Meanings of Punjabi words starting from ਬ

ਫ਼ਾ. [برآمد] ਬਾਹਰ ਆਇਆ. ਨਿਕਲਿਆ.


ਫ਼ਾ. [برآوُرد] ਬਾਹਰ ਕੱਢ ਲਿਆਇਆ। ੨. ਸੰਗ੍ਯਾ ਖ਼ਜ਼ਾਨੇ ਤੋਂ ਰਕਮ ਕਢਵਾਉਣ ਵਾਲਾ ਕਾਗਜ਼. ਹਿਸਾਬ ਨੌਕਰੀ ਆਦਿ ਦਾ ਬਿਲ.


ਸੰ. ਵਰ੍ਸ. ਸੰਗ੍ਯਾ- ਵਰ੍ਹਾ. ਸਾਲ. "ਬਾਰਹ ਬਰਸ ਬਾਲਪਨ ਬੀਤੇ." (ਆਸਾ ਕਬੀਰ) ੨. ਸੰ. ਵਰ੍ਸਾ. ਮੀਂਹ. ਵ੍ਰਿਸ੍ਟਿ। ੩. ਅ. ਬਰਸ. ਛੰਭ. ਲਹੂ ਦੇ ਵਿਕਾਰ ਨਾਲ ਸ਼ਰੀਰ ਤੇ ਪਏ ਚਿੱਟੇ ਦਾਗ਼. ਦੇਖੋ, ਸ੍ਵੇਤ ਕੁਸ੍ਟ। ੪. ਫ਼ਾ. ਸਰਸ਼. ਇੱਕ ਦਵਾਈ ਜਿਸ ਦਾ ਪੂਰਾ ਨਾਮ "ਬਰਸ਼ਾਸ਼ਾ" ਹੈ. ਇਹ ਪੱਠਿਆਂ ਦੀਆਂ ਬੀਮਾਰੀਆਂ ਅਤੇ ਨਿੱਤ ਰਹਿਣ ਵਾਲੀ ਰੇਜ਼ਿਸ਼ ਵਿੱਚ ਵਰਤੀਦੀ ਹੈ. ਇਸ ਦਾ ਨੁਸਖਾ ਇਹ ਹੈ-#ਮਿਰਚ ਕਾਲੀ, ਮਿਰਚ ਭੂਰੀ, ਖ਼ੁਰਾਸਾਨੀ ਅਜਵਾਇਨ, ਤਿੰਨੇ ਸਾਢੇ ਸੱਤ ਸੱਤ ਤੋਲੇ, ਅਫੀਮ ਤਿੰਨ ਤੋਲੇ, ਕੇਸਰ ਇੱਕ ਤੋਲਾ ਸਾਢੇ ਦਸ ਮਾਸ਼ੇ, ਬਾਲਛੜ, ਅਕ਼ਰਕ਼ਰਾ, ਫ਼ਰਫ਼੍ਯੂਨ, ਤਿੰਨੇ ਚਾਰ ਚਾਰ ਮਾਸ਼ੇ. ਏਹ ਸਾਰੀਆਂ ਦਵਾਈਆਂ ਕੁੱਟ ਛਾਣਕੇ, ਸਾਰੀਆਂ ਦੇ ਤੋਲ ਤੋਂ ਤਿੰਨ ਗੁਣੇ ਸ਼ਹਿਦ ਵਿੱਚ ਮਿਲਾਉਣ ਤੋਂ ਬਰਸ਼ ਤਿਆਰ ਹੁੰਦੀ ਹੈ. ਇਸ ਨੂੰ ਤਿਆਰ ਤਿੰਨ ਮਹੀਨੇ ਜਵਾਂ ਵਿੱਚ ਦੱਬਕੇ ਫੇਰ ਵਰਤਣੀ ਚਾਹੀਏ. ਇਸ ਦੀ ਖ਼ੁਰਾਕ ਕੋਸੇ ਦੁੱਧ ਜਾਂ ਅਰਕ ਗਾਜ਼ਬਾਨ ਨਾਲ ਚਾਰ ਰੱਤੀ ਤੋਂ ਇੱਕ ਮਾਸ਼ਾ ਹੈ.#ਬਹੁਤ ਲੋਕ ਅਫੀਮ ਦੇ ਥਾਂ ਬਰਸ਼ ਖਾਂਦੇ ਹਨ.


ਸੰ. ਵਰ੍ਸਣ. ਜਲ ਦਾ ਆਕਾਸ਼ ਤੋਂ ਡਿੱਗਣਾ. ਮੀਂਹ ਪੈਣਾ। ੨. ਮੀਂਹ ਵਾਂਗ ਵਰ੍ਹਣਾ. ਜਿਵੇਂ- ਇੱਟਾਂ ਪੱਥਰਾਂ ਦਾ ਬਰਸਣਾ ਆਦਿ.


ਫ਼ਾ. [برسر] ਸਿੱਰ ਉੱਪਰ.


ਸੰ. ਵਰ੍ਸਾ. ਸੰਗ੍ਯਾ- ਬਾਰਿਸ਼. ਮੀਂਹ.


ਸੰਗ੍ਯਾ- ਵਰ੍ਸਾ ਰਿਤੁ. ਮੀਂਹ ਦੀ ਰੁੱਤ. ਸਾਉਣ ਭਾਦੋਂ ਦਾ ਮੌਸਮ.


ਵਿ- ਵਰ੍ਸਾ ਰੁੱਤ ਨਾਲ ਹੈ ਜਿਸ ਦਾ ਸੰਬੰਧ। ੨. ਸੰਗ੍ਯਾ- ਵਰ੍ਸਾ ਦੇ ਜਲ ਨੂੰ ਰੋਕਣ ਵਾਲਾ ਵਸਤ੍ਰ, ਜਿਸ ਦੇ ਪਹਿਰਨ ਤੋਂ ਵਸਤ੍ਰ ਨਹੀਂ ਭਿੱਜਦੇ। ੩. ਘੋੜੇ ਦੇ ਪੈਰ ਵਿੱਚ ਹੋਣ ਵਾਲਾ ਇੱਕ ਰੋਗ, ਜੋ ਵਿਸ਼ੇਸ ਕਰਕੇ ਵਰਖਾ ਰੁੱਤ ਵਿੱਚ ਹੁੰਦਾ ਹੈ। ੪. ਕੋਠੇ ਉਤੇ ਉਹ ਹਵਾਦਾਰ ਖੁਲ੍ਹਾ ਕਮਰਾ, ਜਿਸ ਵਿੱਚ ਵਰਖਾ ਰੁੱਤੇ ਸਵੀਏਂ.