਸ ਜ਼ਫ਼ਰਨਾਮੇ ਵਿਚ ਕੁਛ ਪੁੱਛਾਂ ਦੇ ਉੱਤਰ ਹਨ।
4. ਏਥੇ 'ਬਮਨ' ਦੀ ਥਾਵੇਂ ਪਾਠ 'ਸੁਖਨ' ਹੋਣਾ ਹੈ।
ਉੱਤੇ ਮੂੰਹ ਰੋਬਰੂ ਮਿਹਰਬਾਨੀ ਕਰੀਏ। (ਭਾਵ-ਜੋ ਅਹਿਦ ਸ਼ਿਕਨੀ ਕੀਤੀ ਗਈ ਤੇ ਸਾਨੂੰ ਖੇਚਲ ਦਿਤੀ ਗਈ, ਉਹ ਮਾਫ਼ ਕਰ ਦੇਵੀਏ)।
61.' ਯਕੇ ਅਸਪ ਸ਼ਾਇਸਤਹ ਏ ਯਕ ਹਜ਼ਾਰ॥
ਬਿਯਾ ਤਾ ਬਗੀਰੀ ਬਮਨ ਈਂ ਦਿਯਾਰ॥
ਇਕ ਚੰਗਾ ਘੋੜਾ ਇਕ ਹਜ਼ਾਰ (ਮੁੱਲ) ਦਾ ਲੈਕੇ (ਨਜ਼ਰਾਨੇ ਵਜੋਂ) ਮੇਰੇ ਪਾਸ ਆ ਤਾਂ ਕਿ ਇਹ ਇਲਾਕਾ ਮੇਰੇ ਪਾਸੋਂ ਲੈ ਲਵੇਂ।
(ਉਸ ਸਮੇਂ ਪਾਤਸ਼ਾਹਾਂ ਦੀ ਮਿਹਰ ਦੇ ਪਾਤ੍ਰ ਇਕ ਕੀਮਤੀ ਘੋੜਾ ਨਜ਼ਰ ਦੇ ਤੌਰ ਤੇ ਪੇਸ਼ ਕਰਦੇ ਸਨ ਤੇ ਪਾਤਸ਼ਾਹ ਵਲੋਂ ਜਾਗੀਰ ਮਿਲ ਜਾਂਦੀ ਸੀ। ਸੋ ਗੁਰੂ ਸਾਹਿਬ ਕਹਿ ਰਹੇ ਹਨ ਕਿ ਇਹ ਇਲਾਕਾ ਜੇ ਤੂੰ ਲੈਣਾ ਹੈ ਤਾਂ ਘੋੜਾ ਨਜ਼ਰ ਕਰ ਤਾਂ ਅਸੀਂ ਇਹ ਇਲਾਕਾ ਤੈਨੂੰ ਬਖਸ਼ ਦੇਵੀਏ। ਕਾਜ਼ੀ ਦੇ ਕਹੇ ਮੂਜਬ ਪਾਤਸ਼ਾਹ ਦੇ ਆਉਣ ਦੀ ਗੱਲ ਮੁਕਾ ਕੇ ਆਪਣੇ ਜਾਣੇ ਬਾਬਤ ਜ਼ਿਕਰ ਚਲਦਾ ਹੈ। ਏਥੋਂ ਜਾਪਦਾ ਹੈ ਕਿ ਪਾਤਸ਼ਾਹ ਨੇ ਆਪ ਨੂੰ ਸੱਦਿਆ ਹੈ। ਫੁਰਮਾਉਂਦੇ ਹਨ:-)
62. ਸ਼ਹਨਸ਼ਾਹ ਰਾ ਬੰਦਹੇ ਚਾਕਰੇਮ॥
ਅਗਰ ਹੁਕਮ ਆਯਦ ਬਜਾਂ ਹਾਜ਼ਰੇਮ॥
ਪਾਤਸ਼ਾਹਾਂ ਦੇ ਪਾਤਸ਼ਾਹ (ਰੱਬ) ਦੇ ਅਸੀਂ ਬੰਦੇ ਤੇ ਦਾਸ ਹਾਂ, (ਜੇ) ਉਸ ਦਾ ਹੁਕਮ ਆ ਜਾਵੇ ਤਾਂ ਜਾਨ ਤੋਂ ਹਾਜ਼ਰ ਹਾਂ।
63. ਅਗਰਚਿਹ ਬਿਆਯਦ ਬਫੁਰਮਾਨੇ ਮਨ॥
ਹਜ਼ੂਰਤ ਬਿਆਯਮ ਹਮਹ ਜਾਨੋ ਤਨ॥
ਜੇ (ਉਸ ਦਾ) ਹੁਕਮ ਆ ਜਾਵੇ ਮੇਰੇ ਪਾਸ ਤਾਂ ਜਾਨ ਤੇ ਤਨ ਤੋਂ ਮੈਂ ਤੇਰੇ ਪਾਸ ਆ ਜਾਵਾਂਗਾ।
____________________
1. ਜ਼ਫਰਨਾਮੇ ਦੀ ਇਕ ਕਾਪੀ ਵਿਚ 60,61,62,63 ਚਾਰੇ ਨਹੀਂ ਹਨ। ਇਨ੍ਹਾਂ ਨੂੰ ਕਈ ਆਖੇਪਕ ਮੰਨਦੇ ਹਨ।
2. ਅੰਕ 3 ਅਤੇ 71 ਵਿਚ ਬੀ 'ਸ਼ਾਹਨਸ਼ਾਹ' ਪਦ ਆਪਣੇ ਪਰਮੇਸ਼ੁਰ ਵਾਸਤੇ ਵਰਤੇ ਹਨ।
64. ਅਗਰ ਤੂ ਬਯਜ਼ਦਾਂ ਪਰਸਤੀ ਕੁਨੀ॥
ਬਕਾਰੇ ਮਰਾ ਈਂ ਨ ਸੁਸਤੀ ਕੁਨੀ॥
ਜੇ ਤੂੰ ਪੂਜਾ (ਸੱਚ ਮੁਚ) ਰੱਬ ਵਾਲੀ ਕਰਦਾ ਹੈਂ (ਤਾਂ ਚਾਹੀਦਾ ਹੈ ਕਿ) ਮੇਰੇ ਇਸ ਕੰਮ ਵਿਚ ਸੁਸਤੀ ਨਾ ਕਰੇਂ।
65. ਬਬਾਯਦ ਕਿ ਯਜ਼ਦਾਂ ਸ਼ਨਾਸੀ ਕੁਨੀ॥
ਨ ਗੁਫ਼ਤਹ ਕਸੇ ਕਸ ਖ਼ਰਾਸ਼ੀ ਕੁਨੀ॥
(ਤੈਨੂੰ) ਚਾਹੀਦਾ ਹੈ ਕਿ ਖ਼ੁਦਾ ਦੀ ਪਛਾਣ ਕਰੇਂ ਤੂੰ (ਤੇ) ਕਿਸੇ ਦੇ ਕਹੇ ਕਹਾਏ ਇਨਸਾਨਾਂ ਨੂੰ ਦੁਖ ਦੇਣਾ ਨਾ ਕਰੇਂ ਤੂੰ।
66. ਤੂ ਮਸਨਦ ਨਸੀਂ ਸਰਵਰੇ ਕਾਇਨਾਤ॥
ਕਿ ਅਜਬਸਤ ਇਨਸਾਫ਼ ਈਂ ਹਮ ਸਿਛਾਤ॥
ਤੂੰ (ਪਾਤਸ਼ਾਹੀ ਦੀ) ਗੱਦੀ ਤੇ ਬੈਠਾ ਹੈਂ ਤੇ ਮਖ਼ਲੂਕਾਤ' ਦਾ ਸਰਦਾਰ ਹੈਂ, ਤੇਰਾ ਨਿਆਂ ਅਸਚਰਜ ਹੈ, ਤੇਰੀਆਂ ਏਹ ਸਿਫ਼ਤਾਂ ਭੀ ਅਸਚਰਜ ਹਨ।
67. ਕਿ ਅਜਬਸਤੁ ਇਨਸਾਫ਼ੇ ਦੀ ਪਰਵਰੀ॥
ਕਿ ਹੈਫ਼ ਅਸਤੁ ਸਦ ਹੈਫ਼ ਈਂ ਸਰਵਰੀ॥
(ਹਾਂ), ਅਸਚਰਜ ਹੈ (ਤੇਰਾ) ਇਨਸਾਫ਼ ਤੇ (ਅਸਚਰਜ ਹੈ ਤੇਰੀ) ਦੀਨ ਦੀ ਪਾਲਣਾ ਕਰਨੀ। ਇਸ (ਤੇਰੀ) ਸਰਦਾਰੀ ਤੇ ਅਫਸੋਸ ਹੈ ਸੌ ਵਾਰੀ ਅਫ਼ਸੋਸ ਹੈ।”
68. ਕਿ ਅਜਬਸਤੁ ਅਜਬਸਤੁ ਫਤਵਹ ਸ਼ੁਮਾ॥
ਬਜੁਜ਼ ਰਾਸਤੀ ਸੁਖ਼ਨ ਗੁਫ਼ਤਨ ਜ਼ਿਯਾਂ॥
ਫਿਰ ਤੁਸਾਡੇ ਫ਼ਤਵੇ (ਵੀ) ਅਨੋਖੇ ਹਨ, (ਬਹੁਤ) ਅਨੋਖੇ ਹਨ, (ਕਿ ਜੋ ਸੱਚ ਨੂੰ ਛੱਡ ਕੇ ਦਿਤੇ ਜਾਂਦੇ ਹਨ ਪਰ ਜਾਣ ਲੈ ਕਿ ਸੱਚੇ ਰੱਬ ਦੀ ਸ਼ਰਅ
_________________________
1. ਦੁਨੀਆ
2. ਇਨ੍ਹਾਂ ਦੇ ਸ਼ਿਅਰਾਂ ਵਿਚ ਔਰੰਗਜ਼ੇਬ ਦੇ ਜ਼ੁਲਮਾਂ ਵੱਲ ਨਜ਼ਰ ਪਾਈ ਹੈ ਜੋ ਉਸ ਨੇ ਪਿਉ, ਭਰਾਵਾਂ ਤੇ ਸੂਫ਼ੀ ਮੁਸਲਮਾਨਾਂ ਨਾਲ ਕੀਤੇ ਤੇ ਹਿੰਦੂਆਂ ਪਰ ਜੋ ਸਖ਼ਤੀਆਂ ਕੀਤੀਆਂ ਤੇ ਸਤਨਾਮੀਏ ਸਾਰੇ ਕਤਲ ਕਰਵਾਏ ਆਦਿ ਸਾਰੇ ਜ਼ੁਲਮਾਂ ਨੂੰ 'ਅਚਰਜ ਤੇ ਹੈਫ' ਕਹਿ ਕੇ ਜਿਤਾ ਦਿਤਾ ਹੈ।
ਵਿਚ) ਸੱਚ ਤੋਂ ਬਿਨਾ (ਕਿਸੇ) ਸੁਖਨ ਦਾ ਕਹਿਣਾ (ਆਪਣਾ) ਨੁਕਸਾਨ (ਆਪ ਕਰਨਾ) ਹੈ। (ਸੁਖ਼ਨ ਦੇਣੇ ਤੇ ਪਾਲਣੇ ਨਾ, ਆਪਣੀ ਹਾਨੀ ਆਪ ਕਰ ਲੈਣੀ ਹੈ)।
69. ਮਜ਼ਨ ਤੇਗ਼ ਬਰ ਖੂਨਿ ਕਸ ਬੇਦਰੇਗ਼॥
ਤੁਰਾ ਨੀਜ਼ ਖੂਨ ਅਸਤ ਬਾ ਚਰਖ਼ ਤੇਗ਼॥
ਕਿਸੇ ਦਾ ਖੂਨ ਕਰਨ ਲਈ ਬੇਦਰੇਗ਼ ਹੋਕੇ ਤਲਵਾਰ ਨਾ ਚਲਾ, (ਨਹੀਂ ਤਾਂ) ਤੇਰਾ ਬੀ ਅਸਮਾਨ ਦੀ ਤਲਵਾਰ ਖੂਨ ਕਰੇਗੀ।'
70. ਤੂ ਗਾਫ਼ਲ ਮਸ਼ਉ ਮਰਦ ਯਜ਼ਦਾਂ ਸ਼ਿਨਾਸ॥
ਕਿ ਓ ਬੇਨਿਆਜ਼ਸਤ ਓ ਬੇ ਸਿਪਾਸ॥
ਤੂ ਗ਼ਾਫ਼ਲ ਨਾ ਹੋ ਹੇ ਮਰਦ! ਰੱਬ ਨੂੰ ਪਛਾਣ, ਉਹ ਬੇਲੋੜ ਹੈ ਤੇ ਕਿਸੇ ਖੁਸ਼ਾਮਦ ਦੀ ਲੋੜ ਨਹੀਂ ਰਖਦਾ।
71. ਕਿ ਓ ਬੇ ਮੁਹਾਬਸਤੁ ਸ਼ਾਹਾਨ ਸ਼ਾਹ॥
ਜ਼ਮੀਨੋ ਜ਼ਮਾਂ ਰਾ ਸੱਚਹਏ' ਪਾਤਸ਼ਾਹ॥
ਹਾਂ, ਉਹ ਨਿਰਭਉ ਹੈ, ਸ਼ਾਹਾਂ ਦਾ ਸ਼ਾਹ ਹੈ, ਜ਼ਮੀਨ ਤੇ ਅਸਮਾਨ' ਦਾ ਬੀ ਉਹੀ ਪਾਤਸ਼ਾਹ ਹੈ।
72. ਖ਼ੁਦਾਵੰਦ ਏਜ਼ਦ ਜ਼ਮੀਨੋ ਜ਼ਮਾਂ॥
ਕੁਨਿੰਦਸਤ ਹਰ ਕਸ਼ ਮਕੀਨੋ ਮਕਾਂ॥
ਉਹ ਖ਼ੁਦਾਵੰਦ ਹੈ (ਆਪਣੇ ਆਪ ਤੋਂ ਹੈ ਤੇ ਮਾਲਕ ਹੈ) ਪਰ ਜ਼ਮੀਨ
______________________
1. ਦੋ ਪਾਠ ਹਨ:-ਤੁਰਾ ਨੀਜ਼ ਖੂਨ ਅਸਤ ਬਾ ਚਰਖ ਤੇਗ਼= ਅਸਮਾਨ ਦੀ ਤਲਵਾਰ ਤੋਂ ਤੇਰਾ ਬੀ ਖੂਨ ਹੈ। (2) ਤੁਰਾ ਨੀਜ਼ ਖੂ ਚਰਖ ਰੋਜ਼ਦ ਬ ਤੇਗ਼=ਤੇਰਾ ਖੂਨ ਵੀ ਅਸਮਾਨ ਤਲਵਾਰ ਨਾਲ ਕਰੇਗਾ।
2 ਪਾ:-'ਸ਼ਿਨਾਸ' ਦੀ ਥਾਂ 'ਹਿਰਾਸ'। ਅਰਥ:-ਹੇ ਮਰਦ ਤੂੰ ਗਾਫ਼ਲ ਨਾ ਹੋ ਰੱਬ ਤੋਂ ਡਰ ਕਿ ਉਹ ਬੇਲੋੜ ਹੈ ਕਿਸੇ ਖੁਸ਼ਾਮਦ ਤੋਂ।
3. ਪਾ:-ਹਮੂੰ, ਸੱਚਾ ਏ।
4. ਜ਼ਮਾਂ=ਸਮਾਂ। ਪਰ ਜਦ 'ਜ਼ਿਮੀਂ' ਦੇ ਨਾਲ ਇਹ ਆਵੇ ਤਾਂ ਅਰਥ 'ਅਸਮਾਨ' ਲੈਂਦੇ ਹਨ।
ਅਸਮਾਨ ਦਾ (ਪੈਦਾ ਕਰਨੇ ਵਾਲਾ) ਰੱਬ ਹੈ ਤੇ ਉਹ ਹਰ ਅਸਥਾਨ (ਤੇ ਉਸ ਵਿਚ) ਰਹਿਣੇ ਵਾਲੇ ਦਾ ਕਰਤਾਰ ਹੈ।
73. ਹਮ ਅਜ਼ ਪੀਰ ਮੋਰੋ ਹਮ ਅਜ਼ ਪੀਲਤਨ॥
ਕਿ ਆਜਜ਼ ਨਵਾਜ਼ਸਤ ਗਾਫ਼ਲ ਸ਼ਿਕਨ॥
ਹਾਂ ਬੁੱਢੀ (ਕਮਜ਼ੋਰ) ਕੀੜੀ ਤੋਂ ਲੈ ਕੇ ਹਾਥੀ ਵਰਗੇ (ਪੁਸ਼ਟ) ਸਰੀਰ ਵਾਲਿਆਂ (ਸਾਰਿਆਂ ਦਾ ਕਰਤਾ ਬੀ ਉਹੀ ਹੈ ਤੇ) ਉਹੀ ਆਜਿਜ਼ਾਂ (ਨਿਤਾਣਿਆਂ) ਨੂੰ ਵਡਿਆਉਣ ਵਾਲਾ ਹੈ ਤੇ (ਉਹੀ) ਗਾਫ਼ਲਾਂ ਨੂੰ ਮਾਰਨੇ ਵਾਲਾ ਹੈ।
74. ਕਿ ਓਰਾ ਚੁ ਇਸਮਅਸਤ ਆਜਜ਼ ਨਿਵਾਜ਼॥
ਕਿ ਓ ਬੇ ਸਿਪਾਸ ਅਸਤ ਓ ਬੇ ਨਿਆਜ਼॥
ਕਿਉਂਕਿ ਉਸ ਦਾ ਨਾਮ ਦੀਨਾ ਬੰਧੂ ਹੈ (ਇਸ ਕਰ ਕੇ) ਓਹ ਕਿਸੇ ਤੋਂ ਕੁਛ ਲੋੜ ਨਹੀਂ ਰਖਦਾ ਤੇ ਓਹ ਬੇਪਰਵਾਹ ਹੈ।
