Meanings of Punjabi words starting from ਸ

ਸੰ. ਸ਼੍ਰੱਧਾ. ਵਿਸ਼੍ਵਾਸ. "ਸੇਜ ਸਧਾ ਸਹਿਜ ਛਾਵਾਣੁ." (ਸਵੈਯੇ ਮਃ ੪. ਕੇ) ਸ਼੍ਰੱਧਾ ਸੇਜਾ (ਸਿੰਘਾਸਨ) ਹੈ, ਗ੍ਯਾਨ ਸਾਇਬਾਨ ਹੈ। ੨. ਸੰ. सुधा ਸੁਧਾ. ਚੂਨਾ. ਕਲੀ. "ਪਾਨ ਸੁਪਾਰੀ ਕੱਥ ਮਿਲਿ ਰੰਗ ਸੁਰੰਗ ਸਪੂਰਣ ਸਧਾ." (ਭਾਗੁ) ਪਾਨ ਸੁਪਾਰੀ ਕੱਥ ਅਤੇ ਸੁਧਾ (ਚੂਨਾ) ਮਿਲਕੇ ਰੰਗ ਲਾਲ ਸੰਪੂਰਣ ਹੁੰਦਾ ਹੈ.


ਸਿੰਨ੍ਹਣ (ਸ਼ਿਸਤ ਲੈਣ) ਦੀ ਕ੍ਰਿਯਾ. ਦੇਖੋ, ਸੰਧਾਨ. "ਆਨ ਆਨ ਸੂਰਮਾ ਸਧਾਨ ਬਾਨ ਧਾਵਹੀ." (ਕਲਕੀ)


ਸ- ਆਧਾਰ. ਆਧਾਰ ਸਹਿਤ. "ਬਰਸੁ ਪਿਆਰੇ ਮਨਹਿ ਸਧਾਰੇ." (ਮਲਾ ਮਃ ੫) ਪ੍ਰਸੰਨ (ਖ਼ੁਸ਼) ਕਰਨ ਵਾਲੇ। ੨. ਜਿਲਾ ਲੁਦਿਆਨਾ ਦੀ ਤਸੀਲ ਜਗਰਾਉਂ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਮੁੱਲਾਪੁਰ ਤੋਂ ਦੱਖਣ ਪੰਜ ਮੀਲ ਦੇ ਕਰੀਬ ਹੈ. ਇਸ ਪਿੰਡ ਤੋਂ ਅੱਧ ਮੀਲ ਉੱਤਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰੁਦ੍ਵਾਰਾ ਹੈ, ਜਿਸ ਦੀ ਸੰਗ੍ਯਾ "ਗੁਰੂਸਰ" ਭੀ ਹੈ. ਗੁਰੁਦ੍ਵਾਰੇ ਨਾਲ ੨੦. ਵਿੱਘੇ ਜ਼ਮੀਨ ਹੈ. ਹਰ ਪੂਰਣਮਾਸੀ ਨੂੰ ਜੋੜ ਮੇਲਾ ਹੁੰਦਾ ਹੈ. ਇਸ ਪਿੰਡ ਦੇ ਪੰਚਾਇਤੀ ਡੇਰੇ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜੋੜਾ ਹੈ, ਜੋ ਸਤਿਗੁਰੂ ਨੇ ਪ੍ਰੇਮੇ ਸਿੱਖ ਨੂੰ ਬਖਸ਼ਿਆ ਸੀ.


ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪਰਮ ਅਨਨ੍ਯ ਸੇਵਕ ਆਤਮਗ੍ਯਾਨੀ ਸਿੱਖ. "ਕਮਲੇ! ਜਾਹੁ ਸਧਾਰਣ ਸਦਨਾ." (ਨਾਪ੍ਰ) ੨. ਗੋਇੰਦਵਾਲ ਨਿਵਾਸੀ ਸ੍ਰੀ ਗੁਰੂ ਅਮਰਦੇਵ ਜੀ ਦਾ ਇੱਕ ਲੁਹਾਰ ਸਿੱਖ, ਜਿਸ ਨੇ ਬਾਵਲੀ ਲਈ ਕਾਠ ਦੀ ਪੌੜੀ ਤਿਆਰ ਕੀਤੀ ਸੀ। ੩. ਸ਼੍ਰੀ ਗੁਰੂ ਅਰਜਨ ਸਾਹਿਬ ਦਾ ਇੱਕ ਤਰਖਾਣ ਸਿੱਖ, ਜਿਸ ਨੇ ਕਰਤਾਰ ਪੁਰ ਵਿੱਚ ਗੁਰੂ ਕੇ ਮਹਿਲ ਬਣਾਏ। ੪. ਕ੍ਰਿ- ਸੁਧਾਰਣ। ੫. ਧਾਰਨ ਕਰਨਾ. ਭਰਨਾ. ਪੋਖਣਾ. "ਗਰਬ ਨਿਵਾਰਣ ਸਰਬ ਸਧਾਰਣ." (ਮਾਰੂ ਸੋਲਹੇ ਮਃ ੫) ੬. ਆਧਾਰ ਸਹਿਤ ਕਰਨਾ. ਆਸਰਾ ਦੇਣਾ. "ਤਿਸੁ ਜਨ ਕੈ ਸੰਗਿ ਤਰੈ ਸਭੁ ਕੋਈ ਸੋ ਪਰਵਾਰ ਸਧਾਰਣਾ." (ਮਾਰੂ ਸੋਲਹੇ ਮਃ ੫) ੭. ਦੇਖੋ, ਸਾਧਾਰਣ.


ਦੇਖੋ, ਸਧਾਰਣ. ਕ੍ਰਿ. - ਆਸਰੇ ਸਹਿਤ ਕਰਨਾ. ਆਧਾਰ ਦੇਣਾ. "ਕਲਮਲ ਡਾਰਨ ਮਨਹਿ ਸਧਾਰਨ." (ਦੇਵ ਮਃ ੫) ੨. ਦੇਖੋ, ਸਾਧਾਰਣ. "ਪਾਠ ਸਧਾਰਨ ਜੋ ਨਿਤ ਕਰੇ." (ਗੁਪ੍ਰਸੂ)


ਵਿ- ਆਧਾਰ ਸਹਿਤ ਕਰਨ ਵਾਲਾ. ਆਸਰਾ ਦੇਣ ਵਾਲਾ. "ਪਰਉਪਕਾਰੀ ਸਰਬ ਸਧਾਰੀ." (ਦੇਵ ਮਃ ੫)