ਦੇਖੋ, ਬਿਦਰ.
ਸਿੱਖ ਧਰਮ ਦੇ ਆਚਾਰਯ, ਅਗ੍ਯਾਨ ਅੰਧਕਾਰ ਦੇ ਵਿਨਾਸ਼ਕ ਸੂਰਯਰੂਪ ਜਗਤ ਗੁਰੂ ਨਾਨਕ ਦਾ ਜਨਮ ਵੈਸਾਖ ਸੁਦੀ ੩. (੨੦ ਵੈਸਾਖ) ਸੰਮਤ ੧੫੨੬ (੧੫ ਅਪ੍ਰੈਲ ਸਨ ੧੪੬੯) ਨੂੰ ਬੇਦੀ ਕਾਲੂ ਚੰਦ ਦੇ ਘਰ ਮਾਤਾ ਤ੍ਰਿਪਤਾ ਜੀ ਦੇ ਉਦਰ ਤੋਂ ਰਾਇਇ ਭੋਇ ਦੀ ਤਲਵੰਡੀ ਵਿੱਚ (ਜੋ ਹੁਣ ਨਾਨਕਿਆਣਾ ਪ੍ਰਸਿੱਧ ਹੈ) ਹੋਇਆ.¹#ਸੰਮਤ ੧੫੩੨ ਵਿੱਚ ਗੋਪਾਲ ਪੰਡਿਤ ਪਾਸ ਹਿੰਦੀ, ਸੰਮਤ ੧੫੩੫ ਵਿੱਚ ਬ੍ਰਿਜ ਲਾਲ ਪੰਡਿਤ ਪਾਸ ਸੰਸਕ੍ਰਿਤ ਅਤੇ ਸੰਮਤ ੧੫੩੮ ਵਿੱਚ ਮੌਲਵੀ ਕੁਤਬੁੱਦੀਨ ਪਾਸ ਫਾਰਸੀ ਪੜ੍ਹਨ ਬੈਠਾਏ, ਪਰ ਇਨ੍ਹਾਂ ਤੇਹਾਂ ਉਸਤਾਦਾਂ ਨੂੰ ਆਪਣੇ ਆਤਮਿਕ ਬਲ ਨਾਲ ਸ਼ਾਗਿਰਦ ਬਣਾ ਕੇ ਸਮਝਾਇਆ ਕਿ ਵਿਦ੍ਯਾ ਦੇ ਤੱਤ ਜਾਣੇ ਬਿਨਾਂ ਪੜ੍ਹਿਆ ਹੋਇਆ ਆਦਮੀ ਭੀ ਮੂਰਖ ਹੈ. ਇਸੇ ਵਰ੍ਹੇ ਕਾਲੂ ਜੀ ਨੇ ਕ੍ਸ਼੍ਤ੍ਰੀਆਂ ਦੀ ਰੀਤਿ ਅਨੁਸਾਰ ਹਰਿਦਯਾਲ ਕੁਲਪੁਰੋਹਿਤ ਤੋਂ ਗੁਰੂ ਸਾਹਿਬ ਦੇ ਜਨੇਊ ਪਵਾਉਣ ਦਾ ਪ੍ਰਬੰਧ ਕੀਤਾ. ਜਦ ਪੁਰੋਹਿਤ ਨੇ ਜਨੇਊ ਲੈ ਕੇ ਮੰਤ੍ਰ ਉਪਦੇਸ਼ ਸਹਿਤ ਗੁਰੂ ਨਾਨਕ ਦੇਵ ਦੇ ਗਲ ਪਹਿਰਾਉਣਾ ਚਾਹਿਆ, ਤਦ ਸਤਿਗੁਰੂ ਨੇ ਜਨੇਊ ਨੂੰ ਜਾਤਿਬੰਧਨ ਜਾਣ ਕੇ ਪਹਿਰਣੋ ਇਨਕਾਰ ਕੀਤਾ ਅਰ- "ਦਇਆ ਕਪਾਹ ਸੰਤੋਖ ਸੂਤ" ਆਦਿ ਸ਼ਲੋਕ ਉਚਾਰੇ, ਜੋ ਵਾਰ ਆਸਾ ਵਿੱਚ ਹਨ.