75. ਕਿ ਓ ਬੇਨਗੂੰ ਅਸਤੁ ਓ ਬੇਚਗੂੰ॥
ਕਿ ਓ ਰਹਨੁਮਾਅਸਤ ਓ ਰਹਨ ॥
ਹਾਂ, ਉਹ (ਰੱਬ) ਅਝੁਕ ਹੈ ਤੇ ਉਹ ਵਰਣਨ ਨਹੀਂ ਹੋ ਸਕਦਾ।' ਹਾਂ, ਉਹੀ ਰਸਤਾ ਦੱਸਣੇ ਵਾਲਾ ਹੈ ਉਹੀ ਰਸਤੇ ਪਾਉਣ ਵਾਲਾ ਹੈ।"
76. ਕਿ ਬਰ ਸਰ ਤੁਰਾ ਫ਼ਰਜ਼ ਕਸਮੇ ਕੁਰਾਂ॥
ਬਗੁਫ਼ਤਹ ਸ਼ੁਮਾ ਕਾਰ ਖੂਬੀ ਰਸਾਂ॥
ਕਿਉਂਕਿ ਤੇਰੇ ਸਿਰ ਉਤੇ ਕੁਰਾਨ ਦੀ ਸਹੁੰ ਦਾ ਭਾਰ ਹੈ (ਤੇ ਭਾਰ ਹੈ ਤੇਰੇ ਸਿਰ ਤੇ) ਤੇਰੇ (ਕੀਤੇ) ਸੁਖ਼ਨ ਦਾ, (ਹੁਣ ਤੇਰਾ) ਕੰਮ ਹੈ (ਉਨ੍ਹਾਂ ਨੂੰ ਕਿਸੇ) ਖੂਬੀ ਤੇ ਪਹੁੰਚਾ।'
_______________________
1. ਨਿਗੂੰ = ਜੋ ਨੀਵਾਂ ਯਾ ਉਲਟਾ ਨਾ ਹੋਵੇ, ਅਝੁਕ। ਚਗੂੰ= ਕਿਸ ਤਰ੍ਹਾਂ, ਕਿਸ ਭਾਂਤ ਦਾ, ਜਿਸ ਦੀ ਬਾਬਤ ਇਹ ਨਾ ਕਿਹਾ ਜਾ ਸਕੇ ਕਿ ਓਹ ਕਿਸ ਤਰ੍ਹਾਂ ਦਾ ਹੈ।
2. 'ਰਹਨੁਮਾ' ਤੇ 'ਰਹਨਮੂ ਦੇ ਲਗ ਪਗ ਇਕੋ ਅਰਥ ਹਨ, ਭਾਵ ਜ਼ੋਰ ਦੇਣ ਤੋਂ ਹੈ ਕਿਉਂਕਿ ਉਸ ਰਾਤ ਚਮਕੌਰ ਤੋਂ ਰਾਹ ਖਹਿੜੇ ਛੱਡ ਕੇ ਝੱਲਾਂ ਤੇ ਬਨਾਂ ਨੂੰ ਚੀਰਦੇ ਗੁਰੂ ਜੀ ਮਾਛੀਵਾੜੇ ਅੱਪੜੇ ਸੇ, ਰਸਤਾ ਦੱਸਣਾ ਤੇ ਰਸਤੇ ਸਿਰ ਲਈ ਜਾਣਾ ਰੱਬ ਦਾ ਕੰਮ ਸੀ।
3. ਅਥਵਾ, ਆਪਣੇ ਕਹੇ ਨੂੰ ਕਿਸੇ ਖੂਬੀ ਨਾਲ ਸਫ਼ਲ ਕਰ।
77. ਬਬਾਯਦ ਤੂ ਦਾਨਸ਼ ਪਰਸਤੀ ਕੁਨੀ॥
ਬਕਾਰੇ ਸ਼ੁਮਾ ਚੀਰਹ ਦਸਤੀ ਕੁਨੀ॥
ਚਾਹੀਦਾ ਹੈ ਕਿ ਤੂੰ (ਹੁਣ) ਅਕਲਮੰਦੀ ਦੀ ਪਾਲਣਾ ਕਰੇਂ (ਇਹ ਤੇਰਾ ਆਪਣਾ ਕੰਮ ਹੈ, ਇਸ) ਅਪਣੇ ਕੰਮ ਵਿਚ (ਲੋੜੀਦਾ ਹੈ ਕਿ) ਤੂੰ ਬਲਵਾਨਤਾ ਕਰੇਂ (ਪਰ ਅਕਲ ਨਾਲ)'।
78. ਚਿਹਾ ਖ਼ੁਦ ਕਿ ਚੂੰ ਬੱਚਗਾਂ ਕੁਸ਼ਤਹ ਚਾਰ॥
ਕਿ ਬਾਕੀ ਬਿਮਾਂਦਸਤ ਪੇਚੀਦਹ ਮਾਰ॥
ਭਾਵੇਂ ਮੇਰੇ ਚਾਰ ਬੱਚੇ ਮਾਰੇ ਗਏ ਹਨ (ਇਸ ਨਾਲ ਪਰ) ਕੀਹ ਹੋਇਆ, ਜਦੋਂ ਕਿ ਵਲਦਾਰ ਸੱਪ ਬਾਕੀ ਰਹਿ ਗਿਆ ਹੈ।
79. ਚਿਹ ਮਰਦੀ ਕਿ ਅਖ਼ਗਰ ਖ਼ਮੋਸ਼ਾਂ ਕੁਨੀ॥
ਕਿ ਆਤਸ਼ਦਮਾਂ ਰਾ ਬਦਉਰਾਂ ਕੁਨੀ॥
ਇਹ ਕੀ ਮਰਦਾਨਗੀ ਹੈ ਕਿ (ਜੀਵਨ ਦੇ) ਚੰਗਿਆੜਿਆਂ ਨੂੰ ਬੁਝਾ ਰਿਹਾ ਹੈਂ, ਪਰ ਭੜਕਦੀ ਅੱਗ ਨੂੰ ਹੋਰ ਤੇਜ਼ ਕਰ ਰਿਹਾ ਹੈਂ।
80. ਚਿਹ ਖੁਸ਼ ਗੁਫ਼ਤ ਫਿਰਦੌਸੀਏ ਖੁਸ਼ ਜ਼ੁਬਾਂ॥
ਸ਼ਿਤਾਬੀ ਬਵਦ ਕਾਰੇ ਆਹਰਮਨਾ॥
ਸੁਹਣੀ ਰਸਨਾ ਵਾਲੇ (ਪ੍ਰਬੀਨ ਕਵੀ) ਫਿਰਦੌਸੀ ਨੇ ਕਿਹੀ ਸੁਹਣੀ ਗੱਲ ਆਖੀ ਹੈ ਕਿ ਕਾਹਲੀ ਕਰਨੀ ਸ਼ੈਤਾਨਾਂ ਦਾ ਕੰਮ ਹੈ, (ਛੋਟੇ ਸਾਹਿਬਜ਼ਾਦਿਆਂ ਦੇ ਕਤਲ ਵੱਲ ਇਸ਼ਾਰਾ ਹੈ।)
______________________
1. ਭਾਵ ਨਿਡਰ ਹੋ ਕੇ ਜ਼ੋਰ ਨਾਲ ਨਿਆਂ ਤੇ ਅਕਲ ਦਾ ਕੰਮ ਕਰੇਂ। ਚੀਰਹ ਦਸਤੀ-ਗ਼ਲਬੇ ਨਾਲ ਕੰਮ ਕਰਨਾ।
2. ਬਾਜ਼ੇ ਸਮਝਦੇ ਹਨ ਕਿ ਆਪਣੀ ਵਲ ਇਸ਼ਾਰਾ ਹੈ, ਪਰ ਅਗਲੇ ਸ਼ਿਅਰ ਤੋਂ ਸ਼ੁਬਹ ਨਹੀਂ ਰਹਿ ਜਾਂਦਾ ਕਿ ਮਤਲਬ ਖਾਲਸੇ ਤੋਂ ਹੈ। ਗੁਰੂ ਜੀ ਨੌਜਵਾਨ ਖ਼ਾਲਸੇ ਨੂੰ ਭੁਜੰਗੀ ਕਿਹਾ ਕਰਦੇ ਸਨ, ਜਿਸ ਦਾ ਅਰਥ ਸੱਪ ਹੈ। 'ਮਾਰ ਪੇਚੀਦਾ' ਦੀ ਮੁਰਾਦ ਜ਼ੰਜੀਰ ਦੀ ਹੁੰਦੀ ਹੈ। ਲੁਗਾਤੇ ਕਿਸ਼ਵਰੀ)। ਸਾਹਿਬਜ਼ਾਦੇ ਤਾਂ ਮਾਰੇ ਗਏ ਫਰਦਨ ਫਰਦਨ, ਪਰ ਖਾਲਸਾ ਤਾਂ ਜ਼ੰਜੀਰ ਹੈ, ਜੋ ਖਤਮ ਨਹੀਂ ਹੋਣਾ।
3. ਸਾਹਿਬਜ਼ਾਦਿਆਂ ਨੂੰ 'ਅਖ਼ਗਰ' ਕਿਹਾ ਹੈ ਤੇ ਖਾਲਸੇ ਨੂੰ ਭੜਕਦੀ ਅੱਗ ਜੋ ਉਸਦੇ ਜ਼ੁਲਮਾਂ ਨਾਲ ਹੋਰ ਵਧੇਗੀ। ਸਪੁੱਤ੍ਰਾਂ ਨੇ ਆਖ਼ਰ ਜਗਤ ਤੋਂ ਟੁਰ ਜਾਣਾ ਸੀ, ਪਰ ਖਾਲਸੇ ਨੇ ਤਾਂ ਜਗਤ ਪਰ ਸਦਾ ਰਹਿਣਾ ਹੈ। ਜੋ ਭੜਕਦੀ ਅੱਗ ਹੈ ਤੁਰੇ ਰਹਿਣ ਵਾਲੀ।
81. ਕਿ ਮਾ ਬਾਰਗਹਿ ਹਜ਼ਰਤ ਆਯਮ ਸ਼ੁਮਾ॥
ਅਜ਼ਾਂ ਰੋਜ਼ ਬਾਸ਼ੀ ਵ ਸ਼ਾਹਿਦ ਸ਼ੁਮਾ॥
ਕਿ ਮੈਂ ਆਵਾਂਗਾ ਵਿਚ ਕਚਹਿਰੀ ਤੁਸਾਡੇ ਰੱਬ ਦੀ) ਹਜ਼ੂਰੀ ਵਿਚ, ਉਸ ਦਿਨ ਮੈਂ ਤੁਹਾਡਾ ਸਰਦਾਰ ਤੇ ਉਗਾਹ (ਹੋਵਾਂਗਾ)।
82. ਵਗਰਨਹ ਤੂ ਈਂ ਹਮ ਫ਼ਰਾਮੁਸ਼ ਕੁਨਦ॥
ਤੁਰਾ ਹਮ ਫ਼ਰਾਮੋਸ਼ ਯਜ਼ਦਾਂ ਕੁਨਦ॥
ਜੇਕਰ ਤੂੰ ਇਸ (ਇਨਸਾਫ਼ ਦੇ ਕੰਮ ) ਨੂੰ ਬੀ (ਇਸ ਵੇਲੇ) ਭੁਲਾ ਦੇਂਦਾ ਹੈਂ ਤਾਂ (ਜਾਣ ਲੈ ਕਿ) ਤੈਨੂੰ ਬੀ ਖ਼ੁਦਾ ਭੁਲਾ ਦੇਵੇਗਾ।
83. ਅਗਰ ਕਾਰ ਈਂ ਬਰ ਤੋ ਬਸਤੀ ਕਮਰ॥
ਖ਼ੁਦਾਵੰਦ ਬਾਅਦ ਤੁਰਾ ਬਹਿਰਾਵਰ॥
ਪਰ ਜੇ ਤੂੰ ਇਸ (ਹੁਣ ਇਨਸਾਫ਼ ਕਰਨ ਦੇ) ਕੰਮ ਤੇ ਲੱਕ ਬੰਨ੍ਹ ਲਿਆ ਤਦ ਰੱਬ ਤੈਨੂੰ ਖੁਸ਼ਕਿਸਮਤ (ਕਰਨ ਵਾਲਾ) ਹੋਵੇਗਾ।
84. ਕਿ ਈਂ ਕਾਰ ਨੇਕ ਅਸਤੁ ਦੀ ਪਰਵਰੀ॥
ਚੁ ਯਜ਼ਦਾਂ ਸ਼ਨਾਸੀ ਬਜਾਂ ਬਰਤਰੀ॥
ਕਿਉਂਕਿ ਇਹ ਕੰਮ ਨੇਕ ਕੰਮ ਹੈ, ਹਾਂ, ਦੀਨ ਪਰਸਤੀ ਦਾ (ਇਹ ਕੰਮ) ਹੈ, ਜੇ ਤੂੰ ਰੱਬ ਨੂੰ ਪਛਾਣਦਾ ਹੈਂ ਤਾਂ (ਇਸ ਕੰਮ ਨੂੰ) ਜਾਨ ਨਾਲੋਂ ਬੀ ਉੱਚਤਾ ਦੇਹ (ਭਾਵ ਪ੍ਯਾਰ ਕਰ)।
85. ਤੁਰਾ ਮਨ ਨ ਦਾਨਮ ਕਿ ਯਜ਼ਦਾਂ ਸ਼ਨਾਸ॥
ਬਰਾਮਦ ਜ਼ਿ ਤੋ ਕਾਰਹਾ ਦਿਲ ਖ਼ਰਾਸ਼॥
ਤੇਰੇ ਕੋਲੋਂ (ਹੁਣ ਤਕ) ਦਿਲ ਦੁਖਾਉਣ ਵਾਲੇ ਅਨੇਕਾਂ ਕੰਮ ਹੋਏ ਹਨ, (ਇਸ ਲਈ) ਤੈਨੂੰ ਮੈਂ ਰੱਬ ਨੂੰ ਪਛਾਣਨੇ ਵਾਲਾ ਨਹੀਂ ਸਮਝਦਾ।
______________________
1. ਹਜ਼ਰਤ=ਹਜ਼ੂਰੀ, (ਰੱਬ ਤੋਂ ਬੀ ਮੁਰਾਦ ਹੈ) । (ਅੰਕ 83 ਵਿਚ 'ਖ਼ੁਦਾਵੰਦ' ਕਿਹਾ ਹੈ)। ਬਾਸ਼ੀ=ਸਰਦਾਰ। ਸ਼ਾਹਿਦ=ਉਗਾਹ। (ਅ) ਬਾਸ਼ੀ=ਹੋਵੇਗਾ। ਉਸ ਦਿਨ ਤੂੰ ਹੋਵੇਂਗਾ ਤੇ (ਮੈਂ) ਤੇਰਾ ਉਗਾਹ ਹੋਵਾਂਗਾ।
2. ਬਹਿਰਾਵਰ=ਖ਼ੁਸ਼ ਨਸੀਬ, ਖੁਸ਼ ਕਿਸਮਤ।
3. ਪਾ:-ਪੁਰ ਖ਼ਰਾਸ਼।
86. ਸ਼ਨਾਸਦ ਹਮੀਂ ਤੋ ਨ ਯਜ਼ਦਾਂ ਕਰੀਮ॥
ਨ ਖ਼ਾਹਦ ਹਮੀਂ ਤੋ ਬਦੌਲਤ ਅਜ਼ੀਮ॥
ਇਸ ਕਰਕੇ' ਕ੍ਰਿਪਾਲੂ ਰੱਬ ਤੈਨੂੰ ਬੀ ਨਹੀਂ ਪਛਾਣਦਾ ਤੇ ਇਸੇ ਕਰਕੇ ਤੈਨੂੰ ਤੇਰੀ ਇਤਨੀ ਬੜੀ ਦਉਲਤ ਸਣੇ ਨਹੀਂ ਚਾਹੁੰਦਾ, (ਭਾਵ ਤੈਨੂੰ ਕਬੂਲਦਾ ਨਹੀਂ)।
87. ਅਗਰ ਸਦ ਕੁਰਾਂ ਰਾ ਬਖ਼ੁਰਦੀ ਕਸਮ॥
ਮਰਾ ਐਤਬਾਰੇ ਨ ਈਂ ਰਹ ਦਮ॥
ਜੇਕਰ (ਹੁਣ ਤੂੰ) ਕੁਰਾਨ ਦੀਆਂ ਸੌ ਕਸਮਾਂ ਬੀ ਖਾਧੀਆਂ (ਭਾਵੇਂ ਖਾਵੇਂ) ਤਾਂ ਮੈਨੂੰ ਉਨ੍ਹਾਂ ਪਰ ਰਤੀ ਜਿੰਨਾ ਇਤਬਾਰ ਇਕ ਛਿਨ ਲਈ ਭੀ ਨਹੀਂ (ਆ ਸਕਦਾ। ਭਾਵ ਜੇ ਸਹੁੰਵਾਂ ਖਾਕੇ ਸੱਦੇਂ ਤਾਂ ਮੈਂ ਨਹੀਂ ਆਵਾਂਗਾ)।
88. ਹਜ਼ੂਰੀ ਨਿਆਯਮ ਨ ਈਂ ਰਾਹ ਸ਼ਵਮ॥
ਅਗਰ ਸ਼ਾਹ ਬਖ਼ਾਹਦ ਨ ਆਂਜਾ ਰਵਮ॥
ਨਾ ਮੈਂ ਤੇਰੇ ਪਾਸ ਆਵਾਂਗਾ ਨਾ ਇਸ ਰਸਤੇ ਹੀ ਪਵਾਂਗਾ। ਜਿੱਥੇ ਸ਼ਾਹ ਚਾਹੇਗਾ ਉੱਥੇ ਨਹੀਂ ਜਾਵਾਂਗਾ।
