Meanings of Punjabi words starting from ਮ

ਮਧ੍ਯ ਭਾਗ ਮੇਂ। ੨. ਵਰਤਮਾਨ ਕਾਲ ਵਿੱਚ. "ਮਧਿ ਭਾਗਿ ਹਰਿਪ੍ਰੇਮ ਰਸਾਇਣ." (ਭੈਰ ਮਃ ੫)


ਸੰ. ਮਧ੍ਯਮ. ਵਿ- ਵਿਚਕਾਰ ਦਾ. ਮਧ੍ਯ ਦਾ। ੨. ਮੰਦ. "ਅਤੰਰਿ ਅਗਿਆਨੁ ਭਈ ਮਤਿ ਮਧਿਮ." (ਮਃ ੪. ਵਾਰ ਸੋਰ)


ਸੰ. ਸੰਗ੍ਯਾ- ਸ਼ਰਾਬ. ਮਦ੍ਯ। ੨. ਸ਼ਹਦ. ਮਾਧ੍ਵੀਕ. ਮਾਕ੍ਸ਼ਿਕ. ਮਧੁ ਲਹੂ ਦੇ ਵਿਕਾਰ ਹਟਾਉਂਦਾ ਹੈ. ਨੇਤ੍ਰਾਂ ਦੀ ਜੋਤ ਵਧਾਉਂਦਾ ਹੈ. ਵਸੰਤ ਰੁੱਤ ਦੈ ਸ਼ਹਦ ਹੋਰ ਰੁੱਤਾਂ ਤੋ, ਉੱਤਮ ਹੁੰਦਾ ਹੈ. L. Mel (honey). "ਮਧੁ ਲੀਨੋ, ਮੁਖਿ ਦੀਨੋ ਛਾਰੁ." (ਸਾਰ ਨਾਮਦੇਵ) ੩. ਚੇਤ ਦਾ ਮਹੀਨਾ. "ਮਧੁ ਮਾਸ ਕੀ ਪੂਰਨਮਾਸੀ." (ਗੁਪ੍ਰਸੂ) ੪. ਜਲ। ੫. ਮਿੱਠਾ ਰਸ। ੬. ਦੁੱਧ। ੭. ਮਹੂਆ ਬਿਰਛ। ੮. ਮੁਲੱਠੀ। ੯. ਲੇਲਾ ਦਾ ਪੁਤ੍ਰ ਇੱਕ ਦੈਤ, ਜੋ ਲਵਣਾਸੁਰ ਦਾ ਪਿਤਾ ਸੀ. ਇਸ ਦੀ ਵਸਾਈ ਮਧੁਪੁਰੀ (ਮਥੁਰਾ) ਇਤਿਹਾਸ ਪ੍ਰਸਿੱਧ ਹੈ. ਦੇਖੋ ਰਾਮਾਯਣ ਕਾਂਡ ੭, ਅਃ ੬੧। ੧੦. ਕੈਟਭ ਦੈਤ ਦਾ ਭਾਈ. ਮਹਾਭਾਰਤ ਅਤੇ ਕਾਲਿਕਾ ਪੁਰਾਣ¹ ਵਿੱਚ ਕਥਾ ਹੈ ਕਿ ਮਧੁ ਅਤੇ ਕੰਟਭ ਵਿਸਨੁ ਦੇ ਕੰਨ ਵਿੱਚੋਂ ਉਪਜੇ, ਜਦਕਿ ਉਹ ਸੁੱਤਾ ਪਿਆ ਸੀ, ਅਰ ਬ੍ਰਹਮਾ੍ ਜੋ ਅਜੇ ਨਾ ਭਿਕਮਲ ਵਿੱਚੋਂ ਜੰਮਿਆ ਹੀ ਸੀ, ਉਸ ਦੇ ਖਾਣ ਨੂੰ ਲਪਕੇ, ਇਸ ਪੁਰ ਵਿਸਨੁ ਨੇ ਦੋਹਾਂ ਨੂੰ ਮਾਰਿਆ, ਜਿਸ ਤੋਂ ਨਾਮ ਮਧੁਸੂਦਨ ਅਤੇ ਕੈਟਭਜਿਤ ਹੋਇਆ. "ਸਹਸਬਹੁ ਮਧੁ ਕੀਟ ਮਹਿ ਖਾਸਾ." (ਗਉ ਅਃ ਮਃ ੧) ਸਹਸ੍ਰਵਾਹੁ, ਮਧੁ, ਕੈਟਭ ਅਤੇ ਮਹਿਖਾਸੁਰ.#ਹਰਿਵੰਸ਼ ਵਿੱਚ ਲਿਖਿਆ ਹੈ ਕਿ ਸੰਧੁ ਅਤੇ ਕੈਟਭ ਦੀ ਮਿੰਜ (ਮੇਦਾ) ਜੋ ਸਮੁੰਦਰ ਤੇ ਫੈਲੀ, ਉਸ ਤੋਂ ਪ੍ਰਿਥਿਵੀ ਬਣੀ ਅਰ ਮੋਦਿਨੀ ਨਾਮ ਦਾ ਮੂਲ ਭੀ ਇਹੀ ਹੈ.#ਰਾਮਾਯਣ ਵਿੱਚ ਲੇਖ ਹੈ ਕਿ ਬ੍ਰਹਮਾ ਦੀ ਕੰਨ ਮੈਲ ਤੋਂ ਮਧੁ ਅਤੇ ਕੈਟਭ ਪੈਦਾ ਹੋਏ. ਦਸਮਗ੍ਰੰਥ ਵਿੱਚ ਇਸੇ ਦਾ ਅਨੁਵਾਦ ਹੈ. "ਏਕ ਸ੍ਵਰਣ ਤੇ ਮੈਲ ਨਿਕਾਰਾ। ਤਾਂਤੇ ਮਧੁ ਕੈਟਭ ਤਨ ਧਾਰਾ." (ਵਿਚਿਤ੍ਰ) ਦੇਖੋ, ਕੈਟਭ ੨। ੧੧. ਇੱਕ ਪ੍ਰਤਾਪੀ ਯਾਦਵ, ਜਿਸ ਤੋਂ ਮਾਧਵ ਗੋਤ੍ਰ ਚੱਲਿਆ, ਜਿਸ ਵਿੱਚ ਕ੍ਰਿਸਨ ਜੀ ਸਨ। ੧੨. ਘੀ। ੧੩. ਅਮ੍ਰਿਤ। ੧੪. ਆਕਾਸ਼। ੧੫. ਸ਼ੁਭਾਸ਼ੁਭ ਕਰਮ। ੧੬. ਵਿ- ਪ੍ਰਿਯ, ਜੋ ਮਨ ਨੂੰ ਭਾਵੇ. "ਮਧੁ ਬਾਸੁਰੀ ਬਾਜੈ." (ਰਾਮ ਮਃ ੫)