#ਗੁਰੂ ਸਾਹਿਬ ਦਾ ਮਨ ਸਦਾ ਕਰਤਾਰ ਦੇ ਚਿੰਤਨ ਵਿੱਚ ਲੀਨ ਰਹਿੰਦਾ ਸੀ ਅਰ ਵਿਹਾਰਾਂ ਵੱਲ ਧ੍ਯਾਨ ਨਹੀਂ ਦਿੰਦੇ ਸਨ. ਪਰ ਬਾਬਾ ਕਾਲੂ ਜੀ ਦੀ ਵੱਡੀ ਇੱਛਾ ਸੀ ਕਿ ਕਿਵੇਂ ਘਰ ਦੇ ਧੰਧਿਆ ਵਿੱਚ ਲੱਗਣ. ਇੱਕ ਵਾਰ ਪਿਤਾ ਨੇ ਕੁਝ ਰੁਪਯੇ ਦੇ ਕੇ ਆਪ ਨੂੰ ਸੌਦਾ ਕਰਨ ਭੇਜਿਆ, ਰਸਤੇ ਵਿੱਚ ਕਈ ਦਿਨ ਦੇ ਭੁੱਖੇ ਵਿਦ੍ਵਾਨ ਸਾਧੂ ਮਿਲੇ, ਸਾਰਾ ਧਨ ਉਨ੍ਹਾਂ ਦੇ ਖਾਨ- ਪਾਨ ਵਾਸਤੇ ਅਰਪ ਦਿੱਤਾ. ਜਦ ਘਰ ਆਏ ਤਦ ਪਿਤਾ ਜੀ ਨੇ ਬਹੁਤ ਤਾੜਨਾ ਕੀਤੀ. ਇਸ ਦਸ਼ਾ ਨੂੰ ਦੇਖ ਕੇ ਰਾਇ ਬੁਲਾਰ ਜੋ ਤਲਵੰਡੀ ਦਾ ਸਰਦਾਰ ਸੀ ਅਤੇ ਜਿਸ ਦਾ ਨਿਸ਼ਚਾ ਸੀ ਕਿ ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਬੀਬੀ ਨਾਨਕੀ ਜੀ ਪਾਸ ਭੇਜ ਦਿੱਤਾ ਜਾਵੇ, ਤਾਕਿ ਗੁਰੂ ਜੀ ਦੀ ਸ਼ਾਂਤਿ ਵਿੱਚ ਵਿਘਨ ਨਾ ਪਵੇ. ਸੰਮਤ ੧੫੪੧ ਵਿੱਚ ਬੀਬੀ ਨਾਨਕੀ ਜੀ ਦਾ ਪਤੀ ਜੈਰਾਮ ਆਪ ਨੂੰ ਸੁਲਤਾਨਪੁਰ ਲੈ ਗਿਆ ਅਰ ਸਭ ਦੀ ਪ੍ਰੇਰਨਾ ਕਰਕੇ ਗੁਰੂ ਸਾਹਿਬ ਨੇ ਦੌਲਤ ਖਾਂ ਲੋਦੀ ਦਾ ਮੋਦੀਖਾਨਾ ਸੰਮਤ ੧੫੪੨ ਵਿੱਚ ਸਾਂਭਿਆ.#੨੪ ਜੇਠ ਸੰਮਤ ੧੫੪੪ ਨੂੰ ਆਪ ਦਾ ਵਿਆਹ ਮੂਲ ਚੰਦ ਜੀ ਦੀ ਸੁਪੁਤ੍ਰੀ ਸੁਲਖਨੀ ਜੀ ਨਾਲ ਹੋਇਆ, ਜਿਸ ਤੋਂ ਬਾਬਾ ਸ਼੍ਰੀਚੰਦ ਜੀ ਅਤੇ ਲਖਮੀ ਦਾਸ ਜੀ ਜਨਮੇ.