ਹੁਣ ਤਕ ਔਰੰਗਜ਼ੇਬ ਦੀ ਬੇਇਨਸਾਫ਼ੀ, ਕਪਟ ਤੇ ਅਧਰਮ ਆਦਿ ਬਦੀਆਂ ਉਸਨੂੰ ਨਿਧੜਕ ਹੋ ਕੇ ਦੱਸੀਆਂ ਹਨ, ਪਰ ਉਸ ਵਿਚ ਗੁਣ ਬੀ ਸੇ, ਉਹ ਕਿਸੇ ਗੁੱਸੇ ਦੇ ਰੌ ਵਿਚ ਭੁਲਾਏ ਨਹੀਂ, ਹੁਣ ਉਨ੍ਹਾਂ ਦਾ ਜ਼ਿਕਰ ਕਰਦੇ ਹਨ, ਨਾ ਡਰਦੇ ਹਨ ਨਾ ਸੱਚ ਨੂੰ ਲੁਕਾਉਂਦੇ ਹਨ।
89. ਖੁਸ਼ਸ਼' ਸ਼ਾਹ ਸ਼ਾਹਾਨ ਅਉਰੰਗਜ਼ੇਬ॥
ਕਿ ਚਾਲਾਕ ਦਸਤਸਤ ਚਾਬਕ ਰਕੇਬ॥
ਸ਼ਾਹਾਂ ਦਾ ਸ਼ਾਹ ਔਰੰਗਜ਼ੇਬ ਭਾਗਾਂ ਵਾਲਾ ਹੈ, (ਤਲਵਾਰ ਚਲਾਉਣ ਵਿਚ) ਪ੍ਰਬੀਨ ਹੱਥਾਂ ਵਾਲਾ ਹੈ, ਤੇ ਘੋੜ ਅਸਵਾਰੀ ਵਿਚ ਲਾਇਕ ਹੈ।
______________________
1. ਹਮੀਂ=ਇਸ ਕਰਕੇ।
2. ਪਾ:-ਅਗਰ ਸ਼ਾਹ ਬਖਾਹਦ ਮਨ ਆਂ ਜਾ ਰਵਮ- ਮੈਂ ਉਸ ਥਾਂ ਜਾਵਾਂਗਾ, ਜਿੱਥੇ ਰੱਬ ਚਾਹੇਗਾ। ਇਉਂ ਬੀ ਅਰਥ ਕਰਦੇ ਹਨ-ਜੇ ਰੱਬ ਚਾਹੇ ਤਾਂ ਉਸ ਥਾਂ ਜਾਵਾਂਗਾ।
3.ਪਾ: = ਖੁਸ਼ਸ਼।
90. ਕਿ ਹੁਸਨਲ ਜਮਾਲ ਅਸਤੁ ਰਉਸ਼ਨ ਜ਼ਮੀਰ॥
ਖ਼ੁਦਾਵੰਦ ਮੁਲਕ ਅਸਤੁ ਸਾਹਿਬ ਅਮੀਰ॥
ਕਿ ਰੂਪ ਦਾ ਸੁੰਦਰ ਹੈ, ਤਿੱਖੀ ਬੁਧੀ ਵਾਲਾ ਹੈ। ਦੇਸ਼ ਦਾ ਮਾਲਕ ਹੈ ਤੇ ਅਮੀਰਾਂ (ਸਰਦਾਰਾਂ ਯਾ ਹੁਕਮ ਕਰਨ ਵਾਲਿਆਂ) ਦਾ ਬੀ ਸਾਹਿਬ ਹੈ।
91. ਬ ਤਰਤੀਬ ਦਾਨਸ਼ ਬਤਦਬੀਰ ਤੇਗ਼॥
ਖ਼ੁਦਾਵੰਦਿ ਦੇਗ਼ੋ ਖੁਦਾਵੰਦ ਤੇਗ਼॥
ਤਲਵਾਰ ਦੀ ਜੁਗਤ ਨਾਲ ਤੇ ਦਨਾਈ ਦੀ ਵਿਧੀ ਨਾਲ (ਤੂੰ ਕੰਮ ਕਰ ਰਿਹਾ ਹੈਂ, ਇਸ ਕਰਕੇ ਤੂੰ ਦੇਗ ਤੇ ਤੇਗ ਦਾ ਮਾਲਿਕ ਹੋ ਰਿਹਾ ਹੈਂ।”
92. ਕਿ ਰਊਸ਼ਨ ਜ਼ਮੀਰ ਅਸਤ ਹੁਸਨਲ ਜਮਾਲ॥
ਖ਼ੁਦਾਵੰਦਿ ਬਖਸ਼ਿੰਦਰ ਏ ਮੁਲਕੁ ਮਾਲ॥
ਹਾਂ, ਦਾਨਸ਼ਮੰਦ (ਅਕਲ ਵਾਲਾ) ਹੈ, ਰੂਪ ਦਾ ਸੁਹਣਾ ਹੈ, ਮੁਲਕ ਤੇ ਮਾਲ ਦਾ ਮਾਲਕ (ਬੀ) ਹੈ ਤੇ ਬਖਸ਼ਣ ਵਾਲਾ ਬੀ ਹੈ।
93. ਕਿ ਬਖਸ਼ਿਸ਼ ਕਬੀਰ ਅਸਤ ਦਰ ਜੰਗ ਕੋਹ॥
ਮਲਾਯਕ ਸਿਫਤ ਚੂੰ ਸੁਰੱਯਾ ਸ਼ਕੋਹ॥
ਬਖਸ਼ਿਸ਼ ਵਡੀ ਹੈ ਤੇ ਜੰਗ ਵਿਚ ਪਹਾੜ (ਤੁੱਲ) ਹੈ, ਤਾਕਤਵਰੀ ਸਿਫ਼ਤ ਹੈ, ਪ੍ਰਤਾਪ ਤੇਰਾ ਖਿੱਤੀਆਂ ਤਕ ਹੈ (ਮਾਨੋ) ।
_____________________
1. ਰੌਸ਼ਨ ਜ਼ਮੀਰ = ਦਾਨਸ਼ਮੰਦ। (ਜਮੀਰ=ਦਿਲ। ਰੋਸ਼ਨ = ਚਾਨਣੇ ਵਾਲਾ)
2. ਤੇਗ਼ ਤੋਂ ਮੁਰਾਦ ਜੰਗੀ ਤਾਕਤਾਂ ਤੇ ਸਾਮਾਨਾਂ ਦੀ ਹੈ। ਦੇਗ ਤੋਂ ਮੁਰਾਦ ਖ਼ਜਾਨੇ ਤੇ ਮਾਲ ਆਦਿ ਹੈ।
3. ਮਲਾਯਕ-ਫ਼ਰਿਸ਼ਤੇ। ਅਰਬੀ ਵਿਚ 'ਮ 'ਲ' 'ਕ' ਵਾਲੇ ਹਰਫ਼ ਤੋਂ ਜੋ ਪਦ ਬਣੇ ਉਸ ਵਿਚ ਤਾਕਤ, ਕੁੱਵਤ ਦੇ ਅਰਥ ਜ਼ਰੂਰ ਹੋਣਗੇ। ਪ੍ਰਤਾਪ ਜਦ ਖਿੱਤੀਆਂ ਤਕ ਕਿਹਾ ਤਾਂ ਮਲਾਯਕ ਦਾ ਭਾਵ ਫ਼ਰਿਸ਼ਤੇ ਦੀ ਨੇਕੀ ਨਹੀਂ, ਪਰ ਉਸਦੀ ਤਾਕਤ ਤੋਂ ਹੀ ਹੈ।
94. ਸ਼ਹਨਸ਼ਾਹ ਅਉਰੰਗ ਜੇਬ ਆਲਮੀਂ॥
ਕਿ ਦਾਰਾਇ ਦਉਰ ਅਸਤੁ ਦੂਰ ਅਸਤ ਦੀਂ॥
ਤੂੰ ਜਹਾਨ ਦੇ ਤਖ਼ਤ ਨੂੰ ਸ਼ੋਭਾ ਦੇਣ ਵਾਲਾ ਸ਼ਹਿਨਸ਼ਾਹ ਹੈ। ਜ਼ਮਾਨੇ ਦਾ ਤੂੰ ਪਾਤਸ਼ਾਹ ਹੈ, ਪਰ ਦੀਨ ਤੈਥੋਂ ਦੂਰ ਹੈ। (ਐਡਾ ਪਾਤਸ਼ਾਹ ਹੋਕੇ ਤੂੰ ਦੀਨ ਤੇ ਕਾਬੂ ਨਹੀਂ ਪਾ ਸਕਿਆ)
ਅਗੇ ਹੁਣ ਰੱਬ ਦੀ ਮਿਹਰ ਨਾਲ ਆਪਣੇ ਬਚਾਉ, ਰੱਬ ਦੀ ਸਿਫ਼ਤ ਤੇ ਔਰੰਗਜ਼ੇਬ ਦੇ ਅਧਰਮ ਦੇ ਕਥਨ ਚਲਦੇ ਹਨ :-
95. ਮਨਮ ਕੁਸ਼ਤਨਮ ਕੋਹੀਆਂ ਬੁਤ ਪਰਸਤ॥
ਕਿ ਓ ਬੁਤ ਪਰਸਤੰਦੁ ਮਨ ਬੁਤ ਸ਼ਿਕਸਤ॥
ਮੇਰੀ (ਲੜਾਈ ਤੇ ਮਰਨਾ) ਮਾਰਨਾ ਬੁੱਤਪ੍ਰਸਤ ਪਹਾੜੀਆਂ ਨਾਲ ਸੀ,' ਪਹਾੜੀਏ ਬੁਤਪ੍ਰਸਤ ਹਨ, ਮੈਂ ਬੁਤ ਸ਼ਿਕਨ ਹਾਂ।"
96. ਬਬੀਂ ਗਰਦਸ਼ੇ ਬੇਵਫ਼ਾਈਏ ਜ਼ਮਾਂ
ਪਸੇ ਪੁਸ਼ਤ ਉਫ਼ਤਦ ਰਸਾਨਦ ਜ਼ਿਯਾਂ॥
(ਦੇਖ ਜ਼ਮਾਨੇ ਦੀ) ਬੇਵਫ਼ਾਈ (ਬੇ ਅਸੂਲੀ, ਅਧਰਮ) ਜਿਸ ਦੇ ਪਿੱਛੇ ਪੈ ਜਾਵੇ ਉਸਦਾ ਨੁਕਸਾਨ ਕਰਦਾ ਹੈ।
97. ਬਬੀਂ ਕੁਦਰਤੇ ਨੇਕ ਯਜ਼ਦਾਨਿ ਪਾਕ॥
ਕਿ ਅਜ਼ ਯਕ ਬਦਹਲਕ ਰਸਾਂਨਦ ਹਲਾਕ॥
(ਪਰ ਨਾਲ) ਦੇਖ ਉਸ ਪਵਿੱਤ੍ਰ ਤੇ ਨੇਕ ਰਬ ਦੀ ਕੁਦਰਤ ਕਿ ਇਕ ਪਾਸੋਂ ਦਸ ਲਖ ਨੂੰ ਹਲਾਕਤ' ਪੁਚਾਉਂਦਾ ਹੈ।
____________________
1. ਇਸ ਸ਼ਿਅਰ ਦਾ ਪਾਠਾਂਤ੍ਰ ਭੇਦ ਹੈ-ਮਨਮ ਕੁਸ਼ਤਨਮ ਕੋਹੀਆਂ ਪੁਰ ਫ਼ਿਤਨ। ਕਿ ਆਂ ਬੁਤ ਪਰਸਤੰਦੇ ਮਨ ਬੁਤ ਸ਼ਿਕਨ।
2. ਇਸ ਤੇ ਅਗਲੇ ਸ਼ਿਅਰ ਵਿਚ ਔਰੰਗਜ਼ੇਬ ਨੂੰ ਤਨਜ਼ ਦਿੱਤੀ ਹੈ ਕਿ ਤੂੰ ਖ਼ੁਦਾ ਪਰਸਤ ਨਹੀਂ, ਜੇ ਹੁੰਦਾ ਤਾਂ ਖੁਦਾ ਪਰਸਤਾਂ ਦੀ ਮਦਦ ਕਰਦਾ, ਨਾਕਿ ਬੁਤ ਪਰਸਤਾਂ ਦੀ।
3. ਹਲਾਕ (ਹਲਾਕਤ) = ਜਾਯਾ ਕਰਨਾ, ਮਾਰਨਾ, ਨੁਕਸਾਨ, ਮੌਤ।
98. ਚਿਹ ਦੁਸ਼ਮਨ ਕੁਨਦ ਮਿਹਰਬਾਨਸਤ ਦੋਸਤ॥
ਕਿ ਬਖ਼ਸ਼ਿੰਦਗੀ ਕਾਰਿ ਬਖਸ਼ਿੰਦਹ ਓਸਤ॥
ਦੁਸ਼ਮਨ ਕੀਹ ਕਰ ਸਕਦਾ ਹੈ (ਜਦ) ਦੋਸਤ (ਪਰਮੇਸ਼ਰ)ਮਿਹਰਬਾਨ ਹੈ। ਕਿਉਂਕਿ ਉਸ ਬਖਸ਼ਨਹਾਰ ਦਾ ਕੰਮ (ਹੀ) ਬਖਸ਼ਸ਼ ਹੈ।
99. ਰਿਹਾਈ ਦਿਹੋ ਰਹਨੁਮਾਈ ਦਿਹਦ॥
ਜ਼ੁਬਾਂ ਰਾ ਬ ਸਿਫਤ ਆਸ਼ਨਾਈ ਦਿਹਦ॥
(ਉਹ ਮਿਤ੍ਰ ਬੰਦੀ ਵਿਚੋਂ) ਛੁਟਕਾਰਾ ਦੇਣ ਵਾਲਾ ਹੈ (ਤੇ ਔਝੜਾਂ ਵਿਚ) ਰਸਤੇ ਦਿਖਾਲਣ (ਦੀ ਦਾਤ) ਦੇਂਦਾ ਹੈ (ਤੇ ਛੁਟਕਾਰਾ ਪਾ ਟਿਕਾਣੇ ਪੁੱਜ ਗਿਆਂ ਦੀ) ਰਸਨਾ ਨੂੰ (ਉਸਦੀ) ਸਿਫ਼ਤ ਕਰਨ ਦੀ ਦੋਸਤੀ ਦਾਨ ਕਰਦਾ ਹੈ (=ਸਿਫ਼ਤ ਸਲਾਹ ਬਖਸ਼ਦਾ ਹੈ)।
100. ਖ਼ਸਮ ਰਾ ਚੁ ਕੋਰ ਓ ਕੁਨਦ ਵਕਤੇ ਕਾਰ॥
ਯਤੀਮਾਂ ਬਿਰੂੰ ਬੁਰਦ ਬੇ ਜ਼ਖਮ ਖ਼ਾਰ॥'
ਵੈਰੀਆਂ ਨੂੰ ਓਹ (ਐਨ ਵੈਰ ਦੇ) ਕੰਮ (ਕਾਮਯਾਬੀ ਨਾਲ ਕਰ ਲੈਣ) ਵੇਲੇ ਅੰਨ੍ਹਿਆਂ ਵਾਂਗੂੰ ਕਰ ਦੇਂਦਾ ਹੈ ਤੇ ਅਨਾਥਾਂ ਨੂੰ(ਉਨ੍ਹਾਂ ਦੇ ਘੇਰੇ ਵਿਚੋਂ) ਬਿਨਾ ਕੰਡੇ ਜਿੰਨੇ ਜ਼ਖਮ ਲਗੇ ਦੇ ਬਾਹਰ ਕੱਢ ਲੈ ਜਾਂਦਾ ਹੈ।
101. ਹਰਾਂਕਸ ਕਜ਼ੋ ਰਾਸਤਬਾਜ਼ੀ ਕੁਨਦ॥
ਰਹੀਮੇ ਬਰੋ ਰਹਮ-ਸਾਜ਼ੀ ਕੁਨਦ॥
ਹਰ ਉਹ ਪੁਰਖ ਕਿ ਜੋ (ਸੰਸਾਰ ਵਿਚ) ਸਚਿਆਈ (ਸੱਚ ਦੀ ਕਮਾਈ) ਕਰਦਾ ਹੈ, (ਉਹ) ਰਹਮਤਾਂ ਦਾ ਸਾਈਂ ਉਸ ਨਾਲ ਰਹਮ ਦਾ ਵਰਤਾਉ ਕਰਦਾ ਹੈ।
_____________________
1. ਪਾਠਾਂਤ੍ਰ-ਯਤੀਮਾਂ ਬਿਰੂੰ ਮੇਂ ਬੁਰੱਦ ਬੇ ਆਜ਼ਾਰ-ਯਤੀਮਾਂ ਨੂੰ ਬਿਨਾ ਖੇਚਲ ਪੁੱਜੇ ਦੇ ਬਾਹਰ ਲੈ ਜਾਂਦਾ ਹੈ। ਅ: ਯਤੀਮ-ਜਿਸ ਦਾ ਪਿਤਾ ਨਾ ਹੋਵੇ। ਕਦੇ ਮਾਤਾ ਹੀਣ ਨੂੰ ਬੀ ਕਹਿੰਦੇ ਹਨ। ਦੋਨਾਂ ਦੇ ਨਾ ਹੋਇਆਂ ਤੇ ਬੀ ਇਹ ਪਦ ਵਰਤਦੇ ਹਨ। ਯਤੀਮ ਦਾ ਅਰਥ ਅਦੁਤੀ ਬੀ ਹੋਇਆ ਕਰਦਾ ਹੈ। ਗੁਰੂ ਜੀ ਦਾ ਭਾਵ ਉਸ ਵੇਲੇ ਦੀ ਕਿਸੇ ਸੰਸਾਰਕ ਸਹਾਇਤਾ ਦੀ ਅਣਹੋਂਦ ਦੀ ਦਸ਼ਾ ਸੂਚਤ ਕਰਨੇ ਤੋਂ ਹੈ।
