77. ਬਬਾਯਦ ਤੂ ਦਾਨਸ਼ ਪਰਸਤੀ ਕੁਨੀ॥
ਬਕਾਰੇ ਸ਼ੁਮਾ ਚੀਰਹ ਦਸਤੀ ਕੁਨੀ॥
ਚਾਹੀਦਾ ਹੈ ਕਿ ਤੂੰ (ਹੁਣ) ਅਕਲਮੰਦੀ ਦੀ ਪਾਲਣਾ ਕਰੇਂ (ਇਹ ਤੇਰਾ ਆਪਣਾ ਕੰਮ ਹੈ, ਇਸ) ਅਪਣੇ ਕੰਮ ਵਿਚ (ਲੋੜੀਦਾ ਹੈ ਕਿ) ਤੂੰ ਬਲਵਾਨਤਾ ਕਰੇਂ (ਪਰ ਅਕਲ ਨਾਲ)'।
78. ਚਿਹਾ ਖ਼ੁਦ ਕਿ ਚੂੰ ਬੱਚਗਾਂ ਕੁਸ਼ਤਹ ਚਾਰ॥
ਕਿ ਬਾਕੀ ਬਿਮਾਂਦਸਤ ਪੇਚੀਦਹ ਮਾਰ॥
ਭਾਵੇਂ ਮੇਰੇ ਚਾਰ ਬੱਚੇ ਮਾਰੇ ਗਏ ਹਨ (ਇਸ ਨਾਲ ਪਰ) ਕੀਹ ਹੋਇਆ, ਜਦੋਂ ਕਿ ਵਲਦਾਰ ਸੱਪ ਬਾਕੀ ਰਹਿ ਗਿਆ ਹੈ।
79. ਚਿਹ ਮਰਦੀ ਕਿ ਅਖ਼ਗਰ ਖ਼ਮੋਸ਼ਾਂ ਕੁਨੀ॥
ਕਿ ਆਤਸ਼ਦਮਾਂ ਰਾ ਬਦਉਰਾਂ ਕੁਨੀ॥
ਇਹ ਕੀ ਮਰਦਾਨਗੀ ਹੈ ਕਿ (ਜੀਵਨ ਦੇ) ਚੰਗਿਆੜਿਆਂ ਨੂੰ ਬੁਝਾ ਰਿਹਾ ਹੈਂ, ਪਰ ਭੜਕਦੀ ਅੱਗ ਨੂੰ ਹੋਰ ਤੇਜ਼ ਕਰ ਰਿਹਾ ਹੈਂ।
80. ਚਿਹ ਖੁਸ਼ ਗੁਫ਼ਤ ਫਿਰਦੌਸੀਏ ਖੁਸ਼ ਜ਼ੁਬਾਂ॥
ਸ਼ਿਤਾਬੀ ਬਵਦ ਕਾਰੇ ਆਹਰਮਨਾ॥
ਸੁਹਣੀ ਰਸਨਾ ਵਾਲੇ (ਪ੍ਰਬੀਨ ਕਵੀ) ਫਿਰਦੌਸੀ ਨੇ ਕਿਹੀ ਸੁਹਣੀ ਗੱਲ ਆਖੀ ਹੈ ਕਿ ਕਾਹਲੀ ਕਰਨੀ ਸ਼ੈਤਾਨਾਂ ਦਾ ਕੰਮ ਹੈ, (ਛੋਟੇ ਸਾਹਿਬਜ਼ਾਦਿਆਂ ਦੇ ਕਤਲ ਵੱਲ ਇਸ਼ਾਰਾ ਹੈ।)
______________________
1. ਭਾਵ ਨਿਡਰ ਹੋ ਕੇ ਜ਼ੋਰ ਨਾਲ ਨਿਆਂ ਤੇ ਅਕਲ ਦਾ ਕੰਮ ਕਰੇਂ। ਚੀਰਹ ਦਸਤੀ-ਗ਼ਲਬੇ ਨਾਲ ਕੰਮ ਕਰਨਾ।
2. ਬਾਜ਼ੇ ਸਮਝਦੇ ਹਨ ਕਿ ਆਪਣੀ ਵਲ ਇਸ਼ਾਰਾ ਹੈ, ਪਰ ਅਗਲੇ ਸ਼ਿਅਰ ਤੋਂ ਸ਼ੁਬਹ ਨਹੀਂ ਰਹਿ ਜਾਂਦਾ ਕਿ ਮਤਲਬ ਖਾਲਸੇ ਤੋਂ ਹੈ। ਗੁਰੂ ਜੀ ਨੌਜਵਾਨ ਖ਼ਾਲਸੇ ਨੂੰ ਭੁਜੰਗੀ ਕਿਹਾ ਕਰਦੇ ਸਨ, ਜਿਸ ਦਾ ਅਰਥ ਸੱਪ ਹੈ। 'ਮਾਰ ਪੇਚੀਦਾ' ਦੀ ਮੁਰਾਦ ਜ਼ੰਜੀਰ ਦੀ ਹੁੰਦੀ ਹੈ। ਲੁਗਾਤੇ ਕਿਸ਼ਵਰੀ)। ਸਾਹਿਬਜ਼ਾਦੇ ਤਾਂ ਮਾਰੇ ਗਏ ਫਰਦਨ ਫਰਦਨ, ਪਰ ਖਾਲਸਾ ਤਾਂ ਜ਼ੰਜੀਰ ਹੈ, ਜੋ ਖਤਮ ਨਹੀਂ ਹੋਣਾ।
3. ਸਾਹਿਬਜ਼ਾਦਿਆਂ ਨੂੰ 'ਅਖ਼ਗਰ' ਕਿਹਾ ਹੈ ਤੇ ਖਾਲਸੇ ਨੂੰ ਭੜਕਦੀ ਅੱਗ ਜੋ ਉਸਦੇ ਜ਼ੁਲਮਾਂ ਨਾਲ ਹੋਰ ਵਧੇਗੀ। ਸਪੁੱਤ੍ਰਾਂ ਨੇ ਆਖ਼ਰ ਜਗਤ ਤੋਂ ਟੁਰ ਜਾਣਾ ਸੀ, ਪਰ ਖਾਲਸੇ ਨੇ ਤਾਂ ਜਗਤ ਪਰ ਸਦਾ ਰਹਿਣਾ ਹੈ। ਜੋ ਭੜਕਦੀ ਅੱਗ ਹੈ ਤੁਰੇ ਰਹਿਣ ਵਾਲੀ।