Meanings of Punjabi words starting from ਜ

ਜਰਾ ਨੇ. "ਜਰਿ ਜੀਤਿਆ ਸਿਰ ਕਾਲੋ." (ਭੈਰ ਮਃ ੧) ੨. ਜਰਾ ਕਰਕੇ. ਬੁਢਾਪੇ ਨਾਲ। ੩. ਜਲਕੇ. ਦਗਧ ਹੋਕੇ। ੪. ਸੰਗ੍ਯਾ- ਜਲਨ. ਦਾਹ. ਸੰਤਾਪ.


ਦੇਖੋ, ਜਰਣਾ। ੨. ਜਲਾਇਆ. ਦਗਧ ਕੀਤਾ. "ਪਾਵਕੁ ਜਰਿਓ ਨ ਜਾਤ." (ਸਵੈਯੇ ਮਃ ੫. ਕੇ) ਅਗਨਿ ਤੋਂ ਜਲਾਇਆ ਨਹੀਂ ਜਾਂਦਾ.


ਸੰਗ੍ਯਾ- ਜੜੀ. ਬੂਟੀ। ੨. ਪਹਾੜ ਦੀ ਦੇਵੀ. ਡਾਕਿਨੀ.


ਸੰਗ੍ਯਾ- ਭੂਤਨੀਆਂ ਦਾ ਖੇਡ. ਕਈ ਪਹਾੜੀ ਇਸਤ੍ਰੀਆਂ ਆਪਣੇ ਵਿੱਚ ਜਰਿਯਾ (ਦੇਵੀ) ਆਈ ਦੱਸਕੇ ਖੇਡਦੀਆਂ ਅਤੇ ਪੁੱਛ ਦਾ ਉੱਤਰ ਦਿੰਦੀਆਂ ਹਨ. "ਜਰਿਯਾਖੇਲ ਕੂਕ ਜਬ ਦੀਜੋ." (ਚਰਿਤ੍ਰ ੧੭੮)


ਜਰਾ. (ਵ੍ਰਿੱਧ) ਅਵਸਥਾ. "ਆਵਤ ਨਿਕਟਿ ਬਿਖੰਮ ਜਰੀ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਮ੍ਰਿਤ੍ਯੁ. ਮੌਤ. "ਸੁਨ ਹੰਤ ਜਰੀ." (ਗੁਪ੍ਰਸੂ) ਗੁਰਕਥਾ ਸੁਣਕੇ ਕਾਲ ਦਾ ਭੈ ਨਾਸ਼ ਹੁੰਦਾ ਹੈ। ਜੜੀ. ਬੂਟੀ. "ਹਰਤਾ ਜੁਰ ਕੀ ਸੁਖਪੁੰਜ ਜਰੀ." (ਗੁਪ੍ਰਸੂ) "ਕਾਮ ਜਰੀ ਇਹ ਕੀਨ ਜਰੀ." (ਕ੍ਰਿਸਨਾਵ) ਕਾਮ ਨਾਲ ਜਲੀ ਦੀ ਇਹ ਦਵਾਈ ਕੀਤੀ। ੪. ਵਿ- ਜਲੀ ਹੋਈ. ਦਗਧ ਹੋਈ। ੫. ਸਹਾਰੀ. ਬਰਦਾਸ਼ਤ ਕੀਤੀ. "ਜਰੀ ਨ ਗੁਰਕੀਰਤਿ ਮਤਿ ਜਰੀ." (ਗੁਪ੍ਰਸੂ) ੬. ਜਟਿਤ. ਜੜੀ ਹੋਈ. ਜੜਾਊ. "ਚਾਰ ਜਰਾਉ ਜਰੀ." (ਗੁਪ੍ਰਸੂ) ੭. ਜ਼ਰ (ਸੁਵਰਣ) ਦੀ ਤਾਰ. ਜ਼ਰੀਂ. "ਜਰੀਦਾਰ ਅੰਬਰ ਪਟੰਬਰ ਸੁਹਾਇ ਬਡੋ." (ਗੁਪ੍ਰਸੂ)


ਜੜੀ. ਬੂਟੀ। ੨. ਜਰਣ ਦੀ ਰੀਤਿ. ਬਰਦਾਸ਼੍ਤ ਕਰਨ ਦੀ ਆਦਤ."ਜਿਸੁ ਲਾਗੀ ਪੀਰ ਪਿਰੰਮ ਕੀ ਸੋ ਜਾਣੈ ਜਰੀਆ." (ਆਸਾ ਛੰਤ ਮਃ ੪) ੩. ਜਲਿਆ. "ਕੋਪ ਜਰੀਆ." (ਕਾਨ ਮਃ ੫) ੪. ਜਰਾ. ਬੁਢਾਪਾ. "ਨਹ ਮਰੀਆ ਨਹ ਜਰੀਆ." (ਸੂਹੀ ਮਃ ੫. ਪੜਤਾਲ) ੫. ਜਾਲੀ. ਮੱਛੀ ਫਾਹੁਣ ਦਾ ਜਾਲ. "ਜਰੀਆ ਅੰਧ ਕੰਧ ਪਰ ਡਾਰੇ." (ਦੱਤਾਵ) ਦੇਖੋ, ਅੰਧ। ੬. ਅ਼. [ذریِعہ] ਜਰੀਅ਼ਹ. ਵਸੀਲਾ. ਸੰਬੰਧ. ਦ੍ਵਾਰਾ.


ਜਲੀਐ. "ਜਬ ਜਰੀਐ ਤਬ ਹੋਇ ਭਸਮ ਤਨ." (ਸੋਰ ਕਬੀਰ) ੨. ਸਹਾਰੀਐ. ਬਰਦਾਸ਼੍ਤ ਕਰੀਐ. "ਅੰਤਰ ਕੀ ਦੁਬਿਧਾ ਅੰਤਰਿ ਜਰੀਐ." (ਮਾਰੂ ਸੋਲਹੇ ਮਃ ੧)


ਅ਼. [جریِدہ] ਵਿ- ਇੱਕਲਾ। ੨. ਸੰਗ੍ਯਾ- ਦਫ਼ਤਰ। ੩. ਅਖ਼ਬਾਰ.