Meanings of Punjabi words starting from ਭ

ਸੰ. ਭਕ੍ਤ. ਵਿ- ਵੰਡਿਆ ਹੋਇਆ. ਵਿਭਕ੍ਤ। ੨. ਸੰਗ੍ਯਾ- ਅੰਨ. ਭੋਜਨ। ੩. ਭਕ੍ਤਿ ਵਾਲਾ ਸੇਵਕ. ਉਪਾਸਕ. "ਭਗਤ ਅਰਾਧਹਿ ਏਕਰੰਗਿ." (ਬਿਲਾ ਮਃ ੫) "ਹਰਿ ਕਾ ਭਾਣਾ ਮੰਨੈ, ਸੋ ਭਗਤ ਹੋਇ." (ਮਃ ੩. ਵਾਰ ਰਾਮ)#ਦਯਾ ਦਿਲ ਰਾਖੈ ਸਬਹੀ ਸੋਂ ਮ੍ਰਿਦੁ ਭਾਖੈ ਨਿਤ#ਕਾਮ ਕ੍ਰੋਧ ਲੋਭ ਮੋਹ ਹੌਮੈ ਕੋ ਦਬਾਵੈ ਜੂ,#ਕਾਹੂੰ ਮੇ ਨ ਤੇਖੈ ਸਭ ਹੀ ਮੇ ਏਕ ਬ੍ਰਹ੍‌ਮ ਦੇਖੈ#ਲਘੁ ਲੇਖੈ ਆਪ, ਕਰ ਨੇਮ ਤਨ ਤਾਵੈ ਜੂ,#"ਦੇਵੀਦੱਤ" ਜਾਨੈ ਏਕ ਹਰਿ ਹੀ ਕੋ ਮੀਤ, ਔਰ#ਜਗਤ ਕੀ ਰੀਤਿ ਮੇ ਨ ਪ੍ਰੀਤਿ ਸਰਸਾਵੈ ਜੂ,#ਦੁਖਿਤ ਹਨਐ ਆਪ, ਦੁੱਖ ਔਰ ਕੇ ਮਿਟਾਵੈ, ਏਸੋ#ਸ਼ਾਂਤਪਦ ਪਾਵੈ, ਤਬ ਭਗਤ ਕਹਾਵੈ ਜੂ.#ਗੁਰੂ ਹਰਿਗੋਬਿੰਦਸਾਹਿਬ ਨੇ ਚਾਰ ਪ੍ਰਕਾਰ ਦੇ ਭਗਤ ਵਰਣਨ ਕੀਤੇ ਹਨ-#(ੳ) ਕਾਮਨਾਵਾਨ, ਜੋ ਧਨ ਸੰਤਾਨ ਆਦਿ ਦੀ ਇੱਛਾ ਨਾਲ ਉਪਾਸਨਾ ਕਰਦੇ ਹਨ.#(ਅ) ਆਰਤ, ਜੋ ਰੋਜ ਦੁੱਖ ਆਦਿ ਦੇ ਮਿਟਾਉਣ ਲਈ ਭਕ੍ਤਿ ਕਰਦੇ ਹਨ.#(ੲ) ਉਪਾਸਕ, ਜੋ ਇਸ੍ਤੀ ਵਾਂਙ ਕਰਤਾਰ ਨੂੰ ਭਰਤਾ ਮੰਨਕੇ ਸੇਵਨ ਕਰਦੇ ਹਨ.#(ਸ) ਗਿਆਨੀ, ਜੋ ਸਰਵਰੂਪ ਆਤਮਾ ਨੂੰ ਦੇਖਕੇ ਉਪਾਸਦੇ ਹਨ। ੪. ਇੱਕ ਕਾਸ਼੍ਤਕਾਰ ਜਾਤਿ, ਜੋ ਜਿਲਾ ਸ਼ਾਹਪੁਰ ਵਿੱਚ ਹੈ। ੫. ਦੇਖੋ, ਭਗਤਬਾਣੀ.


ਸੰ. ਭਕ੍ਤਦ. ਵਿ- ਅੰਨ ਦੇਣ ਵਾਲਾ.


ਦੇਖੋ, ਭਗਤੁਦਰਿ.


ਵਿ- ਭਗਤ ਦੇ ਹਿਤ ਪਰਾਯਣ. ਭਗਤ ਦੇ ਹਿਤ ਵਿੱਚ ਲੱਗਿਆ. "ਦੀਨਾਨਾਥ ਭਗਤ ਪਰਾਇਣ." (ਸੂਹੀ ਅਃ ਮਃ ੫) ੨. ਦੇਖੋ, ਭਗਤਿਪਰਾਯਣ.


ਸਿੱਖਮਤ ਦਾ ਇੱਕ ਫਿਰਕਾ, ਜੋ ਬੰਨੂ ਪੇਸ਼ਾਵਰ ਅਤੇ ਡੇਰਾ ਇਸਮਾਈਲਖ਼ਾਂ ਵਿੱਚ ਪਾਇਆ ਜਾਂਦਾ ਹੈ. ਇਸ ਮਤ ਦੇ ਲੋਕ ਕੇਵਲ ਗੁਰੂ ਗ੍ਰੰਥਸਾਹਿਬ ਨੂੰ ਧਰਮਪੁਸ੍ਤਕ ਮੰਨਦੇ ਹਨ, ਬ੍ਰਹਮਣਾਂ ਤੋਂ ਕੋਈ ਕਰਮ ਨਹੀਂ ਕਰਵਾਉਂਦੇ, ਮੁਰਦੇ ਦਬਦੇ ਹਨ, ਕੜਾਹਪ੍ਰਸਾਦ ਵਰਤਾਉਂਦੇ ਹਨ, ਸ਼੍ਰਾਧ ਨਹੀਂ ਕਰਦੇ. ਛੂਤ ਛਾਤ ਦੇ ਵਿਸ਼੍ਵਾਸੀ ਨਹੀਂ, ਦਿਨ ਵਿੱਚ ਛੀ ਵਾਰੀ ਗੁਰਬਾਣੀ ਦਾ ਪਾਠ ਕਰਦੇ ਹਨ. ਗੁਰੂਸਾਹਿਬ ਅੱਗੇ ਇੱਕ ਸਮੇਂ ਅੱਠ ਵਾਰ ਨਮਸਕਾਰ ਕਰਦੇ ਹਨ.


