Meanings of Punjabi words starting from ਕ

ਅ਼. [قبض اُلوصوُل] ਕ਼ਬਜੁਲਵਸੂਲ. ਸੰਗ੍ਯਾ- ਕਿਸੇ ਵਸਤੁ ਪੁਰ ਕਬਜਾ ਕਰਕੇ ਰਸੀਦ ਦਾ ਲਿਖਣਾ.


ਦੇਖੋ, ਕਵੱਡੀ.


ਸੰਗ੍ਯਾ- ਕਾਵ੍ਯਪ੍ਰਬੰਧ. ਛੰਦਰਚਨਾ. "ਹਰਿ ਕੇ ਸੰਤ ਕਬਢੀ ਸੁਨਾਊਂ." (ਕ੍ਰਿਸਨਾਵ)


ਅ਼. [قبر] ਮੁਰਦੇ ਦੇ ਦੱਬਣ ਦਾ ਟੋਆ. ਇਸਲਾਮੀ ਸ਼ਰਾ ਅਨੁਸਾਰ ਕਬਰ ਆਦਮੀ ਦੀ ਛਾਤੀ ਪ੍ਰਮਾਣ ਗਹਿਰੀ ਹੋਣੀ ਹੋਣੀ ਚਾਹੀਏ, ਅਰ ਉਸ ਦੇ ਇੱਕ ਪਾਸੇ ਮੁਰਦੇ ਲਈ ਬਗਲ ਵਿੱਚ ਗੁਫਾ ਖੋਦਣੀ ਚਾਹੀਏ, ਜਿਸ ਵਿੱਚ ਮੁਰਦਾ ਖੁਲ੍ਹਾ ਲੇਟ ਸਕੇ. ਮੁਰਦੇ ਦਾ ਮੂੰਹ ਕਾਬੇ ਵੱਲ ਕਰਕੇ ਲਿਟਾਉਣਾ ਚਾਹੀਏ. ਕ਼ਬਰ ਬੰਦ ਕਰਨ ਵੇਲੇ ਧਿਆਨ ਰੱਖਣਾ ਜਰੂਰੀ ਹੈ ਕਿ ਮੁਰਦੇ ਉੱਪਰ ਮਿੱਟੀ ਨਾ ਪਵੇ. ਕਬਰ ਉੱਪਰ ਇਮਾਰਤ ਬਣਾਉਣੀ ਸ਼ਰਾ ਵਿਰੁੱਧ ਹੈ. "ਅਬੂ ਹੁਰੈਰਾ" ਨੇ ਲਿਖਿਆ ਹੈ ਕਿ ਜਦ ਮੁਰਦੇ ਨੂੰ ਦੱਬਕੇ ਲੋਕ ਚਲੇ ਜਾਂਦੇ ਹਨ, ਤਦ "ਮੁਨਕਰ" ਅਤੇ "ਨਕੀਰ" ਫ਼ਰਿਸ਼ਤੇ ਆਉਂਦੇ ਹਨ, ਅਤੇ ਮੋਏ ਹੋਏ ਨੂੰ ਪੁੱਛਦੇ ਹਨ, "ਤੂੰ ਹਜਰਤ ਮੁਹ਼ੰਮਦ ਦਾ ਵਿਸ਼੍ਵਾਸੀ ਹੈਂ?" ਜੇ ਉਹ ਆਖਦਾ ਹੈ- "ਹਾਂ", ਤਦ ਕਬਰ ਸੱਤਰ ਗਜ਼ ਲੰਮੀ ਅਤੇ ਸੱਤਰ ਗਜ਼ ਚੌੜੀ ਹੋ ਜਾਂਦੀ ਹੈ, ਰੌਸ਼ਨੀ ਚਮਕ ਆਉਂਦੀ ਹੈ. ਫ਼ਰਿਸ਼ਤੇ ਉਸ ਨੂੰ ਆਖਦੇ ਹਨ ਕਿ 'ਗਾੜ੍ਹੀ ਨੀਂਦ ਵਿੱਚ ਪ੍ਰਲੈ ਤੀਕ ਸੌਂ ਰਹੁ, ਤੈਨੂੰ ਕੋਈ ਦੁੱਖ ਮਲੂਮ ਨਹੀਂ ਹੋਵੇਗਾ.' ਜੋ ਮੁਰਦਾ ਆਖਦਾ ਹੈ- "ਮੈਂ ਮੁਹ਼ੰਮਦ ਨੂੰ ਨਹੀਂ ਜਾਣਦਾ," ਉਸ ਦੀ ਕ਼ਬਰ ਇਤਨੀ ਤੰਗ ਹੋ ਜਾਂਦੀ ਹੈ ਕਿ ਬਦਨ ਸ਼ਿਕੰਜੇ ਵਿੱਚ ਘੁੱਟਿਆ ਪ੍ਰਤੀਤ ਹੁੰਦਾ ਹੈ "ਮਿਸ਼ਕਾਤ" ਵਿੱਚ ਲਿਖਿਆ ਹੈ ਕਿ ਕਾਫ਼ਰ ਨੂੰ ਸੋਟਿਆਂ ਦੀ ਮਾਰ ਐਸੀ ਪੈਂਦੀ ਹੈ ਕਿ ਕ਼ਬਰ ਪਾਸ ਦੇ ਸਭ ਪਸ਼ੂ ਪੰਛੀ ਉਸ ਦਾ ਵਿਲਾਪ ਸੁਣਦੇ ਹਨ, ਕੇਵਲ ਆਦਮੀ ਨੂੰ ਸੁਣਾਈ ਨਹੀਂ ਦਿੰਦਾ. ਇਸ ਕ਼ਬਰ ਦੇ ਦੁੱਖ ਦਾ ਨਾਉਂ "ਅ਼ਜਾਬੁਲ ਕ਼ਬਰ" ਹੈ। ੨. ਦੇਖੋ, ਕਵਰ.