2. ਪਾ:-ਕਿ ਬਰ ਵੈ ਖ਼ੁਦਾ ਰਹਮ ਸਾਜ਼ੀ ਕੁਨਦ।
102. ਕਸੇ ਖ਼ਿਦਮਤ ਆਯਦ ਬਸੇ ਦਿਲੋ ਜਾਂ॥
ਖ਼ੁਦਾਵੰਦ ਬਖ਼ਸ਼ੀਦ ਬਰ ਵੈ ਅਮਾਂ॥'
ਜੇ ਕੋਈ ਦਿਲੋਂ ਜਾਨੋਂ ਹੋ ਕੇ ਉਸ ਦੀ ਸੇਵਾ ਵਿਚ ਹੀ ਬਹੁਤਾ ਰਹੇ, (ਜਾਣ ਲੌ) ਪਰਮੇਸ਼ਰ ਮਾਲਕ ਨੇ ਉਸ ਉਤੇ ਅਮਾਨ ਬਖਸ਼ਸ਼ ਕਰ ਦਿੱਤੀ ਹੈ।
103. ਚਿ ਦੁਸ਼ਮਨ ਕਜ਼ਾਂ ਹੀਲਹ ਸਾਜ਼ੀ ਕੁਨਦ॥
ਅਗਰ ਰਹਨੁਮਾ ਬਰ ਵੈ ਰਾਜ਼ੀ ਸ਼ਵਦ॥
ਵੈਰੀ ਉਸ ਨਾਲ ਕੀ ਚਲਾਕੀਆਂ ਕਰ ਸਕੇਗਾ ਕਿ ਜੇ ਉਸ ਉਤੇ (ਰੱਬ) ਰਸਤਾ ਦੱਸਣੇ ਵਾਲਾ ਰਾਜ਼ੀ ਹੋਵੇ।
104. ਅਗਰ ਬਰ ਯਕ ਆਯਦ ਦਹੋ ਦਹ ਹਜ਼ਾਰ॥
ਨਿਗਹਬਾਨ ਓਰਾ ਸ਼ਵਦ ਕਿਰਦਗਾਰ॥
ਜੇ ਇਕ ਉਤੇ ਇਕ ਲਖ (ਬੀ) ਚੜ੍ਹਾਈ ਕਰਕੇ ਆਵੇ, ਉਸ ਦਾ ਰਾਖਾ ਕਰਤਾਰ ਹੁੰਦਾ ਹੈ।
105. ਤੁਰਾ ਗਰ ਨਜ਼ਰ ਹਸਤ ਲਸ਼ਕਰ ਵ ਜ਼ਰ॥
ਕਿ ਮਾਰਾ ਨਿਗਾਹਸਤ ਯਜ਼ਦਾਂ ਸ਼ੁਕਰ॥'
ਤੇਰੀ ਨਜ਼ਰ (ਜੇ ਆਪਣੀ) ਫੌਜ ਤੇ ਸੋਨੇ ਉਤੇ ਹੈ, (ਜਾਣ ਲੈ) ਕਿ ਮੇਰੀ ਨਜ਼ਰ ਪਰਮੇਸ਼ੁਰ ਦੇ ਸ਼ੁਕਰ ਕਰਨੇ ਤੇ ਹੈ।
_____________________
1. ਪਾ:-ਬਿਬਖਸ਼ਦ ਖੁਦਾਵੰਦ ਬਰ ਵੈ ਅਮਾਂ। ਅਮਾਂ= ਸ਼ਰਨ, ਪਨਾਹ, ਰਖ੍ਯਾ, ਸੁਖ, ਸ਼ਾਂਤੀ।
2. ਫਾਰਸੀ ਵਿਚ ਇਸ ਤਰ੍ਹਾਂ ਸੀਗਾ ਗਾਇਬ ਤੇ ਮੁਖ਼ਾਤਬ ਬਦਲਿਆ ਜਾਵੇ ਤਾਂ ਖੂਬੀ ਮੰਨਦੇ ਹਨ।
3. ਪਾ:-ਨਿਗਰ=ਦੇਖਣ ਵਾਲਾ, ਸਦਾ ਜਾਗਦਾ, ਅੰਤਰਯਾਮੀ।
106. ਕਿ ਓਰਾ ਗ਼ਰੂਰ ਅਸਤ ਬਰ ਮੁਲਕੋ ਮਾਲ॥
ਵ ਮਾਰਾ ਪਨਾਹਸਤ ਯਜ਼ਦਾਂ ਅਕਾਲ॥
ਜੇ ਉਸ (ਅਉਰੰਗਜ਼ੇਬ) ਨੂੰ ਆਪਣੀ ਸਲਤਨਤ ਤੇ ਦੌਲਤ ਉਤੇ ਹੰਕਾਰ ਹੈ ਤਾਂ ਮੈਨੂੰ ਅਕਾਲ ਪੁਰਖ ਯਜ਼ਦਾਂ ਦੀ ਟੇਕ ਹੈ।'
107. ਤੂ ਵਲ ਮਸ਼ਉ ਜੀ ਸਿਪੰਜੀ ਸਰਾਇ॥
ਕਿ ਆਲਮ ਬਿਗੁਜ਼ਰਦ ਸਰੇ ਜਾ ਬਜਾਇ॥
ਤੂੰ ਇਸ (ਜਹਾਨ ਦੇ ਮਾਣ) ਕਰਕੇ, ਜੋ ਚੱਲਣੀ ਸਰਾਂ ਹੈ ਗਾਫ਼ਲ ਨਾ ਹੋ ਕਿ ਜਹਾਨ ਥਾਓਂ ਥਾਈਂ’ (ਸਭ ਦੇ)ਸਿਰ ਤੋਂ ਲੰਘ ਰਿਹਾ ਹੈ(ਭਾਵ ਸਭ ਕਿਸੇ ਮਰਨਾ ਹੈ)।
108. ਬਥੀਂ ਗਰਦਸ਼ੇ ਬੇਵਫਾਈਏ ਜ਼ਮਾਂ
ਕਿ ਬਿਗੁਜ਼ਸ਼ਤ ਬਰ ਹਰ ਮਕੀਨੋ ਮਕਾਂ॥
ਬੇ ਵਫ਼ਾ (ਨਾ ਅੰਗ ਪਾਲਣਹਾਰ) ਜ਼ਮਾਨੇ ਦੀ ਗਰਦਸ਼ ਵੱਲ ਤੱਕ ਕਿ ਇਹ ਹਰ ਮਕਾਨ ਤੇ ਉਸ ਵਿਚ ਰਹਿਣ ਵਾਲੇ ਹਰੇਕ ਦੇ ਸਿਰ ਤੋਂ ਲੰਘ ਗਿਆ।
109. ਤੂ ਗਰ ਜ਼ਬਰ ਆਜਿਜ਼ ਖ਼ਰਾਸ਼ੀ ਮਕੁਨ॥
ਕਸਮ ਰਾ ਬਸ਼ਹ ਤਰਾਸ਼ੀ ਮਕੁਨ॥
ਜੇ ਤੂੰ (ਇਸ ਵੇਲੇ ਬਹੁਤ) ਬਲਵਾਨ ਹੈਂ ਤਾਂ ਗ਼ਰੀਬਾਂ ਦੇ ਦਿਲ ਨਾ ਦੁਖਾ (ਤੇ ਆਪਣੀਆਂ ਖਾਧੀਆਂ) ਸੋਹਾਂ ਸੁਰੀਦਾਂ ਦੀ ਤੇਸੇ ਨਾਲ ਕੱਟ ਵੱਢ ਨਾ ਕਰ।
_____________________
1. ਭਾਵ, ਜਿਸਨੂੰ ਤੁਸੀਂ ਯਜ਼ਦਾਂ ਤੇ ਅਸੀਂ ਅਕਾਲ ਕਹਿੰਦੇ ਹਾਂ, ਸਾਨੂੰ ਉਸੇ ਇਕ ਦਾ ਆਸਰਾ ਹੈ।
2. ਸਿਹ+ਪੰਜੀ=3+5=8 ਅਠ ਦਿਨੀਂ। ਚਰਵਾਹੇ ਤੇ ਰਾਖੇ ਜੋ ਆਰਜ਼ੀ ਕੁੱਲੀਆਂ ਬਨਾਂ ਤੇ ਖੇਤਾਂ ਵਿਚ ਪਾਉਂਦੇ ਹਨ ਉਨ੍ਹਾਂ ਨੂੰ 'ਸਿਪੰਜੀ' ਆਖਦੇ ਹਨ, ਭਾਵ ਚੰਦ ਰੋਜ਼ਹ, ਚੱਲਣਹਾਰ, ਅਨਿਸਥਰ।
3. (ਅ) ਜਾ ਬੇਜਾ=ਹਰ ਭਲੇ ਬੁਰੇ ਉਤੋਂ।
110. ਚੁ ਹਕ ਯਾਰ ਬਾਸ਼ਦ ਚਿ ਦੁਸ਼ਮਨ ਕੁਨੱਦ॥
ਅਗਰ ਦੁਸ਼ਮਨੀ ਰਾ ਬਸਦ ਤਨ ਕੁਨੱਦ॥
ਜਿਸ ਦਾ ਰੱਬ ਮਿੱਤ੍ਰ ਹੋਵੇ ਦੁਸ਼ਮਨ ਉਹਦਾ ਕੀ ਕਰ ਸਕਦਾ ਹੈ, ਚਾਹੋ (ਉਹ) ਇਕ ਦੀ ਥਾਂ ਸੌ ਬਣ ਕੇ ਦੁਸ਼ਮਨੀ ਪਿਆ ਕਰੇ।
111. ਖ਼ਸਮ ਦੁਸ਼ਮਨੀ ਗਰ ਹਜ਼ਾਰ ਆਵੁਰੱਦ॥
ਨ ਯਕ ਮੂਏ ਓਰਾ ਆਜ਼ਾਰ ਆਵੁਰੱਦ॥
ਵੈਰੀ ਚਾਹੇ ਹਜ਼ਾਰ ਦੁਸ਼ਮਨੀ ਪਿਆ ਕਰੇ ਉਹ (ਜਿਸ ਨਾਲ ਦੁਸ਼ਮਨੀ ਕਰ ਰਿਹਾ ਹੈ) ਉਸ ਦੇ ਇਕ ਵਾਲ ਨੂੰ ਨਹੀਂ ਦੁਖਾ ਸਕਦਾ।
8.
ਇਹ ਖ਼ਤ ਜਦ ਤਿਆਰ ਹੋਇਆ ਤਾਂ ਸਾਹਿਬਾਂ ਨੇ ਭਾਈ ਦਇਆ ਸਿੰਘ ਪਿਆਰੇ ਨੂੰ ਇਸਦਾ ਕਾਸਦ ਬਣਾ ਕੇ ਦੱਖਣ ਨੂੰ ਘੱਲਿਆ ਕਿ ਔਰੰਗਜ਼ੇਬ ਨੂੰ ਆਪ ਪਹੁੰਚਾਵੇ। ਸ੍ਰੀ ਦਇਆ ਸਿੰਘ ਜੀ ਦੇ ਨਾਲ ਧਰਮ ਸਿੰਘ ਜੀ ਨੂੰ ਘੱਲਿਆ। ਇਹ ਦੁਇ ਨੀਲੇ ਕਪੜੇ ਪਹਿਨ ਕੇ ਰਵਾਨਾ ਹੋ ਗਏ। ਪਹਿਲਾਂ ਦਿੱਲੀ ਆਏ, ਸੰਗਤ ਨੂੰ ਮਿਲ ਗਿਲ ਕੇ ਫੇਰ ਰਵਾਨਾ ਹੋ ਕੇ ਆਗਰੇ ਆਏ, ਆਗਰੇ ਤੋਂ ਚੱਲ ਕੇ ਚੰਬਲ ਪਾਰ ਹੋਏ ਤੇ ਫੇਰ ਨਰਵਰ ਸਰੋਜ ਤੇ ਉਜੈਨ ਹੁੰਦੇ ਹੋਏ ਨਰਬਦਾ ਨਦੀ ਤੋਂ ਪਾਰ ਹੋਏ ਤੇ ਸ਼ੇਰ ਗੜ੍ਹ ਹੁੰਦੇ ਹੋਏ ਬੁਰਹਾਨ ਪੁਰ ਜਾ ਪਹੁੰਚੇ। ਇਥੇ ਬੀ ਗੁਰ ਸਿੱਖ ਬਹੁਤ ਸੇ। ਉੱਥੇ ਕੁਛ ਆਰਾਮ ਕਰਕੇ ਔਰੰਗਾਬਾਦ ਗਏ ਤੇ ਫੇਰ ਅਹਿਮਦ ਨਗਰ ਜਾ ਪਹੁੰਚੇ। ਇੱਥੇ ਜੇਠਾ ਸਿੰਘ ਨਾਮੇ ਗੁਰੂ ਕਾ ਸਿੰਘ ਰਹਿੰਦਾ ਸੀ। ਉਸ ਨੇ ਬੜੇ ਆਦਰ ਨਾਲ ਆਪਣੇ ਪਾਸ ਉਤਾਰਿਆ। ਫੇਰ ਉਦਾਲੇ ਪੁਦਾਲੇ ਦੀ ਸੰਗਤ ਕੱਠੀ ਹੋਈ ਤੇ ਚਾਰਿਆਂ ਦਾ ਆਦਰ ਸਨਮਾਨ ਕੀਤਾ। ਵਿਚਾਰ ਹੋ ਕੇ ਬਿਧਾ ਸੋਚਣ ਲੱਗੇ ਕਿ ਪਾਤਸ਼ਾਹ ਦਾ ਮੇਲ ਕੀਕੂੰ ਹੋਵੇ ਕਿਉਂਕਿ ਦਇਆ ਸਿੰਘ ਜੀ ਨੇ ਪਤ੍ਰ ਲੈ ਕੇ ਆਪਣੇ ਹਥੀਂ ਪਾਤਸ਼ਾਹ ਨੂੰ ਦੇਣਾ ਸੀ ਤੇ ਕਿਸੇ ਦੇ ਹੱਥੀਂ ਘੱਲਣੇ ਦਾ ਵਿਸਾਹ ਨਹੀਂ ਸੀ ਕਰਨਾ। ਪਾਤਸ਼ਾਹ ਤਕ ਸਿੱਧੀ ਕਿਸੇ ਦੀ ਐਸੀ ਪਹੁੰਚ ਨਹੀਂ ਸੀ ਕਿ ਮੁਲਾਕਾਤ ਕਰਵਾ ਦੇਵੇ ਤੇ ਐਵੇਂ ਉਥੋਂ ਤਕ ਅੱਪੜ ਨਹੀਂ ਸੀ। ਸੋ ਕਿਤਨਾ ਕਾਲ ਦੁਇ ਜਣੇ ਉੱਥੇ ਬੈਠੇ ਅਪਣਾ ਜਤਨ ਮਿਲਨੇ ਦਾ ਕਰਦੇ ਰਹੇ ਪਰ ਕੋਈ ਵਸੀਲਾ ਮਿਲ ਸਕਣੇ ਦਾ ਨਾ ਬਣਿਆ।
ਇਧਰ ਸਤਿਗੁਰੂ ਜੀ ਦੀਨੇ ਕਾਂਗੜ ਬੈਠੇ ਸੇ। ਆਪ ਤਾਂ ਓਸ ਮਕਾਨ ਵਿਚ ਡੇਰਾ ਰਖਦੇ ਸੇ, ਪਰ ਜੋ ਫੌਜ ਹੁਣ ਇਕੱਤ੍ਰ ਹੋ ਰਹੀ ਸੀ, ਸ਼ਹਿਰੋਂ ਜ਼ਰਾ ਦੂਰ ਆਪਣਾ ਵਸੇਬਾ ਬਣਾ ਰਹੀ ਸੀ। ਇੱਥੇ ਆਪ ਜੀ ਨੇ ਢਾਈ ਤ੍ਰੈ ਮਹੀਨੇ ਕ੍ਯਾਮ ਰੱਖਿਆ ਸਹੀ ਹੁੰਦਾ ਹੈ। ਆਪਣੀ ਫੌਜੀ ਜਮੀਅਤ ਇੱਥੇ ਹੀ ਠਹਿਰਕੇ ਮੁੜ ਬਣਾ ਲਈ। ਸਰਹਿੰਦ ਤੋਂ ਬੀ ਖਬਰਾਂ ਆ ਰਹੀਆਂ ਸਨ ਕਿ ਨਵਾਬ ਇਧਰ ਹਮਲਾ ਕਰਨੇ ਦੀ ਤਿਆਰੀ ਕਰ ਰਿਹਾ ਹੈ, ਤਾਂ ਸ੍ਰੀ ਜੀ ਨੇ ਇਸ ਥਾਂ ਜੁੱਧ ਭੂਮੀ ਬਣਾਉਣਾ ਪਸੰਦ ਨਾ ਕੀਤਾ ਤੇ ਅੱਗੇ ਟੁਰ ਪਏ। ਪਰੋਜਨ ਇਸ ਸਫਰ ਦਾ ਇਹ ਸੀ ਕਿ ਹੋਰ ਜਮੀਅਤ ਕੱਠੀ ਹੋ ਜਾਵੇ ਤੇ ਕਿਸੇ ਐਸੇ ਟਿਕਾਣੇ ਡੇਰਾ ਪਾਇਆ ਜਾਵੇ ਕਿ ਜਿੱਥੇ ਜੁੱਧ ਆ ਪਏ ਤੇ ਹੱਲਾ ਕਰਨ ਵਾਲਿਆਂ ਨੂੰ ਘਾਟੇ ਦਾ ਪੱਖ ਹੋਵੇ ਤੇ ਆਪ ਨੂੰ ਲਾਹੇ ਦਾ ਤੇ ਵੱਸੋਂ ਵਲੋਂ ਸ਼ੂਨ ਯਾ ਘਟ ਵਸੋਂ ਦੀ ਥਾਂ ਹੋਵੇ ਜੋ ਪਰਜਾ ਦੁਖੀ ਨਾ ਹੋਵੇ, ਸੋ ਆਪ ਜੀ ਇੱਥੋਂ ਟੁਰਕੇ ਜਲਾਲ ਤੇ ਹੋਰ ਪਿੰਡੀਂ ਹੁੰਦੇ ਭਗਤੇ, ਕੋਟ ਕਪੂਰੇ, ਢਿੱਲਵਾਂ, ਮਲੂਕੇ ਦੇ ਕੋਠੇ, ਬਨ ਵਿਚ ਕੁਛ ਠਹਿਰਦੇ ਜੈਤੋ ਜਾ ਟਿਕੇ। ਇੱਥੋਂ ਟੁਰਕੇ ਸਨੇਅਰ ਰਾਮੇਆਣੇ ਹੋ ਖਿਦਰਾਣੇ ਦੀ ਢਾਬ ਤੇ ਪਹੁੰਚੇ ਪਰ ਇਹ ਸੁੱਕੀ ਪਈ ਸੀ, ਸੋ ਆਪ ਉਥੋਂ ਟੁਰ ਪਏ ਤੇ ਇਕ ਟਿੱਬੀ ਤੇ ਜਾ ਡੇਰਾ ਲਾਇਆ। ਇੱਥੇ (ਖਿਦਰਾਣੇ) ਮਾਝੇ ਦੇ ਸਿੰਘ ਜੋ ਆ ਮਿਲੇ ਸੇ, ਤੇ ਫੇਰ ਸਾਹਿਬਾਂ ਨਾਲ ਅਜੋੜ ਵਿਚ ਰਹਿ ਕੇ ਠਹਿਰ ਗਏ ਸੇ ਸਾਹਿਬਾਂ ਦੇ ਚਲੇ ਜਾਣ ਬਾਦ ਪਸਚਾਤਾਪ ਵਿਚ ਆਏ ਤੇ ਸੂਬਾ ਸਰਹਿੰਦ ਵਜ਼ੀਰ ਖਾਂ ਦੇ ਹਮਲੇ ਦੀ ਰੋਕ ਬਣੇ। ਇੱਥੇ ਹੀ ਸਾਰੇ ਉਸ ਨਾਲ ਲੜ ਕੇ ਸ਼ਹੀਦ ਹੋ ਗਏ ਤੇ ਵਜ਼ੀਰ ਖਾਂ ਬਹੁਤ ਸੈਨਾ ਮਰਵਾ ਕੇ ਪਾਣੀ ਦੀ ਤੋਟ ਪਿੱਛੇ ਤੇ ਆਪਣੇ ਭਾਣੇ ਸਾਰੀ ਜਮੀਅਤ ਦੇ ਮਾਰੇ ਜਾਣ ਦੀ ਕਾਮਯਾਬੀ ਸਮਝ ਕੇ ਪਿੱਛੇ ਮੁੜ ਗਿਆ। ਇੱਥੇ ਹੀ ਸਾਹਿਬਾਂ ਨੇ ਟੁੱਟੀ ਗੰਢੀ, ਇਸੇ ਸ਼ਹੀਦੀ ਥਾਉਂ ਦਾ ਨਾਉਂ ਮੁਕਤਸਰ ਧਰਿਆ ਸੀ।*
________________________
* ਮੁਕਤਸਰ ਯੁੱਧ ਦੇ ਹਾਲਾਤ 17 ਦਸੰਬਰ 1925 ਦੇ ਖਾਲਸਾ ਸਮਾਚਾਰ ਵਿਚ ਛਪ ਚੁਕੇ ਹਨ ਤੇ ਹੁਣ ਕਲਗੀਧਰ ਚਮਤਕਾਰ ਵਿਚ ਹਨ।
ਇਸ ਫਤਹ ਦੇ ਮਗਰੋਂ ਗੁਰੂ ਸਾਹਿਬ ਮਾਲਵੇ ਵਿਚ ਵਿਚਰਦੇ ਡੱਲੇ ਪਾਸ ਜਾ ਠਹਿਰੇ, ਜਿੱਥੇ ਹੁਣ ਦਮਦਮਾ ਸਾਹਿਬ ਹੈ। ਦੱਖਣ ਤੋਂ ਦਇਆ ਸਿੰਘ ਜੀ ਦਾ ਖਤ ਆਇਆ ਸੀ ਕਿ ਸਾਨੂੰ ਅਨੇਕ ਜਤਨ ਕਰਨੇ ਤੇ ਬੀ ਸ਼ਾਹ ਦੀ ਮੁਲਾਕਾਤ ਨਹੀਂ ਮਿਲੀ। ਸਤਿਗੁਰਾਂ ਨੇ ਉੱਤਰ ਘੱਲਿਆ ਕਿ ਬੈਠੇ ਰਹੋ, ਸ਼ਾਹ ਹੁਣ ਆਪ ਹੀ ਤੁਸਾਨੂੰ ਬੁਲਾਵੇਗਾ, ਸੋ ਐਸਾ ਹੀ ਹੋਇਆ, ਦਇਆ ਸਿੰਘ ਜੀ ਧਰਮ ਸਿੰਘ ਜੀ ਬੁਲਾਏ ਗਏ, ਜਿਨ੍ਹਾਂ ਨੇ ਜਾ ਕੇ ਰੱਜ ਕੇ ਫਤਹ ਗਜਾਈ ਤੇ ਜ਼ਫਰਨਾਮਾ ਆਪਣੇ ਹੱਥੀਂ ਸ਼ਾਹ ਨੂੰ ਦਿੱਤਾ। ਇਸ ਨੂੰ ਪੜ੍ਹ ਕੇ ਉਸ ਬੁਢੇ ਤੇ ਪਤਾ ਨਹੀਂ ਕੀ ਅਸਰ ਹੋਇਆ ਕਿ ਦੁਹਾਂ ਸਿੰਘਾਂ ਨਾਲ ਢੇਰ ਚਿਰ ਗੱਲਾਂ ਬਾਤਾਂ ਕਰਦਾ ਰਿਹਾ ਤੇ ਫਿਰ ਸ੍ਰੀ ਗੁਰੂ ਜੀ ਵੱਲ ਜਵਾਬ ਲਿਖਵਾ ਕੇ ਉਨ੍ਹਾਂ ਦੇ ਹੱਥ ਦਿੱਤਾ, ਇਹ ਉਸ ਦਾ ਖਤ ਅਜੇ ਤਕ ਨਹੀਂ ਲੱਭਾ, ਖੋਜ ਦੀ ਲੋੜ ਹੈ। ਦੂਸਰੇ ਉਸਨੇ ਸਰਹਿੰਦ, ਦਿੱਲੀ ਤੇ ਪੰਜਾਬ ਦੇ ਸੂਬਿਆਂ ਨੂੰ ਪਰਵਾਨੇ ਲਿਖੇ ਕਿ ਗੁਰੂ ਸਾਹਿਬ ਦਾ ਪਿੱਛਾ ਕੋਈ ਨਾ ਕਰੇ, ਨਾ ਪਕੜੇ ਨਾ ਮਾਰਨ ਦਾ ਜਤਨ ਕਰੇ, ਓਹ ਜਿੱਧਰ ਚਾਹੁਣ ਸੁਤੰਤ੍ਰ ਵਿਚਰਨ। ਇਹ ਫੁਰਮਾਨ ਬੀ ਅਜੇ ਲੱਭਾ ਨਹੀਂ, ਪਰ ਇਸਦਾ ਜ਼ਿਕਰ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ ਇਉਂ ਲਿਖਿਆ ਹੈ:-
ਗੁਰਜਦਾਰ ਦੈ ਦੀਨੇ ਸੰਗ।
ਸਭਿ ਸਮਝਾਯੋ ਗੁਰੂ ਪ੍ਰਸੰਗ।
ਸਭ ਕੋ ਹਟਕਯੋ ਲਿਖ ਪਰਵਾਨੇ।
ਲਰਹਿ ਨ ਕੋਇ ਜਾਹਿ ਜਿਸ ਥਾਨੇ।
ਉਧਰ ਗੁਰੂ ਸਾਹਿਬ ਇਸ ਵੇਲੇ ਤਾਈਂ ਰਾਜਪੂਤਾਨੇ ਪ੍ਰਵੇਸ਼ ਕਰ ਚੁਕੇ ਸਨ। ਦਇਆ ਸਿੰਘ ਜੀ ਧਰਮ ਸਿੰਘ ਜੀ ਉੱਥੇ ਹੀ ਆ ਕੇ ਮਿਲੇ ਤੇ ਮੁਲਾਕਾਤ ਦਾ ਸਾਰਾ ਹਾਲ ਦੱਸਿਆ ਕਿ ਅਸੀਂ ਤਾਂ ਇਧਰ ਆਪ ਦਾ ਆਗਮਨ ਸੁਣ ਕੇ ਆ ਗਏ ਹਾਂ ਤੇ ਗੁਰਜਦਾਰ ਦਿੱਲੀ ਨੂੰ ਗਏ ਹਨ; ਸੂਬਿਆਂ ਤੇ ਉਮਰਾਵਾਂ ਵੱਲ ਸ਼ਾਹ ਨੇ ਇਹ ਪਰਵਾਨੇ ਲਿਖੇ ਹਨ:-
'ਜਿਸ ਕੀ ਦਿਸ ਸਤਿਗੁਰ ਚਲਿ ਆਵੈਂ॥
ਦਲ ਸਮੇਤ ਜਹਿ ਸਿਵਰ ਲਗਾਵੈਂ॥
ਸੋ ਸਭ ਕਰ ਜੋਰਹਿ ਸਿਰ ਨ੍ਯਾਇ॥
ਅਨਿਕ ਰੀਤ ਕੀ ਸੇਵ ਕਮਾਇ॥
ਨਹਿਂ ਕੋ ਸਨਮੁਖ ਹੈ ਰਨ ਕਰੈ॥
ਕੇਸਿਹੁੰ ਗੁਰ ਕੇ ਸੰਗ ਨ ਅਰੇ॥
ਗੁਰਜਦਾਰ ਦਿੱਲੀ ਅਬ ਜੈ ਹੈ ॥
ਦੇਸ ਬਦੇਸਨ ਐਸ ਪਠੈਹੈਂ॥
ਇਸ ਪ੍ਰਕਾਰ ਦੇ ਸਮਾਚਾਰਾਂ ਦੇ ਮਗਰੋਂ ਕੁਛ ਸਮਾਂ ਬੀਤਣ ਤੇ ਔਰੰਗਜ਼ੇਬ ਚੜ੍ਹਾਈ ਕਰ ਗਿਆ ਤੇ ਬਹਾਦਰ ਸ਼ਾਹ ਉਸ ਦੇ ਵਡੇ ਪੁਤ੍ਰ ਨੇ ਤਖਤ ਦੀ ਵਾਰਸੀ ਪ੍ਰਾਪਤ ਕਰਨੇ ਲਈ ਚੜ੍ਹਾਈ ਕੀਤੀ ਤੇ ਇਸ ਨੇ ਸ੍ਰੀ ਗੁਰੂ ਜੀ ਵਲ ਬੀ ਸਹਾਇਤਾ ਲਈ ਖਤ ਲਿਖਿਆ ਤੇ ਭਾਈ ਨੰਦ ਲਾਲ ਜੀ ਆਦਿ ਸੱਜਣਾਂ ਨੂੰ ਘੱਲਿਆ।
ਜ਼ਫਰਨਾਮੇ ਦੀ ਅੰਦਰਲੀ ਇਤਿਹਾਸਕ ਉਗਾਹੀ
ਇਤਿਹਾਸਾਂ ਤੋਂ ਪਤਾ ਚਲਦਾ ਹੈ ਕਿ ਜਦੋਂ ਸੱਤ ਅੱਠ ਮਹੀਨੇ ਅਨੰਦਪੁਰ ਦੇ ਜੰਗ ਨੂੰ ਗੁਜ਼ਰ ਗਏ, ਜਿਨ੍ਹਾਂ ਵਿਚੋਂ ਕਈ ਮਹੀਨੇ ਘੇਰਾ ਪਾ ਕੇ ਬੈਠਿਆਂ ਬੀ ਲੰਘ ਗਿਆ ਅਤੇ ਸ਼ਾਹੀ ਤੇ ਰਾਜਿਆਂ ਦੀ ਸੰਮਿਲਤ ਸੈਨਾ ਨੂੰ ਕੋਈ ਕਾਮਯਾਬੀ ਨਾ ਹੋਈ ਤਾਂ ਸੁਲਹ ਦੀਆਂ ਤਜਵੀਜ਼ਾਂ ਗੁਰੂ ਜੀ ਪਾਸ ਰਾਜਿਆਂ ਤੇ ਸੂਬੇ ਸਰਹੰਦ ਵਲੋਂ ਪੁੱਜੀਆਂ। ਗੁਰੂ ਜੀ ਨੇ ਅਮੈਨਾ ਨਾ ਕੀਤਾ ਤੇ ਤਜਰਬਾ ਕਰਕੇ ਬੀ ਦੱਸ ਦਿੱਤਾ, ਜਿਸ ਨਾਲ ਅੰਦਰਲੇ ਲੋਕਾਂ ਨੂੰ ਬੀ ਪਤਾ ਲਗ ਗਿਆ ਕਿ ਘੇਰਾ ਪਾਉਣ ਵਾਲੇ ਝੂਠੇ ਇਕਰਾਰ ਕਰਦੇ ਹਨ ਤੇ ਓਹ ਬੀ ਸ਼ਰਮਿੰਦੇ ਹੋਏ। ਹੁਣ ਉਨ੍ਹਾਂ ਦੇ ਅਹਿਦ ਪੈਮਾਨਾ ਤੇ ਨਿਸ਼ਚਾ ਨਹੀਂ ਸੀ
ਆ ਸਕਣਾ। ਤਦ ਉਨ੍ਹਾਂ ਨੇ ਪਾਤਸ਼ਾਹ ਨੂੰ ਜੋ ਦੱਖਣ ਵਿੱਚ ਸੀ ਲਿਖਿਆ, ਉਸ ਵਲੋਂ ਕੁਰਾਨ ਤੇ ਰੱਬ ਦੀ ਸਹੁੰ ਖਾ ਕੇ ਅਹਿਦਨਾਮਾ ਆਇਆ। ਇਸ ਮੂਜਬ ਗੁਰੂ ਸਾਹਿਬ ਅਨੰਦਪੁਰੋਂ ਨਿਕਲੇ ਪਰ ਘੇਰਾ ਪਾਉਣ ਵਾਲੇ ਅਹਿਦ ਤੋੜਦੇ ਆ ਪਏ ਤੇ ਫੇਰ ਚਮਕੌਰ ਜਾ ਘੇਰਾ ਪਾਇਆ ਤੇ ਜੰਗ ਹੋਇਆ ਤੇ ਗੁਰੂ ਜੀ ਸਾਰਾ ਦਿਨ ਜੁੱਧ ਕਰਕੇ ਅਦੁਤੀ ਬਹਾਦਰੀ ਦਿਖਾ ਕੇ ਰਾਤ ਨੂੰ ਸਹੀ ਸਲਾਮਤ ਨਿਕਲ ਗਏ।
ਇੱਥੇ ਆਪ ਕਈ ਇਕ ਥਾਵਾਂ ਤੋਂ ਹੁੰਦੇ ਠਹਿਰਦੇ ਦੀਨੇ ਅੱਪੜੇ। ਇੱਥੋਂ ਜ਼ਫਰਨਾਮਹ ਲਿਖਕੇ ਔਰੰਗ ਜ਼ੇਬ ਨੂੰ ਘੱਲਿਆ। ਕਈ ਲੋਕ ਇਤਿਹਾਸਕਾਰਾਂ ਤੇ ਕਿੰਤੂ ਕਰਦੇ ਹਨ ਕਿ ਔਰੰਗਜ਼ੇਬ ਨੇ ਕਿੱਥੇ ਸਹੁੰ ਖਾਧੀ ਹੋਣੀ ਹੈ ਤੇ ਫੇਰ ਤੋੜੀ ਹੋਣੀ ਹੈ, ਚਮਕੌਰ ਚਾਲੀਆਂ ਨਾਲ ਕਿਥੇ ਜੰਗ ਮਚਾਇਆ ਹੋਣਾ ਹੈ ਫੇਰ ਬੇਸ਼ੁਮਾਰ ਘੇਰੇ ਵਿਚੋਂ ਆਪ ਕਿੱਥੋਂ ਨਿਕਲ ਸਕੇ ਹੋਣੇ ਹਨ? ਇਨ੍ਹਾਂ ਤੇ ਹੋਰ ਬਹੁਤ ਗੱਲਾਂ ਦੇ ਉਤਰ ਜ਼ਫਰਨਾਮੇ ਤੋਂ ਮਿਲਦੇ ਹਨ, ਇਸ ਲਈ ਇਸਦੀ ਅੰਦਰਲੀ ਉਗਾਹੀ ਨੂੰ ਘੋਖਨਾ ਜ਼ਰੂਰੀ ਗੱਲ ਹੈ। ਇਹ ਖਤ ਹੈ ਜੋ ਔਰੰਗਜ਼ੇਬ ਵੱਲ ਗਿਆ। ਗੁਰੂ ਸਾਹਿਬ ਪੂਰਨ ਸਤਵਾਦੀ ਸੇ, ਉਨ੍ਹਾਂ ਦਾ ਆਪਣਾ ਲਿਖਿਆ ਹਾਲ ਸੱਚਾ ਹੋਣ ਕਰ ਕੇ ਬੜਾ ਹੀ ਕੀਮਤੀ ਹੈ। ਆਪਣੇ ਜੀਵਨ ਵਾਯਾਤ ਆਪਣੇ ਲਿਖੇ ਹੋਏ ਮਿਲਣ ਤਾਂ ਉਹ ਬੜੀ ਗੌਰਵਤਾ ਵਾਲੇ ਸਮਝੇ ਜਾਂਦੇ ਹਨ। ਫਿਰ ਸੰਸਾਰਕ ਤੇ ਰਾਜਨੀਤੀ ਦੇ ਨੁਕਤੇ ਤੋਂ ਬੀ ਉਸ ਵਿਚ ਗੁਰੂ ਜੀ ਉਹੋ ਗੱਲ ਲਿਖ ਸਕਦੇ ਸਨ ਜੋ ਕਿ ਔਰੰਗਜ਼ੇਬ ਪਾਸ ਸੋਲ੍ਹਾਂ ਆਨੇ ਸੱਚੀ ਸਾਬਤ ਹੋ ਚੁਕੀ ਹੋਵੇ ਜਾਂ ਕਰ ਦਿਤੀ ਜਾ ਸਕੇ। ਇਨ੍ਹਾਂ ਗੱਲਾਂ ਕਰਕੇ ਜ਼ਫਰਨਾਮੇ ਦੀ ਉਗਾਹੀ ਪੱਕੀ ਇਤਿਹਾਸਕ ਉਗਾਹੀ ਹੈ:-
