Meanings of Punjabi words starting from ਨ

ਸੰ. ਸੰਗ੍ਯਾ- ਸਤੋਤ੍ਰ. ਉਸਤਤਿ। ੨. ਵਿ- ਨਵਾਂ. ਨਯਾ. ਨਵੀਨ। ੩. ਸੰ. नवन- ਨਵਨ. ਨੌ. ਇੱਕ ਘੱਟ ਦਸ. ਦੇਖੋ, ਪੰਚਤੀਨ ਨਵ ਚਾਰ.


ਨੌ ਅਤੇ ਸੱਤ ਸੋਲਾਂ. ਦੇਖੋ, ਧੰਨਾ ਸਿੰਘ.


ਵਿ- ਹਾਯਨ (ਵਰ੍ਹਿਆਂ) ਵਿੱਚ ਜੋ ਨਵਾਂ ਹੋਵੇ. ਨੌ ਜਵਾਨ. "ਨਵਹਾਣਿ ਨਵ ਧਨ ਸਬਦਿ ਜਾਗੀ." (ਬਿਲਾ ਛੰਤ ਮਃ ੧)


ਦੇਖੋ, ਨੌਕਾ. "ਨਵਕਾ ਸੇ ਰਥੀ." (ਚੰਡੀ ੨)


ਨੌ ਦੇਵੀਆਂ. ਜਿਨ੍ਹਾਂ ਦੀ ਚੇਤ ਸੁਦੀ ੧. ਤੋਂ ੯. ਤੀਕ, ਹਿੰਦੂ ਪੂਜਾ ਕਰਦੇ ਹਨ. ਉਨ੍ਹਾਂ ਦੇ ਨਾਮ ਇਹ ਹਨ- ਕੁਮਾਰਿਕਾ, ਤ੍ਰਿਮੂਰਤਿ, ਕਲ੍ਯਾਣੀ, ਰੋਹਿਣੀ, ਕਾਲੀ, ਚੰਡਿਕਾ, ਸ਼ਾਂਭਵੀ, ਦੁਰਗਾ ਅਤੇ ਸੁਭਦ੍ਰਾ। ੨. ਦੇਖੋ, ਨਵ ਦੁਰਗਾ.


ਪ੍ਰਿਥਿਵੀ ਦੇ ਨੌ ਵਿਭਾਗ. ਭਰਤ, ਇਲਾਵ੍ਰਿਤ, ਕਿੰਪੁਰੁਸ, ਭਦ੍ਰ, ਕੇਤੁਮਾਲ, ਹਰਿ, ਹਿਰਣ੍ਯ, ਰਮ੍ਯ ਅਤੇ ਕੁਸ਼. "ਨਵਾ ਖੰਡਾ ਵਿਚਿ ਜਾਣੀਐ." (ਜਪੁ) "ਨਵ ਖੰਡਨ ਕੋ ਰਾਜ ਕਮਾਵੈ." (ਟੋਡੀ ਮਃ ੫) ੨. ਸ਼ਰੀਰ ਦੇ ਨੌ ਜੋੜ. "ਸਾਠ ਸੂਤ ਨਵਖੰਡ." (ਗਉ ਕਬੀਰ) ਦੇਖੋ, ਗਜਨਵ.


ਜ੍ਯੋਤਿਸ ਅਨੁਸਾਰ ਨੌ ਗ੍ਰਹ¹. ਸੂਰਯ, (Sun) ਚੰਦ੍ਰਮਾ, (Moon) ਮੰਗਲ (Mars) ਬੁਧ, (Mercury) ਵ੍ਰਿਹਸਪਤਿ (Jupiter) ਸ਼ੁਕ੍ਰ (Venus), ਸ਼ਨੈਸ਼੍ਚਰ, (Saturn) ਰਾਹੁ, (Seizer) ਕੇਤੁ (the Zragon’s tail). "ਨਵਗ੍ਰਹ ਕੋਟਿ ਠਾਢੇ ਦਰਬਾਰ." (ਭੈਰ ਅਃ ਕਬੀਰ)