ਇਕ ਪੋਤੀ ਅਕਬਰ ਨਾਲ ਵਿਆਹੀ ਗਈ ਸੀ। ਜਿਸ ਕਰਕੇ 120 ਪਿੰਡ ਦਾ ਤਲਕਾ ਅਕਬਰ ਵਲੋਂ ਇਸ ਨੂੰ ਮਿਲ ਗਿਆ ਤੇ ਤਦ ਤੋਂ ਕਾਂਗੜ ਇਸ ਤਲਕੇ ਦੀ ਮਾਨੋ ਰਾਜਧਾਨੀ ਸੀ। ਦੀਨਾ ਕਾਂਗੜ ਤੋਂ ਇਕ ਮੀਲ ਉੱਤਰ ਨੂੰ ਕਾਂਗੜ ਦੀ ਭੌਂ ਵਿਚ ਨਵਾਂ ਵਸਿਆ ਸੀ (ਸੰ:1720 ਬਿ: ਵਿਚ) ਤੇ ਰਾਇਜੋਧ ਦੇ ਤ੍ਰੈ ਵੰਸ਼ਜ-ਜੋ ਦਸਮੇ ਪਾਤਸ਼ਾਹ ਨੂੰ ਮਿਲੇ-ਤਖਤ ਮਲ, ਲਖਮੀਰ ਤੇ ਸਮੀਰਸਨ। ਇਕ ਭਰਾ ਦੀਨੇ ਰਹਿੰਦਾ ਸੀ ਤੇ ਦੂਜੇ ਦੋ ਕਾਂਗੜ। ਜਦ ਸਾਹਿਬ ਮਧੇ ਆਏ ਤਾਂ ਤ੍ਰੈਏ ਭਰਾ ਗੁਰੂ ਜੀ ਨੂੰ ਸਨਮਾਨ ਨਾਲ ਲੈ ਆਏ ਤੇ ਇਤਿਹਾਸਾਂ ਵਿਚ ਦੱਸਿਆ ਹੈ ਕਿ ਦੀਨੇ ਉਤਾਰਾ ਦਿੱਤਾ। ਸੋ ਦੀਨੇ ਠਹਿਰਨਾ, ਕਾਂਗੜ ਠਹਿਰਨਾ ਜਿਥੇ ਬਾਕੀ ਦੇ ਦੋ ਭਰਾ ਰਹਿੰਦੇ ਸਨ, ਇਉਂ ਇਕੋ ਗੱਲ ਹੈ ਜਿਵੇਂ ਸੁਲਤਾਨਵਿੰਡ ਠਹਿਰਨਾ ਅੰਮ੍ਰਿਤਸਰ ਠਹਿਰਨਾ ਕਿਹਾ ਜਾ ਸਕਦਾ ਹੈ।
ਜ਼ਫਰ ਨਾਮਹ ਕਦ ਲਿਖਿਆ ਗਿਆ?
ਗਿਣਤੀ ਕਰਨ ਤੋਂ ਸ੍ਰੀ ਗੁਰੂ ਜੀ ਦਾ ਅਨੰਦਪੁਰ ਛਡਣਾ 6-7 ਤ੍ਰੀਕ ਪੋਹ ਦੀ ਸੰਮਤ 1762 ਵਿਚ ਢੁਕਦੀ ਹੈ। ਇਥੋਂ ਟੁਰ ਕੇ ਦੀਨੇ ਅੱਪੜਦਿਆਂ ਤਕ ਮਾਘ ਚੜ੍ਹ ਪਿਆ ਜਾਪਦਾ ਹੈ। ਦੀਨੇ ਦਾ ਯਾਮ ਗੁਰੂ ਜੀ ਦਾ ਲਗ ਪਗ ਢਾਈ ਮਹੀਨੇ ਰਿਹਾ। ਇਸ ਅਰਸੇ ਵਿਚ ਜ਼ਫਰਨਾਮਹ ਲਿਖਿਆ ਗਿਆ। ਸੋ ਹੋ ਸਕਦਾ ਹੈ ਕਿ ਇਹ 1762 ਸੰਮਤ ਦੇ ਮਾਘ ਯਾ ਫਗਣ ਵਿਚ ਮੁੱਕਾ ਹੋਵੇ ਤੇ ਘੱਲਿਆ ਗਿਆ ਹੋਵੇ ਇਸਦੇ ਰਵਾਨਾ ਕਰਨ ਤੋਂ ਮਗਰੋਂ ਗੁਰੂ ਜੀ ਇਥੋਂ ਕਾਫੀ ਫੌਜ ਜਮਾਂ ਕਰਕੇ ਅਗੇ ਟੁਰ ਪਏ ਤੇ ਕੋਟ ਕਪੂਰੇ ਆਦਿ ਅਨੇਕ ਥਾਈਂ ਹੁੰਦੇ ਖਿਦਰਾਣੇ ਦੀ ਢਾਬ ਪਰ ਪੁਜੇ, ਜਿਥੇ ਸੂਬਾ ਸਰਹਿੰਦ ਆ ਪਿਆ। ਇਹ ਜੁਧ ਵਿਸਾਖ ਦੇ ਲਗਪਗ ਹੋਇਆ ਜਾਪਦਾ ਹੈ।
ਇਸ ਤੋਂ ਮਗਰੋਂ ਨੌ ਦਸ ਮਹੀਨੇ ਮਹਾਰਾਜ ਦਾ ਕ੍ਯਾਮ ਦਮਦਮੇ ਸਾਹਿਬ ਹੈ ਓਥੋਂ ਜਦ ਰਾਜ ਪੂਤਾਨੇ ਵੱਲ ਚਲੇ ਗਏ ਤਾਂ ਦਇਆ ਸਿੰਘ ਜੀ ਵਾਪਸ ਆ ਕੇ ਮਿਲੇ। ਸੋ 1762 ਦੇ ਅਖੀਰ ਇਹ ਔਰੰਗਜ਼ੇਬ ਨੂੰ ਮਿਲਿਆ। 1763 ਦੇ ਮਾਘ ਵਿਚ ਔਰੰਗਜ਼ੇਬ ਦਾ ਦੇਹਾਂਤ ਹੁੰਦਾ ਹੈ (ਫਰਵਰੀ 1707)।