1. ਪਹਿਲੀ ਗਲ ਇਸ ਵਿਚੋਂ ਇਹ ਲੱਭਦੀ ਹੈ ਕਿ ਔਰੰਗਜ਼ੇਬ ਵਲੋਂ ਗੁਰੂ ਜੀ ਪਾਸ ਕੋਈ ਕਾਜ਼ੀ ਆਇਆ ਹੈ। (ਦੇਖੋ ਸ਼ਿਅਰ 56)
2. ਜਿਸ ਨੇ ਆ ਕੇ ਪਾਤਸ਼ਾਹ ਦਾ ਲਿਖਿਆ ਖਤ ਯਾ ਅਹਿਦ ਯਾ ਕੋਈ ਸ਼ੈ ਦਿੱਤੀ ਹੈ। ਇਸ ਖਤ ਵਿਚ ਇਹ ਲਿਖਿਆ ਜ਼ਰੂਰ ਸਹੀ ਹੁੰਦਾ ਹੈ ਕਿ ਕਾਜ਼ੀ ਜ਼ੁਬਾਨੀ ਬੀ ਮੇਰੇ ਸੁਨੇਹੇ ਦੇਵੇਗਾ ਤੇ ਜੋ ਕੁਛ ਉਹ ਕਹੇਗਾ ਮੇਰੀ ਵਲੋਂ ਹੋਵੇਗਾ। (ਸ਼ਿਅਰ 54)
3. ਗੁਰੂ ਸਾਹਿਬ ਨੇ ਇਹ ਸ਼ੈ ਸੰਭਾਲ ਕੇ ਪਾਸ ਰੱਖੀ ਹੈ ਤੇ ਇੰਨੇ ਖਖੇੜ ਬਖੇੜਾਂ ਦੇ ਵਿਚੋਂ ਲੰਘਕੇ ਬੀ ਉਹ ਸ਼ੈ ਉਨ੍ਹਾਂ ਦੇ ਪਾਸ ਸੀ ਜੋ ਉਹ ਦੀਨੇ ਤੋਂ ਉਸਨੂੰ ਲਿਖਦੇ ਹਨ ਕਿ ਉਹ ਲਿਖਿਆ ਅਹਿਦ ਨਾਮਾ ਜੇ ਚਾਹੋ ਤਾਂ ਮੈਂ ਤੁਸਾਂ ਪਾਸ ਘੱਲ ਸਕਦਾ ਹਾਂ। (ਸ਼ਿਅਰ 57)
4. ਇਸ ਅਹਿਦਨਾਮੇ ਵਿਚ ਜੋ ਔਰੰਗਜ਼ੇਬ ਵਲੋਂ ਆਇਆ ਕੁਰਾਨ ਦੀ ਕਸਮ ਖਾਧੀ ਗਈ ਹੈ, ਰੱਬ ਦੀ ਸਹੁੰ ਖਾਧੀ ਗਈ ਹੈ ਤੇ ਹੋ ਸਕਦਾ
ਹੈ ਕਿ ਇਹ ਲਿਖ੍ਯਾ ਹੀ ਕੁਰਾਨ ਦੀ ਜਿਲਦ ਦੇ ਕੋਰੇ ਸਫੇ ਉਤੇ ਹੋਵੇ। (ਦੇਖੋ ਸ਼ਿਅਰ 48, 49)
5. ਇਸ ਵਿਚ ਇਹ ਸ਼ਰਤ ਜ਼ਰੂਰੀ ਸੀ ਕਿ ਤੁਸੀਂ ਜੇ ਕਿਲ੍ਹਾ ਛਡ ਦਿਓ ਤਾਂ ਅਮਨ ਅਮਾਨ ਜਿਧਰ ਜੀ ਕਰੇ ਚਲੇ ਜਾਓ, ਕੋਈ ਤੁਸਾਨੂੰ ਕੁਛ ਨਾ ਕਹੇਗਾ (ਸ਼ਿਅਰ 18, 20)
6. ਚਾਹੋ ਔਰੰਗਜ਼ੇਬ ਦੇ ਖਤ ਵਿਚ ਇਹ ਗਲ ਸੀ ਤੇ ਚਾਹੋ ਕਾਜ਼ੀ ਨੇ ਗੁਰੂ ਜੀ ਨੂੰ ਜ਼ੁਬਾਨੀ ਕਹਿਕੇ ਨਿਸ਼ਚੇ ਕਰਾਈ ਹੈ ਕਿ ਪਾਤਸ਼ਾਹ ਤੁਹਾਨੂੰ ਦੀਨ ਦੇ ਬਜ਼ੁਰਗ ਸਮਝਦਾ ਹੈ, ਤੁਹਾਡਾ ਅਦਬ ਕਰਦਾ ਹੈ ਤੇ ਉਹ ਹੁਣ ਦੱਖਣ ਦੇ ਜੰਗ ਵਿਚ ਰੁੱਝਾ ਹੈ ਨਹੀਂ ਤਾਂ ਉਹ ਆਪ ਆਕੇ ਜ਼ਾਰਤ ਹਾਸਲ ਕਰਦਾ। ਹੁਣ ਵੀ ਜਦ ਦਿੱਲੀ ਆਇਆ, ਉਹ ਆਪ ਆਕੇ ਯਾਰਤ ਕਰੇਗਾ। ਤਦੇ ਇਸ ਗੱਲ ਨੂੰ ਗੁਰੂ ਜੀ ਖੁਹਲਕੇ ਖਤ ਵਿਚ ਲਿਖਦੇ ਹਨ ਕਿ ਔਰੰਗਜ਼ੇਬ ਨੂੰ ਪਤਾ ਲੱਗ ਜਾਵੇ ਕਿ ਉਸਦਾ ਘੱਲਿਆ ਕਾਜ਼ੀ ਕਿਸ ਹੱਦ ਤਕ ਇਕਰਾਰ ਕਰ ਆਇਆ ਹੈ। (ਸ਼ਿਅਰ 50)
ਕਾਜ਼ੀ ਨੇ ਐਸੇ ਖੁਸ਼ ਕਰਨ ਵਾਲੇ ਇਕਰਾਰ ਮਦਾਰ ਇਸ ਲਈ ਕਰ ਲਏ ਕਿ ਅਨੰਦ ਪੁਰੋਂ ਨਿਕਲਦਿਆਂ ਤਾਂ ਅਸਾਂ ਇਸਨੂੰ ਮਾਰ ਲੈਣਾ ਹੈ, ਨਾਲੇ ਉਹ ਜਾਣਦਾ ਸੀ ਕਿ ਕਸਮ ਤੋੜ ਕੇ ਕਾਮਯਾਬੀ ਕੀਤੀ ਨੂੰ ਔਰੰਗਜ਼ੇਬ ਮਾੜਾ ਨਹੀਂ ਸਮਝਦਾ।
7. ਇਸੇ ਕਰਕੇ ਗੁਰੂ ਜੀ ਔਰੰਗਜ਼ੇਬ ਨੂੰ ਪੂਰਨ ਦਲੇਰੀ ਨਾਲ ਲਿਖਦੇ ਹਨ ਕਿ ਤੂੰ ਉਸ ਇਕਰਾਰ ਮੂਜਬ ਕਾਂਗੜ ਅਸਾਡੇ ਪਾਸ ਆ ਤਾਂ ਅਸੀਂ ਤੈਨੂੰ ਸਾਰਾ ਹਾਲ ਦੱਸੀਏ। (ਸ਼ਿਅਰ 58)
8. ਫਿਰ ਇਹ ਬੀ ਪਤਾ ਲਗਦਾ ਹੈ ਕਿ ਸੌਂਹਾਂ ਸੁਰੀਦਾਂ ਖਾਣ ਵਿਚ ਸਿਰਫ ਔਰੰਗਜ਼ੇਬ ਦਾ ਘੱਲਿਆ ਕਾਜ਼ੀ ਹੀ ਨਹੀਂ ਸੀ, ਉਸਦੇ ਹੋਰ ਅਹੁਦੇ ਦਾਰ ਬੀ ਸਨ, ਅਰ ਓਹ ਫੌਜੀ ਤੇ ਸਿਵਲ ਦੋਹਾਂ ਪੱਖਾਂ ਦੇ ਸਿਰਕਰਦੇ ਸਨ, ਜਿਨਾਂ ਨੂੰ ਬਖਸ਼ੀ ਤੇ ਦੀਵਾਨ ਕਰਕੇ ਦੱਸਿਆ ਹੈ। (ਸ਼ਿਅਰ 14)
9. ਫਿਰ ਇਹ ਖ੍ਯਾਲ ਕਿ ਗੁਰੂ ਜੀ ਦੱਖਣ ਔਰੰਗਜ਼ੇਬ ਕੋਲ ਜਾਂਦੇ ਪਏ ਸਨ ਕਈਆਂ ਦੇ ਕਿਆਸ ਵਿਚ ਹੈ, ਜ਼ਫਰਨਾਮੇ ਦੇ ਕਿਸੇ ਸ਼ਿਅਰ
ਤੋਂ ਭੀ ਸ਼ੁਬਹ ਪੈ ਸਕਦਾ ਹੈ, ਪਰ ਇਸ ਵਿਚ ਸਾਫ ਹਰਫ਼ਾਂ ਵਿਚ ਇਨਕਾਰ ਹੈ; ਕਿ ਤੂੰ ਮੈਨੂੰ ਸੱਦੇਂ ਤਾਂ ਮੈਂ ਨਹੀਂ ਆਉਣਾ, ਨਾ ਤੇਰੀ ਕਸਮ ਦਾ ਇਤਬਾਰ ਕਰਨਾ ਹੈ। (ਸ਼ਿਅਰ 87-88)
10. ਘੇਰੇ ਘੱਤਣ ਵਾਲਿਆਂ ਅਹਿਦ ਤੋੜਿਆ ਤੇ ਹਮਲਾ ਕੀਤਾ। (ਸ਼ਿਅਰ 20)
11. ਉਸ ਘਮਸਾਣ ਵਿਚੋਂ ਮਸਾਂ ਮਸਾਂ ਗੁਰੂ ਜੀ ਕੁਛ ਸਾਥੀਆਂ ਸਣੇ ਨਿਕਲੇ ਤੇ ਕਿਸੇ ਤਰ੍ਹਾਂ ਚਮਕੌਰ ਜਾ ਗੜ੍ਹੀ ਵਿਚ ਠਹਿਰੇ। ਉੱਥੇ ਉਨ੍ਹਾਂ ਦੇ ਨਾਲ ਕੇਵਲ 40 ਸਿੱਖ ਸਨ ਤੇ ਓਹ ਬੀ ਰਸਦਪਾਣੀ ਤੋਂ ਵਿਰਵੇ ਸਨ। (ਸ਼ਿਅਰ 19)
12. ਉੱਥੇ ਬੀ ਗੁਰੂ ਜੀ ਨੇ ਪਹਿਲ ਨਹੀਂ ਕੀਤੀ, ਪਹਿਲਾ ਵਾਰ ਤੁਰਕਾਂ ਵਲੋਂ ਹੋਇਆ, ਫੇਰ ਸ੍ਵੈ ਰਖ੍ਯਾ ਵਿਚ ਜੰਗ ਹੋਇਆ। (ਸ਼ਿਅਰ 21)
13. ਅੰਕ 27 ਤੋਂ 40 ਤਕ ਨੂੰ ਵੀਚਾਰਿਆਂ ਸਮਝ ਆਉਂਦੀ ਹੈ ਕਿ ਗੁਰੂ ਸਾਹਿਬ ਦੀ ਤੀਰ ਅੰਦਾਜ਼ੀ ਬੜੇ ਕਮਾਲ ਦੀ ਸੀ। ਇਹ ਖ੍ਯਾਲ ਕਿ ਅਮੋਘ ਬਾਣਾਂ ਦੇ ਆਖਰੀ ਤੀਰ ਅੰਦਾਜ਼ ਗੁਰੂ ਸਾਹਿਬ ਹੋਏ ਹਨ ਇਨ੍ਹਾਂ ਸ਼ਿਅਰਾਂ ਤੋਂ ਉਸਦੀ ਸਤ੍ਯਤਾ ਪਈ ਸਫੁਟ ਹੁੰਦੀ ਹੈ। (ਸ਼ਿਅਰ 27 ਤੋਂ 40)
14. ਨਾਹਰ ਖਾਂ ਦਾ ਇਕ ਆਪ ਦੇ ਤੀਰ ਨਾਲ ਮਾਰਿਆ ਜਾਣਾ ਇਸ ਵਿਚ ਸਪਸ਼ਟ ਹੈ। (ਸ਼ਿਅਰ 29)
15. ਖ੍ਵਾਜਾ ਮਰਦੂਦ (ਜੋ ਸੈਨਾਪਤ ਸੀ) ਉਹ ਆਪ ਦੀ ਤੀਰ ਅੰਦਾਜ਼ੀ ਤੋਂ ਡਰਦਾ ਲੁਕਿਆ ਰਿਹਾ ਹੈ ਕੰਧ ਦੇ ਉਹਲੇ। (ਸ਼ਿਅਰ 34, 35)
16. ਚਮਕੌਰ ਦਾ ਜੰਗ ਸਾਰਾ ਦਿਨ ਭਰ ਹੁੰਦਾ ਰਿਹਾ, ਗੋਯਾ 40 ਸਿਖਾਂ ਨੇ ਬੇਸ਼ੁਮਾਰ ਸੈਨਾ ਨੂੰ ਗੜ੍ਹੀ ਦੇ ਲਾਗੇ ਚਾਰ ਪਹਿਰ ਨਹੀਂ ਆਉਣ ਦਿਤਾ। (ਸ਼ਿਅਰ 42)
17. ਚਮਕੌਰ ਦਾ ਜੁੱਧ ਸਖਤ ਜੰਗ ਸੀ, ਇਸ ਵਿਚ ਕੱਟ ਵੱਢ ਬਹੁਤ ਹੋਈ ਤੇ ਮੁਰਦਿਆਂ ਦੇ ਢੇਰ ਦੇ ਢੇਰ ਲੱਗ ਗਏ, ਦੁਵਲੀ ਮਰੇ, ਪਰ ਸਿਖ ਤਾਂ ਚਾਲੀ ਸਨ ਸਾਰੇ। ਜੇ ਢੇਰਾਂ ਦੇ ਢੇਰ ਲੱਗੇ ਤਾਂ ਸਾਫ ਹੈ ਕਿ
ਘੇਰੇ ਪਾਉਣ ਵਾਲਿਆਂ ਦੀ ਕਟਾ ਵੱਢ ਬਹੁਤ ਵਧੀਕ ਹੋਈ। (ਸ਼ਿਅਰ 36 ਤੋਂ 40)
18. ਦੁਵੱਲੀ ਨਿਹਾਯਤ ਖੂੰਖਾਰ ਜੰਗ ਹੁੰਦਿਆਂ ਰਾਤ ਪੈ ਗਈ ਤੇ ਗੁਰੂ ਜੀ ਬੇਸ਼ੁਮਾਰ ਸੈਨਾ ਦੇ ਘੇਰੇ ਵਿੱਚੋਂ ਸਹੀ ਸਲਾਮਤ ਨਿਕਲ ਗਏ। (ਸ਼ਿਅਰ 42 ਤੋਂ 44)
19. ਔਰੰਗਜ਼ੇਬ ਦੇ ਸਿਪਾਹਗੀਰੀ, ਹੁਕਮਰਾਨੀ, ਰਾਜਨੀਤੀ, ਖੁਸ਼ ਸ਼ਕਲੀ, ਦਾਨ, ਕਾਮਯਾਬ ਪਾਤਸ਼ਾਹ ਹੋਣ, ਦੂਰੰਦੇਸ਼ੀ, ਜੰਗ ਵਿਚ ਅਹਿੱਲ ਰਹਿਣ ਆਦਿ ਸਾਰੇ ਗੁਣ ਮੰਨੇ ਹੇਠ ਅਰ ਕਿਸੇ ਭਾਵ ਵਿਚ ਜਾ ਕੇ ਜੋ ਕੁਛ ਸਚ ਹੈ ਉਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ। (ਸ਼ਿਅਰ 89 ਤੋਂ 94)
