ਸੰਗ੍ਯਾ- ਜ੍ਵਾਲਾ (ਲਾਟਾ) ਧਾਰਨ ਵਾਲੀ, ਬੰਦੂਕ਼. (ਸਨਾਮਾ) ਦੇਖੋ, ਜ੍ਵਾਲਾਵਮਣੀ। ੨. ਕਾਲੀ ਦੇਵੀ, ਜੋ ਮੁਖ ਤੋਂ ਅਗਨਿ ਉਗਲਦੀ ਹੈ. "ਨਾਚਤ ਸ਼ਿਵ ਜੀ ਹਸਤੀ ਜ੍ਵਾਲੀ." (ਕਲਕੀ) ੩. ਸੰ. ज्वालिन् ਅਗਨਿ. "ਦੁਹੂੰ ਓਰ ਚਾਲੀ। ਉਠੀ ਜਾਗ ਜ੍ਵਾਲੀ." (ਗੁਪ੍ਰਸੂ) ੪. ਸ਼ਿਵ, ਜੋ ਤੀਜੇ ਨੇਤ੍ਰ ਵਿੱਚ ਅੱਗ ਰਖਦਾ ਹੈ.
ਅ਼. [زوال] ਜ਼ਵਾਲ. ਸੰਗ੍ਯਾ- ਘਟਾਉ. ਅਵਨਤਿ. ਗਿਰਾਉ. "ਖਉਫੁ ਨ ਖਤਾ ਨ ਤਰਸੁ ਜਵਾਲੁ." (ਗਉ ਰਵਿਦਾਸ) ਉਸ ਥਾਂ ਡਰ ਨਹੀਂ, ਭੁੱਲ ਨਹੀਂ, ਨ ਗਿਰਾਉ ਦਾ ਤਰਸ (ਭੈ) ਹੈ। ੨. ਫ਼ਾ. [جوال] ਥੈਲਾ। ੩. ਛਲ. ਧੋਖਾ। ੪. ਵਿ- ਬਿਨਾ ਓਟ, ਪਰਦੇ ਬਿਨਾ. "ਜਵਾਲ ਦੁਹਾਂ ਨੈਣਾਂ ਨੂੰ ਨਚਾਵਣਾ." (ਚਰਿਤ੍ਰ ੨੨੮) ੫. ਅ਼. [جبال] ਜਬਾਲ. ਜਬਲ (ਪਹਾੜ) ਦਾ ਬਹੁਵਚਨ. "ਚੱਲੇ ਅਚਲ ਜਵਾਲ." (ਕਲਕੀ) ਪਹਾੜਾਂ ਜੇਹੇ ਅਚਲ ਯੋਧਾ ਹੱਲ ਗਏ। ੫. ਦੇਖੋ, ਜ੍ਵਾਲ.
ਫ਼ਾ. [جوانمرد] ਵਿ- ਬਹਾਦੁਰ ਆਦਮੀ. ਸ਼ੂਰਵੀਰ। ੨. ਜੁਆਨ ਆਦਮੀ.
ਫ਼ਾ. [جوانمردی] ਸੰਗ੍ਯਾ- ਵੀਰਤਾ. ਬਹਾਦੁਰੀ.
ਦੇਖੋ, ਜਾਵਿਤ੍ਰੀ.
ਸੰ. जविन् ਵਿ- ਤੇਜ਼ ਚਾਲ ਵਾਲਾ. ਚਾਲਾਕ. "ਸੁਨਤ ਦੂਤ ਲੇ ਜਵੀ ਤੁਰੰਗ." (ਗੁਪ੍ਰਸੂ) ੨. ਜੌਂ (ਯਵ) ਖਾਣ ਵਾਲਾ. ਜੌਂ ਅਹਾਰੀ. "ਜਲਾਸ੍ਰੀ ਜਵੀ." (ਪਾਰਸਾਵ) ਜਲ ਦੇ ਆਧਾਰ ਰਹਿਣ ਵਾਲੇ ਅਤੇ ਜੌ ਖਾਣ ਵਾਲੇ। ੩. ਸੰਗ੍ਯਾ- ਜੌਂ ਦੀ ਕ਼ਿਸਮ ਦਾ ਇੱਕ ਅਨਾਜ. ਜਈ. ਇਸ ਦੀ ਖ਼ਵੀਦ ਪਸ਼ੂਆਂ ਨੂੰ ਬਹੁਤ ਚਾਰੀ ਜਾਂਦੀ ਹੈ. L. Avena Sativa.
ਕ੍ਰਿ. ਵਿ- ਜੇਹਾ. ਜੈਸਾ. "ਪਬਾਂ ਜਵੇਹਣੇ." (ਚੰਡੀ ੩) ਪਹਾੜਾਂ ਵਰਗੇ.
ਦੇਖੋ, ਜਵਾਹਰ. "ਲਾਲ ਜਵੇਹਰ ਮਾਣਕੀ ਗੁਰਭੰਡਾਰ ਸੋਇ." (ਸ੍ਰੀ ਅਃ ਮਃ ੧)
ਦੇਖੋ, ਜਵੇਹਰ। ੨. ਸੰਗ੍ਯਾ- ਜੌਹਰੀ. ਰਤਨਾਂ ਦੀ ਪਰਖ ਕਰਨ ਵਾਲਾ। ੩. ਜਵੇਹਰੀਂ ਜਵਾਹਰਾਂ (ਰਤਨਾਂ) ਦਾ. "ਹਰਿਧਨੁ ਰਤਨ ਜਵੇਹਰੀ ਸੋ ਗੁਰਿ ਹਰਿਧਨੁ ਹਰਿ ਪਾਸਹੁ ਦੇਵਾਇਆ." (ਵਾਰ ਬਿਲਾ ਮਃ ੪)