#ਰਾਜਯੋਗੀ ਗੁਰੂ ਨੇ ਵਿਚਾਰਿਆ ਕਿ ਘਰ ਬੈਠਕੇ ਉਪਦੇਸ਼ ਕਰਨ ਨਾਲ ਸੰਸਾਰ ਤੇ ਪੂਰਨ ਉਪਕਾਰ ਨਹੀਂ ਹੋ ਸਕਦਾ, ਇਸ ਲਈ ਫੁੱਟ ਈਰਖਾ ਵੈਰ ਨਾਲ ਸੜਦੀ ਹੋਈ ਲੁਕਾਈ ਨੂੰ ਅਮ੍ਰਿਤਨਾਮ ਦਾ ਛੱਟਾ ਦੇਣ ਵਾਸਤੇ ਸੰਮਤ ੧੫੫੪ ਵਿੱਚ ਮੋਦੀਖ਼ਾਨਾ ਤ੍ਯਾਗਕੇ ਦੇਸ਼ਾਟਨ ਆਰੰਭਿਆ, ਏਮਨਾਬਾਦ ਵਿੱਚ ਲਾਲੋ ਤਖਾਣ ਦੇ ਘਰ ਰਹਿਕੇ ਖਾਨ ਪਾਨ ਦੀ ਛੂਤ ਛਾਤ ਦਾ ਭਰਮ ਮਿਟਾਇਆ. ਹਰਿਦ੍ਵਾਰ ਜਾਕੇ ਪਿਤਰਾਂ ਨੂੰ ਜਲ ਦੇਣਾ ਅਵਿਦ੍ਯਾਕਰਮ ਸਿੱਧ ਕੀਤਾ. ਦਿੱਲੀ ਕਾਸ਼ੀ ਆਦਿਕ ਅਸਥਾਨਾਂ ਵਿੱਚ ਧਰਮ ਦਾ ਪ੍ਰਚਾਰ ਕਰਦੇ ਹੋਏ ਗਯਾ ਪਹੁਚੇ, ਜਿੱਥੇ ਪਿੰਡਦਾਨ ਆਦਿਕ ਕਰਮਾਂ ਨੂੰ ਖੰਡਨ ਕੀਤਾ, ਜਗੰ- ਨਾਥ ਪਹੁਚਕੇ ਕਰਤਾਰ ਦੀ ਸੱਚੀ ਆਰਤੀ ਦਾ ਉਪਦੇਸ਼ ਦਿੱਤਾ.#ਦੂਜੀ ਯਾਤ੍ਰਾ ਸੰਮਤ ੧੫੬੭ ਵਿੱਚ ਦੱਖਣ ਦੀ ਕੀਤੀ. ਅਰਬੁਦਗਿਰਿ (ਕੋਹਆਬੂ) ਸੇਤੁਬੰਦ ਰਾਮੇਸ਼੍ਵਰ ਸਿੰਹਲਦ੍ਵੀਪ ਆਦਿਕ ਅਸਥਾਨਾਂ ਵਿੱਚ ਕਰਤਾਰ ਦੀ ਭਗਤੀ ਦਾ ਪ੍ਰਚਾਰ ਕੀਤਾ.#ਤੀਜੀ ਯਾਤ੍ਰਾ ਸੰਮਤ ੧੫੭੧ ਵਿੱਚ ਅਰੰਭਕੇ ਸਰਮੌਰ ਗੜ੍ਹਵਾਲ ਹੇਮਕੁੰਟ ਗੋਰਖਪੁਰ ਸਿਕਿਮ ਭੂਟਾਨ ਤਿੱਬਤ ਆਦਿਕ ਵਿੱਚ ਵਾਹਗੁਰੂ ਦੀ ਅਨਨ੍ਯ ਉਪਾਸਨਾ ਦ੍ਰਿੜਾਈ.#ਚੌਥੀ ਯਾਤ੍ਰਾ ਸੰਮਤ ੧੫੭੫ ਵਿੱਚ ਪੱਛਮ ਦੀ ਕੀਤੀ, ਬਲੋਚਿਸਤਾਨ ਹੁੰਦੇ ਹੋਏ ਮੱਕੇ ਪਹੁਚੇ ਅਰ ਇੱਕ ਦਿਸ਼ਾ ਵੱਲ ਮੁਖ ਕਰਕੇ ਸਰਵਵ੍ਯਾਪੀ ਕਰਤਾਰ ਦੀ ਪ੍ਰਾਰਥਨਾ ਕਰਨੀ ਖੰਡਨ ਕੀਤੀ. ਰੂਮ ਬਗ਼ਦਾਦ ਈਰਾਨ ਦੀ ਸੈਰ ਕਰਦੇ ਹੋਏ ਕੰਧਾਰ ਕਾਬੁਲ ਵਿੱਚ ਸੱਤਨਾਮ ਦਾ ਉਪਦੇਸ਼ ਦਿੰਦੇ, ਹਸਨਅਬਦਾਲ ਨਿਵਾਸੀ ਵਲੀਕੰਧਾਰੀ ਦਾ ਅਭਿਮਾਨ ਦੂਰ ਕੀਤਾ.