20. ਇਸ ਤੋਂ ਪਹਿਲੋਂ ਬੀ ਉਸਦੇ ਇਨਸਾਫ, ਦੀਨ ਪ੍ਰਸਤੀ, ਸੁਖਨ ਪ੍ਰਸਤੀ, ਮੁਹੰਮਦ ਤੇ ਭਰੋਸਾ ਤੇ ਖ਼ੁਦਾ ਪ੍ਰਸਤੀ ਪਰ ਇਤ੍ਰਾਜ਼ ਕਰਦੇ ਤੇ ਇਨ੍ਹਾਂ ਗੁਣਾਂ ਦੇ ਅਸਲੀ ਈਮਾਨ ਤੇ ਵਰਤਾਉ ਤੋਂ ਉਸਨੂੰ ਸੱਖਣਾ ਦੱਸਦੇ ਹਨ। ਇਤਿਹਾਸ ਦੱਸਦੇ ਹਨ ਕਿ ਏਹ ਸਾਰੀਆਂ ਗੱਲਾਂ ਵਿਚ ਗੁਰੂ ਸਾਹਿਬ ਨੇ ਇਸ ਆਦਮੀ ਦਾ ਦਰੁਸਤ ਮੁਤਾਲ੍ਯਾ ਇਸ ਵਿਚ ਲਿਖ ਦਿੱਤਾ ਹੈ, ਅਰ ਇਤਨੇ ਜ਼ਬਰ-ਦਸਤ ਪਾਤਸ਼ਾਹ ਨੂੰ ਉਸਦੇ ਅਸਲੀ ਅਵਗੁਣ ਲਿਖ ਘੱਲਣੋ ਰਤਾ ਨਹੀਂ ਡਰੇ, ਹਾਲਾਂ ਕਿ ਸਰਹਿੰਦ ਦਾ ਨਵਾਬ ਮਗਰ ਲਗ ਰਿਹਾ ਹੈ ਅਰ ਖਤਰਾ ਹੈ ਕਿ ਹੁਣੇ ਆਇਆ ਕਿ ਆਇਆ, ਅਰ ਥੋੜੇ ਹੀ ਚਿਰ ਬਾਅਦ ਮੁਕਤਸਰ ਵਾਲੇ ਥਾਂ ਉਸ ਨੇ ਆ ਹੀ ਹਮਲਾ ਕੀਤਾ। ਜੇ ਔਰੰਗਜ਼ੇਬ ਬੀ ਆਪਣੇ ਅਵਗੁਣ ਸੁਣ ਕੇ ਤਿਣਕ ਪਵੇ ਤਾਂ ਫੇਰ ਅਪਣੀ ਜ਼ਿੰਦਗੀ ਹੋਰ ਬੀ ਵਧੇਰੇ ਖਤਰੇ ਵਿਚ ਪੈ ਜਾਵੇ ਪਰ ਆਪ ਨੇ ਉਸਦੇ ਏਹ ਅਵਗੁਣ, ਜੋ ਠੀਕ ਉਸ ਵਿਚ ਸਨ ਗਿਣਵੇਂ ਤੋਲਵੇਂ ਬੇਝਿਜਕ ਲਿਖ ਕੇ ਘੱਲ ਦਿਤੇ ਹਨ।
21. ਸ਼ਿਅਰ 95 ਵਿਚ ਪਹਾੜੀ ਰਾਜਿਆਂ ਨੂੰ ਬੁਤਪ੍ਰਸਤ ਕਿਹਾ ਹੈ ਤੇ ਆਪਣੇ ਆਪ ਨੂੰ ਬੁਤ ਸ਼ਿਕਨ। ਇਸ ਸ਼ਿਅਰ ਦਾ ਇਹ ਮਤਲਬ ਨਹੀਂ ਕਿ ਪਹਾੜੀ ਰਾਜਿਆਂ ਨਾਲ ਗੁਰੂ ਸਾਹਿਬ ਦੀ ਲੜਾਈ ਕਿਸੇ ਬੁਤਪ੍ਰਸਤੀ ਦੇ ਅਸੂਲ ਤੋਂ ਸੀ। ਇਸਦਾ ਭਾਵ ਕੇਵਲ ਔਰੰਗਜ਼ੇਬ ਨੂੰ ਇਹ ਜਤਾਉਣ ਦਾ ਹੈ ਕਿ ਤੂੰ ਜੋ ਮਜ਼੍ਹਬੀ ਨੁਕਤੇ ਤੋਂ ਬੁਤਪ੍ਰਸਤਾਂ ਨੂੰ ਹਾਨੀ ਪਹੁੰਚਾਉਂਦਾ
ਰਹਿਂਦਾ ਹੈ, ਐਸ ਵੇਲੇ ਆਪਣੇ ਮਤਲਬ ਲਈ ਉਨ੍ਹਾਂ ਦੀ ਮਦਦ ਕਰ ਰਿਹਾ ਹੈਂ ਮੇਰੇ ਬਰਖ਼ਿਲਾਫ-ਮੈਂ ਜੋ ਬੁਤਪ੍ਰਸਤ ਨਹੀਂ ਹਾਂ ਸਗੋਂ ਬੁਤਾਂ ਦੀ ਪੂਜਾ ਦਾ ਖੰਡਨ ਕਰਨ ਵਾਲਾ ਹਾਂ। ਇਸ ਸ਼ਿਅਰ ਵਿਚ ਔਰੰਗਜ਼ੇਬ ਨੂੰ ਮਤਲਬਪ੍ਰਸਤੀ ਦਾ ਉਲਾਂਭਾ ਹੈ ਕਿ ਉਹ ਕਿਸੇ ਬੀ ਅਸੂਲ ਦਾ ਪਾਬੰਦ ਨਹੀਂ, ਚਾਹੇ ਉਹ ਅਸੂਲ ਆਪਣੇ ਆਪ ਵਿਚ ਬੁਰੇ ਹੋਣ ਚਾਹੇ उलें। (मिभत 95-96)
22. ਇਸ ਖਤ ਵਿਚ ਦੋ ਇਕ ਵੇਰੀ ਵੈਰੀਆਂ ਦੀ ਫੌਜ ਨੂੰ 'ਦਹ ਲਕ' ਕਿਹਾ ਹੈ। ਇਸ ਤੋਂ ਦਸ ਲਖ ਦੀ ਛਾਣੀ ਪੁਣੀ ਗਿਣਤੀ ਮੁਰਾਦ ਨਹੀਂ, ਇਸ ਗੱਲ ਨੂੰ ਬੀ ਗੁਰੂ ਜੀ ਨੇ ਇਸੇ ਖਤ ਵਿਚ ਆਪ ਸਾਫ ਕਰ ਦਿਤਾ ਹੈ ਕਿ ਭਾਵ ਬੇਸ਼ੁਮਾਰ ਹੈ। (ਸ਼ਿਅਰ 41 ਦੇ ਹੇਠਲਾ ਨੋਟ ਬੀ ਦੇਖੋ)
23. ਫਿਰ ਇਸ ਸਾਰੇ ਖ਼ਤ ਵਿਚ ਉਸ ਤੇ ਵਾਜ਼ਿਆ ਕੀਤਾ ਗਿਆ ਹੈ ਕਿ ਤੇਰਾ ਫਰਜ਼ ਅਜੇ ਬੀ ਨਹੀਂ ਮੁੱਕਾ। ਜੋ ਕੁਛ ਸਹੁੰ ਤੋੜ ਕੇ ਤੇਰੇ ਵੱਲੋਂ ਤੇ ਤੇਰੇ ਸੂਬਿਆਂ ਆਦਿਕਾਂ ਵਲੋਂ ਅਹਿਦ ਸ਼ਿਕਨੀ ਹੋਈ ਹੈ ਉਸਦੀ ਤਲਾਫੀ ਦਾ ਅਜੇ ਵਕਤ ਹੈ ਅਰ ਤੇਰਾ ਫਰਜ਼ ਹੈ ਉਸਨੂੰ ਧਰਮ, ਨਿਆਂ ਤੇ ਨੀਤੀ ਤ੍ਰੈਆਂ ਨੁਕਤਿਆਂ ਤੋਂ ਸਿਰੇ ਚਾੜ੍ਹੇ। (ਸ਼ਿਅਰ 53-54)
24. ਫਿਰ ਇਸ ਖ਼ਤ ਵਿਚੋਂ ਗੁਰੂ ਸਾਹਿਬ ਦਾ ਅਕਾਲ ਪੁਰਖ ਤੇ ਭਰੋਸਾ ਕਮਾਲ ਦਾ ਸਹੀ ਹੁੰਦਾ ਹੈ, ਉਸਦੀ ਸਿਫਤ ਸਲਾਹ ਵੀ ਕਮਾਲ ਦੀ ਹੈ। ਉਸ ਨਾਲ ਪਿਆਰ ਤੇ ਸਿਦਕ ਦਾ ਉਨਾਂ ਦਾ ਸੰਯੋਗ ਬੜਾ ਜ਼ੋਰਦਾਰ ਸਾਬਤ ਹੁੰਦਾ ਹੈ। ਪਾਤਸ਼ਾਹ ਨੂੰ ਦੌਲਤ ਤੇ ਮਾਣ ਹੈ ਤੇ ਆਪ ਦਾ ਤਕੀਆ ਸਾਈਂ ਦੀ ਟੇਕ ਤੇ ਹੈ ਤੇ ਫੇਰ ਆਪਣੇ ਰੱਬ ਅਕਾਲ ਪੁਰਖ ਤੇ ਮੁਸਲਮਾਨੀ ਰੱਬ 'ਯਜ਼ਦਾਂ’ ਨੂੰ ਇਕ ਕਹਿ ਰਹੇ ਹਨ। (ਸ਼ਿਅਰ 105-106)
25. ਫੇਰ ਔਰੰਗਜ਼ੇਬ ਨੂੰ ਉਸੇ ਰੱਬ ਦੀ ਰਬੀਅਤ, ਸ਼ਹਿਨਸ਼ਾਹਾਂ ਉਤੇ ਬੀ ਉਸ ਦੀ ਕੁਦਰਤ ਤੇ ਤਾਕਤ ਦੱਸ ਕੇ ਮਰਕੇ ਉਸਦੇ ਦੀਨ ਮੂਜਬ ਉਸ ਵਲੋਂ ਇਨਸਾਫ ਹੋਣਾ ਤੇ ਰਾਸਤ ਬਾਜ਼ਾਂ ਦੀ ਕਦਰ ਹੋਣਾਂ ਆਦਿ ਉਪਦੇਸ਼ ਦੇਕੇ ਰਾਸਤਬਾਜ਼ੀ ਵੱਲ ਤੇ ਨੇਕੀ ਵੱਲ ਪ੍ਰੇਰਦੇ ਹਨ, ਜਗਤ
ਦੀ ਅਸਾਰਤਾ ਦਾ ਨਜ਼ਾਰਾ ਦੱਸਦੇ ਹਨ ਤੇ ਉਸਦੀ ਰਹਿਮਤ ਪ੍ਰਾਪਤ ਕਰਨੇ ਦੀ ਪ੍ਰੇਰਨਾ ਕਰਦੇ ਹਨ। (ਸ਼ਿਅਰ 68, 69, 107, 108)
26. ਬੈਰਾੜ ਸਾਰੇ ਗੁਰੂ ਦੇ ਸਿਖ ਸਨ। (ਸ਼ਿਅਰ 59)
ਅਨੰਦਪੁਰ ਤੋਂ ਲੈ ਕੇ ਦੀਨੇ ਤੱਕ ਦੇ ਮੁਕਾਮਾਤ
ਜਿਥੇ ਜਿਥੇ ਗੁਰੂ ਸਾਹਿਬ ਜੀ ਨੇ ਦਮ ਲੀਤਾ, ਕੁਛ ਵਕਤ ਠਹਿਰੇ, ਰਾਤ ਯਾ ਕੁਛ ਦਿਨ ਗੁਜ਼ਾਰੇ ਉਨ੍ਹਾਂ ਦੇ ਨਾਮ ਤਰਤੀਬਵਾਰ ਐਉਂ ਹਨ। ਲਗ ਪਗ ਸਾਰੀਆਂ ਇਨ੍ਹਾਂ ਥਾਵਾਂ ਤੇ ਗੁਰਦਵਾਰੇ ਯਾ ਨਿਸ਼ਾਨ ਹੁਣ ਤੱਕ ਕਾਇਮ ਹਨ:-
ਸਰਸਾ ਨਾਲੇ ਦਾ ਕਿਨਾਰਾ-ਜਿੱਥੇ ਵੈਰੀ ਦਲ ਪਿੱਛਾ ਕਰਕੇ ਆ ਪਹੁੰਚਾ ਤੇ ਹਮਲਾਆਵਰ ਹੋਇਆ, ਜਿਥੇ ਉਦੇ ਸਿੰਘ ਵਰਗੇ ਸੂਰਮੇ ਸ਼ਹੀਦੀਆਂ ਪਾ ਗਏ। ਰੋਪੜ, ਚਮਕੌਰ-ਜਿੱਥੇ ਸਾਰੇ ਦਿਨ ਦਾ ਜੁੱਧ ਮਚਿਆ। ਜੰਡ ਸਾਹਿਬ। ਝਾੜ ਸਾਹਿਬ। ਮਾਛੀ ਵਾੜਾ। ਲਲਾ ਕੁਬਾ, ਘੁੰਘਰਾਲੀ ਕਟਾਣੀ, ਰਾਮ ਪੁਰ, ਕਣੇਚ, ਆਲਮਗੀਰ, ਜੋਧ, ਮੋਹੀ, ਹੇਹਰ, ਕਮਾਲ ਪੁਰਾ, ਲੰਮੇ ਸੀਲਆਣੀ, ਰਾਇ ਕੋਟ, ਮਾਣੂਕੇ, ਚਕਾਰ, ਤਖਤੂ ਪੁਰਾ, ਮਧਾ, ਦੀਨਾ, ਜੋ ਕਾਂਗੜ ਦੀ ਜ਼ਿਮੀ ਵਿਚ ਕਾਂਗੜ ਦੇ ਪਾਸ ਮੀਲਕ ਉਤੇ, ਉਸੇ ਖਾਨਦਾਨ ਦੀ ਮਾਲਕੀ ਸੀ ਤੇ ਜਿੱਥੇ ਇਕ ਭਰਾ ਰਹਿੰਦਾ ਸੀ। ਏਥੇ ਹੀ ਆਪ ਦੇ ਕ੍ਯਾਮ ਵਾਲੇ ਥਾਂ ਲੋਹਗੜ੍ਹ ਨਾਮੇ ਗੁਰਦੁਆਰਾ ਹੈ।
ਜ਼ਫਰ ਨਾਮਹ ਕਿੱਥੇ ਲਿਖ੍ਯਾ ਗਿਆ?
ਸਾਰੇ ਇਤਿਹਾਸਾਂ ਵਿਚ ਜ਼ਫਰਨਾਮਹ ਦੀਨੇ ਲਿਖਿਆ ਗਿਆ ਦੱਸਿਆ ਹੈ, ਪਰ ਜ਼ਫਰ ਨਾਮੇ ਵਿਚ ਲਿਖਿਆ ਹੈ ਕਿ ਅਸੀਂ ਕਾਂਗੜ ਠਹਿਰੇ ਹੋਏ ਹਾਂ। ਕਾਂਗੜ ਉਹ ਟਿਕਾਣਾ ਹੈ ਜਿਥੇ ਛੇਵੇਂ ਗੁਰਾਂ ਦਾ ਤੁਰਕ ਦਲ ਨਾਲ ਜੁੱਧ ਹੋਇਆ ਤੇ ਜਿਥੋਂ ਦੇ ਰਈਸ ਰਾਇ ਜੋਧ ਨੇ ਇਕ ਹਜ਼ਾਰ ਆਪਣੇ ਸਾਥੀਆਂ ਸਣੇ ਗੁਰੂ ਜੀ ਦੀ ਸਹਾਇਤਾ ਵਿਚ ਜੰਗ ਕੀਤਾ ਸੀ। ਇਹ ਜੁੱਧ 1688 ਵਿਚ ਹੋਇਆ ਸੀ, ਜਿਸ ਵਿਚ ਗੁਰੂ ਜੀ ਦੀ ਫਤਹ ਹੋਈ। ਇਸ ਨਗਰ ਦੇ ਵਸਾਉਣ ਵਾਲਾ ਰਾਇ ਜੋਧ ਦਾ ਵਡਕਾ ਮਹਿਰ ਮਿੱਠਾ ਸੀ, ਜਿਸਦੀ
ਇਕ ਪੋਤੀ ਅਕਬਰ ਨਾਲ ਵਿਆਹੀ ਗਈ ਸੀ। ਜਿਸ ਕਰਕੇ 120 ਪਿੰਡ ਦਾ ਤਲਕਾ ਅਕਬਰ ਵਲੋਂ ਇਸ ਨੂੰ ਮਿਲ ਗਿਆ ਤੇ ਤਦ ਤੋਂ ਕਾਂਗੜ ਇਸ ਤਲਕੇ ਦੀ ਮਾਨੋ ਰਾਜਧਾਨੀ ਸੀ। ਦੀਨਾ ਕਾਂਗੜ ਤੋਂ ਇਕ ਮੀਲ ਉੱਤਰ ਨੂੰ ਕਾਂਗੜ ਦੀ ਭੌਂ ਵਿਚ ਨਵਾਂ ਵਸਿਆ ਸੀ (ਸੰ:1720 ਬਿ: ਵਿਚ) ਤੇ ਰਾਇਜੋਧ ਦੇ ਤ੍ਰੈ ਵੰਸ਼ਜ-ਜੋ ਦਸਮੇ ਪਾਤਸ਼ਾਹ ਨੂੰ ਮਿਲੇ-ਤਖਤ ਮਲ, ਲਖਮੀਰ ਤੇ ਸਮੀਰਸਨ। ਇਕ ਭਰਾ ਦੀਨੇ ਰਹਿੰਦਾ ਸੀ ਤੇ ਦੂਜੇ ਦੋ ਕਾਂਗੜ। ਜਦ ਸਾਹਿਬ ਮਧੇ ਆਏ ਤਾਂ ਤ੍ਰੈਏ ਭਰਾ ਗੁਰੂ ਜੀ ਨੂੰ ਸਨਮਾਨ ਨਾਲ ਲੈ ਆਏ ਤੇ ਇਤਿਹਾਸਾਂ ਵਿਚ ਦੱਸਿਆ ਹੈ ਕਿ ਦੀਨੇ ਉਤਾਰਾ ਦਿੱਤਾ। ਸੋ ਦੀਨੇ ਠਹਿਰਨਾ, ਕਾਂਗੜ ਠਹਿਰਨਾ ਜਿਥੇ ਬਾਕੀ ਦੇ ਦੋ ਭਰਾ ਰਹਿੰਦੇ ਸਨ, ਇਉਂ ਇਕੋ ਗੱਲ ਹੈ ਜਿਵੇਂ ਸੁਲਤਾਨਵਿੰਡ ਠਹਿਰਨਾ ਅੰਮ੍ਰਿਤਸਰ ਠਹਿਰਨਾ ਕਿਹਾ ਜਾ ਸਕਦਾ ਹੈ।
ਜ਼ਫਰ ਨਾਮਹ ਕਦ ਲਿਖਿਆ ਗਿਆ?