ਭਗਤਾਂ ਦੀ ਉਹ ਬਾਣੀ, ਜੋ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਹੈ. ਸ਼੍ਰੀ ਗੁਰੂ ਅਰਜਨਦੇਵ ਜੀ ਨੇ ਇਹ ਸਿੱਧ ਕਰਨ ਲਈ ਕਿ ਸ਼ੂਦ੍ਰ ਅਥਵਾ ਮੁਸਲਮਾਨ ਆਦਿ ਗਿਆਨੀ ਪੁਰਸਾਂ ਦੀ ਬਾਣੀ, ਉੱਚਜਾਤਿ ਵਿੱਚ ਪੈਦਾ ਹੋਏ ਭਗਤਾਂ ਦੀ ਬਾਣੀ ਸਮਾਨ ਦੀ ਪਵਿਤ੍ਰ ਹੈ, ਹੇਠ ਲਿਖੇ ਭਿੰਨ- ਭਿੰਨ ਮਜਹਬ ਅਤੇ ਮਿੱਲਤ ਦੇ ਭਗਤਾਂ ਦੀ ਬਾਣੀ ਗੁਰਬਾਣੀ ਨਾਲ ਮਿਲਾਕੇ ਲਿਖੀ ਹੈ-#ਸੱਤਾ, ਸਧਨਾ, ਸੈਣ, ਸੁੰਦਰ, ਸੂਰਦਾਸ, ਕਬੀਰ, ਜੈਦੇਵ, ਤ੍ਰਿਲੋਚਨ, ਧੰਨਾ, ਨਾਮਦੇਵ, ਪਰਮਾਨੰਦ, ਪੀਪਾ, ਫਰੀਦ, ਬਲਵੰਡ, ਬੇਣੀ, ਭਿੱਖਾ ਆਦਿ ੧੭. ਭੱਟ.¹ ਭੀਖਨ, ਮਰਦਾਨਾ, ਰਵਿਦਾਸ ਅਤੇ ਰਾਮਾਨੰਦ. ਵਿਸ਼ੇਸ ਨਿਰਣਯ ਲਈ ਦੇਖੋ ਗ੍ਰੰਥਸਾਹਿਬ ਸ਼ਬਦ.


ਭਗਵਾਨਗਿਰਿ ਸੰਨ੍ਯਾਸੀ, ਪੂਰਵ ਅਤੇ ਬਿਹਾਰ ਵਿੱਚ ਪ੍ਰਸਿੱਧ ਸਾਧੂ ਸੀ. ਇਹ ਗੁਰੂ ਹਰਿਰਾਇਸਾਹਿਬ ਦਾ ਸਿੱਖ ਹੋਇਆ. ਇਸ ਨੇ ਬਾਬਾ ਧਰਮਚੰਦ ਜੀ ਦੇ ਪੁਤ੍ਰ ਮਿਹਰਚੰਦ ਦੀ ਸੰਗਤਿ ਕਰਕੇ ਉਦਾਸੀ ਭੇਖ ਧਾਰਨ ਕੀਤਾ. ਸਤਿਗੁਰੂ ਨੇ ਇਸ ਦਾ ਨਾਮ "ਭਗਤਭਗਵਾਨ" ਰੱਖਿਆ. ਇਸ ਦੀ ਸੰਪ੍ਰਦਾਯ ਦੇ ਉਦਾਸੀ ਸਾਧੂਆਂ ਦੀਆਂ ਹੁਣ ੩੭੦ ਗੱਦੀਆਂ ਪੂਰਬ ਵਿੱਚ ਹਨ. ਦੇਖੋ, ਉਧਾਸੀ। ੨. ਭਗਵਾਨ ਦਾ ਭਗਤ.


ਉਹ ਪੁਸ੍ਤਕ, ਜਿਸ ਵਿੱਚ ਅਨੇਕ ਭਗਤਾਂ ਦੀ ਕਥਾ ਮਾਲਾ ਵਾਂਙ ਪਰੋਈ ਹੋਵੇ. ਇਸ ਨਾਮ ਦੇ ਅਨੇਕ ਗ੍ਰੰਥ ਦੇਖੀਦੇ ਹਨ, ਦੇਖੋ, ਨਾਭਾਜੀ.


ਭਾਈ ਗੁਰਦਾਸ ਜੀ ਦੀ ੧੧ਵੀਂ ਵਾਰ ਦਾ ਟੀਕਾ, ਜੋ ਭਾਈ ਮਨੀਸਿੰਘ ਜੀ ਨੇ ਲਿਖਿਆ ਹੈ, ਇਸ ਵਿੱਚ ਛੀ ਸਤਿਗੁਰਾਂ ਦੇ ਪ੍ਰਧਾਨ ਸਿੱਖਾਂ ਦੇ ਨਾਮ ਅਤੇ ਕੁਲ ਗੋਤ੍ਰ ਹਨ. ਇਸ ਦਾ ਨਾਮ ਭਗਤਾਵਲੀ ਭੀ ਹੈ.