Meanings of Punjabi words starting from ਜ

ਫ਼ਾ. [جہانتب] ਵਿ- ਜਹਾਨ ਨੂੰ ਰੌਸ਼ਨ ਕਰਨ ਵਾਲਾ. "ਰੁਖਸਰ ਜਹਾਨਤਾਬਾਂ." (ਰਾਮਾਵ) ਰੁਖ਼ਸਾਰ (ਕਪੋਲ) ਜਹਾਨ ਨੂੰ ਪ੍ਰਕਾਸ਼ਣ ਵਾਲੇ ਹਨ। ੨. ਸੰਗ੍ਯਾ- ਸੂਰਜ.


ਪੀਲੀਭੀਤ ਦੇ ਜਿਲੇ ਇੱਕ ਕ਼ਸਬਾ। ੨. ਸ਼ਾਹਜਹਾਨਾਬਾਦ (ਦਿੱਲੀ) ਦਾ ਸੰਖੇਪ. "ਸਹਰ ਜਹਾਨਾਬਾਦ ਬਸਤ ਜਹਿਂ ਸ਼ਾਹਜਹਾਂ ਜੂ ਰਾਜ ਕਰਤ ਤਹਿਂ." (ਚਰਤ੍ਰਿ ੨੭੮) ੩. ਗਯਾ ਦੇ ਜਿਲੇ ਇੱਕ ਨਗਰ, ਜੋ ਕਿਸੇ ਸਮੇਂ ਵਪਾਰ ਦਾ ਕੇਂਦ੍ਰ ਸੀ.


ਫ਼ਾ. [جہان] ਸੰਗ੍ਯਾ- ਜਗਤ. ਸੰਸਾਰ. "ਤਾਰਿਆ ਜਹਾਨੁ ਲਾਹਿਆ ਅਭਿਮਾਨੁ." (ਗਉ ਛੰਤ ਮਃ ੫); ਦੇਖੋ, ਜਹਾਨ.


ਜਹਾਨ ਨੂੰ. ਸੰਸਾਰ ਪ੍ਰਤਿ. "ਸਾਂਝੀ ਸਗਲ ਜਹਾਨੈ." (ਵਾਰ ਸੋਰ ਮਃ ੩)


ਅ਼. [جہالت] ਸੰਗ੍ਯਾ- ਜਹਲ (ਨਾਦਾਨੀ) ਦਾ ਭਾਵ. ਬੇਸਮਝੀ. ਅਵਿਦ੍ਯਾ.


ਕ੍ਰਿ. ਵਿ- ਜਿੱਥੇ. ਜਿਸ ਅਸਥਾਨ ਮੇਂ. "ਜਹਾ ਸ੍ਰਵਨਿ ਹਰਿਕਥਾ ਨ ਸੁਨੀਐ." (ਸਾਰ ਮਃ ੫) "ਜਹਾਂ ਸਬਦੁ ਵਸੈ ਤਹਾਂ ਦੁਖ ਜਾਏ." (ਆਸਾ ਮਃ ੩) ੨. ਫ਼ਾ. [جہاں] ਸੰਗ੍ਯਾ- ਜਹਾਨ. ਸੰਸਾਰ। ੩. ਸੰਸਾਰ ਦੇ ਪਦਾਰਥ.


ਫ਼ਾ. [جہانگیِر] ਵਿ- ਜਹਾਨ ਨੂੰ ਫ਼ਤੇ ਕਰਨ ਵਾਲਾ. ਸੰਸਾਰ ਨੂੰ ਕ਼ਬਜੇ ਵਿੱਚ ਲੈਣ ਵਾਲਾ।੨. ਸੰਗ੍ਯਾ- ਅਕਬਰ ਦਾ ਪੁਤ੍ਰ ਸਲੀਮ, ਜੋ ਬਿਹਾਰੀਮੱਲ ਕਛਵਾਹੇ ਦੀ ਕੰਨ੍ਯਾ ਮਰੀਅਮ ਜ਼ਮਾਨੀ ਦੇ ਉਦਰ ਤੋਂ ਸਿਕਰੀ ਦੇ ਮਕਾਮ ੩੧ ਅਗਸ੍ਤ ਸਨ ੧੫੬੯ (ਸੰਮਤ ੧੬੨੭) ਨੂੰ ਪੈਦਾ ਹੋਇਆ. ਇਹ ੨੪ ਅਕਤੂਬਰ ਸਨ ੧੬੦੫ ਨੂੰ ਦਿੱਲੀ ਦੇ ਤਖ਼ਤ ਪੁਰ ਬੈਠਾ, ਅਰ ਆਪਣਾ ਨਾਮ ਜਹਾਂਗੀਰ ਰੱਖਿਆ.¹ ਇਸਦੇ ਜ਼ਮਾਨੇ ਇੰਗਲੈਂਡ ਦੇ ਬਾਦਸ਼ਾਹ ਜੇਮਸ ੧. (James I) ਵੱਲੋਂ ਪਤ੍ਰ ਲੈ ਕੇ ਕਪਤਾਨ ਹਾਕਿਨਸ (Hawkinns) ਅਰ ਸਰ ਟਾਮਸ ਰੋ (Sir Thomas Roe) ਵਪਾਰ ਦੀ ਵ੍ਰਿੱਧੀ ਲਈ ਆਏ ਸਨ, ਜਿਸ ਦਾ ਫਲ ਸੂਰਤ ਪਾਸ ਅੰਗ੍ਰੇਜ਼ੀ ਕੋਠੀਆਂ ਅਤੇ ਕਾਰਖ਼ਾਨੇ ਕ਼ਾਇਮ ਹੋਏ।#ਇਸਦਾ ਬੇਟਾ ਖ਼ੁਸਰੋ ਤਖ਼ਤ ਦੀ ਇੱਛਾ ਕਰਕੇ ਵਿਰੋਧੀ ਹੋ ਗਿਆ ਸੀ, ਜਿਸ ਪੁਰ ਉਸ ਨੂੰ ਕੈਦ ਕੀਤਾ ਗਿਆ ਅਰ ਉਸ ਦੇ ਸੰਗੀ ਕਤਲ ਕੀਤੇ ਗਏ. ਸ਼੍ਰੀ ਗੁਰੂ ਅਰਜਨਦੇਵ ਦੇ ਵਿਰੁੱਧ ਚੰਦੂ ਆਦਿਕਾਂ ਨੂੰ ਸ਼ਕਾਇਤ ਕਰਨ ਦਾ ਇਹ ਮੌਕਾ ਮਿਲਿਆ ਕਿ ਗੁਰੂ ਸਾਹਿਬ ਨੇ ਖ਼ੁਸਰੋ ਦੇ ਹੱਕ ਦੁਆ ਮੰਗੀ ਅਤੇ ਉਸ ਨੂੰ ਰੁਪਯੇ ਦੀ ਸਹਾਇਤਾ ਦਿੱਤੀ.²#ਤਖ਼ਤ ਬੈਠਣ ਤੋਂ ਛੀ ਵਰ੍ਹੇ ਪਿੱਛੋਂ, ਇਸ ਨੇ ਨੂਰਜਹਾਂ ਨਾਲ ਸ਼ਾਦੀ ਕੀਤੀ. ਨੂਰਜਹਾਂ ਇੱਕ ਈਰਾਨ ਦੇ ਵਪਾਰੀ ਮਿਰਜ਼ਾ ਗ਼ਯਾਸ ਦੀ ਬੇਟੀ ਸੀ. ਗ਼ਯਾਸ ਅਕਬਰ ਦੇ ਜ਼ਮਾਨੇ ਸ਼ਾਹੀ ਮੁਲਾਜ਼ਮ ਹੋਇਆ ਅਰ ਆਪਣੀ ਲਯਾਕਤ ਨਾਲ ਅਹੁਦੇਦਾਰ ਬਣਿਆ. ਛੋਟੀ ਉਮਰ ਵਿੱਚ ਨੂਰਜਹਾਂ ਜਦ ਸ਼ਾਹੀ ਮਹਿਲਾਂ ਵਿੱਚ ਜਾਇਆ ਕਰਦੀ, ਤਦ ਇਸ ਦਾ ਸੁੰਦਰ ਰੂਪ ਵੇਖਕੇ ਜਹਾਂਗੀਰ ਉਸ ਉਤੇ ਮੋਹਿਤ ਹੋ ਗਿਆ ਸੀ, ਇਸ ਪੁਰ ਅਕਬਰ ਦੀ ਆਗ੍ਯਾ ਅਨੁਸਾਰ ਨੂਰਜਹਾਂ ਦਾ ਨਿਕਾਹ ਇੱਕ ਈਰਾਨੀ ਸਰਦਾਰ ਅਲੀਕੁਲੀ ਖ਼ਾਂ (ਸ਼ੇਰਅਫ਼ਗਨਖ਼ਾਂ) ਨਾਲ ਕੀਤਾ ਗਿਆ, ਜਿਸ ਨੂੰ ਅਕਬਰ ਨੇ ਬੰਗਾਲ ਵਿੱਚ ਜਾਗੀਰ ਬਖ਼ਸ਼ੀ. ਜਦ ਜਹਾਂਗੀਰ ਤਖ਼ਤ ਪੁਰ ਬੈਠਾ, ਤਦ ਸ਼ੇਰਅਫ਼ਗਨਖ਼ਾਂ ਨੂੰ ਕ਼ਤਲ ਕਰਵਾਕੇ ਨੂਰਜਹਾਂ ਨਾਲ ਵਿਆਹ ਕੀਤਾ, ਅਰ ਉਸ ਦੇ ਭਾਈ ਨੂੰ ਆਸਫ਼ਖ਼ਾਂ ਦਾ ਖਿਤਾਬ ਦੇ ਕੇ ਵਡਾ ਮੁਸ਼ੀਰ ਬਣਾਇਆ.#ਨੂਰਜਹਾਂ ਦੇ ਵਸ਼ ਵਿੱਚ ਜਹਾਂਗੀਰ ਕਠਪੁਤਲੀ ਦੀ ਤਰਾਂ ਨਾਚ ਕਰਦਾ ਸੀ, ਯਥਾ- "ਜਹਾਂਗੀਰ ਪਤਸ਼ਾਹ ਕੇ ਬੇਗਮ ਨੂਰਜਹਾਂ। ਵਸ਼ਿ ਕੀਨਾ ਪਤਿ ਆਪਨੋ ਇਹ ਰਸ ਜਹਾਂ ਤਹਾਂ." (ਚਰਿਤ੍ਰ ੪੮)#ਜਹਾਂਗੀਰ ਸ਼ਰਾਬ ਅਤੇ ਸ਼ਿਕਾਰ ਦਾ ਬਹੁਤ ਪ੍ਰੇਮੀ ਸੀ. ਸੰਮਤ ੧੬੮੪ ਵਿੱਚ ਕਸ਼ਮੀਰ ਤੋਂ ਮੁੜਦਾ ਹੋਇਆ ਦਮੇ ਰੋਗ ਦੀ ਪ੍ਰਬਲਤਾ ਕਾਰਣ (੨੮ ਅਕਤੂਬਰ ਸਨ ੧੬੨੭ ਨੂੰ) ਰਸਤੇ ਵਿੱਚ ਮਰ ਗਿਆ. ਲਹੌਰ ਪਾਸ ਸ਼ਾਹਦਰੇ ਉਸ ਦਾ ਸੁੰਦਰ ਮਕਬਰਾ ਬਣਿਆ ਹੋਇਆ ਹੈ. ਦੇਖੋ, ਨੂਰਜਹਾਂ.