ਗਿਣਤੀ ਕਰਨ ਤੋਂ ਸ੍ਰੀ ਗੁਰੂ ਜੀ ਦਾ ਅਨੰਦਪੁਰ ਛਡਣਾ 6-7 ਤ੍ਰੀਕ ਪੋਹ ਦੀ ਸੰਮਤ 1762 ਵਿਚ ਢੁਕਦੀ ਹੈ। ਇਥੋਂ ਟੁਰ ਕੇ ਦੀਨੇ ਅੱਪੜਦਿਆਂ ਤਕ ਮਾਘ ਚੜ੍ਹ ਪਿਆ ਜਾਪਦਾ ਹੈ। ਦੀਨੇ ਦਾ ਯਾਮ ਗੁਰੂ ਜੀ ਦਾ ਲਗ ਪਗ ਢਾਈ ਮਹੀਨੇ ਰਿਹਾ। ਇਸ ਅਰਸੇ ਵਿਚ ਜ਼ਫਰਨਾਮਹ ਲਿਖਿਆ ਗਿਆ। ਸੋ ਹੋ ਸਕਦਾ ਹੈ ਕਿ ਇਹ 1762 ਸੰਮਤ ਦੇ ਮਾਘ ਯਾ ਫਗਣ ਵਿਚ ਮੁੱਕਾ ਹੋਵੇ ਤੇ ਘੱਲਿਆ ਗਿਆ ਹੋਵੇ ਇਸਦੇ ਰਵਾਨਾ ਕਰਨ ਤੋਂ ਮਗਰੋਂ ਗੁਰੂ ਜੀ ਇਥੋਂ ਕਾਫੀ ਫੌਜ ਜਮਾਂ ਕਰਕੇ ਅਗੇ ਟੁਰ ਪਏ ਤੇ ਕੋਟ ਕਪੂਰੇ ਆਦਿ ਅਨੇਕ ਥਾਈਂ ਹੁੰਦੇ ਖਿਦਰਾਣੇ ਦੀ ਢਾਬ ਪਰ ਪੁਜੇ, ਜਿਥੇ ਸੂਬਾ ਸਰਹਿੰਦ ਆ ਪਿਆ। ਇਹ ਜੁਧ ਵਿਸਾਖ ਦੇ ਲਗਪਗ ਹੋਇਆ ਜਾਪਦਾ ਹੈ।
ਇਸ ਤੋਂ ਮਗਰੋਂ ਨੌ ਦਸ ਮਹੀਨੇ ਮਹਾਰਾਜ ਦਾ ਕ੍ਯਾਮ ਦਮਦਮੇ ਸਾਹਿਬ ਹੈ ਓਥੋਂ ਜਦ ਰਾਜ ਪੂਤਾਨੇ ਵੱਲ ਚਲੇ ਗਏ ਤਾਂ ਦਇਆ ਸਿੰਘ ਜੀ ਵਾਪਸ ਆ ਕੇ ਮਿਲੇ। ਸੋ 1762 ਦੇ ਅਖੀਰ ਇਹ ਔਰੰਗਜ਼ੇਬ ਨੂੰ ਮਿਲਿਆ। 1763 ਦੇ ਮਾਘ ਵਿਚ ਔਰੰਗਜ਼ੇਬ ਦਾ ਦੇਹਾਂਤ ਹੁੰਦਾ ਹੈ (ਫਰਵਰੀ 1707)।
ਔਰੰਗਜ਼ੇਬ ਦੇ ਕਰੈਕਟਰ ਦੀ ਤਸਦੀਕ ਹੋਰਨਾਂ ਇਤਿਹਾਸਕਾਰਾਂ ਤੋਂ।
ਸ਼ਿਅਰ ਨੰਬਰ 13, 14, 23, 24 ਵਿਚ ਔਰੰਗਜ਼ੇਬ ਦੀ ਕੁਰਾਨ ਤੇ ਸਹੁੰ ਖਾਣ ਦੀ ਬੇਇਤਬਾਰੀ ਦਾ ਜ਼ਿਕਰ ਹੈ, ਇਸ ਸੰਬੰਧ ਵਿਚ ਹੇਠਲੀਆਂ ਤਵਾਰੀਖ਼ੀ ਉਗਾਹੀਆਂ ਜੋ ਔਰੰਗਜ਼ੇਬ ਦੀਆਂ ਸਵਾਂ ਖਾਣ ਸਬੰਧੀ ਤੇ ਇਕਰਾਰ ਤੋੜਨ ਸਬੰਧੀ ਹਨ, ਪਾਠਕਾਂ ਲਈ ਦਿਲਚਸਪ ਹੋਸਨ :-
1. "(ਔਰੰਗਜ਼ੇਬ ਕੀ ਤਰਫ ਸੇ) ਬਹੁਤ ਸੇ ਐਸੇ ਅਹਕਾਮਾਤ ਭੀ ਦੀਏ ਗਏ ਜਿਸ ਸੇ ਉਸਕੀ ਅਪਣੀ ਮਤਲਬ ਬਰਾਰੀ ਹੋਤੀ ਥੀ, ਮਸਲਨ ਲੋਗੋਂ ਕੋ ਯਿਹ ਕਹਾ ਗਿਆ ਕਿ ਬੇਸ਼ਕ ਝੂਟੀ ਕਸਮੇਂ ਖਾ ਲੋ ਔਰ ਇਸ ਤਰਹ ਸੇਗਿਰਦੋਨਵਾਹ ਕੀ ਸਲਤਨਤੋਂ ਮੈਂ ਬਗ਼ਾਵਤ ਕੀ ਆਗ ਭੜਕਾ ਕਰ ਲੋਗੋਂ ਕੋ ਆਪਣੀ ਤਰਫ ਮਿਲਾ ਲੋ ਔਰ ਜਬ ਕਾਮ ਨਿਕਲ ਆਏ ਤੋ ਦਸ ਛੁਕਰਾ ਕੋ ਖਾਨਾ ਖੁਲਾ ਦੋ ਔਰ ਖਾਹ ਕੁਰਾਨ ਕੀ ਹਜ਼ਾਰੋਂ ਕਸਮ ਖਾ ਕਰ ਹੀ ਤੁਮਨੇ ਵਅਦੇ ਕਿਉਂ ਨਾ ਕੀਏ ਹੈਂ ਤੁਮ ਸਭ ਸੇ ਬਰੀ ਹੋ ਜਾਓਗੇ।” (ਸਟੋਰੀਆ ਡੋਮੋਗਰ ਜਿ:੩ ਹਿੱਸਾ ੨ ਸਫਾ ੫)
2. “(ਗੋਲਕੰਡਾ ਕੇ ਬਾਦਸ਼ਾਹ ਨੇ ਔਰੰਗਜ਼ੇਬ ਕੀ ਚੜ੍ਹਾਈ ਕੀ ਖਬਰ ਪਾ ਕਰ) ਔਰੰਗਜ਼ੇਬ ਕੋ ਪੈਗਾਮ ਭੇਜਾ ਕਿ 'ਆਪ ਜੰਗ ਨਾ ਕਰੇਂ ਮੈਂ ਆਪਣੇ ਆਪ ਕੋ ਹਜ਼ੂਰ ਕੇ ਦੀਗਰ ਹੁੱਕਾਮ ਔਰ ਸੂਬੇਦਾਰੋਂ ਕੀ ਤਰਹ ਸਮਝਤਾ ਹੂੰ ਔਰ ਇਸੀ ਹੈਸੀਅਤ ਸੇ ਗੋਲਕੰਡਾ ਪਰ ਕਬਜ਼ਾ ਰਖਨਾ ਚਾਹਤਾ ਹੂੰ । ਇਸਕੇ ਜੁਵਾਬ ਮੇਂ ਔਰੰਗਜ਼ੇਬ ਨੇ ਉਸੇ ਕਹਿਲਾ ਭੇਜਾ ਕਿ 'ਆਪ ਫਿਕਰ ਮਤ ਕੀਜੀਏ, ਆਪ ਕੀ ਬਾਦਸ਼ਾਹਤ ਕੋ ਕੋਈ ਕੁਛ ਨਹੀਂ ਕਹੇਗਾ, ਹਮ ਸਿਰਫ 'ਗੁਲਬਰਗਾ' ਤਕ ਜਾਨਾ ਚਾਹਤੇ ਹੈਂ, ਜਹਾਂ ਔਲੀਆ ਲੋਗੋਂ ਕੀ ਮਜ਼ਾਰੋਂ ਪਰ ਦੁਆ ਕਰਨੇ ਔਰ ਮਿੱਨਤ ਮਾਨਨੇ ਕੀ ਖਾਹਸ਼ ਹੈ।'
ਸ਼ਾਹੇ ਗੋਲਕੰਡਾ ਨੇ ਇਸਕੇ ਇਲਫਾਜ਼ ਕੋ ਸੱਚ ਜਾਣ ਕਰ ਇਸੇ ਪਾਂਚ ਲਾਖ ਰੁਪਏ ਮਜ਼ਾਰ ਪਰ ਫੁਕਰਾ ਕੋ ਤਕਸੀਮ ਕਰਨੇ ਕੇ ਲੀਏ
ਭੇਜੇ, ਜਿਸੇ ਵਸੂਲ ਕਰਕੇ ਔਰੰਗਜ਼ੇਬ ਨੇ ਬਜਾਏ ਗੁਲਬਰਗਾ ਕੀ ਤਰਫ ਕੂਚ ਕਰਨੇ ਕੇ ਸੀਧਾ ਗੋਲਕੰਡਾ ਕਾ ਰੁਖ਼ ਕੀਆ....।” (ਸਟੋਰੀਆ ਡੋਮੋਗਰ, ਸਫਾ ੩੨੦)
3. ਔਰੰਗਜ਼ੇਬ ਨੇ ਜਿਸ ਵਕਤ ਕੁਛ ਤਲਵਾਰ ਸੇ ਔਰ ਕੁਛ ਧੋਕੇ ਫਰੇਬ ਸੇ ਸਲਤਨਤ ਬੀਜਾਪੁਰ ਪਰ ਕਬਜਾ ਕਰ ਲੀਆ..." (ਸਟੋਰੀਆ ਡੋਮੋਗਰ, ਸਫਾ ੩੧੬)
4. "(ਮੁਰਾਦ ਬਖਸ਼ ਜਿਸਨੂੰ ਪੁਰ ਫਰੇਬ ਆਲਮਗੀਰ (ਔਰੰਗਜ਼ੇਬ) ਨੇ ਇਹ ਗੱਲ ਦੱਸ ਕੇ ਕਿ ਉਹ ਦਾਰਾ ਸ਼ਿਕੋਹ ਦੀ ਲੜਾਈ ਦੇ ਪਿੱਛੋਂ ਮੱਕੇ ਤੇ ਮਦੀਨੇ ਟੁਰ ਜਾਏਗਾ ਅਤੇ ਆਪਣੇ ਬੇਵਕੂਫ ਭਰਾ (ਮੁਰਾਦ ਬਖਸ਼ ਨੂੰ) ਸਲਤਨਤ ਤੇ ਕਾਮਯਾਬੀ ਦੀ ਮੁਬਾਰਕ ਤੇ ਬਾਦਸ਼ਾਹੀ ਦੀ ਉਮੈਦ ਦੇ ਕੇ ਤਸੱਲੀ ਤੇ ਤਸ਼ੱਫੀ ਨਾਲ ਖੁਸ਼ ਰਖਦਾ ਸੀ ਅਤੇ ਉਹ (ਮੁਰਾਦ ਬਖਸ਼ ਬੇਵਕੂਫ ਮੱਕਾਰ ਭਰਾ ਔਰੰਗਜ਼ੇਬ ਦੇ ਗ੍ਰੰਥ ਵਿਚ ਆ ਕੇ ਨਿਸ਼ਕ ਉਸਦੇ ਪਾਸ ਆਉਂਦਾ ਜਾਂਦਾ ਸੀ। ਉਸਦੇ ਖੈਰਖ਼ਾਹ ਉਸਦੀ ਇਸ ਬੇਮੌਕਾ ਆਉਣ ਜਾਣ ਦੀ ਸਖਤ ਰੋਕ ਕਰਦੇ ਸਨ, ਪਰ ਉਹ ਆਪਣੇ ਮੱਕਾਰ ਭਰਾ ਦੀਆਂ ਗੱਲਾਂ ਤੇ ਕੌਲ ਇਕਰਾਰ ਦੇ ਸਬੱਬ ਇਸ ਤੋਂ ਕਿਸੇ ਤਰ੍ਹਾਂ ਦੀ ਬੁਰਿਆਈ ਦੀ ਆਸ ਨਾ ਰਖਦਾ ਹੋਇਆ ਉਨ੍ਹਾਂ (ਹਮਦਰਦਾਂ) ਦੀ ਨਸੀਹਤ ਨਹੀਂ ਸੁਣਦਾ ਸੀ। ਦਾਰਾ ਸ਼ਿਕੋਹ ਦੀ ਹਾਰ ਦੇ ਪਿੱਛੋਂ ਸਫਰ ਵਿਚ ਜਦ ਕਿ ਉਹ ਦਾਰਾ ਸ਼ਿਕੋਹ ਦੀ ਹਾਰ ਦੇ ਪਿੱਛੋਂ ਸਫਰ ਵਿਚ ਜਦ ਕਿ ਉਹ ਦਾਰਾ ਸ਼ਿਕੋਹ ਦੇ ਪਿੱਛੇ ਜਾ ਰਿਹਾ ਸੀ, ਇਸ ਬਦਨਸੀਬ (ਮੁਰਾਦ ਬਖਸ਼ ਨੂੰ ਵੀ (ਔਰੰਗਜ਼ੇਬ) ਨੇ ਕੈਦ ਕਰਕੇ ਗੁਵਾਲੀਅਰ ਦੇ ਕਿਲੇ ਵਿਚ ਨਜ਼ਰਬੰਦ ਕਰ ਦਿਤਾ।”
(ਸੈਰੁਲ ਮੁਤਾਪ੍ਰੀਨ, ਸਫਾ ੩੩੮)
5. ਵੁਹ ਅਪਨੇ ਭੇਦ ਕੋ ਨਿਹਾਯਤ ਛੁਪਾਏ ਰਖਤਾ ਥਾ, ਔਰ ਮੱਕਾਰੀ ਔਰ ਰਿਆਕਾਰੀ ਕੇ ਫਨ ਮੈਂ ਤੋ ਕਾਮਲ ਉਸਤਾਦ ਥਾ। (ਬਰਨੀਅਰ (ਉਰਦੂ ਤਰਜਮਾ) ਸਫਾ ੧੭)
He alone conducted every branch of his government in the most minute detail. He planned campaigns and issued instructions during their progress.....his letters embrace measures for keeping open the roads in the Afghan country, for quelling disturbances at Multan & Agra.
7. ਐਲਫਿਨਸਟੋਨ ਸਫਾ 545 ਦੇ ਫੁਟ ਨੋਟ ਵਿਚ 'ਮੁਲਤਾਨ' ਦੇ ਮਾਮਲਾਤ ਤੋਂ ਸੰਭਾਵਨਾ ਗੁਰੂ ਗੋਬਿੰਦ ਸਿੰਘ ਜੀ ਤੇ ਸਿੱਖਾਂ ਦੇ ਮਾਮਲਾਤ ਦੀ ਕਢਦਾ ਹੈ। ਸੋ ਥਹੁ ਪਿਆ ਕਿ ਅਨੰਦ ਪੁਰ ਜੁੱਧ ਦੀ ਤਫਸੀਲ ਬੀ ਔਰੰਗਜ਼ੇਬ ਦੀ ਗੇਣਤੀ ਵਿੱਚ ਸੀ।
-ਇਤਿ-
ਗੀਤ
(ਤਰਜ਼-ਗਜ਼ਲ)
ਮਹਕ ਕਲਗ਼ੀ ਵਾਲੜੇ ਦੀ
ਓਸ ਥਾਂ ਤੋਂ ਲੈਕੇ ਆ!
ਐ ਸਬਾ! ਚਮਕੌਰ ਜਾ,
ਧੂੜੀ ਦੇ ਗਲ ਲਗ ਲਗ ਕੇ ਆ,
ਮਹਕ ਕਲਗੀ ਵਾਲੜੇ ਦੀ
ਓਸ ਥਾਂ ਤੋਂ ਲੈ ਕੇ ਆ:-
ਹੋਲੀਆਂ ਜਿਸ ਥਾਂ ਤੇ ਸੁਹਣੇ
ਨਾਲ ਜਿੰਦਾਂ ਖੇਡੀਆਂ,
ਅਤਰ ਤੇ ਅੰਬੀਰ ਜਿਸ ਥਾਂ
ਹੈ ਅਜੇ ਤਕ ਫੈਲਿਆ।
ਪੁੱਤਰਾਂ ਦੇ 'ਗੁਲ ਸ਼ਗੂਫ਼ੇ’
ਖੂਨ ਹੋ ਜਿਸ ਥਾਂ ਖਿੜੇ,
ਮਿੱਤਰਾਂ ਦਾ ਗੁਲੇ ਲਾਲਹ
ਰੱਤ ਹੋ ਸੀ ਟਹਿਕਿਆ।
'ਆਪਾ ਨੁਛਾਵਰ' ਦੀ ਕਲੀ
ਜਿਸ ਥਾਂ ਬਲੀ ਹੋ ਖਿੜ ਪਈ,
ਗੁੰਚਹ ਸੀ ਦਿਲਵਾਰਨੇ ਦਾ
ਜਿਸ ਜਗ੍ਹਾ ਤੇ ਮੁਸ਼ਕਿਆ।
'ਬੁਲਬੁਲ' ਨੇ ਜਿਸ ਥਾਂ ਖੂਨ ਦੇ
'ਬਾਜ਼ਾਂ' ਦੀ ਮਾਰੀ ਮੁਸ਼ਕ ਸੀ,
'ਅਤਰ-ਗੁਲ' ਹੋ ਲਹੂ ਜਿਸਦੇ
'ਮਹਿਕ-ਡੱਬਾ' ਖੂਹਲਿਆ।
ਇਸ਼ਕ ਦੀ ਰੌਸ਼ਨ ਸ਼ਮਾ ਨੂੰ
ਜਿਸ ਜਗ੍ਹਾ ਪਰਵਾਨਿਆਂ
ਖੂਨ ਅਪਨੇ ਦੇ ਫੁਲੇਲੀ
ਵਧ ਤੋਂ ਵਧ ਸੀ ਪਾਲਿਆ;
ਜ਼ੁਲਮ ਦੀ ਬੂ ਬਾਸ ਨੂੰ
ਕੁਰਬਾਨੀਆਂ ਦੇ ਅਗਰ ਨੇ
ਅਮਨ ਦੇ ਬੂਟੇ ਤਲੇ
ਕਰ ਖਾਦ ਸੀਗਾ ਡਾਲਿਆ।
ਹਾਂ ਜਿਸ ਜਗ੍ਹਾ ਸੀ ਉਗ ਪਿਆ
ਉਹ ਬੀ ਪ੍ਯਾਰਾਂ ਵਾਲੜਾ,
ਜਿਸ ਨੂੰ ਤਸ਼ੱਦਦ ਦੇ ਲਹੂ
ਸਿੰਜ ਸਿੰਜ ਕੇ ਸੀ ਪਾਲਿਆ।
ਜਿਸ ਥਲੀ ਨੂੰ ਸੀ ਬਲੀ ਨੇ
'ਬਾਗ਼-ਮਹਿਕਾਂ' ਸਾਜਿਆ,
ਉਸ ਥਲੀ ਦੀ ਮਹਕ ਹਾਂ
ਤੂੰ ਐ ਸਬਾ ਅਜ ਲੈ ਕੇ ਆ!
ਵੰਡ ਦੇ ਵਿਚ ਖ਼ਾਲਿਸੇ
ਕਰਦੇ ਸੁਗੰਧਿਤ ਸੱਭ ਨੂੰ
'ਪ੍ਯਾਰ ਲਪਟਾਂ' ਵਿਚ ਲਪੇਟੀਂ
ਮੈ ਸਬਾ! ਤੂੰ ਸਾਰਿਆਂ।
ਮਹਿਕ ਕਲਗੀ ਵਾਲੜੇ ਦੀ
ਲ੍ਯਾ ਸਬਾ ਚਮਕੌਰ ਤੋਂ
'ਵੈਰ-ਗ਼ਫ਼ਲਤ' ਵਿਚ ਪਿਆਂ ਨੂੰ
ਦੇ ਸੁੰਘਾ ਤੇ ਹੋਸ਼ ਲਿਆ।
ਕਰ ਮਸਤ ਸਭ ਨੂੰ ਪ੍ਰੇਮ ਵਿਚ,
ਦੇ ਝੂਮ 'ਆਪਾ-ਵਾਰ' ਦੀ,
ਰਸ ਰੰਗ ਲਾਦੇ ਪ੍ਰੇਮ ਦਾ,
ਪ੍ਯਾਰੇ ਦੀ ਗੋਦੀ ਵਿਚ ਬਿਠਾ।
-0-