ਦੇਖੋ, ਮਧੂਸਾਰਥੀ.


ਇੱਕ ਪਿੰਡ, ਜੋ ਜਿਲਾ ਹਿਸਾਰ, ਤਸੀਲ ਥਾਣਾ ਸਰਸਾ ਵਿੱਚ ਰੇਲਵੇ ਸਟੇਸ਼ਨ ਸਰਸੇ ਤੋਂ ਦੱਖਣ ਪੱਛਮ ੧੦. ਮੀਲ ਹੈ. ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਰਸੇ ਤੋਂ ਚੱਲਕੇ ਇੱਖੇ ਵਿਰਾਜੇ ਹਨ, ਪਰ ਅਸਥਾਨ ਕੋਈ ਨਹੀਂ ਹੈ. ਇੱਥੇ ਦੇ ਹੁਣ ਵਾਲੇ ਵਸਨੀਕ ਹਿੰਦੂ ਜੱਟ, ਸੰਮਤ ੧੮੮੦ ਵਿੱਚ ਆਬਾਦ ਹੋਏ ਹਨ, ਪਹਿਲਾਂ ਮੁਸਲਮਾਨ ਵਸਦੇ ਸਨ, ਇਸੇ ਕਾਰਣ ਕੋਈ ਯਾਦਗਾਰ ਕਾਇਮ ਨਹੀਂ ਹੋਈ.


ਮਧੁਦੈਤ ਦੇ ਮਾਰਨ ਵਾਲਾ, ਵਿਸਨੁ। ੨. ਕਰਮਜਾਲ ਦੇ ਤੋੜਨ ਵਾਲਾ. ਕਰਤਾਰ. ਦੇਖੋ, ਮਧੁ ੧੫. "ਮਧੁਸੂਦਨ ਮੇਰੇ ਮਨ ਤਨ ਪ੍ਰਾਨਾ." (ਮਾਝ ਮਃ ੪)


ਸ਼ਹਦ ਚੋਣ ਵਾਲਾ. ਮਧੁ ਲੈਜਾਣ ਵਾਲਾ. "ਜੈਸੇ ਮਧੁਮਾਖੀ ਸੰਚ ਸੰਚ ਕੈ ਇਕਤ੍ਰ ਕਰੈ, ਹਰੈ ਮਧੁਹਾਰ ਤਾਂਕੇ ਮੁਖ ਛਾਰ ਡਾਰਕੈ." (ਭਾਗੁ ਕ)


ਸੰ. ਸੰਗ੍ਯਾ- ਮਧੁ (ਸ਼ਹਦ) ਬਣਾਉਣ ਵਾਲਾ. ਸ਼ਹਦ ਦੀ ਮੱਖੀ। ੨. ਭ੍ਰਮਰ. ਭੌਰਾ. "ਮਨੁ ਸੁ ਮਧੁਕਰ ਕਰਉ, ਚਰਨ ਹਿਰਦੈ ਧਰਉ." (ਪੰਨਾ ਰਵਿਦਾਸ)


ਡਢਵਾਲੀਆ ਰਾਜਪੂਤ ਸਰਦਾਰ, ਜਿਸ ਨੇ ਭੰਗਾਣੀ ਦੇ ਜੰਗ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਹਾਰ ਖਾਧੀ. "ਜਸੋ ਡੱਢਵਾਲੰ ਮਧੁੱਕਰ ਸੁਸਾਹੰ." (ਵਿਚਿਤ੍ਰ)


ਸੰਗ੍ਯਾ- ਮਧੁਕਰ (ਭੌਰੇ) ਦੀ ਮਦੀਨ, ਭ੍ਰਮਰੀ। ੨. ਦੇਖੋ, ਮਧੂਕਰੀ.


ਦੇਖੋ, ਮਧੁਕਰ.


ਮਧੁ ਅਤੇ ਕੈਟਭ. ਦੇਖੋ, ਕੈਟਭ ੨. ਅਤੇ ਮਧੁ ੧੦.