ਨਿਜਾਮਬਾਈ ਦੇ ਉਦਰ ਤੋਂ ਬਹਾਦੁਰਸ਼ਾਹ ਦਾ ਵਡਾ ਬੇਟਾ, ਜੋ ੮. ਏਪ੍ਰਿਲ ਸਨ ੧੬੬੩ ਨੂੰ ਜੰਮਿਆ ਅਤੇ ਬਾਪ ਦੇ ਮਰਣ ਪੁਰ ਭਾਈਆਂ ਨਾਲ ਜੰਗ ਕਰਨ ਪਿੱਛੋਂ ੧੦. ਏਪ੍ਰਿਲ ੧੭੧੨ ਨੂੰ ਲਹੌਰ ਦੇ ਮਕ਼ਾਮ ਤਖ਼ਤ ਪੁਰ ਬੈਠਾ. ਇਹ ਬਹੁਤ ਪਾਮਰ ਅਤੇ ਜਾਲਿਮ ਸੀ. ਸਨ ੧੭੧੩ (ਸੰਮਤ ੧੭੭੧) ਵਿੱਚ ਫ਼ਰਰੁਖ਼ ਸਿਯਰ ਨੇ ਇਸ ਨੂੰ ਮਾਰਕੇ ਬਾਦਸ਼ਾਹਤ ਸਾਂਭੀ.¹


ਫ਼ਾ. [جہاندیِدہ] ਵਿ- ਜਿਸ ਨੇ ਦੁਨੀਆਂ ਨੂੰ ਚੰਗੀ ਤਰਾਂ ਵੇਖਿਆ ਹੈ. ਤਜਰਬੇਕਾਰ. ਅਨੁਭਵੀ.


ਫ਼ਾ. [جہاں پناہ] ਵਿ- ਜਗਤ ਦਾ ਸਹਾਰਾ। ੨. ਸੰਗ੍ਯਾ- ਵਾਹਗੁਰੂ। ੩. ਬਾਦਸ਼ਾਹ.