#ਸੰਮਤ ੧੫੭੯ ਵਿੱਚ ਕਰਤਾਰਪੁਰ (ਜਿਸ ਨੂੰ ਗੁਰੂ ਨਾਨਕਦੇਵ ਨੇ ਸੰਮਤ ੧੫੬੧ ਵਿੱਚ ਆਬਾਦ ਕੀਤਾ ਸੀ) ਵਿਰਾਜਕੇ ਗ੍ਯਾਨ ਅਤੇ ਭਗਤੀ ਦੇ ਸਦਾਵ੍ਰਤ ਨਾਲ ਅੰਨ ਦਾ ਲੰਗਰ ਸਭ ਲਈ ਜਾਰੀ ਕੀਤਾ.#ਇਸੇ ਵਰ੍ਹੇ ਕਰਤਾਰਪੁਰ ਵਿੱਚ ਗੁਰੂ ਸਾਹਿਬ ਦੇ ਮਾਤਾ ਪਿਤਾ ਦਾ ਦੇਹਾਂਤ ਹੋਇਆ. ਯੋਗ੍ਯ ਪੁਰੁਸ ਹੀ ਆਚਾਰਯ ਪਦਵੀ ਦੇ ਅਧਿਕਾਰੀ ਹਨ. ਇਹ ਸਿੱਧ ਕਰਨ ਲਈ ਗੁਰੂ ਅੰਗਦ ਜੀ ਨੂੰ ਗੁਰੁਤਾ ਦੇਕੇ ੨੩ ਅੱਸੂ (ਸੁਦੀ ੧੦) ਸੰਮਤ ੧੫੯੬ (੨੨ ਸਿਤੰਬਰ ਸਨ ੧੫੩੯) ਨੂੰ ਜੋਤੀਜੋਤਿ ਸਮਾਏ. ਅੰਤਿਮ ਸੰਸਕਾਰ ਕਰਨ ਲਈ ਸਿੱਖ ਹਿੰਦੂ ਅਤੇ ਮੁਸਲਮਾਨਾਂ ਦਾ ਪਰਸਪਰ ਬਹੁਤ ਵਿਵਾਦ ਹੋਇਆ, ਕ੍ਯੋਂਕਿ ਇਹ ਸਭ ਜਗਤਗੁਰੂ ਨੂੰ ਕੇਵਲ ਆਪਣਾ ਹੀ ਗੁਰੂ ਪੀਰ ਮੰਨਦੇ ਸਨ, ਅੰਤ ਨੂੰ ਗੁਰੂ ਸਾਹਿਬ ਦਾ ਵਸਤ੍ਰ ਲੈਕੇ ਮੁਸਲਮਾਨਾਂ ਨੇ ਕ਼ਬਰ ਬਣਾਈ ਅਤੇ ਸਿੱਖਾਂ ਹਿੰਦੂਆਂ ਨੇ ਸੰਸਕਾਰ ਕੀਤਾ. ਗੁਰੂ ਨਾਨਕਦੇਵ ਦੇ ਇਸ ਪਵਿਤ੍ਰ ਧਾਮ ਦਾ ਨਾਮ "ਡੇਰਾ (ਦੇਹਰਾ) ਬਾਬਾ ਨਾਨਕ" ਹੈ. ਗੁਰੂ ਸਾਹਿਬ ਦੀ ਸਾਰੀ ਅਵਸਥਾ ੭੦ ਵਰ੍ਹੇ ੪. ਮਹੀਨੇ ਅਤੇ ੩. ਦਿਨ ਦੀ ਸੀ.#"ਤਿਨ ਕਉ ਕਿਆ ਉਪਦੇਸੀਐ ਜਿਨਿ ਗੁਰੁ ਨਾਨਕ ਦੇਉ?" (ਵਾਰ ਮਾਝ ਮਃ ੨)#"ਹਰਖ ਅਨੰਤ ਸੋਗ ਨਹੀ ਥੀਆ। ਸੋ ਘਰੁ ਗੁਰਿ ਨਾਨਕ ਕਉ ਦੀਆ." (ਗਉ ਮਃ ੫)#"ਗੁਰੁ ਨਾਨਕ ਜਾਕਉ ਭਇਆ ਦਇਆਲਾ। ਸੋ ਜਨੁ ਹੋਆ ਸਦਾ ਨਿਹਾਲਾ." (ਆਸਾ ਮਃ ੫)#"ਨਾਨਕ ਜਿਨ ਕਉ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ." (ਆਸਾ ਮਃ ੫)#"ਗੁਰੁ ਨਾਨਕ ਜਿਨਿ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ." (ਸੋਰ ਮਃ ੫)#"ਭਗਤਿ ਭੰਡਾਰ ਗੁਰਿ ਨਾਨਕ ਕਉ ਸਉਪੇ, ਫਿਰਿ ਲੇਖਾ ਮੂਲਿ ਨ ਲਇਆ." (ਸੋਰ ਮਃ ੫)#"ਜੋ ਜੋ ਸਰਣਿ ਪਰਿਓ ਗੁਰੁ ਨਾਨਕ ਅਭੈਦਾਨ ਸੁਖ ਪਾਏ." (ਬਿਲਾ ਮਃ ੫) "ਚਾਰਿ ਬਰਨ ਚਾਰਿ ਆਸ੍ਰਮ ਹੈ, ਕੋਈ ਮਿਲੈ ਗੁਰੁ ਨਾਨਕ ਸੋ ਆਪਿ ਤਰੈ, ਕੁਲ ਸਗਲ ਤਰਾਧੋ." (ਕਾਨ ਪੜਤਾਲ ਮਃ ੪) "ਹਰਿ ਗੁਰੁ ਨਾਨਕ ਜਿਨਿ ਪਰਸਿਯਉ ਸਿ ਜਨਮ ਮਰਣ ਦੁੰਹਥੇ ਰਹਿਓ." (ਸਵੈਯੇ ਸ੍ਰੀ ਮੁਖਵਾਕ ਮਃ ੫)
ਦੇਖੋ ਦਿੱਲੀ.
ਬੇਦੀ ਸਾਹਿਬਜ਼ਾਦਾ। ੨. ਉਦਾਸੀ ਸਾਧੂ.
ਸਤਿਗੁਰੂ ਨਾਨਕਦੇਵ ਦੇ ਦੱਸੇ ਰਾਹ ਤੁਰਨ ਵਾਲਾ, ਗੁਰਸਿੱਖ.#"ਨਾਨਕਪੰਥੀ ਜਿਨ ਕੋ ਨਾਮ,#ਵਾਹਗੁਰੂ ਜਪ ਰਹਿਤ ਅਕਾਮ,#ਸੋ ਯਮ ਕੋ ਨਹਿ" ਦੇਖਨਪੈਹੈਂ#ਸੁਖ ਸੋਂ ਗਤਿ ਪ੍ਰਾਪਤ ਤਿਨ ਹ੍ਵੈਹੈ." (ਨਾਪ੍ਰ)#ਗੁਰੂ ਨਾਨਕ ਪੰਥੀਆਂ ਦੇ ਭਾਵੇਂ ਬਹੁਤ ਫਿਰਕੇ ਇਸ ਵੇਲੇ ਵੇਖੇ ਜਾਂਦੇ ਹਨ, ਪਰ ਮੁੱਖ ਤਿੰਨ ਹੀ ਹਨ, ਅਰਥਾਤ- ਉਦਾਸੀ, ਸਹਜਧਾਰੀ ਅਤੇ ਸਿੰਘ (ਜਿਨ੍ਹਾਂ ਵਿੱਚ ਨਿਹੰਗ, ਨਿਰਮਲੇ, ਕੂਕੇ ਆਦਿਕ ਸ਼ਾਮਿਲ ਹਨ). ਪਾਠਕਾਂ ਦੇ ਗ੍ਯਾਨ ਲਈ ਇੱਥੇ ਨਾਨਕ- ਪੰਥੀਆਂ ਦਾ ਚਿਤ੍ਰ ਦਿੱਤਾ ਜਾਂਦਾ ਹੈ.
ਭਾਈ ਸੰਤੋਖਸਿੰਘ ਜੀ ਕ੍ਰਿਤ ਸਤਿਗੁਰੂ ਨਾਨਕਦੇਵ ਦਾ ਛੰਦਬੱਧ ਇਤਿਹਾਸ, ਜੋ ਪੂਰਵਾਰਧ ਅਤੇ ਉੱਤਰਾਰਧ ਦੋ ਭਾਗਾਂ ਵਿੱਚ ਹੈ. ਇਸ ਦੇ ਸਾਰੇ ਅਧ੍ਯਾਯ ੧੩੦ ਹਨ. ਇਹ ਗ੍ਰੰਥ ਬੂੜੀਏ ਰਹਿਣ ਸਮੇ ਸੰਮਤ ੧੮੮੦ ਵਿੱਚ ਕਵਿ ਜੀ ਨੇ ਸਮਾਪਤ ਕੀਤਾ ਹੈ, ਯਥਾ-#"ਤਿਂਹ ਤੀਰ ਬੂੜੀਆ ਨਗਰ ਇਕ#ਕਵਿ ਨਿਕੇਤ ਲਖਿਯੇ ਤਹਾਂ,#ਕਰ ਗ੍ਰੰਥ ਸਮਾਪਤਿ ਕੋ ਭਲੇ#ਗੁਰੁਯਸ਼ ਜਿਸ ਮਹਿ ਸੁਠ ਮਹਾ.#ਏਕ ਆਂਕ ਅਰੁ ਅਸ਼੍ਟ ਕਰ#ਬਹੁਰ ਅਸ੍ਟ ਪਰ ਸੂਨ,#ਕਾਤਕ ਪੂਰਨਮਾ ਬਿਖੈ#ਭਯੋ ਗ੍ਰੰਥ ਬਿਨ ਊਨ."¹ (ਨਾਪ੍ਰ)#ਦੇਖੋ, ਸੰਤੋਖਸਿੰਘ.
ਦੇਖੋ, ਸੇਹਵਾਨ.
ਯੂ. ਪੀ. ਵਿੱਚ ਜਿਲਾ ਨੈਨੀਤਾਲ ਦੀ ਤਸੀਲ ਸਤਾਰਗੰਜ ਅੰਦਰ ਪੀਲੀਭੀਤ ਤੋਂ ੧੫. ਮੀਲ ਉੱਤਰ ਪੱਛਮ ਇਹ ਗੁਰਦ੍ਵਾਰਾ ਰੇਲਵੇ ਸਟੇਸ਼ਨ ਖਟੀਮਾ ਤੋਂ ੧੦. ਮੀਲ ਪੱਛਮ ਵੱਲ ਹੈ. ਪਹਿਲਾਂ ਇਸਦਾ ਨਾਮ ਗੋਰਖਪੰਥੀਆਂ ਦੇ ਰਹਿਣ ਕਰਕੇ. "ਗੋਰਖਮਤਾ" ਸੀ, ਪਰ ਜਦ ਤੋਂ ਸ਼੍ਰੀ ਗੁਰੂ ਨਾਨਕਦੇਵ ਨੇ ਗੋਰਖ ਦੇ ਚੇਲੇ ਝੰਗਰਨਾਥ ਭੰਗਰਨਾਥ ਆਦਿਕਾਂ ਨੂੰ ਸ਼ਬਦ ਨਾਲ ਜਿੱਤਕੇ ਗ੍ਯਾਨ ਦਿੱਤਾ, ਤਦ ਤੋਂ ਇਸ ਦਾ ਨਾਉਂ "ਨਾਨਕਮਤਾ" ਹੈ. ਇਹ ਜਗਾ ਹੁਣ ਜੰਗਲ ਸਮੇਤ ਉਦਾਸੀ ਸਾਧੂਆਂ ਪਾਸ ਹੈ.#ਅਲਮਸਤ ਜੀ ਦੀ ਸਹਾਇਤਾ ਲਈ ਛੀਵੇਂ ਸਤਿਗੁਰੁ ਭੀ ਇੱਥੇ ਪਧਾਰੇ ਹਨ. ਗੁਰੂ ਸਾਹਿਬ ਦਾ ਲਾਇਆ ਇੱਕ ਪਿੱਪਲ ਅਤੇ ਇੱਕ ਖੂਹ ਹੈ. ਗੁਰਦ੍ਵਾਰੇ ਨੂੰ ਪੰਜ ਹਜਾਰ ਰੁਪਯੇ ਦੀ ਜਾਗੀਰ ਹੈ ਅਰ ਮਹੰਤ ਅਲਮਸਤ ਜੀ ਦੀ ਪੱਧਤਿ ਦਾ ਉਦਾਸੀ ਹੈ.
nan
ਦੇਖੋ, ਨਾਨਕਿਆਨਾ.
ਗੁਰੂ ਨਾਨਕਦੇਵ ਨੇ. "ਸਚੁ ਨਾਮੁ ਕਰਤਾਰੁ ਸੁ ਦ੍ਰਿੜ ਨਾਨਕਿ ਸੰਗ੍ਰਹਿਅਉ." (ਸਵੈਯੇ ਮਃ ੩. ਕੇ)